ਛੋਟੇ ਕੱਦ ਪਰ ਵੱਡੇ ਦਿਲ
ਛੋਟੇ ਕੱਦ ਪਰ ਵੱਡੇ ਦਿਲ
ਜੇਕਰ ਤੁਹਾਡਾ ਕੱਦ ਸਿਰਫ਼ 30 ਇੰਚ ਹੁੰਦਾ, ਤਾਂ ਤੁਹਾਨੂੰ ਅਜਨਬੀਆਂ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਗੱਲ ਕਰਨੀ ਕਿਸ ਤਰ੍ਹਾਂ ਲੱਗਦੀ? ਲਾਓਰਾ ਤੁਹਾਨੂੰ ਦੱਸ ਸਕਦੀ ਹੈ। ਤੇਤੀ ਸਾਲ ਦੀ ਉਮਰ ਤੇ, ਉਸ ਦਾ ਕੱਦ ਸਿਰਫ਼ 30 ਇੰਚ ਹੈ। ਉਹ ਅਤੇ ਉਸ ਦੀ ਭੈਣ, ਮਾਰੀਆ, ਜਿਸ ਦੀ ਉਮਰ 24 ਸਾਲ ਅਤੇ ਕੱਦ 34 ਇੰਚ ਹੈ, ਕੀਟੋ, ਇਕਵੇਡਾਰ ਵਿਚ ਰਹਿੰਦੀਆਂ ਹਨ। ਆਓ ਆਪਾਂ ਉਨ੍ਹਾਂ ਤੋਂ ਸੁਣੀਏ ਕਿ ਉਹ ਮਸੀਹੀ ਪ੍ਰਚਾਰ ਦੇ ਕੰਮ ਵਿਚ ਕਿਸ ਤਰ੍ਹਾਂ ਦੀਆਂ ਔਕੜਾਂ ਦਾ ਸਾਮ੍ਹਣਾ ਕਰਦੀਆਂ ਹਨ।
“ਮਸੀਹੀ ਸਭਾਵਾਂ ਨੂੰ ਅਤੇ ਪ੍ਰਚਾਰ ਕਰਨ ਦੇ ਇਲਾਕੇ ਵਿਚ ਜਾਣ ਲਈ ਅਸੀਂ ਅੱਧਾ ਕੁ ਕਿਲੋਮੀਟਰ ਤੁਰ ਕੇ ਬੱਸ ਫੜਦੀਆਂ ਹਾਂ। ਜਿੱਥੇ ਅਸੀਂ ਉਤਰਦੀਆਂ ਹਾਂ ਉੱਥੋਂ ਅੱਧਾ ਕੁ ਕਿਲੋਮੀਟਰ ਅੱਗੇ ਤੁਰ ਕੇ ਅਸੀਂ ਦੂਜੀ ਬੱਸ ਫੜਦੀਆਂ ਹਾਂ। ਅਫ਼ਸੋਸ ਦੀ ਗੱਲ ਇਹ ਹੈ ਕਿ ਉਸ ਰਾਹ ਤੇ ਪੰਜ ਜੰਗਲੀ ਕੁੱਤੇ ਰਹਿੰਦੇ ਹਨ। ਉਨ੍ਹਾਂ ਕੁੱਤਿਆਂ ਤੋਂ ਤਾਂ ਸਾਨੂੰ ਬਹੁਤ ਡਰ ਲੱਗਦਾ ਹੈ ਕਿਉਂਕਿ ਉਹ ਸਾਨੂੰ ਘੋੜਿਆਂ ਜਿੱਡੇ ਵੱਡੇ ਲੱਗਦੇ ਹਨ। ਅਸੀਂ ਆਪਣੇ ਨਾਲ ਇਕ ਸੋਟੀ ਲੈ ਲੈਂਦੀਆਂ ਹਾਂ ਅਤੇ ਬੱਸ ਫੜਨ ਤੋਂ ਪਹਿਲਾਂ ਉਸ ਨੂੰ ਲਕੋ ਕੇ ਰੱਖਦੀਆਂ ਹਾਂ, ਤਾਂਕਿ ਘਰ ਮੁੜਨ ਦੇ ਵੇਲੇ ਜੇ ਜ਼ਰੂਰਤ ਪਵੇ ਅਸੀਂ ਕੁੱਤਿਆਂ ਨੂੰ ਬਗਾ ਸਕਦੀਆਂ ਹਾਂ।
