Skip to content

Skip to table of contents

ਯਹੋਵਾਹ ਸਾਡੀ ਅਗਵਾਈ ਕਿਸ ਤਰ੍ਹਾਂ ਕਰਦਾ ਹੈ

ਯਹੋਵਾਹ ਸਾਡੀ ਅਗਵਾਈ ਕਿਸ ਤਰ੍ਹਾਂ ਕਰਦਾ ਹੈ

ਯਹੋਵਾਹ ਸਾਡੀ ਅਗਵਾਈ ਕਿਸ ਤਰ੍ਹਾਂ ਕਰਦਾ ਹੈ

“ਪੱਧਰੇ ਰਾਹ ਉੱਤੇ ਮੇਰੀ ਅਗਵਾਈ ਕਰ।”—ਜ਼ਬੂਰ 27:11.

1, 2. (ੳ) ਯਹੋਵਾਹ ਆਪਣਿਆਂ ਲੋਕਾਂ ਦੀ ਅੱਜ ਅਗਵਾਈ ਕਿਸ ਤਰ੍ਹਾਂ ਕਰਦਾ ਹੈ? (ਅ) ਸਭਾਵਾਂ ਦਾ ਪੂਰਾ ਫ਼ਾਇਦਾ ਉਠਾਉਣ ਲਈ ਸਾਨੂੰ ਕੀ-ਕੀ ਕਰਨਾ ਪੈਂਦਾ ਹੈ?

ਅਸੀਂ ਪਿਛਲੇ ਲੇਖ ਵਿਚ ਇਹ ਦੇਖਿਆ ਸੀ ਕਿ ਰੌਸ਼ਨੀ ਅਤੇ ਸੱਚਾਈ ਯਹੋਵਾਹ ਤੋਂ ਮਿਲਦੀ ਹੈ। ਉਸ ਦਾ ਬਚਨ ਸਾਡੇ ਰਾਹ ਉੱਤੇ ਚਾਨਣ ਪਾਉਂਦਾ ਹੈ। ਯਹੋਵਾਹ ਸਾਨੂੰ ਆਪਣੇ ਰਾਹਾਂ ਬਾਰੇ ਸਿਖਾਉਣ ਦੁਆਰਾ ਸਾਡੀ ਅਗਵਾਈ ਕਰਦਾ ਹੈ। (ਜ਼ਬੂਰ 119:105) ਜ਼ਬੂਰਾਂ ਦੇ ਲਿਖਾਰੀ ਵਾਂਗ ਅਸੀਂ ਪਰਮੇਸ਼ੁਰ ਦੀ ਅਗਵਾਈ ਲਈ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰਦੇ ਹਾਂ: “ਹੇ ਯਹੋਵਾਹ, ਆਪਣਾ ਰਾਹ ਮੈਨੂੰ ਸਿਖਲਾ, ਅਤੇ ਮੇਰੇ ਘਾਤੀਆਂ ਦੇ ਕਾਰਨ ਪੱਧਰੇ ਰਾਹ ਉੱਤੇ ਮੇਰੀ ਅਗਵਾਈ ਕਰ।”—ਜ਼ਬੂਰ 27:11.

2 ਯਹੋਵਾਹ ਸਾਨੂੰ ਮਸੀਹੀ ਸਭਾਵਾਂ ਰਾਹੀਂ ਸਿਖਾਉਂਦਾ ਹੈ। ਕੀ ਅਸੀਂ (1) ਸਭਾਵਾਂ ਵਿਚ ਲਗਾਤਾਰ ਜਾਣ, (2) ਇਨ੍ਹਾਂ ਵਿਚ ਦੱਸੀਆਂ ਗਈਆਂ ਗੱਲਾਂ ਨੂੰ ਚੰਗੀ ਤਰ੍ਹਾਂ ਸੁਣਨ, ਅਤੇ (3) ਇਨ੍ਹਾਂ ਵਿਚ ਚੰਗਾ ਹਿੱਸਾ ਲੈਣ ਦੁਆਰ ਇਸ ਪ੍ਰੇਮਪੂਰਣ ਪ੍ਰਬੰਧ ਦਾ ਪੂਰਾ ਫ਼ਾਇਦਾ ਉਠਾਉਂਦੇ ਹਾਂ? ਇਸ ਦੇ ਨਾਲ-ਨਾਲ, ਕੀ ਅਸੀਂ ਸ਼ੁਕਰਗੁਜ਼ਾਰ ਹੁੰਦੇ ਹਾਂ ਜਦੋਂ ਸਾਨੂੰ “ਪੱਧਰੇ ਰਾਹ” ਉੱਤੇ ਰਹਿਣ ਦੀ ਸਲਾਹ ਮਿਲਦੀ ਹੈ?

ਕੀ ਤੁਸੀਂ ਸਭਾਵਾਂ ਤੇ ਲਗਾਤਾਰ ਜਾਂਦੇ ਹੋ?

3. ਇਕ ਭੈਣ ਨੇ ਸਭਾਵਾਂ ਤੇ ਲਗਾਤਾਰ ਹਾਜ਼ਰ ਹੋਣ ਦੀ ਆਦਤ ਕਿਸ ਤਰ੍ਹਾਂ ਪਾਈ?

3 ਕੁਝ ਪ੍ਰਕਾਸ਼ਕ ਬਚਪਨ ਤੋਂ ਹੀ ਸਭਾਵਾਂ ਤੇ ਲਗਾਤਾਰ ਹਾਜ਼ਰ ਹੁੰਦੇ ਆਏ ਹਨ। ਇਕ ਪਾਇਨੀਅਰ ਭੈਣ ਕਹਿੰਦੀ ਹੈ ਕਿ “1930 ਦੇ ਦਹਾਕੇ ਵਿਚ ਜਦੋਂ ਮੈਂ ਅਤੇ ਮੇਰੀਆਂ ਭੈਣਾਂ ਛੋਟੀਆਂ ਹੁੰਦੀਆਂ ਸਨ, ਸਾਨੂੰ ਕਦੀ ਵੀ ਆਪਣਿਆਂ ਮਾਪਿਆਂ ਨੂੰ ਇਹ ਨਹੀਂ ਪੁੱਛਣਾ ਪੈਂਦਾ ਸੀ ਕਿ ਅਸੀਂ ਸਭਾ ਤੇ ਜਾਂ ਰਹੇ ਹਾਂ ਕਿ ਨਹੀਂ। ਸਾਨੂੰ ਪਤਾ ਸੀ ਕਿ ਅਸੀਂ ਹਮੇਸ਼ਾ ਜਾਂਦੇ ਸਨ। ਅਸੀਂ ਸਿਰਫ਼ ਉਦੋਂ ਹੀ ਘਰ ਰਹਿੰਦੇ ਸਨ ਜਦੋਂ ਅਸੀਂ ਬੀਮਾਰ ਹੁੰਦੇ ਸਨ।” ਆੱਨਾ ਨਾਂ ਦੀ ਨਬੀਆ ਵਾਂਗ ਇਹ ਭੈਣ ਯਹੋਵਾਹ ਦੀ ਉਪਾਸਨਾ ਦੀ ਜਗ੍ਹਾ ਤੇ ਹਮੇਸ਼ਾ ਹਾਜ਼ਰ ਹੁੰਦੀ ਹੈ।—ਲੂਕਾ 2:36, 37.

4-6. (ੳ) ਕੁਝ ਰਾਜ ਪ੍ਰਕਾਸ਼ਕ ਸਭਾਵਾਂ ਤੇ ਕਿਉਂ ਨਹੀਂ ਹਾਜ਼ਰ ਹੁੰਦੇ? (ਅ) ਸਭਾਵਾਂ ਤੇ ਹਾਜ਼ਰ ਹੋਣਾ ਇੰਨਾ ਜ਼ਰੂਰੀ ਕਿਉਂ ਹੈ?

