Skip to content

Skip to table of contents

ਯਿਸੂ ਮਸੀਹ ਸਾਡੀ ਮਦਦ ਕਿਸ ਤਰ੍ਹਾਂ ਕਰ ਸਕਦਾ ਹੈ?

ਯਿਸੂ ਮਸੀਹ ਸਾਡੀ ਮਦਦ ਕਿਸ ਤਰ੍ਹਾਂ ਕਰ ਸਕਦਾ ਹੈ?

ਯਿਸੂ ਮਸੀਹ ਸਾਡੀ ਮਦਦ ਕਿਸ ਤਰ੍ਹਾਂ ਕਰ ਸਕਦਾ ਹੈ?

ਯਿਸੂ ਮਸੀਹ ਨੇ ਧਰਤੀ ਉੱਤੇ ਆਪਣੇ ਜੀਵਨ ਦੌਰਾਨ ਲੋਕਾਂ ਦੀ ਮਦਦ ਕਰਨ ਲਈ ਬਹੁਤ ਕੁਝ ਕੀਤਾ ਸੀ। ਇਹ ਗੱਲ ਇੰਨੀ ਸੱਚੀ ਸੀ ਕਿ ਯਿਸੂ ਦੇ ਜੀਵਨ ਦੀਆਂ ਘਟਨਾਵਾਂ ਬਾਰੇ ਦੱਸਦਿਆਂ, ਇਕ ਚਸ਼ਮਦੀਦ ਗਵਾਹ ਨੇ ਕਿਹਾ ਕਿ “ਹੋਰ ਵੀ ਢੇਰ ਸਾਰੇ ਕੰਮ ਹਨ ਜਿਹੜੇ ਯਿਸੂ ਨੇ ਕੀਤੇ। ਜੇ ਓਹ ਸੱਭੇ ਇੱਕ ਇੱਕ ਕਰਕੇ ਲਿਖੇ ਜਾਂਦੇ ਤਾਂ ਮੈਂ ਸਮਝਦਾ ਹਾਂ ਭਈ ਜਿਹੜੀਆਂ ਪੁਸਤਕਾਂ ਲਿਖੀਆਂ ਜਾਂਦੀਆਂ ਓਹ ਜਗਤ ਵਿੱਚ ਭੀ ਨਾ ਸਮਾਉਂਦੀਆਂ!” (ਯੂਹੰਨਾ 21:25) ਇਹ ਦੇਖਦਿਆਂ ਕਿ ਯਿਸੂ ਨੇ ਧਰਤੀ ਉੱਤੇ ਕਿੰਨਾ ਕੁਝ ਕੀਤਾ ਸੀ, ਅਸੀਂ ਪੁੱਛ ਸਕਦੇ ਹਾਂ ਕਿ ‘ਸਵਰਗ ਤੋਂ ਉਹ ਸਾਡਾ ਸਹਾਇਕ ਕਿਸ ਤਰ੍ਹਾਂ ਹੋ ਸਕਦਾ ਹੈ? ਕੀ ਸਾਨੂੰ ਹੁਣ ਯਿਸੂ ਦੀ ਰਹਿਮਦਿਲੀ ਤੋਂ ਲਾਭ ਮਿਲ ਸਕਦਾ ਹੈ?’

ਇਨ੍ਹਾਂ ਸਵਾਲਾਂ ਦੇ ਜਵਾਬ ਬਹੁਤ ਹੀ ਤਸੱਲੀ ਦਿੰਦੇ ਹਨ। ਬਾਈਬਲ ਸਾਨੂੰ ਦੱਸਦੀ ਹੈ ਕਿ ਮਸੀਹ “ਸੁਰਗ ਵਿੱਚ ਹੀ ਗਿਆ ਭਈ ਹੁਣ ਸਾਡੇ ਲਈ ਪਰਮੇਸ਼ੁਰ ਦੇ ਸਨਮੁਖ ਪੇਸ਼ ਹੋਵੇ।” (ਇਬਰਾਨੀਆਂ 9:24) ਪਰ, ਸਾਡੇ ਲਈ ਕੀ ਕਰਨ ਵਾਸਤੇ ਗਿਆ ਸੀ? ਪੌਲੁਸ ਰਸੂਲ ਦੱਸਦਾ ਹੈ ਕਿ “[ਮਸੀਹ] ਬੱਕਰਿਆਂ ਅਤੇ ਵੱਛਿਆਂ ਦੇ ਲਹੂ ਦੇ ਰਾਹੀਂ ਨਹੀਂ ਸਗੋਂ ਆਪਣੇ ਹੀ ਲਹੂ ਦੇ ਰਾਹੀਂ ਪਵਿੱਤਰ ਅਸਥਾਨਾਂ [“ਸੁਰਗ”] ਦੇ ਅੰਦਰ ਸਦੀਪਕ ਨਿਸਤਾਰਾ ਕਮਾ ਕੇ ਇੱਕੋ ਵਾਰ ਅੰਦਰ ਗਿਆ।”—ਇਬਰਾਨੀਆਂ 9:12; 1 ਯੂਹੰਨਾ 2:2.

ਇਹ ਕਿੰਨੀ ਵਧੀਆ ਗੱਲ ਹੈ! ਸਵਰਗ ਜਾਣ ਨਾਲ ਯਿਸੂ ਦੇ ਅਸਚਰਜ ਕੰਮ ਖ਼ਤਮ ਹੋਣ ਦੀ ਬਜਾਇ, ਉਹ ਮਨੁੱਖਜਾਤੀ ਲਈ ਪਹਿਲਾਂ ਨਾਲੋਂ ਵੀ ਜ਼ਿਆਦਾ ਕਰਨ ਦੇ ਯੋਗ ਬਣਿਆ। ਇਸ ਦਾ ਕਾਰਨ ਇਹ ਹੈ ਕਿ ਪਰਮੇਸ਼ੁਰ ਨੇ ਆਪਣੀ ਵੱਡੀ ਮਿਹਰ ਦੇ ਕਾਰਨ ਯਿਸੂ ਨੂੰ ਇਕ ਜਨਤਕ “ਸੇਵਾਦਾਰ” ਠਹਿਰਾਇਆ ਹੈ। (ਇਬਰਾਨੀਆਂ 8:2, ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਹ ਸੇਵਾਦਾਰ, ਯਾਨੀ ਪਰਧਾਨ ਜਾਜਕ ਵਜੋਂ, “ਅਕਾਸ਼ਾਂ ਉੱਤੇ ਵਾਹਗੁਰੂ ਦੇ ਸਿੰਘਾਸਣ ਦੇ ਸੱਜੇ ਪਾਸੇ ਬਿਰਾਜਮਾਨ ਹੈ।”—ਇਬਰਾਨੀਆਂ 8:1.

