Skip to content

Skip to table of contents

ਹਿੰਸਕ ਲੋਕਾਂ ਬਾਰੇ ਪਰਮੇਸ਼ੁਰ ਦਾ ਵਿਚਾਰ

ਹਿੰਸਕ ਲੋਕਾਂ ਬਾਰੇ ਪਰਮੇਸ਼ੁਰ ਦਾ ਵਿਚਾਰ

ਹਿੰਸਕ ਲੋਕਾਂ ਬਾਰੇ ਪਰਮੇਸ਼ੁਰ ਦਾ ਵਿਚਾਰ

ਬਹੁਤ ਸਮੇਂ ਤੋਂ ਲੋਕਾਂ ਨੇ ਤਕੜੇ ਅਤੇ ਬਹਾਦਰ ਬੰਦਿਆਂ ਦੀ ਤਾਰੀਫ਼ ਅਤੇ ਇੱਜ਼ਤ ਕੀਤੀ ਹੈ। ਪ੍ਰਾਚੀਨ ਯੂਨਾਨ ਦੀਆਂ ਕਹਾਣੀਆਂ ਵਿਚ ਹੇਰਾਕਲੀਜ਼ ਨਾਂ ਦਾ ਅਜਿਹਾ ਇਕ ਸੂਰਮਾ ਸੀ, ਜਿਸ ਨੂੰ ਰੋਮੀ ਲੋਕ ਹਰਕੁਲੀਜ਼ ਸੱਦਦੇ ਸਨ।

ਮਸ਼ਹੂਰ ਹਰਕੁਲੀਜ਼ ਸੂਰਬੀਰਾਂ ਵਿੱਚੋਂ ਸਭ ਤੋਂ ਬਹਾਦਰ ਸੀ। ਲੋਕ-ਕਥਾ ਦੇ ਅਨੁਸਾਰ ਉਹ ਯੂਨਾਨੀ ਦੇਵਤੇ ਜ਼ਿਊਸ ਅਤੇ ਆਲਕਮੀਨੀ ਨਾਂ ਦੀ ਔਰਤ ਦਾ ਦੇਵਤਾ-ਸਰੂਪ ਪੁੱਤਰ ਸੀ। ਉਹ ਹਾਲੇ ਇਕ ਛੋਟਾ ਬੱਚਾ ਹੀ ਸੀ ਜਦੋਂ ਉਸ ਦੀ ਬਹਾਦਰੀ ਸ਼ੁਰੂ ਹੋਈ। ਜਦੋਂ ਇਕ ਈਰਖਾਲੂ ਦੇਵੀ ਨੇ ਉਸ ਨੂੰ ਮਾਰਨ ਵਾਸਤੇ ਦੋ ਵੱਡੇ ਸੱਪ ਭੇਜੇ, ਹਰਕੁਲੀਜ਼ ਨੇ ਉਨ੍ਹਾਂ ਨੂੰ ਮਾਰ ਸੁੱਟਿਆ। ਵੱਡਾ ਹੋ ਕੇ ਉਸ ਨੇ ਲੜਾਈਆਂ ਲੜੀਆਂ, ਵਹਿਸ਼ੀ ਦਰਿੰਦੇ ਮਾਰੇ, ਅਤੇ ਇਕ ਦੋਸਤ ਨੂੰ ਬਚਾਉਣ ਲਈ ਮੌਤ ਦਾ ਸਾਮ੍ਹਣਾ ਕੀਤਾ। ਉਸ ਨੇ ਸ਼ਹਿਰ ਤਬਾਹ ਕੀਤੇ, ਔਰਤਾਂ ਦੀ ਇੱਜ਼ਤ ਲੁੱਟੀ, ਇਕ ਮੁੰਡੇ ਨੂੰ ਬੁਰਜ ਤੋਂ ਸੁੱਟ ਦਿੱਤਾ, ਅਤੇ ਆਪਣੇ ਬੀਵੀ-ਬੱਚਿਆਂ ਦਾ ਕਤਲ ਵੀ ਕੀਤਾ।

ਬਹੁਤ ਚਿਰ ਤੋਂ ਹਰਕੁਲੀਜ਼ ਯੂਨਾਨੀ ਲੋਕਾਂ ਦੇ ਪੁਰਾਣੇ ਦੇਸ਼ਾਂ ਦੀਆਂ ਕਹਾਣੀਆਂ ਵਿਚ ਦਰਸਾਇਆ ਗਿਆ ਸੀ ਭਾਵੇਂ ਕਿ ਇਹ ਇਕ ਅਸਲੀ ਆਦਮੀ ਨਹੀਂ ਸੀ। ਰੋਮੀ ਲੋਕ ਉਸ ਨੂੰ ਦੇਵਤੇ ਵਜੋਂ ਪੂਜਦੇ ਸਨ; ਵਪਾਰੀ ਅਤੇ ਮੁਸਾਫ਼ਰ ਅਮੀਰ ਬਣਨ ਲਈ ਅਤੇ ਖ਼ਤਰੇ ਤੋਂ ਬਚਣ ਲਈ ਉਸ ਨੂੰ ਪ੍ਰਾਰਥਨਾ ਕਰਦੇ ਹੁੰਦੇ ਸਨ। ਹਜ਼ਾਰਾਂ ਸਾਲਾਂ ਤੋਂ ਉਸ ਦੀ ਲੋਕ-ਕਥਾ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ।