4 ਕੀ ਤੁਸੀਂ ਸਾਰੀਆਂ ਸਭਾਵਾਂ ਤੇ ਹਾਜ਼ਰ ਹੁੰਦੇ ਹੋ? ਜਾਂ ਕੀ ਤੁਸੀਂ ਹੁਣ ਸਿਰਫ਼ ਕਦੇ-ਕਦੇ ਸਭਾਵਾਂ ਵਿਚ ਜਾਂਦੇ ਹੋ? ਕੁਝ ਮਸੀਹੀਆਂ ਨੇ ਜੋ ਸੋਚਦੇ ਸਨ ਕਿ ਉਨ੍ਹਾਂ ਦੀ ਸਭਾਵਾਂ ਤੇ ਹਾਜ਼ਰੀ ਚੰਗੀ ਸੀ, ਇਸ ਗੱਲ ਉੱਤੇ ਧਿਆਨ ਦੇਣ ਦਾ ਫ਼ੈਸਲਾ ਕੀਤਾ। ਕੁਝ ਹਫ਼ਤਿਆਂ ਦੌਰਾਨ ਜਦੋਂ ਵੀ ਉਹ ਕਿਸੇ ਸਭਾ ਤੇ ਜਾਂਦੇ ਸਨ ਉਨ੍ਹਾਂ ਨੇ ਕਲੰਡਰ ਤੇ ਇਕ ਨਿਸ਼ਾਨ ਲਗਾਇਆ। ਕੁਝ ਸਮੇਂ ਬਾਅਦ ਜਦੋਂ ਉਨ੍ਹਾਂ ਨੇ ਕਲੰਡਰ ਵੱਲ ਧਿਆਨ ਦਿੱਤਾ ਤਾਂ ਉਹ ਹੈਰਾਨ ਹੋਏ ਕਿ ਉਹ ਕਿੰਨੀਆਂ ਸਭਾਵਾਂ ਤੇ ਨਹੀਂ ਗਏ ਸਨ।

5 ਕੋਈ ਸ਼ਾਇਦ ਕਹੇ ‘ਇਹ ਕੋਈ ਹੈਰਾਨੀ ਦੀ ਗੱਲ ਨਹੀਂ। ਲੋਕ ਅੱਜ-ਕੱਲ੍ਹ ਇੰਨੇ ਦਬਾਅ ਹੇਠਾਂ ਹਨ ਕਿ ਸਭਾਵਾਂ ਤੇ ਲਗਾਤਾਰ ਹਾਜ਼ਰ ਹੋਣਾ ਉਨ੍ਹਾਂ ਲਈ ਕੋਈ ਸੌਖੀ ਗੱਲ ਨਹੀਂ ਹੈ।’ ਇਹ ਗੱਲ ਬਿਲਕੁਲ ਸੱਚ ਹੈ ਕਿ ਅਸੀਂ ਬਹੁਤ ਔਖਿਆਂ ਸਮਿਆਂ ਵਿਚ ਜੀ ਰਹੇ ਹਾਂ। ਅਤੇ ਇਹ ਵੀ ਸੱਚ ਹੈ ਕਿ ਮੁਸ਼ਕਲਾਂ ਵਧਦੀਆਂ ਜਾਣਗੀਆਂ। (2 ਤਿਮੋਥਿਉਸ 3:13) ਪਰ, ਕੀ ਇਸ ਦਾ ਮਤਲਬ ਇਹ ਨਹੀਂ ਕਿ ਸਭਾਵਾਂ ਤੇ ਲਗਾਤਾਰ ਹਾਜ਼ਰ ਹੋਣਾ ਸਾਡੇ ਲਈ ਜ਼ਿਆਦਾ ਜ਼ਰੂਰੀ ਹੈ? ਚੰਗੀ ਰੂਹਾਨੀ ਖ਼ੁਰਾਕ ਤੋਂ ਬਗੈਰ ਅਸੀਂ ਇਸ ਸੰਸਾਰ ਦੇ ਦਬਾਵਾਂ ਦਾ ਸਾਮ੍ਹਣਾ ਨਹੀਂ ਕਰ ਸਕਦੇ। ਰੂਹਾਨੀ ਖ਼ੁਰਾਕ ਸਾਨੂੰ ਮਜ਼ਬੂਤ ਕਰਦੀ ਹੈ। ਸਭਾਵਾਂ ਤੇ ਭੈਣਾਂ-ਭਰਾਵਾਂ ਦੀ ਸੰਗਤ ਤੋਂ ਬਗੈਰ ਅਸੀਂ ਸ਼ਾਇਦ ‘ਧਰਮੀਆਂ ਦੇ ਰਾਹ’ ਨੂੰ ਬਿਲਕੁਲ ਛੱਡਣ ਲਈ ਭਰਮਾਏ ਜਾਈਏ! (ਕਹਾਉਤਾਂ 4:18) ਇਹ ਗੱਲ ਸੱਚ ਹੈ ਕਿ ਜਦੋਂ ਅਸੀਂ ਪੂਰਾ ਦਿਨ ਕੰਮ ਤੇ ਲਾ ਕੇ ਘਰ ਆਉਂਦੇ ਹਾਂ ਤਾਂ ਸਭਾ ਤੇ ਜਾਣ ਦਾ ਸਾਡਾ ਹਮੇਸ਼ਾ ਜੀਅ ਨਹੀਂ ਕਰਦਾ। ਪਰ ਜਦੋਂ ਅਸੀਂ ਥਕਾਵਟ ਦੇ ਬਾਵਜੂਦ ਜਾਂਦੇ ਹਾਂ ਤਾਂ ਅਸੀਂ ਲਾਭ ਉਠਾਉਂਦੇ ਹਾਂ ਅਤੇ ਕਿੰਗਡਮ ਹਾਲ ਤੇ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਵੀ ਉਤਸ਼ਾਹਿਤ ਕਰਦੇ ਹਾਂ।

6 ਸਭਾਵਾਂ ਤੇ ਲਗਾਤਾਰ ਹਾਜ਼ਰ ਹੋਣ ਦਾ ਇਕ ਹੋਰ ਮਹੱਤਵਪੂਰਣ ਕਾਰਨ ਇਬਰਾਨੀਆਂ 10:25 ਵਿਚ ਦੱਸਿਆ ਗਿਆ ਹੈ। ਉੱਥੇ ਪੌਲੁਸ ਰਸੂਲ ਨੇ ਮਸੀਹੀਆਂ ਨੂੰ ਆਪਸ ਵਿਚ ਇਕੱਠੇ ਹੋਣ ਦੀ ਸਲਾਹ ਦਿੱਤੀ ਸੀ ਅਤੇ ਕਿਹਾ ਕਿ ‘ਇਹ ਉੱਨਾ ਹੀ ਵਧੀਕ ਕਰਨ ਜਿੰਨਾ ਉਹ ਵੇਖਦੇ ਹਨ ਭਈ ਉਹ ਦਿਨ ਨੇੜੇ ਆਉਂਦਾ ਹੈ।’ ਜੀ ਹਾਂ, ਸਾਨੂੰ ਕਦੀ ਵੀ ਨਹੀਂ ਭੁੱਲਣਾ ਚਾਹੀਦਾ ਕਿ ‘ਯਹੋਵਾਹ ਦਾ ਦਿਨ’ ਨੇੜੇ ਆ ਰਿਹਾ ਹੈ। (2 ਪਤਰਸ 3:12) ਜੇ ਅਸੀਂ ਇਹ ਸੋਚਣ ਲੱਗ ਪਈਏ ਕਿ ਇਸ ਦੁਨੀਆਂ ਦਾ ਅੰਤ ਹਾਲੇ ਦੂਰ ਹੈ ਤਾਂ ਅਸੀਂ ਸ਼ਾਇਦ ਜ਼ਰੂਰੀ ਰੂਹਾਨੀ ਕੰਮਾਂ ਦੀ ਬਜਾਇ ਆਪਣਿਆਂ ਹੀ ਕੰਮਾਂ ਨੂੰ ਜ਼ਿਆਦਾ ਧਿਆਨ ਦੇਣ ਲੱਗ ਪਈਏ। ਅਸੀਂ ਸ਼ਾਇਦ ਸਭਾਵਾਂ ਵਿਚ ਹਾਜ਼ਰ ਹੋਣਾ ਛੱਡ ਦੇਈਏ। ਫਿਰ, ਜਿਵੇਂ ਯਿਸੂ ਨੇ ਚੇਤਾਵਨੀ ਦਿੱਤੀ ਸੀ ‘ਉਹ ਦਿਨ ਫਾਹੀ ਵਾਂਙੁ ਤੁਹਾਡੇ ਉੱਤੇ ਅਚਾਣਕ ਆ ਪਵੇਗਾ!’—ਲੂਕਾ 21:34.

ਚੰਗੀ ਤਰ੍ਹਾਂ ਸੁਣੋ

7. ਬੱਚਿਆਂ ਲਈ ਸਭਾਵਾਂ ਤੇ ਧਿਆਨ ਦੇਣਾ ਜ਼ਰੂਰੀ ਕਿਉਂ ਹੈ?

