Skip to content

Skip to table of contents

ਏਜੀਅਨ ਸਾਗਰ ਵਿਚ ਮਨੁੱਖਾਂ ਦਾ ਸ਼ਿਕਾਰ

ਏਜੀਅਨ ਸਾਗਰ ਵਿਚ ਮਨੁੱਖਾਂ ਦਾ ਸ਼ਿਕਾਰ

ਏਜੀਅਨ ਸਾਗਰ ਵਿਚ ਮਨੁੱਖਾਂ ਦਾ ਸ਼ਿਕਾਰ

ਪੂਰਬੀ ਭੂਮੱਧ ਸਾਗਰ ਦੇ ਵੱਡੇ ਹਿੱਸੇ ਦਾ ਨਾਂ ਹੈ ਏਜੀਅਨ ਸਾਗਰ। ਉਸ ਦੇ ਉੱਤਰੀ ਅਤੇ ਪੱਛਮੀ ਪਾਸੇ ਗ੍ਰੀਸ (ਯੂਨਾਨ) ਦਾ ਮੁੱਖ ਭਾਗ ਹੈ; ਉਸ ਦੇ ਦੱਖਣ ਵੱਲ ਕ੍ਰੀਟ ਨਾਂ ਦਾ ਟਾਪੂ ਹੈ, ਅਤੇ ਪੂਰਬ ਵੱਲ ਤੁਰਕੀ ਦਾ ਦੇਸ਼। ਇਸ ਇਲਾਕੇ ਤੋਂ ਕਈ ਪੁਰਾਣੀਆਂ ਸਭਿਆਤਾਵਾਂ ਸ਼ੁਰੂ ਹੋਈਆਂ ਸਨ। ਏਜੀਅਨ ਸਾਗਰ ਵਿਚ ਅਨੇਕ ਿਨੱਕੇ-ਵੱਡੇ ਟਾਪੂ ਪਾਏ ਜਾਂਦੇ ਹਨ ਜਿਨ੍ਹਾਂ ਦੇ ਕਿਨਾਰੇ ਉੱਚੇ-ਨੀਵੇਂ ਹਨ। ਉਨ੍ਹਾਂ ਉੱਤੇ ਿਨੱਕੇ-ਿਨੱਕੇ ਚਿੱਟੇ ਘਰ ਧੁੱਪ ਵਿਚ ਲਿਸ਼ਕਦੇ ਦਿੱਸਦੇ ਹਨ। ਪਰ ਘਰ ਟਾਵੇਂ-ਟਾਵੇਂ ਹੀ ਹਨ। ਇਨ੍ਹਾਂ ਨਜ਼ਾਰਿਆਂ ਨੂੰ ਦੇਖਣ ਤੇ ਇਕ ਕਵੀ ਨੇ ਇਨ੍ਹਾਂ ਟਾਪੂਆਂ ਨੂੰ “ਫੈਲਰੇ ਹੋਏ ਵਾਲਾਂ ਵਾਲੇ ਪੱਥਰ ਦੇ ਘੋੜਿਆਂ” ਨਾਲ ਦਰਸਾਇਆ।

ਇਹ ਟਾਪੂ ਬਹੁਤ ਮਸ਼ਹੂਰ ਹਨ। ਇਸ ਲਈ ਕੋਈ ਹੈਰਾਨੀ ਨਹੀਂ ਹੈ ਕਿ ਟੂਰਿਸਟ ਇਨ੍ਹਾਂ ਨੂੰ ਦੂਰੋਂ-ਦੂਰੋਂ ਦੇਖਣ ਲਈ ਆਉਂਦੇ ਹਨ। ਉੱਥੇ ਦੇ ਵਾਸੀਆਂ ਦੇ ਵਧੀਆ ਗੁਣ ਇਨ੍ਹਾਂ ਟਾਪੂਆਂ ਦੀ ਸੁੰਦਰਤਾ ਨੂੰ ਹੋਰ ਵੀ ਸ਼ਿੰਗਾਰਦੇ ਹਨ। ਉਹ ਸਾਧੇ ਪਰ ਆਜ਼ਾਦ ਸੁਭਾਅ ਦੇ ਲੋਕ ਹਨ, ਅਤੇ ਪਰਾਹੁਣਿਆਂ ਦੀ ਬਹੁਤ ਸੇਵਾ ਕਰਦੇ ਹਨ। ਇਹ ਲੋਕ ਇਸ ਲਾਜਵਾਬ ਇਲਾਕੇ ਦੀ ਖ਼ਾਸ ਵਿਸ਼ੇਸ਼ਤਾ ਹਨ।

ਟਾਪੂਆਂ ਦੇ ਕਈ ਵਾਸੀ ਏਜੀਅਨ ਸਾਗਰ ਵਿਚ ਮੱਛਿਆਰਿਆਂ ਵਜੋਂ ਕੰਮ ਕਰਦੇ ਹਨ। ਪਰ ਉਸ ਇਲਾਕੇ ਵਿਚ ‘ਜਾਲ ਪਾਉਣ’ ਦਾ ਇਕ ਹੋਰ ਤਰ੍ਹਾਂ ਦਾ ਮਹੱਤਵਪੂਰਣ ਕੰਮ ਹੋ ਰਿਹਾ ਹੈ ਅਤੇ ਇਸ ਦੇ ਨਤੀਜੇ ਬਹੁਤ ਹੀ ਵਧੀਆ ਹਨ। “ਮਨੁੱਖਾਂ ਦੇ ਸ਼ਿਕਾਰੀ,” ਮਤਲਬ ਕਿ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰਕ, ਏਜੀਅਨ ਸਾਗਰ ਦੇ ਟਾਪੂਆਂ ਦਾ ਸਫ਼ਰ ਕਰ ਕੇ ਮਸੀਹੀ ਚੇਲੇ ਬਣਾ ਰਹੇ ਹਨ।—ਮੱਤੀ 4:18, 19; ਲੂਕਾ 5:10.

