Skip to content

Skip to table of contents

ਕੀ ਤੁਸੀਂ ਆਪਣੇ ਲਈ ਨੇਕ ਨਾਮ ਬਣਾ ਰਹੇ ਹੋ?

ਕੀ ਤੁਸੀਂ ਆਪਣੇ ਲਈ ਨੇਕ ਨਾਮ ਬਣਾ ਰਹੇ ਹੋ?

ਕੀ ਤੁਸੀਂ ਆਪਣੇ ਲਈ ਨੇਕ ਨਾਮ ਬਣਾ ਰਹੇ ਹੋ?

‘ਮੈਨੂੰ ਕੋਈ ਪਰਵਾਹ ਨਹੀਂ ਕਿ ਮੇਰੇ ਬਾਰੇ ਦੂਸਰੇ ਕੀ ਸੋਚਦੇ ਹਨ!’ ਗੁੱਸੇ ਵਿਚ ਆ ਕੇ ਜਾਂ ਤੰਗ ਹੋ ਕੇ ਤੁਸੀਂ ਸ਼ਾਇਦ ਇਸ ਤਰ੍ਹਾਂ ਕਿਹਾ ਹੋਵੇ। ਪਰ ਗੁੱਸਾ ਠੰਡਾ ਹੋਣ ਤੋਂ ਬਾਅਦ ਤੁਹਾਨੂੰ ਸ਼ਾਇਦ ਪਛਤਾਵਾ ਹੋਵੇ ਕਿਉਂਕਿ ਸਾਨੂੰ ਅੰਦਰੋ-ਅੰਦਰ ਜ਼ਰੂਰ ਪਰਵਾਹ ਹੁੰਦੀ ਹੈ ਕਿ ਦੂਸਰੇ ਸਾਡੇ ਬਾਰੇ ਕੀ ਸੋਚਦੇ ਹਨ।

ਇਹ ਸੱਚ ਹੈ ਕਿ ਸਾਨੂੰ ਦੂਸਰਿਆਂ ਦੀ ਪਰਵਾਹ ਕਰਨੀ ਚਾਹੀਦੀ ਹੈ। ਪਰ ਯਹੋਵਾਹ ਦੇ ਸੇਵਕਾਂ ਅਤੇ ਮਸੀਹੀਆਂ ਵਜੋਂ ਸਾਨੂੰ ਖ਼ਾਸ ਕਰਕੇ ਸੋਚਣਾ ਚਾਹੀਦਾ ਹੈ ਕਿ ਦੂਸਰਿਆਂ ਦਾ ਸਾਡੇ ਬਾਰੇ ਕੀ ਵਿਚਾਰ ਹੈ। ਆਖ਼ਰਕਾਰ “ਅਸੀਂ ਜਗਤ . . . ਦੇ ਲਈ ਇੱਕ ਤਮਾਸ਼ਾ ਬਣੇ ਹੋਏ ਹਾਂ।” (1 ਕੁਰਿੰਥੀਆਂ 4:9) ਸਾਨੂੰ 2 ਕੁਰਿੰਥੀਆਂ 6:3, 4 ਵਿਚ ਪੌਲੁਸ ਰਸੂਲ ਦੀ ਵਧੀਆ ਸਲਾਹ ਮਿਲਦੀ ਹੈ ਕਿ “ਅਸੀਂ ਕਿਸੇ ਗੱਲ ਵਿੱਚ ਠੋਕਰ ਨਹੀਂ ਖੁਆਉਂਦੇ ਭਈ ਕਿਤੇ ਇਸ ਸੇਵਕਾਈ ਉੱਤੇ ਹਰਫ਼ ਨਾ ਆਵੇ। ਪਰ ਜਿਵੇਂ ਪਰਮੇਸ਼ੁਰ ਦੇ ਸੇਵਕਾਂ ਦੇ ਜੋਗ ਹੈ ਤਿਵੇਂ ਹਰ ਇੱਕ ਗੱਲ ਤੋਂ ਆਪਣੇ ਲਈ ਪਰਮਾਣ ਦਿੰਦੇ ਹਾਂ।”

