Skip to content

Skip to table of contents

ਉਨ੍ਹਾਂ ਨੂੰ ਆਪਣੀ ਨਿਹਚਾ ਦਾ ਇਨਾਮ ਮਿਲਿਆ

ਉਨ੍ਹਾਂ ਨੂੰ ਆਪਣੀ ਨਿਹਚਾ ਦਾ ਇਨਾਮ ਮਿਲਿਆ

ਰਾਜ ਘੋਸ਼ਕ ਰਿਪੋਰਟ ਕਰਦੇ ਹਨ

ਉਨ੍ਹਾਂ ਨੂੰ ਆਪਣੀ ਨਿਹਚਾ ਦਾ ਇਨਾਮ ਮਿਲਿਆ

ਪੌਲੁਸ ਰਸੂਲ ਇਕ ਅਜਿਹਾ ਇਨਸਾਨ ਸੀ ਜਿਸ ਦੀ ਨਿਹਚਾ ਬੇਮਿਸਾਲ ਸੀ ਅਤੇ ਉਸ ਨੇ ਆਪਣੇ ਸੰਗੀ ਨਿਹਚਾਵਾਨਾਂ ਨੂੰ ਵੀ ਇਸੇ ਤਰ੍ਹਾਂ ਦੀ ਨਿਹਚਾ ਰੱਖਣ ਲਈ ਉਤਸ਼ਾਹਿਤ ਕੀਤਾ। ਉਸ ਨੇ ਕਿਹਾ: “ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।” (ਇਬ. 11:6) ਹੇਠਾਂ ਦਿੱਤੇ ਮੋਜ਼ਾਮਬੀਕ ਦੇ ਅਨੁਭਵ ਦਿਖਾਉਂਦੇ ਹਨ ਕਿ ਕਿਵੇਂ ਯਹੋਵਾਹ ਮਜ਼ਬੂਤ ਨਿਹਚਾ ਦਾ ਇਨਾਮ ਦਿੰਦਾ ਹੈ ਅਤੇ ਦਿਲੀ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ।

• ਉੱਤਰੀ ਸੂਬੇ ਨਿਆਸਾ ਦੀ ਇਕ ਵਿਧਵਾ ਭੈਣ ਨੂੰ ਇਹ ਫ਼ਿਕਰ ਸੀ ਕਿ ਉਹ ਆਪਣੇ ਛੇ ਬੱਚਿਆਂ ਨਾਲ “ਈਸ਼ਵਰੀ ਜੀਵਨ ਦਾ ਰਾਹ” ਜ਼ਿਲ੍ਹਾ ਮਹਾਂ-ਸੰਮੇਲਨ ਵਿਚ ਕਿਵੇਂ ਜਾਵੇਗੀ। ਉਸ ਦੀ ਆਮਦਨੀ ਦਾ ਇੱਕੋ-ਇਕ ਵਸੀਲਾ ਬਾਜ਼ਾਰ ਵਿਚ ਜਾ ਕੇ ਚੀਜ਼ਾਂ ਵੇਚਣਾ ਸੀ, ਪਰ ਜਦੋਂ ਮਹਾਂ-ਸੰਮੇਲਨ ਦੀ ਤਾਰੀਖ਼ ਨੇੜੇ ਆਈ, ਤਾਂ ਭੈਣ ਕੋਲ ਆਪਣੇ ਅਤੇ ਆਪਣੇ ਪਰਿਵਾਰ ਲਈ ਗੱਡੀ ਵਿਚ ਸਿਰਫ਼ ਜਾਣ ਦਾ ਹੀ ਕਿਰਾਇਆ ਸੀ। ਪਰ ਉਸ ਨੇ ਆਪਣਾ ਪੂਰਾ ਭਰੋਸਾ ਯਹੋਵਾਹ ਤੇ ਰੱਖਿਆ ਅਤੇ ਮਹਾਂ-ਸੰਮੇਲਨ ਵਿਚ ਹਾਜ਼ਰ ਹੋਣ ਲਈ ਘਰੋਂ ਤੁਰ ਪਈ।

