ਯਿਜ਼ਰਏਲ ਦੀ ਖੁਦਾਈ ਕਰਨ ਤੋਂ ਉਨ੍ਹਾਂ ਨੂੰ ਕੀ ਮਿਲਿਆ?
ਯਿਜ਼ਰਏਲ ਦੀ ਖੁਦਾਈ ਕਰਨ ਤੋਂ ਉਨ੍ਹਾਂ ਨੂੰ ਕੀ ਮਿਲਿਆ?
ਕਈ ਸਦੀਆਂ ਤੋਂ ਪੁਰਾਣੇ ਜ਼ਮਾਨੇ ਦਾ ਯਿਜ਼ਰਏਲ ਸ਼ਹਿਰ ਉਜਾੜ ਪਿਆ ਹੋਇਆ ਹੈ। ਇਕ ਸਮੇਂ ਤੇ ਇਹ ਬਾਈਬਲ ਇਤਿਹਾਸ ਵਿਚ ਬਹੁਤ ਮੰਨਿਆ-ਪ੍ਰਮੰਨਿਆ ਸੀ। ਪਰ ਹੁਣ ਇਸ ਦੀ ਪਹਿਲਾਂ ਵਰਗੀ ਸ਼ਾਨੋ-ਸ਼ੌਕਤ ਨਹੀਂ ਰਹੀ ਅਤੇ ਇਹ ਜ਼ਮੀਨ ਹੇਠ ਦੱਬਿਆ ਹੋਣ ਕਰਕੇ ਬੱਸ ਇਕ ਟਿੱਲਾ ਬਣ ਚੁੱਕਾ ਹੈ। ਹਾਲ ਹੀ ਦੇ ਸਾਲਾਂ ਵਿਚ ਪੁਰਾਤੱਤਵ-ਵਿਗਿਆਨੀਆਂ ਨੇ ਯਿਜ਼ਰਏਲ ਦੇ ਖੰਡਰਾਤਾਂ ਦੀ ਜਾਂਚ-ਪੜਤਾਲ ਕਰਨੀ ਸ਼ੁਰੂ ਕੀਤੀ ਹੈ। ਇਹ ਖੰਡਰਾਤ ਬਾਈਬਲ ਬਿਰਤਾਂਤਾਂ ਉੱਤੇ ਕੀ ਚਾਨਣ ਪਾਉਂਦੇ ਹਨ।
ਬਾਈਬਲ ਸਮੇਂ ਦਾ ਯਿਜ਼ਰਏਲ
ਯਿਜ਼ਰਏਲ ਸ਼ਹਿਰ, ਯਿਜ਼ਰਏਲ ਨਾਮਕ ਘਾਟੀ ਦੇ ਪੂਰਬੀ ਹਿੱਸੇ ਵਿਚ ਵੱਸਿਆ ਹੋਇਆ ਸੀ। ਯਿਜ਼ਰਏਲ ਸ਼ਹਿਰ ਪ੍ਰਾਚੀਨ ਇਸਰਾਏਲ ਦੇ ਉਪਜਾਊ ਇਲਾਕੇ ਵਿਚ ਸਥਿਤ ਸੀ। ਘਾਟੀ ਪਾਰ ਕਰ ਕੇ ਉੱਤਰ ਵੱਲ ਮੋਰੀਹ ਪਹਾੜ ਸੀ ਜਿੱਥੇ ਮਿਦਯਾਨੀਆਂ ਨੇ ਨਿਆਈਂ ਗਿਦਾਊਨ ਅਤੇ ਉਸ ਦੀ ਸੈਨਾ ਉੱਤੇ ਹਮਲਾ ਕਰਨ ਲਈ ਛਾਉਣੀ ਲਾਈ ਸੀ। ਥੋੜ੍ਹਾ ਜਿਹਾ ਪੂਰਬ ਵੱਲ ਜਾ ਕੇ ਗਿਲਬੋਆ ਪਹਾੜ ਦੇ ਹੇਠਾਂ ਹਰੋਦ ਦਾ ਸੋਤਾ ਹੈ। ਇਸੇ ਥਾਂ ਤੇ ਯਹੋਵਾਹ ਨੇ ਗਿਦਾਊਨ ਦੀ ਹਜ਼ਾਰਾਂ ਦੀ ਸੈਨਾ ਵਿੱਚੋਂ ਸਿਰਫ਼ 300 ਆਦਮੀਆਂ ਨੂੰ ਲੜਾਈ ਲੜਨ ਲਈ ਲਿਆ, ਤਾਂਕਿ ਉਹ ਕਿਸੇ ਸ਼ਕਤੀਸ਼ਾਲੀ ਫ਼ੌਜ ਤੋਂ ਬਗੈਰ ਆਪਣੇ ਲੋਕਾਂ ਨੂੰ ਬਚਾਉਣ ਦੀ ਆਪਣੀ ਤਾਕਤ ਨੂੰ ਦਰਸਾ ਸਕੇ। (ਨਿਆਈਆਂ 7:1-25; ਜ਼ਕਰਯਾਹ 4:6) ਥੋੜ੍ਹੀ ਹੀ ਦੂਰ ਗਿਲਬੋਆ ਪਹਾੜ ਉੱਤੇ ਇਸਰਾਏਲ ਦੇ ਪਹਿਲੇ ਰਾਜੇ ਸ਼ਾਊਲ ਨੂੰ ਫਿਲਿਸਤੀਆਂ ਨੇ ਇਕ ਜ਼ਬਰਦਸਤ ਲੜਾਈ ਵਿਚ ਹਰਾਇਆ ਸੀ ਜਿਸ ਵਿਚ ਯੋਨਾਥਾਨ ਸਮੇਤ ਸ਼ਾਊਲ ਦੇ ਹੋਰ ਦੋ ਪੁੱਤਰ ਵੀ ਮਾਰੇ ਗਏ ਸਨ ਤੇ ਖ਼ੁਦ ਸ਼ਾਊਲ ਨੇ ਆਤਮ-ਹੱਤਿਆ ਕਰ ਲਈ ਸੀ।—1 ਸਮੂਏਲ 31:1-5.
