ਸੈਨੇਗੋਲ ਵਿਚ ਲੋਕਾਂ ਨੂੰ ਮਸੀਹੀ ਉਮੀਦ ਦਿੱਤੀ ਜਾ ਰਹੀ ਹੈ
ਅਸੀਂ ਉਹ ਹਾਂ ਜਿਹੜੇ ਨਿਹਚਾ ਕਰਦੇ ਹਨ
ਸੈਨੇਗੋਲ ਵਿਚ ਲੋਕਾਂ ਨੂੰ ਮਸੀਹੀ ਉਮੀਦ ਦਿੱਤੀ ਜਾ ਰਹੀ ਹੈ
ਪੁਰਾਣੇ ਜ਼ਮਾਨੇ ਤੋਂ ਕਈ ਲੋਕ ਖ਼ਾਸ ਕਰਕੇ ਮੱਛੀ ਖਾਂਦੇ ਆਏ ਹਨ। ਹਜ਼ਾਰਾਂ ਹੀ ਸਾਲਾਂ ਲਈ ਲੋਕਾਂ ਨੇ ਸਮੁੰਦਰਾਂ, ਝੀਲਾਂ, ਅਤੇ ਨਦੀਆਂ ਵਿੱਚੋਂ ਮੱਛੀਆਂ ਫੜੀਆਂ ਹਨ। ਯਿਸੂ ਮਸੀਹ ਦੇ ਕੁਝ ਰਸੂਲ ਮਛਿਆਰੇ ਸਨ ਜੋ ਗਲੀਲ ਦੀ ਝੀਲ ਵਿੱਚੋਂ ਮੱਛੀਆਂ ਫੜਦੇ ਸਨ। ਪਰ, ਯਿਸੂ ਨੇ ਉਨ੍ਹਾਂ ਨੂੰ ਹੋਰ ਤਰ੍ਹਾਂ ਦੀਆਂ ਮੱਛੀਆਂ ਦਾ ਸ਼ਿਕਾਰ ਕਰਨਾ ਸਿਖਾਇਆ ਸੀ। ਇਹ ਰੂਹਾਨੀ ਸ਼ਿਕਾਰ ਸੀ ਜੋ ਸਿਰਫ਼ ਮਛਿਆਰਿਆਂ ਦੇ ਫ਼ਾਇਦੇ ਲਈ ਹੀ ਨਹੀਂ, ਸਗੋਂ ਮੱਛੀਆਂ ਦੇ ਫ਼ਾਇਦੇ ਲਈ ਵੀ ਸੀ!
ਯਿਸੂ ਨੇ ਪਤਰਸ ਨਾਂ ਦੇ ਇਕ ਮਛਿਆਰੇ ਨੂੰ ਇਸ ਬਾਰੇ ਕਿਹਾ ਕਿ “ਏਦੋਂ ਅੱਗੇ ਤੂੰ ਮਨੁੱਖਾਂ ਦਾ ਸ਼ਿਕਾਰੀ ਹੋਵੇਂਗਾ।” (ਲੂਕਾ 5:10) ਇਸ ਤਰ੍ਹਾਂ ਦਾ ਸ਼ਿਕਾਰ ਅੱਜ ਸੈਨੇਗੋਲ ਸਮੇਤ ਕੁਝ 230 ਮੁਲਕਾਂ ਵਿਚ ਕੀਤਾ ਜਾ ਰਿਹਾ ਹੈ। (ਮੱਤੀ 24:14) ਸੈਨੇਗੋਲ ਵਿਚ ਅੱਜ-ਕੱਲ੍ਹ ਦੇ “ਮਨੁੱਖਾਂ ਦੇ ਸ਼ਿਕਾਰੀ” ਦਲੇਰੀ ਨਾਲ ਦੂਜਿਆਂ ਨੂੰ ਮਸੀਹੀ ਉਮੀਦ ਦੇ ਰਹੇ ਹਨ।—ਮੱਤੀ 4:19.
