Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਰੋਮੀਆਂ 12:19 ਵਿਚ ਪੌਲੁਸ ਨੇ ਕਿਹਾ ਸੀ ਕਿ “ਹੇ ਪਿਆਰਿਓ, ਆਪਣਾ ਬਦਲਾ ਨਾ ਲਓ ਪਰ ਕ੍ਰੋਧ ਨੂੰ ਜਾਣ ਦਿਓ।” ਕੀ ਪੌਲੁਸ ਰਸੂਲ ਇਹ ਕਹਿ ਰਿਹਾ ਸੀ ਕਿ ਮਸੀਹੀਆਂ ਨੂੰ ਕ੍ਰੋਧਵਾਨ ਜਾਂ ਗੁੱਸੇ ਨਹੀਂ ਹੋਣਾ ਚਾਹੀਦਾ?

ਨਹੀਂ। ਪੌਲੁਸ ਰਸੂਲ ਇੱਥੇ ਪਰਮੇਸ਼ੁਰ ਦੇ ਕ੍ਰੋਧ ਦੀ ਗੱਲ ਕਰ ਰਿਹਾ ਸੀ। ਲੇਕਿਨ ਕੀ ਇਸ ਦਾ ਮਤਲਬ ਇਹ ਹੈ ਕਿ ਜੇ ਮਸੀਹੀ ਕ੍ਰੋਧਵਾਨ ਜਾਂ ਗੁੱਸੇ ਹੋ ਜਾਣ ਤਾਂ ਇਹ ਛੋਟੀ ਜਿਹੀ ਗੱਲ ਹੈ? ਨਹੀਂ, ਬਾਈਬਲ ਸਾਫ਼-ਸਾਫ਼ ਸਲਾਹ ਦਿੰਦੀ ਹੈ ਕਿ ਸਾਨੂੰ ਕ੍ਰੋਧਵਾਨ ਜਾਂ ਗੁੱਸੇ ਨਹੀਂ ਹੋਣਾ ਚਾਹੀਦਾ। ਬਾਈਬਲ ਵਿਚ ਦਿੱਤੀ ਗਈ ਸਲਾਹ ਵੱਲ ਧਿਆਨ ਦਿਓ।

“ਕ੍ਰੋਧ ਨੂੰ ਛੱਡ ਅਤੇ ਕੋਪ ਨੂੰ ਤਿਆਗ ਦੇਹ, ਨਾ ਕੁੜ੍ਹ—ਉਸ ਤੋਂ ਬੁਰਿਆਈ ਹੀ ਨਿੱਕਲਦੀ ਹੈ।” (ਜ਼ਬੂਰ 37:8) “ਹਰੇਕ ਜੋ ਆਪਣੇ ਭਰਾ ਉੱਤੇ ਕ੍ਰੋਧ ਕਰੇ ਉਹ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ।” (ਮੱਤੀ 5:22) “ਸਰੀਰ ਦੇ ਕੰਮ ਤਾਂ ਪਰਗਟ ਹਨ। ਓਹ ਏਹ ਹਨ—ਹਰਾਮਕਾਰੀ, ਗੰਦ ਮੰਦ, ਲੁੱਚਪੁਣਾ, ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਹਸਦ, ਕ੍ਰੋਧ।” (ਗਲਾਤੀਆਂ 5:19, 20) ‘ਸਭ ਕੁੜੱਤਣ, ਕ੍ਰੋਧ, ਕੋਪ, ਰੌਲਾ, ਅਤੇ ਦੁਰਬਚਨ ਤੁਹਾਥੋਂ ਦੂਰ ਹੋਵੇ।’ (ਅਫ਼ਸੀਆਂ 4:31) “ਹਰੇਕ ਮਨੁੱਖ ਸੁਣਨ ਵਿੱਚ ਕਾਹਲਾ ਅਤੇ ਬੋਲਣ ਵਿੱਚ ਧੀਰਾ ਅਤੇ ਕ੍ਰੋਧ ਵਿੱਚ ਵੀ ਧੀਰਾ ਹੋਵੇ।” (ਯਾਕੂਬ 1:19) ਇਨ੍ਹਾਂ ਹਵਾਲਿਆਂ ਤੋਂ ਇਲਾਵਾ, ਕਹਾਉਤਾਂ ਦੀ ਪੋਥੀ ਵਾਰ-ਵਾਰ ਸਾਨੂੰ ਕ੍ਰੋਧਵਾਨ ਹੋਣ ਵਿਰੁੱਧ ਅਤੇ ਛੋਟੀਆਂ-ਛੋਟੀਆਂ ਗੱਲਾਂ ਜਾਂ ਇਕ ਦੂਜੇ ਦੀਆਂ ਗ਼ਲਤੀਆਂ ਕਾਰਨ ਗੁੱਸੇ ਹੋਣ ਬਾਰੇ ਸਲਾਹ ਦਿੰਦੀ ਹੈ।—ਕਹਾਉਤਾਂ 12:16; 14:17, 29; 15:1; 16:32; 17:14; 19:11, 19; 22:24; 25:28; 29:22.

