Skip to content

Skip to table of contents

ਯਹੋਵਾਹ ਸਾਡੀ ਪਨਾਹ ਅਤੇ ਸਾਡਾ ਬਲ ਹੈ

ਯਹੋਵਾਹ ਸਾਡੀ ਪਨਾਹ ਅਤੇ ਸਾਡਾ ਬਲ ਹੈ

ਜੀਵਨੀ

ਯਹੋਵਾਹ ਸਾਡੀ ਪਨਾਹ ਅਤੇ ਸਾਡਾ ਬਲ ਹੈ

ਮਾਰਸਲ ਫ਼ਿਲਟੋ ਦੀ ਜ਼ਬਾਨੀ

“ਜੇ ਤੂੰ ਉਸ ਨਾਲ ਵਿਆਹ ਕਰਾਇਆ, ਤਾਂ ਪੱਕਾ ਤੂੰ ਜੇਲ੍ਹ ਜਾਏਂਗੀ।” ਇਹ ਗੱਲ ਲੋਕਾਂ ਨੇ ਉਸ ਤੀਵੀਂ ਨੂੰ ਕਹੀ ਜਿਸ ਨਾਲ ਮੈਂ ਵਿਆਹ ਕਰਾਉਣ ਜਾ ਰਿਹਾ ਸੀ। ਆਓ ਮੈਂ ਤੁਹਾਨੂੰ ਦੱਸਾਂ ਕਿ ਉਨ੍ਹਾਂ ਨੇ ਇਹ ਗੱਲ ਕਿਉਂ ਕਹੀ।

ਜਦੋਂ ਸੰਨ 1927 ਵਿਚ ਮੇਰਾ ਜਨਮ ਹੋਇਆ, ਤਾਂ ਉਸ ਵੇਲੇ ਕੈਨੇਡੀਆਈ ਸੂਬਾ ਕਿਊਬੈੱਕ ਵਿਚ ਕੈਥੋਲਿਕਵਾਦ ਦਾ ਵੱਡਾ ਬੋਲਬਾਲਾ ਸੀ। ਤਕਰੀਬਨ ਚਾਰ ਸਾਲਾਂ ਬਾਅਦ ਯਹੋਵਾਹ ਦੀ ਸੇਸਿਲ ਡੁਫ਼ੂਰ ਨਾਮਕ ਇਕ ਪੂਰਣ-ਕਾਲੀ ਸੇਵਕਾ ਮਾਂਟ੍ਰੀਆਲ ਸ਼ਹਿਰ ਵਿਚ ਸਾਡੇ ਘਰ ਆਉਣ ਲੱਗ ਪਈ। ਇਸੇ ਕਰਕੇ ਸਾਡੇ ਗੁਆਂਢੀ ਅਕਸਰ ਉਸ ਨੂੰ ਧਮਕੀਆਂ ਦਿੰਦੇ ਹੁੰਦੇ ਸਨ। ਉਸ ਨੂੰ ਬਾਅਦ ਵਿਚ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦੀ ਖ਼ਾਤਰ ਕਈ ਵਾਰ ਗਿਰਫ਼ਤਾਰ ਕੀਤਾ ਗਿਆ ਤੇ ਉਸ ਨਾਲ ਬਦਸਲੂਕੀ ਵੀ ਕੀਤੀ ਗਈ। ਇਸ ਲਈ, ਛੇਤੀ ਹੀ ਸਾਨੂੰ ਯਿਸੂ ਦੇ ਇਨ੍ਹਾਂ ਸ਼ਬਦਾਂ ਦੀ ਸੱਚਾਈ ਪਤਾ ਲੱਗ ਗਈ: “ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ।”—ਮੱਤੀ 24:9.

ਉਸ ਸਮੇਂ, ਬਹੁਤ ਸਾਰਿਆਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਕ ਫ਼ਰਾਂਸੀਸੀ-ਕੈਨੇਡੀਆਈ ਪਰਿਵਾਰ ਆਪਣਾ ਕੈਥੋਲਿਕ ਧਰਮ ਛੱਡ ਸਕਦਾ ਹੈ। ਬੇਸ਼ੱਕ ਮੇਰੇ ਮਾਂ-ਬਾਪ ਬਪਤਿਸਮਾ-ਪ੍ਰਾਪਤ ਗਵਾਹ ਕਦੇ ਨਹੀਂ ਬਣੇ, ਪਰ ਜਲਦੀ ਹੀ ਉਨ੍ਹਾਂ ਨੇ ਇਹ ਸਿੱਟਾ ਕੱਢ ਲਿਆ ਕਿ ਕੈਥੋਲਿਕ ਗਿਰਜੇ ਦੀਆਂ ਸਿੱਖਿਆਵਾਂ ਬਾਈਬਲ ਨਾਲ ਮੇਲ ਨਹੀਂ ਖਾਂਦੀਆਂ। ਇਸ ਲਈ ਉਨ੍ਹਾਂ ਨੇ ਆਪਣੇ ਅੱਠਾਂ ਬੱਚਿਆਂ ਨੂੰ ਗਵਾਹਾਂ ਦੁਆਰਾ ਛਾਪੀਆਂ ਗਈਆਂ ਕਿਤਾਬਾਂ ਪੜ੍ਹਨ ਲਈ ਹੱਲਾਸ਼ੇਰੀ ਦਿੱਤੀ ਅਤੇ ਸਾਡੇ ਵਿੱਚੋਂ ਸੱਚਾਈ ਦਾ ਪੱਖ ਲੈਣ ਵਾਲਿਆਂ ਦੀ ਮਦਦ ਵੀ ਕੀਤੀ।

ਔਖੇ ਸਮਿਆਂ ਵਿਚ ਡਟੇ ਰਹੇ

ਸੰਨ 1942 ਵਿਚ ਜਦੋਂ ਮੈਂ ਅਜੇ ਸਕੂਲ ਵਿਚ ਹੀ ਪੜ੍ਹਦਾ ਸੀ, ਤਾਂ ਮੈਂ ਸੰਜੀਦਗੀ ਨਾਲ ਬਾਈਬਲ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਉਸ ਵੇਲੇ ਕੈਨੇਡਾ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਸਰਗਰਮੀਆਂ ਉੱਤੇ ਪਾਬੰਦੀ ਲੱਗੀ ਹੋਈ ਸੀ, ਕਿਉਂਕਿ ਉਹ ਪਹਿਲੀ ਸਦੀ ਦੇ ਮਸੀਹੀਆਂ ਦੇ ਨਕਸ਼ੇ ਕਦਮਾਂ ਤੇ ਚੱਲ ਰਹੇ ਸਨ ਤੇ ਕੌਮਾਂ ਦੀਆਂ ਲੜਾਈਆਂ ਵਿਚ ਕੋਈ ਹਿੱਸਾ ਨਹੀਂ ਲੈਂਦੇ ਸਨ। (ਯਸਾਯਾਹ 2:4; ਮੱਤੀ 26:52) ਕਿਉਂਕਿ ਮੇਰੇ ਵੱਡੇ ਭਰਾ ਰੋਲਾਨ ਨੇ ਉਸ ਵੇਲੇ ਤੇਜ਼ੀ ਨਾਲ ਚੱਲ ਰਹੇ ਵਿਸ਼ਵ ਯੁੱਧ ਵਿਚ ਹਥਿਆਰ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ, ਇਸ ਲਈ ਉਸ ਨੂੰ ਲੇਬਰ ਕੈਂਪ ਵਿਚ ਪਾ ਦਿੱਤਾ ਗਿਆ।