ਸੈਨੇਗੋਲ ਅਫ਼ਰੀਕਾ ਦੇ ਸਭ ਤੋਂ ਪੱਛਮੀ ਪਾਸੇ ਹੈ। ਇਹ ਉੱਤਰ ਵੱਲ ਸੀਅਰਾ ਦੇ ਰੇਗਿਸਤਾਨ ਦੇ ਬੰਨ੍ਹੇ ਤੋਂ ਲੈ ਕੇ ਦੱਖਣ ਵਿਚ ਕੋਜ਼ੋਮੋਨਸ ਦੇ ਇਲਾਕੇ ਦੇ ਸਿੱਲ੍ਹੇ ਜੰਗਲਾਂ ਤਕ ਫੈਲਦਾ ਹੈ। ਸੈਨੇਗੋਲ ਅਜਿਹਾ ਦੇਸ਼ ਹੈ ਜਿੱਥੇ ਰੇਗਿਸਤਾਨ ਦੀ ਗਰਮ ਹਵਾ ਅਤੇ ਅੰਧ ਮਹਾਂਸਾਗਰ ਦੀ ਠੰਢੀ ਹਵਾ ਵੀ ਵਗਦੀ ਹੈ। ਇੱਥੇ 90 ਲੱਖ ਤੋਂ ਜ਼ਿਆਦਾ ਲੋਕ ਰਹਿੰਦੇ ਹਨ। ਸੈਨੇਗੋਲ ਦੇ ਵਾਸੀ ਪਰਾਹੁਣਿਆਂ ਦੀ ਸੇਵਾ ਕਰਨ ਲਈ ਮਸ਼ਹੂਰ ਹਨ। ਇਸ ਦੇਸ਼ ਦੇ ਜ਼ਿਆਦਾਤਰ ਲੋਕ ਈਸਾਈ ਨਹੀਂ ਹਨ। ਕਈ ਚਰਵਾਹੇ ਹਨ ਅਤੇ ਦੂਸਰੇ ਊਠ ਅਤੇ ਗਾਈਆਂ-ਬੱਕਰੀਆਂ ਚਾਰਦੇ ਹਨ। ਕੁਝ ਲੋਕ ਕਿਸਾਨ ਵੀ ਹਨ ਅਤੇ ਉਹ ਮੂੰਗਫਲੀ, ਕਪਾਹ, ਅਤੇ ਚੌਲ਼ਾਂ ਦੀ ਖੇਤੀ-ਬਾੜੀ ਕਰਦੇ ਹਨ। ਕੁਝ ਮਛਿਆਰੇ ਹਨ ਜੋ ਅੰਧ ਮਹਾਂਸਾਗਰ ਤੋਂ ਅਤੇ ਦੇਸ਼ ਦੀਆਂ ਵੱਡੀਆਂ-ਵੱਡੀਆਂ ਨਦੀਆਂ ਤੋਂ ਮੱਛੀਆਂ ਫੜਦੇ ਹਨ। ਮੱਛੀਆਂ ਦਾ ਵਪਾਰ ਸੈਨੇਗੋਲ ਲਈ ਬਹੁਤ ਜ਼ਰੂਰੀ ਹੈ। ਦਰਅਸਲ ਇਸ ਦੇਸ਼ ਦਾ ਦੇਸੀ ਖਾਣਾ ਚਿਬ ਜੇਨ ਹੈ। ਇਹ ਮੱਛੀ, ਸਬਜ਼ੀ, ਅਤੇ ਚੌਲ਼ਾਂ ਤੋਂ ਬਣਿਆ ਭੋਜਨ ਹੈ।
“ਮਨੁੱਖਾਂ ਦੇ ਸ਼ਿਕਾਰੀ”
