ਦਿਲਾਸੇ ਦੀ ਕਿੰਨੀ ਜ਼ਰੂਰਤ!
ਦਿਲਾਸੇ ਦੀ ਕਿੰਨੀ ਜ਼ਰੂਰਤ!
“ਵੇਖੋ ਸਤਾਇਆਂ ਹੋਇਆਂ ਦੇ ਅੰਝੂ ਸਨ ਅਤੇ ਓਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ ਅਤੇ ਓਹਨਾਂ ਦੇ ਸਖਤੀ ਕਰਨ ਵਾਲੇ ਬਲਵੰਤ ਸਨ ਪਰ ਓਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਾ ਰਿਹਾ।”—ਉਪਦੇਸ਼ਕ ਦੀ ਪੋਥੀ 4:1.
ਕੀ ਤੁਸੀਂ ਦਿਲਾਸਾ ਭਾਲ ਰਹੇ ਹੋ? ਕੀ ਤੁਸੀਂ ਦੁੱਖ ਦੀ ਹਨੇਰੀ ਵਿਚ ਦਿਲਾਸੇ ਦੀ ਕਿਰਨ ਦੀ ਉਡੀਕ ਕਰ ਰਹੇ ਹੋ? ਕੀ ਦੁੱਖ-ਤਕਲੀਫ਼ ਨਾਲ ਭਰੀ ਹੋਈ ਜ਼ਿੰਦਗੀ ਵਿਚ ਤੁਹਾਨੂੰ ਤਸੱਲੀ ਦੀ ਤਲਾਸ਼ ਹੈ?
ਜ਼ਿੰਦਗੀ ਵਿਚ ਸਾਨੂੰ ਬਹੁਤ ਗੱਲਾਂ ਦੁਖੀ ਕਰਦੀਆਂ ਹਨ, ਇਸ ਲਈ ਸਾਨੂੰ ਕਦੇ-ਨ-ਕਦੇ ਦਿਲਾਸੇ ਅਤੇ ਹੌਸਲੇ ਦੀ ਜ਼ਰੂਰਤ ਪੈਂਦੀ ਹੈ। ਸਾਨੂੰ ਸਾਰਿਆਂ ਨੂੰ ਪਨਾਹ, ਪਿਆਰ, ਅਤੇ ਮਦਦ ਦੀ ਜ਼ਰੂਰਤ ਹੈ। ਕਈ ਬੁਢੇਪੇ ਦੇ ਕਾਰਨ ਦੁਖੀ ਹਨ। ਦੂਸਰੇ ਇਹ ਦੇਖ ਕੇ ਨਾਰਾਸ਼ ਹਨ ਕਿ ਜ਼ਿੰਦਗੀ ਬਾਰੇ ਉਨ੍ਹਾਂ ਦੀਆਂ ਉਮੀਦਾਂ ਉੱਤੇ ਪਾਣੀ ਫਿਰ ਗਿਆ ਹੈ। ਅਜਿਹੇ ਵੀ ਹਨ ਜੋ ਡਾਕਟਰ ਤੋਂ ਕਿਸੇ ਬੀਮਾਰੀ ਬਾਰੇ ਸੁਣ ਕੇ ਦੁੱਖ ਝੱਲ ਰਹੇ ਹਨ।
ਸਾਰੇ ਇਹ ਗੱਲ ਮੰਨਣ ਲਈ ਤਿਆਰ ਹਨ ਕਿ ਸਾਡੇ ਜ਼ਮਾਨੇ ਦੀਆਂ ਦੁੱਖ-ਤਕਲੀਫ਼ਾਂ ਕਰਕੇ ਸਾਨੂੰ ਆਸ ਅਤੇ ਦਿਲਾਸੇ ਦੀ ਸਖ਼ਤ ਜ਼ਰੂਰਤ ਹੈ। ਪਿੱਛਲੀ ਸਦੀ ਦੌਰਾਨ 10 ਕਰੋੜ ਤੋਂ ਜ਼ਿਆਦਾ ਲੋਕ ਜੰਗ ਵਿਚ ਮਾਰੇ ਗਏ ਸਨ। * ਮਾਨੋ ਉਹ ਸਾਰੇ ਆਪਣੇ ਪਿੱਛੇ ਰੋਂਦੇ-ਰੁਲ਼ਦੇ ਪਰਿਵਾਰ ਛੱਡ ਗਏ, ਕਿਸੇ ਦੇ ਮਾਂ-ਪਿਓ, ਕਿਸੇ ਦੇ ਭੈਣ-ਭਰਾ, ਅਤੇ ਕਿਸੇ ਦੀ ਵਿਧਵਾ ਅਤੇ ਨਿਆਣੇ। ਇਨ੍ਹਾਂ ਸਾਰਿਆਂ ਨੂੰ ਦਿਲਾਸੇ ਦੀ ਕਿੰਨੀ ਜ਼ਰੂਰਤ ਹੈ! ਅੱਜ-ਕੱਲ੍ਹ ਇਕ ਅਰਬ ਤੋਂ ਜ਼ਿਆਦਾ ਲੋਕ ਗ਼ਰੀਬੀ ਵਿਚ ਰਹਿੰਦੇ ਹਨ। ਦੁਨੀਆਂ ਦੀ ਅੱਧੀ ਆਬਾਦੀ ਨੂੰ ਡਾਕਟਰੀ ਇਲਾਜ ਨਹੀਂ ਮਿਲਦਾ। ਵੱਡੇ-ਵੱਡੇ ਸ਼ਹਿਰਾਂ ਦੀਆਂ ਸੜਕਾਂ ਉੱਤੇ ਲੱਖਾਂ ਹੀ ਨਿਆਣੇ ਰੁਲ਼ਦੇ ਹਨ ਜਿਨ੍ਹਾਂ ਵਿੱਚੋਂ ਕਈ ਅਮਲੀ ਹਨ ਅਤੇ ਕਈ ਵੇਸਵਾ ਦਾ ਕੰਮ ਕਰਦੇ ਹਨ। ਲੱਖਾਂ ਹੋਰ ਲੋਕ ਰਫਿਊਜੀਆਂ ਲਈ ਬਣਾਏ ਗਏ ਕੈਂਪਾਂ ਵਿਚ ਆਸਾਂ ਲਾ ਕੇ ਬੈਠੇ ਹੋਏ ਹਨ।
ਪਰ ਗਿਣਤੀ ਭਾਵੇਂ ਜਿੰਨੀ ਮਰਜ਼ੀ ਹੋਵੇ, ਇਹ ਸਾਨੂੰ ਹਰੇਕ ਬੰਦੇ ਦੇ ਦਿਲ ਦੇ ਦੁੱਖ ਬਾਰੇ ਨਹੀਂ ਦੱਸਦੀ। ਜ਼ਰਾ ਸਵੇਤਲਾਨਾ ਦੀ ਜ਼ਿੰਦਗੀ ਬਾਰੇ ਸੋਚੋ। ਇਹ ਔਰਤ ਬਾਲਕਨ ਦੇ ਇਲਾਕੇ ਵਿਚ ਘੋਰ ਗ਼ਰੀਬੀ ਵਿਚ ਪੈਦਾ ਹੋਈ ਸੀ। * ਉਹ ਦੱਸਦੀ ਹੈ ਕਿ “ਪੈਸਿਆਂ ਵਾਸਤੇ ਮੇਰੇ ਮਾਂ-ਬਾਪ ਨੇ ਮੈਨੂੰ ਚੋਰੀ ਕਰਨ ਜਾਂ ਭੀਖ ਮੰਗਣ ਬਾਹਰ ਭੇਜ ਦਿੱਤਾ। ਸਾਡੀ ਘਰੇਲੂ ਜ਼ਿੰਦਗੀ ਬਹੁਤ ਮਾੜੀ ਹੋ ਗਈ ਅਤੇ ਘਰ ਵਿਚ ਮੇਰੇ ਨਾਲ ਉਹ ਗੰਦੇ ਕੰਮ ਹੋਣ ਲੱਗ ਪਏ ਜੋ ਨਹੀਂ ਹੋਣੇ ਚਾਹੀਦੇ ਸਨ। ਮੈਨੂੰ ਰੈਸਤੋਰਾਂ ਵਿਚ ਕੰਮ ਮਿਲ ਗਿਆ, ਅਤੇ ਮੇਰੀ ਸਾਰੀ ਤਨਖ਼ਾਹ ਮੇਰੀ ਮੱਮੀ ਨੂੰ ਮਿਲਦੀ ਸੀ। ਉਸ ਨੇ ਕਿਹਾ ਕਿ ਜੇ ਮੈਨੂੰ ਨੌਕਰੀਓਂ ਕਦੇ ਛੁੱਟੀ ਮਿਲੀ ਤਾਂ ਉਹ ਆਪਣੀ ਜਾਨ ਲੈ ਲਵੇਗੀ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਮੈਂ ਵੇਸਵਾ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੈਂ ਸਿਰਫ਼ 13 ਸਾਲਾਂ ਦੀ ਸੀ। ਕੁਝ ਸਮੇਂ ਬਾਅਦ ਮੈਂ ਬੱਚੇ ਦੀ ਮਾਂ ਬਣਨ ਵਾਲੀ ਸੀ ਅਤੇ ਮੈਨੂੰ ਗਰਭਪਾਤ ਕਰਾਉਣਾ ਪਿਆ। ਪੰਦਰਾਂ ਸਾਲਾਂ ਦੀ ਉਮਰ ਤੇ ਮੈਂ 30 ਸਾਲਾਂ ਦੀ ਲੱਗਦੀ ਸੀ।”
ਲਾਤਵੀਆ ਤੋਂ ਲਾਇਮਨਿਸ ਨਾਂ ਦਾ ਆਦਮੀ ਉਸ ਸਮੇਂ ਬਾਰੇ ਦੱਸਦਾ ਹੈ ਜਦੋਂ ਉਹ ਫ਼ਿਕਰਾਂ ਨਾਲ ਘੇਰਿਆ ਹੋਇਆ ਸੀ ਅਤੇ ਉਸ ਨੂੰ ਦਿਲਾਸੇ ਦੀ ਜ਼ਰੂਰਤ ਸੀ। ਉਣੱਤੀ ਸਾਲਾਂ ਦੀ ਉਮਰ ਤੇ ਉਸ ਦਾ ਕਾਰ ਵਿਚ ਹਾਦਸਾ ਹੋਇਆ ਜਿਸ ਵਜੋਂ ਉਹ ਕਮਰ ਹੇਠੋਂ ਅਧਰੰਗਾ ਹੋ ਗਿਆ ਸੀ। ਉਹ ਇੰਨਾ ਬੇਕਾਰ ਮਹਿਸੂਸ ਕਰਨ ਲੱਗਾ ਕਿ ਉਸ ਨੇ ਪੀਣੀ ਸ਼ੁਰੂ ਕਰ ਦਿੱਤੀ। ਪੰਜਾਂ ਸਾਲਾਂ ਵਿਚ ਉਸ ਬੇਉਮੀਦ ਅਧਰੰਗੇ ਸ਼ਰਾਬੀ ਦੀ ਜ਼ਿੰਦਗੀ ਤਬਾਹ ਹੋ ਚੁੱਕੀ ਸੀ। ਉਸ ਨੂੰ ਦਿਲਾਸਾ ਕਿੱਥੋਂ ਮਿਲ ਸਕਦਾ ਸੀ?
ਏਂਜੀ ਬਾਰੇ ਜ਼ਰਾ ਸੋਚੋ। ਉਸ ਦੇ ਪਤੀ ਦੇ ਦਿਮਾਗ਼ ਦੇ ਤਿੰਨ ਓਪਰੇਸ਼ਨ ਹੋਏ ਸਨ ਜਿਨ੍ਹਾਂ ਕਰਕੇ ਉਹ ਪਹਿਲਾਂ ਅਧਰੰਗਾ ਜਿਹਾ ਹੋ ਗਿਆ ਸੀ। ਆਖ਼ਰੀ ਓਪਰੇਸ਼ਨ ਤੋਂ ਪੰਜ ਸਾਲ ਬਾਅਦ, ਉਸ ਨਾਲ ਅਜਿਹਾ ਵੱਡਾ ਹਾਦਸਾ ਹੋਇਆ ਜਿਸ ਕਰਕੇ ਉਸ ਦੇ ਸਿਰ ਤੇ ਚੋਟ ਲੱਗੀ। ਉਸ ਦੀ ਜਾਨ ਖ਼ਤਰੇ ਵਿਚ ਸੀ। ਜਦੋਂ ਏਂਜੀ ਹਸਪਤਾਲ ਪਹੁੰਚੀ ਅਤੇ ਉਸ ਨੇ ਆਪਣੇ ਪਤੀ ਨੂੰ ਬੇਹੋਸ਼ ਪਏ ਹੋਏ ਦੇਖਿਆ, ਉਸ ਨੂੰ ਪਤਾ ਸੀ ਕਿ ਉਸ ਸਾਮ੍ਹਣੇ ਇਕ ਬਿਪਤਾ ਖੜ੍ਹੀ ਸੀ। ਇਸ ਕਰਕੇ ਉਸ ਨੂੰ ਪਤਾ ਸੀ ਕਿ ਉਸ ਦੇ ਪਰਿਵਾਰ ਦਾ ਭਵਿੱਖ ਮੁਸ਼ਕਲ ਹੋਣਾ ਸੀ। ਉਸ ਨੂੰ ਮਦਦ ਅਤੇ ਹੌਸਲਾ ਕਿੱਥੋਂ ਮਿਲ ਸਕਦਾ ਸੀ?