ਇਸ ਸਮੇਂ ਪਿਤਾ ਜੀ ਨੇ ਫਰਾਂਸੀਸੀ ਭਾਸ਼ਾ ਵਿਚ ਲਿਖੀ ਗਈ ਇਕ ਕਿਤਾਬ ਮੈਨੂੰ ਦਿੱਤੀ। ਇਸ ਵਿਚ ਅਡੌਲਫ਼ ਹਿਟਲਰ ਦੀਆਂ ਫ਼ੌਜੀ ਮੁਹਿੰਮਾਂ ਦੀ ਹਿਮਾਇਤ ਕਰਨ ਤੋਂ ਇਨਕਾਰ ਕਰਨ ਵਾਲੇ ਜਰਮਨ ਗਵਾਹਾਂ ਵੱਲੋਂ ਝੱਲੀਆਂ ਗਈਆਂ ਮੁਸੀਬਤਾਂ ਦਾ ਜ਼ਿਕਰ ਕੀਤਾ ਗਿਆ ਸੀ। * ਪਰਮੇਸ਼ੁਰ ਲਈ ਦਿਖਾਈ ਗਈ ਵਫ਼ਾਦਾਰੀ ਦੀ ਇਸ ਹਿੰਮਤੀ ਮਿਸਾਲ ਤੋਂ ਮੇਰੇ ਦਿਲ ਵਿਚ ਯਹੋਵਾਹ ਦਾ ਇਕ ਅਜਿਹਾ ਹੀ ਗਵਾਹ ਬਣਨ ਦੀ ਰੀਝ ਪੈਦਾ ਹੋਈ। ਇਸ ਲਈ, ਮੈਂ ਇਕ ਘਰ ਵਿਚ ਚਲਾਈਆਂ ਜਾਂਦੀਆਂ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਜਲਦੀ ਹੀ ਗਵਾਹਾਂ ਨੇ ਮੈਨੂੰ ਪ੍ਰਚਾਰ ਕੰਮ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਮੈਨੂੰ ਪਤਾ ਸੀ ਕਿ ਪ੍ਰਚਾਰ ਕੰਮ ਕਰਨ ਕਰਕੇ ਮੈਨੂੰ ਗਿਰਫ਼ਤਾਰ ਕੀਤਾ ਜਾ ਸਕਦਾ ਸੀ ਤੇ ਮੈਨੂੰ ਜੇਲ੍ਹ ਹੋ ਸਕਦੀ ਸੀ, ਤਾਂ ਵੀ ਮੈਂ ਪ੍ਰਚਾਰ ਲਈ ਜਾਣ ਨੂੰ ਤਿਆਰ ਹੋ ਗਿਆ।

ਹਿੰਮਤ ਲਈ ਯਹੋਵਾਹ ਨੂੰ ਬੇਨਤੀ ਕਰਨ ਤੋਂ ਬਾਅਦ ਮੈਂ ਪਹਿਲੇ ਘਰ ਦਾ ਬੂਹਾ ਖੜਕਾਇਆ। ਇਕ ਮਿਲਾਪੜੀ ਜਿਹੀ ਤੀਵੀਂ ਨੇ ਬੂਹਾ ਖੋਲ੍ਹਿਆ। ਆਪਣੀ ਜਾਣ-ਪਛਾਣ ਕਰਾਉਣ ਤੋਂ ਬਾਅਦ, ਮੈਂ ਉਸ ਨੂੰ 2 ਤਿਮੋਥਿਉਸ 3:16 ਵਿਚ ਲਿਖੇ ਸ਼ਬਦ ਪੜ੍ਹ ਕੇ ਸੁਣਾਏ: “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ . . . ਗੁਣਕਾਰ ਹੈ।”

ਮੈਂ ਉਸ ਨੂੰ ਪੁੱਛਿਆ, “ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ?”

“ਹਾਂ,” ਤੀਵੀਂ ਨੇ ਜਵਾਬ ਦਿੱਤਾ।

ਇਸ ਲਈ ਮੈਂ ਉਸ ਨੂੰ ਕਿਹਾ ਕਿ ਮੈਂ ਇਕ ਭੈਣ ਨੂੰ ਲੈ ਕੇ ਆਵਾਂਗਾ, ਜੋ ਬਾਈਬਲ ਬਾਰੇ ਮੇਰੇ ਨਾਲੋਂ ਜ਼ਿਆਦਾ ਗਿਆਨ ਰੱਖਦੀ ਹੈ ਤੇ ਅਗਲੇ ਹਫ਼ਤੇ ਮੈਂ ਇਕ ਭੈਣ ਨੂੰ ਨਾਲ ਲੈ ਕੇ ਗਿਆ। ਉਸ ਪਹਿਲੇ ਤਜਰਬੇ ਤੋਂ ਬਾਅਦ ਮੈਂ ਪ੍ਰਚਾਰ ਕਰਨ ਵਿਚ ਦਲੇਰ ਹੋ ਗਿਆ ਤੇ ਮੈਂ ਸਿੱਖਿਆ ਕਿ ਅਸੀਂ ਸੇਵਕਾਈ ਸਿਰਫ਼ ਆਪਣੇ ਬਲਬੂਤੇ ਤੇ ਨਹੀਂ ਕਰ ਸਕਦੇ। ਜਿਵੇਂ ਪੌਲੁਸ ਰਸੂਲ ਨੇ ਕਿਹਾ ਸੀ, ਇਹ ਸਿਰਫ਼ ਅਸੀਂ ਯਹੋਵਾਹ ਦੀ ਮਦਦ ਨਾਲ ਹੀ ਕਰ ਸਕਦੇ ਹਾਂ। ਸੱਚ-ਮੁੱਚ, ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਗੱਲ ਦੀ ਸੱਚਾਈ ਨੂੰ ਸਮਝੀਏ ਕਿ “ਸਮਰੱਥਾ ਦਾ ਅੱਤ ਵੱਡਾ ਮਹਾਤਮ ਪਰਮੇਸ਼ੁਰ ਦੀ ਵੱਲੋਂ, ਨਾ ਸਾਡੀ ਵੱਲੋਂ” ਹੈ।”—2 ਕੁਰਿੰਥੀਆਂ 4:7.

ਉਸ ਤੋਂ ਬਾਅਦ, ਪ੍ਰਚਾਰ ਕੰਮ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਤੇ ਇਸੇ ਕਰਕੇ ਗਿਰਫ਼ਤਾਰੀਆਂ ਤੇ ਕੈਦ ਵੀ ਮੇਰੇ ਲਈ ਆਮ ਹੋ ਗਈਆਂ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਮੇਰੀ ਹੋਣ ਵਾਲੀ ਵਹੁਟੀ ਨੂੰ ਇਹ ਗੱਲ ਕਹੀ ਗਈ ਸੀ ਕਿ “ਜੇ ਤੂੰ ਉਸ ਨਾਲ ਵਿਆਹ ਕਰਾਇਆ, ਤਾਂ ਪੱਕਾ ਤੂੰ ਜੇਲ੍ਹ ਜਾਏਂਗੀ”! ਫਿਰ ਵੀ, ਇੱਦਾਂ ਦੇ ਤਜਰਬੇ ਉੱਨੇ ਔਖੇ ਨਹੀਂ ਸਨ। ਜੇਲ੍ਹ ਵਿਚ ਇਕ ਰਾਤ ਬਿਤਾਉਣ ਤੋਂ ਬਾਅਦ, ਅਕਸਰ ਇਕ ਸੰਗੀ ਗਵਾਹ ਜ਼ਮਾਨਤ ਦੇ ਕੇ ਸਾਨੂੰ ਰਿਹਾ ਕਰਾ ਲੈਂਦਾ ਸੀ।

ਅਹਿਮ ਫ਼ੈਸਲੇ

ਅਪ੍ਰੈਲ 1943 ਵਿਚ, ਮੈਂ ਯਹੋਵਾਹ ਨੂੰ ਆਪਣਾ ਸਮਰਪਣ ਕਰ ਦਿੱਤਾ ਅਤੇ ਸਮਰਪਣ ਦੇ ਪ੍ਰਤੀਕ ਵਜੋਂ ਪਾਣੀ ਦਾ ਬਪਤਿਸਮਾ ਲੈ ਲਿਆ। ਫਿਰ, ਅਗਸਤ 1944 ਵਿਚ ਮੈਂ ਕੈਨੇਡੀਅਨ ਬਾਰਡਰ ਦੇ ਠੀਕ ਦੂਜੇ ਪਾਸੇ ਬਫ਼ਲੋ, ਨਿਊਯਾਰਕ, ਯੂ.ਐੱਸ.ਏ. ਵਿਖੇ ਆਪਣੀ ਜ਼ਿੰਦਗੀ ਦੇ ਪਹਿਲੇ ਵੱਡੇ ਮਹਾਂ-ਸੰਮੇਲਨ ਵਿਚ ਹਾਜ਼ਰ ਹੋਇਆ। ਉੱਥੇ ਕੁੱਲ 25,000 ਲੋਕ ਆਏ। ਇਸ ਸੰਮੇਲਨ ਦਾ ਪ੍ਰੋਗ੍ਰਾਮ ਸੁਣ ਕੇ ਮੇਰੇ ਦਿਲ ਅੰਦਰ ਪਾਇਨੀਅਰ, ਅਰਥਾਤ ਯਹੋਵਾਹ ਦੇ ਗਵਾਹਾਂ ਦਾ ਪੂਰਣ-ਕਾਲੀ ਪ੍ਰਚਾਰਕ ਬਣਨ ਦੀ ਇੱਛਾ ਜਾਗੀ। ਕੈਨੇਡਾ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ਉੱਤੇ ਲਾਈ ਗਈ ਪਾਬੰਦੀ ਮਈ 1945 ਵਿਚ ਹਟਾ ਦਿੱਤੀ ਗਈ, ਇਸ ਲਈ ਅਗਲੇ ਮਹੀਨੇ ਮੈਂ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ।