ਸੈਨੇਗੋਲ ਵਿਚ 863 ਪ੍ਰਚਾਰਕ ਹਨ, ਜੋ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਜੋਸ਼ ਨਾਲ ਕਰ ਰਹੇ ਹਨ। ਇੱਥੇ ਮੱਛੀਆਂ ਫੜਨ ਦਾ ਰੂਹਾਨੀ ਕੰਮ 1950 ਦੇ ਦਹਾਕੇ ਵਿਚ ਸ਼ੁਰੂ ਹੋਇਆ ਸੀ। ਸੰਨ 1965 ਵਿਚ ਇਸ ਦੇਸ਼ ਦੀ ਰਾਜਧਾਨੀ ਡਾਕਾਰ ਵਿਚ ਵਾਚ ਟਾਵਰ ਸੋਸਾਇਟੀ ਦਾ ਸ਼ਾਖਾ ਦਫ਼ਤਰ ਖੋਲ੍ਹਿਆ ਗਿਆ ਸੀ। ਮਿਸ਼ਨਰੀ “ਸ਼ਿਕਾਰੀ” ਕਈਆਂ ਦੂਰ ਦਿਆਂ ਦੇਸ਼ਾਂ ਤੋਂ ਇੱਥੇ ਆਉਣ ਲੱਗ ਪਏ। “ਸ਼ਿਕਾਰ” ਕਰਨਾ ਸ਼ੁਰੂ ਹੋਇਆ ਅਤੇ ਸੈਨੇਗੋਲ ਵਿਚ ਮਸੀਹੀ ਉਮੀਦ ਦਾ ਪ੍ਰਚਾਰ ਕਰਨ ਦਾ ਕੰਮ ਅੱਗੇ ਵਧਿਆ। ਕੁਝ ਸਮੇਂ ਬਾਅਦ, ਡਾਕਾਰ ਤੋਂ ਬਾਹਰ ਔਲਮੋਡੀਜ਼ ਵਿਚ ਇਕ ਨਵਾਂ ਸ਼ਾਖਾ ਦਫ਼ਤਰ ਬਣਾਇਆ ਗਿਆ, ਅਤੇ ਇਹ ਜੂਨ 1999 ਵਿਚ ਯਹੋਵਾਹ ਨੂੰ ਅਰਪਿਤ ਕੀਤਾ ਗਿਆ। ਇਹ ਕਿੰਨੀ ਖ਼ੁਸ਼ੀ ਦਾ ਸਮਾਂ ਸੀ!
ਸੱਚਾਈ ਅਪਣਾਉਣ ਵਿਚ ਮੁਸ਼ਕਲਾਂ
ਅੱਜ-ਕੱਲ੍ਹ ਕਈਆਂ ਤਰ੍ਹਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਅਤੇ ਕੁਝ ਲੋਕਾਂ ਨੇ ਪਰਮੇਸ਼ੁਰ ਦੇ ਬਚਨ ਦਾ ਸੰਦੇਸ਼ ਸੁਣ ਕੇ ਸੱਚਾਈ ਨੂੰ ਅਪਣਾਇਆ ਹੈ। ਭਾਵੇਂ ਕਿ ਕਈਆਂ ਲੋਕਾਂ ਕੋਲ ਬਾਈਬਲ ਬਾਰੇ ਬਹੁਤਾ ਗਿਆਨ ਨਹੀਂ ਹੈ, ਉਹ ਵਫ਼ਾਦਾਰ ਨਬੀਆਂ ਰਾਹੀਂ ਕੀਤੇ ਗਏ ਯਹੋਵਾਹ ਪਰਮੇਸ਼ੁਰ ਦੇ ਵਾਅਦਿਆਂ ਬਾਰੇ ਸਿੱਖ ਕੇ ਬਹੁਤ ਖ਼ੁਸ਼ ਹੁੰਦੇ ਹਨ ਕਿ ਇਹ ਬਹੁਤ ਜਲਦੀ ਪੂਰੇ ਹੋਣਗੇ।
