Skip to content

Skip to table of contents

ਜਾਦੂ-ਟੂਣਿਆਂ ਬਾਰੇ ਅਸਲੀਅਤ ਜਾਣੋ

ਜਾਦੂ-ਟੂਣਿਆਂ ਬਾਰੇ ਅਸਲੀਅਤ ਜਾਣੋ

ਜਾਦੂ-ਟੂਣਿਆਂ ਬਾਰੇ ਅਸਲੀਅਤ ਜਾਣੋ

ਅੱਜ ਦੇ ਸਮੇਂ ਵਿਚ ਜਾਦੂ-ਟੂਣੇ ਦੀ ਪਰਿਭਾਸ਼ਾ ਦੇਣੀ ਬਹੁਤ ਔਖੀ ਹੈ। ਔਖੀ ਇਸ ਲਈ ਹੈ ਕਿਉਂਕਿ ਜਾਦੂ-ਟੂਣੇ ਕਰਨ ਵਾਲਿਆਂ ਦੀ ਸੋਚ ਵੱਖੋ-ਵੱਖਰੀ ਹੈ। ਉਹ ਕਿਸੇ ਇਕ ਆਗੂ ਨੂੰ, ਕਿਸੇ ਇਕ ਸਿਧਾਂਤ ਨੂੰ ਜਾਂ ਕਿਸੇ ਇਕ ਪਵਿੱਤਰ ਗ੍ਰੰਥ ਨੂੰ ਨਹੀਂ ਮੰਨਦੇ। ਉਨ੍ਹਾਂ ਦੀਆਂ ਰੀਤਾਂ-ਰਸਮਾਂ, ਉਨ੍ਹਾਂ ਦੇ ਸੰਗਠਨ ਅਤੇ ਉਨ੍ਹਾਂ ਦੇ ਦੇਵੀ-ਦੇਵਤੇ ਵੀ ਵੱਖੋ-ਵੱਖਰੇ ਹੁੰਦੇ ਹਨ। ਇਕ ਲੇਖਕਾ ਕਹਿੰਦੀ ਹੈ: “ਜਾਦੂ-ਟੂਣਿਆਂ ਦੀ ਦੁਨੀਆਂ ਇਕ ‘ਖੁੱਲ੍ਹੇ ਬਜ਼ਾਰ’ ਵਰਗੀ ਹੈ, ਜਿੱਥੇ ਹਰ ਬੰਦੇ ਨੂੰ ਕੋਈ ਵੀ ਰਾਹ ਚੁਣਨ ਦੀ ਪੂਰੀ ਛੋਟ ਹੈ।” ਇਕ ਹੋਰ ਲੇਖਕਾ ਕਹਿੰਦੀ ਹੈ: “ਨਵ ਗ਼ੈਰ-ਈਸਾਈਆਂ ਦੇ ਵਿਚਾਰ ਤਕਰੀਬਨ ਇਕ ਦੂਜੇ ਤੋਂ ਵੱਖਰੇ ਹਨ।”

ਪਰ, ਬਹੁਤ ਸਾਰਿਆਂ ਲਈ ਅਜਿਹੇ ਵੱਖੋ-ਵੱਖਰੇ ਵਿਚਾਰ ਕੋਈ ਵੱਡੀ ਮੁਸ਼ਕਲ ਨਹੀਂ ਹਨ। ਜਾਦੂ-ਟੂਣੇ ਸਿੱਖਣ ਦੇ ਚਾਹਵਾਨ ਲੋਕਾਂ ਲਈ ਇਕ ਗਾਈਡਬੁੱਕ ਕਹਿੰਦੀ ਹੈ: “ਜੇਕਰ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ, ਤਾਂ ਉਸ ਜਾਣਕਾਰੀ ਨੂੰ ਜਾਂਚੋ ਅਤੇ ਫਿਰ ਫ਼ੈਸਲਾ ਕਰੋ ਕਿ ਤੁਸੀਂ ਕਿਹੜਾ ਰਾਹ ਅਪਣਾਓਗੇ। ਆਪਣੇ ਜ਼ਮੀਰ ਦੀ ਆਵਾਜ਼ ਸੁਣੋ। ਦੂਜੇ ਸ਼ਬਦਾਂ ਵਿਚ, ਲੋਕਾਂ ਵਿਚ ਮਸ਼ਹੂਰ ਰੀਤਾਂ-ਰਸਮਾਂ ਵਿੱਚੋਂ ਅਤੇ ਇਨ੍ਹਾਂ ਬਾਰੇ ਲਿਖੀਆਂ ਕਿਤਾਬਾਂ ਵਿੱਚੋਂ ਜੋ ਤੁਹਾਨੂੰ ਠੀਕ ਲੱਗੇ ਉਹੀ ਚੁਣ ਲਓ।”