ਜਿਉਂ-ਜਿਉਂ ਮੈਂ ਸੇਵਕਾਈ ਵਿਚ ਜ਼ਿਆਦਾ ਹਿੱਸਾ ਲੈਣਾ ਸ਼ੁਰੂ ਕੀਤਾ, ਤਿਉਂ-ਤਿਉਂ ਮੇਰਾ ਜੇਲ੍ਹ ਜਾਣਾ ਵੀ ਵੱਧ ਗਿਆ। ਇਕ ਵਾਰ ਮੈਨੂੰ ਮਾਈਕ ਮਿਲਰ ਨਾਲ ਕਾਲ ਕੋਠੜੀ ਵਿਚ ਪਾ ਦਿੱਤਾ ਗਿਆ ਜੋ ਕਾਫ਼ੀ ਲੰਬੇ ਸਮੇਂ ਤੋਂ ਯਹੋਵਾਹ ਦਾ ਇਕ ਵਫ਼ਾਦਾਰ ਸੇਵਕ ਸੀ। ਅਸੀਂ ਦੋਵੇਂ ਪੱਕੇ ਫ਼ਰਸ਼ ਤੇ ਬਹਿ ਕੇ ਗੱਲਾਂ ਕਰਨ ਲੱਗ ਪਏ। ਅਧਿਆਤਮਿਕ ਵਿਸ਼ਿਆਂ ਉੱਤੇ ਕੀਤੀਆਂ ਉਤਸ਼ਾਹਜਨਕ ਗੱਲਾਂ ਨੇ ਮੈਨੂੰ ਬਹੁਤ ਜ਼ਿਆਦਾ ਮਜ਼ਬੂਤ ਕੀਤਾ। ਪਰ ਬਾਅਦ ਵਿਚ ਮੇਰੇ ਮਨ ਵਿਚ ਇਕ ਸਵਾਲ ਆਇਆ ਕਿ ‘ਜੇਕਰ ਸਾਡੇ ਦੋਹਾਂ ਵਿਚ ਕਿਸੇ ਗ਼ਲਤਫ਼ਹਿਮੀ ਕਰਕੇ ਆਪੋ ਵਿਚ ਬੋਲ-ਚਾਲ ਨਾ ਹੁੰਦੀ, ਤਾਂ ਫੇਰ ਕੀ ਹੁੰਦਾ?’ ਜੇਲ੍ਹ ਵਿਚ ਇਸ ਭਰਾ ਨਾਲ ਬਿਤਾਏ ਸਮੇਂ ਤੋਂ ਮੈਨੂੰ ਜ਼ਿੰਦਗੀ ਦਾ ਇਹ ਇਕ ਅਹਿਮ ਸਬਕ ਸਿੱਖਣ ਨੂੰ ਮਿਲਿਆ ਕਿ ਸਾਨੂੰ ਆਪਣੇ ਭਰਾਵਾਂ ਦੀ ਲੋੜ ਹੈ। ਇਸ ਲਈ ਸਾਨੂੰ ਇਕ ਦੂਜੇ ਨੂੰ ਮਾਫ਼ ਕਰ ਦੇਣਾ ਚਾਹੀਦਾ ਤੇ ਇਕ ਦੂਜੇ ਪ੍ਰਤੀ ਕਿਰਪਾਵਾਨ ਹੋਣਾ ਚਾਹੀਦਾ ਹੈ। ਨਹੀਂ ਤਾਂ ਉਹੀ ਹੋਣਾ ਸੀ ਜੋ ਪੌਲੁਸ ਰਸੂਲ ਨੇ ਲਿਖਿਆ: “ਜੇ ਤੁਸੀਂ ਇੱਕ ਦੂਏ ਨੂੰ ਚੱਕੀਂ ਚੱਕੀਂ ਪਾੜ ਖਾਓ ਤਾਂ ਵੇਖਣਾ ਭਈ ਤੁਸੀਂ ਇੱਕ ਦੂਏ ਤੋਂ ਕਿਤੇ ਨਾਸ ਨਾ ਹੋ ਜਾਓ।”—ਗਲਾਤੀਆਂ 5:15.

ਸਤੰਬਰ 1945 ਵਿਚ, ਮੈਨੂੰ ਕੈਨੇਡਾ ਦੇ ਟੋਰੌਂਟੋ ਸ਼ਹਿਰ ਵਿਖੇ ਵਾਚ ਟਾਵਰ ਸੋਸਾਇਟੀ ਦੇ ਸ਼ਾਖ਼ਾ ਦਫ਼ਤਰ ਵਿਚ ਕੰਮ ਕਰਨ ਦਾ ਮੌਕਾ ਮਿਲਿਆ, ਜਿਸ ਨੂੰ ਅਸੀਂ ਬੈਥਲ ਕਹਿੰਦੇ ਹਾਂ। ਉੱਥੇ ਦਾ ਅਧਿਆਤਮਿਕ ਪ੍ਰੋਗ੍ਰਾਮ ਵਾਕਈ ਉਤਸ਼ਾਹਜਨਕ ਅਤੇ ਨਿਹਚਾ ਨੂੰ ਮਜ਼ਬੂਤ ਕਰਨ ਵਾਲਾ ਸੀ। ਅਗਲੇ ਸਾਲ, ਮੈਨੂੰ ਬੈਥਲ ਦੇ ਫਾਰਮ ਵਿਚ ਕੰਮ ਦਿੱਤਾ ਗਿਆ ਜੋ ਸ਼ਾਖ਼ਾ ਦਫ਼ਤਰ ਤੋਂ ਲਗਭਗ 40 ਕਿਲੋਮੀਟਰ ਦੂਰ ਉੱਤਰ ਵੱਲ ਸੀ। ਜਦੋਂ ਮੈਂ ਇਕ ਮੁਟਿਆਰ ਐਨ ਵੌਲੀਨੈਕ ਨਾਲ ਸਟ੍ਰਾਬੇਰੀਆਂ ਇਕੱਠੀਆਂ ਕਰਦਾ ਹੁੰਦਾ ਸੀ, ਤਾਂ ਮੈਂ ਉਸ ਦੀ ਬਾਹਰੀ ਖ਼ੂਬਸੂਰਤੀ ਨੂੰ ਹੀ ਨਹੀਂ, ਸਗੋਂ ਯਹੋਵਾਹ ਲਈ ਉਸ ਦਾ ਪਿਆਰ ਤੇ ਜੋਸ਼ ਵੀ ਦੇਖਿਆ। ਸਾਨੂੰ ਇਕ ਦੂਜੇ ਨਾਲ ਪਿਆਰ ਹੋ ਗਿਆ ਤੇ ਜਨਵਰੀ 1947 ਨੂੰ ਸਾਡਾ ਵਿਆਹ ਹੋ ਗਿਆ।

ਅਗਲੇ ਢਾਈ ਸਾਲਾਂ ਤਕ, ਅਸੀਂ ਲੰਡਨ, ਆਂਟੇਰੀਓ ਵਿਚ ਪਾਇਨੀਅਰੀ ਕਰਨ ਤੋਂ ਬਾਅਦ ਕੇਪ ਬ੍ਰੈਟਨ ਟਾਪੂ ਉੱਤੇ ਪਾਇਨੀਅਰੀ ਕੀਤੀ, ਜਿੱਥੇ ਅਸੀਂ ਇਕ ਕਲੀਸਿਯਾ ਬਣਾਉਣ ਵਿਚ ਮਦਦ ਕੀਤੀ। ਉਸ ਤੋਂ ਬਾਅਦ, ਸੰਨ 1949 ਵਿਚ ਸਾਨੂੰ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 14ਵੀਂ ਕਲਾਸ ਲਈ ਬੁਲਾਇਆ ਗਿਆ, ਜਿੱਥੇ ਸਾਨੂੰ ਮਿਸ਼ਨਰੀ ਦੀ ਸਿਖਲਾਈ ਦਿੱਤੀ ਗਈ।

