Skip to content

Skip to table of contents

ਚੇਤਾਵਨੀ ਵੱਲ ਧਿਆਨ ਦਿਓ!

ਚੇਤਾਵਨੀ ਵੱਲ ਧਿਆਨ ਦਿਓ!

ਚੇਤਾਵਨੀ ਵੱਲ ਧਿਆਨ ਦਿਓ!

ਜਪਾਨ ਵਿਚ 3 ਜੂਨ 1991 ਨੂੰ ਫੂਗਨ ਪਹਾੜ ਗਰਜਦੇ ਧਮਾਕੇ ਨਾਲ ਫਟ ਕੇ ਸੁਆਹ ਅਤੇ ਗੈਸ ਖਿਲਾਰਨ ਲੱਗ ਪਿਆ। ਪਿਘਲਿਆ ਹੋਇਆ ਤੱਪਦਾ ਮਿਸ਼ਰਣ ਪਹਾੜ ਤੋਂ ਵਗਣ ਲੱਗ ਪਿਆ। ਧਮਾਕੇ ਨੇ 43 ਲੋਕਾਂ ਦੀਆਂ ਜਾਨਾਂ ਲਈਆਂ। ਜੋ ਲੋਕ ਮਸੀਂ-ਮਸੀਂ ਬਚੇ ਸਨ ਉਹ ਬੁਰੀ ਤਰ੍ਹਾਂ ਜਲ਼ੇ ਹੋਏ ਸਨ। ਉਨ੍ਹਾਂ ਵਿੱਚੋਂ ਕੁਝ “ਪਾਣੀ, ਪਾਣੀ, ਪਾਣੀ” ਮੰਗ ਰਹੇ ਸਨ। ਉਨ੍ਹਾਂ ਦੀ ਮਦਦ ਕਰਨ ਲਈ ਅੱਗ ਬੁਝਾਉਣ ਵਾਲੇ ਅਤੇ ਪੁਲਸ ਦੇ ਬੰਦੇ ਨੱਠ-ਭੱਜ ਕਰ ਰਹੇ ਸਨ।

ਦੋ ਹਫ਼ਤੇ ਪਹਿਲਾਂ ਫੂਗਨ ਪਹਾੜ ਦੀ ਟੀਸੀ ਉੱਤੇ ਲਾਵੇ ਦਾ ਗੁਬਾਰਾ ਦੇਖਿਆ ਗਿਆ ਸੀ। ਇਸ ਲਈ ਸ਼ਹਿਰ ਦੇ ਅਧਿਕਾਰੀ ਅਤੇ ਉੱਥੇ ਦੇ ਰਹਿਣ ਵਾਲੇ ਖ਼ਬਰਦਾਰ ਸਨ। ਤਬਾਹੀ ਤੋਂ ਲਗਭਗ ਇਕ ਹਫ਼ਤਾ ਪਹਿਲਾਂ, ਉਸ ਇਲਾਕੇ ਨੂੰ ਖਾਲੀ ਕਰਨ ਦੀ ਸੂਚਨਾ ਦਿੱਤੀ ਗਈ ਸੀ ਅਤੇ ਇਲਾਕਾ ਬੰਦ ਕੀਤਾ ਗਿਆ ਸੀ। ਧਮਾਕੇ ਤੋਂ ਸਿਰਫ਼ ਇਕ ਦਿਨ ਪਹਿਲਾਂ, ਪੁਲਸ ਨੇ ਪ੍ਰੈੱਸ ਦੇ ਮੈਂਬਰਾਂ ਨੂੰ ਇਸ ਇਲਾਕੇ ਵਿਚ ਵੜਨ ਤੋਂ ਮਨ੍ਹਾ ਕੀਤਾ। ਫਿਰ ਵੀ, ਜਿਸ ਦੁਪਹਿਰ ਪਹਾੜ ਫਟਿਆ ਖ਼ਤਰੇ ਦੇ ਉਸ ਇਲਾਕੇ ਵਿਚ 43 ਲੋਕ ਸਨ।