ਲੋਕ-ਕਥਾ ਦੀ ਸ਼ੁਰੂਆਤ

ਕੀ ਇਹ ਹੋ ਸਕਦਾ ਹੈ ਕਿ ਹਰਕੁਲੀਜ਼ ਜਾਂ ਦੂਸਰੇ ਸੂਰਬੀਰਾਂ ਦੀਆਂ ਕਹਾਣੀਆਂ ਅਸਲੀ ਗੱਲਾਂ ਉੱਤੇ ਅਧਾਰਿਤ ਹਨ? ਸ਼ਾਇਦ। ਬਾਈਬਲ ਸਾਨੂੰ ਇਤਿਹਾਸ ਦੇ ਅਜਿਹੇ ਸਮੇਂ ਬਾਰੇ ਦੱਸਦੀ ਹੈ ਜਦੋਂ “ਦੇਵਤੇ” ਅਤੇ “ਦੇਵਤੇ-ਸਰੂਪ ਆਦਮੀ” ਸੱਚ-ਮੁੱਚ ਧਰਤੀ ਉੱਤੇ ਹੁੰਦੇ ਸਨ।

ਉਸ ਸਮੇਂ ਬਾਰੇ ਦੱਸਦੇ ਹੋਏ, ਮੂਸਾ ਨੇ ਲਿਖਿਆ: “ਤਾਂ ਐਉਂ ਹੋਇਆ ਜਦ ਆਦਮੀ ਜ਼ਮੀਨ ਉੱਤੇ ਵਧਣ ਲੱਗ ਪਏ ਅਰ ਉਨ੍ਹਾਂ ਤੋਂ ਧੀਆਂ ਜੰਮੀਆਂ। ਤਾਂ ਪਰਮੇਸ਼ੁਰ ਦੇ ਪੁੱਤ੍ਰਾਂ ਨੇ ਆਦਮੀ ਦੀਆਂ ਧੀਆਂ ਨੂੰ ਵੇਖਿਆ ਭਈ ਓਹ ਸੋਹਣੀਆਂ ਹਨ ਤਦ ਉਨ੍ਹਾਂ ਨੇ ਆਪਣੇ ਲਈ ਸਾਰੀਆਂ ਚੁਣੀਆਂ ਹੋਈਆਂ ਵਿੱਚੋਂ ਤੀਵੀਂਆਂ ਕੀਤੀਆਂ।”—ਉਤਪਤ 6:1, 2.

‘ਪਰਮੇਸ਼ੁਰ ਦੇ ਇਹ ਪੁੱਤ੍ਰ’ ਇਨਸਾਨ ਨਹੀਂ ਬਲਕਿ ਦੂਤ ਸਨ। (ਅੱਯੂਬ 1:6; 2:1; 38:4, 7 ਦੀ ਤੁਲਨਾ ਕਰੋ।) ਬਾਈਬਲ ਦਾ ਲਿਖਾਰੀ ਯਹੂਦਾਹ ਦੱਸਦਾ ਹੈ ਕਿ ਕੁਝ ਦੂਤ ‘ਆਪਣੀ ਪਦਵੀ ਵਿੱਚ ਨਾ ਰਹੇ ਸਗੋਂ ਉਨ੍ਹਾਂ ਨੇ ਆਪਣੇ ਅਸਲੀ ਠਿਕਾਣੇ ਨੂੰ ਛੱਡ ਦਿੱਤਾ।’ (ਯਹੂਦਾਹ 6) ਇਸ ਦਾ ਮਤਲਬ ਹੈ ਕਿ ਉਨ੍ਹਾਂ ਨੇ ਪਰਮੇਸ਼ੁਰ ਦੇ ਸਵਰਗੀ ਸੰਗਠਨ ਵਿਚ ਆਪਣੀ ਦਿੱਤੀ ਗਈ ਜਗ੍ਹਾ ਨੂੰ ਛੱਡ ਦਿੱਤਾ ਕਿਉਂਕਿ ਉਹ ਧਰਤੀ ਉੱਤੇ ਸੋਹਣੀਆਂ ਤੀਵੀਆਂ ਨਾਲ ਰਹਿਣਾ ਚਾਹੁੰਦੇ ਸਨ। ਯਹੂਦਾਹ ਅੱਗੇ ਦੱਸਦਾ ਹੈ ਕਿ ਇਹ ਬਾਗ਼ੀ ਦੂਤ ਸਦੂਮ ਅਤੇ ਅਮੂਰਾਹ ਦਿਆਂ ਲੋਕਾਂ ਵਰਗੇ ਸਨ, ਜਿਨ੍ਹਾਂ ਨੇ ‘ਹਰਾਮਕਾਰੀ ਕੀਤੀ ਅਤੇ ਜੋ ਪਰਾਏ ਸਰੀਰ ਦੇ ਮਗਰ ਲੱਗੇ ਸਨ।’—ਯਹੂਦਾਹ 7.

