Skip to content

Skip to table of contents

ਯਹੋਵਾਹ ਦੀ ਸ਼ਕਤੀ ਅਸੀਮ ਹੈ

ਯਹੋਵਾਹ ਦੀ ਸ਼ਕਤੀ ਅਸੀਮ ਹੈ

ਯਹੋਵਾਹ ਦੀ ਸ਼ਕਤੀ ਅਸੀਮ ਹੈ

“ਉਹ ਦੀ ਵੱਡੀ ਸ਼ਕਤੀ ਨਾਲ, ਅਤੇ ਉਹ ਦੇ ਡਾਢੇ ਬਲ ਦੇ ਕਾਰਨ, ਇੱਕ ਦੀ ਵੀ ਕਮੀ ਨਹੀਂ ਹੁੰਦੀ।”—ਯਸਾਯਾਹ 40:26.

1, 2. (ੳ) ਅਸੀਂ ਸ਼ਕਤੀ ਦੇ ਕਿਹੜੇ ਭੌਤਿਕ ਸੋਮੇ ਉੱਤੇ ਨਿਰਭਰ ਕਰਦੇ ਹਾਂ? (ਅ) ਸਮਝਾਓ ਕਿ ਯਹੋਵਾਹ ਸਾਰੀ ਸ਼ਕਤੀ ਦਾ ਸਭ ਤੋਂ ਵੱਡਾ ਸੋਮਾ ਕਿਉਂ ਹੈ?

ਸ਼ਕਤੀ ਇਕ ਅਜਿਹੀ ਚੀਜ਼ ਹੈ ਜਿਸ ਦੀ ਅਹਿਮੀਅਤ ਨੂੰ ਬਹੁਤ ਹੀ ਘੱਟ ਲੋਕ ਸਮਝਦੇ ਹਨ। ਉਦਾਹਰਣ ਲਈ ਸਾਡੇ ਘਰਾਂ ਨੂੰ ਰੌਸ਼ਨ ਕਰਨ ਵਾਲੀ ਬਿਜਲੀ ਬਾਰੇ ਅਸੀਂ ਜ਼ਿਆਦਾ ਵਿਚਾਰ ਨਹੀਂ ਕਰਦੇ ਜਿਸ ਨਾਲ ਅਸੀਂ ਆਸਾਨੀ ਨਾਲ ਕੋਈ ਵੀ ਉਪਕਰਣ ਚਲਾ ਸਕਦੇ ਹਾਂ। ਸਿਰਫ਼ ਬਿਜਲੀ ਦੇ ਬੰਦ ਹੋ ਜਾਣ ਨਾਲ ਹੀ ਸਾਨੂੰ ਅਹਿਸਾਸ ਹੁੰਦਾ ਹੈ ਕਿ ਇਸ ਤੋਂ ਬਿਨਾਂ ਸਾਡੇ ਸਾਰੇ ਕੰਮ-ਕਾਰ ਰੁਕ ਜਾਣਗੇ। ਜਿਸ ਬਿਜਲੀ ਉੱਤੇ ਅਸੀਂ ਇੰਨਾ ਨਿਰਭਰ ਕਰਦੇ ਹਾਂ, ਉਹ ਧਰਤੀ ਦੇ ਸਭ ਤੋਂ ਭਰੋਸੇਯੋਗ ਸੋਮੇ—ਸੂਰਜ—ਤੋਂ ਅਸਿੱਧੇ ਤੌਰ ਤੇ ਪ੍ਰਾਪਤ ਹੁੰਦੀ ਹੈ। * ਹਰ ਸਕਿੰਟ ਵਿਚ ਇਹ ਸੂਰਜ 50 ਲੱਖ ਟਨ ਪਰਮਾਣੂ ਬਾਲਣ ਖਪਤ ਕਰਦਾ ਹੈ ਤੇ ਧਰਤੀ ਨੂੰ ਊਰਜਾ ਦਿੰਦਾ ਹੈ ਜਿਸ ਨਾਲ ਜੀਵਨ ਚੱਲਦਾ ਹੈ।

2 ਇਹ ਸਾਰੀ ਸੂਰਜੀ ਊਰਜਾ ਕਿੱਥੋਂ ਆਉਂਦੀ ਹੈ? ਇਹ ਆਕਾਸ਼ੀ ਬਿਜਲੀ ਘਰ ਕਿਸ ਨੇ ਬਣਾਇਆ ਹੈ? ਯਹੋਵਾਹ ਪਰਮੇਸ਼ੁਰ ਨੇ। ਉਸ ਬਾਰੇ ਦੱਸਦੇ ਹੋਏ, ਜ਼ਬੂਰ 74:16 ਕਹਿੰਦਾ ਹੈ: “ਤੈਂ ਉਜਾਲੇ ਅਤੇ ਸੂਰਜ ਨੂੰ ਕਾਇਮ ਕਰ ਰੱਖਿਆ ਹੈ।” ਜੀ ਹਾਂ, ਯਹੋਵਾਹ ਹੀ ਸਾਰੀ ਸ਼ਕਤੀ ਦਾ ਸਭ ਤੋਂ ਵੱਡਾ ਸੋਮਾ ਹੈ, ਠੀਕ ਜਿਵੇਂ ਉਹ ਜੀਵਨ ਦਾ ਸੋਮਾ ਹੈ। (ਜ਼ਬੂਰ 36:9) ਆਓ ਆਪਾਂ ਕਦੀ ਵੀ ਉਸ ਦੀ ਸ਼ਕਤੀ ਨੂੰ ਘੱਟ ਨਾ ਸਮਝੀਏ। ਯਸਾਯਾਹ ਨਬੀ ਦੇ ਰਾਹੀਂ ਯਹੋਵਾਹ ਸਾਨੂੰ ਯਾਦ ਕਰਾਉਂਦਾ ਹੈ ਕਿ ਅਸੀਂ ਆਕਾਸ਼ੀ ਪਿੰਡਾਂ, ਜਿਵੇਂ ਕਿ ਸੂਰਜ ਅਤੇ ਤਾਰਿਆਂ ਵੱਲ ਦੇਖੀਏ ਅਤੇ ਵਿਚਾਰ ਕਰੀਏ ਕਿ ਇਹ ਕਿਵੇਂ ਹੋਂਦ ਵਿਚ ਆਏ। “ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ ਭਈ ਕਿਹਨੇ ਏਹਨਾਂ ਨੂੰ ਸਾਜਿਆ, ਜਿਹੜਾ ਏਹਨਾਂ ਦੀ ਸੈਨਾ ਗਿਣ ਕੇ ਬਾਹਰ ਲੈ ਜਾਂਦਾ ਹੈ, ਉਹ ਏਹਨਾਂ ਸਾਰਿਆਂ ਨੂੰ ਨਾਉਂ ਲੈ ਲੈ ਕੇ ਪੁਕਾਰਦਾ ਹੈ, ਉਹ ਦੀ ਵੱਡੀ ਸ਼ਕਤੀ ਨਾਲ, ਅਤੇ ਉਹ ਦੇ ਡਾਢੇ ਬਲ ਦੇ ਕਾਰਨ, ਇੱਕ ਦੀ ਵੀ ਕਮੀ ਨਹੀਂ ਹੁੰਦੀ।”—ਯਸਾਯਾਹ 40:26; ਯਿਰਮਿਯਾਹ 32:17.

3. ਅਸੀਂ ਯਹੋਵਾਹ ਦੀ ਸ਼ਕਤੀ ਤੋਂ ਕਿਵੇਂ ਲਾਭ ਪ੍ਰਾਪਤ ਕਰਦੇ ਹਾਂ?

3 ਕਿਉਂਕਿ ਯਹੋਵਾਹ ਦੀ ਸ਼ਕਤੀ ਅਸੀਮ ਹੈ, ਇਸ ਲਈ ਅਸੀਂ ਭਰੋਸਾ ਕਰ ਸਕਦੇ ਹਾਂ ਕਿ ਸੂਰਜ ਸਾਨੂੰ ਰੋਸ਼ਨੀ ਅਤੇ ਗਰਮੀ ਦਿੰਦਾ ਰਹੇਗਾ ਜਿਸ ਉੱਤੇ ਸਾਡੀਆਂ ਜ਼ਿੰਦਗੀਆਂ ਨਿਰਭਰ ਕਰਦੀਆਂ ਹਨ। ਪਰ ਅਸੀਂ ਪਰਮੇਸ਼ੁਰ ਦੀ ਸ਼ਕਤੀ ਉੱਤੇ ਸਿਰਫ਼ ਆਪਣੀਆਂ ਬੁਨਿਆਦੀ ਭੌਤਿਕ ਲੋੜਾਂ ਲਈ ਹੀ ਨਿਰਭਰ ਨਹੀਂ ਕਰਦੇ ਹਾਂ। ਪਾਪ ਅਤੇ ਮੌਤ ਤੋਂ ਸਾਡੀ ਮੁਕਤੀ, ਭਵਿੱਖ ਲਈ ਸਾਡੀ ਆਸ਼ਾ ਅਤੇ ਯਹੋਵਾਹ ਉੱਤੇ ਸਾਡਾ ਵਿਸ਼ਵਾਸ, ਇਹ ਸਭ ਕੁਝ ਉਸ ਦੁਆਰਾ ਆਪਣੀ ਸ਼ਕਤੀ ਨੂੰ ਇਸਤੇਮਾਲ ਕਰਨ ਉੱਤੇ ਪੂਰੀ ਤਰ੍ਹਾਂ ਨਿਰਭਰ ਕਰਦਾ ਹੈ। (ਜ਼ਬੂਰ 28:6-9; ਯਸਾਯਾਹ 50:2) ਬਾਈਬਲ ਵਿਚ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਦਿੱਤੀਆਂ ਗਈਆਂ ਹਨ ਜੋ ਦਿਖਾਉਂਦੀਆਂ ਹਨ ਕਿ ਯਹੋਵਾਹ ਚੀਜ਼ਾਂ ਨੂੰ ਸ੍ਰਿਸ਼ਟ ਕਰਨ ਅਤੇ ਮਨੁੱਖਜਾਤੀ ਨੂੰ ਮੁਕਤੀ ਦੇਣ, ਆਪਣੇ ਲੋਕਾਂ ਨੂੰ ਬਚਾਉਣ ਅਤੇ ਆਪਣੇ ਦੁਸ਼ਮਣਾਂ ਦਾ ਨਾਸ਼ ਕਰਨ ਦੀ ਸ਼ਕਤੀ ਰੱਖਦਾ ਹੈ।

