Skip to content

Skip to table of contents

‘ਹੇ ਪਰਮੇਸ਼ੁਰ, ਆਪਣੇ ਚਾਨਣ ਨੂੰ ਘੱਲ’

‘ਹੇ ਪਰਮੇਸ਼ੁਰ, ਆਪਣੇ ਚਾਨਣ ਨੂੰ ਘੱਲ’

ਹੇ ਪਰਮੇਸ਼ੁਰ, ਆਪਣੇ ਚਾਨਣ ਨੂੰ ਘੱਲ’

“ਆਪਣੇ ਚਾਨਣ ਅਰ ਆਪਣੀ ਸੱਚਿਆਈ ਨੂੰ ਘੱਲ ਕਿ ਓਹ ਮੇਰੀ ਅਗਵਾਈ ਕਰਨ।”—ਜ਼ਬੂਰ 43:3.

1. ਯਹੋਵਾਹ ਆਪਣੇ ਮਕਸਦ ਕਿਸ ਤਰ੍ਹਾਂ ਪ੍ਰਗਟ ਕਰਦਾ ਹੈ?

ਯਹੋਵਾਹ ਆਪਣੇ ਸੇਵਕਾਂ ਨੂੰ ਆਪਣਿਆਂ ਮਕਸਦਾਂ ਬਾਰੇ ਬਹੁਤ ਹੀ ਪ੍ਰੇਮਪੂਰਣ ਤਰੀਕੇ ਵਿਚ ਦੱਸਦਾ ਹੈ। ਸੱਚਾਈ ਦੇ ਚਾਨਣ ਨੂੰ ਇਕਦਮ ਪ੍ਰਗਟ ਕਰ ਕੇ ਸਾਨੂੰ ਉਲਝਣ ਵਿਚ ਪਾਉਣ ਦੀ ਬਜਾਇ ਉਹ ਸਾਡੀ ਸਮਝ ਉੱਤੇ ਹੌਲੀ-ਹੌਲੀ ਰੌਸ਼ਨੀ ਪਾਉਂਦਾ ਹੈ। ਜ਼ਿੰਦਗੀ ਦੇ ਰਾਹ ਉੱਤੇ ਸਾਡੇ ਸਫ਼ਰ ਦੀ ਤੁਲਨਾ ਉਸ ਆਦਮੀ ਦੇ ਸਫ਼ਰ ਨਾਲ ਕੀਤੀ ਜਾ ਸਕਦੀ ਹੈ ਜੋ ਇਕ ਲੰਬੀ ਸੈਰ ਕਰਨ ਤੁਰ ਪੈਂਦਾ ਹੈ। ਉਹ ਸਾਝਰੇ ਹੀ ਆਪਣਾ ਸਫ਼ਰ ਸ਼ੁਰੂ ਕਰਦਾ ਹੈ ਅਤੇ ਉਸ ਵੇਲੇ ਬਹੁਤ ਘੱਟ ਦਿੱਸਦਾ ਹੈ। ਜਿੱਦਾਂ-ਜਿੱਦਾਂ ਸੂਰਜ ਨਿਕਲਣ ਲੱਗਦਾ ਹੈ, ਆਦਮੀ ਨੂੰ ਆਪਣੇ ਆਲੇ-ਦੁਆਲੇ ਕੁਝ ਚੀਜ਼ਾਂ ਦੀ ਪਛਾਣ ਹੋਣ ਲੱਗਦੀ ਹੈ। ਬਾਕੀ ਸਭ ਕੁਝ ਹਾਲੇ ਧੁੰਦਲਾ ਲੱਗਦਾ ਹੈ। ਪਰ ਜਿਉਂ-ਜਿਉਂ ਸੂਰਜ ਚੜ੍ਹਦਾ ਜਾਂਦਾ ਹੈ ਉਸ ਨੂੰ ਦੂਰ ਤਕ ਦਿੱਸਣ ਲੱਗ ਪੈਂਦਾ ਹੈ। ਪਰਮੇਸ਼ੁਰ ਵੱਲੋਂ ਦਿੱਤੀ ਗਈ ਰੂਹਾਨੀ ਰੌਸ਼ਨੀ ਜਾਂ ਸਮਝ ਬਾਰੇ ਵੀ ਇਹ ਗੱਲ ਸੱਚ ਹੈ। ਉਹ ਸਾਨੂੰ ਹੌਲੀ-ਹੌਲੀ ਗੱਲਾਂ ਦੀ ਸਮਝ ਦਿੰਦਾ ਹੈ। ਪਰਮੇਸ਼ੁਰ ਦੇ ਪੁੱਤਰ, ਯਿਸੂ ਮਸੀਹ, ਨੇ ਵੀ ਇਸੇ ਤਰ੍ਹਾਂ ਰੂਹਾਨੀ ਗੱਲਾਂ ਸਮਝਾਈਆਂ ਸਨ। ਆਓ ਆਪਾਂ ਦੇਖੀਏ ਕਿ ਯਹੋਵਾਹ ਨੇ ਪਿਛਲੇ ਜ਼ਮਾਨੇ ਵਿਚ ਆਪਣਿਆਂ ਲੋਕਾਂ ਉੱਤੇ ਸਮਝ ਦਾ ਇਹ ਚਾਨਣ ਕਿਸ ਤਰ੍ਹਾਂ ਪਾਇਆ ਸੀ ਅਤੇ ਉਹ ਅੱਜ ਸਾਨੂੰ ਸਮਝ ਕਿਸ ਤਰ੍ਹਾਂ ਦਿੰਦਾ ਹੈ।

2. ਮਸੀਹ ਦੇ ਆਉਣ ਤੋਂ ਪਹਿਲਾਂ ਯਹੋਵਾਹ ਨੇ ਚਾਨਣ ਜਾਂ ਸਮਝ ਕਿਸ ਤਰ੍ਹਾਂ ਪ੍ਰਗਟ ਕੀਤੀ ਸੀ?

2 ਸੰਭਵ ਹੈ ਕਿ 43ਵੇਂ ਜ਼ਬੂਰ ਦੇ ਲਿਖਾਰੀ ਕੋਰਹ ਦੇ ਪੁੱਤਰ ਸਨ। ਇਨ੍ਹਾਂ ਨੂੰ ਲੇਵੀਆਂ ਵਜੋਂ ਲੋਕਾਂ ਨੂੰ ਪਰਮੇਸ਼ੁਰ ਦੀ ਬਿਵਸਥਾ ਸਿਖਾਉਣ ਦਾ ਸਨਮਾਨ ਦਿੱਤਾ ਗਿਆ ਸੀ। (ਮਲਾਕੀ 2:7) ਯਹੋਵਾਹ ਉਨ੍ਹਾਂ ਦਾ ਮਹਾਨ ਗੁਰੂ ਉਨ੍ਹਾਂ ਦੀ ਅਗਵਾਈ ਕਰਦਾ ਸੀ ਅਤੇ ਉਨ੍ਹਾਂ ਨੂੰ ਬੁੱਧ ਦਿੰਦਾ ਸੀ। (ਯਸਾਯਾਹ 30:20) ਜ਼ਬੂਰਾਂ ਦੇ ਲਿਖਾਰੀ ਨੇ ਪ੍ਰਾਰਥਨਾ ਕੀਤੀ ਕਿ ‘ਹੇ ਪਰਮੇਸ਼ੁਰ, ਆਪਣੇ ਚਾਨਣ ਅਰ ਆਪਣੀ ਸੱਚਿਆਈ ਨੂੰ ਘੱਲ ਕਿ ਓਹ ਮੇਰੀ ਅਗਵਾਈ ਕਰਨ।’ (ਜ਼ਬੂਰ 43:1, 3) ਜਿੰਨਾ ਚਿਰ ਇਸਰਾਏਲੀ ਯਹੋਵਾਹ ਪ੍ਰਤੀ ਵਫ਼ਾਦਾਰ ਰਹੇ, ਉਹ ਉਨ੍ਹਾਂ ਨੂੰ ਰਾਹੇ ਪਾਉਂਦਾ ਰਿਹਾ। ਕਈ ਸਦੀਆਂ ਬਾਅਦ, ਯਹੋਵਾਹ ਨੇ ਉਨ੍ਹਾਂ ਨੂੰ ਸਭ ਤੋਂ ਅਨੋਖੇ ਕਿਸਮ ਦੀ ਰੌਸ਼ਨੀ ਅਤੇ ਸੱਚਾਈ ਦੇਣ ਦੁਆਰਾ ਆਪਣੀ ਕਿਰਪਾ ਦਿਖਾਈ। ਉਸ ਨੇ ਇਹ ਆਪਣੇ ਪੁੱਤਰ ਨੂੰ ਧਰਤੀ ਉੱਤੇ ਘੱਲਣ ਦੁਆਰਾ ਕੀਤਾ।

3. ਯਿਸੂ ਦੀਆਂ ਸਿੱਖਿਆਵਾਂ ਦੁਆਰਾ ਯਹੂਦੀ ਲੋਕ ਕਿਸ ਤਰ੍ਹਾਂ ਪਰਖੇ ਗਏ ਸਨ?

