Skip to content

Skip to table of contents

ਕੀ ਤੁਸੀਂ ਨਵੇਂ ਸੰਸਾਰ ਵਿਚ ਹੋਵੋਗੇ?

ਕੀ ਤੁਸੀਂ ਨਵੇਂ ਸੰਸਾਰ ਵਿਚ ਹੋਵੋਗੇ?

ਕੀ ਤੁਸੀਂ ਨਵੇਂ ਸੰਸਾਰ ਵਿਚ ਹੋਵੋਗੇ?

“ਓਹਨਾਂ ਦੇ ਲਈ ਇਸ ਨਾਲੋਂ ਵਧੀਕ ਹੋਰ ਕੁਝ ਚੰਗਾ ਨਹੀਂ ਜੋ ਅਨੰਦ ਹੋਣ ਅਤੇ ਆਪਣੇ ਜੀਉਂਦੇ ਜੀ ਭਲਿਆਈ ਕਰ ਲੈਣ। ਇਹ ਵੀ ਜੋ ਹਰੇਕ ਆਦਮੀ ਖਾਵੇ ਪੀਵੇ ਅਤੇ ਆਪੋ ਆਪਣੇ ਧੰਦੇ ਦਾ ਲਾਭ ਭੋਗੇ, ਤਾਂ ਇਹ ਵੀ ਪਰਮੇਸ਼ੁਰ ਦੀ ਦਾਤ ਹੈ।”—ਉਪਦੇਸ਼ਕ ਦੀ ਪੋਥੀ 3:12, 13.

1. ਅਸੀਂ ਭਵਿੱਖ ਬਾਰੇ ਸੋਚ ਕੇ ਖ਼ੁਸ਼ ਕਿਉਂ ਹੋ ਸਕਦੇ ਹਾਂ?

ਕਈ ਲੋਕ ਸੋਚਦੇ ਹਨ ਕਿ ਪਰਮੇਸ਼ੁਰ ਕਠੋਰ ਅਤੇ ਸਖ਼ਤ ਹੈ। ਲੇਕਿਨ ਉਪਰਲੇ ਹਵਾਲੇ ਵਿਚ ਜੋ ਸੱਚਾਈ ਪੇਸ਼ ਕੀਤੀ ਗਈ ਹੈ ਉਹ ਤੁਸੀਂ ਪਰਮੇਸ਼ੁਰ ਦੇ ਬਚਨ ਵਿਚ ਪੜ੍ਹ ਸਕਦੇ ਹੋ। ਇਹ ਗੱਲ ਇਸ ਨਾਲ ਸਹਿਮਤ ਹੈ ਕਿ ਉਹ “ਖ਼ੁਸ਼ ਪਰਮੇਸ਼ੁਰ” ਹੈ ਅਤੇ ਉਹ ਚਾਹੁੰਦਾ ਸੀ ਕਿ ਸਾਡੇ ਪਹਿਲੇ ਮਾਪੇ ਇਕ ਫਿਰਦੌਸ ਵਿਚ ਰਹਿਣ। (1 ਤਿਮੋਥਿਉਸ 1:11, ਨਿ ਵ; ਉਤਪਤ 2:7-9) ਜਦੋਂ ਅਸੀਂ ਪਰਮੇਸ਼ੁਰ ਦੇ ਵਾਅਦਿਆਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਤਾਂ ਸਾਨੂੰ ਇਹ ਗੱਲ ਸਿੱਖ ਕੇ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਉਹ ਅਜਿਹੇ ਹਾਲਾਤ ਲਿਆਵੇਗਾ ਜੋ ਸਦਾ ਲਈ ਖ਼ੁਸ਼ੀ ਲਿਆਉਣਗੇ।

2. ਤੁਸੀਂ ਕਿਨ੍ਹਾਂ ਚੀਜ਼ਾਂ ਦੀ ਉਮੀਦ ਰੱਖਦੇ ਹੋ?

2 ਪਿਛਲੇ ਲੇਖ ਵਿਚ ਅਸੀਂ ਦੇਖਿਆ ਸੀ ਕਿ ਬਾਈਬਲ ਵਿਚ ‘ਨਵੇਂ ਅਕਾਸ਼ ਅਤੇ ਨਵੀਂ ਧਰਤੀ’ ਬਾਰੇ ਚਾਰ ਵਾਰੀ ਜ਼ਿਕਰ ਕੀਤਾ ਗਿਆ ਹੈ। ਤਿੰਨ ਹਵਾਲੇ ਅਸੀਂ ਦੇਖ ਚੁੱਕੇ ਹਾਂ। (ਯਸਾਯਾਹ 65:17) ਇਨ੍ਹਾਂ ਵਿੱਚੋਂ ਇਕ ਭਵਿੱਖਬਾਣੀ ਪਰਕਾਸ਼ ਦੀ ਪੋਥੀ 21:1 ਵਿਚ ਦਰਜ ਹੈ। ਇਸ ਆਇਤ ਤੋਂ ਬਾਅਦ ਸਾਨੂੰ ਉਸ ਸਮੇਂ ਬਾਰੇ ਦੱਸਿਆ ਗਿਆ ਹੈ ਜਦੋਂ ਮਹਾਨ ਪਰਮੇਸ਼ੁਰ ਧਰਤੀ ਦਿਆਂ ਹਾਲਾਤਾਂ ਨੂੰ ਬਿਹਤਰ ਬਣਾਉਣ ਲਈ ਵੱਡੀਆਂ-ਵੱਡੀਆਂ ਤਬਦੀਲੀਆਂ ਕਰੇਗਾ। ਉਹ ਦੁੱਖ ਦੇ ਹੰਝੂ ਪੂੰਝੇਗਾ। ਕੋਈ ਵੀ ਇਨਸਾਨ ਬੁਢਾਪੇ, ਬੀਮਾਰੀ, ਜਾਂ ਹਾਦਸੇ ਕਾਰਨ ਨਹੀਂ ਮਰੇਗਾ। ਸੋਗ, ਰੋਣਾ, ਅਤੇ ਦੁੱਖ ਦੂਰ ਕੀਤੇ ਜਾਣਗੇ। ਕਿੰਨਾ ਵਧੀਆ ਭਵਿੱਖ! ਪਰ ਕੀ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਇਸ ਤਰ੍ਹਾਂ ਹੋਵੇਗਾ? ਅਤੇ ਇਸ ਉਮੀਦ ਦਾ ਹੁਣ ਸਾਡੇ ਉੱਤੇ ਕੀ ਅਸਰ ਹੋ ਸਕਦਾ ਹੈ?

ਭਰੋਸਾ ਰੱਖਣ ਦੇ ਕਾਰਨ

3. ਭਵਿੱਖ ਬਾਰੇ ਬਾਈਬਲ ਦੇ ਵਾਅਦਿਆਂ ਉੱਤੇ ਅਸੀਂ ਭਰੋਸਾ ਕਿਉਂ ਰੱਖ ਸਕਦੇ ਹਾਂ?

3 ਧਿਆਨ ਦਿਓ ਕਿ ਪਰਕਾਸ਼ ਦੀ ਪੋਥੀ 21:5 ਕੀ ਕਹਿੰਦੀ ਹੈ। ਇਸ ਆਇਤ ਵਿਚ ਆਪਣੇ ਸਿੰਘਾਸਣ ਉੱਤੇ ਬਿਰਾਜਮਾਨ ਪਰਮੇਸ਼ੁਰ ਕਹਿੰਦਾ ਹੈ ਕਿ “ਵੇਖ, ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ।” ਪਰਮੇਸ਼ੁਰ ਦਾ ਇਹ ਵਾਅਦਾ ਕਿਸੇ ਕੌਮੀ ਅਜ਼ਾਦੀ ਨਾਲੋਂ, ਅੱਜ ਦੇ ਕਿਸੇ ਅਧਿਕਾਰ-ਪੱਤਰ ਨਾਲੋਂ, ਜਾਂ ਭਵਿੱਖ ਲਈ ਕਿਸੇ ਮਨੁੱਖੀ ਬਾਣੀ ਨਾਲੋਂ ਬਿਹਤਰ ਹੈ। ਇਹ ਯਹੋਵਾਹ ਦਾ ਪੱਕਾ ਵਾਅਦਾ ਹੈ, ਜੋ ਬਾਈਬਲ ਅਨੁਸਾਰ “ਝੂਠ ਬੋਲ ਨਹੀਂ ਸਕਦਾ।” (ਤੀਤੁਸ 1:2) ਅਸੀਂ ਸ਼ਾਇਦ ਸੋਚੀਏ ਕਿ ਇਨ੍ਹਾਂ ਇਕ-ਦੋ ਗੱਲਾਂ ਨੂੰ ਜਾਣਨਾ ਕਾਫ਼ੀ ਹੈ, ਕਿ ਸਾਨੂੰ ਸਿਰਫ਼ ਆਪਣੇ ਵਧੀਆ ਭਵਿੱਖ ਬਾਰੇ ਸੋਚਣ, ਅਤੇ ਪਰਮੇਸ਼ੁਰ ਉੱਤੇ ਭਰੋਸਾ ਰੱਖਣ ਦੀ ਲੋੜ ਹੈ। ਪਰ ਭਵਿੱਖ ਬਾਰੇ ਸਾਨੂੰ ਹੋਰ ਬਹੁਤ ਕੁਝ ਸਿੱਖਣ ਦੀ ਲੋੜ ਹੈ।

4, 5. ਅਸੀਂ ਬਾਈਬਲ ਦੀਆਂ ਕਿਨ੍ਹਾਂ ਭਵਿੱਖਬਾਣੀਆਂ ਵੱਲ ਧਿਆਨ ਦੇ ਚੁੱਕੇ ਹਾਂ ਜੋ ਅਗਾਹਾਂ ਹੋਣ ਵਾਲੀਆਂ ਗੱਲਾਂ ਵਿਚ ਸਾਡਾ ਭਰੋਸਾ ਵਧਾ ਸਕਦੀਆਂ ਹਨ?