7 ਸਭਾਵਾਂ ਤੇ ਸਿਰਫ਼ ਹਾਜ਼ਰ ਹੋਣਾ ਕਾਫ਼ੀ ਨਹੀਂ ਹੈ। ਸਾਨੂੰ ਸਾਰੀਆਂ ਗੱਲਾਂ ਚਿੱਤ ਲਾ ਕੇ ਸੁਣਨ ਦੀ ਲੋੜ ਹੈ। (ਕਹਾਉਤਾਂ 7:24) ਬੱਚਿਆਂ ਨੂੰ ਵੀ ਇਸ ਤਰ੍ਹਾਂ ਕਰਨ ਦੀ ਲੋੜ ਹੈ। ਜਦੋਂ ਬੱਚਾ ਸਕੂਲੇ ਜਾਂਦਾ ਹੈ ਤਾਂ ਉਮੀਦ ਰੱਖੀ ਜਾਂਦੀ ਹੈ ਕਿ ਉਹ ਅਧਿਆਪਕ ਦੀਆਂ ਗੱਲਾਂ ਵੱਲ ਧਿਆਨ ਦੇਵੇਗਾ। ਬੱਚੇ ਨੂੰ ਉਦੋਂ ਵੀ ਧਿਆਨ ਦੇਣਾ ਚਾਹੀਦਾ ਹੈ ਜਦੋਂ ਉਸ ਨੂੰ ਕਿਸੇ ਖ਼ਾਸ ਵਿਸ਼ੇ ਵਿਚ ਦਿਲਚਸਪੀ ਨਾ ਹੋਵੇ ਜਾਂ ਉਸ ਨੂੰ ਗੱਲਬਾਤ ਦੀ ਸਮਝ ਨਾ ਆਵੇ। ਅਧਿਆਪਕ ਜਾਣਦਾ ਹੈ ਕਿ ਜੇ ਬੱਚਾ ਧਿਆਨ ਦੇਣ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਸਿੱਖਿਆ ਦਾ ਕੁਝ-ਨ-ਕੁਝ ਫ਼ਾਇਦਾ ਜ਼ਰੂਰ ਹੋਵੇਗਾ। ਤਾਂ ਫਿਰ ਕੀ ਇਹ ਜਾਇਜ਼ ਨਹੀਂ ਕਿ ਸਕੂਲ ਜਾਣ ਵਾਲਿਆਂ ਬੱਚਿਆਂ ਤੋਂ ਇਹ ਉਮੀਦ ਰੱਖੀ ਜਾਵੇ ਕਿ ਉਹ ਸਭਾਵਾਂ ਤੇ ਸੌਣ ਦੀ ਬਜਾਇ ਦਿੱਤੀ ਗਈ ਸਿੱਖਿਆ ਨੂੰ ਸੁਣਨ ਅਤੇ ਉਸ ਵੱਲ ਧਿਆਨ ਦੇਣ? ਇਹ ਗੱਲ ਸੱਚ ਹੈ ਕਿ ਬਾਈਬਲ ਦੀਆਂ ਕਈ ਅਨਮੋਲ ਸੱਚਾਈਆਂ ‘ਸਮਝਣੀਆਂ ਔਖੀਆਂ ਹਨ।’ (2 ਪਤਰਸ 3:16) ਪਰ ਸਾਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਕਿ ਛੋਟੇ ਬੱਚੇ ਸਿੱਖ ਨਹੀਂ ਸਕਦੇ। ਪਰਮੇਸ਼ੁਰ ਇਸ ਤਰ੍ਹਾਂ ਨਹੀਂ ਸੋਚਦਾ। ਪੁਰਾਣੇ ਜ਼ਮਾਨੇ ਵਿਚ, ਉਸ ਨੇ ਆਪਣੇ ਛੋਟਿਆਂ ਸੇਵਕਾਂ ਨੂੰ ਹੁਕਮ ਦਿੱਤਾ ਕਿ ਉਹ ‘ਸੁਣਨ ਅਤੇ ਸਿੱਖਣ ਅਤੇ ਯਹੋਵਾਹ ਤੋਂ ਡਰਨ ਅਤੇ ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ।’ (ਬਿਵਸਥਾ ਸਾਰ 31:12. ਲੇਵੀਆਂ 18:1-30 ਦੀ ਤੁਲਨਾ ਕਰੋ।) ਇਨ੍ਹਾਂ ਵਿੱਚੋਂ ਕੁਝ ਗੱਲਾਂ ਸਮਝਣੀਆਂ ਬੱਚਿਆਂ ਲਈ ਜ਼ਰੂਰ ਔਖੀਆਂ ਸਨ। ਯਹੋਵਾਹ ਅੱਜ ਵੀ ਬੱਚਿਆਂ ਤੋਂ ਇਹ ਉਮੀਦ ਰੱਖਦਾ ਹੈ ਕਿ ਉਹ ਸੁਣਨ।

8. ਕੁਝ ਮਾਪੇ ਆਪਣੇ ਬੱਚਿਆਂ ਦਾ ਸਭਾਵਾਂ ਉੱਤੇ ਧਿਆਨ ਲਗਾਉਣ ਲਈ ਕੀ ਕਰਦੇ ਹਨ?

8 ਮਸੀਹੀ ਮਾਪੇ ਜਾਣਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਦੀਆਂ ਰੂਹਾਨੀ ਜ਼ਰੂਰਤਾਂ ਕੁਝ ਹੱਦ ਤਕ ਸਭਾਵਾਂ ਤੇ ਸਿੱਖੀਆਂ ਗਈਆਂ ਗੱਲਾਂ ਦੁਆਰਾ ਪੂਰੀਆਂ ਹੁੰਦੀਆਂ ਹਨ। ਇਸ ਲਈ, ਕੁਝ ਮਾਪੇ ਸਭਾ ਤੋਂ ਪਹਿਲਾਂ ਆਪਣਿਆਂ ਬੱਚਿਆਂ ਨੂੰ ਥੋੜ੍ਹਾ ਚਿਰ ਸੁਲਾ ਲੈਂਦੇ ਹਨ ਤਾਂਕਿ ਜਦੋਂ ਉਹ ਕਿੰਗਡਮ ਹਾਲ ਤੇ ਪਹੁੰਚਣ ਉਹ ਚੁਸਤ ਅਤੇ ਸਿੱਖਣ ਲਈ ਤਿਆਰ ਹੋਣ। ਕੁਝ ਮਾਪੇ ਸਭਾ ਦੇ ਦਿਨ ਤੇ ਆਪਣੇ ਬੱਚਿਆਂ ਨੂੰ ਥੋੜ੍ਹੇ ਚਿਰ ਲਈ ਟੈਲੀਵਿਯਨ ਦੇਖਣ ਦਿੰਦੇ ਹਨ ਜਾਂ ਸਮਝਦਾਰੀ ਨਾਲ ਉਨ੍ਹਾਂ ਸ਼ਾਮਾਂ ਨੂੰ ਟੈਲੀਵਿਯਨ ਲਾਉਂਦੇ ਹੀ ਨਹੀਂ। (ਅਫ਼ਸੀਆਂ 5:15, 16) ਬੱਚਿਆਂ ਦੀ ਉਮਰ ਅਤੇ ਯੋਗਤਾ ਨੂੰ ਧਿਆਨ ਵਿਚ ਰੱਖਦੇ ਹੋਏ ਅਜਿਹੇ ਮਾਪੇ ਆਪਣੇ ਬੱਚਿਆਂ ਨੂੰ ਸੁਣਨ ਅਤੇ ਸਿੱਖਣ ਦੀ ਮਦਦ ਕਰਦੇ ਹਨ। ਉਹ ਪੂਰੀ ਕੋਸ਼ਿਸ਼ ਕਰਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਦਾ ਧਿਆਨ ਲੱਗਾ ਰਹੇ।—ਕਹਾਉਤਾਂ 8:32.

9. ਅਸੀਂ ਚੱਜ ਨਾਲ ਸੁਣਨਾ ਕਿਸ ਤਰ੍ਹਾਂ ਸਿੱਖ ਸਕਦੇ ਹਾਂ?

