Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਇੰਜੀਲਾਂ ਦੇ ਤਿੰਨ ਬਿਰਤਾਂਤ ਦੱਸਦੇ ਹਨ ਕਿ ਯਿਸੂ ਮਹਿੰਗੇ ਅਤਰ ਨਾਲ ਮਸਹ ਕੀਤਾ ਗਿਆ ਸੀ ਅਤੇ ਇਸ ਬਾਰੇ ਸ਼ਿਕਾਇਤ ਕੀਤੀ ਗਈ ਸੀ। ਕੀ ਸਿਰਫ਼ ਯਹੂਦਾ ਨੇ ਹੀ ਸ਼ਿਕਾਇਤ ਕੀਤੀ ਸੀ ਜਾਂ ਦੂਸਰਿਆਂ ਰਸੂਲਾਂ ਨੇ ਵੀ?

ਅਸੀਂ ਮੱਤੀ, ਮਰਕੁਸ, ਅਤੇ ਯੂਹੰਨਾ ਦੀਆਂ ਇੰਜੀਲਾਂ ਵਿਚ ਇਸ ਘਟਨਾ ਬਾਰੇ ਪੜ੍ਹ ਸਕਦੇ ਹਾਂ। ਇਸ ਤਰ੍ਹਾਂ ਲੱਗਦਾ ਹੈ ਕਿ ਪਹਿਲਾਂ ਯਹੂਦਾ ਨੇ ਸ਼ਿਕਾਇਤ ਕੀਤੀ ਸੀ ਅਤੇ ਫਿਰ ਦੂਸਰਿਆਂ ਰਸੂਲਾਂ ਵਿੱਚੋਂ ਵੀ ਕਈ ਉਸ ਨਾਲ ਸਹਿਮਤ ਹੋ ਗਏ। ਇਹ ਘਟਨਾ ਦਿਖਾਉਂਦੀ ਹੈ ਕਿ ਅਸੀਂ ਚਾਰਾਂ ਇੰਜੀਲਾਂ ਲਈ ਸ਼ੁਕਰਗੁਜ਼ਾਰ ਕਿਉਂ ਹੋ ਸਕਦੇ ਹਾਂ। ਹਰੇਕ ਲਿਖਾਰੀ ਨੇ ਜੋ ਕੁਝ ਲਿਖਿਆ ਉਹ ਬਿਲਕੁਲ ਸਹੀ ਸੀ, ਪਰ ਉਨ੍ਹਾਂ ਸਾਰਿਆਂ ਨੇ ਵੱਖੋ-ਵੱਖਰੇ ਪਹਿਲੂਆਂ ਤੋਂ ਗੱਲਾਂ ਦੱਸੀਆਂ ਸਨ। ਇਨ੍ਹਾਂ ਸਾਰਿਆਂ ਬਿਰਤਾਂਤਾਂ ਨੂੰ ਪੜ੍ਹ ਕੇ ਅਸੀਂ ਵੱਖਰੀਆਂ-ਵੱਖਰੀਆਂ ਘਟਨਾਵਾਂ ਬਾਰੇ ਪੂਰੀ ਸਮਝ ਹਾਸਲ ਕਰ ਸਕਦੇ ਹਾਂ।

ਮੱਤੀ 26:6-13 ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਘਟਨਾ ਬੈਤਅਨੀਆ ਵਿਚ ਸ਼ਮਊਨ ਕੋੜ੍ਹੀ ਦੇ ਘਰ ਵਾਪਰੀ ਸੀ। ਪਰ ਇੱਥੇ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਉਹ ਔਰਤ ਕੌਣ ਸੀ ਜਿਸ ਨੇ ਯਿਸੂ ਦੇ ਸਿਰ ਉੱਤੇ ਅਤਰ ਡੋਲ੍ਹਿਆ। ਮੱਤੀ ਨੇ ਕਿਹਾ: “ਚੇਲੇ ਇਹ ਵੇਖ ਕੇ ਖਿਝ ਗਏ।” (ਟੇਢੇ ਟਾਈਪ ਸਾਡੇ।) ਉਨ੍ਹਾਂ ਨੇ ਸ਼ਿਕਾਇਤ ਕੀਤੀ ਕਿ ਇਹ ਅਤਰ ਵੇਚਿਆ ਜਾ ਸਕਦਾ ਸੀ ਅਤੇ ਪੈਸੇ ਗ਼ਰੀਬਾਂ ਨੂੰ ਦਿੱਤੇ ਜਾ ਸਕਦੇ ਸਨ।

