Skip to content

Skip to table of contents

ਯਹੋਵਾਹ ਚਿਰ ਨਹੀਂ ਲਾਵੇਗਾ

ਯਹੋਵਾਹ ਚਿਰ ਨਹੀਂ ਲਾਵੇਗਾ

ਯਹੋਵਾਹ ਚਿਰ ਨਹੀਂ ਲਾਵੇਗਾ

“ਭਾਵੇਂ [ਦਰਸ਼ਣ] ਠਹਿਰਿਆ ਰਹੇ, ਉਹ ਦੀ ਉਡੀਕ ਕਰ, ਉਹ ਜ਼ਰੂਰ ਆਵੇਗਾ, ਉਹ ਚਿਰ ਨਾ ਲਾਵੇਗਾ।”—ਹਬੱਕੂਕ 2:3.

1. ਯਹੋਵਾਹ ਦੇ ਲੋਕਾਂ ਦਾ ਹਮੇਸ਼ਾ ਕੀ ਪੱਕਾ ਇਰਾਦਾ ਰਿਹਾ ਹੈ ਅਤੇ ਇਸ ਨੇ ਉਨ੍ਹਾਂ ਨੂੰ ਕੀ ਕਰਨ ਲਈ ਪ੍ਰੇਰਿਤ ਕੀਤਾ ਹੈ?

“ਮੈਂ ਆਪਣੇ ਪਹਿਰੇ ਉੱਤੇ ਖਲੋਵਾਂਗਾ।” ਪਰਮੇਸ਼ੁਰ ਦੇ ਨਬੀ ਹਬੱਕੂਕ ਦਾ ਇਹ ਪੱਕਾ ਇਰਾਦਾ ਸੀ। (ਹਬੱਕੂਕ 2:1) 20ਵੀਂ ਸਦੀ ਵਿਚ ਯਹੋਵਾਹ ਦੇ ਗਵਾਹਾਂ ਨੇ ਇਹੀ ਦ੍ਰਿੜ੍ਹ ਇਰਾਦਾ ਦਿਖਾਇਆ ਹੈ। ਉਨ੍ਹਾਂ ਨੇ ਸਤੰਬਰ 1922 ਦੇ ਯਾਦ ਰੱਖਣ ਯੋਗ ਮਹਾਂ-ਸੰਮੇਲਨ ਵਿਚ ਦਿੱਤੇ ਗਏ ਇਸ ਸੱਦੇ ਦਾ ਬੜੇ ਜੋਸ਼ ਨਾਲ ਹੁੰਗਾਰਾ ਭਰਿਆ ਹੈ: “ਇਹ ਮਹਾਨ ਦਿਨ ਹੈ। ਦੇਖੋ, ਰਾਜਾ ਰਾਜ ਕਰ ਰਿਹਾ ਹੈ! ਤੁਸੀਂ ਉਸ ਦੇ ਪ੍ਰਚਾਰਕ ਹੋ। ਇਸ ਲਈ ਰਾਜੇ ਅਤੇ ਉਸ ਦੇ ਰਾਜ ਦੀ ਘੋਸ਼ਣਾ ਕਰੋ, ਘੋਸ਼ਣਾ ਕਰੋ, ਘੋਸ਼ਣਾ ਕਰੋ।”

2. ਜਦੋਂ ਮਸਹ ਕੀਤੇ ਹੋਏ ਮਸੀਹੀਆਂ ਨੂੰ ਮੁੜ ਸਰਗਰਮ ਕੀਤਾ ਗਿਆ, ਤਾਂ ਉਹ ਕਿਹੜਾ ਐਲਾਨ ਕਰ ਸਕੇ?

2 ਪਹਿਲੇ ਵਿਸ਼ਵ ਯੁੱਧ ਤੋਂ ਬਾਅਦ, ਯਹੋਵਾਹ ਨੇ ਮਸਹ ਕੀਤੇ ਹੋਏ ਵਫ਼ਾਦਾਰ ਬਕੀਏ ਨੂੰ ਮੁੜ ਸਰਗਰਮ ਕੀਤਾ। ਉਦੋਂ ਉਨ੍ਹਾਂ ਵਿੱਚੋਂ ਹਰ ਇਕ ਹਬੱਕੂਕ ਵਾਂਗ ਕਹਿ ਸਕਿਆ: “ਮੈਂ . . . ਬੁਰਜ ਉੱਤੇ ਖੜਾ ਰਹਾਂਗਾ, ਅਤੇ ਤੱਕਾਂਗਾ ਭਈ ਮੈਂ ਵੇਖਾਂ ਕਿ ਉਹ ਮੈਨੂੰ ਕੀ ਆਖੇ।” ‘ਤੱਕਣ’ ਅਤੇ ‘ਪਹਿਰੇ’ ਵਾਸਤੇ ਇਬਰਾਨੀ ਸ਼ਬਦ ਕਈ ਭਵਿੱਖਬਾਣੀਆਂ ਵਿਚ ਵਰਤੇ ਗਏ ਹਨ।

“ਉਹ ਚਿਰ ਨਾ ਲਾਵੇਗਾ”

3. ਸਾਨੂੰ ਕਿਉਂ ਜਾਗਦੇ ਰਹਿਣ ਦੀ ਲੋੜ ਹੈ?

3 ਜਿਉਂ-ਜਿਉਂ ਯਹੋਵਾਹ ਦੇ ਗਵਾਹ ਅੱਜ ਪਰਮੇਸ਼ੁਰ ਵੱਲੋਂ ਚੇਤਾਵਨੀ ਦਿੰਦੇ ਹਨ, ਉਨ੍ਹਾਂ ਨੂੰ ਹਰ ਸਮੇਂ ਯਿਸੂ ਦੀ ਮਹਾਨ ਭਵਿੱਖਬਾਣੀ ਦੇ ਆਖ਼ਰੀ ਸ਼ਬਦਾਂ ਵੱਲ ਧਿਆਨ ਦੇਣਾ ਚਾਹੀਦਾ ਹੈ: “ਜਾਗਦੇ ਰਹੋ ਕਿਉਂ ਜੋ ਤੁਸੀਂ ਨਹੀਂ ਜਾਣਦੇ ਭਈ ਘਰ ਦਾ ਮਾਲਕ ਕਦ ਆਵੇਗਾ, ਸੰਝ ਨੂੰ ਯਾ ਅੱਧੀ ਰਾਤ ਨੂੰ ਯਾ ਕੁੱਕੜ ਦੇ ਬਾਂਗ ਦੇਣ ਦੇ ਵੇਲੇ ਯਾ ਤੜਕੇ ਨੂੰ। ਤਾਂ ਅਜਿਹਾ ਨਾ ਹੋਵੇ ਜੋ ਅਚਾਣਕ ਆਣ ਕੇ ਤੁਹਾਨੂੰ ਸੁੱਤੇ ਵੇਖੇ। ਅਤੇ ਜੋ ਮੈਂ ਤੁਹਾਨੂੰ ਆਖਦਾ ਹਾਂ ਸੋ ਸਾਰਿਆਂ ਨੂੰ ਆਖਦਾ ਹਾਂ ਭਈ ਜਾਗਦੇ ਰਹੋ!” (ਮਰਕੁਸ 13:35-37) ਹਬੱਕੂਕ ਵਾਂਗ ਅਤੇ ਯਿਸੂ ਦੇ ਸ਼ਬਦਾਂ ਅਨੁਸਾਰ ਸਾਨੂੰ ਜਾਗਦੇ ਰਹਿਣਾ ਚਾਹੀਦਾ ਹੈ!

4. ਅੱਜ ਸਾਡੀ ਸਥਿਤੀ ਤਕਰੀਬਨ 628 ਸਾ.ਯੁ.ਪੂ. ਵਿਚ ਹਬੱਕੂਕ ਦੀ ਸਥਿਤੀ ਨਾਲ ਕਿਵੇਂ ਮਿਲਦੀ-ਜੁਲਦੀ ਹੈ?