4 ਬਾਈਬਲ ਵਿਚ ਪਾਏ ਗਏ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੇ ਵਾਅਦਿਆਂ ਬਾਰੇ ਜੋ ਕੁਝ ਪਿਛਲੇ ਲੇਖ ਵਿਚ ਕਿਹਾ ਗਿਆ ਸੀ ਉਸ ਬਾਰੇ ਜ਼ਰਾ ਸੋਚੋ। ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਸਭ ਕੁਝ ਨਵਾਂ ਬਣਾਇਆ ਜਾਵੇਗਾ। ਯਹੂਦੀਆਂ ਦੇ ਆਪਣੇ ਵਤਨ ਵਾਪਸ ਆਉਣ ਨਾਲ ਅਤੇ ਸੱਚੀ ਉਪਾਸਨਾ ਫਿਰ ਕਾਇਮ ਕਰਨ ਦੁਆਰਾ ਯਸਾਯਾਹ ਦਾ ਅਗੰਮ ਵਾਕ ਪੂਰਾ ਹੋਇਆ ਸੀ। (ਅਜ਼ਰਾ 1:1-3; 2:1, 2; 3:12, 13) ਪਰ ਕੀ ਯਸਾਯਾਹ ਦੀ ਭਵਿੱਖਬਾਣੀ ਦੀ ਸਿਰਫ਼ ਇਹੋ ਹੀ ਪੂਰਤੀ ਹੋਣੀ ਸੀ? ਬਿਲਕੁਲ ਨਹੀਂ! ਉਸ ਦੀਆਂ ਭਵਿੱਖਬਾਣੀਆਂ ਆਉਣ ਵਾਲੇ ਸਮੇਂ ਵਿਚ ਇਕ ਹੋਰ ਸ਼ਾਨਦਾਰ ਤਰੀਕੇ ਵਿਚ ਪੂਰੀਆਂ ਹੋਣੀਆਂ ਸਨ। ਅਸੀਂ ਇਸ ਤਰ੍ਹਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਸਾਨੂੰ 2 ਪਤਰਸ 3:13 ਅਤੇ ਪਰਕਾਸ਼ ਦੀ ਪੋਥੀ 21:1-5 ਵਿਚ ਇਸ ਬਾਰੇ ਦੱਸਿਆ ਗਿਆ ਹੈ। ਇਹ ਹਵਾਲੇ ਉਸ ਨਵੇਂ ਅਕਾਸ਼ ਅਤੇ ਨਵੀਂ ਧਰਤੀ ਬਾਰੇ ਦੱਸਦੇ ਹਨ ਜੋ ਸਾਰਿਆਂ ਮਸੀਹੀਆਂ ਲਈ ਬਰਕਤਾਂ ਲਿਆਉਣਗੇ।

5 ਜਿਵੇਂ ਅਸੀਂ ਪਹਿਲਾਂ ਕਿਹਾ ਸੀ, ਬਾਈਬਲ ਵਿਚ ਇਹ ਸ਼ਬਦ “ਨਵੇਂ ਅਕਾਸ਼ ਅਤੇ ਨਵੀਂ ਧਰਤੀ,” ਚਾਰ ਵਾਰ ਪਾਏ ਜਾਂਦੇ ਹਨ। ਅਸੀਂ ਇਨ੍ਹਾਂ ਵਿੱਚੋਂ ਤਿੰਨ ਹਵਾਲਿਆਂ ਦੀ ਗੱਲ ਕਰ ਚੁੱਕੇ ਹਾਂ ਅਤੇ ਸਾਡਾ ਬਹੁਤ ਹੀ ਹੌਸਲਾ ਵਧਿਆ ਹੈ। ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਪਰਮੇਸ਼ੁਰ ਦੁਸ਼ਟਤਾ ਅਤੇ ਦੁੱਖ ਦੇ ਦੂਸਰਿਆਂ ਕਾਰਨਾਂ ਨੂੰ ਵੀ ਖ਼ਤਮ ਕਰੇਗਾ ਅਤੇ ਫਿਰ ਮਨੁੱਖਜਾਤੀ ਨੂੰ ਵਾਅਦਾ ਕੀਤੇ ਗਏ ਨਵੇਂ ਸੰਸਾਰ ਵਿਚ ਬਰਕਤਾਂ ਦੇਵੇਗਾ।

6. ‘ਨਵੇਂ ਅਕਾਸ਼ ਅਤੇ ਨਵੀਂ ਧਰਤੀ’ ਦਾ ਜ਼ਿਕਰ ਕਰਨ ਵਾਲਾ ਚੌਥਾ ਹਵਾਲਾ ਕੀ ਕਹਿੰਦਾ ਹੈ?

6 ਆਓ ਹੁਣ ਆਪਾਂ ‘ਨਵੇਂ ਅਕਾਸ਼ ਅਤੇ ਨਵੀਂ ਧਰਤੀ’ ਦੇ ਆਖ਼ਰੀ ਹਵਾਲੇ ਵੱਲ ਧਿਆਨ ਦੇਈਏ। ਇਹ ਹਵਾਲਾ ਯਸਾਯਾਹ 66:22-24 ਵਿਚ ਹੈ ਜੋ ਕਹਿੰਦਾ ਹੈ: “ਜਿਵੇਂ ਨਵਾਂ ਅਕਾਸ਼ ਅਤੇ ਨਵੀਂ ਧਰਤੀ, ਜੋ ਮੈਂ ਬਣਾਵਾਂਗਾ ਮੇਰੇ ਸਨਮੁਖ ਕਾਇਮ ਰਹਿਣਗੇ, ਯਹੋਵਾਹ ਦਾ ਵਾਕ ਹੈ, ਤਿਵੇਂ ਤੁਹਾਡੀ ਅੰਸ ਅਤੇ ਤੁਹਾਡਾ ਨਾਮ ਕਾਇਮ ਰਹਿਣਗੇ। ਐਉਂ ਹੋਵੇਗਾ ਕਿ ਨਵੇਂ ਚੰਦ ਤੋਂ ਨਵੇਂ ਚੰਦ ਤੀਕ, ਅਤੇ ਸਬਤ ਤੋਂ ਸਬਤ ਤੀਕ, ਸਾਰੇ ਬਸ਼ਰ ਆਉਣਗੇ ਭਈ ਮੇਰੇ ਸਨਮੁਖ ਮੱਥਾ ਟੇਕਣ, ਯਹੋਵਾਹ ਆਖਦਾ ਹੈ। ਓਹ ਬਾਹਰ ਜਾ ਕੇ ਉਨ੍ਹਾਂ ਮਨੁੱਖਾਂ ਦੀਆਂ ਲੋਥਾਂ ਨੂੰ ਵੇਖਣਗੇ, ਜੋ ਮੇਰੇ ਅਪਰਾਧੀ ਹੋਏ, ਕਿਉਂ ਜੋ ਨਾ ਉਨ੍ਹਾਂ ਦਾ ਕੀੜਾ ਮਰੇਗਾ, ਨਾ ਉਨ੍ਹਾਂ ਦੀ ਅੱਗ ਬੁਝੇਗੀ, ਅਤੇ ਓਹ ਸਾਰੇ ਬਸ਼ਰਾਂ ਲਈ ਸੂਗ ਹੋਣਗੇ।”

7. ਅਸੀਂ ਇਹ ਕਿਉਂ ਕਹਿ ਸਕਦੇ ਹਾਂ ਕਿ ਯਸਾਯਾਹ 66:22-24 ਦੀ ਪੂਰਤੀ ਆਉਣ ਵਾਲੇ ਸਮੇਂ ਵਿਚ ਹੋਵੇਗੀ?