ਪਰ ਜਿਹੜੇ ਲੋਕ ਸੱਚਾਈ ਜਾਣਨਾ ਚਾਹੁੰਦੇ ਹਨ, ਉਨ੍ਹਾਂ ਲਈ ਅਜਿਹੇ ਮਤਭੇਦ ਵੱਡੀ ਮੁਸ਼ਕਲ ਖੜ੍ਹੀ ਕਰਦੇ ਹਨ। ਕਿਉਂਕਿ ਸੱਚ ਤਾਂ ਸੱਚ ਹੀ ਹੁੰਦਾ ਹੈ, ਇਹ ਬਦਲ ਨਹੀਂ ਸਕਦਾ। ਕੋਈ ਵੀ ਗੱਲ ਇਸ ਲਈ ਸੱਚ ਨਹੀਂ ਹੋ ਜਾਂਦੀ ਕਿ ਕਿਸੇ ਨੂੰ ਇਹ ਠੀਕ ਲੱਗਦੀ ਹੈ ਜਾਂ ਉਹ ਉਮੀਦ ਕਰਦਾ ਹੈ ਜਾਂ ਉਸ ਨੂੰ ਵਿਸ਼ਵਾਸ ਹੈ ਕਿ ਇਹ ਸੱਚ ਹੈ। ਮਿਸਾਲ ਲਈ, ਇਕ ਸਮਾਂ ਸੀ ਜਦੋਂ ਡਾਕਟਰ ਯਕੀਨ ਕਰਦੇ ਸਨ ਕਿ ਜੇ ਨਮੂਨੀਆ ਦੇ ਮਰੀਜ਼ ਦੀ ਛਾਤੀ ਤੇ ਇਕ ਜੀਉਂਦਾ ਕੁੱਕੜ ਦੋ ਹਿੱਸਿਆਂ ਵਿਚ ਕੱਟ ਕੇ ਰੱਖਿਆ ਜਾਵੇ, ਤਾਂ ਉਹ ਠੀਕ ਹੋ ਜਾਵੇਗਾ। ਯਕੀਨਨ, ਬਹੁਤ ਸਾਰੇ ਮਰੀਜ਼ਾਂ ਨੂੰ ਸੱਚੀਂ ਵਿਸ਼ਵਾਸ ਵੀ ਸੀ ਕਿ ਉਹ ਇਸ ਤਰੀਕੇ ਨਾਲ ਠੀਕ ਹੋ ਜਾਣਗੇ। ਪਰ ਉਨ੍ਹਾਂ ਦੇ ਵਿਸ਼ਵਾਸ ਤੇ ਉਨ੍ਹਾਂ ਦੀਆਂ ਉਮੀਦਾਂ ਹਕੀਕਤ ਮੁਤਾਬਕ ਨਹੀਂ ਸਨ, ਕਿਉਂਕਿ ਅਜਿਹੇ ਤਰੀਕੇ ਨਾਲ ਨਮੂਨੀਆ ਠੀਕ ਨਹੀਂ ਹੁੰਦਾ। ਲੋਕ ਸੱਚ ਬਣਾਉਂਦੇ ਨਹੀਂ, ਸਗੋਂ ਸੱਚ ਸਮਝਣ ਦੀ ਕੋਸ਼ਿਸ਼ ਕਰਦੇ ਹਨ।

ਬਾਈਬਲ ਦਾਅਵਾ ਕਰਦੀ ਹੈ ਕਿ ਉਹ ਅਧਿਆਤਮਿਕ ਮਾਮਲਿਆਂ ਬਾਰੇ ਸੱਚਾਈ ਦੱਸਦੀ ਹੈ। ਜਦੋਂ ਯਿਸੂ ਮਸੀਹ ਧਰਤੀ ਤੇ ਸੀ, ਤਾਂ ਉਸ ਨੇ ਆਪਣੇ ਪਿਤਾ ਨੂੰ ਪ੍ਰਾਰਥਨਾ ਕਰਦੇ ਹੋਏ ਕਿਹਾ: “ਤੇਰਾ ਬਚਨ ਸਚਿਆਈ ਹੈ।” (ਯੂਹੰਨਾ 17:17) ਪੌਲੁਸ ਰਸੂਲ ਨੇ ਲਿਖਿਆ: “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ।” (2 ਤਿਮੋਥਿਉਸ 3:16) ਕਾਫ਼ੀ ਸਾਰੇ ਜਾਦੂ-ਟੂਣੇ ਕਰਨ ਵਾਲੇ ਇਸ ਗੱਲ ਨਾਲ ਸਹਿਮਤ ਨਹੀਂ ਹਨ। ਸਗੋਂ, ਉਹ ਪੁਰਾਣ ਕਥਾਵਾਂ, ਪੁਰਾਣੇ ਧਰਮਾਂ, ਇੱਥੋਂ ਤਕ ਕਿ ਵਿਗਿਆਨ ਦੀਆਂ ਮਨ-ਘੜਤ ਕਹਾਣੀਆਂ ਵਿੱਚੋਂ ਪ੍ਰੇਰਣਾ ਅਤੇ ਸੇਧ ਭਾਲਦੇ ਹਨ। ਤਾਂ ਫਿਰ ਕੀ ਇਹ ਠੀਕ ਨਹੀਂ ਹੋਵੇਗਾ ਕਿ ਅਸੀਂ ਇਸ ਮਾਮਲੇ ਬਾਰੇ ਜਾਣਕਾਰੀ ਲੈਣ ਲਈ ਬਾਈਬਲ ਦੀ ਜਾਂਚ ਕਰੀਏ? ਆਖ਼ਰ, ਪੂਰੀ ਦੁਨੀਆਂ ਇਸ ਨੂੰ ਇਕ ਪਵਿੱਤਰ ਕਿਤਾਬ ਮੰਨਦੀ ਹੈ। ਇਸ ਤੋਂ ਇਲਾਵਾ, ਇਹ ਹੁਣ ਤਕ ਬਚਣ ਵਾਲੀਆਂ ਸਭ ਤੋਂ ਪੁਰਾਣੀਆਂ ਧਾਰਮਿਕ ਕਿਤਾਬਾਂ ਵਿੱਚੋਂ ਇਕ ਹੈ। ਬਾਈਬਲ ਲਿਖਣ ਨੂੰ ਤਕਰੀਬਨ 1,600 ਸਾਲ ਲੱਗੇ, ਪਰ ਫਿਰ ਵੀ ਪੂਰੀ ਬਾਈਬਲ ਦੀਆਂ ਸਾਰੀਆਂ ਸਿੱਖਿਆਵਾਂ ਵਿਚ ਇਕਸੁਰਤਾ ਪਾਈ ਜਾਂਦੀ ਹੈ। ਆਓ ਆਪਾਂ ਬਾਈਬਲ ਵਿਚ ਦਿੱਤੀਆਂ ਕੁਝ ਸਿੱਖਿਆਵਾਂ ਦੀ ਅਤੇ ਜਾਦੂ-ਟੂਣਿਆਂ ਨੂੰ ਸ਼ਹਿ ਦੇਣ ਵਾਲੇ ਲੋਕਾਂ ਦੇ ਆਮ ਵਿਸ਼ਵਾਸਾਂ ਦੀ ਤੁਲਨਾ ਕਰ ਕੇ ਦੇਖੀਏ।

ਆਤਮਿਕ ਲੋਕ ਵਿਚ ਕੌਣ ਰਹਿੰਦੇ ਹਨ?

