ਸਿਰਲ ਲੂਕਾਰਸ—ਇਕ ਆਦਮੀ ਜੋ ਬਾਈਬਲ ਦੀ ਕੀਮਤ ਜਾਣਦਾ ਸੀ
ਸਿਰਲ ਲੂਕਾਰਸ—ਇਕ ਆਦਮੀ ਜੋ ਬਾਈਬਲ ਦੀ ਕੀਮਤ ਜਾਣਦਾ ਸੀ
ਸੰਨ 1638 ਦੀਆਂ ਗਰਮੀਆਂ ਦੀ ਰੁੱਤ ਵਿਚ ਉਸਮਾਨੀ ਸਾਮਰਾਜ ਦੀ ਰਾਜਧਾਨੀ ਕਾਂਸਟੈਂਟੀਨੋਪਲ (ਆਧੁਨਿਕ ਇਸਤੰਬੁਲ) ਦੇ ਲਾਗੇ, ਮਾਰਮਰ ਦੇ ਸਾਗਰ ਵਿਚ ਮਛੇਰੇ ਇਕ ਲਾਸ਼ ਦੇਖ ਕੇ ਡਰ ਗਏ। ਲਾਗੇ ਜਾ ਕੇ ਦੇਖਣ ਨਾਲ ਉਹ ਹੋਰ ਵੀ ਘਬਰਾਏ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਲਾਸ਼ ਆਰਥੋਡਾਕਸ ਚਰਚ ਦੇ ਉਸ ਮੁਖੀਏ ਦੀ ਸੀ ਜਿਸ ਦਾ ਗਲ਼ਾ ਘੁੱਟ ਕੇ ਉਸ ਨੂੰ ਮਾਰਿਆ ਗਿਆ ਸੀ। ਇਹ 17ਵੀਂ ਸਦੀ ਦੇ ਮਸ਼ਹੂਰ ਧਰਮੀ ਵਿਅਕਤੀ ਸਿਰਲ ਲੂਕਾਰਸ ਦਾ ਦੁਖਦਾਇਕ ਅੰਤ ਸੀ।
ਲੂਕਾਰਸ ਸੁਪਨੇ ਲੈਂਦਾ ਸੀ ਕਿ ਮਸੀਹੀ ਯੂਨਾਨੀ ਸ਼ਾਸਤਰ ਦਾ ਸੌਖੀ ਯੂਨਾਨੀ ਵਿਚ ਤਰਜਮਾ ਛਾਪਿਆ ਜਾਵੇ ਪਰ ਉਹ ਇਹ ਪੂਰਾ ਹੁੰਦਾ ਦੇਖਣ ਤਕ ਜੀਉਂਦਾ ਨਹੀਂ ਰਿਹਾ। ਲੂਕਾਰਸ ਨੇ ਇਕ ਹੋਰ ਸੁਪਨਾ ਵੀ ਲਿਆ ਜੋ ਪੂਰਾ ਨਹੀਂ ਹੋਇਆ, ਯਾਨੀ ਆਰਥੋਡਾਕਸ ਚਰਚ “ਮਸੀਹੀ ਸੱਚਾਈਆਂ” ਨੂੰ ਵਾਪਸ ਮੁੜੇ। ਇਹ ਬੰਦਾ ਕੌਣ ਸੀ? ਆਪਣੇ ਸੁਪਨੇ ਪੂਰੇ ਕਰਨ ਲਈ ਉਸ ਨੇ ਕਿਨ੍ਹਾਂ ਔਕੜਾਂ ਦਾ ਸਾਮ੍ਹਣਾ ਕੀਤਾ?
ਬਾਈਬਲ ਦੇ ਗਿਆਨ ਦੀ ਕਮੀ ਦੇਖ ਕੇ ਪਰੇਸ਼ਾਨ
ਸਿਰਲ ਲੂਕਾਰਸ 1572 ਵਿਚ ਕੈਂਡੀਆ (ਆਧੁਨਿਕ ਇਰਾਕਲੀਓ), ਕ੍ਰੀਟ ਵਿਚ ਪੈਦਾ ਹੋਇਆ ਸੀ, ਜੋ ਉਸ ਵਕਤ ਵੈਨਿਸ ਦੇ ਅਧੀਨ ਸੀ। ਗੁਣਵਾਨ ਅਤੇ ਹੁਸ਼ਿਆਰ ਹੋਣ ਕਰਕੇ, ਉਹ ਇਟਲੀ ਵਿਚ ਵੈਨਿਸ ਅਤੇ ਪੈਡੁਆ ਵਿਚ ਪੜ੍ਹਿਆ ਅਤੇ ਫਿਰ ਉਸ ਤੋਂ ਬਾਅਦ ਉਹ ਇਟਲੀ ਅਤੇ ਹੋਰ ਦੇਸ਼ਾਂ ਵਿਚ ਘੁੰਮਿਆ-ਫਿਰਿਆ। ਚਰਚ ਵਿਚ ਝਗੜੇ ਅਤੇ ਫੁੱਟ ਦੇਖ ਕੇ ਉਸ ਨੂੰ ਬਹੁਤ ਦੁੱਖ ਹੋਇਆ ਅਤੇ ਉਹ ਯੂਰਪ ਵਿਚ ਸੁਧਾਰ ਕਰਨ ਦੇ ਜਤਨਾਂ ਵੱਲ ਖਿੱਚਿਆ ਗਿਆ। ਉਹ ਸ਼ਾਇਦ ਜਨੀਵਾ ਗਿਆ ਹੋਵੇ ਜੋ ਉਸ ਵਕਤ ਕੈਲਵਿਨ ਮਤ ਦੇ ਪ੍ਰਭਾਵ ਥੱਲੇ ਸੀ।
ਜਦ ਲੂਕਾਰਸ ਪੋਲੈਂਡ ਗਿਆ, ਤਾਂ ਉਸ ਨੇ ਦੇਖਿਆ ਕਿ ਬਾਈਬਲ ਦੇ ਗਿਆਨ ਦੀ ਕਮੀ ਕਰਕੇ ਆਰਥੋਡਾਕਸ ਚਰਚ ਦੇ ਪਾਦਰੀਆਂ ਅਤੇ ਮੈਂਬਰਾਂ ਦੀ ਰੂਹਾਨੀ ਦਸ਼ਾ ਬੁਰੀ ਸੀ। ਸਿਕੰਦਰੀਆ ਅਤੇ ਕਾਂਸਟੈਂਟੀਨੋਪਲ ਨੂੰ ਵਾਪਸ ਜਾ ਕੇ ਉਹ ਹੋਰ ਵੀ ਘਬਰਾਇਆ ਕਿਉਂਕਿ ਕੁਝ ਗਿਰਜਿਆਂ ਵਿੱਚੋਂ ਉਪਦੇਸ਼-ਮੰਚ ਵੀ ਲਾਹ ਦਿੱਤੇ ਗਏ ਸਨ ਜਿੱਥੋਂ ਬਾਈਬਲ ਪੜ੍ਹੀ ਜਾਂਦੀ ਸੀ!
