ਪਰਮੇਸ਼ੁਰ ਨਾਲ ਲੜਨ ਵਾਲੇ ਨਹੀਂ ਜਿੱਤਣਗੇ!
ਪਰਮੇਸ਼ੁਰ ਨਾਲ ਲੜਨ ਵਾਲੇ ਨਹੀਂ ਜਿੱਤਣਗੇ!
“ਓਹ ਤੇਰੇ ਨਾਲ ਲੜਨਗੇ ਪਰ ਤੈਨੂੰ ਜਿੱਤ ਨਾ ਸੱਕਣਗੇ।”—ਯਿਰਮਿਯਾਹ 1:19.
1. ਯਿਰਮਿਯਾਹ ਨੂੰ ਕਿਹੜਾ ਹੁਕਮ ਮਿਲਿਆ ਸੀ ਅਤੇ ਉਸ ਦਾ ਕੰਮ ਕਿੰਨਾ ਚਿਰ ਚੱਲਦਾ ਰਿਹਾ?
ਯਹੋਵਾਹ ਨੇ ਨੌਜਵਾਨ ਯਿਰਮਿਯਾਹ ਨੂੰ ਹੁਕਮ ਦਿੱਤਾ ਸੀ ਕਿ ਉਹ ਕੌਮਾਂ ਲਈ ਇਕ ਨਬੀ ਬਣੇ। (ਯਿਰਮਿਯਾਹ 1:5) ਇਹ ਯਹੂਦਾਹ ਉੱਤੇ ਰਾਜ ਕਰ ਰਹੇ ਚੰਗੇ ਰਾਜੇ ਯੋਸੀਯਾਹ ਦੇ ਦਿਨਾਂ ਦੀ ਗੱਲ ਹੈ। ਬਾਬਲ ਦੁਆਰਾ ਯਰੂਸ਼ਲਮ ਉੱਤੇ ਜਿੱਤ ਪ੍ਰਾਪਤ ਕਰਨ ਤੋਂ ਪਹਿਲਾਂ ਦੇ ਅਸ਼ਾਂਤ ਸਮੇਂ ਤੋਂ ਲੈ ਕੇ ਪਰਮੇਸ਼ੁਰ ਦੇ ਲੋਕਾਂ ਨੂੰ ਬਾਬਲ ਦੀ ਕੈਦ ਵਿਚ ਲਿਜਾਏ ਜਾਣ ਦੇ ਸਮੇਂ ਤਕ ਯਿਰਮਿਯਾਹ ਨਬੀ ਦੇ ਤੌਰ ਤੇ ਸੇਵਾ ਕਰਦਾ ਰਿਹਾ।—ਯਿਰਮਿਯਾਹ 1:1-3.
2. ਯਹੋਵਾਹ ਨੇ ਯਿਰਮਿਯਾਹ ਨੂੰ ਕਿਵੇਂ ਹੌਸਲਾ ਦਿੱਤਾ ਸੀ ਅਤੇ ਯਿਰਮਿਯਾਹ ਨਾਲ ਲੜਨ ਦਾ ਕੀ ਮਤਲਬ ਸੀ?
2 ਯਿਰਮਿਯਾਹ ਨੇ ਸਜ਼ਾ ਦੇ ਜਿਹੜੇ ਸੰਦੇਸ਼ ਐਲਾਨ ਕਰਨੇ ਸਨ, ਉਨ੍ਹਾਂ ਦਾ ਵਿਰੋਧ ਜ਼ਰੂਰ ਕੀਤਾ ਜਾਣਾ ਸੀ। ਇਸ ਲਈ ਪਰਮੇਸ਼ੁਰ ਨੇ ਉਸ ਨੂੰ ਤਕੜਾ ਕੀਤਾ, ਤਾਂਕਿ ਉਹ ਵਿਰੋਧ ਦਾ ਸਾਮ੍ਹਣਾ ਕਰ ਸਕੇ। (ਯਿਰਮਿਯਾਹ 1:8-10) ਉਦਾਹਰਣ ਲਈ, ਯਿਰਮਿਯਾਹ ਨੂੰ ਇਨ੍ਹਾਂ ਸ਼ਬਦਾਂ ਦੁਆਰਾ ਹੌਸਲਾ ਦਿੱਤਾ ਗਿਆ ਸੀ: “ਓਹ ਤੇਰੇ ਨਾਲ ਲੜਨਗੇ ਪਰ ਤੈਨੂੰ ਜਿੱਤ ਨਾ ਸੱਕਣਗੇ, ਮੈਂ ਤੈਨੂੰ ਛੁਡਾਉਣ ਲਈ ਤੇਰੇ ਸੰਗ ਜੋ ਹਾਂ, ਯਹੋਵਾਹ ਦਾ ਵਾਕ ਹੈ।” (ਯਿਰਮਿਯਾਹ 1:19) ਯਿਰਮਿਯਾਹ ਦੇ ਨਾਲ ਲੜਨ ਦਾ ਮਤਲਬ ਸੀ ਯਹੋਵਾਹ ਦੇ ਨਾਲ ਲੜਨਾ। ਅੱਜ, ਯਹੋਵਾਹ ਦੇ ਨਬੀ-ਸਮਾਨ ਸੇਵਕਾਂ ਦਾ ਇਕ ਸਮੂਹ ਹੈ ਜਿਨ੍ਹਾਂ ਦਾ ਕੰਮ ਯਿਰਮਿਯਾਹ ਦੇ ਕੰਮ ਵਰਗਾ ਹੈ। ਯਿਰਮਿਯਾਹ ਵਾਂਗ ਉਹ ਵੀ ਦਲੇਰੀ ਨਾਲ ਪਰਮੇਸ਼ੁਰ ਦੇ ਅਗੰਮ ਵਾਕ ਦਾ ਐਲਾਨ ਕਰਦੇ ਹਨ। ਇਸ ਸੰਦੇਸ਼ ਦਾ ਸਾਰੇ ਇਨਸਾਨਾਂ ਅਤੇ ਕੌਮਾਂ ਉੱਤੇ ਉਨ੍ਹਾਂ ਦੇ ਰਵੱਈਏ ਅਨੁਸਾਰ ਚੰਗਾ ਜਾਂ ਬੁਰਾ ਅਸਰ ਪੈਂਦਾ ਹੈ। ਜਿੱਦਾਂ ਯਿਰਮਿਯਾਹ ਦੇ ਜ਼ਮਾਨੇ ਵਿਚ ਸੀ, ਅੱਜ ਵੀ ਅਜਿਹੇ ਲੋਕ ਹਨ ਜਿਹੜੇ ਪਰਮੇਸ਼ੁਰ ਦੇ ਸੇਵਕਾਂ ਅਤੇ ਉਸ ਵੱਲੋਂ ਦਿੱਤੇ ਗਏ ਕੰਮਾਂ ਦਾ ਵਿਰੋਧ ਕਰਨ ਦੁਆਰਾ ਪਰਮੇਸ਼ੁਰ ਨਾਲ ਲੜਦੇ ਹਨ।
ਯਹੋਵਾਹ ਦੇ ਸੇਵਕਾਂ ਉੱਤੇ ਹਮਲਾ
3. ਯਹੋਵਾਹ ਦੇ ਸੇਵਕਾਂ ਉੱਤੇ ਕਿਉਂ ਹਮਲੇ ਕੀਤੇ ਗਏ ਹਨ?
3 ਵੀਹਵੀਂ ਸਦੀ ਦੇ ਸ਼ੁਰੂ ਤੋਂ ਹੀ ਯਹੋਵਾਹ ਦੇ ਲੋਕਾਂ ਉੱਤੇ ਹਮਲੇ ਹੁੰਦੇ ਰਹੇ ਹਨ। ਬਹੁਤ ਸਾਰੇ ਦੇਸ਼ਾਂ ਵਿਚ ਬੁਰੇ ਇਰਾਦਿਆਂ ਵਾਲੇ ਲੋਕਾਂ ਨੇ ਪਰਮੇਸ਼ੁਰ ਦੇ ਰਾਜ ਦੇ ਐਲਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੂੰ ਸਾਡਾ ਮੁੱਖ ਵੈਰੀ, ਇਬਲੀਸ ਭੜਕਾਉਂਦਾ ਹੈ ਜੋ ਇਕ “ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵਾਂ!” (1 ਪਤਰਸ 5:8) ਸਾਲ 1914 ਵਿਚ “ਪਰਾਈਆਂ ਕੌਮਾਂ ਦੇ ਸਮੇ ਪੂਰੇ” ਹੋ ਜਾਣ ਤੋਂ ਬਾਅਦ, ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਧਰਤੀ ਦੇ ਨਵੇਂ ਰਾਜੇ ਵਜੋਂ ਸਿੰਘਾਸਣ ਉੱਤੇ ਬਿਠਾਇਆ ਅਤੇ ਉਸ ਨੂੰ ਹੁਕਮ ਦਿੱਤਾ ਕਿ ਉਹ ‘ਆਪਣੇ ਵੈਰੀਆਂ ਦੇ ਵਿਚਕਾਰ ਰਾਜ ਕਰੇ।’ (ਲੂਕਾ 21:24; ਜ਼ਬੂਰ 110:2) ਆਪਣੀ ਬਾਦਸ਼ਾਹੀ ਤਾਕਤ ਇਸਤੇਮਾਲ ਕਰਦੇ ਹੋਏ ਮਸੀਹ ਨੇ ਸ਼ਤਾਨ ਨੂੰ ਸਵਰਗ ਵਿੱਚੋਂ ਕੱਢ ਕੇ ਧਰਤੀ ਉੱਤੇ ਸੁੱਟ ਦਿੱਤਾ। ਉਸ ਲਈ ਸਵਰਗ ਦੇ ਦਰਵਾਜ਼ੇ ਹਮੇਸ਼ਾ-ਹਮੇਸ਼ਾ ਲਈ ਬੰਦ ਕਰ ਦਿੱਤੇ। ਇਬਲੀਸ ਜਾਣਦਾ ਹੈ ਕਿ ਉਸ ਦਾ ਸਮਾਂ ਥੋੜ੍ਹਾ ਰਹਿ ਗਿਆ ਹੈ, ਇਸ ਲਈ ਉਹ ਮਸਹ ਕੀਤੇ ਹੋਏ ਮਸੀਹੀਆਂ ਉੱਤੇ ਅਤੇ ਉਨ੍ਹਾਂ ਦੇ ਸਾਥੀਆਂ ਉੱਤੇ ਆਪਣਾ ਗੁੱਸਾ ਕੱਢਦਾ ਹੈ। (ਪਰਕਾਸ਼ ਦੀ ਪੋਥੀ 12:9, 17) ਪਰਮੇਸ਼ੁਰ ਨਾਲ ਲੜਨ ਵਾਲਿਆਂ ਵੱਲੋਂ ਕੀਤੇ ਗਏ ਲਗਾਤਾਰ ਹਮਲਿਆਂ ਦੇ ਕੀ ਨਤੀਜੇ ਨਿਕਲੇ ਹਨ?