ਅਧਿਆਤਮਿਕ ਸਮਝ ਪ੍ਰਾਪਤ ਕਰਨ ਲਈ ਇਕ ਬੁਨਿਆਦੀ ਸਵਾਲ ਇਹ ਹੈ: ਆਤਮਿਕ ਲੋਕ ਵਿਚ ਕੌਣ ਰਹਿੰਦੇ ਹਨ? ਅੱਜ ਜਾਦੂ-ਟੂਣੇ ਕਰਨ ਵਾਲੇ ਬਹੁਤ ਸਾਰੇ ਲੋਕ ਕੁਦਰਤ ਨੂੰ ਪੂਜਦੇ ਹਨ ਅਤੇ ਇਕ ਤੋਂ ਵੱਧ ਦੇਵੀ-ਦੇਵਤਿਆਂ ਨੂੰ ਮੰਨਦੇ ਹਨ, ਕੁਝ ਮਹਾਨ ਦੇਵੀ ਮਾਤਾ ਦੀ ਪੂਜਾ ਕਰਦੇ ਹਨ ਤੇ ਉਸ ਨੂੰ ਕੁਆਰੀ, ਮਾਂ ਅਤੇ ਬੁੱਢੀ ਤਿੰਨ ਰੂਪਾਂ ਵਿਚ ਪੂਜਦੇ ਹਨ ਜੋ ਜ਼ਿੰਦਗੀ ਦੀਆਂ ਤਿੰਨ ਮੁੱਖ ਅਵਸਥਾਵਾਂ ਨੂੰ ਦਰਸਾਉਂਦੀ ਹੈ। ਉਸ ਦਾ ਪ੍ਰੇਮੀ ਇਕ ਸਿੰਗਾਂ ਵਾਲਾ ਦੇਵਤਾ ਹੈ। ਦੂਸਰੇ ਜਾਦੂ-ਟੂਣੇ ਕਰਨ ਵਾਲੇ ਇਕ ਦੇਵੀ-ਦੇਵਤੇ ਦੀ ਜੋੜੀ ਦੀ ਭਗਤੀ ਕਰਦੇ ਹਨ। ਇਕ ਲੇਖਕ ਕਹਿੰਦਾ ਹੈ: “ਇਹ ਦੇਵੀ ਅਤੇ ਦੇਵਤਾ ਕੁਦਰਤ ਦੀਆਂ ਨਰ ਅਤੇ ਮਾਦਾ ਸ਼ਕਤੀਆਂ ਵਜੋਂ ਜਾਣੇ ਜਾਂਦੇ ਹਨ। ਹਰੇਕ ਸ਼ਕਤੀ ਦੀ ਆਪਣੀ-ਆਪਣੀ ਖ਼ਾਸੀਅਤ ਹੈ ਜਿਨ੍ਹਾਂ ਦੇ ਮਿਲਾਪ ਨਾਲ ਜ਼ਿੰਦਗੀ ਹੋਂਦ ਵਿਚ ਆਉਂਦੀ ਹੈ।” ਇਕ ਹੋਰ ਲੇਖਕਾ ਲਿਖਦੀ ਹੈ: “ਜਾਦੂ-ਟੂਣਿਆਂ ਵਿਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਕਿਸ ਦੇਵੀ ਜਾਂ ਦੇਵਤੇ ਨੂੰ ਮੰਨੋਗੇ। . . . ਇਹ ਤੁਹਾਨੂੰ ਪੂਰੀ-ਪੂਰੀ ਆਜ਼ਾਦੀ ਦਿੰਦੀ ਹੈ ਕਿ ਤੁਸੀਂ ਆਪਣਾ ਮੰਨ-ਪਸੰਦ ਦੇਵੀ ਜਾਂ ਦੇਵਤਾ ਚੁਣੋ ਤੇ ਉਸ ਨੂੰ ਆਪਣੇ ਮਨ-ਭਾਉਂਦੇ ਤਰੀਕੇ ਨਾਲ ਧਿਆਓ।”

ਬਾਈਬਲ ਇਨ੍ਹਾਂ ਵਿੱਚੋਂ ਕਿਸੇ ਵੀ ਵਿਚਾਰ ਦੀ ਹਿਮਾਇਤ ਨਹੀਂ ਕਰਦੀ। ਯਿਸੂ ਮਸੀਹ ਨੇ ਹਮੇਸ਼ਾ ਲੋਕਾਂ ਨੂੰ ‘ਸੱਚੇ ਵਾਹਿਦ ਪਰਮੇਸ਼ੁਰ’ ਯਹੋਵਾਹ ਬਾਰੇ ਪ੍ਰਚਾਰ ਕੀਤਾ। (ਯੂਹੰਨਾ 17:3) ਬਾਈਬਲ ਕਹਿੰਦੀ ਹੈ: “ਯਹੋਵਾਹ ਮਹਾਨ ਤੇ ਅੱਤ ਉਸਤਤ ਜੋਗ ਹੈ, ਉਹ ਸਾਰੇ ਦੇਵਤਿਆਂ ਨਾਲੋਂ ਭੈ ਦਾਇਕ ਹੈ। ਲੋਕਾਂ ਦੇ ਸਾਰੇ ਦੇਵਤੇ ਬੁੱਤ ਹੀ ਹਨ।”—1 ਇਤਹਾਸ 16:25, 26.