ਤਕਰੀਬਨ 19 ਸਦੀਆਂ ਪਹਿਲਾਂ, ਏਜੀਅਨ ਦੇ ਟਾਪੂਆਂ ਤੇ ਮਸੀਹੀ ਪ੍ਰਚਾਰਕ ਆਏ ਸਨ। ਸਾਲ 56 ਦੇ ਕਰੀਬ ਪੌਲੁਸ ਰਸੂਲ ਆਪਣੇ ਤੀਜੇ ਮਿਸ਼ਨਰੀ ਦੌਰੇ ਤੋਂ ਵਾਪਸ ਆਉਂਦੇ ਹੋਏ ਲੈਸਵੋਸ, ਖੀਓਸ, ਸਾਮੁਸ, ਕੋਸ, ਅਤੇ ਰੋਡਜ਼ ਦੇ ਟਾਪੂਆਂ ਤੇ ਥੋੜ੍ਹੀ ਦੇਰ ਲਈ ਰੁਕਿਆ ਸੀ। ਪੌਲੁਸ ਇਕ ਜੋਸ਼ੀਲਾ ਪ੍ਰਚਾਰਕ ਸੀ ਅਤੇ ਉਸ ਨੇ ਇਨ੍ਹਾਂ ਟਾਪੂਵਾਸੀਆਂ ਨੂੰ ਪ੍ਰਚਾਰ ਜ਼ਰੂਰ ਕੀਤਾ ਹੋਣਾ। (ਰਸੂਲਾਂ ਦੇ ਕਰਤੱਬ 20:14, 15, 24; 21:1, 2) ਸੰਭਵ ਹੈ ਕਿ ਰੋਮ ਵਿਚ ਦੋ ਸਾਲਾਂ ਦੀ ਕੈਦ ਤੋਂ ਬਾਅਦ, ਉਸ ਨੇ ਸ਼ਾਇਦ ਕ੍ਰੀਟ ਜਾ ਕੇ ਪ੍ਰਚਾਰ ਕੀਤਾ ਸੀ। ਪਹਿਲੀ ਸਦੀ ਦੇ ਅੰਤ ਦੇ ਨੇੜੇ ਯੂਹੰਨਾ ਰਸੂਲ “ਪਰਮੇਸ਼ੁਰ ਦੇ ਬਚਨ ਅਤੇ ਯਿਸੂ ਦੀ ਸਾਖੀ ਦੇ ਕਾਰਨ” ਪਾਤਮੁਸ ਨਾਂ ਦੇ ਟਾਪੂ ਤੇ ਜਲਾਵਤਨ ਕੀਤਾ ਗਿਆ ਸੀ। (ਪਰਕਾਸ਼ ਦੀ ਪੋਥੀ 1:9) ਅੱਜ-ਕੱਲ੍ਹ ਇਨ੍ਹਾਂ ਟਾਪੂਆਂ ਤੇ ਖ਼ੁਸ਼ ਖ਼ਬਰੀ ਦੇ ਪ੍ਰਚਾਰਕਾਂ ਦਾ ਕੰਮ ਕਿਸ ਤਰ੍ਹਾਂ ਚੱਲ ਰਿਹਾ ਹੈ?

ਪ੍ਰਚਾਰ ਕਰਨ ਦੇ ਫਲਦਾਰ ਨਤੀਜੇ

ਇਨ੍ਹਾਂ ਟਾਪੂਆਂ ਵਿਚ ਪ੍ਰਚਾਰ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਇਸ ਵਿਚ ਕਾਫ਼ੀ ਮਿਹਨਤ ਅਤੇ ਕੁਰਬਾਨੀਆਂ ਦੀ ਜ਼ਰੂਰਤ ਹੈ। ਕੁਝ ਟਾਪੂ ਇਕ ਦੂਜੇ ਤੋਂ ਬਹੁਤ ਦੂਰ ਹਨ। ਕੁਝ ਟਾਪੂਆਂ ਤਕ ਸਫ਼ਰ ਕਰਨ ਵਾਸਤੇ ਹਵਾਈ ਜਾਂ ਪਾਣੀ ਦੇ ਜਹਾਜ਼ ਕਦੇ-ਕਦੇ ਹੀ ਆਉਂਦੇ-ਜਾਂਦੇ ਹਨ ਅਤੇ ਖ਼ਾਸ ਕਰਕੇ ਸਰਦੀਆਂ ਵਿਚ ਇਨ੍ਹਾਂ ਦਾ ਕੋਈ ਵੀ ਪ੍ਰਬੰਧ ਨਹੀਂ ਹੁੰਦਾ। ਜਦੋਂ ਉੱਤਰੀ ਹਵਾਵਾਂ ਵੱਗਦੀਆਂ ਹਨ, ਤਾਂ ਸਮੁੰਦਰ ਬਹੁਤ ਹੀ ਤੂਫ਼ਾਨੀ ਬਣ ਸਕਦਾ ਹੈ। ਇਸ ਤੋਂ ਇਲਾਵਾ, ਕਈਆਂ ਟਾਪੂਆਂ ਦੇ ਪਿੰਡ ਅੱਡਰੇ-ਅੱਡਰੇ ਹਨ ਅਤੇ ਉਨ੍ਹਾਂ ਤਕ ਪਹੁੰਚਣਾ ਸੌਖਾ ਨਹੀਂ ਹੈ ਕਿਉਂਕਿ ਕੱਚੀਆਂ ਸੜਕਾਂ ਮਿੱਟੀ-ਘੱਟੇ ਨਾਲ ਭਰੀਆਂ ਹੁੰਦੀਆਂ ਹਨ ਅਤੇ ਸਫ਼ਰ ਕਰਨਾ ਔਖਾ ਹੁੰਦਾ ਹੈ। ਕੁਝ ਪਿੰਡਾਂ ਤਕ ਸਿਰਫ਼ ਛੋਟੀਆਂ-ਛੋਟੀਆਂ ਕਿਸ਼ਤੀਆਂ ਵਿਚ ਹੀ ਪਹੁੰਚਿਆ ਜਾ ਸਕਦਾ ਹੈ।