ਆਪਣੇ ਲਈ ਪਰਮਾਣ ਦੇਣ, ਜਾਂ ਦੂਸਰਿਆਂ ਦੀਆਂ ਨਜ਼ਰਾਂ ਵਿਚ ਨੇਕ ਨਾਮ ਬਣਾਉਣ ਦਾ ਮਤਲਬ ਕੀ ਹੈ? ਕੀ ਇਸ ਦਾ ਇਹ ਮਤਲਬ ਹੈ ਕਿ ਸਾਨੂੰ ਦੂਸਰਿਆਂ ਸਾਮ੍ਹਣੇ ਆਪਣੇ ਆਪ ਨੂੰ ਉੱਚਾ ਕਰਨਾ ਜਾਂ ਆਪਣੇ ਆਪ ਨੂੰ ਚੰਗਾ ਦਿਖਾਉਣਾ ਚਾਹੀਦਾ ਹੈ? ਨਹੀਂ ਇਸ ਦਾ ਇਹ ਮਤਲਬ ਨਹੀਂ ਹੈ। ਪਰ ਸਾਨੂੰ 1 ਪਤਰਸ 2:12 ਦੀ ਸਲਾਹ ਜ਼ਰੂਰ ਲਾਗੂ ਕਰਨੀ ਚਾਹੀਦੀ ਹੈ, ਜਿੱਥੇ ਲਿਖਿਆ ਹੈ: ‘ਪਰਾਈਆਂ ਕੌਮਾਂ ਵਿੱਚ ਆਪਣੀ ਚਾਲ ਨੇਕ ਰੱਖੋ ਭਈ ਓਹ ਤੁਹਾਡੇ ਸ਼ੁਭ ਕਰਮਾਂ ਦੇ ਕਾਰਨ ਜਿਹੜੇ ਵੇਖਦੇ ਹਨ ਪਰਮੇਸ਼ੁਰ ਦੀ ਵਡਿਆਈ ਕਰਨ।’ ਜੀ ਹਾਂ, ਮਸੀਹੀ ਆਪਣੇ ਚਾਲ-ਚਲਣ ਦੁਆਰਾ ਨੇਕ ਨਾਮ ਬਣਾਉਂਦੇ ਹਨ! ਇਸ ਤਰ੍ਹਾਂ ਵਡਿਆਈ ਸਾਡੀ ਨਹੀਂ ਪਰ ਪਰਮਾਤਮਾ ਦੀ ਹੁੰਦੀ ਹੈ। ਲੇਕਿਨ ਇਸ ਤਰ੍ਹਾਂ ਕਰਨ ਨਾਲ ਸਾਨੂੰ ਵੀ ਫ਼ਾਇਦਾ ਹੋ ਸਕਦਾ ਹੈ। ਚਲੋ ਆਪਾਂ ਤਿੰਨ ਗੱਲਾਂ ਦੀ ਜਾਂਚ ਕਰੀਏ ਜਿਨ੍ਹਾਂ ਵਿਚ ਸਾਨੂੰ ਫ਼ਾਇਦਾ ਹੋ ਸਕਦਾ ਹੈ।

ਜੀਵਨ ਸਾਥੀ ਵਜੋਂ

ਪਹਿਲਾਂ ਅਸੀਂ ਵਿਆਹ ਦੀ ਗੱਲ ਕਰਾਂਗੇ। ਇਹ ਤੋਹਫ਼ਾ ਯਹੋਵਾਹ ਪਰਮੇਸ਼ੁਰ ਤੋਂ ਹੈ, “ਜਿਸ ਤੋਂ ਅਕਾਸ਼ ਅਤੇ ਧਰਤੀ ਉਤਲੇ ਹਰੇਕ ਘਰਾਣੇ ਦਾ ਨਾਉਂ ਆਖੀਦਾ ਹੈ।” (ਅਫ਼ਸੀਆਂ 3:15) ਜੇਕਰ ਤੁਸੀਂ ਇਕ ਦਿਨ ਵਿਆਹ ਕਰਵਾਉਣਾ ਚਾਹੁੰਦੇ ਹੋ, ਤਾਂ ਚੰਗਾ ਜੀਵਨ ਸਾਥੀ ਬਣਨ ਲਈ ਤੁਸੀਂ ਕੀ ਕਰ ਰਹੇ ਹੋ? ਅਤੇ ਇਸ ਦੇ ਕਾਬਲ ਹੋਣ ਦਾ ਤੁਸੀਂ ਕੀ ਸਬੂਤ ਦੇ ਰਹੇ ਹੋ? ਇਕ ਅਣਵਿਆਹੇ ਮਸੀਹੀ ਵਜੋਂ ਤੁਸੀਂ ਆਪਣੇ ਲਈ ਕਿਹੋ ਜਿਹਾ ਨਾਮ ਬਣਾਇਆ ਹੈ?