ਇੰਨੇ ਸਾਰੇ ਲੋਕ ਉਸ ਇਲਾਕੇ ਵਿਚ ਕਿਉਂ ਸਨ? ਕੁਝ ਕਿਸਾਨ, ਜੋ ਆਪਣੇ ਘਰ ਖਾਲੀ ਕਰ ਚੁੱਕੇ ਸਨ, ਆਪਣੇ ਖੇਤਾਂ ਅਤੇ ਹੋਰ ਚੀਜ਼ਾਂ ਨੂੰ ਦੇਖਣ ਲਈ ਵਾਪਸ ਗਏ। ਜੁਆਲਾਮੁਖੀ ਪਹਾੜਾਂ ਦੇ ਤਿੰਨ ਵਿਗਿਆਨੀ ਉਸ ਟੀਸੀ ਦੇ ਉੱਨਾ ਲਾਗੇ ਜਾਣਾ ਚਾਹੁੰਦੇ ਸਨ ਜਿੰਨਾ ਉਹ ਜਾ ਸਕਦੇ ਸਨ ਤਾਂਕਿ ਉਹ ਜੀ ਭਰ ਕੇ ਉਸ ਨੂੰ ਦੇਖ ਸਕਣ। ਕਾਫ਼ੀ ਸਾਰੇ ਰਿਪੋਰਟਰ ਅਤੇ ਫੋਟੋਗ੍ਰਾਫਰ ਉਸ ਬੰਦ ਇਲਾਕੇ ਵਿਚ ਇਸ ਲਈ ਵੜੇ ਤਾਂਕਿ ਉਹ ਜੁਆਲਾਮੁਖੀ ਬਾਰੇ ਤਾਜ਼ੀਆਂ-ਤਾਜ਼ੀਆਂ ਖ਼ਬਰਾਂ ਦੇ ਸਕਣ। ਪ੍ਰੈੱਸ ਦੇ ਬੰਦਿਆਂ ਨਾਲ ਤਿੰਨ ਟੈਕਸੀ ਡ੍ਰਾਈਵਰ ਵੀ ਉੱਥੇ ਆਏ ਹੋਏ ਸਨ। ਅੱਗ ਬੁਝਾਉਣ ਵਾਲੇ ਅਤੇ ਪੁਲਸ ਦੇ ਬੰਦੇ ਉੱਥੇ ਕੰਮ ਤੇ ਆਏ ਹੋਏ ਸਨ। ਹਰ ਕਿਸੇ ਕੋਲ ਖ਼ਤਰੇ ਦੇ ਉਸ ਇਲਾਕੇ ਵਿਚ ਜਾਣ ਦਾ ਆਪੋ-ਆਪਣਾ ਕੋਈ ਕਾਰਨ ਸੀ—ਜਿਸ ਵਜੋਂ ਉਹ ਆਪਣੀਆਂ ਜਾਨਾਂ ਗੁਆ ਬੈਠੇ।

ਕੀ ਤੁਸੀਂ ਖ਼ਤਰੇ ਵਿਚ ਹੋ?