ਇਕ ਜਨਤਕ “ਸੇਵਾਦਾਰ”

ਯਿਸੂ ਸਵਰਗ ਵਿਚ ਮਨੁੱਖਜਾਤੀ ਲਈ ਇਕ ਜਨਤਕ ਸੇਵਾਦਾਰ ਹੈ। ਉਹ ਅਜਿਹੇ ਕੰਮ ਕਰਦਾ ਹੈ ਜੋ ਪ੍ਰਾਚੀਨ ਸਮਿਆਂ ਵਿਚ ਇਸਰਾਏਲ ਦਾ ਪ੍ਰਧਾਨ ਜਾਜਕ ਪਰਮੇਸ਼ੁਰ ਦੇ ਉਪਾਸਕਾਂ ਲਈ ਕਰਦਾ ਹੁੰਦਾ ਸੀ। ਉਹ ਕਿਸ ਤਰ੍ਹਾਂ ਦਾ ਕੰਮ ਸੀ? ਪੌਲੁਸ ਦੱਸਦਾ ਹੈ ਕਿ “ਹਰੇਕ ਪਰਧਾਨ ਜਾਜਕ ਭੇਟਾਂ ਅਤੇ ਬਲੀਦਾਨ ਚੜ੍ਹਾਉਣ ਨੂੰ ਥਾਪਿਆ ਜਾਂਦਾ ਹੈ, ਇਸ ਕਾਰਨ ਲੋੜੀਦਾ ਸੀ ਭਈ [ਸਵਰਗ ਗਏ ਹੋਏ ਯਿਸੂ ਮਸੀਹ] ਦੇ ਕੋਲ ਵੀ ਚੜ੍ਹਾਉਣ ਨੂੰ ਕੁਝ ਹੋਵੇ।”—ਇਬਰਾਨੀਆਂ 8:3.

ਯਿਸੂ ਕੋਲ ਪ੍ਰਾਚੀਨ ਪ੍ਰਧਾਨ ਜਾਜਕ ਨਾਲੋਂ ਚੜ੍ਹਾਵੇ ਲਈ ਇਕ ਬਹੁਤ ਉੱਤਮ ਚੀਜ਼ ਸੀ। “ਜੇ ਬੱਕਰਿਆਂ ਅਤੇ ਵਹਿੜਕਿਆਂ ਦਾ ਲਹੂ” ਪ੍ਰਾਚੀਨ ਇਸਰਾਏਲ ਨੂੰ ਕਿਸੇ ਹੱਦ ਤਕ ਰੂਹਾਨੀ ਤੌਰ ਤੇ ਸ਼ੁੱਧ ਕਰ ਸਕਦਾ ਸੀ, “ਤਾਂ ਕਿੰਨਾ ਹੀ ਵਧੀਕ ਮਸੀਹ ਦਾ ਲਹੂ . . . ਤੁਹਾਡੇ ਅੰਤਹਕਰਨ ਨੂੰ ਮੁਰਦਿਆਂ ਕੰਮਾਂ ਤੋਂ ਸ਼ੁੱਧ ਕਰੇਗਾ ਭਈ ਤੁਸੀਂ ਜੀਉਂਦੇ ਪਰਮੇਸ਼ੁਰ ਦੀ ਉਪਾਸਨਾ ਕਰੋ।”—ਇਬਰਾਨੀਆਂ 9:13, 14.

ਯਿਸੂ ਇਸ ਭਾਵ ਵਿਚ ਵੀ ਇਕ ਵਧੀਆ ਜਨਤਕ ਸੇਵਕ ਹੈ ਕਿ ਉਹ ਹੁਣ ਅਮਰ ਹੈ। ਪ੍ਰਾਚੀਨ ਇਸਰਾਏਲ ਵਿਚ “ਬਹੁਤੇ ਜਾਜਕ ਬਣੇ ਸਨ ਏਸ ਲਈ ਜੋ ਮੌਤ ਨੇ ਉਨ੍ਹਾਂ ਨੂੰ ਟਿਕਣ ਨਾ ਦਿੱਤਾ।” ਪਰ ਯਿਸੂ ਬਾਰੇ ਕੀ? ਪੌਲੁਸ ਲਿਖਦਾ ਹੈ: “ਇਹ ਦੀ ਜਾਜਕਾਈ ਅਟੱਲ ਹੈ। ਇਸ ਲਈ ਉਹ ਉਨ੍ਹਾਂ ਦਾ ਜਿਹੜੇ ਉਹ ਦੇ ਰਾਹੀਂ ਪਰਮੇਸ਼ੁਰ ਦੇ ਕੋਲ ਆਉਂਦੇ ਹਨ ਪੂਰਾ ਨਿਸਤਾਰਾ ਕਰ ਸੱਕਦਾ ਹੈ ਕਿਉਂ ਜੋ ਉਹ ਉਨ੍ਹਾਂ ਦੀ ਸਫ਼ਾਰਸ਼ ਕਰਨ ਨੂੰ ਸਦਾ ਜੀਉਂਦਾ ਹੈ।” (ਇਬਰਾਨੀਆਂ 7:23-25; ਰੋਮੀਆਂ 6:9) ਜੀ ਹਾਂ, ਸਵਰਗ ਵਿਚ ਪਰਮੇਸ਼ੁਰ ਦੇ ਸੱਜੇ ਹੱਥ, ਸਾਡਾ ਇਕ ਜਨਤਕ ਸੇਵਾਦਾਰ ਹੈ ਜੋ ‘ਸਾਡੀ ਸਫ਼ਾਰਸ਼ ਕਰਨ ਨੂੰ ਸਦਾ ਜੀਉਂਦਾ ਹੈ!’ ਜ਼ਰਾ ਸੋਚੇ ਕਿ ਸਾਡੇ ਲਈ ਇਸ ਦਾ ਅਰਥ ਕੀ ਹੈ।

ਜਦੋਂ ਯਿਸੂ ਧਰਤੀ ਉੱਤੇ ਸੀ ਭੀੜਾਂ ਦੀਆਂ ਭੀੜਾਂ ਉਸ ਦੇ ਕੋਲ ਮਦਦ ਲਈ ਆਉਂਦੀਆਂ ਸਨ, ਅਤੇ ਕਦੇ-ਕਦੇ ਲੋਕ ਬਹੁਤ ਦੂਰੋਂ ਸਫ਼ਰ ਕਰ ਕੇ ਉਸ ਕੋਲ ਆਉਂਦੇ ਸਨ। (ਮੱਤੀ 4:24, 25) ਸਵਰਗੋਂ ਯਿਸੂ ਸਾਰੀਆਂ ਕੌਮਾਂ ਦੇ ਲੋਕਾਂ ਦੀ ਮਦਦ ਆਸਾਨੀ ਨਾਲ ਕਰ ਸਕਦਾ ਹੈ। ਉਹ ਇਸ ਸਥਾਨ ਤੋਂ ਜਨਤਕ ਸੇਵਾਦਾਰੀ ਕਰਨ ਲਈ ਹਮੇਸ਼ਾ ਤਿਆਰ ਹੈ।

ਯਿਸੂ ਕਿਸ ਤਰ੍ਹਾਂ ਦਾ ਪ੍ਰਧਾਨ ਜਾਜਕ ਹੈ?