4. ਯਹੋਵਾਹ ਦੇ ਲੋਕਾਂ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਕਿਹੜੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ, ਪਰ 1919 ਤੇ 1922 ਵਿਚ ਕੀ ਹੋਇਆ?
4 ਪਹਿਲੇ ਵਿਸ਼ਵ ਯੁੱਧ ਦੌਰਾਨ ਯਹੋਵਾਹ ਦੇ ਮਸਹ ਕੀਤੇ ਹੋਏ ਸੇਵਕਾਂ ਨੇ ਨਿਹਚਾ ਨੂੰ ਪਰਖਣ ਵਾਲੀਆਂ ਕਈ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ ਸੀ। ਉਨ੍ਹਾਂ ਦਾ ਮਖੌਲ ਉਡਾਇਆ ਗਿਆ ਅਤੇ ਉਨ੍ਹਾਂ ਉੱਤੇ ਤੁਹਮਤਾਂ ਲਗਾਈਆਂ ਗਈਆਂ, ਭੀੜਾਂ ਨੇ ਉਨ੍ਹਾਂ ਉੱਤੇ ਹਮਲੇ ਕੀਤੇ ਅਤੇ ਉਨ੍ਹਾਂ ਨੂੰ ਮਾਰਿਆ-ਕੁੱਟਿਆ ਗਿਆ। ਜਿਵੇਂ ਯਿਸੂ ਨੇ ਪਹਿਲਾਂ ਮੱਤੀ 24:9) ਯੁੱਧ ਦੇ ਪਾਗਲਪਣ ਦੌਰਾਨ ਪਰਮੇਸ਼ੁਰ ਦੇ ਰਾਜ ਦੇ ਦੁਸ਼ਮਣਾਂ ਨੇ ਉਹੀ ਦਾਅ-ਪੇਚ ਵਰਤਿਆ ਜੋ ਯਿਸੂ ਮਸੀਹ ਦੇ ਵਿਰੁੱਧ ਵਰਤਿਆ ਗਿਆ ਸੀ। ਉਨ੍ਹਾਂ ਨੇ ਯਹੋਵਾਹ ਦੇ ਲੋਕਾਂ ਉੱਤੇ ਰਾਜਧਰੋਹੀ ਹੋਣ ਦਾ ਦੋਸ਼ ਲਾਇਆ ਅਤੇ ਪਰਮੇਸ਼ੁਰ ਦੇ ਦ੍ਰਿਸ਼ਟ ਸੰਗਠਨ ਦੇ ਖ਼ਾਸ ਮੈਂਬਰਾਂ ਉੱਤੇ ਸਿੱਧਾ ਵਾਰ ਕੀਤਾ। ਮਈ 1918 ਵਿਚ, ਵਾਚ ਟਾਵਰ ਸੋਸਾਇਟੀ ਦੇ ਪ੍ਰਧਾਨ, ਜੇ. ਐੱਫ਼. ਰਦਰਫ਼ਰਡ ਅਤੇ ਉਸ ਦੇ ਸੱਤ ਸਭ ਤੋਂ ਨਜ਼ਦੀਕੀ ਸਾਥੀਆਂ ਨੂੰ ਗਿਰਫ਼ਤਾਰ ਕਰਨ ਲਈ ਸਰਕਾਰੀ ਵਾਰੰਟ ਜਾਰੀ ਕੀਤੇ ਗਏ। ਇਨ੍ਹਾਂ ਅੱਠਾਂ ਆਦਮੀਆਂ ਨੂੰ ਕੈਦ ਦੀਆਂ ਲੰਬੀਆਂ ਸਜ਼ਾਵਾਂ ਦਿੱਤੀਆਂ ਗਈਆਂ ਅਤੇ ਇਨ੍ਹਾਂ ਨੂੰ ਅਮਰੀਕਾ ਦੇ ਐਟਲਾਂਟਾ, ਜਾਰਜੀਆ ਵਿਚ ਇਕ ਸਰਕਾਰੀ ਕੈਦਖ਼ਾਨੇ ਵਿਚ ਬੰਦ ਕਰ ਦਿੱਤਾ ਗਿਆ। ਨੌਂ ਮਹੀਨਿਆਂ ਬਾਅਦ ਉਨ੍ਹਾਂ ਨੂੰ ਰਿਹਾ ਕਰ ਦਿੱਤਾ ਗਿਆ। ਮਈ 1919 ਵਿਚ ਅਪੀਲ ਦੀ ਸਰਕਟ ਅਦਾਲਤ ਨੇ ਫ਼ੈਸਲਾ ਕੀਤਾ ਕਿ ਦੋਸ਼ੀਆਂ ਦਾ ਮੁਕੱਦਮਾ ਨਿਰਪੱਖ ਤਰੀਕੇ ਨਾਲ ਨਹੀਂ ਕੀਤਾ ਗਿਆ ਸੀ ਜਿਸ ਕਾਰਨ ਅਦਾਲਤੀ ਫ਼ੈਸਲਾ ਬਦਲ ਦਿੱਤਾ ਗਿਆ। ਇਸ ਕੇਸ ਦੀ ਦੁਬਾਰਾ ਸੁਣਵਾਈ ਹੋਣੀ ਸੀ, ਪਰ ਬਾਅਦ ਵਿਚ ਸਰਕਾਰ ਨੇ ਮੁਕੱਦਮਾ ਵਾਪਸ ਲੈ ਲਿਆ ਅਤੇ ਭਰਾ ਰਦਰਫ਼ਰਡ ਅਤੇ ਉਸ ਦੇ ਸਾਥੀਆਂ ਨੂੰ ਪੂਰੀ ਤਰ੍ਹਾਂ ਬਰੀ ਕਰ ਦਿੱਤਾ ਗਿਆ। ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਉਹ ਫਿਰ ਤੋਂ ਰਾਜ ਦੇ ਕੰਮਾਂ ਵਿਚ ਰੁੱਝ ਗਏ ਅਤੇ 1919 ਅਤੇ 1922 ਵਿਚ ਸੀਡਰ ਪਾਇੰਟ, ਓਹੀਓ ਵਿਚ ਹੋਏ ਮਹਾਂ-ਸੰਮੇਲਨਾਂ ਵਿਚ ਭੈਣ-ਭਰਾਵਾਂ ਨੂੰ ਰਾਜ-ਪ੍ਰਚਾਰ ਦਾ ਕੰਮ ਜੋਸ਼ ਨਾਲ ਕਰਨ ਲਈ ਦੁਬਾਰਾ ਹੱਲਾਸ਼ੇਰੀ ਦਿੱਤੀ ਗਈ।
ਹੀ ਦੱਸਿਆ ਸੀ, ‘ਸਾਰੀਆਂ ਕੌਮਾਂ ਨੇ ਉਨ੍ਹਾਂ ਨਾਲ ਵੈਰ ਰੱਖਿਆ।’ (5. ਨਾਜ਼ੀ ਜਰਮਨੀ ਵਿਚ ਯਹੋਵਾਹ ਦੇ ਗਵਾਹਾਂ ਨੂੰ ਕਿਨ੍ਹਾਂ ਹਾਲਾਤਾਂ ਦਾ ਸਾਮ੍ਹਣਾ ਕਰਨਾ ਪਿਆ?
5 ਉੱਨੀ ਸੌ ਤੀਹ ਦੇ ਦਹਾਕੇ ਵਿਚ ਤਾਨਾਸ਼ਾਹੀ ਸ਼ਾਸਨ ਸ਼ੁਰੂ ਹੋਇਆ ਅਤੇ ਜਰਮਨੀ, ਇਟਲੀ ਅਤੇ ਜਪਾਨ ਨੇ ਮਿਲ ਕੇ ਇਕ ਤਾਕਤਵਰ ਫ਼ੌਜ ਬਣਾਉਣ ਲਈ ਇਕ ਸੰਧੀ ਕੀਤੀ। ਉਸ ਦਹਾਕੇ ਦੇ ਸ਼ੁਰੂ ਵਿਚ, ਖ਼ਾਸ ਕਰਕੇ ਨਾਜ਼ੀ ਜਰਮਨੀ ਵਿਚ ਪਰਮੇਸ਼ੁਰ ਦੇ ਲੋਕਾਂ ਉੱਤੇ ਵਹਿਸ਼ੀ ਅਤਿਆਚਾਰ ਕੀਤੇ ਗਏ। ਉਨ੍ਹਾਂ ਉੱਤੇ ਪਾਬੰਦੀਆਂ ਲਗਾਈਆਂ ਗਈਆਂ। ਘਰਾਂ ਦੀ ਤਲਾਸ਼ੀ ਲਈ ਗਈ ਅਤੇ ਉਨ੍ਹਾਂ ਵਿਚ ਰਹਿਣ ਵਾਲਿਆਂ ਨੂੰ ਗਿਰਫ਼ਤਾਰ ਕੀਤਾ ਗਿਆ। ਹਜ਼ਾਰਾਂ ਨੂੰ ਨਜ਼ਰਬੰਦੀ-ਕੈਂਪਾਂ ਵਿਚ ਸੁੱਟਿਆ ਗਿਆ, ਕਿਉਂਕਿ ਉਨ੍ਹਾਂ ਨੇ ਆਪਣੇ ਧਰਮ ਨੂੰ ਤਿਆਗਣ ਤੋਂ ਇਨਕਾਰ ਕੀਤਾ ਸੀ। ਨਾਜ਼ੀਆਂ ਦੀ ਤਾਨਾਸ਼ਾਹੀ ਹਕੂਮਤ ਪਰਮੇਸ਼ੁਰ ਅਤੇ ਉਸ ਦੇ ਲੋਕਾਂ ਨਾਲ ਲੜ ਕੇ ਯਹੋਵਾਹ ਦੇ ਗਵਾਹਾਂ ਨੂੰ ਜਰਮਨੀ ਵਿੱਚੋਂ ਪੂਰੀ ਤਰ੍ਹਾਂ ਨਾਲ ਮਿਟਾਉਣਾ ਚਾਹੁੰਦੀ ਸੀ। * ਜਦੋਂ ਜਰਮਨੀ ਵਿਚ ਯਹੋਵਾਹ ਦੇ ਗਵਾਹਾਂ ਨੇ ਆਪਣੇ ਅਧਿਕਾਰਾਂ ਦੀ ਖ਼ਾਤਰ ਪਹਿਲੀ ਵਾਰ ਅਦਾਲਤ ਦਾ ਦਰਵਾਜ਼ਾ ਖੜਕਾਇਆ, ਤਾਂ ਇਹ ਨਿਸ਼ਚਿਤ ਕਰਨ ਲਈ ਕਿ ਯਹੋਵਾਹ ਦੇ ਗਵਾਹ ਮੁਕੱਦਮਾ ਨਾ ਜਿੱਤਣ, ਰਾਈਖ਼ ਦੇ ਨਿਆਂ ਮੰਤਰੀ-ਮੰਡਲ ਨੇ ਇਕ ਚਿੱਠੀ ਵਿਚ ਅਦਾਲਤਾਂ ਨੂੰ ਸਲਾਹ ਦਿੱਤੀ: “ਅਦਾਲਤਾਂ ਸਿਰਫ਼ ਰਸਮੀ ਕਾਨੂੰਨੀ ਕਾਰਵਾਈਆਂ ਹੀ ਨਾ ਕਰਨ, ਸਗੋਂ ਕਾਨੂੰਨੀ ਮੁਸ਼ਕਲਾਂ ਦੇ ਬਾਵਜੂਦ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਹੋਰ ਤਰੀਕੇ ਲੱਭਣ।” ਇਸ ਦਾ ਮਤਲਬ ਸੀ ਕਿ ਗਵਾਹਾਂ ਨੂੰ ਕਦੀ ਵੀ ਸੱਚਾ ਨਿਆਂ ਨਹੀਂ ਮਿਲ ਸਕਦਾ ਸੀ। ਨਾਜ਼ੀ ਇਹੀ ਕਹਿੰਦੇ ਰਹੇ ਕਿ ਯਹੋਵਾਹ ਦੇ ਗਵਾਹਾਂ ਦਾ ਕੰਮ ਬਹੁਤ ਹੀ ਨੁਕਸਾਨਦਾਇਕ ਜਾਂ ਖ਼ਤਰਨਾਕ ਸੀ ਅਤੇ ਇਹ ‘ਦੇਸ਼ ਦੀ ਸਮਾਜਵਾਦੀ ਵਿਵਸਥਾ ਵਿਚ ਹਲਚਲ ਪੈਦਾ ਕਰਦਾ ਸੀ।’
6. ਦੂਜੇ ਵਿਸ਼ਵ ਯੁੱਧ ਦੌਰਾਨ ਅਤੇ ਉਸ ਤੋਂ ਬਾਅਦ ਵੀ ਸਾਡੇ ਕੰਮ ਨੂੰ ਰੋਕਣ ਲਈ ਕਿਹੜੇ ਜਤਨ ਕੀਤੇ ਗਏ ਸਨ?
6 ਦੂਜੇ ਵਿਸ਼ਵ ਯੁੱਧ ਦੌਰਾਨ ਯਹੋਵਾਹ ਦੇ ਲੋਕਾਂ ਉੱਤੇ ਆਸਟ੍ਰੇਲੀਆ, ਕੈਨੇਡਾ ਅਤੇ ਬਰਤਾਨਵੀ ਕਾਮਨਵੈਲਥ ਨਾਲ ਸੰਬੰਧਿਤ ਹੋਰਨਾਂ ਦੇਸ਼ਾਂ ਵਿਚ, ਯਾਨੀ ਕਿ ਅਫ਼ਰੀਕਾ, ਏਸ਼ੀਆ ਅਤੇ ਕੈਰੀਬੀਅਨ ਤੇ ਸ਼ਾਂਤ ਮਹਾਂਸਾਗਰ ਦੇ ਟਾਪੂਆਂ ਵਿਚ ਪਾਬੰਦੀਆਂ ਲਗਾਈਆਂ ਗਈਆਂ ਸਨ। ਅਮਰੀਕਾ ਵਿਚ ਪ੍ਰਭਾਵਸ਼ਾਲੀ ਦੁਸ਼ਮਣਾਂ ਨੇ ਅਤੇ ਗ਼ਲਤਫ਼ਹਿਮੀ ਦੇ ਸ਼ਿਕਾਰ ਲੋਕਾਂ ਨੇ ‘ਬਿਧੀ ਦੀ ਓਟ ਵਿੱਚ ਸ਼ਰਾਰਤ ਘੜੀ।’ (ਜ਼ਬੂਰ 94:20) ਝੰਡੇ ਨੂੰ ਸਲੂਟ ਮਾਰਨ ਦੇ ਵਾਦ-ਵਿਸ਼ੇ ਉੱਤੇ ਅਤੇ ਘਰ-ਘਰ ਪ੍ਰਚਾਰ ਕਰਨ ਵਿਰੁੱਧ ਬਣਾਏ ਗਏ ਕਾਨੂੰਨਾਂ ਨੂੰ ਲੈ ਕੇ ਅਦਾਲਤਾਂ ਵਿਚ ਕੇਸ ਲੜੇ ਗਏ ਅਤੇ ਸੰਯੁਕਤ ਰਾਜ ਅਮਰੀਕਾ ਵਿਚ ਅਦਾਲਤਾਂ ਵੱਲੋਂ ਗਵਾਹਾਂ ਦੇ ਪੱਖ ਵਿਚ ਫ਼ੈਸਲੇ ਸੁਣਾਉਣ ਦੇ ਕਾਰਨ ਗਵਾਹਾਂ ਨੂੰ ਕਾਫ਼ੀ ਹੱਦ ਤਕ ਉਪਾਸਨਾ ਕਰਨ ਦੀ ਆਜ਼ਾਦੀ ਮਿਲ ਗਈ। ਯਹੋਵਾਹ ਦੀ ਮਦਦ ਸਦਕਾ, ਦੁਸ਼ਮਣਾਂ ਦੇ ਜਤਨ ਕਾਮਯਾਬ ਨਹੀਂ ਹੋਏ। ਜਦੋਂ ਯੂਰਪ ਵਿਚ ਯੁੱਧ ਖ਼ਤਮ ਹੋਇਆ, ਤਾਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ। ਨਜ਼ਰਬੰਦੀ-ਕੈਂਪਾਂ ਵਿਚ ਕੈਦ ਕੀਤੇ ਗਏ ਹਜ਼ਾਰਾਂ ਹੀ ਗਵਾਹ ਆਜ਼ਾਦ ਕਰ ਦਿੱਤੇ ਗਏ, ਪਰ ਲੜਾਈ ਅਜੇ ਵੀ ਖ਼ਤਮ ਨਹੀਂ ਹੋਈ ਸੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਫ਼ੌਰਨ ਹੀ ਸੀਤ ਯੁੱਧ ਸ਼ੁਰੂ ਹੋ ਗਿਆ। ਪੂਰਬੀ ਯੂਰਪੀ ਕੌਮਾਂ ਨੇ ਯਹੋਵਾਹ ਦੇ ਲੋਕਾਂ ਉੱਤੇ ਹੋਰ ਦਬਾਅ ਪਾਇਆ। ਪ੍ਰਚਾਰ ਦੇ ਕੰਮ ਨੂੰ, ਬਾਈਬਲ ਸਾਹਿੱਤ ਦੀ ਵੰਡਾਈ ਨੂੰ ਅਤੇ ਜਨਤਕ ਸੰਮੇਲਨਾਂ ਨੂੰ ਰੋਕਣ ਲਈ ਸਰਕਾਰੀ ਕਾਰਵਾਈ ਕੀਤੀ ਗਈ। ਬਹੁਤ ਸਾਰੇ ਭੈਣ-ਭਰਾਵਾਂ ਨੂੰ ਜੇਲ੍ਹਾਂ ਵਿਚ ਸੁੱਟ ਦਿੱਤਾ ਗਿਆ ਜਾਂ ਉਨ੍ਹਾਂ ਨੂੰ ਲੇਬਰ-ਕੈਂਪ ਵਿਚ ਭੇਜ ਦਿੱਤਾ ਗਿਆ।
ਪ੍ਰਚਾਰ ਕੰਮ ਜਾਰੀ ਰਿਹਾ!