ਬਾਈਬਲ ਵਿਚ ਵਿਚ ਅਸੀਂ ਪੁਰਾਣੇ ਯਿਜ਼ਰਏਲ ਸ਼ਹਿਰ ਬਾਰੇ ਦੋ ਬਿਲਕੁਲ ਵੱਖ-ਵੱਖ ਗੱਲਾਂ ਦੇਖਦੇ ਹਾਂ। ਇਕ ਪਾਸੇ ਤਾਂ ਬਾਈਬਲ ਇਸਰਾਏਲ ਦੇ ਹਾਕਮਾਂ ਵੱਲੋਂ ਕੀਤੀ ਗਈ ਤਾਕਤ ਦੀ ਦੁਰਵਰਤੋਂ ਤੇ ਉਨ੍ਹਾਂ ਦੇ ਧਰਮ-ਤਿਆਗ ਬਾਰੇ ਅਤੇ ਦੂਜੇ ਪਾਸੇ ਇਹ ਯਹੋਵਾਹ ਦੇ ਸੇਵਕਾਂ ਦੀ ਵਫ਼ਾਦਾਰੀ ਤੇ ਜੋਸ਼ ਬਾਰੇ ਦੱਸਦੀ ਹੈ। ਯਿਜ਼ਰਏਲ ਵਿਚ ਹੀ ਰਾਜਾ ਅਹਾਬ, ਜੋ ਕਿ ਦਸਵੀਂ ਸਦੀ ਸਾ.ਯੁ.ਪੂ. ਦੇ ਪਿਛਲੇ ਅੱਧ ਵਿਚ ਉੱਤਰੀ ਇਸਰਾਏਲ ਦੇ ਦਸ-ਗੋਤਾਂ ਵਾਲੇ ਰਾਜ ਦਾ ਰਾਜਾ ਸੀ, ਨੇ ਆਪਣਾ ਸ਼ਾਹੀ ਮਹਿਲ ਖੜ੍ਹਾ ਕੀਤਾ, ਭਾਵੇਂ ਕਿ ਅਸਲ ਵਿਚ ਇਸਰਾਏਲ ਦੀ ਰਾਜਧਾਨੀ ਸਾਮਰਿਯਾ ਸੀ। (1 ਰਾਜਿਆਂ 21:1) ਯਿਜ਼ਰਏਲ ਵਿਚ ਹੀ ਅਹਾਬ ਦੀ ਵਿਦੇਸ਼ੀ ਪਤਨੀ ਈਜ਼ਬਲ ਨੇ ਯਹੋਵਾਹ ਦੇ ਨਬੀ, ਏਲੀਯਾਹ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਹ ਇਸ ਕਰਕੇ ਗੁੱਸੇ ਸੀ, ਕਿਉਂਕਿ ਏਲੀਯਾਹ ਨੇ ਕਰਮਲ ਪਰਬਤ ਉੱਤੇ ਯਹੋਵਾਹ ਨੂੰ ਸੱਚਾ ਪਰਮੇਸ਼ੁਰ ਸਾਬਤ ਕਰਨ ਮਗਰੋਂ ਬਆਲ ਦੇ ਨਬੀਆਂ ਨੂੰ ਨਿਧੜਕ ਹੋ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।—1 ਰਾਜਿਆਂ 18:36–19:2.
ਇਸ ਤੋਂ ਬਾਅਦ ਯਿਜ਼ਰਏਲ ਵਿਚ ਇਕ ਅਪਰਾਧ ਕੀਤਾ ਗਿਆ। ਯਿਜ਼ਰਏਲੀ ਨਾਬੋਥ ਦਾ ਕਤਲ ਕਰ ਦਿੱਤਾ ਗਿਆ, ਕਿਉਂਕਿ ਅਹਾਬ ਰਾਜੇ ਨੇ ਨਾਬੋਥ ਦੇ ਅੰਗੂਰਾਂ ਦੇ ਬਾਗ਼ ਦਾ ਲਾਲਚ ਕੀਤਾ ਸੀ। ਜਦੋਂ ਰਾਜੇ ਨੇ ਉਸ ਕੋਲੋਂ ਜ਼ਮੀਨ ਮੰਗੀ, ਤਾਂ ਨਾਬੋਥ ਨੇ ਵਫ਼ਾਦਾਰੀ ਨਾਲ ਜਵਾਬ ਦਿੱਤਾ: “ਯਹੋਵਾਹ ਏਹ ਮੈਥੋਂ ਦੂਰ ਰੱਖੇ ਕਿ ਮੈਂ ਆਪਣੇ ਪਿਉ ਦਾਦਿਆਂ ਦੀ ਮੀਰਾਸ ਤੁਹਾਨੂੰ ਦੇਵਾਂ।” ਅਸੂਲਾਂ ਦੇ ਇਸ ਪੱਕੇ ਆਦਮੀ ਦਾ ਜਵਾਬ ਸੁਣ ਕੇ ਅਹਾਬ ਬਹੁਤ ਜ਼ਿਆਦਾ ਨਾਰਾਜ਼ ਹੋ ਗਿਆ। ਰਾਜੇ ਦੇ ਉਦਾਸ ਚਿਹਰੇ ਨੂੰ ਦੇਖ ਕੇ ਰਾਣੀ ਈਜ਼ਬਲ ਨੇ ਦਿਖਾਵੇ ਲਈ ਅਦਾਲਤੀ ਕਾਰਵਾਈ ਕਰਨ ਦੁਆਰਾ ਨਾਬੋਥ ਤੇ ਕੁਫ਼ਰ ਬੋਲਣ ਦਾ ਇਲਜ਼ਾਮ ਲਾਇਆ। ਬੇਕਸੂਰ ਨਾਬੋਥ ਨੂੰ ਕਸੂਰਵਾਰ ਠਹਿਰਾਇਆ ਗਿਆ ਅਤੇ ਪਥਰਾਉ ਕਰ ਕੇ ਉਸ ਨੂੰ ਮਾਰ ਦਿੱਤਾ ਗਿਆ ਤੇ ਰਾਜੇ ਨੇ ਅੰਗੂਰਾਂ ਦੇ ਬਾਗ਼ ਤੇ ਕਬਜ਼ਾ ਕਰ ਲਿਆ।—1 ਰਾਜਿਆਂ 21:1-16.
ਇਸ ਬੁਰੇ ਕੰਮ ਕਰਕੇ ਏਲੀਯਾਹ ਨੇ ਭਵਿੱਖਬਾਣੀ ਕੀਤੀ: “ਈਜ਼ਬਲ ਨੂੰ ਯਿਜ਼ਰਏਲ ਦੀ ਸਫੀਲ ਕੋਲ ਕੁੱਤੇ ਖਾਣਗੇ।” 1 ਰਾਜਿਆਂ 21:23-29) ਬਾਈਬਲ ਬਿਰਤਾਂਤ ਅੱਗੇ ਦੱਸਦਾ ਹੈ ਕਿ ਏਲੀਯਾਹ ਦੇ ਉਤਰਾਧਿਕਾਰੀ, ਅਲੀਸ਼ਾ ਦੇ ਸਮੇਂ ਯੇਹੂ ਨੂੰ ਇਸਰਾਏਲ ਦਾ ਰਾਜਾ ਹੋਣ ਲਈ ਮਸਹ ਕੀਤਾ ਗਿਆ ਸੀ। ਜਦੋਂ ਉਹ ਯਿਜ਼ਰਏਲ ਗਿਆ, ਤਾਂ ਯੇਹੂ ਨੇ ਹੁਕਮ ਦਿੱਤਾ ਕਿ ਈਜ਼ਬਲ ਨੂੰ ਉਸ ਦੇ ਮਹਿਲ ਦੀ ਬਾਰੀ ਤੋਂ ਹੇਠਾਂ ਸੁੱਟਿਆ ਜਾਵੇ ਅਤੇ ਫਿਰ ਉਸ ਨੂੰ ਘੋੜਿਆਂ ਦੇ ਪੈਰਾਂ ਹੇਠ ਮਿੱਧਿਆ ਗਿਆ ਸੀ। ਬਾਅਦ ਵਿਚ, ਇਹ ਪਾਇਆ ਗਿਆ ਕਿ ਖ਼ੂੰਖ਼ਾਰ ਕੁੱਤਿਆਂ ਨੇ ਉਸ ਦੀ ਖੋਪੜੀ, ਉਸ ਦੇ ਪੈਰ ਅਤੇ ਉਸ ਦੇ ਹੱਥਾਂ ਦੀਆਂ ਹਥੇਲੀਆਂ ਨੂੰ ਛੱਡ ਬਾਕੀ ਸਭ ਕੁਝ ਖਾ ਲਿਆ ਸੀ। (2 ਰਾਜਿਆਂ 9:30-37) ਯਿਜ਼ਰਏਲ ਨਾਲ ਸਿੱਧੇ ਤੌਰ ਤੇ ਸੰਬੰਧਿਤ ਆਖ਼ਰੀ ਬਾਈਬਲ ਘਟਨਾ ਉਦੋਂ ਵਾਪਰੀ ਜਦੋਂ ਅਹਾਬ ਦੇ 70 ਪੁੱਤਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ। ਯੇਹੂ ਨੇ ਉਨ੍ਹਾਂ ਦੇ ਸਿਰਾਂ ਦੇ ਦੋ ਵੱਡੇ ਢੇਰ ਯਿਜ਼ਰਏਲ ਸ਼ਹਿਰ ਦੇ ਫਾਟਕ ਤੇ ਲਗਾ ਦਿੱਤੇ, ਜਿਸ ਤੋਂ ਬਾਅਦ ਉਸ ਨੇ ਅਹਾਬ ਦੇ ਧਰਮ-ਤਿਆਗੀ ਰਾਜ ਦੇ ਉੱਘੇ ਆਦਮੀਆਂ ਤੇ ਜਾਜਕਾਂ ਨੂੰ ਮਾਰ ਸੁੱਟਿਆ।—2 ਰਾਜਿਆਂ 10:6-11.
