ਨਾਜ਼ੀਆਂ ਦੇ ਅਤਿਆਚਾਰ ਦੇ ਬਾਵਜੂਦ ਵੀ ਵਫ਼ਾਦਾਰ ਅਤੇ ਨਿਡਰ ਸੂਰਮੇ
ਨਾਜ਼ੀਆਂ ਦੇ ਅਤਿਆਚਾਰ ਦੇ ਬਾਵਜੂਦ ਵੀ ਵਫ਼ਾਦਾਰ ਅਤੇ ਨਿਡਰ ਸੂਰਮੇ
ਨੀਦਰਲੈਂਡ ਦੀ ਰਾਣੀ ਵਿਲਹੇਲਮੀਨਾ ਨੇ 17 ਜੂਨ 1946 ਨੂੰ ਅਮਸਟਰਡਮ ਵਿਚ ਰਹਿੰਦੇ ਯਹੋਵਾਹ ਦੇ ਗਵਾਹਾਂ ਦੇ ਇਕ ਪਰਿਵਾਰ ਨੂੰ ਦਿਲਾਸਾ ਦੇਣ ਲਈ ਇਕ ਚਿੱਠੀ ਲਿਖੀ। ਚਿੱਠੀ ਵਿਚ ਉਸ ਨੇ ਉਨ੍ਹਾਂ ਦੇ ਪੁੱਤਰ ਯਾਕੋਪ ਵਾਨ ਬੈੱਨਕੋਮ ਦੀ ਸ਼ਲਾਘਾ ਕੀਤੀ ਜਿਸ ਨੂੰ ਦੂਸਰੇ ਵਿਸ਼ਵ ਯੁੱਧ ਦੌਰਾਨ ਨਾਜ਼ੀਆਂ ਨੇ ਕਤਲ ਕਰ ਦਿੱਤਾ ਸੀ। ਕੁਝ ਸਾਲ ਪਹਿਲਾਂ, ਨੀਦਰਲੈਂਡ ਦੇ ਪੂਰਬੀ ਇਲਾਕੇ ਵਿਚ ਸਥਿਤ ਸ਼ਹਿਰ ਡੂਟਿਖਮ ਦੀ ਨਗਰਪਾਲਿਕਾ ਨੇ ਇਕ ਸੜਕ ਦਾ ਨਾਂ ਪੋਲਮਨ ਮਾਰਗ ਰੱਖਣ ਦਾ ਫ਼ੈਸਲਾ ਕੀਤਾ। ਬਰਨਾਰਟ ਪੋਲਮਨ ਵੀ ਯਹੋਵਾਹ ਦਾ ਗਵਾਹ ਸੀ ਜਿਸ ਨੂੰ ਦੂਸਰੇ ਵਿਸ਼ਵ ਯੁੱਧ ਦੌਰਾਨ ਨਾਜ਼ੀਆਂ ਨੇ ਮਾਰ ਦਿੱਤਾ ਸੀ।
ਨਾਜ਼ੀਆਂ ਨੇ ਦੂਸਰੇ ਵਿਸ਼ਵ ਯੁੱਧ ਦੌਰਾਨ ਨੀਦਰਲੈਂਡ ਵਿਚ ਯਾਕੋਪ, ਬਰਨਾਰਟ ਤੇ ਦੂਸਰੇ ਯਹੋਵਾਹ ਦੇ ਗਵਾਹਾਂ ਨੂੰ ਕਿਉਂ ਸਤਾਇਆ ਸੀ? ਅਤੇ ਕਿਹੜੀ ਚੀਜ਼ ਨੇ ਸਾਲਾਂ ਬੱਧੀ ਅਤਿਆਚਾਰ ਸਹਿੰਦੇ ਹੋਏ ਵਫ਼ਾਦਾਰ ਰਹਿਣ ਵਿਚ ਇਨ੍ਹਾਂ ਗਵਾਹਾਂ ਦੀ ਮਦਦ ਕੀਤੀ, ਜਿਸ ਕਰਕੇ ਉਨ੍ਹਾਂ ਦੇ ਦੇਸ਼ ਵਾਸੀਆਂ ਨੇ ਅਤੇ ਰਾਣੀ ਨੇ ਵੀ ਉਨ੍ਹਾਂ ਦੀ ਇੱਜ਼ਤ ਅਤੇ ਸ਼ਲਾਘਾ ਕੀਤੀ? ਇਸ ਦੇ ਜਵਾਬ ਲਈ ਆਓ ਆਪਾਂ ਪਹਿਲਾਂ ਉਨ੍ਹਾਂ ਘਟਨਾਵਾਂ ਉੱਤੇ ਗੌਰ ਕਰੀਏ ਜਿਨ੍ਹਾਂ ਕਰਕੇ ਯਹੋਵਾਹ ਦੇ ਗਵਾਹਾਂ ਦੇ ਛੋਟੇ ਜਿਹੇ ਸਮੂਹ ਵਿਚ ਅਤੇ ਨਾਜ਼ੀਆਂ ਦੀ ਵਿਸ਼ਾਲ ਫ਼ੌਜੀ ਵਿਵਸਥਾ ਵਿਚਕਾਰ ਟਾਕਰਾ ਹੋਇਆ ਸੀ।
ਪਾਬੰਦੀ ਦੇ ਬਾਵਜੂਦ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਰਗਰਮ
ਨਾਜ਼ੀਆਂ ਨੇ 10 ਮਈ 1940 ਨੂੰ ਨੀਦਰਲੈਂਡ ਉੱਤੇ ਅਚਾਨਕ ਹਮਲਾ ਕਰ ਦਿੱਤਾ। ਕਿਉਂ ਜੋ ਯਹੋਵਾਹ ਦੇ ਗਵਾਹਾਂ ਦਾ ਸਾਹਿੱਤ ਨਾਜ਼ੀਆਂ ਦੇ ਦੁਸ਼ਟ ਕੰਮਾਂ ਦਾ ਪਰਦਾ ਫ਼ਾਸ਼ ਕਰ ਰਿਹਾ ਸੀ ਤੇ ਪਰਮੇਸ਼ੁਰ ਦੇ ਰਾਜ ਦਾ ਸਮਰਥਨ ਕਰ ਰਿਹਾ ਸੀ, ਇਸ ਲਈ ਨਾਜ਼ੀਆਂ ਨੇ ਗਵਾਹਾਂ ਦੀਆਂ ਸਰਗਰਮੀਆਂ ਨੂੰ ਰੋਕਣ ਵਿਚ ਕੋਈ ਢਿੱਲ ਨਹੀਂ ਕੀਤੀ। ਨੀਦਰਲੈਂਡ ਉੱਤੇ ਹਮਲਾ ਕਰਨ ਤੋਂ ਬਾਅਦ ਤਿੰਨ ਹਫ਼ਤਿਆਂ ਦੇ ਵਿਚ-ਵਿਚ ਹੀ ਨਾਜ਼ੀਆਂ ਨੇ ਯਹੋਵਾਹ ਦੇ ਗਵਾਹਾਂ ਉੱਤੇ ਪਾਬੰਦੀ ਲਾਉਣ ਲਈ ਇਕ ਗੁਪਤ ਫ਼ਰਮਾਨ ਜਾਰੀ ਕੀਤਾ। ਸੋਮਵਾਰ 10 ਮਾਰਚ 1941 ਨੂੰ ਇਕ ਪ੍ਰੈੱਸ ਰਿਪੋਰਟ ਵਿਚ ਇਸ ਪਾਬੰਦੀ ਬਾਰੇ ਲੋਕਾਂ ਨੂੰ ਦੱਸ ਦਿੱਤਾ ਗਿਆ। ਇਸ ਵਿਚ ਗਵਾਹਾਂ ਉੱਤੇ ਦੋਸ਼ ਲਾਇਆ ਗਿਆ ਕਿ ਉਹ “ਸਰਕਾਰ ਤੇ ਚਰਚ ਦੀਆਂ ਸਾਰੀਆਂ ਸੰਸਥਾਵਾਂ ਵਿਰੁੱਧ” ਕੰਮ ਕਰ
