Skip to content

Skip to table of contents

ਅੱਜ ਪਰਮੇਸ਼ੁਰ ਦੀ ਆਤਮਾ ਕਿਵੇਂ ਕੰਮ ਕਰਦੀ ਹੈ?

ਅੱਜ ਪਰਮੇਸ਼ੁਰ ਦੀ ਆਤਮਾ ਕਿਵੇਂ ਕੰਮ ਕਰਦੀ ਹੈ?

ਅੱਜ ਪਰਮੇਸ਼ੁਰ ਦੀ ਆਤਮਾ ਕਿਵੇਂ ਕੰਮ ਕਰਦੀ ਹੈ?

ਉਹ ਆਪਣੀ ਮਾਂ ਦੀ ਕੁੱਖੋਂ ਲੰਙਾ ਹੀ ਪੈਦਾ ਹੋਇਆ ਸੀ। ਰੋਜ਼ਾਨਾ ਹੀ ਉਹ ਹੈਕਲ ਦੇ ਫਾਟਕ, ਜਿਸ ਨੂੰ ਸੋਹਣਾ ਕਿਹਾ ਜਾਂਦਾ ਸੀ, ਕੋਲ ਬੈਠਦਾ ਹੁੰਦਾ ਸੀ ਤਾਂਕਿ ਉਹ ਹੈਕਲ ਵਿਚ ਆਉਣ ਵਾਲੇ ਲੋਕਾਂ ਕੋਲੋਂ ਭੀਖ ਮੰਗ ਸਕੇ। ਇਕ ਵਾਰ ਇਸ ਅਪਾਹਜ ਮੰਗਤੇ ਨੂੰ ਅਜਿਹੀ ਭੀਖ ਮਿਲੀ ਜੋ ਕਿ ਥੋੜ੍ਹੇ ਜਿਹੇ ਸਿੱਕਿਆਂ ਨਾਲੋਂ ਕਿਤੇ ਵੱਧ ਕੀਮਤੀ ਸੀ। ਉਸ ਨੂੰ ਠੀਕ ਕਰ ਦਿੱਤਾ ਗਿਆ ਸੀ!—ਰਸੂਲਾਂ ਦੇ ਕਰਤੱਬ 3:2-8.

ਭਾਵੇਂ ਕਿ ਪਤਰਸ ਅਤੇ ਯੂਹੰਨਾ ਦੋਹਾਂ ਰਸੂਲਾਂ ਨੇ ਉਸ ਨੂੰ “ਉਠਾਲਿਆ” ਸੀ ਜਿਸ ਨਾਲ ਉਸ ਦੇ “ਪੈਰ . . . ਤਕੜੇ ਹੋ ਗਏ,” ਪਰ ਉਨ੍ਹਾਂ ਨੇ ਇਸ ਅਪਾਹਜ ਨੂੰ ਚੰਗਾ ਕਰਨ ਦਾ ਸਿਹਰਾ ਆਪਣੇ ਉੱਤੇ ਨਹੀਂ ਲਿਆ। ਕਿਉਂ? ਪਤਰਸ ਨੇ ਖ਼ੁਦ ਦੱਸਿਆ: “ਹੇ ਇਸਰਾਏਲੀਓ, ਐਸ ਮਨੁੱਖ ਉੱਤੇ ਤੁਸੀਂ ਕਿਉਂ ਅਚਰਜ ਮੰਨਦੇ ਹੋ ਅਤੇ ਸਾਡੀ ਵੱਲ ਇਉਂ ਕਾਹਨੂੰ ਤੱਕ ਰਹੇ ਹੋ ਭਈ ਜਾਣੀਦਾ ਅਸਾਂ ਆਪਣੀ ਸਮਰੱਥਾ ਯਾ ਭਗਤੀ ਨਾਲ ਇਹ ਨੂੰ ਤੁਰਨ ਦੀ ਸ਼ਕਤੀ ਦਿੱਤੀ?” ਦਰਅਸਲ, ਪਤਰਸ ਅਤੇ ਯੂਹੰਨਾ ਦੋਵੇਂ ਜਾਣਦੇ ਸਨ ਕਿ ਇਹ ਕੰਮ ਉਨ੍ਹਾਂ ਦੀ ਆਪਣੀ ਤਾਕਤ ਨਾਲ ਨਹੀਂ ਸਗੋਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਨਾਲ ਹੋਇਆ ਸੀ।—ਰਸੂਲਾਂ ਦੇ ਕਰਤੱਬ 3:7-16; 4:29-31.

ਪਰ ਉਸ ਸਮੇਂ ਅਜਿਹੀਆਂ “ਕਰਾਮਾਤਾਂ” ਇਹ ਦਿਖਾਉਣ ਲਈ ਕੀਤੀਆਂ ਗਈਆਂ ਸਨ ਕਿ ਨਵੀਂ ਮਸੀਹੀ ਕਲੀਸਿਯਾ ਨੂੰ ਪਰਮੇਸ਼ੁਰ ਦੀ ਮਦਦ ਕਰ ਰਿਹਾ ਸੀ। (ਇਬਰਾਨੀਆਂ 2:4) ਪਰ ਜਦੋਂ ਇਨ੍ਹਾਂ ਚਮਤਕਾਰਾਂ ਦਾ ਮਕਸਦ ਪੂਰਾ ਹੋ ਗਿਆ, ਤਾਂ ਪੌਲੁਸ ਰਸੂਲ ਨੇ ਕਿਹਾ ਕਿ ਇਹ “ਮੁੱਕ” ਗਏ। * (1 ਕੁਰਿੰਥੀਆਂ 13:8) ਇਸ ਲਈ, ਅਸੀਂ ਹੁਣ ਸੱਚੀ ਮਸੀਹੀ ਕਲੀਸਿਯਾ ਵਿਚ ਪਰਮੇਸ਼ੁਰ ਵੱਲੋਂ ਕੀਤੀ ਕਿਸੇ ਵੀ ਤਰ੍ਹਾਂ ਦੀ ਚੰਗਾਈ, ਭਵਿੱਖ ਬਾਰੇ ਰੱਬੀ ਬਾਣੀ ਜਾਂ ਇਨਸਾਨਾਂ ਵਿਚ ਵੜੇ ਭੂਤਾਂ ਨੂੰ ਬਾਹਰ ਕੱਢਦਿਆਂ ਨਹੀਂ ਦੇਖਦੇ।