ਲੂਕਾਰਸ 1602 ਵਿਚ ਸਿਕੰਦਰੀਆ ਗਿਆ ਜਿੱਥੇ ਉਹ ਆਪਣੇ ਰਿਸ਼ਤੇਦਾਰ, ਮੀਲੀਟੀਓਸ, ਦੇ ਥਾਂ ਚਰਚ ਦਾ ਮੁਖੀਆ ਬਣਿਆ। ਇਸ ਤੋਂ ਬਾਅਦ ਉਹ ਯੂਰਪ ਦੇ ਉਨ੍ਹਾਂ ਕਈਆਂ ਧਰਮ-ਸ਼ਾਸਤਰੀਆਂ ਨਾਲ ਚਿੱਠੀ-ਪੱਤਰ ਰਾਹੀਂ ਗੱਲ-ਬਾਤ ਕਰਨ ਲੱਗ ਪਿਆ, ਜੋ ਚਰਚ ਵਿਚ ਸੁਧਾਰ ਲਿਆਉਣੇ ਚਾਹੁੰਦੇ ਸਨ। ਇਕ ਚਿੱਠੀ ਵਿਚ ਉਸ ਨੇ ਲਿਖਿਆ ਕਿ ਆਰਥੋਡਾਕਸ ਚਰਚ ਦੀਆਂ ਕਈ ਰੀਤਾਂ ਗ਼ਲਤ ਹਨ। ਹੋਰਨਾਂ ਚਿੱਠੀਆਂ ਵਿਚ ਉਸ ਨੇ ਲਿਖਿਆ ਕਿ ਚਰਚ ਨੂੰ ਵਹਿਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਉਸ ਨੂੰ “ਮਸੀਹੀ ਸੱਚਾਈਆਂ” ਅਪਣਾਉਣੀਆਂ ਚਾਹੀਦੀਆਂ ਹਨ ਅਤੇ ਸਿਰਫ਼ ਬਾਈਬਲ ਉੱਤੇ ਹੀ ਭਰੋਸਾ ਰੱਖਣਾ ਚਾਹੀਦਾ ਹੈ।
ਮੱਤੀ 15:6) ਉਸ ਨੇ ਅੱਗੇ ਕਿਹਾ ਕਿ ਉਸ ਦੇ ਖ਼ਿਆਲ ਵਿਚ ਮੂਰਤੀ ਪੂਜਾ ਬਿਲਕੁਲ ਗ਼ਲਤ ਹੈ। ਉਸ ਦੇ ਅਨੁਸਾਰ ਜੋ ਕੋਈ “ਸੰਤਾਂ” ਰਾਹੀਂ ਦੁਆ ਕਰਦਾ ਹੈ ਉਹ ਸਾਡੇ ਵਿਚੋਲੇ ਯਿਸੂ ਦਾ ਅਪਮਾਨ ਕਰਦਾ ਹੈ।—1 ਤਿਮੋਥਿਉਸ 2:5.
ਲੂਕਾਰਸ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਚਰਚ ਦੇ ਮੋਢੀਆਂ ਵਿਚ ਯਿਸੂ ਅਤੇ ਉਸ ਦੇ ਰਸੂਲਾਂ ਜਿੰਨਾ ਭਰੋਸਾ ਰੱਖਿਆ ਜਾਂਦਾ ਸੀ। ਉਸ ਨੇ ਲਿਖਿਆ ਕਿ “ਮੈਂ ਇਹ ਸਹਿ ਨਹੀਂ ਸਕਦਾ ਕਿ ਕੋਈ ਕਹੇ ਕਿ ਮਨੁੱਖਾਂ ਦੀਆਂ ਰੀਤਾਂ ਬਾਈਬਲ ਦੇ ਸਮਾਨ ਹਨ।” (ਕੁਲ-ਪਿਤਾ ਦੀ ਗੱਦੀ ਦੀ ਵਿੱਕਰੀ
ਲੂਕਾਰਸ ਦੇ ਇਨ੍ਹਾਂ ਖ਼ਿਆਲਾਂ ਅਤੇ ਰੋਮਨ ਕੈਥੋਲਿਕ ਚਰਚ ਨਾਲ ਨਫ਼ਰਤ ਕਰਨ ਕਰਕੇ, ਯਸੂਹੀ ਅਤੇ ਕੈਥੋਲਿਕ ਚਰਚ ਨਾਲ ਸੰਬੰਧ ਰੱਖਣ ਵਾਲੇ ਆਰਥੋਡਾਕਸ ਚਰਚ ਦੇ ਹੋਰ ਬੰਦੇ ਲੂਕਾਰਸ ਦੇ ਦੁਸ਼ਮਣ ਅਤੇ ਵਿਰੋਧੀ ਬਣ ਗਏ। ਇਸ ਵਿਰੋਧਤਾ ਦੇ ਬਾਵਜੂਦ, 1620 ਵਿਚ ਲੂਕਾਰਸ ਕਾਂਸਟੈਂਟੀਨੋਪਲ ਦਾ ਮੁਖੀਆ ਚੁਣਿਆ ਗਿਆ। ਉਨ੍ਹਾਂ ਦਿਨਾਂ ਵਿਚ ਆਰਥੋਡਾਕਸ ਚਰਚ ਦਾ ਮੁਖੀ ਉਸਮਾਨੀ ਸਾਮਰਾਜ ਦੇ ਅਧੀਨ ਹੁੰਦਾ ਸੀ। ਜੇ ਕੋਈ ਉਸਮਾਨੀ ਸਰਕਾਰ ਨੂੰ ਵੱਢੀ ਦੇਵੇ ਤਾਂ ਉਹ ਝਟਪਟ ਮੁਖੀਏ ਨੂੰ ਗੱਦੀਓਂ ਲਾਹ ਕੇ ਕਿਸੇ ਹੋਰ ਨੂੰ ਬਿਠਾ ਸਕਦੀ ਸੀ।