4 ਹਬੱਕੂਕ ਨੇ ਸ਼ਾਇਦ ਆਪਣੀ ਕਿਤਾਬ ਤਕਰੀਬਨ 628 ਸਾ.ਯੁ.ਪੂ. ਵਿਚ ਪੂਰੀ ਕਰ ਲਈ ਸੀ, ਜਦੋਂ ਬਾਬਲ ਅਜੇ ਇਕ ਵਿਸ਼ਵ ਸ਼ਕਤੀ ਨਹੀਂ ਸੀ ਬਣਿਆ। ਕਈ ਸਾਲਾਂ ਤਕ ਧਰਮ-ਤਿਆਗੀ ਯਰੂਸ਼ਲਮ ਦੇ ਖ਼ਿਲਾਫ਼ ਯਹੋਵਾਹ ਦਾ ਫ਼ੈਸਲਾ ਸੁਣਾਇਆ ਗਿਆ। ਫਿਰ ਵੀ, ਇਹ ਸਪੱਸ਼ਟ ਨਹੀਂ ਸੀ ਕਿ ਉਸ ਨੂੰ ਸਜ਼ਾ ਕਦੋਂ ਦਿੱਤੀ ਜਾਵੇਗੀ। ਕੌਣ ਮੰਨ ਸਕਦਾ ਸੀ ਕਿ ਸਿਰਫ਼ 21 ਸਾਲਾਂ ਬਾਅਦ ਹੀ ਸਜ਼ਾ ਦਿੱਤੀ ਜਾਵੇਗੀ ਅਤੇ ਯਹੋਵਾਹ ਸਜ਼ਾ ਦੇਣ ਲਈ ਬਾਬਲ ਨੂੰ ਇਸਤੇਮਾਲ ਕਰੇਗਾ? ਇਸੇ ਤਰ੍ਹਾਂ ਅੱਜ ਅਸੀਂ “ਉਸ ਦਿਨ ਅਤੇ ਘੜੀ” ਬਾਰੇ ਨਹੀਂ ਜਾਣਦੇ ਜਦੋਂ ਇਸ ਰੀਤੀ-ਵਿਵਸਥਾ ਦਾ ਅੰਤ ਹੋਵੇਗਾ। ਪਰ ਯਿਸੂ ਨੇ ਸਾਨੂੰ ਪਹਿਲਾਂ ਹੀ ਖ਼ਬਰਦਾਰ ਕੀਤਾ ਹੈ: “ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤ੍ਰ ਆ ਜਾਵੇਗਾ।”—ਮੱਤੀ 24:36, 44.

5. ਹਬੱਕੂਕ 2:2, 3 ਵਿਚ ਦਰਜ ਕੀਤੇ ਗਏ ਪਰਮੇਸ਼ੁਰ ਦੇ ਸ਼ਬਦਾਂ ਤੋਂ ਸਾਨੂੰ ਕੀ ਹੌਸਲਾ ਮਿਲਦਾ ਹੈ?

5 ਚੰਗੇ ਕਾਰਨਾਂ ਕਰਕੇ ਹੀ ਯਹੋਵਾਹ ਨੇ ਹਬੱਕੂਕ ਨੂੰ ਇਹ ਉਤਸ਼ਾਹਪੂਰਣ ਕੰਮ ਸੌਂਪਿਆ: “ਦਰਸ਼ਣ ਨੂੰ ਲਿਖ, ਪੱਟੀਆਂ ਉੱਤੇ ਸਾਫ਼ ਸਾਫ਼ ਲਿਖ, ਭਈ ਕੋਈ ਪੜ੍ਹਦਾ ਪੜ੍ਹਦਾ ਦੌੜ ਵੀ ਸੱਕੇ। ਏਹ ਰੋਇਆ ਤਾਂ ਇੱਕ ਠਹਿਰਾਏ ਹੋਏ ਸਮੇਂ ਲਈ ਅਜੇ ਪੂਰੀ ਹੋਣ ਵਾਲੀ ਹੈ, ਉਹ ਅੰਤ ਵੱਲ ਕਾਹਲੀ ਕਰਦੀ ਹੈ, ਉਹ ਝੂਠੀ ਨਹੀਂ, ਭਾਵੇਂ ਉਹ ਠਹਿਰਿਆ ਰਹੇ, ਉਹ ਦੀ ਉਡੀਕ ਕਰ, ਉਹ ਜ਼ਰੂਰ ਆਵੇਗਾ, ਉਹ ਚਿਰ ਨਾ ਲਾਵੇਗਾ।” (ਹਬੱਕੂਕ 2:2, 3) ਅੱਜ-ਕੱਲ੍ਹ, ਦੁਨੀਆਂ ਭਰ ਵਿਚ ਦੁਸ਼ਟਤਾ ਅਤੇ ਹਿੰਸਾ ਬਹੁਤ ਜ਼ਿਆਦਾ ਵੱਧ ਗਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ “ਯਹੋਵਾਹ ਦੇ ਵੱਡੇ ਤੇ ਹੌਲਨਾਕ ਦਿਨ” ਦੇ ਕੰਢੇ ਤੇ ਖੜ੍ਹੇ ਹਾਂ। (ਯੋਏਲ 2:31) ਸੱਚ-ਮੁੱਚ ਯਹੋਵਾਹ ਦੇ ਇਹ ਸ਼ਬਦ ਸਾਨੂੰ ਹੌਸਲਾ ਦਿੰਦੇ ਹਨ: “ਉਹ ਚਿਰ ਨਾ ਲਾਵੇਗਾ”!

6. ਅਸੀਂ ਆ ਰਹੇ ਉਸ ਦਿਨ ਤੋਂ ਕਿਵੇਂ ਬਚ ਸਕਦੇ ਹਾਂ ਜਦੋਂ ਯਹੋਵਾਹ ਦੁਸ਼ਟਾਂ ਨੂੰ ਨਾਸ਼ ਕਰੇਗਾ?

6 ਤਾਂ ਫਿਰ, ਅਸੀਂ ਉਸ ਦਿਨ ਤੋਂ ਕਿਸ ਤਰ੍ਹਾਂ ਬਚ ਸਕਦੇ ਹਾਂ ਜਦੋਂ ਯਹੋਵਾਹ ਦੁਸ਼ਟਾਂ ਨੂੰ ਨਾਸ਼ ਕਰੇਗਾ? ਯਹੋਵਾਹ ਧਰਮੀ ਅਤੇ ਕੁਧਰਮੀ ਦੀ ਤੁਲਨਾ ਕਰ ਕੇ ਜਵਾਬ ਦਿੰਦਾ ਹੈ: “ਵੇਖ, ਉਹ ਮਨ ਵਿੱਚ ਫੁਲਿਆ ਹੋਇਆ ਹੈ, ਉਹ ਉਸ ਦੇ ਵਿੱਚ ਸਿੱਧਾ ਨਹੀਂ, ਪਰ ਧਰਮੀ ਆਪਣੀ ਵਫ਼ਾਦਾਰੀ ਨਾਲ ਜੀਵੇਗਾ।” (ਹਬੱਕੂਕ 2:4) ਘਮੰਡੀ ਅਤੇ ਲਾਲਚੀ ਹਾਕਮਾਂ ਅਤੇ ਲੋਕਾਂ ਨੇ ਆਧੁਨਿਕ ਇਤਿਹਾਸ ਦੇ ਪੰਨਿਆਂ ਨੂੰ ਲੱਖਾਂ ਹੀ ਮਾਸੂਮ ਲੋਕਾਂ ਦੇ ਖ਼ੂਨ ਨਾਲ ਰੰਗਿਆ ਹੈ, ਖ਼ਾਸ ਕਰਕੇ ਦੋ ਵਿਸ਼ਵ ਯੁੱਧਾਂ ਵਿਚ ਅਤੇ ਨਸਲੀ ਖ਼ੂਨ-ਖ਼ਰਾਬਿਆਂ ਵਿਚ। ਇਸ ਤੋਂ ਉਲਟ, ਪਰਮੇਸ਼ੁਰ ਦੇ ਮਸਹ ਕੀਤੇ ਹੋਏ ਸ਼ਾਂਤੀ-ਪਸੰਦ ਸੇਵਕ ਵਫ਼ਾਦਾਰ ਰਹੇ। ਉਹ “ਧਰਮੀ ਕੌਮ” ਹਨ ਜਿਹੜੀ “ਵਫ਼ਾਦਾਰੀ ਦੀ ਪਾਲਨਾ ਕਰਦੀ ਹੈ।” ਇਹ ਕੌਮ, ਆਪਣੇ ਸਾਥੀਆਂ ਅਰਥਾਤ ‘ਹੋਰ ਭੇਡਾਂ’ ਨਾਲ ਮਿਲ ਕੇ ਇਸ ਉਪਦੇਸ਼ ਉੱਤੇ ਚੱਲਦੀ ਹੈ: “ਸਦਾ ਤੀਕ ਯਹੋਵਾਹ ਉੱਤੇ ਭਰੋਸਾ ਰੱਖੋ, ਕਿਉਂ ਜੋ ਯਾਹ ਯਹੋਵਾਹ ਸਨਾਤਨ ਚਟਾਨ ਹੈ।”—ਯਸਾਯਾਹ 26:2-4; ਯੂਹੰਨਾ 10:16.