ਬਾਈਬਲ ਇਨ੍ਹਾਂ ਅਣਆਗਿਆਕਾਰ ਦੂਤਾਂ ਦੀਆਂ ਹਰਕਤਾਂ ਬਾਰੇ ਸਾਰੀਆਂ ਗੱਲਾਂ ਨਹੀਂ ਦੱਸਦੀ। ਲੇਕਿਨ, ਯੂਨਾਨ ਅਤੇ ਹੋਰ ਦੇਸ਼ਾਂ ਦੀਆਂ ਲੋਕ-ਕਥਾਵਾਂ ਬਹੁਤ ਸਾਰੇ ਦੇਵੀ-ਦੇਵਤਿਆਂ ਬਾਰੇ ਦੱਸਦੀਆਂ ਹਨ ਜੋ ਇਨਸਾਨਾਂ ਦੇ ਅੰਗ-ਸੰਗ ਰਹਿੰਦੇ ਸਨ। ਕਈ ਨਜ਼ਰ ਆਉਂਦੇ ਸਨ ਤਾਂ ਕਈ ਨਹੀਂ। ਜਦੋਂ ਇਹ ਮਨੁੱਖ ਦਾ ਰੂਪ ਧਾਰਦੇ ਸਨ ਤਾਂ ਬਹੁਤ ਹੀ ਖੂਬਸੂਰਤ ਸਨ। ਇਨਸਾਨਾਂ ਦੀ ਤਰ੍ਹਾਂ ਉਹ ਖਾਂਦੇ, ਪੀਂਦੇ ਅਤੇ ਸੌਂਦੇ ਸਨ, ਨਾਲੇ ਉਹ ਆਪਸ ਵਿਚ ਅਤੇ ਇਨਸਾਨਾਂ ਨਾਲ ਲਿੰਗੀ ਸੰਬੰਧ ਰੱਖਦੇ ਸਨ। ਭਾਵੇਂ ਉਹ ਪਵਿੱਤਰ ਅਤੇ ਅਮਰ ਸਮਝੇ ਜਾਂਦੇ ਸਨ, ਉਹ ਝੂਠ ਬੋਲਦੇ, ਧੋਖਾ ਦਿੰਦੇ, ਲੜਦੇ-ਝਗੜਦੇ, ਭਰਮਾਉਂਦੇ ਅਤੇ ਇਜ਼ੱਤ ਲੁੱਟਦੇ ਸਨ। ਹੋ ਸਕਦਾ ਹੈ ਕਿ ਅਜਿਹੀਆਂ ਪੁਰਾਣੀਆਂ ਕਹਾਣੀਆਂ ਜਲ-ਪਰਲੋ ਤੋਂ ਪਹਿਲਾਂ ਦਿਆਂ ਹਾਲਾਤਾਂ ਤੇ ਆਧਾਰਿਤ ਹੋਣ ਜਿਨ੍ਹਾਂ ਬਾਰੇ ਬਾਈਬਲ ਦੀ ਉਤਪਤ ਦੀ ਕਿਤਾਬ ਵਿਚ ਦੱਸਿਆ ਗਿਆ ਹੈ। ਪਰ ਇਹ ਕਹਾਣੀਆਂ ਬਹੁਤ ਵਧਾ-ਚੜ੍ਹਾ ਕੇ ਦੱਸੀਆਂ ਗਈਆਂ ਹਨ।

ਪੁਰਾਣੇ ਜ਼ਮਾਨੇ ਦੇ ਸੂਰਬੀਰ ਅਤੇ ਨਾਮੀ ਆਦਮੀ

ਸਰੀਰਕ ਰੂਪ ਧਾਰ ਕੇ ਇਨ੍ਹਾਂ ਅਣਆਗਿਆਕਾਰ ਦੂਤਾਂ ਨੇ ਤੀਵੀਆਂ ਨਾਲ ਸੰਗ ਕੀਤਾ ਅਤੇ ਇਨ੍ਹਾਂ ਦੇ ਬੱਚੇ ਪੈਦਾ ਹੋਏ। ਇਹ ਬੱਚੇ ਬਾਕੀਆਂ ਬੱਚਿਆਂ ਵਰਗੇ ਨਹੀਂ ਸਨ। ਇਨ੍ਹਾਂ ਅੱਧੇ ਇਨਸਾਨ ਅਤੇ ਅੱਧੇ ਦੂਤਾਂ ਨੂੰ ਨੈਫ਼ਲਿਮ ਸੱਦਿਆ ਗਿਆ ਸੀ। ਇਸ ਬਾਰੇ ਬਾਈਬਲ ਕਹਿੰਦੀ ਹੈ: “ਉਨ੍ਹੀਂ ਦਿਨੀਂ ਧਰਤੀ ਉੱਤੇ ਦੈਂਤ [ਜਾਂ, ਨੈਫ਼ਲਿਮ] ਸਨ ਅਤੇ ਉਹ ਦੇ ਮਗਰੋਂ ਵੀ ਜਦ ਪਰਮੇਸ਼ੁਰ ਦੇ ਪੁੱਤ੍ਰ ਆਦਮੀ ਦੀਆਂ ਧੀਆਂ ਕੋਲ ਆਏ ਅਰ ਉਨ੍ਹਾਂ ਨੇ ਉਨ੍ਹਾਂ ਲਈ ਪੁੱਤ੍ਰ ਜਣੇ ਤਾਂ ਏਹ ਸੂਰਬੀਰ ਹੋਏ ਜਿਹੜੇ ਮੁੱਢੋਂ ਨਾਮੀ ਸਨ।”—ਉਤਪਤ 6:4.

ਇਬਰਾਨੀ ਭਾਸ਼ਾ ਵਿਚ ਦੈਂਤ ਲਈ ਸ਼ਬਦ “ਨੈਫ਼ਲਿਮ” ਵਰਤਿਆ ਗਿਆ ਹੈ। ਨੈਫ਼ਲਿਮ ਦਾ ਮਤਲਬ ਹੈ “ਢਾਹੁਣ ਵਾਲੇ,” ਉਹ ਜੋ ਦੂਸਰਿਆਂ ਨੂੰ ਢਾਹੁੰਦੇ ਹਨ ਜਾਂ ਜ਼ੁਲਮ ਦੁਆਰਾ ਦੂਸਰਿਆਂ ਨੂੰ ਦੁਖੀ ਕਰਦੇ ਹਨ। ਇਸ ਲਈ, ਇਸ ਵਿਚ ਕੋਈ ਹੈਰਾਨੀ ਨਹੀਂ ਕਿ ਬਾਈਬਲ ਕਹਿੰਦੀ ਹੈ ਕਿ ਉਸ ਸਮੇਂ “ਧਰਤੀ ਜ਼ੁਲਮ ਨਾਲ ਭਰੀ ਹੋਈ ਸੀ।” (ਉਤਪਤ 6:11) ਲੋਕ-ਕਥਾਵਾਂ ਵਿਚ ਹਰਕੁਲੀਜ਼ ਅਤੇ ਬਾਬਲੀ ਸੂਰਮਾ ਗਿਲਗਾਮੇਸ਼ ਵਰਗੇ ਦੇਵਤੇ-ਸਰੂਪ ਆਦਮੀ ਇਨ੍ਹਾਂ ਨੈਫ਼ਲਿਮਾਂ ਨਾਲ ਮਿਲਦੇ-ਜੁਲਦੇ ਹਨ।

ਧਿਆਨ ਦਿਓ ਕਿ ਇਨ੍ਹਾਂ ਦੈਂਤਾਂ ਨੂੰ “ਸੂਰਬੀਰ” ਅਤੇ “ਨਾਮੀ” ਸੱਦਿਆ ਗਿਆ ਸੀ। ਧਰਮੀ ਮਨੁੱਖ ਨੂਹ ਉਨ੍ਹਾਂ ਦੇ ਜ਼ਮਾਨੇ ਵਿਚ ਰਹਿੰਦਾ ਸੀ ਪਰ ਇਹ ਦੈਂਤ ਯਹੋਵਾਹ ਦੀ ਮਹਿਮਾ ਨਹੀਂ ਕਰਨੀ ਚਾਹੁੰਦੇ ਸਨ। ਉਹ ਸਿਰਫ਼ ਆਪਣੀ ਮਹਿਮਾ ਅਤੇ ਵਡਿਆਈ ਚਾਹੁੰਦੇ ਸਨ। ਵੱਡੇ-ਵੱਡੇ ਕੰਮਾਂ ਰਾਹੀਂ, ਅਤੇ ਸ਼ਾਇਦ ਲੜਾਈ-ਝਗੜਾ, ਮਾਰ-ਕੁਟਾਈ ਅਤੇ ਖ਼ੂਨ-ਖ਼ਰਾਬਾ ਕਰਕੇ, ਉਹ ਉਸ ਦੁਸ਼ਟ ਸੰਸਾਰ ਵਿਚ ਮਸ਼ਹੂਰ ਬਣੇ। ਉਹ ਆਪਣੇ ਦਿਨਾਂ ਦੇ ਸੂਰਮੇ ਸਨ ਜਿਨ੍ਹਾਂ ਤੋਂ ਲੋਕ ਡਰਦੇ ਸਨ, ਜਿਨ੍ਹਾਂ ਦੀ ਲੋਕ ਕਦਰ ਕਰਦੇ ਸਨ ਅਤੇ ਜੋ ਅਜਿੱਤ ਲੱਗਦੇ ਸਨ।

ਭਾਵੇਂ ਕਿ ਭ੍ਰਿਸ਼ਟ ਦੂਤ ਅਤੇ ਉਨ੍ਹਾਂ ਦੇ ਦੈਂਤ ਵਰਗੇ ਪੁੱਤਰਾਂ ਨੇ ਉਸ ਸਮੇਂ ਦਿਆਂ ਲੋਕਾਂ ਵਿਚਕਾਰ ਵੱਡਾ ਨਾਂ ਕਮਾਇਆ ਸੀ ਉਹ ਪਰਮੇਸ਼ੁਰ ਦੀ ਨਜ਼ਰ ਵਿਚ ਨਾਮੀ ਨਹੀਂ ਸਨ। ਉਨ੍ਹਾਂ ਦਾ ਜੀਵਨ-ਢੰਗ ਬਹੁਤ ਹੀ ਘਟੀਆ ਸੀ। ਇਸ ਲਈ, ਪਰਮੇਸ਼ੁਰ ਨੇ ਇਨ੍ਹਾਂ ਗਿਰੇ ਹੋਏ ਦੂਤਾਂ ਵਿਰੁੱਧ ਕਾਰਵਾਈ ਕੀਤੀ। ਪਤਰਸ ਰਸੂਲ ਨੇ ਲਿਖਿਆ: “ਪਰਮੇਸ਼ੁਰ ਨੇ ਦੂਤਾਂ ਨੂੰ ਜਿਸ ਵੇਲੇ ਉਨ੍ਹਾਂ ਪਾਪ ਕੀਤਾ ਨਾ ਛੱਡਿਆ ਸਗੋਂ ਓਹਨਾਂ ਨੂੰ ਨਰਕ ਵਿੱਚ ਸੁੱਟ ਕੇ ਅੰਧਕੂਪਾਂ ਵਿੱਚ ਪਾ ਦਿੱਤਾ ਭਈ ਨਿਆਉਂ ਦੇ ਲਈ ਕਾਬੂ ਰਹਿਣ। ਅਤੇ ਨਾ ਪੁਰਾਣੇ ਸੰਸਾਰ ਨੂੰ ਛੱਡਿਆ ਸਗੋਂ ਜਿਸ ਵੇਲੇ ਕੁਧਰਮੀਆਂ ਦੇ ਸੰਸਾਰ ਉੱਤੇ ਪਰਲੋ ਆਂਦੀ ਤਾਂ ਨੂਹ ਨੂੰ ਜਿਹੜਾ ਧਰਮ ਦਾ ਪਰਚਾਰਕ ਸੀ ਸੱਤਾਂ ਹੋਰਨਾਂ ਸਣੇ ਬਚਾ ਲਿਆ।”—2 ਪਤਰਸ 2:4, 5.