ਕੁਝ ਮੁਲਕਾਂ ਵਿਚ ਮਾਂ-ਬਾਪ ਇਸ ਗੱਲ ਵੱਲ ਪੂਰਾ ਧਿਆਨ ਦਿੰਦੇ ਹਨ। ਮਿਸਾਲ ਲਈ, ਘਾਨਾ ਵਿਚ ਜਦੋਂ ਮੁੰਡਾ-ਕੁੜੀ ਵਿਆਹ ਕਰਵਾਉਣਾ ਚਾਹੁੰਦੇ ਹਨ, ਤਾਂ ਉਹ ਪਹਿਲਾਂ ਆਪਣੇ ਮਾਂ-ਬਾਪ ਨਾਲ ਗੱਲ ਕਰਦੇ ਹਨ। ਮਾਂ-ਬਾਪ ਫਿਰ ਬਾਕੀ ਦੇ ਰਿਸ਼ਤੇਦਾਰਾਂ ਨੂੰ ਦੱਸਦੇ ਹਨ। ਮੁੰਡੇ ਵਾਲੇ ਗੁਆਂਢ ਵਿਚ ਕੁੜੀ ਬਾਰੇ ਪੁੱਛ-ਗਿੱਛ ਸ਼ੁਰੂ ਕਰਦੇ ਹਨ। ਜਦੋਂ ਉਨ੍ਹਾਂ ਨੂੰ ਯਕੀਨ ਹੁੰਦਾ ਹੈ ਕਿ ਕੁੜੀ ਦਾ ਨੇਕ ਨਾਮ ਹੈ, ਤਾਂ ਉਹ ਕੁੜੀ ਦੇ ਘਰ ਵਾਲਿਆਂ ਨਾਲ ਗੱਲ ਕਰਦੇ ਹਨ ਕਿ ਸਾਡਾ ਮੁੰਡਾ ਤੁਹਾਡੀ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ। ਸਾਕ ਕਰਨ ਤੋਂ ਪਹਿਲਾਂ ਕੁੜੀ ਵਾਲੇ ਮੁੰਡੇ ਬਾਰੇ ਵੀ ਪੁੱਛ-ਗਿੱਛ ਕਰਦੇ ਹਨ। ਘਾਨਾ ਦੀ ਇਕ ਕਹਾਵਤ ਹੈ ਕਿ “ਵਿਆਹ ਕਰਾਉਣ ਤੋਂ ਪਹਿਲਾਂ ਆਪਣੇ ਹੋਣ ਵਾਲੇ ਜੀਵਨ ਸਾਥੀ ਬਾਰੇ ਉਨ੍ਹਾਂ ਤੋਂ ਪੁੱਛ-ਗਿੱਛ ਕਰੋ ਜਿਨ੍ਹਾਂ ਨੂੰ ਪਤਾ ਹੈ।”

ਪੱਛਮੀ ਮੁਲਕਾਂ ਬਾਰੇ ਕੀ ਜਿੱਥੇ ਆਮ ਤੌਰ ਤੇ ਮੁੰਡਾ-ਕੁੜੀ ਆਪਣੀ ਮਰਜ਼ੀ ਅਨੁਸਾਰ ਜੀਵਨ ਸਾਥੀ ਚੁਣਦੇ ਹਨ? ਉੱਥੇ ਵੀ ਮਸੀਹੀ ਮੁੰਡੇ-ਕੁੜੀ ਲਈ ਇਹ ਅਕਲਮੰਦੀ ਦੀ ਗੱਲ ਹੋਵੇਗੀ ਜੇਕਰ ਉਹ ਦੂਸਰੇ ਦੇ ਮਾਂ-ਬਾਪ ਜਾਂ ਦੋਸਤਾਂ ਤੋਂ ਉਸ ਬਾਰੇ ਜਾਣਨ ਦੀ ਕੋਸ਼ਿਸ਼ ਕਰਨ। ਪਰਿਵਾਰਕ ਖ਼ੁਸ਼ੀ ਦਾ ਰਾਜ਼ ਕਿਤਾਬ ਦੇ ਅਨੁਸਾਰ ਇਕ ਕੁੜੀ ਅਜਿਹੇ ਸਵਾਲ ਪੁੱਛ ਸਕਦੀ ਹੈ: ‘“ਕੀ ਮੁੰਡੇ ਦਾ ਨੇਕ ਨਾਮ ਹੈ? ਉਸ ਦੇ ਮਿੱਤਰ ਕਿਹੋ ਜਿਹੇ ਹਨ? ਉਸ ਦਾ ਪਰਿਵਾਰ ਕਿਹੋ ਜਿਹਾ ਹੈ? ਉਸ ਦਾ ਉਨ੍ਹਾਂ ਨਾਲ ਕਿਹੋ ਜਿਹਾ ਰਿਸ਼ਤਾ ਹੈ? ਉਹ ਸਿਆਣਿਆਂ ਨਾਲ ਕਿਵੇਂ ਪੇਸ਼ ਆਉਂਦਾ ਹੈ? ਕੀ ਉਹ ਆਪਣੇ ਆਪ ਉੱਤੇ ਕਾਬੂ ਰੱਖਦਾ ਹੈ? ਪੈਸਿਆਂ ਬਾਰੇ ਉਸ ਦਾ ਕੀ ਵਿਚਾਰ ਹੈ? ਕੀ ਉਹ ਬਹੁਤੀ ਸ਼ਰਾਬ ਤਾਂ ਨਹੀਂ ਪੀਂਦਾ? ਕੀ ਉਹ ਗੁੱਸੇਖ਼ੋਰ ਅਤੇ ਹਿੰਸਕ ਤਾਂ ਨਹੀਂ? ਕਲੀਸਿਯਾ ਵਿਚ ਉਸ ਕੋਲ ਕਿਹੜੀਆਂ ਜ਼ਿੰਮੇਵਾਰੀਆਂ ਹਨ, ਅਤੇ ਉਹ ਉਨ੍ਹਾਂ ਨੂੰ ਕਿਵੇਂ ਨਿਭਾਉਂਦਾ ਹੈ? ਕੀ ਮੈਂ ਉਸ ਦਾ ਦਿਲੋਂ ਆਦਰ ਕਰ ਸਕਾਂਗੀ?”—ਲੇਵੀਆਂ 19:32; ਕਹਾਉਤਾਂ 22:29; 31:23; ਅਫ਼ਸੀਆਂ 5:3-5, 33; 1 ਤਿਮੋਥਿਉਸ 5:8; 6:10; ਤੀਤੁਸ 2:6, 7.’ *