7. ਪੌਲੁਸ ਨੇ ਹਬੱਕੂਕ 2:4 ਨੂੰ ਜਿਸ ਤਰੀਕੇ ਨਾਲ ਲਾਗੂ ਕੀਤਾ, ਉਸ ਅਨੁਸਾਰ ਸਾਨੂੰ ਕੀ ਕਰਨ ਦੀ ਲੋੜ ਹੈ?

7 ਇਬਰਾਨੀ ਮਸੀਹੀਆਂ ਨੂੰ ਲਿਖਦੇ ਸਮੇਂ, ਪੌਲੁਸ ਰਸੂਲ ਨੇ ਹਬੱਕੂਕ 2:4 ਦਾ ਹਵਾਲਾ ਦਿੰਦੇ ਹੋਏ ਯਹੋਵਾਹ ਦੇ ਲੋਕਾਂ ਨੂੰ ਕਿਹਾ: “ਤੁਹਾਨੂੰ ਧੀਰਜ ਕਰਨ ਦੀ ਲੋੜ ਹੈ ਭਈ ਤੁਸੀਂ ਪਰਮੇਸ਼ੁਰ ਦੀ ਇੱਛਿਆ ਨੂੰ ਪੂਰਿਆਂ ਕਰ ਕੇ ਵਾਇਦੇ ਨੂੰ ਪਰਾਪਤ ਕਰੋ। ਇਹ ਲਿਖਿਆ ਹੈ,—ਹੁਣ ਥੋੜਾ ਜਿਹਾ ਚਿਰ ਹੈ, ਜੋ ਆਉਣ ਵਾਲਾ ਆਵੇਗਾ, ਅਤੇ ਚਿਰ ਨਾ ਲਾਵੇਗਾ। ਪਰ ਮੇਰਾ ਧਰਮੀ ਬੰਦਾ ਨਿਹਚਾ ਤੋਂ ਜੀਵੇਗਾ, ਅਤੇ ਜੇ ਉਹ ਪਿਛਾਹਾਂ ਹਟ ਜਾਵੇ, ਮੇਰਾ ਜੀ ਉਸ ਤੋਂ ਪਰਸੰਨ ਨਹੀਂ ਹੋਵੇਗਾ।” (ਇਬਰਾਨੀਆਂ 10:36-38) ਇਹ ਹੱਥ ਢਿੱਲੇ ਕਰਨ ਦਾ ਸਮਾਂ ਨਹੀਂ ਹੈ, ਜਾਂ ਸ਼ਤਾਨ ਦੇ ਸੰਸਾਰ ਵਾਂਗ ਪੈਸਿਆਂ ਅਤੇ ਚੀਜ਼ਾਂ ਨੂੰ ਇਕੱਠਾ ਕਰਨ ਜਾਂ ਐਸ਼ਪਰਸਤੀ ਦੇ ਫੰਦਿਆਂ ਵਿਚ ਫਸਣ ਦਾ ਸਮਾਂ ਨਹੀਂ ਹੈ। ਇਸ ਲਈ ਜਦ ਤਕ ਇਹ “ਥੋੜਾ ਜਿਹਾ ਚਿਰ” ਬੀਤ ਨਹੀਂ ਜਾਂਦਾ, ਤਦ ਤਕ ਸਾਨੂੰ ਕੀ ਕਰਨਾ ਚਾਹੀਦਾ ਹੈ? ਯਹੋਵਾਹ ਦੀ ਪਵਿੱਤਰ ਕੌਮ ਹੋਣ ਦੇ ਨਾਤੇ, ਸਾਨੂੰ ਪੌਲੁਸ ਵਾਂਗ, “ਉਨ੍ਹਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਹਾਂ ਵਧ ਕੇ” ਸਦੀਪਕ ਜੀਵਨ ਦੇ ‘ਨਿਸ਼ਾਨੇ ਵੱਲ ਦੱਬੀ ਜਾਣਾ’ ਚਾਹੀਦਾ ਹੈ। (ਫ਼ਿਲਿੱਪੀਆਂ 3:13, 14) ਯਿਸੂ ਵਾਂਗ, ਸਾਡੇ ਲਈ ਵੀ ‘ਉਸ ਅਨੰਦ ਨਮਿੱਤ ਜੋ ਸਾਡੇ ਅੱਗੇ ਧਰਿਆ ਹੋਇਆ ਹੈ ਦੁਖ ਝੱਲਣਾ’ ਜ਼ਰੂਰੀ ਹੈ।—ਇਬਰਾਨੀਆਂ 12:2.

8. ਹਬੱਕੂਕ 2:5 ਵਿਚ ਦੱਸਿਆ ਗਿਆ ਮਨੁੱਖ ਕੌਣ ਹੈ ਅਤੇ ਉਹ ਸਫ਼ਲ ਕਿਉਂ ਨਹੀਂ ਹੋਵੇਗਾ?

8ਹਬੱਕੂਕ 2:5 ਵਿਚ “ਇੱਕ ਹੰਕਾਰੀ” ਮਨੁੱਖ ਬਾਰੇ ਦੱਸਿਆ ਗਿਆ ਹੈ ਜੋ ਯਹੋਵਾਹ ਦੇ ਸੇਵਕਾਂ ਤੋਂ ਉਲਟ, ਆਪਣੇ ਨਿਸ਼ਾਨੇ ਤਕ ਨਹੀਂ ਪਹੁੰਚਦਾ ਹੈ, ਭਾਵੇਂ ਕਿ ਉਹ “ਪਤਾਲ ਵਾਂਙੁ ਆਪਣੀ ਲਾਲਸਾ ਵਧਾਉਂਦਾ ਹੈ।” ਇਹ ਮਨੁੱਖ ਕੌਣ ਹੈ “ਜੋ ਰੱਜਦਾ ਨਹੀਂ”? ਹਬੱਕੂਕ ਦੇ ਜ਼ਮਾਨੇ ਦੇ ਲਾਲਚੀ ਬਾਬਲ ਵਾਂਗ ਇਹ ਮਨੁੱਖ, ਜਿਹੜਾ ਕਿ ਰਾਜਨੀਤਿਕ ਸ਼ਕਤੀਆਂ ਨੂੰ ਦਰਸਾਉਂਦਾ ਹੈ—ਚਾਹੇ ਉਹ ਫਾਸ਼ੀ, ਨਾਜ਼ੀ, ਸਾਮਵਾਦੀ ਜਾਂ ਅਖਾਉਤੀ ਲੋਕਤੰਤਰੀ ਹਕੂਮਤਾਂ ਹੀ ਕਿਉਂ ਨਾ ਹੋਣ—ਆਪਣੇ ਦੇਸ਼ਾਂ ਦੀਆਂ ਸੀਮਾਵਾਂ ਵਧਾਉਣ ਲਈ ਲੜਾਈਆਂ ਲੜਦੀਆਂ ਹਨ। ਇਹ ਮਨੁੱਖ ਸ਼ੀਓਲ, ਅਰਥਾਤ ਪਤਾਲ ਨੂੰ ਵੀ ਮਾਸੂਮ ਜਾਨਾਂ ਨਾਲ ਭਰਦਾ ਹੈ। ਪਰ ਸ਼ਤਾਨ ਦੇ ਸੰਸਾਰ ਦਾ ਇਹ ਬੇਈਮਾਨ ਮਨੁੱਖ, ਜੋ ਆਪਣੇ ਹੀ ਘਮੰਡ ਦੇ ਨਸ਼ੇ ਵਿਚ ਚੂਰ ਹੈ, ‘ਸਾਰੀਆਂ ਕੌਮਾਂ ਨੂੰ ਇਕੱਠਿਆਂ ਕਰਨ ਅਤੇ ਆਪਣੇ ਲਈ ਸਾਰੀਆਂ ਉੱਮਤਾਂ ਦਾ ਢੇਰ ਲਾਉਣ’ ਵਿਚ ਸਫ਼ਲ ਨਹੀਂ ਹੁੰਦਾ। ਸਿਰਫ਼ ਯਹੋਵਾਹ ਪਰਮੇਸ਼ੁਰ ਹੀ ਮਨੁੱਖਜਾਤੀ ਵਿਚ ਏਕਤਾ ਲਿਆ ਸਕਦਾ ਹੈ ਅਤੇ ਉਹ ਇਹ ਮਸੀਹਾਈ ਰਾਜ ਦੇ ਜ਼ਰੀਏ ਕਰੇਗਾ।—ਮੱਤੀ 6:9, 10.