ਸੰਸਾਰ ਭਰ ਵਿਚ ਜਦੋਂ ਜਲ-ਪਰਲੋ ਆਈ ਤਾਂ ਇਹ ਬਗਾਵਤ ਕਰਨ ਵਾਲੇ ਦੂਤ ਆਤਮਾ ਦਾ ਰੂਪ ਦੁਬਾਰਾ ਧਾਰ ਕੇ ਅਤੇ ਬਦਨਾਮ ਹੋ ਕੇ ਸਵਰਗ ਨੂੰ ਵਾਪਸ ਚੱਲੇ ਗਏ। ਪਰਮੇਸ਼ੁਰ ਨੇ ਉਨ੍ਹਾਂ ਤੋਂ ਆਦਮੀ ਦਾ ਰੂਪ ਧਾਰਣ ਦੀ ਸ਼ਕਤੀ ਲੈ ਲਈ। ਇਨ੍ਹਾਂ ਅਣਆਗਿਆਕਾਰ ਦੂਤਾਂ ਦੀ ਸੰਤਾਨ ਤਬਾਹ ਹੋ ਗਈ। ਸਿਰਫ਼ ਨੂਹ ਅਤੇ ਉਸ ਦਾ ਛੋਟਾ ਜਿਹਾ ਪਰਿਵਾਰ ਜਲ-ਪਰਲੋ ਤੋਂ ਬਚੇ।

ਅੱਜ-ਕੱਲ੍ਹ ਦੇ ਨਾਮੀ ਬੰਦੇ

ਅੱਜ-ਕੱਲ੍ਹ ਧਰਤੀ ਉੱਤੇ ਦੇਵਤੇ ਅਤੇ ਦੇਵਤੇ-ਸਰੂਪ ਆਦਮੀ ਨਹੀਂ ਹਨ। ਫਿਰ ਵੀ ਜ਼ੁਲਮ ਵਧਦੇ ਜਾਂਦੇ ਹਨ। ਅੱਜ-ਕੱਲ੍ਹ ਦੇ ਨਾਮੀ ਬੰਦਿਆਂ ਦੀ ਵਡਿਆਈ ਕਿਤਾਬਾਂ, ਫਿਲਮਾਂ, ਟੈਲੀਵਿਯਨ, ਅਤੇ ਗਾਣਿਆਂ ਰਾਹੀਂ ਕੀਤੀ ਜਾਂਦੀ ਹੈ। ਉਹ ਆਪਣਿਆਂ ਵੈਰੀਆਂ ਨਾਲ ਨਾ ਹੀ ਕਦੀ ਪਿਆਰ ਕਰਦੇ, ਨਾ ਸ਼ਾਂਤੀ ਭਾਲਦੇ, ਨਾ ਉਨ੍ਹਾਂ ਨੂੰ ਮਾਫ਼ ਕਰਦੇ ਅਤੇ ਨਾ ਹੀ ਹਿੰਸਾ ਤੋਂ ਮੂੰਹ ਮੁੜਦੇ ਹਨ। (ਮੱਤੀ 5:39, 44; ਰੋਮੀਆਂ 12:17; ਅਫ਼ਸੀਆਂ 4:32; 1 ਪਤਰਸ 3:11) ਇਸ ਦੀ ਬਜਾਇ, ਅੱਜ-ਕੱਲ੍ਹ ਦੇ ਸੂਰਬੀਰਾਂ ਨੂੰ ਆਪਣੀ ਤਾਕਤ, ਬਦਲਾ ਲੈਣ ਅਤੇ ਲੜਾਈ ਕਰਨ ਦੀ ਯੋਗਤਾ, ਅਤੇ ਹਿੰਸਾ ਵਿਰੁੱਧ ਜ਼ਿਆਦਾ ਹਿੰਸਕ ਬਣਨ ਲਈ ਵਡਿਆਈ ਮਿਲਦੀ ਹੈ। *

ਅਜਿਹੇ ਲੋਕਾਂ ਬਾਰੇ ਪਰਮੇਸ਼ੁਰ ਦਾ ਵਿਚਾਰ ਨੂਹ ਦਿਆਂ ਦਿਨਾਂ ਤੋਂ ਬਦਲਿਆ ਨਹੀਂ ਹੈ। ਯਹੋਵਾਹ ਹਿੰਸਾ ਦੇ ਪ੍ਰੇਮੀਆਂ ਤੋਂ ਨਾ ਹੀ ਪ੍ਰਸੰਨ ਹੁੰਦਾ ਹੈ ਅਤੇ ਨਾ ਹੀ ਉਨ੍ਹਾਂ ਦੇ ਕੰਮਾਂ ਤੋਂ ਖ਼ੁਸ਼ ਹੁੰਦਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਗਾਇਆ: “ਯਹੋਵਾਹ ਧਰਮੀ ਨੂੰ ਜਾਚਦਾ ਹੈ, ਪਰ ਦੁਸ਼ਟ ਅਰ ਅਨ੍ਹੇਰੇ ਦੇ ਪ੍ਰੇਮੀ ਤੋਂ ਉਹ ਦਾ ਆਤਮਾ ਘਿਣ ਕਰਦਾ ਹੈ।”—ਜ਼ਬੂਰ 11:5.