ਫਿਰ ਕੀ ਇਸ ਦਾ ਮਤਲਬ ਇਹ ਹੈ ਕਿ ਪਰਮੇਸ਼ੁਰ ਦੀ ਪਵਿੱਤਰ ਆਤਮਾ ਹੁਣ ਕੰਮ ਨਹੀਂ ਕਰਦੀ? ਬਿਲਕੁਲ ਨਹੀਂ! ਆਓ ਆਪਾਂ ਕੁਝ ਦੂਸਰੇ ਤਰੀਕਿਆਂ ਉੱਤੇ ਵਿਚਾਰ ਕਰੀਏ ਕਿ ਪਰਮੇਸ਼ੁਰ ਦੀ ਆਤਮਾ ਕਿਵੇਂ ਪਹਿਲੀ ਸਦੀ ਵਿਚ ਕੰਮ ਕਰਦੀ ਸੀ ਤੇ ਕਿਵੇਂ ਅੱਜ ਸਾਡੇ ਸਮੇਂ ਵਿਚ ਕੰਮ ਕਰਦੀ ਹੈ।

“ਸਚਿਆਈ ਦਾ ਆਤਮਾ”

ਪਰਮੇਸ਼ੁਰ ਦੀ ਪਵਿੱਤਰ ਆਤਮਾ ਦਾ ਕੰਮ ਹੈ ਸੱਚਾਈਆਂ ਦੱਸਣਾ, ਇਨ੍ਹਾਂ ਤੇ ਚਾਨਣ ਪਾਉਣਾ ਅਤੇ ਇਨ੍ਹਾਂ ਨੂੰ ਪ੍ਰਗਟ ਕਰਨਾ। ਆਪਣੀ ਮੌਤ ਤੋਂ ਥੋੜ੍ਹੀ ਹੀ ਦੇਰ ਪਹਿਲਾਂ, ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ: “ਅਜੇ ਮੈਂ ਤੁਹਾਡੇ ਨਾਲ ਬਹੁਤੀਆਂ ਗੱਲਾਂ ਕਰਨੀਆਂ ਹਨ ਪਰ ਹੁਣੇ ਤੁਸੀਂ ਸਹਾਰ ਨਹੀਂ ਸੱਕਦੇ। ਪਰ ਜਦ ਉਹ ਅਰਥਾਤ ਸਚਿਆਈ ਦਾ ਆਤਮਾ ਆਵੇ ਤਦ ਉਹ ਸਾਰੀ ਸਚਿਆਈ ਵਿੱਚ ਤੁਹਾਡੀ ਅਗਵਾਈ ਕਰੇਗਾ।”—ਯੂਹੰਨਾ 16:12, 13.

“ਸਚਿਆਈ ਦਾ ਆਤਮਾ” ਪੰਤੇਕੁਸਤ 33 ਸਾ.ਯੁ. ਵਿਚ ਉਦੋਂ ਵਹਾਇਆ ਗਿਆ ਜਦੋਂ ਯਰੂਸ਼ਲਮ ਵਿਚ ਉੱਪਰਲੇ ਕਮਰੇ ਵਿਚ ਇਕੱਠੇ ਹੋਏ ਤਕਰੀਬਨ 120 ਚੇਲਿਆਂ ਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਗਿਆ। (ਰਸੂਲਾਂ ਦੇ ਕਰਤੱਬ 2:1-4) ਪਤਰਸ ਰਸੂਲ ਉਨ੍ਹਾਂ ਵਿੱਚੋਂ ਇਕ ਸੀ ਜੋ ਇਸ ਸਾਲਾਨਾ ਪਰਬ ਵਿਚ ਮੌਜੂਦ ਸੀ। ਪਵਿੱਤਰ ਆਤਮਾ ਨਾਲ ਭਰ ਕੇ ਪਤਰਸ “ਖੜੋ” ਗਿਆ ਅਤੇ ਉਸ ਨੇ ਯਿਸੂ ਬਾਰੇ ਕੁਝ ਸੱਚਾਈਆਂ ਨੂੰ ਸਾਫ਼-ਸਾਫ਼ ਅਤੇ ਚੰਗੀ ਤਰ੍ਹਾਂ ਖੋਲ੍ਹ ਕੇ ਦੱਸਣਾ ਸ਼ੁਰੂ ਕਰ ਦਿੱਤਾ। ਮਿਸਾਲ ਵਜੋਂ, ਉਸ ਨੇ ਦੁਬਾਰਾ ਤੋਂ ਇਹ ਦੱਸਣਾ ਸ਼ੁਰੂ ਕੀਤਾ ਕਿ ਕਿਵੇਂ “ਯਿਸੂ ਨਾਸਰੀ . . . ਪਰਮੇਸ਼ੁਰ ਦੇ ਸੱਜੇ ਹੱਥ ਕੋਲ ਅੱਤ ਉੱਚਾ” ਕੀਤਾ ਗਿਆ ਸੀ। (ਰਸੂਲਾਂ ਦੇ ਕਰਤੱਬ 2:14, 22, 33) ਪਰਮੇਸ਼ੁਰ ਦੀ ਪਵਿੱਤਰ ਆਤਮਾ ਤੋਂ ਪ੍ਰੇਰਿਤ ਹੋ ਕੇ ਪਤਰਸ ਨੇ ਬੜੀ ਦਲੇਰੀ ਨਾਲ ਆਪਣੇ ਸੁਣਨ ਵਾਲਿਆਂ ਨੂੰ ਦੱਸਿਆ: “ਇਸਰਾਏਲ ਦਾ ਸਾਰਾ ਘਰਾਣਾ ਪੱਕ ਜਾਣੇ ਭਈ ਇਸੇ ਯਿਸੂ ਨੂੰ ਜਿਹ ਨੂੰ ਤੁਸਾਂ ਸਲੀਬ ਉੱਤੇ ਚਾੜ੍ਹਿਆ ਪਰਮੇਸ਼ੁਰ ਨੇ ਓਸ ਨੂੰ ਪ੍ਰਭੁ ਭੀ ਅਤੇ ਮਸੀਹ ਭੀ ਕੀਤਾ।” (ਰਸੂਲਾਂ ਦੇ ਕਰਤੱਬ 2:36) ਪਤਰਸ ਦੇ ਆਤਮਾ-ਪ੍ਰੇਰਿਤ ਸੰਦੇਸ਼ ਦੇ ਸਿੱਟੇ ਵਜੋਂ, ਤਕਰੀਬਨ ਤਿੰਨ ਹਜ਼ਾਰ ਲੋਕਾਂ ਨੇ ‘ਉਹ ਦੀ ਗੱਲ ਮੰਨ ਲਈ ਤੇ ਬਪਤਿਸਮਾ ਲੈ ਲਿਆ।’ ਇਸ ਤਰ੍ਹਾਂ, ਪਰਮੇਸ਼ੁਰ ਦੀ ਪਵਿੱਤਰ ਆਤਮਾ ਨੇ ਉਨ੍ਹਾਂ ਦੀ ਸੱਚਾਈ ਦਾ ਰਾਹ ਪਛਾਣਨ ਵਿਚ ਮਦਦ ਕੀਤੀ।—ਰਸੂਲਾਂ ਦੇ ਕਰਤੱਬ 2:37-41.