ਸਿਆਲ ਦਾ ਇਕ ਦਿਨ ਪੈਟ ਲਈ ਆਮ ਤਰ੍ਹਾਂ ਸ਼ੁਰੂ ਹੋਇਆ। ਪਰ ਉਸ ਤੋਂ ਅਗਲੇ ਤਿੰਨ ਦਿਨ ਉਸ ਨੂੰ ਬਿਲਕੁਲ ਯਾਦ ਨਹੀਂ ਹਨ। ਉਸ ਦੇ ਪਤੀ ਨੇ ਬਾਅਦ ਵਿਚ ਉਸ ਨੂੰ ਦੱਸਿਆ ਕਿ ਉਸ ਦੀ ਛਾਤੀ ਵਿਚ ਬਹੁਤ ਦਰਦ ਹੋਣ ਤੋਂ ਬਾਅਦ ਉਸ ਨੂੰ ਦਿਲ ਦਾ ਦੌਰਾ ਪਿਆ। ਪਹਿਲਾਂ ਉਸ ਦਾ ਦਿਲ ਬੜੀ ਤੇਜ਼ੀ ਨਾਲ ਧੜਕਿਆ ਪਰ ਬਾਅਦ ਵਿਚ ਬਿਲਕੁਲ ਬੰਦ ਹੋ ਗਿਆ। ਉਸ ਨੇ ਸਾਹ ਲੈਣਾ ਬੰਦ ਕਰ ਦਿੱਤਾ। ਪੈਟ ਦੱਸਦੀ ਹੈ ਕਿ “ਡਾਕਟਰੀ ਤੌਰ ਤੇ ਮੈਂ ਮੁਰਦਾ ਸੀ।” ਪਰ ਉਹ ਬਚ ਗਈ। ਹਸਪਤਾਲ ਵਿਚ ਲੰਮਾ ਸਮਾਂ ਗੁਜ਼ਾਰਨ ਤੋਂ ਬਾਅਦ ਉਹ ਘਰ ਆਈ। ਉਹ ਕਹਿੰਦੀ ਹੈ: “ਉਨ੍ਹਾਂ ਨੇ ਮੇਰੇ ਕਈ ਟੈੱਸਟ ਕਿਤੇ। ਮੈਨੂੰ ਬੜਾ ਡਰ ਲੱਗਦਾ ਸੀ, ਖ਼ਾਸ ਕਰਕੇ ਜਦੋਂ ਉਹ ਮੇਰੇ ਦਿਲ ਨੂੰ ਪਹਿਲਾਂ ਵਾਂਗ ਫੜਕਾਉਣ ਅਤੇ ਬੰਦ ਕਰਨ ਦੀ ਕੋਸ਼ਿਸ਼ ਕਰਦੇ ਸਨ।” ਉਸ ਦੀ ਔਖੀ ਘੜੀ ਵਿਚ ਉਸ ਨੂੰ ਕੌਣ ਤਸੱਲੀ ਅਤੇ ਦਿਲਾਸਾ ਦੇ ਸਕਦਾ ਸੀ?