ਇਕ ਵੱਖਰੀ ਤਰ੍ਹਾਂ ਦੀ ਤਾਕਤ

ਸਭ ਤੋਂ ਮਹਾਨ ਬੰਦਾ ਯਿਸੂ ਮਸੀਹ, ਸ਼ਾਂਤੀ ਦਾ ਬੰਦਾ ਸੀ। ਉਹ ਲੜਾਕੇ ਸੂਰਬੀਰ ਆਦਮੀਆਂ ਤੋਂ ਬਿਲਕੁਲ ਉਲਟ ਸੀ। ਧਰਤੀ ਤੇ ਉਸ ਨੇ “ਜ਼ੁਲਮ ਨਹੀਂ ਕੀਤਾ” ਸੀ। (ਯਸਾਯਾਹ 53:9) ਜਦੋਂ ਗਥਸਮਨੀ ਦੇ ਬਾਗ਼ ਵਿਚ ਯਿਸੂ ਦੇ ਦੁਸ਼ਮਣ ਉਸ ਨੂੰ ਫੜਨ ਆਏ ਸਨ ਤਾਂ ਉਸ ਦੇ ਚੇਲਿਆਂ ਕੋਲ ਤਲਵਾਰਾਂ ਸਨ। (ਲੂਕਾ 22:38, 47-51) ਜੇ ਉਹ ਚਾਹੁੰਦੇ ਤਾਂ ਯਿਸੂ ਨੂੰ ਯਹੂਦੀਆਂ ਤੋਂ ਛੁਡਾਉਣ ਵਾਸਤੇ ਉਹ ਲੜਨ ਲਈ ਇਕੱਠੇ ਹੋ ਸਕਦੇ ਸਨ।—ਯੂਹੰਨਾ 18:36.

ਦਰਅਸਲ, ਯਿਸੂ ਦੀ ਰੱਖਿਆ ਕਰਨ ਲਈ ਪਤਰਸ ਰਸੂਲ ਨੇ ਆਪਣੀ ਤਲਵਾਰ ਕੱਢੀ ਸੀ। ਪਰ, ਯਿਸੂ ਨੇ ਉਸ ਨੂੰ ਕਿਹਾ: “ਆਪਣੀ ਤਲਵਾਰ ਮਿਆਨ ਕਰ ਕਿਉਂਕਿ ਸਭ ਜੋ ਤਲਵਾਰ ਖਿੱਚਦੇ ਹਨ ਤਲਵਾਰ ਨਾਲ ਮਾਰੇ ਜਾਣਗੇ।” (ਮੱਤੀ 26:51, 52) ਜੀ ਹਾਂ, ਇੱਟ ਦਾ ਜਵਾਬ ਪੱਥਰ ਨਾਲ ਦੇਣ ਨਾਲ ਵੈਰ ਵਧਦੇ ਹਨ ਅਤੇ ਇਸ ਦਾ ਸਬੂਤ ਇਨਸਾਨੀ ਇਤਿਹਾਸ ਤੋਂ ਦੇਖਿਆ ਜਾ ਸਕਦਾ ਹੈ। ਹਥਿਆਰਾਂ ਨਾਲ ਆਪਣਾ ਬਚਾਅ ਕਰਨ ਤੋਂ ਇਲਾਵਾ ਯਿਸੂ ਇਕ ਹੋਰ ਤਰੀਕੇ ਵਿਚ ਵੀ ਆਪਣਾ ਬਚਾਅ ਕਰ ਸਕਦਾ ਸੀ। ਉਸ ਨੇ ਪਤਰਸ ਨੂੰ ਅੱਗੇ ਕਿਹਾ: “ਕੀ ਤੂੰ ਇਹ ਸਮਝਦਾ ਹੈਂ ਜੋ ਮੈਂ ਆਪਣੇ ਪਿਤਾ ਕੋਲੋਂ ਬੇਨਤੀ ਨਹੀਂ ਕਰ ਸੱਕਦਾ ਅਤੇ ਉਹ ਹੁਣੇ ਦੂਤਾਂ ਦੀਆਂ ਬਾਰਾਂ ਫੌਜਾਂ ਤੋਂ ਵਧੀਕ ਮੇਰੇ ਕੋਲ ਹਾਜਰ ਨਾ ਕਰੇਗਾ?”—ਮੱਤੀ 26:53.

ਲੜਾਈ ਕਰਨ ਜਾਂ ਦੂਤਾਂ ਤੋਂ ਰੱਖਿਆ ਮੰਗਣ ਦੀ ਬਜਾਇ ਯਿਸੂ ਨੇ ਆਪਣੇ ਆਪ ਨੂੰ ਗਿਰਫ਼ਤਾਰ ਹੋਣ ਦਿੱਤਾ ਅਤੇ ਉਨ੍ਹਾਂ ਲੋਕਾਂ ਨੇ ਉਸ ਨੂੰ ਮਾਰ ਦਿੱਤਾ। ਪਰ, ਉਹ ਲੜਿਆ ਕਿਉਂ ਨਹੀਂ? ਇਕ ਕਾਰਨ ਇਹ ਸੀ ਕਿ ਉਹ ਜਾਣਦਾ ਸੀ ਕਿ ਹਾਲੇ ਉਹ ਸਮਾਂ ਨਹੀਂ ਆਇਆ ਸੀ ਜਦੋਂ ਉਸ ਦਾ ਸਵਰਗੀ ਪਿਤਾ ਧਰਤੀ ਤੋਂ ਦੁਸ਼ਟਤਾ ਨੂੰ ਮਿਟਾਵੇਗਾ। ਮਾਮਲਿਆਂ ਨੂੰ ਆਪਣੇ ਹੱਥ ਵਿਚ ਲੈਣ ਦੀ ਬਜਾਇ ਯਿਸੂ ਨੇ ਯਹੋਵਾਹ ਉੱਤੇ ਭਰੋਸਾ ਰੱਖਿਆ।