3 ਇਕ ਮਨੁੱਖ ਵਜੋਂ ਪਰਮੇਸ਼ੁਰ ਦਾ ਪੁੱਤਰ, ਯਿਸੂ ਮਸੀਹ, “ਜਗਤ ਦਾ ਚਾਨਣ” ਸੀ। (ਯੂਹੰਨਾ 8:12) ਉਸ ਨੇ ਲੋਕਾਂ ਨੂੰ ‘ਦ੍ਰਿਸ਼ਟਾਂਤਾਂ ਵਿੱਚ ਬਹੁਤ ਸਾਰੀਆਂ ਨਵੀਆਂ ਗੱਲਾਂ’ ਸਿਖਾਈਆਂ। (ਮਰਕੁਸ 4:2) ਉਸ ਨੇ ਪੁੰਤਿਯੁਸ ਪਿਲਾਤੁਸ ਨੂੰ ਕਿਹਾ: “ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ।” (ਯੂਹੰਨਾ 18:36) ਇਹ ਰੋਮੀਆਂ ਲਈ ਅਤੇ ਖ਼ਾਸ ਕਰਕੇ ਦੇਸ਼-ਪ੍ਰੇਮੀ ਯਹੂਦੀਆਂ ਲਈ ਇਕ ਨਵਾਂ ਖ਼ਿਆਲ ਸੀ। ਕੁਝ ਯਹੂਦੀ ਤਾਂ ਸੋਚਦੇ ਸਨ ਕਿ ਮਸੀਹਾ ਰੋਮੀ ਸਾਮਰਾਜ ਨੂੰ ਤਬਾਹ ਕਰ ਦੇਵੇਗਾ ਅਤੇ ਇਸਰਾਏਲ ਦੇ ਸਾਰੇ ਦੁੱਖ ਦੂਰ ਕਰ ਕੇ ਉਸ ਦੀ ਸ਼ਾਨ ਵਾਪਸ ਲਿਆਵੇਗਾ। ਯਿਸੂ, ਯਹੋਵਾਹ ਦੇ ਦਿੱਤੇ ਗਏ ਚਾਨਣ ਨੂੰ ਪ੍ਰਗਟ ਕਰ ਰਿਹਾ ਸੀ, ਪਰ ਯਹੂਦੀ ਹਾਕਮਾਂ ਨੂੰ ਉਸ ਦੀਆਂ ਗੱਲਾਂ ਪਸੰਦ ਨਹੀਂ ਆਈਆਂ। ਇਹ ਹਾਕਮ “ਪਰਮੇਸ਼ੁਰ ਦੀ ਵਡਿਆਈ ਨਾਲੋਂ ਮਨੁੱਖਾਂ ਦੀ ਵਡਿਆਈ ਦੇ ਬਹੁਤੇ ਭੁੱਖੇ ਸਨ।” (ਯੂਹੰਨਾ 12:42, 43) ਕਈਆਂ ਲੋਕਾਂ ਨੇ ਪਰਮੇਸ਼ੁਰ ਵੱਲੋਂ ਸੱਚਾਈ ਅਤੇ ਰੂਹਾਨੀ ਚਾਨਣ ਸਵੀਕਾਰ ਕਰਨ ਦੀ ਬਜਾਇ ਮਨੁੱਖੀ ਰੀਤਾਂ-ਰਿਵਾਜਾਂ ਅਨੁਸਾਰ ਚੱਲਣਾ ਪਸੰਦ ਕੀਤਾ।—ਜ਼ਬੂਰ 43:3; ਮੱਤੀ 13:15.

4. ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਯਿਸੂ ਦੇ ਚੇਲਿਆਂ ਨੂੰ ਸਮਝ ਹੌਲੀ-ਹੌਲੀ ਦਿੱਤੀ ਜਾਣੀ ਸੀ?

4 ਲੇਕਿਨ, ਕੁਝ ਨੇਕਦਿਲ ਆਦਮੀਆਂ ਅਤੇ ਔਰਤਾਂ ਨੇ ਯਿਸੂ ਦੁਆਰਾ ਸਿਖਾਈ ਗਈ ਸੱਚਾਈ ਨੂੰ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕੀਤਾ ਸੀ। ਭਾਵੇਂ ਉਨ੍ਹਾਂ ਨੇ ਪਰਮੇਸ਼ੁਰ ਦੇ ਮਕਸਦਾਂ ਨੂੰ ਸਮਝਣ ਵਿਚ ਚੰਗੀ ਤਰੱਕੀ ਕੀਤੀ ਸੀ, ਹਾਲੇ ਵੀ ਉਨ੍ਹਾਂ ਕੋਲ ਸਿੱਖਣ ਲਈ ਬਹੁਤ ਸਾਰੀਆਂ ਗੱਲਾਂ ਸਨ, ਪਰ ਉਨ੍ਹਾਂ ਦੇ ਗੁਰੂ ਦੀ ਜ਼ਿੰਦਗੀ ਦਾ ਅੰਤ ਨਜ਼ਦੀਕ ਸੀ। ਯਿਸੂ ਨੇ ਉਨ੍ਹਾਂ ਨੂੰ ਦੱਸਿਆ ਕਿ “ਅਜੇ ਮੈਂ ਤੁਹਾਡੇ ਨਾਲ ਬਹੁਤੀਆਂ ਗੱਲਾਂ ਕਰਨੀਆਂ ਹਨ ਪਰ ਹੁਣੇ ਤੁਸੀਂ ਸਹਾਰ ਨਹੀਂ ਸੱਕਦੇ।” (ਯੂਹੰਨਾ 16:12) ਜੀ ਹਾਂ, ਚੇਲਿਆਂ ਨੂੰ ਪਰਮੇਸ਼ੁਰ ਦੇ ਗਿਆਨ ਦੀ ਸਮਝ ਹੌਲੀ-ਹੌਲੀ ਦਿੱਤੀ ਜਾਣੀ ਸੀ।

ਰੌਸ਼ਨੀ ਵਧਦੀ ਜਾਂਦੀ ਹੈ

5. ਪਹਿਲੀ ਸਦੀ ਵਿਚ ਕਿਹੜਾ ਸਵਾਲ ਉੱਠਿਆ ਸੀ ਅਤੇ ਇਸ ਗੱਲ ਬਾਰੇ ਫ਼ੈਸਲਾ ਕਰਨ ਦੀ ਜ਼ਿੰਮੇਵਾਰੀ ਕਿਨ੍ਹਾਂ ਦੀ ਸੀ?

5 ਯਿਸੂ ਦੀ ਮੌਤ ਅਤੇ ਉਸ ਦੇ ਜੀ ਉਠਾਏ ਜਾਣ ਤੋਂ ਬਾਅਦ ਪਰਮੇਸ਼ੁਰ ਵੱਲੋਂ ਰੌਸ਼ਨੀ ਵਧਦੀ ਗਈ। ਪਤਰਸ ਨੂੰ ਦਿੱਤੇ ਗਏ ਇਕ ਦਰਸ਼ਣ ਵਿਚ ਯਹੋਵਾਹ ਨੇ ਇਹ ਪ੍ਰਗਟ ਕੀਤਾ ਕਿ ਗ਼ੈਰ-ਯਹੂਦੀ ਆਦਮੀ ਜੋ ਬੇਸੁੰਨਤ ਸਨ ਹੁਣ ਮਸੀਹ ਦੇ ਚੇਲੇ ਬਣ ਸਕਦੇ ਸਨ। (ਰਸੂਲਾਂ ਦੇ ਕਰਤੱਬ 10:9-17) ਇਹ ਕਿੱਡੀ ਵੱਡੀ ਗੱਲ ਸੀ! ਪਰ, ਬਾਅਦ ਵਿਚ ਇਕ ਸਵਾਲ ਉੱਠਿਆ: ਕੀ ਯਹੋਵਾਹ ਇਹ ਚਾਹੁੰਦਾ ਸੀ ਕਿ ਮਸੀਹੀ ਬਣਨ ਤੋਂ ਬਾਅਦ ਗ਼ੈਰ-ਯਹੂਦੀ ਸੁੰਨਤ ਕਰਵਾਉਣ? ਇਸ ਸਵਾਲ ਦਾ ਜਵਾਬ ਦਰਸ਼ਣ ਵਿਚ ਨਹੀਂ ਦਿੱਤਾ ਗਿਆ ਸੀ ਅਤੇ ਮਸੀਹੀਆਂ ਵਿਚਕਾਰ ਇਸ ਮਾਮਲੇ ਉੱਤੇ ਵੱਡੀ ਬਹਿਸ ਚੱਲ ਪਈ। ਇਸ ਗੱਲ ਦਾ ਫ਼ੈਸਲਾ ਕਰਨਾ ਜ਼ਰੂਰੀ ਸੀ ਤਾਂਕਿ ਉਨ੍ਹਾਂ ਦੀ ਏਕਤਾ ਬਣੀ ਰਹੇ। ਇਸ ਲਈ, ਯਰੂਸ਼ਲਮ ਵਿਚ “ਰਸੂਲ ਅਤੇ ਬਜ਼ੁਰਗ ਇਕੱਠੇ ਹੋਏ ਭਈ ਏਸ ਗੱਲ [ਬਾਰੇ] ਸੋਚਣ।”—ਰਸੂਲਾਂ ਦੇ ਕਰਤੱਬ 15:1, 2, 6.