7. ਹਾਲ ਹੀ ਦੇ ਸਾਲਾਂ ਵਿਚ ਪੋਲੈਂਡ, ਰੂਸ ਅਤੇ ਦੂਸਰੇ ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਨੇ ਕੀ ਅਨੁਭਵ ਕੀਤਾ?
7 ਜਿਉਂ-ਜਿਉਂ ਸਾਲ ਲੰਘਦੇ ਗਏ, ਰਾਜ ਦੇ ਪ੍ਰਚਾਰ ਦੇ ਕੰਮ ਤੋਂ ਪਾਬੰਦੀਆਂ ਹੱਟਣੀਆਂ ਸ਼ੁਰੂ ਹੋ ਗਈਆਂ। ਭਾਵੇਂ 1982 ਵਿਚ ਪੋਲੈਂਡ ਵਿਚ ਕਮਿਊਨਿਸਟ ਸਰਕਾਰ ਸੀ, ਪਰ ਉੱਥੇ ਗਵਾਹਾਂ ਨੂੰ ਇਕ ਦਿਨ ਦਾ ਮਹਾਂ-ਸੰਮੇਲਨ ਕਰਨ ਦੀ ਇਜਾਜ਼ਤ ਦਿੱਤੀ ਗਈ। ਫਿਰ
1985 ਵਿਚ ਅੰਤਰਰਾਸ਼ਟਰੀ ਮਹਾਂ-ਸੰਮੇਲਨ ਵੀ ਹੋਏ। ਇਸ ਤੋਂ ਬਾਅਦ 1989 ਵਿਚ ਵੱਡੇ-ਵੱਡੇ ਅੰਤਰਰਾਸ਼ਟਰੀ ਮਹਾਂ-ਸੰਮੇਲਨ ਹੋਏ ਜਿਨ੍ਹਾਂ ਵਿਚ ਰੂਸ ਅਤੇ ਯੂਕਰੇਨ ਤੋਂ ਹਜ਼ਾਰਾਂ ਹੀ ਲੋਕ ਆਏ। ਉਸੇ ਸਾਲ ਹੰਗਰੀ ਅਤੇ ਪੋਲੈਂਡ ਨੇ ਯਹੋਵਾਹ ਦੇ ਗਵਾਹਾਂ ਨੂੰ ਕਾਨੂੰਨੀ ਮਾਨਤਾ ਬਖ਼ਸ਼ੀ। ਅਤੇ 1989 ਦੀ ਪਤਝੜ ਵਿਚ ਜਰਮਨ ਦੇ ਬਰਲਿਨ ਸ਼ਹਿਰ ਦੀ ਕੰਧ ਢਾਹ ਦਿੱਤੀ ਗਈ। ਕੁਝ ਹੀ ਮਹੀਨਿਆਂ ਬਾਅਦ, ਪੂਰਬੀ ਜਰਮਨੀ ਵਿਚ ਸਾਨੂੰ ਕਾਨੂੰਨੀ ਮਾਨਤਾ ਬਖ਼ਸ਼ੀ ਗਈ ਅਤੇ ਇਸ ਤੋਂ ਥੋੜ੍ਹੇ ਸਮੇਂ ਬਾਅਦ ਬਰਲਿਨ ਵਿਚ ਇਕ ਅੰਤਰਰਾਸ਼ਟਰੀ ਮਹਾਂ-ਸੰਮੇਲਨ ਹੋਇਆ। 20ਵੀਂ ਸਦੀ ਦੇ ਆਖ਼ਰੀ ਦਹਾਕੇ ਦੇ ਸ਼ੁਰੂ ਵਿਚ ਰੂਸ ਦੇ ਭਰਾਵਾਂ ਨਾਲ ਸੰਪਰਕ ਕਰਨ ਦੇ ਜਤਨ ਕੀਤੇ ਗਏ। ਮਾਸਕੋ ਵਿਚ ਕੁਝ ਸਰਕਾਰੀ ਅਧਿਕਾਰੀਆਂ ਨਾਲ ਗੱਲ-ਬਾਤ ਕੀਤੀ ਗਈ ਅਤੇ 1991 ਵਿਚ ਯਹੋਵਾਹ ਦੇ ਗਵਾਹਾਂ ਨੂੰ ਕਾਨੂੰਨੀ ਤੌਰ ਤੇ ਰਜਿਸਟਰ ਕੀਤਾ ਗਿਆ। ਉਸ ਸਮੇਂ ਤੋਂ ਹੀ ਰੂਸ ਵਿਚ ਅਤੇ ਉਨ੍ਹਾਂ ਗਣਰਾਜਾਂ ਵਿਚ ਜੋ ਪਹਿਲਾਂ ਸਾਬਕਾ ਸੋਵੀਅਤ ਸੰਘ ਦਾ ਹਿੱਸਾ ਸਨ, ਪ੍ਰਚਾਰ ਦਾ ਕੰਮ ਬਹੁਤ ਹੀ ਵੱਧ ਗਿਆ ਹੈ।8. ਦੂਜੇ ਵਿਸ਼ਵ ਯੁੱਧ ਤੋਂ ਬਾਅਦ 45 ਸਾਲਾਂ ਦੌਰਾਨ ਯਹੋਵਾਹ ਦੇ ਲੋਕਾਂ ਨਾਲ ਕੀ ਹੋਇਆ?
8 ਭਾਵੇਂ ਕਿ ਕੁਝ ਦੇਸ਼ਾਂ ਵਿਚ ਅਤਿਆਚਾਰ ਘੱਟ ਗਿਆ ਸੀ, ਪਰ ਹੋਰਨਾਂ ਵਿਚ ਇਹ ਵੱਧ ਗਿਆ ਸੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ 45 ਸਾਲਾਂ ਦੌਰਾਨ, ਕਈ ਦੇਸ਼ਾਂ ਨੇ ਯਹੋਵਾਹ ਦੇ ਗਵਾਹਾਂ ਨੂੰ ਕਾਨੂੰਨੀ ਮਾਨਤਾ ਦੇਣ ਤੋਂ ਇਨਕਾਰ ਕੀਤਾ। ਇਸ ਦੇ ਨਾਲ-ਨਾਲ, ਅਫ਼ਰੀਕਾ ਦੇ 23 ਦੇਸ਼ਾਂ ਵਿਚ, ਏਸ਼ੀਆ ਦੇ 9 ਦੇਸ਼ਾਂ ਵਿਚ, ਯੂਰਪ ਦੇ 8 ਦੇਸ਼ਾਂ ਵਿਚ, ਲਾਤੀਨੀ ਅਮਰੀਕਾ ਦੇ 3 ਦੇਸ਼ਾਂ ਵਿਚ ਅਤੇ ਕੁਝ 4 ਟਾਪੂ ਦੇਸ਼ਾਂ ਵਿਚ ਸਾਡੇ ਉੱਤੇ ਜਾਂ ਸਾਡੇ ਪ੍ਰਚਾਰ ਦੇ ਕੰਮ ਉੱਤੇ ਪਾਬੰਦੀਆਂ ਲਗਾਈਆਂ ਗਈਆਂ ਸਨ।
9. ਮਲਾਵੀ ਵਿਚ ਯਹੋਵਾਹ ਦੇ ਸੇਵਕ ਕਿਹੜੇ ਹਾਲਾਤਾਂ ਵਿੱਚੋਂ ਗੁਜ਼ਰੇ ਹਨ?