ਮਸੀਹੀ ਅਸੂਲਾਂ ਉੱਤੇ ਚੱਲਣ ਲਈ ਅਕਸਰ ਹਿੰਮਤ ਦੀ ਲੋੜ ਪੈਂਦੀ ਹੈ, ਖ਼ਾਸ ਕਰਕੇ ਜਦੋਂ ਪਰਿਵਾਰਕ ਰੀਤਾਂ-ਰਿਵਾਜਾਂ ਦੀ ਗੱਲ ਆਉਂਦੀ ਹੈ। ਉਦਾਹਰਣ ਲਈ, ਸੈਨੇਗੋਲ ਵਿਚ ਇਹ ਆਮ ਗੱਲ ਹੈ ਕਿ ਇਕ ਆਦਮੀ ਦੀਆਂ ਕਈ ਪਤਨੀਆਂ ਹੁੰਦੀਆਂ ਹਨ। ਜਦੋਂ ਇਕ ਆਦਮੀ ਬਾਈਬਲ ਦਾ ਅਧਿਐਨ ਕਰਨ ਲੱਗਾ, ਤਾਂ ਉਹ ਦੀਆਂ ਦੋ ਪਤਨੀਆਂ ਸਨ। ਕੀ ਉਸ ਕੋਲ ਮਸੀਹੀ ਸੱਚਾਈ ਅਪਣਾਉਣ ਦੀ ਹਿੰਮਤ ਸੀ? ਕੀ ਉਹ ਬਾਈਬਲ ਦੇ ਅਸੂਲ ਉੱਤੇ ਚੱਲਣ ਲਈ ਤਿਆਰ ਸੀ ਕਿ ਇਕ ਪਤੀ ਦੀ ਇੱਕੋ ਪਤਨੀ ਹੋਣੀ ਚਾਹੀਦੀ ਹੈ? (1 ਤਿਮੋਥਿਉਸ 3:2) ਅਤੇ ਕੀ ਉਹ ਆਪਣੀ ਜਵਾਨੀ ਦੀ ਪਤਨੀ, ਯਾਨੀ ਆਪਣੀ ਪਹਿਲੀ ਪਤਨੀ ਨੂੰ ਰੱਖੇਗਾ? ਜੀ ਹਾਂ, ਉਸ ਨੇ ਇਹੋ ਕੀਤਾ ਅਤੇ ਹੁਣ ਉਹ ਡਾਕਾਰ ਦੇ ਇਲਾਕੇ ਵਿਚ ਇਕ ਵੱਡੀ ਕਲੀਸਿਯਾ ਵਿਚ ਬਜ਼ੁਰਗ ਦੇ ਨਾਤੇ ਜੋਸ਼ ਨਾਲ ਸੇਵਾ ਕਰ ਰਿਹਾ ਹੈ। ਉਸ ਦੀ ਪਹਿਲੀ ਪਤਨੀ ਨੇ ਅਤੇ ਉਸ ਦੇ 12 ਬੱਚਿਆਂ ਨੇ ਵੀ ਸੱਚਾਈ ਨੂੰ ਅਪਣਾਇਆ ਹੈ। ਦਸ ਬੱਚੇ ਉਸ ਦੀ ਪਹਿਲੀ ਪਤਨੀ ਤੋਂ ਸਨ ਅਤੇ ਦੋ ਉਸ ਦੀ ਦੂਜੀ ਸਾਬਕਾ ਪਤਨੀ ਤੋਂ ਸਨ।