6. ਰਸੂਲਾਂ ਅਤੇ ਬਜ਼ੁਰਗਾਂ ਨੇ ਸੁੰਨਤ ਦੇ ਮਾਮਲੇ ਬਾਰੇ ਫ਼ੈਸਲਾ ਕਰਨ ਲਈ ਕੀ ਕੀਤਾ ਸੀ?

6 ਉਸ ਸਭਾ ਵਿਚ ਹਾਜ਼ਰ ਹੋਏ ਭਰਾ ਕਿਸ ਤਰ੍ਹਾਂ ਪਤਾ ਲਗਾ ਸਕਦੇ ਸਨ ਕਿ ਗ਼ੈਰ-ਯਹੂਦੀ ਮਸੀਹੀਆਂ ਲਈ ਪਰਮੇਸ਼ੁਰ ਦੀ ਇੱਛਾ ਕੀ ਸੀ? ਯਹੋਵਾਹ ਨੇ ਇਸ ਗੱਲ ਦੀ ਅਗਵਾਈ ਕਰਨ ਲਈ ਕਿਸੇ ਦੂਤ ਨੂੰ ਨਹੀਂ ਭੇਜਿਆ ਸੀ, ਨਾ ਹੀ ਉਸ ਨੇ ਹਾਜ਼ਰ ਹੋਏ ਭਰਾਵਾਂ ਨੂੰ ਕੋਈ ਦਰਸ਼ਣ ਦਿੱਤਾ ਸੀ। ਲੇਕਿਨ, ਰਸੂਲ ਅਤੇ ਬਜ਼ੁਰਗ ਨਿਰਦੇਸ਼ਨ ਤੋਂ ਬਗੈਰ ਨਹੀਂ ਸਨ। ਉਨ੍ਹਾਂ ਨੇ ਕੁਝ ਯਹੂਦੀ ਮਸੀਹੀਆਂ ਦੀਆਂ ਗਵਾਹੀਆਂ ਸੁਣੀਆਂ, ਜਿਨ੍ਹਾਂ ਨੇ ਦੇਖਿਆ ਸੀ ਕਿ ਪਰਮੇਸ਼ੁਰ ਗ਼ੈਰ-ਯਹੂਦੀਆਂ ਨਾਲ ਵੀ ਹੁਣ ਰਿਸ਼ਤਾ ਜੋੜ ਰਿਹਾ ਸੀ ਅਤੇ ਕਿ ਉਹ ਬੇਸੁੰਨਤੀ ਲੋਕਾਂ ਨੂੰ ਆਪਣੀ ਪਵਿੱਤਰ ਸ਼ਕਤੀ ਦੇ ਰਿਹਾ ਸੀ। ਫ਼ੈਸਲਾ ਕਰਨ ਵਾਸਤੇ ਉਨ੍ਹਾਂ ਨੇ ਸ਼ਾਸਤਰ ਦੀ ਜਾਂਚ ਵੀ ਕੀਤੀ। ਨਤੀਜਾ ਇਹ ਨਿਕਲਿਆ ਕਿ ਯਾਕੂਬ ਨੇ ਸ਼ਾਸਤਰ ਦੀ ਸਮਝ ਅਨੁਸਾਰ ਸਲਾਹ ਪੇਸ਼ ਕੀਤੀ। ਜਿਉਂ-ਜਿਉਂ ਉਨ੍ਹਾਂ ਨੇ ਸਾਰੀਆਂ ਗੱਲਾਂ ਉੱਤੇ ਸੋਚ-ਵਿਚਾਰ ਕੀਤਾ ਪਰਮੇਸ਼ੁਰ ਦੀ ਮਰਜ਼ੀ ਸਾਫ਼-ਸਾਫ਼ ਦਿਖਾਈ ਦੇਣ ਲੱਗ ਪਈ। ਯਹੋਵਾਹ ਦੀ ਮਨਜ਼ੂਰੀ ਹਾਸਲ ਕਰਨ ਲਈ ਗ਼ੈਰ-ਯਹੂਦੀਆਂ ਨੂੰ ਸੁੰਨਤ ਕਰਵਾਉਣ ਦੀ ਕੋਈ ਲੋੜ ਨਹੀਂ ਸੀ। ਰਸੂਲਾਂ ਅਤੇ ਬਜ਼ੁਰਗਾਂ ਨੇ ਇਸ ਫ਼ੈਸਲੇ ਨੂੰ ਲਿਖਣ ਵਿਚ ਦੇਰ ਨਹੀਂ ਕੀਤੀ ਤਾਂਕਿ ਸੰਗੀ ਮਸੀਹੀ ਇਸ ਅਨੁਸਾਰ ਚੱਲ ਸਕਣ।—ਰਸੂਲਾਂ ਦੇ ਕਰਤੱਬ 15:12-29; 16:4.

7. ਪਹਿਲੀ ਸਦੀ ਦੇ ਮਸੀਹੀ ਸਮਝ ਵਿਚ ਕਿਸ ਤਰ੍ਹਾਂ ਅੱਗੇ ਵਧੇ?

7 ਯਹੂਦੀ ਧਾਰਮਿਕ ਆਗੂ ਆਪਣੇ ਪਿਉ-ਦਾਦਿਆਂ ਦੇ ਬਣਾਏ ਗਏ ਰੀਤਾਂ-ਰਿਵਾਜਾਂ ਨੂੰ ਛੱਡਣਾ ਨਹੀਂ ਸੀ ਚਾਹੁੰਦੇ। ਪਰ ਇਸ ਦੇ ਉਲਟ ਤਕਰੀਬਨ ਸਾਰਿਆਂ ਯਹੂਦੀ ਮਸੀਹੀਆਂ ਨੇ ਕੌਮਾਂ ਦਿਆਂ ਲੋਕਾਂ ਦੇ ਸੰਬੰਧ ਵਿਚ ਇਸ ਵਧੀਆ ਅਤੇ ਨਵੀਂ ਸਮਝ ਨੂੰ ਖ਼ੁਸ਼ੀ ਨਾਲ ਸਵੀਕਾਰ ਕੀਤਾ ਭਾਵੇਂ ਕਿ ਇਸ ਤਰ੍ਹਾਂ ਕਰਨ ਲਈ ਉਨ੍ਹਾਂ ਨੂੰ ਗ਼ੈਰ-ਯਹੂਦੀਆਂ ਬਾਰੇ ਆਪਣੇ ਸੋਚ-ਵਿਚਾਰ ਬਦਲਣੇ ਪਏ। ਯਹੋਵਾਹ ਨੇ ਉਨ੍ਹਾਂ ਦੇ ਨਿਮਰ ਰਵੱਈਏ ਕਾਰਨ ਉਨ੍ਹਾਂ ਨੂੰ ਬਰਕਤ ਦਿੱਤੀ ਅਤੇ “ਕਲੀਸਿਯਾਂ ਨਿਹਚਾ ਵਿੱਚ ਤਕੜੀਆਂ ਹੁੰਦਿਆਂ ਅਤੇ ਗਿਣਤੀ ਵਿੱਚ ਦਿਨੋ ਦਿਨ ਵਧਦੀਆਂ ਗਈਆਂ।”—ਰਸੂਲਾਂ ਦੇ ਕਰਤੱਬ 15:31; 16:5.

8. (ੳ) ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਪਹਿਲੀ ਸਦੀ ਤੋਂ ਬਾਅਦ ਹੋਰ ਰੌਸ਼ਨੀ ਦੀ ਉਮੀਦ ਰੱਖੀ ਜਾ ਸਕਦੀ ਸੀ? (ਅ) ਅਸੀਂ ਕਿਨ੍ਹਾਂ ਜ਼ਰੂਰੀ ਸਵਾਲਾਂ ਵੱਲ ਧਿਆਨ ਦੇਵਾਂਗੇ?