ਰਹੇ ਸਨ। ਇਸ ਨਾਲ ਗਵਾਹਾਂ ਦਾ ਹੋਰ ਤੇਜ਼ੀ ਨਾਲ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ।ਹੈਰਾਨੀ ਦੀ ਗੱਲ ਹੈ ਕਿ ਭਾਵੇਂ ਬਦਨਾਮ ਗਸਤਾਪੋ ਜਾਂ ਖੁਫੀਆ ਪੁਲਸ ਸਾਰੇ ਗਿਰਜਿਆਂ ਉੱਤੇ ਨਿਗਾਹ ਰੱਖ ਰਹੀ ਸੀ, ਪਰ ਉਸ ਨੇ ਸਿਰਫ਼ ਇੱਕੋ ਹੀ ਮਸੀਹੀ ਸੰਗਠਨ ਨੂੰ ਬਹੁਤ ਬੇਰਹਿਮੀ ਨਾਲ ਸਤਾਇਆ। ਡੱਚ ਇਤਿਹਾਸਕਾਰ ਡਾ. ਲੂਈ ਡਯੋਂਗ ਨੇ ਕਿਹਾ: “ਸਿਰਫ਼ ਇੱਕੋ ਧਾਰਮਿਕ ਸਮੂਹ—ਯਹੋਵਾਹ ਦੇ ਗਵਾਹਾਂ—ਨੂੰ ਸਤਾ-ਸਤਾ ਕੇ ਮਾਰਿਆ ਗਿਆ।”—ਹੇਤ ਕੋਨਇੰਗਕਰਾਈਕ ਡਰ ਨੇਡਰਲਾਨਡਨ ਇਨ ਡ ਟਵੇਡੇ ਵੇਰਲਡੋਰਲੋਗ਼ (ਦੂਸਰੇ ਵਿਸ਼ਵ ਯੁੱਧ ਦੌਰਾਨ ਨੀਦਰਲੈਂਡ ਦਾ ਰਾਜ)।
ਨੀਦਰਲੈਂਡ ਦੀ ਪੁਲਸ ਗਵਾਹਾਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਗਿਰਫ਼ਤਾਰ ਕਰਨ ਵਿਚ ਗਸਤਾਪੋ ਦੀ ਪੂਰੀ-ਪੂਰੀ ਮਦਦ ਕਰ ਰਹੀ ਸੀ। ਇਸ ਤੋਂ ਇਲਾਵਾ, ਇਕ ਸਰਕਟ ਨਿਗਾਹਬਾਨ ਡਰ ਕੇ ਧਰਮ-ਤਿਆਗੀ ਬਣ ਗਿਆ ਅਤੇ ਉਸ ਨੇ ਗਵਾਹਾਂ ਬਾਰੇ ਨਾਜ਼ੀਆਂ ਨੂੰ ਸੂਚਨਾ ਦੇ ਦਿੱਤੀ। ਅਪ੍ਰੈਲ 1941 ਦੇ ਅੰਤ ਤਕ 113 ਗਵਾਹਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਸੀ। ਕੀ ਇਸ ਹਮਲੇ ਨਾਲ ਪ੍ਰਚਾਰ ਦਾ ਕੰਮ ਬੰਦ ਹੋਇਆ?
ਇਸ ਦਾ ਜਵਾਬ ਸਾਨੂੰ ਇਕ ਗੁਪਤ ਦਸਤਾਵੇਜ਼ ਮੈਲਡੂੰਗਨ ਆਉਸ ਡੇਨ ਨੀਦਰਲਾਡਨ (ਨੀਦਰਲੈਂਡ ਤੋਂ ਰਿਪੋਰਟਾਂ) ਵਿੱਚੋਂ ਮਿਲਦਾ ਹੈ ਜਿਸ ਨੂੰ ਜਰਮਨੀ ਦੀ ਜ਼ਿਕਰਹਾਈਟਸਪੋਲੀਤਸਾਈ (ਸੁਰੱਖਿਆ ਪੁਲਸ) ਨੇ ਅਪ੍ਰੈਲ 1941 ਨੂੰ ਤਿਆਰ ਕੀਤਾ ਸੀ। ਯਹੋਵਾਹ ਦੇ ਗਵਾਹਾਂ ਬਾਰੇ ਇਹ ਰਿਪੋਰਟ ਦੱਸਦੀ ਹੈ: “ਇਹ ਪਾਬੰਦੀਸ਼ੁਦਾ ਧਰਮ ਪੂਰੇ ਦੇਸ਼ ਵਿਚ ਬਹੁਤ ਹੀ ਜ਼ੋਰ-ਸ਼ੋਰ ਨਾਲ ਸਰਗਰਮ ਹੈ। ਇਹ ਗ਼ੈਰ-ਕਾਨੂੰਨੀ ਤੌਰ ਤੇ ਸਭਾਵਾਂ ਕਰਦਾ ਹੈ ਤੇ ਟ੍ਰੈਕਟ ਵੰਡਦਾ ਹੈ ਜਿਨ੍ਹਾਂ ਉੱਤੇ ਲਿਖਿਆ ਹੋਇਆ ਹੈ, ‘ਪਰਮੇਸ਼ੁਰ ਦੇ ਗਵਾਹਾਂ ਨੂੰ ਸਤਾਉਣਾ ਜੁਰਮ ਹੈ’ ਅਤੇ ‘ਯਹੋਵਾਹ ਅਤਿਆਚਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ।’” ਦੋ ਹਫ਼ਤਿਆਂ ਬਾਅਦ ਉਸੇ ਸੋਮੇ ਨੇ ਰਿਪੋਰਟ ਦਿੱਤੀ ਕਿ “ਸੁਰੱਖਿਆ ਪੁਲਸ ਦੁਆਰਾ ਇਨ੍ਹਾਂ ਬਾਈਬਲ ਸਟੂਡੈਂਟਸ ਦੀਆਂ ਸਰਗਰਮੀਆਂ ਤੇ ਠੱਲ੍ਹ ਪਾਉਣ ਲਈ ਚੁੱਕੇ ਗਏ ਠੋਸ ਕਦਮਾਂ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਸਰਗਰਮੀਆਂ ਵਧਦੀਆਂ ਜਾ ਰਹੀਆਂ ਹਨ।” ਜੀ ਹਾਂ, ਭਾਵੇਂ ਗਵਾਹਾਂ ਦੇ ਗਿਰਫ਼ਤਾਰ ਹੋਣ ਦਾ ਖ਼ਤਰਾ ਸੀ, ਫਿਰ ਵੀ ਉਨ੍ਹਾਂ ਨੇ ਆਪਣਾ ਕੰਮ ਕਰਨਾ ਜਾਰੀ ਰੱਖਿਆ। ਉਨ੍ਹਾਂ ਨੇ 1941 ਵਿਚ ਲੋਕਾਂ ਨੂੰ ਸਾਹਿੱਤ ਦੀਆਂ 3,50,000 ਕਾਪੀਆਂ ਦਿੱਤੀਆਂ!