ਕਿਊਬੈੱਕ ਵਿਚ ਮਿਸ਼ਨਰੀ ਸੇਵਾ

ਪਿਛਲੀ ਗਿਲਿਅਡ ਕਲਾਸਾਂ ਦੇ ਕੈਨੇਡੀਆਈ ਗ੍ਰੈਜੂਏਟਾਂ ਨੂੰ ਕਿਊਬੈੱਕ ਵਿਚ ਪ੍ਰਚਾਰ ਕੰਮ ਸ਼ੁਰੂ ਕਰਨ ਲਈ ਕਿਹਾ ਗਿਆ ਸੀ। ਸੰਨ 1950 ਵਿਚ, ਅਸੀਂ 14ਵੀਂ ਕਲਾਸ ਦੇ 25 ਹੋਰ ਗ੍ਰੇਜੂਏਟਾਂ ਸਮੇਤ ਉਨ੍ਹਾਂ ਨਾਲ ਇਸ ਕੰਮ ਵਿਚ ਜੁੱਟ ਗਏ। ਮਿਸ਼ਨਰੀ ਕੰਮ ਵੱਡੇ ਪੱਧਰ ਤੇ ਸ਼ੁਰੂ ਹੋਣ ਕਰਕੇ ਜ਼ਬਰਦਸਤ ਸਤਾਹਟ ਸ਼ੁਰੂ ਹੋ ਗਈ ਅਤੇ ਰੋਮਨ ਕੈਥੋਲਿਕ ਗਿਰਜੇ ਦੇ ਪਾਦਰੀਆਂ ਦੀ ਸ਼ਹਿ ਤੇ ਸਾਨੂੰ ਭੀੜ ਵੱਲੋਂ ਹਿੰਸਾ ਦਾ ਸਾਮ੍ਹਣਾ ਵੀ ਕਰਨਾ ਪਿਆ।

ਰੂਅਨ ਸ਼ਹਿਰ ਵਿਚ ਆਪਣੀ ਪਹਿਲੀ ਮਿਸ਼ਨਰੀ ਕਾਰਜ-ਨਿਯੁਕਤੀ ਸ਼ੁਰੂ ਕਰਨ ਤੋਂ ਦੋ ਦਿਨਾਂ ਬਾਅਦ, ਐਨ ਨੂੰ ਗਿਰਫ਼ਤਾਰ ਕਰ ਲਿਆ ਗਿਆ ਤੇ ਪੁਲਸ ਗੱਡੀ ਵਿਚ ਬਿਠਾ ਦਿੱਤਾ ਗਿਆ। ਐਨ ਲਈ ਇਹ ਇਕ ਨਵਾਂ ਤਜਰਬਾ ਸੀ, ਕਿਉਂਕਿ ਉਹ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਇਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਸੀ ਜਿੱਥੇ ਉਸ ਨੇ ਕਦੀ ਵੀ ਸਿਪਾਹੀ ਨਹੀਂ ਦੇਖੇ ਸਨ। ਇਸ ਲਈ ਨਿਰਸੰਦੇਹ ਉਹ ਡਰ ਗਈ ਅਤੇ ਉਸ ਨੂੰ ਉਹੀ ਸ਼ਬਦ ਯਾਦ ਆਏ, “ਜੇਕਰ ਤੂੰ ਉਸ ਨਾਲ ਵਿਆਹ ਕਰਾਇਆ, ਤਾਂ ਪੱਕਾ ਤੂੰ ਜੇਲ੍ਹ ਜਾਏਂਗੀ।” ਪਰ, ਗੱਡੀ ਚਲਾਉਣ ਤੋਂ ਪਹਿਲਾਂ, ਮੈਂ ਵੀ ਉਨ੍ਹਾਂ ਦੇ ਹੱਥ ਆ ਗਿਆ ਤੇ ਉਨ੍ਹਾਂ ਨੇ ਮੈਨੂੰ ਵੀ ਐਨ ਦੇ ਨਾਲ ਹੀ ਗੱਡੀ ਵਿਚ ਪਾ ਦਿੱਤਾ। ਮੈਨੂੰ ਦੇਖਦੇ ਹੀ ਐਨ ਨੇ ਕਿਹਾ, “ਸ਼ੁਕਰ ਹੈ ਤੁਸੀਂ ਵੀ ਮੇਰੇ ਨਾਲ ਹੋ!” ਫਿਰ ਵੀ, ਉਹ ਬਿਲਕੁਲ ਸ਼ਾਂਤ ਸੀ ਤੇ ਕਹਿਣ ਲੱਗੀ, “ਯਿਸੂ ਬਾਰੇ ਪ੍ਰਚਾਰ ਕਰਨ ਕਰਕੇ ਰਸੂਲਾਂ ਨੂੰ ਵੀ ਤਾਂ ਇਹੀ ਸਭ ਕੁਝ ਝੱਲਣਾ ਪਿਆ ਸੀ।” (ਰਸੂਲਾਂ ਦੇ ਕਰਤੱਬ 4:1-3; 5:17, 18) ਉਸੇ ਦਿਨ ਥੋੜ੍ਹੀ ਦੇਰ ਬਾਅਦ ਸਾਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ।

ਇਸ ਘਟਨਾ ਤੋਂ ਤਕਰੀਬਨ ਇਕ ਸਾਲ ਬਾਅਦ, ਮਾਂਟ੍ਰੀਆਲ ਵਿਖੇ ਆਪਣੀ ਨਵੀਂ ਕਾਰਜ-ਨਿਯੁਕਤੀ ਦੌਰਾਨ ਘਰ-ਘਰ ਦੀ ਸੇਵਕਾਈ ਕਰਦੇ ਸਮੇਂ, ਮੈਂ ਇਕ ਗਲੀ ਵਿਚ ਰੌਲਾ-ਰੱਪਾ ਸੁਣਿਆ ਅਤੇ ਦੇਖਿਆ ਕਿ ਗੁੱਸੇ ਨਾਲ ਭਰੀ ਭੀੜ ਵੱਟੇ ਮਾਰ ਰਹੀ ਸੀ। ਜਦੋਂ ਮੈਂ ਐਨ ਅਤੇ ਉਸ ਨਾਲ ਪ੍ਰਚਾਰ ਕਰ ਰਹੀ ਭੈਣ ਦੀ ਮਦਦ ਕਰਨ ਲਈ ਗਿਆ, ਤਾਂ ਇੰਨੇ ਨੂੰ ਉੱਥੇ ਪੁਲਸ ਆ ਗਈ। ਫ਼ਸਾਦੀਆਂ ਨੂੰ ਗਿਰਫ਼ਤਾਰ ਕਰਨ ਦੀ ਬਜਾਇ, ਪੁਲਸ ਨੇ ਐਨ ਅਤੇ ਉਸ ਨਾਲ ਕੰਮ ਕਰ ਰਹੀ ਭੈਣ ਨੂੰ ਫੜ ਲਿਆ! ਜੇਲ੍ਹ ਵਿਚ, ਐਨ ਨੇ ਇਸ ਨਵੀਂ ਭੈਣ ਨੂੰ ਯਾਦ ਦਿਲਾਇਆ ਕਿ ਉਹ ਯਿਸੂ ਦੇ ਇਨ੍ਹਾਂ ਸ਼ਬਦਾਂ ਦੀ ਸੱਚਾਈ ਦੇਖ ਰਹੀਆਂ ਹਨ: “ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ।”—ਮੱਤੀ 10:22.

ਇਕ ਵਾਰ, ਯਹੋਵਾਹ ਦੇ ਗਵਾਹਾਂ ਦੇ ਵਿਰੁੱਧ ਕੁਝ 1,700 ਅਦਾਲਤੀ ਮੁਕੱਦਮੇ ਕਿਊਬੈੱਕ ਵਿਚ ਜਾਂਚ ਲਈ ਲਟਕ ਰਹੇ ਸਨ। ਆਮ ਤੌਰ ਤੇ ਸਾਡੇ ਉੱਤੇ ਇਹ ਇਲਜ਼ਾਮ ਲਾਇਆ ਜਾਂਦਾ ਸੀ ਕਿ ਅਸੀਂ ਰਾਜਧਰੋਹੀ ਕਿਤਾਬਾਂ ਜਾਂ ਬਿਨਾਂ ਲਸੰਸ ਦੇ ਕਿਤਾਬਾਂ ਵੰਡਦੇ ਹਾਂ। ਨਤੀਜੇ ਵਜੋਂ, ਵਾਚ ਟਾਵਰ ਸੋਸਾਇਟੀ ਦੇ ਕਾਨੂੰਨੀ ਵਿਭਾਗ ਨੇ ਕਿਊਬੈੱਕ ਦੀ ਸਰਕਾਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ। ਕਈ ਸਾਲਾਂ ਦੀ ਕਾਨੂੰਨੀ ਲੜਾਈ ਤੋਂ ਬਾਅਦ, ਯਹੋਵਾਹ ਦੀ ਮਿਹਰ ਨਾਲ ਸਾਨੂੰ ਕੈਨੇਡਾ ਦੀ ਸੁਪਰੀਮ ਕੋਰਟ ਤੋਂ ਦੋ ਵੱਡੀਆਂ ਕਾਨੂੰਨੀ ਜਿੱਤਾਂ ਮਿਲੀਆਂ। ਦਸੰਬਰ 1950 ਵਿਚ, ਸਾਨੂੰ ਰਾਜਧਰੋਹ ਦੇ ਝੂਠੇ ਦੋਸ਼ ਤੋਂ ਮੁਕਤ ਕਰ ਦਿੱਤਾ ਗਿਆ ਅਤੇ ਅਕਤੂਬਰ 1953 ਵਿਚ ਸਾਨੂੰ ਬਿਨਾਂ ਲਸੰਸ ਦੇ ਕਿਤਾਬਾਂ ਵੰਡਣ ਦਾ ਅਧਿਕਾਰ ਵੀ ਦਿੱਤਾ ਗਿਆ। ਇਸ ਤਰ੍ਹਾਂ ਅਸੀਂ ਅੱਖੀਂ ਦੇਖਿਆ ਕਿ ਯਹੋਵਾਹ ਸੱਚੀ-ਮੁੱਚੀ “ਸਾਡੀ ਪਨਾਹ ਅਤੇ ਸਾਡਾ ਬਲ ਹੈ, ਉਹ ਦੁਖਾਂ ਵਿੱਚ ਵੱਡਾ ਸਹਾਇਕ ਹੋਇਆ।”—ਜ਼ਬੂਰ 46:1.