ਪਰਮੇਸ਼ੁਰ ਦੀ ਪਵਿੱਤਰ ਆਤਮਾ ਨੇ ਇਕ ਸਿੱਖਿਅਕ ਅਤੇ ਚੇਤੇ ਕਰਾਉਣ ਵਾਲੇ ਵਜੋਂ ਵੀ ਕੰਮ ਕੀਤਾ। ਯਿਸੂ ਨੇ ਕਿਹਾ: “ਉਹ ਸਹਾਇਕ ਅਰਥਾਤ ਪਵਿੱਤ੍ਰ ਆਤਮਾ ਜਿਹ ਨੂੰ ਪਿਤਾ ਮੇਰੇ ਨਾਮ ਉੱਤੇ ਘੱਲੇਗਾ ਸੋ ਤੁਹਾਨੂੰ ਸੱਭੋ ਕੁਝ ਸਿਖਾਲੇਗਾ ਅਤੇ ਸੱਭੋ ਕੁਝ ਜੋ ਮੈਂ ਤੁਹਾਨੂੰ ਆਖਿਆ ਹੈ ਤੁਹਾਨੂੰ ਚੇਤੇ ਕਰਾਵੇਗਾ।”—ਯੂਹੰਨਾ 14:26.

ਪਵਿੱਤਰ ਆਤਮਾ ਨੇ ਕਿਵੇਂ ਇਕ ਸਿੱਖਿਅਕ ਵਜੋਂ ਕੰਮ ਕੀਤਾ? ਪਰਮੇਸ਼ੁਰ ਦੀ ਆਤਮਾ ਨੇ ਚੇਲਿਆਂ ਦੇ ਮਨਾਂ ਨੂੰ ਉਹ ਗੱਲਾਂ ਸਮਝਣ ਲਈ ਖੋਲ੍ਹਿਆ ਜਿਨ੍ਹਾਂ ਬਾਰੇ ਉਨ੍ਹਾਂ ਨੇ ਯਿਸੂ ਕੋਲੋਂ ਪਹਿਲਾਂ ਸੁਣਿਆ ਤਾਂ ਸੀ, ਪਰ ਚੰਗੀ ਤਰ੍ਹਾਂ ਸਮਝੀਆਂ ਨਹੀਂ। ਮਿਸਾਲ ਵਜੋਂ, ਰਸੂਲ ਜਾਣਦੇ ਸਨ ਕਿ ਆਪਣੀ ਪਰੀਖਿਆ ਦੌਰਾਨ ਯਿਸੂ ਨੇ ਰੋਮੀ ਹਾਕਮ ਪੁੰਤਿਯੁਸ ਪਿਲਾਤੁਸ ਨੂੰ ਕਿਹਾ ਸੀ: “ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ।” ਫਿਰ ਵੀ, ਜਦੋਂ ਯਿਸੂ ਤਕਰੀਬਨ 40 ਦਿਨਾਂ ਬਾਅਦ ਸਵਰਗ ਵਾਪਸ ਗਿਆ, ਤਾਂ ਰਸੂਲ ਅਜੇ ਵੀ ਇਸੇ ਗ਼ਲਤਫ਼ਹਿਮੀ ਵਿਚ ਸਨ ਕਿ ਰਾਜ ਧਰਤੀ ਉੱਤੇ ਕਾਇਮ ਕੀਤਾ ਜਾਵੇਗਾ। (ਯੂਹੰਨਾ 18:36; ਰਸੂਲਾਂ ਦੇ ਕਰਤੱਬ 1:6) ਇਹ ਸਪੱਸ਼ਟ ਹੈ ਕਿ ਪੰਤੇਕੁਸਤ 33 ਸਾ.ਯੁ. ਵਿਚ ਪਰਮੇਸ਼ੁਰ ਦੀ ਪਵਿੱਤਰ ਆਤਮਾ ਵਹਾਏ ਜਾਣ ਤੋਂ ਪਹਿਲਾਂ ਰਸੂਲ ਯਿਸੂ ਦੇ ਸ਼ਬਦਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਪਾਏ ਸਨ।

ਪਰਮੇਸ਼ੁਰ ਦੀ ਆਤਮਾ ਨੇ ਉਨ੍ਹਾਂ ਨੂੰ ਯਿਸੂ ਦੀਆਂ ਵੱਖੋ-ਵੱਖਰੀਆਂ ਸਿੱਖਿਆਵਾਂ ਨੂੰ ਮੁੜ ਚੇਤੇ ਕਰਾਉਣ ਦਾ ਵੀ ਕੰਮ ਕੀਤਾ। ਮਿਸਾਲ ਵਜੋਂ, ਉਹ ਪਵਿੱਤਰ ਆਤਮਾ ਦੀ ਮਦਦ ਨਾਲ ਮਸੀਹ ਦੀ ਮੌਤ ਅਤੇ ਉਸ ਨੂੰ ਦੁਬਾਰਾ ਜ਼ਿੰਦਾ ਕੀਤੇ ਜਾਣ ਦੀਆਂ ਭਵਿੱਖਬਾਣੀਆਂ ਨੂੰ ਨਵੇਂ ਸਿਰਿਓਂ ਸਹੀ ਤਰੀਕੇ ਨਾਲ ਸਮਝ ਸਕੇ। (ਮੱਤੀ 16:21; ਯੂਹੰਨਾ 12:16) ਯਿਸੂ ਦੀਆਂ ਸਿੱਖਿਆਵਾਂ ਨੂੰ ਚੇਤੇ ਕਰ ਕੇ ਹੀ ਰਸੂਲ ਰਾਜਿਆਂ, ਮੈਜਿਸਟ੍ਰੇਟਾਂ ਅਤੇ ਧਾਰਮਿਕ ਆਗੂਆਂ ਦੇ ਸਾਮ੍ਹਣੇ ਬੜੀ ਦਲੇਰੀ ਨਾਲ ਮਸੀਹੀਅਤ ਦੇ ਪੱਖ ਵਿਚ ਗਵਾਹੀ ਦੇ ਸਕੇ।—ਮਰਕੁਸ 13:9-11; ਰਸੂਲਾਂ ਦੇ ਕਰਤੱਬ 4:5-20.