ਪਰਮੇਸ਼ੁਰ ਦੀ ਸ਼ਕਤੀ ਸ੍ਰਿਸ਼ਟੀ ਵਿਚ ਦਿਖਾਈ ਦਿੰਦੀ ਹੈ

4. (ੳ) ਰਾਤ ਵੇਲੇ ਆਕਾਸ਼ ਨੂੰ ਦੇਖ ਕੇ ਦਾਊਦ ਨੇ ਕਿਵੇਂ ਮਹਿਸੂਸ ਕੀਤਾ? (ਅ) ਆਕਾਸ਼ੀ ਪਿੰਡ ਪਰਮੇਸ਼ੁਰ ਦੀ ਸ਼ਕਤੀ ਬਾਰੇ ਕੀ ਪ੍ਰਗਟ ਕਰਦੇ ਹਨ?

4 ਪੌਲੁਸ ਰਸੂਲ ਨੇ ਸਮਝਾਇਆ ਕਿ ਸਾਡੇ ਸ੍ਰਿਸ਼ਟੀਕਰਤਾ ਦੀ ‘ਅਨਾਦੀ ਸਮਰੱਥਾ ਉਹ ਦੀ ਰਚਨਾ ਤੋਂ ਚੰਗੀ ਤਰ੍ਹਾਂ ਦਿੱਸ ਪੈਂਦੀ ਹੈ।’ (ਰੋਮੀਆਂ 1:20) ਕਈ ਸਦੀਆਂ ਪਹਿਲਾਂ, ਜ਼ਬੂਰਾਂ ਦੇ ਲਿਖਾਰੀ ਦਾਊਦ, ਜੋ ਚਰਵਾਹਾ ਹੋਣ ਕਰਕੇ ਅਕਸਰ ਰਾਤ ਨੂੰ ਆਕਾਸ਼ ਵੱਲ ਦੇਖਦਾ ਹੋਣਾ, ਨੇ ਬ੍ਰਹਿਮੰਡ ਦੀ ਸ਼ਾਨੋ-ਸ਼ੌਕਤ ਅਤੇ ਉਸ ਦੇ ਸਿਰਜਣਹਾਰ ਦੀ ਸ਼ਕਤੀ ਨੂੰ ਜਾਣਿਆ। ਉਸ ਨੇ ਲਿਖਿਆ: “ਜਦ ਮੈਂ ਤੇਰੇ ਅਕਾਸ਼ ਨੂੰ ਵੇਖਦਾ ਹਾਂ, ਜਿਹੜਾ ਤੇਰੀ ਦਸਤਕਾਰੀ ਹੈ, ਨਾਲੇ ਚੰਦ ਅਰ ਤਾਰਿਆਂ ਨੂੰ ਜਿਹੜੇ ਤੈਂ ਕਾਇਮ ਕੀਤੇ ਹਨ, ਤਾਂ ਇਨਸਾਨ ਕੀ ਹੈ, ਜੋ ਤੂੰ ਉਸ ਨੂੰ ਚੇਤੇ ਵਿੱਚ ਲਿਆਵੇਂ, ਅਤੇ ਆਦਮੀ ਜਾਇਆ ਕੀ, ਜੋ ਤੂੰ ਉਸ ਦੀ ਸੁੱਧ ਲਵੇਂ?” (ਜ਼ਬੂਰ 8:3, 4) ਆਕਾਸ਼ੀ ਪਿੰਡਾਂ ਬਾਰੇ ਸੀਮਿਤ ਜਾਣਕਾਰੀ ਹੋਣ ਦੇ ਬਾਵਜੂਦ ਵੀ ਦਾਊਦ ਇਹ ਸਮਝ ਗਿਆ ਸੀ ਕਿ ਉਹ ਇਸ ਵਿਸ਼ਾਲ ਬ੍ਰਹਿਮੰਡ ਦੇ ਸਿਰਜਣਹਾਰ ਦੇ ਸਾਮ੍ਹਣੇ ਕੁਝ ਵੀ ਨਹੀਂ। ਅੱਜ ਖਗੋਲ-ਵਿਗਿਆਨੀ ਬ੍ਰਹਿਮੰਡ ਦੀ ਵਿਸ਼ਾਲਤਾ ਬਾਰੇ ਅਤੇ ਇਸ ਨੂੰ ਕਾਇਮ ਰੱਖਣ ਵਾਲੀ ਸ਼ਕਤੀ ਬਾਰੇ ਬਹੁਤ ਕੁਝ ਜਾਣਦੇ ਹਨ। ਉਦਾਹਰਣ ਲਈ ਉਹ ਸਾਨੂੰ ਦੱਸਦੇ ਹਨ ਕਿ ਸਾਡਾ ਸੂਰਜ ਹਰ ਸਕਿੰਟ ਵਿਚ ਇੰਨੀ ਊਰਜਾ ਛੱਡਦਾ ਹੈ ਜਿੰਨੀ ਕਿ ਇਕ ਖ਼ਰਬ ਮੈਗਾਟਨ ਟੀ.ਐੱਨ.ਟੀ. ਦੇ ਵਿਸਫੋਟ ਤੋਂ ਪੈਦਾ ਹੁੰਦੀ ਹੈ। * ਇਸ ਊਰਜਾ ਦਾ ਬਹੁਤ ਥੋੜ੍ਹਾ ਹਿੱਸਾ ਧਰਤੀ ਉੱਤੇ ਪਹੁੰਚਦਾ ਹੈ, ਪਰ ਇਹ ਧਰਤੀ ਉੱਤੇ ਹਰ ਤਰ੍ਹਾਂ ਦੇ ਜੀਵਨ ਨੂੰ ਚਲਾਈ ਰੱਖਣ ਲਈ ਕਾਫ਼ੀ ਹੈ। ਪਰ ਸਾਡਾ ਸੂਰਜ ਹੀ ਆਕਾਸ਼ ਦਾ ਸਭ ਤੋਂ ਸ਼ਕਤੀਸ਼ਾਲੀ ਤਾਰਾ ਨਹੀਂ ਹੈ। ਕੁਝ ਤਾਰੇ ਇਕ ਸਕਿੰਟ ਵਿਚ ਇੰਨੀ ਊਰਜਾ ਛੱਡਦੇ ਹਨ ਜਿੰਨੀ ਸੂਰਜ ਇਕ ਦਿਨ ਵਿਚ ਛੱਡਦਾ ਹੈ। ਤਾਂ ਫਿਰ, ਇਨ੍ਹਾਂ ਆਕਾਸ਼ੀ ਪਿੰਡਾਂ ਨੂੰ ਬਣਾਉਣ ਵਾਲੇ ਦੀ ਸ਼ਕਤੀ ਦੀ ਜ਼ਰਾ ਕਲਪਨਾ ਕਰੋ! ਅਲੀਹੂ ਨੇ ਬਿਲਕੁਲ ਸਹੀ ਕਿਹਾ: “ਸਰਬ ਸ਼ਕਤੀਮਾਨ ਨੂੰ ਆਪਾਂ ਲੱਭ ਨਹੀਂ ਸੱਕਦੇ, ਉਹ ਸ਼ਕਤੀ ਵਿੱਚ ਮਹਾਨ ਹੈਗਾ।”—ਅੱਯੂਬ 37:23.

5. ਯਹੋਵਾਹ ਦੇ ਕੰਮਾਂ ਵਿਚ ਅਸੀਂ ਉਸ ਦੀ ਤਾਕਤ ਦਾ ਕਿਹੜਾ ਸਬੂਤ ਦੇਖਦੇ ਹਾਂ?

5 ਜੇ ਅਸੀਂ ਦਾਊਦ ਵਾਂਗ ‘ਪਰਮੇਸ਼ੁਰ ਦੇ ਕੰਮਾਂ ਨੂੰ ਭਾਲਦੇ’ ਹਾਂ, ਤਾਂ ਅਸੀਂ ਹਰ ਜਗ੍ਹਾ ਉਸ ਦੀ ਸ਼ਕਤੀ ਦੇ ਸਬੂਤ ਦੇਖਾਂਗੇ—ਹਵਾ ਅਤੇ ਸਮੁੰਦਰ ਦੀਆਂ ਲਹਿਰਾਂ ਵਿਚ, ਬਦਲਾਂ ਦੀ ਗਰਜ ਅਤੇ ਬਿਜਲੀ ਦੀ ਚਮਕ ਵਿਚ, ਤੇਜ਼ ਵਹਿੰਦੇ ਦਰਿਆਵਾਂ ਅਤੇ ਉੱਚੇ-ਉੱਚੇ ਪਹਾੜਾਂ ਵਿਚ। (ਜ਼ਬੂਰ 111:2; ਅੱਯੂਬ 26:12-14) ਇਸ ਤੋਂ ਇਲਾਵਾ, ਜਿਵੇਂ ਯਹੋਵਾਹ ਨੇ ਅੱਯੂਬ ਨੂੰ ਯਾਦ ਕਰਾਇਆ ਸੀ, ਜਾਨਵਰ ਵੀ ਉਸ ਦੀ ਤਾਕਤ ਦਾ ਸਬੂਤ ਦਿੰਦੇ ਹਨ। ਇਕ ਜਾਨਵਰ ਹੈ ਦਰਿਆਈ ਘੋੜਾ। ਯਹੋਵਾਹ ਨੇ ਅੱਯੂਬ ਨੂੰ ਦੱਸਿਆ: “ਉਹ ਦਾ ਬਲ ਉਹ ਦੀ ਕਮਰ ਵਿੱਚ ਹੈ . . . ਉਹ ਦੇ ਅੰਗ ਲੋਹੇ ਦੇ ਅਰਲਾਂ ਵਾਂਙੁ ਹਨ।” (ਅੱਯੂਬ 40:15-18) ਬਾਈਬਲ ਸਮਿਆਂ ਵਿਚ ਲੋਕ ਜੰਗਲੀ ਸਾਨ੍ਹ ਦੀ ਤਾਕਤ ਤੋਂ ਵੀ ਚੰਗੀ ਤਰ੍ਹਾਂ ਜਾਣੂ ਸਨ ਅਤੇ ਦਾਊਦ ਨੇ ਪ੍ਰਾਰਥਨਾ ਕੀਤੀ ਕਿ ਉਹ ‘ਬਬਰ ਸ਼ੇਰ ਦੇ ਮੂੰਹ ਤੋਂ ਅਤੇ ਜੰਗਲੀ ਸਾਹਨਾਂ ਦੇ ਸਿੰਙਾਂ ਤੋਂ’ ਬਚਾਇਆ ਜਾਵੇ।—ਜ਼ਬੂਰ 22:21; ਅੱਯੂਬ 39:9-11.

6. ਬਾਈਬਲ ਵਿਚ ਸਾਨ੍ਹ ਕਿਸ ਚੀਜ਼ ਨੂੰ ਦਰਸਾਉਂਦਾ ਹੈ ਅਤੇ ਕਿਉਂ? (ਫੁਟਨੋਟ ਦੇਖੋ।)

6 ਆਪਣੀ ਤਾਕਤ ਕਰਕੇ, ਸਾਨ੍ਹ ਨੂੰ ਬਾਈਬਲ ਵਿਚ ਯਹੋਵਾਹ ਦੀ ਸ਼ਕਤੀ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ। * ਯੂਹੰਨਾ ਰਸੂਲ ਨੇ ਯਹੋਵਾਹ ਦੇ ਸਿੰਘਾਸਣ ਦਾ ਦਰਸ਼ਣ ਦੇਖਿਆ ਜਿਸ ਵਿਚ ਚਾਰ ਜੀਉਂਦੇ ਪ੍ਰਾਣੀ ਸਨ, ਜਿਨ੍ਹਾਂ ਵਿੱਚੋਂ ਇਕ ਦੀ ਸ਼ਕਲ ਵਹਿੜਕੇ ਜਾਂ ਸਾਨ੍ਹ ਵਰਗੀ ਸੀ। (ਪਰਕਾਸ਼ ਦੀ ਪੋਥੀ 4:6, 7) ਇਨ੍ਹਾਂ ਚਾਰ ਕਰੂਬੀਆਂ ਦੁਆਰਾ ਦਰਸਾਏ ਗਏ ਯਹੋਵਾਹ ਦੇ ਚਾਰ ਮੁੱਖ ਗੁਣਾਂ ਵਿੱਚੋਂ ਇਕ ਗੁਣ ਸ਼ਕਤੀ ਹੈ। ਦੂਸਰੇ ਗੁਣ ਹਨ ਪਿਆਰ, ਬੁੱਧੀ ਅਤੇ ਨਿਆਂ। ਕਿਉਂਕਿ ਸ਼ਕਤੀ ਪਰਮੇਸ਼ੁਰ ਦੀ ਸ਼ਖ਼ਸੀਅਤ ਦਾ ਬਹੁਤ ਹੀ ਮਹੱਤਵਪੂਰਣ ਪਹਿਲੂ ਹੈ, ਇਸ ਲਈ ਅਸੀਂ ਉਸ ਦੀ ਸ਼ਕਤੀ ਬਾਰੇ ਅਤੇ ਉਹ ਇਸ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਦਾ ਹੈ, ਬਾਰੇ ਸਪੱਸ਼ਟ ਸਮਝ ਪ੍ਰਾਪਤ ਕਰ ਕੇ ਉਸ ਨਾਲ ਇਕ ਨਜ਼ਦੀਕੀ ਰਿਸ਼ਤਾ ਕਾਇਮ ਕਰ ਸਕਦੇ ਹਾਂ। ਇਸ ਨਾਲ ਸਾਨੂੰ ਉਸ ਦੀ ਮਿਸਾਲ ਉੱਤੇ ਚੱਲਣ ਵਿਚ ਵੀ ਮਦਦ ਮਿਲੇਗੀ ਕਿ ਸਾਡੇ ਕੋਲ ਜੋ ਸ਼ਕਤੀ ਜਾਂ ਤਾਕਤ ਹੈ ਉਸ ਨੂੰ ਅਸੀਂ ਚੰਗੇ ਤਰੀਕੇ ਨਾਲ ਇਸਤੇਮਾਲ ਕਰੀਏ।—ਅਫ਼ਸੀਆਂ 5:1.

‘ਸੈਨਾਂ ਦਾ ਯਹੋਵਾਹ, ਸ਼ਕਤੀਮਾਨ’ ਪਰਮੇਸ਼ੁਰ

7. ਅਸੀਂ ਕਿਵੇਂ ਯਕੀਨ ਰੱਖ ਸਕਦੇ ਹਾਂ ਕਿ ਚੰਗਿਆਈ ਬੁਰਾਈ ਉੱਤੇ ਜਿੱਤ ਪ੍ਰਾਪਤ ਕਰੇਗੀ?

7 ਬਾਈਬਲ ਵਿਚ ਯਹੋਵਾਹ ਨੂੰ “ਸਰਬਸ਼ਕਤੀਮਾਨ ਪਰਮੇਸ਼ੁਰ” ਕਿਹਾ ਗਿਆ ਹੈ। (ਉਤਪਤ 17:1; ਕੂਚ 6:3) ਉਸ ਦਾ ਇਹ ਖ਼ਿਤਾਬ ਸਾਨੂੰ ਯਾਦ ਕਰਾਉਂਦਾ ਹੈ ਕਿ ਸਾਨੂੰ ਉਸ ਦੀ ਸ਼ਕਤੀ ਨੂੰ ਕਦੀ ਵੀ ਘੱਟ ਨਹੀਂ ਸਮਝਣਾ ਚਾਹੀਦਾ ਜਾਂ ਆਪਣੇ ਵੈਰੀਆਂ ਨੂੰ ਖ਼ਤਮ ਕਰਨ ਦੀ ਉਸ ਦੀ ਯੋਗਤਾ ਉੱਤੇ ਸ਼ੱਕ ਨਹੀਂ ਕਰਨਾ ਚਾਹੀਦਾ। ਸਾਨੂੰ ਸ਼ਾਇਦ ਲੱਗੇ ਕਿ ਸ਼ਤਾਨ ਦੀ ਦੁਸ਼ਟ ਰੀਤੀ-ਵਿਵਸਥਾ ਬਹੁਤ ਹੀ ਮਜ਼ਬੂਤ ਹੈ, ਪਰ ਯਹੋਵਾਹ ਦੀਆਂ ਨਜ਼ਰਾਂ ਵਿਚ “ਕੌਮਾਂ ਡੋਲ ਵਿੱਚੋਂ ਇੱਕ ਤੁਪਕੇ ਜਿਹੀਆਂ ਹਨ, ਅਤੇ ਛਾਬਿਆਂ ਦੀ ਧੂੜ ਜਿਹੀਆਂ ਗਿਣੀਦੀਆਂ ਹਨ।” (ਯਸਾਯਾਹ 40:15) ਪਰਮੇਸ਼ੁਰ ਕੋਲ ਵੱਡੀ ਸ਼ਕਤੀ ਹੋਣ ਕਰਕੇ ਹੀ ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਚੰਗਿਆਈ ਜ਼ਰੂਰ ਬੁਰਾਈ ਉੱਤੇ ਜਿੱਤ ਪ੍ਰਾਪਤ ਕਰੇਗੀ। ਇਸ ਸਮੇਂ ਦੁਸ਼ਟਤਾ ਬਹੁਤ ਫੈਲੀ ਹੋਈ ਹੈ, ਪਰ ਅਸੀਂ ਇਹ ਜਾਣ ਕੇ ਦਿਲਾਸਾ ਲੈ ਸਕਦੇ ਹਾਂ ਕਿ ‘ਸੈਨਾਂ ਦਾ ਯਹੋਵਾਹ, ਇਸਰਾਏਲ ਦਾ ਸ਼ਕਤੀਮਾਨ’ ਪਰਮੇਸ਼ੁਰ ਬੁਰਾਈ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ।—ਯਸਾਯਾਹ 1:24; ਜ਼ਬੂਰ 37:9, 10.