ਇੰਜੀਲਾਂ ਦੇ ਬਿਰਤਾਂਤਾਂ ਤੋਂ ਸਾਨੂੰ ਚੰਗੀ ਤਰ੍ਹਾਂ ਪਤਾ ਲੱਗਦਾ ਹੈ ਕਿ ਯਿਸੂ ਇਕ ਬਹੁਤ ਰਹਿਮਦਿਲ ਇਨਸਾਨ ਸੀ ਅਤੇ ਲੋਕਾਂ ਦਾ ਸਹਾਇਕ ਸੀ। ਉਹ ਹਮੇਸ਼ਾ ਦੂਸਰਿਆਂ ਬਾਰੇ ਸੋਚਦਾ ਹੁੰਦਾ ਸੀ! ਕਈ ਵਾਰ ਜਦੋਂ ਉਹ ਅਤੇ ਉਸ ਦੇ ਚੇਲੇ ਏਕਾਂਤ ਵਿਚ ਆਰਾਮ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਬਹੁਤ ਲੋਕ ਆਈ ਜਾਈ ਜਾਂਦੇ ਸਨ। ਸਹਾਇਤਾ ਭਾਲ ਰਹੇ ਇਨ੍ਹਾਂ ਲੋਕਾਂ ਨਾਲ ਖਿੱਝਣ ਦੀ ਬਜਾਇ ‘ਉਸ ਨੇ ਉਨ੍ਹਾਂ ਤੇ ਤਰਸ ਖਾਧਾ।’ ਜਦੋਂ ਯਿਸੂ ਥੱਕਿਆ ਹੋਇਆ ਅਤੇ ਭੁੱਖਾ-ਪਿਆਸਾ ਸੀ, ਉਹ ਨੇ ਫਿਰ ਵੀ ਲੋਕਾਂ ਦਾ ਪਿਆਰ ਨਾਲ “ਸੁਆਗਤ ਕੀਤਾ।” ਉਸ ਨੂੰ ਆਪਣੇ ਖਾਣ-ਪੀਣ ਦੀ ਕੋਈ ਪਰਵਾਹ ਨਹੀਂ ਰਹਿੰਦੀ ਸੀ ਜਦੋਂ ਪਾਪੀ ਲੋਕ ਜੋ ਸੁਹਿਰਦ ਸਨ ਉਸ ਕੋਲ ਮਦਦ ਲਈ ਆਉਂਦੇ ਸਨ।—ਮਰਕੁਸ 6:31-34; ਲੂਕਾ 9:11-17, ਨਵਾਂ ਅਨੁਵਾਦ; ਯੂਹੰਨਾ 4:4-6, 31-34.

ਯਿਸੂ ਨੂੰ ਲੋਕਾਂ ਉੱਤੇ ਤਰਸ ਆਉਂਦਾ ਸੀ। ਉਸ ਨੇ ਉਨ੍ਹਾਂ ਦੀਆਂ ਸਰੀਰਕ, ਭਾਵਾਤਮਕ, ਅਤੇ ਰੂਹਾਨੀ ਜ਼ਰੂਰਤਾਂ ਪੂਰੀਆਂ ਕੀਤੀਆਂ। (ਮੱਤੀ 9:35-38; ਮਰਕੁਸ 6:35-44) ਇਸ ਤੋਂ ਇਲਾਵਾ, ਉਸ ਨੇ ਉਨ੍ਹਾਂ ਨੂੰ ਸਦਾ ਲਈ ਸੁੱਖ-ਚੈਨ ਪ੍ਰਾਪਤ ਕਰਨ ਦਾ ਰਾਹ ਦਿਖਾਇਆ। (ਯੂਹੰਨਾ 4:7-30, 39-42) ਦੇਖੋ ਉਸ ਦਾ ਨਿੱਜੀ ਬੁਲਾਵਾ ਕਿੰਨਾ ਮਨਭਾਉਂਦਾ ਹੈ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ। ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ।”—ਮੱਤੀ 11:28, 29.

ਯਿਸੂ ਲੋਕਾਂ ਨਾਲ ਇੰਨਾ ਪ੍ਰੇਮ ਕਰਦਾ ਸੀ ਕਿ ਅੰਤ ਵਿਚ ਉਸ ਨੇ ਪਾਪੀ ਮਨੁੱਖਜਾਤੀ ਲਈ ਆਪਣੀ ਜਾਨ ਦੇ ਦਿੱਤੀ। (ਰੋਮੀਆਂ 5:6-8) ਇਸ ਬਾਰੇ ਪੌਲੁਸ ਰਸੂਲ ਨੇ ਕਿਹਾ: “[ਯਹੋਵਾਹ ਪਰਮੇਸ਼ੁਰ] ਨੇ ਆਪਣੇ ਹੀ ਪੁੱਤ੍ਰ ਦਾ ਭੀ ਸਰਫ਼ਾ ਨਾ ਕੀਤਾ ਸਗੋਂ ਉਹ ਨੂੰ ਅਸਾਂ ਸਭਨਾਂ ਦੇ ਲਈ ਦੇ ਦਿੱਤਾ ਸੋ ਉਹ ਦੇ ਨਾਲ ਸਾਰੀਆਂ ਵਸਤਾਂ ਵੀ ਸਾਨੂੰ ਕਿੱਕੁਰ ਨਾ ਬਖ਼ਸ਼ੇਗਾ? . . . ਮਸੀਹ ਯਿਸੂ ਹੀ ਹੈ ਜਿਹੜਾ ਮਰ ਗਿਆ। ਹਾਂ, ਸਗੋਂ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਜਿਹੜਾ ਪਰਮੇਸ਼ੁਰ ਦੇ ਸੱਜੇ ਪਾਸੇ ਹੈ ਅਤੇ ਸਾਡੇ ਲਈ ਸਫ਼ਾਰਸ਼ ਵੀ ਕਰਦਾ ਹੈ।”—ਰੋਮੀਆਂ 8:32-34.

ਸਾਡਾ ਹਮਦਰਦ ਪ੍ਰਧਾਨ ਜਾਜਕ

ਇਕ ਮਨੁੱਖ ਵਜੋਂ, ਯਿਸੂ ਨੇ ਭੁੱਖ, ਪਿਆਸ, ਥੱਕੇਵਾਂ, ਦੁਖ-ਦਰਦ, ਅਤੇ ਮੌਤ ਝੱਲੀ। ਇਨ੍ਹਾਂ ਤੰਗੀਆਂ ਸਹਾਰਨ ਦੁਆਰਾ ਉਹ ਦੁਖੀ ਮਨੁੱਖਜਾਤੀ ਲਈ ਪ੍ਰਧਾਨ ਜਾਜਕ ਵਜੋਂ ਸੇਵਾ ਕਰਨ ਲਈ ਤਿਆਰ ਹੋਇਆ। ਪੌਲੁਸ ਨੇ ਲਿਖਿਆ ਕਿ “ਇਸ ਕਾਰਨ ਚਾਹੀਦਾ ਸੀ ਭਈ [ਯਿਸੂ] ਸਭਨੀਂ ਗੱਲੀਂ ਆਪਣੇ ਭਾਈਆਂ ਵਰਗਾ ਬਣੇ ਤਾਂ ਜੋ ਉਹ ਉਨ੍ਹਾਂ ਗੱਲਾਂ ਦੇ ਵਿਖੇ ਜਿਹੜੀਆਂ ਪਰਮੇਸ਼ੁਰ ਨਾਲ ਸਰਬੰਧ ਰੱਖਦੀਆਂ ਹਨ ਲੋਕਾਂ ਦੇ ਪਾਪਾਂ ਦਾ ਪਰਾਸਚਿਤ ਕਰਨ ਨੂੰ ਦਿਆਲੂ ਅਤੇ ਮਾਤਬਰ ਪਰਧਾਨ ਜਾਜਕ ਹੋਵੇ। ਕਿਉਂਕਿ ਜਦੋਂ ਉਸ ਨੇ ਆਪ ਹੀ ਪਰਤਾਵੇ ਵਿੱਚ ਪੈ ਕੇ ਦੁਖ ਝੱਲਿਆ ਤਾਂ ਉਹ ਓਹਨਾਂ ਦੀ ਜਿਹੜੇ ਪਰਤਾਵੇ ਵਿੱਚ ਪੈਂਦੇ ਹਨ ਸਹਾਇਤਾ ਕਰ ਸੱਕਦਾ ਹੈ।”—ਇਬਰਾਨੀਆਂ 2:17, 18; 13:8.

ਯਿਸੂ ਨੇ ਦਿਖਾਇਆ ਕਿ ਉਹ ਲੋਕਾਂ ਨੂੰ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰਨ ਵਿਚ ਮਦਦ ਦੇਣ ਦੇ ਕਿੰਨਾ ਕਾਬਲ ਅਤੇ ਤਿਆਰ ਸੀ। ਪਰ ਕੀ ਇਸ ਦਾ ਇਹ ਅਰਥ ਹੈ ਕਿ ਉਸ ਨੂੰ ਅਜਿਹੇ ਕਠੋਰ ਅਤੇ ਬੇਰਹਿਮ ਪਰਮੇਸ਼ੁਰ ਦੀ ਮਿੰਨਤ ਕਰਨੀ ਪੈਂਦੀ ਹੈ ਜੋ ਲੋਕਾਂ ਨੂੰ ਮਾਫ਼ ਨਹੀਂ ਕਰਨਾ ਚਾਹੁੰਦਾ? ਨਹੀਂ, ਇਸ ਤਰ੍ਹਾਂ ਨਹੀਂ ਹੈ ਕਿਉਂਕਿ ਬਾਈਬਲ ਸਾਨੂੰ ਯਕੀਨ ਦਿਲਾਉਂਦੀ ਹੈ ਕਿ ਯਹੋਵਾਹ ‘ਪ੍ਰਭੂ ਭਲਾ ਅਤੇ ਮਾਫ਼ ਕਰਨ ਵਾਲਾ ਹੈ।’ ਉਹ ਇਹ ਵੀ ਕਹਿੰਦੀ ਹੈ ਕਿ “ਜੇ ਅਸੀਂ ਆਪਣਿਆਂ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫ਼ਾਦਾਰ ਅਤੇ ਧਰਮੀ ਹੈ ਭਈ ਸਾਡੇ ਪਾਪਾਂ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ।” (ਜ਼ਬੂਰ 86:5, ਨਵਾਂ ਅਨੁਵਾਦ; 1 ਯੂਹੰਨਾ 1:9) ਅਸਲ ਵਿਚ, ਯਿਸੂ ਦਾ ਨਰਮ ਬੋਲ-ਚਾਲ ਉਸ ਦੇ ਪਿਤਾ ਦੇ ਰਹਿਮ, ਦਇਆ, ਅਤੇ ਪ੍ਰੇਮ ਨੂੰ ਹੀ ਦਰਸਾਉਂਦਾ ਸੀ।—ਯੂਹੰਨਾ 5:19; 8:28; 14:9, 10.

ਯਿਸੂ ਪਛਤਾਉਣ ਵਾਲੇ ਪਾਪੀਆਂ ਦੀ ਮਦਦ ਕਿਸ ਤਰ੍ਹਾਂ ਕਰਦਾ ਹੈ? ਪਰਮੇਸ਼ੁਰ ਨੂੰ ਦਿੱਲੋਂ ਪ੍ਰਸੰਨ ਕਰਨ ਵਾਲਿਆਂ ਦੀ ਮਦਦ ਕਰ ਕੇ ਉਨ੍ਹਾਂ ਨੂੰ ਖ਼ੁਸ਼ੀ ਦੇਣ ਦੁਆਰਾ। ਪੌਲੁਸ ਨੇ ਆਪਣੇ ਮਸਹ ਕੀਤੇ ਹੋਏ ਮਸੀਹੀ ਸਾਥੀਆਂ ਨੂੰ ਲਿੱਖਦਿਆਂ ਇਸ ਮਾਮਲੇ ਬਾਰੇ ਕਿਹਾ ਕਿ “ਜਦੋਂ ਸਾਡਾ ਇੱਕ ਮਹਾਂ ਪਰਧਾਨ ਜਾਜਕ ਹੈ ਜਿਹੜਾ ਅਕਾਸ਼ਾਂ ਤੋਂ ਪਾਰ ਲੰਘ ਗਿਆ ਅਰਥਾਤ ਪਰਮੇਸ਼ੁਰ ਦਾ ਪੁੱਤ੍ਰ ਯਿਸੂ ਤਾਂ ਆਓ, ਅਸੀਂ ਆਪਣੇ ਕੀਤੇ ਹੋਏ ਇਕਰਾਰ ਉੱਤੇ ਪੱਕਿਆਂ ਰਹੀਏ। ਕਿਉਂ ਜੋ ਸਾਡਾ ਪਰਧਾਨ ਜਾਜਕ ਇਹੋ ਜਿਹਾ ਨਹੀਂ ਜੋ ਸਾਡੀਆਂ ਦੁਰਬਲਤਾਈਆਂ ਵਿੱਚ ਸਾਡਾ ਦਰਦੀ ਨਾ ਹੋ ਸੱਕੇ ਸਗੋਂ ਸਾਰੀਆਂ ਗੱਲਾਂ ਵਿੱਚ ਸਾਡੇ ਵਾਂਙੁ ਪਰਤਾਇਆ ਗਿਆ ਪਰ ਉਹ ਪਾਪ ਤੋਂ ਰਹਿਤ ਰਿਹਾ। ਇਸ ਲਈ ਆਓ, ਅਸੀਂ ਕਿਰਪਾ ਦੇ ਸਿੰਘਾਸਣ ਦੇ ਅੱਗੇ ਦਿਲੇਰੀ ਨਾਲ ਚੱਲੀਏ ਭਈ ਅਸੀਂ ਦਯਾ ਪਰਾਪਤ ਕਰੀਏ ਅਤੇ ਉਹ ਕਿਰਪਾ ਪਾਈਏ ਜੋ ਵੇਲੇ ਸਿਰ ਸਾਡੀ ਸਹਾਇਤਾ ਕਰੇ।”—ਇਬਰਾਨੀਆਂ 4:14-16.

