Skip to content

Skip to table of contents

ਆਤਮਾ ਦੀ ਤਲਵਾਰ ਨਾਲ ਭ੍ਰਿਸ਼ਟਾਚਾਰ ਦਾ ਖ਼ਾਤਮਾ

ਆਤਮਾ ਦੀ ਤਲਵਾਰ ਨਾਲ ਭ੍ਰਿਸ਼ਟਾਚਾਰ ਦਾ ਖ਼ਾਤਮਾ

ਆਤਮਾ ਦੀ ਤਲਵਾਰ ਨਾਲ ਭ੍ਰਿਸ਼ਟਾਚਾਰ ਦਾ ਖ਼ਾਤਮਾ

“ਨਵੀਂ ਇਨਸਾਨੀਅਤ ਨੂੰ ਪਹਿਨ ਲਓ ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ।”—ਅਫ਼ਸੀਆਂ 4:24.

ਜਦੋਂ ਰੋਮੀ ਸਾਮਰਾਜ ਆਪਣੀਆਂ ਬੁਲੰਦੀਆਂ ਤੇ ਸੀ, ਤਾਂ ਉਹ ਦੁਨੀਆਂ ਦੀ ਸਭ ਤੋਂ ਵੱਡੀ ਇਨਸਾਨੀ ਹਕੂਮਤ ਸੀ। ਰੋਮੀ ਕਾਨੂੰਨ ਇੰਨਾ ਜ਼ਿਆਦਾ ਅਸਰਦਾਰ ਸੀ ਕਿ ਇਹ ਅਜੇ ਵੀ ਕਈ ਦੇਸ਼ਾਂ ਦੀ ਕਾਨੂੰਨੀ ਨਿਯਮਾਵਲੀ ਦਾ ਆਧਾਰ ਹੈ। ਪਰ ਆਪਣੀਆਂ ਕਾਮਯਾਬੀਆਂ ਦੇ ਬਾਵਜੂਦ, ਰੋਮੀ ਸਾਮਰਾਜ ਦੀ ਸੈਨਾ ਇਕ ਦਗੇਬਾਜ਼ ਦੁਸ਼ਮਣ, ਭ੍ਰਿਸ਼ਟਾਚਾਰ ਨੂੰ ਜਿੱਤ ਨਾ ਸਕੀ। ਅਖ਼ੀਰ ਵਿਚ ਭ੍ਰਿਸ਼ਟਾਚਾਰ ਕਰਕੇ ਹੀ ਰੋਮੀ ਸਾਮਰਾਜ ਦਾ ਜਲਦੀ ਪਤਨ ਹੋ ਗਿਆ।

ਪੌਲੁਸ ਰਸੂਲ ਨੇ ਬੇਈਮਾਨ ਰੋਮੀ ਅਧਿਕਾਰੀਆਂ ਦੇ ਹੱਥੋਂ ਕਾਫ਼ੀ ਦੁੱਖ ਸਹਿਆ। ਰੋਮੀ ਅਧਿਕਾਰੀ ਫ਼ੇਲਿਕਸ, ਜਿਸ ਨੇ ਪੌਲੁਸ ਤੋਂ ਪੁੱਛ-ਗਿੱਛ ਕੀਤੀ ਸੀ, ਨੂੰ ਯਕੀਨਨ ਪੌਲੁਸ ਦੀ ਬੇਗੁਨਾਹੀ ਦਾ ਪਤਾ ਸੀ। ਪਰ ਫ਼ੇਲਿਕਸ ਉਸ ਸਮੇਂ ਦਾ ਸਭ ਤੋਂ ਬੇਈਮਾਨ ਅਧਿਕਾਰੀ ਸੀ। ਇਸ ਲਈ, ਉਸ ਨੇ ਪੌਲੁਸ ਦੇ ਮੁਕੱਦਮੇ ਨੂੰ ਇਸ ਕਰਕੇ ਲਮਕਾਈ ਰੱਖਿਆ ਕਿ ਸ਼ਾਇਦ ਪੌਲੁਸ ਰਿਹਾ ਹੋਣ ਲਈ ਉਸ ਨੂੰ ਰਿਸ਼ਵਤ ਦੇਵੇਗਾ।—ਰਸੂਲਾਂ ਦੇ ਕਰਤੱਬ 24:22-26.

ਫ਼ੇਲਿਕਸ ਨੂੰ ਰਿਸ਼ਵਤ ਦੇਣ ਦੀ ਬਜਾਇ, ਪੌਲੁਸ ਨੇ ਨਿਡਰ ਹੋ ਕੇ ਉਸ ਨੂੰ “ਧਰਮ ਅਤੇ ਸੰਜਮ” ਬਾਰੇ ਦੱਸਿਆ। ਪਰ ਫ਼ੇਲਿਕਸ ਆਪਣੇ ਕੰਮਾਂ ਤੋਂ ਹਟਿਆ ਨਹੀਂ ਅਤੇ ਪੌਲੁਸ ਨੇ ਵੀ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਰਿਸ਼ਵਤ ਨਹੀਂ ਦਿੱਤੀ ਸਗੋਂ ਕੈਦ ਵਿਚ ਹੀ ਰਿਹਾ। ਉਸ ਨੇ ਸੱਚਾਈ ਤੇ ਈਮਾਨਦਾਰੀ ਦਾ ਸੰਦੇਸ਼ ਸੁਣਾਇਆ ਅਤੇ ਇਸੇ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕੀਤੀ। ਉਸ ਨੇ ਯਹੂਦੀ ਮਸੀਹੀਆਂ ਨੂੰ ਲਿਖਿਆ: “ਸਾਨੂੰ ਨਿਹਚਾ ਹੈ ਭਈ ਸਾਡਾ ਅੰਤਹਕਰਨ ਸ਼ੁੱਧ ਹੈ ਅਤੇ ਅਸੀਂ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੁੰਦੇ ਹਾਂ।”—ਇਬਰਾਨੀਆਂ 13:18.

ਇਸ ਤਰ੍ਹਾਂ ਦੀ ਈਮਾਨਦਾਰੀ ਉਸ ਸਮੇਂ ਦੀਆਂ ਨੈਤਿਕ ਕਦਰਾਂ-ਕੀਮਤਾਂ ਤੋਂ ਬਿਲਕੁਲ ਉਲਟ ਸੀ। ਫ਼ੇਲਿਕਸ ਦਾ ਭਰਾ ਪਲਾਸ ਉਸ ਸਮੇਂ ਦਾ ਸਭ ਤੋਂ ਅਮੀਰ ਆਦਮੀ ਸੀ। ਉਸ ਕੋਲ ਕੁੱਲ ਮਿਲਾ ਕੇ 193 ਕਰੋੜ 5 ਲੱਖ ਰੁਪਏ ਦੀ ਧਨ-ਦੌਲਤ ਸੀ ਜਿਸ ਵਿੱਚੋਂ ਜ਼ਿਆਦਾਤਰ ਪੈਸੇ ਉਸ ਨੇ ਰਿਸ਼ਵਤਖ਼ੋਰੀ ਤੇ ਗ਼ੈਰ-ਕਾਨੂੰਨੀ ਕੰਮਾਂ ਤੋਂ ਇਕੱਠੇ ਕੀਤੇ ਸਨ। ਪਰ ਉਸ ਦੀ ਧਨ-ਦੌਲਤ 20ਵੀਂ ਸਦੀ ਦੇ ਕਈ ਬੇਈਮਾਨ ਹਾਕਮਾਂ ਦੁਆਰਾ ਗੁਪਤ ਬੈਂਕ ਅਕਾਊਂਟਾਂ ਵਿਚ ਜਮ੍ਹਾ ਕੀਤੇ ਗਏ ਅਰਬਾਂ-ਖਰਬਾਂ ਰੁਪਇਆ ਦੀ ਤੁਲਨਾ ਵਿਚ ਕੁਝ ਵੀ ਨਹੀਂ। ਜੇ ਦੇਖਿਆ ਜਾਵੇ, ਤਾਂ ਸਿਰਫ਼ ਭੋਲੇ-ਭਾਲੇ ਲੋਕ ਹੀ ਵਿਸ਼ਵਾਸ ਕਰਨਗੇ ਕਿ ਅੱਜ ਸਰਕਾਰਾਂ ਨੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਾਈ ਜਿੱਤ ਲਈ ਹੈ।

ਜਦ ਕਿ ਭ੍ਰਿਸ਼ਟਾਚਾਰ ਇੰਨੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ, ਤਾਂ ਕੀ ਸਾਨੂੰ ਇਹ ਮੰਨ ਲੈਣਾ ਪਵੇਗਾ ਕਿ ਇਹ ਮਨੁੱਖੀ ਸੁਭਾਅ ਦਾ ਇਕ ਹਿੱਸਾ ਹੀ ਹੈ? ਜਾਂ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕੁਝ ਕੀਤਾ ਜਾ ਸਕਦਾ ਹੈ?

ਭ੍ਰਿਸ਼ਟਾਚਾਰ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?

ਭ੍ਰਿਸ਼ਟਾਚਾਰ ਨੂੰ ਰੋਕਣ ਦਾ ਪਹਿਲਾ ਕਦਮ ਇਹ ਪਛਾਣਨਾ ਹੈ ਕਿ ਭ੍ਰਿਸ਼ਟਾਚਾਰ ਗ਼ਲਤ ਅਤੇ ਤਬਾਹਕੁੰਨ ਹੈ, ਕਿਉਂਕਿ ਇਹ ਬੇਈਮਾਨ ਲੋਕਾਂ ਨੂੰ ਫ਼ਾਇਦਾ ਪਹੁੰਚਾ ਕੇ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਬੇਸ਼ੱਕ ਇਸ ਮਾਮਲੇ ਵਿਚ ਕੁਝ ਹੱਦ ਤਕ ਤਰੱਕੀ ਕੀਤੀ ਗਈ ਹੈ। ਅਮਰੀਕਾ ਦੇ ਡਿਪਟੀ ਸੈਕਟਰੀ ਆਫ਼ ਸਟੇਟ, ਜੇਮਜ਼ ਫੋਲੀ ਨੇ ਕਿਹਾ: “ਅਸੀਂ ਸਾਰੇ ਜਾਣਦੇ ਹਾਂ ਕਿ ਇਕ ਨਾ ਇਕ ਦਿਨ ਰਿਸ਼ਵਤਖ਼ੋਰੀ ਦੀ ਵੱਡੀ ਕੀਮਤ ਚੁਕਾਉਣੀ ਹੀ ਪੈਂਦੀ ਹੈ। ਰਿਸ਼ਵਤਖ਼ੋਰੀ ਨਾਲ ਚੰਗੀ ਹਕੂਮਤ ਦੀਆਂ ਜੜ੍ਹਾਂ ਖੋਖਲੀਆਂ ਹੋ ਜਾਂਦੀਆਂ ਹਨ। ਅਰਥ-ਵਿਵਸਥਾ ਦਾ ਪ੍ਰਬੰਧ ਤੇ ਵਿਕਾਸ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ ਅਤੇ ਵਪਾਰ ਨੂੰ ਤੇ ਪੂਰੀ ਦੁਨੀਆਂ ਦੇ ਨਾਗਰਿਕਾਂ ਨੂੰ ਗੰਭੀਰ ਨੁਕਸਾਨ ਪਹੁੰਚਦਾ ਹੈ।” ਬਹੁਤ ਸਾਰੇ ਲੋਕ ਉਸ ਦੀ ਇਸ ਗੱਲ ਨਾਲ ਸਹਿਮਤ ਹੋਣਗੇ। 17 ਦਸੰਬਰ 1997 ਨੂੰ 34 ਵੱਡੇ ਦੇਸ਼ਾਂ ਨੇ ਮਿਲ ਕੇ ਇਕ “ਰਿਸ਼ਵਤਖ਼ੋਰੀ ਇਕਰਾਰਨਾਮੇ” ਤੇ ਦਸਤਖਤ ਕੀਤੇ। ਇਹ ਇਕਰਾਰਨਾਮਾ “ਦੁਨੀਆਂ ਭਰ ਵਿਚ ਲੋਕਾਂ ਨੂੰ ਭ੍ਰਿਸ਼ਟਾਚਾਰ ਵਿਰੁੱਧ ਲੜਨ ਲਈ ਹੱਲਾ-ਸ਼ੇਰੀ ਦੇਣ ਲਈ” ਤਿਆਰ ਕੀਤਾ ਗਿਆ ਹੈ। ਇਸ ਇਕਰਾਰਨਾਮੇ ਮੁਤਾਬਕ, “ਅੰਤਰਰਾਸ਼ਟਰੀ ਵਪਾਰ ਕਰਨ ਅਤੇ ਇਸ ਨੂੰ ਬਰਕਰਾਰ ਰੱਖਣ ਲਈ ਕਿਸੇ ਵੀ ਵਿਦੇਸ਼ੀ ਸਰਕਾਰੀ ਅਫ਼ਸਰ ਨੂੰ ਰਿਸ਼ਵਤ ਦੇਣ ਦੀ ਪੇਸ਼ਕਸ਼ ਕਰਨ ਦਾ ਵਾਅਦਾ ਕਰਨਾ ਜਾਂ ਰਿਸ਼ਵਤ ਦੇਣਾ ਇਕ ਜੁਰਮ ਹੈ।”

ਪਰ ਦੂਸਰੇ ਦੇਸ਼ਾਂ ਵਿਚ ਵਪਾਰਕ ਕਾਨਟ੍ਰੈਕਟ ਹਥਿਆਉਣ ਲਈ ਰਿਸ਼ਵਤ ਦੇਣਾ ਤਾਂ ਭ੍ਰਿਸ਼ਟਾਚਾਰ ਦਾ ਸਿਰਫ਼ ਇਕ ਛੋਟਾ ਜਿਹਾ ਹਿੱਸਾ ਹੀ ਹੈ। ਭ੍ਰਿਸ਼ਟਾਚਾਰ ਨੂੰ ਵਿਸ਼ਵ-ਵਿਆਪੀ ਪੱਧਰ ਤੇ ਖ਼ਤਮ ਕਰਨ ਲਈ ਇਕ ਦੂਜਾ ਕਦਮ ਚੁੱਕਣ ਦੀ ਲੋੜ ਹੈ ਜੋ ਕਿ ਸਭ ਤੋਂ ਔਖਾ ਕੰਮ ਹੈ। ਇਹ ਕਦਮ ਹੈ: ਲੋਕਾਂ ਦੇ ਦਿਲਾਂ ਨੂੰ ਬਦਲਣਾ। ਸਾਰੇ ਲੋਕਾਂ ਨੂੰ ਰਿਸ਼ਵਤਖ਼ੋਰੀ ਅਤੇ ਭ੍ਰਿਸ਼ਟਾਚਾਰ ਤੋਂ ਨਫ਼ਰਤ ਕਰਨੀ ਸਿੱਖਣੀ ਪੈਣੀ ਹੈ। ਸਿਰਫ਼ ਉਦੋਂ ਹੀ ਭ੍ਰਿਸ਼ਟਾਚਾਰ ਦਾ ਖ਼ਾਤਮਾ ਹੋਵੇਗਾ। ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ, ਨਿਊਜ਼ਵੀਕ ਰਸਾਲਾ ਕਹਿੰਦਾ ਹੈ ਕਿ ਕੁਝ ਲੋਕ ਮਹਿਸੂਸ ਕਰਦੇ ਹਨ ਕਿ ਸਰਕਾਰਾਂ ਨੂੰ “ਸਾਰੇ ਲੋਕਾਂ ਵਿਚ ਈਮਾਨਦਾਰੀ ਦੀ ਭਾਵਨਾ ਪੈਦਾ ਕਰਨੀ” ਚਾਹੀਦੀ ਹੈ। ਸਰਕਾਰੀ ਅਫ਼ਸਰਾਂ ਵਿਚ ਭ੍ਰਿਸ਼ਟਾਚਾਰ ਨੂੰ ਘਟਾਉਣ ਲਈ ਬਣਾਇਆ ਗਿਆ ਇਕ ਗਰੁੱਪ, ਟ੍ਰਾਂਸਪਰੈਨਸੀ ਇੰਟਰਨੈਸ਼ਨਲ ਆਪਣੇ ਹਿਮਾਇਤੀਆਂ ਨੂੰ ਸਲਾਹ ਦਿੰਦਾ ਹੈ ਕਿ ਉਹ ਆਪਣੀ ਨੌਕਰੀ ਦੀ ਥਾਂ ਤੇ “ਈਮਾਨਦਾਰੀ ਦੇ ਬੀ ਬੀਜਣ।”

ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਾਈ ਇਕ ਨੈਤਿਕ ਲੜਾਈ ਹੈ ਜੋ ਇਕੱਲੇ ਕਾਨੂੰਨ ਬਣਾਉਣ ਨਾਲ ਅਤੇ ਕਾਨੂੰਨ ਦੀ “ਤਲਵਾਰ” ਨਾਲ ਸਜ਼ਾ ਦੇਣ ਤੇ ਨਹੀਂ ਜਿੱਤੀ ਜਾ ਸਕਦੀ। (ਰੋਮੀਆਂ 13:4, 5) ਲੋਕਾਂ ਦੇ ਦਿਲਾਂ ਵਿਚ ਨੇਕੀ ਅਤੇ ਈਮਾਨਦਾਰੀ ਦੇ ਬੀ ਬੀਜਣ ਦੀ ਲੋੜ ਹੈ। ਇਹ ਪੌਲੁਸ ਰਸੂਲ ਦੁਆਰਾ ਦੱਸੀ ਗਈ “ਆਤਮਾ ਦੀ ਤਲਵਾਰ,” ਯਾਨੀ ਪਰਮੇਸ਼ੁਰ ਦੇ ਬਚਨ ਬਾਈਬਲ ਨੂੰ ਵਰਤ ਕੇ ਕੀਤਾ ਜਾ ਸਕਦਾ ਹੈ।—ਅਫ਼ਸੀਆਂ 6:17.

ਬਾਈਬਲ ਭ੍ਰਿਸ਼ਟਾਚਾਰ ਦੀ ਨਿੰਦਾ ਕਰਦੀ ਹੈ

ਪੌਲੁਸ ਨੇ ਰਿਸ਼ਵਤ ਦੇਣ ਤੋਂ ਕਿਉਂ ਇਨਕਾਰ ਕੀਤਾ? ਕਿਉਂਕਿ ਉਹ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਚਾਹੁੰਦਾ ਸੀ, “ਜਿਹੜਾ ਕਿਸੇ ਦਾ ਪੱਖ ਨਹੀਂ ਕਰਦਾ, ਨਾ ਕਿਸੇ ਤੋਂ ਵੱਢੀ ਲੈਂਦਾ ਹੈ।” (ਬਿਵਸਥਾ ਸਾਰ 10:17) ਇਸ ਤੋਂ ਇਲਾਵਾ, ਯਕੀਨਨ ਪੌਲੁਸ ਨੂੰ ਮੂਸਾ ਦੀ ਬਿਵਸਥਾ ਵਿਚ ਪਾਈ ਜਾਂਦੀ ਇਹ ਖ਼ਾਸ ਹਿਦਾਇਤ ਯਾਦ ਸੀ: “ਤੁਸੀਂ ਕਿਸੇ ਦਾ ਪੱਖਪਾਤ ਨਾ ਕਰੋ। ਤੁਸੀਂ ਵੱਢੀ ਨਾ ਖਾਓ ਕਿਉਂ ਜੋ ਵੱਢੀ ਸਿਆਣਿਆਂ ਦੀਆਂ ਅੱਖਾਂ ਨੂੰ ਅੰਨ੍ਹਾ ਕਰ ਦਿੰਦੀ ਹੈ ਅਤੇ ਧਰਮੀਆਂ ਦੀਆਂ ਗੱਲਾਂ ਉਲੱਦ ਦਿੰਦੀ ਹੈ।” (ਬਿਵਸਥਾ ਸਾਰ 16:19) ਇਸੇ ਤਰ੍ਹਾਂ, ਰਾਜਾ ਦਾਊਦ ਨੂੰ ਵੀ ਪਤਾ ਸੀ ਕਿ ਯਹੋਵਾਹ ਭ੍ਰਿਸ਼ਟਾਚਾਰ ਤੋਂ ਨਫ਼ਰਤ ਕਰਦਾ ਹੈ। ਇਸ ਲਈ ਉਸ ਨੇ ਪ੍ਰਾਰਥਨਾ ਕੀਤੀ ਕਿ ਪਰਮੇਸ਼ੁਰ ਉਸ ਨੂੰ ਉਨ੍ਹਾਂ ਪਾਪੀਆਂ ਵਿਚ ਨਾ ਗਿਣੇ, “ਜਿਨ੍ਹਾਂ ਦਾ ਸੱਜਾ ਹੱਥ ਵੱਢੀਆਂ ਨਾਲ ਭਰਿਆ ਹੋਇਆ ਹੈ।”—ਜ਼ਬੂਰ 26:10.

ਜੋ ਸੱਚੇ ਦਿਲੋਂ ਪਰਮੇਸ਼ੁਰ ਦੀ ਉਪਾਸਨਾ ਕਰਦੇ ਹਨ ਉਨ੍ਹਾਂ ਕੋਲ ਬੇਈਮਾਨੀ ਨਾ ਕਰਨ ਦੇ ਹੋਰ ਬਹੁਤ ਸਾਰੇ ਕਾਰਨ ਹਨ। ਸੁਲੇਮਾਨ ਨੇ ਲਿਖਿਆ: “ਨਿਆਉਂ ਨਾਲ ਪਾਤਸ਼ਾਹ ਦੇਸ ਨੂੰ ਦ੍ਰਿੜ੍ਹ ਕਰਦਾ ਹੈ, ਪਰ ਕਰ ਦਾ ਲੋਭੀ ਉਹ ਨੂੰ ਉਲਟਾ ਦਿੰਦਾ ਹੈ।” (ਕਹਾਉਤਾਂ 29:4) ਜੇ ਵੱਡੇ ਅਫ਼ਸਰ ਤੋਂ ਲੈ ਕੇ ਛੋਟੇ ਅਫ਼ਸਰ ਤਕ ਸਾਰੇ ਹੀ ਈਮਾਨਦਾਰੀ ਨਾਲ ਕੰਮ ਕਰਨ, ਤਾਂ ਦੇਸ਼ ਮਜ਼ਬੂਤ ਹੋਵੇਗਾ ਜਦ ਕਿ ਭ੍ਰਿਸ਼ਟਾਚਾਰ ਨਾਲ ਦੇਸ਼ ਕੰਗਾਲ ਹੋ ਜਾਂਦਾ ਹੈ। ਦਿਲਚਸਪੀ ਦੀ ਗੱਲ ਹੈ ਕਿ ਨਿਊਜ਼ਵੀਕ ਰਸਾਲੇ ਨੇ ਦੱਸਿਆ: “ਜਿਸ ਪ੍ਰਸ਼ਾਸਨ ਵਿਚ ਸਾਰੇ ਹੀ ਲੋਕ ਬੇਈਮਾਨੀ ਦੀ ਕਮਾਈ ਦੇ ਲੋਭੀ ਹੋਣ ਅਤੇ ਰਿਸ਼ਵਤਖ਼ੋਰ ਹੋਣ, ਉੱਥੇ ਦੀ ਅਰਥ-ਵਿਵਸਥਾ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋ ਸਕਦੀ ਹੈ।”

ਭਾਵੇਂ ਅਰਥ-ਵਿਵਸਥਾਵਾਂ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਨਾ ਵੀ ਹੋਣ, ਫਿਰ ਵੀ ਇਨਸਾਫ਼ ਚਾਹੁਣ ਵਾਲੇ ਲੋਕ ਭ੍ਰਿਸ਼ਟਾਚਾਰ ਨੂੰ ਬੇਰੋਕ-ਟੋਕ ਵਧਦਾ ਹੋਇਆ ਦੇਖ ਕੇ ਮਾਯੂਸ ਹੋ ਜਾਂਦੇ ਹਨ। (ਜ਼ਬੂਰ 73:3, 13) ਸਾਡੇ ਵਿਚ ਇਨਸਾਫ਼ ਦੀ ਇੱਛਾ ਪਾਉਣ ਵਾਲੇ ਸਾਡੇ ਸ੍ਰਿਸ਼ਟੀਕਰਤਾ ਨੂੰ ਵੀ ਭ੍ਰਿਸ਼ਟਾਚਾਰ ਤੋਂ ਦੁੱਖ ਪਹੁੰਚਦਾ ਹੈ। ਬੀਤੇ ਸਮੇਂ ਵਿਚ, ਯਹੋਵਾਹ ਨੇ ਹੱਦੋਂ ਵੱਧ ਫੈਲੇ ਹੋਏ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਉਖਾੜਨ ਲਈ ਕਾਰਵਾਈ ਕੀਤੀ। ਮਿਸਾਲ ਲਈ, ਉਸ ਨੇ ਯਰੂਸ਼ਲਮ ਦੇ ਵਸਨੀਕਾਂ ਨੂੰ ਸਾਫ਼-ਸਾਫ਼ ਦੱਸਿਆ ਕਿ ਉਹ ਉਨ੍ਹਾਂ ਨੂੰ ਦੁਸ਼ਮਣਾਂ ਦੇ ਹਵਾਲੇ ਕਿਉਂ ਕਰ ਦੇਵੇਗਾ।

ਪਰਮੇਸ਼ੁਰ ਨੇ ਆਪਣੇ ਨਬੀ ਮੀਕਾਹ ਰਾਹੀਂ ਕਿਹਾ: “ਹੇ ਯਾਕੂਬ ਦੇ ਘਰਾਣੇ ਦੇ ਮੁਖੀਓ, ਹੇ ਇਸਰਾਏਲ ਦੇ ਘਰਾਣੇ ਦੇ ਆਗੂਓ, ਏਹ ਸੁਣਿਓ! ਤੁਸੀਂ ਜੋ ਇਨਸਾਫ਼ ਤੋਂ ਘਿਣ ਕਰਦੇ ਹੋ, ਅਤੇ ਸਾਰੀ ਸਿਧਿਆਈ ਨੂੰ ਮਰੋੜਦੇ ਹੋ। ਉਸ ਦੇ ਮੁਖੀਏ ਵੱਢੀ ਲੈ ਕੇ ਨਿਆਉਂ ਕਰਦੇ ਹਨ, ਉਸ ਦੇ ਜਾਜਕ ਭਾੜੇ ਉੱਤੇ ਸਿਖਾਉਂਦੇ ਹਨ, ਉਸ ਦੇ ਨਬੀ ਰੋਕੜ ਲਈ ਫਾਲ ਪਾਉਂਦੇ ਹਨ . . . ਏਸ ਲਈ ਤੁਹਾਡੇ ਕਾਰਨ ਸੀਯੋਨ ਖੇਤ ਵਾਂਙੁ ਵਾਹਿਆ ਜਾਵੇਗਾ, ਯਰੂਸ਼ਲਮ ਥੇਹ ਹੋ ਜਾਵੇਗਾ।” ਭ੍ਰਿਸ਼ਟਾਚਾਰ ਕਾਰਨ ਹੀ ਇਸਰਾਏਲ ਦਾ ਪਤਨ ਹੋਇਆ ਅਤੇ ਭ੍ਰਿਸ਼ਟਾਚਾਰ ਹੀ ਸਦੀਆਂ ਬਾਅਦ ਰੋਮ ਦੇ ਪਤਨ ਦਾ ਕਾਰਨ ਬਣਿਆ। ਮੀਕਾਹ ਵੱਲੋਂ ਇਨ੍ਹਾਂ ਲਫ਼ਜ਼ਾਂ ਨੂੰ ਲਿਖਣ ਤੋਂ ਤਕਰੀਬਨ ਇਕ ਸਦੀ ਬਾਅਦ, ਪਰਮੇਸ਼ੁਰ ਦੀ ਚੇਤਾਵਨੀ ਮੁਤਾਬਕ ਯਰੂਸ਼ਲਮ ਨੂੰ ਤਬਾਹ ਕਰ ਦਿੱਤਾ ਗਿਆ ਅਤੇ ਉਜਾੜ ਲਈ ਛੱਡ ਦਿੱਤਾ ਗਿਆ।—ਮੀਕਾਹ 3:9, 11, 12.

ਪਰ ਕੋਈ ਵੀ ਇਨਸਾਨ ਜਾਂ ਕੌਮ ਈਮਾਨਦਾਰ ਹੋ ਸਕਦੀ ਹੈ। ਪਰਮੇਸ਼ੁਰ ਤਾਕੀਦ ਕਰਦਾ ਹੈ ਕਿ ਦੁਸ਼ਟ ਆਪਣੇ ਰਾਹ ਨੂੰ ਛੱਡ ਦੇਵੇ ਅਤੇ ਆਪਣੀ ਬੁਰੀ ਸੋਚਣੀ ਨੂੰ ਬਦਲੇ। (ਯਸਾਯਾਹ 55:7) ਉਹ ਸਾਡੇ ਸਾਰਿਆਂ ਕੋਲੋਂ ਚਾਹੁੰਦਾ ਹੈ ਕਿ ਅਸੀਂ ਲਾਲਚੀ ਹੋਣ ਦੀ ਬਜਾਇ ਨਿਰਸੁਆਰਥ ਹੋਈਏ ਅਤੇ ਬੇਈਮਾਨ ਹੋਣ ਦੀ ਬਜਾਇ ਈਮਾਨਦਾਰ ਬਣੀਏ। ਯਹੋਵਾਹ ਸਾਨੂੰ ਯਾਦ ਦਿਲਾਉਂਦਾ ਹੈ: “ਜਿਹੜਾ ਗਰੀਬ ਉੱਤੇ ਅਨ੍ਹੇਰ ਕਰਦਾ ਹੈ ਉਹ ਆਪਣੇ ਕਰਤਾ ਨੂੰ ਉਲਾਂਭਾ ਦਿੰਦਾ ਹੈ, ਪਰ ਜਿਹੜਾ ਕੰਗਾਲ ਉੱਤੇ ਦਯਾ ਕਰਦਾ ਹੈ ਉਹ ਉਸ ਦੀ ਮਹਿਮਾ ਕਰਦਾ ਹੈ।”—ਕਹਾਉਤਾਂ 14:31.

ਬਾਈਬਲ ਸੱਚਾਈ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਵਿਚ ਮਦਦ ਕਰਦੀ ਹੈ

ਅਜਿਹੀ ਤਬਦੀਲੀ ਕਰਨ ਲਈ ਇਕ ਵਿਅਕਤੀ ਨੂੰ ਕਿਹੜੀ ਚੀਜ਼ ਪ੍ਰੇਰਿਤ ਕਰ ਸਕਦੀ ਹੈ? ਇਹ ਉਹੀ ਤਾਕਤ ਹੈ ਜਿਸ ਨੇ ਪੌਲੁਸ ਨੂੰ ਫ਼ਰੀਸੀਆਂ ਵਾਲੀ ਜ਼ਿੰਦਗੀ ਛੱਡ ਕੇ ਯਿਸੂ ਮਸੀਹ ਦਾ ਇਕ ਦਲੇਰ ਚੇਲਾ ਬਣਨ ਲਈ ਪ੍ਰੇਰਿਤ ਕੀਤਾ। ਉਸ ਨੇ ਲਿਖਿਆ: ‘ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਹੈ।’ (ਇਬਰਾਨੀਆਂ 4:12) ਅੱਜ ਵੀ ਬਾਈਬਲ ਸੱਚਾਈ ਲੋਕਾਂ ਨੂੰ ਈਮਾਨਦਾਰ ਬਣਾਉਂਦੀ ਹੈ, ਉਨ੍ਹਾਂ ਨੂੰ ਵੀ ਜੋ ਭ੍ਰਿਸ਼ਟਾਚਾਰ ਵਿਚ ਬਹੁਤ ਜ਼ਿਆਦਾ ਫਸੇ ਹੋਏ ਹਨ। ਇਕ ਉਦਾਹਰਣ ਤੇ ਗੌਰ ਕਰੋ।

ਪੂਰਬੀ ਯੂਰਪ ਵਿਚ ਰਹਿਣ ਵਾਲਾ ਐਲਕਸੈਨਡਰ ਫ਼ੌਜੀ ਸੇਵਾ ਖ਼ਤਮ ਕਰਨ ਦੇ ਥੋੜ੍ਹੇ ਹੀ ਸਮੇਂ ਬਾਅਦ ਇਕ ਗੈਂਗ ਦਾ ਮੈਂਬਰ ਬਣ ਗਿਆ, ਜਿਸ ਦਾ ਕੰਮ ਹੇਰਾ-ਫੇਰੀ ਕਰਨਾ, ਦੂਜਿਆਂ ਨੂੰ ਡਰਾ-ਧਮਕਾ ਕੇ ਪੈਸੇ ਲੁੱਟਣਾ ਅਤੇ ਰਿਸ਼ਵਤ ਲੈਣਾ ਸੀ। * ਉਹ ਦੱਸਦਾ ਹੈ: “ਮੇਰਾ ਕੰਮ ਅਮੀਰ ਵਪਾਰੀਆਂ ਕੋਲੋਂ ਉਨ੍ਹਾਂ ਦੀ ਰਾਖੀ ਕਰਨ ਲਈ ਪੈਸਾ ਲੈਣਾ ਹੁੰਦਾ ਸੀ। ਜਦੋਂ ਮੈਂ ਕਿਸੇ ਵਪਾਰੀ ਦਾ ਭਰੋਸਾ ਜਿੱਤ ਲੈਂਦਾ, ਤਾਂ ਸਾਡੇ ਗੈਂਗ ਦੇ ਦੂਸਰੇ ਮੈਂਬਰ ਉਸ ਵਪਾਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ। ਫਿਰ ਮੈਂ ਵੱਡੀ ਰਕਮ ਲੈ ਕੇ ਉਸ ਦੀ ਰਾਖੀ ਕਰਨ ਦਾ ਵਾਅਦਾ ਕਰਦਾ। ਜਦ ਮੈਂ ਆਪਣੇ ‘ਗਾਹਕਾਂ’ ਦੀਆਂ ਸਮੱਸਿਆਵਾਂ ਨੂੰ ਸੁਲਝਾਉਂਦਾ, ਤਾਂ ਉਹ ਮੇਰਾ ਸ਼ੁਕਰੀਆ ਅਦਾ ਕਰਦੇ, ਜਦ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦੀ ਜੜ੍ਹ ਮੈਂ ਖ਼ੁਦ ਸੀ। ਅਜੀਬ ਗੱਲ ਤਾਂ ਇਹ ਸੀ ਕਿ ਮੈਨੂੰ ਇਹ ਕੰਮ ਬਹੁਤ ਪਸੰਦ ਸੀ।

“ਮੈਨੂੰ ਧਨ-ਦੌਲਤ ਅਤੇ ਠਾਠ-ਬਾਠ ਦੀ ਜ਼ਿੰਦਗੀ ਵੀ ਬਹੁਤ ਪਸੰਦ ਸੀ। ਮੈਂ ਮਹਿੰਗੀ ਕਾਰ ਚਲਾਉਂਦਾ, ਇਕ ਆਲੀਸ਼ਾਨ ਘਰ ਵਿਚ ਰਹਿੰਦਾ ਅਤੇ ਮੈਂ ਧਨ-ਦੌਲਤ ਨਾਲ ਆਪਣੀਆਂ ਮਨ-ਪਸੰਦ ਚੀਜ਼ਾਂ ਖ਼ਰੀਦਦਾ ਸੀ। ਲੋਕ ਮੇਰੇ ਤੋਂ ਡਰਦੇ ਸਨ, ਜਿਸ ਤੋਂ ਮੈਨੂੰ ਲੱਗਦਾ ਸੀ ਕਿ ਮੇਰੇ ਕੋਲ ਤਾਕਤ ਹੈ। ਮੈਂ ਸੋਚਦਾ ਸੀ ਕਿ ਮੇਰਾ ਕੋਈ ਵੀ ਕੁਝ ਨਹੀਂ ਵਿਗਾੜ ਸਕਦਾ ਅਤੇ ਕਾਨੂੰਨ ਵੀ ਮੇਰਾ ਕੁਝ ਨਹੀਂ ਕਰ ਸਕਦਾ। ਜੇ ਪੁਲਿਸ ਮੈਨੂੰ ਫੜ ਵੀ ਲਵੇ, ਤਾਂ ਮੈਂ ਸਹੀ ਵਿਅਕਤੀ ਨੂੰ ਰਿਸ਼ਵਤ ਦੇ ਕੇ ਛੁੱਟ ਸਕਦਾ ਸੀ ਜਾਂ ਇਕ ਮਾਹਰ ਵਕੀਲ ਆਪਣੀ ਦਲੀਲਬਾਜ਼ੀ ਨਾਲ ਮੈਨੂੰ ਛੁਡਾ ਸਕਦਾ ਸੀ।

“ਪਰ ਜੋ ਲੋਕ ਬੇਈਮਾਨੀ ਦੇ ਪੈਸੇ ਨਾਲ ਆਪਣੀ ਜ਼ਿੰਦਗੀ ਬਸਰ ਕਰਦੇ ਹਨ, ਉਨ੍ਹਾਂ ਦੀ ਆਪਸ ਵਿਚ ਵਫ਼ਾਦਾਰੀ ਘੱਟ ਹੀ ਪਾਈ ਜਾਂਦੀ ਹੈ। ਸਾਡੇ ਗੈਂਗ ਦਾ ਇਕ ਮੈਂਬਰ ਮੇਰੇ ਤੋਂ ਨਫ਼ਰਤ ਕਰਨ ਲੱਗ ਪਿਆ ਅਤੇ ਜਲਦੀ ਹੀ ਦੂਜੇ ਵੀ ਮੇਰੇ ਖ਼ਿਲਾਫ਼ ਹੋ ਗਏ। ਅਚਾਨਕ, ਮੈਂ ਆਪਣੀ ਸ਼ਾਨਦਾਰ ਕਾਰ, ਪੈਸਾ ਅਤੇ ਪੈਸੇ ਨਾਲ ਪਿਆਰ ਕਰਨ ਵਾਲੀ ਸਹੇਲੀ ਨੂੰ ਗੁਆ ਬੈਠਾ। ਮੈਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਵੀ ਗਿਆ। ਇਸ ਉਥਲ-ਪੁਥਲ ਤੋਂ ਬਾਅਦ, ਮੈਂ ਗੰਭੀਰਤਾ ਨਾਲ ਆਪਣੀ ਜ਼ਿੰਦਗੀ ਦੇ ਮਕਸਦ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ।

“ਕੁਝ ਹੀ ਮਹੀਨੇ ਪਹਿਲਾਂ ਮੇਰੇ ਮਾਤਾ ਜੀ ਯਹੋਵਾਹ ਦੇ ਗਵਾਹ ਬਣੇ ਸਨ ਅਤੇ ਮੈਂ ਉਨ੍ਹਾਂ ਦਾ ਸਾਹਿੱਤ ਪੜ੍ਹਨਾ ਸ਼ੁਰੂ ਕਰ ਦਿੱਤਾ। ਕਹਾਉਤਾਂ 4:14, 15 ਨੇ ਸੱਚ-ਮੁੱਚ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ: ‘ਦੁਸ਼ਟਾਂ ਦੇ ਰਾਹ ਵਿੱਚ ਨਾ ਚੱਲ, ਅਤੇ ਬੁਰਿਆਰਾਂ ਦੇ ਮਾਰਗ ਉੱਤੇ ਨਾ ਤੁਰ। ਉਸ ਤੋਂ ਲਾਂਭੇ ਰਹੁ, ਉਹ ਦੇ ਉੱਤੋਂ ਦੀ ਵੀ ਨਾ ਲੰਘੀਂ, ਉਸ ਤੋਂ ਮੂੰਹ ਮੋੜ ਕੇ ਅਗਾਹਾਂ ਨੂੰ ਲੰਘ ਜਾ।’ ਅਜਿਹੀਆਂ ਗੱਲਾਂ ਨੇ ਮੈਨੂੰ ਕਾਇਲ ਕੀਤਾ ਕਿ ਜੋ ਲੋਕ ਜੁਰਮ ਦੀ ਜ਼ਿੰਦਗੀ ਜੀਉਣਾ ਚਾਹੁੰਦੇ ਹਨ ਉਨ੍ਹਾਂ ਦਾ ਭਵਿੱਖ ਅਨ੍ਹੇਰਾ ਹੈ। ਮੈਂ ਯਹੋਵਾਹ ਨੂੰ ਪ੍ਰਾਰਥਨਾ ਵਿਚ ਕਿਹਾ ਕਿ ਉਹ ਸਹੀ ਰਸਤੇ ਤੇ ਚੱਲਣ ਵਿਚ ਮੇਰੀ ਮਦਦ ਕਰੇ। ਮੈਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਅਧਿਐਨ ਕਰਨ ਲੱਗ ਪਿਆ ਅਤੇ ਆਖ਼ਰ ਵਿਚ ਮੈਂ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ। ਉਦੋਂ ਤੋਂ ਮੈਂ ਈਮਾਨਦਾਰੀ ਵਾਲੀ ਜ਼ਿੰਦਗੀ ਬਤੀਤ ਕਰ ਰਿਹਾ ਹਾਂ।

“ਯਕੀਨਨ, ਈਮਾਨਦਾਰ ਬਣ ਕੇ ਜ਼ਿੰਦਗੀ ਜੀਉਣ ਕਰਕੇ ਹੁਣ ਮੈਨੂੰ ਘੱਟ ਪੈਸਿਆਂ ਨਾਲ ਗੁਜ਼ਰ-ਬਸਰ ਕਰਨੀ ਪੈਂਦੀ ਹੈ। ਪਰ ਹੁਣ ਮੈਂ ਮਹਿਸੂਸ ਕਰਦਾ ਹਾਂ ਕਿ ਮੇਰੇ ਕੋਲ ਵਧੀਆ ਭਵਿੱਖ ਹੈ, ਯਾਨੀ ਮੇਰੀ ਜ਼ਿੰਦਗੀ ਨੂੰ ਸਹੀ ਅਰਥ ਮਿਲ ਗਿਆ ਹੈ। ਮੈਨੂੰ ਅਹਿਸਾਸ ਹੋਇਆ ਕਿ ਮੇਰੀ ਪਿਛਲੀ ਸ਼ਾਨੋ-ਸ਼ੌਕਤ ਵਾਲੀ ਜ਼ਿੰਦਗੀ ਇਕ ਰੇਤ ਦਾ ਮਹਿਲ ਸੀ ਜੋ ਕਦੇ ਵੀ ਢਹਿ-ਢੇਰੀ ਹੋ ਸਕਦਾ ਸੀ। ਪਹਿਲਾਂ ਮੇਰੀ ਜ਼ਮੀਰ ਮਰੀ ਹੋਈ ਸੀ। ਪਰ ਹੁਣ ਜਦੋਂ ਵੀ ਮੇਰੇ ਮਨ ਵਿਚ ਬੇਈਮਾਨੀ ਕਰਨ ਦਾ ਲਾਲਚ ਆਉਂਦਾ ਹੈ, ਇੱਥੋਂ ਤਕ ਕਿ ਛੋਟੀਆਂ-ਮੋਟੀਆਂ ਗੱਲਾਂ ਵਿਚ ਵੀ, ਤਾਂ ਬਾਈਬਲ ਦੇ ਅਧਿਐਨ ਸਦਕਾ ਮੇਰੀ ਜ਼ਮੀਰ ਮੈਨੂੰ ਤੰਗ ਕਰਦੀ ਹੈ। ਮੈਂ ਜ਼ਬੂਰ 37:3 ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜੋ ਕਹਿੰਦਾ ਹੈ: ‘ਯਹੋਵਾਹ ਉੱਤੇ ਭਰੋਸਾ ਰੱਖ ਅਤੇ ਭਲਿਆਈ ਕਰ, ਦੇਸ ਵਿੱਚ ਵੱਸ ਅਤੇ ਸੱਚਿਆਈ ਉੱਤੇ ਪਲ।’”

‘ਵੱਢੀ ਤੋਂ ਘਿਣ ਕਰਨ ਵਾਲਾ ਜੀਉਂਦਾ ਰਹੇਗਾ’

ਐਲਕਸੈਨਡਰ ਵਾਂਗ ਬਾਈਬਲ ਸੱਚਾਈ ਇਕ ਵਿਅਕਤੀ ਨੂੰ ਭ੍ਰਿਸ਼ਟਾਚਾਰ ਉੱਤੇ ਕਾਬੂ ਪਾਉਣ ਵਿਚ ਮਦਦ ਕਰ ਸਕਦੀ ਹੈ। ਉਸ ਨੇ ਪੌਲੁਸ ਦੁਆਰਾ ਅਫ਼ਸੀਆਂ ਨੂੰ ਲਿਖੀ ਚਿੱਠੀ ਮੁਤਾਬਕ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕੀਤੀਆਂ: “ਤੁਸੀਂ ਅਗਲੇ ਚਲਣ ਦੀ ਉਸ ਪੁਰਾਣੀ ਇਨਸਾਨੀਅਤ ਨੂੰ ਲਾਹ ਸੁੱਟੋ ਜੋ ਧੋਖਾ ਦੇਣ ਵਾਲੀਆਂ ਕਾਮਨਾਂ ਦੇ ਅਨੁਸਾਰ ਵਿਗੜਦੀ ਜਾਂਦੀ ਹੈ। . . . ਆਪਣੇ ਮਨ ਦੇ ਸੁਭਾਉ ਵਿੱਚ ਨਵੇਂ ਬਣੋ। ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ। ਇਸ ਲਈ ਤੁਸੀਂ ਝੂਠ ਨੂੰ ਤਿਆਗ ਕੇ ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੋ ਕਿਉਂ ਜੋ ਅਸੀਂ ਇੱਕ ਦੂਏ ਦੇ ਅੰਗ ਹਾਂ। ਚੋਰੀ ਕਰਨ ਵਾਲਾ ਅਗਾਹਾਂ ਨੂੰ ਚੋਰੀ ਨਾ ਕਰੇ ਸਗੋਂ ਆਪਣੇ ਹੱਥੀਂ ਮਿਹਨਤ ਕਰ ਕੇ ਭਲਾ ਕੰਮ ਕਰੇ ਭਈ ਜਿਹ ਨੂੰ ਲੋੜ ਹੈ ਉਹ ਨੂੰ ਵੰਡ ਦੇਣ ਲਈ ਕੁਝ ਉਹ ਦੇ ਕੋਲ ਹੋਵੇ।” (ਅਫ਼ਸੀਆਂ 4:22-25, 28) ਮਨੁੱਖਜਾਤੀ ਦਾ ਭਵਿੱਖ ਇਹੋ ਜਿਹੀ ਤਬਦੀਲੀ ਉੱਤੇ ਨਿਰਭਰ ਕਰਦਾ ਹੈ।

ਜੇ ਇਸ ਨੂੰ ਰੋਕਿਆ ਨਾ ਗਿਆ, ਤਾਂ ਲਾਲਚ ਅਤੇ ਭ੍ਰਿਸ਼ਟਾਚਾਰ ਧਰਤੀ ਨੂੰ ਤਬਾਹ ਕਰ ਸਕਦੇ ਹਨ, ਠੀਕ ਉਸੇ ਤਰ੍ਹਾਂ ਜਿਵੇਂ ਰੋਮੀ ਸਾਮਰਾਜ ਤਬਾਹ ਹੋਇਆ ਸੀ। ਪਰ ਖ਼ੁਸ਼ੀ ਦੀ ਗੱਲ ਹੈ ਕਿ ਮਨੁੱਖਜਾਤੀ ਦਾ ਸ੍ਰਿਸ਼ਟੀਕਰਤਾ ਹਾਲਾਤਾਂ ਨੂੰ ਹਮੇਸ਼ਾ ਇਵੇਂ ਹੀ ਨਹੀਂ ਚੱਲਣ ਦੇਵੇਗਾ। ਉਸ ਨੇ ਪੱਕਾ ਇਰਾਦਾ ਕੀਤਾ ਹੈ ਕਿ ਉਹ ‘ਓਹਨਾਂ ਦਾ ਨਾਸ ਕਰੇਗਾ ਜੋ ਧਰਤੀ ਦਾ ਨਾਸ ਕਰਨ ਵਾਲੇ ਹਨ।’ (ਪਰਕਾਸ਼ ਦੀ ਪੋਥੀ 11:18) ਜੋ ਲੋਕ ਧਰਤੀ ਤੇ ਫੈਲੇ ਭ੍ਰਿਸ਼ਟਾਚਾਰ ਤੋਂ ਛੁਟਕਾਰਾ ਚਾਹੁੰਦੇ ਹਨ, ਯਹੋਵਾਹ ