Skip to content

Skip to table of contents

“ਤੁਸੀਂ ਬਾਈਬਲ ਬਾਰੇ ਬਹੁਤ ਕੁਝ ਜਾਣਦੇ ਹੋ”

“ਤੁਸੀਂ ਬਾਈਬਲ ਬਾਰੇ ਬਹੁਤ ਕੁਝ ਜਾਣਦੇ ਹੋ”

ਰਾਜ ਘੋਸ਼ਕ ਰਿਪੋਰਟ ਕਰਦੇ ਹਨ

“ਤੁਸੀਂ ਬਾਈਬਲ ਬਾਰੇ ਬਹੁਤ ਕੁਝ ਜਾਣਦੇ ਹੋ”

ਜਦੋਂ 12 ਸਾਲ ਦੇ ਯਿਸੂ ਨੇ ਬੜੀ ਹਿੰਮਤ ਨਾਲ ਯਰੂਸ਼ਲਮ ਵਿਚ ਧਾਰਮਿਕ ਆਗੂਆਂ ਨਾਲ ਗੱਲ ਕੀਤੀ, ਤਾਂ “ਸਾਰੇ ਸੁਣਨ ਵਾਲੇ ਉਹ ਦੀ ਸਮਝ ਅਤੇ ਉਹ ਦੇ ਉੱਤਰਾਂ ਤੋਂ ਹੈਰਾਨ ਹੋਏ।” (ਲੂਕਾ 2:47) ਇਸੇ ਤਰ੍ਹਾਂ ਅੱਜ ਵੀ, ਯਹੋਵਾਹ ਦੇ ਬਹੁਤ ਸਾਰੇ ਨੌਜਵਾਨ ਸੇਵਕਾਂ ਨੇ ਆਪਣੇ ਅਧਿਆਪਕਾਂ ਅਤੇ ਸਹਿਪਾਠੀਆਂ ਨੂੰ ਪਰਮੇਸ਼ੁਰ ਅਤੇ ਬਾਈਬਲ ਬਾਰੇ ਬੜੀ ਦਲੇਰੀ ਨਾਲ ਗਵਾਹੀ ਦਿੱਤੀ ਹੈ। ਅਜਿਹੀ ਦਲੇਰੀ ਦਿਖਾਉਣ ਤੇ ਅਕਸਰ ਉਨ੍ਹਾਂ ਨੂੰ ਖ਼ੁਸ਼ੀ ਭਰੇ ਨਤੀਜੇ ਮਿਲਦੇ ਹਨ।

ਟਿਫ਼ਨੀ ਨਾਂ ਦੀ ਯਹੋਵਾਹ ਦੀ ਇਕ ਗਵਾਹ ਨੂੰ ਹੀ ਲਓ ਜਿਸ ਦੀ ਉਮਰ 14 ਸਾਲ ਦੀ ਹੈ। ਇਕ ਵਾਰ ਉਸ ਦੀ ਕਲਾਸ ਵਿਚ ਬਾਈਬਲ ਦੀ ਕਿਤਾਬ ਦਾਨੀਏਲ 9:24-27 ਵਿਚ ਪਾਈ ਜਾਂਦੀ 70 ਸਾਤਿਆਂ ਵਾਲੀ ਭਵਿੱਖਬਾਣੀ ਦੀ ਚਰਚਾ ਕੀਤੀ ਗਈ। ਅਧਿਆਪਕ ਨੇ ਇਨ੍ਹਾਂ ਆਇਤਾਂ ਬਾਰੇ ਥੋੜ੍ਹਾ-ਬਹੁਤ ਸਮਝਾਇਆ ਤੇ ਫਟਾਫਟ ਗੱਲ ਨੂੰ ਖ਼ਤਮ ਕਰ ਦਿੱਤਾ।