ਮਰਕੁਸ ਦੀ ਇੰਜੀਲ ਵਿਚ ਵੀ ਇਹੋ ਗੱਲਾਂ ਦੱਸੀਆਂ ਗਈਆਂ ਹਨ। ਪਰ ਉਸ ਨੇ ਅੱਗੇ ਕਿਹਾ ਕਿ ਤੀਵੀਂ ਨੇ ਸ਼ੀਸ਼ੀ ਨੂੰ ਭੰਨਿਆ ਸੀ। ਸ਼ੀਸ਼ੀ ਵਿਚ “ਖਰਾ ਅਤਰ” ਸੀ, ਜੋ ਸ਼ਾਇਦ ਭਾਰਤ ਤੋਂ ਆਇਆ ਹੋਵੇ। ਮਰਕੁਸ ਦੱਸਦਾ ਹੈ ਕਿ ਇਹ ਦੇਖ ਕੇ ‘ਕਿੰਨੇ ਆਪਣੇ ਮਨ ਵਿੱਚ ਖਿਝੇ’ ਅਤੇ “ਓਹ ਉਸ ਤੀਵੀਂ ਨੂੰ ਝਿੜਕਣ ਲੱਗੇ।” (ਟੇਢੇ ਟਾਈਪ ਸਾਡੇ।) (ਮਰਕੁਸ 14:3-9) ਤਾਂ ਫਿਰ, ਇਹ ਦੋ ਬਿਰਤਾਂਤ ਦਿਖਾਉਂਦੇ ਹਨ ਕਿ ਸ਼ਿਕਾਇਤ ਸਿਰਫ਼ ਇਕ ਰਸੂਲ ਨੇ ਹੀ ਨਹੀਂ ਕੀਤੀ ਸੀ। ਪਰ ਸ਼ਿਕਾਇਤ ਕਰਨੀ ਕਿਸ ਨੇ ਸ਼ੁਰੂ ਕੀਤੀ?

ਯੂਹੰਨਾ ਇਸ ਘਟਨਾ ਦਾ ਚਸ਼ਮਦੀਦ ਗਵਾਹ ਸੀ ਇਸ ਲਈ ਉਸ ਨੇ ਇਸ ਬਾਰੇ ਹੋਰ ਵੀ ਗੱਲਾਂ ਦੱਸੀਆਂ। ਉਸ ਨੇ ਦੱਸਿਆ ਕਿ ਉਹ ਔਰਤ ਮਾਰਥਾ ਅਤੇ ਲਾਜ਼ਰ ਦੀ ਭੈਣ ਮਰਿਯਮ ਸੀ। ਯੂਹੰਨਾ ਨੇ ਇਕ ਹੋਰ ਵੀ ਗੱਲ ਦੱਸੀ ਜੋ ਦੂਸਰਿਆਂ ਨੇ ਨਹੀਂ ਦੱਸੀ ਕਿ “[ਮਰਿਯਮ ਨੇ] ਯਿਸੂ ਦੇ ਚਰਨਾਂ ਨੂੰ ਮਲਿਆ ਅਤੇ ਆਪਣੇ ਵਾਲਾਂ ਨਾਲ ਉਹ ਦੇ ਚਰਨ ਪੂੰਝੇ।” (ਟੇਢੇ ਟਾਈਪ ਸਾਡੇ।) ਉਹ ਇਹ ਵੀ ਕਹਿੰਦਾ ਹੈ ਕਿ ਇਹ “ਖਰਾ ਅਤਰ” ਸੀ। ਇਨ੍ਹਾਂ ਇੰਜੀਲਾਂ ਦੀਆਂ ਸਾਰੀਆਂ ਗੱਲਾਂ ਇਕੱਠੀਆਂ ਕਰ ਕੇ ਸਾਨੂੰ ਪਤਾ ਲੱਗਦਾ ਹੈ ਕਿ ਮਰਿਯਮ ਨੇ ਯਿਸੂ ਦੇ ਸਿਰ ਅਤੇ ਉਸ ਦੇ ਚਰਨਾਂ ਉੱਤੇ ਅਤਰ ਡੋਲ੍ਹਿਆ ਸੀ। ਯਿਸੂ ਨਾਲ ਯੂਹੰਨਾ ਦਾ ਰਿਸ਼ਤਾ ਕਾਫ਼ੀ ਗੂੜ੍ਹਾ ਸੀ ਅਤੇ ਉਹ ਯਿਸੂ ਦੇ ਖ਼ਿਲਾਫ਼ ਕੋਈ ਗੱਲ ਸਹਿ ਨਹੀਂ ਸਕਦਾ ਸੀ। ਅਸੀਂ ਪੜ੍ਹਦੇ ਹਾਂ: “ਉਹ ਦੇ ਚੇਲਿਆਂ ਵਿੱਚੋਂ ਯਹੂਦਾ ਇਸਕਰਿਯੋਤੀ ਨੇ ਜਿਨ ਉਸ ਨੂੰ ਫੜਵਾਉਣਾ ਸੀ ਆਖਿਆ, ਇਹ ਅਤਰ ਡੂਢ ਸੌ ਰੁਪਏ ਨੂੰ ਵੇਚ ਕੇ ਕੰਗਾਲਾਂ ਨੂੰ ਕਿਉਂ ਨਾ ਦਿੱਤਾ ਗਿਆ?”—ਯੂਹੰਨਾ 12:2-8.