ਮਿਸਾਲ ਲਈ, ਈਕਾਰੀਆ ਨਾਂ ਦੇ ਟਾਪੂ ਉੱਤੇ ਗੌਰ ਕਰੋ। ਉੱਥੇ ਦੀ ਛੋਟੀ ਜਿਹੀ ਕਲੀਸਿਯਾ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦੇ ਸਿਰਫ਼ 11 ਪ੍ਰਚਾਰਕ ਹਨ। ਉਹ ਇਸ ਟਾਪੂ ਦੇ ਸਾਰਿਆਂ ਪਿੰਡਾਂ ਅਤੇ ਲਾਗੇ ਦੇ ਛੋਟਿਆਂ ਟਾਪੂਆਂ ਤਕ ਪ੍ਰਚਾਰ ਕਰਨ ਵਾਸਤੇ ਨਹੀਂ ਪਹੁੰਚ ਸਕਦੇ। ਇਸ ਕਰਕੇ ਸਾਮੁਸ ਦੇ ਟਾਪੂ ਤੋਂ ਆ ਕੇ ਮਸੀਹੀ ਭੈਣ-ਭਰਾ ਈਕਾਰੀਆ ਦੇ ਭਰਾਵਾਂ ਦੀ ਮਦਦ ਕਰਦੇ ਹਨ। ਉਹ ਫ਼ੌਰਨੀ, ਪਾਤਮੁਸ, ਅਤੇ ਲਿਪਸਾਸ ਨਾਂ ਦੇ ਟਾਪੂਆਂ ਦੇ ਲੋਕਾਂ ਨੂੰ ਪ੍ਰਚਾਰ ਕਰਨ ਵੀ ਜਾਂਦੇ ਹਨ। ਹਾਲ ਹੀ ਦੇ ਸਮੇਂ, ਜਦੋਂ ਭੈਣ-ਭਰਾ ਦੋ ਦਿਨਾਂ ਲਈ ਪ੍ਰਚਾਰ ਕਰਨ ਵਾਸਤੇ ਉੱਥੇ ਗਏ ਸਨ, ਤਾਂ ਉਨ੍ਹਾਂ ਨੇ ਬਾਈਬਲ ਵਿਸ਼ਿਆਂ ਬਾਰੇ 650 ਰਸਾਲੇ, 99 ਬ੍ਰੋਸ਼ਰ, ਅਤੇ 25 ਪੁਸਤਕਾਂ ਵੰਡੀਆਂ ਸਨ! ਉਹ ਇੰਨੇ ਹੈਰਾਨ ਹੋਏ ਜਦੋਂ ਉਨ੍ਹਾਂ ਨੂੰ ਅਜਿਹੇ ਲੋਕ ਮਿਲੇ ਜਿਨ੍ਹਾਂ ਨੇ ਯਹੋਵਾਹ ਦਾ ਕਦੇ ਨਾਂ ਵੀ ਨਹੀਂ ਸੁਣਿਆ ਸੀ। ਇਨ੍ਹਾਂ ਲੋਕਾਂ ਨੇ ਮਿੰਨਤਾਂ ਕੀਤੀਆਂ ਕਿ ਉਹ ਉੱਥੇ ਰਹਿ ਕੇ ਉਨ੍ਹਾਂ ਨੂੰ ਬਾਈਬਲ ਵਿੱਚੋਂ ਹੋਰ ਗੱਲਾਂ ਸਿਖਾਉਣ। ਇਕ ਔਰਤ ਨੇ ਸਾਡੀ ਇਕ ਭੈਣ ਨੂੰ ਕਿਹਾ ਕਿ “ਤੁਸੀਂ ਤਾਂ ਹੁਣ ਜਾ ਰਹੇ ਹੋ, ਪਰ ਬਾਈਬਲ ਬਾਰੇ ਹਾਲੇ ਮੇਰੇ ਕੋਲ ਕਿੰਨੇ ਹੋਰ ਸਵਾਲ ਹਨ। ਮੇਰੀ ਕੌਣ ਮਦਦ ਕਰੇਗਾ?” ਸਾਡੀ ਮਸੀਹੀ ਭੈਣ ਨੇ ਵਾਅਦਾ ਕੀਤਾ ਕਿ ਉਹ ਉਸ ਨੂੰ ਟੈਲੀਫ਼ੋਨ ਕਰੇਗੀ, ਅਤੇ ਇਸ ਤਰ੍ਹਾਂ ਉਸ ਨੇ ਉਸ ਦੇ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ।

ਜਦੋਂ ਇਕ ਸਫ਼ਰੀ ਨਿਗਾਹਬਾਨ ਈਕਾਰੀਆ ਦੇ ਟਾਪੂ ਤੇ ਗਿਆ, ਉਸ ਨੇ ਸਿਨੱਚਰਵਾਰ ਅਤੇ ਐਤਵਾਰ ਨੂੰ ਸਾਰੇ ਟਾਪੂ ਤੇ ਪ੍ਰਚਾਰ ਕਰਨ ਦਾ ਪ੍ਰਬੰਧ ਕੀਤਾ। ਉਸ ਨੇ ਸਾਮੁਸ ਦੇ ਟਾਪੂ ਤੋਂ ਤਕਰੀਬਨ 30 ਰਾਜ ਪ੍ਰਚਾਰਕਾਂ ਦੀ ਸਹਾਇਤਾ ਲਈ। ਇਨ੍ਹਾਂ ਭਰਾਵਾਂ ਨੇ ਹੋਟਲ ਵਿਚ ਰਹਿਣ ਅਤੇ ਕਿਰਾਏ ਤੇ ਕਾਰਾਂ ਲੈਣ ਦਾ ਖ਼ਰਚ ਆਪ ਚੁੱਕਿਆ। ਦੋ ਦਿਨਾਂ ਲਈ ਬਰਸਾਤ ਪੈਂਦੀ ਰਹੀ ਅਤੇ ਅਗਲੇ ਦਿਨਾਂ ਦੇ ਮੌਸਮ ਦੀ ਰਿਪੋਰਟ ਇੰਨੀ ਚੰਗੀ ਨਹੀਂ ਸੀ। ਪਰ ਇਸ ਚੀਜ਼ ਨੇ ਭਰਾਵਾਂ ਨੂੰ ਰੋਕਿਆ ਨਹੀਂ ਕਿਉਂਕਿ ਉਨ੍ਹਾਂ ਨੇ ਉਪਦੇਸ਼ਕ ਦੀ ਪੋਥੀ 11:4 ਦੇ ਸ਼ਬਦ ਯਾਦ ਰੱਖੇ ਕਿ “ਜਿਹੜਾ ਪੌਣ ਦਾ ਪਾਰਖੂ ਹੈ ਸੋ ਨਹੀਂ ਬੀਜਦਾ, ਅਤੇ ਜਿਹੜਾ ਬੱਦਲਾਂ ਨੂੰ ਵੇਖਦਾ ਹੈ ਸੋ ਵਾਢੀ ਨਾ ਕਰੇਗਾ।” ਅੰਤ ਵਿਚ ਮੌਸਮ ਥੋੜ੍ਹਾ-ਬਹੁਤਾ ਠੀਕ ਹੋ ਗਿਆ ਅਤੇ ਸਾਰੇ ਟਾਪੂ ਤੇ ਪ੍ਰਚਾਰ ਕਰਨ ਤੋਂ ਬਾਅਦ ਉਹ ਖ਼ੁਸ਼ੀ-ਖ਼ੁਸ਼ੀ ਆਪੋ-ਆਪਣੇ ਘਰੀਂ ਗਏ।