‘ਵੇਲੇ ਸਿਰ ਸਹਾਇਤਾ’

ਜਦੋਂ ਬੀਮਾਰੀ, ਜਾਂ ਪਾਪ ਕਰਨ ਤੋਂ ਬਾਅਦ ਦੁਖੀ ਜ਼ਮੀਰ ਅਤੇ ਜ਼ੋਰਦਾਰ ਨਿਰਾਸ਼ਾ ਵਰਗੀਆਂ ਸਮੱਸਿਆਵਾਂ ਸਾਡੇ ਵੱਸ ਤੋਂ ਬਾਹਰ ਹੁੰਦੀਆਂ ਹਨ, ਤਾਂ ਅਸੀਂ ਕੀ ਕਰ ਸਕਦੇ ਹਾਂ? ਅਸੀਂ ਉਸੇ ਪ੍ਰਬੰਧ ਦਾ ਫ਼ਾਇਦਾ ਉਠਾ ਸਕਦੇ ਹਾਂ ਜਿਸ ਦਾ ਯਿਸੂ ਨੇ ਪੂਰਾ-ਪੂਰਾ ਫ਼ਾਇਦਾ ਉਠਾਇਆ ਸੀ, ਅਰਥਾਤ ਪ੍ਰਾਰਥਨਾ ਜੋ ਇਕ ਬਹੁਮੁੱਲੀ ਚੀਜ਼ ਹੈ। ਮਿਸਾਲ ਲਈ, ਜਿਸ ਰਾਤ ਉਸ ਨੇ ਆਪਣੀ ਜਾਨ ਸਾਡੇ ਲਈ ਕੁਰਬਾਨ ਕੀਤੀ ਸੀ, ‘ਉਹ ਮਨੋਂ ਤਨੋਂ ਪ੍ਰਾਰਥਨਾ ਕਰਨ ਲੱਗਾ ਅਰ ਉਹ ਦਾ ਮੁੜ੍ਹਕਾ ਲਹੂ ਦੀਆਂ ਬੂੰਦਾਂ ਵਾਂਙੁ ਭੁੰਞੇਂ ਡਿਗਦਾ ਸੀ।’ (ਲੂਕਾ 22:44) ਸੱਚ-ਮੁੱਚ ਹੀ, ਯਿਸੂ ਤਨ-ਮੰਨ ਲਾ ਕੇ ਪ੍ਰਾਰਥਨਾ ਕਰਨੀ ਜਾਣਦਾ ਸੀ। ਉਸ ਨੇ “ਬਹੁਤ ਢਾਹਾਂ ਮਾਰ ਮਾਰ ਕੇ ਅਤੇ ਅੰਝੂ ਕੇਰ ਕੇਰ ਕੇ ਉਸ ਦੇ ਅੱਗੇ ਜਿਹੜਾ ਉਹ ਨੂੰ ਮੌਤ ਤੋਂ ਬਚਾ ਸੱਕਦਾ ਸੀ ਬੇਨਤੀਆਂ ਅਤੇ ਮਿੰਨਤਾਂ ਕੀਤੀਆਂ ਅਤੇ ਪਰਮੇਸ਼ੁਰ ਦਾ ਭੈ ਰੱਖਣ ਦੇ ਕਾਰਨ ਉਹ ਦੀ ਸੁਣੀ ਗਈ।”—ਇਬਰਾਨੀਆਂ 5:7.

ਯਿਸੂ ਜਾਣਦਾ ਹੈ ਕਿ ਇਨਸਾਨਾਂ ਲਈ ਚੰਗੀ ਤਰ੍ਹਾਂ ‘ਸੁਣੇ ਜਾਣਾ’ ਅਤੇ ਉਨ੍ਹਾਂ ਲਈ ਸਹਾਰਾ ਮਿਲਣਾ ਕਿੰਨਾ ਜ਼ਰੂਰੀ ਹੈ। (ਲੂਕਾ 22:43) ਇਸ ਤੋਂ ਇਲਾਵਾ, ਉਸ ਨੇ ਵਾਅਦਾ ਕੀਤਾ ਸੀ ਕਿ “ਜੇ ਤੁਸੀਂ ਪਿਤਾ ਕੋਲੋਂ ਕੁਝ ਮੰਗੋ ਤਾਂ ਉਹ ਮੇਰੇ ਨਾਮ ਕਰਕੇ ਤੁਹਾਨੂੰ ਦੇਵੇਗਾ . . . ਮੰਗੋ ਤਾਂ ਤੁਸੀਂ ਲਓਗੇ ਭਈ ਤੁਹਾਡਾ ਅਨੰਦ ਪੂਰਾ ਹੋਵੇ।” (ਯੂਹੰਨਾ 16:23, 24) ਇਸ ਲਈ ਅਸੀਂ ਪਰਮੇਸ਼ੁਰ ਨੂੰ ਪੂਰੇ ਭਰੋਸੇ ਨਾਲ ਪ੍ਰਾਰਥਨਾ ਕਰ ਸਕਦੇ ਹਾਂ ਕਿ ਉਹ ਆਪਣੇ ਪੁੱਤਰ ਨੂੰ ਆਪਣਾ ਇਖ਼ਤਿਆਰ ਅਤੇ ਆਪਣੇ ਬਲੀਦਾਨ ਦੀ ਕੀਮਤ ਨੂੰ ਸਾਡੇ ਲਈ ਵਰਤਣ ਦੇਵੇਗਾ।—ਮੱਤੀ 28:18.