ਰੋਮੀਆਂ ਦੇ ਬਾਰਵੇਂ ਅਧਿਆਇ ਦੀਆਂ ਹੋਰ ਆਇਤਾਂ ਵੀ ਇਸ ਸਲਾਹ ਨਾਲ ਸਹਿਮਤ ਹਨ। ਪੌਲੁਸ ਨੇ ਸਲਾਹ ਦਿੱਤੀ ਸੀ ਕਿ ਸਾਡੇ ਪ੍ਰੇਮ ਨੂੰ ਪਖੰਡੀ ਨਹੀਂ ਹੋਣਾ ਚਾਹੀਦਾ, ਕਿ ਅਸੀਂ ਉਨ੍ਹਾਂ ਨੂੰ ਅਸੀਸ ਦੇਈਏ ਜੋ ਸਾਨੂੰ ਸਤਾਉਂਦੇ ਹਨ, ਕਿ ਅਸੀਂ ਦੂਸਰਿਆਂ ਦਾ ਭਲਾ ਸੋਚੀਏ, ਕਿ ਅਸੀਂ ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰੀਏ, ਅਤੇ ਕਿ ਅਸੀਂ ਸਾਰਿਆਂ ਮਨੁੱਖਾਂ ਨਾਲ ਮੇਲ ਰੱਖਣ ਦੀ ਕੋਸ਼ਿਸ਼ ਕਰੀਏ। ਫਿਰ ਉਸ ਨੇ ਤਾਕੀਦ ਕੀਤੀ: “ਹੇ ਪਿਆਰਿਓ, ਆਪਣਾ ਬਦਲਾ ਨਾ ਲਓ ਪਰ ਕ੍ਰੋਧ ਨੂੰ ਜਾਣ ਦਿਓ ਕਿਉਂ ਜੋ ਲਿਖਿਆ ਹੋਇਆ ਹੈ ਕਿ ਪ੍ਰਭੁ ਆਖਦਾ ਹੈ ਭਈ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਹਵਾਂਗਾ।”—ਰੋਮੀਆਂ 12:9, 14, 16-19.

ਜੀ ਹਾਂ, ਗੁੱਸੇ ਵਿਚ ਸਾਨੂੰ ਬਦਲਾ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਅਸੀਂ ਅਪੂਰਣ ਹਾਂ ਅਤੇ ਇਸ ਲਈ ਹਾਲਾਤਾਂ ਦੀ ਸਾਡੀ ਜਾਣਕਾਰੀ ਅਤੇ ਇਨਸਾਫ਼ ਦੀ ਸਾਡੀ ਸਮਝ ਹਮੇਸ਼ਾ ਸਹੀ ਨਹੀਂ ਹੁੰਦੀ। ਜੇ ਅਸੀਂ ਗੁੱਸੇ ਵਿਚ ਬਦਲਾ ਲੈਣ ਲਈ ਕਦਮ ਚੁੱਕਾਂਗੇ ਤਾਂ ਅਸੀਂ ਅਕਸਰ ਗ਼ਲਤੀ ਕਰਾਂਗੇ। ਸਾਡੇ ਅਜਿਹੇ ਕਦਮ ਪਰਮੇਸ਼ੁਰ ਦੇ ਵਿਰੋਧੀ, ਸ਼ਤਾਨ ਨੂੰ ਬਹੁਤ ਖ਼ੁਸ਼ ਕਰਨਗੇ। ਪੌਲੁਸ ਨੇ ਆਪਣੀ ਹੋਰ ਪੱਤਰੀ ਵਿਚ ਵੀ ਲਿਖਿਆ ਸੀ ਕਿ “ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ! ਅਤੇ ਨਾ ਸ਼ਤਾਨ ਨੂੰ ਥਾਂ ਦਿਓ!”—ਅਫ਼ਸੀਆਂ 4:26, 27.