ਇਸ ਤੋਂ ਇਲਾਵਾ, ਪਰਮੇਸ਼ੁਰ ਦੀ ਪਵਿੱਤਰ ਆਤਮਾ ਨੇ ਮੁਢਲੇ ਮਸੀਹੀਆਂ ਨੂੰ ਉਨ੍ਹਾਂ ਇਲਾਕਿਆਂ ਵਿਚ ਜਾਣ ਲਈ ਨਿਰਦੇਸ਼ਿਤ ਕੀਤਾ ਜਿੱਥੇ ਲੋਕਾਂ ਨੇ ਜ਼ਿਆਦਾ ਸੁਣਨਾ ਸੀ। (ਰਸੂਲਾਂ ਦੇ ਕਰਤੱਬ 16:6-10) ਪਰਮੇਸ਼ੁਰ ਦੀ ਆਤਮਾ ਨੇ ਮੁਢਲੇ ਮਸੀਹੀਆਂ ਨੂੰ ਸਾਰੀ ਮਨੁੱਖਜਾਤੀ ਦੇ ਫ਼ਾਇਦੇ ਲਈ ਪਰਮੇਸ਼ੁਰ ਦਾ ਬਚਨ, ਬਾਈਬਲ ਲਿਖਣ ਲਈ ਵੀ ਪ੍ਰੇਰਿਤ ਕੀਤਾ। (2 ਤਿਮੋਥਿਉਸ 3:16) ਇਨ੍ਹਾਂ ਸਾਰੀਆਂ ਗੱਲਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਹਿਲੀ ਸਦੀ ਵਿਚ ਪਵਿੱਤਰ ਆਤਮਾ ਕਈ ਤਰੀਕਿਆਂ ਨਾਲ ਕੰਮ ਕਰਦੀ ਸੀ। ਪਵਿੱਤਰ ਆਤਮਾ ਸਿਰਫ਼ ਚਮਤਕਾਰ ਕਰਨ ਲਈ ਹੀ ਨਹੀਂ ਦਿੱਤੀ ਗਈ ਸੀ।

ਸਾਡੇ ਦਿਨਾਂ ਵਿਚ ਪਵਿੱਤਰ ਆਤਮਾ

ਇਸੇ ਤਰ੍ਹਾਂ ਸਾਡੇ ਦਿਨਾਂ ਵਿਚ ਵੀ ਪਵਿੱਤਰ ਆਤਮਾ ਸੱਚੇ ਮਸੀਹੀਆਂ ਲਈ ਕੰਮ ਕਰਦੀ ਹੈ। ਉੱਨੀਵੀਂ ਸਦੀ ਦੇ ਅੰਤ ਵਿਚ ਅਮਰੀਕਾ ਦੇ ਸ਼ਹਿਰ ਐਲੇਗੇਨੀ, ਪੈਨਸਿਲਵੇਨੀਆ ਵਿਚ ਬਾਈਬਲ ਵਿਦਿਆਰਥੀਆਂ ਦੇ ਇਕ ਛੋਟੇ ਜਿਹੇ ਗਰੁੱਪ ਨੂੰ ਇਹ ਪਤਾ ਲੱਗਾ ਕਿ ਪਵਿੱਤਰ ਆਤਮਾ ਉਨ੍ਹਾਂ ਦੀ ਮਦਦ ਕਰਦੀ ਸੀ। ਇਨ੍ਹਾਂ ਜੋਸ਼ੀਲੇ ਬਾਈਬਲ ਵਿਦਿਆਰਥੀਆਂ ਨੂੰ “ਸਚਿਆਈ” ਜਾਣਨ ਦੀ ਬਹੁਤ ਤਾਂਘ ਸੀ।—ਯੂਹੰਨਾ 8:32; 16:13.

ਇਸ ਗਰੁੱਪ ਦੇ ਇਕ ਮੈਂਬਰ ਚਾਰਲਸ ਟੇਜ਼ ਰਸਲ ਨੇ ਬਾਈਬਲ ਸੱਚਾਈਆਂ ਦੀ ਖੋਜ ਕਰਦਿਆਂ ਕਿਹਾ: “ਮੈਂ ਪ੍ਰਾਰਥਨਾ ਕੀਤੀ . . .  ਕਿ ਮੈਂ ਆਪਣੇ ਦਿਲ ਤੇ ਮਨ ਵਿੱਚੋਂ ਰੁਕਾਵਟ ਬਣਨ ਵਾਲੀ ਕਿਸੇ ਵੀ ਤਰ੍ਹਾਂ ਦੀ ਪੁਰਾਣੀ ਸਮਝ ਤੋਂ ਛੁਟਕਾਰਾ ਪਾ ਸਕਾਂ ਅਤੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਅਗਵਾਈ ਨਾਲ ਸਹੀ ਸਮਝ ਪ੍ਰਾਪਤ ਕਰ ਸਕਾਂ।” ਪਰਮੇਸ਼ੁਰ ਨੇ ਉਸ ਦੀ ਇਹ ਨਿਮਰ ਪ੍ਰਾਰਥਨਾ ਸੁਣੀ।

ਜਦੋਂ ਰਸਲ ਅਤੇ ਉਸ ਦੇ ਸਾਥੀਆਂ ਨੇ ਬੜੀ ਲਗਨ ਨਾਲ ਬਾਈਬਲ ਦੀ ਖੋਜਬੀਨ ਕੀਤੀ, ਤਾਂ ਉਨ੍ਹਾਂ ਨੂੰ ਬਹੁਤ ਸਾਰੀਆਂ ਗੱਲਾਂ ਚੰਗੀ ਤਰ੍ਹਾਂ ਸਮਝ ਆ ਗਈਆਂ। ਰਸਲ ਨੇ ਦੱਸਿਆ: “ਸਾਨੂੰ ਇਸ ਗੱਲ ਦਾ ਪਤਾ ਲੱਗਾ ਕਿ ਬਹੁਤ ਸਾਲਾਂ ਤੋਂ ਵੱਖੋ-ਵੱਖਰੇ ਧੜਿਆਂ ਅਤੇ ਪਾਰਟੀਆਂ ਨੇ ਬਾਈਬਲ ਸਿਧਾਂਤਾਂ ਨੂੰ ਤੋੜ-ਮਰੋੜ ਦਿੱਤਾ ਸੀ ਤੇ ਇਸ ਤੋਂ ਇਲਾਵਾ ਇਨਸਾਨਾਂ ਦੀਆਂ ਮਨ-ਘੜਤ ਅਤੇ ਝੂਠੀਆਂ-ਮੂਠੀਆਂ ਗੱਲਾਂ ਨੂੰ ਇਨ੍ਹਾਂ ਵਿਚ ਰਲਾ ਦਿੱਤਾ ਸੀ।” ਜਿਸ ਦੇ ਸਿੱਟੇ ਵਜੋਂ “ਸੱਚਾਈ ਬਾਰੇ ਗ਼ਲਤ ਗੱਲਾਂ ਦੱਸੀਆਂ ਗਈਆਂ ਹਨ।” ਅਸਲ ਵਿਚ, ਸਦੀਆਂ ਤੋਂ ਈਸਾਈ-ਜਗਤ ਵਿਚ ਆਈਆਂ ਝੂਠੀਆਂ ਸਿੱਖਿਆਵਾਂ ਦੇ ਕਾਰਨ ਬਾਈਬਲ ਸੱਚਾਈਆਂ ਦੱਬ ਕੇ ਰਹਿ ਗਈਆਂ ਸਨ। ਪਰ ਰਸਲ ਨੇ ਸੱਚਾਈਆਂ ਨੂੰ ਜਾਣਨ ਦਾ ਅਤੇ ਲੋਕਾਂ ਨੂੰ ਸੱਚਾਈ ਦੱਸਣ ਦਾ ਪੱਕਾ-ਇਰਾਦਾ ਕੀਤਾ ਸੀ।