“ਬੱਸ ਉੱਤੇ ਚੜ੍ਹਨਾ ਸਾਡੇ ਲਈ ਬਹੁਤ ਔਖਾ ਹੈ। ਅਸੀਂ ਮਿੱਟੀ ਦੇ ਢੇਰ ਉੱਤੇ ਖੜ੍ਹੀਆਂ ਹੋ ਜਾਂਦੀਆਂ ਹਾਂ ਤਾਂਕਿ ਅਸੀਂ ਆਸਾਨੀ ਨਾਲ ਬੱਸ ਤੇ ਚੜ੍ਹ ਸਕਦੀਆਂ ਹਾਂ। ਕੁਝ ਡ੍ਰਾਈਵਰ ਬੱਸ ਨੂੰ ਢੇਰ ਦੇ ਲਾਗੇ ਖੜ੍ਹੀ ਕਰਦੇ ਹਨ ਪਰ ਕਈ ਇਸ ਤਰ੍ਹਾਂ ਨਹੀਂ ਕਰਦੇ। ਜਦੋਂ ਬੱਸ ਦੂਰ ਖੜ੍ਹੀ ਹੁੰਦੀ ਹੈ ਤਾਂ ਬੱਸ ਉੱਤੇ ਚੜ੍ਹਨ ਲਈ ਸਾਡੇ ਵਿੱਚੋਂ ਜਿਹੜੀ ਲੰਮੀ ਹੈ ਉਹ ਦੂਸਰੀ ਦੀ ਮਦਦ ਕਰਦੀ ਹੈ। ਦੂਸਰੀ ਬੱਸ ਫੜਨ ਲਈ ਸਾਨੂੰ ਇਕ ਵੱਡੀ ਸੜਕ ਪਾਰ ਕਰਨੀ ਪੈਂਦੀ ਹੈ, ਜਿਸ ਉੱਤੇ ਬਹੁਤ ਸਾਰੀਆਂ ਗੱਡੀਆਂ ਚੱਲ ਰਹੀਆਂ ਹੁੰਦੀਆਂ ਹਨ। ਸਾਡੀਆਂ ਛੋਟੀਆਂ-ਛੋਟੀਆਂ ਲੱਤਾਂ ਲਈ ਇਹ ਕਾਫ਼ੀ ਔਖਾ ਹੈ। ਸਾਡੇ ਛੋਟੇ ਕੱਦ ਕਰਕੇ ਕਿਤਾਬਾਂ ਨਾਲ ਭਰੇ ਹੋਏ ਬਸਤੇ ਚੁੱਕਣੇ ਹੋਰ ਵੀ ਔਖੇ ਹਨ। ਬਸਤੇ ਨੂੰ ਕੁਝ ਹਲਕਾ ਕਰਨ ਵਾਸਤੇ ਅਸੀਂ ਛੋਟੀ ਬਾਈਬਲ ਵਰਤਦੀਆਂ ਹਾਂ ਅਤੇ ਸਿਰਫ਼ ਉਹੀ ਕਿਤਾਬਾਂ ਨਾਲ ਲੈ ਕੇ ਜਾਂਦੀਆਂ ਹਾਂ ਜਿਨ੍ਹਾਂ ਦੀ ਸਾਨੂੰ ਲੋੜ ਹੈ।