9 ਜਦੋਂ ਯਿਸੂ ਨੇ ਕਿਹਾ ਸੀ ਕਿ “ਚੌਕਸ ਰਹੋ ਜੋ ਕਿਸ ਤਰਾਂ ਸੁਣਦੇ ਹੋ,” ਉਹ ਸਿਆਣਿਆਂ ਨਾਲ ਗੱਲ ਕਰ ਰਿਹਾ ਸੀ। (ਲੂਕਾ 8:18) ਅੱਜ-ਕੱਲ੍ਹ ਸੁਣਨਾ ਸੌਖਾ ਨਹੀਂ ਹੈ। ਇਹ ਗੱਲ ਸੱਚ ਹੈ ਕਿ ਚੰਗੀ ਤਰ੍ਹਾਂ ਸੁਣਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਪਰ ਚੱਜ ਨਾਲ ਸੁਣਨਾ ਸਿੱਖਿਆ ਜਾ ਸਕਦਾ ਹੈ। ਸਭਾ ਵਿਚ ਬਾਈਬਲ ਉੱਤੇ ਦਿੱਤੇ ਗਏ ਭਾਸ਼ਣ ਜਾਂ ਕਿਸੇ ਹੋਰ ਭਾਗ ਨੂੰ ਸੁਣਦੇ ਸਮੇਂ, ਉਸ ਦੇ ਮੁੱਖ ਵਿਚਾਰਾਂ ਵੱਲ ਧਿਆਨ ਦੇਣ ਦੀ ਕੋਸ਼ਿਸ਼ ਕਰੋ। ਇਸ ਬਾਰੇ ਸੋਚੋ ਕਿ ਭਾਸ਼ਣਕਾਰ ਅੱਗੇ ਕੀ ਕਹਿਣ ਵਾਲਾ ਹੈ। ਅਜਿਹੇ ਨੁਕਤਿਆਂ ਵੱਲ ਧਿਆਨ ਦੇਵੋ ਜੋ ਤੁਸੀਂ ਆਪਣੀ ਸੇਵਕਾਈ ਜਾਂ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਸਕਦੇ ਹੋ। ਜਿਉਂ-ਜਿਉਂ ਨੁਕਤਿਆਂ ਉੱਤੇ ਚਰਚਾ ਕੀਤੀ ਜਾਂਦੀ ਹੈ ਆਪਣੇ ਮਨ ਵਿਚ ਇਨ੍ਹਾਂ ਨੂੰ ਦੁਹਰਾਓ। ਤੁਸੀਂ ਥੋੜ੍ਹੇ-ਬਹੁਤੇ ਨੋਟ ਵੀ ਲਿਖ ਸਕਦੇ ਹੋ।

10, 11. ਕੁਝ ਮਾਪਿਆਂ ਨੇ ਆਪਣੇ ਬੱਚਿਆਂ ਦੀ ਮਦਦ ਕਿਸ ਤਰ੍ਹਾਂ ਕੀਤੀ ਹੈ ਤਾਂਕਿ ਉਹ ਚੰਗੀ ਤਰ੍ਹਾਂ ਸੁਣ ਸਕਣ ਅਤੇ ਤੁਸੀਂ ਕਿਹੜੇ ਤਰੀਕੇ ਵਰਤਦੇ ਹੋ?

10 ਛੋਟੀ ਉਮਰ ਤੋਂ ਸੁਣਨ ਦੀਆਂ ਚੰਗੀਆਂ ਆਦਤਾਂ ਪਾਉਣੀਆਂ ਸਭ ਤੋਂ ਬਿਹਤਰ ਹੈ। ਕੁਝ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਸਭਾਵਾਂ ਦੌਰਾਨ “ਨੋਟ” ਲਿਖਣੇ ਸਿਖਾਏ ਹਨ ਭਾਵੇਂ ਕਿ ਬੱਚੇ ਹਾਲੇ ਸਕੂਲ ਨਹੀਂ ਜਾਂਦੇ ਅਤੇ ਨਾ ਹੀ ਪੜ੍ਹ-ਲਿਖ ਸਕਦੇ ਹਨ। ਇਹ ਬੱਚੇ ਜਦੋਂ ਵੀ ਕੋਈ ਜਾਣਿਆ-ਪਛਾਣਿਆ ਸ਼ਬਦ ਸੁਣਦੇ ਹਨ, ਜਿਵੇਂ ਕਿ “ਯਹੋਵਾਹ,” “ਯਿਸੂ,” ਜਾਂ “ਰਾਜ” ਤਾਂ ਉਹ ਪੇਪਰ ਉੱਤੇ ਲਕੀਰ ਵਾਹ ਦਿੰਦੇ ਹਨ। ਇਸ ਤਰ੍ਹਾਂ ਬੱਚੇ ਸਭਾਵਾਂ ਤੇ ਕਹੀਆਂ ਗਈਆਂ ਗੱਲਾਂ ਵੱਲ ਧਿਆਨ ਦੇਣਾ ਸਿੱਖ ਸਕਦੇ ਹਨ।

11 ਕਦੀ-ਕਦੀ ਵੱਡਿਆਂ ਬੱਚਿਆਂ ਨੂੰ ਵੀ ਸੁਣਨ ਅਤੇ ਧਿਆਨ ਦੇਣ ਵਿਚ ਮਦਦ ਦੀ ਲੋੜ ਪੈਂਦੀ ਹੈ। ਇਕ ਮਸੀਹੀ ਸੰਮੇਲਨ ਤੇ ਇਕ ਪਿਤਾ ਨੇ ਦੇਖਿਆ ਕਿ ਉਸ ਦੇ 11 ਸਾਲਾਂ ਦੇ ਮੁੰਡੇ ਦਾ ਧਿਆਨ ਕਿਤੇ ਹੋਰ ਹੀ ਸੀ। ਇਸ ਲਈ ਉਸ ਨੇ ਆਪਣੇ ਮੁੰਡੇ ਨੂੰ ਬਾਈਬਲ ਫੜਾ ਕੇ ਉਸ ਨੂੰ ਭਾਸ਼ਣਕਾਰ ਵੱਲੋਂ ਦਿੱਤੀਆਂ ਗਈਆਂ ਆਇਤਾਂ ਲੱਭਣ ਲਈ ਕਿਹਾ। ਪਿਤਾ ਨੋਟ ਲਿਖ ਰਿਹਾ ਸੀ ਇਸ ਲਈ ਉਹ ਆਪਣੇ ਮੁੰਡੇ ਨਾਲ ਬਾਈਬਲ ਦੀਆਂ ਆਇਤਾਂ ਨੂੰ ਪੜ੍ਹਨ ਲੱਗ ਪਿਆ। ਇਸ ਤੋਂ ਬਾਅਦ, ਮੁੰਡੇ ਨੇ ਜ਼ਿਆਦਾ ਦਿਲਚਸਪੀ ਨਾਲ ਸੰਮੇਲਨ ਦੇ ਪ੍ਰੋਗ੍ਰਾਮ ਵੱਲ ਧਿਆਨ ਦੇਣਾ ਸ਼ੁਰੂ ਕੀਤਾ।

ਆਪਣੀ ਆਵਾਜ਼ ਚੁੱਕੋ

12, 13. ਕਲੀਸਿਯਾ ਨਾਲ ਗੀਤ ਗਾਉਣੇ ਮਹੱਤਵਪੂਰਣ ਕਿਉਂ ਹੈ?

12 ਰਾਜੇ ਦਾਊਦ ਨੇ ਗਾ ਕੇ ਕਿਹਾ: “ਮੈਂ ਤੇਰੀ ਜਗਵੇਦੀ ਦੀ ਪਰਦੱਖਣਾ ਕਰਾਂਗਾ, ਤਾਂ ਜੋ ਮੈਂ ਧੰਨਵਾਦ ਦਾ ਸ਼ਬਦ ਸੁਣਾਵਾਂ।” (ਜ਼ਬੂਰ 26:6, 7) ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਤੇ ਕਈ ਵਧੀਆ ਮੌਕੇ ਮਿਲਦੇ ਹਨ ਜਦੋਂ ਅਸੀਂ ਆਪਣੀ ਨਿਹਚਾ ਨੂੰ ਪ੍ਰਗਟ ਕਰ ਸਕਦੇ ਹਾਂ। ਇਸ ਤਰ੍ਹਾਂ ਕਰਨ ਦਾ ਇਕ ਤਰੀਕਾ ਹੈ ਕਲੀਸਿਯਾ ਨਾਲ ਗੀਤ ਗਾਉਣੇ। ਇਹ ਸਾਡੀ ਉਪਾਸਨਾ ਦਾ ਇਕ ਮਹੱਤਵਪੂਰਣ ਹਿੱਸਾ ਹੈ ਜਿਸ ਨੂੰ ਅਸੀਂ ਬਹੁਤ ਆਸਾਨੀ ਨਾਲ ਭੁਲਾ ਸਕਦੇ ਹਾਂ।