ਮੁੰਡੇ ਨੂੰ ਵੀ ਇਸੇ ਤਰ੍ਹਾਂ ਕੁੜੀ ਬਾਰੇ ਸਵਾਲ ਪੁੱਛਣੇ ਚਾਹੀਦੇ ਹਨ। ਬਾਈਬਲ ਦੇ ਅਨੁਸਾਰ ਰੂਥ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਬੋਅਜ਼ ਨੇ ਉਸ ਨੂੰ ਇਸੇ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕੀਤੀ ਸੀ। ਜਦ ਰੂਥ ਨੇ ਉਸ ਨੂੰ ਪੁੱਛਿਆ ਕਿ “ਮੈਂ ਕਿਉਂ ਤੇਰੀ ਨਿਗਾਹ ਵਿੱਚ ਕਿਰਪਾ ਪਾਈ ਜੋ ਤੈਂ ਮੇਰੀ ਵੱਲ ਧਿਆਨ ਕੀਤਾ? ਮੈਂ ਤਾਂ ਓਪਰੀ ਤੀਵੀਂ ਹਾਂ,” ਤਾਂ ਬੋਅਜ਼ ਨੇ ਕਿਹਾ: ‘ਮੈਨੂੰ ਉਸ ਸਾਰੀ ਗੱਲ ਦੀ ਖਬਰ ਹੈ ਜੋ ਤੈਂ ਕੀਤੀ।’ (ਰੂਥ 2:10-12) ਜੀ ਹਾਂ ਬੋਅਜ਼ ਨੇ ਖ਼ੁਦ ਰੂਥ ਦੀ ਵਫ਼ਾਦਾਰੀ, ਹਿੰਮਤ, ਅਤੇ ਮਿਹਨਤ ਦੇਖਣ ਤੋਂ ਇਲਾਵਾ ਦੂਸਰਿਆਂ ਤੋਂ ਵੀ ਉਸ ਬਾਰੇ ਚੰਗੀਆਂ ਗੱਲਾਂ ਸੁਣੀਆਂ ਸਨ।

ਇਸੇ ਤਰ੍ਹਾਂ ਤੁਹਾਡੇ ਚਾਲ-ਚਲਣ ਤੋਂ ਦੂਸਰੇ ਦੇਖ ਸਕਣਗੇ ਕਿ ਤੁਸੀਂ ਕਿਹੋ ਜਿਹੇ ਜੀਵਨ ਸਾਥੀ ਬਣੋਗੇ। ਇਸ ਪੱਖੋਂ ਤੁਸੀਂ ਆਪਣੇ ਲਈ ਕਿਸ ਤਰ੍ਹਾਂ ਦਾ ਨਾਮ ਬਣਾ ਰਹੇ ਹੋ?