ਇਸ ਤਰ੍ਹਾਂ ਕਰ ਕੇ ਯਿਸੂ ਨੇ ਕਮਜ਼ੋਰੀ ਨਹੀਂ ਬਲਕਿ ਵਧੇਰੀ ਅੰਦਰੂਨੀ ਤਾਕਤ ਪ੍ਰਗਟ ਕੀਤੀ। ਯਿਸੂ ਨੇ ਇਸ ਗੱਲ ਵਿਚ ਪੱਕੀ ਨਿਹਚਾ ਦਿਖਾਈ ਕਿ ਯਹੋਵਾਹ ਆਪਣੇ ਵੇਲੇ ਅਤੇ ਆਪਣੇ ਤਰੀਕੇ ਵਿਚ ਸਭ ਕੁਝ ਠੀਕ ਕਰੇਗਾ। ਉਸ ਦੀ ਆਗਿਆਕਾਰਤਾ ਕਾਰਨ ਯਿਸੂ ਨੂੰ ਯਹੋਵਾਹ ਤੋਂ ਦੂਜਾ ਦਰਜਾ ਦਿੱਤਾ ਗਿਆ ਸੀ। ਪੌਲੁਸ ਰਸੂਲ ਨੇ ਯਿਸੂ ਬਾਰੇ ਲਿਖਿਆ ਕਿ ਉਸ ਨੇ “ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤਾਈਂ ਸਗੋਂ ਸਲੀਬ ਦੀ ਮੌਤ ਤਾਈਂ ਆਗਿਆਕਾਰ ਬਣਿਆ। ਇਸ ਕਾਰਨ ਪਰਮੇਸ਼ੁਰ ਨੇ ਵੀ ਉਸ ਨੂੰ ਅੱਤ ਉੱਚਿਆਂ ਕੀਤਾ ਅਤੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਭਨਾਂ ਨਾਮਾਂ ਤੋਂ ਉੱਤਮ ਹੈ। ਭਈ ਯਿਸੂ ਦਾ ਨਾਮ ਲੈ ਕੇ ਅਕਾਸ਼ ਉਤਲਿਆਂ ਅਤੇ ਧਰਤੀ ਉਤਲਿਆਂ ਅਤੇ ਧਰਤੀ ਦੇ ਹੇਠਲਿਆਂ ਵਿੱਚੋਂ ਹਰ ਗੋਡਾ ਨਿਵਾਇਆ ਜਾਵੇ। ਅਤੇ ਹਰ ਜ਼ਬਾਨ ਪਰਮੇਸ਼ੁਰ ਪਿਤਾ ਦੀ ਵਡਿਆਈ ਲਈ ਮੰਨ ਲਵੇ ਜੋ ਯਿਸੂ ਮਸੀਹ ਪ੍ਰਭੁ ਹੈ!”—ਫ਼ਿਲਿੱਪੀਆਂ 2:8-11.

ਹਿੰਸਾ ਮਿਟਾਉਣ ਦਾ ਪਰਮੇਸ਼ੁਰ ਦਾ ਵਾਅਦਾ

ਸੱਚੇ ਮਸੀਹੀ ਆਪਣੀ ਜ਼ਿੰਦਗੀ ਯਿਸੂ ਦੀ ਮਿਸਾਲ ਅਤੇ ਉਸ ਦੀਆਂ ਸਿੱਖਿਆਵਾਂ ਅਨੁਸਾਰ ਜੀਉਂਦੇ ਹਨ। ਉਹ ਨਾਮੀ ਅਤੇ ਲੜਾਕੇ ਲੋਕਾਂ ਦੀ ਨਾ ਤਾਰੀਫ਼ ਕਰਦੇ ਹਨ ਅਤੇ ਨਾ ਹੀ ਉਨ੍ਹਾਂ ਦੀ ਰੀਸ ਕਰਦੇ ਹਨ। ਉਹ ਜਾਣਦੇ ਹਨ ਕਿ ਪਰਮੇਸ਼ੁਰ ਵੇਲੇ ਸਿਰ ਇਨ੍ਹਾਂ ਸਾਰਿਆਂ ਨੂੰ ਹਮੇਸ਼ਾ-ਹਮੇਸ਼ਾ ਲਈ ਖ਼ਤਮ ਕਰ ਦੇਵੇਗਾ, ਬਿਲਕੁਲ ਉਸ ਹੀ ਤਰ੍ਹਾਂ ਜਿਵੇਂ ਉਸ ਨੇ ਨੂਹ ਦੇ ਜ਼ਮਾਨੇ ਦੇ ਦੁਸ਼ਟ ਲੋਕਾਂ ਨੂੰ ਕੀਤਾ ਸੀ।

ਪਰਮੇਸ਼ੁਰ ਨੇ ਧਰਤੀ ਅਤੇ ਮਨੁੱਖਜਾਤੀ ਨੂੰ ਰਚਿਆ ਹੈ। ਰਾਜ ਕਰਨ ਦਾ ਹੱਕ ਸਿਰਫ਼ ਉਸ ਦਾ ਹੈ। (ਪਰਕਾਸ਼ ਦੀ ਪੋਥੀ 4:11) ਜੇਕਰ ਇਕ ਮਨੁੱਖੀ ਜੱਜ ਨੂੰ ਕਾਨੂੰਨੀ ਤੌਰ ਤੇ ਫ਼ੈਸਲੇ ਕਰਨ ਦਾ ਹੱਕ ਹੁੰਦਾ ਹੈ ਤਾਂ ਪਰਮੇਸ਼ੁਰ ਕੋਲ ਇਸ ਨਾਲੋਂ ਵੀ ਜ਼ਿਆਦਾ ਅਧਿਕਾਰ ਅਤੇ ਹੱਕ ਹੈ। ਯਹੋਵਾਹ ਆਪਣੇ ਧਰਮੀ ਸਿਧਾਂਤਾਂ ਲਈ ਕਦਰ ਦਿਖਾਵੇਗਾ। ਉਸ ਨਾਲ ਪ੍ਰੇਮ ਕਰਨ ਵਾਲਿਆਂ ਵਾਸਤੇ ਉਹ ਸਾਰੀ ਦੁਸ਼ਟਤਾ ਨੂੰ ਅਤੇ ਉਸ ਵਿਚ ਹਿੱਸਾ ਲੈਣ ਵਾਲਿਆਂ ਨੂੰ ਖ਼ਤਮ ਕਰੇਗਾ।—ਮੱਤੀ 13:41, 42; ਲੂਕਾ 17:26-30.