ਸ਼ਤਾਨ ਬਾਰੇ ਕੀ? ਵੈਬਸਟਰਸ ਨਿਊ ਕੌਲੀਜੀਏਟ ਡਿਕਸ਼ਨਰੀ ਜਾਦੂ-ਟੂਣੇ ਦੀ ਪਰਿਭਾਸ਼ਾ ਇੰਜ ਦਿੰਦੀ ਹੈ: “ਇਬਲੀਸ ਨਾਲ ਗੱਲ-ਬਾਤ ਕਰਨੀ।” ਪਰ ਅੱਜ ਦੇ ਜ਼ਮਾਨੇ ਦਾ ਕੋਈ ਵੀ ਜਾਦੂ-ਟੂਣੇ ਕਰਨ ਵਾਲਾ ਇਸ ਪਰਿਭਾਸ਼ਾ ਨਾਲ ਸਹਿਮਤ ਨਹੀਂ ਹੋਵੇਗਾ, ਕਿਉਂਕਿ ਕਈ ਤਾਂ ਸ਼ਤਾਨ ਦੀ ਹੋਂਦ ਨੂੰ ਹੀ ਨਹੀਂ ਮੰਨਦੇ ਜਿਸ ਨੂੰ ਇਬਲੀਸ ਵੀ ਕਿਹਾ ਜਾਂਦਾ ਹੈ। ਇਕ ਜਵਾਨ ਤੀਵੀਂ, ਜਿਸ ਨੂੰ ਦੀ ਆਇਰਿਸ਼ ਟਾਈਮਜ਼ ਅਖ਼ਬਾਰ ਵਿਚ ਇਕ ਉੱਚੇ ਦਰਜੇ ਦੀ ਜਾਦੂਗਰਨੀ ਅਤੇ ਆਇਰਲੈਂਡ ਦੀ ਸਭ ਤੋਂ ਮਸ਼ਹੂਰ ਜਾਦੂਗਰਨੀਆਂ ਦੀ ਮੰਡਲੀ ਦੀ ਸਰਦਾਰਨੀ ਕਿਹਾ ਗਿਆ ਹੈ, ਨੇ ਇਹ ਦਲੀਲ ਪੇਸ਼ ਕੀਤੀ: “ਸ਼ਤਾਨ ਨੂੰ ਮੰਨਣਾ ਯਾਨੀ ਮਸੀਹੀਅਤ ਨੂੰ ਮੰਨਣਾ ਹੈ . . . ਜੇਕਰ ਪਰਮੇਸ਼ੁਰ ਨਹੀਂ ਤਾਂ [ਸ਼ਤਾਨ] ਵੀ ਨਹੀਂ ਹੋ ਸਕਦਾ।”

ਬਾਈਬਲ ਸ਼ਤਾਨ ਦੀ ਹੋਂਦ ਨੂੰ ਮੰਨਦੀ ਹੈ ਅਤੇ ਉਸ ਨੂੰ ਧਰਤੀ ਉੱਤੇ ਦੁੱਖ ਅਤੇ ਖਲਬਲੀ ਮਚਾਉਣ ਦਾ ਜ਼ਿੰਮੇਵਾਰ ਠਹਿਰਾਉਂਦੀ ਹੈ। (ਪਰਕਾਸ਼ ਦੀ ਪੋਥੀ 12:12) ਯਿਸੂ ਨੇ ਸਿਰਫ਼ ਇਹੀ ਨਹੀਂ ਸਿਖਾਇਆ ਕਿ ਸ਼ਤਾਨ ਸੱਚੀ-ਮੁੱਚੀ ਹੈ, ਸਗੋਂ ਇਹ ਵੀ ਦਿਖਾਇਆ ਕਿ ਇਕ ਵਿਅਕਤੀ ਅਣਜਾਣਪੁਣੇ ਵਿਚ ਹੀ ਸ਼ਤਾਨ ਦੀ ਇੱਛਾ ਪੂਰੀ ਕਰ ਰਿਹਾ ਹੋ ਸਕਦਾ ਹੈ। ਉਦਾਹਰਣ ਲਈ, ਆਪਣੇ ਆਪ ਨੂੰ ਬਹੁਤ ਹੀ ਧਰਮੀ ਮੰਨਣ ਵਾਲੇ ਪਹਿਲੀ ਸਦੀ ਦੇ ਧਾਰਮਿਕ ਲੀਡਰਾਂ ਨੇ ਇਹ ਦਾਅਵਾ ਕੀਤਾ ਕਿ ਉਹ ਪਰਮੇਸ਼ੁਰ ਦੇ ਪੁੱਤਰ ਸਨ ਤੇ ਉਹ ਵਿਸ਼ਵਾਸ ਕਰਦੇ ਸਨ ਕਿ ਉਹ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਰਹੇ ਹਨ। ਯਿਸੂ ਜੋ ਜਾਣ ਸਕਦਾ ਸੀ ਕਿ ਉਨ੍ਹਾਂ ਦੇ ਦਿਲ ਵਿਚ ਕੀ ਹੈ, ਨੇ ਉਨ੍ਹਾਂ ਬਾਰੇ ਵੱਖ ਹੀ ਰਾਇ ਦਿੱਤੀ। ਉਸ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਕਿਹਾ: “ਤੁਸੀਂ ਆਪਣੇ ਪਿਉ ਸ਼ਤਾਨ ਤੋਂ ਹੋ ਅਤੇ ਆਪਣੇ ਪਿਉ ਦੀਆਂ ਕਾਮਨਾਂ ਦੇ ਅਨੁਸਾਰ ਕਰਨਾ ਚਾਹੁੰਦੇ ਹੋ।” (ਯੂਹੰਨਾ 8:44) ਇਸ ਤੋਂ ਇਲਾਵਾ, ਬਾਈਬਲ ਦੀ ਪਰਕਾਸ਼ ਦੀ ਪੋਥੀ ਦੱਸਦੀ ਹੈ ਕਿ ਸ਼ਤਾਨ “ਸਾਰੇ ਜਗਤ ਨੂੰ ਭਰਮਾਉਂਦਾ ਹੈ।”—ਪਰਕਾਸ਼ ਦੀ ਪੋਥੀ 12:9.