ਸੈਨੇਗੋਲ ਵਿਚ ਕਈ ਲੋਕ ਪੜ੍ਹੇ-ਲਿਖੇ ਨਹੀਂ ਹਨ ਅਤੇ ਮਸੀਹੀ ਉਮੀਦ ਅਪਣਾਉਣ ਵਿਚ ਇਹ ਇਕ ਹੋਰ ਮੁਸ਼ਕਲ ਹੋ ਸਕਦੀ ਹੈ। ਕੀ ਇਸ ਦਾ ਇਹ ਮਤਲਬ ਹੈ ਕਿ ਅਨਪੜ੍ਹ ਲੋਕ ਸੱਚਾਈ ਨੂੰ ਸਵੀਕਾਰ ਕਰ ਕੇ ਉਸ ਉੱਤੇ ਅਮਲ ਨਹੀਂ ਕਰ ਸਕਦੇ? ਜੀ ਨਹੀਂ। ਮਰੀ ਨਾਮਕ ਇਕ ਮਿਹਨਤੀ ਮਾਂ ਦੀ ਮਿਸਾਲ ਉੱਤੇ ਗੌਰ ਕਰੋ ਜਿਸ ਦੇ ਅੱਠ ਛੋਟੇ-ਛੋਟੇ ਬੱਚੇ ਹਨ। ਉਸ ਨੇ ਆਪਣੇ ਬੱਚਿਆਂ ਨਾਲ ਹਰ ਰੋਜ਼ ਬਾਈਬਲ ਦੇ ਹਵਾਲੇ ਦੀ ਚਰਚਾ ਕਰਨ ਦੀ ਜ਼ਰੂਰਤ ਛੇਤੀ ਹੀ ਪਛਾਣ ਲਈ। ਇਸ ਲਈ ਆਪ ਕੰਮ ਤੇ ਜਾਣ ਅਤੇ ਬੱਚਿਆਂ ਦੇ ਸਕੂਲ ਜਾਣ ਤੋਂ ਪਹਿਲਾਂ ਉਹ ਉਨ੍ਹਾਂ ਨਾਲ ਚਰਚਾ ਕਰਦੀ ਹੈ। ਪਰ, ਉਹ ਅਨਪੜ੍ਹ ਹੋਣ ਕਰਕੇ ਇਹ ਕਿਸ ਤਰ੍ਹਾਂ ਕਰ ਸਕਦੀ ਹੈ? ਉਹ ਤੜਕੇ ਉੱਠ ਕੇ ਹਰ ਰੋਜ਼ ਬਾਈਬਲ ਦੀ ਜਾਂਚ
ਕਰੋ ਪੁਸਤਿਕਾ ਲੈ ਕੇ ਆਪਣੇ ਘਰ ਮੋਹਰੇ ਕੱਚੀ ਸੜਕ ਉੱਤੇ ਖੜ੍ਹੀ ਹੋ ਜਾਂਦੀ ਹੈ। ਜਦੋਂ ਲੋਕੀ ਲੰਘਦੇ ਹਨ, ਉਹ ਉਨ੍ਹਾਂ ਨੂੰ ਪੁੱਛਦੀ ਹੈ ਕਿ ਕੀ ਉਹ ਪੜ੍ਹ ਸਕਦੇ ਹਨ। ਜਦੋਂ ਉਸ ਨੂੰ ਕੋਈ ਪੜ੍ਹਿਆ-ਲਿਖਿਆ ਵਿਅਕਤੀ ਮਿਲਦਾ ਹੈ, ਉਹ ਉਸ ਨੂੰ ਪੁਸਤਿਕਾ ਦੇ ਕੇ ਬੇਨਤੀ ਕਰਦੀ ਹੈ ਕਿ “ਮੈਂ ਪੜ੍ਹ ਨਹੀਂ ਸਕਦੀ। ਕੀ ਤੁਸੀਂ ਮੈਨੂੰ ਇਹ ਹਿੱਸਾ ਪੜ੍ਹ ਕੇ ਸੁਣਾਓਗੇ?” ਫਿਰ ਉਹ ਬੜੇ ਧਿਆਨ ਨਾਲ ਸੁਣਦੀ ਹੈ। ਉਸ ਤੋਂ ਬਾਅਦ ਉਹ ਉਨ੍ਹਾਂ ਦਾ ਸ਼ੁਕਰੀਆ ਕਰ ਕੇ ਅੰਦਰ ਜਾ ਕੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਉਨ੍ਹਾਂ ਨਾਲ ਹਵਾਲੇ ਬਾਰੇ ਚਰਚਾ ਕਰਦੀ ਹੈ!ਹਰ ਤਰ੍ਹਾਂ ਦੇ ਲੋਕ ਸੁਣਦੇ ਹਨ