ਜ਼ਾਯੰਸ ਵਾਚ ਟਾਵਰ ਐਂਡ ਹੈਰਲਡ ਆਫ਼ ਕ੍ਰਾਈਸਟਜ਼ ਪ੍ਰੈਜ਼ੰਸ ਰਸਾਲੇ ਰਾਹੀਂ ਰਸਲ ਅਤੇ ਉਸ ਦੇ ਸਾਥੀਆਂ ਨੇ ਬੜੀ ਦਲੇਰੀ ਨਾਲ ਉਨ੍ਹਾਂ ਝੂਠੇ ਧਾਰਮਿਕ ਸਿਧਾਂਤਾਂ ਦੀ ਨਿੰਦਿਆ ਕੀਤੀ ਜੋ ਪਰਮੇਸ਼ੁਰ ਦੀ ਗ਼ਲਤ-ਬਿਆਨੀ ਕਰਦੇ ਸਨ। ਆਮ ਧਾਰਮਿਕ ਵਿਸ਼ਵਾਸਾਂ ਤੋਂ ਬਿਲਕੁਲ ਉਲਟ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਮਰਨ ਤੇ ਇਨਸਾਨ ਦਾ ਕੁਝ ਨਹੀਂ ਬਚਦਾ, ਮਰਨ ਤੇ ਅਸੀਂ ਕਬਰ ਵਿਚ ਚਲੇ ਜਾਂਦੇ ਹਾਂ ਤੇ ਸਿਰਫ਼ ਯਹੋਵਾਹ ਹੀ ਇੱਕੋ-ਇਕ ਸੱਚਾ ਪਰਮੇਸ਼ੁਰ ਹੈ ਜਿਸ ਕਾਰਨ ਉਹ ਤ੍ਰਿਏਕ ਦਾ ਇਕ ਹਿੱਸਾ ਨਹੀਂ ਹੈ।

ਜਿਵੇਂ ਤੁਸੀਂ ਕਲਪਨਾ ਕਰ ਹੀ ਸਕਦੇ ਹੋ, ਅਜਿਹੀਆਂ ਝੂਠੀਆਂ ਸਿੱਖਿਆਵਾਂ ਦਾ ਪਰਦਾ-ਫਾਸ਼ ਹੋਣ ਤੇ ਈਸਾਈ-ਜਗਤ ਦੇ ਪਾਦਰੀ ਗੁੱਸੇ ਨਾਲ ਭੜਕ ਉੱਠੇ ਹੋਣਗੇ। ਆਪਣੇ ਦਬਦਬੇ ਵਾਲੇ ਅਹੁਦਿਆਂ ਨੂੰ ਬਣਾਈ ਰੱਖਣ ਲਈ ਬਹੁਤ ਸਾਰੇ ਕੈਥੋਲਿਕ ਅਤੇ ਪ੍ਰੋਟੈਸਟੈਂਟ ਪਾਦਰੀਆਂ ਨੇ ਭਰਾ ਰਸਲ ਨੂੰ ਬਦਨਾਮ ਕਰਨ ਲਈ ਖ਼ਾਸ ਮੁਹਿੰਮਾਂ ਚਲਾਈਆਂ। ਪਰ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਹਾਰ ਨਾ ਮੰਨੀ। ਸਗੋਂ ਉਨ੍ਹਾਂ ਨੇ ਅਗਵਾਈ ਲਈ ਪਰਮੇਸ਼ੁਰ ਦੀ ਆਤਮਾ ਉੱਤੇ ਪੂਰਾ ਭਰੋਸਾ ਰੱਖਿਆ। ਭਰਾ ਰਸਲ ਕਹਿੰਦੇ ਹਨ: “ਸਾਡੇ ਪ੍ਰਭੂ ਨੇ ਯਕੀਨ ਦਿਵਾਇਆ ਹੈ ਕਿ . . . ਯਿਸੂ ਜੋ ਸਾਡਾ ਮੁਕਤੀਦਾਤਾ, ਵਿਚੋਲਾ ਅਤੇ ਸਿਰ ਹੈ, ਉਸ ਦੇ ਕਹਿਣ ਤੇ ਪਿਤਾ ਦੀ ਪਵਿੱਤਰ ਆਤਮਾ ਸਾਨੂੰ ਜ਼ਰੂਰ ਸਭ ਕੁਝ ਸਿਖਾਵੇਗੀ।” ਅਤੇ ਯਕੀਨਨ ਪਵਿੱਤਰ ਆਤਮਾ ਨੇ ਸਿਖਾਇਆ! ਇਨ੍ਹਾਂ ਨੇਕਦਿਲ ਬਾਈਬਲ ਵਿਦਿਆਰਥੀਆਂ ਨੇ ਸੱਚਾਈ ਦੇ ਅੰਮ੍ਰਿਤ ਜਲ ਨੂੰ ਲਗਾਤਾਰ ਬਾਈਬਲ ਵਿੱਚੋਂ ਲੈਣਾ ਜਾਰੀ ਰੱਖਿਆ ਅਤੇ ਦੁਨੀਆਂ ਭਰ ਦੇ ਲੋਕਾਂ ਨੂੰ ਇਸ ਬਾਰੇ ਖੁੱਲ੍ਹੇ-ਆਮ ਦੱਸਿਆ।—ਪਰਕਾਸ਼ ਦੀ ਪੋਥੀ 22:17.

ਤਕਰੀਬਨ ਇਕ ਸਦੀ ਤੋਂ ਵੀ ਜ਼ਿਆਦਾ ਸਮੇਂ ਤੋਂ ਯਹੋਵਾਹ ਦੇ ਗਵਾਹਾਂ ਦੇ ਅੱਜ ਦੇ ਸੰਗਠਨ ਨੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਅਗਵਾਈ ਹੁਣ ਤਕ ਖ਼ੁਸ਼ੀ-ਖ਼ੁਸ਼ੀ ਨਾਲ ਕਬੂਲ ਕੀਤੀ ਹੈ। ਜਿਉਂ-ਜਿਉਂ ਯਹੋਵਾਹ ਦੀ ਆਤਮਾ ਉਨ੍ਹਾਂ ਦੀ ਅਧਿਆਤਮਿਕ ਸਮਝ ਨੂੰ ਵਧਾਉਂਦੀ ਹੈ ਤਿਉਂ-ਤਿਉਂ ਗਵਾਹ ਉਸ ਨਵੀਂ ਸਮਝ ਮੁਤਾਬਕ ਖ਼ੁਸ਼ੀ-ਖ਼ੁਸ਼ੀ ਨਾਲ ਆਪਣੇ ਆਪ ਵਿਚ ਲੋੜੀਂਦੀਆਂ ਤਬਦੀਲੀਆਂ ਕਰਦੇ ਜਾਂਦੇ ਹਨ।—ਕਹਾਉਤਾਂ 4:18.