ਕਾਮੇ ਵਜੋਂ

ਨੌਕਰੀ ਦੀ ਥਾਂ ਤੇ ਵੀ ਚੰਗੇ ਚਾਲ-ਚਲਣ ਦਾ ਫ਼ਾਇਦਾ ਹੋ ਸਕਦਾ ਹੈ। ਨੌਕਰੀਆਂ ਦੀ ਕਮੀ ਕਰਕੇ ਅੱਜ-ਕੱਲ੍ਹ ਨੌਕਰੀ ਲੱਭਣੀ ਬਹੁਤ ਔਖੀ ਹੋ ਸਕਦੀ ਹੈ। ਜਿਹੜੇ ਕਾਮੇ ਹੁਕਮ ਨਾ ਮੰਨਣ, ਜਾਂ ਹਮੇਸ਼ਾ ਲੇਟ ਆਉਣ, ਅਤੇ ਇਮਾਨਦਾਰ ਨਾ ਹੋਣ, ਉਨ੍ਹਾਂ ਨੂੰ ਅਕਸਰ ਨੌਕਰੀਓਂ ਕੱਢ ਦਿੱਤਾ ਜਾਂਦਾ ਹੈ। ਕਈ ਕੰਪਨੀਆਂ ਬਚਤ ਕਰਨ ਵਾਸਤੇ ਤਜਰਬੇਕਾਰ ਕਾਮਿਆਂ ਨੂੰ ਵੀ ਨੌਕਰੀਓਂ ਲਾਹ ਦਿੰਦੀਆਂ ਹਨ। ਜਦੋਂ ਕੋਈ ਨਵੀਂ ਨੌਕਰੀ ਭਾਲਦਾ ਹੈ ਤਾਂ ਨਵੀਂ ਕੰਪਨੀ ਸ਼ਾਇਦ ਪਹਿਲੀ ਕੰਪਨੀ ਤੋਂ ਪਤਾ ਕਰੇ ਕਿ ਉਸ ਕਾਮੇ ਦੀਆਂ ਕੰਮ ਕਰਨ ਦੀਆਂ ਆਦਤਾਂ, ਚਾਲ-ਚਲਣ, ਅਤੇ ਤਜਰਬਾ ਕਿਹੋ ਜਿਹਾ ਹੈ। ਕਈਆਂ ਮਸੀਹੀਆਂ ਨੇ ਅਦਬ-ਭਰੇ ਰਵੱਈਏ, ਸੁਚੱਜੇ ਕੱਪੜੇ, ਚੰਗੇ ਵਤੀਰੇ, ਅਤੇ ਮਸੀਹੀ ਸਦਗੁਣਾਂ ਕਰਕੇ ਆਪਣਿਆਂ ਕੰਮਾਂ ਤੇ ਨੇਕਨਾਮੀ ਖੱਟੀ ਹੈ।

ਈਮਾਨਦਾਰੀ ਅਤੇ ਨੇਕੀ ਅਜਿਹੇ ਗੁਣ ਹਨ ਜਿਨ੍ਹਾਂ ਨੂੰ ਮਾਲਕ ਬਹੁਤ ਚੰਗਾ ਸਮਝਦੇ ਹਨ। ਪੌਲੁਸ ਰਸੂਲ ਵਾਂਗ ਅਸੀਂ ਵੀ “ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੁੰਦੇ ਹਾਂ।” (ਇਬਰਾਨੀਆਂ 13:18) ਘਾਨਾ ਵਿਚ ਖਾਣ ਖੋਦਣ ਦੀ ਇਕ ਕੰਪਨੀ ਵਿਚ ਛੋਟੀ-ਮੋਟੀ ਚੋਰੀ ਕੀਤੀ ਜਾਂਦੀ ਸੀ। ਉਨ੍ਹਾਂ ਦਾ ਇਕ ਸੁਪਰਵਾਈਜ਼ਰ ਯਹੋਵਾਹ ਦਾ ਗਵਾਹ ਸੀ। ਉਸ ਦੀ ਨੌਕਰੀ ਪੱਕੀ ਰਹੀ ਹਾਲਾਂਕਿ ਦੂਸਰਿਆਂ ਨੂੰ ਨੌਕਰੀਓਂ ਕੱਢ ਦਿੱਤਾ ਗਿਆ ਸੀ। ਉਸ ਨੂੰ ਨੌਕਰੀਓਂ ਕਿਉਂ ਨਹੀਂ ਕੱਢਿਆ ਗਿਆ? ਕੰਪਨੀ ਦੇ ਮਾਲਕਾਂ ਨੇ ਕਈਆਂ ਸਾਲਾਂ ਤੋਂ ਦੇਖਿਆ ਸੀ ਕਿ ਉਹ ਇਮਾਨਦਾਰ ਸੀ। ਸਭ ਜਾਣਦੇ ਸਨ ਕਿ ਉਹ ਮਿਹਨਤੀ ਸੀ ਅਤੇ ਮਾਲਕਾਂ ਦਾ ਆਦਰ ਕਰਦਾ ਸੀ। ਜੀ ਹਾਂ, ਉਸ ਦੇ ਨੇਕ-ਚਲਣ ਨੇ ਉਸ ਦੀ ਨੌਕਰੀ ਪੱਕੀ ਰੱਖੀ!

ਨੌਕਰੀ ਭਾਲਦੇ ਸਮੇਂ ਇਕ ਮਸੀਹੀ ਆਪਣੇ ਆਪ ਨੂੰ ਕਾਬਲ ਬਣਾਉਣ ਲਈ ਹੋਰ ਕੀ-ਕੀ ਕਰ ਸਕਦਾ ਹੈ? ਜੋ ਵੀ ਕੰਮ ਤੁਸੀਂ ਕਰ ਰਹੇ ਹੋ ਉਸ ਨੂੰ ਚੰਗੀ ਤਰ੍ਹਾਂ ਕਰਨਾ ਸਿੱਖੋ। (ਕਹਾਉਤਾਂ 22:29) ਤਨ-ਮਨ ਲਾ ਕੇ ਈਮਾਨਦਾਰੀ ਨਾਲ ਕੰਮ ਕਰੋ। (ਕਹਾਉਤਾਂ 10:4; 13:4) ਕੰਮ ਤੇ ਆਪਣੇ ਮਾਲਕ ਅਤੇ ਸੁਪਰਵਾਈਜ਼ਰ ਦਾ ਆਦਰ ਕਰੋ। (ਅਫ਼ਸੀਆਂ 6:5) ਸਮੇਂ ਸਿਰ ਕੰਮ ਤੇ ਆਉਣਾ, ਮਿਹਨਤ, ਈਮਾਨਦਾਰੀ, ਅਤੇ ਹੁਸ਼ਿਆਰੀ ਨਾਲ ਕੰਮ ਕਰਨਾ ਅਜਿਹੇ ਗੁਣ ਹਨ ਜਿਨ੍ਹਾਂ ਨੂੰ ਮਾਲਕ ਕਾਮਿਆਂ ਵਿਚ ਦੇਖਣਾ ਚਾਹੁੰਦੇ ਹਨ। ਇਨ੍ਹਾਂ ਗੁਣਾਂ ਕਰਕੇ ਤੁਹਾਨੂੰ ਨੌਕਰੀ ਮਿਲ ਸਕਦੀ ਹੈ ਭਾਵੇਂ ਨੌਕਰੀਆਂ ਦੀ ਕਮੀ ਕਿਉਂ ਨਾ ਹੋਵੇ।

ਕਲੀਸਿਯਾ ਦੀਆਂ ਜ਼ਿੰਮੇਵਾਰੀਆਂ

ਅੱਗੇ ਨਾਲੋਂ ਕਿਤੇ ਜ਼ਿਆਦਾ ਅੱਜ-ਕੱਲ੍ਹ ਕਲੀਸਿਯਾ ਵਿਚ ਅਗਵਾਈ ਕਰਨ ਲਈ ਸਿਆਣੇ ਆਦਮੀਆਂ ਦੀ ਜ਼ਰੂਰਤ ਹੈ। ਕਿਉਂ? ਇਸ ਦਾ ਜਵਾਬ ਯਸਾਯਾਹ ਦੀ ਭਵਿੱਖਬਾਣੀ ਤੋਂ ਮਿਲ ਸਕਦਾ ਹੈ। ਉਸ ਨੇ ਕਿਹਾ: “ਆਪਣੇ ਤੰਬੂ ਦੇ ਥਾਂ ਨੂੰ ਚੌੜਾ ਕਰ, ਓਹ ਆਪਣੇ ਵਾਸਾਂ ਦੇ ਪੜਦੇ ਤਾਣਨ।” (ਯਸਾਯਾਹ 54:2) ਇਸ ਭਵਿੱਖਬਾਣੀ ਦੀ ਪੂਰਤੀ ਵਿਚ ਸੰਸਾਰ ਭਰ ਵਿਚ ਯਹੋਵਾਹ ਦੀਆਂ ਕਲੀਸਿਯਾਵਾਂ ਵੱਧ ਰਹੀਆਂ ਹਨ ਜਿਸ ਕਰਕੇ ਅਗਵਾਈ ਕਰਨ ਵਾਲਿਆਂ ਦੀ ਲੋੜ ਹੈ।

ਜੇਕਰ ਤੁਸੀਂ ਇਕ ਮਸੀਹੀ ਆਦਮੀ ਹੋ, ਤਾਂ ਤੁਸੀਂ ਆਪਣੇ ਆਪ ਨੂੰ ਕਲੀਸਿਯਾ ਦੀ ਸੇਵਾ ਕਰਨ ਦੇ ਯੋਗ ਕਿਸ ਤਰ੍ਹਾਂ ਬਣਾ ਸਕਦੇ ਹੋ? ਨੌਜਵਾਨ ਤਿਮੋਥਿਉਸ ਦੀ ਮਿਸਾਲ ਉੱਤੇ ਗੌਰ ਕਰੋ। ਲੂਕਾ ਦੱਸਦਾ ਹੈ ਕਿ “ਉਹ ਲੁਸਤ੍ਰਾ ਅਤੇ ਇਕੋਨਿਯੁਮ ਦੇ ਰਹਿਣ ਵਾਲੇ ਭਾਈਆਂ ਵਿੱਚ ਨੇਕਨਾਮ ਸੀ।” ਇਸ ਨੌਜਵਾਨ ਨੇ ਆਪਣੇ ਨੇਕ-ਚਲਣ ਦੁਆਰਾ ਇਨ੍ਹਾਂ ਦੋ ਸ਼ਹਿਰਾਂ ਵਿਚ ਚੰਗਾ ਨਾਮ ਖੱਟਿਆ ਸੀ। ਇਸ ਕਰਕੇ ਪੌਲੁਸ ਨੇ ਉਸ ਨੂੰ ਸੇਵਕਾਈ ਵਿਚ ਆਪਣਾ ਸਾਥ ਦੇਣ ਲਈ ਸੱਦਿਆ।—ਰਸੂਲਾਂ ਦੇ ਕਰਤੱਬ 16:1-4.

ਅੱਜ-ਕੱਲ੍ਹ ਕੋਈ ਭਰਾ “ਨਿਗਾਹਬਾਨ ਦੇ ਹੁੱਦੇ” ਨੂੰ ਕਿਸ ਤਰ੍ਹਾਂ ਹਾਸਲ ਕਰ ਸਕਦਾ ਹੈ? ਆਪਣੇ ਰਾਗ ਗਾ ਕੇ ਨਹੀਂ ਪਰ ਉਨ੍ਹਾਂ ਰੂਹਾਨੀ ਸਦਗੁਣਾਂ ਨੂੰ ਅਪਣਾ ਕੇ ਜੋ ਇਨ੍ਹਾਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਾਸਤੇ ਜ਼ਰੂਰੀ ਹਨ। (1 ਤਿਮੋਥਿਉਸ 3:1-10, 12, 13; ਤੀਤੁਸ 1:5-9) ਉਹ ਪ੍ਰਚਾਰ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਚੋਖਾ ਹਿੱਸਾ ਲੈ ਕੇ ਦਿਖਾ ਸਕਦਾ ਹੈ ਕਿ ਉਹ ‘ਚੰਗੇ ਕੰਮ ਕਰਨੇ ਚਾਹੁੰਦਾ ਹੈ।’ (ਮੱਤੀ 24:14; 28:19, 20) ਜੋ ਭਰਾ ਅਜਿਹੀ ਜ਼ਿੰਮੇਵਾਰੀ ਚਾਹੁੰਦੇ ਹਨ ਉਹ ਆਪਣੇ ਭੈਣ-ਭਰਾਵਾਂ ਵਿਚ ਗਹਿਰੀ ਦਿਲਚਸਪੀ ਲੈਂਦੇ ਹਨ। ਉਹ ਪੌਲੁਸ ਰਸੂਲ ਦੀ ਸਲਾਹ ਪੂਰੀ ਕਰਦੇ ਹਨ: “ਸੰਤਾਂ ਦੀਆਂ ਲੋੜਾਂ ਦੇ ਸਾਂਝੀ ਬਣੋ, ਪਰਾਹੁਣਚਾਰੀ ਪੁੱਜ ਕੇ ਕਰੋ।” (ਰੋਮੀਆਂ 12:13) ਇਸ ਤਰ੍ਹਾਂ ਕਰ ਕੇ ਇਕ ਮਸੀਹੀ ਆਦਮੀ ‘ਆਪਣੇ ਲਈ ਪਰਮਾਣ ਦੇ’ ਸਕਦਾ ਹੈ।