ਮੁੱਖ ਤੌਰ ਤੇ ਲੂਕਾਰਸ ਦੇ ਦੁਸ਼ਮਣ ਸਨ ਯਸੂਹੀ ਅਤੇ ਇਸ ਮਤ ਦੇ ਪ੍ਰਚਾਰ ਲਈ ਸਥਾਪਿਤ ਕੀਤੀ ਗਈ ਸ਼ਕਤੀਸ਼ਾਲੀ ਅਤੇ ਡਰਾਉਣੀ ਸਭਾ। ਉਹ ਲੂਕਾਰਸ ਦੇ ਖ਼ਿਲਾਫ਼ ਸਾਜ਼ਸ਼ਾਂ ਘੜਦੇ ਰਹੇ ਅਤੇ ਉਸ ਦਾ ਨਾਂ ਬਦਨਾਮ ਕਰਦੇ ਰਹੇ। ਕੀਰੀਲੋਸ ਲੂਕਾਰੀਸ ਨਾਮਕ ਕਿਤਾਬ ਕਹਿੰਦੀ ਹੈ: “ਇਹ ਕੰਮ ਪੂਰਾ ਕਰਨ ਵਾਸਤੇ ਯਸੂਹੀਆਂ ਨੇ ਹਰ ਕਿਸਮ ਦਾ ਛਲ, ਕਪਟ, ਅਤੇ ਚਾਪਲੂਸੀ ਵਰਤੀ। ਉਸਮਾਨੀ ਸਿਆਸਤਦਾਨਾਂ ਨੂੰ ਆਪਣੇ ਪਾਸੇ ਕਰਨ ਵਾਸਤੇ ਵੱਢੀਆਂ ਲੈਣੀਆਂ-ਦੇਣੀਆਂ ਸਭ ਤੋਂ ਜ਼ਿਆਦਾ ਕਾਮਯਾਬ ਹਥਿਆਰ ਸੀ।” ਨਤੀਜੇ ਵਜੋਂ 1622 ਵਿਚ ਲੂਕਾਰਸ ਨੂੰ ਦੇਸ਼ ਵਿੱਚੋਂ ਕੱਢ ਕੇ ਰ੍ਹੋਡਜ਼ ਦੇ ਟਾਪੂ ਨੂੰ ਭੇਜ ਦਿੱਤਾ ਗਿਆ ਅਤੇ ਆਮਾਸਯਾ ਦੇ ਗ੍ਰੈਗੋਰੀ ਨੇ 20,000 ਚਾਂਦੀ ਦੇ ਸਿੱਕਿਆਂ ਦੀ ਵੱਢੀ ਦਾ ਵਾਅਦਾ ਕਰ ਕੇ ਉਸ ਦੀ ਥਾਂ ਮਲ ਲਈ। ਪਰ, ਗ੍ਰੈਗੋਰੀ ਪੂਰੀ ਰਕਮ ਭਰ ਨਾ ਸਕਿਆ, ਇਸ ਲਈ ਏਡਰੀਅਨੋਪਲ ਦਾ ਅੰਥੀਮਸ ਕੀਮਤ ਚੁਕਾ ਕੇ ਮੁਖੀਆ ਬਣ ਗਿਆ, ਪਰ ਬਾਅਦ ਵਿਚ ਉਸ ਨੇ ਅਸਤੀਫ਼ਾ ਦੇ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਲੂਕਾਰਸ ਨੂੰ ਮੁਖੀਏ ਦੀ ਗੱਦੀ ਤੇ ਦੁਬਾਰਾ ਬਿਠਾਇਆ ਗਿਆ।
ਇਸ ਨਵੇਂ ਮੌਕੇ ਦਾ ਫ਼ਾਇਦਾ ਉੱਠਾ ਕੇ ਲੂਕਾਰਸ ਆਰਥੋਡਾਕਸ ਚਰਚ ਦੇ ਪਾਦਰੀਆਂ ਅਤੇ ਮੈਂਬਰਾਂ ਨੂੰ ਸਿੱਖਿਆ ਦੇਣ ਲਈ ਦ੍ਰਿੜ੍ਹ ਸੀ। ਉਹ ਬਾਈਬਲ ਅਤੇ ਧਾਰਮਿਕ ਪਰਚਿਆਂ ਦਾ ਤਰਜਮਾ ਕਰਵਾ ਕੇ ਛਪਵਾਉਣਾ ਚਾਹੁੰਦਾ ਸੀ। ਇਹ ਕੰਮ ਕਰਨ ਵਾਸਤੇ ਉਸ ਨੇ ਕਾਂਸਟੈਂਟੀਨੋਪਲ ਤੋਂ, ਬਰਤਾਨਵੀ ਰਾਜਦੂਤ ਦੀ ਸੁਰੱਖਿਆ ਅਧੀਨ ਛਾਪੇ ਦੀ ਮਸ਼ੀਨ ਮੰਗਵਾਈ। ਪਰ ਜਦ ਉਹ ਮਸ਼ੀਨ ਪਹੁੰਚੀ, ਤਾਂ ਲੂਕਾਰਸ ਦੇ ਦੁਸ਼ਮਣਾਂ ਨੇ ਉਸ ਉੱਤੇ ਇਲਜ਼ਾਮ ਲਾਇਆ ਕਿ ਉਹ ਇਸ ਨੂੰ ਸਿਆਸੀ ਕੰਮਾਂ ਲਈ ਵਰਤੇਗਾ। ਉਨ੍ਹਾਂ ਨੇ ਉਹ ਮਸ਼ੀਨ ਭੰਨ-ਤੁੜਵਾ ਦਿੱਤੀ। ਫਿਰ ਲੂਕਾਰਸ ਨੂੰ ਜਨੀਵਾ ਦੀਆਂ ਛਪਾਈ ਮਸ਼ੀਨਾਂ ਵਰਤਣੀਆਂ ਪਈਆਂ।
ਬਾਈਬਲ ਦੇ ਯੂਨਾਨੀ ਹਿੱਸੇ ਦਾ ਤਰਜਮਾ
ਲੂਕਾਰਸ ਬਾਈਬਲ ਦੀ ਬਹੁਤ ਕਦਰ ਕਰਦਾ ਸੀ। ਉਹ ਉਸ ਦੀ ਸਿੱਖਿਆ ਦੇਣ ਦੀ ਤਾਕਤ ਪਛਾਣਦਾ ਸੀ। ਇਸ ਲਈ ਉਹ ਚਾਹੁੰਦਾ ਸੀ ਕਿ ਆਮ ਇਨਸਾਨ ਵੀ ਇਸ ਨੂੰ ਪੜ੍ਹ ਕੇ ਸਮਝ ਸਕਣ। ਉਸ ਨੇ ਸਿਆਣਿਆ ਕਿ ਬਾਈਬਲ ਦੀਆਂ ਮੁਢਲੀਆਂ ਹੱਥਲਿਖਤ ਕਾਪੀਆਂ ਦੀ ਯੂਨਾਨੀ ਭਾਸ਼ਾ ਆਮ ਇਨਸਾਨ ਲਈ ਸਮਝਣੀ ਔਖੀ ਸੀ। ਇਸ ਲਈ ਸਭ ਤੋਂ ਪਹਿਲਾਂ ਉਸ ਨੇ ਬਾਈਬਲ ਦੇ ਯੂਨਾਨੀ ਹਿੱਸੇ ਦਾ ਤਰਜਮਾ ਉਸ ਸਮੇਂ ਬੋਲੀ ਜਾਣ ਵਾਲੀ ਯੂਨਾਨੀ ਭਾਸ਼ਾ ਵਿਚ ਕਰਵਾਉਣਾ ਸ਼ੁਰੂ ਕੀਤਾ। ਮਾਰਚ 1629 ਵਿਚ ਮੈਕਸਮਸ ਕਾਲੀਪੋਲੀਟੀਸ ਨਾਂ ਦੇ ਇਕ ਪੜ੍ਹੇ-ਲਿਖੇ ਮੱਠਵਾਸੀ ਨੇ ਇਹ ਤਰਜਮਾ ਸ਼ੁਰੂ ਕੀਤਾ। ਆਰਥੋਡਾਕਸ ਚਰਚ ਦੇ ਬਹੁਤਿਆਂ ਬੰਦਿਆਂ ਅਨੁਸਾਰ ਬਾਈਬਲ ਦਾ ਤਰਜਮਾ ਕਰਨਾ ਬਹੁਤ ਗ਼ਲਤ ਸੀ, ਭਾਵੇਂ ਉਸ ਨੂੰ ਪੜ੍ਹਨਾ ਜਿੰਨਾ ਮਰਜ਼ੀ ਮੁਸ਼ਕਲ ਹੋਵੇ। ਉਨ੍ਹਾਂ ਨੂੰ ਖ਼ੁਸ਼ ਕਰਨ ਵਾਸਤੇ ਲੂਕਾਰਸ ਨੇ ਇੱਕੋ ਸਫ਼ੇ ਉੱਤੇ ਨਵੇਂ ਤਰਜਮੇ ਨੂੰ ਪੁਰਾਣੇ ਦੇ ਨਾਲ-ਨਾਲ ਛਪਵਾਇਆ ਅਤੇ ਉਸ ਨਾਲ ਆਪਣੀਆਂ ਬਹੁਤ ਥੋੜ੍ਹੀਆਂ ਟਿੱਪਣੀਆਂ ਜੋੜੀਆਂ। ਤਰਜਮਾ ਪੂਰਾ ਕਰਨ ਤੋਂ ਥੋੜ੍ਹੀ ਹੀ ਦੇਰ ਬਾਅਦ ਕਾਲੀਪੋਲੀਟੀਸ ਦੀ ਮੌਤ ਹੋ ਗਈ। ਇਸ ਲਈ ਲੂਕਾਰਸ ਨੇ ਤਰਜਮਾ ਛਪਵਾਉਣ ਤੋਂ ਪਹਿਲਾਂ ਉਸ ਨੂੰ ਖ਼ੁਦ ਪੜ੍ਹਿਆ ਸੀ। ਇਹ ਤਰਜਮਾ 1638 ਵਿਚ ਲੂਕਾਰਸ ਦੀ ਮੌਤ ਤੋਂ ਥੋੜ੍ਹੀ ਹੀ ਦੇਰ ਬਾਅਦ ਛਾਪਿਆ ਗਿਆ ਸੀ।
ਲੂਕਾਰਸ ਦੀ ਸਾਵਧਾਨੀ ਦੇ ਬਾਵਜੂਦ ਬਹੁਤ ਸਾਰੇ ਬਿਸ਼ਪਾਂ ਨੇ ਉਸ ਤਰਜਮੇ ਨੂੰ ਪਸੰਦ ਨਹੀਂ ਕੀਤਾ। ਉਸ ਤਰਜਮੇ ਦੇ ਮੁਖਬੰਧ ਵਿਚ ਪਰਮੇਸ਼ੁਰ ਦੇ ਬਚਨ ਲਈ ਲੂਕਾਰਸ ਦਾ ਪ੍ਰੇਮ ਜ਼ਾਹਰ ਹੁੰਦਾ ਹੈ। ਉਸ ਨੇ ਲਿਖਿਆ ਕਿ ਬਾਈਬਲ ਲੋਕਾਂ ਦੀ ਬੋਲੀ ਵਿਚ “ਸਵਰਗ ਤੋਂ ਮਿਲਿਆ ਸੁਰੀਲਾ ਸੰਦੇਸ਼ ਹੈ।” ਉਸ ਨੇ ਲੋਕਾਂ ਨੂੰ ਕਿਹਾ ਕਿ “ਪੂਰੀ ਬਾਈਬਲ ਜਾਣੋ ਤੇ ਸਮਝੋ” ਅਤੇ ਕਿ “ਈਸ਼ਵਰੀ ਅਤੇ ਪਵਿੱਤਰ ਇੰਜੀਲ ਤੋਂ ਸਿਵਾਇ” ਹੋਰ ਕਿਤਿਓਂ “ਸਹੀ ਤਰ੍ਹਾਂ ਨਿਹਚਾ ਦੀਆਂ ਗੱਲਾਂ” ਸਿੱਖੀਆਂ ਨਹੀਂ ਜਾ ਸਕਦੀਆਂ।—ਫ਼ਿਲਿੱਪੀਆਂ 1:9, 10.
ਲੂਕਾਰਸ ਨੇ ਉਨ੍ਹਾਂ ਲੋਕਾਂ ਨੂੰ ਖੁਲ੍ਹੇ-ਆਮ ਨਿੰਦਿਆ ਜੋ ਬਾਈਬਲ ਪੜ੍ਹਨੀ ਮਨ੍ਹਾ ਕਰਦੇ ਸਨ ਅਤੇ ਜੋ ਮੁਢਲੀ ਭਾਸ਼ਾ ਤੋਂ ਬਾਈਬਲ ਦੇ ਤਰਜਮੇ ਕੀਤੇ ਜਾਣ ਨੂੰ ਰੱਦ ਕਰਦੇ ਸਨ। ਉਸ ਨੇ ਕਿਹਾ ਕਿ “ਜੇ ਅਸੀਂ ਸਮਝਣ ਤੋਂ ਬਗੈਰ ਬੋਲਦੇ ਜਾਂ ਪੜ੍ਹਦੇ ਹਾਂ, ਤਾਂ ਇਹ ਇਸ ਤਰ੍ਹਾਂ ਹੈ ਜਿਵੇਂ ਅਸੀਂ ਹਵਾ ਨਾਲ ਗੱਲਾਂ ਕਰ ਰਹੇ ਹਾਂ।” (1 ਕੁਰਿੰਥੀਆਂ 14:7-9 ਦੀ ਤੁਲਨਾ ਕਰੋ।) ਮੁਖਬੰਧ ਦੇ ਅਖ਼ੀਰ ਵਿਚ ਉਸ ਨੇ ਲਿਖਿਆ: “ਪਵਿੱਤਰ ਇੰਜੀਲ ਨੂੰ ਆਪਣੀ ਬੋਲੀ ਵਿਚ ਪੜ੍ਹਦੇ ਸਮੇਂ ਇਸ ਤੋਂ ਲਾਭ ਹਾਸਲ ਕਰੋ, . . . ਅਤੇ ਪਰਮਾਤਮਾ ਤੁਹਾਡੇ ਰਾਹ ਤੇ ਚਾਨਣ ਪਾਈ ਜਾਵੇ।”—ਕਹਾਉਤਾਂ 4:18.