ਕਿਊਬੈੱਕ ਵਿਚ ਜਦੋਂ ਮੈਂ ਸੰਨ 1945 ਵਿਚ ਪਾਇਨੀਅਰੀ ਸ਼ੁਰੂ ਕੀਤੀ ਸੀ, ਤਾਂ ਉੱਥੇ ਉਸ ਵੇਲੇ ਗਵਾਹਾਂ ਦੀ ਗਿਣਤੀ 356 ਸੀ ਜੋ ਹੁਣ ਵੱਧ ਕੇ 24,000 ਤੋਂ ਵੀ ਜ਼ਿਆਦਾ ਹੋ ਗਈ ਹੈ! ਵਾਕਈ ਇਹ ਉਸੇ ਤਰ੍ਹਾਂ ਹੀ ਹੋਇਆ ਜਿਵੇਂ ਬਾਈਬਲ ਵਿਚ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ: “ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ, ਹਰ ਜੀਭ ਨੂੰ ਜੋ ਤੇਰੇ ਵਿਰੁੱਧ ਨਿਆਉਂ ਲਈ ਉੱਠੇ, ਤੂੰ ਦੋਸ਼ੀ [ਠਹਿਰਾਵੇਂਗਾ]।”—ਯਸਾਯਾਹ 54:17.

ਫਰਾਂਸ ਵਿਚ ਸਾਡੀ ਸੇਵਕਾਈ

ਸਤੰਬਰ 1959 ਵਿਚ, ਮੈਨੂੰ ਅਤੇ ਐਨ ਨੂੰ ਪੈਰਿਸ, ਫ਼ਰਾਂਸ ਦੇ ਬੈਥਲ ਵਿਚ ਸੇਵਾ ਕਰਨ ਦਾ ਸੱਦਾ ਮਿਲਿਆ, ਜਿੱਥੇ ਮੈਨੂੰ ਛਪਾਈ ਕਾਰਜ ਦੀ ਨਿਗਰਾਨੀ ਕਰਨ ਦਾ ਕੰਮ ਸੌਂਪਿਆ ਗਿਆ। ਜਨਵਰੀ 1960 ਵਿਚ ਸਾਡੇ ਬੈਥਲ ਵਿਚ ਆਉਣ ਤੋਂ ਪਹਿਲਾਂ ਛਪਾਈ ਦਾ ਕੰਮ ਇਕ ਬਾਹਰ ਦੀ ਫ਼ਰਮ ਦੁਆਰਾ ਕੀਤਾ ਜਾਂਦਾ ਸੀ। ਕਿਉਂਕਿ ਉਸ ਵੇਲੇ ਫ਼ਰਾਂਸ ਵਿਚ ਪਹਿਰਾਬੁਰਜ ਉੱਤੇ ਪਾਬੰਦੀ ਲੱਗੀ ਹੋਈ ਸੀ, ਅਸੀਂ ਹਰ ਮਹੀਨੇ ਇਹ ਰਸਾਲਾ 64 ਸਫ਼ਿਆਂ ਦੀ ਇਕ ਪੁਸਤਿਕਾ ਦੇ ਰੂਪ ਵਿਚ ਛਾਪਦੇ ਸੀ। ਇਸ ਪੁਸਤਿਕਾ ਨੂੰ ਯਹੋਵਾਹ ਦੇ ਗਵਾਹਾਂ ਦਾ ਅੰਦਰੂਨੀ ਬੁਲੇਟਿਨ (ਅੰਗ੍ਰੇਜ਼ੀ) ਕਿਹਾ ਜਾਂਦਾ ਸੀ ਅਤੇ ਇਸ ਪੁਸਤਿਕਾ ਵਿਚ ਮਹੀਨੇ ਦੌਰਾਨ ਕਲੀਸਿਯਾ ਵਿਚ ਪੜ੍ਹੇ ਜਾਣ ਵਾਲੇ ਲੇਖ ਹੁੰਦੇ ਸਨ। ਸੰਨ 1960 ਤੋਂ 1967 ਤਕ, ਫ਼ਰਾਂਸ ਵਿਚ ਪ੍ਰਚਾਰ ਕਰਨ ਵਾਲਿਆਂ ਦੀ ਗਿਣਤੀ 15,439 ਤੋਂ ਲੈ ਕੇ 26,250 ਤਕ ਵੱਧ ਗਈ।

ਕੁਝ ਸਮੇਂ ਬਾਅਦ, ਕਾਫ਼ੀ ਸਾਰੇ ਮਿਸ਼ਨਰੀਆਂ ਨੂੰ ਦੂਜੀਆਂ ਥਾਵਾਂ ਤੇ ਭੇਜ ਦਿੱਤਾ ਗਿਆ। ਕਈਆਂ ਨੂੰ ਅਫ਼ਰੀਕਾ ਵਿਚ ਫਰਾਂਸੀਸੀ ਭਾਸ਼ਾ ਬੋਲਣ ਵਾਲੇ ਦੇਸ਼ਾਂ ਵਿਚ ਭੇਜ ਦਿੱਤਾ ਗਿਆ ਤੇ ਕਈਆਂ ਨੂੰ ਕਿਊਬੈੱਕ ਵਾਪਸ ਭੇਜ ਦਿੱਤਾ ਗਿਆ। ਕਿਉਂਕਿ ਐਨ ਦੀ ਸਿਹਤ ਠੀਕ ਨਹੀਂ ਸੀ ਤੇ ਉਸ ਦਾ ਓਪਰੇਸ਼ਨ ਹੋਣਾ ਜ਼ਰੂਰੀ ਸੀ, ਇਸ ਲਈ ਅਸੀਂ ਕਿਊਬੈੱਕ ਵਾਪਸ ਚਲੇ ਗਏ। ਤਿੰਨ ਸਾਲ ਦੇ ਇਲਾਜ ਤੋਂ ਬਾਅਦ, ਐਨ ਦੀ ਸਿਹਤ ਠੀਕ ਹੋ ਗਈ। ਤਦ ਮੈਨੂੰ ਸਰਕਟ ਕੰਮ ਸੌਂਪਿਆ ਗਿਆ ਜਿਸ ਵਿਚ ਮੈਂ ਅਧਿਆਤਮਿਕ ਤੌਰ ਤੇ ਭਰਾਵਾਂ ਦੀ ਹੌਸਲਾ-ਅਫ਼ਜ਼ਾਈ ਲਈ, ਹਰ ਹਫ਼ਤੇ ਇਕ ਕਲੀਸਿਯਾ ਤੋਂ ਦੂਜੀ ਕਲੀਸਿਯਾ ਵਿਚ ਜਾਂਦਾ ਸੀ।

ਅਫ਼ਰੀਕਾ ਵਿਚ ਮਿਸ਼ਨਰੀ ਕੰਮ

ਕੁਝ ਸਾਲਾਂ ਬਾਅਦ ਸੰਨ 1981 ਵਿਚ, ਸਾਨੂੰ ਜ਼ੇਅਰ ਵਿਚ ਮਿਸ਼ਨਰੀਆਂ ਵਜੋਂ ਕੰਮ ਕਰਨ ਦਾ ਵਧੀਆ ਮੌਕਾ ਮਿਲਿਆ, ਜਿਸ ਨੂੰ ਹੁਣ ਕਾਂਗੋ ਗਣਰਾਜ ਕਿਹਾ ਜਾਂਦਾ ਹੈ। ਉੱਥੇ ਦੇ ਲੋਕ ਬੜੇ ਗ਼ਰੀਬ ਸਨ ਅਤੇ ਉਹ ਬਹੁਤ ਸਾਰੀਆਂ ਮੁਸ਼ਕਲਾਂ ਝੱਲ ਰਹੇ ਸਨ। ਜਦੋਂ ਅਸੀਂ ਉੱਥੇ ਪਹੁੰਚੇ, ਤਾਂ ਉਸ ਵੇਲੇ ਉੱਥੇ 25,753 ਗਵਾਹ ਸਨ ਪਰ ਅੱਜ ਇਹ ਗਿਣਤੀ ਵੱਧ ਕੇ 1,13,000 ਤੋਂ ਵੀ ਜ਼ਿਆਦਾ ਹੋ ਗਈ ਹੈ। ਇੱਥੇ ਮਸੀਹ ਦੀ ਮੌਤ ਦੇ ਸਮਾਰਕ ਵਿਚ ਹਾਜ਼ਰ ਹੋਣ ਵਾਲਿਆਂ ਦੀ ਗਿਣਤੀ 1999 ਵਿਚ 4,46,362 ਸੀ!