ਐਂਡਰੋਸ ਨਾਂ ਦੇ ਟਾਪੂ ਤੇ ਰਹਿਣ ਵਾਲੇ 16 ਭੈਣਾਂ-ਭਰਾਵਾਂ ਨੇ ਇਸ ਟਾਪੂ ਦੇ ਸਾਰੇ ਲੋਕਾਂ ਨੂੰ ਪ੍ਰਚਾਰ ਕਰਨ ਦਾ ਵੱਡਾ ਜਤਨ ਕੀਤਾ। ਜਦੋਂ ਦੋ ਭਰਾ ਇਕ ਅੱਡਰੇ ਜਿਹੇ ਪਿੰਡ ਪਹੁੰਚੇ, ਤਾਂ ਉਨ੍ਹਾਂ ਦਾ ਪੱਕਾ ਇਰਾਦਾ ਸੀ ਕਿ ਉਹ ਉੱਥੇ ਹਰੇਕ ਨਾਲ ਗੱਲ ਕਰਨਗੇ। ਉਨ੍ਹਾਂ ਨੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿਚ, ਸੜਕਾਂ ਤੇ, ਅਤੇ ਖੇਤਾਂ ਵਿਚ ਗਵਾਹੀ ਦਿੱਤੀ। ਉਨ੍ਹਾਂ ਨੇ ਪੁਲਸ ਥਾਣੇ ਵੀ ਜਾ ਕੇ ਰਸਾਲੇ ਦਿੱਤੇ। ਉਨ੍ਹਾਂ ਨੂੰ ਯਕੀਨ ਸੀ ਕਿ ਉਨ੍ਹਾਂ ਨੇ ਪਿੰਡ ਦੇ ਸਾਰਿਆਂ ਲੋਕਾਂ ਨੂੰ ਪ੍ਰਚਾਰ ਕੀਤਾ ਅਤੇ ਉਹ ਵਾਪਸ ਜਾਣ ਵਾਲੇ ਹੀ ਸਨ ਜਦੋਂ ਉਨ੍ਹਾਂ ਨੇ ਇਕ ਪਾਦਰੀ ਨੂੰ ਆਉਂਦਿਆਂ ਦੇਖਿਆ। ਇਹ ਦੇਖਦਿਆਂ ਕਿ ਉਸ ਨੂੰ ਅਜੇ ਗਵਾਹੀ ਨਹੀਂ ਦਿੱਤੀ ਗਈ ਸੀ, ਭਰਾਵਾਂ ਨੇ ਉਸ ਨੂੰ ਇਕ ਪਰਚਾ ਦਿੱਤਾ, ਅਤੇ ਪਾਦਰੀ ਨੇ ਇਸ ਨੂੰ ਖ਼ੁਸ਼ੀ ਨਾਲ ਲੈ ਲਿਆ। ਹੁਣ ਉਨ੍ਹਾਂ ਨੂੰ ਯਕੀਨ ਸੀ ਕਿ ਉਨ੍ਹਾਂ ਦੇ ਪ੍ਰਚਾਰ ਦੇ ਕੰਮ ਵਿਚ ਹਰੇਕ ਨੂੰ ਗਵਾਹੀ ਦਿੱਤੀ ਜਾ ਚੁੱਕੀ ਸੀ!

ਗਾਵਦੋਸ (ਜਾਂ ਕਲੌਦਾ) ਨਾਂ ਦਾ ਛੋਟਾ ਜਿਹਾ ਟਾਪੂ, ਕ੍ਰੀਟ ਦੇ ਦੱਖਣੀ ਪਾਸੇ ਹੈ। ਇਸ ਟਾਪੂ ਨੂੰ ਯੂਰਪ ਦੀ ਦੱਖਣੀ ਸਰਹੱਦ ਸਮਝਿਆ ਜਾਂਦਾ ਹੈ। ਇੱਥੇ ਸਿਰਫ਼ 38 ਲੋਕ ਰਹਿੰਦੇ ਹਨ। (ਰਸੂਲਾਂ ਦੇ ਕਰਤੱਬ 27:16) ਇਕ ਸਫ਼ਰੀ ਨਿਗਾਹਬਾਨ ਅਤੇ ਉਸ ਦੀ ਪਤਨੀ ਅਤੇ ਉਨ੍ਹਾਂ ਦੇ ਨਾਲ ਇਕ ਹੋਰ ਵਿਆਹੁਤਾ ਜੋੜੇ ਨੇ ਉੱਥੇ ਤਿੰਨ ਦਿਨਾਂ ਲਈ ਪ੍ਰਚਾਰ ਕੀਤਾ। ਖ਼ਰਚਾ ਬਚਾਉਣ ਲਈ ਉਹ ਰਾਤ ਨੂੰ ਤੰਬੂ ਵਿਚ ਸੁੱਤੇ। ਉੱਥੇ ਹਰੇਕ ਜਣੇ ਨੂੰ ਖ਼ੁਸ਼ ਖ਼ਬਰੀ ਬਾਰੇ ਗਵਾਹੀ ਦਿੱਤੀ ਗਈ ਅਤੇ ਭਰਾ ਇਸ ਗੱਲ ਤੋਂ ਬਹੁਤ ਖ਼ੁਸ਼ ਹੋਏ ਕਿ ਲੋਕਾਂ ਨੇ ਉਨ੍ਹਾਂ ਬਾਰੇ ਪਹਿਲਾਂ ਹੀ ਕੋਈ ਨਿੱਜੀ ਰਾਇ ਨਹੀਂ ਬਣਾਈ ਹੋਈ ਸੀ। ਲੋਕਾਂ ਨੇ ਯਹੋਵਾਹ ਦੇ ਗਵਾਹਾਂ ਬਾਰੇ ਕਦੇ ਕੋਈ ਬੁਰਾ-ਭਲਾ ਨਹੀਂ ਸੁਣਿਆ ਸੀ। ਪਾਦਰੀ ਸਮੇਤ, ਉੱਥੇ ਦੇ ਲੋਕਾਂ ਨੇ 19 ਪੁਸਤਕਾਂ ਅਤੇ 13 ਬ੍ਰੋਸ਼ਰ ਲਏ। ਜਦੋਂ ਦੋਵੇਂ ਵਿਆਹੁਤਾ ਜੋੜੇ ਇਕ ਛੋਟੀ ਕਿਸ਼ਤੀ ਵਿਚ ਕ੍ਰੀਟ ਵਾਪਸ ਮੁੜ ਰਹੇ ਸਨ, ਤਾਂ ਸਮੁੰਦਰ ਵਿਚ ਤੂਫ਼ਾਨ ਆਇਆ ਜਿਸ ਕਰਕੇ ਉਨ੍ਹਾਂ ਦੀਆਂ ਜਾਨਾਂ ਖ਼ਤਰੇ ਵਿਚ ਪੈ ਗਈਆਂ। ਉਨ੍ਹਾਂ ਨੇ ਕਿਹਾ ਕਿ “ਅਸੀਂ ਯਹੋਵਾਹ ਦਾ ਸ਼ੁਕਰ ਕੀਤਾ ਕਿ ਅਸੀਂ ਠੀਕ-ਠਾਕ ਘਰ ਪਹੁੰਚ ਗਏ, ਪਰ ਅਸੀਂ ਉਸ ਦੀ ਵਡਿਆਈ ਵੀ ਕੀਤੀ ਕਿ ਉਸ ਨੇ ਸਾਨੂੰ ਯੂਰਪ ਦੀ ਇਸ ਹੱਦ ਤਕ ਉਸ ਦਾ ਨਾਂ ਦੱਸਣ ਦਾ ਮੌਕਾ ਦਿੱਤਾ।”