ਅਸੀਂ ਯਕੀਨ ਕਰ ਸਕਦੇ ਹਾਂ ਕਿ ਯਿਸੂ ਸਵਰਗੋਂ ਸਾਨੂੰ ਵੇਲੇ ਸਿਰ ਠੀਕ-ਠੀਕ ਸਹਾਇਤਾ ਦੇਵੇਗਾ। ਮਿਸਾਲ ਲਈ, ਜੇ ਅਸੀਂ ਕੋਈ ਪਾਪ ਕੀਤਾ ਹੈ ਜਿਸ ਤੋਂ ਅਸੀਂ ਖੂਬ ਪਛਤਾਉਂਦੇ ਹਾਂ, ਤਾਂ ਅਸੀਂ ਇਸ ਗੱਲ ਤੋਂ ਦਿਲਾਸਾ ਪਾ ਸਕਦੇ ਹਾਂ ਕਿ “ਪਿਤਾ ਦੇ ਕੋਲ ਸਾਡਾ ਇੱਕ ਸਹਾਇਕ ਹੈ ਅਰਥਾਤ ਯਿਸੂ ਮਸੀਹ ਜਿਹੜਾ ਧਰਮੀ ਹੈ।” (1 ਯੂਹੰਨਾ 2:1, 2) ਸਵਰਗ ਵਿਚ ਸਾਡਾ ਸਹਾਇਕ ਅਤੇ ਦਿਲਾਸਾ ਦੇਣ ਵਾਲਾ ਸਾਡੇ ਲਈ ਬੇਨਤੀ ਕਰੇਗਾ ਤਾਂਕਿ ਉਸ ਦੇ ਨਾਂ ਵਿਚ ਕੀਤੀਆਂ ਜਾਂਦੀਆਂ ਅਤੇ ਪਰਮੇਸ਼ੁਰ ਦੀ ਇੱਛਾ ਅਨੁਸਾਰ ਸਾਡੀਆਂ ਪ੍ਰਾਰਥਨਾਵਾਂ ਸੁਣੀਆਂ ਜਾਣਗੀਆਂ।—ਯੂਹੰਨਾ 14:13, 14; 1 ਯੂਹੰਨਾ 5:14, 15.

ਮਸੀਹ ਦੀ ਸਹਾਇਤਾ ਲਈ ਕਦਰ ਕਿਸ ਤਰ੍ਹਾਂ ਦਿਖਾਈ ਜਾ ਸਕਦੀ ਹੈ?

ਪਰਮੇਸ਼ੁਰ ਦੇ ਪੁੱਤਰ ਰਾਹੀਂ ਪ੍ਰਾਰਥਨਾ ਹੀ ਕਰਨੀ ਕਾਫ਼ੀ ਨਹੀਂ ਹੈ। ਆਪਣੇ ਬਲੀਦਾਨ ਦੀ ਕੀਮਤ ਨਾਲ “ਮਸੀਹ ਨੇ ਸਾਨੂੰ ਮੁੱਲ ਲੈ” ਲਿਆ, ਮਾਨੋ ਉਹ “ਸੁਆਮੀ” ਬਣ ਗਿਆ “ਜਿਹ ਨੇ [ਮਨੁੱਖਜਾਤੀ] ਨੂੰ ਮੁੱਲ ਲਿਆ ਸੀ।” (ਗਲਾਤੀਆਂ 3:13; 4:5; 2 ਪਤਰਸ 2:1) ਮਸੀਹ ਹੁਣ ਸਾਡਾ ਮਾਲਕ ਹੈ, ਇਸ ਲਈ ਸਾਨੂੰ ਉਸ ਦੁਆਰਾ ਕੀਤੀਆਂ ਸਾਰੀਆਂ ਚੀਜ਼ਾਂ ਲਈ ਬਹੁਤ ਸ਼ੁਕਰਗੁਜ਼ਾਰ ਹੋਣਾ ਚਾਹੀਦੀ ਹੈ। ਅਸੀਂ ਇਸ ਬੁਲਾਵੇ ਨੂੰ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਰ ਕੇ ਆਪਣੀ ਸ਼ੁਕਰਗੁਜ਼ਾਰੀ ਦਿਖਾ ਸਕਦੇ ਹਾਂ: “ਜੋ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।” (ਲੂਕਾ 9:23) ‘ਆਪਣੇ ਆਪ ਦਾ ਇਨਕਾਰ ਕਰਨ’ ਦਾ ਅਰਥ ਹੈ ਕਿ ਅਸੀਂ ਹੁਣ ਕਿਸੇ ਹੋਰ ਦੀ ਅਮਾਨਤ ਹਾਂ। ਕੀ ਮਸੀਹ ਨਹੀਂ “ਸਭਨਾਂ ਦੇ ਲਈ ਮੋਇਆ ਭਈ ਜਿਹੜੇ ਜੀਉਂਦੇ ਹਨ ਓਹ ਅਗਾਹਾਂ ਨੂੰ ਆਪਣੇ ਲਈ ਨਹੀਂ ਸਗੋਂ ਉਹ ਦੇ ਲਈ ਜੀਉਣ ਜਿਹੜਾ ਉਨ੍ਹਾਂ ਦੇ ਲਈ ਮੋਇਆ”? (2 ਕੁਰਿੰਥੀਆਂ 5:14, 15) ਇਸ ਲਈ ਰਿਹਾਈ ਦੇ ਬਲੀਦਾਨ ਲਈ ਕਦਰ ਸਾਡੇ ਸੋਚ-ਵਿਚਾਰਾਂ, ਟੀਚਿਆਂ, ਅਤੇ ਜੀਵਨ-ਢੰਗ ਉੱਤੇ ਬਹੁਤ ਗਹਿਰਾ ਪ੍ਰਭਾਵ ਪਾਵੇਗੀ। ‘ਯਿਸੂ ਮਸੀਹ ਨੇ ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ ਸੀ,’ ਅਤੇ ਇਸ ਲਈ ਸਾਨੂੰ ਸਦਾ ਹੀ ਉਸ ਦੇ ਅਹਿਸਾਨਮੰਦ ਰਹਿਣਾ ਚਾਹੀਦਾ ਹੈ। ਅਤੇ ਇਸ ਕਰਕੇ ਸਾਨੂੰ ਯਿਸੂ ਅਤੇ ਉਸ ਦੇ ਪਿਆਰੇ ਪਿਤਾ, ਯਹੋਵਾਹ ਪਰਮੇਸ਼ੁਰ ਬਾਰੇ ਹੋਰ ਗਿਆਨ ਲੈਣ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। ਸਾਨੂੰ ਨਿਹਚਾ ਵਿਚ ਵਧਣਾ, ਪਰਮੇਸ਼ੁਰ ਦੇ ਲਾਭਦਾਇਕ ਮਿਆਰਾਂ ਤੇ ਪੂਰਾ ਉਤਰਨਾ, ਅਤੇ ‘ਸ਼ੁਭ ਕਰਮਾਂ ਵਿੱਚ ਸਰਗਰਮ ਹੋਣਾ’ ਚਾਹੀਦਾ ਹੈ।—ਤੀਤੁਸ 2:13, 14; ਯੂਹੰਨਾ 17:3.