ਕੁਝ ਸੈਂਕੜੇ ਗਵਾਹਾਂ ਦੇ ਇਸ ਛੋਟੇ ਜਿਹੇ, ਪਰ ਲਗਾਤਾਰ ਵਧ ਰਹੇ ਸਮੂਹ ਵਿਚ ਆਪਣੇ ਨਿਰਦਈ ਵੈਰੀਆਂ ਦੇ ਸਾਮ੍ਹਣੇ ਖੜ੍ਹੇ ਹੋਣ ਦੀ ਹਿੰਮਤ ਕਿੱਥੋਂ ਆਈ? ਪੁਰਾਣੇ ਸਮੇਂ ਦੇ ਵਫ਼ਾਦਾਰ ਨਬੀ ਯਸਾਯਾਹ ਵਾਂਗ ਇਹ ਗਵਾਹ ਵੀ ਮਨੁੱਖਾਂ ਤੋਂ ਡਰਨ ਦੀ ਬਜਾਇ ਪਰਮੇਸ਼ੁਰ ਤੋਂ ਡਰਦੇ ਸਨ। ਕਿਉਂ? ਕਿਉਂਕਿ ਉਨ੍ਹਾਂ ਨੇ ਯਸਾਯਾਹ ਨੂੰ ਕਹੇ ਯਹੋਵਾਹ ਦੇ ਇਨ੍ਹਾਂ ਸ਼ਬਦਾਂ ਉੱਤੇ ਪੂਰਾ ਭਰੋਸਾ ਕੀਤਾ ਸੀ: “ਮੈਂ, ਮੈਂ ਹੀ ਉਹ ਹਾਂ ਜੋ ਤੁਹਾਨੂੰ ਦਿਲਾਸਾ ਦਿੰਦਾ ਹਾਂ, ਤੂੰ ਕੌਣ ਹੈਂ ਜੋ ਮਰਨਹਾਰ ਮਨੁੱਖ ਤੋਂ ਡਰੇਂ?”—ਯਸਾਯਾਹ 51:12.
ਨਿਡਰ ਲੋਕਾਂ ਦੀ ਇੱਜ਼ਤ ਹੁੰਦੀ ਹੈ
ਸਾਲ 1941 ਦੇ ਖ਼ਤਮ ਹੁੰਦੇ-ਹੁੰਦੇ ਗਿਰਫ਼ਤਾਰ ਹੋਏ ਗਵਾਹਾਂ ਦੀ ਗਿਣਤੀ ਵੱਧ ਕੇ 241 ਹੋ ਗਈ। ਪਰ ਕੁਝ ਗਵਾਹ ਇਨਸਾਨਾਂ ਤੋਂ ਡਰ ਗਏ। ਜਰਮਨੀ ਦੀ ਖੁਫੀਆ ਪੁਲਸ ਦੇ ਇਕ ਬਦਨਾਮ ਮੈਂਬਰ, ਵਿਲੀ ਲਾਗਸ ਦਾ ਇਹ ਕਹਿੰਦੇ ਹੋਏ ਹਵਾਲਾ ਦਿੱਤਾ ਗਿਆ ਹੈ ਕਿ “90 ਪ੍ਰਤਿਸ਼ਤ ਗਵਾਹਾਂ ਨੇ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ, ਜਦ ਕਿ ਦੂਸਰੇ ਧਾਰਮਿਕ ਸਮੂਹਾਂ ਵਿੱਚੋਂ ਬਹੁਤ ਹੀ ਘੱਟ ਲੋਕਾਂ ਵਿਚ ਚੁੱਪ ਰਹਿਣ ਦੀ ਹਿੰਮਤ
ਸੀ।” ਗਵਾਹਾਂ ਨਾਲ ਜੇਲ੍ਹ ਵਿਚ ਬੰਦ ਕੀਤੇ ਗਏ ਇਕ ਡੱਚ ਪਾਦਰੀ, ਯੋਹਾਨਸ ਜੇ. ਬੂਸਕਸ ਦੇ ਬਿਆਨ ਨੇ ਲਾਗਸ ਦੀ ਗੱਲ ਦੀ ਪੁਸ਼ਟੀ ਕੀਤੀ। ਉਸ ਨੇ 1951 ਵਿਚ ਲਿਖਿਆ:“ਉਸ ਵੇਲੇ ਉਨ੍ਹਾਂ ਦੇ ਵਿਸ਼ਵਾਸ ਅਤੇ ਨਿਹਚਾ ਦੀ ਤਾਕਤ ਦੇਖ ਕੇ ਮੇਰੇ ਦਿਲ ਵਿਚ ਉਨ੍ਹਾਂ ਲਈ ਬਹੁਤ ਇੱਜ਼ਤ ਪੈਦਾ ਹੋ ਗਈ। ਮੈਂ ਉਸ ਨੌਜਵਾਨ ਨੂੰ ਕਦੀ ਨਹੀਂ ਭੁੱਲਾਂਗਾ ਜਿਹੜਾ ਮਸਾਂ ਉੱਨੀਆਂ ਸਾਲਾਂ ਦਾ ਸੀ। ਉਹ ਲੋਕਾਂ ਨੂੰ ਟ੍ਰੈਕਟ ਵੰਡਦਾ ਹੁੰਦਾ ਸੀ ਜਿਸ ਵਿਚ ਹਿਟਲਰ ਅਤੇ ਤੀਜੇ ਰਾਈਖ਼ ਦੇ ਪਤਨ ਦੀ ਭਵਿੱਖਬਾਣੀ ਕੀਤੀ ਗਈ ਸੀ। . . . ਉਸ ਨੂੰ ਛੇ ਮਹੀਨਿਆਂ ਵਿਚ ਹੀ ਰਿਹਾ ਕੀਤਾ ਜਾ ਸਕਦਾ ਸੀ ਜੇ ਉਹ ਅੱਗੇ ਤੋਂ ਟ੍ਰੈਕਟ ਵਗੈਰਾ ਨਾ ਵੰਡਣ ਦਾ ਵਾਅਦਾ ਕਰਦਾ। ਪਰ ਉਸ ਨੇ ਪੂਰੀ ਦ੍ਰਿੜ੍ਹਤਾ ਨਾਲ ਇਹ ਵਾਅਦਾ ਕਰਨ ਤੋਂ ਇਨਕਾਰ ਕੀਤਾ ਅਤੇ ਉਸ ਨੂੰ ਅਣਮਿੱਥੇ ਸਮੇਂ ਲਈ ਜਰਮਨੀ ਦੇ ਲੇਬਰ-ਕੈਂਪ ਵਿਚ ਘੱਲ ਦਿੱਤਾ ਗਿਆ। ਅਸੀਂ ਜਾਣਦੇ ਸੀ ਕਿ ਉੱਥੇ ਉਸ ਨਾਲ ਕੀ ਹੋਵੇਗਾ। ਅਗਲੇ ਦਿਨ ਸਵੇਰੇ ਜਦੋਂ ਉਸ ਨੂੰ ਲਿਜਾਇਆ ਜਾ ਰਿਹਾ ਸੀ, ਤਾਂ ਅਸੀਂ ਉਸ ਨੂੰ ਅਲਵਿਦਾ ਕਹਿਣ ਲਈ ਆਏ। ਮੈਂ ਉਸ ਨੂੰ ਕਿਹਾ ਕਿ ਅਸੀਂ ਉਸ ਨੂੰ ਯਾਦ ਰੱਖਾਂਗੇ ਤੇ ਉਸ ਲਈ ਪ੍ਰਾਰਥਨਾ ਕਰਾਂਗੇ। ਉਸ ਦਾ ਜਵਾਬ ਸੀ: ‘ਮੇਰੀ ਚਿੰਤਾ ਨਾ ਕਰੋ। ਪਰਮੇਸ਼ੁਰ ਦਾ ਰਾਜ ਜ਼ਰੂਰ ਆਏਗਾ।’ ਕੋਈ ਵੀ ਇਨਸਾਨ ਇਸ ਤਰ੍ਹਾਂ ਦੀ ਗੱਲ ਕਦੀ ਨਹੀਂ ਭੁੱਲ ਸਕਦਾ, ਭਾਵੇਂ ਕਿ ਉਸ ਨੂੰ ਇਨ੍ਹਾਂ ਯਹੋਵਾਹ ਦੇ ਗਵਾਹਾਂ ਦੀਆਂ ਸਿੱਖਿਆਵਾਂ ਉੱਕਾ ਹੀ ਪਸੰਦ ਨਾ ਹੋਣ।”