8. ਯਹੋਵਾਹ ਦੀ ਕਮਾਨ ਵਿਚ ਕਿਹੜੀਆਂ ਸਵਰਗੀ ਫ਼ੌਜਾਂ ਹਨ ਅਤੇ ਸਾਡੇ ਕੋਲ ਉਨ੍ਹਾਂ ਦੀ ਸ਼ਕਤੀ ਦਾ ਕੀ ਸਬੂਤ ਹੈ?

8 ‘ਸੈਨਾਂ ਦਾ ਯਹੋਵਾਹ’ ਸ਼ਬਦ ਬਾਈਬਲ ਵਿਚ 285 ਵਾਰ ਪਾਏ ਜਾਂਦੇ ਹਨ ਅਤੇ ਇਹ ਵੀ ਸਾਨੂੰ ਪਰਮੇਸ਼ੁਰ ਦੀ ਸ਼ਕਤੀ ਬਾਰੇ ਦੱਸਦੇ ਹਨ। ਇੱਥੇ ਜ਼ਿਕਰ ਕੀਤੀਆਂ ਗਈਆਂ “ਸੈਨਾਂ” ਆਤਮਿਕ ਪ੍ਰਾਣੀਆਂ ਦਾ ਲਸ਼ਕਰ ਹੈ ਜੋ ਯਹੋਵਾਹ ਦੀ ਕਮਾਨ ਵਿਚ ਹੈ। (ਜ਼ਬੂਰ 103:20, 21; 148:2) ਇੱਕੋ ਰਾਤ ਵਿਚ, ਇੱਕੋ ਦੂਤ ਨੇ ਅੱਸ਼ੂਰੀਆਂ ਦੇ 1,85,000 ਫ਼ੌਜੀਆਂ ਨੂੰ ਮਾਰ ਸੁੱਟਿਆ ਜਿਹੜੇ ਯਰੂਸ਼ਲਮ ਨੂੰ ਧਮਕਾ ਰਹੇ ਸਨ। (2 ਰਾਜਿਆਂ 19:35) ਜੇ ਅਸੀਂ ਯਹੋਵਾਹ ਦੀਆਂ ਸਵਰਗੀ ਫ਼ੌਜਾਂ ਦੀ ਸ਼ਕਤੀ ਨੂੰ ਪਛਾਣਦੇ ਹਾਂ, ਤਾਂ ਅਸੀਂ ਵਿਰੋਧੀਆਂ ਤੋਂ ਡਰਾਂਗੇ ਨਹੀਂ। ਨਬੀ ਅਲੀਸ਼ਾ ਅਰਾਮ ਦੀਆਂ ਫ਼ੌਜਾਂ ਨੂੰ ਦੇਖ ਕੇ ਡਰਿਆ ਨਹੀਂ ਜਿਹੜੀਆਂ ਉਸ ਨੂੰ ਮਾਰਨ ਆਈਆਂ ਸਨ, ਕਿਉਂਕਿ ਆਪਣੇ ਸੇਵਕ ਤੋਂ ਉਲਟ, ਉਸ ਨੇ ਆਪਣੀਆਂ ਨਿਹਚਾ ਦੀਆਂ ਅੱਖਾਂ ਨਾਲ ਉਸ ਨੂੰ ਬਚਾਉਣ ਲਈ ਆਈਆਂ ਸਵਰਗੀ ਫ਼ੌਜਾਂ ਨੂੰ ਦੇਖਿਆ।—2 ਰਾਜਿਆਂ 6:15-17.

9. ਯਿਸੂ ਵਾਂਗ ਸਾਨੂੰ ਪਰਮੇਸ਼ੁਰ ਦੀ ਹਿਫਾਜ਼ਤ ਵਿਚ ਕਿਉਂ ਭਰੋਸਾ ਰੱਖਣਾ ਚਾਹੀਦਾ ਹੈ?

9 ਜਦੋਂ ਗਥਸਮਨੀ ਦੇ ਬਾਗ਼ ਵਿਚ ਤਲਵਾਰਾਂ ਤੇ ਡਾਂਗਾਂ ਲੈ ਕੇ ਆਈ ਭੀੜ ਨੇ ਯਿਸੂ ਨੂੰ ਘੇਰਿਆ ਹੋਇਆ ਸੀ, ਤਾਂ ਉਸ ਨੂੰ ਵੀ ਪਤਾ ਸੀ ਕਿ ਦੂਤ ਉਸ ਦੀ ਮਦਦ ਕਰਨ ਲਈ ਤਿਆਰ ਸਨ। ਪਤਰਸ ਨੂੰ ਆਪਣੀ ਤਲਵਾਰ ਮਿਆਨ ਵਿਚ ਪਾਉਣ ਲਈ ਕਹਿਣ ਤੋਂ ਬਾਅਦ, ਯਿਸੂ ਨੇ ਉਸ ਨੂੰ ਦੱਸਿਆ ਕਿ ਲੋੜ ਪੈਣ ਤੇ ਉਹ ਆਪਣੇ ਪਿਤਾ ਨੂੰ “ਦੂਤਾਂ ਦੀਆਂ ਬਾਰਾਂ ਫੌਜਾਂ ਤੋਂ ਵਧੀਕ” ਭੇਜਣ ਲਈ ਬੇਨਤੀ ਕਰ ਸਕਦਾ ਸੀ। (ਮੱਤੀ 26:47, 52, 53) ਜੇ ਅਸੀਂ ਵੀ ਇਸੇ ਤਰ੍ਹਾਂ ਪਰਮੇਸ਼ੁਰ ਦੀਆਂ ਸਵਰਗੀ ਫ਼ੌਜਾਂ ਦੀ ਤਾਕਤ ਨੂੰ ਪਛਾਣਦੇ ਹਾਂ, ਤਾਂ ਅਸੀਂ ਵੀ ਪਰਮੇਸ਼ੁਰ ਦੀ ਮਦਦ ਤੇ ਪੂਰਾ-ਪੂਰਾ ਭਰੋਸਾ ਰੱਖਾਂਗੇ। ਪੌਲੁਸ ਰਸੂਲ ਨੇ ਲਿਖਿਆ: “ਉਪਰੰਤ ਅਸੀਂ ਏਹਨਾਂ ਗੱਲਾਂ ਉੱਤੇ ਕੀ ਆਖੀਏ? ਜਦੋਂ ਪਰਮੇਸ਼ੁਰ ਸਾਡੀ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ?”—ਰੋਮੀਆਂ 8:31.

10. ਯਹੋਵਾਹ ਕਿਨ੍ਹਾਂ ਲੋਕਾਂ ਲਈ ਆਪਣੀ ਸ਼ਕਤੀ ਇਸਤੇਮਾਲ ਕਰਦਾ ਹੈ?

10 ਇਸ ਲਈ ਅਸੀਂ ਯਹੋਵਾਹ ਦੀ ਹਿਫਾਜ਼ਤ ਵਿਚ ਪੂਰਾ ਇਤਬਾਰ ਰੱਖ ਸਕਦੇ ਹਾਂ। ਉਹ ਆਪਣੀ ਸ਼ਕਤੀ ਹਮੇਸ਼ਾ ਭਲੇ ਲਈ ਇਸਤੇਮਾਲ ਕਰਦਾ ਹੈ ਅਤੇ ਇਸ ਨੂੰ ਇਸਤੇਮਾਲ ਕਰਦੇ ਸਮੇਂ ਆਪਣੇ ਦੂਸਰੇ ਗੁਣ—ਨਿਆਂ, ਬੁੱਧ ਅਤੇ ਪਿਆਰ—ਵੀ ਦਿਖਾਉਂਦਾ ਹੈ। (ਅੱਯੂਬ 37:23; ਯਿਰਮਿਯਾਹ 10:12) ਜਦ ਕਿ ਸ਼ਕਤੀਸ਼ਾਲੀ ਇਨਸਾਨ ਆਪਣੇ ਸੁਆਰਥੀ ਲਾਭ ਲਈ ਅਕਸਰ ਗ਼ਰੀਬਾਂ ਅਤੇ ਹਲੀਮਾਂ ਨੂੰ ਸਤਾਉਂਦੇ ਹਨ, ਪਰ ਯਹੋਵਾਹ ‘ਗਰੀਬ ਨੂੰ ਖਾਕ ਵਿੱਚੋਂ ਚੁੱਕਦਾ ਹੈ’ ਅਤੇ ਉਹ “ਬਚਾਉਣ ਲਈ ਸਮਰਥੀ” ਹੈ। (ਜ਼ਬੂਰ 113:5-7; ਯਸਾਯਾਹ 63:1) ਯਿਸੂ ਦੀ ਨਿਰਹੰਕਾਰ ਅਤੇ ਹਲੀਮ ਮਾਂ, ਮਰਿਯਮ ਨੇ ਜਾਣਿਆ ਸੀ ਕਿ “ਸ਼ਕਤੀਮਾਨ” ਪਰਮੇਸ਼ੁਰ ਉਨ੍ਹਾਂ ਲੋਕਾਂ ਲਈ ਆਪਣੀ ਸ਼ਕਤੀ ਨਿਰਸੁਆਰਥ ਰੂਪ ਵਿਚ ਇਸਤੇਮਾਲ ਕਰਦਾ ਹੈ ਜਿਹੜੇ ਉਸ ਤੋਂ ਡਰਦੇ ਹਨ। ਉਹ ਹੰਕਾਰੀਆਂ ਨੂੰ ਨੀਵਾਂ ਕਰਦਾ ਹੈ ਅਤੇ ਅਧੀਨਾਂ ਨੂੰ ਉੱਚਾ ਚੁੱਕਦਾ ਹੈ।—ਲੂਕਾ 1:46-53.