“ਤੁਸੀਂ ਮੇਰੇ ਗਵਾਹ ਹੋਵੋਗੇ”

ਯਿਸੂ ਨੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੇ ਇਕ ਹੋਰ ਚਿੰਨ੍ਹ ਦੀ ਉਦੋਂ ਪਛਾਣ ਕਰਾਈ ਜਦੋਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਜਾਂ ਪਵਿੱਤ੍ਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ . . . ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ।” (ਰਸੂਲਾਂ ਦੇ ਕਰਤੱਬ 1:8) ਯਿਸੂ ਨੇ ਆਪਣੇ ਚੇਲਿਆਂ ਨੂੰ ਪਰਮੇਸ਼ੁਰ-ਦਿੱਤ ਕੰਮ ਕਰਦੇ ਰਹਿਣ ਲਈ “ਸ਼ਕਤੀ” ਅਤੇ “ਪਵਿੱਤਰ ਆਤਮਾ” ਦੇਣ ਦਾ ਵਾਅਦਾ ਕੀਤਾ ਜੋ ਅੱਜ ਵੀ ਪੂਰਾ ਕੀਤਾ ਜਾ ਰਿਹਾ ਹੈ।

ਇਕ ਗਰੁੱਪ ਦੇ ਤੌਰ ਤੇ ਯਹੋਵਾਹ ਦੇ ਗਵਾਹ ਆਪਣੇ ਪ੍ਰਚਾਰ ਕੰਮ ਲਈ ਦੁਨੀਆਂ ਭਰ ਵਿਚ ਮਸ਼ਹੂਰ ਹਨ। (ਡੱਬੀ ਦੇਖੋ।) ਦਰਅਸਲ, ਯਹੋਵਾਹ ਦੇ ਗਵਾਹ 230 ਤੋਂ ਵੀ ਜ਼ਿਆਦਾ ਦੇਸ਼ਾਂ ਅਤੇ ਟਾਪੂਆਂ ਤੇ ਸੱਚਾਈ ਦਾ ਸੰਦੇਸ਼ ਸੁਣਾਉਂਦੇ ਹਨ। ਬੁਰੇ ਤੋਂ ਬੁਰੇ ਹਾਲਾਤਾਂ ਵਿਚ, ਇੱਥੋਂ ਤਕ ਕਿ ਯੁੱਧ ਵਾਲੇ ਇਲਾਕਿਆਂ ਵਿਚ ਵੀ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਉਹ ਬੜੀ ਦਲੇਰੀ ਤੇ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਦੀ ਗਵਾਹੀ ਦਿੰਦੇ ਹਨ। ਉਨ੍ਹਾਂ ਦਾ ਮਸੀਹੀ ਸੇਵਕਾਈ ਲਈ ਜੋਸ਼ ਇਸ ਗੱਲ ਦਾ ਠੋਸ ਸਬੂਤ ਹੈ ਕਿ ਪਵਿੱਤਰ ਆਤਮਾ ਅੱਜ ਵੀ ਕੰਮ ਕਰ ਰਹੀ ਹੈ। ਨਾਲੇ ਇਸ ਤੋਂ ਇਹ ਵੀ ਜ਼ਾਹਰ ਹੁੰਦਾ ਹੈ ਕਿ ਯਹੋਵਾਹ ਪਰਮੇਸ਼ੁਰ ਉਨ੍ਹਾਂ ਦੇ ਜਤਨਾਂ ਉੱਤੇ ਬਰਕਤਾਂ ਦੇ ਰਿਹਾ ਹੈ।

ਮਿਸਾਲ ਵਜੋਂ, ਪਿਛਲੇ ਸਾਲ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਤਕਰੀਬਨ ਇਕ ਅਰਬ ਘੰਟੇ ਲਗਾਏ ਗਏ ਸਨ। ਇਸ ਦਾ ਨਤੀਜਾ ਕੀ ਨਿਕਲਿਆ? ਕੁਝ 3,23,439 ਲੋਕਾਂ ਨੇ ਪਾਣੀ ਦਾ ਬਪਤਿਸਮਾ ਲੈ ਕੇ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸਮਰਪਿਤ ਕੀਤਾ। ਇਸ ਤੋਂ ਇਲਾਵਾ, ਦਿਲਚਸਪੀ ਰੱਖਣ ਵਾਲੇ ਲੋਕਾਂ ਨਾਲ 44,33,884 ਗ੍ਰਹਿ ਬਾਈਬਲ ਅਧਿਐਨ ਕਰਾਏ ਗਏ। ਕੁੱਲ ਮਿਲਾ ਕੇ 2,46,07,741 ਕਿਤਾਬਾਂ ਅਤੇ 63,11,62,309 ਰਸਾਲੇ ਤੇ 6,34,95,728 ਬਰੋਸ਼ਰ ਅਤੇ ਪੁਸਤਿਕਾਵਾਂ ਦਿੱਤੀਆਂ ਗਈਆਂ। ਇਹ ਕਿੰਨਾ ਹੀ ਵੱਡਾ ਸਬੂਤ ਹੈ ਕਿ ਪਰਮੇਸ਼ੁਰ ਦੀ ਆਤਮਾ ਅੱਜ ਵੀ ਕੰਮ ਕਰ ਰਹੀ ਹੈ!

ਪਰਮੇਸ਼ੁਰ ਦੀ ਆਤਮਾ ਅਤੇ ਤੁਸੀਂ

ਜਦੋਂ ਇਕ ਵਿਅਕਤੀ ਖ਼ੁਸ਼ ਖ਼ਬਰੀ ਨੂੰ ਬੜੇ ਧਿਆਨ ਨਾਲ ਸੁਣਦਾ ਹੈ, ਆਪਣੀ ਜ਼ਿੰਦਗੀ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਜੀਉਂਦਾ ਹੈ ਅਤੇ ਰਿਹਾਈ-ਕੀਮਤ ਵਿਚ ਆਪਣੀ ਨਿਹਚਾ ਰੱਖਦਾ ਹੈ, ਤਾਂ ਉਸ ਦਾ ਪਰਮੇਸ਼ੁਰ ਨਾਲ ਇਕ ਚੰਗਾ ਰਿਸ਼ਤਾ ਬਣਨ ਦਾ ਰਾਹ ਖੁੱਲ੍ਹ ਜਾਂਦਾ ਹੈ। ਅਜਿਹੇ ਵਿਅਕਤੀਆਂ ਬਾਰੇ ਪੌਲੁਸ ਰਸੂਲ ਨੇ ਕਿਹਾ: “ਪਰਮੇਸ਼ੁਰ . . . ਆਪਣਾ ਪਵਿੱਤਰ ਆਤਮਾ ਤੁਹਾਨੂੰ ਦਿੰਦਾ ਹੈ।”—1 ਥੱਸਲੁਨੀਕੀਆਂ 4:7, 8; 1 ਕੁਰਿੰਥੀਆਂ 6:9-11.