ਸਖ਼ਤ ਵਿਰੋਧ ਹੋਣ ਦੇ ਬਾਵਜੂਦ ਵੀ ਗਵਾਹਾਂ ਦੀ ਗਿਣਤੀ ਵਧਦੀ ਗਈ। ਦੂਸਰੇ ਵਿਸ਼ਵ ਯੁੱਧ ਤੋਂ ਥੋੜ੍ਹੀ ਦੇਰ ਪਹਿਲਾਂ 300 ਦੇ ਕਰੀਬ ਯਹੋਵਾਹ ਦੇ ਗਵਾਹ ਸਨ, ਪਰ 1943 ਵਿਚ ਇਹ ਗਿਣਤੀ 1,379 ਹੋ ਗਈ। ਦੁੱਖ ਦੀ ਗੱਲ ਹੈ ਕਿ ਉਸ ਸਾਲ ਦੇ ਅਖ਼ੀਰ ਤਕ 350 ਤੋਂ ਵੱਧ ਗਿਰਫ਼ਤਾਰ ਕੀਤੇ ਗਏ ਗਵਾਹਾਂ ਵਿੱਚੋਂ 54 ਗਵਾਹ ਵੱਖਰੇ-ਵੱਖਰੇ ਨਜ਼ਰਬੰਦੀ-ਕੈਂਪਾਂ ਵਿਚ ਮਰ ਚੁੱਕੇ ਸਨ। ਸਾਲ 1944 ਵਿਚ ਨੀਦਰਲੈਂਡ ਦੇ 141 ਯਹੋਵਾਹ ਦੇ ਗਵਾਹ ਅਜੇ ਵੀ ਨਜ਼ਰਬੰਦੀ-ਕੈਂਪਾਂ ਵਿਚ ਸਨ।
ਨਾਜ਼ੀਆਂ ਦੇ ਅਤਿਆਚਾਰ ਦਾ ਆਖ਼ਰੀ ਸਾਲ
ਡੀ-ਡੇ, 6 ਜੂਨ 1944 (ਜਿਸ ਦਿਨ ਬਰਤਾਨਵੀ ਤੇ ਅਮਰੀਕੀ ਫ਼ੌਜਾਂ ਨੇ ਉੱਤਰੀ ਫ਼ਰਾਂਸ ਤੇ ਚੜ੍ਹਾਈ ਕੀਤੀ ਸੀ) ਨੂੰ ਗਵਾਹਾਂ ਉੱਤੇ ਕੀਤੇ ਜਾਂਦੇ ਅਤਿਆਚਾਰਾਂ ਦਾ ਆਖ਼ਰੀ ਸਾਲ ਸ਼ੁਰੂ ਹੋਇਆ। ਨਾਜ਼ੀਆਂ ਦੀ ਫ਼ੌਜ ਅਤੇ ਉਨ੍ਹਾਂ ਦੇ ਮਿੱਤਰ ਦੇਸ਼ਾਂ ਦੀਆਂ ਫ਼ੌਜਾਂ ਹਾਰ ਰਹੀਆਂ ਸਨ। ਲੋਕ ਸ਼ਾਇਦ ਸੋਚਦੇ ਸਨ ਕਿ ਇਸ ਹਾਲਤ ਵਿਚ ਨਾਜ਼ੀ ਨਿਰਦੋਸ਼ ਮਸੀਹੀਆਂ ਨੂੰ ਗਿਰਫ਼ਤਾਰ ਕਰਨਾ ਛੱਡ ਦੇਣਗੇ। ਪਰ ਉਸੇ ਸਾਲ ਹੋਰ 48 ਗਵਾਹਾਂ ਨੂੰ ਗਿਰਫ਼ਤਾਰ ਕੀਤਾ ਗਿਆ ਤੇ ਜੇਲ੍ਹ ਵਿਚ ਹੋਰ 68 ਗਵਾਹ ਮਰ ਗਏ। ਇਨ੍ਹਾਂ ਵਿੱਚੋਂ ਇਕ ਸੀ ਯਾਕੋਪ ਵਾਨ ਬੈੱਨਕੋਮ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ।
ਅਠਾਰਾਂ-ਸਾਲਾ ਯਾਕੋਪ ਉਨ੍ਹਾਂ 580 ਗਵਾਹਾਂ ਵਿੱਚੋਂ ਇਕ ਸੀ ਜਿਨ੍ਹਾਂ ਨੇ 1941 ਵਿਚ ਬਪਤਿਸਮਾ ਲਿਆ ਸੀ। ਬਪਤਿਸਮੇ ਤੋਂ ਜਲਦੀ ਬਾਅਦ ਉਸ ਨੇ ਆਪਣੀ ਚੰਗੀ ਨੌਕਰੀ ਛੱਡ ਦਿੱਤੀ ਕਿਉਂਕਿ ਇਹ ਨੌਕਰੀ ਕਰਦੇ ਹੋਏ ਉਸ ਨੂੰ ਆਪਣੀ ਮਸੀਹੀ ਨਿਰਪੱਖਤਾ ਤਿਆਗਣੀ ਪੈਣੀ ਸੀ। ਉਹ ਇਕ ਥਾਂ ਤੋਂ ਦੂਜੀ ਥਾਂ ਸੁਨੇਹੇ ਪਹੁੰਚਾਉਣ ਦਾ ਕੰਮ ਕਰਨ ਲੱਗ ਪਿਆ ਤੇ ਨਾਲ ਹੀ ਨਾਲ ਪੂਰਣ-ਕਾਲੀ ਪ੍ਰਚਾਰਕ ਵਜੋਂ ਵੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਬਾਈਬਲ ਸਾਹਿੱਤ ਲਿਜਾਂਦੇ ਸਮੇਂ ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ। ਅਗਸਤ 1944 ਵਿਚ 21-ਸਾਲਾ ਯਾਕੋਪ ਨੇ ਰੋਟਰਡਮ ਸ਼ਹਿਰ ਦੀ ਜੇਲ੍ਹ ਤੋਂ ਆਪਣੇ ਪਰਿਵਾਰ ਨੂੰ ਇਹ ਚਿੱਠੀ ਲਿਖੀ:
“ਮੈਂ ਬਿਲਕੁਲ ਠੀਕ-ਠਾਕ ਹਾਂ ਤੇ ਬਹੁਤ ਖ਼ੁਸ਼ ਹਾਂ। . . . ਹੁਣ ਤਕ ਮੇਰੇ ਕੋਲੋਂ ਚਾਰ ਵਾਰ ਪੁੱਛ-ਗਿੱਛ ਕੀਤੀ ਜਾ ਚੁੱਕੀ ਹੈ। ਪਹਿਲੀ ਦੋ ਵਾਰ ਬਹੁਤ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਗਈ ਤੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਪਰ ਪਰਮੇਸ਼ੁਰ ਦੀ ਸ਼ਕਤੀ ਤੇ ਦਿਆਲਗੀ ਨਾਲ ਹੁਣ ਤਕ ਮੈਂ ਉਨ੍ਹਾਂ ਨੂੰ ਕੁਝ ਵੀ ਨਹੀਂ ਦੱਸਿਆ। . . . ਮੈਂ ਛੇ ਵਾਰ ਭਾਸ਼ਣ ਦੇ ਚੁੱਕਾ ਹਾਂ ਤੇ ਕੁੱਲ ਮਿਲਾ ਕੇ 102 ਲੋਕਾਂ ਨੇ ਮੇਰੇ ਭਾਸ਼ਣ ਸੁਣੇ। ਇਨ੍ਹਾਂ ਵਿੱਚੋਂ ਕੁਝ ਨੇ ਚੰਗੀ ਦਿਲਚਸਪੀ ਦਿਖਾਈ ਹੈ ਤੇ ਵਾਅਦਾ ਕੀਤਾ ਹੈ ਕਿ ਜਦੋਂ ਵੀ ਉਹ ਰਿਹਾ ਹੋਣਗੇ, ਤਾਂ ਉਹ ਇਸ ਬਾਰੇ ਹੋਰ ਜਾਣਕਾਰੀ ਲੈਣਗੇ।”
ਯਾਕੋਪ ਨੂੰ 14 ਸਤੰਬਰ 1944 ਨੂੰ ਨੀਦਰਲੈਂਡ ਵਿਚ ਆਮਰਜ਼ਫੋਰਟ ਦੇ ਨਜ਼ਰਬੰਦੀ-ਕੈਂਪ ਵਿਚ ਲਿਜਾਇਆ ਗਿਆ। ਉੱਥੇ ਵੀ ਉਹ ਪ੍ਰਚਾਰ ਕਰਦਾ ਰਿਹਾ। ਕਿਵੇਂ? ਉਸ ਦੇ ਨਾਲ ਦੇ ਇਕ ਕੈਦੀ ਨੇ ਦੱਸਿਆ: “ਕੈਦੀ ਸਿਗਰਟ ਦੇ ਬਚੇ-ਖੁਚੇ ਟੁਕੜੇ ਚੁੱਕ ਲੈਂਦੇ ਸਨ ਜੋ ਪੁਲਸ ਵਾਲਿਆਂ ਨੇ ਸੁੱਟੇ ਹੁੰਦੇ ਸਨ ਅਤੇ ਬਾਈਬਲ ਦੇ ਪੰਨਿਆਂ ਨੂੰ ਸਿਗਰਟ ਬਣਾਉਣ ਲਈ ਵਰਤਦੇ ਸਨ। ਕਈ ਵਾਰ ਯਾਕੋਪ ਬਾਈਬਲ ਦੇ ਉਨ੍ਹਾਂ ਪੰਨਿਆਂ ਵਿੱਚੋਂ ਕੁਝ ਸ਼ਬਦ ਪੜ੍ਹਨ ਵਿਚ ਸਫ਼ਲ ਹੋ ਜਾਂਦਾ ਸੀ ਤੇ ਉਹ ਉਸੇ ਵੇਲੇ ਇਨ੍ਹਾਂ ਸ਼ਬਦਾਂ ਨੂੰ ਵਰਤਦੇ ਹੋਏ ਸਾਨੂੰ ਪ੍ਰਚਾਰ ਕਰਨ ਲੱਗ ਪੈਂਦਾ ਸੀ। ਇਸ ਲਈ ਅਸੀਂ ਯਾਕੋਪ ਦਾ ਨਾਂ ‘ਦ ਬਾਈਬਲ ਮੈਨ’ ਪਾ ਦਿੱਤਾ।”
ਅਕਤੂਬਰ 1944 ਵਿਚ ਨਾਜ਼ੀਆਂ ਨੇ ਕੈਦੀਆਂ ਨੂੰ ਦੁਸ਼ਮਣਾਂ ਦੇ ਟੈਂਕਾਂ ਨੂੰ ਰੋਕਣ ਲਈ ਟੋਏ ਪੁੱਟਣ ਦੇ ਕੰਮ ਤੇ ਲਾਇਆ। ਯਾਕੋਪ ਵੀ ਉਨ੍ਹਾਂ ਕੈਦੀਆਂ ਵਿਚ ਸੀ, ਪਰ ਉਸ ਨੇ ਇਹ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸ ਦੀ ਜ਼ਮੀਰ ਉਸ ਨੂੰ ਲੜਾਈ ਪ੍ਰਬੰਧਾਂ ਦਾ ਸਮਰਥਨ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ ਸੀ। ਪੁਲਸ ਵਾਲਿਆਂ ਨੇ ਉਸ ਨੂੰ ਬਹੁਤ ਡਰਾਇਆ-ਧਮਕਾਇਆ, ਪਰ ਉਹ ਨੇ ਹਾਰ ਨਹੀਂ ਮੰਨੀ। 13 ਅਕਤੂਬਰ ਨੂੰ ਇਕ ਅਫ਼ਸਰ ਉਸ ਨੂੰ ਕਾਲ-ਕੋਠੜੀ ਵਿੱਚੋਂ ਕੱਢ ਕੇ ਕੰਮ ਕਰਨ ਵਾਲੀ ਥਾਂ ਤੇ ਲੈ ਗਿਆ। ਉੱਥੇ ਵੀ ਯਾਕੋਪ ਝੁਕਿਆ ਨਹੀਂ। ਅਖ਼ੀਰ ਯਾਕੋਪ ਨੂੰ ਆਪਣੀ ਕਬਰ ਪੁੱਟਣ ਦਾ ਹੁਕਮ ਦਿੱਤਾ ਗਿਆ ਤੇ ਉਸ ਨੂੰ ਗੋਲੀ ਮਾਰ ਦਿੱਤੀ ਗਈ।
ਗਵਾਹਾਂ ਦਾ ਸ਼ਿਕਾਰ ਜਾਰੀ ਰਿਹਾ
ਯਾਕੋਪ ਤੇ ਦੂਸਰੇ ਗਵਾਹਾਂ ਦੀ ਦਲੇਰੀ ਨੇ ਨਾਜ਼ੀਆਂ ਨੂੰ ਗੁੱਸਾ ਚੜ੍ਹਾ ਦਿੱਤਾ ਤੇ ਉਨ੍ਹਾਂ ਨੇ ਫਿਰ ਗਵਾਹਾਂ ਦਾ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ। ਅਠਾਰਾਂ-ਸਾਲਾ ਏਵਰਟ ਕੈਟਲਾਰੇ ਨਾਜ਼ੀਆਂ ਦਾ ਨਿਸ਼ਾਨਾ ਬਣਿਆ। ਪਹਿਲਾਂ ਏਵਰਟ ਬਚ ਕੇ ਕਿਤੇ ਲੁਕ ਗਿਆ ਸੀ, ਪਰ ਬਾਅਦ ਵਿਚ ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ। ਦੂਸਰੇ ਗਵਾਹਾਂ ਬਾਰੇ ਜਾਣਕਾਰੀ ਲੈਣ ਲਈ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਜਾਣਕਾਰੀ ਦੇਣ ਤੋਂ ਇਨਕਾਰ ਕਰਨ ਤੇ ਉਸ ਨੂੰ ਜਰਮਨੀ ਦੇ ਲੇਬਰ-ਕੈਂਪ ਵਿਚ ਭੇਜ ਦਿੱਤਾ ਗਿਆ।
ਉਸੇ ਮਹੀਨੇ, ਅਕਤੂਬਰ 1944 ਨੂੰ ਪੁਲਸ ਨੇ ਏਵਰਟ ਦੇ ਜੀਜੇ, ਬਰਨਾਰਟ ਲੁਈਮਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਪੁਲਸ ਨੇ ਉਸ ਨੂੰ ਫੜਿਆ, ਤਾਂ ਉਸ ਨਾਲ ਹੋਰ ਦੋ ਗਵਾਹ ਸਨ—ਆਨਟੋਨੀ ਰੇਮੇਯਰ ਅਤੇ ਆਲਬਰਟੂਸ ਬੋਜ਼। ਆਲਬਰਟੂਸ ਪਹਿਲਾਂ ਵੀ
14 ਮਹੀਨੇ ਨਜ਼ਰਬੰਦੀ-ਕੈਂਪ ਵਿਚ ਰਹਿ ਚੁੱਕਾ ਸੀ। ਪਰ ਰਿਹਾ ਹੋਣ ਤੇ ਉਸ ਨੇ ਫਿਰ ਤੋਂ ਪੂਰੇ ਜੋਸ਼ ਨਾਲ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਪਹਿਲਾਂ ਨਾਜ਼ੀਆਂ ਨੇ ਇਨ੍ਹਾਂ ਤਿੰਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਤੇ ਬਾਅਦ ਵਿਚ ਤਿੰਨਾਂ ਨੂੰ ਗੋਲੀ ਮਾਰ ਦਿੱਤੀ। ਯੁੱਧ ਖ਼ਤਮ ਹੋਣ ਤੋਂ ਬਾਅਦ ਹੀ ਉਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਤੇ ਉਨ੍ਹਾਂ ਨੂੰ ਦੁਬਾਰਾ ਦਫ਼ਨਾਇਆ ਗਿਆ। ਲੜਾਈ ਖ਼ਤਮ ਹੋਣ ਤੋਂ ਥੋੜ੍ਹੀ ਦੇਰ ਬਾਅਦ ਬਹੁਤ ਸਾਰੀਆਂ ਸਥਾਨਕ ਅਖ਼ਬਾਰਾਂ ਨੇ ਇਸ ਸਜ਼ਾ ਦੀ ਖ਼ਬਰ ਛਾਪੀ। ਇਕ ਅਖ਼ਬਾਰ ਨੇ ਲਿਖਿਆ ਕਿ ਇਨ੍ਹਾਂ ਤਿੰਨਾਂ ਗਵਾਹਾਂ ਨੇ ਨਾਜ਼ੀਆਂ ਦਾ ਕੋਈ ਵੀ ਅਜਿਹਾ ਕੰਮ ਕਰਨ ਤੋਂ ਲਗਾਤਾਰ ਇਨਕਾਰ ਕੀਤਾ ਜੋ ਪਰਮੇਸ਼ੁਰ ਦੇ ਨਿਯਮ ਦੇ ਵਿਰੁੱਧ ਸੀ ਅਤੇ “ਇਸ ਕਰਕੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪਏ।”ਇਸ ਦੌਰਾਨ 10 ਨਵੰਬਰ 1944 ਨੂੰ ਬਰਨਾਰਟ ਪੋਲਮਨ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਨੂੰ ਗਿਰਫ਼ਤਾਰ ਕਰ ਕੇ ਫ਼ੌਜ ਦੇ ਕਿਸੇ ਪ੍ਰਾਜੈਕਟ ਉੱਤੇ ਕੰਮ ਕਰਨ ਲਈ ਭੇਜ ਦਿੱਤਾ ਗਿਆ। ਉਹ ਉੱਥੇ ਇੱਕੋ-ਇਕ ਗਵਾਹ ਸੀ ਤੇ ਇੱਕੋ-ਇਕ ਮਜ਼ਦੂਰ ਜਿਸ ਨੇ ਇਹ ਕੰਮ ਕਰਨ ਤੋਂ ਇਨਕਾਰ ਕੀਤਾ। ਉਸ ਤੋਂ ਸਮਝੌਤਾ ਕਰਾਉਣ ਲਈ ਪੁਲਸੀਆਂ ਨੇ ਵੱਖਰੇ-ਵੱਖਰੇ ਦਾਅ-ਪੇਚ ਵਰਤੇ। ਉਸ ਨੂੰ ਖਾਣ ਲਈ ਕੁਝ ਨਹੀਂ ਦਿੱਤਾ ਗਿਆ। ਉਸ ਨੂੰ ਡੰਡਿਆਂ ਨਾਲ, ਬੇਲਚੇ ਨਾਲ ਅਤੇ ਰਾਈਫ਼ਲ ਦੇ ਬੱਟ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ। ਇਸ ਤੋਂ ਇਲਾਵਾ, ਉਸ ਨੂੰ ਗੋਡਿਆਂ ਤਕ ਉੱਚੇ ਠੰਢੇ ਪਾਣੀ ਵਿਚ ਤੁਰਨ ਲਈ ਮਜਬੂਰ ਕੀਤਾ ਗਿਆ ਤੇ ਬਾਅਦ ਵਿਚ ਉਸ ਨੂੰ ਇਕ ਸਿੱਲੇ ਤਹਿਖ਼ਾਨੇ ਵਿਚ ਬੰਦ ਕਰ ਦਿੱਤਾ ਗਿਆ ਜਿੱਥੇ ਉਸ ਨੇ ਗਿੱਲੇ ਕੱਪੜਿਆਂ ਵਿਚ ਸਾਰੀ ਰਾਤ ਬਿਤਾਈ। ਪਰ ਬਰਨਾਰਟ ਨੇ ਹਾਰ ਨਹੀਂ ਮੰਨੀ।