ਪਾਤਮੁਸ ਉਹ ਟਾਪੂ ਹੈ ਜਿੱਥੇ ਯੂਹੰਨਾ ਰਸੂਲ ਨੇ ਪਰਕਾਸ਼ ਦੀ ਪੋਥੀ, ਅਰਥਾਤ ਬਾਈਬਲ ਦੀ ਆਖ਼ਰੀ ਪੋਥੀ ਲਿਖੀ ਸੀ। ਹਾਲ ਹੀ ਦੇ ਸਮੇਂ ਤਕ ਪਾਤਮੁਸ ਤੇ ਯਹੋਵਾਹ ਦਾ ਕੋਈ ਗਵਾਹ ਨਹੀਂ ਸੀ। ਸਾਮੁਸ ਤੋਂ ਭਰਾਵਾਂ ਨੇ ਉਸ ਟਾਪੂ ਉੱਤੇ ਪ੍ਰਚਾਰ ਕਰਨ ਦਾ ਬੜੇ ਧਿਆਨ ਨਾਲ ਪ੍ਰਬੰਧ ਕੀਤਾ। ਉਹ ਜਾਣਦੇ ਸਨ ਕਿ ਇਹ ਟਾਪੂ ਗ੍ਰੀਕ ਆਰਥੋਡਾਕਸ ਚਰਚ ਦੇ ਪਾਦਰੀਆਂ ਦੇ ਕਬਜ਼ੇ ਵਿਚ ਹੋਣ ਕਰਕੇ ਉਨ੍ਹਾਂ ਨੂੰ ਕਾਫ਼ੀ ਵਿਰੋਧਤਾ ਦਾ ਸਾਮ੍ਹਣਾ ਕਰਨਾ ਪਵੇਗਾ। ਦੋ ਭੈਣਾਂ ਇਕ ਔਰਤ ਨੂੰ ਖ਼ੁਸ਼ ਖ਼ਬਰੀ ਸੁਣਾ ਰਹੀਆਂ ਸਨ ਅਤੇ ਉਸ ਨੇ ਉਨ੍ਹਾਂ ਨੂੰ ਆਪਣੇ ਘਰ ਅੰਦਰ ਸੱਦ ਲਿਆ। ਉਸ ਔਰਤ ਦੇ ਪਤੀ ਨੇ ਸਾਡੀਆਂ ਭੈਣਾਂ ਨੂੰ ਵਾਰ-ਵਾਰ ਪੁੱਛਿਆ ਕਿ ਉਨ੍ਹਾਂ ਨੂੰ ਕਿਸ ਨੇ ਉਨ੍ਹਾਂ ਦੇ ਘਰ ਭੇਜਿਆ ਸੀ। ਜਦੋਂ ਉਨ੍ਹਾਂ ਨੇ ਦੱਸਿਆ ਕਿ ਉਹ ਸਾਰਿਆਂ ਦੇ ਘਰ ਜਾ ਰਹੀਆਂ ਸਨ, ਤਾਂ ਉਸ ਨੇ ਫਿਰ ਤੋਂ ਪੁੱਛਿਆ: “ਕੀ ਤੁਹਾਨੂੰ ਕਿਸੇ ਗੁਆਂਢੀ ਨੇ ਤਾਂ ਨਹੀਂ ਭੇਜਿਆ?” ਉਸ ਦੀ ਪਤਨੀ ਤਾਂ ਯਹੋਵਾਹ ਦੇ ਗਵਾਹਾਂ ਨਾਲ ਵਾਕਫ਼ ਸੀ ਕਿਉਂਕਿ ਉਹ ਜ਼ੇਅਰ ਦੇ ਦੇਸ਼ ਵਿਚ ਉਨ੍ਹਾਂ ਨੂੰ ਅੱਗੇ ਮਿਲ ਚੁੱਕੀ ਸੀ। ਉਸ ਨੇ ਬਾਅਦ ਵਿਚ ਭੈਣਾਂ ਨੂੰ ਦੱਸਿਆ ਕਿ ਉਸੇ ਸਵੇਰ ਕੀ ਹੋਇਆ ਸੀ। ਉਸ ਨੇ ਕਿਹਾ: “ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰ ਰਹੀ ਸੀ, ਜਿੱਦਾਂ ਮੈਂ ਰੋਜ਼ ਕਰਦੀ ਹਾਂ ਕਿ ਉਹ ਕੁਝ ਗਵਾਹਾਂ ਨੂੰ ਟਾਪੂ ਤੇ ਭੇਜੇ। ਮੇਰੇ ਪਤੀ ਮੇਰਾ ਮਖੌਲ ਉਡਾ ਰਹੇ ਸਨ। ਜਦੋਂ ਮੈਂ ਤੁਹਾਨੂੰ ਆਪਣੇ ਦਰ ਤੇ ਦੇਖਿਆ, ਅਸੀਂ ਦੋਵੇਂ ਬਹੁਤ ਹੈਰਾਨ ਹੋਏ। ਤਾਈਓਂ ਉਹ ਤੁਹਾਨੂੰ ਪੁੱਛੀ ਜਾਂਦੇ ਸਨ ਕਿ ਤੁਹਾਨੂੰ ਸਾਡੇ ਘਰ ਕਿਸ ਨੇ ਭੇਜਿਆ।” ਇਸ ਔਰਤ ਨਾਲ ਤੁਰੰਤ ਬਾਈਬਲ ਸਟੱਡੀ ਸ਼ੁਰੂ ਕੀਤੀ ਗਈ। ਇਹ ਸਟੱਡੀ ਦਸਾਂ ਮਹੀਨਿਆਂ ਲਈ ਟੈਲੀਫ਼ੋਨ ਤੇ ਕੀਤੀ ਗਈ, ਭਾਵੇਂ ਕਿ ਭੈਣ ਨਾਲੇ ਇਸ ਔਰਤ ਦਾ ਕਾਫ਼ੀ ਖ਼ਰਚਾ ਹੋਇਆ। ਉਸ ਔਰਤ ਨੇ ਬਪਤਿਸਮਾ ਲੈ ਲਿਆ ਹੈ ਅਤੇ ਹੁਣ ਉਸ ਟਾਪੂ ਉੱਤੇ ਸਿਰਫ਼ ਉਹੀ ਇਕ ਗਵਾਹ ਹੈ ਜਿੱਥੇ 1,900 ਸਾਲ ਪਹਿਲਾਂ ਯੂਹੰਨਾ ਰਸੂਲ ਇਕੱਲਾ ਸੀ।

ਬੰਦਰਗਾਹਾਂ ਵਿਚ ‘ਜਾਲ ਪਾਉਣੇ’