ਅਸੀਂ ਸ਼ਾਇਦ ਕਿਸੇ ਜੁਆਲਾਮੁਖੀ ਪਹਾੜ ਦੇ ਨੇੜੇ ਨਹੀਂ ਰਹਿ ਰਹੇ। ਪਰ ਜੇਕਰ ਅਸੀਂ ਸਾਰੇ ਜਣੇ ਕਿਸੇ ਅਜਿਹੀ ਤਬਾਹੀ ਦਾ ਸਾਮ੍ਹਣਾ ਕਰ ਰਹੇ ਹੋਈਏ ਜਿਸ ਕਰਕੇ ਸਾਰੀ ਦੁਨੀਆਂ ਨੂੰ ਖ਼ਤਰਾ ਹੋਵੇ, ਅਸੀਂ ਫਿਰ ਕੀ ਕਰਾਂਗੇ? ਇਕ ਕਿਤਾਬ, ਜਿਸ ਤੋਂ ਸਾਨੂੰ ਭਵਿੱਖ ਬਾਰੇ ਭਰੋਸੇਯੋਗ ਜਾਣਕਾਰੀ ਮਿਲ ਸਕਦੀ ਹੈ, ਸਾਨੂੰ ਦੁਨੀਆਂ ਭਰ ਉੱਤੇ ਆ ਰਹੀ ਤਬਾਹੀ ਬਾਰੇ ਇਸ ਤਰ੍ਹਾਂ ਚੇਤਾਵਨੀ ਦਿੰਦੀ ਹੈ: “ਸੂਰਜ ਅਨ੍ਹੇਰਾ ਹੋ ਜਾਵੇਗਾ ਅਤੇ ਚੰਦ ਆਪਣੀ ਚਾਨਣੀ ਨਾ ਦੇਵੇਗਾ ਅਰ ਤਾਰੇ ਅਕਾਸ਼ ਤੋਂ ਡਿੱਗ ਪੈਣਗੇ ਅਤੇ ਅਕਾਸ਼ਾਂ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। . . . ਧਰਤੀ ਦੀਆਂ ਸਾਰੀਆਂ ਕੌਮਾਂ ਪਿੱਟਣਗੀਆਂ।” (ਮੱਤੀ 24:29, 30) ਇੱਥੇ ਦੱਸਿਆ ਗਿਆ ਹੈ ਕਿ “ਧਰਤੀ ਦੀਆਂ ਸਾਰੀਆਂ ਕੌਮਾਂ” ਉੱਤੇ ਵੱਡੀਆਂ ਆਕਾਸ਼ੀ ਘਟਨਾਵਾਂ ਹੋਣਗੀਆਂ। ਇਸ ਦਾ ਮਤਲਬ ਹੈ ਕਿ ਇਹ ਭਵਿੱਖਬਾਣੀ ਉਸ ਤਬਾਹੀ ਨਾਲ ਸੰਬੰਧ ਰੱਖਦੀ ਹੈ ਜੋ ਸਾਡੇ ਸਾਰਿਆਂ ਉੱਤੇ ਅਸਰ ਪਾਵੇਗੀ।

ਭਰੋਸੇਯੋਗ ਭਵਿੱਖਬਾਣੀਆਂ ਦੀ ਇਹ ਕਿਤਾਬ ਬਾਈਬਲ ਹੈ। ਦਿਲਚਸਪੀ ਦੀ ਗੱਲ ਹੈ ਕਿ ਉੱਪਰ ਦਿੱਤੇ ਗਏ ਬਾਈਬਲ ਦੇ ਹਵਾਲੇ ਦਾ ਪੂਰਾ ਅਧਿਆਇ ਪੜ੍ਹ ਕੇ ਪਤਾ ਲੱਗਦਾ ਹੈ ਕਿ ਇਸ ਤਬਾਹੀ ਆਉਣ ਤੋਂ ਪਹਿਲਾਂ ਕੀ ਹੋਵੇਗਾ। ਜਿਸ ਤਰ੍ਹਾਂ ਸ਼ੀਮਬਾਰਾ ਸ਼ਹਿਰ ਦੇ ਅਧਿਕਾਰੀਆਂ ਨੂੰ ਲਾਵੇ ਦੇ ਗੁਬਾਰੇ ਅਤੇ ਜੁਆਲਾਮੁਖੀ ਦੇ ਹੋਰ ਲੱਛਣਾਂ ਤੋਂ ਪਤਾ ਲੱਗ ਗਿਆ ਸੀ ਕਿ ਇਲਾਕਾ ਖ਼ਤਰਨਾਕ ਬਣ ਰਿਹਾ ਹੈ, ਇਸੇ ਤਰ੍ਹਾਂ ਬਾਈਬਲ ਸਾਨੂੰ ਖ਼ਬਰਦਾਰ ਕਰਦੀ ਹੈ ਅਤੇ ਆਪਣੇ ਬਚਾਅ ਲਈ ਤਿਆਰੀ ਕਰਨ ਵਾਸਤੇ ਸਲਾਹ ਦਿੰਦੀ ਹੈ। ਅਸੀਂ ਫੂਗਨ ਪਹਾੜ ਦੀ ਦੁਰਘਟਨਾ ਤੋਂ ਸਬਕ ਸਿੱਖ ਸਕਦੇ ਹਾਂ ਅਤੇ ਭਵਿੱਖ ਬਾਰੇ ਖ਼ਬਰਦਾਰ ਹੋ ਸਕਦੇ ਹਾਂ।

[ਸਫ਼ੇ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

COVER: Yomiuri/​Orion Press/​Sipa Press

[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Yomiuri/​Orion Press/​Sipa Press