ਉਸ ਸਮੇਂ ਦੌਰਾਨ, ਬਰਨਾਰਟ ਦੀਆਂ ਦੋ ਭੈਣਾਂ ਨੂੰ ਉਸ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ। ਉਹ ਦੋਵੇਂ ਯਹੋਵਾਹ ਦੀਆਂ ਗਵਾਹ ਨਹੀਂ ਸਨ। ਉਨ੍ਹਾਂ ਨੇ ਉਸ ਉੱਤੇ ਆਪਣਾ ਮਨ ਬਦਲਣ ਲਈ ਜ਼ੋਰ ਪਾਇਆ, ਪਰ ਉਹ ਲੜਖੜਾਇਆ ਨਹੀਂ। ਜਦੋਂ ਉਨ੍ਹਾਂ ਨੇ ਬਰਨਾਰਟ ਨੂੰ ਪੁੱਛਿਆ ਕਿ ਕੀ ਉਹ ਉਸ ਲਈ ਕੁਝ ਕਰ ਸਕਦੀਆਂ ਹਨ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਘਰ ਜਾ ਕੇ ਬਾਈਬਲ ਦਾ ਅਧਿਐਨ ਕਰਨ। ਫਿਰ ਉਸ ਦੇ ਅਤਿਆਚਾਰੀਆਂ ਨੇ ਉਸ ਦੀ ਗਰਭਵਤੀ ਪਤਨੀ ਨੂੰ ਉਸ ਨੂੰ ਮਿਲਣ ਦੀ ਇਜਾਜ਼ਤ ਦਿੱਤੀ। ਉਨ੍ਹਾਂ ਨੇ ਸ਼ਾਇਦ ਆਸ ਰੱਖੀ ਕਿ ਉਹ ਉਸ ਦੀ ਖਰਿਆਈ ਨੂੰ ਤੋੜ ਦੇਵੇਗੀ। ਪਰ ਉਸ ਦੀ ਮੌਜੂਦਗੀ ਤੇ ਹੌਸਲੇ ਭਰੇ ਸ਼ਬਦਾਂ ਨੇ ਬਰਨਾਰਟ ਨੂੰ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਦੀ ਤਾਕਤ ਦਿੱਤੀ। ਪੰਜ ਅਤਿਆਚਾਰੀਆਂ ਨੇ 17 ਨਵੰਬਰ 1944 ਨੂੰ ਬਰਨਾਰਟ ਨੂੰ ਸਾਰੇ ਮਜ਼ਦੂਰਾਂ ਦੇ ਸਾਮ੍ਹਣੇ ਗੋਲੀ ਮਾਰ ਦਿੱਤੀ। ਉਨ੍ਹਾਂ ਨੇ ਉਸ ਦਾ ਸਰੀਰ ਗੋਲੀਆਂ ਨਾਲ ਛਲਣੀ ਕਰ ਦਿੱਤਾ। ਬਰਨਾਰਟ ਦੇ ਮਰ ਜਾਣ ਤੋਂ ਬਾਅਦ ਵੀ, ਉੱਥੇ ਦਾ ਇੰਚਾਰਜ ਅਫ਼ਸਰ ਐਨੇ ਜਨੂਨ ਵਿਚ ਆ ਗਿਆ ਕਿ ਉਸ ਨੇ ਆਪਣਾ ਰਿਵਾਲਵਰ ਕੱਢ ਕੇ ਗੋਲੀਆਂ ਨਾਲ ਬਰਨਾਰਡ ਦੀਆਂ ਦੋਵੇਂ ਅੱਖਾਂ ਵਿੰਨ੍ਹੀਆਂ।
ਭਾਵੇਂ ਇਸ ਨਿਰਦਈ ਸਲੂਕ ਨੇ ਉਨ੍ਹਾਂ ਗਵਾਹਾਂ ਦੇ ਦਿਲਾਂ ਨੂੰ ਦਹਿਲਾ ਦਿੱਤਾ ਸੀ ਜਿਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ, ਪਰ ਉਹ ਵਫ਼ਾਦਾਰ ਤੇ ਨਿਡਰ ਰਹੇ ਅਤੇ ਆਪਣਾ ਮਸੀਹੀ ਕੰਮ ਕਰਦੇ ਰਹੇ। ਜਿੱਥੇ ਬਰਨਾਰਟ ਨੂੰ ਮਾਰਿਆ ਗਿਆ ਸੀ, ਉਸ ਦੇ ਲਾਗੇ ਇਕ ਛੋਟੀ ਜਿਹੀ ਕਲੀਸਿਯਾ ਨੇ ਇਸ ਘਟਨਾ ਤੋਂ ਥੋੜ੍ਹੇ ਸਮੇਂ ਬਾਅਦ ਰਿਪੋਰਟ ਦਿੱਤੀ: “ਇਸ ਮਹੀਨੇ ਮੌਸਮ ਬਹੁਤ ਹੀ ਖ਼ਰਾਬ ਹੋਣ ਦੇ ਬਾਵਜੂਦ ਵੀ ਤੇ ਸ਼ਤਾਨ ਦੁਆਰਾ ਸਾਡੇ ਰਾਹ ਵਿਚ ਖੜ੍ਹੀਆਂ ਕੀਤੀਆਂ ਰੁਕਾਵਟਾਂ ਦੇ ਬਾਵਜੂਦ ਵੀ ਅਸੀਂ ਪਹਿਲਾਂ ਨਾਲੋਂ ਜ਼ਿਆਦਾ ਪ੍ਰਚਾਰ ਕੀਤਾ ਹੈ। ਪ੍ਰਚਾਰ ਵਿਚ ਬਿਤਾਏ ਘੰਟਿਆਂ ਦੀ ਗਿਣਤੀ 429 ਤੋਂ ਵੱਧ ਕੇ 765 ਹੋ ਗਈ। . . . ਇਕ ਭਰਾ ਪ੍ਰਚਾਰ ਕਰਦੇ-ਕਰਦੇ ਇਕ ਆਦਮੀ ਨੂੰ ਮਿਲਿਆ ਜਿਸ ਨੂੰ ਉਸ ਨੇ ਚੰਗੀ ਗਵਾਹੀ ਦਿੱਤੀ। ਉਸ ਆਦਮੀ ਨੇ ਪੁੱਛਿਆ ਕਿ ਕੀ ਤੁਹਾਡਾ ਵੀ ਓਹੀ ਧਰਮ ਹੈ ਜੋ ਉਸ ਆਦਮੀ ਦਾ ਸੀ ਜਿਸ ਨੂੰ ਗੋਲੀ ਮਾਰ ਦਿੱਤੀ ਗਈ ਸੀ। ਜਦੋਂ ਉਸ ਨੂੰ ਦੱਸਿਆ ਗਿਆ ਕਿ ਇਹ ਉਹੀ ਧਰਮ ਸੀ, ਤਾਂ ਉਸ ਆਦਮੀ ਨੇ ਪ੍ਰਸ਼ੰਸਾ ਕਰਦੇ ਹੋਏ ਕਿਹਾ: ‘ਕਿੰਨਾ ਦਲੇਰ ਸੀ ਉਹ ਆਦਮੀ, ਤੇ ਕਿੰਨੀ ਮਜ਼ਬੂਤ ਸੀ ਉਹ ਦੀ ਨਿਹਚਾ! ਮੈਂ ਤਾਂ ਕਹਿੰਦਾ ਹਾਂ ਕਿ ਉਹ ਇਕ ਸੂਰਮਾ ਸੀ ਜੋ ਆਪਣੇ ਧਰਮ ਲਈ ਮਰ ਮਿੱਟਿਆ!’”