ਪੰਜ ਵੱਡੀਆਂ ਫਿਟਕਾਰਾਂ ਵਿੱਚੋਂ ਪਹਿਲੀ ਫਿਟਕਾਰ

9, 10. (ੳ) ਹਬੱਕੂਕ ਦੁਆਰਾ ਯਹੋਵਾਹ ਕੀ ਐਲਾਨ ਕਰਦਾ ਹੈ? (ਅ) ਅੱਜ ਲੋਕ ਕਿਵੇਂ ਬੇਈਮਾਨੀ ਨਾਲ ਖੱਟੀ ਕਰ ਰਹੇ ਹਨ?

9 ਆਪਣੇ ਨਬੀ ਹਬੱਕੂਕ ਦੇ ਰਾਹੀਂ ਯਹੋਵਾਹ ਵਾਰੀ-ਵਾਰੀ ਪੰਜ ਫਿਟਕਾਰਾਂ ਜਾਂ ਸਜ਼ਾਵਾਂ ਸੁਣਾਉਣੀਆਂ ਸ਼ੁਰੂ ਕਰਦਾ ਹੈ। ਇਹ ਸਜ਼ਾਵਾਂ ਇਸ ਲਈ ਦਿੱਤੀਆਂ ਜਾਣੀਆਂ ਜ਼ਰੂਰੀ ਹਨ ਤਾਂਕਿ ਧਰਤੀ ਪਰਮੇਸ਼ੁਰ ਦੇ ਵਫ਼ਾਦਾਰ ਉਪਾਸਕਾਂ ਦੇ ਰਹਿਣ ਯੋਗ ਬਣਾਈ ਜਾ ਸਕੇ। ਇਸ ਤਰ੍ਹਾਂ ਦੇ ਨੇਕ-ਦਿਲ ਵਿਅਕਤੀ ਯਹੋਵਾਹ ਵੱਲੋਂ ਦੱਸਿਆ ਗਿਆ ‘ਇੱਕ ਦ੍ਰਿਸ਼ਟਾਂਤ ਦੇਣਗੇ।’ ਅਸੀਂ ਹਬੱਕੂਕ 2:6 ਵਿਚ ਪੜ੍ਹਦੇ ਹਾਂ: “ਹਾਇ ਉਹ ਨੂੰ ਜੋ ਉਸ ਨੂੰ ਵਧਾਉਂਦਾ ਹੈ ਜਿਹੜਾ ਆਪਣਾ ਨਹੀਂ ਹੈ! ਕਦ ਤੀਕ? ਅਤੇ ਜੋ ਗਹਿਣਿਆਂ ਦਾ ਭਾਰ ਆਪਣੇ ਉੱਤੇ ਲੱਦਦਾ ਹੈ!”

10 ਇੱਥੇ ਬੇਈਮਾਨੀ ਨਾਲ ਖੱਟੀ ਕਮਾਈ ਉੱਤੇ ਜ਼ੋਰ ਦਿੱਤਾ ਗਿਆ ਹੈ। ਸਾਡੇ ਆਲੇ-ਦੁਆਲੇ ਦੁਨੀਆਂ ਵਿਚ, ਅਮੀਰ ਹੋਰ ਅਮੀਰ ਹੋਈ ਜਾਂਦੇ ਹਨ ਅਤੇ ਗ਼ਰੀਬ ਹੋਰ ਵੀ ਗ਼ਰੀਬ। ਨਸ਼ੀਲੀਆਂ ਦਵਾਈਆਂ ਦਾ ਧੰਦਾ ਕਰਨ ਵਾਲੇ ਅਤੇ ਠੱਗ ਕਾਫ਼ੀ ਮਾਲ-ਧਨ ਇਕੱਠਾ ਕਰ ਲੈਂਦੇ ਹਨ, ਜਦ ਕਿ ਆਮ ਜਨਤਾ ਭੁੱਖੀ ਮਰ ਰਹੀ ਹੈ। ਮੰਨਿਆ ਜਾਂਦਾ ਹੈ ਕਿ ਦੁਨੀਆਂ ਦੇ ਇਕ ਚੁਥਾਈ ਲੋਕ ਗ਼ਰੀਬੀ ਵਿਚ ਜੀ ਰਹੇ ਹਨ। ਬਹੁਤ ਸਾਰੇ ਦੇਸ਼ਾਂ ਵਿਚ ਰਹਿਣ-ਸਹਿਣ ਦਾ ਪੱਧਰ ਬਹੁਤ ਹੀ ਘਟੀਆ ਹੈ। ਧਰਤੀ ਉੱਤੇ ਧਾਰਮਿਕਤਾ ਚਾਹੁਣ ਵਾਲੇ ਦੁਹਾਈ ਦਿੰਦੇ ਹਨ: ਇਹ ਬੇਇਨਸਾਫ਼ੀਆਂ “ਕਦ ਤੀਕ” ਵਧਦੀਆਂ ਰਹਿਣਗੀਆਂ! ਲੇਕਿਨ ਹੁਣ ਅੰਤ ਆਉਣ ਵਾਲਾ ਹੈ! ਸੱਚ-ਮੁੱਚ ਦਰਸ਼ਣ “ਚਿਰ ਨਾ ਲਾਵੇਗਾ।”

11. ਹਬੱਕੂਕ ਇਨਸਾਨਾਂ ਦਾ ਖ਼ੂਨ ਵਹਾਉਣ ਬਾਰੇ ਕੀ ਕਹਿੰਦਾ ਹੈ ਅਤੇ ਅਸੀਂ ਕਿਉਂ ਕਹਿ ਸਕਦੇ ਹਾਂ ਕਿ ਅੱਜ ਧਰਤੀ ਦੇ ਵਾਸੀ ਖ਼ੂਨ ਦੇ ਦੋਸ਼ੀ ਹਨ?

11 ਹਬੱਕੂਕ ਦੁਸ਼ਟ ਮਨੁੱਖ ਨੂੰ ਕਹਿੰਦਾ ਹੈ: “ਏਸ ਲਈ ਕਿ ਤੈਂ ਬਹੁਤੀਆਂ ਕੌਮਾਂ ਨੂੰ ਲੁੱਟ ਲਿਆ, ਉੱਮਤਾਂ ਦਾ ਸਾਰਾ ਬਕੀਆ ਤੈਨੂੰ ਵੀ ਲੁੱਟ ਲਵੇਗਾ, ਆਦਮੀਆਂ ਦੇ ਖ਼ੂਨ ਅਤੇ ਉਸ ਜ਼ੁਲਮ ਦੇ ਕਾਰਨ ਜਿਹੜਾ ਦੇਸ, ਸ਼ਹਿਰ ਅਤੇ ਉਸ ਦੇ ਸਾਰੇ ਵਾਸੀਆਂ ਉੱਤੇ ਹੋਇਆ।” (ਹਬੱਕੂਕ 2:8) ਅਸੀਂ ਅੱਜ-ਕੱਲ੍ਹ ਧਰਤੀ ਉੱਤੇ ਕਿੰਨਾ ਖ਼ੂਨ-ਖ਼ਰਾਬਾ ਦੇਖਦੇ ਹਾਂ! ਯਿਸੂ ਨੇ ਸਾਫ਼-ਸਾਫ਼ ਕਿਹਾ ਸੀ: “ਸਭ ਜੋ ਤਲਵਾਰ ਖਿੱਚਦੇ ਹਨ ਤਲਵਾਰ ਨਾਲ ਮਾਰੇ ਜਾਣਗੇ।” (ਮੱਤੀ 26:52) ਫਿਰ ਵੀ, 20ਵੀਂ ਸਦੀ ਵਿਚ ਹੀ ਕੌਮਾਂ ਅਤੇ ਨਸਲੀ ਸਮੂਹ ਦਸ ਕਰੋੜ ਤੋਂ ਜ਼ਿਆਦਾ ਲੋਕਾਂ ਦਾ ਖ਼ੂਨ ਵਹਾਉਣ ਦੇ ਦੋਸ਼ੀ ਬਣੇ ਹਨ। ਇਨ੍ਹਾਂ ਖ਼ੂਨ-ਖ਼ਰਾਬਿਆਂ ਵਿਚ ਹਿੱਸਾ ਲੈਣ ਵਾਲਿਆਂ ਉੱਤੇ ਲਾਨ੍ਹਤ ਹੈ!

ਦੂਜੀ ਫਿਟਕਾਰ

12. ਹਬੱਕੂਕ ਦੁਆਰਾ ਦਰਜ ਕੀਤੀ ਗਈ ਦੂਜੀ ਫਿਟਕਾਰ ਕਿਹੜੀ ਹੈ ਅਤੇ ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਬੇਈਮਾਨੀ ਨਾਲ ਖੱਟੀ ਕਮਾਈ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ?