ਹਰ ਵੇਲੇ ਆਪਣੀ ਖੂਬੀ ਜ਼ਾਹਰ ਕਰੋ

ਆਪਣੀ ਖੂਬੀ ਜ਼ਾਹਰ ਕਰਨ ਦਾ ਇਹ ਮਤਲਬ ਨਹੀਂ ਕਿ ਅਸੀਂ “ਮਨੁੱਖਾਂ ਦੇ ਰਿਝਾਉਣ” ਲਈ ਕੋਈ ਦਿਖਾਵਾ ਜਾਂ ਪਖੰਡ ਕਰੀਏ। (ਅਫ਼ਸੀਆਂ 6:6) ਅਸਲ ਵਿਚ ਇਸ ਦਾ ਮਤਲਬ ਹੈ ਕਿ ਅਸੀਂ ਯਹੋਵਾਹ ਆਪਣੇ ਸਿਰਜਣਹਾਰ ਦੇ ਹੁਕਮਾਂ ਅਤੇ ਸਿਧਾਂਤਾਂ ਅਨੁਸਾਰ ਚੱਲ ਕੇ ਉਸ ਦੇ ਸਾਮ੍ਹਣੇ ਨੇਕਨਾਮੀ ਖੱਟੀਏ। ਜੇਕਰ ਤੁਸੀਂ ਸੱਚਾਈ ਵਿਚ ਤਕੜੇ ਹੋਵੋਗੇ ਅਤੇ ਯਹੋਵਾਹ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਵੋਗੇ, ਤਾਂ ਦੂਸਰੇ ਦੇਖ ਸਕਣਗੇ ਕਿ ਪਰਿਵਾਰ ਦੇ ਜੀਆਂ ਨਾਲ, ਕੰਮ ਤੇ ਲੋਕਾਂ ਨਾਲ, ਅਤੇ ਕਲੀਸਿਯਾ ਵਿਚ ਆਪਣੇ ਭੈਣਾਂ-ਭਰਾਵਾਂ ਨਾਲ ਤੁਹਾਡੇ ਰਿਸ਼ਤੇ ਬਿਹਤਰ ਹੋ ਗਏ ਹਨ। ਉਹ ਇਹ ਵੀ ਦੇਖ ਸਕਣਗੇ ਕਿ ਤੁਸੀਂ ਜਲਦੀ ਡਾਵਾਂ-ਡੋਲ ਨਹੀਂ ਹੁੰਦੇ, ਕਿ ਤੁਸੀਂ ਚੰਗੇ ਫ਼ੈਸਲੇ ਕਰ ਸਕਦੇ ਹੋ, ਕਿ ਤੁਸੀਂ ਜ਼ਿੰਮੇਵਾਰੀ ਚੁੱਕ ਸਕਦੇ ਹੋ, ਅਤੇ ਤੁਸੀਂ ਨਿਮਰਤਾ ਦਿਖਾਉਂਦੇ ਹੋ। ਇਸ ਤਰ੍ਹਾਂ ਤੁਸੀਂ ਉਨ੍ਹਾਂ ਦੀਆਂ ਨਜ਼ਰਾਂ ਵਿਚ ਪਿਆਰ ਅਤੇ ਮਾਣ ਪਾਓਗੇ, ਅਤੇ ਸਭ ਤੋਂ ਵੱਡੀ ਗੱਲ ਤੁਸੀਂ ਯਹੋਵਾਹ ਪਰਮੇਸ਼ੁਰ ਨੂੰ ਖ਼ੁਸ਼ ਕਰੋਗੇ ਕਿਉਂਕਿ ਤੁਸੀਂ ਨੇਕ ਨਾਮ ਬਣਾ ਰਹੇ ਹੋ!

[ਫੁਟਨੋਟ]

^ ਪੈਰਾ 8 ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।

[ਸਫ਼ੇ 19 ਉੱਤੇ ਤਸਵੀਰ]

ਕਈ ਮਾਪੇ ਆਪਣੇ ਧੀ-ਪੁੱਤਰ ਦਾ ਸਾਕ ਕਰਨ ਤੋਂ ਪਹਿਲਾਂ ਕੁੜੀ ਜਾਂ ਮੁੰਡੇ ਬਾਰੇ ਪੁੱਛ-ਗਿੱਛ ਕਰਦੇ ਹਨ

[ਸਫ਼ੇ 20 ਉੱਤੇ ਤਸਵੀਰ]

ਇਕ ਭਰਾ ਦੂਸਰਿਆਂ ਦਾ ਖ਼ਿਆਲ ਰੱਖ ਕੇ ਆਪਣੇ ਆਪ ਨੂੰ ਕਲੀਸਿਯਾ ਦੀ ਸੇਵਾ ਕਰਨ ਦੇ ਯੋਗ ਬਣਾਉਂਦਾ ਹੈ