ਮਸੀਹੀ ਕਲੀਸਿਯਾ ਰਾਹੀਂ ਸਾਨੂੰ ਵੇਲੇ ਸਿਰ ਰੂਹਾਨੀ ਖ਼ੁਰਾਕ ਅਤੇ ਹੌਸਲਾ-ਅਫ਼ਜ਼ਾਈ ਮਿਲਦੀ ਹੈ ਅਤੇ ਸਾਡੀ ਦੇਖ-ਰੇਖ ਕੀਤੀ ਜਾਂਦੀ ਹੈ। (ਮੱਤੀ 24:45-47; ਇਬਰਾਨੀਆਂ 10:21-25) ਮਿਸਾਲ ਲਈ, ਜੇ ਕੋਈ ਰੂਹਾਨੀ ਤੌਰ ਤੇ ਬੀਮਾਰ ਹੋਵੇ, ਤਾਂ ਉਹ “ਕਲੀਸਿਯਾ ਦੇ [ਨਿਯੁਕਤ] ਬਜ਼ੁਰਗਾਂ ਨੂੰ ਸੱਦ ਘੱਲੇ।” ਯਾਕੂਬ ਅੱਗੇ ਕਹਿੰਦਾ ਹੈ: “ਅਤੇ ਪ੍ਰਾਰਥਨਾ ਜਿਹੜੀ ਨਿਹਚਾ ਨਾਲ ਹੋਵੇ ਓਸ ਬੀਮਾਰ ਨੂੰ ਬਚਾਵੇਗੀ ਅਤੇ ਪ੍ਰਭੁ ਉਹ ਨੂੰ ਉਠਾ ਖੜਾ ਕਰੇਗਾ, ਅਤੇ ਜੇ ਉਹ ਨੇ ਪਾਪ ਕੀਤੇ ਹੋਣ ਤਾਂ ਉਹ ਨੂੰ ਮਾਫ਼ ਕੀਤੇ ਜਾਣਗੇ।”—ਯਾਕੂਬ 5:13-15.

ਮਿਸਾਲ ਲਈ, ਦੱਖਣੀ ਅਫ਼ਰੀਕਾ ਵਿਚ ਜੇਲ੍ਹ ਦੀ ਸਜ਼ਾ ਕੱਟ ਰਹੇ ਇਕ ਬੰਦੇ ਨੇ ਕਲੀਸਿਯਾ ਦੇ ਇਕ ਬਜ਼ੁਰਗ ਨੂੰ ਚਿੱਠੀ ਲਿਖ ਕੇ ਆਪਣੀ ਕਦਰ ਪ੍ਰਗਟ ਕੀਤੀ। ਉਸ ਨੇ “ਯਹੋਵਾਹ ਦੇ ਸਾਰੇ ਗਵਾਹਾਂ ਲਈ” ਕਦਰ ਦਿਖਾਈ “ਜੋ ਯਿਸੂ ਮਸੀਹ ਦੁਆਰਾ ਸ਼ੁਰੂ ਕੀਤੇ ਗਏ ਵਧੀਆ ਕੰਮ ਵਿਚ ਹਿੱਸਾ ਲੈ ਰਹੇ ਹਨ ਅਤੇ ਲੋਕਾਂ ਨੂੰ ਪਰਮੇਸ਼ੁਰ ਦਾ ਰਾਜ ਭਾਲਣ ਦੀ ਮਦਦ ਦੇ ਰਹੇ ਹਨ।” ਫਿਰ ਉਸ ਨੇ ਲਿਖਿਆ ਕਿ “ਮੈਨੂੰ ਤੁਹਾਡੀ ਚਿੱਠੀ ਮਿਲਣ ਤੇ ਬਹੁਤ ਹੀ ਖ਼ੁਸ਼ੀ ਹੋਈ। ਤੁਸੀਂ ਮੇਰੀ ਰੂਹਾਨੀ ਮੁਕਤੀ ਦੀ ਕਿੰਨੀ ਪਰਵਾਹ ਕਰਦੇ ਹੋ। ਇਸ ਨੇ ਮੇਰੇ ਦਿਲ ਨੂੰ ਛੁਹਿਆ ਹੈ ਅਤੇ ਮੈਂ ਹੁਣ ਯਹੋਵਾਹ ਪਰਮੇਸ਼ੁਰ ਸਾਮ੍ਹਣੇ ਆਪਣਾ ਪਛਤਾਵਾ ਪ੍ਰਗਟ ਕਰਨਾ ਚਾਹੁੰਦਾ ਹਾਂ। ਸਤਾਈ ਸਾਲਾਂ ਲਈ ਮੈਂ ਪਾਪ, ਧੋਖੇ, ਅਨੈਤਿਕ ਰਿਸ਼ਤਿਆਂ, ਅਤੇ ਐਸੇ-ਵੈਸੇ ਧਰਮਾਂ ਦੇ ਹਨੇਰੇ ਵਿਚ ਠੋਕਰਾਂ ਖਾ ਕੇ ਗੁਮਰਾਹ ਰਿਹਾ ਹਾਂ। ਯਹੋਵਾਹ ਦੇ ਗਵਾਹਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੇਰੀਆਂ ਅੱਖਾਂ ਖੁੱਲ੍ਹ ਗਈਆਂ! ਮੈਨੂੰ ਸਹੀ ਰਾਹ ਲੱਭ ਪਿਆ ਹੈ ਅਤੇ ਹੁਣ ਮੈਨੂੰ ਸਿਰਫ਼ ਇਸ ਉੱਤੇ ਹੀ ਚੱਲਣਾ ਚਾਹੀਦਾ ਹੈ।”

ਭਵਿੱਖ ਵਿਚ ਹੋਰ ਸਹਾਇਤਾ

ਸੰਸਾਰ ਦੇ ਵਿਗੜ ਰਹੇ ਹਾਲਾਤ ਸਪੱਸ਼ਟ ਸਬੂਤ ਹਨ ਕਿ ਅਸੀਂ ਭੈੜੇ ਸਮਿਆਂ ਵਿਚ ਰਹਿ ਰਹੇ ਹਾਂ ਅਤੇ “ਵੱਡੀ ਬਿਪਤਾ” ਸ਼ੁਰੂ ਹੋਣ ਵਾਲੀ ਹੈ। ਹੁਣ ਸਾਰੀਆਂ ਕੌਮਾਂ, ਗੋਤਾਂ, ਲੋਕਾਂ ਅਤੇ ਬੋਲੀਆਂ ਵਿੱਚੋਂ ਇੱਕ ਵੱਡੀ ਭੀੜ ‘ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋ ਰਹੀ ਹੈ ਅਤੇ ਉਨ੍ਹਾਂ ਨੂੰ ਚਿੱਟਾ ਕਰ ਰਹੀ ਹੈ।’ (ਪਰਕਾਸ਼ ਦੀ ਪੋਥੀ 7:9, 13, 14; 2 ਤਿਮੋਥਿਉਸ 3:1-5) ਉਹ ਯਿਸੂ ਦੇ ਬਲੀਦਾਨ ਵਿਚ ਨਿਹਚਾ ਕਰਦੇ ਹਨ। ਅਤੇ ਇਸ ਨਿਹਚਾ ਕਾਰਨ ਉਨ੍ਹਾਂ ਨੂੰ ਆਪਣੇ ਪਾਪਾਂ ਦੀ ਮਾਫ਼ੀ ਮਿਲ ਰਹੀ ਹੈ ਅਤੇ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰਨ ਦਾ ਮੌਕਾ ਮਿਲ ਰਿਹਾ ਹੈ। ਜੀ ਹਾਂ, ਉਹ ਯਹੋਵਾਹ ਦੇ ਮਿੱਤਰ ਬਣ ਰਹੇ ਹਨ।—ਯਾਕੂਬ 2:23.