ਯਹੋਵਾਹ ਆਪਣੇ ਸੇਵਕਾਂ ਸਾਮ੍ਹਣੇ ਆਪਣੀ ਸ਼ਕਤੀ ਪ੍ਰਗਟ ਕਰਦਾ ਹੈ

11. ਸਾਲ 1513 ਸਾ.ਯੁ.ਪੂ. ਵਿਚ ਇਸਰਾਏਲੀਆਂ ਨੇ ਪਰਮੇਸ਼ੁਰ ਦੀ ਸ਼ਕਤੀ ਦੇ ਕਿਹੜੇ ਸਬੂਤ ਦੇਖੇ ਸਨ?

11 ਕਈ ਮੌਕਿਆਂ ਤੇ ਯਹੋਵਾਹ ਨੇ ਆਪਣੇ ਸੇਵਕਾਂ ਸਾਮ੍ਹਣੇ ਆਪਣੀ ਸ਼ਕਤੀ ਦਿਖਾਈ। ਇਕ ਵਾਰ ਉਸ ਨੇ 1513 ਸਾ.ਯੁ.ਪੂ. ਵਿਚ ਸੀਯੋਨ ਪਹਾੜ ਉੱਤੇ ਆਪਣੀ ਸ਼ਕਤੀ ਦਿਖਾਈ। ਉਸੇ ਸਾਲ ਦੌਰਾਨ ਇਸਰਾਏਲੀ ਪਰਮੇਸ਼ੁਰ ਦੀ ਸ਼ਕਤੀ ਦੇ ਸ਼ਾਨਦਾਰ ਪ੍ਰਦਰਸ਼ਨ ਪਹਿਲਾਂ ਵੀ ਦੇਖ ਚੁੱਕੇ ਸਨ। ਦਸ ਵਿਨਾਸ਼ਕਾਰੀ ਮਰੀਆਂ ਨੇ ਯਹੋਵਾਹ ਦੀ ਸ਼ਕਤੀ ਨੂੰ ਅਤੇ ਮਿਸਰੀ ਦੇਵਤਿਆਂ ਦੀ ਨਿਰਬਲਤਾ ਨੂੰ ਪ੍ਰਗਟ ਕੀਤਾ। ਇਸ ਤੋਂ ਜਲਦੀ ਬਾਅਦ, ਇਸਰਾਏਲੀਆਂ ਦਾ ਚਮਤਕਾਰੀ ਤਰੀਕੇ ਨਾਲ ਲਾਲ ਸਮੁੰਦਰ ਪਾਰ ਕਰਨਾ ਅਤੇ ਫ਼ਿਰਊਨ ਦੀਆਂ ਫ਼ੌਜਾਂ ਦਾ ਖ਼ਾਤਮਾ ਵੀ ਪਰਮੇਸ਼ੁਰ ਦੀ ਸ਼ਕਤੀ ਦੇ ਸਬੂਤ ਸਨ। ਤਿੰਨ ਮਹੀਨੇ ਬਾਅਦ, ਸੀਨਈ ਪਹਾੜ ਕੋਲ ਯਹੋਵਾਹ ਨੇ ਇਸਰਾਏਲੀਆਂ ਨੂੰ ਉਸ ਦੀ “ਨਿਜੀ ਪਰਜਾ” ਬਣਨ ਦਾ ਸੱਦਾ ਦਿੱਤਾ। ਇਸਰਾਏਲੀਆਂ ਨੇ ਵੀ ਵਾਅਦਾ ਕੀਤਾ: “ਸਭ ਕੁਝ ਜੋ ਯਹੋਵਾਹ ਬੋਲਿਆ ਹੈ ਅਸੀਂ ਕਰਾਂਗੇ।” (ਕੂਚ 19:5, 8) ਫਿਰ ਯਹੋਵਾਹ ਨੇ ਆਪਣੀ ਸ਼ਕਤੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੱਦਲਾਂ ਦੀਆਂ ਗਰਜਾਂ ਅਤੇ ਬਿਜਲੀ ਦੀਆਂ ਲਿਸ਼ਕਾਂ ਅਤੇ ਤੁਰ੍ਹੀ ਦੀ ਉੱਚੀ ਆਵਾਜ਼ ਸੁਣਾਈ ਦੇਣ ਲੱਗੀਆਂ ਅਤੇ ਸੀਨਈ ਪਹਾੜ ਵਿੱਚੋਂ ਧੂੰਆਂ ਨਿਕਲਿਆ ਅਤੇ ਪਹਾੜ ਕੰਬ ਉੱਠਿਆ। ਦੂਰ ਖੜ੍ਹੇ ਲੋਕ ਬਹੁਤ ਹੀ ਡਰ ਗਏ। ਪਰ ਮੂਸਾ ਨੇ ਉਨ੍ਹਾਂ ਨੂੰ ਕਿਹਾ ਕਿ ਇਸ ਨਜ਼ਾਰੇ ਨਾਲ ਉਨ੍ਹਾਂ ਵਿਚ ਪਰਮੇਸ਼ੁਰੀ ਡਰ ਪੈਦਾ ਹੋਣਾ ਚਾਹੀਦਾ ਹੈ ਅਤੇ ਇਸ ਪਰਮੇਸ਼ੁਰੀ ਡਰ ਕਰਕੇ ਉਨ੍ਹਾਂ ਨੂੰ ਆਪਣੇ ਸਰਬਸ਼ਕਤੀਮਾਨ ਅਤੇ ਇੱਕੋ-ਇਕ ਸੱਚੇ ਪਰਮੇਸ਼ੁਰ ਯਹੋਵਾਹ ਦੀ ਆਗਿਆ ਮੰਨਣ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ।—ਕੂਚ 19:16-19; 20:18-20.

12, 13. ਕਿਨ੍ਹਾਂ ਹਾਲਾਤਾਂ ਕਰਕੇ ਏਲੀਯਾਹ ਆਪਣਾ ਕੰਮ ਛੱਡ ਕੇ ਭੱਜ ਗਿਆ ਸੀ, ਪਰ ਯਹੋਵਾਹ ਨੇ ਉਸ ਨੂੰ ਕਿਵੇਂ ਤਕੜਾ ਕੀਤਾ?