9 ਸਾਲ 1967 ਤੋਂ ਮਲਾਵੀ ਵਿਚ ਯਹੋਵਾਹ ਦੇ ਗਵਾਹਾਂ ਨੇ ਵਹਿਸ਼ੀ ਅਤਿਆਚਾਰ ਸਹਿਣ ਕੀਤਾ। ਉਸ ਦੇਸ਼ ਵਿਚ ਸਾਡੇ ਭਰਾਵਾਂ ਨੇ ਸੱਚੇ ਮਸੀਹੀ ਹੋਣ ਕਰਕੇ ਆਪਣੀ ਨਿਰਪੱਖਤਾ ਕਾਇਮ ਰੱਖੀ ਅਤੇ ਰਾਜਨੀਤਿਕ ਪਾਰਟੀ ਕਾਰਡ ਨਹੀਂ ਖ਼ਰੀਦੇ। (ਯੂਹੰਨਾ 17:16) ਸਾਲ 1972 ਵਿਚ ਮਲਾਵੀ ਕਾਂਗਰਸ ਪਾਰਟੀ ਦੀ ਇਕ ਮੀਟਿੰਗ ਤੋਂ ਬਾਅਦ ਅਤਿਆਚਾਰ ਫਿਰ ਸ਼ੁਰੂ ਹੋ ਗਿਆ। ਭਰਾਵਾਂ ਨੂੰ ਉਨ੍ਹਾਂ ਦੇ ਘਰਾਂ ਅਤੇ ਨੌਕਰੀਆਂ ਤੋਂ ਕੱਢ ਦਿੱਤਾ ਗਿਆ ਸੀ। ਹਜ਼ਾਰਾਂ ਹੀ ਭਰਾ ਆਪਣੀਆਂ ਜਾਨਾਂ ਬਚਾਉਣ ਲਈ ਦੇਸ਼ ਵਿੱਚੋਂ ਭੱਜ ਗਏ। ਪਰ ਕੀ ਪਰਮੇਸ਼ੁਰ ਨਾਲ ਅਤੇ ਉਸ ਦੇ ਲੋਕਾਂ ਨਾਲ ਲੜਨ ਵਾਲੇ ਜਿੱਤ ਗਏ? ਬਿਲਕੁਲ ਨਹੀਂ। ਹਾਲਾਤਾਂ ਦੇ ਬਦਲਣ ਤੋਂ ਬਾਅਦ, ਸਾਲ 1999 ਵਿਚ ਮਲਾਵੀ ਵਿਚ 43,767 ਪ੍ਰਕਾਸ਼ਕਾਂ ਦਾ ਸਿਖਰ ਰਿਪੋਰਟ ਕੀਤਾ ਗਿਆ ਸੀ ਅਤੇ ਉੱਥੇ ਜ਼ਿਲ੍ਹਾ ਮਹਾਂ-ਸੰਮੇਲਨਾਂ ਵਿਚ 1,20,000 ਤੋਂ ਜ਼ਿਆਦਾ ਲੋਕ ਹਾਜ਼ਰ ਹੋਏ ਸਨ। ਇਸ ਦੀ ਰਾਜਧਾਨੀ ਵਿਚ ਇਕ ਨਵਾਂ ਸ਼ਾਖ਼ਾ ਦਫ਼ਤਰ ਵੀ ਖੋਲ੍ਹਿਆ ਗਿਆ ਹੈ।
ਉਹ ਦੋਸ਼ ਲੱਭਦੇ ਹਨ
10. ਜਿੱਦਾਂ ਦਾਨੀਏਲ ਨਾਲ ਹੋਇਆ ਸੀ, ਆਧੁਨਿਕ ਦਿਨਾਂ ਵਿਚ ਵੀ ਪਰਮੇਸ਼ੁਰ ਦੇ ਵਿਰੋਧੀਆਂ ਨੇ ਕੀ ਕੀਤਾ ਹੈ?
10 ਧਰਮ-ਤਿਆਗੀ, ਪਾਦਰੀ ਅਤੇ ਦੂਸਰੇ ਲੋਕ ਪਰਮੇਸ਼ੁਰ ਦੇ ਬਚਨ ਵਿਚ ਪਾਏ ਜਾਂਦੇ ਸੰਦੇਸ਼ ਨੂੰ ਸੁਣਨਾ ਬਰਦਾਸ਼ਤ ਨਹੀਂ ਕਰ ਸਕਦੇ। ਈਸਾਈ-ਜਗਤ ਦੇ ਕੁਝ ਧਾਰਮਿਕ ਆਗੂਆਂ ਦੇ ਦਬਾਅ ਹੇਠਾਂ ਆ ਕੇ ਵਿਰੋਧੀ ਸਾਡੇ ਵਿਰੁੱਧ ਆਪਣੀ ਲੜਾਈ ਨੂੰ ਜਾਇਜ਼ ਠਹਿਰਾਉਣ ਲਈ ਕੋਈ ਵੀ ਕਾਨੂੰਨੀ ਤਰੀਕਾ ਭਾਲਦੇ ਹਨ। ਉਹ ਕਦੀ-ਕਦੀ ਕਿਹੜੇ ਤਰੀਕੇ ਇਸਤੇਮਾਲ ਕਰਦੇ ਹਨ? ਯਾਦ ਕਰੋ ਕਿ ਦਾਨੀਏਲ ਉੱਤੇ ਹਮਲਾ ਕਰਨ ਵਾਸਤੇ ਸਾਜ਼ਸ਼ੀਆਂ ਨੇ ਕੀ ਕੀਤਾ ਸੀ। ਦਾਨੀਏਲ 6:4, 5 ਵਿਚ ਅਸੀਂ ਪੜ੍ਹਦੇ ਹਾਂ: “ਤਦ ਉਨ੍ਹਾਂ ਮਨਸਬਦਾਰਾਂ ਤੇ ਪਰਧਾਨਾਂ ਨੇ ਚਾਹਿਆ ਭਈ ਕਿਵੇਂ ਨਾ ਕਿਵੇਂ ਰਾਜ ਕਾਜ ਦੇ ਕਾਰਨ ਦਾਨੀਏਲ ਉੱਤੇ ਕੋਈ ਦੋਸ਼ ਲਾਈਏ ਪਰ ਉਨ੍ਹਾਂ ਨੂੰ ਕੋਈ ਦੋਸ਼ ਯਾ ਖੋਟ ਨਾ ਲੱਭਾ ਕਿਉਂ ਜੋ ਉਹ ਵਫ਼ਾਦਾਰ ਸੀ ਅਤੇ ਉਹ ਦੇ ਵਿੱਚ ਕੋਈ ਔਗਣ ਯਾ ਖੋਟ ਨਾ ਲੱਭਾ। ਤਾਂ ਉਨ੍ਹਾਂ ਮਨੁੱਖਾਂ ਨੇ ਆਖਿਆ ਕਿ ਅਸੀਂ ਏਸ ਦਾਨੀਏਲ ਨੂੰ ਉਹ ਦੇ ਪਰਮੇਸ਼ੁਰ ਦੀ ਬਿਵਸਥਾ ਦੇ ਬਿਨਾਂ ਹੋਰ ਕਿਸੇ ਗੱਲ ਵਿੱਚ ਦੋਸ਼ੀ ਨਾ ਲੱਭਾਂਗੇ।” ਇਸੇ ਤਰ੍ਹਾਂ ਅੱਜ ਵੀ ਵਿਰੋਧੀ ਸਾਡੇ ਵਿਚ ਕੋਈ ਦੋਸ਼ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਉਹ “ਖ਼ਤਰਨਾਕ ਪੰਥਾਂ” ਖ਼ਿਲਾਫ਼ ਰੌਲਾ ਪਾਉਂਦੇ ਹਨ ਅਤੇ ਯਹੋਵਾਹ ਦੇ ਗਵਾਹਾਂ ਨੂੰ ਵੀ ਇਕ ਖ਼ਤਰਨਾਕ ਪੰਥ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਾਡੇ ਬਾਰੇ ਗ਼ਲਤ ਜਾਣਕਾਰੀ ਦੇ ਕੇ ਅਤੇ ਸਾਡੇ ਉੱਤੇ ਹਰ ਤਰ੍ਹਾਂ ਦੇ ਝੂਠੇ ਦੋਸ਼ ਲਾ ਕੇ ਉਹ ਸਾਡੀ ਉਪਾਸਨਾ ਉੱਤੇ ਹਮਲਾ ਕਰਦੇ ਹਨ ਅਤੇ ਸਾਨੂੰ ਪਰਮੇਸ਼ੁਰੀ ਸਿਧਾਂਤਾਂ ਮੁਤਾਬਕ ਜੀਉਣ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਹਨ।
11. ਯਹੋਵਾਹ ਦੇ ਗਵਾਹਾਂ ਦੇ ਕੁਝ ਵਿਰੋਧੀਆਂ ਨੇ ਕਿਹੜੇ ਝੂਠੇ ਦਾਅਵੇ ਕੀਤੇ ਹਨ?