“ਬਚਪਨ ਤੋਂ ਹੀ ਅਸੀਂ ਦੋਵੇਂ ਕਾਫ਼ੀ ਚੁੱਪ-ਚਪੀਤੀਆਂ ਰਹੀਆਂ ਹਾਂ। ਸਾਡੇ ਗੁਆਂਢੀ ਜਾਣਦੇ ਹਨ ਕਿ ਅਜਨਬੀਆਂ ਨਾਲ ਗੱਲ ਕਰਨੀ ਸਾਡੇ ਵਾਸਤੇ ਹਮੇਸ਼ਾ ਔਖੀ ਰਹੀ ਹੈ। ਇਸ ਕਰਕੇ ਜਦੋਂ ਅਸੀਂ ਉਨ੍ਹਾਂ ਦੇ ਘਰ ਜਾਂਦੀਆਂ ਹਾਂ ਤਾਂ ਉਹ ਬੜੇ ਹੈਰਾਨ ਹੁੰਦੇ ਹਨ, ਅਤੇ ਆਮ ਤੌਰ ਤੇ ਸਾਡੀ ਗੱਲ ਸੁਣਨ ਲਈ ਤਿਆਰ ਹੁੰਦੇ ਹਨ। ਪਰ ਜਿੱਥੇ ਸਾਨੂੰ ਲੋਕੀ ਨਹੀਂ ਜਾਣਦੇ, ਉਹ ਬੌਣੀਆਂ ਦੇਖ ਕੇ ਸਾਡੇ ਸੰਦੇਸ਼ ਵੱਲ ਬਹੁਤਾ ਧਿਆਨ ਨਹੀਂ ਦਿੰਦੇ। ਫਿਰ ਵੀ, ਯਹੋਵਾਹ ਦਾ ਪਿਆਰ ਪਾ ਕੇ ਸਾਨੂੰ ਪ੍ਰਚਾਰ ਦੇ ਇਸ ਕੰਮ ਵਿਚ ਲੱਗੀਆਂ ਰਹਿਣ ਲਈ ਹੌਸਲਾ ਮਿਲਦਾ ਹੈ। ਕਹਾਉਤਾਂ 3:5, 6 ਉੱਤੇ ਗੌਰ ਕਰਨ ਨਾਲ ਵੀ ਸਾਨੂੰ ਹਿੰਮਤ ਮਿਲਦੀ ਹੈ।”
ਲਾਓਰਾ ਅਤੇ ਮਾਰੀਆ ਦੇ ਤਜਰਬੇ ਤੋਂ ਅਸੀਂ ਦੇਖਦੇ ਹਾਂ ਕਿ ਸਰੀਰਕ ਕਮਜ਼ੋਰੀਆਂ ਦੇ ਬਾਵਜੂਦ ਸੇਵਕਾਈ ਵਿਚ ਲੱਗੇ ਰਹਿਣਾ ਪਰਮੇਸ਼ੁਰ ਦੀ ਵਡਿਆਈ ਕਰ ਸਕਦਾ ਹੈ। ਪੌਲੁਸ ਰਸੂਲ ਨੇ ਆਪਣੇ ‘ਸਰੀਰ ਵਿੱਚੋਂ ਇੱਕ ਕੰਡੇ’ ਨੂੰ ਕੱਢ ਦਿੱਤੇ ਜਾਣ ਲਈ ਪ੍ਰਾਰਥਨਾ ਕੀਤੀ ਸੀ। ਇਹ ਕੰਡਾ ਸ਼ਾਇਦ ਉਸ ਦੇ ਸਰੀਰ ਦੀ ਕੋਈ ਕਮਜ਼ੋਰੀ ਸੀ। ਪਰ ਪਰਮੇਸ਼ੁਰ ਨੇ ਉਸ ਨੂੰ ਕਿਹਾ: “ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ ਕਿਉਂ ਜੋ ਮੇਰੀ ਸਮਰੱਥਾ ਨਿਰਬਲਤਾਈ ਵਿੱਚ 2 ਕੁਰਿੰਥੀਆਂ 12:7, 9, 10) ਕੁਝ ਸਾਲ ਬਾਅਦ ਪੌਲੁਸ ਨੇ ਲਿਖਿਆ: “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।”—ਫ਼ਿਲਿੱਪੀਆਂ 4:13.