ਯਹੂਦਾ “ਚੇਲਿਆਂ ਵਿੱਚੋਂ” ਇਕ ਸੀ। ਇਸ ਲਈ ਯੂਹੰਨਾ ਗੁੱਸੇ ਸੀ ਕਿ ਯਹੂਦਾ ਯਿਸੂ ਦਾ ਇਕ ਚੇਲਾ ਹੋਣ ਦੇ ਬਾਵਜੂਦ ਉਸ ਨਾਲ ਵਿਸ਼ਵਾਸਘਾਤ ਕਰਨ ਦਾ ਇਰਾਦਾ ਰੱਖਦਾ ਸੀ। ਅਨੁਵਾਦਕ ਡਾਕਟਰ ਸੀ. ਹਾਵਡ ਮਥੇਨੀ ਕਹਿੰਦਾ ਹੈ ਕਿ ਇਬਰਾਨੀ ਵਿਆਕਰਣ ਅਨੁਸਾਰ ਯੂਹੰਨਾ 12:4 ਵਿਚ ਚਾਲੂ ਵਰਤਮਾਨ ਕਾਲ ਵਰਤਿਆ ਗਿਆ ਹੈ। ਇਹ ਦਿਖਾਉਂਦਾ ਹੈ ਕਿ ਯਿਸੂ ਨਾਲ ਵਿਸ਼ਵਾਸਘਾਤ ਕਰਨਾ ਅਜਿਹਾ ਕੰਮ ਨਹੀਂ ਸੀ ਜੋ ਯਹੂਦਾ ਨੂੰ ਅਚਾਨਕ ਹੀ ਸੁੱਝਿਆ ਸੀ, ਸਗੋਂ ਉਸ ਨੇ ਇਸ ਬਾਰੇ ਕਾਫ਼ੀ ਦਿਨਾਂ ਤੋਂ ਸੋਚ-ਵਿਚਾਰ ਕੀਤਾ ਸੀ। ਯੂਹੰਨਾ ਨੇ ਇਹ ਵੀ ਦੱਸਿਆ ਕਿ ਯਹੂਦਾ ਨੇ “ਇਹ ਗੱਲ ਇਸ ਕਾਰਨ ਨਹੀਂ ਆਖੀ ਜੋ ਕੰਗਾਲਾਂ ਦੀ ਚਿੰਤਾ ਕਰਦਾ ਸੀ ਪਰ ਇਸ ਕਾਰਨ ਜੋ ਉਹ ਚੋਰ ਸੀ ਅਤੇ ਗੁਥਲੀ ਉਹ ਦੇ ਕੋਲ ਰਹਿੰਦੀ ਸੀ ਅਰ ਜੋ ਕੁਝ ਉਸ ਵਿੱਚ ਪਾਇਆ ਜਾਂਦਾ ਉਹ ਨੂੰ ਲੈ ਜਾਂਦਾ ਸੀ।”

ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਯਹੂਦਾ ਨੇ ਸ਼ਿਕਾਇਤ ਕਿਉਂ ਕੀਤੀ। ਉਹ ਇਕ ਚੋਰ ਸੀ ਅਤੇ ਜੇ ਅਤਰ ਵੇਚਿਆ ਜਾਂਦਾ ਅਤੇ ਪੈਸੇ ਗੁਥਲੀ ਵਿਚ ਪਾਏ ਜਾਂਦੇ, ਤਾਂ ਉਹ ਉਨ੍ਹਾਂ ਨੂੰ ਚੋਰੀ ਕਰ ਸਕਦਾ ਸੀ। ਜਦੋਂ ਯਹੂਦਾ ਨੇ ਇਹ ਸ਼ਿਕਾਇਤ ਕੀਤੀ, ਤਾਂ ਦੂਸਰਿਆਂ ਰਸੂਲਾਂ ਵਿੱਚੋਂ ਕੁਝ ਉਸ ਨਾਲ ਸਹਿਮਤ ਹੋਏ ਕਿਉਂਕਿ ਉਨ੍ਹਾਂ ਨੂੰ ਉਸ ਦੀ ਗੱਲ ਠੀਕ ਲੱਗਦੀ ਸੀ। ਪਰ, ਸਭ ਤੋਂ ਪਹਿਲਾਂ ਯਹੂਦਾ ਨੇ ਹੀ ਸ਼ਿਕਾਇਤ ਕੀਤੀ ਸੀ।