11 ਕੁਝ ਦੇਸ਼ਾਂ ਵਿਚ ਧਾਰਮਿਕ ਅਤੇ ਰਾਜਨੀਤਿਕ ਅਧਿਕਾਰੀ ਇਹ ਮੰਨਣ ਤੋਂ ਇਨਕਾਰ ਕਰਦੇ ਹਨ ਕਿ ਅਸੀਂ ‘ਆਪਣੇ ਪਰਮੇਸ਼ੁਰ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ’ ਕਰਦੇ ਹਾਂ। (ਯਾਕੂਬ 1:27) ਭਾਵੇਂ ਕਿ ਸਾਡਾ ਮਸੀਹੀ ਕੰਮ 234 ਦੇਸ਼ਾਂ ਵਿਚ ਕੀਤਾ ਜਾਂਦਾ ਹੈ, ਪਰ ਵਿਰੋਧੀ ਦਾਅਵਾ ਕਰਦੇ ਹਨ ਕਿ ਸਾਡਾ ਧਰਮ ਕੋਈ “ਜਾਣਿਆ-ਪਛਾਣਿਆ ਧਰਮ” ਨਹੀਂ ਹੈ। ਸਾਲ 1998 ਦੇ ਇਕ ਅੰਤਰਰਾਸ਼ਟਰੀ ਮਹਾਂ-ਸੰਮੇਲਨ ਤੋਂ ਕੁਝ ਹੀ ਦਿਨ ਪਹਿਲਾਂ ਐਥਿਨਜ਼ ਦੇ ਇਕ ਅਖ਼ਬਾਰ ਨੇ ਇਕ ਗ੍ਰੀਕ ਆਰਥੋਡਾਕਸ ਪਾਦਰੀ ਦੇ ਦਾਅਵੇ ਬਾਰੇ ਖ਼ਬਰ ਛਾਪੀ ਕਿ “[ਯਹੋਵਾਹ ਦੇ ਗਵਾਹਾਂ ਦਾ ਧਰਮ] ਇਕ ‘ਜਾਣਿਆ-ਪਛਾਣਿਆ ਧਰਮ’ ਨਹੀਂ ਹੈ,” ਭਾਵੇਂ ਕਿ ਮਨੁੱਖੀ ਅਧਿਕਾਰਾਂ ਦੀ ਯੂਰਪੀ ਅਦਾਲਤ ਨੇ ਇਸ ਤੋਂ ਉਲਟ ਫ਼ੈਸਲਾ ਕੀਤਾ ਸੀ। ਕੁਝ ਹੀ ਦਿਨਾਂ ਬਾਅਦ, ਉਸੇ ਸ਼ਹਿਰ ਦੇ ਇਕ ਹੋਰ ਅਖ਼ਬਾਰ ਦੀ ਰਿਪੋਰਟ ਮੁਤਾਬਕ ਇਕ ਚਰਚ ਦੇ ਪ੍ਰਤਿਨਿਧ ਨੇ ਕਿਹਾ: “[ਯਹੋਵਾਹ ਦੇ ਗਵਾਹ] ‘ਇਕ ਮਸੀਹੀ ਕਲੀਸਿਯਾ’ ਨਹੀਂ ਹੋ ਸਕਦੇ ਕਿਉਂਕਿ ਉਨ੍ਹਾਂ ਦੀਆਂ ਸਿੱਖਿਆਵਾਂ ਵਿਚ ਅਤੇ ਯਿਸੂ ਮਸੀਹ ਦੀਆਂ ਸਿੱਖਿਆਵਾਂ ਵਿਚ ਕੋਈ ਸਾਂਝ ਨਹੀਂ ਹੈ।” ਇਹ ਸੱਚ-ਮੁੱਚ ਹੈਰਾਨੀ ਵਾਲੀ ਗੱਲ ਹੈ, ਕਿਉਂਕਿ ਹੋਰ ਕੋਈ ਵੀ ਈਸਾਈ ਧਰਮ ਯਿਸੂ ਦੀ ਨਕਲ ਕਰਨ ਉੱਤੇ ਇੰਨਾ ਜ਼ੋਰ ਨਹੀਂ ਪਾਉਂਦਾ ਜਿੰਨਾ ਕਿ ਯਹੋਵਾਹ ਦੇ ਗਵਾਹ ਪਾਉਂਦੇ ਹਨ!
12. ਆਪਣੀ ਅਧਿਆਤਮਿਕ ਲੜਾਈ ਲੜਦੇ ਸਮੇਂ ਸਾਨੂੰ ਕੀ ਕਰਨਾ ਚਾਹੀਦਾ ਹੈ?
12 ਅਸੀਂ ਕਾਨੂੰਨ ਦੇ ਜ਼ਰੀਏ ਖ਼ੁਸ਼ ਖ਼ਬਰੀ ਦੀ ਰੱਖਿਆ ਕਰਨ ਅਤੇ ਉਸ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। (ਫ਼ਿਲਿੱਪੀਆਂ 1:7) ਇਸ ਤੋਂ ਇਲਾਵਾ, ਅਸੀਂ ਪਰਮੇਸ਼ੁਰ ਦੇ ਧਰਮੀ ਮਿਆਰਾਂ ਨੂੰ ਛੱਡ ਕੇ ਸਮਝੌਤਾ ਨਹੀਂ ਕਰਾਂਗੇ ਜਾਂ ਇਨ੍ਹਾਂ ਦੀ ਅਹਿਮੀਅਤ ਨੂੰ ਨਹੀਂ ਘਟਾਵਾਂਗੇ। (ਤੀਤੁਸ 2:10, 12) ਯਿਰਮਿਯਾਹ ਵਾਂਗ, ਅਸੀਂ ਵੀ ‘ਆਪਣਾ ਲੱਕ ਬੰਨ੍ਹ ਕੇ ਓਹ ਸਭ ਜੋ ਯਹੋਵਾਹ ਸਾਨੂੰ ਹੁਕਮ ਦਿੰਦਾ ਹੈ ਆਖਦੇ ਹਾਂ’ ਅਤੇ ਅਸੀਂ ਪਰਮੇਸ਼ੁਰ ਨਾਲ ਲੜਨ ਵਾਲਿਆਂ ਤੋਂ ਨਹੀਂ ਡਰਦੇ ਹਾਂ। (ਯਿਰਮਿਯਾਹ 1:17, 18) ਯਹੋਵਾਹ ਦਾ ਪਵਿੱਤਰ ਬਚਨ ਸਾਨੂੰ ਸਾਫ਼-ਸਾਫ਼ ਦੱਸਦਾ ਹੈ ਕਿ ਸਾਨੂੰ ਕਿਹੜੇ ਰਾਹ ਉੱਤੇ ਚੱਲਣਾ ਚਾਹੀਦਾ ਹੈ। ਸਾਨੂੰ ਕਦੀ ਵੀ ‘ਜੀਵ ਦੇ ਕਮਜ਼ੋਰ ਹੱਥ’ ਦਾ ਸਹਾਰਾ ਨਹੀਂ ਲੈਣਾ ਚਾਹੀਦਾ ਅਤੇ ਨਾ ਹੀ “ਮਿਸਰ” ਅਰਥਾਤ ਇਸ ਸੰਸਾਰ “ਦੇ ਸਾਯੇ ਵਿੱਚ ਪਨਾਹ” ਲੈਣੀ ਚਾਹੀਦੀ ਹੈ। (2 ਇਤਹਾਸ 32:8; ਯਸਾਯਾਹ 30:3; 31:1-3) ਅਧਿਆਤਮਿਕ ਲੜਾਈ ਲੜਦੇ ਸਮੇਂ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖੀਏ, ਉਸ ਦੇ ਦਿਖਾਏ ਰਾਹ ਉੱਤੇ ਚੱਲੀਏ ਅਤੇ ਆਪਣੀ ਸਮਝ ਉੱਤੇ ਅਤਬਾਰ ਨਾ ਕਰੀਏ। (ਕਹਾਉਤਾਂ 3:5-7) ਯਹੋਵਾਹ ਦੀ ਮਦਦ ਅਤੇ ਰਾਖੀ ਦੇ ਬਗੈਰ ਸਾਡੇ ਸਾਰੇ ਕੰਮ “ਵਿਅਰਥ” ਹੋਣਗੇ।—ਜ਼ਬੂਰ 127:1.
ਸਤਾਏ ਜਾਣ ਦੇ ਬਾਵਜੂਦ ਵੀ ਸਮਝੌਤਾ ਨਹੀਂ ਕੀਤਾ
13. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਿਸੂ ਉੱਤੇ ਸ਼ਤਾਨ ਦਾ ਹਮਲਾ ਅਸਫ਼ਲ ਹੋਇਆ?
13 ਯਹੋਵਾਹ ਪ੍ਰਤੀ ਆਪਣੀ ਅਟੁੱਟ ਨਿਹਚਾ ਬਣਾਈ ਰੱਖਣ ਵਾਲਿਆਂ ਵਿਚ ਸਭ ਤੋਂ ਵੱਡੀ ਮਿਸਾਲ ਖ਼ੁਦ ਯਿਸੂ ਦੀ ਹੈ, ਜਿਸ ਉੱਤੇ ਰਾਜਧਰੋਹੀ ਹੋਣ ਦਾ ਅਤੇ ਸਮਾਜ ਵਿਚ ਹਲਚਲ ਪੈਦਾ ਕਰਨ ਦਾ ਝੂਠਾ ਦੋਸ਼ ਲਾਇਆ ਗਿਆ ਸੀ। ਯਿਸੂ ਦੇ ਕੇਸ ਦੀ ਜਾਂਚ ਕਰਨ ਤੋਂ ਬਾਅਦ ਪਿਲਾਤੁਸ ਯਿਸੂ ਨੂੰ ਰਿਹਾ ਕਰਨ ਲਈ ਤਿਆਰ ਸੀ। ਪਰ ਧਾਰਮਿਕ ਆਗੂਆਂ ਦੁਆਰਾ ਉਕਸਾਈ ਗਈ ਭੀੜ ਨੇ ਚੀਕ-ਚੀਕ ਕੇ ਕਿਹਾ ਕਿ ਯਿਸੂ ਨੂੰ ਸੂਲੀ ਉੱਤੇ ਚੜ੍ਹਾ ਦਿੱਤਾ ਜਾਵੇ, ਭਾਵੇਂ ਕਿ ਉਹ ਨਿਰਦੋਸ਼ ਸੀ। ਯਿਸੂ ਦੇ ਬਦਲੇ ਉਹ ਬਰੱਬਾਸ ਦੀ ਰਿਹਾਈ ਚਾਹੁੰਦੇ ਸਨ ਜਿਸ ਨੂੰ ਰਾਜਧਰੋਹੀ ਹੋਣ ਅਤੇ ਕਤਲ ਕਰਨ ਦੇ ਜੁਰਮ ਵਿਚ ਕੈਦ ਵਿਚ ਸੁੱਟਿਆ ਗਿਆ ਸੀ! ਪਿਲਾਤੁਸ ਨੇ ਇਨ੍ਹਾਂ ਤਰਕਹੀਣ ਵਿਰੋਧੀਆਂ ਨੂੰ ਸਮਝਾਉਣ ਦੀ ਦੁਬਾਰਾ ਕੋਸ਼ਿਸ਼ ਕੀਤੀ, ਪਰ ਅਖ਼ੀਰ ਵਿਚ ਉਹ ਭੀੜ ਦੇ ਰੌਲੇ-ਰੱਪੇ ਅੱਗੇ ਝੁਕ ਗਿਆ। (ਲੂਕਾ 23:2, 5, 14, 18-25) ਭਾਵੇਂ ਯਿਸੂ ਸੂਲੀ ਉੱਤੇ ਮਾਰਿਆ ਗਿਆ ਸੀ, ਪਰ ਪਰਮੇਸ਼ੁਰ ਦੇ ਨਿਰਦੋਸ਼ ਪੁੱਤਰ ਉੱਤੇ ਇਹ ਬਹੁਤ ਹੀ ਘਿਣਾਉਣਾ ਤੇ ਸ਼ਤਾਨੀ ਹਮਲਾ ਬਿਲਕੁਲ ਅਸਫ਼ਲ ਹੋਇਆ, ਕਿਉਂ ਜੋ ਯਹੋਵਾਹ ਨੇ ਯਿਸੂ ਨੂੰ ਜੀ ਉਠਾਇਆ ਅਤੇ ਉਸ ਨੂੰ ਆਪਣੇ ਸੱਜੇ ਹੱਥ ਬਿਠਾ ਕੇ ਉੱਚਾ ਕੀਤਾ। ਮਹਿਮਾਵਾਨ ਯਿਸੂ ਦੁਆਰਾ ਪੰਤੇਕੁਸਤ 33 ਸਾ.ਯੁ. ਦੇ ਦਿਨ ਤੇ ਚੇਲਿਆਂ ਉੱਤੇ ਪਵਿੱਤਰ ਆਤਮਾ ਪਾਈ ਗਈ ਅਤੇ “ਨਵੀਂ ਸਰਿਸ਼ਟ” ਅਰਥਾਤ ਮਸੀਹੀ ਕਲੀਸਿਯਾ ਸਥਾਪਿਤ ਕੀਤੀ ਗਈ।—2 ਕੁਰਿੰਥੀਆਂ 5:17; ਰਸੂਲਾਂ ਦੇ ਕਰਤੱਬ 2:1-4.