ਯਹੋਵਾਹ ਯਾਦ ਰੱਖਦਾ ਹੈ
ਮਈ 1945 ਵਿਚ ਨਾਜ਼ੀਆਂ ਨੂੰ ਹਰਾ ਕੇ ਨੀਦਰਲੈਂਡ ਵਿੱਚੋਂ ਕੱਢ ਦਿੱਤਾ ਗਿਆ। ਯੁੱਧ ਦੌਰਾਨ ਕਰੂਰ ਅੱਤਿਆਚਾਰ ਹੋਣ ਦੇ ਬਾਵਜੂਦ ਵੀ ਯਹੋਵਾਹ ਦੇ ਗਵਾਹਾਂ ਦੀ ਗਿਣਤੀ ਕੁਝ ਸੈਂਕੜਿਆਂ ਤੋਂ ਵੱਧ ਕੇ 2,000 ਤੋਂ ਉੱਪਰ ਹੋ ਗਈ। ਯੁੱਧ ਦੇ ਦੌਰਾਨ ਦੇ ਗਵਾਹਾਂ ਬਾਰੇ ਗੱਲ ਕਰਦੇ ਹੋਏ ਇਤਿਹਾਸਕਾਰ ਡਾ. ਡਯੋਂਗ ਨੇ ਮੰਨਿਆ: “ਡਰਾਏ-ਧਮਕਾਏ ਜਾਣ ਤੇ ਸਤਾਏ ਜਾਣ ਦੇ ਬਾਵਜੂਦ ਵੀ ਜ਼ਿਆਦਾਤਰ ਗਵਾਹਾਂ ਨੇ ਆਪਣਾ ਧਰਮ ਤਿਆਗਣ ਤੋਂ ਇਨਕਾਰ ਕੀਤਾ।”
ਇਸੇ ਕਰਕੇ ਕੁਝ ਅਧਿਕਾਰੀਆਂ ਨੇ ਯਹੋਵਾਹ ਦੇ ਗਵਾਹਾਂ ਨੂੰ ਨਾਜ਼ੀ ਸ਼ਾਸਨ ਦੌਰਾਨ ਹਿੰਮਤ ਦਿਖਾਉਣ ਕਰਕੇ ਯਾਦ ਰੱਖਿਆ ਹੈ। ਪਰ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਣ ਗੱਲ ਇਹ ਹੈ ਕਿ ਯਹੋਵਾਹ ਤੇ ਯਿਸੂ ਉਨ੍ਹਾਂ ਗਵਾਹਾਂ ਦੇ ਸ਼ਾਨਦਾਰ ਕੰਮਾਂ ਨੂੰ ਯਾਦ ਰੱਖਣਗੇ। (ਇਬਰਾਨੀਆਂ 6:10) ਯਿਸੂ ਮਸੀਹ ਦੇ ਆ ਰਹੇ ਇਕ ਹਜ਼ਾਰ ਸਾਲ ਦੇ ਰਾਜ ਵਿਚ ਇਨ੍ਹਾਂ ਵਫ਼ਾਦਾਰ ਤੇ ਨਿਡਰ ਗਵਾਹਾਂ ਨੂੰ ਜੀਉਂਦਾ ਕੀਤਾ ਜਾਵੇਗਾ ਜਿਨ੍ਹਾਂ ਨੇ ਪਰਮੇਸ਼ੁਰ ਦੀ ਸੇਵਾ ਕਰਦੇ ਹੋਏ ਆਪਣੀ ਜਾਨ ਦਿੱਤੀ ਸੀ ਤੇ ਉਨ੍ਹਾਂ ਨੂੰ ਫਿਰਦੌਸ ਵਰਗੀ ਧਰਤੀ ਉੱਤੇ ਅਨੰਤ ਜ਼ਿੰਦਗੀ ਦਿੱਤੀ ਜਾਵੇਗੀ!—ਯੂਹੰਨਾ 5:28, 29.
[ਸਫ਼ੇ 24 ਉੱਤੇ ਤਸਵੀਰ]
ਯਾਕੋਪ ਵਾਨ ਬੈੱਨਕੋਮ
[ਸਫ਼ੇ 26 ਉੱਤੇ ਤਸਵੀਰ]
ਅਖ਼ਬਾਰ ਦਾ ਉਹ ਟੁਕੜਾ ਜਿਸ ਵਿਚ ਯਹੋਵਾਹ ਦੇ ਗਵਾਹਾਂ ਉੱਤੇ ਲੱਗੀ ਪਾਬੰਦੀ ਬਾਰੇ ਦੱਸਿਆ ਗਿਆ ਸੀ
[ਸਫ਼ੇ 27 ਉੱਤੇ ਤਸਵੀਰਾਂ]
ਸੱਜੇ: ਬਰਨਾਰਟ ਲੁਈਮਸ; ਹੇਠਾਂ: ਆਲਬਰਟੂਸ ਬੋਜ਼ (ਖੱਬੇ) ਅਤੇ ਆਨਟੋਨੀ ਰੇਮੇਯਰ; ਸਭ ਤੋਂ ਹੇਠਾਂ: ਹੈਮਸਟੀਡ ਵਿਚ ਸੋਸਾਇਟੀ ਦਾ ਦਫ਼ਤਰ