ਟਿਫ਼ਨੀ ਦੱਸਦੀ ਹੈ ਕਿ ਪਹਿਲਾਂ ਤਾਂ ਮੈਂ ਆਪਣਾ ਹੱਥ ਖੜ੍ਹਾ ਕਰਨ ਤੋਂ ਹਿਚਕਿਚਾਈ। ਉਹ ਕਹਿੰਦੀ ਹੈ: “ਪਰ ਜਦੋਂ ਆਇਤਾਂ ਨੂੰ ਚੰਗੀ ਤਰ੍ਹਾਂ ਨਾ ਸਮਝਾਇਆ ਗਿਆ, ਤਾਂ ਮੈਨੂੰ ਚੰਗਾ ਜਿਹਾ ਨਹੀਂ ਲੱਗਾ ਤੇ ਅਚਾਨਕ ਹੀ ਮੇਰਾ ਹੱਥ ਖੜ੍ਹਾ ਹੋ ਗਿਆ।” ਅਧਿਆਪਕ ਇਸ ਗੱਲ ਤੋਂ ਹੈਰਾਨ ਸੀ ਕਿ ਮੈਨੂੰ ਇਸ ਭਵਿੱਖਬਾਣੀ ਬਾਰੇ ਜਾਣਕਾਰੀ ਹੈ, ਕਿਉਂਕਿ ਜ਼ਿਆਦਾਤਰ ਵਿਦਿਆਰਥੀਆਂ ਨੂੰ ਇਹ ਭਵਿੱਖਬਾਣੀ ਸਮਝਣ ਵਿਚ ਬਹੁਤ ਔਖੀ ਲੱਗੀ ਸੀ।

ਜਦੋਂ ਟਿਫ਼ਨੀ ਨੂੰ ਭਵਿੱਖਬਾਣੀ ਸਮਝਾਉਣ ਦਾ ਮੌਕਾ ਮਿਲਿਆ, ਤਾਂ ਉਹ ਖੜ੍ਹੀ ਹੋਈ ਅਤੇ ਬਿਨਾਂ ਕੋਈ ਕਿਤਾਬ ਦੇਖੇ ਮੂੰਹ-ਜ਼ਬਾਨੀ ਸਮਝਾਉਣ ਲੱਗ ਪਈ। ਉਸ ਦੇ ਬੋਲਣ ਤੋਂ ਬਾਅਦ ਸਾਰੀ ਕਲਾਸ ਵਿਚ ਚੁੱਪ ਛਾ ਗਈ। ਟਿਫ਼ਨੀ ਥੋੜ੍ਹੀ ਜਿਹੀ ਘਬਰਾ ਗਈ। ਬਾਅਦ ਵਿਚ ਕਲਾਸ ਨੇ ਤਾੜੀਆਂ ਮਾਰ ਕੇ ਉਸ ਦੀ ਵਾਹ ਵਾਹ ਕੀਤੀ।

ਅਧਿਆਪਕ ਨੇ ਵਾਰ-ਵਾਰ ਕਿਹਾ: “ਸ਼ਾਬਾਸ਼ ਟਿਫ਼ਨੀ ਸ਼ਾਬਾਸ਼!” ਉਸ ਨੇ ਮੰਨਿਆ ਕਿ ਉਹ ਇਨ੍ਹਾਂ ਆਇਤਾਂ ਬਾਰੇ ਜ਼ਿਆਦਾ ਨਹੀਂ ਜਾਣਦਾ ਸੀ, ਪਰ ਟਿਫ਼ਨੀ ਪਹਿਲੀ ਕੁੜੀ ਸੀ ਜਿਸ ਨੇ ਉਸ ਨੂੰ ਇਹ ਆਇਤਾਂ ਇੰਨੀ ਚੰਗੀ ਤਰ੍ਹਾਂ ਨਾਲ ਸਮਝਾਈਆਂ ਸਨ। ਕਲਾਸ ਖ਼ਤਮ ਹੋਣ ਤੇ, ਉਸ ਨੇ ਟਿਫ਼ਨੀ ਨੂੰ ਪੁੱਛਿਆ ਕਿ ਉਸ ਨੂੰ ਬਾਈਬਲ ਬਾਰੇ ਇੰਨਾ ਕੁਝ ਕਿਵੇਂ ਪਤਾ ਲੱਗਾ।

ਉਸ ਨੇ ਜਵਾਬ ਦਿੱਤਾ: “ਕਿਉਂਕਿ ਮੈਂ ਯਹੋਵਾਹ ਦੀ ਇਕ ਗਵਾਹ ਹਾਂ।” “ਭਵਿੱਖਬਾਣੀ ਔਖੀ ਹੋਣ ਕਰਕੇ ਮੇਰੇ ਮਾਤਾ-ਪਿਤਾ ਨੇ ਇਹ ਮੈਨੂੰ ਵਾਰ-ਵਾਰ ਸਮਝਾਈ ਸੀ।”