8 ਪਹਿਲੀ ਸਦੀ ਦੌਰਾਨ ਰੂਹਾਨੀ ਰੌਸ਼ਨੀ ਵਧਦੀ ਰਹੀ। ਪਰ ਯਹੋਵਾਹ ਨੇ ਆਪਣੇ ਮਕਸਦ ਦੀਆਂ ਸਾਰੀਆਂ ਗੱਲਾਂ ਇਨ੍ਹਾਂ ਮੁਢਲਿਆਂ ਮਸੀਹੀਆਂ ਨੂੰ ਨਹੀਂ ਦੱਸੀਆਂ ਸਨ। ਪੌਲੁਸ ਰਸੂਲ ਨੇ ਆਪਣੇ ਸੰਗੀ ਵਿਸ਼ਵਾਸੀਆਂ ਨੂੰ ਕਿਹਾ: ‘ਇਸ ਵੇਲੇ ਤਾਂ ਅਸੀਂ ਧਾਤ ਦੇ ਸ਼ੀਸ਼ੇ ਵਿੱਚ ਧੁੰਦਲਾ ਜਿਹਾ ਵੇਖਦੇ ਹਾਂ।’ (1 ਕੁਰਿੰਥੀਆਂ 13:12) ਅਜਿਹੇ ਸ਼ੀਸ਼ੇ ਵਿਚ ਸਾਫ਼-ਸਾਫ਼ ਨਹੀਂ ਦਿੱਸਦਾ ਸੀ। ਇਸੇ ਤਰ੍ਹਾਂ ਪਹਿਲਾਂ-ਪਹਿਲ ਰੂਹਾਨੀ ਸਮਝ ਵੀ ਬਹੁਤ ਘੱਟ ਸੀ। ਰਸੂਲਾਂ ਦੀ ਮੌਤ ਤੋਂ ਬਾਅਦ, ਥੋੜ੍ਹੇ ਚਿਰ ਲਈ ਇਹ ਰੌਸ਼ਨੀ ਹੋਰ ਵੀ ਘੱਟ ਗਈ। ਪਰ ਸਾਡੇ ਜ਼ਮਾਨੇ ਵਿਚ ਬਾਈਬਲ ਦਾ ਗਿਆਨ ਵੱਧ ਗਿਆ ਹੈ। (ਦਾਨੀਏਲ 12:4) ਯਹੋਵਾਹ ਅੱਜ ਆਪਣਿਆਂ ਲੋਕਾਂ ਨੂੰ ਕਿਸ ਤਰ੍ਹਾਂ ਸਮਝਾਉਂਦਾ ਹੈ? ਅਤੇ ਜਦੋਂ ਉਹ ਸਾਡੀ ਸਮਝ ਨੂੰ ਵਧਾਉਂਦਾ ਹੈ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

ਚਾਨਣ ਹੌਲੀ-ਹੌਲੀ ਵਧਦਾ ਹੈ

9. ਮੁਢਲੇ ਬਾਈਬਲ ਸਟੂਡੈਂਟਸ ਨੇ ਬਾਈਬਲ ਦੀ ਜਾਂਚ ਕਰਨ ਦਾ ਕਿਹੜਾ ਅਨੋਖਾ ਅਤੇ ਵਧੀਆ ਤਰੀਕਾ ਵਰਤਿਆ ਸੀ?

9 ਆਧੁਨਿਕ ਸਮਿਆਂ ਵਿਚ ਚਾਨਣ ਦੀ ਪਹਿਲੀ ਝਲਕ 19ਵੀਂ ਸਦੀ ਦੇ ਅੰਤ ਵਿਚ ਪੈਣ ਲੱਗੀ ਜਦੋਂ ਮਸੀਹੀ ਆਦਮੀਆਂ ਅਤੇ ਔਰਤਾਂ ਦੇ ਇਕ ਛੋਟੇ ਜਿਹੇ ਸਮੂਹ ਨੇ ਬਾਈਬਲ ਦਾ ਗਹਿਰਾ ਅਧਿਐਨ ਕਰਨਾ ਸ਼ੁਰੂ ਕੀਤਾ। ਉਨ੍ਹਾਂ ਨੇ ਬਾਈਬਲ ਦੀ ਜਾਂਚ ਕਰਨ ਦਾ ਇਕ ਬਹੁਤ ਹੀ ਚੰਗਾ ਤਰੀਕਾ ਅਪਣਾਇਆ। ਪਹਿਲਾਂ ਉਨ੍ਹਾਂ ਵਿੱਚੋਂ ਕੋਈ ਜਣਾ ਸਵਾਲ ਪੁੱਛਦਾ ਸੀ; ਫਿਰ ਉਹ ਸਾਰੇ ਇਸ ਨਾਲ ਸੰਬੰਧਿਤ ਬਾਈਬਲ ਦੇ ਹਵਾਲਿਆਂ ਦੀ ਜਾਂਚ ਕਰਦੇ ਸਨ। ਜਦੋਂ ਇਸ ਤਰ੍ਹਾਂ ਲੱਗਦਾ ਸੀ ਕਿ ਇਕ ਆਇਤ ਕਿਸੇ ਦੂਸਰੀ ਆਇਤ ਨਾਲ ਸਹਿਮਤ ਨਹੀਂ ਸੀ ਤਾਂ ਇਹ ਸੱਚੇ ਮਸੀਹੀ ਇਨ੍ਹਾਂ ਦੋਹਾਂ ਆਇਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਸਨ। ਉਸ ਸਮੇਂ ਦੇ ਧਾਰਮਿਕ ਆਗੂ ਰੀਤਾਂ-ਰਿਵਾਜਾਂ ਜਾਂ ਮਨੁੱਖਾਂ ਦੇ ਬਣਾਏ ਗਏ ਸਿਧਾਂਤਾਂ ਅਨੁਸਾਰ ਚੱਲਦੇ ਸਨ। ਪਰ ਬਾਈਬਲ ਸਟੂਡੈਂਟਸ (ਜਿਵੇਂ ਯਹੋਵਾਹ ਦੇ ਗਵਾਹ ਅੱਗੇ ਸੱਦੇ ਜਾਂਦੇ ਸਨ) ਨੇ ਪੱਕਾ ਇਰਾਦਾ ਬਣਾਇਆ ਕਿ ਉਹ ਬਾਈਬਲ ਦੀ ਸਲਾਹ ਉੱਤੇ ਚੱਲਣਗੇ। ਸਾਰੀਆਂ ਸ਼ਾਸਤਰ ਸੰਬੰਧੀ ਗੱਲਾਂ ਉੱਤੇ ਧਿਆਨ ਦੇਣ ਤੋਂ ਬਾਅਦ ਉਹ ਆਪਣੇ ਫ਼ੈਸਲਿਆਂ ਦਾ ਰਿਕਾਰਡ ਲਿਖ ਲੈਂਦੇ ਸਨ। ਇਸ ਤਰ੍ਹਾਂ ਬਾਈਬਲ ਦੀਆਂ ਕਈ ਮੂਲ ਸਿੱਖਿਆਵਾਂ ਬਾਰੇ ਉਨ੍ਹਾਂ ਦੀ ਸਮਝ ਵਧਦੀ ਗਈ।

10. ਭਰਾ ਰਸਲ ਨੇ ਬਾਈਬਲ ਅਧਿਐਨ ਕਰਨ ਲਈ ਕਿਹੜੀਆਂ ਕਿਤਾਬਾਂ ਲਿਖੀਆਂ ਸਨ?

10 ਇਨ੍ਹਾਂ ਬਾਈਬਲ ਸਟੂਡੈਂਟਸ ਵਿੱਚੋਂ ਇਕ ਵਿਸ਼ੇਸ਼ ਭਰਾ ਚਾਰਲਸ ਟੇਜ਼ ਰਸਲ ਸੀ। ਉਸ ਨੇ ਬਾਈਬਲ ਅਧਿਐਨ ਕਰਨ ਲਈ ਛੇ ਕਿਤਾਬਾਂ ਲਿਖੀਆਂ ਸਨ ਜਿਨ੍ਹਾਂ ਦਾ ਨਾਂ ਸ਼ਾਸਤਰ ਦਾ ਅਧਿਐਨ (ਅੰਗ੍ਰੇਜ਼ੀ) ਸੀ। ਹਿਜ਼ਕੀਏਲ ਅਤੇ ਪਰਕਾਸ਼ ਦੀ ਪੋਥੀ ਸਮਝਾਉਣ ਵਾਸਤੇ ਭਰਾ ਰਸਲ ਸੱਤਵੀਂ ਕਿਤਾਬ ਵੀ ਲਿਖਣੀ ਚਾਹੁੰਦਾ ਸੀ। ਉਸ ਨੇ ਕਿਹਾ: “ਜਦੋਂ ਵੀ ਇਨ੍ਹਾਂ ਉੱਤੇ ਸਮਝ ਦੀ ਰੌਸ਼ਨੀ ਪਾਈ ਜਾਵੇਗੀ ਤਾਂ ਮੈਂ ਸੱਤਵੀਂ ਕਿਤਾਬ ਲਿਖਾਂਗਾ।” ਲੇਕਿਨ, ਉਸ ਨੇ ਇਹ ਵੀ ਕਿਹਾ ਸੀ ਕਿ “ਜੇ ਪ੍ਰਭੂ ਇਨ੍ਹਾਂ ਦੀ ਸਮਝ ਹੋਰ ਕਿਸੇ ਨੂੰ ਦੇਵੇ ਤਾਂ ਉਹ ਸੱਤਵੀਂ ਕਿਤਾਬ ਲਿਖ ਸਕਦਾ ਹੈ।”

11. ਪਰਮੇਸ਼ੁਰ ਦੇ ਮਕਸਦਾਂ ਨੂੰ ਸਮਝਣ ਦਾ ਸਮੇਂ ਨਾਲ ਕੀ ਸੰਬੰਧ ਹੈ?