ਛੁੱਟੀਆਂ ਕੱਟਣ ਵਾਲੇ ਲੋਕ ਹਰ ਗਰਮੀਆਂ ਵਿਚ ਏਜੀਅਨ ਟਾਪੂਆਂ ਤੇ ਵੱਡੇ-ਵੱਡੇ ਜਹਾਜ਼ਾਂ ਵਿਚ ਆਉਂਦੇ ਹਨ। ਇਸ ਤਰ੍ਹਾਂ ਯਹੋਵਾਹ ਦੇ ਗਵਾਹਾਂ ਨੂੰ ਅਨੇਕ ਕੌਮਾਂ ਅਤੇ ਬੋਲੀਆਂ ਦੇ ਲੋਕਾਂ ਨੂੰ ਮਿਲਣ ਦਾ ਖ਼ਾਸ ਮੌਕਾ ਮਿਲਦਾ ਹੈ। ਕਲੀਸਿਯਾਵਾਂ ਵੱਖਰੀਆਂ-ਵੱਖਰੀਆਂ ਭਾਸ਼ਾਵਾਂ ਵਿਚ ਪ੍ਰਕਾਸ਼ਨ ਲੈ ਰੱਖਦੀਆਂ ਹਨ ਤਾਂਕਿ ਭੈਣ-ਭਰਾ ਟੂਰਿਸਟਾਂ ਨੂੰ ਇਨ੍ਹਾਂ ਦੀਆਂ ਹਜ਼ਾਰਾਂ ਹੀ ਹਜ਼ਾਰਾਂ ਕਾਪੀਆਂ ਵੰਡ ਸਕਣ। ਕਈ ਜਹਾਜ਼ ਹਰ ਹਫ਼ਤੇ ਇੱਕੋ ਬੰਦਰਗਾਹ ਤੇ ਵਾਰ-ਵਾਰ ਆਉਂਦੇ-ਜਾਂਦੇ ਹਨ ਜਿਸ ਕਾਰਨ ਭਰਾਵਾਂ ਨੂੰ ਉਨ੍ਹਾਂ ਵਿਚ ਕੰਮ ਕਰਨ ਵਾਲਿਆਂ ਨਾਲ ਦੁਬਾਰਾ ਗੱਲ ਕਰਨ ਦਾ ਮੌਕਾ ਮਿਲਦਾ ਹੈ ਅਤੇ ਉਹ ਕਈਆਂ ਨਾਲ ਬਾਈਬਲ ਸਟੱਡੀ ਵੀ ਕਰਦੇ ਹਨ।

ਸੰਨ 1996 ਦੀਆਂ ਗਰਮੀਆਂ ਵਿਚ ਰੋਡਜ਼ ਟਾਪੂ ਤੋਂ ਇਕ ਪਾਇਨੀਅਰ ਭੈਣ ਨੇ ਜਮੈਕਾ ਤੋਂ ਆਏ ਇਕ ਨੌਜਵਾਨ ਨੂੰ ਪ੍ਰਚਾਰ ਕੀਤਾ। ਇਹ ਨੌਜਵਾਨ ਉਸ ਜਹਾਜ਼ ਵਿਚ ਕੰਮ ਕਰਦਾ ਸੀ ਜੋ ਇਸੇ ਬੰਦਰਗਾਹ ਤੇ ਹਰ ਸ਼ੁੱਕਰਵਾਰ ਆਉਂਦਾ ਸੀ। ਅਗਲੇ ਸ਼ੁੱਕਰਵਾਰ ਇਸ ਬੰਦੇ ਨੂੰ ਟਾਪੂ ਤੇ ਹੋਣ ਵਾਲੇ ਜ਼ਿਲ੍ਹਾ ਸੰਮੇਲਨ ਤੇ ਆਉਣ ਲਈ ਸੱਦਾ ਦਿੱਤਾ ਗਿਆ। ਸਾਡੀ ਭੈਣ ਨੇ ਅੰਗ੍ਰੇਜ਼ੀ ਬਾਈਬਲ ਲੈ ਕੇ ਇਸ ਬੰਦੇ ਦੀ ਸੱਚਾਈਆਂ ਸਮਝਣ ਵਿਚ ਮਦਦ ਕੀਤੀ। ਗਵਾਹਾਂ ਦੁਆਰਾ ਇਸ ਸੰਮੇਲਨ ਤੇ ਦਿਖਾਏ ਗਏ ਨਿੱਘੇ

ਪ੍ਰੇਮ ਨੇ ਇਸ ਨੌਜਵਾਨ ਤੇ ਬਹੁਤ ਅਸਰ ਪਾਇਆ। ਅਗਲੇ ਸ਼ੁੱਕਰਵਾਰ, ਉਸ ਨੇ ਦੋ ਪਾਇਨੀਅਰ ਭਰਾਵਾਂ ਨੂੰ ਜਹਾਜ਼ ਤੇ ਬੁਲਾਇਆ। ਇਹ ਭਰਾ ਅੰਗ੍ਰੇਜ਼ੀ ਅਤੇ ਸਪੇਨੀ ਭਾਸ਼ਾਵਾਂ ਵਿਚ ਪੁਸਤਕਾਂ ਅਤੇ ਰਸਾਲੇ ਨਾਲ ਲੈ ਕੇ ਗਏ। ਇਕ ਘੰਟੇ ਦੇ ਵਿਚ-ਵਿਚ ਉਹ ਸਭ ਕੁਝ ਵੰਡ ਚੁੱਕੇ ਸਨ! ਇਸ ਨੌਜਵਾਨ ਜਮੈਕਨ ਨੇ ਗਰਮੀਆਂ ਦੇ ਅਖ਼ੀਰ ਤਕ ਹਰ ਸ਼ੁੱਕਰਵਾਰ ਬਾਈਬਲ ਦੀ ਸਟੱਡੀ ਕੀਤੀ। ਜਦੋਂ ਉਹ ਗਰਮੀਆਂ ਦੀ ਅਗਲੀ ਰੁੱਤ ਵਾਪਸ ਆਇਆ ਉਹ ਆਪਣੀ ਸਟੱਡੀ ਜਾਰੀ ਕਰਨ ਲਈ ਤਿਆਰ ਸੀ। ਪਰ ਇਸ ਵਾਰ ਉਸ ਨੇ ਨੌਕਰੀ ਬਦਲ ਲਈ ਤਾਂਕਿ ਉਹ ਰੂਹਾਨੀ ਤੌਰ ਤੇ ਤਰੱਕੀ ਕਰ ਸਕੇ। ਉਹ ਫਿਰ ਵਾਪਸ ਚੱਲਿਆ ਗਿਆ। ਇਹ ਜਾਣ ਕੇ ਕਿ ਇਸ ਬੰਦੇ ਨੇ 1998 ਦੇ ਸ਼ੁਰੂ-ਸ਼ੁਰੂ ਵਿਚ ਬਪਤਿਸਮਾ ਲੈ ਲਿਆ, ਰੋਡਜ਼ ਟਾਪੂ ਦੇ ਭੈਣ-ਭਰਾ ਬਹੁਤ ਹੀ ਖ਼ੁਸ਼ ਹੋਏ!