ਕੀ ਕੋਈ ਜਾਦੂ-ਟੂਣਾ ਫ਼ਾਇਦੇਮੰਦ ਵੀ ਹੁੰਦਾ ਹੈ?

ਅਕਸਰ ਲੋਕ ਜਾਦੂ-ਟੂਣੇ ਦਾ ਸੰਬੰਧ ਭੂਤ ਵਿੱਦਿਆ ਨਾਲ ਜੋੜਦੇ ਹਨ। * ਪੁਰਾਣੇ ਅਤੇ ਅੱਜ ਦੇ ਜ਼ਮਾਨੇ ਦੇ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਜਾਦੂ-ਟੂਣੇ ਕਰਨ ਵਾਲੇ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਅਜਿਹੇ ਲੋਕ ਇਸ ਗੱਲ ਲਈ ਮਸ਼ਹੂਰ ਹਨ ਕਿ ਉਹ ਜਾਦੂ-ਟੂਣਿਆਂ ਦੇ ਸਹਾਰੇ ਲੋਕਾਂ ਨੂੰ ਡਾਢੇ ਦੁੱਖ ਦਿੰਦੇ ਹਨ, ਕਈ ਵਾਰ ਤਾਂ ਉਹ ਲੋਕਾਂ ਦੀਆਂ ਜਾਨਾਂ ਵੀ ਲੈਂਦੇ ਹਨ। ਇਨ੍ਹਾਂ ਲੋਕਾਂ ਉੱਤੇ ਪੁਰਾਣੇ ਸਮੇਂ ਤੋਂ ਹੀ ਬੀਮਾਰੀਆਂ, ਮੌਤਾਂ ਅਤੇ ਫ਼ਸਲਾਂ ਦੀਆਂ ਤਬਾਹੀਆਂ ਵਰਗੀਆਂ ਬੇਅੰਤ ਬਿਪਤਾਵਾਂ ਲਿਆਉਣ ਦਾ ਦੋਸ਼ ਲਾਇਆ ਜਾਂਦਾ ਰਿਹਾ ਹੈ।

ਪਰ ਅੱਜ-ਕੱਲ੍ਹ ਦੇ ਜਾਦੂ-ਟੂਣੇ ਕਰਨ ਵਾਲੇ ਇਹ ਕਹਿੰਦੇ ਹਨ ਕਿ ਇਹ ਸਰਾਸਰ ਝੂਠ ਹੈ। ਅਜਿਹੇ ਲੋਕ ਇਹ ਗੱਲ ਮੰਨਦੇ ਹਨ ਕਿ ਕੁਝ ਅਜਿਹੇ ਜਾਦੂਗਰ ਜਾਂ ਜਾਦੂਗਰਨੀਆਂ ਹੋ ਸਕਦੀਆਂ ਹਨ ਜੋ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਜਾਦੂ-ਟੂਣੇ ਕਰਦੀਆਂ ਹਨ, ਫਿਰ ਵੀ ਇਨ੍ਹਾਂ ਵਿੱਚੋਂ ਜ਼ਿਆਦਾਤਰ ਇਹੀ ਮੰਨਦੇ ਹਨ ਕਿ ਜਾਦੂ-ਟੂਣੇ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਨਹੀਂ, ਸਗੋਂ ਭਲਾਈ ਲਈ ਕੀਤੇ ਜਾਂਦੇ ਹਨ। ਅਜਿਹੇ ਲੋਕ ਸਿਖਾਉਂਦੇ ਹਨ ਕਿ ਜਾਦੂ-ਟੂਣੇ ਕਰਨ ਵਾਲਾ ਜੋ ਵੀ ਟੂਣਾ ਕਰਦਾ ਹੈ, ਉਸ ਦਾ ਖ਼ੁਦ ਆਪਣੇ ਉੱਤੇ ਤਿੰਨ ਗੁਣਾਂ ਅਸਰ ਪੈਂਦਾ ਹੈ। ਇਸੇ ਕਰਕੇ ਉਹ ਦੂਜਿਆਂ ਦਾ ਨੁਕਸਾਨ ਕਰਨ ਤੋਂ ਡਰਦੇ ਹਨ। ਇਸ ਤਰ੍ਹਾਂ ਦੇ “ਫ਼ਾਇਦੇਮੰਦ” ਜਾਦੂ-ਟੂਣਿਆਂ ਦੀਆਂ ਕਈ ਮਿਸਾਲਾਂ ਹਨ ਜਿਵੇਂ ਕਿ ਆਪਣੇ ਬਚਾਅ ਲਈ ਜੰਤਰ-ਮੰਤਰ ਕਰਨੇ, ਪਹਿਲੇ ਕਿਰਾਏਦਾਰਾਂ ਵੱਲੋਂ ਛੱਡੀ ਕਿਸੇ ਬੁਰੀ ਛਾਇਆ ਤੋਂ ਘਰ ਨੂੰ ਸ਼ੁੱਧ ਕਰਨਾ, ਆਪਣੇ ਨਾਲ ਕਿਸੇ ਦਾ ਪਿਆਰ-ਮੁਹੱਬਤ ਪਾਉਣਾ, ਬੀਮਾਰੀਆਂ ਤੇ ਸਿਹਤ ਦੀ ਤੰਦਰੁਸਤੀ ਲਈ ਟੂਣੇ ਕਰਨਾ, ਨੌਕਰੀ ਛੁੱਟਣ ਦੇ ਨੁਕਸਾਨ ਨੂੰ ਰੋਕਣਾ ਅਤੇ ਪੈਸਾ ਕਮਾਉਣਾ। ਇਸ ਦੇ ਇੰਨੇ ਫ਼ਾਇਦੇ ਹੋਣ ਕਰਕੇ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਜਾਦੂ-ਟੂਣੇ ਕਰਨ ਵੱਲ ਲੋਕਾਂ ਦਾ ਰੁਝਾਨ ਕਾਫ਼ੀ ਵੱਧ ਗਿਆ ਹੈ।