11 ਭਰਾ ਰਸਲ ਦੀ ਇਸ ਗੱਲ ਨੇ ਦਿਖਾਇਆ ਕਿ ਬਾਈਬਲ ਦੀਆਂ ਗੱਲਾਂ ਨੂੰ ਸਮਝਣ ਵਾਸਤੇ ਸਾਨੂੰ ਸਹੀ ਸਮੇਂ ਦੀ ਉਡੀਕ ਕਰਨੀ ਪੈਂਦੀ ਹੈ। ਭਰਾ ਰਸਲ ਨੂੰ ਪਤਾ ਸੀ ਕਿ ਉਹ ਖ਼ੁਦ ਪਰਕਾਸ਼ ਦੀ ਪੋਥੀ ਉੱਤੇ ਚਾਨਣ ਨਹੀਂ ਪਾ ਸਕਦਾ ਸੀ। ਉਸ ਨੂੰ ਉਡੀਕ ਕਰਨੀ ਪੈਣੀ ਸੀ ਠੀਕ ਜਿਵੇਂ ਸਾਝਰੇ ਸੈਰ ਕਰਨ ਵਾਲੇ ਇਕ ਬੰਦੇ ਨੂੰ ਬੇਚੈਨੀ ਨਾਲ ਸੂਰਜ ਦੇ ਚੜ੍ਹਨ ਦੀ ਉਡੀਕ ਕਰਨੀ ਪੈਂਦੀ ਹੈ।

ਪਰਮੇਸ਼ੁਰ ਆਪਣੇ ਸਮੇਂ ਤੇ ਗੱਲਾਂ ਪ੍ਰਗਟ ਕਰਦਾ ਹੈ

12. (ੳ) ਬਾਈਬਲ ਦੀਆਂ ਭਵਿੱਖਬਾਣੀਆਂ ਚੰਗੀ ਤਰ੍ਹਾਂ ਸਮਝ ਕਦੋਂ ਆਉਂਦੀਆਂ ਹਨ? (ਅ) ਕਿਹੜੀ ਮਿਸਾਲ ਦਿਖਾਉਂਦੀ ਹੈ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਸਿਰਫ਼ ਪਰਮੇਸ਼ੁਰ ਦੇ ਸਮੇਂ ਤੇ ਸਮਝ ਆਉਂਦੀਆਂ ਹਨ? (ਫੁਟਨੋਟ ਦੇਖੋ।)

12 ਰਸੂਲਾਂ ਨੂੰ ਮਸੀਹਾ ਬਾਰੇ ਪਹਿਲਾਂ ਦੱਸੀਆਂ ਗਈਆਂ ਕਈ ਗੱਲਾਂ ਯਿਸੂ ਦੀ ਮੌਤ ਅਤੇ ਉਸ ਦੇ ਜੀ ਉਠਾਏ ਜਾਣ ਤੋਂ ਬਾਅਦ ਹੀ ਸਮਝ ਆਈਆਂ ਸਨ। ਇਸੇ ਤਰ੍ਹਾਂ ਅੱਜ ਮਸੀਹੀ ਬਾਈਬਲ ਦੀਆਂ ਭਵਿੱਖਬਾਣੀਆਂ ਪੂਰੀਆਂ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਠੀਕ ਤਰ੍ਹਾਂ ਸਮਝ ਸਕਦੇ ਹਨ। (ਲੂਕਾ 24:15, 27; ਰਸੂਲਾਂ ਦੇ ਕਰਤੱਬ 1:15-21; 4:26, 27) ਪਰਕਾਸ਼ ਦੀ ਪੋਥੀ ਭਵਿੱਖਬਾਣੀਆਂ ਦੀ ਕਿਤਾਬ ਹੈ। ਇਸ ਲਈ ਸਾਨੂੰ ਉਮੀਦ ਰੱਖਣੀ ਚਾਹੀਦੀ ਹੈ ਕਿ ਜਿਉਂ-ਜਿਉਂ ਇਸ ਵਿਚ ਦੱਸੀਆਂ ਗਈਆਂ ਗੱਲਾਂ ਪੂਰੀਆਂ ਹੁੰਦੀਆਂ ਹਨ ਸਾਨੂੰ ਉਨ੍ਹਾਂ ਦੀ ਜ਼ਿਆਦਾ ਸਮਝ ਆਵੇਗੀ। ਮਿਸਾਲ ਲਈ, ਭਰਾ ਰਸਲ ਪਰਕਾਸ਼ ਦੀ ਪੋਥੀ 17:9-11 ਵਿਚ ਦੱਸੇ ਗਏ ਕਿਰਮਚੀ ਰੰਗ ਦੇ ਦਰਿੰਦੇ ਦਾ ਅਰਥ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ ਸੀ। ਕਿਉਂ? ਕਿਉਂਕਿ ਜਿਨ੍ਹਾਂ ਸੰਗਠਨਾਂ ਨੂੰ ਇਹ ਦਰਿੰਦਾ ਦਰਸਾਉਂਦਾ ਹੈ, ਯਾਨੀ ਰਾਸ਼ਟਰ-ਸੰਘ ਅਤੇ ਸੰਯੁਕਤ ਰਾਸ਼ਟਰ-ਸੰਘ, ਉਹ ਭਰਾ ਰਸਲ ਦੀ ਮੌਤ ਤੋਂ ਬਾਅਦ ਹੀ ਸਥਾਪਿਤ ਹੋਏ ਸਨ। *

13. ਕਦੀ-ਕਦੀ ਕੀ ਹੁੰਦਾ ਹੈ ਜਦੋਂ ਬਾਈਬਲ ਦੇ ਕਿਸੇ ਵਿਸ਼ੇ ਉੱਤੇ ਰੌਸ਼ਨੀ ਪੈਂਦੀ ਹੈ?

13 ਜਦੋਂ ਮੁਢਲੇ ਮਸੀਹੀਆਂ ਨੂੰ ਪਤਾ ਲੱਗਾ ਕਿ ਗ਼ੈਰ-ਯਹੂਦੀ ਆਦਮੀ ਜੋ ਬੇਸੁੰਨਤ ਸਨ ਮਸੀਹੀ ਬਣ ਸਕਦੇ ਸਨ ਤਾਂ ਇਕ ਹੋਰ ਸਵਾਲ ਪੈਦਾ ਹੋਇਆ। ਕੀ ਗ਼ੈਰ-ਯਹੂਦੀਆਂ ਨੂੰ ਸੁੰਨਤ ਕਰਵਾਉਣ ਦੀ ਜ਼ਰੂਰਤ ਸੀ? ਇਸ ਸਵਾਲ ਦੇ ਕਾਰਨ ਰਸੂਲਾਂ ਅਤੇ ਬਜ਼ੁਰਗਾਂ ਨੂੰ ਸੁੰਨਤ ਦੇ ਮਾਮਲੇ ਬਾਰੇ ਹਰ ਪਹਿਲੂ ਦੀ ਫਿਰ ਤੋਂ ਜਾਂਚ ਕਰਨੀ ਪਈ। ਅੱਜ ਵੀ ਇਸ ਹੀ ਤਰ੍ਹਾਂ ਹੁੰਦਾ ਹੈ। ਬਾਈਬਲ ਦੀ ਕਿਸੇ ਗੱਲ ਉੱਤੇ ਜਦੋਂ ਰੌਸ਼ਨੀ ਦੀ ਝਲਕ ਪੈਂਦੀ ਹੈ ਤਾਂ ਕਦੀ-ਕਦੀ ਪਰਮੇਸ਼ੁਰ ਦੇ ਮਸਹ ਕੀਤੇ ਗਏ ਸੇਵਕਾਂ, ਯਾਨੀ “ਮਾਤਬਰ ਅਤੇ ਬੁੱਧਵਾਨ ਨੌਕਰ” ਨੂੰ ਇਸ ਨਾਲ ਸੰਬੰਧਿਤ ਸਾਰੀਆਂ ਗੱਲਾਂ ਦੀ ਜਾਂਚ ਦੁਬਾਰਾ ਕਰਨੀ ਪੈਂਦੀ ਹੈ। (ਮੱਤੀ 24:45) ਆਓ ਆਪਾਂ ਹਾਲ ਹੀ ਦੇ ਸਮੇਂ ਦੀ ਇਕ ਮਿਸਾਲ ਉੱਤੇ ਗੌਰ ਕਰੀਏ।

14-16. ਰੂਹਾਨੀ ਹੈਕਲ ਬਾਰੇ ਖ਼ਿਆਲ ਬਦਲਣ ਕਾਰਨ ਅਸੀਂ ਹੁਣ ਹਿਜ਼ਕੀਏਲ ਦੇ 40 ਤੋਂ 48 ਅਧਿਆਵਾਂ ਨੂੰ ਕਿਸ ਤਰ੍ਹਾਂ ਸਮਝਦੇ ਹਾਂ?

14 ਸਾਲ 1971 ਵਿਚ ‘ਕੌਮਾਂ ਕਿਸ ਤਰ੍ਹਾਂ ਜਾਣਨਗੀਆਂ ਕਿ ਮੈਂ ਯਹੋਵਾਹ ਹਾਂ?’ ਨਾਮਕ ਅੰਗ੍ਰੇਜ਼ੀ ਕਿਤਾਬ ਹਿਜ਼ਕੀਏਲ ਦੀ ਭਵਿੱਖਬਾਣੀ ਸਮਝਾਉਣ ਵਾਸਤੇ ਛਾਪੀ ਗਈ ਸੀ। ਇਸ ਕਿਤਾਬ ਦੇ ਇਕ ਅਧਿਆਇ ਵਿਚ ਹਿਜ਼ਕੀਏਲ ਦੇ ਦਰਸ਼ਣ ਦੀ ਹੈਕਲ ਬਾਰੇ ਥੋੜ੍ਹਾ ਜਿਹਾ ਦੱਸਿਆ ਗਿਆ ਸੀ। (ਹਿਜ਼ਕੀਏਲ ਦੇ 40-48 ਅਧਿਆਏ) ਉਸ ਸਮੇਂ ਤੇ, ਇਸ ਗੱਲ ਉੱਤੇ ਧਿਆਨ ਦਿੱਤਾ ਜਾ ਰਿਹਾ ਸੀ ਕਿ ਹੈਕਲ ਬਾਰੇ ਹਿਜ਼ਕੀਏਲ ਦਾ ਦਰਸ਼ਣ ਨਵੇਂ ਸੰਸਾਰ ਵਿਚ ਪੂਰਾ ਹੋਵੇਗਾ।—2 ਪਤਰਸ 3:13.

15 ਲੇਕਿਨ, 1 ਦਸੰਬਰ 1972 ਦੇ ਪਹਿਰਾਬੁਰਜ ਦੇ ਦੋ ਲੇਖਾਂ ਨੇ ਹਿਜ਼ਕੀਏਲ ਦੇ ਦਰਸ਼ਣ ਬਾਰੇ ਸਾਡੀ ਸਮਝ ਵਿਚ ਬਦਲੀ ਲਿਆਂਦੀ। ਉਨ੍ਹਾਂ ਲੇਖਾਂ ਵਿਚ ਇਬਰਾਨੀਆਂ ਦੇ 10ਵੇਂ ਅਧਿਆਇ ਉੱਤੇ ਚਰਚਾ ਕੀਤੀ ਗਈ ਸੀ। ਇਸ ਅਧਿਆਇ ਵਿਚ ਪੌਲੁਸ ਰਸੂਲ ਮਹਾਨ ਰੂਹਾਨੀ ਹੈਕਲ ਬਾਰੇ ਗੱਲ ਕਰਦਾ ਹੈ। ਪਹਿਰਾਬੁਰਜ ਨੇ ਸਮਝਾਇਆ ਕਿ ਰੂਹਾਨੀ ਹੈਕਲ ਦਾ ਪਵਿੱਤਰ ਕਮਰਾ ਅਤੇ ਅੰਦਰਲਾ ਵੇਹੜਾ ਧਰਤੀ ਉੱਤੇ ਹਾਲੇ ਮੌਜੂਦ ਮਸਹ ਕੀਤੇ ਹੋਇਆਂ ਦੀ ਹਾਲਤ ਨਾਲ ਸੰਬੰਧ ਰੱਖਦੇ ਸਨ। ਕਈ ਸਾਲ ਬਾਅਦ ਹਿਜ਼ਕੀਏਲ ਦੇ 40 ਤੋਂ 48 ਅਧਿਆਵਾਂ ਦੀ ਫਿਰ ਤੋਂ ਜਾਂਚ ਕੀਤੀ ਗਈ ਸੀ। ਇਸ ਜਾਂਚ ਦੁਆਰਾ ਪਤਾ ਲੱਗਾ ਕਿ ਜਿਸ ਤਰ੍ਹਾਂ ਰੂਹਾਨੀ ਹੈਕਲ ਅੱਜ ਕਾਰਵਾਈ ਕਰ ਰਹੀ ਹੈ, ਉਸੇ ਤਰ੍ਹਾਂ ਹਿਜ਼ਕੀਏਲ ਦੇ ਦਰਸ਼ਣ ਵਿਚ ਦੇਖੀ ਗਈ ਹੈਕਲ ਵੀ ਅੱਜ ਕਾਰਵਾਈ ਕਰ ਰਹੀ ਹੈ। ਪਰ, ਕਿਸ ਤਰ੍ਹਾਂ?

16 ਹਿਜ਼ਕੀਏਲ ਦੇ ਦਰਸ਼ਣ ਵਿਚ ਜਾਜਕ ਗ਼ੈਰ-ਜਾਜਕੀ ਗੋਤਾਂ ਦੀ ਸੇਵਾ ਕਰਦੇ ਹੋਏ ਹੈਕਲ ਦੇ ਵੇਹੜਿਆਂ ਵਿਚ ਘੁੰਮਦੇ-ਫਿਰਦੇ ਦਿਖਾਈ ਦਿੰਦੇ ਹਨ। ਇਹ ਗੱਲ ਸਾਫ਼ ਹੈ ਕਿ ਇਹ ਜਾਜਕ, “ਜਾਜਕਾਂ ਦੀ ਸ਼ਾਹੀ ਮੰਡਲੀ,” ਯਾਨੀ ਯਹੋਵਾਹ ਦੇ ਮਸਹ ਕੀਤੇ ਹੋਏ ਸੇਵਕਾਂ ਨੂੰ ਦਰਸਾਉਂਦੇ ਹਨ। (1 ਪਤਰਸ 2:9) ਲੇਕਿਨ, ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੌਰਾਨ ਇਹ ਜਾਜਕ ਹੈਕਲ ਦੇ ਜ਼ਮੀਨੀ ਵੇਹੜੇ ਵਿਚ ਸੇਵਾ ਨਹੀਂ ਕਰ ਰਹੇ ਹੋਣਗੇ। (ਪਰਕਾਸ਼ ਦੀ ਪੋਥੀ 20:4) ਇਸ ਸਮੇਂ ਦੌਰਾਨ ਮਸਹ ਕੀਤੇ ਹੋਏ ਪਰਮੇਸ਼ੁਰ ਦੀ ਰੂਹਾਨੀ ਹੈਕਲ ਦੀ ਅੱਤ ਪਵਿੱਤਰ ਜਗ੍ਹਾ, ਯਾਨੀ “ਸੁਰਗ ਵਿੱਚ” ਸੇਵਾ ਕਰ ਰਹੇ ਹੋਣਗੇ। (ਇਬਰਾਨੀਆਂ 9:24) ਤਾਂ ਫਿਰ, ਕਿਉਂ ਜੋ ਜਾਜਕ ਹਿਜ਼ਕੀਏਲ ਦੀ ਹੈਕਲ ਦੇ ਵੇਹੜਿਆਂ ਵਿਚ ਘੁੰਮਦੇ-ਫਿਰਦੇ ਦਿਖਾਈ ਦਿੰਦੇ ਹਨ, ਇਸ ਦਰਸ਼ਣ ਦੀ ਪੂਰਤੀ ਅੱਜ ਹੋ ਰਹੀ ਹੈ ਜਿੰਨਾ ਚਿਰ ਕੁਝ ਮਸਹ ਕੀਤੇ ਹੋਏ ਹਾਲੇ ਧਰਤੀ ਉੱਤੇ ਹਨ। ਇਸ ਰਸਾਲੇ ਦੇ 1 ਮਾਰਚ 1999 ਦੇ ਅੰਕ ਨੇ ਇਸ ਮਾਮਲੇ ਦੀ ਸਮਝ ਉੱਤੇ ਹੋਰ ਰੌਸ਼ਨੀ ਪਾਈ ਸੀ। ਇਸ ਲਈ, 20ਵੀਂ ਸਦੀ ਦੇ ਅੰਤ ਤਕ ਵੀ ਹਿਜ਼ਕੀਏਲ ਦੀ ਭਵਿੱਖਬਾਣੀ ਉੱਤੇ ਰੂਹਾਨੀ ਚਾਨਣ ਪਾਇਆ ਗਿਆ।

ਆਪਣਿਆਂ ਖ਼ਿਆਲਾਂ ਵਿਚ ਤਬਦੀਲੀਆਂ ਲਿਆਉਣ ਲਈ ਤਿਆਰ ਰਹੋ

17. ਸੱਚਾਈ ਵਿਚ ਆਉਣ ਤੋਂ ਬਾਅਦ ਤੁਸੀਂ ਨਿੱਜੀ ਤੌਰ ਤੇ ਆਪਣਿਆਂ ਖ਼ਿਆਲਾਂ ਵਿਚ ਕਿਹੜੀਆਂ ਤਬਦੀਲੀਆਂ ਕੀਤੀਆਂ ਹਨ, ਅਤੇ ਇਸ ਤਰ੍ਹਾਂ ਕਰ ਕੇ ਤੁਹਾਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ?