ਨਬੀ ਨੇ ਅੱਗੇ ਐਲਾਨ ਕੀਤਾ: “ਅਤੇ ਅਹਾਬ ਦਾ ਜਿਹੜਾ ਸ਼ਹਿਰ ਵਿੱਚ ਮਰੇਗਾ ਉਹ ਨੂੰ ਕੁੱਤੇ ਖਾਣਗੇ . . . ਪਰ ਅਹਾਬ ਵਰਗਾ ਕੋਈ ਨਹੀਂ ਹੋਇਆ ਜਿਸ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕਰਨ ਲਈ ਆਪ ਨੂੰ ਵੇਚਿਆ ਅਤੇ ਜਿਸ ਨੂੰ ਉਹ ਦੀ ਰਾਣੀ ਈਜ਼ਬਲ ਨੇ ਪਰੇਰਿਆ।” ਪਰ ਜਦੋਂ ਏਲੀਯਾਹ ਨਬੀ ਨੇ ਯਹੋਵਾਹ ਦੇ ਨਿਆਂ ਬਾਰੇ ਐਲਾਨ ਕੀਤਾ, ਤਾਂ ਅਹਾਬ ਨੇ ਆਪਣੇ ਆਪ ਨੂੰ ਅਧੀਨ ਕੀਤਾ ਜਿਸ ਕਰਕੇ ਯਹੋਵਾਹ ਨੇ ਕਿਹਾ ਕਿ ਇਹ ਸਜ਼ਾ ਅਹਾਬ ਦੇ ਜੀਉਂਦੇ ਜੀ ਨਹੀਂ ਆਏਗੀ। (ਪੁਰਾਤੱਤਵ-ਵਿਗਿਆਨੀਆਂ ਨੂੰ ਕੀ ਮਿਲਿਆ?
ਯਿਜ਼ਰਏਲ ਦੀ ਖੁਦਾਈ ਕਰਨ ਦਾ ਇਕ ਸਾਂਝਾ ਪ੍ਰਾਜੈਕਟ 1990 ਵਿਚ ਸ਼ੁਰੂ ਕੀਤਾ ਗਿਆ। ਇਸ ਵਿਚ ਆਰਕਿਓਲੋਜੀ ਆਫ਼ ਤੇਲ ਅਵੀਵ ਯੂਨੀਵਰਸਿਟੀ (ਡੇਵਿਡ ਉਸਿਸ਼ਕਿਨ ਦੀ ਨੁਮਾਇੰਦਗੀ ਹੇਠ) ਅਤੇ ਬ੍ਰਿਟਿਸ਼ ਸਕੂਲ ਆਫ਼ ਆਰਕਿਓਲੋਜੀ ਇਨ ਯਰੂਸ਼ਲਮ (ਜੌਨ ਵੁਡਹੈੱਡ ਦੀ ਨੁਮਾਇੰਦਗੀ ਹੇਠ) ਨੇ ਹਿੱਸਾ ਲਿਆ। 1990-96 ਦੇ ਸੱਤ ਸਾਲਾਂ ਦੌਰਾਨ (ਇਕ ਸਾਲ ਵਿਚ ਛੇ ਹਫ਼ਤਿਆਂ ਲਈ ਕੰਮ ਕਰਦੇ ਹੋਏ) 80 ਤੋਂ 100 ਸਵੈ-ਸੇਵਕਾਂ ਨੇ ਇਸ ਥਾਂ ਤੇ ਖੁਦਾਈ ਦਾ ਕੰਮ ਕੀਤਾ।
ਖੁਦਾਈ ਕਰਨ ਦਾ ਇਕ ਨਵਾਂ ਤਰੀਕਾ ਇਹ ਹੈ ਕਿ ਖੁਦਾਈ ਕਰਨ ਵਾਲੇ ਕਿਸੇ ਥਾਂ ਦੀ ਖੋਜ ਉੱਥੋਂ ਮਿਲੇ ਸਬੂਤਾਂ ਦੇ ਆਧਾਰ ਤੇ ਕਰਦੇ ਹਨ, ਨਾ ਕਿ ਪੂਰਵ-ਧਾਰਣਾਵਾਂ ਅਤੇ ਥਿਊਰੀਆਂ ਦੇ ਆਧਾਰ ਤੇ। ਇਸ ਲਈ, ਪੁਰਾਤੱਤਵ-ਵਿਗਿਆਨੀ ਬਾਈਬਲ ਦੇ ਦੇਸ਼ਾਂ ਦਾ ਅਧਿਐਨ ਕਰਨ ਵੇਲੇ ਸਿਰਫ਼ ਬਾਈਬਲ ਦੇ ਬਿਰਤਾਂਤਾਂ ਉੱਤੇ ਹੀ ਨਿਰਭਰ ਨਹੀਂ ਕਰਦੇ ਹਨ, ਸਗੋਂ ਉਹ ਬਾਕੀ ਸਾਰੇ ਸੋਮਿਆਂ ਤੋਂ ਮਿਲੀ ਜਾਣਕਾਰੀ ਅਤੇ ਸਬੂਤਾਂ ਦੀ ਵੀ ਧਿਆਨ ਨਾਲ ਜਾਂਚ ਕਰਦੇ ਹਨ। ਫਿਰ ਵੀ ਜੌਨ ਵੁਡਹੈੱਡ ਦੱਸਦਾ ਹੈ ਕਿ ਯਿਜ਼ਰਏਲ ਬਾਰੇ ਬਾਈਬਲ ਦੇ ਕੁਝ ਹੀ ਪਾਠਾਂ ਤੋਂ ਇਲਾਵਾ ਹੋਰ ਕੋਈ ਵੀ ਪੁਰਾਣਾ ਲਿਖਤੀ ਸਬੂਤ ਨਹੀਂ ਹੈ। ਇਸ ਕਰਕੇ ਇਸ ਸ਼ਹਿਰ ਦੀ ਖੁਦਾਈ ਕਰਦੇ ਸਮੇਂ ਉਨ੍ਹਾਂ ਨੂੰ ਬਾਈਬਲ ਦੇ ਬਿਰਤਾਂਤਾਂ ਅਤੇ ਤਾਰੀਖ਼ਾਂ ਦਾ ਸਹਾਰਾ ਲੈਣਾ ਪਵੇਗਾ। ਤਾਂ ਫਿਰ, ਪੁਰਾਤੱਤਵ-ਵਿਗਿਆਨੀਆਂ ਦੀਆਂ ਖੋਜਾਂ ਤੋਂ ਕੀ ਪਤਾ ਲੱਗਾ ਹੈ?