ਉਹ ਆਪਣੇ ਛੇ ਬੱਚਿਆਂ ਨਾਲ ਗੱਡੀ ਵਿਚ ਬੈਠ ਗਈ। ਸਫ਼ਰ ਦੌਰਾਨ ਕੰਡਕਟਰ ਟਿਕਟ ਕੱਟਣ ਲਈ ਉਸ ਕੋਲ ਆਇਆ। ਉਸ ਦੇ ਬੈਜ ਕਾਰਡ ਨੂੰ ਦੇਖ ਕੇ ਕੰਡਕਟਰ ਨੇ ਪੁੱਛਿਆ ਕਿ ਉਹ ਕਿੱਥੇ ਜਾ ਰਹੀ ਹੈ। ਭੈਣ ਨੇ ਉਸ ਨੂੰ ਦੱਸਿਆ ਕਿ ਉਹ ਇਕ ਯਹੋਵਾਹ ਦੀ ਗਵਾਹ ਹੈ ਤੇ ਉਹ ਆਪਣੇ ਹੋਣ ਵਾਲੇ ਜ਼ਿਲ੍ਹਾ ਮਹਾਂ-ਸੰਮੇਲਨ ਵਿਚ ਹਾਜ਼ਰ ਹੋਣ ਲਈ ਜਾ ਰਹੀ ਹੈ। ਕੰਡਕਟਰ ਨੇ ਪੁੱਛਿਆ: “ਇਹ ਮਹਾਂ-ਸੰਮੇਲਨ ਕਿੱਥੇ ਹੋਣ ਵਾਲਾ ਹੈ?” ਇਹ ਜਾਣਨ ਤੋਂ ਬਾਅਦ ਕਿ ਮਹਾਂ-ਸੰਮੇਲਨ 300 ਕਿਲੋਮੀਟਰ ਦੂਰ ਗੁਆਂਢੀ ਸੂਬੇ ਨਾਮਪੂਲਾ ਵਿਚ ਹੋਣ ਵਾਲਾ ਹੈ, ਉਸ ਨੇ ਭੈਣ ਕੋਲੋਂ ਟਿਕਟਾਂ ਦੇ ਅੱਧੇ ਹੀ ਪੈਸੇ ਲਏ! ਉਸ ਨੇ ਬਾਕੀ ਬਚੇ ਪੈਸਿਆਂ ਵਿੱਚੋਂ ਭੈਣ ਅਤੇ ਉਸ ਦੇ ਪਰਿਵਾਰ ਨੂੰ ਵਾਪਸੀ ਦੀਆਂ ਟਿਕਟਾਂ ਵੀ ਦੇ ਦਿੱਤੀਆਂ। ਯਹੋਵਾਹ ਤੇ ਆਪਣਾ ਪੂਰਾ ਭਰੋਸਾ ਰੱਖ ਕੇ ਭੈਣ ਕਿੰਨੀ ਖ਼ੁਸ਼ ਹੋਈ!—ਜ਼ਬੂਰਾਂ ਦੀ ਪੋਥੀ 121:1, 2.

• ਇਕ ਧਾਰਮਿਕ ਵਿਚਾਰਾਂ ਵਾਲੀ ਤੀਵੀਂ 25 ਸਾਲਾਂ ਤੋਂ ਪਰਮੇਸ਼ੁਰ ਨੂੰ ਇਹੀ ਪ੍ਰਾਰਥਨਾ ਕਰਦੀ ਰਹੀ ਕਿ ਉਹ ਉਸ ਨੂੰ ਉਪਾਸਨਾ ਕਰਨ ਦਾ ਸਹੀ ਰਾਹ ਦਿਖਾਵੇ। ਜਿਸ ਗਿਰਜੇ ਵਿਚ ਉਹ ਜਾਂਦੀ ਸੀ ਉੱਥੇ ਧਾਰਮਿਕ ਰਸਮਾਂ ਦੇ ਨਾਲ-ਨਾਲ ਪੁਰਾਣੇ ਰੀਤੀ-ਰਿਵਾਜ ਵੀ ਮੰਨੇ ਜਾਂਦੇ ਸਨ। ਇਸ ਕਰਕੇ ਉਸ ਨੂੰ ਸ਼ੱਕ ਸੀ ਕਿ ਉਪਾਸਨਾ ਕਰਨ ਦਾ ਇਹ ਤਰੀਕਾ ਪਰਮੇਸ਼ੁਰ ਨੂੰ ਪਸੰਦ ਨਹੀਂ ਹੋਵੇਗਾ।