13 ਕਈ ਬੱਚੇ ਜਿਨ੍ਹਾਂ ਨੂੰ ਹਾਲੇ ਪੜ੍ਹਨਾ ਨਹੀਂ ਆਉਂਦਾ, ਹਰ ਹਫ਼ਤੇ ਸਭਾਵਾਂ ਤੇ ਗਾਏ ਜਾਣ ਵਾਲੇ ਗੀਤਾਂ ਨੂੰ ਮੂੰਹ-ਜ਼ਬਾਨੀ ਚੇਤੇ ਕਰ ਲੈਂਦੇ ਹਨ। ਉਹ ਸਿਆਣਿਆਂ ਨਾਲ ਗਾਉਂਦੇ ਹੋਏ ਬਹੁਤ ਖ਼ੁਸ਼ ਹੁੰਦੇ ਹਨ। ਲੇਕਿਨ, ਜਿਉਂ-ਜਿਉਂ ਬੱਚੇ ਵੱਡੇ ਹੁੰਦੇ ਹਨ ਉਹ ਸ਼ਾਇਦ ਸਭਾ ਤੇ ਗੀਤ ਗਾਉਣੇ ਇੰਨਾ ਪਸੰਦ ਨਾ ਕਰਨ। ਕੁਝ ਸਿਆਣੇ ਵੀ ਸਭਾਵਾਂ ਤੇ ਗਾਉਣ ਤੋਂ ਸ਼ਰਮਾਉਂਦੇ ਹਨ। ਲੇਕਿਨ, ਜਿਸ ਤਰ੍ਹਾਂ ਪ੍ਰਚਾਰ ਦਾ ਕੰਮ ਸਾਡੀ ਉਪਾਸਨਾ ਦਾ ਹਿੱਸਾ ਹੈ ਉਸੇ ਤਰ੍ਹਾਂ ਗਾਉਣਾ ਵੀ ਸਾਡੀ ਉਪਾਸਨਾ ਦਾ ਇਕ ਹਿੱਸਾ ਹੈ। (ਅਫ਼ਸੀਆਂ 5:19) ਪ੍ਰਚਾਰ ਕਰ ਕੇ ਅਸੀਂ ਯਹੋਵਾਹ ਦੀ ਵਡਿਆਈ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਕੀ ਅਸੀਂ ਉਸਤਤ ਦੇ ਗੀਤ ਦਿਲੋਂ ਗਾਉਂਦੇ ਹੋਏ ਆਪਣੀਆਂ ਆਵਾਜ਼ਾਂ ਰਾਹੀਂ ਉਸ ਦੀ ਵਡਿਆਈ ਨਹੀਂ ਕਰ ਸਕਦੇ, ਭਾਵੇਂ ਸਾਡੀ ਆਵਾਜ਼ ਸੁਰੀਲੀ ਹੋਵੇ ਜਾਂ ਨਾ?—ਇਬਰਾਨੀਆਂ 13:15.

14. ਸਭਾਵਾਂ ਤੇ ਚਰਚਾ ਕੀਤੀਆਂ ਜਾਣ ਵਾਲੀਆਂ ਗੱਲਾਂ ਦੀ ਚੰਗੀ ਤਰ੍ਹਾਂ ਤਿਆਰੀ ਕਰਨ ਦੀ ਕਿਉਂ ਲੋੜ ਹੈ?

14 ਅਸੀਂ ਸਭਾਵਾਂ ਤੇ ਉਤਸ਼ਾਹਿਤ ਕਰਨ ਵਾਲੀਆਂ ਟਿੱਪਣੀਆਂ ਦੇ ਕੇ ਵੀ ਪਰਮੇਸ਼ੁਰ ਦੀ ਵਡਿਆਈ ਕਰਦੇ ਹਾਂ। ਇਸ ਤਰ੍ਹਾਂ ਕਰਨ ਲਈ ਤਿਆਰੀ ਕਰਨ ਦੀ ਲੋੜ ਹੈ। ਪਰਮੇਸ਼ੁਰ ਦੇ ਬਚਨ ਦੀਆਂ ਡੂੰਘੀਆਂ ਗੱਲਾਂ ਉੱਤੇ ਮਨਨ ਕਰਨ ਲਈ ਸਮਾਂ ਲੱਗਦਾ ਹੈ। ਪੌਲੁਸ ਰਸੂਲ ਲਗਨ ਨਾਲ ਸ਼ਾਸਤਰ ਪੜ੍ਹਦਾ ਹੁੰਦਾ ਸੀ। ਉਸ ਨੇ ਪਛਾਣਿਆ ਸੀ ਕਿ ਪਰਮੇਸ਼ੁਰ ਦੀਆਂ ਗੱਲਾਂ ਡੂੰਘੀਆਂ ਹਨ ਅਤੇ ਉਸ ਨੇ ਲਿਖਿਆ: “ਵਾਹ, ਪਰਮੇਸ਼ੁਰ ਦਾ ਧਨ ਅਤੇ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ!” (ਰੋਮੀਆਂ 11:33) ਪਰਿਵਾਰ ਦੇ ਸਿਰ ਲਈ ਜ਼ਰੂਰੀ ਹੈ ਕਿ ਉਹ ਆਪਣੇ ਪਰਿਵਾਰ ਦੇ ਹਰੇਕ ਜੀਅ ਦੀ ਮਦਦ ਕਰੇ ਤਾਂਕਿ ਉਹ ਬਾਈਬਲ ਵਿੱਚੋਂ ਪਰਮੇਸ਼ੁਰ ਦੀ ਬੁੱਧ ਦੀ ਖੋਜ ਕਰ ਸਕਣ। ਪਰਿਵਾਰ ਨਾਲ ਬਾਈਬਲ ਦਾ ਅਧਿਐਨ ਕਰਦੇ ਸਮੇਂ ਔਖੀਆਂ ਗੱਲਾਂ ਸਮਝਾਓ ਅਤੇ ਸਭਾਵਾਂ ਦੀ ਤਿਆਰੀ ਕਰਨ ਲਈ ਪਰਿਵਾਰ ਦੀ ਮਦਦ ਕਰੋ।

15. ਸਭਾਵਾਂ ਤੇ ਟਿੱਪਣੀ ਕਰਨ ਵਾਸਤੇ ਅਸੀਂ ਕੀ ਕਰ ਸਕਦੇ ਹਾਂ?

15 ਜੇਕਰ ਤੁਸੀਂ ਸਭਾਵਾਂ ਤੇ ਅਕਸਰ ਟਿੱਪਣੀਆਂ ਕਰਨੀਆਂ ਚਾਹੁੰਦੇ ਹੋ, ਤਾਂ ਕਿਉਂ ਨਾ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਉਸ ਨੂੰ ਪਹਿਲਾਂ ਤਿਆਰ ਕਰ ਲਓ। ਤੁਹਾਨੂੰ ਕੋਈ ਲੰਬੀ-ਚੌੜੀ ਗੱਲ ਕਰਨ ਦੀ ਲੋੜ ਨਹੀਂ। ਤੁਸੀਂ ਬਾਈਬਲ ਦਾ ਕੋਈ ਹਵਾਲਾ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ ਜਾਂ ਦਿਲੋਂ ਕੋਈ ਛੋਟੀ ਜਿਹੀ ਗੱਲ ਕਰ ਸਕਦੇ ਹੋ। ਕੁਝ ਭੈਣ-ਭਰਾ ਜੋ ਕਿਸੇ ਖ਼ਾਸ ਪੈਰੇ ਤੇ ਟਿੱਪਣੀ ਕਰਨਾ ਚਾਹੁੰਦੇ ਹਨ, ਅਧਿਐਨ ਕਰਵਾਉਣ ਵਾਲੇ ਭਰਾ ਨੂੰ ਪਹਿਲਾਂ ਹੀ ਦੱਸ ਦਿੰਦੇ ਹਨ। ਇਸ ਤਰ੍ਹਾਂ ਕਰਨ ਰਾਹੀਂ ਉਹ ਨਿਹਚਾ ਪ੍ਰਗਟ ਕਰਨ ਦੇ ਮੌਕੇ ਨੂੰ ਗੁਆਉਂਦੇ ਨਹੀਂ।

ਭੋਲੇ ਬੁੱਧਵਾਨ ਬਣ ਜਾਂਦੇ ਹਨ

16, 17. ਇਕ ਬਜ਼ੁਰਗ ਨੇ ਇਕ ਸਹਾਇਕ ਸੇਵਕ ਨੂੰ ਕਿਹੜੀ ਸਲਾਹ ਦਿੱਤੀ ਸੀ, ਅਤੇ ਇਹ ਅਸਰਦਾਰ ਕਿਉਂ ਸੀ?

16 ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਤੇ ਸਾਨੂੰ ਅਕਸਰ ਯਾਦ ਕਰਵਾਇਆ ਜਾਂਦਾ ਹੈ ਕਿ ਸਾਨੂੰ ਪਰਮੇਸ਼ੁਰ ਦਾ ਬਚਨ ਰੋਜ਼ ਪੜ੍ਹਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਸਾਨੂੰ ਉਤਸ਼ਾਹ ਮਿਲਦਾ ਹੈ। ਸਾਨੂੰ ਚੰਗੇ ਫ਼ੈਸਲੇ ਕਰਨ, ਆਪਣੇ ਆਪ ਨੂੰ ਸੁਧਾਰਨ, ਗ਼ਲਤ ਇੱਛਾਵਾਂ ਉੱਤੇ ਕਾਬੂ ਪਾਉਣ, ਅਤੇ ਜਦੋਂ ਅਸੀਂ ਗ਼ਲਤ ਕਦਮ ਚੁੱਕਦੇ ਹਾਂ ਤਾਂ ਰੂਹਾਨੀ ਤੌਰ ਤੇ ਆਪਣਾ ਰਾਹ ਠੀਕ ਕਰਨ ਦੀ ਵੀ ਮਦਦ ਮਿਲਦੀ ਹੈ।—ਜ਼ਬੂਰ 19:7.

17 ਕਲੀਸਿਯਾ ਦੇ ਤਜਰਬੇਕਾਰ ਬਜ਼ੁਰਗ ਸਾਡੀਆਂ ਜ਼ਰੂਰਤਾਂ ਅਨੁਸਾਰ ਸਾਨੂੰ ਬਾਈਬਲ ਵਿੱਚੋਂ ਸਲਾਹ ਦੇਣ ਲਈ ਤਿਆਰ ਹੁੰਦੇ ਹਨ। ਸਾਨੂੰ ਸਿਰਫ਼ ਉਨ੍ਹਾਂ ਤੋਂ ਇਹ ਸਲਾਹ ਮੰਗਣ ਦੀ ਲੋੜ ਹੈ। (ਕਹਾਉਤਾਂ 20:5) ਇਕ ਜੋਸ਼ੀਲੇ ਜਵਾਨ ਸਹਾਇਕ ਸੇਵਕ ਨੇ ਇਕ ਬਜ਼ੁਰਗ ਤੋਂ ਇਕ ਦਿਨ ਸਲਾਹ ਮੰਗੀ ਕਿ ਉਹ ਕਲੀਸਿਯਾ ਦੀ ਸੇਵਾ ਕਰਨ ਵਿਚ ਹੋਰ ਕੀ ਕਰ ਸਕਦਾ ਹੈ। ਬਜ਼ੁਰਗ ਇਸ ਜਵਾਨ ਭਰਾ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਇਸ ਲਈ ਉਸ ਨੇ ਆਪਣੀ ਬਾਈਬਲ 1 ਤਿਮੋਥਿਉਸ 3:3 ਤੇ ਖੋਲ੍ਹੀ, ਜਿਸ ਵਿਚ ਲਿਖਿਆ ਹੈ ਕਿ ਨਿਗਾਹਬਾਨਾਂ ਨੂੰ “ਸੀਲ ਸੁਭਾਉ” ਵਾਲੇ ਹੋਣ ਦੀ ਲੋੜ ਹੈ। ਉਸ ਨੇ ਪਿਆਰ ਨਾਲ ਭਰਾ ਨੂੰ ਦਿਖਾਇਆ ਕਿ ਉਹ ਕਿਸ ਤਰ੍ਹਾਂ ਨਰਮੀ ਨਾਲ ਦੂਸਰਿਆਂ ਨਾਲ ਸਲੂਕ ਕਰ ਸਕਦਾ ਹੈ। ਕੀ ਉਹ ਇਸ ਸਲਾਹ ਕਾਰਨ ਨਾਰਾਜ਼ ਹੋਇਆ? ਬਿਲਕੁਲ ਨਹੀਂ! ਉਸ ਨੇ ਕਿਹਾ: “ਬਜ਼ੁਰਗ ਨੇ ਬਾਈਬਲ ਤੋਂ ਮੈਨੂੰ ਸਲਾਹ ਦਿੱਤੀ, ਇਸ ਲਈ ਮੈਂ ਸਮਝ ਗਿਆ ਕਿ ਇਹ ਸਲਾਹ ਯਹੋਵਾਹ ਵੱਲੋਂ ਆ ਰਹੀ ਸੀ।” ਇਸ ਸਹਾਇਕ ਸੇਵਕ ਨੇ ਸ਼ੁਕਰਗੁਜ਼ਾਰੀ ਨਾਲ ਇਹ ਸਲਾਹ ਲਾਗੂ ਕੀਤੀ ਅਤੇ ਉਹ ਹੁਣ ਚੰਗੀ ਤਰੱਕੀ ਕਰ ਰਿਹਾ ਹੈ।

18. (ੳ) ਸਕੂਲ ਵਿਚ ਗ਼ਲਤ ਕੰਮਾਂ ਤੋਂ ਦੂਰ ਰਹਿਣ ਲਈ ਇਕ ਭੈਣ ਦੀ ਕਿਸ ਚੀਜ਼ ਨੇ ਮਦਦ ਕੀਤੀ ਸੀ? (ਅ) ਜਦੋਂ ਗ਼ਲਤ ਇੱਛਾਵਾਂ ਤੁਹਾਡੇ ਮਨ ਵਿਚ ਆਉਂਦੀਆਂ ਹਨ ਤਾਂ ਤੁਹਾਨੂੰ ਬਾਈਬਲ ਦੀਆਂ ਕਿਹੜੀਆਂ ਆਇਤਾਂ ਤੋਂ ਮਦਦ ਮਿਲਦੀ ਹੈ?

18 ਪਰਮੇਸ਼ੁਰ ਦਾ ਬਚਨ ਨੌਜਵਾਨਾਂ ਨੂੰ ‘ਜੁਆਨੀ ਦੀਆਂ ਕਾਮਨਾਂ ਤੋਂ ਭੱਜਣ’ ਦੀ ਵੀ ਮਦਦ ਦੇ ਸਕਦਾ ਹੈ। (2 ਤਿਮੋਥਿਉਸ 2:22) ਯਹੋਵਾਹ ਦੀ ਇਕ ਗਵਾਹ ਨੂੰ ਸਕੂਲੋਂ ਹਟੀ ਨੂੰ ਥੋੜ੍ਹਾ ਹੀ ਚਿਰ ਹੋਇਆ ਹੈ। ਉਹ ਸਕੂਲ ਦਿਆਂ ਸਾਲਾਂ ਦੌਰਾਨ ਸਿਰਫ਼ ਇਸ ਲਈ ਗ਼ਲਤ ਕੰਮਾਂ ਤੋਂ ਬਚ ਸਕੀ ਕਿਉਂਕਿ ਉਸ ਨੇ ਬਾਈਬਲ ਦਿਆਂ ਹਵਾਲਿਆਂ ਉੱਤੇ ਮਨਨ ਕੀਤਾ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿਚ ਲਾਗੂ ਕੀਤਾ। ਉਹ ਅਕਸਰ ਕਹਾਉਤਾਂ 13:20 ਦੀ ਸਲਾਹ ਬਾਰੇ ਸੋਚਦੀ ਹੁੰਦੀ ਸੀ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ।” (ਕਹਾਉਤਾਂ 13:20) ਇਸ ਸਲਾਹ ਕਾਰਨ ਉਸ ਨੇ ਸਾਵਧਾਨੀ ਨਾਲ ਸਿਰਫ਼ ਬਾਈਬਲ ਦਿਆਂ ਸਿਧਾਂਤਾਂ ਦੀ ਗਹਿਰੀ ਕਦਰ ਕਰਨ ਵਾਲਿਆਂ ਨਾਲ ਦੋਸਤੀ ਕੀਤੀ। ਉਹ ਕਹਿੰਦੀ ਹੈ: “ਮੈਂ ਵੀ ਦੂਸਰਿਆਂ ਲੋਕਾਂ ਵਰਗੀ ਹਾਂ। ਜੇ ਮੈਂ ਗ਼ਲਤ ਲੋਕਾਂ ਨਾਲ ਸੰਗਤ ਰੱਖਾਂ ਤਾਂ ਮੈਂ ਆਪਣੀਆਂ ਸਹੇਲੀਆਂ ਨੂੰ ਖ਼ੁਸ਼ ਕਰਨਾ ਚਾਹਾਂਗੀ ਅਤੇ ਇਸ ਤਰ੍ਹਾਂ ਮੈਂ ਮੁਸੀਬਤ ਵਿਚ ਫਸ ਸਕਦੀ ਹਾਂ।” ਦੂਸਰੇ ਤਿਮੋਥਿਉਸ 1:8 ਵਿਚ ਪੌਲੁਸ ਦੀ ਸਲਾਹ ਨੇ ਵੀ ਉਸ ਦੀ ਮਦਦ ਕੀਤੀ, ਜਿੱਥੇ ਪੌਲੁਸ ਨੇ ਕਿਹਾ: ‘ਤੂੰ ਸਾਡੇ ਪ੍ਰਭੁ ਦੀ ਸਾਖੀ ਤੋਂ ਨਾ ਸ਼ਰਮਾਵੀਂ ਸਗੋਂ ਖੁਸ਼ ਖਬਰੀ ਲਈ ਦੁਖਾਂ ਵਿੱਚ ਮੇਰੇ ਨਾਲ ਸਾਂਝੀ ਹੋਵੀਂ।’ ਇਸ ਸਲਾਹ ਨੂੰ ਲਾਗੂ ਕਰ ਕੇ ਉਸ ਨੇ ਹਰੇਕ ਮੌਕੇ ਤੇ ਦਲੇਰੀ ਨਾਲ ਕਲਾਸ ਵਿਚ ਆਪਣਿਆਂ ਸਾਥੀਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਿਆ। ਜਦੋਂ ਵੀ ਉਸ ਨੂੰ ਕਲਾਸ ਦੇ ਸਾਮ੍ਹਣੇ ਮੂੰਹ-ਜ਼ਬਾਨੀ ਕੋਈ ਰਿਪੋਰਟ ਦੇਣੀ ਪੈਂਦੀ ਸੀ, ਉਹ ਹਮੇਸ਼ਾ ਅਜਿਹਾ ਵਿਸ਼ਾ ਚੁਣਦੀ ਸੀ ਜੋ ਉਸ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਗਵਾਹੀ ਦੇਣ ਦਾ ਮੌਕਾ ਦਿੰਦਾ ਸੀ।