ਇਸ ਦੇ ਨਤੀਜੇ ਵਜੋਂ ਧਰਤੀ ਉੱਤੇ ਸਦਾ ਲਈ ਸ਼ਾਂਤੀ ਹੋਵੇਗੀ, ਅਜਿਹੀ ਸ਼ਾਂਤੀ ਜੋ ਇਨਸਾਫ਼ ਅਤੇ ਸਚਿਆਈ ਉੱਤੇ ਕਾਇਮ ਹੋਵੇਗੀ। ਯਿਸੂ ਮਸੀਹ ਬਾਰੇ ਇਕ ਜਾਣੀ-ਪਛਾਣੀ ਭਵਿੱਖਬਾਣੀ ਵਿਚ ਸਾਨੂੰ ਇਹ ਦੱਸਿਆ ਗਿਆ ਹੈ: “ਸਾਡੇ ਲਈ ਤਾਂ ਇੱਕ ਬਾਲਕ ਜੰਮਿਆ, ਅਤੇ ਸਾਨੂੰ ਇੱਕ ਪੁੱਤ੍ਰ ਬਖ਼ਸ਼ਿਆ ਗਿਆ, ਰਾਜ ਉਹ ਦੇ ਮੋਢੇ ਉੱਤੇ ਹੋਵੇਗਾ, ਅਤੇ ਉਹ ਦਾ ਨਾਮ ਇਉਂ ਸੱਦਿਆ ਜਾਵੇਗਾ, ‘ਅਚਰਜ ਸਲਾਹੂ, ਸ਼ਕਤੀਮਾਨ ਪਰਮੇਸ਼ੁਰ, ਅਨਾਦੀ ਪਿਤਾ, ਸ਼ਾਂਤੀ ਦਾ ਰਾਜ ਕੁਮਾਰ’। ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ, ਦਾਊਦ ਦੀ ਰਾਜ-ਗੱਦੀ ਉੱਤੇ, ਅਤੇ ਉਹ ਦੀ ਪਾਤਸ਼ਾਹੀ ਉੱਤੇ, ਭਈ ਉਹ ਉਸ ਨੂੰ ਕਾਇਮ ਕਰੇ, ਅਤੇ ਨਿਆਉਂ ਤੇ ਧਰਮ ਨਾਲ ਉਸ ਨੂੰ ਹੁਣ ਤੋਂ ਜੁੱਗੋ ਜੁੱਗ ਸੰਭਾਲੇ। ਸੈਨਾਂ ਦੇ ਯਹੋਵਾਹ ਦੀ ਅਣਖ ਏਹ ਕਰੇਗੀ।”—ਯਸਾਯਾਹ 9:6, 7.

ਤਾਂ ਫਿਰ, ਚੰਗਾ ਹੈ ਜੇ ਮਸੀਹੀ ਪਰਮੇਸ਼ੁਰ ਵੱਲੋਂ ਦਿੱਤੀ ਗਈ ਇਸ ਸਲਾਹ ਵੱਲ ਧਿਆਨ ਦੇਣ: “ਜ਼ਾਲਮ ਦੀ ਰੀਸ ਨਾ ਕਰ, ਨਾ ਉਹ ਦੀਆਂ ਸਾਰੀਆਂ ਗੱਲਾਂ ਵਿੱਚੋਂ ਕੋਈ ਚੁਣ, ਕਿਉਂ ਜੋ ਕੱਬੇ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰ ਸਚਿਆਰਾਂ ਨਾਲ ਉਹ ਦੀ ਦੋਸਤੀ ਹੈ।”—ਕਹਾਉਤਾਂ 3:31, 32.

[ਫੁਟਨੋਟ]

^ ਪੈਰਾ 17 ਕਈ ਵਿਡਿਓ-ਗੇਮਾਂ ਅਤੇ ਸਾਇੰਸ-ਫਿਕਸ਼ਨ ਫਿਲਮਾਂ ਲੜਾਕੇ ਲੋਕਾਂ ਬਾਰੇ ਹਨ ਜੋ ਅਕਸਰ ਭੈੜੇ ਤੋਂ ਭੈੜੇ ਗੁਣਾਂ ਨੂੰ ਪ੍ਰਗਟ ਕਰਦੇ ਹਨ।

[ਸਫ਼ੇ 29 ਉੱਤੇ ਸੁਰਖੀ]

ਅੱਜ-ਕੱਲ੍ਹ ਸੂਰਬੀਰਾਂ ਨੂੰ ਆਪਣੀ ਤਾਕਤ ਲਈ ਅਤੇ ਹਿੰਸਾ ਵਿਰੁੱਧ ਜ਼ਿਆਦਾ ਹਿੰਸਕ ਬਣਨ ਦੀ ਆਪਣੀ ਯੋਗਤਾ ਲਈ ਵਡਿਆਈ ਮਿਲਦੀ ਹੈ

[ਸਫ਼ੇ 26 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Alinari/Art Resource, NY