12 ਕਈ ਸਦੀਆਂ ਬਾਅਦ, ਏਲੀਯਾਹ ਦੇ ਸਮੇਂ ਵਿਚ, ਇਕ ਵਾਰ ਫਿਰ ਸੀਯੋਨ ਪਹਾੜ ਉੱਤੇ ਪਰਮੇਸ਼ੁਰ ਦੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਗਿਆ। ਏਲੀਯਾਹ ਨਬੀ ਪਰਮੇਸ਼ੁਰ ਦੀ ਸ਼ਕਤੀ ਨੂੰ ਪਹਿਲਾਂ ਹੀ ਦੇਖ ਚੁੱਕਾ ਸੀ। ਇਸਰਾਏਲੀਆਂ ਦੇ ਧਰਮ-ਤਿਆਗ ਕਰਕੇ ਪਰਮੇਸ਼ੁਰ ਨੇ ਸਾਢੇ ਤਿੰਨ ਸਾਲ ਤਕ ‘ਅਕਾਸ਼ ਨੂੰ ਬੰਦ ਕਰ ਰੱਖਿਆ।’ (2 ਇਤਹਾਸ 7:13) ਸੋਕੇ ਦੌਰਾਨ ਕਰੀਥ ਦੇ ਨਾਲੇ ਕੋਲ ਪਹਾੜੀ ਕਾਂ ਏਲੀਯਾਹ ਦੇ ਖਾਣ ਲਈ ਰੋਟੀ ਤੇ ਮਾਸ ਲਿਆਉਂਦੇ ਰਹੇ। ਬਾਅਦ ਵਿਚ ਯਹੋਵਾਹ ਨੇ ਚਮਤਕਾਰੀ ਢੰਗ ਨਾਲ ਇਕ ਵਿਧਵਾ ਦੇ ਘਰ ਆਟਾ ਅਤੇ ਤੇਲ ਨਹੀਂ ਮੁੱਕਣ ਦਿੱਤਾ ਤਾਂਕਿ ਏਲੀਯਾਹ ਨੂੰ ਉਸ ਦੇ ਘਰੋਂ ਖਾਣ ਲਈ ਰੋਟੀ ਮਿਲਦੀ ਰਹੇ। ਵਿਧਵਾ ਦੇ ਮੁੰਡੇ ਨੂੰ ਜੀਉਂਦਾ ਕਰਨ ਲਈ ਵੀ ਯਹੋਵਾਹ ਨੇ ਏਲੀਯਾਹ ਨੂੰ ਸ਼ਕਤੀ ਦਿੱਤੀ। ਅਖ਼ੀਰ ਵਿਚ ਕਰਮਲ ਪਰਬਤ ਉੱਤੇ ਸੱਚੇ ਪਰਮੇਸ਼ੁਰ ਦੀ ਨਾਟਕੀ ਪਰੀਖਿਆ ਵਿਚ ਆਕਾਸ਼ ਤੋਂ ਅੱਗ ਆਈ ਤੇ ਏਲੀਯਾਹ ਦੀ ਬਲੀ ਨੂੰ ਸਾੜ ਦਿੱਤਾ। (1 ਰਾਜਿਆਂ 17:4-24; 18:36-40) ਪਰ ਇਸ ਤੋਂ ਜਲਦੀ ਬਾਅਦ ਏਲੀਯਾਹ ਡਰ ਗਿਆ ਅਤੇ ਬਹੁਤ ਨਿਰਾਸ਼ ਹੋ ਗਿਆ ਜਦੋਂ ਈਜ਼ਬਲ ਨੇ ਉਸ ਨੂੰ ਮਾਰਨ ਦੀ ਧਮਕੀ ਦਿੱਤੀ। (1 ਰਾਜਿਆਂ 19:1-4) ਉਹ ਇਸਰਾਏਲ ਵਿੱਚੋਂ ਭੱਜ ਗਿਆ ਅਤੇ ਉਸ ਨੇ ਸੋਚਿਆ ਕਿ ਨਬੀ ਦੇ ਤੌਰ ਤੇ ਉਸ ਦਾ ਕੰਮ ਖ਼ਤਮ ਹੋ ਗਿਆ ਸੀ। ਉਸ ਨੂੰ ਮੁੜ ਭਰੋਸਾ ਦੇਣ ਅਤੇ ਤਕੜਾ ਕਰਨ ਲਈ ਯਹੋਵਾਹ ਨੇ ਉਸ ਨੂੰ ਸਾਮ੍ਹਣੇ ਨਿੱਜੀ ਤੌਰ ਤੇ ਆਪਣੀ ਸ਼ਕਤੀ ਦਿਖਾਈ।

13 ਜਦੋਂ ਏਲੀਯਾਹ ਗੁਫ਼ਾ ਵਿਚ ਲੁਕਿਆ ਹੋਇਆ ਸੀ, ਤਾਂ ਉਸ ਨੇ ਤਿੰਨ ਸ਼ਕਤੀਆਂ ਦਾ ਡਰਾਉਣਾ ਪ੍ਰਦਰਸ਼ਨ ਦੇਖਿਆ ਜੋ ਯਹੋਵਾਹ ਦੇ ਹੱਥ ਵਿਚ ਹਨ: ਤੇਜ਼ ਹਨੇਰੀ, ਭੁਚਾਲ, ਤੇ ਅਖ਼ੀਰ ਵਿਚ ਅੱਗ। ਪਰ ਜਦੋਂ ਯਹੋਵਾਹ ਨੇ ਏਲੀਯਾਹ ਨਾਲ ਗੱਲ ਕੀਤੀ, ਤਾਂ ਉਸ ਨੇ “ਇੱਕ ਹੌਲੀ ਅਤੇ ਨਿਮ੍ਹੀ ਅਵਾਜ਼” ਵਿਚ ਗੱਲ ਕੀਤੀ। ਉਸ ਨੇ ਏਲੀਯਾਹ ਨੂੰ ਹੋਰ ਕੰਮ ਦਿੱਤਾ ਅਤੇ ਉਸ ਨੂੰ ਦੱਸਿਆ ਕਿ ਇਸਰਾਏਲ ਵਿਚ ਅਜੇ ਵੀ ਯਹੋਵਾਹ ਦੇ 7,000 ਵਫ਼ਾਦਾਰ ਉਪਾਸਕ ਹਨ। (1 ਰਾਜਿਆਂ 19:9-18) ਏਲੀਯਾਹ ਦੀ ਤਰ੍ਹਾਂ, ਜੇ ਅਸੀਂ ਵੀ ਕਦੀ ਆਪਣੀ ਸੇਵਕਾਈ ਦੇ ਚੰਗੇ ਨਤੀਜੇ ਨਾ ਨਿਕਲਣ ਕਰ ਕੇ ਨਿਰਾਸ਼ ਹੁੰਦੇ ਹਾਂ, ਤਾਂ ਅਸੀਂ ‘ਮਹਾਂ-ਸ਼ਕਤੀ’ ਲਈ ਯਹੋਵਾਹ ਨੂੰ ਬੇਨਤੀ ਕਰ ਸਕਦੇ ਹਾਂ। ਇਹ ਸ਼ਕਤੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਲਗਾਤਾਰ ਕਰਦੇ ਰਹਿਣ ਲਈ ਸਾਨੂੰ ਤਕੜਾ ਕਰ ਸਕਦੀ ਹੈ।—2 ਕੁਰਿੰਥੀਆਂ 4:7, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਯਹੋਵਾਹ ਦੀ ਸ਼ਕਤੀ ਗਾਰੰਟੀ ਦਿੰਦੀ ਹੈ ਕਿ ਉਹ ਆਪਣੇ ਵਾਅਦੇ ਪੂਰੇ ਕਰੇਗਾ

14. ਯਹੋਵਾਹ ਦੇ ਨਿੱਜੀ ਨਾਂ ਤੋਂ ਕੀ ਪ੍ਰਗਟ ਹੁੰਦਾ ਹੈ ਅਤੇ ਉਸ ਦੀ ਸ਼ਕਤੀ ਦਾ ਉਸ ਦੇ ਨਾਂ ਨਾਲ ਕੀ ਸੰਬੰਧ ਹੈ?

14 ਯਹੋਵਾਹ ਦੀ ਸ਼ਕਤੀ ਦਾ ਉਸ ਦੇ ਨਾਂ ਅਤੇ ਉਸ ਦੀ ਇੱਛਾ ਦੀ ਪੂਰਤੀ ਨਾਲ ਸਿੱਧਾ ਸੰਬੰਧ ਹੈ। ਯਹੋਵਾਹ ਦੇ ਅਨੋਖੇ ਨਾਂ ਦਾ ਅਰਥ ਹੈ, “ਉਹ ਬਣਾਉਂਦਾ ਹੈ” ਅਤੇ ਇਹ ਨਾਂ ਦਿਖਾਉਂਦਾ ਹੈ ਕਿ ਉਹ ਆਪਣੇ ਆਪ ਨੂੰ ਵਾਅਦਿਆਂ ਨੂੰ ਪੂਰਾ ਕਰਨ ਵਾਲਾ ਬਣਾਉਂਦਾ ਹੈ। ਕੋਈ ਵੀ ਵਿਅਕਤੀ ਜਾਂ ਚੀਜ਼ ਪਰਮੇਸ਼ੁਰ ਨੂੰ ਆਪਣੇ ਮਕਸਦਾਂ ਨੂੰ ਪੂਰਾ ਕਰਨ ਤੋਂ ਨਹੀਂ ਰੋਕ ਸਕਦੀ, ਭਾਵੇਂ ਕਿ ਸ਼ੱਕ ਕਰਨ ਵਾਲੇ ਲੋਕ ਸ਼ਾਇਦ ਸੋਚਣ ਕਿ ਉਸ ਦੇ ਮਕਸਦ ਕਦੀ ਪੂਰੇ ਹੋ ਹੀ ਨਹੀਂ ਸਕਦੇ। ਯਿਸੂ ਨੇ ਇਕ ਵਾਰ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ “ਪਰਮੇਸ਼ੁਰ ਤੋਂ ਸੱਭੋ ਕੁਝ ਹੋ ਸੱਕਦਾ ਹੈ।”—ਮੱਤੀ 19:26.

15. ਅਬਰਾਹਾਮ ਅਤੇ ਸਾਰਾਹ ਨੂੰ ਕਿਵੇਂ ਯਾਦ ਕਰਾਇਆ ਗਿਆ ਕਿ ਯਹੋਵਾਹ ਲਈ ਕੋਈ ਵੀ ਗੱਲ ਔਖੀ ਨਹੀਂ ਹੈ?