ਸੰਨ 1984 ਵਿਚ ਇਕ ਨਵਾਂ ਸ਼ਾਖ਼ਾ ਦਫ਼ਤਰ ਬਣਾਉਣ ਲਈ ਅਸੀਂ ਸਰਕਾਰ ਵੱਲੋਂ 500 ਕਿੱਲੇ ਜ਼ਮੀਨ ਖ਼ਰੀਦੀ। ਫਿਰ ਦਸੰਬਰ 1985 ਵਿਚ ਰਾਜਧਾਨੀ ਕਿੰਨਸ਼ਾਸਾ ਵਿਚ ਇਕ ਅੰਤਰਰਾਸ਼ਟਰੀ ਮਹਾਂ-ਸੰਮੇਲਨ ਹੋਇਆ। ਸੰਸਾਰ ਦੇ ਕਈ ਹਿੱਸਿਆਂ ਤੋਂ ਤਕਰੀਬਨ 32,000 ਭੈਣ-ਭਰਾ ਇਸ ਸੰਮੇਲਨ ਵਿਚ ਆਏ। ਉਸ ਤੋਂ ਬਾਅਦ, ਜ਼ੇਅਰ ਵਿਚ ਪਾਦਰੀਆਂ ਵੱਲੋਂ ਸਤਾਹਟ ਉਕਸਾਉਣ ਕਰਕੇ ਸਾਡੇ ਪ੍ਰਚਾਰ ਕੰਮ ਵਿਚ ਕਾਫ਼ੀ ਵਿਘਨ ਪਿਆ। 12 ਮਾਰਚ 1986 ਨੂੰ, ਜ਼ਿੰਮੇਵਾਰ ਭਰਾਵਾਂ ਨੂੰ ਇਕ ਕਾਨੂੰਨੀ-ਪੱਤਰ ਦਿੱਤਾ ਗਿਆ ਜਿਸ ਵਿਚ ਜ਼ੇਅਰ ਦੇ ਯਹੋਵਾਹ ਦੇ ਗਵਾਹਾਂ ਦੇ ਸੰਗਠਨ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਗਿਆ ਸੀ। ਸਾਡੇ ਪ੍ਰਚਾਰ ਕੰਮ ਉੱਤੇ ਪਾਬੰਦੀ ਦਾ ਫ਼ਰਮਾਨ ਉਸ ਦੇਸ਼ ਦੇ ਉਸ ਵੇਲੇ ਦੇ ਰਾਸ਼ਟਰਪਤੀ ਮਬੂਟੂ ਸੇਸੇ ਸੇਕੋ ਵੱਲੋਂ ਜਾਰੀ ਕੀਤਾ ਗਿਆ ਸੀ।

ਇਹ ਸਭ ਕੁਝ ਅਚਾਨਕ ਵਾਪਰਨ ਕਰਕੇ, ਸਾਨੂੰ ਬਾਈਬਲ ਦੀ ਇਹ ਸਲਾਹ ਲਾਗੂ ਕਰਨੀ ਪਈ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ।” (ਕਹਾਉਤਾਂ 22:3) ਅਸੀਂ ਕਿਸੇ ਤਰ੍ਹਾਂ ਕਿੰਨਸ਼ਾਸਾ ਵਿਚ ਆਪਣੀਆਂ ਕਿਤਾਬਾਂ ਛਾਪਣੀਆਂ ਜਾਰੀ ਰੱਖਣ ਲਈ, ਕਾਗਜ਼, ਸਿਆਹੀ, ਫ਼ਿਲਮ, ਛਪਾਈ ਪਲੇਟਾਂ ਅਤੇ ਰਸਾਇਣਕ ਪਦਾਰਥ ਦੂਸਰੇ ਦੇਸ਼ਾਂ ਤੋਂ ਮੰਗਵਾਉਣ ਦਾ ਤਰੀਕਾ ਲੱਭ ਲਿਆ। ਅਸੀਂ ਦੂਜੀਆਂ ਥਾਵਾਂ ਤੇ ਕਿਤਾਬਾਂ ਭੇਜਣ ਦਾ ਆਪਣਾ ਨੈੱਟਵਰਕ ਵੀ ਬਣਾ ਲਿਆ। ਜਦੋਂ ਅਸੀਂ ਚੰਗੀ ਤਰ੍ਹਾਂ ਸੰਗਠਿਤ ਹੋ ਗਏ, ਤਾਂ ਅਸੀਂ ਦੇਖਿਆ ਕਿ ਸਾਡਾ ਇੰਤਜ਼ਾਮ ਸਰਕਾਰੀ ਡਾਕ ਸੇਵਾਵਾਂ ਨਾਲੋਂ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ!

ਹਜ਼ਾਰਾਂ ਹੀ ਗਵਾਹਾਂ ਨੂੰ ਗਿਰਫ਼ਤਾਰ ਕੀਤਾ ਗਿਆ ਅਤੇ ਕਈਆਂ ਨੂੰ ਬੇਰਹਿਮੀ ਨਾਲ ਸਤਾਇਆ ਗਿਆ। ਫਿਰ ਵੀ, ਥੋੜ੍ਹਿਆਂ ਨੂੰ ਛੱਡ ਕੇ ਬਾਕੀ ਦੇ ਭੈਣ-ਭਰਾਵਾਂ ਨੇ ਇੰਨੀ ਸਤਾਹਟ ਦੇ ਬਾਵਜੂਦ ਵੀ ਆਪਣੀ ਖਰਿਆਈ ਬਣਾਈ ਰੱਖੀ। ਮੈਨੂੰ ਵੀ ਗਿਰਫ਼ਤਾਰ ਕੀਤਾ ਗਿਆ। ਜੇਲ੍ਹਾਂ ਵਿਚ ਮੈਂ ਭਰਾਵਾਂ ਨੂੰ ਭਿਆਨਕ ਹਾਲਾਤਾਂ ਵਿਚ ਦੇਖਿਆ। ਖੁਫੀਆ ਪੁਲਸ ਅਤੇ ਸਰਕਾਰੀ ਅਧਿਕਾਰੀਆਂ ਨੇ ਸਾਨੂੰ ਸਤਾਉਣ ਲਈ ਕੋਈ ਕਸਰ ਨਾ ਛੱਡੀ, ਪਰ ਯਹੋਵਾਹ ਨੇ ਹਰ ਵਾਰ ਸਾਡੇ ਬਚਾਅ ਦਾ ਕੋਈ ਨਾ ਕੋਈ ਤਰੀਕਾ ਕੱਢ ਹੀ ਦਿੱਤਾ।—2 ਕੁਰਿੰਥੀਆਂ 4:8.