ਪਰ, ਬਾਈਬਲ ਚੰਗੇ ਜਾਂ ਮਾੜੇ ਹਰ ਤਰ੍ਹਾਂ ਦੇ ਜਾਦੂ ਨੂੰ ਨਿੰਦਦੀ ਹੈ। ਮੂਸਾ ਨੂੰ ਦਿੱਤੇ ਨਿਯਮਾਂ ਵਿਚ ਪਰਮੇਸ਼ੁਰ ਨੇ ਸਾਫ਼-ਸਾਫ਼ ਕਿਹਾ: ‘ਤੁਸਾਂ ਜਾਦੂ ਨਾ ਕਰਨੇ।’ (ਲੇਵੀਆਂ 19:26) ਬਾਈਬਲ ਵਿਚ ਇਹ ਵੀ ਲਿਖਿਆ ਹੈ: ‘ਤੁਹਾਡੇ ਵਿੱਚ ਕੋਈ ਨਾ ਪਾਇਆ ਜਾਵੇ ਜਿਹੜਾ ਮਹੂਰਤ ਵੇਖਣ ਵਾਲਾ, ਮੰਤਰੀ ਯਾ ਜਾਦੂਗਰ ਹੋਵੇ।’—ਬਿਵਸਥਾ ਸਾਰ 18:10, 11.

ਪਰਮੇਸ਼ੁਰ ਨੇ ਅਜਿਹਾ ਕਿਉਂ ਕਿਹਾ? ਅਜਿਹਾ ਉਸ ਨੇ ਇਸ ਲਈ ਨਹੀਂ ਕਿਹਾ ਸੀ ਕਿ ਉਹ ਸਾਡੇ ਤੋਂ ਕੋਈ ਫ਼ਾਇਦੇਮੰਦ ਚੀਜ਼ ਲੁਕਾਉਣੀ ਚਾਹੁੰਦਾ ਹੈ, ਸਗੋਂ ਯਹੋਵਾਹ ਨੇ ਆਪਣੇ ਲੋਕਾਂ ਨੂੰ ਇਹ ਨਿਯਮ ਇਸ ਲਈ ਦਿੱਤੇ ਸਨ, ਕਿਉਂਕਿ ਉਹ ਉਨ੍ਹਾਂ ਨਾਲ ਪਿਆਰ ਕਰਦਾ ਸੀ ਤੇ ਉਹ ਉਨ੍ਹਾਂ ਨੂੰ ਡਰ ਅਤੇ ਕਿਸੇ ਤਰ੍ਹਾਂ ਦੇ ਵਹਿਮਾਂ-ਭਰਮਾਂ ਵਿਚ ਫਸਾਉਣਾ ਨਹੀਂ ਚਾਹੁੰਦਾ ਸੀ। ਸਗੋਂ, ਪਰਮੇਸ਼ੁਰ ਆਪਣੇ ਸੇਵਕਾਂ ਨੂੰ ਕਹਿੰਦਾ ਹੈ ਕਿ ਉਹ ਕਿਸੇ ਵੀ ਚੀਜ਼ ਲਈ ਉਸ ਨੂੰ ਪ੍ਰਾਰਥਨਾ ਕਰਨ। “ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ” ਦੇਣ ਵਾਲਾ ਉਹੋ ਹੀ ਹੈ। (ਯਾਕੂਬ 1:17) ਯੂਹੰਨਾ ਰਸੂਲ ਨੇ ਆਪਣੇ ਸਾਥੀ ਨਿਹਚਾਵਾਨਾਂ ਨੂੰ ਭਰੋਸਾ ਦਿਵਾਇਆ: “ਜੋ ਕੁਝ ਅਸੀਂ ਮੰਗਦੇ ਹਾਂ ਸੋ [ਪਰਮੇਸ਼ੁਰ] ਤੋਂ ਸਾਨੂੰ ਮਿਲਦਾ ਹੈ ਕਿਉਂ ਜੋ ਉਹ ਦੇ ਹੁਕਮਾਂ ਦੀ ਪਾਲਨਾ ਕਰਦੇ ਹਾਂ ਅਤੇ ਉਹ ਕੰਮ ਕਰਦੇ ਹਾਂ ਜਿਹੜੇ ਉਹ ਨੂੰ ਭਾਉਂਦੇ ਹਨ।”—1 ਯੂਹੰਨਾ 3:22.

ਭੂਤਾਂ-ਪ੍ਰੇਤਾਂ ਬਾਰੇ ਕੀ?