ਪੂਰੀ ਹੁੰਦੀ ਹੈ।” ਜੀ ਹਾਂ, ਪਰਮੇਸ਼ੁਰ ਦੀ ਸੇਵਾ ਕਰਨ ਵਾਸਤੇ ਪੂਰੀ ਤੰਦਰੁਸਤੀ ਜ਼ਰੂਰੀ ਨਹੀਂ ਹੈ। ਪਰਮੇਸ਼ੁਰ ਉੱਤੇ ਪੂਰਾ ਭਰੋਸਾ ਰੱਖ ਕੇ ਅਸੀਂ ਆਪਣੀਆਂ ਹਾਲਤਾਂ ਅਨੁਸਾਰ ਕੰਮ ਕਰ ਸਕਦੇ ਹਾਂ। ਕਿਉਂ ਜੋ ਪੌਲੁਸ ਨੇ ਆਪਣੇ ‘ਸਰੀਰ ਵਿੱਚ ਇੱਕ ਕੰਡੇ’ ਨੂੰ ਸਹੀ ਤਰ੍ਹਾਂ ਵਿਚਾਰਿਆ, ਉਹ ਕਹਿ ਸਕਦਾ ਸੀ: “ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦੋਂ ਹੀ ਸਮਰਥੀ ਹੁੰਦਾ ਹਾਂ।” (ਸਾਡੇ ਜ਼ਮਾਨੇ ਵਿਚ, ਪਰਮੇਸ਼ੁਰ ਸ਼ਰਧਾਲੂ ਆਦਮੀਆਂ, ਔਰਤਾਂ, ਅਤੇ ਬੱਚਿਆਂ ਦੇ ਜ਼ਰੀਏ ਇਕ ਵੱਡਾ ਕੰਮ ਪੂਰਾ ਕਰ ਰਿਹਾ ਹੈ। ਉਨ੍ਹਾਂ ਵਿੱਚੋਂ ਕਈ ਕਿਸੇ-ਨ-ਕਿਸੇ ਤਰੀਕੇ ਵਿਚ ਸਰੀਰਕ ਤੌਰ ਤੇ ਕਮਜ਼ੋਰ ਹਨ। ਭਾਵੇਂ ਉਹ ਸਾਰੇ ਪਰਮੇਸ਼ੁਰ ਦੇ ਰਾਜ ਅਧੀਨ ਤੰਦਰੁਸਤੀ ਦੀ ਆਸ ਰੱਖਦੇ ਹਨ, ਫਿਰ ਵੀ ਉਹ ਉਸ ਸਮੇਂ ਦੀ ਉਡੀਕ ਵਿਚ ਵਿਹਲੇ ਨਹੀਂ ਬੈਠੇ ਰਹਿੰਦੇ ਪਰ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਹੋਏ ਹਨ।
ਕੀ ਤੁਹਾਡੀ ਕੋਈ ਅਜਿਹੀ ਸਰੀਰਕ ਕਮਜ਼ੋਰੀ ਹੈ? ਹੌਸਲਾ ਨਾ ਹਾਰੋ! ਆਪਣੀ ਨਿਹਚਾ ਦੇ ਜ਼ਰੀਏ ਤੁਸੀਂ ਪੌਲੁਸ, ਲਾਓਰਾ, ਅਤੇ ਮਾਰੀਆ ਵਰਗੇ ਹੋ ਸਕਦੇ ਹੋ। ਠੀਕ ਜਿਵੇਂ ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਬਾਰੇ ਕਿਹਾ ਗਿਆ ਸੀ, ਇਨ੍ਹਾਂ ਬਾਰੇ ਵੀ ਕਿਹਾ ਜਾ ਸਕਦਾ ਹੈ ਕਿ “ਓਹ ਨਿਰਬਲਤਾਈ ਵਿੱਚ ਬਲੀ ਹੋਏ।”—ਇਬਰਾਨੀਆਂ 11:34.
[ਸਫ਼ੇ 8 ਉੱਤੇ ਤਸਵੀਰ]
ਮਾਰੀਆ
ਲਾਓਰਾ
[ਸਫ਼ੇ 9 ਉੱਤੇ ਤਸਵੀਰ]
ਮਾਰੀਆ ਬੱਸ ਉੱਤੇ ਚੜ੍ਹਨ ਲਈ ਲਾਓਰਾ ਦੀ ਮਦਦ ਕਰਦੀ ਹੈ
[ਸਫ਼ੇ 9 ਉੱਤੇ ਤਸਵੀਰ]
‘ਉਨ੍ਹਾਂ ਕੁੱਤਿਆਂ ਤੋਂ ਤਾਂ ਸਾਨੂੰ ਬਹੁਤ ਡਰ ਲੱਗਦਾ ਹੈ ਕਿਉਂਕਿ ਉਹ ਸਾਨੂੰ ਘੋੜਿਆਂ ਜਿੱਡੇ ਵੱਡੇ ਲੱਗਦੇ ਹਨ।’
ਹੇਠਾਂ: ਲਾਓਰਾ ਅਤੇ ਮਾਰੀਆ ਉਨ੍ਹਾਂ ਲੋਕਾਂ ਨਾਲ ਜਿਨ੍ਹਾਂ ਨਾਲ ਉਹ ਬਾਈਬਲ ਸਟੱਡੀ ਕਰਦੀਆਂ ਹਨ