ਅਸੀਂ ਇਕ ਵਪਾਰੀ ਦੇ ਗੋਦਾਮ ਵਿਚ ਕਿਤਾਬਾਂ ਦੇ ਤਕਰੀਬਨ 3,000 ਡੱਬੇ ਲੁਕਾਏ ਹੋਏ ਸਨ। ਪਰ ਬਾਅਦ ਵਿਚ ਉਸ ਦੇ ਇਕ ਕਾਮੇ ਨੇ ਖੁਫੀਆ ਪੁਲਸ ਨੂੰ ਇਸ ਬਾਰੇ ਦੱਸ ਦਿੱਤਾ ਅਤੇ ਪੁਲਸ ਨੇ ਉਸ ਵਪਾਰੀ ਨੂੰ ਗਿਰਫ਼ਤਾਰ ਕਰ ਲਿਆ। ਜਦੋਂ ਪੁਲਸ ਉਸ ਨੂੰ ਜੇਲ੍ਹ ਲੈ ਜਾ ਰਹੀ ਸੀ, ਤਾਂ ਰਾਹ ਵਿਚ ਇਤਫ਼ਾਕ ਨਾਲ ਮੈਂ ਆਪਣੀ ਕਾਰ ਵਿਚ ਜਾਂਦਿਆਂ ਉਨ੍ਹਾਂ ਨੂੰ ਟੱਕਰ ਗਿਆ। ਵਪਾਰੀ ਨੇ ਪੁਲਸ ਨੂੰ ਦੱਸਿਆ ਕਿ ਇਸੇ ਵਿਅਕਤੀ ਨੇ ਹੀ ਮੈਨੂੰ ਆਪਣੇ ਗੋਦਾਮ ਵਿਚ ਕਿਤਾਬਾਂ ਲੁਕੋਣ ਲਈ ਕਿਹਾ ਸੀ। ਪੁਲਸ ਨੇ ਰੁੱਕ ਕੇ ਮੇਰੇ ਕੋਲੋਂ ਪੁੱਛ-ਗਿੱਛ ਕੀਤੀ। ਉਨ੍ਹਾਂ ਨੇ ਮੇਰੇ ਉੱਤੇ ਇਸ ਵਪਾਰੀ ਦੇ ਗੋਦਾਮ ਵਿਚ ਗ਼ੈਰ-ਕਾਨੂੰਨੀ ਕਿਤਾਬਾਂ ਰੱਖਣ ਦਾ ਇਲਜ਼ਾਮ ਲਾਇਆ।

ਮੈਂ ਪੁਲਸ ਨੂੰ ਪੁੱਛਿਆ, “ਕੀ ਉਨ੍ਹਾਂ ਕਿਤਾਬਾਂ ਵਿੱਚੋਂ ਕੋਈ ਕਿਤਾਬ ਤੁਹਾਡੇ ਕੋਲ ਹੈ?”

“ਹਾਂ, ਬਿਲਕੁਲ ਹੈ,” ਉਨ੍ਹਾਂ ਨੇ ਜਵਾਬ ਦਿੱਤਾ।

ਮੈਂ ਕਿਹਾ, “ਕੀ ਮੈਂ ਉਹ ਕਿਤਾਬ ਦੇਖ ਸਕਦਾ ਹਾਂ?”

ਉਨ੍ਹਾਂ ਨੇ ਮੈਨੂੰ ਇਕ ਕਿਤਾਬ ਫੜਾਈ ਅਤੇ ਮੈਂ ਉਨ੍ਹਾਂ ਨੂੰ ਉਸ ਕਿਤਾਬ ਦਾ ਅੰਦਰਲਾ ਸਫ਼ਾ ਖੋਲ੍ਹ ਕੇ ਦਿਖਾਇਆ ਜਿਸ ਵਿਚ ਲਿਖਿਆ ਸੀ: “ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਸੰਯੁਕਤ ਰਾਜ ਅਮਰੀਕਾ ਵਿਚ ਛਾਪਿਆ ਗਿਆ।”

“ਜੋ ਕਿਤਾਬ ਤੁਹਾਡੇ ਹੱਥ ਵਿਚ ਹੈ, ਇਹ ਜ਼ੇਅਰ ਦੀ ਨਹੀਂ, ਬਲਕਿ ਅਮਰੀਕਾ ਦੀ ਅਮਾਨਤ ਹੈ,” ਮੈਂ ਉਨ੍ਹਾਂ ਨੂੰ ਯਾਦ ਕਰਾਇਆ। “ਤੁਹਾਡੀ ਸਰਕਾਰ ਨੇ ਜ਼ੇਅਰ ਦੇ ਯਹੋਵਾਹ ਦੇ ਗਵਾਹਾਂ ਦੇ ਕਾਨੂੰਨੀ ਸੰਗਠਨ ਉੱਤੇ ਪਾਬੰਦੀ ਲਾਈ ਹੈ, ਨਾ ਕਿ ਸੰਯੁਕਤ ਰਾਜ ਅਮਰੀਕਾ ਦੀ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਉੱਤੇ। ਇਸ ਲਈ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਇਨ੍ਹਾਂ ਕਿਤਾਬਾਂ ਨਾਲ ਕੀ ਕਰਦੇ ਹੋ।”

ਕਿਉਂਕਿ ਮੈਨੂੰ ਗਿਰਫ਼ਤਾਰ ਕਰਨ ਲਈ ਉਨ੍ਹਾਂ ਕੋਲ ਵਾਰੰਟ ਨਹੀਂ ਸੀ, ਇਸ ਲਈ ਉਨ੍ਹਾਂ ਨੇ ਮੈਨੂੰ ਛੱਡ ਦਿੱਤਾ। ਉਸੇ ਹੀ ਰਾਤ ਅਸੀਂ ਆਪਣੇ ਦੋ ਟਰੱਕਾਂ ਵਿਚ ਸਾਰੀਆਂ ਕਿਤਾਬਾਂ ਲੱਦੀਆਂ ਤੇ ਗੋਦਾਮ ਪੂਰੀ ਤਰ੍ਹਾਂ ਖਾਲੀ ਕਰ ਦਿੱਤਾ। ਜਦੋਂ ਅਗਲੇ ਦਿਨ ਪੁਲਸ ਗੋਦਾਮ ਵਿਚ ਆਈ, ਤਾਂ ਗੋਦਾਮ ਵਿਚ ਕਿਤਾਬਾਂ ਦਾ ਨਾਮੋ-ਨਿਸ਼ਾਨ ਨਾ ਪਾ ਕੇ ਬਹੁਤ ਪਰੇਸ਼ਾਨ ਹੋ ਗਈ। ਉਸ ਵੇਲੇ ਤਕ ਉਨ੍ਹਾਂ ਨੇ ਮੈਨੂੰ ਲੱਭਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਪੁਲਸ ਕੋਲ ਹੁਣ ਮੇਰੀ ਗਿਰਫ਼ਤਾਰੀ ਦਾ ਵਾਰੰਟ ਸੀ। ਆਖ਼ਰ ਮੈਂ ਉਨ੍ਹਾਂ ਦੇ ਹੱਥ ਆ ਗਿਆ, ਪਰ ਕਿਉਂਕਿ ਉਨ੍ਹਾਂ ਕੋਲ ਕਾਰ ਨਹੀਂ ਸੀ, ਇਸ ਲਈ ਮੈਂ ਖ਼ੁਦ ਆਪਣੀ ਕਾਰ ਵਿਚ ਜੇਲ੍ਹ ਗਿਆ! ਇਕ ਹੋਰ ਗਵਾਹ ਵੀ ਮੇਰੇ ਨਾਲ ਗਿਆ ਤਾਂਕਿ ਮੇਰੀ ਕਾਰ ਜ਼ਬਤ ਕਰਨ ਤੋਂ ਪਹਿਲਾਂ ਹੀ ਉਹ ਇਸ ਨੂੰ ਵਾਪਸ ਲੈ ਆਵੇ।

ਅੱਠ ਘੰਟਿਆਂ ਦੀ ਪੁੱਛ-ਗਿੱਛ ਤੋਂ ਬਾਅਦ, ਉਨ੍ਹਾਂ ਨੇ ਮੈਨੂੰ ਦੇਸ਼-ਨਿਕਾਲਾ ਦੇਣ ਦਾ ਫ਼ੈਸਲਾ ਕੀਤਾ। ਪਰ ਮੈਂ ਉਨ੍ਹਾਂ ਨੂੰ ਉਸ ਸਰਕਾਰੀ ਖ਼ਤ ਦੀ ਫੋਟੋਕਾਪੀ ਦਿਖਾਈ ਜਿਸ ਵਿਚ ਮੈਨੂੰ ਸਰਕਾਰ ਦੁਆਰਾ ਜ਼ੇਅਰ ਵਿਚ ਪਾਬੰਦੀ ਲੱਗੇ ਯਹੋਵਾਹ ਦੇ ਗਵਾਹਾਂ ਦੇ ਸੰਗਠਨ ਦੀ ਜਾਇਦਾਦ ਵੇਚਣ ਲਈ ਨਿਯੁਕਤ ਕੀਤਾ ਗਿਆ ਸੀ। ਇਸ ਤਰ੍ਹਾਂ ਮੈਨੂੰ ਬੈਥਲ ਵਿਚ ਕੰਮ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਗਈ।