ਧਰਮ-ਸਿਧਾਂਤ ਦੀ ਸੂਚੀ
ਬਾਈਬਲ ਦਾ ਇਹ ਤਰਜਮਾ ਸ਼ੁਰੂ ਕਰਵਾਉਣ ਤੋਂ ਬਾਅਦ ਲੂਕਾਰਸ ਨੇ ਇਕ ਹੋਰ ਵੱਡਾ ਕੰਮ ਕੀਤਾ। ਸੰਨ 1629 ਵਿਚ ਉਸ ਨੇ ਜਨੀਵਾ ਵਿਚ ਧਰਮ-ਸਿਧਾਂਤ ਦੀ ਇਕ ਸੂਚੀ ਪ੍ਰਕਾਸ਼ਿਤ ਕੀਤੀ। ਇਹ ਉਸ ਦੇ ਨਿੱਜੀ ਵਿਸ਼ਵਾਸ ਸਨ ਅਤੇ ਉਸ ਦੀ ਉਮੀਦ ਸੀ ਕਿ ਆਰਥੋਡਾਕਸ ਚਰਚ ਇਨ੍ਹਾਂ ਨੂੰ ਅਪਣਾ ਲਵੇਗਾ। ਦ ਆਰਥੋਡਾਕਸ ਚਰਚ ਨਾਮਕ ਕਿਤਾਬ ਦੇ ਅਨੁਸਾਰ ਧਰਮ-ਸਿਧਾਂਤ ਦੀ ਇਹ ਸੂਚੀ “ਆਰਥੋਡਾਕਸ ਮਤ ਦੇ ਪਾਦਰੀਆਂ ਅਤੇ ਮੱਠਵਾਸੀਆਂ ਦੀਆਂ ਪਦਵੀਆਂ ਰੱਦ ਕਰਦੀ ਹੈ, ਅਤੇ ਮੂਰਤੀਆਂ ਦੀ ਪੂਜਾ ਨੂੰ ਅਤੇ ਸੰਤਾਂ ਰਾਹੀਂ ਕੀਤੀਆਂ ਗਈਆਂ ਅਰਦਾਸਾਂ ਨੂੰ ਮੂਰਤੀ ਪੂਜਾ ਵਜੋਂ ਬੁਰਾ ਸਮਝਦੀ ਹੈ।”
ਧਰਮ-ਸਿਧਾਂਤ ਦੀ ਸੂਚੀ ਦੇ 18 ਹਿੱਸੇ ਹਨ। ਉਸ ਦਾ ਦੂਸਰਾ ਹਿੱਸਾ ਕਹਿੰਦਾ ਹੈ ਕਿ “ਅਸੀਂ ਸਵੀਕਾਰ ਕਰਦੇ ਹਾਂ ਕਿ ਬਾਈਬਲ ਪਰਮਾਤਮਾ ਤੋਂ ਹੈ . . . ਅਸੀਂ ਕਬੂਲ ਕਰਦੇ ਹਾਂ ਕਿ ਚਰਚ ਦੇ ਅਧਿਕਾਰ ਨਾਲੋਂ ਪਵਿੱਤਰ ਬਾਈਬਲ ਦਾ ਅਧਿਕਾਰ ਜ਼ਿਆਦਾ ਹੈ। ਪਵਿੱਤਰ ਸ਼ਕਤੀ ਦੁਆਰਾ ਸਿਖਾਏ ਜਾਣਾ ਮਨੁੱਖ ਤੋਂ ਸਿਖਾਏ ਜਾਣ ਤੋਂ ਵੱਖਰੀ ਗੱਲ ਹੈ।”—2 ਤਿਮੋਥਿਉਸ 3:16.
ਅੱਠਵੇਂ ਅਤੇ ਦੱਸਵੇਂ ਹਿੱਸਿਆਂ ਵਿਚ ਯਿਸੂ ਮਸੀਹ ਨੂੰ ਇੱਕੋ-ਇਕ ਵਿਚੋਲੇ, ਮਹਾਂ ਜਾਜਕ, ਅਤੇ ਕਲੀਸਿਯਾ ਦੇ ਸਿਰ ਵਜੋਂ ਕਬੂਲ ਕੀਤਾ ਜਾਂਦਾ ਹੈ। ਲੂਕਾਰਸ ਨੇ ਲਿਖਿਆ: “ਅਸੀਂ ਮੰਨਦੇ ਹਾਂ ਕਿ ਸਾਡਾ ਪ੍ਰਭੂ ਯਿਸੂ ਮਸੀਹ ਆਪਣੇ ਪਿਤਾ ਦੇ ਸੱਜੇ ਹੱਥ ਬੈਠਾ ਹੈ ਅਤੇ ਉੱਥੇ ਸਾਡੇ ਵਾਸਤੇ ਵਿਚੋਲਗੀ ਕਰਦਾ ਹੈ। ਸਿਰਫ਼ ਉਹੀ ਅਸਲੀ ਮਹਾਂ ਜਾਜਕ ਅਤੇ ਵਿਚੋਲੇ ਦਾ ਕੰਮ ਕਰਦਾ ਹੈ।”—ਮੱਤੀ 23:10.
ਬਾਰ੍ਹਵਾਂ ਹਿੱਸਾ ਸਵੀਕਾਰ ਕਰਦਾ ਹੈ ਕਿ ਚਰਚ ਸਿੱਧੇ ਰਾਹ ਤੋਂ ਫਿਸਲ ਕੇ ਝੂਠ ਨੂੰ ਸੱਚ ਸਮਝ ਸਕਦਾ ਹੈ, ਪਰ ਵਫ਼ਾਦਾਰ ਸੇਵਕਾਂ ਦੇ ਜਤਨਾਂ ਰਾਹੀਂ ਪਵਿੱਤਰ ਸ਼ਕਤੀ ਦਾ ਚਾਨਣ ਉਸ ਨੂੰ ਬਚਾ ਸਕਦਾ ਹੈ। ਅਠਾਰ੍ਹਵੇਂ ਹਿੱਸੇ ਵਿਚ ਲੂਕਾਰਸ ਨੇ ਕਿਹਾ ਕਿ ਸਵਰਗ ਨੂੰ ਜਾਣ ਤੋਂ ਪਹਿਲਾਂ ਆਤਮਾ ਦੇ ਪਾਪ ਤੋਂ ਸ਼ੁੱਧ ਕੀਤੇ ਜਾਣ ਦੀ ਸਿੱਖਿਆ ਇਕ ਮਨਘੜਤ ਗੱਲ ਹੈ: “ਇਹ ਜ਼ਾਹਰ ਹੈ ਕਿ ਇਹ ਸਿੱਖਿਆ ਸਵੀਕਾਰ ਨਹੀਂ ਕੀਤੀ ਜਾ ਸਕਦੀ।”
ਧਰਮ-ਸਿਧਾਂਤ ਦੀ ਸੂਚੀ ਦੇ ਅਖ਼ੀਰ ਵਿਚ ਕਈ ਸਵਾਲ-ਜਵਾਬ ਹਨ। ਉੱਥੇ ਲੂਕਾਰਸ ਸਭ ਤੋਂ ਪਹਿਲਾਂ ਕਹਿੰਦਾ ਹੈ ਕਿ ਸਾਰੇ ਮਸੀਹੀਆਂ ਨੂੰ ਬਾਈਬਲ ਪੜ੍ਹਨੀ ਚਾਹੀਦੀ ਹੈ ਅਤੇ ਨਾ ਪੜ੍ਹਨ ਵਾਲਿਆਂ ਪਰਕਾਸ਼ ਦੀ ਪੋਥੀ 22:18, 19.