12ਹਬੱਕੂਕ 2:9-11 ਵਿਚ ਦਰਜ ਦੂਜੀ ਫਿਟਕਾਰ ਉਸ ਉੱਤੇ ਪੈਂਦੀ ਹੈ ‘ਜੋ ਆਪਣੇ ਘਰਾਣੇ ਲਈ ਬੁਰਾ ਲਾਭ ਖੱਟਦਾ ਹੈ, ਭਈ ਉਹ ਆਪਣਾ ਆਹਲਣਾ ਉੱਚਿਆਈ ਤੇ ਰੱਖੇ, ਤਾਂ ਜੋ ਉਹ ਬਿਪਤਾ ਦੇ ਵੱਸ ਤੋਂ ਛੁਡਾਇਆ ਜਾਵੇ!’ ਬੇਈਮਾਨੀ ਨਾਲ ਖੱਟੀ ਕਮਾਈ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ, ਜਿਵੇਂ ਕਿ ਜ਼ਬੂਰਾਂ ਦਾ ਲਿਖਾਰੀ ਸਪੱਸ਼ਟ ਕਰਦਾ ਹੈ: “ਤੂੰ ਨਾ ਡਰ ਜਦ ਕੋਈ ਮਨੁੱਖ ਧਨੀ ਹੋ ਜਾਵੇ, ਜਦ ਉਹ ਦੇ ਘਰ ਦਾ ਪਰਤਾਪ ਵਧ ਜਾਵੇ, ਕਿਉਂ ਜੋ ਉਹ ਮਰਨ ਦੇ ਵੇਲੇ ਕੁਝ ਵੀ ਨਾ ਲੈ ਜਾਵੇਗਾ, ਉਹ ਦਾ ਪਰਤਾਪ ਉਹ ਦੇ ਪਿੱਛੇ ਨਾ ਉਤਰੇਗਾ।” (ਜ਼ਬੂਰ 49:16, 17) ਤਾਂ ਫਿਰ ਸਾਨੂੰ ਪੌਲੁਸ ਦੀ ਇਸ ਵਧੀਆ ਸਲਾਹ ਵੱਲ ਧਿਆਨ ਦੇਣਾ ਚਾਹੀਦਾ ਹੈ: “ਜਿਹੜੇ ਇਸ ਜੁੱਗ ਵਿੱਚ ਧਨਵਾਨ ਹਨ ਓਹਨਾਂ ਨੂੰ ਉਪਦੇਸ਼ ਕਰ ਭਈ ਗਰਬ ਨਾ ਕਰਨ ਅਤੇ ਬੇਠਿਕਾਣੇ ਧਨ ਉੱਤੇ ਨਹੀਂ ਸਗੋਂ ਪਰਮੇਸ਼ੁਰ ਉੱਤੇ ਆਸਰਾ ਰੱਖਣ ਜਿਹੜਾ ਸਾਨੂੰ ਭੋਗਣ ਲਈ ਸੱਭੋ ਕੁਝ ਤਰਾਤਰੀ ਦਿੰਦਾ ਹੈ।”—1 ਤਿਮੋਥਿਉਸ 6:17.

13. ਸਾਨੂੰ ਪਰਮੇਸ਼ੁਰ ਦੀ ਚੇਤਾਵਨੀ ਕਿਉਂ ਦਿੰਦੇ ਰਹਿਣਾ ਚਾਹੀਦਾ ਹੈ?

13 ਅੱਜ ਇਹ ਕਿੰਨਾ ਜ਼ਰੂਰੀ ਹੈ ਕਿ ਪਰਮੇਸ਼ੁਰ ਦੁਆਰਾ ਦਿੱਤੀ ਜਾਣ ਵਾਲੀ ਸਜ਼ਾ ਦੇ ਪੈਗਾਮ ਸੁਣਾਏ ਜਾਣ! ਜਦੋਂ ਲੋਕ ਯਿਸੂ ਨੂੰ ‘ਪ੍ਰਭੁ ਦੇ ਨਾਮ ਉੱਤੇ ਆਇਆ ਪਾਤਸ਼ਾਹ’ ਕਹਿ ਰਹੇ ਸਨ, ਤਾਂ ਫ਼ਰੀਸੀਆਂ ਵੱਲੋਂ ਇਤਰਾਜ਼ ਕਰਨ ਤੇ ਯਿਸੂ ਨੇ ਉੱਤਰ ਦਿੱਤਾ ਸੀ: “ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਏਹ ਚੁੱਪ ਕਰ ਜਾਣ ਤਾਂ ਪੱਥਰ ਬੋਲ ਉੱਠਣਗੇ!” (ਲੂਕਾ 19:38-40) ਉਸੇ ਤਰ੍ਹਾਂ, ਜੇਕਰ ਪਰਮੇਸ਼ੁਰ ਦੇ ਲੋਕ ਅੱਜ ਦੁਸ਼ਟਤਾ ਦਾ ਭੇਤ ਨਾ ਖੋਲ੍ਹਣ, ਤਾਂ “ਪੱਥਰ ਕੰਧ ਤੋਂ ਦੁਹਾਈ ਦੇਵੇਗਾ।” (ਹਬੱਕੂਕ 2:11) ਇਸ ਲਈ ਆਓ ਅਸੀਂ ਦਲੇਰੀ ਨਾਲ ਪਰਮੇਸ਼ੁਰ ਦੀ ਚੇਤਾਵਨੀ ਦਿੰਦੇ ਰਹੀਏ!

ਤੀਜੀ ਫਿਟਕਾਰ ਅਤੇ ਖ਼ੂਨ ਦੇ ਦੋਸ਼ ਦਾ ਮਾਮਲਾ

14. ਦੁਨੀਆਂ ਦੇ ਧਰਮ ਕਿਨ੍ਹਾਂ ਖ਼ੂਨ-ਖ਼ਰਾਬਿਆਂ ਲਈ ਜ਼ਿੰਮੇਵਾਰ ਹਨ?

14 ਹਬੱਕੂਕ ਦੁਆਰਾ ਸੁਣਾਈ ਗਈ ਤੀਜੀ ਫਿਟਕਾਰ ਵਿਚ ਖ਼ੂਨ ਦੇ ਦੋਸ਼ ਬਾਰੇ ਗੱਲ ਕੀਤੀ ਗਈ ਹੈ। ਹਬੱਕੂਕ 2:12 ਕਹਿੰਦਾ ਹੈ: “ਹਾਇ ਉਹ ਨੂੰ ਜੋ ਸ਼ਹਿਰ ਖ਼ੂਨ ਨਾਲ ਬਣਾਉਂਦਾ ਹੈ, ਅਤੇ ਨਗਰ ਬਦੀ ਨਾਲ ਕਾਇਮ ਕਰਦਾ ਹੈ!” ਇਸ ਰੀਤੀ-ਵਿਵਸਥਾ ਵਿਚ, ਬੁਰਾਈ ਅਤੇ ਖ਼ੂਨ-ਖ਼ਰਾਬਾ ਅਕਸਰ ਨਾਲ-ਨਾਲ ਚੱਲਦੇ ਹਨ। ਖ਼ਾਸ ਤੌਰ ਤੇ, ਇਤਿਹਾਸ ਦੇ ਸਭ ਤੋਂ ਘਿਣਾਉਣੇ ਖ਼ੂਨ-ਖ਼ਰਾਬਿਆਂ ਲਈ ਦੁਨੀਆਂ ਦੇ ਧਰਮ ਜ਼ਿੰਮੇਵਾਰ ਰਹੇ ਹਨ। ਉਦਾਹਰਣ ਲਈ ਈਸਾਈਆਂ ਅਤੇ ਮੁਸਲਮਾਨਾਂ ਵਿਚ ਹੋਏ ਧਰਮ-ਯੁੱਧ; ਸਪੇਨ ਅਤੇ ਲਾਤੀਨੀ ਅਮਰੀਕਾ ਵਿਚ ਕੈਥੋਲਿਕ ਧਰਮ-ਅਧਿਕਰਣ; ਪ੍ਰੋਟੈਸਟੈਂਟਾਂ ਅਤੇ ਕੈਥੋਲਿਕਾਂ ਦਰਮਿਆਨ ਯੂਰਪ ਵਿਚ ਤੀਹ ਸਾਲਾਂ ਦੀ ਜੰਗ; ਅਤੇ ਸਭ ਤੋਂ ਜ਼ਿਆਦਾ ਖ਼ੂਨ ਵਹਾਉਣ ਵਾਲੇ ਇਸ ਸਦੀ ਦੇ ਦੋ ਵਿਸ਼ਵ-ਯੁੱਧ, ਜੋ ਈਸਾਈ ਦੇਸ਼ਾਂ ਵਿਚ ਸ਼ੁਰੂ ਹੋਏ ਸਨ।

15. (ੳ) ਚਰਚ ਦੀ ਮਦਦ ਜਾਂ ਸਹਿਮਤੀ ਨਾਲ ਕੌਮਾਂ ਅਜੇ ਵੀ ਕੀ ਕਰ ਰਹੀਆਂ ਹਨ? (ਅ) ਕੀ ਸੰਯੁਕਤ ਰਾਸ਼ਟਰ-ਸੰਘ ਸੰਸਾਰ ਨੂੰ ਹਥਿਆਰ ਬਣਾਉਣ ਤੋਂ ਰੋਕ ਸਕਦਾ ਹੈ?