17 ਜਿਹੜਾ ਵੀ ਵਿਅਕਤੀ ਸੱਚਾਈ ਦਾ ਗਿਆਨ ਲੈਣਾ ਚਾਹੁੰਦਾ ਹੈ ਉਸ ਨੂੰ ਆਪਣੇ ‘ਹਰ ਇੱਕ ਖਿਆਲ ਨੂੰ ਬੰਧਨ ਵਿੱਚ ਲਿਆਉਣ’ ਲਈ ਤਿਆਰ ਹੋਣਾ ਚਾਹੀਦਾ ਹੈ “ਭਈ ਉਹ ਮਸੀਹ ਦਾ ਆਗਿਆਕਾਰ ਹੋਵੇ।” (2 ਕੁਰਿੰਥੀਆਂ 10:5) ਇਹ ਹਮੇਸ਼ਾ ਸੌਖਾ ਨਹੀਂ ਹੁੰਦਾ, ਖ਼ਾਸ ਕਰਕੇ ਜਦੋਂ ਕਈਆਂ ਖ਼ਿਆਲਾਂ ਵਿਚ ਸਾਡਾ ਵਿਸ਼ਵਾਸ ਪੱਕਾ ਹੁੰਦਾ ਹੈ। ਮਿਸਾਲ ਲਈ, ਹੋ ਸਕਦਾ ਹੈ ਕਿ ਸੱਚਾਈ ਜਾਣਨ ਤੋਂ ਪਹਿਲਾਂ ਤੁਸੀਂ ਆਪਣੇ ਪਰਿਵਾਰ ਨਾਲ ਕੁਝ ਧਾਰਮਿਕ ਤਿਉਹਾਰ ਮਨਾਉਣੇ ਬਹੁਤ ਪਸੰਦ ਕਰਦੇ ਸਨ। ਪਰ ਬਾਈਬਲ ਅਧਿਐਨ ਸ਼ੁਰੂ ਕਰਨ ਤੋਂ ਬਾਅਦ ਤੁਹਾਨੂੰ ਪਤਾ ਲੱਗਾ ਕਿ ਇਨ੍ਹਾਂ ਤਿਉਹਾਰਾਂ ਦਾ ਝੂਠੇ ਧਰਮਾਂ ਨਾਲ ਸੰਬੰਧ ਹੈ। ਪਹਿਲਾਂ-ਪਹਿਲ ਸ਼ਾਇਦ ਤੁਸੀਂ ਸਿੱਖੀਆਂ ਗਈਆਂ ਗੱਲਾਂ ਆਪਣੀ ਜ਼ਿੰਦਗੀ ਵਿਚ ਲਾਗੂ ਨਹੀਂ ਕਰਨੀਆਂ ਚਾਹੁੰਦੇ ਸਨ। ਲੇਕਿਨ, ਤਿਉਹਾਰਾਂ ਦੀ ਲਗਨ ਨਾਲੋਂ ਪਰਮੇਸ਼ੁਰ ਨਾਲ ਤੁਹਾਡਾ ਪ੍ਰੇਮ ਜ਼ਿਆਦਾ ਗਹਿਰਾ ਸਾਬਤ ਹੋਇਆ। ਤੁਸੀਂ ਉਹ ਕੰਮ ਕਰਨੇ ਛੱਡ ਦਿੱਤੇ ਜੋ ਪਰਮੇਸ਼ੁਰ ਨੂੰ ਪਸੰਦ ਨਹੀਂ ਹਨ। ਕੀ ਯਹੋਵਾਹ ਨੇ ਤੁਹਾਨੂੰ ਇਸ ਤਰ੍ਹਾਂ ਕਰਨ ਲਈ ਬਰਕਤਾਂ ਨਹੀਂ ਦਿੱਤੀਆਂ?—ਇਬਰਾਨੀਆਂ 11:25 ਦੀ ਤੁਲਨਾ ਕਰੋ।

18. ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਬਾਈਬਲ ਦੀ ਸੱਚਾਈ ਬਾਰੇ ਕੋਈ ਗੱਲ ਸਪੱਸ਼ਟ ਕੀਤੀ ਜਾਂਦੀ ਹੈ?

18 ਪਰਮੇਸ਼ੁਰ ਦੇ ਰਾਹ ਉੱਤੇ ਚੱਲਣ ਦੁਆਰਾ ਅਸੀਂ ਹਮੇਸ਼ਾ ਲਾਭ ਉਠਾਉਂਦੇ ਹਾਂ। (ਯਸਾਯਾਹ 48:17, 18) ਤਾਂ ਫਿਰ ਜਦੋਂ ਬਾਈਬਲ ਦੀ ਕੋਈ ਗੱਲ ਸਪੱਸ਼ਟ ਕੀਤੀ ਜਾਂਦੀ ਹੈ ਤਾਂ ਆਓ ਆਪਾਂ ਖ਼ੁਸ਼ੀ ਨਾਲ ਸੱਚਾਈ ਦੀ ਸਮਝ ਵਿਚ ਵਧਦੇ ਜਾਈਏ! ਜੀ ਹਾਂ, ਲਗਾਤਾਰ ਸਾਡੀ ਸਮਝ ਉੱਤੇ ਚਾਨਣ ਪੈਣ ਦੁਆਰਾ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਅਸੀਂ ਸਹੀ ਰਾਹ ਉੱਤੇ ਚੱਲ ਰਹੇ ਹਾਂ। ਇਹ “ਧਰਮੀਆਂ ਦਾ ਰਾਹ” ਹੈ ਜੋ ‘ਅਜਿਹੇ ਚਾਨਣ ਵਰਗਾ ਹੈ, ਜੋ ਪੂਰੇ ਦਿਨ ਤਾਈਂ ਵੱਧਦਾ ਜਾਂਦਾ ਹੈ।’ (ਕਹਾਉਤਾਂ 4:18) ਇਹ ਗੱਲ ਸੱਚ ਹੈ ਕਿ ਇਸ ਵੇਲੇ ਪਰਮੇਸ਼ੁਰ ਦੇ ਮਕਸਦ ਬਾਰੇ ਕੁਝ ਗੱਲਾਂ ‘ਧੁੰਦਲੀਆਂ ਜਿਹੀਆਂ’ ਦਿਸਦੀਆਂ ਹਨ। ਪਰ ਜੇ ਸਾਡੇ ਪੈਰ ਪੱਕੀ ਤਰ੍ਹਾਂ “ਰਾਹ” ਉੱਤੇ ਕਾਇਮ ਰਹੇ ਜਦੋਂ ਪਰਮੇਸ਼ੁਰ ਦਾ ਠੀਕ ਸਮਾਂ ਆਵੇਗਾ, ਤਾਂ ਅਸੀਂ ਸੱਚਾਈ ਦੀਆਂ ਵਧੀਆ ਗੱਲਾਂ ਸਾਫ਼-ਸਾਫ਼ ਦੇਖ ਸਕਾਂਗੇ। ਆਓ ਆਪਾਂ ਉਸ ਸਮੇਂ ਦੀ ਉਡੀਕ ਵਿਚ ਉਨ੍ਹਾਂ ਸੱਚਾਈਆਂ ਬਾਰੇ ਖ਼ੁਸ਼ ਹੋਈਏ ਜਿਨ੍ਹਾਂ ਬਾਰੇ ਯਹੋਵਾਹ ਨੇ ਸਾਨੂੰ ਦੱਸਿਆ ਹੈ ਅਤੇ ਉਨ੍ਹਾਂ ਸੱਚਾਈਆਂ ਦੀ ਸਮਝ ਪ੍ਰਾਪਤ ਕਰਨ ਦੀ ਉਡੀਕ ਕਰੀਏ ਜੋ ਹਾਲੇ ਅਸੀਂ ਚੰਗੀ ਤਰ੍ਹਾਂ ਸਮਝ ਨਹੀਂ ਸਕਦੇ।

19. ਸੱਚਾਈ ਲਈ ਆਪਣਾ ਪ੍ਰੇਮ ਦਿਖਾਉਣ ਦਾ ਇਕ ਤਰੀਕਾ ਕੀ ਹੈ?