ਲਈ ਇਹ ਬੁਰੀ ਗੱਲ ਹੈ। ਫਿਰ ਉਹ ਅੱਗੇ ਕਹਿੰਦਾ ਹੈ ਕਿ ਬਾਈਬਲ ਨਾਲ ਜੋੜੀਆਂ ਗਈਆਂ ਸ਼ੱਕੀ ਪੁਸਤਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ।—ਚੌਥਾ ਸਵਾਲ ਪੁੱਛਦਾ ਹੈ: “ਮੂਰਤੀਆਂ ਬਾਰੇ ਸਾਡੀ ਕੀ ਰਾਇ ਹੋਣੀ ਚਾਹੀਦੀ ਹੈ?” ਲੂਕਾਰਸ ਜਵਾਬ ਦਿੰਦਾ ਹੈ: “ਅਸੀਂ ਈਸ਼ਵਰੀ ਅਤੇ ਪਵਿੱਤਰ ਬਾਈਬਲ ਦੁਆਰਾ ਸਿਖਾਏ ਜਾਂਦੇ ਹਾਂ, ਜਿਸ ਵਿਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ‘ਤੂੰ ਆਪਣੇ ਲਈ ਉੱਕਰੀ ਹੋਈ ਮੂਰਤ ਨਾ ਬਣਾ, ਨਾ ਕਿਸੇ ਚੀਜ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਅਤੇ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੈ। ਨਾ ਤੂੰ ਉਨ੍ਹਾਂ ਦੇ ਅੱਗੇ ਮੱਥਾ ਟੇਕ, ਨਾ ਉਨ੍ਹਾਂ ਦੀ ਪੂਜਾ ਕਰ। [ਕੂਚ 20:4, 5]’ ਸਾਨੂੰ ਪਤਾ ਹੈ ਕਿ ਸਾਨੂੰ ਸਰਿਸ਼ਟੀ ਦੀ ਨਹੀਂ ਪਰ ਸਿਰਫ਼ ਧਰਤੀ ਅਤੇ ਆਕਾਸ਼ ਦੇ ਬਣਾਉਣ ਵਾਲੇ ਦੀ ਪੂਜਾ ਕਰਨੀ ਚਾਹੀਦੀ ਹੈ। . . . ਅਸੀਂ ਮੂਰਤੀਆਂ ਦੀ ਪੂਜਾ ਠੁਕਰਾਉਂਦੇ ਹਾਂ ਕਿਉਂ ਜੋ ਇਹ ਪਵਿੱਤਰ ਬਾਈਬਲ ਵਿਚ ਮਨ੍ਹਾ ਹਨ। ਇੱਦਾਂ ਨਾ ਹੋਵੇ ਕਿ ਅਸੀਂ ਕਿਤੇ ਭੁੱਲ ਕੇ ਸਿਰਜਣਹਾਰ ਦੀ ਬਜਾਇ ਰੰਗਾਂ, ਅਤੇ ਕਲਾ, ਅਤੇ ਕੁਦਰਤ ਦੀ ਪੂਜਾ ਨਾ ਕਰਨ ਲੱਗ ਪਈਏ।”—ਰਸੂਲਾਂ ਦੇ ਕਰਤੱਬ 17:29.
ਭਾਵੇਂ ਲੂਕਾਰਸ ਆਪਣੇ ਜ਼ਮਾਨੇ ਦੇ ਰੂਹਾਨੀ ਅਗਿਆਨ ਕਰਕੇ ਸਾਰੀਆਂ ਗ਼ਲਤ ਗੱਲਾਂ ਚੰਗੀ ਤਰ੍ਹਾਂ ਨਹੀਂ ਸਮਝ ਸਕਿਆ ਸੀ, * ਉਸ ਨੇ ਫਿਰ ਵੀ ਕਾਫ਼ੀ ਕੋਸ਼ਿਸ਼ ਕੀਤੀ ਕਿ ਚਰਚ ਦੀਆਂ ਸਿੱਖਿਆਵਾਂ ਬਾਈਬਲ ਅਨੁਸਾਰ ਹੋਣ ਅਤੇ ਲੋਕ ਬਾਈਬਲ ਦੀਆਂ ਸਿੱਖਿਆਵਾਂ ਸਮਝਣ।
ਧਰਮ-ਸਿਧਾਂਤ ਦੀ ਸੂਚੀ ਰੀਲੀਜ਼ ਕੀਤੀ ਜਾਣ ਤੋਂ ਇਕਦਮ ਬਾਅਦ, ਲੂਕਾਰਸ ਖ਼ਿਲਾਫ ਵਿਰੋਧਤਾ ਦੀ ਲਹਿਰ ਫਿਰ ਤੋਂ ਸ਼ੁਰੂ ਹੋ ਗਈ। ਬਰਿਯਾ ਸ਼ਹਿਰ (ਅੱਜ ਅਲੀਪੋ) ਦਾ ਮੁੱਖ ਪਾਦਰੀ, ਸਿਰਲ ਕੋਨਟਾਰੀ, ਲੂਕਾਰਸ ਦਾ ਦੁਸ਼ਮਣ ਅਤੇ ਯਸੂਹੀਆਂ ਦਾ ਚਮਚਾ ਸੀ। ਉਸ ਨੇ 1633 ਵਿਚ ਉਸਮਾਨੀਆਂ ਨਾਲ ਸੌਦੇਬਾਜ਼ੀ ਕਰ ਕੇ ਚਰਚ ਦੇ ਮੁਖੀਏ ਦੀ ਥਾਂ ਲੈਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਕੋਨਟਾਰੀ ਰਕਮ ਭਰ ਨਾ ਸਕਿਆ ਤਾਂ ਉਸ ਦੀ ਗੱਲ ਨਹੀਂ ਬਣੀ। ਲੂਕਾਰਸ ਮੁਖੀ ਬਣਿਆ ਰਿਹਾ। ਅਗਲੇ ਸਾਲ ਥੱਸਲੁਨੀਕਾ ਦੇ ਐਥਨੇਸੀਅਸ ਨੇ 60,000 ਚਾਂਦੀ ਦੇ ਸਿੱਕੇ ਦੇ ਕੇ ਲੂਕਾਰਸ ਨੂੰ ਗੱਦੀਓਂ ਉਤਾਰ ਕੇ ਆਪ ਥਾਂ ਸੰਭਾਲੀ। ਪਰ ਸਿਰਫ਼ ਇਕ ਮਹੀਨੇ ਬਾਅਦ ਲੂਕਾਰਸ ਨੂੰ ਵਾਪਸ ਬੁਲਾਇਆ ਗਿਆ ਅਤੇ ਉਸ ਨੂੰ ਦੁਬਾਰਾ ਗੱਦੀ ਸੌਂਪੀ ਗਈ। ਉਸ ਸਮੇਂ ਤਕ ਸਿਰਲ ਕੋਨਟਾਰੀ ਨੇ 50,000 ਚਾਂਦੀ ਦੇ ਸਿੱਕਿਆਂ ਦੀ ਰਕਮ ਇਕੱਠੀ ਕਰ ਲਈ ਸੀ। ਇਸ ਵਾਰ ਲੂਕਾਰਸ ਨੂੰ ਰ੍ਹੋਡਜ਼ ਦੇ ਟਾਪੂ ਨੂੰ ਭੇਜ ਦਿੱਤਾ ਗਿਆ। ਛੇ ਮਹੀਨਿਆਂ ਬਾਅਦ, ਉਸ ਦੇ ਦੋਸਤਾਂ ਨੇ ਉਸ ਦੀ ਵਾਪਸੀ ਪੱਕੀ ਕੀਤੀ।
ਸੰਨ 1638 ਵਿਚ ਯਸੂਹੀਆਂ ਅਤੇ ਆਰਥੋਡਾਕਸ ਚਰਚ ਵਿਚ ਯਸੂਹੀਆਂ ਦੇ ਸਾਥੀਆਂ ਨੇ ਲੂਕਾਰਸ ਵਿਰੁੱਧ ਉਸਮਾਨੀ ਸਾਮਰਾਜ ਦੇ ਖ਼ਿਲਾਫ਼ ਘੋਰ ਰਾਜਧਰੋਹ ਦਾ ਇਲਜ਼ਾਮ ਲਗਾਇਆ। ਇਸ ਵਾਰ ਸੁਲਤਾਨ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ। ਲੂਕਾਰਸ ਗਿਰਫ਼ਤਾਰ ਕੀਤਾ ਗਿਆ, ਅਤੇ 27 ਜੁਲਾਈ 1638 ਨੂੰ, ਉਸ ਨੂੰ ਦੇਸ਼ ਵਿੱਚੋਂ ਕੱਢਣ ਦੇ ਬਹਾਨੇ ਨਾਲ ਇਕ ਕਿਸ਼ਤੀ ਵਿਚ ਬਿਠਾਇਆ ਗਿਆ। ਕਿਨਾਰਿਓਂ ਦੂਰ ਜਾਣ ਤੇ, ਉਸ ਦਾ ਗਲਾ ਘੁੱਟ ਦਿੱਤਾ ਗਿਆ ਸੀ। ਉਸ ਦੀ ਲਾਸ਼ ਸਾਗਰ ਦੇ ਕੰਢੇ ਦਫ਼ਨਾਈ ਗਈ, ਪਰ ਬਾਅਦ ਵਿਚ ਪੁੱਟ ਕੇ ਸਮੁੰਦਰ ਵਿਚ ਸੁੱਟ ਦਿੱਤੀ ਗਈ। ਮਛੇਰਿਆਂ ਨੂੰ ਉਹ ਲੱਭੀ ਅਤੇ ਬਾਅਦ ਵਿਚ ਉਸ ਦੇ ਦੋਸਤਾਂ ਨੇ ਉਸ ਨੂੰ ਦਫ਼ਨਾਇਆ।
ਸਾਡੇ ਲਈ ਸਬਕ
ਇਕ ਵਿਦਵਾਨ ਦੇ ਅਨੁਸਾਰ “ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਲੂਕਾਰਸ ਦਾ ਪਹਿਲਾ ਟੀਚਾ ਪਾਦਰੀਆਂ ਅਤੇ ਚਰਚ ਦੇ ਮੈਂਬਰਾਂ ਨੂੰ ਬਾਈਬਲ ਤੋਂ ਚੰਗੀ ਤਰ੍ਹਾਂ ਜਾਣੂ ਕਰਵਾਉਣਾ ਸੀ। ਸੋਲ੍ਹਵੀਂ ਅਤੇ ਸਤਾਰ੍ਹਵੀਂ ਸਦੀ ਵਿਚ ਇਹ ਗਿਆਨ ਬਹੁਤ ਘੱਟ ਗਿਆ ਸੀ।” ਲੂਕਾਰਸ ਦੇ ਰਾਹ ਵਿਚ ਕਈ ਰੁਕਾਵਟਾਂ ਆਈਆਂ। ਉਹ ਪੰਜ ਵਾਰ ਚਰਚ ਦੇ ਮੁਖੀਏ ਦੀ ਗੱਦੀਓਂ ਉਤਾਰਿਆ ਗਿਆ ਸੀ। ਉਸ ਦੀ ਮੌਤ ਤੋਂ ਚੌਂਤੀ ਸਾਲ ਬਾਅਦ, ਯਰੂਸ਼ਲਮ ਵਿਚ ਇਕ ਧਰਮ-ਸਭਾ ਨੇ ਉਸ ਦੇ ਵਿਸ਼ਵਾਸਾਂ ਨੂੰ ਧਰਮ-ਧਰੋਹ ਸੱਦ ਕੇ ਰੱਦ ਕੀਤਾ। ਉਨ੍ਹਾਂ ਨੇ ਕਿਹਾ ਕਿ ਬਾਈਬਲ “ਸਾਰਿਆਂ ਦੇ ਪੜ੍ਹਨ ਲਈ ਨਹੀਂ, ਪਰ ਸਿਰਫ਼ ਉਨ੍ਹਾਂ ਲਈ ਹੈ ਜੋ ਉਚਿਤ ਰੀਸਰਚ ਕਰਨ ਤੋਂ ਬਾਅਦ ਆਤਮਾ ਦੀਆਂ ਡੂੰਘੀਆਂ ਗੱਲਾਂ ਸਮਝਦੇ ਹਨ।” ਉਨ੍ਹਾਂ ਦੇ ਕਹਿਣ ਦਾ ਮਤਲਬ ਹੋਇਆ ਕਿ ਸਿਰਫ਼ ਪੜ੍ਹੇ-ਲਿਖੇ ਪਾਦਰੀ ਹੀ ਬਾਈਬਲ ਪੜ੍ਹ ਸਕਦੇ ਹਨ।