ਪਰਵਾਸੀ “ਮੱਛੀਆਂ” ਪਕੜਨੀਆਂ

ਏਜੀਅਨ ਸਾਗਰ ਅਨੇਕ ਪ੍ਰਕਾਰ ਦੀਆਂ ਪਰਵਾਸੀ ਮੱਛੀਆਂ ਲਈ ਮਸ਼ਹੂਰ ਹੈ ਜਿਵੇਂ ਕਿ ਸਾਰਡੀਨ ਅਤੇ ਕਟਾਰ-ਮੱਛੀ। ਇਹ ਮੱਛੀਆਂ ਇਨ੍ਹਾਂ ਪਾਣੀਆਂ ਵਿਚ ਆ ਕੇ ਕਾਰੀਗਰ ਮੱਛਿਆਰਿਆਂ ਦੇ ਜਾਲਾਂ ਨਾਲ ਫੜੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਰਾਜ ਦੇ ਪ੍ਰਚਾਰਕਾਂ ਨੂੰ ਅਨੇਕ ਹੀ ਖੁੱਲ੍ਹ-ਦਿਲੇ ਬੰਦੇ ਮਿਲਦੇ ਹਨ ਜੋ ਪੂਰਬੀ ਯੂਰਪੀਅਨ ਦੇਸ਼ਾਂ ਤੋਂ ਨੌਕਰੀਆਂ ਦੀ ਤਲਾਸ਼ ਵਿਚ ਫਿਰਦੇ-ਫਿਰਦੇ ਗ੍ਰੀਸ ਪਹੁੰਚੇ ਹਨ।

ਅਲਬਾਨੀਆ ਵਿਚ ਰੈਜ਼ੀ ਨਾਂ ਦੀ ਲੜਕੀ ਅਜੇ ਦਸਾਂ ਸਾਲਾਂ ਦੀ ਸੀ ਜਦੋਂ ਉਸ ਨੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਵਿਚ ਯਹੋਵਾਹ ਬਾਰੇ ਪੜ੍ਹਿਆ ਸੀ। ਤਿੰਨ ਸਾਲਾਂ ਬਾਅਦ ਉਹ ਆਪਣੇ ਪਰਿਵਾਰ ਨਾਲ ਰੋਡਜ਼ ਟਾਪੂ ਤੇ ਰਹਿਣ ਲਈ ਗਈ। ਇਕ ਦਿਨ ਰੈਜ਼ੀ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਇਸ ਨਵੇਂ ਦੇਸ਼ ਵਿਚ ਯਹੋਵਾਹ ਦੇ ਲੋਕ ਲੱਭਣ ਲਈ ਉਸ ਦੀ ਮਦਦ ਕਰੇ। ਅਗਲੇ ਦਿਨ ਉਸ ਦੇ ਪਿਤਾ ਜੀ ਉਹੀ ਜਾਣੇ-ਪਛਾਣੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਦੀਆਂ ਕਾਪੀਆਂ ਘਰ ਲੈ ਆਏ। ਰੈਜ਼ੀ ਕਿੰਨੀ ਖ਼ੁਸ਼ ਹੋਈ! ਰੈਜ਼ੀ ਨੇ ਉਸ ਭੈਣ ਨਾਲ ਮੁਲਾਕਾਤ ਕੀਤੀ ਜਿਸ ਨੇ ਇਹ ਰਸਾਲੇ ਉਸ ਦੇ ਪਿਤਾ ਨੂੰ ਦਿੱਤੇ ਸਨ। ਫਿਰ ਉਸ ਨੇ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਨਾਂ ਦੀ ਪੁਸਤਕ ਦੁਆਰਾ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਕਦੀ-ਕਦੀ ਉਹ ਇੱਕੋ ਦਿਨ ਵਿਚ ਤਿੰਨ ਵਾਰ ਸਟੱਡੀ ਕਰਨੀ ਚਾਹੁੰਦੀ ਸੀ! ਦੋ ਮਹੀਨਿਆਂ ਬਾਅਦ, ਉਹ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣ ਗਈ ਅਤੇ ਮਾਰਚ 1998 ਵਿਚ 14 ਸਾਲਾਂ ਦੀ ਉਮਰ ਤੇ ਉਸ ਨੇ ਬਪਤਿਸਮਾ ਲੈ ਲਿਆ। ਉਸੇ ਦਿਨ ਉਸ ਨੇ ਸਹਾਇਕ ਪਾਇਨੀਅਰੀ ਕਰਨੀ ਸ਼ੁਰੂ ਕੀਤੀ, ਅਤੇ ਛੇ ਮਹੀਨਿਆਂ ਬਾਅਦ ਉਸ ਨੇ ਪੂਰਣ-ਕਾਲੀ ਪਾਇਨੀਅਰ ਵਜੋਂ ਪ੍ਰਚਾਰ ਕਰਨਾ ਸ਼ੁਰੂ ਕੀਤਾ।

ਕੌਸ ਨਾਂ ਦੇ ਟਾਪੂ ਉੱਤੇ ਇਕ ਭਰਾ ਰੂਸ ਤੋਂ ਆਏ ਲੋਕਾਂ ਨਾਲ ਸਟੱਡੀ ਕਰਦਾ ਸੀ। ਜਦੋਂ ਉਸ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਤੁਹਾਡੇ ਹੋਰ ਕੋਈ ਮਿੱਤਰ ਹਨ ਜੋ ਬਾਈਬਲ ਦੀ ਸਟੱਡੀ ਕਰਨਾ ਪਸੰਦ ਕਰਨਗੇ, ਤਾਂ ਉਹ ਉਸ ਨੂੰ ਆਰਮੀਨੀਆ ਤੋਂ ਆਏ ਇਕ ਪਤੀ-ਪਤਨੀ ਕੋਲ ਲੈ ਗਏ। ਉਹ ਉਸ ਨੂੰ ਕੁਝ 20 ਮੀਲ ਦੇ ਫ਼ਾਸਲੇ ਤੇ ਇਕ ਪਿੰਡ ਲੈ ਕੇ ਗਏ ਜਿੱਥੇ ਲੀਓਨਾਇਡਸ ਅਤੇ ਉਸ ਦੀ ਪਤਨੀ ਓਫ਼ੀਲੀਆ ਰਹਿੰਦੇ ਸਨ। ਇਸ ਆਰਮੀਨੀ ਜੋੜੇ ਨੇ ਉਨ੍ਹਾਂ ਨੂੰ ਵਾਚ ਟਾਵਰ ਸੋਸਾਇਟੀ ਦੁਆਰਾ ਪ੍ਰਕਾਸ਼ਿਤ, ਆਰਮੀਨੀ ਅਤੇ ਰੂਸੀ ਭਾਸ਼ਾਵਾਂ ਵਿਚ ਬਾਈਬਲ ਬਾਰੇ ਪੁਸਤਕਾਂ ਅਤੇ ਰਸਾਲੇ ਦਿਖਾਏ! ਸਾਡੇ ਭਰਾ ਬੜੇ ਹੈਰਾਨ ਹੋਏ। ਉਨ੍ਹਾਂ ਨੇ ਦੱਸਿਆ ਕਿ ਉਹ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰ ਚੁੱਕੇ ਸਨ ਅਤੇ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣਨ ਲਈ ਤਿਆਰ ਸਨ। ਉਨ੍ਹਾਂ ਨੂੰ ਸਿਆਸੀ ਉਥਲ-ਪੁਥਲ ਅਤੇ ਆਰਥਿਕ ਮੁਸ਼ਕਲਾਂ ਕਾਰਨ ਆਪਣਾ ਦੇਸ਼ ਛੱਡਣਾ ਪਿਆ ਸੀ। ਕੌਸ ਟਾਪੂ ਤੇ ਆਉਣ ਤੋਂ ਇਕਦਮ ਬਾਅਦ ਉਨ੍ਹਾਂ ਨੇ ਲੀਓਨਾਇਡਸ ਦੀ ਮਾਂ ਅਤੇ ਛੋਟੀ ਭੈਣ ਨਾਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਉਹ ਪਹਿਲਾਂ ਹੀ ਕੌਸ ਪਹੁੰਚ ਚੁੱਕੀਆਂ ਸਨ। ਅਚਾਨਕ ਹੀ ਸਾਡੇ ਭਰਾ ਨੂੰ ਤਿੰਨ ਨਵੀਆਂ ਸਟੱਡੀਆਂ ਮਿਲ ਗਈਆਂ, ਇਕ ਓਫ਼ੀਲੀਆ ਨਾਲ, ਦੂਜੀ ਲੀਓਨਾਇਡਸ ਨਾਲ, ਅਤੇ ਤੀਜੀ ਉਸ ਦੀ ਮਾਂ ਅਤੇ ਭੈਣ ਨਾਲ। ਸਟੱਡੀਆਂ ਕਰਨ ਲਈ ਸਾਡੇ ਭਰਾ ਨੂੰ ਮੋਟਰ ਸਾਈਕਲ ਤੇ ਹਫ਼ਤੇ ਵਿਚ ਤਿੰਨ ਵਾਰ 40 ਮੀਲ ਆਉਣਾ-ਜਾਣਾ ਪੈਂਦਾ ਸੀ। ਲੀਓਨਾਇਡਸ ਅਤੇ ਉਸ ਦੀ ਪਤਨੀ ਨੇ ਕੁਝ ਮਹੀਨਿਆਂ ਬਾਅਦ ਬਪਤਿਸਮਾ ਲੈ ਲਿਆ। ਇੱਥੇ ਦੇ ਭੈਣਾਂ-ਭਰਾਵਾਂ ਦੀਆਂ ਕੁਰਬਾਨੀਆਂ ਦਾ ਕਿੱਡਾ ਵੱਡਾ ਫਲ!