ਬਹੁਤ ਸਾਰੇ ਜਾਦੂ-ਟੂਣੇ ਕਰਨ ਵਾਲੇ ਬਾਈਬਲ ਦੀ ਇਸ ਗੱਲ ਨਾਲ ਸਹਿਮਤ ਹਨ ਕਿ ਭੂਤ-ਪ੍ਰੇਤ ਸੱਚੀ-ਮੁੱਚੀ ਹੁੰਦੇ ਹਨ। ਇਸ ਦੀ ਹਿਮਾਇਤ ਕਰਨ ਵਾਲਾ ਇਕ ਲਿਖਾਰੀ ਆਪਣੇ ਇਕ ਲੇਖ ਵਿਚ ਇੰਜ ਖ਼ਬਰਦਾਰ ਕਰਦਾ ਹੈ: “ਭੂਤ-ਪ੍ਰੇਤ ਹੁੰਦੇ ਹਨ। ਉਹ ਸਾਡੇ ਹੀ ਵਰਗੇ ਇਕ ਅਦਿੱਖ ਸੰਸਾਰ ਵਿਚ ਰਹਿੰਦੇ ਹਨ, ਉਹ ਜੀਉਂਦੇ ਪ੍ਰਾਣੀ ਹਨ। . . . ‘ਭੂਤ-ਪ੍ਰੇਤ,’ ‘ਭ੍ਰਿਸ਼ਟ ਆਤਮਾ’ ਅਤੇ ‘ਚੰਦਰੀਆਂ ਰੂਹਾਂ’ ਜਿਹੇ ਸ਼ਬਦ ਇਨ੍ਹਾਂ ਲਈ ਬਿਲਕੁਲ ਸਹੀ-ਸਹੀ ਵਰਤੇ ਗਏ ਹਨ। ਇਹ ਕਾਫ਼ੀ ਤਾਕਤਵਰ ਹੁੰਦੇ ਹਨ। . . . ਸਭ ਤੋਂ ਜ਼ਿਆਦਾ ਅਕਲਮੰਦ ਭੂਤ . . . (ਜੇ ਕੋਈ ਉਨ੍ਹਾਂ ਲਈ ਰਾਹ ਖੋਲ੍ਹ ਦੇਵੇ) ਸਾਡੀ ਦੁਨੀਆਂ ਵਿਚ ਦਾਖ਼ਲ ਹੋ ਸਕਦੇ ਹਨ। . . . ਇਹ ਤੁਹਾਡੇ ਸਰੀਰ ਅੰਦਰ ਦਾਖ਼ਲ ਹੋ ਸਕਦੇ ਹਨ . . . , ਇੱਥੋਂ ਤਕ ਕਿ ਉਹ ਤੁਹਾਨੂੰ ਆਪਣੇ ਵੱਸ ਵਿਚ ਵੀ ਕਰ ਸਕਦੇ ਹਨ। ਜੀ ਹਾਂ, ਇਹ ਸਭ ਉਸੇ ਤਰ੍ਹਾਂ ਹੀ ਹੈ, ਜਿਵੇਂ ਭੂਤ-ਪ੍ਰੇਤ ਚਿੰਬੜਨ ਦੀਆਂ ਪੁਰਾਣੀਆਂ ਕਹਾਣੀਆਂ ਵਿਚ ਦੱਸਿਆ ਜਾਂਦਾ ਸੀ।”

ਬਾਈਬਲ ਸਮੇਂ ਵਿਚ ਭੂਤਾਂ ਨੇ ਕਈ ਤਰੀਕਿਆਂ ਨਾਲ ਲੋਕਾਂ ਨੂੰ ਸਤਾਇਆ ਸੀ। ਭੂਤਾਂ ਦੇ ਸ਼ਿਕਾਰ ਹੋਏ ਕਈ ਵਿਅਕਤੀ ਗੂੰਗੇ ਸਨ, ਕਈ ਅੰਨ੍ਹੇ ਸਨ, ਕਈ ਪਾਗਲਾਂ ਵਾਂਗ ਹਰਕਤਾਂ ਕਰਦੇ ਸਨ ਤੇ ਕਈਆਂ ਵਿਚ ਅਲੌਕਿਕ ਸ਼ਕਤੀ ਸੀ। (ਮੱਤੀ 9:32; 12:22; 17:15, 18; ਮਰਕੁਸ 5:2-5; ਲੂਕਾ 8:29; 9:42; 11:14; ਰਸੂਲਾਂ ਦੇ ਕਰਤੱਬ 19:16) ਕਈ ਵਾਰ ਤਾਂ ਦੁੱਖ ਹੋਰ ਵੀ ਵਧ ਜਾਂਦੇ ਸਨ ਜਦੋਂ ਇੱਕੋ ਵਿਅਕਤੀ ਅੰਦਰ ਬਹੁਤ ਸਾਰੇ ਭੂਤ ਇਕੱਠੇ ਹੀ ਵੜ ਜਾਂਦੇ ਸਨ। (ਲੂਕਾ 8:2, 30) ਯਕੀਨਨ, ਇਨ੍ਹਾਂ ਖ਼ਤਰਿਆਂ ਕਰਕੇ ਹੀ ਯਹੋਵਾਹ ਸਾਨੂੰ ਹਰ ਤਰ੍ਹਾਂ ਦੇ ਜਾਦੂ-ਟੂਣਿਆਂ ਅਤੇ ਜੰਤਰਾਂ-ਮੰਤਰਾਂ ਤੋਂ ਪਰੇ ਰਹਿਣ ਦੀ ਚੇਤਾਵਨੀ ਦਿੰਦਾ ਹੈ।

ਸੱਚਾਈ ਤੇ ਆਧਾਰਿਤ ਧਰਮ

ਅੱਜ-ਕੱਲ੍ਹ ਬਹੁਤ ਸਾਰੇ ਲੋਕ ਜਾਦੂ-ਟੂਣਿਆਂ ਵੱਲ ਇਸ ਲਈ ਖਿੱਚੇ ਜਾਂਦੇ ਹਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਵਿਚ ਕੋਈ ਨੁਕਸਾਨ ਨਹੀਂ, ਸਗੋਂ ਇਹ ਫ਼ਾਇਦੇਮੰਦ ਹੈ ਅਤੇ ਕੁਦਰਤ ਦੀ ਪੂਜਾ ਕਰਨ ਵਾਲਾ ਇਕ ਧਰਮ ਹੈ। ਬਹੁਤ ਸਾਰੇ ਲੋਕਾਂ ਨੇ ਇਸ ਨੂੰ ਇਕ ਧਰਮ ਵਜੋਂ ਅਪਣਾ ਲਿਆ ਹੈ। ਇਸ ਤੋਂ ਹੁਣ ਲੋਕਾਂ ਨੂੰ ਡਰ ਨਹੀਂ ਲੱਗਦਾ, ਸਗੋਂ ਲੋਕ ਇਸ ਨੂੰ ਆਮ ਜਿਹੀ ਗੱਲ ਸਮਝਦੇ ਹਨ। ਇਸ ਮਾਹੌਲ ਵਿਚ ਜਿੱਥੇ ਹਰ ਧਰਮ ਨੂੰ ਮੰਨਣ ਦੀ ਪੂਰੀ-ਪੂਰੀ ਛੋਟ ਹੈ ਅਤੇ ਲੋਕੀ ਕਿਸੇ ਵੀ ਅਨੋਖੀ ਤੋਂ ਅਨੋਖੀ ਚੀਜ਼ ਤੇ ਵਿਸ਼ਵਾਸ ਕਰ ਲੈਂਦੇ ਹਨ, ਉੱਥੇ ਜਾਦੂ-ਟੂਣਿਆਂ ਨੂੰ ਵੀ ਕਾਫ਼ੀ ਮਾਨਤਾ ਮਿਲੀ ਹੈ।