ਸੈਨੇਗੋਲ ਵਿਚ ਤੁਹਾਨੂੰ ਹਰ ਜਗ੍ਹਾ ਲੋਕ ਮਿਲਣਗੇ। ਉਹ ਸੜਕਾਂ ਉੱਤੇ ਬੈਠੇ, ਮੰਡੀ ਵਿਚ ਮੱਛੀਆਂ, ਸਬਜ਼ੀਆਂ, ਜਾਂ ਫਲ ਵੇਚਦੇ, ਜਾਂ ਸ਼ਾਨਦਾਰ ਬੋਬਾਬ ਰੁੱਖ ਦੀ ਛਾਂ ਥੱਲੇ ਬੈਠੇ ਅਟੇਯਾ ਨਾਂ ਦੀ ਕੌੜੀ ਹਰੀ ਪੱਤੀ ਦੀ ਚਾਹ ਪੀਂਦੇ ਦੇਖੇ ਜਾਂਦੇ ਹਨ। ਦੋ ਭਰਾ ਸਾਰਿਆਂ ਨੂੰ ਖ਼ੁਸ਼ ਖ਼ਬਰੀ ਦੱਸਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਇਕ ਅਪਾਹਜ ਬੰਦੇ ਨਾਲ ਗੱਲ ਕੀਤੀ ਜੋ ਸੜਕ ਉੱਤੇ ਭਿੱਖ ਮੰਗ ਰਿਹਾ ਸੀ। ਨਮਸਕਾਰ ਕਰਨ ਤੋਂ ਬਾਅਦ, ਉਨ੍ਹਾਂ ਨੇ ਕਿਹਾ: “ਕਈ ਲੋਕ ਤੁਹਾਨੂੰ ਪੈਸੇ ਦਿੰਦੇ ਹਨ ਪਰ ਕੋਈ ਵੀ ਰੁਕ ਕੇ ਤੁਹਾਡੇ ਨਾਲ ਗੱਲ ਨਹੀਂ ਕਰਦਾ। ਅਸੀਂ ਤੁਹਾਡੇ ਨਾਲ ਤੁਹਾਡੇ ਭਵਿੱਖ ਬਾਰੇ ਜ਼ਰੂਰੀ ਗੱਲ ਕਰਨ ਆਏ ਹਾਂ।” ਭਿਖਾਰੀ ਬੜਾ ਹੈਰਾਨ ਹੋਇਆ। ਭਰਾਵਾਂ ਨੇ ਅੱਗੇ ਕਿਹਾ ਕਿ “ਅਸੀਂ ਤੁਹਾਨੂੰ ਇਕ ਸਵਾਲ ਪੁੱਛਣਾ ਚਾਹੁੰਦੇ ਹਾਂ। ਤੁਹਾਡੇ ਖ਼ਿਆਲ ਵਿਚ ਦੁਨੀਆਂ ਵਿਚ ਇੰਨਾ ਦੁੱਖ ਕਿਉਂ ਹੈ?” ਭਿਖਾਰੀ ਨੇ ਜਵਾਬ ਦਿੱਤਾ: “ਰੱਬ ਦੀ ਕਰਨੀ ਕੌਣ ਟਾਲ ਸਕਦਾ ਹੈ?”