15 ਦੂਸਰੇ ਵਿਸ਼ਵ ਯੁੱਧ ਵਿਚ ਸਭ ਤੋਂ ਭੈੜੀ ਗੱਲ ਨਾਜ਼ੀਆਂ ਵੱਲੋਂ ਕੀਤਾ ਗਿਆ ਸਰਬਨਾਸ਼ ਸੀ, ਜਿਸ ਵਿਚ ਲੱਖਾਂ ਹੀ ਯਹੂਦੀ ਅਤੇ ਯੂਰਪ ਦੇ ਹੋਰ ਨਿਰਦੋਸ਼ ਲੋਕ ਮਾਰੇ ਗਏ ਸਨ। ਪਿੱਛੇ ਜਿਹੇ ਹੀ ਫ਼ਰਾਂਸ ਦੇ ਰੋਮਨ ਕੈਥੋਲਿਕ ਪਾਦਰੀ-ਸੰਘ ਨੇ ਕਬੂਲ ਕੀਤਾ ਕਿ ਉਸ ਨੇ ਲੱਖਾਂ ਹੀ ਲੋਕਾਂ ਨੂੰ ਨਾਜ਼ੀਆਂ ਦੇ ਨਜ਼ਰਬੰਦੀ-ਕੈਂਪਾਂ ਵਿਚ ਭੇਜੇ ਜਾਣ ਦਾ ਵਿਰੋਧ ਨਹੀਂ ਕੀਤਾ ਸੀ। ਫਿਰ ਵੀ, ਚਰਚ ਦੀ ਮਦਦ ਜਾਂ ਸਹਿਮਤੀ ਨਾਲ ਕੌਮਾਂ ਅਜੇ ਵੀ ਖ਼ੂਨ ਵਹਾਉਣ ਦੀ ਤਿਆਰੀ ਕਰ ਰਹੀਆਂ ਹਨ। ਰੂਸੀ ਆਰਥੋਡਾਕਸ ਚਰਚ ਬਾਰੇ ਗੱਲ ਕਰਦੇ ਹੋਏ, ਟਾਈਮ ਰਸਾਲੇ ਦੇ ਅੰਤਰਰਾਸ਼ਟਰੀ ਐਡੀਸ਼ਨ ਨੇ ਹਾਲ ਹੀ ਵਿਚ ਕਿਹਾ: “ਨਵੇਂ ਸਿਰਿਓਂ ਸਰਗਰਮ ਹੋਏ ਚਰਚ ਦਾ ਇਕ ਅਜਿਹੇ ਖੇਤਰ ਵਿਚ ਵੀ ਵੱਡਾ ਪ੍ਰਭਾਵ ਹੈ ਜਿਸ ਦੀ ਇਕ ਸਮੇਂ ਤੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ: ਰੂਸ ਦੀ ਜੰਗੀ ਵਿਵਸਥਾ। . . . ਹਵਾਈ-ਸੈਨਿਕਾਂ ਅਤੇ ਬੈਰਕਾਂ ਲਈ ਅਰਦਾਸਾਂ ਆਮ ਹੀ ਕੀਤੀਆਂ ਜਾਂਦੀਆਂ ਹਨ। ਨਵੰਬਰ ਵਿਚ, ਮਾਸਕੋ ਦੇ ਦਾਨਿਲੌਵਸਕੀ ਈਸਾਈ ਮੱਠ, ਜੋ ਰੂਸੀ ਬਿਸ਼ਪ ਦਾ ਠਿਕਾਣਾ ਹੈ, ਵਿਚ ਚਰਚ ਨੇ ਰੂਸੀ ਨਿਊਕਲੀ ਹਥਿਆਰਾਂ ਨੂੰ ਵੀ ਪਵਿੱਤਰ ਕੀਤਾ।” ਕੀ ਸੰਯੁਕਤ ਰਾਸ਼ਟਰ-ਸੰਘ ਸੰਸਾਰ ਨੂੰ ਯੁੱਧ ਦੇ ਖ਼ਤਰਨਾਕ ਹਥਿਆਰਾਂ ਨੂੰ ਬਣਾਉਣ ਤੋਂ ਰੋਕ ਸਕਦਾ ਹੈ? ਬਿਲਕੁਲ ਨਹੀਂ! ਇਕ ਸ਼ਾਂਤੀ ਦੇ ਨੋਬਲ ਪੁਰਸਕਾਰ ਵਿਜੇਤਾ ਨੇ ਲੰਡਨ, ਇੰਗਲੈਂਡ ਦੇ ਦ ਗਾਰਡੀਅਨ ਅਖ਼ਬਾਰ ਵਿਚ ਟਿੱਪਣੀ ਕੀਤੀ: “ਵੱਡੀ ਪਰੇਸ਼ਾਨੀ ਵਾਲੀ ਗੱਲ ਤਾਂ ਇਹ ਹੈ ਕਿ ਯੂ. ਐੱਨ. ਸੁਰੱਖਿਆ ਕੌਂਸਲ ਦੇ ਪੰਜ ਪੱਕੇ ਮੈਂਬਰ ਦੇਸ਼ ਹੀ ਸਭ ਤੋਂ ਜ਼ਿਆਦਾ ਹਥਿਆਰ ਸਪਲਾਈ ਕਰਦੇ ਹਨ।”

16. ਲੜਾਈ-ਪਸੰਦ ਕੌਮਾਂ ਨਾਲ ਯਹੋਵਾਹ ਕੀ ਕਰੇਗਾ?

16 ਕੀ ਯਹੋਵਾਹ ਲੜਾਈ-ਪਸੰਦ ਕੌਮਾਂ ਨੂੰ ਸਜ਼ਾ ਦੇਵੇਗਾ? ਹਬੱਕੂਕ 2:13 ਕਹਿੰਦਾ ਹੈ: “ਵੇਖੋ, ਕੀ ਏਹ ਸੈਨਾਂ ਦੇ ਯਹੋਵਾਹ ਵੱਲੋਂ ਨਹੀਂ ਹੈ, ਕਿ ਲੋਕੀਂ ਅੱਗ ਲਈ ਮਿਹਨਤ ਕਰਦੇ ਹਨ, ਅਤੇ ਉੱਮਤਾਂ ਵਿਅਰਥ ਲਈ ਥੱਕ ਜਾਂਦੀਆਂ ਹਨ?” ‘ਸੈਨਾਂ ਦਾ ਯਹੋਵਾਹ’! ਜੀ ਹਾਂ, ਯਹੋਵਾਹ ਕੋਲ ਸਵਰਗੀ ਦੂਤਾਂ ਦੀਆਂ ਫ਼ੌਜਾਂ ਹਨ, ਜਿਨ੍ਹਾਂ ਨੂੰ ਉਹ ਲੜਾਈ-ਪਸੰਦ ਲੋਕਾਂ ਅਤੇ ਕੌਮਾਂ ਨੂੰ ਖ਼ਤਮ ਕਰਨ ਲਈ ਵਰਤੇਗਾ!

17. ਹਿੰਸਕ ਕੌਮਾਂ ਨੂੰ ਸਜ਼ਾ ਦੇਣ ਤੋਂ ਬਾਅਦ ਯਹੋਵਾਹ ਦਾ ਗਿਆਨ ਧਰਤੀ ਨੂੰ ਕਿਸ ਹੱਦ ਤਕ ਭਰੇਗਾ?