ਟਿਫ਼ਨੀ ਦਾ ਬਾਈਬਲ ਬਾਰੇ ਇੰਨਾ ਜ਼ਿਆਦਾ ਗਿਆਨ ਦੇਖ ਕੇ ਉਸ ਦੇ ਸਹਿਪਾਠੀ ਵੀ ਬਹੁਤ ਜ਼ਿਆਦਾ ਹੈਰਾਨ ਸਨ। ਇਕ ਵਿਦਿਆਰਥੀ ਨੇ ਟਿਫ਼ਨੀ ਨੂੰ ਕਿਹਾ: “ਹੁਣ ਮੈਨੂੰ ਪਤਾ ਲੱਗਾ ਕਿ ਤੁਸੀਂ ਯਹੋਵਾਹ ਦੇ ਗਵਾਹ ਘਰ-ਘਰ ਕਿਉਂ ਜਾਂਦੇ ਹੋ; ਕਿਉਂਕਿ ਤੁਸੀਂ ਬਾਈਬਲ ਬਾਰੇ ਬਹੁਤ ਕੁਝ ਜਾਣਦੇ ਹੋ।” ਦੂਜੇ ਵਿਦਿਆਰਥੀਆਂ ਨੇ ਵਾਅਦਾ ਕੀਤਾ ਕਿ ਉਹ ਉਸ ਦੇ ਗਵਾਹ ਹੋਣ ਕਰਕੇ ਉਸ ਨੂੰ ਅੱਗੋਂ ਤੋਂ ਕਦੀ ਵੀ ਤੰਗ ਨਹੀਂ ਕਰਨਗੇ।

ਜਦੋਂ ਟਿਫ਼ਨੀ ਨੇ ਆਪਣੇ ਮਾਪਿਆਂ ਨੂੰ ਆਪਣਾ ਇਹ ਤਜਰਬਾ ਦੱਸਿਆ, ਤਾਂ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਉਹ ਆਪਣੇ ਅਧਿਆਪਕ ਨੂੰ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਕਿਤਾਬ ਪੜ੍ਹਨ ਲਈ ਦੇਵੇ। ਜਦੋਂ ਉਸ ਨੇ ਕਿਤਾਬ ਦਿੱਤੀ ਅਤੇ ਅਧਿਆਪਕ ਨੂੰ ਦਾਨੀਏਲ ਦੀ ਭਵਿੱਖਬਾਣੀ ਨੂੰ ਸਮਝਾਉਣ ਵਾਲਾ ਸਫ਼ਾ ਦਿਖਾਇਆ, ਤਾਂ ਉਸ ਨੇ ਝੱਟ ਕਿਤਾਬ ਲੈ ਲਈ ਅਤੇ ਟਿਫ਼ਨੀ ਦਾ ਸ਼ੁਕਰੀਆ ਅਦਾ ਕੀਤਾ।

ਸੱਚ-ਮੁੱਚ, ਜਦੋਂ ਮਸੀਹੀ ਨੌਜਵਾਨ ਆਪਣੇ ਮਾਪਿਆਂ ਕੋਲੋਂ ਪਰਮੇਸ਼ੁਰ ਅਤੇ ਬਾਈਬਲ ਬਾਰੇ ਸਿੱਖੀਆਂ ਹੋਈਆਂ ਗੱਲਾਂ ਨੂੰ ਬੜੀ ਹਿੰਮਤ ਨਾਲ ਦੱਸਦੇ ਹਨ, ਤਾਂ ਇਸ ਨਾਲ ਯਹੋਵਾਹ ਦੀ ਉਸਤਤ ਅਤੇ ਵਡਿਆਈ ਹੁੰਦੀ ਹੈ ਅਤੇ ਖ਼ੁਦ ਉਨ੍ਹਾਂ ਨੂੰ ਢੇਰ ਸਾਰੀਆਂ ਬਰਕਤਾਂ ਮਿਲਦੀਆਂ ਹਨ।—ਮੱਤੀ 21:15, 16.