19. ਇਕ ਨੌਜਵਾਨ ਸੰਸਾਰ ਦੀਆਂ ਪਰੀਖਿਆਵਾਂ ਦਾ ਸਾਮ੍ਹਣਾ ਕਿਉਂ ਨਹੀਂ ਕਰ ਸਕਿਆ ਸੀ, ਪਰ ਉਸ ਨੂੰ ਰੂਹਾਨੀ ਤਾਕਤ ਕਿੱਥੋਂ ਮਿਲੀ?

19 ਜੇ ਅਸੀਂ ‘ਧਰਮੀਆਂ ਦੇ ਰਾਹ’ ਤੋਂ ਕਦੀ ਭਟਕ ਜਾਈਏ ਤਾਂ ਪਰਮੇਸ਼ੁਰ ਦਾ ਬਚਨ ਸਾਨੂੰ ਰਾਹੇ ਪਾ ਸਕਦਾ ਹੈ। (ਕਹਾਉਤਾਂ 4:18) ਅਫ਼ਰੀਕਾ ਵਿਚ ਰਹਿੰਦੇ ਇਕ ਨੌਜਵਾਨ ਨੂੰ ਖ਼ੁਦ ਇਸ ਗੱਲ ਦਾ ਅਹਿਸਾਸ ਹੋਇਆ। ਜਦੋਂ ਯਹੋਵਾਹ ਦੇ ਇਕ ਗਵਾਹ ਨੇ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰ ਲਿਆ। ਉਹ ਸਿੱਖੀਆਂ ਜਾ ਰਹੀਆਂ ਗੱਲਾਂ ਨੂੰ ਬਹੁਤ ਪਸੰਦ ਕਰਦਾ ਸੀ ਪਰ ਉਹ ਸਕੂਲੇ ਬੁਰੀ ਸੰਗਤ ਵਿਚ ਫਸ ਗਿਆ ਸੀ। ਸਮੇਂ ਦੇ ਬੀਤਣ ਨਾਲ ਉਹ ਅਜਿਹੀ ਜ਼ਿੰਦਗੀ ਬਤੀਤ ਕਰਨ ਲੱਗ ਪਿਆ ਜੋ ਬਾਈਬਲ ਦੇ ਵਿਰੁੱਧ ਸੀ। ਉਹ ਸਵੀਕਾਰ ਕਰਦਾ ਹੈ ਕਿ “ਮੇਰੀ ਜ਼ਮੀਰ ਮੈਨੂੰ ਤੰਗ ਕਰਦੀ ਸੀ ਇਸ ਲਈ ਮੈਨੂੰ ਸਭਾਵਾਂ ਤੇ ਜਾਣਾ ਬੰਦ ਕਰਨਾ ਪਿਆ।” ਕੁਝ ਦੇਰ ਬਾਅਦ ਉਹ ਫਿਰ ਤੋਂ ਸਭਾਵਾਂ ਵਿਚ ਜਾਣ ਲੱਗ ਪਿਆ। ਇਸ ਨੌਜਵਾਨ ਨੇ ਦਿਲਚਸਪੀ ਦੀ ਇਹ ਗੱਲ ਕਹੀ: “ਮੈਨੂੰ ਪਤਾ ਲੱਗਾ ਕਿ ਮੈਂ ਇਹ ਸਭ ਕੁਝ ਸਿਰਫ਼ ਇਸ ਲਈ ਕੀਤਾ ਸੀ ਕਿਉਂਕਿ ਮੈਂ ਆਪਣੀਆਂ ਰੂਹਾਨੀ ਜ਼ਰੂਰਤਾਂ ਪੂਰੀਆਂ ਨਹੀਂ ਕੀਤੀਆਂ ਸਨ। ਮੈਂ ਨਿੱਜੀ ਅਧਿਐਨ ਨਹੀਂ ਕਰਦਾ ਸੀ। ਇਸ ਲਈ ਮੈਂ ਗ਼ਲਤ ਇੱਛਾਵਾਂ ਉੱਤੇ ਕਾਬੂ ਨਾ ਪਾ ਸਕਿਆ। ਫਿਰ ਮੈਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੇ ਰਸਾਲੇ ਪੜ੍ਹਨੇ ਸ਼ੁਰੂ ਕੀਤੇ। ਹੌਲੀ-ਹੌਲੀ ਮੈਨੂੰ ਰੂਹਾਨੀ ਤਾਕਤ ਫਿਰ ਤੋਂ ਮਿਲ ਗਈ ਅਤੇ ਮੈਂ ਆਪਣੀ ਜ਼ਿੰਦਗੀ ਨੂੰ ਸੁਧਾਰਨ ਲੱਗ ਪਿਆ। ਇਹ ਉਨ੍ਹਾਂ ਲਈ ਇਕ ਚੰਗੀ ਗਵਾਹੀ ਸੀ ਜਿਨ੍ਹਾਂ ਨੇ ਮੇਰੇ ਵਿਚ ਤਬਦੀਲੀਆਂ ਦੇਖੀਆਂ। ਮੈਂ ਬਪਤਿਸਮਾ ਲੈ ਲਿਆ ਅਤੇ ਹੁਣ ਮੈਂ ਬਹੁਤ ਖ਼ੁਸ਼ ਹਾਂ।” ਇਸ ਨੌਜਵਾਨ ਨੂੰ ਆਪਣੀਆਂ ਸਰੀਰਕ ਕਮਜ਼ੋਰੀਆਂ ਉੱਤੇ ਜੇਤੂ ਹੋਣ ਦੀ ਤਾਕਤ ਕਿਸ ਚੀਜ਼ ਨੇ ਦਿੱਤੀ ਸੀ? ਉਸ ਨੇ ਬਾਈਬਲ ਦਾ ਨਿੱਜੀ ਅਧਿਐਨ ਲਗਾਤਾਰ ਕਰ ਕੇ ਰੂਹਾਨੀ ਤਾਕਤ ਹਾਸਲ ਕੀਤੀ।

20. ਨੌਜਵਾਨ ਸ਼ਤਾਨ ਦੇ ਹਮਲਿਆਂ ਦਾ ਸਾਮ੍ਹਣਾ ਕਿਸ ਤਰ੍ਹਾਂ ਕਰ ਸਕਦੇ ਹਨ?