17 ਯਹੋਵਾਹ ਦੁਆਰਾ ਇਨ੍ਹਾਂ ਹਿੰਸਕ ਕੌਮੀ ਸਮੂਹਾਂ ਨੂੰ ਸਜ਼ਾ ਦਿੱਤੇ ਜਾਣ ਤੋਂ ਬਾਅਦ ਕੀ ਹੋਵੇਗਾ? ਹਬੱਕੂਕ 2:14 ਜਵਾਬ ਦਿੰਦਾ ਹੈ: “ਧਰਤੀ ਤਾਂ ਯਹੋਵਾਹ ਦੇ ਪਰਤਾਪ ਦੇ ਗਿਆਨ ਨਾਲ ਭਰ ਜਾਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਭਰਪੂਰ ਹੈ।” ਕਿੰਨਾ ਸ਼ਾਨਦਾਰ ਭਵਿੱਖ! ਆਰਮਾਗੇਡਨ ਵਿਚ ਯਹੋਵਾਹ ਦੀ ਸਰਬਸੱਤਾ ਸਦਾ ਲਈ ਸਹੀ ਸਾਬਤ ਕੀਤੀ ਜਾਵੇਗੀ। (ਪਰਕਾਸ਼ ਦੀ ਪੋਥੀ 16:16) ਉਹ ਸਾਨੂੰ ਯਕੀਨ ਦਿਲਾਉਂਦਾ ਹੈ ਕਿ ਉਹ ‘ਆਪਣੇ ਪੈਰਾਂ ਦੇ ਅਸਥਾਨ ਨੂੰ ਸ਼ਾਨਦਾਰ ਬਣਾਵੇਗਾ,’ ਅਰਥਾਤ ਇਸ ਧਰਤੀ ਨੂੰ ਜਿਸ ਉੱਤੇ ਅਸੀਂ ਰਹਿੰਦੇ ਹਾਂ। (ਯਸਾਯਾਹ 60:13) ਸਾਰੀ ਮਨੁੱਖਜਾਤੀ ਨੂੰ ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਜੀਉਣ ਦੀ ਸਿੱਖਿਆ ਦਿੱਤੀ ਜਾਵੇਗੀ, ਜਿਸ ਨਾਲ ਧਰਤੀ ਯਹੋਵਾਹ ਦੇ ਸ਼ਾਨਦਾਰ ਮਕਸਦਾਂ ਦੇ ਗਿਆਨ ਨਾਲ ਭਰ ਜਾਵੇਗੀ ਜਿਵੇਂ ਸਮੁੰਦਰ ਪਾਣੀ ਨਾਲ ਭਰਿਆ ਹੁੰਦਾ ਹੈ।

ਚੌਥੀ ਅਤੇ ਪੰਜਵੀਂ ਫਿਟਕਾਰ

18. ਹਬੱਕੂਕ ਦੁਆਰਾ ਸੁਣਾਈ ਗਈ ਚੌਥੀ ਫਿਟਕਾਰ ਕੀ ਹੈ ਅਤੇ ਇਹ ਅੱਜ ਦੁਨੀਆਂ ਦੀ ਨੈਤਿਕ ਦਸ਼ਾ ਤੋਂ ਕਿਵੇਂ ਪ੍ਰਗਟ ਹੁੰਦੀ ਹੈ?

18ਹਬੱਕੂਕ 2:15 ਵਿਚ ਚੌਥੀ ਫਿਟਕਾਰ ਇਨ੍ਹਾਂ ਸ਼ਬਦਾਂ ਵਿਚ ਦੱਸੀ ਗਈ ਹੈ: “ਹਾਇ ਉਹ ਨੂੰ ਜੋ ਆਪਣੇ ਗੁਆਂਢੀ ਨੂੰ ਆਪਣੇ ਗੁੱਸੇ ਦੇ ਕਟੋਰੇ ਤੋਂ ਪਿਲਾਉਂਦਾ ਹੈ, ਅਤੇ ਉਸ ਨੂੰ ਵੀ ਮਤਵਾਲਾ ਕਰ ਦਿੰਦਾ ਹੈ, ਭਈ ਤੂੰ ਓਹਨਾਂ ਦੇ ਨੰਗੇਜ਼ ਉੱਤੇ ਤੱਕੇਂ!” ਇਹ ਆਧੁਨਿਕ ਦੁਨੀਆਂ ਦੀ ਬਦਚਲਣੀ ਅਤੇ ਅੜਬ ਰਵੱਈਏ ਵੱਲ ਸੰਕੇਤ ਕਰਦਾ ਹੈ। ਇਸ ਦੀ ਅਨੈਤਿਕਤਾ, ਜਿਸ ਨੂੰ ਇਜਾਜ਼ਤੀ ਧਾਰਮਿਕ ਸਮੂਹਾਂ ਤੋਂ ਵੀ ਸਮਰਥਨ ਮਿਲਦਾ ਹੈ, ਹੁਣ ਅੱਗੇ ਨਾਲੋਂ ਹੋਰ ਵੀ ਵੱਧ ਗਈ ਹੈ। ਏਡਜ਼ ਅਤੇ ਹੋਰ ਜਿਨਸੀ ਬੀਮਾਰੀਆਂ ਦੁਨੀਆਂ ਭਰ ਵਿਚ ਅੱਗ ਵਾਂਗ ਫੈਲ ਰਹੀਆਂ ਹਨ। “ਯਹੋਵਾਹ ਦੇ ਪਰਤਾਪ” ਨੂੰ ਪ੍ਰਗਟ ਕਰਨ ਦੀ ਬਜਾਇ, ਅੱਜ-ਕੱਲ੍ਹ ਦੀ ਸੁਆਰਥੀ ਪੀੜ੍ਹੀ ਅੱਗੇ ਨਾਲੋਂ ਹੋਰ ਵੀ ਭ੍ਰਿਸ਼ਟ ਹੋ ਰਹੀ ਹੈ ਅਤੇ ਪਰਮੇਸ਼ੁਰ ਦੇ ਨਿਆਉਂ ਦੀ ਪੂਰਤੀ ਵੱਲ ਵਧਦੀ ਜਾ ਰਹੀ ਹੈ। ਇਹ ਵਿਗੜਿਆ ਹੋਇਆ ਸੰਸਾਰ ਜੋ ‘ਪਰਤਾਪ ਨਾਲ ਰੱਜਣ ਦੀ ਥਾਂ ਤੇ ਅਨਾਦਰ ਨਾਲ ਰੱਜਿਆ’ ਹੋਇਆ ਹੈ, ਯਹੋਵਾਹ ਦੇ ਕ੍ਰੋਧ ਦੇ ਕਟੋਰੇ ਨੂੰ ਪੀਣ ਵਾਲਾ ਹੈ, ਜੋ ਕਿ ਉਸ ਪ੍ਰਤੀ ਪਰਮੇਸ਼ੁਰ ਦੀ ਮਰਜ਼ੀ ਨੂੰ ਦਰਸਾਉਂਦਾ ਹੈ। ‘ਅੱਤ ਅਨਾਦਰ ਉਸ ਦੇ ਪਰਤਾਪ ਉੱਤੇ ਹੋਵੇਗਾ।’—ਹਬੱਕੂਕ 2:16.

19. ਹਬੱਕੂਕ ਦੁਆਰਾ ਪਾਈ ਗਈ ਫਿਟਕਾਰ ਤੋਂ ਪਹਿਲਾਂ ਕਿਸ ਬਾਰੇ ਚੇਤਾਵਨੀ ਦਿੱਤੀ ਜਾਂਦੀ ਹੈ ਅਤੇ ਅੱਜ ਦੀ ਦੁਨੀਆਂ ਵਿਚ ਇਹ ਸ਼ਬਦ ਕਿਉਂ ਅਹਿਮੀਅਤ ਰੱਖਦੇ ਹਨ?