ਪਾਦਰੀ ਵਰਗ ਨੇ ਫਿਰ ਤੋਂ ਦੀ ਲੋਕਾਂ ਤਕ ਬਾਈਬਲ ਪਹੁੰਚਾਉਣ ਦੇ ਜਤਨਾਂ ਨੂੰ ਰੱਦ ਕਰ ਦਿੱਤਾ। ਉਨ੍ਹਾਂ ਨੇ ਉਸ ਆਵਾਜ਼ ਦਾ ਗਲਾ ਘੁੱਟ ਦਿੱਤਾ ਜੋ ਉਨ੍ਹਾਂ ਦੀਆਂ ਗ਼ੈਰ-ਬਾਈਬਲੀ ਸਿੱਖਿਆਵਾਂ ਦੇ ਖ਼ਿਲਾਫ਼ ਉੱਠੀ ਸੀ। ਉਹ ਮਜ਼ਹਬੀ ਆਜ਼ਾਦੀ ਅਤੇ ਸੱਚਾਈ ਦੇ ਕੱਟੜ ਵੈਰੀ ਸਾਬਤ ਹੋਏ। ਦੁੱਖ ਦੀ ਗੱਲ ਹੈ ਕਿ ਸਾਡੇ ਜ਼ਮਾਨੇ ਤਕ ਇਹੋ ਗੱਲ ਚੱਲਦੀ ਆਈ ਹੈ, ਪਰ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਜਦੋਂ ਸੋਚਣ ਅਤੇ ਬੋਲਣ ਦੀ ਆਜ਼ਾਦੀ ਖ਼ਿਲਾਫ਼ ਪਾਦਰੀ ਸਾਜ਼ਸ਼ਾਂ ਘੜਦੇ ਹਨ, ਤਾਂ ਕੀ ਹੁੰਦਾ ਹੈ।
[ਫੁਟਨੋਟ]
^ ਪੈਰਾ 24 ਆਪਣੀ ਧਰਮ-ਸਿਧਾਂਤ ਦੀ ਸੂਚੀ ਵਿਚ ਉਸ ਨੇ ਤ੍ਰਿਏਕ, ਕਿਸਮਤ, ਅਤੇ ਅਮਰ ਆਤਮਾ ਦੀਆਂ ਸਿੱਖਿਆਵਾਂ ਸਵੀਕਾਰ ਕੀਤੀਆਂ ਪਰ ਇਹ ਸਿੱਖਿਆਵਾਂ ਬਾਈਬਲ ਅਨੁਸਾਰ ਨਹੀਂ ਹਨ।
[ਸਫ਼ੇ 29 ਉੱਤੇ ਸੁਰਖੀ]
ਲੂਕਾਰਸ ਨੇ ਕਾਫ਼ੀ ਕੋਸ਼ਿਸ਼ ਕੀਤੀ ਕਿ ਚਰਚ ਦੀਆਂ ਸਿੱਖਿਆਵਾਂ ਬਾਈਬਲ ਅਨੁਸਾਰ ਹੋਣ ਅਤੇ ਲੋਕ ਬਾਈਬਲ ਦੀਆਂ ਸਿੱਖਿਆਵਾਂ ਸਮਝਣ।
[ਸਫ਼ੇ 28 ਉੱਤੇ ਡੱਬੀ/ਤਸਵੀਰ]
ਲੂਕਾਰਸ ਅਤੇ ਕੋਡੈਕਸ ਐਲੈਗਸੈਂਡ੍ਰੀਨਸ
ਬ੍ਰਿਟਿਸ਼ ਲਾਇਬ੍ਰੇਰੀ ਦੀ ਇਕ ਬਹੁਮੁੱਲੀ ਚੀਜ਼ ਪੰਜਵੀਂ ਸਦੀ ਦੀ ਕੋਡੈਕਸ ਐਲੈਗਸੈਂਡ੍ਰੀਨਸ ਨਾਮਕ ਹੱਥਲਿਖਤ ਬਾਈਬਲ ਹੈ। ਉਸ ਦੇ ਮੁਢਲੇ 820 ਸਫ਼ਿਆਂ ਵਿੱਚੋਂ 773 ਬਚੇ ਹੋਏ ਹਨ।
ਜਦੋਂ ਲੂਕਾਰਸ ਮਿਸਰ ਵਿਚ ਸਿਕੰਦਰੀਆ ਦਾ ਮੁਖੀਆ ਸੀ, ਉਸ ਕੋਲ ਬਹੁਤ ਸਾਰੀਆਂ ਕਿਤਾਬਾਂ ਹੁੰਦੀਆਂ ਸਨ। ਜਦੋਂ ਉਹ ਕਾਂਸਟੈਂਟੀਨੋਪਲ ਦਾ ਮੁਖੀਆ ਬਣਿਆ, ਉਹ ਕੋਡੈਕਸ ਐਲੈਗਸੈਂਡ੍ਰੀਨਸ ਆਪਣੇ ਨਾਲ ਲੈ ਗਿਆ। ਉਸ ਨੇ 1624 ਵਿਚ ਤੁਰਕੀ ਨੂੰ ਆਏ ਬਰਤਾਨਵੀ ਰਾਜਦੂਤ ਦੇ ਹੱਥੀਂ ਅੰਗ੍ਰੇਜ਼ ਰਾਜੇ, ਜੇਮਜ਼ ਪਹਿਲੇ ਨੂੰ ਕੋਡੈਕਸ ਐਲੈਗਸੈਂਡ੍ਰੀਨਸ ਇਕ ਤੋਹਫ਼ੇ ਦੇ ਤੌਰ ਤੇ ਭੇਜ ਦਿੱਤੀ। ਤਿੰਨ ਸਾਲ ਬਾਅਦ ਉਹ ਜੇਮਜ਼ ਦੇ ਵਾਰਸ ਚਾਰਲਜ਼ ਪਹਿਲੇ ਨੂੰ ਦਿੱਤੀ ਗਈ।
ਸੰਨ 1757 ਵਿਚ ਰਾਜੇ ਦੀ ਸ਼ਾਹੀ ਪੁਸਤਕਾਲਾ ਬ੍ਰਿਟਿਸ਼ ਕੌਮ ਨੂੰ ਦੇ ਦਿੱਤੀ ਗਈ ਅਤੇ ਇਹ ਵਧੀਆ ਪ੍ਰਾਚੀਨ ਹੱਥਲਿਖਤ ਗ੍ਰੰਥ ਬ੍ਰਿਟਿਸ਼ ਲਾਇਬ੍ਰੇਰੀ ਦੀ ਜੌਨ ਰਿਟਬਲੈਟ ਗੈਲਰੀ ਵਿਚ ਦੇਖਿਆ ਜਾ ਸਕਦਾ ਹੈ।
[ਕ੍ਰੈਡਿਟ ਲਾਈਨਾਂ]
Gewerbehalle, Vol. 10
From The Codex Alexandrinus in Reduced Photographic Facsimile, 1909
[ਸਫ਼ੇ 26 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Bib. Publ. Univ. de Genève