14. ਉਦੋਂ ਕੀ ਹੋਇਆ ਜਦੋਂ ਯਹੂਦੀ ਧਾਰਮਿਕ ਆਗੂਆਂ ਨੇ ਯਿਸੂ ਦੇ ਪੈਰੋਕਾਰਾਂ ਦਾ ਵਿਰੋਧ ਕੀਤਾ?
14 ਇਸ ਘਟਨਾ ਤੋਂ ਕੁਝ ਸਮੇਂ ਬਾਅਦ, ਧਾਰਮਿਕ ਆਗੂਆਂ ਨੇ ਰਸੂਲਾਂ ਨੂੰ ਧਮਕੀਆਂ ਦਿੱਤੀਆਂ, ਪਰ ਮਸੀਹ ਦੇ ਪੈਰੋਕਾਰ ਉਨ੍ਹਾਂ ਚੀਜ਼ਾਂ ਬਾਰੇ ਗੱਲਾਂ ਕਰਨ ਤੋਂ ਨਹੀਂ ਰੁਕੇ ਜੋ ਉਨ੍ਹਾਂ ਨੇ ਦੇਖੀਆਂ ਅਤੇ ਸੁਣੀਆਂ ਸਨ। ਯਿਸੂ ਦੇ ਚੇਲਿਆਂ ਨੇ ਪ੍ਰਾਰਥਨਾ ਕੀਤੀ: “ਹੇ ਪ੍ਰਭੁ ਓਹਨਾਂ ਦੀਆਂ ਧਮਕੀਆਂ ਨੂੰ ਵੇਖ ਅਰ ਆਪਣੇ ਦਾਸਾਂ ਨੂੰ ਇਹ ਬਖ਼ਸ਼ ਕਿ ਅੱਤ ਦਲੇਰੀ ਨਾਲ ਤੇਰਾ ਬਚਨ ਸੁਣਾਉਣ।” (ਰਸੂਲਾਂ ਦੇ ਕਰਤੱਬ 4:29) ਯਹੋਵਾਹ ਨੇ ਉਨ੍ਹਾਂ ਨੂੰ ਪਵਿੱਤਰ ਆਤਮਾ ਦੇ ਕੇ ਅਤੇ ਉਨ੍ਹਾਂ ਨੂੰ ਨਿਡਰ ਹੋ ਕੇ ਐਲਾਨ ਕਰਦੇ ਰਹਿਣ ਦੀ ਤਾਕਤ ਦੇਣ ਦੁਆਰਾ ਉਨ੍ਹਾਂ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ। ਜਲਦੀ ਹੀ ਰਸੂਲਾਂ ਨੂੰ ਫਿਰ ਪ੍ਰਚਾਰ ਨਾ ਕਰਨ ਦਾ ਹੁਕਮ ਦਿੱਤਾ ਗਿਆ ਸੀ, ਪਰ ਪਤਰਸ ਅਤੇ ਦੂਸਰੇ ਰਸੂਲਾਂ ਨੇ ਜਵਾਬ ਦਿੱਤਾ: “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।” (ਰਸੂਲਾਂ ਦੇ ਕਰਤੱਬ 5:29) ਧਮਕੀਆਂ, ਗਿਰਫ਼ਤਾਰੀਆਂ ਅਤੇ ਕੋਰੜਿਆਂ ਦੀ ਮਾਰ ਉਨ੍ਹਾਂ ਨੂੰ ਰਾਜ ਦੇ ਪ੍ਰਚਾਰ ਕੰਮ ਨੂੰ ਵਧਾਉਣ ਤੋਂ ਰੋਕ ਨਾ ਸਕੀ।
15. ਗਮਲੀਏਲ ਕੌਣ ਸੀ ਅਤੇ ਉਸ ਨੇ ਯਿਸੂ ਦੇ ਪੈਰੋਕਾਰਾਂ ਦੇ ਵਿਰੋਧੀਆਂ ਨੂੰ ਕਿਹੜੀ ਸਲਾਹ ਦਿੱਤੀ?
15 ਇਸ ਦਾ ਧਾਰਮਿਕ ਹਾਕਮਾਂ ਤੇ ਕੀ ਅਸਰ ਪਿਆ? “ਓਹ ਜਲ ਗਏ ਅਤੇ [ਰਸੂਲਾਂ] ਨੂੰ ਮਾਰ ਸੁੱਟਣ ਦੀ ਦਲੀਲ ਕੀਤੀ।” ਪਰ ਉੱਥੇ ਗਮਲੀਏਲ ਨਾਂ ਦਾ ਇਕ ਫ਼ਰੀਸੀ ਵੀ ਬੈਠਾ ਸੀ ਜਿਹੜਾ ਸ਼ਰਾ ਪੜ੍ਹਾਉਂਦਾ ਹੁੰਦਾ ਸੀ ਅਤੇ ਸਾਰੇ ਉਸ ਦੀ ਇੱਜ਼ਤ ਕਰਦੇ ਸਨ। ਰਸੂਲਾਂ ਨੂੰ ਮਹਾਸਭਾ ਦੇ ਭਵਨ ਵਿੱਚੋਂ ਥੋੜ੍ਹੀ ਦੇਰ ਲਈ ਬਾਹਰ ਕੱਢਣ ਤੋਂ ਬਾਅਦ, ਉਸ ਨੇ ਉਨ੍ਹਾਂ ਧਾਰਮਿਕ ਵਿਰੋਧੀਆਂ ਨੂੰ ਇਹ ਸਲਾਹ ਦਿੱਤੀ: “ਹੇ ਇਸਰਾਏਲੀ ਲੋਕੋ, ਖਬਰਦਾਰ ਰਹੋ ਜੋ ਤੁਸੀਂ ਇਨ੍ਹਾਂ ਮਨੁੱਖਾਂ ਨਾਲ ਕੀ ਕਰਨਾ ਚਾਹੁੰਦੇ ਹੋ। . . . ਹੁਣ ਮੈਂ ਤੁਹਾਨੂੰ ਆਖਦਾ ਹਾਂ ਭਈ ਇਨ੍ਹਾਂ ਮਨੁੱਖਾਂ ਤੋਂ ਲਾਂਭੇ ਹੋਵੋ ਅਤੇ ਇਨ੍ਹਾਂ ਨੂੰ ਜਾਣ ਦਿਓ ਕਿਉਂਕਿ ਜੇ ਇਹ ਮੱਤ ਅਰ ਇਹ ਕੰਮ ਆਦਮੀਆਂ ਦੀ ਵੱਲੋਂ ਹੈ ਤਾਂ ਨਸ਼ਟ ਹੋ ਜਾਊ। ਪਰ ਜੇ ਪਰਮੇਸ਼ੁਰ ਦੀ ਵੱਲੋਂ ਹੈ ਤਾਂ ਤੁਸੀਂ ਉਨ੍ਹਾਂ ਨੂੰ ਨਸ਼ਟ ਨਹੀਂ ਕਰ ਸੱਕੋਗੇ ਭਈ ਕਿਤੇ ਐਉਂ ਨਾ ਹੋਵੇ ਜੋ ਤੁਸੀਂ ਪਰਮੇਸ਼ੁਰ ਨਾਲ ਵੀ ਲੜਨ ਵਾਲੇ ਠਹਿਰੋ।”—ਰਸੂਲਾਂ ਦੇ ਕਰਤੱਬ 5:33-39.