19 ਪੰਜਵੀਂ ਫਿਟਕਾਰ ਪਾਉਣ ਤੋਂ ਪਹਿਲਾਂ ਮੂਰਤੀ-ਪੂਜਾ ਦੇ ਖ਼ਿਲਾਫ਼ ਸਖ਼ਤ ਚੇਤਾਵਨੀ ਦਿੱਤੀ ਜਾਂਦੀ ਹੈ। ਯਹੋਵਾਹ ਹਬੱਕੂਕ ਨਬੀ ਰਾਹੀਂ ਇਹ ਜ਼ਬਰਦਸਤ ਐਲਾਨ ਕਰਾਉਂਦਾ ਹੈ: “ਹਾਇ ਉਹ ਨੂੰ ਜੋ ਲੱਕੜੀ ਨੂੰ ਆਖਦਾ ਹੈ, ਜਾਗ! ਗੁੰਗੇ ਪੱਥਰ ਨੂੰ, ਉੱਠ! ਭਲਾ, ਏਹ ਸਲਾਹ ਦੇ ਸੱਕਦਾ ਹੈ? ਵੇਖੋ, ਉਹ ਸੋਨੇ ਚਾਂਦੀ ਨਾਲ ਮੜ੍ਹਿਆ ਹੋਇਆ ਹੈ, ਪਰ ਉਸ ਦੇ ਵਿੱਚ ਕੋਈ ਸਾਹ ਨਹੀਂ।” (ਹਬੱਕੂਕ 2:19) ਇਸ ਦਿਨ ਤਕ ਈਸਾਈ-ਜਗਤ ਅਤੇ ਹੋਰ ਧਰਮਾਂ ਦੇ ਲੋਕ ਆਪਣੀਆਂ ਸਲੀਬਾਂ, ਕੁਆਰੀ ਮਰਿਯਮ ਦੇ ਬੁੱਤਾਂ, ਤਸਵੀਰਾਂ ਅਤੇ ਮਨੁੱਖਾਂ ਜਾਂ ਜਾਨਵਰਾਂ ਦੀਆਂ ਹੋਰ ਮੂਰਤੀਆਂ ਦੇ ਸਾਮ੍ਹਣੇ ਮੱਥਾ ਟੇਕਦੇ ਹਨ। ਜਦੋਂ ਯਹੋਵਾਹ ਸਜ਼ਾ ਦੇਵੇਗਾ, ਤਾਂ ਇਨ੍ਹਾਂ ਵਿੱਚੋਂ ਕੋਈ ਵੀ ਜਾਗ ਕੇ ਆਪਣੇ ਉਪਾਸਕਾਂ ਨੂੰ ਨਹੀਂ ਬਚਾ ਸਕੇਗਾ। ਸੋਨੇ ਚਾਂਦੀ ਨਾਲ ਮੜ੍ਹੀਆਂ ਹੋਈਆਂ ਮੂਰਤੀਆਂ ਦੀ ਚਮਕ, ਯਹੋਵਾਹ ਪਰਮੇਸ਼ੁਰ ਦੇ ਪਰਤਾਪ ਅਤੇ ਉਸ ਦੇ ਜੀਉਂਦੇ ਪ੍ਰਾਣੀਆਂ ਦੇ ਪ੍ਰਤਾਪ ਦੇ ਸਾਮ੍ਹਣੇ ਬਿਲਕੁਲ ਫਿੱਕੀਆਂ ਪੈ ਜਾਂਦੀਆਂ ਹਨ। ਆਓ ਅਸੀਂ ਹਮੇਸ਼ਾ ਲਈ ਉਸ ਦੇ ਮਹਿਮਾਵਾਨ ਨਾਂ ਦੇ ਗੁਣ ਗਾਈਏ!

20. ਸਾਨੂੰ ਕਿਹੜੀ ਹੈਕਲ ਵਿਚ ਸੇਵਾ ਕਰਨ ਦਾ ਵਿਸ਼ੇਸ਼-ਸਨਮਾਨ ਪ੍ਰਾਪਤ ਹੋਇਆ ਹੈ?

20 ਜੀ ਹਾਂ, ਯਹੋਵਾਹ ਸਾਡਾ ਪਰਮੇਸ਼ੁਰ ਸਾਰੀ ਉਸਤਤ ਲੈਣ ਦੇ ਯੋਗ ਹੈ। ਉਸ ਲਈ ਡੂੰਘਾ ਸਤਿਕਾਰ ਰੱਖਦੇ ਹੋਏ, ਆਓ ਅਸੀਂ ਮੂਰਤੀ-ਪੂਜਾ ਦੇ ਵਿਰੁੱਧ ਦਿੱਤੀ ਗਈ ਇਸ ਸਖ਼ਤ ਚੇਤਾਵਨੀ ਵੱਲ ਧਿਆਨ ਦੇਈਏ। ਪਰ ਜ਼ਰਾ ਸੁਣੋ! ਯਹੋਵਾਹ ਅਜੇ ਵੀ ਬੋਲ ਰਿਹਾ ਹੈ: “ਯਹੋਵਾਹ ਆਪਣੀ ਪਵਿੱਤਰ ਹੈਕਲ ਵਿੱਚ ਹੈ, ਸਾਰੀ ਧਰਤੀ ਉਹ ਦੇ ਅੱਗੇ ਚੁੱਪ ਰਹੇ।” (ਹਬੱਕੂਕ 2:20) ਬਿਨਾਂ ਸ਼ੱਕ ਹਬੱਕੂਕ ਯਰੂਸ਼ਲਮ ਦੀ ਹੈਕਲ ਬਾਰੇ ਗੱਲ ਕਰ ਰਿਹਾ ਸੀ। ਪਰ ਸਾਡੇ ਕੋਲ ਅੱਜ ਉਸ ਨਾਲੋਂ ਕਿਤੇ ਉੱਤਮ ਇਕ ਰੂਹਾਨੀ ਹੈਕਲ ਵਿਚ ਉਪਾਸਨਾ ਕਰਨ ਦਾ ਵਿਸ਼ੇਸ਼-ਸਨਮਾਨ ਹੈ, ਜਿੱਥੇ ਸਾਡਾ ਪ੍ਰਭੂ ਯਿਸੂ ਮਸੀਹ ਪ੍ਰਧਾਨ ਜਾਜਕ ਹੈ। ਇੱਥੇ, ਉਸ ਹੈਕਲ ਦੇ ਜ਼ਮੀਨੀ ਵਿਹੜੇ ਵਿਚ, ਅਸੀਂ ਯਹੋਵਾਹ ਨੂੰ ਉਸ ਦੇ ਪ੍ਰਤਾਪੀ ਨਾਂ ਦੇ ਯੋਗ ਮਾਣ-ਸਨਮਾਨ ਦੇਣ ਲਈ ਇਕੱਠੇ ਹੁੰਦੇ ਹਾਂ, ਸੇਵਾ ਕਰਦੇ ਹਾਂ ਅਤੇ ਪ੍ਰਾਰਥਨਾ ਕਰਦੇ ਹਾਂ। ਆਪਣੇ ਪ੍ਰੇਮਮਈ ਸਵਰਗੀ ਪਿਤਾ ਦੀ ਦਿਲੋਂ ਉਪਾਸਨਾ ਕਰ ਕੇ ਸਾਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ!

ਕੀ ਤੁਹਾਨੂੰ ਯਾਦ ਹੈ?

• ਤੁਸੀਂ ਪਰਮੇਸ਼ੁਰ ਦੇ ਇਨ੍ਹਾਂ ਸ਼ਬਦਾਂ ਨੂੰ ਕਿਵੇਂ ਵਿਚਾਰਦੇ ਹੋ: “ਉਹ ਚਿਰ ਨਾ ਲਾਵੇਗਾ”?

• ਹਬੱਕੂਕ ਦੁਆਰਾ ਪਾਈਆਂ ਗਈਆਂ ਫਿਟਕਾਰਾਂ ਅੱਜ ਦੇ ਦਿਨਾਂ ਵਿਚ ਕੀ ਅਹਿਮੀਅਤ ਰੱਖਦੀਆਂ ਹਨ?

• ਸਾਨੂੰ ਯਹੋਵਾਹ ਦੁਆਰਾ ਦਿੱਤੀ ਗਈ ਚੇਤਾਵਨੀ ਕਿਉਂ ਲਗਾਤਾਰ ਸੁਣਾਉਂਦੇ ਰਹਿਣਾ ਚਾਹੀਦਾ ਹੈ?

• ਕਿਹੜੀ ਹੈਕਲ ਦੇ ਵਿਹੜੇ ਵਿਚ ਸਾਨੂੰ ਉਪਾਸਨਾ ਕਰਨ ਦਾ ਵਿਸ਼ੇਸ਼-ਸਨਮਾਨ ਮਿਲਿਆ ਹੈ?

[ਸਵਾਲ]

[ਸਫ਼ੇ 15 ਉੱਤੇ ਤਸਵੀਰਾਂ]

ਹਬੱਕੂਕ ਵਾਂਗ ਅੱਜ ਪਰਮੇਸ਼ੁਰ ਦੇ ਸੇਵਕ ਜਾਣਦੇ ਹਨ ਕਿ ਯਹੋਵਾਹ ਚਿਰ ਨਹੀਂ ਲਾਵੇਗਾ

[ਸਫ਼ੇ 18 ਉੱਤੇ ਤਸਵੀਰਾਂ]

ਕੀ ਤੁਸੀਂ ਯਹੋਵਾਹ ਦੀ ਰੂਹਾਨੀ ਹੈਕਲ ਦੇ ਵਿਹੜੇ ਵਿਚ ਉਸ ਦੀ ਉਪਾਸਨਾ ਕਰਨ ਦੇ ਵਿਸ਼ੇਸ਼-ਸਨਮਾਨ ਦੀ ਕਦਰ ਕਰਦੇ ਹੋ?

[ਸਫ਼ੇ 16 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

U.S. Army photo