ਉਹ ਦੱਸਦੀ ਹੈ: “ਮੈਂ ਮੱਤੀ 7:7 ਵਿਚ ਲਿਖੇ ਹੋਏ ਯਿਸੂ ਦੇ ਇਹ ਲਫ਼ਜ਼ ਹਮੇਸ਼ਾਂ ਯਾਦ ਕਰਦੀ ਹੁੰਦੀ ਸੀ: ‘ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ। ਢੂੰਢੋ ਤਾਂ ਤੁਹਾਨੂੰ ਲੱਭੇਗਾ। ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।’ ਇਸ ਸ਼ਾਸਤਰਵਚਨ ਨੂੰ ਧਿਆਨ ਵਿਚ ਰੱਖਦੇ ਹੋਏ, ਮੈਂ ਬਾਕਾਇਦਾ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੀ ਹੁੰਦੀ ਸੀ ਕਿ ਉਹ ਮੈਨੂੰ ਸੱਚਾਈ ਦੱਸੇ। ਇਕ ਦਿਨ ਸਾਡੇ ਗਿਰਜੇ ਦੇ ਪਾਦਰੀ ਨੇ ਬਾਜ਼ਾਰ ਵਿਚ ਕੰਮ ਕਰਨ ਵਾਲਿਆਂ ਨੂੰ ਕਿਹਾ ਕਿ ਉਹ ਆਪਣੇ ਮਾਲ-ਮਤੇ ਦੇ ਨਾਲ-ਨਾਲ ਕੁਝ ਪੈਸੇ ਵੀ ਲੈ ਕੇ ਆਉਣ ਤਾਂਕਿ ਉਹ ਉਨ੍ਹਾਂ ਉੱਤੇ ਬਰਕਤ ਦੇ ਸਕੇ। ਪਰ ਮੈਨੂੰ ਇਹ ਗੱਲ ਬਾਈਬਲ ਦੇ ਬਿਲਕੁਲ ਖ਼ਿਲਾਫ਼ ਲੱਗੀ ਜਿਸ ਕਰਕੇ ਮੈਂ ਕੁਝ ਵੀ ਨਾ ਲੈ ਕੇ ਗਈ। ਜਦੋਂ ਪਾਦਰੀ ਨੇ ਦੇਖਿਆ ਕਿ ਮੈਂ ‘ਭੇਟ’ ਨਹੀਂ ਲੈ ਕੇ ਆਈ, ਤਾਂ ਉਸ ਨੇ ਗਿਰਜੇ ਦੇ ਸਾਰੇ ਮੈਂਬਰਾਂ ਸਾਮ੍ਹਣੇ ਮੇਰੀ ਬੇਇੱਜ਼ਤੀ ਕਰਨੀ ਸ਼ੁਰੂ ਕਰ ਦਿੱਤੀ। ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਪਰਮੇਸ਼ੁਰ ਇਸ ਤਰ੍ਹਾਂ ਦੀ ਉਪਾਸਨਾ ਨਹੀਂ ਚਾਹੁੰਦਾ ਜਿਸ ਕਰਕੇ ਮੈਂ ਗਿਰਜੇ ਜਾਣਾ ਛੱਡ ਦਿੱਤਾ। ਪਰ ਮੈਂ ਸੱਚਾਈ ਲੱਭਣ ਲਈ ਪ੍ਰਾਰਥਨਾ ਕਰਦੀ ਰਹੀ।

“ਆਖ਼ਰਕਾਰ ਮੈਂ ਹਿੰਮਤ ਕਰ ਕੇ ਆਪਣੇ ਇਕ ਰਿਸ਼ਤੇਦਾਰ ਨੂੰ ਮਿਲਣ ਗਈ ਜੋ ਯਹੋਵਾਹ ਦਾ ਇਕ ਗਵਾਹ ਹੈ। ਉਸ ਨੇ ਮੈਨੂੰ ਇਕ ਟ੍ਰੈਕਟ ਦਿੱਤਾ ਜਿਸ ਨੂੰ ਪੜ੍ਹਨ ਤੋਂ ਬਾਅਦ ਮੈਨੂੰ ਇਕਦਮ ਪਤਾ ਲੱਗ ਗਿਆ ਕਿ ਪਰਮੇਸ਼ੁਰ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਦੇ ਰਿਹਾ ਸੀ। ਸਮਾਂ ਆਉਣ ਤੇ, ਮੇਰੇ ਸਾਥੀ ਨੇ ਵੀ ਬਾਈਬਲ ਸੱਚਾਈਆਂ ਦੀ ਕਦਰ ਕਰਨੀ ਸ਼ੁਰੂ ਕਰ ਦਿੱਤੀ ਤੇ ਅਸੀਂ ਆਪਣਾ ਵਿਆਹ ਕਾਨੂੰਨੀ ਤੌਰ ਤੇ ਰਜਿਸਟਰ ਕਰਵਾ ਲਿਆ। ਪਰ, ਬਾਅਦ ਵਿਚ ਮੇਰੇ ਪਤੀ ਬਹੁਤ ਜ਼ਿਆਦਾ ਬੀਮਾਰ ਹੋ ਗਏ। ਪਰ ਆਪਣੀ ਮੌਤ ਤਕ ਉਨ੍ਹਾਂ ਨੇ ਮੈਨੂੰ ਉਤਸ਼ਾਹਿਤ ਕੀਤਾ ਕਿ ਮੈਂ ਸੱਚਾਈ ਦੇ ਰਾਹ ਉੱਤੇ ਚੱਲਦੀ ਰਹਾਂ ਤਾਂਕਿ ਅਸੀਂ ਫਿਰਦੌਸ ਵਿਚ ਦੁਬਾਰਾ ਮਿਲ ਸਕੀਏ।

“ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਣ ਲਈ ਅਤੇ ਉਪਾਸਨਾ ਦਾ ਸਹੀ ਰਾਹ ਦਿਖਾਉਣ ਲਈ ਮੈਂ ਹਮੇਸ਼ਾ-ਹਮੇਸ਼ਾ ਲਈ ਯਹੋਵਾਹ ਦੀ ਸ਼ੁਕਰਗੁਜ਼ਾਰ ਹਾਂ। ਮੈਨੂੰ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਉਦੋਂ ਵੀ ਮਿਲਿਆ ਜਦੋਂ ਮੈਂ ਆਪਣੇ ਅੱਠ ਬੱਚਿਆਂ ਨੂੰ ਯਹੋਵਾਹ ਦੇ ਸਮਰਪਿਤ ਗਵਾਹ ਬਣਦੇ ਦੇਖਿਆ।”