ਸ਼ੁਰੂ ਤੋਂ ਯਿਜ਼ਰਏਲ ਦੀ ਖੁਦਾਈ ਵੇਲੇ ਜਿਹੜੇ ਕਿਲ੍ਹੇ ਅਤੇ ਮਿੱਟੀ ਦੇ ਭਾਂਡੇ ਮਿਲੇ ਹਨ, ਉਨ੍ਹਾਂ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਖੰਡਰਾਤ ਲੋਹ ਯੁਗ ਦੇ ਹਨ। ਇਹ ਤਾਰੀਖ਼ ਬਾਈਬਲ ਦੇ ਬਿਰਤਾਂਤ ਨਾਲ ਮੇਲ ਖਾਂਦੀ ਹੈ। ਪਰ ਜਿਉਂ-ਜਿਉਂ ਖੁਦਾਈ ਹੁੰਦੀ ਗਈ, ਤਿਉਂ-ਤਿਉਂ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਪਤਾ ਚੱਲਦੀਆਂ ਗਈਆਂ। ਪਹਿਲਾਂ ਤਾਂ ਪੁਰਾਤੱਤਵ-ਵਿਗਿਆਨੀ ਇਸ ਸ਼ਹਿਰ ਦੇ ਵੱਡੇ ਆਕਾਰ ਅਤੇ ਵਿਸ਼ਾਲ ਕਿਲ੍ਹੇ ਨੂੰ ਦੇਖ ਕੇ ਹੈਰਾਨ ਹੋਏ। ਉਨ੍ਹਾਂ ਦਾ ਵਿਚਾਰ ਸੀ ਕਿ ਇਹ ਸ਼ਹਿਰ ਇਸਰਾਏਲ ਦੀ ਰਾਜਧਾਨੀ, ਪੁਰਾਣੇ ਸਾਮਰਿਯਾ ਜਿੰਨਾ ਹੀ ਵੱਡਾ ਹੋਵੇਗਾ। ਪਰ ਖੁਦਾਈ ਕਰਨ ਤੇ ਇਹ ਜ਼ਾਹਰ ਹੋ ਗਿਆ ਕਿ ਯਿਜ਼ਰਏਲ ਸਾਮਰਿਯਾ ਨਾਲੋਂ ਕਿਤੇ ਜ਼ਿਆਦਾ
ਵੱਡਾ ਸੀ। ਕੰਧਾਂ ਦੀ ਲੰਬਾਈ ਨੂੰ ਮਾਪਦੇ ਹੋਏ, ਇਸ ਸ਼ਹਿਰ ਦੀ ਲੰਬਾਈ 300 ਮੀਟਰ ਅਤੇ ਚੌੜਾਈ 150 ਮੀਟਰ ਸੀ। ਇਸ ਦਾ ਇਹ ਮਤਲਬ ਹੈ ਕਿ ਇਸ ਸ਼ਹਿਰ ਦਾ ਖੇਤਰਫ਼ਲ ਕੁਲ ਮਿਲਾ ਕੇ ਇਸਰਾਏਲ ਵਿਚ ਉਸ ਸਮੇਂ ਪਾਏ ਜਾਣ ਵਾਲੇ ਕਿਸੇ ਵੀ ਸ਼ਹਿਰ ਨਾਲੋਂ ਤਿੰਨ ਗੁਣਾ ਜ਼ਿਆਦਾ ਸੀ। ਇਸ ਦੇ ਆਲੇ-ਦੁਆਲੇ ਇਕ ਸੁੱਕੀ ਖਾਈ ਹੈ ਜੋ ਕਿਲ੍ਹੇ ਤੋਂ 11 ਮੀਟਰ ਨੀਵੀਂ ਹੈ। ਪ੍ਰੋਫ਼ੈਸਰ ਉਸਿਸ਼ਕਿਨ ਮੁਤਾਬਕ, ਇਸ ਤਰ੍ਹਾਂ ਦੀ ਖਾਈ ਬਾਈਬਲ ਸਮੇਂ ਵਿਚ ਹੋਰ ਕਿਸੇ ਵੀ ਸ਼ਹਿਰ ਦੇ ਦੁਆਲੇ ਨਹੀਂ ਪਾਈ ਗਈ। ਉਸ ਨੇ ਕਿਹਾ: “ਸਾਨੂੰ ਧਰਮ-ਯੁੱਧ (11ਵੀਂ ਤੋਂ 13ਵੀਂ ਸਦੀ) ਦੇ ਸਮੇਂ ਤੋਂ ਪਹਿਲਾਂ ਇਸਰਾਏਲ ਵਿੱਚੋਂ ਇਸ ਤਰ੍ਹਾਂ ਦਾ ਹੋਰ ਕੁਝ ਵੀ ਨਾ ਮਿਲਿਆ।”ਇਕ ਹੋਰ ਅਨੋਖੀ ਗੱਲ ਇਹ ਸੀ ਕਿ ਸ਼ਹਿਰ ਵਿਚ ਬਹੁਤ ਹੀ ਘੱਟ ਇਮਾਰਤਾਂ ਸਨ। ਸ਼ਹਿਰ ਦੀ ਉਸਾਰੀ ਵੇਲੇ ਜ਼ਮੀਨ ਨੂੰ ਪੱਧਰਾ ਕਰਨ ਲਈ ਬਹੁਤ ਸਾਰੀ ਲਾਲ ਮਿੱਟੀ ਕਿਲ੍ਹੇ ਦੇ ਅੰਦਰ ਇਕ ਤਰ੍ਹਾਂ ਦਾ ਵੱਡਾ ਚਬੂਤਰਾ ਜਾਂ ਮੰਚ ਬਣਾਉਣ ਲਈ ਲਿਆਂਦੀ ਗਈ ਸੀ। ਤੇਲ ਯਿਜ਼ਰਏਲ ਵਿਚ ਕੀਤੀਆਂ ਗਈਆਂ ਖੁਦਾਈਆਂ ਦੀ ਸੈਕਿੰਡ ਪ੍ਰੀਲਿਮੀਨਰੀ ਰਿਪੋਰਟ ਟਿੱਪਣੀ ਕਰਦੀ ਹੈ ਕਿ ਇਹ ਵਿਸ਼ਾਲ ਚਬੂਤਰਾ ਇਸ ਗੱਲ ਦਾ ਸਬੂਤ ਹੈ ਕਿ ਯਿਜ਼ਰਏਲ ਇਕ ਸ਼ਾਹੀ ਨਿਵਾਸ-ਸਥਾਨ ਨਾਲੋਂ ਕਿਤੇ ਵੱਧ ਕੇ ਸੀ। ਇਸ ਨੇ ਕਿਹਾ: “ਹੋ ਸਕਦਾ ਹੈ ਕਿ ਆਮਰੀਆਈ ਰਾਜਿਆਂ ਦੇ ਦਿਨਾਂ ਵਿਚ ਯਿਜ਼ਰਏਲ ਸ਼ਾਹੀ ਇਸਰਾਏਲੀ ਸੈਨਾ ਦੀ ਮੁੱਖ ਛਾਉਣੀ ਸੀ . . . ਜਿੱਥੇ ਸ਼ਾਹੀ ਰੱਥਸਵਾਰਾਂ ਅਤੇ ਘੋੜਸਵਾਰਾਂ ਦੀ ਫ਼ੌਜ ਨੂੰ ਰੱਖਿਆ ਅਤੇ ਸਿੱਖਿਅਤ ਕੀਤਾ ਜਾਂਦਾ ਸੀ।” ਚਬੂਤਰੇ ਅਤੇ ਕੰਧਾਂ ਦੀ ਵਿਸ਼ਾਲਤਾ ਤੇ ਗੌਰ ਕਰਦੇ ਹੋਏ, ਵੁਡਹੈੱਡ ਅੰਦਾਜ਼ਾ ਲਗਾਉਂਦਾ ਹੈ ਕਿ ਇਹ ਸ਼ਾਇਦ ਇਕ ਤਰ੍ਹਾਂ ਦੀ ਪਰੇਡ ਗਰਾਊਂਡ ਸੀ ਜਿੱਥੇ ਉਸ ਸਮੇਂ ਮੱਧ ਪੂਰਬ ਦੀ ਰੱਥਸਵਾਰਾਂ ਦੀ ਸਭ ਤੋਂ ਵੱਡੀ ਫ਼ੌਜ ਦੀ ਤਾਕਤ ਦਾ ਪ੍ਰਦਰਸ਼ਨ ਕੀਤਾ ਜਾਂਦਾ ਸੀ।
ਖੁਦਾਈ ਤੋਂ ਉਨ੍ਹਾਂ ਨੂੰ ਸ਼ਹਿਰ ਦੇ ਫਾਟਕ ਦੀ ਜੋ ਰਹਿੰਦ-ਖੂੰਦ ਮਿਲੀ, ਉਹ ਪੁਰਾਤੱਤਵ-ਵਿਗਿਆਨੀਆਂ ਲਈ ਇਕ ਖ਼ਾਸ ਦਿਲਚਸਪੀ ਦਾ ਕਾਰਨ ਬਣੀ। ਇਹ ਦਿਖਾਉਂਦਾ ਹੈ ਕਿ ਇਸ ਸ਼ਹਿਰ ਦਾ ਫਾਟਕ ਘੱਟ ਤੋਂ ਘੱਟ ਚਾਰ ਕੋਠਰੀਆਂ ਵਾਲਾ ਸੀ। ਪਰ ਸਦੀਆਂ ਦੌਰਾਨ ਬਹੁਤ ਸਾਰੇ ਪੱਥਰ ਟੁੱਟ-ਭੱਜ ਜਾਣ ਕਰਕੇ ਇਸ ਬਾਰੇ ਕੋਈ ਪੱਕਾ ਸਿੱਟਾ ਨਹੀਂ ਕੱਢਿਆ ਜਾ ਸਕਦਾ ਹੈ। ਵੁਡਹੈੱਡ ਦਾ ਖ਼ਿਆਲ ਹੈ ਕਿ ਇਹ ਖੰਡਰਾਤ ਛੇ ਕੋਠਰੀਆਂ ਵਾਲੇ ਫਾਟਕ ਵੱਲ ਇਸ਼ਾਰਾ ਕਰਦੇ ਹਨ ਜੋ ਕਿ ਮਗਿੱਦੋ, ਹਸੋਰ ਅਤੇ ਗਜ਼ਰ ਸ਼ਹਿਰਾਂ ਦੇ ਫਾਟਕਾਂ ਦੀ ਲੰਬਾਈ ਤੇ ਚੌੜਾਈ ਨਾਲ ਮਿਲਦੇ-ਜੁਲਦੇ ਹਨ। *
ਖੁਦਾਈ ਕਰਨ ਤੇ ਮਿਲੀਆਂ ਲੱਭਤਾਂ ਤੋਂ ਇਹ ਹੈਰਾਨੀਜਨਕ ਗੱਲ ਪਤਾ ਲੱਗੀ ਹੈ ਕਿ ਇਹ ਸ਼ਹਿਰ ਬਹੁਤ ਹੀ ਥੋੜ੍ਹੇ ਸਮੇਂ ਲਈ ਵੱਸਿਆ, ਭਾਵੇਂ ਕਿ ਇਹ ਫ਼ੌਜੀ ਕਾਰਵਾਈ ਪੱਖੋਂ ਅਤੇ ਭੂਗੋਲਕ ਪੱਖੋਂ ਵੀ ਬਹੁਤ ਹੀ ਵਧੀਆ ਥਾਂ ਤੇ ਸਥਿਤ ਸੀ। ਵੁਡਹੈੱਡ ਨੇ ਕਿਹਾ ਕਿ ਯਿਜ਼ਰਏਲ ਇਕ ਵੱਡਾ ਮਜ਼ਬੂਤ ਸ਼ਹਿਰ ਹੋਣ ਦੇ ਬਾਵਜੂਦ ਥੋੜ੍ਹੇ ਸਮੇਂ ਲਈ, ਮਤਲਬ ਕਿ ਕੁਝ ਹੀ ਦਹਾਕਿਆਂ ਤਕ ਵੱਸਿਆ ਰਿਹਾ। ਇਸ ਪੱਖੋਂ ਇਹ ਸ਼ਹਿਰ ਇਸਰਾਏਲ ਦੇ ਬਹੁਤ ਸਾਰੇ ਖ਼ਾਸ ਸ਼ਹਿਰਾਂ ਜਿਵੇਂ ਮਗਿੱਦੋ, ਹਸੋਰ ਅਤੇ ਰਾਜਧਾਨੀ ਸਾਮਰਿਯਾ ਤੋਂ ਬਿਲਕੁਲ ਵੱਖਰਾ ਸੀ, ਕਿਉਂਕਿ ਇਨ੍ਹਾਂ ਸ਼ਹਿਰਾਂ ਨੂੰ ਵੱਖੋ-ਵੱਖਰੇ ਸਮਿਆਂ ਦੌਰਾਨ ਵਾਰ-ਵਾਰ ਬਣਾਇਆ, ਵਧਾਇਆ ਅਤੇ ਵਸਾਇਆ ਗਿਆ ਸੀ। ਪਰ ਇਸ ਵਧੀਆ ਸ਼ਹਿਰ ਦਾ ਕਿਉਂ ਇੰਨੀ ਜਲਦੀ ਪਤਨ ਹੋ ਗਿਆ? ਵੁਡਹੈੱਡ ਅੰਦਾਜ਼ਾ ਲਾਉਂਦਾ ਹੈ ਕਿ ਅਹਾਬ ਅਤੇ ਉਸ ਦੇ ਰਾਜ-ਘਰਾਣੇ ਨੇ ਕੌਮ ਦੇ ਰੁਪਏ-ਪੈਸੇ ਦੀ ਫ਼ਜ਼ੂਲਖ਼ਰਚੀ ਕਰਨ ਕਰਕੇ ਦੇਸ਼ ਨੂੰ ਲਗਭਗ ਆਰਥਿਕ ਸੰਕਟ ਵਿਚ ਪਾ ਦਿੱਤਾ ਸੀ। ਇਹ ਯਿਜ਼ਰਏਲ ਦੇ ਬਹੁਤ ਵੱਡੇ ਆਕਾਰ ਅਤੇ ਇਸ ਦੀ ਤਾਕਤ ਤੋਂ ਬਿਲਕੁਲ ਸਪੱਸ਼ਟ ਹੁੰਦਾ ਹੈ। ਯੇਹੂ ਦੀ ਨਵੀਂ ਹਕੂਮਤ ਅਹਾਬ ਦੀ ਯਾਦ ਤਕ ਨੂੰ ਭੁਲਾ ਦੇਣਾ ਚਾਹੁੰਦੀ ਸੀ, ਇਸ ਲਈ ਉਨ੍ਹਾਂ ਨੇ ਯਿਜ਼ਰਏਲ ਸ਼ਹਿਰ ਨੂੰ ਛੱਡ ਦਿੱਤਾ।