ਜ਼ੇਅਰ ਵਿਚ ਪ੍ਰਚਾਰ ਕੰਮ ਤੇ ਪਾਬੰਦੀ ਲੱਗਣ ਕਰਕੇ ਹਾਲਾਤ ਡਾਢੇ ਔਖੇ ਸਨ। ਇਨ੍ਹਾਂ ਹਾਲਾਤਾਂ ਵਿਚ ਚਾਰ ਸਾਲ ਕੰਮ ਕਰਨ ਤੋਂ ਬਾਅਦ, ਮੇਰੇ ਢਿੱਡ ਅੰਦਰਲਾ ਅਲਸਰ ਫਟ ਗਿਆ। ਮੇਰੀ ਜਾਨ ਖ਼ਤਰੇ ਵਿਚ ਸੀ, ਇਸ ਕਰਕੇ ਇਹ ਫ਼ੈਸਲਾ ਕੀਤਾ ਗਿਆ ਕਿ ਮੈਨੂੰ ਜ਼ੇਅਰ ਛੱਡ ਕੇ ਦੱਖਣੀ ਅਫ਼ਰੀਕਾ ਜਾਣਾ ਚਾਹੀਦਾ ਹੈ। ਉੱਥੇ ਦੀ ਸ਼ਾਖਾ ਨੇ ਮੇਰੀ ਬਹੁਤ ਚੰਗੀ ਤਰ੍ਹਾਂ ਦੇਖ-ਭਾਲ ਕੀਤੀ ਤੇ ਆਖ਼ਰ ਮੈਂ ਮੁੜ ਠੀਕ ਹੋ ਗਿਆ। ਜ਼ੇਅਰ ਵਿਚ ਅੱਠ ਸਾਲ ਸੇਵਕਾਈ ਕਰਨ ਤੋਂ ਬਾਅਦ 1989 ਵਿਚ ਅਸੀਂ ਦੱਖਣੀ ਅਫ਼ਰੀਕਾ ਦੇ ਸ਼ਾਖ਼ਾ ਦਫ਼ਤਰ ਵਿਚ ਕੰਮ ਕਰਨ ਲਈ ਚਲੇ ਗਏ, ਪਰ ਜ਼ੇਅਰ ਵਿਚ ਬਿਤਾਏ ਗਏ ਉਨ੍ਹਾਂ ਦਿਨਾਂ ਦੀਆਂ ਸੁਨਹਿਰੀਆਂ ਯਾਦਾਂ ਹਮੇਸ਼ਾ ਮੇਰੇ ਨਾਲ ਰਹਿਣਗੀਆਂ। ਸੰਨ 1998 ਵਿਚ ਅਸੀਂ ਆਪਣੇ ਵਤਨ ਪਰਤ ਗਏ ਅਤੇ ਇਕ ਵਾਰ ਫੇਰ ਕੈਨੇਡਾ ਬੈਥਲ ਵਿਚ ਸੇਵਾ ਕਰਨ ਲੱਗ ਪਏ ਜਿੱਥੇ ਅਸੀਂ ਅਜੇ ਤਕ ਸੇਵਾ ਕਰ ਰਹੇ ਹਾਂ।

ਯਹੋਵਾਹ ਦਾ ਸ਼ੁਕਰਗੁਜ਼ਾਰ

ਜਦੋਂ ਮੈਂ ਆਪਣੀ 54 ਸਾਲਾਂ ਦੀ ਪੂਰਣ-ਕਾਲੀ ਸੇਵਕਾਈ ਬਾਰੇ ਸੋਚਦਾ ਹਾਂ, ਤਾਂ ਮੈਂ ਸੱਚੇ ਦਿਲੋਂ ਯਹੋਵਾਹ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਆਪਣੀ ਜਵਾਨੀ ਉਸ ਦੀ ਸੇਵਾ ਵਿਚ ਲਗਾਈ। ਬੇਸ਼ੱਕ ਐਨ ਨੂੰ ਕਈ ਔਕੜਾਂ ਦਾ ਸਾਮ੍ਹਣਾ ਕਰਨਾ ਪਿਆ, ਪਰ ਉਸ ਨੇ ਕਦੇ ਸ਼ਿਕਾਇਤ ਨਹੀਂ ਕੀਤੀ, ਸਗੋਂ ਮੇਰੇ ਸਾਰੇ ਕੰਮਾਂ ਵਿਚ ਮੇਰਾ ਪੂਰਾ ਸਾਥ ਦਿੱਤਾ। ਯਹੋਵਾਹ ਨੂੰ ਜਾਣਨ ਵਿਚ ਕਈ ਲੋਕਾਂ ਦੀ ਮਦਦ ਕਰਨ ਦਾ ਸਾਨੂੰ ਦੋਹਾਂ ਨੂੰ ਵਿਸ਼ੇਸ਼-ਸਨਮਾਨ ਮਿਲਿਆ। ਇਨ੍ਹਾਂ ਵਿੱਚੋਂ ਕਈ ਹੁਣ ਪੂਰਣ-ਕਾਲੀ ਸੇਵਕਾਈ ਕਰ ਰਹੇ ਹਨ। ਇਨ੍ਹਾਂ ਵਿੱਚੋਂ ਕਈਆਂ ਦੇ ਬੱਚਿਆਂ ਨੂੰ, ਇੱਥੋਂ ਤਕ ਕਿ ਕਈਆਂ ਦੇ ਪੋਤੇ-ਪੋਤੀਆਂ ਨੂੰ ਸਾਡੇ ਮਹਾਨ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰਦੇ ਦੇਖ ਕੇ ਸਾਡਾ ਦਿਲ ਕਿੰਨਾ ਖ਼ੁਸ਼ ਹੁੰਦਾ ਹੈ!

ਮੈਨੂੰ ਪੱਕਾ ਯਕੀਨ ਹੈ ਕਿ ਯਹੋਵਾਹ ਨੇ ਜੋ ਵਿਸ਼ੇਸ਼-ਸਨਮਾਨ ਤੇ ਬਰਕਤਾਂ ਸਾਨੂੰ ਦਿੱਤੀਆਂ, ਉਸ ਦੀ ਤੁਲਨਾ ਦੁਨੀਆਂ ਦੀ ਕਿਸੇ ਵੀ ਚੀਜ਼ ਨਾਲ ਨਹੀਂ ਕੀਤੀ ਜਾ ਸਕਦੀ। ਬੇਸ਼ੱਕ, ਅਸੀਂ ਕਈ ਅਜ਼ਮਾਇਸ਼ਾਂ ਝੱਲੀਆਂ, ਪਰ ਇਨ੍ਹਾਂ ਨਾਲ ਸਾਡੀ ਨਿਹਚਾ ਹੋਰ ਵੀ ਪੱਕੀ ਹੋਈ ਅਤੇ ਯਹੋਵਾਹ ਵਿਚ ਸਾਡਾ ਭਰੋਸਾ ਹੋਰ ਵੀ ਵਧਿਆ। ਵਾਕਈ, ਉਹ ਸਾਡੇ ਬਲ ਦਾ ਗੜ੍ਹ, ਸਾਡੀ ਪਨਾਹ ਅਤੇ ਦੁੱਖਾਂ ਵਿਚ ਵੱਡਾ ਸਹਾਇਕ ਹੋਇਆ ਹੈ।

[ਫੁਟਨੋਟ]

^ ਪੈਰਾ 9 ਪਹਿਲਾਂ ਇਹ ਕਿਤਾਬ, ਕਰੌਟਜ਼ੁਗ ਗੇਗਨ ਦਸ ਕਰਿਸਟੇਨਟੁਮ (ਮਸੀਹੀਅਤ ਵਿਰੁੱਧ ਅੰਦੋਲਨ) ਜਰਮਨ ਭਾਸ਼ਾ ਵਿਚ ਲਿਖੀ ਗਈ ਸੀ। ਫਿਰ ਇਸ ਦਾ ਤਰਜਮਾ ਫ਼ਰਾਂਸੀਸੀ ਅਤੇ ਪੋਲਿਸ਼ ਭਾਸ਼ਾਵਾਂ ਵਿਚ ਕੀਤਾ ਗਿਆ ਸੀ। ਪਰ ਇਸ ਕਿਤਾਬ ਦਾ ਤਰਜਮਾ ਅੰਗ੍ਰੇਜ਼ੀ ਵਿਚ ਨਹੀਂ ਹੋਇਆ ਸੀ।

[ਸਫ਼ੇ 26 ਉੱਤੇ ਤਸਵੀਰਾਂ]

ਸੰਨ 1947 ਵਿਚ ਇਕੱਠੇ ਪਾਇਨੀਅਰੀ ਕਰਦੇ ਹੋਏ; ਐਨ ਨਾਲ ਅੱਜ

[ਸਫ਼ੇ 29 ਉੱਤੇ ਤਸਵੀਰ]

ਜ਼ੇਅਰ ਵਿਚ ਜਿਹੜੇ ਲੋਕਾਂ ਨੂੰ ਅਸੀਂ ਮਿਲੇ, ਉਹ ਬਾਈਬਲ ਸੱਚਾਈ ਸੁਣ ਕੇ ਬਹੁਤ ਖ਼ੁਸ਼ ਹੁੰਦੇ ਸਨ