ਲੇਲਾ, ਅਰਥਾਤ ਯਿਸੂ ਮਸੀਹ ਵੱਡੀ ਬਿਪਤਾ ਵਿੱਚੋਂ ਬਚਣ ਵਾਲਿਆਂ “ਦਾ ਅਯਾਲੀ ਹੋਵੇਗਾ, ਅਤੇ ਓਹਨਾਂ ਨੂੰ ਅੰਮ੍ਰਿਤ ਜਲ ਦਿਆਂ ਸੋਤਿਆਂ ਕੋਲ ਲੈ ਜਾਵੇਗਾ, ਅਤੇ ਪਰਮੇਸ਼ੁਰ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ।” (ਪਰਕਾਸ਼ ਦੀ ਪੋਥੀ 7:17) ਫਿਰ ਪ੍ਰਧਾਨ ਜਾਜਕ ਵਜੋਂ ਮਸੀਹ ਆਪਣੇ ਕੰਮ ਪੂਰੇ ਕਰੇਗਾ। ਉਹ ਪਰਮੇਸ਼ੁਰ ਦੇ ਸਾਰੇ ਮਿੱਤਰਾਂ ਨੂੰ “ਅੰਮ੍ਰਿਤ ਜਲ ਦਿਆਂ ਸੋਤਿਆਂ” ਤੋਂ ਰੂਹਾਨੀ, ਸਰੀਰਕ, ਮਾਨਸਿਕ, ਅਤੇ ਭਾਵਾਤਮਕ ਤੌਰ ਤੇ ਪੂਰਾ ਲਾਭ ਉਠਾਉਣ ਵਿਚ ਮਦਦ ਦੇਵੇਗਾ। ਜੋ ਕੰਮ ਯਿਸੂ ਨੇ 33 ਸਾ.ਯੁ. ਵਿਚ ਸ਼ੁਰੂ ਕੀਤਾ ਸੀ ਅਤੇ ਫਿਰ ਸਵਰਗ ਵਿਚ ਜਾਰੀ ਰੱਖਿਆ ਸੀ, ਉਹ ਕੰਮ ਉਸ ਸਮੇਂ ਬਿਲਕੁਲ ਪੂਰਾ ਹੋ ਜਾਵੇਗਾ।

ਇਸ ਲਈ ਹੌਸਲਾ ਨਾ ਹਾਰੋ, ਉਨ੍ਹਾਂ ਕੰਮਾਂ ਲਈ ਗਹਿਰੀ ਕਦਰ ਦਿਖਾਈ ਜਾਓ ਜੋ ਪਰਮੇਸ਼ੁਰ ਅਤੇ ਮਸੀਹ ਨੇ ਸਾਡੇ ਲਈ ਕੀਤੇ ਹਨ, ਅਤੇ ਹੁਣ ਵੀ ਕਰ ਰਹੇ ਹਨ। ਪੌਲੁਸ ਰਸੂਲ ਨੇ ਸਾਨੂੰ ਹੌਸਲਾ ਦਿੱਤਾ ਕਿ “ਪ੍ਰਭੁ ਵਿੱਚ ਸਦਾ ਅਨੰਦ ਕਰੋ। . . . ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।”—ਫ਼ਿਲਿੱਪੀਆਂ 4:4, 6, 7.

ਸਵਰਗ ਵਿਚ ਸਾਡੇ ਸਹਾਇਕ, ਯਿਸੂ ਮਸੀਹ ਲਈ ਕਦਰ ਦਿਖਾਉਣ ਦਾ ਇਕ ਮੁੱਖ ਤਰੀਕਾ ਹੈ। ਯਹੋਵਾਹ ਦੇ ਗਵਾਹ ਸਾਰੀ ਧਰਤੀ ਭਰ ਬੁੱਧਵਾਰ, 19 ਅਪ੍ਰੈਲ 2000 ਦੀ ਸ਼ਾਮ ਨੂੰ ਮਸੀਹ ਦੀ ਮੌਤ ਦਾ ਸਮਾਰਕ ਮਨਾਉਣ ਲਈ ਇਕੱਠੇ ਹੋਣਗੇ। (ਲੂਕਾ 22:19) ਤੁਹਾਨੂੰ ਖ਼ੁਸ਼ੀ ਨਾਲ ਸਦਾ ਦਿੱਤਾ ਜਾਂਦਾ ਹੈ ਕਿ ਤੁਸੀਂ ਵੀ ਇਸ ਮੌਕੇ ਤੇ ਉਨ੍ਹਾਂ ਨਾਲ ਇਕੱਠੇ ਹੋਵੋ। ਹਾਜ਼ਰ ਹੋਣ ਰਾਹੀਂ ਤੁਸੀਂ ਮਸੀਹ ਦੇ ਬਲੀਦਾਨ ਲਈ ਆਪਣੀ ਕਦਰ ਵਧਾ ਸਕੋਗੇ। ਆਓ ਅਤੇ ਸੁਣੋ ਕਿ ਤੁਸੀਂ ਮਸੀਹ ਰਾਹੀਂ, ਪਰਮੇਸ਼ੁਰ ਦੇ ਮੁਕਤੀ ਦੇ ਪ੍ਰਬੰਧ ਤੋਂ ਸਦਾ ਲਈ ਫ਼ਾਇਦਾ ਕਿਸ ਤਰ੍ਹਾਂ ਉਠਾ ਸਕਦੇ ਹੋ। ਇਸ ਖ਼ਾਸ ਮੀਟਿੰਗ ਦੀ ਜਗ੍ਹਾ ਅਤੇ ਸਮੇਂ ਲਈ ਯਹੋਵਾਹ ਦੇ ਗਵਾਹਾਂ ਤੋਂ ਪਤਾ ਕਰੋ।

[ਸਫ਼ੇ 7 ਉੱਤੇ ਤਸਵੀਰ]

ਯਿਸੂ ਤਨ-ਮੰਨ ਲਾ ਕੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਜਾਣਦਾ ਸੀ

[ਸਫ਼ੇ 8 ਉੱਤੇ ਤਸਵੀਰਾਂ]

ਜਦੋਂ ਸਾਡੀਆਂ ਸਮੱਸਿਆਵਾਂ ਸਾਡੇ ਵੱਸ ਤੋਂ ਬਾਹਰ ਹੁੰਦੀਆਂ ਹਨ, ਤਾਂ ਮਸੀਹ ਸਾਡੀ ਮਦਦ ਕਰੇਗਾ

[ਸਫ਼ੇ 9 ਉੱਤੇ ਤਸਵੀਰ]

ਪ੍ਰੇਮਪੂਰਣ ਬਜ਼ੁਰਗਾਂ ਰਾਹੀਂ ਮਸੀਹ ਸਾਡੀ ਮਦਦ ਕਰਦਾ ਹੈ