ਯਹੋਵਾਹ ਦੀਆਂ ਬਰਕਤਾਂ

ਏਜੀਅਨ ਟਾਪੂਆਂ ਦੇ 2,000 ਤੋਂ ਜ਼ਿਆਦਾ ਰਾਜ ਪ੍ਰਚਾਰਕਾਂ ਦੀ ਵੱਡੀ ਮਿਹਨਤ ਉੱਤੇ ਯਹੋਵਾਹ ਦੀਆਂ ਬਰਕਤਾਂ ਜ਼ਾਹਰ ਹਨ। ਹੁਣ ਉੱਥੇ ਯਹੋਵਾਹ ਦੇ ਗਵਾਹਾਂ ਦੀਆਂ 44 ਕਲੀਸਿਯਾਵਾਂ ਅਤੇ 25 ਸਮੂਹ ਹਨ। ਇਨ੍ਹਾਂ ਵਿੱਚੋਂ 17 ਸਮੂਹ ਵਿਦੇਸ਼ੀ ਭਾਸ਼ਾਵਾਂ ਵਿਚ ਹਨ, ਕਿਉਂਕਿ ਇਹ ਯਹੋਵਾਹ ਦੀ ਮਰਜ਼ੀ ਹੈ “ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋਥਿਉਸ 2:4) ਇਸ ਤੋਂ ਇਲਾਵਾ, ਦੂਸਰੇ ਅੱਡਰੇ-ਅੱਡਰੇ ਇਲਾਕਿਆਂ ਵਿਚ ਰਹਿੰਦੇ ਲੋਕਾਂ ਤਕ ਪਹੁੰਚਣ ਲਈ 13 ਖ਼ਾਸ ਪਾਇਨੀਅਰ ਆਪਣੀ ਪੂਰੀ ਵਾਹ ਲਗਾ ਰਹੇ ਹਨ।

ਕਈਆਂ ਸਦੀਆਂ ਲਈ ਏਜੀਅਨ ਸਾਗਰ ਦਾ ਇਲਾਕਾ ਸਭਿਆਚਾਰਕ ਉੱਨਤੀ ਅਤੇ ਵਪਾਰ ਦਾ ਕੇਂਦਰ ਰਿਹਾ ਹੈ। ਹਾਲ ਹੀ ਦੇ ਦਹਾਕਿਆਂ ਵਿਚ ਲੱਖਾਂ ਹੀ ਟੂਰਿਸਟ ਇੱਥੇ ਆਉਣ-ਜਾਣ ਲੱਗ ਪਏ ਹਨ। ਪਰ ਇਸ ਤੋਂ ਹੋਰ ਵੀ ਵੱਡੀ ਗੱਲ ਇਹ ਹੈ ਕਿ ‘ਮਨੁੱਖਾਂ ਦੇ ਸ਼ਿਕਾਰੀਆਂ,’ ਮਤਲਬ ਕਿ ਰਾਜ ਪ੍ਰਕਾਸ਼ਕਾਂ ਨੇ ਇਨ੍ਹਾਂ ਟਾਪੂਆਂ ਉੱਤੇ ਐਸੇ ਨੇਕ ਲੋਕ ਪਾਏ ਹਨ ਜੋ ਯਹੋਵਾਹ ਦੀ ਵਡਿਆਈ ਕਰਨੀ ਚਾਹੁੰਦੇ ਹਨ। ਇਕੱਠਿਆਂ ਉਨ੍ਹਾਂ ਨੇ ਇਸ ਭਵਿੱਖ-ਸੂਚਕ ਸੱਦੇ ਨੂੰ ਸਵੀਕਾਰ ਕੀਤਾ ਹੈ ਅਤੇ ‘ਯਹੋਵਾਹ ਦੀ ਮਹਿਮਾ ਕੀਤੀ ਹੈ, ਅਤੇ ਟਾਪੂਆਂ ਵਿੱਚ ਉਹ ਦੀ ਉਸਤਤ ਦਾ ਪਰਚਾਰ ਕੀਤਾ ਹੈ।’—ਯਸਾਯਾਹ 42:12.

[ਸਫ਼ੇ 22 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਏਜੀਅਨ ਸਾਗਰ

ਗ੍ਰੀਸ

ਲੈਸਵੋਸ

ਖੀਓਸ

ਸਾਮੁਸ

ਈਕਾਰੀਆ

ਫ਼ੌਰਨੀ

ਪਾਤਮੁਸ

ਕੌਸ

ਰੋਡਜ਼

ਕ੍ਰੀਟ

ਤੁਰਕੀ

[ਸਫ਼ੇ 23 ਉੱਤੇ ਤਸਵੀਰ]

ਲੈਸਵੋਸ ਦਾ ਟਾਪੂ

[ਸਫ਼ੇ 24 ਉੱਤੇ ਤਸਵੀਰ]

ਪਾਤਮੁਸ ਦਾ ਟਾਪੂ

[ਸਫ਼ੇ 24 ਉੱਤੇ ਤਸਵੀਰ]

ਕ੍ਰੀਟ ਦਾ ਟਾਪੂ