ਫਿਰ ਭਰਾਵਾਂ ਨੇ ਬਾਈਬਲ ਵਿੱਚੋਂ ਗੱਲਬਾਤ ਕੀਤੀ ਅਤੇ ਉਸ ਨੂੰ ਪਰਕਾਸ਼ ਦੀ ਪੋਥੀ 21:4 ਦਾ ਹਵਾਲਾ ਸਮਝਾਇਆ। ਭਿਖਾਰੀ ਇਹ ਸੁਨੇਹਾ ਸੁਣ ਕੇ ਬਹੁਤ ਖ਼ੁਸ਼ ਹੋਇਆ। ਉਸ ਨੂੰ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਕਿਸੇ ਨੇ ਉਸ ਵਿਚ ਦਿਲਚਸਪੀ ਦਿਖਾਈ ਅਤੇ ਬਾਈਬਲ ਬਾਰੇ ਉਸ ਨਾਲ ਗੱਲ ਕੀਤੀ। ਉਹ ਦੀਆਂ ਅੱਖਾਂ ਭਰ ਆਈਆਂ। ਪੈਸੇ ਮੰਗਣ ਦੀ ਬਜਾਇ, ਉਹ ਭਰਾਵਾਂ ਦੀ ਬੇਨਤੀ ਕਰਨ ਲੱਗਾ ਕਿ ਉਹ ਉਸ ਦੇ ਡੱਬੇ ਵਿੱਚੋਂ ਸਾਰੇ ਪੈਸੇ ਲੈ ਲੈਣ! ਉਹ ਇੰਨੀ ਜ਼ਿੱਦ ਕਰ ਰਿਹਾ ਸੀ ਕਿ ਲੋਕ ਉਨ੍ਹਾਂ ਵੱਲ ਦੇਖਣ ਲੱਗ ਪਏ। ਭਰਾਵਾਂ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਪੈਸੇ ਰੱਖਣ ਲਈ ਮਨਾਇਆ। ਅੰਤ ਵਿਚ ਉਸ ਨੇ ਉਨ੍ਹਾਂ ਦੀ ਗੱਲ ਮੰਨੀ ਪਰ ਉਸ ਨੇ ਕਿਹਾ ਕਿ ਭਰਾ ਉਸ ਨੂੰ ਦੁਬਾਰਾ ਮਿਲਣ ਜ਼ਰੂਰ ਆਉਣ।
ਡਾਕਾਰ ਦੀ ਵੱਡੀ ਯੂਨੀਵਰਸਿਟੀ ਵਿਚ ਪੜ੍ਹਨ ਆਉਣ ਵਾਲੇ ਵੀ ਮੱਛੀਆਂ ਫੜਨ ਵਾਲੇ ਰੂਹਾਨੀ ਜਾਲ ਵਿਚ ਫੜੇ ਜਾ ਰਹੇ ਹਨ। ਉੱਥੇ ਜ਼ੌਨ-ਲੂਈ ਨਾਮਕ ਡਾਕਟਰੀ ਦਾ ਇਕ ਵਿਦਿਆਰਥੀ ਬਾਈਬਲ ਦਾ ਅਧਿਐਨ ਕਰਨ ਲੱਗਾ। ਉਸ ਨੇ ਸੱਚਾਈ ਨੂੰ ਜਲਦੀ ਸਵੀਕਾਰ ਕਰ ਲਿਆ ਅਤੇ ਯਹੋਵਾਹ ਨੂੰ ਆਪਣਾ ਜੀਵਨ ਸਮਰਪਿਤ ਕਰਨ ਤੋਂ ਬਾਅਦ ਬਪਤਿਸਮਾ ਲੈ ਲਿਆ। ਉਹ ਪਾਇਨੀਅਰ ਵਜੋਂ ਪਰਮੇਸ਼ੁਰ ਦੀ ਸੇਵਾ ਵਿਚ ਆਪਣਾ ਸਾਰਾ ਸਮਾਂ ਲਾਉਣਾ ਚਾਹੁੰਦਾ ਸੀ, ਪਰ ਉਹ ਡਾਕਟਰੀ ਦੀ ਪੜ੍ਹਾਈ ਵੀ ਕਰਨੀ ਪਸੰਦ ਕਰਦਾ ਸੀ। ਆਪਣੇ ਦੇਸ਼ ਨਾਲ ਇਕ ਇਕਰਾਰਨਾਮੇ ਕਰਕੇ ਉਸ ਨੂੰ ਆਪਣੀ ਪੜ੍ਹਾਈ ਪੂਰੀ ਕਰਨੀ ਪਈ। ਫਿਰ ਵੀ, ਉਸ ਨੇ ਪੜ੍ਹਾਈ ਕਰਨ ਦੇ ਨਾਲ-ਨਾਲ ਸਹਿਯੋਗੀ ਪਾਇਨੀਅਰ ਸੇਵਾ ਵੀ ਸ਼ੁਰੂ ਕੀਤੀ। ਉਸ ਦੀ ਪੜ੍ਹਾਈ ਖ਼ਤਮ ਹੋਈ ਅਤੇ ਉਹ ਡਾਕਟਰ ਬਣ ਗਿਆ। ਇਸ ਤੋਂ ਥੋੜ੍ਹੀ ਦੇਰ ਬਾਅਦ ਉਸ ਨੂੰ ਅਫ਼ਰੀਕਾ ਵਿਚ ਇਕ ਵੱਡੇ ਬੈਥਲ ਘਰ ਵਿਚ ਡਾਕਟਰ ਵਜੋਂ ਸੇਵਾ ਕਰਨ ਦਾ ਸੱਦਾ ਦਿੱਤਾ ਗਿਆ। ਡਾਕਾਰ ਯੂਨੀਵਰਸਿਟੀ ਵਿਚ ਇਕ ਹੋਰ ਗੱਭਰੂ ਨਾਲ ਵੀ ਮੁਲਾਕਾਤ ਹੋਈ ਅਤੇ ਉਹ ਵੀ ਹੁਣ ਆਪਣੇ ਦੇਸ਼ ਵਿਚ ਬੈਥਲ ਦੇ ਪਰਿਵਾਰ ਨਾਲ ਸੇਵਾ ਕਰ ਰਿਹਾ ਹੈ।
ਸੈਨੇਗੋਲ ਵਿਚ ਮੱਛੀਆਂ ਫੜਨ ਦੇ ਰੂਹਾਨੀ ਕੰਮ ਤੋਂ ਬਹੁਤ ਹੀ ਬਰਕਤਾਂ ਮਿਲਦੀਆਂ ਹਨ। ਇੱਥੇ ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨਾਂ ਦੀ ਬਹੁਤ ਕਦਰ ਕੀਤੀ ਜਾਂਦੀ ਹੈ ਅਤੇ ਇਹ ਇੱਥੇ ਦੀ ਵੌਲੋਫ ਭਾਸ਼ਾ ਵਿਚ ਵੀ ਛਾਪੇ ਜਾ ਰਹੇ ਹਨ। ਆਪਣੀ ਮਾਂ ਬੋਲੀ ਵਿਚ ਖ਼ੁਸ਼ ਖ਼ਬਰੀ ਸੁਣ ਕੇ ਕਈ ਨੇਕਦਿਲ ਲੋਕਾਂ ਨੇ ਸੱਚਾਈ ਨੂੰ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕੀਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਦੀ ਬਰਕਤ ਨਾਲ ਜਿਉਂ-ਜਿਉਂ ਸੈਨੇਗੋਲ ਦੇ ਜੋਸ਼ੀਲੇ “ਮਨੁੱਖਾਂ ਦੇ ਸ਼ਿਕਾਰੀ” ਵਫ਼ਾਦਾਰੀ ਅਤੇ ਹਿੰਮਤ ਨਾਲ ਦੂਜਿਆਂ ਨੂੰ ਆਪਣੀ ਮਸੀਹੀ ਉਮੀਦ ਦਿੰਦੇ ਰਹਿਣਗੇ, ਬਹੁਤ ਸਾਰੀਆਂ ਹੋਰ “ਮੱਛੀਆਂ” ਫੜੀਆਂ ਜਾਣਗੀਆਂ।
[ਸਫ਼ੇ 31 ਉੱਤੇ ਨਕਸ਼ਾ/ਤਸਵੀਰ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਸੈਨੇਗੋਲ
[ਤਸਵੀਰ]
ਸੈਨੇਗੋਲ ਵਿਚ ਲੋਕਾਂ ਨੂੰ ਮਸੀਹੀ ਉਮੀਦ ਦਿੱਤੀ ਜਾ ਰਹੀ ਹੈ
[ਕ੍ਰੈਡਿਟ ਲਾਈਨ]
Mountain High Maps® Copyright © 1997 Digital Wisdom, Inc.