19 ਅਸੀਂ ਸੱਚਾਈ ਲਈ ਆਪਣਾ ਪ੍ਰੇਮ ਕਿਨ੍ਹਾਂ ਤਰੀਕਿਆਂ ਵਿਚ ਦਿਖਾ ਸਕਦੇ ਹਾਂ? ਇਕ ਤਰੀਕਾ ਹੈ ਨਿਯਮਿਤ ਤੌਰ ਤੇ ਅਤੇ ਜੇ ਸੰਭਵ ਹੋਵੇ ਤਾਂ ਰੋਜ਼ ਪਰਮੇਸ਼ੁਰ ਦਾ ਬਚਨ ਪੜ੍ਹਨਾ। ਕੀ ਬਾਈਬਲ ਪੜ੍ਹਨ ਦਾ ਤੁਸੀਂ ਕੋਈ ਨਿਯਮਿਤ ਪ੍ਰੋਗ੍ਰਾਮ ਬਣਾਇਆ ਹੈ? ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਤੋਂ ਵੀ ਸਾਨੂੰ ਬਹੁਤ ਵਧੀਆ ਰੂਹਾਨੀ ਖ਼ੁਰਾਕ ਮਿਲਦੀ ਹੈ। ਇਸ ਬਾਰੇ ਵੀ ਜ਼ਰਾ ਸੋਚੋ ਕਿ ਸਾਡੇ ਫ਼ਾਇਦੇ ਲਈ ਕਿਤਾਬਾਂ, ਬ੍ਰੋਸ਼ਰ, ਅਤੇ ਹੋਰ ਪ੍ਰਕਾਸ਼ਨ ਵੀ ਤਿਆਰ ਕੀਤੇ ਗਏ ਹਨ। ਅਤੇ ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ (ਅੰਗ੍ਰੇਜ਼ੀ) ਬਾਰੇ ਵੀ ਸੋਚੋ ਜਿਸ ਵਿਚ ਰਾਜ-ਪ੍ਰਚਾਰ ਦੇ ਕੰਮ ਦੀਆਂ ਵਧੀਆ ਤੋਂ ਵਧੀਆ ਰਿਪੋਰਟਾਂ ਪਾਈਆਂ ਜਾਂਦੀਆਂ ਹਨ।

20. ਯਹੋਵਾਹ ਵੱਲੋਂ ਮਿਲਦੀ ਰੌਸ਼ਨੀ ਅਤੇ ਸੱਚਾਈ ਦਾ ਸਾਡੀਆਂ ਮਸੀਹੀ ਸਭਾਵਾਂ ਨਾਲ ਕੀ ਸੰਬੰਧ ਹੈ?

20 ਸੱਚ-ਮੁੱਚ ਯਹੋਵਾਹ ਨੇ ਬਹੁਤ ਹੀ ਵਧੀਆ ਤਰੀਕੇ ਵਿਚ ਜ਼ਬੂਰ 43:3 ਦੀ ਪ੍ਰਾਰਥਨਾ ਦਾ ਜਵਾਬ ਦਿੱਤਾ ਹੈ। ਇਸ ਆਇਤ ਦੇ ਆਖ਼ਰੀ ਹਿੱਸੇ ਤੇ ਅਸੀਂ ਪੜ੍ਹਦੇ ਹਾਂ: ‘ਤੇਰਾ ਚਾਨਣ ਅਤੇ ਤੇਰੀ ਸੱਚਿਆਈ ਮੈਨੂੰ ਤੇਰੇ ਪਵਿੱਤਰ ਪਹਾੜ ਅਰ ਤੇਰਿਆਂ ਡੇਹਰਿਆਂ ਕੋਲ ਪੁਚਾਉਣ।’ (ਜ਼ਬੂਰ 43:3) ਕੀ ਤੁਸੀਂ ਇਕ ਵੱਡੀ ਭੀੜ ਨਾਲ ਯਹੋਵਾਹ ਦੀ ਸੇਵਾ ਕਰਨ ਦੀ ਉਮੀਦ ਰੱਖਦੇ ਹੋ? ਸਭਾਵਾਂ ਤੇ ਦਿੱਤੀ ਗਈ ਰੂਹਾਨੀ ਸਿੱਖਿਆ ਰਾਹੀਂ ਯਹੋਵਾਹ ਖ਼ਾਸ ਤੌਰ ਤੇ ਸਾਨੂੰ ਅੱਜ ਸਮਝ ਦਿੰਦਾ ਹੈ। ਮਸੀਹੀ ਸਭਾਵਾਂ ਲਈ ਅਸੀਂ ਆਪਣੀ ਕਦਰ ਨੂੰ ਵਧਾਉਣ ਵਾਸਤੇ ਕੀ ਕਰ ਸਕਦੇ ਹਾਂ? ਅਸੀਂ ਚਾਹੁੰਦੇ ਹਾਂ ਕਿ ਤੁਸੀਂ ਅਗਲੇ ਲੇਖ ਵਿਚ ਇਸ ਮਾਮਲੇ ਬਾਰੇ ਪ੍ਰਾਰਥਨਾ ਕਰ ਕੇ ਸੋਚੋ।

[ਫੁਟਨੋਟ]

^ ਪੈਰਾ 12 ਭਰਾ ਰਸਲ ਦੀ ਮੌਤ ਤੋਂ ਬਾਅਦ ਸ਼ਾਸਤਰ ਦਾ ਅਧਿਐਨ (ਅੰਗ੍ਰੇਜ਼ੀ) ਦੀ ਸੱਤਵੀਂ ਕਿਤਾਬ ਤਿਆਰ ਕੀਤੀ ਗਈ। ਇਸ ਵਿਚ ਹਿਜ਼ਕੀਏਲ ਅਤੇ ਪਰਕਾਸ਼ ਦੀ ਪੋਥੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਸੱਤਵੀਂ ਕਿਤਾਬ ਦੇ ਕੁਝ ਹਿੱਸੇ ਉਨ੍ਹਾਂ ਗੱਲਾਂ ਉੱਤੇ ਆਧਾਰਿਤ ਸਨ ਜੋ ਭਰਾ ਰਸਲ ਨੇ ਇਨ੍ਹਾਂ ਦੋ ਕਿਤਾਬਾਂ ਬਾਰੇ ਕਹੀਆਂ ਸਨ। ਲੇਕਿਨ, ਉਨ੍ਹਾਂ ਭਵਿੱਖਬਾਣੀਆਂ ਦਾ ਅਰਥ ਪ੍ਰਗਟ ਕਰਨ ਦਾ ਸਮਾਂ ਹਾਲੇ ਨਹੀਂ ਸੀ। ਇਸ ਸੱਤਵੀਂ ਕਿਤਾਬ ਵਿਚ ਦੱਸੀਆਂ ਗਈਆਂ ਗੱਲਾਂ ਆਮ ਤੌਰ ਤੇ ਇੰਨੀਆਂ ਸਪੱਸ਼ਟ ਨਹੀਂ ਸਨ। ਸਮੇਂ ਦੇ ਬੀਤਣ ਨਾਲ ਯਹੋਵਾਹ ਦੀ ਕਿਰਪਾ ਅਤੇ ਸੰਸਾਰ ਦੇ ਬਦਲਦੇ ਹਾਲਾਤਾਂ ਦੁਆਰਾ ਮਸੀਹੀਆਂ ਨੂੰ ਇਨ੍ਹਾਂ ਭਵਿੱਖ-ਸੂਚਕ ਕਿਤਾਬਾਂ ਦਾ ਸਹੀ ਅਰਥ ਸਮਝਣ ਵਿਚ ਮਦਦ ਮਿਲੀ ਹੈ।

ਕੀ ਤੁਸੀਂ ਜਵਾਬ ਦੇ ਸਕਦੇ ਹੋ?

• ਯਹੋਵਾਹ ਆਪਣੇ ਮਕਸਦ ਹੌਲੀ-ਹੌਲੀ ਕਿਉਂ ਪ੍ਰਗਟ ਕਰਦਾ ਹੈ?

• ਯਰੂਸ਼ਲਮ ਵਿਚ ਰਸੂਲਾਂ ਅਤੇ ਬਜ਼ੁਰਗਾਂ ਨੇ ਸੁੰਨਤ ਦੇ ਮਾਮਲੇ ਨੂੰ ਕਿਸ ਤਰ੍ਹਾਂ ਸੁਲਝਾਇਆ ਸੀ?

• ਮੁਢਲੇ ਬਾਈਬਲ ਸਟੂਡੈਂਟਸ ਨੇ ਬਾਈਬਲ ਦਾ ਅਧਿਐਨ ਕਿਸ ਤਰ੍ਹਾਂ ਕੀਤਾ ਸੀ, ਅਤੇ ਇਹ ਤਰੀਕਾ ਅਨੋਖਾ ਕਿਉਂ ਸੀ?

• ਇਹ ਸਮਝਾਓ ਕਿ ਪਰਮੇਸ਼ੁਰ ਆਪਣੇ ਠੀਕ ਸਮੇਂ ਤੇ ਰੂਹਾਨੀ ਚਾਨਣ ਕਿਸ ਤਰ੍ਹਾਂ ਦਿੰਦਾ ਹੈ।

[ਸਵਾਲ]

[ਸਫ਼ੇ 12 ਉੱਤੇ ਤਸਵੀਰ]

ਚਾਰਲਸ ਟੇਜ਼ ਰਸਲ ਜਾਣਦਾ ਸੀ ਕਿ ਪਰਕਾਸ਼ ਦੀ ਪੋਥੀ ਉੱਤੇ ਚਾਨਣ ਪਰਮੇਸ਼ੁਰ ਦੇ ਠੀਕ ਸਮੇਂ ਤੇ ਪਵੇਗਾ