ਸਾਡੇ ਵਿਰੁੱਧ ਬਣਾਇਆ ਗਿਆ ਹਰ ਹਥਿਆਰ ਨਿਕੰਮਾ ਸਾਬਤ ਹੋਵੇਗਾ
16. ਆਪਣੇ ਸ਼ਬਦਾਂ ਵਿਚ ਯਹੋਵਾਹ ਵੱਲੋਂ ਆਪਣੇ ਲੋਕਾਂ ਨੂੰ ਦਿੱਤੇ ਭਰੋਸੇ ਬਾਰੇ ਦੱਸੋ।
16 ਗਮਲੀਏਲ ਨੇ ਚੰਗੀ ਸਲਾਹ ਦਿੱਤੀ ਸੀ। ਜਦੋਂ ਕੋਈ ਸਾਡੇ ਪੱਖ ਵਿਚ ਬੋਲਦਾ ਹੈ, ਤਾਂ ਅਸੀਂ ਇਸ ਦੀ ਕਦਰ ਕਰਦੇ ਹਾਂ। ਅਸੀਂ ਇਹ ਵੀ ਮੰਨਦੇ ਹਾਂ ਕਿ ਨਿਰਪੱਖ ਜੱਜਾਂ ਦੇ ਅਦਾਲਤੀ ਫ਼ੈਸਲਿਆਂ ਕਰਕੇ ਹੀ ਉਪਾਸਨਾ ਕਰਨ ਦੀ ਆਜ਼ਾਦੀ ਕਾਇਮ ਰਹੀ ਹੈ। ਪਰ ਈਸਾਈ-ਜਗਤ ਦੇ ਪਾਦਰੀਆਂ ਅਤੇ ਵੱਡੀ ਬਾਬੁਲ, ਜੋ ਝੂਠੇ ਧਰਮ ਦਾ ਵਿਸ਼ਵ ਸਾਮਰਾਜ ਹੈ, ਦੇ ਦੂਸਰੇ ਧਾਰਮਿਕ ਆਗੂਆਂ ਨੂੰ ਇਹ ਪਸੰਦ ਨਹੀਂ ਹੈ ਕਿ ਅਸੀਂ ਬਾਈਬਲ ਦੀਆਂ ਸਿੱਖਿਆਵਾਂ ਉੱਤੇ ਪੂਰੇ ਮਨ ਨਾਲ ਚੱਲੀਏ। (ਪਰਕਾਸ਼ ਦੀ ਪੋਥੀ 18:1-3) ਭਾਵੇਂ ਉਹ ਜਾਂ ਉਨ੍ਹਾਂ ਦੇ ਅਸਰ ਹੇਠ ਆਏ ਲੋਕ ਸਾਡੇ ਨਾਲ ਲੜਦੇ ਹਨ, ਫਿਰ ਵੀ ਸਾਨੂੰ ਇਹ ਭਰੋਸਾ ਦਿੱਤਾ ਗਿਆ ਹੈ: “ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ, ਹਰ ਜੀਭ ਨੂੰ ਜੋ ਤੇਰੇ ਵਿਰੁੱਧ ਨਿਆਉਂ ਲਈ ਉੱਠੇ, ਤੂੰ ਦੋਸ਼ੀ ਠਹਿਰਾਵੇਂਗੀ,—ਏਹ ਯਹੋਵਾਹ ਦੇ ਦਾਸਾਂ ਦਾ ਅਧਿਕਾਰ ਹੈ, ਅਤੇ ਉਨ੍ਹਾਂ ਦਾ ਧਰਮ ਮੈਥੋਂ ਹੈ, ਯਹੋਵਾਹ ਦਾ ਵਾਕ ਹੈ।”—ਯਸਾਯਾਹ 54:17.
17. ਭਾਵੇਂ ਵਿਰੋਧੀ ਸਾਡੇ ਨਾਲ ਲੜਦੇ ਹਨ, ਪਰ ਅਸੀਂ ਕਿਉਂ ਹੌਸਲਾ ਨਹੀਂ ਹਾਰਦੇ?
17 ਸਾਡੇ ਵੈਰੀ ਬਿਨਾਂ ਕਿਸੇ ਕਾਰਨ ਸਾਡੇ ਨਾਲ ਲੜਦੇ ਹਨ, ਪਰ ਅਸੀਂ ਹੌਸਲਾ ਨਹੀਂ ਹਾਰਦੇ। (ਜ਼ਬੂਰ 109:1-3) ਅਸੀਂ ਬਾਈਬਲ ਦੇ ਸੰਦੇਸ਼ ਨੂੰ ਨਫ਼ਰਤ ਕਰਨ ਵਾਲਿਆਂ ਤੋਂ ਡਰ ਕੇ ਕਿਸੇ ਵੀ ਹਾਲਤ ਵਿਚ ਆਪਣੀ ਨਿਹਚਾ ਦਾ ਸਮਝੌਤਾ ਨਹੀਂ ਕਰਾਂਗੇ। ਭਾਵੇਂ ਅਸੀਂ ਜਾਣਦੇ ਹਾਂ ਕਿ ਇਹ ਅਧਿਆਤਮਿਕ ਲੜਾਈ ਹੋਰ ਵੀ ਤੇਜ਼ ਹੋਵੇਗੀ, ਪਰ ਅਸੀਂ ਇਸ ਦਾ ਨਤੀਜਾ ਵੀ ਜਾਣਦੇ ਹਾਂ। ਯਿਰਮਿਯਾਹ ਵਾਂਗ ਅਸੀਂ ਇਸ ਭਵਿੱਖ-ਸੂਚਕ ਬਚਨ ਨੂੰ ਪੂਰਾ ਹੁੰਦਾ ਦੇਖਾਂਗੇ: “ਓਹ ਤੇਰੇ ਨਾਲ ਲੜਨਗੇ ਪਰ ਤੈਨੂੰ ਜਿੱਤ ਨਾ ਸੱਕਣਗੇ, ਮੈਂ ਤੈਨੂੰ ਛੁਡਾਉਣ ਲਈ ਤੇਰੇ ਸੰਗ ਜੋ ਹਾਂ, ਯਹੋਵਾਹ ਦਾ ਵਾਕ ਹੈ।” (ਯਿਰਮਿਯਾਹ 1:19) ਜੀ ਹਾਂ, ਅਸੀਂ ਇਹ ਜਾਣਦੇ ਹਾਂ ਕਿ ਪਰਮੇਸ਼ੁਰ ਨਾਲ ਲੜਨ ਵਾਲੇ ਨਹੀਂ ਜਿੱਤਣਗੇ!
[ਫੁਟਨੋਟ]
^ ਪੈਰਾ 5 ਸਫ਼ੇ 24-8 ਉੱਤੇ “ਨਾਜ਼ੀਆਂ ਦੇ ਅਤਿਆਚਾਰ ਦੇ ਬਾਵਜੂਦ ਵੀ ਵਫ਼ਾਦਾਰ ਅਤੇ ਨਿਡਰ ਸੂਰਮੇ” ਨਾਮਕ ਲੇਖ ਦੇਖੋ।
ਤੁਸੀਂ ਕਿਵੇਂ ਜਵਾਬ ਦਿਓਗੇ?
• ਯਹੋਵਾਹ ਦੇ ਸੇਵਕਾਂ ਉੱਤੇ ਕਿਉਂ ਹਮਲਾ ਕੀਤਾ ਜਾਂਦਾ ਹੈ?
• ਵਿਰੋਧੀ ਯਹੋਵਾਹ ਦੇ ਲੋਕਾਂ ਨਾਲ ਕਿੱਦਾਂ-ਕਿੱਦਾਂ ਲੜੇ ਹਨ?
• ਸਾਨੂੰ ਕਿਉਂ ਭਰੋਸਾ ਹੈ ਕਿ ਯਹੋਵਾਹ ਨਾਲ ਲੜਨ ਵਾਲੇ ਨਹੀਂ ਜਿੱਤਣਗੇ?
[ਸਵਾਲ]
[ਸਫ਼ੇ 17 ਉੱਤੇ ਤਸਵੀਰ]
ਯਿਰਮਿਯਾਹ ਨੂੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਯਹੋਵਾਹ ਉਸ ਦੇ ਨਾਲ ਰਹੇਗਾ
[ਸਫ਼ੇ 18 ਉੱਤੇ ਤਸਵੀਰ]
ਨਜ਼ਰਬੰਦੀ-ਕੈਂਪਾਂ ਵਿੱਚੋਂ ਬਚੇ ਲੋਕ
[ਸਫ਼ੇ 18 ਉੱਤੇ ਤਸਵੀਰ]
ਭੀੜ ਦੁਆਰਾ ਯਹੋਵਾਹ ਦੇ ਗਵਾਹਾਂ ਉੱਤੇ ਹਿੰਸਕ ਹਮਲਾ
[ਸਫ਼ੇ 18 ਉੱਤੇ ਤਸਵੀਰ]
ਜੇ. ਐੱਫ਼. ਰਦਰਫ਼ਰਡ ਅਤੇ ਉਸ ਦੇ ਸਾਥੀ
[ਸਫ਼ੇ 21 ਉੱਤੇ ਤਸਵੀਰ]
ਯਿਸੂ ਦੀ ਵਾਰੀ ਪਰਮੇਸ਼ੁਰ ਨਾਲ ਲੜਨ ਵਾਲੇ ਨਹੀਂ ਜਿੱਤੇ ਸਨ