ਹੁਣ ਤਕ ਮਿਲੇ ਸਾਰੇ ਸਬੂਤ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਯਿਜ਼ਰਏਲ, ਲੋਹ ਯੁਗ ਦੇ ਸਮੇਂ ਇਕ ਮੁੱਖ ਇਸਰਾਏਲੀ ਕੇਂਦਰ ਸੀ। ਇਸ ਦਾ ਆਕਾਰ ਤੇ ਕਿਲ੍ਹਾ ਬਾਈਬਲ ਵਿਚ ਦਿੱਤੇ ਗਏ ਇਸ ਵਰਣਨ ਨਾਲ ਬਿਲਕੁਲ ਮੇਲ ਖਾਂਦੇ ਹਨ ਕਿ ਇਹ ਅਹਾਬ ਤੇ ਈਜ਼ਬਲ ਦਾ ਇਕ ਮੰਨਿਆ-ਪ੍ਰਮੰਨਿਆ ਸ਼ਾਹੀ ਨਿਵਾਸ-ਸਥਾਨ ਸੀ। ਇਹ ਸ਼ਹਿਰ ਥੋੜ੍ਹੇ ਹੀ ਸਮੇਂ ਤਕ ਵੱਸਿਆ ਸੀ, ਇਹ ਵੀ ਬਾਈਬਲ ਵਿਚ ਪਾਏ ਜਾਂਦੇ ਬਿਰਤਾਂਤਾਂ ਨਾਲ ਮੇਲ ਖਾਂਦਾ ਹੈ: ਅਹਾਬ ਦੀ ਹਕੂਮਤ ਦੌਰਾਨ ਇਹ ਸ਼ਹਿਰ ਜਲਦੀ ਹੀ ਮਸ਼ਹੂਰ ਹੋ ਗਿਆ ਅਤੇ ਇਸ ਤੋਂ ਬਾਅਦ ਯਹੋਵਾਹ ਦੇ ਹੁਕਮ ਦੇਣ ਤੇ, ਇਸ ਨੂੰ ਉਦੋਂ ਸਪੱਸ਼ਟ ਤੌਰ ਤੇ ਬਦਨਾਮੀ ਸਹਿਣੀ ਪਈ ਜਦੋਂ ਯੇਹੂ “ਨੇ ਉਨ੍ਹਾਂ ਸਾਰਿਆਂ ਨੂੰ ਜੋ ਅਹਾਬ ਦੇ ਘਰਾਣੇ ਦੇ ਯਿਜ਼ਰਏਲ ਵਿੱਚ ਬਾਕੀ ਰਹੇ ਸਨ, ਉਹ ਦੇ ਸਾਰੇ ਮਹਾਂ ਪੁਰਸ਼ਾਂ, ਉਹ ਦੇ ਜਾਣ ਪਛਾਣਾਂ ਅਤੇ ਉਹ ਦੇ ਜਾਜਕਾਂ ਨੂੰ ਮਾਰ ਸੁੱਟਿਆ ਐਥੋਂ ਤਾਈਂ ਕਿ ਉਨ੍ਹਾਂ ਵਿੱਚੋਂ ਕੋਈ ਬਾਕੀ ਨਾ ਰਿਹਾ।”—2 ਰਾਜਿਆਂ 10:11.
ਯਿਜ਼ਰਏਲ ਦੀ ਤਾਰੀਖ਼
ਜੌਨ ਵੁਡਹੈੱਡ ਮੰਨਦਾ ਹੈ ਕਿ “ਪੁਰਾਤੱਤਵ-ਵਿਗਿਆਨ ਵਿਚ ਸਹੀ ਤਾਰੀਖ਼ ਦਾ ਪਤਾ ਲਗਾਉਣਾ ਬਹੁਤ ਮੁਸ਼ਕਲ ਹੈ।” ਇਸ ਲਈ ਜਦੋਂ ਪੁਰਾਤੱਤਵ-ਵਿਗਿਆਨੀਆਂ ਨੇ ਸੱਤ ਸਾਲਾਂ ਦੀ ਖੁਦਾਈ ਤੋਂ ਮਿਲੇ ਸਬੂਤਾਂ ਦਾ ਸਰਵੇਖਣ ਕੀਤਾ, ਤਾਂ ਉਨ੍ਹਾਂ ਨੇ ਇਨ੍ਹਾਂ ਸਬੂਤਾਂ ਦੀ ਤੁਲਨਾ ਦੂਸਰੀਆਂ ਪੁਰਾਤੱਤਵੀ ਥਾਵਾਂ ਨਾਲ ਕੀਤੀ। ਸਿੱਟੇ ਵਜੋਂ ਪੁਰਾਤੱਤਵ-ਵਿਗਿਆਨੀਆਂ ਵਿਚ ਕਾਫ਼ੀ ਬਹਿਸਬਾਜ਼ੀ ਹੋਈ ਤੇ ਉਨ੍ਹਾਂ ਨੂੰ ਆਪਣੇ ਕਈ ਵਿਚਾਰ ਬਦਲਣੇ ਪਏ। ਕਿਉਂ? ਕਿਉਂਕਿ 1960 ਦੇ ਦਹਾਕੇ ਦੌਰਾਨ ਅਤੇ 1970 ਦੇ ਦਹਾਕੇ ਦੇ ਸ਼ੁਰੂ ਵਿਚ ਇਜ਼ਰਾਈਲੀ ਪੁਰਾਤੱਤਵ-ਵਿਗਿਆਨੀ, ਯਿਗੇਲ ਯਾਦੀਨ ਵੱਲੋਂ ਮਗਿੱਦੋ ਸ਼ਹਿਰ ਦੀ ਖੁਦਾਈ ਕਰਨ ਤੋਂ ਬਾਅਦ, ਬਹੁਤ ਸਾਰੇ ਪੁਰਾਤੱਤਵ-ਵਿਗਿਆਨੀਆਂ ਦਾ ਇਹ ਪੱਕਾ ਵਿਸ਼ਵਾਸ ਸੀ ਕਿ ਉਸ ਨੇ ਜਿਹੜੇ ਕੰਧਾਂ ਅਤੇ ਸ਼ਹਿਰਾਂ ਦੇ ਫਾਟਕਾਂ ਦੀ ਖੋਜ ਕੀਤੀ ਸੀ ਉਹ ਰਾਜਾ ਸੁਲੇਮਾਨ ਦੇ ਸਮੇਂ ਦੇ ਸਨ। ਪਰ ਹੁਣ ਯਿਜ਼ਰਏਲ ਵਿਚ ਪਾਏ ਗਏ ਕਿਲ੍ਹੇ, ਮਿੱਟੀ ਦੇ ਭਾਂਡੇ ਅਤੇ ਫਾਟਕ ਇਨ੍ਹਾਂ ਸਿੱਟਿਆਂ ਤੇ ਸ਼ੱਕ ਪੈਦਾ ਕਰ ਰਹੇ ਹਨ।