ਇਸ ਨਾਲੋਂ ਚੰਗੀ ਅਤੇ ਅਕਲਮੰਦੀ ਦੀ ਗੱਲ ਇਹ ਹੈ ਕਿ ਅਸੀਂ ਪਰਮੇਸ਼ੁਰ ਨੂੰ ਫ਼ੈਸਲਾ ਕਰਨ ਦੇਈਏ ਕਿ ਉਹ ਕਦੋਂ ਅਤੇ ਕਿਨ੍ਹਾਂ ਉੱਤੇ ਬਦਲਾ ਲਵੇਗਾ। ਉਹ ਪੂਰੀ ਜਾਣਕਾਰੀ ਨੂੰ ਧਿਆਨ ਵਿਚ ਰੱਖ ਕੇ ਫ਼ੈਸਲਾ ਕਰ ਸਕਦਾ ਹੈ। ਅਤੇ ਉਸ ਦੇ ਫ਼ੈਸਲੇ ਤੋਂ ਉਸ ਦਾ ਸੰਪੂਰਣ ਇਨਸਾਫ਼ ਪ੍ਰਗਟ ਹੋਵੇਗਾ। ਅਸੀਂ ਦੇਖ ਸਕਦੇ ਹਾਂ ਕਿ ਰੋਮੀਆਂ 12:19 ਵਿਚ ਪੌਲੁਸ ਇਸੇ ਗੱਲ ਵੱਲ ਇਸ਼ਾਰਾ ਕਰ ਰਿਹਾ ਸੀ ਕਿਉਂ ਜੋ ਉਸ ਨੇ ਬਿਵਸਥਾ ਸਾਰ 32:35, 41 ਦਾ ਹਵਾਲਾ ਦਿੱਤਾ ਜਿੱਥੇ ਲਿਖਿਆ ਹੈ: “ਬਦਲਾ ਦੇਣਾ ਅਤੇ ਬਦਲਾ ਲੈਣਾ ਮੇਰਾ ਕੰਮ ਹੈ।” (ਇਬਰਾਨੀਆਂ 10:30 ਦੀ ਤੁਲਨਾ ਕਰੋ।) ਮੁਢਲੀਆਂ ਯੂਨਾਨੀ ਲਿਖਤਾਂ ਵਿਚ ਰੋਮੀਆਂ 12:19 ਵਿਚ ਸ਼ਬਦ “ਪਰਮੇਸ਼ੁਰ ਦੇ” ਨਹੀਂ ਪਾਏ ਜਾਂਦੇ ਹਨ, ਪਰ ਆਧੁਨਿਕ ਦਿਨਾਂ ਦੇ ਕਈ ਅਨੁਵਾਦਕਾਂ ਨੇ ਇਨ੍ਹਾਂ ਨੂੰ ਇਸ ਆਇਤ ਵਿਚ ਸ਼ਾਮਲ ਕਰ ਦਿੱਤਾ ਹੈ। ਇਸ ਲਈ ਕੁਝ ਤਰਜਮੇ ਇਸ ਤਰ੍ਹਾਂ ਕਹਿੰਦੇ ਹਨ: “ਪਰਮੇਸ਼ੁਰ ਨੂੰ ਬਦਲਾ ਲੈਣ ਦਿਓ” (ਦ ਕਨਟੈਮਪੋਰਰੀ ਇੰਗਲਿਸ਼ ਵਰਯਨ); “ਪਰਮੇਸ਼ੁਰ ਦੇ ਕ੍ਰੋਧ ਨੂੰ ਥਾਂ ਦਿਓ” (ਅਮੈਰੀਕਨ ਸਟੈਂਡਡ ਵਰਯਨ); “ਜੇ ਪਰਮੇਸ਼ੁਰ ਚਾਹੇ ਤਾਂ ਉਸ ਨੂੰ ਸਜ਼ਾ ਦੇਣ ਦਿਓ” (ਦ ਨਿਊ ਟੈਸਟਾਮੈਂਟ ਇੰਨ ਮੌਡਨ ਇੰਗਲਿਸ਼); “ਪਰਮੇਸ਼ੁਰੀ ਬਦਲੇ ਲਈ ਥਾਂ ਰੱਖੋ।”—ਦ ਨਿਊ ਇੰਗਲਿਸ਼ ਬਾਈਬਲ.

ਜਦੋਂ ਅਸੀਂ ਸੱਚਾਈ ਦੇ ਵੈਰੀਆਂ ਵੱਲੋਂ ਜ਼ੁਲਮ ਅਤੇ ਅਤਿਆਚਾਰ ਦਾ ਸਾਮ੍ਹਣਾ ਵੀ ਕਰਦੇ ਹੋਈਏ, ਅਸੀਂ ਮੂਸਾ ਵਾਂਗ ਯਹੋਵਾਹ ਪਰਮੇਸ਼ੁਰ ਬਾਰੇ ਇਸ ਗੱਲ ਉੱਤੇ ਭਰੋਸਾ ਰੱਖ ਸਕਦੇ ਹਾਂ ਕਿ “ਯਹੋਵਾਹ, ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ। ਅਤੇ ਹਜਾਰਾਂ ਲਈ ਭਲਿਆਈ ਰੱਖਣ ਵਾਲਾ ਹੈ ਅਤੇ ਕੁਧਰਮ ਅਪਰਾਧ ਅਰ ਪਾਪ ਦਾ ਬਖ਼ਸ਼ਣ ਹਾਰ ਅਤੇ ਕੁਧਰਮੀ ਨੂੰ ਏਵੇਂ ਨਹੀਂ ਛੱਡਦਾ।”—ਟੇਢੇ ਟਾਈਪ ਸਾਡੇ; ਕੂਚ 34:6, 7.