ਪਰਮੇਸ਼ੁਰ ਦੀ ਆਤਮਾ ਮਿਲਣ ਨਾਲ ਬਹੁਤ ਸਾਰੀਆਂ ਵਧੀਆ ਬਰਕਤਾਂ ਮਿਲੀਆਂ ਹਨ। ਪਰ ਕਿਸ ਤਰ੍ਹਾਂ ਦੀਆਂ ਬਰਕਤਾਂ? ਇਕ ਬਰਕਤ ਬਾਰੇ ਪਰਮੇਸ਼ੁਰ ਦਾ ਪ੍ਰੇਰਿਤ ਬਚਨ ਕਹਿੰਦਾ ਹੈ: “ਆਤਮਾ ਦਾ ਫਲ ਇਹ ਹੈ—ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, [ਅਤੇ] ਸੰਜਮ।” (ਗਲਾਤੀਆਂ 5:22, 23) ਇਸ ਲਈ, ਪਰਮੇਸ਼ੁਰ ਦੀ ਪਵਿੱਤਰ ਆਤਮਾ ਭਲਾਈ ਕਰਨ ਦੀ ਇਕ ਤਾਕਤਵਰ ਸ਼ਕਤੀ ਹੈ ਜੋ ਇਕ ਵਿਅਕਤੀ ਨੂੰ ਪਰਮੇਸ਼ੁਰੀ ਗੁਣ ਦਿਖਾਉਣ ਵਿਚ ਮਦਦ ਕਰਦੀ ਹੈ।

ਇਸ ਤੋਂ ਇਲਾਵਾ, ਜੇ ਤੁਸੀਂ ਬਾਈਬਲ ਪੜ੍ਹਦੇ ਹੋ ਅਤੇ ਸਿੱਖੀਆਂ ਹੋਈਆਂ ਗੱਲਾਂ ਆਪਣੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ, ਤਾਂ ਪਰਮੇਸ਼ੁਰ ਦੀ ਆਤਮਾ ਬੁੱਧੀ, ਗਿਆਨ, ਅੰਦਰੂਨੀ ਸਮਝ, ਸਹੀ ਫ਼ੈਸਲੇ ਅਤੇ ਸੋਚ-ਵਿਚਾਰ ਕਰਨ ਦੀ ਕਾਬਲੀਅਤ ਵਧਾਉਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ। ਰਾਜਾ ਸੁਲੇਮਾਨ ਨੂੰ ‘ਬੁੱਧੀ ਅਤੇ ਸਮਝ ਬਹੁਤ ਹੀ ਵਧੀਕ ਮਿਲੀ ਅਤੇ ਖੁੱਲਾ ਮਨ’ ਵੀ ਚੋਖੀ ਮਾਤਰਾ ਵਿਚ ਮਿਲਿਆ, ਕਿਉਂਕਿ ਉਸ ਨੇ ਮਨੁੱਖਾਂ ਨੂੰ ਖ਼ੁਸ਼ ਕਰਨ ਦੀ ਬਜਾਇ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹਿਆ ਸੀ। (1 ਰਾਜਿਆਂ 4:29) ਜੇ ਯਹੋਵਾਹ ਨੇ ਸੁਲੇਮਾਨ ਨੂੰ ਪਵਿੱਤਰ ਆਤਮਾ ਦਿੱਤੀ ਸੀ, ਤਾਂ ਯਕੀਨਨ ਉਹ ਅੱਜ ਉਨ੍ਹਾਂ ਲੋਕਾਂ ਨੂੰ ਵੀ ਆਪਣੀ ਪਵਿੱਤਰ ਆਤਮਾ ਦੇਵੇਗਾ ਜੋ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ।

ਪਰਮੇਸ਼ੁਰ ਦੀ ਪਵਿੱਤਰ ਆਤਮਾ ਮਸੀਹੀਆਂ ਨੂੰ ਸ਼ਤਾਨ ਅਤੇ ਭੂਤਾਂ ਨਾਲ, ਇਸ ਦੁਸ਼ਟ ਰੀਤੀ-ਵਿਵਸਥਾ ਨਾਲ, ਅਤੇ ਪਾਪੀ ਹੋਣ ਕਾਰਨ ਮਾੜੇ ਝੁਕਾਵਾਂ ਨਾਲ ਲੜਨ ਵਿਚ ਵੀ ਮਦਦ ਕਰਦੀ ਹੈ। ਇਹ ਕਿਵੇਂ ਮੁਮਕਿਨ ਹੋ ਸਕਦਾ ਹੈ? ਪੌਲੁਸ ਰਸੂਲ ਜਵਾਬ ਦਿੰਦਾ ਹੈ: “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।” (ਫ਼ਿਲਿੱਪੀਆਂ 4:13) ਸ਼ਾਇਦ ਪਵਿੱਤਰ ਆਤਮਾ ਅਜ਼ਮਾਇਸ਼ਾਂ ਜਾਂ ਪਰੀਖਿਆਵਾਂ ਨੂੰ ਖ਼ਤਮ ਨਾ ਕਰੇ, ਪਰ ਇਹ ਤੁਹਾਡੀ ਇਨ੍ਹਾਂ ਨੂੰ ਸਹਿਣ ਵਿਚ ਮਦਦ ਕਰ ਸਕਦੀ ਹੈ। ਪਰਮੇਸ਼ੁਰ ਦੀ ਆਤਮਾ ਤੇ ਭਰੋਸਾ ਰੱਖਣ ਦੁਆਰਾ, ਅਸੀਂ ਹਰ ਤਰ੍ਹਾਂ ਦੀ ਮੁਸੀਬਤ ਅਤੇ ਦੁੱਖ ਝੱਲਣ ਲਈ ‘ਸਮਰੱਥਾ ਦਾ ਅੱਤ ਵੱਡਾ ਮਹਾਤਮ’ ਹਾਸਲ ਕਰ ਸਕਦੇ ਹਾਂ।”—2 ਕੁਰਿੰਥੀਆਂ 4:7; 1 ਕੁਰਿੰਥੀਆਂ 10:13.

ਜਦੋਂ ਤੁਸੀਂ ਇਨ੍ਹਾਂ ਸਾਰੇ ਸਬੂਤਾਂ ਨੂੰ ਦੇਖਦੇ ਹੋ, ਤਾਂ ਫਿਰ ਸ਼ੱਕ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ ਕਿ ਪਰਮੇਸ਼ੁਰ ਦੀ ਪਵਿੱਤਰ ਆਤਮਾ ਅੱਜ ਕੰਮ ਕਰ ਰਹੀ ਹੈ ਜਾਂ ਨਹੀਂ। ਯਹੋਵਾਹ ਦੀ ਆਤਮਾ ਉਸ ਦੇ ਸੇਵਕਾਂ ਨੂੰ ਉਸ ਦੇ ਸ਼ਾਨਦਾਰ ਮਕਸਦਾਂ ਬਾਰੇ ਗਵਾਹੀ ਦੇਣ ਦੀ ਤਾਕਤ ਦਿੰਦੀ ਹੈ। ਇਹ ਲਗਾਤਾਰ ਅਧਿਆਤਮਿਕ ਚਾਨਣ ਦੀਆਂ ਲਿਸ਼ਕਾਂ ਪਾਉਂਦੀ ਹੈ ਅਤੇ ਇਹ ਸਾਡੀ ਨਿਹਚਾ ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਸਾਨੂੰ ਆਪਣੇ ਸ੍ਰਿਸ਼ਟੀਕਰਤਾ ਪ੍ਰਤੀ ਹਮੇਸ਼ਾ ਵਫ਼ਾਦਾਰ ਰਹਿਣ ਵਿਚ ਮਦਦ ਕਰਦੀ ਹੈ। ਸਾਨੂੰ ਪਰਮੇਸ਼ੁਰ ਦੇ ਕਿੰਨੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਅੱਜ ਆਪਣੇ ਵਫ਼ਾਦਾਰ ਸੇਵਕਾਂ ਨੂੰ ਪਵਿੱਤਰ ਆਤਮਾ ਦੇਣ ਦੁਆਰਾ ਉਹ ਆਪਣੇ ਵਾਅਦਿਆਂ ਦਾ ਪੱਕਾ ਨਿਕਲਿਆ ਹੈ!

[ਫੁਟਨੋਟ]

^ ਪੈਰਾ 4 ਅੰਗ੍ਰੇਜ਼ੀ ਦੇ 15 ਅਗਸਤ 1971 ਦੇ ਪਹਿਰਾਬੁਰਜ ਵਿਚ ਦਿੱਤਾ ਲੇਖ “ਪਵਿੱਤਰ-ਆਤਮਾ ਨਾਲ ਕੀਤੀਆਂ ਜਾਣ ਵਾਲੀਆਂ ਦਾਤਾਂ ਕਿਉਂ ਖ਼ਤਮ ਹੋ ਗਈਆਂ?” ਦੇ ਸਫ਼ੇ 1-5 ਦੇਖੋ।

[ਸਫ਼ੇ 10 ਉੱਤੇ ਡੱਬੀ]

ਲੋਕ ਯਹੋਵਾਹ ਦੇ ਗਵਾਹਾਂ ਬਾਰੇ ਕੀ ਕਹਿੰਦੇ ਹਨ

“ਜਦ ਕਿ ਦੂਜੇ ਗਿਰਜੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਜਾਂ ਆਧੁਨਿਕ ਸਮੇਂ ਦੇ ਵਿਸ਼ੇ ਜਿਵੇਂ ਸਮਲਿੰਗਕਾਮੁਕਤਾ ਅਤੇ ਗਰਭਪਾਤ ਨੂੰ ਸੁਲਝਾਉਣ ਲਈ ਸਲਾਹਕਾਰਾਂ ਨੂੰ ਬੁਲਾਉਂਦੇ ਹਨ, ਪਰ ਗਵਾਹ ਇਸ ਬਦਲ ਰਹੀ ਦੁਨੀਆਂ ਨਾਲ ਕੋਈ ਸਮਝੌਤਾ ਨਹੀਂ ਕਰਦੇ। ਉਹ ਅਜੇ ਵੀ ਪੂਰੀ ਦੁਨੀਆਂ ਵਿਚ ਬਾਕਾਇਦਾ ਆਪਣਾ ਪ੍ਰਚਾਰ ਦਾ ਕੰਮ ਕਰਦੇ ਹਨ।”—ਔਰੇਂਜ ਕਾਊਂਟੀ, ਕੈਲੇਫ਼ੋਰਨੀਆ, ਯੂ.ਐੱਸ.ਏ. ਦਾ ਔਰੇਂਜ ਕਾਊਂਟੀ ਰਜਿਸਟਰ।

“ਪ੍ਰਚਾਰ ਕਰਨ ਦੇ ਮਾਮਲੇ ਵਿਚ ਬਹੁਤ ਥੋੜ੍ਹੇ ਫ਼ਿਰਕੇ . . . ਯਹੋਵਾਹ ਦੇ ਗਵਾਹਾਂ ਵਾਂਗ ਜੋਸ਼ੀਲੇ ਹਨ।”—ਕੋਲੰਬਸ, ਇੰਡੀਆਨਾ, ਯੂ.ਐੱਸ.ਏ. ਦਾ ਰਿਪਬਲਿਕ।

“ਸਿਰਫ਼ ਉਹੋ ਹੀ ਹਨ ਜੋ ਘਰ-ਘਰ ਜਾ ਕੇ ‘ਖ਼ੁਸ਼ ਖ਼ਬਰੀ’ ਦਾ ਪ੍ਰਚਾਰ ਕਰਦੇ ਹਨ ਅਤੇ ਬਾਈਬਲ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਦੇ ਹਨ।—ਜ਼ਕੇ ਲਿਟਰਾਟਸਕੀਆ, ਪੋਲੈਂਡ।

“ਹੁਣ ਤਕ ਦੀ ਸਭ ਤੋਂ ਵੱਡੀ ਪ੍ਰਚਾਰ ਮੁਹਿੰਮ ਦੁਆਰਾ, ਯਹੋਵਾਹ ਦੇ ਗਵਾਹ ਪੂਰੀ ਦੁਨੀਆਂ ਵਿਚ ਯਹੋਵਾਹ ਦਾ ਸੰਦੇਸ਼ ਪਹੁੰਚਾਉਂਦੇ ਹਨ।—ਨਿਊਜ਼-ਅਬਜ਼ਰਵਰ, ਟਮਾਕੁਆ, ਪੈਨਸਿਲਵੇਨੀਆ, ਯੂ.ਐੱਸ.ਏ.

[ਸਫ਼ੇ 9 ਉੱਤੇ ਤਸਵੀਰ]

ਪਰਮੇਸ਼ੁਰ ਦੀ ਪਵਿੱਤਰ ਆਤਮਾ ਸਾਡਾ ਅਧਿਆਤਮਿਕ ਗਿਆਨ ਵਧਾਉਂਦੀ ਹੈ,

. . . ਵਧੀਆ ਮਸੀਹੀ ਗੁਣ ਪੈਦਾ ਕਰਦੀ ਹੈ,

. . . ਅਤੇ ਪੂਰੀ ਦੁਨੀਆਂ ਵਿਚ ਪ੍ਰਚਾਰ ਕੰਮ ਕਰਨ ਵਿਚ ਸਾਡੀ ਮਦਦ ਕਰਦੀ ਹੈ