ਮਿਸਾਲ ਵਜੋਂ, ਯਿਜ਼ਰਏਲ ਸ਼ਹਿਰ ਵਿੱਚੋਂ ਮਿਲੇ ਮਿੱਟੀ ਦੇ ਭਾਂਡੇ ਮਗਿੱਦੋ ਦੀ ਖੁਦਾਈ ਤੋਂ ਮਿਲੇ ਭਾਂਡਿਆਂ ਵਰਗੇ ਸਨ ਜੋ ਕਿ ਯਾਦੀਨ ਮੁਤਾਬਕ ਸੁਲੇਮਾਨ ਦੀ ਹਕੂਮਤ ਦੇ ਸਮੇਂ ਦੇ ਹਨ। ਫਾਟਕਾਂ ਦੀ ਬਣਤਰ ਅਤੇ ਦੋਵੇਂ ਸ਼ਹਿਰਾਂ ਦੀ ਲੰਬਾਈ-ਚੌੜਾਈ ਲਗਭਗ ਮਿਲਦੀ-ਜੁਲਦੀ ਹੈ। ਵੁਡਹੈੱਡ ਕਹਿੰਦਾ ਹੈ: “ਸਾਰੇ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਯਿਜ਼ਰਏਲ ਸ਼ਹਿਰ ਜਾਂ ਤਾਂ ਸੁਲੇਮਾਨ ਦੇ ਜ਼ਮਾਨੇ ਦਾ ਹੈ ਜਾਂ ਫਿਰ ਬਾਕੀ ਦੇ ਸ਼ਹਿਰ [ਮਗਿੱਦੋ ਅਤੇ ਹਸੋਰ] ਅਹਾਬ ਦੇ ਜ਼ਮਾਨੇ ਦੇ ਹਨ।” ਕਿਉਂਕਿ ਬਾਈਬਲ ਸਪੱਸ਼ਟ ਤੌਰ ਤੇ ਯਿਜ਼ਰਏਲ ਸ਼ਹਿਰ ਨੂੰ ਅਹਾਬ ਦੇ ਜ਼ਮਾਨੇ ਦਾ ਦੱਸਦੀ ਹੈ, ਵੁਡਹੈੱਡ ਮੰਨਦਾ ਹੈ ਕਿ ਬਾਕੀ ਸ਼ਹਿਰਾਂ ਵਿੱਚੋਂ ਮਿਲੇ ਸਬੂਤ ਵੀ ਅਹਾਬ ਦੀ ਹਕੂਮਤ ਦੇ ਸਮੇਂ ਦੇ ਹੀ ਹਨ। ਡੇਵਿਡ ਉਸਿਸ਼ਕਿਨ ਵੀ ਇਸ ਗੱਲ ਨਾਲ ਸਹਿਮਤ ਹੈ: “ਬਾਈਬਲ ਦੱਸਦੀ ਹੈ ਕਿ ਸੁਲੇਮਾਨ ਨੇ ਮਗਿੱਦੋ ਸ਼ਹਿਰ ਬਣਾਇਆ—ਪਰ ਬਾਈਬਲ ਇਹ ਨਹੀਂ ਕਹਿੰਦੀ ਕਿ ਉਸੇ ਨੇ ਉਸ ਸ਼ਹਿਰ ਦੇ ਫਾਟਕ ਬਣਾਏ।”
ਕੀ ਯਿਜ਼ਰਏਲ ਦਾ ਇਤਿਹਾਸ ਜਾਣਿਆ ਜਾ ਸਕਦਾ ਹੈ?
ਕੀ ਇਹ ਪੁਰਾਤੱਤਵੀ ਲੱਭਤਾਂ ਅਤੇ ਵਾਦ-ਵਿਵਾਦ ਬਾਈਬਲ ਵਿਚ ਯਿਜ਼ਰਏਲ ਜਾਂ ਸੁਲੇਮਾਨ ਬਾਰੇ ਪਾਏ ਜਾਂਦੇ ਬਿਰਤਾਂਤਾਂ ਉੱਤੇ ਸ਼ੱਕ ਪੈਦਾ ਕਰਦੇ ਹਨ? ਅਸਲ ਵਿਚ, ਪੁਰਾਤੱਤਵ-ਵਿਗਿਆਨੀਆਂ ਦੇ ਵਾਦ-ਵਿਵਾਦਾਂ ਦਾ ਬਾਈਬਲ ਦੇ ਬਿਰਤਾਂਤਾਂ ਨਾਲ ਘੱਟ ਹੀ ਕੋਈ ਸੰਬੰਧ ਹੈ। ਪੁਰਾਤੱਤਵ-ਵਿਗਿਆਨ, ਇਤਿਹਾਸ ਦੀ ਛਾਣ-ਬੀਣ ਬਾਈਬਲ ਦੇ ਬਿਰਤਾਂਤ ਨਾਲੋਂ ਵੱਖਰੇ ਪੈਮਾਨੇ ਤੇ ਕਰਦਾ ਹੈ। ਇਸ ਦੇ ਵੱਖਰੇ ਸਵਾਲ ਹੁੰਦੇ ਹਨ ਅਤੇ ਇਹ ਵੱਖਰੀਆਂ ਚੀਜ਼ਾਂ ਤੇ ਜ਼ੋਰ ਦਿੰਦਾ ਹੈ। ਅਸੀਂ ਬਾਈਬਲ ਵਿਦਿਆਰਥੀ ਅਤੇ ਪੁਰਾਤੱਤਵ-ਵਿਗਿਆਨੀ ਦੀ ਤੁਲਨਾ ਲਗਭਗ ਸਮਾਂਤਰ ਰਾਹਾਂ ਉੱਤੇ ਚੱਲਣ ਵਾਲੇ ਦੋ ਮੁਸਾਫ਼ਰਾਂ ਨਾਲ ਕਰ ਸਕਦੇ ਹਾਂ। ਇਕ ਮੁਸਾਫ਼ਰ ਸੜਕ ਤੇ ਕਾਰ ਵਿਚ ਸਫ਼ਰ ਕਰ ਰਿਹਾ ਹੈ ਅਤੇ ਦੂਸਰਾ ਫੁੱਟਪਾਥ ਉੱਤੇ ਤੁਰ ਰਿਹਾ ਹੈ। ਉਹ ਵੱਖਰੀਆਂ ਚੀਜ਼ਾਂ ਤੇ ਧਿਆਨ ਦਿੰਦੇ ਹਨ ਅਤੇ ਵੱਖਰੀਆਂ ਗੱਲਾਂ ਬਾਰੇ ਚਿੰਤਾ ਕਰਦੇ ਹਨ। ਉਹ ਜੋ ਕੁਝ ਦੇਖਦੇ ਹਨ, ਇਸ ਬਾਰੇ ਉਨ੍ਹਾਂ ਦੇ ਵਰਣਨ ਵੱਖਰੋ-ਵੱਖਰੇ ਹੋਣਗੇ। ਫਿਰ ਵੀ, ਇਸ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਦੇ ਵਰਣਨ ਇਕ ਦੂਸਰੇ ਤੋਂ ਉਲਟ ਹਨ, ਬਲਕਿ ਦੋਵੇਂ ਮੁਸਾਫ਼ਰਾਂ ਦੇ ਵਰਣਨ ਦੀ ਤੁਲਨਾ ਕਰ ਕੇ ਅਸੀਂ ਕਾਫ਼ੀ ਦਿਲਚਸਪ ਜਾਣਕਾਰੀ ਹਾਸਲ ਕਰ ਸਕਦੇ ਹਾਂ।