15 ਉਦਾਹਰਣ ਲਈ ਯਹੋਵਾਹ ਨੇ ਅਬਰਾਹਾਮ ਅਤੇ ਸਾਰਾਹ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਦੀ ਸੰਤਾਨ ਨੂੰ ਇਕ ਵੱਡੀ ਕੌਮ ਬਣਾਵੇਗਾ। ਪਰ ਉਹ ਕਈ ਸਾਲਾਂ ਤਕ ਬੇਔਲਾਦ ਰਹੇ। ਜਦੋਂ ਯਹੋਵਾਹ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਆਪਣਾ ਵਾਅਦਾ ਜਲਦੀ ਹੀ ਪੂਰਾ ਕਰਨ ਵਾਲਾ ਹੈ, ਤਾਂ ਉਸ ਵੇਲੇ ਉਹ ਦੋਵੇਂ ਬਹੁਤ ਬੁੱਢੇ ਹੋ ਚੁੱਕੇ ਸਨ ਅਤੇ ਸਾਰਾਹ ਇਸ ਗੱਲ ਤੇ ਹੱਸੀ। ਇਸ ਦੇ ਜਵਾਬ ਵਿਚ ਦੂਤ ਨੇ ਕਿਹਾ: “ਭਲਾ, ਕੋਈ ਗੱਲ ਯਹੋਵਾਹ ਲਈ ਔਖੀ ਹੈ?” (ਉਤਪਤ 12:1-3; 17:4-8; 18:10-14) ਚਾਰ ਸਦੀਆਂ ਬਾਅਦ, ਜਦੋਂ ਮੂਸਾ ਨੇ ਅਖ਼ੀਰ ਅਬਰਾਹਾਮ ਦੀ ਸੰਤਾਨ ਨੂੰ ਮੋਆਬ ਦੇ ਮੈਦਾਨ ਵਿਚ ਇਕੱਠਾ ਕੀਤਾ, ਤਾਂ ਉਹ ਇਕ ਵੱਡੀ ਕੌਮ ਬਣ ਚੁੱਕੀ ਸੀ। ਉਸ ਵੇਲੇ ਮੂਸਾ ਨੇ ਉਨ੍ਹਾਂ ਨੂੰ ਯਾਦ ਕਰਾਇਆ ਕਿ ਪਰਮੇਸ਼ੁਰ ਨੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਸੀ। ਮੂਸਾ ਨੇ ਕਿਹਾ: “[“ਤੁਸੀਂ ਅੱਜ ਜੀਉਂਦੇ ਹੋ,” ਨਿ ਵ] ਏਸ ਲਈ ਕਿ [ਯਹੋਵਾਹ] ਨੇ ਤੁਹਾਡੇ ਪਿਉ ਦਾਦਿਆਂ ਨਾਲ ਪ੍ਰੀਤ ਰੱਖੀ ਉਸ ਨੇ ਉਨ੍ਹਾਂ ਦੇ ਪਿੱਛੋਂ ਉਨ੍ਹਾਂ ਦੀ ਅੰਸ ਨੂੰ ਚੁਣਿਆ ਅਤੇ ਤੁਹਾਨੂੰ ਮਿਸਰ ਤੋਂ ਆਪਣੀ ਹਜ਼ੂਰੀ ਨਾਲ ਅਤੇ ਆਪਣੀ ਵੱਡੀ ਸ਼ਕਤੀ ਨਾਲ ਕੱਢ ਲਿਆਇਆ, ਤਾਂ ਜੋ ਤੁਹਾਡੇ ਅੱਗੋਂ ਤੁਹਾਥੋਂ ਵੱਡੀਆਂ ਅਤੇ ਬਲਵੰਤ ਕੌਮਾਂ ਨੂੰ ਕੱਢੇ ਭਈ ਤੁਹਾਨੂੰ ਅੰਦਰ ਲਿਆਵੇ ਅਤੇ ਉਨ੍ਹਾਂ ਦੀ ਧਰਤੀ ਮਿਲਖ ਵਿੱਚ ਤੁਹਾਨੂੰ ਦੇਵੇ ਜਿਵੇਂ ਅੱਜ ਦੇ ਦਿਨ ਉਹ ਕਰਦਾ ਹੈ।”—ਬਿਵਸਥਾ ਸਾਰ 4:37, 38.

16. ਸਦੂਕੀ ਇਸ ਗੱਲ ਤੋਂ ਕਿਉਂ ਇਨਕਾਰ ਕਰਦੇ ਸਨ ਕਿ ਮਰੇ ਹੋਇਆਂ ਦਾ ਪੁਨਰ-ਉਥਾਨ ਹੋਵੇਗਾ?

16 ਸਦੀਆਂ ਬਾਅਦ, ਯਿਸੂ ਨੇ ਸਦੂਕੀਆਂ ਦੀ ਨਿੰਦਾ ਕੀਤੀ ਜਿਹੜੇ ਪੁਨਰ-ਉਥਾਨ ਵਿਚ ਵਿਸ਼ਵਾਸ ਨਹੀਂ ਰੱਖਦੇ ਸਨ। ਉਨ੍ਹਾਂ ਨੇ ਪਰਮੇਸ਼ੁਰ ਦੇ ਇਸ ਵਾਅਦੇ ਵਿਚ ਵਿਸ਼ਵਾਸ ਕਰਨ ਤੋਂ ਕਿਉਂ ਇਨਕਾਰ ਕੀਤਾ ਕਿ ਉਹ ਮਰੇ ਹੋਇਆਂ ਨੂੰ ਜੀਉਂਦਾ ਕਰੇਗਾ? ਯਿਸੂ ਨੇ ਉਨ੍ਹਾਂ ਨੂੰ ਕਿਹਾ: ‘ਤੁਸੀਂ ਕਿਤਾਬਾਂ ਅਰ ਪਰਮੇਸ਼ੁਰ ਦੀ ਸਮਰੱਥਾ ਨੂੰ ਨਹੀਂ ਜਾਣਦੇ।’ (ਮੱਤੀ 22:29) ਬਾਈਬਲ ਸਾਨੂੰ ਯਕੀਨ ਦਿਵਾਉਂਦੀ ਹੈ ਕਿ ‘ਓਹ ਸਭ ਜਿਹੜੇ ਕਬਰਾਂ ਵਿੱਚ ਹਨ ਮਨੁੱਖ ਦੇ ਪੁੱਤ੍ਰ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।’ (ਯੂਹੰਨਾ 5:27-29) ਜੇ ਅਸੀਂ ਜਾਣਦੇ ਹਾਂ ਕਿ ਬਾਈਬਲ ਪੁਨਰ-ਉਥਾਨ ਬਾਰੇ ਕੀ ਕਹਿੰਦੀ ਹੈ, ਤਾਂ ਪਰਮੇਸ਼ੁਰ ਦੀ ਸ਼ਕਤੀ ਵਿਚ ਆਪਣੇ ਵਿਸ਼ਵਾਸ ਤੋਂ ਸਾਨੂੰ ਯਕੀਨ ਹੋ ਜਾਵੇਗਾ ਕਿ ਮਰੇ ਹੋਏ ਜੀਉਂਦੇ ਕੀਤੇ ਜਾਣਗੇ। ਪਰਮੇਸ਼ੁਰ “ਮੌਤ ਨੂੰ ਸਦਾ ਲਈ ਝੱਫ ਲਵੇਗਾ . . . ਕਿਉਂਕਿ ਏਹ ਯਹੋਵਾਹ ਦਾ ਬੋਲ ਹੈ।”—ਯਸਾਯਾਹ 25:8.

17. ਭਵਿੱਖ ਵਿਚ ਕਦੋਂ ਸਾਨੂੰ ਇਕ ਖ਼ਾਸ ਤਰੀਕੇ ਨਾਲ ਯਹੋਵਾਹ ਵਿਚ ਭਰੋਸਾ ਰੱਖਣਾ ਪਵੇਗਾ?

17 ਜਲਦੀ ਹੀ ਅਜਿਹਾ ਸਮਾਂ ਆਵੇਗਾ ਜਦੋਂ ਸਾਨੂੰ ਸਾਰਿਆਂ ਨੂੰ ਇਕ ਖ਼ਾਸ ਤਰੀਕੇ ਨਾਲ ਪਰਮੇਸ਼ੁਰ ਦੀ ਬਚਾਉਣ ਦੀ ਸ਼ਕਤੀ ਉੱਤੇ ਭਰੋਸਾ ਰੱਖਣ ਦੀ ਲੋੜ ਪਵੇਗੀ। ਸ਼ਤਾਨ ਅਰਥਾਤ ਇਬਲੀਸ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕਰੇਗਾ, ਜਿਹੜੇ ਉਸ ਵੇਲੇ ਅਸੁਰੱਖਿਅਤ ਦਿਸਣਗੇ। (ਹਿਜ਼ਕੀਏਲ 38:14-16) ਉਸ ਵੇਲੇ ਪਰਮੇਸ਼ੁਰ ਸਾਡੀ ਰੱਖਿਆ ਲਈ ਆਪਣੀ ਅਸੀਮ ਸ਼ਕਤੀ ਨੂੰ ਇਸਤੇਮਾਲ ਕਰੇਗਾ ਅਤੇ ਹਰ ਇਨਸਾਨ ਨੂੰ ਜਾਣਨਾ ਪਵੇਗਾ ਕਿ ਉਹ ਯਹੋਵਾਹ ਹੈ। (ਹਿਜ਼ਕੀਏਲ 38:21-23) ਸਰਬਸ਼ਕਤੀਮਾਨ ਪਰਮੇਸ਼ੁਰ ਵਿਚ ਆਪਣੀ ਨਿਹਚਾ ਅਤੇ ਵਿਸ਼ਵਾਸ ਨੂੰ ਪੱਕਾ ਕਰਨ ਦਾ ਸਮਾਂ ਹੁਣ ਹੈ ਅਤੇ ਇਸ ਤਰ੍ਹਾਂ ਅਸੀਂ ਉਸ ਔਖੀ ਘੜੀ ਵਿਚ ਨਹੀਂ ਲੜਖੜਾਵਾਂਗੇ।

18. (ੳ) ਯਹੋਵਾਹ ਦੀ ਸ਼ਕਤੀ ਉੱਤੇ ਵਿਚਾਰ ਕਰ ਕੇ ਸਾਨੂੰ ਕਿਹੜੇ ਫ਼ਾਇਦੇ ਹੋ ਸਕਦੇ ਹਨ? (ਅ) ਅਗਲੇ ਲੇਖ ਵਿਚ ਕਿਸ ਸਵਾਲ ਉੱਤੇ ਚਰਚਾ ਕੀਤੀ ਜਾਵੇਗੀ?

18 ਬਿਨਾਂ ਸ਼ੱਕ ਯਹੋਵਾਹ ਦੀ ਸ਼ਕਤੀ ਉੱਤੇ ਵਿਚਾਰ ਕਰਨ ਦੇ ਬਹੁਤ ਸਾਰੇ ਕਾਰਨ ਹਨ। ਜਦੋਂ ਅਸੀਂ ਉਸ ਦੇ ਕੰਮਾਂ ਉੱਤੇ ਵਿਚਾਰ ਕਰਦੇ ਹਾਂ, ਤਾਂ ਅਸੀਂ ਆਪਣੇ ਮਹਾਨ ਸਿਰਜਣਹਾਰ ਦੀ ਵਡਿਆਈ ਕਰਨ ਲਈ ਪ੍ਰੇਰਿਤ ਹੁੰਦੇ ਹਾਂ ਅਤੇ ਅਸੀਂ ਉਸ ਦਾ ਧੰਨਵਾਦ ਕਰਦੇ ਹਾਂ ਕਿ ਉਹ ਇੰਨੀ ਸਮਝਦਾਰੀ ਨਾਲ ਅਤੇ ਪ੍ਰੇਮਮਈ ਤਰੀਕੇ ਨਾਲ ਆਪਣੀ ਸ਼ਕਤੀ ਨੂੰ ਇਸਤੇਮਾਲ ਕਰਦਾ ਹੈ। ਜੇ ਅਸੀਂ ਸੈਨਾਵਾਂ ਦੇ ਯਹੋਵਾਹ ਵਿਚ ਭਰੋਸਾ ਰੱਖਦੇ ਹਾਂ, ਤਾਂ ਅਸੀਂ ਕਦੀ ਨਹੀਂ ਡਰਾਂਗੇ। ਉਸ ਦੇ ਵਾਅਦਿਆਂ ਵਿਚ ਸਾਡੀ ਨਿਹਚਾ ਦ੍ਰਿੜ੍ਹ ਹੋਵੇਗੀ। ਪਰ ਯਾਦ ਰੱਖੋ ਕਿ ਅਸੀਂ ਵੀ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਹਾਂ। ਇਸ ਲਈ ਸਾਡੇ ਕੋਲ ਵੀ ਸ਼ਕਤੀ ਜਾਂ ਤਾਕਤ ਹੈ—ਹਾਲਾਂਕਿ ਸੀਮਤ ਹੱਦ ਤਕ। ਅਸੀਂ ਆਪਣੀ ਤਾਕਤ ਵਰਤਣ ਦੇ ਮਾਮਲੇ ਵਿਚ ਆਪਣੇ ਸਿਰਜਣਹਾਰ ਦੀ ਰੀਸ ਕਿਵੇਂ ਕਰ ਸਕਦੇ ਹਾਂ? ਇਸ ਬਾਰੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ।

[ਫੁਟਨੋਟ]

^ ਪੈਰਾ 1 ਇਹ ਵਿਆਪਕ ਤੌਰ ਤੇ ਮੰਨਿਆ ਜਾਂਦਾ ਹੈ ਕਿ ਬਿਜਲੀ ਘਰਾਂ ਲਈ ਊਰਜਾ ਦੇ ਮੁੱਖ ਸੋਮੇ, ਜਿਵੇਂ ਕਿ ਪੈਟਰੋਲ ਅਤੇ ਕੋਲੇ ਵਰਗੇ ਬਾਲਣ, ਆਪਣੀ ਊਰਜਾ ਸੂਰਜ ਤੋਂ ਪ੍ਰਾਪਤ ਕਰਦੇ ਹਨ।

^ ਪੈਰਾ 4 ਇਸ ਤੋਂ ਉਲਟ, ਹੁਣ ਤਕ ਪਰਖੇ ਗਏ ਸਭ ਤੋਂ ਸ਼ਕਤੀਸ਼ਾਲੀ ਪਰਮਾਣੂ ਬੰਬ ਵਿਚਲੀ ਵਿਸਫੋਟਕ ਸ਼ਕਤੀ ਸਿਰਫ਼ 57 ਮੈਗਾਟਨ ਟੀ.ਐੱਨ.ਟੀ. ਦੇ ਬਰਾਬਰ ਸੀ।

^ ਪੈਰਾ 6 ਬਾਈਬਲ ਵਿਚ ਜ਼ਿਕਰ ਕੀਤਾ ਗਿਆ ਸਾਨ੍ਹ ਸੰਭਵ ਤੌਰ ਤੇ ਜੰਗਲੀ ਬਲਦ ਸੀ ਜਿਸ ਨੂੰ ਅੰਗ੍ਰੇਜ਼ੀ ਓਰੌਕਸ ਕਿਹਾ ਜਾਂਦਾ ਹੈ (ਲਾਤੀਨੀ ਭਾਸ਼ਾ ਵਿਚ, ਯੁਰਸ)। ਦੋ ਹਜ਼ਾਰ ਸਾਲ ਪਹਿਲਾਂ, ਇਹ ਜਾਨਵਰ ਗਾਲ ਦੇਸ਼ (ਹੁਣ ਫ਼ਰਾਂਸ) ਵਿਚ ਪਾਏ ਜਾਂਦੇ ਸਨ। ਜੂਲੀਅਸ ਸੀਜ਼ਰ ਨੇ ਉਨ੍ਹਾਂ ਬਾਰੇ ਲਿਖਿਆ: “ਇਹ ਯੁਰਸ ਹਾਥੀ ਜਿੰਨੇ ਵੱਡੇ ਹਨ, ਪਰ ਇਨ੍ਹਾਂ ਦਾ ਸੁਭਾਅ, ਰੰਗ ਤੇ ਸਰੀਰ ਸਾਨ੍ਹ ਵਰਗਾ ਹੈ। ਇਨ੍ਹਾਂ ਵਿਚ ਬਹੁਤ ਜ਼ਿਆਦਾ ਤਾਕਤ ਹੈ ਅਤੇ ਇਹ ਬਹੁਤ ਤੇਜ਼ ਦੌੜਦੇ ਹਨ: ਇਹ ਜਦੋਂ ਕਿਸੇ ਆਦਮੀ ਜਾਂ ਜਾਨਵਰ ਨੂੰ ਦੇਖ ਲੈਂਦੇ ਹਨ, ਤਾਂ ਉਸ ਨੂੰ ਛੱਡਦੇ ਨਹੀਂ।”

ਕੀ ਤੁਸੀਂ ਇਨ੍ਹਾਂ ਸਵਾਲਾਂ ਦਾ ਜਵਾਬ ਦੇ ਸਕਦੇ ਹੋ?

• ਸ੍ਰਿਸ਼ਟੀ ਯਹੋਵਾਹ ਦੀ ਸ਼ਕਤੀ ਦੀ ਕਿਵੇਂ ਗਵਾਹੀ ਦਿੰਦੀ ਹੈ?

• ਆਪਣੇ ਲੋਕਾਂ ਦੀ ਮਦਦ ਕਰਨ ਲਈ ਯਹੋਵਾਹ ਕਿਹੜੀਆਂ ਸੈਨਾਵਾਂ ਨੂੰ ਇਸਤੇਮਾਲ ਕਰ ਸਕਦਾ ਹੈ?

• ਕਿਹੜੇ ਕੁਝ ਮੌਕਿਆਂ ਤੇ ਯਹੋਵਾਹ ਨੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਸੀ?

• ਯਹੋਵਾਹ ਆਪਣੇ ਵਾਅਦਿਆਂ ਨੂੰ ਜ਼ਰੂਰ ਪੂਰਾ ਕਰੇਗਾ, ਇਸ ਗੱਲ ਦੀ ਸਾਡੇ ਕੋਲ ਕੀ ਗਾਰੰਟੀ ਹੈ?

[ਸਵਾਲ]

[ਸਫ਼ੇ 10 ਉੱਤੇ ਤਸਵੀਰਾਂ]

“ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ ਭਈ ਕਿਹਨੇ ਏਹਨਾਂ ਨੂੰ ਸਾਜਿਆ”

[ਕ੍ਰੈਡਿਟ ਲਾਈਨ]

Photo by Malin, © IAC/RGO 1991

[ਸਫ਼ੇ 13 ਉੱਤੇ ਤਸਵੀਰਾਂ]

ਯਹੋਵਾਹ ਦੀ ਸ਼ਕਤੀ ਦੇ ਪ੍ਰਦਰਸ਼ਨਾਂ ਉੱਤੇ ਮਨਨ ਕਰਨ ਨਾਲ ਉਸ ਦੇ ਵਾਅਦਿਆਂ ਵਿਚ ਸਾਡਾ ਵਿਸ਼ਵਾਸ ਮਜ਼ਬੂਤ ਹੋਵੇਗਾ