ਕਾਰ ਦੇ ਹਾਦਸੇ ਵਿਚ ਜੋਅ ਅਤੇ ਰਿਬੈਕਾ ਦਾ 19 ਸਾਲਾਂ ਦਾ ਬੇਟਾ ਦਮ ਤੋੜ ਗਿਆ। ਉਹ ਦੱਸਦੇ ਹਨ ਕਿ “ਅਸੀਂ ਪਹਿਲਾਂ ਕਦੇ ਅਜਿਹੀ ਚੀਜ਼ ਦਾ ਸਾਮ੍ਹਣਾ ਨਹੀਂ ਕੀਤਾ ਸੀ। ਭਾਵੇਂ ਅਸੀਂ ਪਹਿਲਾਂ ਦੂਸਰਿਆਂ ਨਾਲ ਉਨ੍ਹਾਂ ਦੇ ਗਮਾਂ ਤੇ ਸੋਗ ਕੀਤਾ ਸੀ, ਅਸੀਂ ਪਹਿਲਾਂ ਕਦੇ ਦਿਲ ਦੀ ਅਜਿਹੀ ਦਰਦ ਨਹੀਂ ਮਹਿਸੂਸ ਕੀਤੀ।” “ਦਿਲ ਦੀ ਅਜਿਹੀ ਦਰਦ” ਤੇ ਕੌਣ ਮਲ੍ਹਮ ਲਾ ਸਕਦਾ ਸੀ—ਜੋ ਦਰਦ ਬੇਟੇ ਦੀ ਮੌਤ ਤੋਂ ਆਈ ਸੀ?
ਇਨ੍ਹਾਂ ਸਾਰਿਆਂ ਲੋਕਾਂ ਅਤੇ ਲੱਖਾਂ ਹੋਰਨਾਂ ਨੂੰ ਦਿਲਾਸਾ ਅਤੇ ਹੌਸਲਾ ਮਿਲਿਆ। ਅਗਲਾ ਲੇਖ ਪੜ੍ਹ ਕੇ ਦੇਖੋ ਕਿ ਇਹ ਉਨ੍ਹਾਂ ਨੂੰ ਕਿੱਥੋਂ ਮਿਲਿਆ ਅਤੇ ਕਿ ਤੁਹਾਨੂੰ ਵੀ ਇਨ੍ਹਾਂ ਵਾਂਗ ਦਿਲਾਸਾ ਮਿਲ ਸਕਦਾ ਹੈ।
[ਫੁਟਨੋਟ]
^ ਪੈਰਾ 5 ਮਰਨ ਵਾਲੇ ਫ਼ੌਜੀਆਂ ਅਤੇ ਗ਼ੈਰ-ਫ਼ੌਜੀਆਂ ਦੀ ਕੁੱਲ ਗਿਣਤੀ ਪਤਾ ਨਹੀਂ ਹੈ। ਉਦਾਹਰਣ ਵਜੋਂ, 1998 ਦੀ ਅੰਗ੍ਰੇਜ਼ੀ ਦੀ ਕਿਤਾਬ ਅਮਰੀਕੀ ਜੰਗਾਂ ਦੀਆਂ ਅਸਲੀਅਤਾਂ ਵਿਚ ਦੂਸਰੇ ਵਿਸ਼ਵ ਯੁੱਧ ਬਾਰੇ ਲਿਖਿਆ ਹੈ: “ਬਹੁਤੇ ਕਹਿੰਦੇ ਹਨ ਕਿ ਦੂਜੇ ਵਿਸ਼ਵ ਯੁੱਧ ਵਿਚ ਮਰਨ ਵਾਲਿਆਂ (ਫ਼ੌਜੀਆਂ ਅਤੇ ਗ਼ੈਰ-ਫ਼ੌਜੀਆਂ) ਦੀ ਕੁੱਲ ਗਿਣਤੀ 5 ਕਰੋੜ ਹੈ। ਪਰ ਜਿਨ੍ਹਾਂ ਨੇ ਇਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਹੈ ਉਨ੍ਹਾਂ ਦੇ ਅਨੁਸਾਰ ਇਹ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ—ਕਹੋ ਗਿਣਤੀ ਦੁਗਣੀ ਹੈ।”
^ ਪੈਰਾ 6 ਨਾਂ ਬਦਲਿਆ ਗਿਆ ਹੈ।
[ਸਫ਼ੇ 3 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]
UNITED NATIONS/PHOTO BY J. K. ISAAC
UN PHOTO 146150 BY O. MONSEN