20 ਮਸੀਹੀ ਨੌਜਵਾਨੋ, ਤੁਹਾਡੇ ਉੱਤੇ ਅੱਜ ਹਮਲਾ ਕੀਤਾ ਜਾ ਰਿਹਾ ਹੈ! ਜੇਕਰ ਤੁਸੀਂ ਸ਼ਤਾਨ ਦੇ ਹਮਲਿਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਲਗਾਤਾਰ ਰੂਹਾਨੀ ਖ਼ੁਰਾਕ ਲੈਣ ਦੀ ਜ਼ਰੂਰਤ ਹੈ। ਜ਼ਬੂਰਾਂ ਦੇ ਇਕ ਨੌਜਵਾਨ ਲਿਖਾਰੀ ਨੇ ਵੀ ਇਹ ਗੱਲ ਸਮਝੀ ਸੀ। ਉਸ ਨੇ ਯਹੋਵਾਹ ਦਾ ਸ਼ੁਕਰ ਕੀਤਾ ਕਿ ਉਸ ਦੇ ਬਚਨ ਰਾਹੀਂ ‘ਜੁਆਨ ਆਪਣੀ ਚਾਲ ਨੂੰ ਸ਼ੁੱਧ ਕਰ’ ਸਕਦਾ ਹੈ।—ਜ਼ਬੂਰ 119:9.

ਅਸੀਂ ਯਹੋਵਾਹ ਦੀ ਅਗਵਾਈ ਅਧੀਨ ਚੱਲਾਂਗੇ

21, 22. ਸਾਨੂੰ ਇਸ ਤਰ੍ਹਾਂ ਕਿਉਂ ਨਹੀਂ ਸੋਚਣਾ ਚਾਹੀਦਾ ਕਿ ਸੱਚਾਈ ਦਾ ਰਾਹ ਬਹੁਤ ਔਖਾ ਹੈ?

21 ਯਹੋਵਾਹ ਨੇ ਇਸਰਾਏਲੀਆਂ ਨੂੰ ਮਿਸਰ ਤੋਂ ਵਾਅਦਾ ਕੀਤੇ ਹੋਏ ਦੇਸ਼ ਤਕ ਲਿਆਂਦਾ ਸੀ। ਜੋ ਰਾਹ ਉਸ ਨੇ ਚੁਣਿਆ ਸੀ ਉਹ ਸ਼ਾਇਦ ਮਨੁੱਖਾਂ ਦੇ ਨਜ਼ਰੀਏ ਤੋਂ ਬਹੁਤ ਔਖਾ ਸੀ। ਯਹੋਵਾਹ ਨੇ ਆਪਣਿਆਂ ਲੋਕਾਂ ਨੂੰ ਭੂਮੱਧ ਸਾਗਰ ਦੇ ਨਾਲ ਲੱਗਦੇ ਸੌਖੇ ਅਤੇ ਸਿੱਧੇ ਰਾਹ ਤੇ ਲੈ ਜਾਣ ਦੀ ਬਜਾਇ ਉਨ੍ਹਾਂ ਨੂੰ ਉਜਾੜ ਦੇ ਔਖੇ ਰਾਹ ਵਿੱਚੋਂ ਲੰਘਾਇਆ ਸੀ। ਲੇਕਿਨ, ਅਸਲ ਵਿਚ ਇਹ ਯਹੋਵਾਹ ਦੀ ਦਿਆਲਗੀ ਦਾ ਸਬੂਤ ਸੀ। ਸਾਗਰ ਦੇ ਨਾਲ ਲੱਗਦਾ ਰਾਹ ਭਾਵੇਂ ਦੂਸਰੇ ਰਾਹ ਨਾਲੋਂ ਛੋਟਾ ਸੀ, ਉਸ ਤੇ ਜਾਣ ਦੁਆਰਾ ਇਸਰਾਏਲੀਆਂ ਨੂੰ ਵਿਰੋਧੀ ਫ਼ਿਲਸਤੀ ਦੇਸ਼ ਵਿਚ ਦੀ ਲੰਘਣਾ ਪੈਣਾ ਸੀ। ਦੂਸਰਾ ਰਾਹ ਚੁਣ ਕੇ ਯਹੋਵਾਹ ਨੇ ਆਪਣੇ ਲੋਕਾਂ ਨੂੰ ਫ਼ਿਲਸਤੀਆਂ ਦਾ ਸਾਮ੍ਹਣਾ ਕਰਨ ਤੋਂ ਬਚਾਇਆ।

22 ਇਸੇ ਤਰ੍ਹਾਂ, ਯਹੋਵਾਹ ਦੀ ਅਗਵਾਈ ਅਧੀਨ ਜਿਸ ਰਾਹ ਉੱਤੇ ਅਸੀਂ ਅੱਜ ਚੱਲ ਰਹੇ ਹਾਂ ਕਦੀ-ਕਦੀ ਸ਼ਾਇਦ ਔਖਾ ਲੱਗੇ। ਹਰ ਹਫ਼ਤੇ ਸਾਡੇ ਕੋਲ ਬਹੁਤ ਮਸੀਹੀ ਕੰਮ ਹੁੰਦੇ ਹਨ। ਇਸ ਵਿਚ ਕਲੀਸਿਯਾ ਦੀਆਂ ਸਭਾਵਾਂ, ਬਾਈਬਲ ਦਾ ਨਿੱਜੀ ਅਧਿਐਨ, ਅਤੇ ਪ੍ਰਚਾਰ ਦਾ ਕੰਮ ਹੈ। ਦੂਸਰੇ ਰਾਹ ਸ਼ਾਇਦ ਸਾਨੂੰ ਸੌਖੇ ਲੱਗਣ। ਪਰ ਸਿਰਫ਼ ਯਹੋਵਾਹ ਦੀ ਅਗਵਾਈ ਅਧੀਨ ਚੱਲ ਕੇ ਹੀ ਅਸੀਂ ਆਪਣੀ ਮੰਜ਼ਲ ਤੇ ਪਹੁੰਚ ਸਕਦੇ ਹਾਂ, ਜਿਸ ਤੇ ਪਹੁੰਚਣ ਲਈ ਅਸੀਂ ਇੰਨੀ ਮਿਹਨਤ ਕਰ ਰਹੇ ਹਾਂ। ਇਸ ਲਈ, ਆਓ ਆਪਾਂ ਯਹੋਵਾਹ ਵੱਲੋਂ ਮਿਲਦੀ ਮਹੱਤਵਪੂਰਣ ਸਿੱਖਿਆ ਵੱਲ ਧਿਆਨ ਦਿੰਦੇ ਰਹੀਏ ਅਤੇ “ਪੱਧਰੇ ਰਾਹ” ਉੱਤੇ ਹਮੇਸ਼ਾ ਚੱਲਦੇ ਰਹੀਏ!—ਜ਼ਬੂਰ 27:11.

ਕੀ ਤੁਸੀਂ ਸਮਝਾ ਸਕਦੇ ਹੋ?

• ਸਾਨੂੰ ਮਸੀਹੀ ਸਭਾਵਾਂ ਤੇ ਲਗਾਤਾਰ ਕਿਉਂ ਹਾਜ਼ਰ ਹੋਣਾ ਚਾਹੀਦਾ ਹੈ?

• ਸਭਾਵਾਂ ਉੱਤੇ ਧਿਆਨ ਲਗਾਉਣ ਲਈ ਮਾਪੇ ਆਪਣੇ ਬੱਚਿਆਂ ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਹਨ?

• ਚੰਗੀ ਤਰ੍ਹਾਂ ਸੁਣਨ ਵਿਚ ਕੀ-ਕੀ ਸ਼ਾਮਲ ਹੈ?

• ਸਭਾਵਾਂ ਤੇ ਟਿੱਪਣੀ ਕਰਨ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ?

[ਸਵਾਲ]

[ਸਫ਼ੇ 16, 17 ਉੱਤੇ ਤਸਵੀਰ]

ਮਸੀਹੀ ਸਭਾਵਾਂ ਤੇ ਹਾਜ਼ਰ ਹੋ ਕੇ ਅਸੀਂ ਯਹੋਵਾਹ ਦੇ ਦਿਨ ਨੂੰ ਮਨ ਵਿਚ ਰੱਖ ਸਕਦੇ ਹਾਂ

[ਸਫ਼ੇ 18 ਉੱਤੇ ਤਸਵੀਰਾਂ]

ਮਸੀਹੀ ਸਭਾਵਾਂ ਤੇ ਯਹੋਵਾਹ ਦੀ ਵਡਿਆਈ ਕਰਨ ਦੇ ਕਈ ਤਰੀਕੇ ਹਨ