ਬਾਈਬਲ ਵਿਚ ਪੁਰਾਣੇ ਸਮੇਂ ਦੀਆਂ ਘਟਨਾਵਾਂ ਅਤੇ ਲੋਕਾਂ ਬਾਰੇ ਲਿਖਤੀ ਰਿਕਾਰਡ ਪਾਇਆ ਜਾਂਦਾ ਹੈ; ਪਰ ਪੁਰਾਤੱਤਵ-ਵਿਗਿਆਨ ਇਨ੍ਹਾਂ ਘਟਨਾਵਾਂ ਅਤੇ ਲੋਕਾਂ ਬਾਰੇ ਜਾਣਕਾਰੀ ਨੂੰ ਮਿੱਟੀ ਦੇ ਢੇਰਾਂ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਪਰ ਇਹ ਖੰਡਰਾਤ ਆਮ ਤੌਰ ਤੇ ਅਧੂਰੇ ਹੁੰਦੇ ਹਨ ਅਤੇ ਇਨ੍ਹਾਂ ਦੇ ਵੱਖੋ-ਵੱਖਰੇ ਅਰਥ ਕੱਢੇ ਜਾ ਸਕਦੇ ਹਨ। ਇਸ ਬਾਰੇ, ਆਪਣੀ ਕਿਤਾਬ ਆਰਕਿਓਲਜੀ ਆਫ਼ ਦ ਲੈਂਡ ਆਫ਼ ਦ ਬਾਈਬਲ—10,000-586 ਬੀ.ਸੀ.ਈ., ਵਿਚ ਅਮੀਹਾਈ ਮਜ਼ਾਰ ਟਿੱਪਣੀ ਕਰਦਾ ਹੈ: “ਖੁਦਾਈ ਦਾ ਕੰਮ ਕਾਫ਼ੀ ਹੱਦ ਤਕ ਇਕ ਕਲਾ ਹੈ ਜਿਸ ਲਈ ਸਿਖਲਾਈ ਦੀ ਅਤੇ ਮਾਹਰਾਂ ਦੇ ਹੁਨਰ ਦੀ ਲੋੜ ਪੈਂਦੀ ਹੈ। ਅਜਿਹਾ ਕੋਈ ਵੀ ਤਰੀਕਾ ਨਹੀਂ ਜਿਸ ਨਾਲ ਇਸ ਕੰਮ ਵਿਚ ਪੂਰੀ ਸਫ਼ਲਤਾ ਮਿਲ ਸਕੇ ਅਤੇ ਇਹ ਬਹੁਤ ਜ਼ਰੂਰੀ ਹੈ ਕਿ ਪੁਰਾਤੱਤਵ-ਵਿਗਿਆਨੀ ਸਿਰਜਣਾਤਮਕ ਅਤੇ ਖੁੱਲ੍ਹੇ ਵਿਚਾਰਾਂ ਵਾਲੇ ਹੋਣ। ਪੁਰਾਤੱਤਵ-ਵਿਗਿਆਨੀਆਂ ਦਾ ਸੁਭਾਅ, ਯੋਗਤਾ ਅਤੇ ਸੂਝ-ਬੂਝ ਉੱਨੀ ਹੀ ਅਹਿਮੀਅਤ ਰੱਖਦੀ ਹੈ, ਜਿੰਨੀ ਕਿ ਉਸ ਦੀ ਸਿਖਲਾਈ ਅਤੇ ਉਸ ਨੂੰ ਉਪਲਬਧ ਸਾਧਨ ਮਹੱਤਵਪੂਰਣ ਹਨ।”
ਪੁਰਾਤੱਤਵ-ਵਿਗਿਆਨ ਨੇ ਸਾਬਤ ਕਰ ਦਿੱਤਾ ਹੈ ਕਿ ਯਿਜ਼ਰਏਲ ਇਕ ਮੁੱਖ ਸ਼ਾਹੀ ਅਤੇ ਫ਼ੌਜੀ ਕੇਂਦਰ ਸੀ, ਜੋ ਕਿ ਅਹਾਬ ਦੀ ਹਕੂਮਤ ਵੇਲੇ ਬਹੁਤ ਥੋੜ੍ਹੇ ਸਮੇਂ ਲਈ ਵੱਸਿਆ ਰਿਹਾ। ਇਹ ਗੱਲਾਂ ਬਾਈਬਲ ਨਾਲ ਪੂਰੀ ਤਰ੍ਹਾਂ ਮੇਲ ਖਾਂਦੀਆਂ ਹਨ। ਹੋਰ ਬਹੁਤ ਸਾਰੇ ਦਿਲਚਸਪ ਸਵਾਲ ਪੁੱਛੇ ਗਏ ਹਨ ਜਿਨ੍ਹਾਂ ਬਾਰੇ ਸ਼ਾਇਦ ਪੁਰਾਤੱਤਵ-ਵਿਗਿਆਨੀ ਸਾਲਾਂ-ਬੱਧੀ ਅਧਿਐਨ ਕਰਦੇ ਰਹਿਣਗੇ। ਫਿਰ ਵੀ, ਪਰਮੇਸ਼ੁਰ ਦਾ ਬਚਨ, ਬਾਈਬਲ ਸਾਨੂੰ ਸਾਰੀ ਕਹਾਣੀ ਬੜੇ ਸਾਫ਼-ਸਾਫ਼ ਤਰੀਕੇ ਨਾਲ ਦੱਸਦੀ ਹੈ ਜੋ ਕਿ ਪੁਰਾਤੱਤਵ-ਵਿਗਿਆਨੀ ਕਦੀ ਵੀ ਨਹੀਂ ਦੱਸ ਸਕਦੇ।
[ਫੁਟਨੋਟ]
^ ਪੈਰਾ 13 15 ਅਗਸਤ 1988 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦਾ ਲੇਖ “ਫਾਟਕਾਂ ਦਾ ਭੇਦ” ਦੇਖੋ।
[ਸਫ਼ੇ 26 ਉੱਤੇ ਤਸਵੀਰਾਂ]
ਯਿਜ਼ਰਏਲ ਵਿਚ ਪੁਰਾਤੱਤਵ-ਵਿਗਿਆਨੀਆਂ ਵੱਲੋਂ ਕੀਤੀ ਖੁਦਾਈ
[ਸਫ਼ੇ 28 ਉੱਤੇ ਤਸਵੀਰ]
ਯਿਜ਼ਰਏਲ ਵਿਚ ਮਿਲੀ ਇਕ ਕਨਾਨੀ ਮੂਰਤੀ