7 ਇਸ ਭਵਿੱਖਬਾਣੀ ਦੀ ਪੂਰਤੀ ਆਪਣੇ ਵਤਨ ਵਾਪਸ ਵਸਣ ਵਾਲੇ ਯਹੂਦੀਆਂ ਉੱਤੇ ਹੋਈ ਸੀ, ਪਰ ਇਸ ਤੋਂ ਇਲਾਵਾ ਇਸ ਦੀ ਇਕ ਹੋਰ ਪੂਰਤੀ ਵੀ ਹੈ। ਇਹ ਪੂਰਤੀ ਪਤਰਸ ਦੀ ਦੂਸਰੀ ਪੱਤਰੀ ਅਤੇ ਪਰਕਾਸ਼ ਦੀ ਪੋਥੀ ਦੇ ਲਿਖਣ ਤੋਂ ਬਹੁਤ ਦੇਰ ਬਾਅਦ ਹੋਣੀ ਸੀ, ਕਿਉਂ ਜੋ ਉਨ੍ਹਾਂ ਨੇ ਭਵਿੱਖ ਵਿਚ ਆਉਣ ਵਾਲੇ ‘ਨਵੇਂ ਅਕਾਸ਼ ਅਤੇ ਧਰਤੀ’ ਦਾ ਜ਼ਿਕਰ ਕੀਤਾ ਸੀ। ਅਸੀਂ ਨਵੀਂ ਵਿਵਸਥਾ ਵਿਚ ਇਸ ਭਵਿੱਖਬਾਣੀ ਦੀ ਵੱਡੀ ਪੂਰਤੀ ਦੇਖਣ ਦੀ ਆਸ ਰੱਖ ਸਕਦੇ ਹਾਂ। ਉਨ੍ਹਾਂ ਕੁਝ ਹਾਲਾਤਾਂ ਬਾਰੇ ਸੋਚੋ ਜਿਨ੍ਹਾਂ ਦਾ ਅਸੀਂ ਆਨੰਦ ਮਾਣ ਸਕਾਂਗੇ।

8, 9. (ੳ) ਪਰਮੇਸ਼ੁਰ ਦੇ ਲੋਕ ਕਿਸ ਅਰਥ ਵਿਚ “ਕਾਇਮ ਰਹਿਣਗੇ”? (ਅ) ਇਸ ਭਵਿੱਖਬਾਣੀ ਦਾ ਕੀ ਮਤਲਬ ਹੈ ਕਿ ਯਹੋਵਾਹ ਦੇ ਸੇਵਕ “ਨਵੇਂ ਚੰਦ ਤੋਂ ਨਵੇਂ ਚੰਦ ਤੀਕ, ਅਤੇ ਸਬਤ ਤੋਂ ਸਬਤ ਤੀਕ” ਉਪਾਸਨਾ ਕਰਨਗੇ?

8ਪਰਕਾਸ਼ ਦੀ ਪੋਥੀ 21:4 ਨੇ ਸੰਕੇਤ ਕੀਤਾ ਸੀ ਕਿ ਮੌਤ ਨਹੀਂ ਹੋਵੇਗੀ। ਯਸਾਯਾਹ 66 ਇਸ ਨਾਲ ਸਹਿਮਤ ਹੈ। ਅਸੀਂ ਯਸਾ 66 22ਵੀਂ ਆਇਤ ਵਿਚ ਦੇਖ ਸਕਦੇ ਹਾਂ ਕਿ ਯਹੋਵਾਹ ਜਾਣਦਾ ਹੈ ਕਿ ਨਵਾਂ ਅਕਾਸ਼ ਅਤੇ ਨਵੀਂ ਧਰਤੀ ਥੋੜ੍ਹੇ ਚਿਰ ਲਈ ਨਹੀਂ, ਪਰ ਸਦਾ ਲਈ ਕਾਇਮ ਰਹਿਣਗੇ। ਇਸ ਦੇ ਨਾਲ-ਨਾਲ ਯਹੋਵਾਹ ਦੇ ਲੋਕ ਸਦਾ ਲਈ ਰਹਿਣਗੇ; ਉਹ ਉਸ ਦੇ ਸਨਮੁਖ “ਕਾਇਮ ਰਹਿਣਗੇ।” ਜੋ ਵੀ ਪਰਮੇਸ਼ੁਰ ਨੇ ਆਪਣੇ ਚੁਣੇ ਹੋਏ ਲੋਕਾਂ ਲਈ ਹੁਣ ਤਕ ਕੀਤਾ ਹੈ, ਇਹ ਸਾਨੂੰ ਭਰੋਸਾ ਰੱਖਣ ਦਾ ਕਾਰਨ ਦਿੰਦਾ ਹੈ। ਸੱਚੇ ਮਸੀਹੀਆਂ ਨੇ ਸਖ਼ਤ ਸਤਾਹਟ ਦਾ ਸਾਮ੍ਹਣਾ ਕੀਤਾ ਹੈ ਅਤੇ ਉਨ੍ਹਾਂ ਨੂੰ ਮਿਟਾਉਣ ਲਈ ਡਾਢੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਹਨ। (ਯੂਹੰਨਾ 16:2; ਰਸੂਲਾਂ ਦੇ ਕਰਤੱਬ 8:1) ਰੋਮੀ ਸ਼ਹਿਨਸ਼ਾਹ ਨੀਰੋ ਅਤੇ ਅਡੌਲਫ ਹਿਟਲਰ ਵਰਗੇ ਸਭ ਤੋਂ ਡਾਢੇ ਦੁਸ਼ਮਣ ਯਹੋਵਾਹ ਦੇ ਲੋਕਾਂ ਦੇ ਵਿਰੁੱਧ ਖੜ੍ਹੇ ਹੋਏ। ਪਰ ਫਿਰ ਵੀ ਅਜਿਹੇ ਦੁਸ਼ਮਣ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਮਿਟਾ ਨਾ ਸਕੇ। ਪਰਮੇਸ਼ੁਰ ਨੇ ਆਪਣਿਆਂ ਲੋਕਾਂ ਦੀ ਕਲੀਸਿਯਾ ਨੂੰ ਸਾਡੇ ਜ਼ਮਾਨੇ ਤਕ ਬਚਾਈ ਰੱਖਿਆ ਹੈ, ਅਤੇ ਸਾਨੂੰ ਪੂਰਾ-ਪੂਰਾ ਭਰੋਸਾ ਹੈ ਕਿ ਉਹ ਉਸ ਨੂੰ ਹਮੇਸ਼ਾ ਕਾਇਮ ਰੱਖੇਗਾ।

9 ਇਸੇ ਤਰ੍ਹਾਂ, ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਜੋ ਨਵੀਂ ਧਰਤੀ ਦਾ ਹਿੱਸਾ ਹੋਣਗੇ, ਯਾਨੀ ਨਵੇਂ ਸੰਸਾਰ ਵਿਚ ਸੱਚੇ ਉਪਾਸਕ, ਵਿਅਕਤੀਗਤ ਤੌਰ ਤੇ ਕਾਇਮ ਰਹਿਣਗੇ ਕਿਉਂਕਿ ਉਹ ਸਾਰੀਆਂ ਚੀਜ਼ਾਂ ਦੇ ਬਣਾਉਣ ਵਾਲੇ ਦੀ ਸ਼ੁੱਧ ਉਪਾਸਨਾ ਕਰਦੇ ਹੋਣਗੇ। ਉਹ ਕਦੇ-ਕਦਾਈਂ ਨਹੀਂ ਸਗੋਂ ਹਰ ਵੇਲੇ ਯਹੋਵਾਹ ਦੀ ਉਪਾਸਨਾ ਕਰਨਗੇ। ਮੂਸਾ ਦੇ ਜ਼ਰੀਏ ਇਸਰਾਏਲ ਨੂੰ ਪਰਮੇਸ਼ੁਰ ਦੀ ਬਿਵਸਥਾ ਦਿੱਤੀ ਗਈ ਸੀ। ਉਸ ਬਿਵਸਥਾ ਦੇ ਅਧੀਨ ਉਨ੍ਹਾਂ ਨੂੰ ਹਰ ਮਹੀਨੇ, ਨਵੇਂ ਚੰਦ ਦੇ ਸਮੇਂ ਅਤੇ ਹਰ ਹਫ਼ਤੇ, ਸਬਤ ਦੇ ਸਮੇਂ ਉਪਾਸਨਾ ਦੇ ਖ਼ਾਸ ਕੰਮ ਕਰਨੇ ਪੈਂਦੇ ਸਨ। (ਲੇਵੀਆਂ 24:5-9; ਗਿਣਤੀ 10:10; 28:9, 10; 2 ਇਤਹਾਸ 2:4) ਯਸਾਯਾਹ 66:23 ਸੱਚੇ ਪਰਮੇਸ਼ੁਰ ਦੀ ਲਗਾਤਾਰ ਉਪਾਸਨਾ ਦੀ ਭਵਿੱਖਬਾਣੀ ਕਰਦਾ ਹੈ, ਜੋ ਕਿ ਦਿਨ-ਬ-ਦਿਨ ਕੀਤੀ ਜਾਵੇਗੀ। ਕੋਈ ਨਾਸਤਿਕ ਜਾਂ ਅਧਰਮੀ ਨਹੀਂ ਹੋਵੇਗਾ, ਸਗੋਂ ਹਰ ਜੀਅ ਸੱਚੇ ਦਿਲੋਂ ਪਰਮੇਸ਼ੁਰ ਦੀ ਸੇਵਾ ਕਰੇਗਾ। ‘ਸਾਰੇ ਬਸ਼ਰ ਯਹੋਵਾਹ ਦੇ ਸਨਮੁਖ ਮੱਥਾ ਟੇਕਣ ਆਉਣਗੇ।’

10. ਤੁਸੀਂ ਭਰੋਸਾ ਕਿਉਂ ਰੱਖ ਸਕਦੇ ਹੋ ਕਿ ਨਵੇਂ ਸੰਸਾਰ ਵਿਚ ਦੁਸ਼ਟ ਲੋਕ ਨਹੀਂ ਹੋਣਗੇ?

10ਯਸਾਯਾਹ 66:24 ਸਾਨੂੰ ਤਸੱਲੀ ਦਿੰਦਾ ਹੈ ਕਿ ਨਵੀਂ ਧਰਤੀ ਵਿਚ ਸਦਾ ਲਈ ਸ਼ਾਂਤੀ ਅਤੇ ਧਾਰਮਿਕਤਾ ਹੋਵੇਗੀ। ਦੁਸ਼ਟ ਲੋਕ ਉਸ ਧਰਤੀ ਨੂੰ ਬਰਬਾਦ ਨਹੀਂ ਕਰਨਗੇ। ਯਾਦ ਕਰੋ ਕਿ 2 ਪਤਰਸ 3:7 ਵਿਚ ਦੱਸਿਆ ਗਿਆ ਹੈ ਕਿ ‘ਭਗਤੀਹੀਣ ਮਨੁੱਖਾਂ ਦੇ ਨਿਆਉਂ ਅਤੇ ਨਾਸ ਹੋਣ ਦਾ ਦਿਨ’ ਆ ਰਿਹਾ ਹੈ। ਜੀ ਹਾਂ, ਭਗਤੀਹੀਣ, ਯਾਨੀ ਦੁਸ਼ਟ ਲੋਕਾਂ ਦਾ ਅੰਤ ਹੋਵੇਗਾ। ਮਨੁੱਖੀ ਯੁੱਧਾਂ ਵਿਚ ਅਕਸਰ ਸਿਪਾਹੀਆਂ ਨਾਲੋਂ ਆਮ ਜਨਤਾ ਵਿੱਚੋਂ ਜ਼ਿਆਦਾ ਲੋਕ ਜ਼ਖ਼ਮੀ ਹੁੰਦੇ ਜਾਂ ਮਾਰੇ ਜਾਂਦੇ ਹਨ। ਪਰ ਮਹਾਨ ਨਿਆਂਕਾਰ ਸਾਨੂੰ ਗਾਰੰਟੀ ਦਿੰਦਾ ਹੈ ਕਿ ਉਸ ਦੇ ਦਿਨ ਵਿਚ ਸਿਰਫ਼ ‘ਭਗਤੀਹੀਣਾਂ ਦਾ ਨਾਸ’ ਹੋਵੇਗਾ। ਨਿਰਦੋਸ਼ ਲੋਕਾਂ ਦੇ ਸਿਰ ਦਾ ਇਕ ਵੀ ਵਾਲ ਵਿੰਗਾ ਨਹੀਂ ਹੋਵੇਗਾ।

11. ਯਸਾਯਾਹ ਉਨ੍ਹਾਂ ਦੇ ਭਵਿੱਖ ਬਾਰੇ ਕੀ ਕਹਿੰਦਾ ਹੈ ਜੋ ਪਰਮੇਸ਼ੁਰ ਅਤੇ ਉਸ ਦੀ ਉਪਾਸਨਾ ਤੋਂ ਮੂੰਹ ਮੋੜ ਲੈਂਦੇ ਹਨ?

11 ਬਚ ਨਿਕਲਣ ਵਾਲੇ ਧਰਮੀ ਲੋਕ ਦੇਖਣਗੇ ਕਿ ਪਰਮੇਸ਼ੁਰ ਦਾ ਅਗੰਮ ਵਾਕ ਸੱਚਾ ਹੈ। ਯਸਾ 66 ਚੌਵ੍ਹੀਵੀਂ ਆਇਤ ਭਵਿੱਖਬਾਣੀ ਕਰਦੀ ਹੈ ਕਿ ‘ਉਨ੍ਹਾਂ ਮਨੁੱਖਾਂ ਦੀਆਂ ਲੋਥਾਂ, ਜੋ ਯਹੋਵਾਹ ਦੇ ਅਪਰਾਧੀ ਹੋਏ,’ ਉਸ ਦੇ ਨਿਆਉਂ ਦਾ ਸਬੂਤ ਹੋਣਗੀਆਂ। ਯਸਾਯਾਹ ਦੇ ਲਿਖਣ ਦਾ ਤਰੀਕਾ ਸ਼ਾਇਦ ਡਰਾਉਣਾ ਜਾਪੇ, ਪਰ ਉਹ ਸਿਰਫ਼ ਇਕ ਇਤਿਹਾਸਕ ਅਸਲੀਅਤ ਵਰਤ ਰਿਹਾ ਸੀ। ਪ੍ਰਾਚੀਨ ਯਰੂਸ਼ਲਮ ਦੀਆਂ ਕੰਧਾਂ ਦੇ ਬਾਹਰ ਕੂੜੇ-ਕਚਰੇ ਦੇ ਢੇਰ ਸਨ। ਕਦੇ-ਕਦੇ, ਇਨ੍ਹਾਂ ਉੱਤੇ ਉਨ੍ਹਾਂ ਅਪਰਾਧੀਆਂ ਦੀਆਂ ਲਾਸ਼ਾਂ ਵੀ ਸੁੱਟੀਆਂ ਜਾਂਦੀਆਂ ਸਨ ਜਿਨ੍ਹਾਂ ਨੂੰ ਦਫ਼ਨਾਏ ਜਾਣ ਦੇ ਲਾਇਕ ਨਹੀਂ ਸਮਝਿਆ ਜਾਂਦਾ ਸੀ। * ਉੱਥੇ ਦੇ ਕੀੜੇ-ਮਕੌੜੇ ਅਤੇ ਬਲ਼ਦੀ ਅੱਗ ਕੂੜੇ ਨੂੰ ਅਤੇ ਇਨ੍ਹਾਂ ਲਾਸ਼ਾਂ ਨੂੰ ਝੱਟ ਭਸਮ ਕਰ ਦਿੰਦੇ ਸਨ। ਯਸਾਯਾਹ ਤਸਵੀਰੀ ਭਾਸ਼ਾ ਵਰਤ ਕੇ ਇਹ ਸਮਝਾ ਰਿਹਾ ਹੈ ਕਿ ਪਰਮੇਸ਼ੁਰ ਦੇ ਧਰਮੀ ਅਸੂਲਾਂ ਵਿਰੁੱਧ ਜਾਣ-ਬੁੱਝ ਕੇ ਅਪਰਾਧ ਕਰਨ ਵਾਲਿਆਂ ਉੱਤੇ ਜਦੋਂ ਯਹੋਵਾਹ ਨਿਆਉਂ ਲਿਆਵੇਗਾ ਉਨ੍ਹਾਂ ਦਾ ਹਮੇਸ਼ਾ ਲਈ ਨਾਸ਼ ਹੋਵੇਗਾ।

ਯਹੋਵਾਹ ਦਾ ਵਾਅਦਾ

12. ਨਵੇਂ ਸੰਸਾਰ ਵਿਚ ਜ਼ਿੰਦਗੀ ਬਾਰੇ ਯਸਾਯਾਹ ਹੋਰ ਕੀ ਕਹਿੰਦਾ ਹੈ?

12ਪਰਕਾਸ਼ ਦੀ ਪੋਥੀ 21:4 ਸਾਨੂੰ ਉਨ੍ਹਾਂ ਕੁਝ ਚੀਜ਼ਾਂ ਬਾਰੇ ਦੱਸਦੀ ਹੈ ਜੋ ਆ ਰਹੀ ਨਵੀਂ ਵਿਵਸਥਾ ਵਿਚ ਨਹੀਂ ਹੋਣਗੀਆਂ। ਪਰ, ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ ਉੱਥੇ ਕੀ-ਕੀ ਹੋਵੇਗਾ? ਜ਼ਿੰਦਗੀ ਕਿਹੋ ਜਿਹੀ ਹੋਵੇਗੀ? ਕੀ ਇਸ ਬਾਰੇ ਸਾਨੂੰ ਕੋਈ ਪੱਕੀ ਜਾਣਕਾਰੀ ਮਿਲ ਸਕਦੀ ਹੈ? ਜੀ ਹਾਂ, ਜ਼ਰੂਰ ਮਿਲ ਸਕਦੀ ਹੈ! ਇਹ ਜਾਣਕਾਰੀ ਯਸਾਯਾਹ 65 ਵਿਚ ਪਾਈ ਜਾਂਦੀ ਹੈ। ਉੱਥੇ ਉਨ੍ਹਾਂ ਹਾਲਾਤਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਦਾ ਅਸੀਂ ਯਹੋਵਾਹ ਦੀ ਮਨਜ਼ੂਰੀ ਪਾ ਕੇ ਆਨੰਦ ਮਾਣ ਸਕਾਂਗੇ। ਉਸ ਵੇਲੇ ਯਹੋਵਾਹ ਆਖ਼ਰੀ ਭਾਵ ਵਿਚ ਨਵਾਂ ਅਕਾਸ਼ ਅਤੇ ਨਵੀਂ ਧਰਤੀ ਬਣਾਵੇਗਾ। ਨਵੀਂ ਧਰਤੀ ਵਿਚ ਜਿਨ੍ਹਾਂ ਨੂੰ ਪੱਕੀ ਥਾਂ ਬਖ਼ਸ਼ੀ ਜਾਵੇਗੀ, ਉਹ ਬੁੱਢੇ ਹੋ ਕੇ ਮਰਨਗੇ ਨਹੀਂ। ਯਸਾਯਾਹ 65:20 ਸਾਨੂੰ ਭਰੋਸਾ ਦਿਵਾਉਂਦਾ ਹੈ ਕਿ “ਉੱਥੋਂ ਫੇਰ ਕੋਈ ਥੋੜੇ ਦਿਨਾਂ ਦਾ ਬੱਚਾ ਨਾ ਹੋਵੇਗਾ, ਨਾ ਕੋਈ ਬੁੱਢਾ ਜਿਹ ਨੇ ਆਪਣੇ ਦਿਨ ਪੂਰੇ ਨਾ ਕੀਤੇ ਹੋਣ, ਕਿਉਂ ਜੋ ਬੱਚਾ ਸੌ ਵਰਹੇ ਦੀ ਉਮਰ ਵਿੱਚ ਮਰੇਗਾ, ਅਤੇ ਸੌ ਵਰਹੇ ਦਾ ਪਾਪੀ ਸਰਾਪੀ ਹੋਵੇਗਾ।”

13. ਯਸਾਯਾਹ 65:20 ਸਾਨੂੰ ਕਿਸ ਤਰ੍ਹਾਂ ਭਰੋਸਾ ਦਿਵਾਉਂਦਾ ਹੈ ਕਿ ਪਰਮੇਸ਼ੁਰ ਦੇ ਲੋਕ ਸੁਖ-ਸ਼ਾਂਤੀ ਦਾ ਆਨੰਦ ਮਾਣਨਗੇ?

13 ਜਦੋਂ ਇਹ ਭਵਿੱਖਬਾਣੀ ਪਹਿਲੀ ਵਾਰ ਯਸਾਯਾਹ ਦੇ ਲੋਕਾਂ ਉੱਤੇ ਪੂਰੀ ਹੋਈ ਸੀ, ਇਸ ਦਾ ਮਤਲਬ ਸੀ ਕਿ ਉਸ ਦੇਸ਼ ਦੇ ਬੱਚਿਆਂ ਨੂੰ ਕੋਈ ਖ਼ਤਰਾ ਨਹੀਂ ਸੀ। ਕੋਈ ਵੀ ਦੁਸ਼ਮਣ ਹੁਣ ਦੇਸ਼ ਵਿੱਚੋਂ ਬੱਚੇ ਚੁੱਕ ਕੇ ਲੈ ਜਾਣ ਜਾਂ ਜਵਾਨਾਂ ਨੂੰ ਮਾਰਨ ਨਹੀਂ ਆ ਰਹੇ ਸਨ, ਜਿਵੇਂ ਇਕ ਵਾਰ ਬਾਬਲੀ ਲੋਕ ਆਏ ਸਨ। (2 ਇਤਹਾਸ 36:17, 20) ਇਸੇ ਤਰ੍ਹਾਂ, ਆ ਰਹੀ ਨਵੀਂ ਵਿਵਸਥਾ ਵਿਚ, ਲੋਕ ਸੁਖ-ਸ਼ਾਂਤੀ ਵਿਚ ਜ਼ਿੰਦਗੀ ਦਾ ਆਨੰਦ ਮਾਣ ਸਕਣਗੇ। ਜੇ ਕੋਈ ਇਨਸਾਨ ਪਰਮੇਸ਼ੁਰ ਦਾ ਵਿਰੋਧ ਕਰਨਾ ਚਾਹੇ, ਉਸ ਨੂੰ ਜ਼ਿੰਦਾ ਨਹੀਂ ਛੱਡਿਆ ਜਾਵੇਗਾ। ਯਹੋਵਾਹ ਉਸ ਨੂੰ ਖ਼ਤਮ ਕਰ ਦੇਵੇਗਾ। ਪਰ ਜੇ ਪਾਪ ਕਰਨ ਵਾਲਾ ਸੌ ਵਰ੍ਹਿਆਂ ਦੀ ਉਮਰ ਦਾ ਹੋਵੇ, ਫਿਰ ਕੀ? ਉਹ “ਬੱਚਾ” ਮਾਰਿਆ ਜਾਵੇਗਾ। ਪਰ, ਇਕ ਸੌ ਸਾਲ ਦੇ ਬੰਦੇ ਨੂੰ ਬੱਚਾ ਕਿਉਂ ਸੱਦਿਆ ਜਾਂਦਾ ਹੈ? ਕਿਉਂਕਿ ਹਮੇਸ਼ਾ ਦੀ ਜ਼ਿੰਦਗੀ ਦੀ ਤੁਲਨਾ ਵਿਚ ਉਹ ਹਾਲੇ ਇਕ “ਬੱਚਾ” ਹੀ ਹੋਵੇਗਾ।—1 ਤਿਮੋਥਿਉਸ 1:19, 20; 2 ਤਿਮੋਥਿਉਸ 2:16-19.

14, 15. ਯਸਾਯਾਹ 65:21, 22 ਅਨੁਸਾਰ ਅਸੀਂ ਕਿਨ੍ਹਾਂ ਲਾਭਦਾਇਕ ਕੰਮਾਂ ਵਿਚ ਹਿੱਸਾ ਲੈ ਸਕਾਂਗੇ?

14 ਯਸਾਯਾਹ ਸਾਨੂੰ ਇਹ ਨਹੀਂ ਦੱਸਦਾ ਕਿ ਜਾਣ-ਬੁੱਝ ਕੇ ਪਾਪ ਕਰਨ ਵਾਲੇ ਨੂੰ ਕਿਸ ਤਰ੍ਹਾਂ ਖ਼ਤਮ ਕੀਤਾ ਜਾਵੇਗਾ, ਪਰ ਉਹ ਨਵੇਂ ਸੰਸਾਰ ਦੀ ਰਹਿਣੀ-ਬਹਿਣੀ ਬਾਰੇ ਦੱਸਦਾ ਹੈ। ਕਲਪਨਾ ਕਰੋ ਕਿ ਤੁਸੀਂ ਉਸ ਨਵੇਂ ਸੰਸਾਰ ਵਿਚ ਹੋ। ਤੁਸੀਂ ਸ਼ਾਇਦ ਆਪਣੇ ਮਨ ਵਿਚ ਉਹ ਚੀਜ਼ਾਂ ਪਹਿਲਾ ਦੇਖੋਗੇ ਜਿਨ੍ਹਾਂ ਵਿਚ ਤੁਹਾਨੂੰ ਦਿਲਚਸਪੀ ਹੈ। ਯਸਾਯਾਹ ਇਨ੍ਹਾਂ ਬਾਰੇ 21ਵੀਂ ਅਤੇ 22ਵੀਂ ਆਇਤ ਵਿਚ ਗੱਲ ਕਰਦਾ ਹੈ: “ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ। ਓਹ ਨਾ ਬਣਾਉਣਗੇ ਭਈ ਦੂਜਾ ਵੱਸੇ, ਓਹ ਨਾ ਲਾਉਣਗੇ ਭਈ ਦੂਜਾ ਖਾਵੇ, ਮੇਰੀ ਪਰਜਾ ਦੇ ਦਿਨ ਤਾਂ ਰੁੱਖ ਦੇ ਦਿਨਾਂ ਵਰਗੇ ਹੋਣਗੇ, ਅਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦਾ ਕੰਮ ਢੇਰ ਚਿਰ ਭੋਗਣਗੇ।”

15 ਜੇਕਰ ਤੁਹਾਡੇ ਕੋਲ ਮਿਸਤਰੀ ਦੇ ਕੰਮ ਦਾ ਕੋਈ ਤਜਰਬਾ ਨਹੀਂ ਹੈ ਜਾਂ ਤੁਸੀਂ ਕਦੇ ਮਾਲੀ ਵਜੋਂ ਬਾਗ਼ਬਾਨੀ ਦਾ ਕੰਮ ਨਹੀਂ ਕੀਤਾ, ਤਾਂ ਇਸ ਭਵਿੱਖਬਾਣੀ ਦਾ ਮਤਲਬ ਹੋ ਸਕਦਾ ਹੈ ਕਿ ਤੁਹਾਨੂੰ ਕੁਝ ਸਿੱਖਣਾ ਪਵੇਗਾ। ਪਰ ਕੀ ਤੁਸੀਂ ਕਾਬਲ ਅਤੇ ਤਜਰਬੇਕਾਰ ਇਨਸਾਨਾਂ ਤੋਂ, ਜਾਂ ਸ਼ਾਇਦ ਮਿਹਰਬਾਨ ਗੁਆਂਢੀਆਂ ਤੋਂ ਸਿੱਖਣ ਲਈ ਤਿਆਰ ਹੋਵੋਗੇ? ਯਸਾਯਾਹ ਨੇ ਇਹ ਨਹੀਂ ਦੱਸਿਆ ਸੀ ਕਿ ਤੁਹਾਡੇ ਘਰ ਦੀਆਂ ਬਾਰੀਆਂ ਕਿਹੋ ਜਿਹੀਆਂ ਹੋਣਗੀਆਂ, ਕਿ ਉਹ ਖੁੱਲ੍ਹੀਆਂ ਹੋਣਗੀਆਂ ਤਾਂਕਿ ਤੁਸੀਂ ਠੰਢੀ ਹਵਾ ਦਾ ਮਜ਼ਾ ਲੈ ਸਕੋ ਜਾਂ ਸ਼ੀਸ਼ੇ ਵਾਲੀਆਂ ਹੋਣਗੀਆਂ ਤਾਂ ਜੋ ਤੁਸੀਂ ਬਦਲਦੇ ਮੌਸਮਾਂ ਦੇ ਨਜ਼ਾਰੇ ਦੇਖ ਸਕੋਗੇ। ਤੁਸੀਂ ਉਸ ਨੂੰ ਖ਼ੁਦ ਡੀਜ਼ਾਈਨ ਕਰ ਸਕੋਗੇ। ਕੀ ਤੁਸੀਂ ਆਪਣੇ ਘਰ ਦੀ ਛੱਤ ਟੇਢੀ ਬਣਾਓਗੇ ਤਾਂਕਿ ਮੀਂਹ ਅਤੇ ਬਰਫ਼ ਥੱਲੇ ਡਿੱਗ ਸਕਣ? ਜਾਂ ਕੀ ਪੂਰਬੀ ਦੇਸ਼ਾਂ ਵਾਂਗ, ਮੌਸਮ ਕਰਕੇ, ਤੁਸੀਂ ਆਪਣੇ ਘਰ ਦੀ ਛੱਤ ਸਿੱਧੀ ਅਤੇ ਪੱਧਰੀ ਬਣਾਓਗੇ ਤਾਂਕਿ ਤੁਸੀਂ ਉੱਥੇ ਆਪਣੇ ਪਰਿਵਾਰ ਨਾਲ ਬੈਠ ਕੇ ਗੱਲਾਂ-ਬਾਤਾਂ ਅਤੇ ਖਾਣ-ਪੀਣ ਦਾ ਮਜ਼ਾ ਲੈ ਸਕੋਗੇ?—ਬਿਵਸਥਾ ਸਾਰ 22:8; ਨਹਮਯਾਹ 8:16.

16. ਅਸੀਂ ਉਮੀਦ ਕਿਉਂ ਰੱਖ ਸਕਦੇ ਹਾਂ ਕਿ ਨਵੇਂ ਸੰਸਾਰ ਵਿਚ ਸਾਨੂੰ ਹਮੇਸ਼ਾ ਸੰਤੁਸ਼ਟੀ ਮਿਲੇਗੀ?

16 ਇਨ੍ਹਾਂ ਛੋਟੀਆਂ-ਮੋਟੀਆਂ ਗੱਲਾਂ ਨੂੰ ਜਾਣਨ ਨਾਲੋਂ ਜ਼ਿਆਦਾ ਮਹੱਤਵਪੂਰਣ ਗੱਲ ਇਹ ਹੈ ਕਿ ਤੁਹਾਡਾ ਆਪਣਾ ਇਕ ਘਰ ਹੋਵੇਗਾ। ਅੱਜ ਕੋਈ ਜਿੰਨੀ ਮਰਜ਼ੀ ਮਿਹਨਤ ਕਰ ਕੇ ਇਕ ਘਰ ਬਣਾਵੇ ਉਸ ਦਾ ਫ਼ਾਇਦਾ ਅਕਸਰ ਕਿਸੇ ਹੋਰ ਨੂੰ ਹੁੰਦਾ ਹੈ। ਪਰ ਭਵਿੱਖ ਵਿਚ ਇਸ ਤਰ੍ਹਾਂ ਨਹੀਂ ਹੋਵੇਗਾ, ਜੋ ਘਰ ਤੁਸੀਂ ਬਣਾਵੋਗੇ ਉਹ ਤੁਹਾਡਾ ਆਪਣਾ ਹੋਵੇਗਾ। ਯਸਾਯਾਹ 65:21 ਇਹ ਵੀ ਕਹਿੰਦਾ ਹੈ ਕਿ ਤੁਸੀਂ ਬਾਗ਼ ਲਾ ਕੇ ਉਨ੍ਹਾਂ ਦਾ ਫਲ ਖਾਵੋਗੇ। ਜੀ ਹਾਂ ਤੁਸੀਂ ਆਪਣਿਆਂ ਕੰਮਾਂ ਵਿਚ ਬਹੁਤ ਸੰਤੁਸ਼ਟੀ ਪਾਓਗੇ ਅਤੇ ਆਪਣੀ ਸੇਵਾ ਦਾ ਮੇਵਾ ਪਾਓਗੇ। ਤੁਹਾਡੀ ਬਹੁਤ ਲੰਮੀ ਜ਼ਿੰਦਗੀ ਹੋਵੇਗੀ। ਹਾਂ ਤੁਹਾਡੀ ਜ਼ਿੰਦਗੀ ‘ਰੁੱਖ ਦੇ ਦਿਨਾਂ ਵਰਗੀ’ ਹੋਵੇਗੀ। ਸੱਚ-ਮੁੱਚ ਉਸ ਵੇਲੇ “ਸਭ ਕੁਝ ਨਵਾਂ” ਹੋਵੇਗਾ!—ਜ਼ਬੂਰ 92:12-14.

17. ਮਾਪਿਆਂ ਨੂੰ ਕਿਹੜਾ ਵਾਅਦਾ ਖ਼ਾਸ ਕਰਕੇ ਹੌਸਲਾ ਦਿੰਦਾ ਹੈ?

17 ਅਗਲੇ ਸ਼ਬਦ ਮਾਪਿਆਂ ਦੇ ਦਿਲਾਂ ਨੂੰ ਖ਼ੁਸ਼ ਕਰਨਗੇ: “ਓਹ ਵਿਅਰਥ ਮਿਹਨਤ ਨਾ ਕਰਨਗੇ, ਨਾ ਕਲੇਸ਼ ਲਈ ਜਮਾਉਣਗੇ, ਓਹ ਯਹੋਵਾਹ ਦੀ ਮੁਬਾਰਕ ਅੰਸ ਜੋ ਹੋਣਗੇ, ਨਾਲੇ ਓਹਨਾਂ ਦੀ ਸੰਤਾਨ ਓਹਨਾਂ ਸਣੇ। ਐਉਂ ਹੋਵੇਗਾ ਕਿ ਓਹਨਾਂ ਦੇ ਪੁਕਾਰਨ ਤੋਂ ਪਹਿਲਾਂ ਮੈਂ ਉੱਤਰ ਦਿਆਂਗਾ, ਅਤੇ ਓਹ ਅਜੇ ਗੱਲਾਂ ਹੀ ਕਰਦੇ ਹੋਣਗੇ, ਕਿ ਮੈਂ ਸੁਣ ਲਵਾਂਗਾ।” (ਯਸਾਯਾਹ 65:23, 24) ਕੀ ਤੁਸੀਂ ਉਸ ਦਰਦ ਨੂੰ ਮਹਿਸੂਸ ਕੀਤਾ ਹੈ ਜੋ ਉਸ ਵੇਲੇ ਹੁੰਦਾ ਹੈ ਜਦੋਂ ਤੁਹਾਡੇ ਬੱਚੇ “ਕਲੇਸ਼,” ਜਾਂ ਪਰੇਸ਼ਾਨੀ ਲਿਆਉਂਦੇ ਹਨ? ਸਾਨੂੰ ਬੱਚਿਆਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਸਮੱਸਿਆਵਾਂ ਬਾਰੇ ਦੱਸਣ ਦੀ ਜ਼ਰੂਰਤ ਨਹੀਂ ਜੋ ਮਾਪਿਆਂ ਅਤੇ ਦੁਨੀਆਂ ਭਰ ਵਿਚ ਹੋਰਨਾਂ ਲਈ ਪਰੇਸ਼ਾਨੀ ਲਿਆਉਂਦੀਆਂ ਹਨ। ਅਤੇ ਅਸੀਂ ਸਾਰਿਆਂ ਨੇ ਅਜਿਹੇ ਮਾਂ-ਬਾਪ ਵੀ ਦੇਖੇ ਹਨ ਜੋ ਆਪਣੀਆਂ ਨੌਕਰੀਆਂ, ਕੰਮਾਂ-ਕਾਰਾਂ, ਜਾਂ ਹੋਰ ਐਸ਼ਾਂ ਵਿਚ ਇੰਨੇ ਮਸਤ ਹੁੰਦੇ ਹਨ ਕਿ ਉਨ੍ਹਾਂ ਕੋਲ ਆਪਣੇ ਬੱਚਿਆਂ ਲਈ ਨਾ ਹੀ ਬਹੁਤਾ ਸਮਾਂ ਹੁੰਦਾ ਹੈ ਅਤੇ ਨਾ ਹੀ ਇੰਨੀ ਦਿਲਚਸਪੀ। ਯਹੋਵਾਹ ਇਸ ਤੋਂ ਬਿਲਕੁਲ ਉਲਟ ਹੈ। ਉਹ ਸਾਨੂੰ ਇੱਥੇ ਪੂਰਾ ਵਿਸ਼ਵਾਸ ਦਿਲਾਉਂਦਾ ਹੈ ਕਿ ਉਹ ਸਾਡੀ ਸੁਣੇਗਾ ਅਤੇ ਸਾਡੀਆਂ ਜ਼ਰੂਰਤਾਂ ਨੂੰ ਪਹਿਲਾਂ ਹੀ ਜਾਣ ਲਵੇਗਾ ਅਤੇ ਉਨ੍ਹਾਂ ਨੂੰ ਪੂਰਾ ਕਰੇਗਾ।

18. ਨਵੇਂ ਸੰਸਾਰ ਵਿਚ ਤੁਸੀਂ ਜਾਨਵਰਾਂ ਦਾ ਕਿਸ ਤਰ੍ਹਾਂ ਆਨੰਦ ਲੈ ਸਕੋਗੇ?

18 ਜਿਉਂ ਹੀ ਤੁਸੀਂ ਉਨ੍ਹਾਂ ਗੱਲਾਂ ਬਾਰੇ ਸੋਚਦੇ ਹੋ ਜਿਨ੍ਹਾਂ ਦਾ ਤੁਸੀਂ ਸ਼ਾਇਦ ਨਵੇਂ ਸੰਸਾਰ ਵਿਚ ਆਨੰਦ ਮਾਣੋਗੇ, ਤਾਂ ਪਰਮੇਸ਼ੁਰ ਦੇ ਇਸ ਅਗੰਮ ਵਾਕ ਦੀ ਵੀ ਕਲਪਨਾ ਕਰੋ: “ਬਘਿਆੜ ਅਤੇ ਲੇਲਾ ਇਕੱਠੇ ਚਰਨਗੇ, ਅਤੇ ਬਬਰ ਸ਼ੇਰ ਬਲਦ ਵਾਂਙੁ ਭੋਹ ਖਾਵੇਗਾ ਸੱਪ ਦੀ ਰੋਟੀ ਖ਼ਾਕ ਹੋਵੇਗੀ, ਓਹ ਮੇਰੇ ਸਾਰੇ ਪਵਿੱਤ੍ਰ ਪਰਬਤ ਵਿੱਚ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ, ਯਹੋਵਾਹ ਫ਼ਰਮਾਉਂਦਾ ਹੈ।” (ਯਸਾਯਾਹ 65:25) ਕਈ ਚਿੱਤਰਕਾਰਾਂ ਨੇ ਇਨ੍ਹਾਂ ਗੱਲਾਂ ਨੂੰ ਇਕ ਤਸਵੀਰੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਹ ਕਿਸੇ ਦੀ ਕਲਪਨਾ ਦੀਆਂ ਗੱਲਾਂ ਨਹੀਂ ਹਨ। ਇਹ ਨਜ਼ਾਰਾ ਅਸਲੀ ਬਣੇਗਾ। ਮਨੁੱਖਜਾਤੀ ਦਰਮਿਆਨ ਸ਼ਾਂਤੀ ਛਾ ਜਾਵੇਗੀ, ਅਤੇ ਅਜਿਹੀ ਸ਼ਾਂਤੀ ਜਾਨਵਰਾਂ ਵਿਚ ਵੀ ਹੋਵੇਗੀ। ਅੱਜ-ਕੱਲ੍ਹ ਕਈ ਜੀਵ-ਵਿਗਿਆਨੀ ਅਤੇ ਜਾਨਵਰਾਂ ਦੇ ਪ੍ਰੇਮੀ ਆਪਣੀ ਪੂਰੀ ਜ਼ਿੰਦਗੀ ਜਾਨਵਰਾਂ ਦੀਆਂ ਕੁਝ ਕਿਸਮਾਂ, ਸ਼ਾਇਦ ਇਕ ਹੀ ਜਾਨਵਰ ਬਾਰੇ ਜਾਂ ਉਸ ਦੀ ਨਸਲ ਬਾਰੇ ਸਿੱਖਣ ਤੇ ਲਾ ਦਿੰਦੇ ਹਨ। ਇਸ ਦੀ ਤੁਲਨਾ ਵਿਚ ਉਸ ਸਮੇਂ ਬਾਰੇ ਸੋਚੋ ਜਦੋਂ ਜਾਨਵਰਾਂ ਨੂੰ ਮਨੁੱਖਾਂ ਦਾ ਡਰ ਨਹੀਂ ਹੋਵੇਗਾ, ਉਦੋਂ ਤੁਸੀਂ ਉਨ੍ਹਾਂ ਬਾਰੇ ਬਹੁਤ ਕੁਝ ਸਿੱਖ ਸਕੋਗੇ। ਉਦੋਂ ਤੁਸੀਂ ਉਨ੍ਹਾਂ ਚਿੜੀਆਂ ਜਾਂ ਛੋਟੇ-ਛੋਟੇ ਜੰਤੂਆਂ ਦੇ ਨੇੜੇ ਜਾ ਸਕੋਗੇ ਜੋ ਜੰਗਲਾਂ ਵਿਚ ਰਹਿੰਦੇ ਹਨ—ਹਾਂ ਉਨ੍ਹਾਂ ਨੂੰ ਨੇੜਿਓਂ ਦੇਖ ਸਕੋਗੇ ਅਤੇ ਉਨ੍ਹਾਂ ਦਾ ਆਨੰਦ ਲੈ ਸਕੋਗੇ। (ਅੱਯੂਬ 12:7-9) ਉਸ ਵੇਲੇ ਤੁਹਾਨੂੰ ਕਿਸੇ ਦਾ ਖ਼ਤਰਾ ਨਹੀਂ ਹੋਵੇਗਾ, ਨਾ ਮਨੁੱਖਾਂ ਦਾ ਅਤੇ ਨਾ ਹੀ ਜਾਨਵਰਾਂ ਦਾ। ਯਹੋਵਾਹ ਵਾਅਦਾ ਕਰਦਾ ਹੈ ਕਿ “ਓਹ ਮੇਰੇ ਸਾਰੇ ਪਵਿੱਤ੍ਰ ਪਰਬਤ ਵਿੱਚ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ।” ਜੋ ਅਸੀਂ ਅੱਜ-ਕੱਲ੍ਹ ਦੇਖਦੇ ਅਤੇ ਅਨੁਭਵ ਕਰਦੇ ਹਾਂ ਉਸ ਤੋਂ ਇਹ ਕਿੰਨਾ ਵੱਖਰਾ ਹੋਵੇਗਾ!

19, 20. ਪਰਮੇਸ਼ੁਰ ਦੇ ਲੋਕ ਦੂਸਰਿਆਂ ਨਾਲੋਂ ਇੰਨੇ ਵੱਖਰੇ ਕਿਉਂ ਹਨ?

19 ਜਿਵੇਂ ਅਸੀਂ ਪਹਿਲਾਂ ਨੋਟ ਕੀਤਾ ਹੈ, ਲੋਕਾਂ ਨੂੰ ਸਾਲ 2000 ਨਾਲ ਸ਼ੁਰੂ ਹੁੰਦੇ ਇਸ ਨਵੇਂ ਯੁਗ ਬਾਰੇ ਕਾਫ਼ੀ ਚਿੰਤਾ ਹੈ, ਪਰ ਫਿਰ ਵੀ ਉਹ ਸਹੀ ਤਰ੍ਹਾਂ ਭਵਿੱਖ ਬਾਰੇ ਕੁਝ ਵੀ ਨਹੀਂ ਦੱਸ ਸਕਦੇ। ਇਸ ਕਰਕੇ ਕਈ ਮਾਯੂਸ, ਪਰੇਸ਼ਾਨ, ਜਾਂ ਨਿਰਾਸ਼ ਹੋ ਗਏ ਹਨ। ਕੈਨੇਡਾ ਦੀ ਇਕ ਯੂਨੀਵਰਸਿਟੀ ਦੇ ਨਿਰਦੇਸ਼ਕ, ਪੀਟਰ ਐਮਬਰਲੀ ਨੇ ਲਿਖਿਆ ਕਿ “ਅਨੇਕ [ਬਾਲਗ] ਹੁਣ ਜੀਵਨ ਦੇ ਮੁੱਖ ਸਵਾਲਾਂ ਦਾ ਸਾਮ੍ਹਣਾ ਕਰ ਰਹੇ ਹਨ। ਮੈਂ ਕੌਣ ਹਾਂ? ਮੈਂ ਜ਼ਿੰਦਗੀ ਤੋਂ ਸੱਚ-ਮੁੱਚ ਕੀ ਚਾਹੁੰਦਾ ਹਾਂ? ਮੈਂ ਅਗਲੀ ਪੀੜ੍ਹੀ ਲਈ ਕੀ ਛੱਡ ਕੇ ਜਾ ਰਿਹਾ ਹਾਂ? ਉਹ ਚਾਲੀ-ਪੰਜਾਹ ਉਮਰ ਦੇ ਹੋ ਕੇ ਆਪਣੀ ਜ਼ਿੰਦਗੀ ਵਿਚ ਅਰਥ ਅਤੇ ਸੁਖ-ਚੈਨ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।”

20 ਅਸੀਂ ਸਮਝ ਸਕਦੇ ਹਾਂ ਕਿ ਕਈ ਲੋਕ ਇਸ ਤਰ੍ਹਾਂ ਕਿਉਂ ਸੋਚਦੇ ਹਨ। ਉਹ ਸ਼ਾਇਦ ਆਪਣੀਆਂ ਦਿਲਚਸਪੀਆਂ ਜਾਂ ਮਨੋਰੰਜਨ ਰਾਹੀਂ ਜ਼ਿੰਦਗੀ ਵਿਚ ਖ਼ੁਸ਼ੀ ਲਿਆਉਣ ਦੀ ਕੋਸ਼ਿਸ਼ ਕਰਨ। ਲੇਕਿਨ ਉਹ ਇਹ ਨਹੀਂ ਜਾਣਦੇ ਕਿ ਕੱਲ੍ਹ ਕੀ ਹੋਵੇਗਾ। ਇਸ ਲਈ ਉਨ੍ਹਾਂ ਦੀ ਜ਼ਿੰਦਗੀ ਵਿਚ ਨਾ ਕੋਈ ਅਹਿਮੀਅਤ ਜਾਂ ਅਸਲੀ ਅਰਥ ਹੈ, ਅਤੇ ਨਾ ਸੁਖ-ਚੈਨ ਹੈ। ਪਰ ਇਨ੍ਹਾਂ ਭਵਿੱਖਬਾਣੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਜ਼ਰਾ ਆਪਣੀ ਜ਼ਿੰਦਗੀ ਦੀ ਤੁਲਨਾ ਉਨ੍ਹਾਂ ਦੀ ਜ਼ਿੰਦਗੀ ਨਾਲ ਕਰੋ। ਅਸੀਂ ਜਾਣਦੇ ਹਾਂ ਕਿ ਯਹੋਵਾਹ ਦੇ ਵਾਅਦਾ ਕੀਤੇ ਗਏ ਨਵੇਂ ਅਕਾਸ਼ ਅਤੇ ਨਵੀਂ ਧਰਤੀ ਵਿਚ, ਅਸੀਂ ਆਪਣੇ ਆਲੇ-ਦੁਆਲੇ ਦੇਖ ਕੇ ਦਿਲੋਂ ਇਹ ਕਹਿ ਸਕਾਂਗੇ, ਕਿ ‘ਸੱਚ-ਮੁੱਚ ਪਰਮੇਸ਼ੁਰ ਨੇ ਸਭ ਕੁਝ ਨਵਾਂ ਬਣਾ ਦਿੱਤਾ ਹੈ!’ ਉਸ ਵੇਲੇ ਅਸੀਂ ਕਿੰਨੇ ਖ਼ੁਸ਼ ਹੋਵਾਂਗੇ!

21. ਯਸਾਯਾਹ 65:25 ਅਤੇ ਯਸਾਯਾਹ 11:9 ਵਿਚ ਕਿਹੜੀ ਮਿਲਦੀ-ਜੁਲਦੀ ਗੱਲ ਦੱਸੀ ਗਈ ਹੈ?

21 ਯਹੋਵਾਹ ਦੇ ਨਵੇਂ ਸੰਸਾਰ ਵਿਚ ਆਪਣੀ ਜ਼ਿੰਦਗੀ ਬਾਰੇ ਕਲਪਨਾ ਕਰਨੀ ਗ਼ਲਤ ਨਹੀਂ ਹੈ। ਪਰਮੇਸ਼ੁਰ ਸਾਨੂੰ ਹੁਣ ਸੱਚਾਈ ਵਿਚ ਉਸ ਦੀ ਉਪਾਸਨਾ ਕਰਨ ਲਈ ਦਿਲੋਂ ਸੱਦਾ ਦਿੰਦਾ ਹੈ ਤਾਂਕਿ ਅਸੀਂ ਉਦੋਂ ਜੀਉਣ ਦੇ ਯੋਗ ਹੋ ਸਕੀਏ ਜਦੋਂ ‘ਓਹ ਉਸ ਦੇ ਸਾਰੇ ਪਵਿੱਤ੍ਰ ਪਰਬਤ ਵਿੱਚ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ।’ (ਯਸਾਯਾਹ 65:25) ਪਰ ਕੀ ਤੁਸੀਂ ਜਾਣਦੇ ਹੋ ਕਿ ਯਸਾਯਾਹ ਨੇ ਆਪਣੀ ਪੋਥੀ ਵਿਚ ਪਹਿਲਾਂ ਵੀ ਇਸ ਬਾਰੇ ਲਿਖਿਆ ਸੀ? ਅਤੇ ਕਿ ਉਸ ਨੇ ਇਕ ਹੋਰ ਜ਼ਰੂਰੀ ਗੱਲ ਵੀ ਲਿਖੀ ਹੈ ਜੋ ਨਵੇਂ ਸੰਸਾਰ ਦਾ ਆਨੰਦ ਮਾਣਨ ਲਈ ਜ਼ਰੂਰੀ ਹੋਵੇਗੀ। ਇਹ ਅਸੀਂ ਯਸਾਯਾਹ 11:9 ਵਿਚ ਪੜ੍ਹ ਸਕਦੇ ਹਾਂ: “ਮੇਰੇ ਸਾਰੇ ਪਵਿੱਤ੍ਰ ਪਰਬਤ ਵਿੱਚ ਓਹ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ, ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।”

22. ਬਾਈਬਲ ਦੀਆਂ ਚਾਰ ਭਵਿੱਖਬਾਣੀਆਂ ਵੱਲ ਧਿਆਨ ਦੇ ਕੇ ਸਾਨੂੰ ਕਿਸ ਗੱਲ ਵਿਚ ਹੋਰ ਵੀ ਪੱਕੇ ਹੋਣਾ ਚਾਹੀਦਾ ਹੈ?

22 ‘ਯਹੋਵਾਹ ਦਾ ਗਿਆਨ।’ ਜਦੋਂ ਪਰਮੇਸ਼ੁਰ ਸਭ ਕੁਝ ਨਵਾਂ ਬਣਾਵੇਗਾ, ਧਰਤੀ ਦੇ ਮੁਬਾਰਕ ਵਾਸੀ ਉਸ ਬਾਰੇ ਅਤੇ ਉਸ ਦੀ ਮਰਜ਼ੀ ਬਾਰੇ ਸਹੀ ਗਿਆਨ ਜਾਣਨਗੇ। ਇਸ ਵਿਚ ਜਾਨਵਰਾਂ ਦੀ ਸ੍ਰਿਸ਼ਟੀ ਬਾਰੇ ਸਿੱਖਣ ਤੋਂ ਕੁਝ ਜ਼ਿਆਦਾ ਸ਼ਾਮਲ ਹੈ। ਸਾਨੂੰ ਉਸ ਦੇ ਪ੍ਰੇਰਿਤ ਬਚਨ ਤੋਂ ਸਹੀ ਗਿਆਨ ਹਾਸਲ ਕਰਨ ਦੀ ਵੀ ਲੋੜ ਪਵੇਗੀ। ਮਿਸਾਲ ਲਈ, ਜ਼ਰਾ ਸੋਚੋ ਕਿ ਅਸੀਂ ‘ਨਵੇਂ ਅਕਾਸ਼ ਅਤੇ ਨਵੀਂ ਧਰਤੀ’ ਬਾਰੇ ਚਾਰ ਭਵਿੱਖਬਾਣੀਆਂ ਦੀ ਜਾਂਚ ਕਰਨ ਦੁਆਰਾ ਕਿੰਨਾ ਕੁਝ ਸਿੱਖਿਆ ਹੈ। (ਯਸਾਯਾਹ 65:17; 66:22; 2 ਪਤਰਸ 3:13; ਪਰਕਾਸ਼ ਦੀ ਪੋਥੀ 21:1) ਤੁਹਾਨੂੰ ਬਾਈਬਲ ਦੀ ਪੜ੍ਹਾਈ ਕਰਨ ਦੀ ਜ਼ਰੂਰਤ ਹੈ। ਕੀ ਤੁਸੀਂ ਇਸ ਲਈ ਸਮਾਂ ਕੱਢਦੇ ਹੋ? ਜੇਕਰ ਨਹੀਂ, ਤਾਂ ਪਰਮੇਸ਼ੁਰ ਦੇ ਬਚਨ ਨੂੰ ਹਰ ਰੋਜ਼ ਪੜ੍ਹਨ ਲਈ ਤੁਸੀਂ ਕੀ ਕਰ ਸਕਦੇ ਹੋ? ਇਸ ਤਰ੍ਹਾਂ ਕਰਨ ਦੁਆਰਾ ਤੁਸੀਂ ਨਵੇਂ ਸੰਸਾਰ ਦੀ ਉਡੀਕ ਕਰਨ ਤੋਂ ਇਲਾਵਾ ਹੁਣ ਵੀ ਆਪਣੀ ਜ਼ਿੰਦਗੀ ਵਿਚ ਜ਼ਿਆਦਾ ਖ਼ੁਸ਼ੀ ਪਾ ਸਕਦੇ ਹੋ, ਜਿਵੇਂ ਜ਼ਬੂਰਾਂ ਦੇ ਲਿਖਾਰੀ ਨੇ ਪਾਈ ਸੀ।—ਜ਼ਬੂਰ 1:1, 2.

[ਫੁਟਨੋਟ]

^ ਪੈਰਾ 11 ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ), ਖੰਡ 1, ਸਫ਼ਾ 906, ਦੇਖੋ।

ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?

• ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਸਾਯਾਹ 66:22-24 ਆਉਣ ਵਾਲੇ ਸਮੇਂ ਬਾਰੇ ਦੱਸ ਰਿਹਾ ਹੈ?

ਯਸਾਯਾਹ 66:22-24 ਅਤੇ ਯਸਾਯਾਹ 65:20-25 ਦੀਆਂ ਭਵਿੱਖਬਾਣੀਆਂ ਵਿੱਚੋਂ ਤੁਸੀਂ ਖ਼ਾਸ ਕਰਕੇ ਕਿਹੜੀਆਂ ਗੱਲਾਂ ਦੀ ਉਮੀਦ ਰੱਖਦੇ ਹੋ?

• ਤੁਸੀਂ ਭਵਿੱਖ ਬਾਰੇ ਭਰੋਸਾ ਕਿਉਂ ਰੱਖ ਸਕਦੇ ਹੋ?

[ਸਵਾਲ]

[ਸਫ਼ੇ 15 ਉੱਤੇ ਤਸਵੀਰਾਂ]

ਯਸਾਯਾਹ, ਪਤਰਸ, ਅਤੇ ਯੂਹੰਨਾ ਨੇ ‘ਨਵੇਂ ਅਕਾਸ਼ ਅਤੇ ਨਵੀਂ ਧਰਤੀ’ ਦਿਆਂ ਕੁਝ ਪਹਿਲੂਆਂ ਬਾਰੇ ਭਵਿੱਖਬਾਣੀਆਂ ਕੀਤੀਆਂ ਸਨ