ਅਸਲ ਵਿਚ, ਧਰਮਾਂ ਦਾ ਸੰਸਾਰ ਇਕ ਅਜਿਹਾ ਬਜ਼ਾਰ ਬਣ ਗਿਆ ਹੈ ਜਿਸ ਵਿੱਚੋਂ ਹਰ ਕੋਈ ਠੀਕ ਜੁੱਤੀਆਂ ਦਾ ਇਕ ਜੋੜਾ ਖ਼ਰੀਦਣ ਵਾਂਗ ਆਪਣੀਆਂ ਲੋੜਾਂ ਮੁਤਾਬਕ ਕੋਈ ਵੀ ਧਰਮ ਚੁਣਨ ਲਈ ਆਜ਼ਾਦ ਹੈ। ਇਸ ਤੋਂ ਉਲਟ ਯਿਸੂ ਨੇ ਸਿਰਫ਼ ਦੋ ਚੋਣਾਂ ਦੀ ਗੱਲ ਕੀਤੀ। ਉਸ ਨੇ ਕਿਹਾ: “ਭੀੜੇ ਫਾਟਕ ਤੋਂ ਵੜੋ ਕਿਉਂ ਜੋ ਮੋਕਲਾ ਹੈ ਉਹ ਫਾਟਕ ਅਤੇ ਖੁੱਲ੍ਹਾ ਹੈ ਉਹ ਰਾਹ ਜਿਹੜਾ ਨਾਸ ਨੂੰ ਜਾਂਦਾ ਹੈ ਅਰ ਬਹੁਤੇ ਹਨ ਜਿਹੜੇ ਉਸ ਤੋਂ ਜਾਂਦੇ ਹਨ। ਅਤੇ ਭੀੜਾ ਹੈ ਉਹ ਫਾਟਕ ਅਤੇ ਸੌੜਾ ਹੈ ਉਹ ਰਾਹ ਜਿਹੜਾ ਜੀਉਣ ਨੂੰ ਜਾਂਦਾ ਹੈ ਅਤੇ ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ।” (ਮੱਤੀ 7:13, 14) ਅਸੀਂ ਸਾਰੇ ਕੋਈ ਵੀ ਰਾਹ ਚੁਣਨ ਲਈ ਆਜ਼ਾਦ ਹਾਂ। ਪਰ ਕਿਉਂਕਿ ਸਾਡੀ ਸਦੀਪਕ ਭਲਾਈ ਖ਼ਤਰੇ ਵਿਚ ਹੈ, ਇਸ ਲਈ ਸਹੀ ਚੋਣ ਕਰਨੀ ਬਹੁਤ ਲਾਜ਼ਮੀ ਹੈ। ਅਧਿਆਤਮਿਕ ਗਿਆਨ ਪਾਉਣ ਲਈ, ਸਾਨੂੰ ਸੱਚਾਈ ਦਾ ਰਾਹ ਜ਼ਰੂਰ ਫੜਨਾ ਚਾਹੀਦਾ ਹੈ—ਉਹ ਰਾਹ ਜਿਹੜਾ ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਦੱਸਿਆ ਗਿਆ ਹੈ।

[ਫੁਟਨੋਟ]

^ ਪੈਰਾ 12 ਸਟੇਜ ਉੱਤੇ ਕੀਤੇ ਜਾਣ ਵਾਲੇ ਜਾਦੂ ਅਤੇ ਜਾਦੂ-ਟੂਣਿਆਂ ਵਿਚ ਫ਼ਰਕ ਹੁੰਦਾ ਹੈ। ਇਹ ਦੇਖਣ ਲਈ 8 ਸਤੰਬਰ 1993 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਸਫ਼ਾ 26 ਉੱਤੇ “ਕੀ ਜਾਦੂ ਵਿਚ ਕੋਈ ਖ਼ਤਰਾ ਹੈ?” ਦੇਖੋ।

[ਸਫ਼ੇ 5 ਉੱਤੇ ਤਸਵੀਰ]

ਬਹੁਤ ਸਾਰੇ ਲੋਕ ਅੱਜ ਜਾਦੂ-ਟੂਣਿਆਂ ਨੂੰ ਫ਼ਾਇਦੇਮੰਦ ਅਤੇ ਕੁਦਰਤ ਦੀ ਪੂਜਾ ਕਰਨ ਵਾਲਾ ਧਰਮ ਸਮਝਦੇ ਹਨ

[ਸਫ਼ੇ 6 ਉੱਤੇ ਤਸਵੀਰ]

ਜਾਦੂ-ਟੂਣੇ ਦਾ ਸੰਬੰਧ ਹਮੇਸ਼ਾ ਭੂਤ ਵਿੱਦਿਆ ਨਾਲ ਜੋੜਿਆ ਗਿਆ ਹੈ

[ਸਫ਼ੇ 6 ਉੱਤੇ ਤਸਵੀਰ]

ਕੀ ਜਾਦੂ-ਟੂਣੇ ਕਰਨ ਵਾਲੇ ਅਣਜਾਣੇ ਵਿਚ ਹੀ ਸ਼ਤਾਨ ਦੀ ਇੱਛਾ ਪੂਰੀ ਕਰ ਰਹੇ ਹਨ?

[ਸਫ਼ੇ 7 ਉੱਤੇ ਤਸਵੀਰ]

ਬਾਈਬਲ ਸੱਚਾਈ ਦਾ ਰਾਹ ਦੱਸਦੀ ਹੈ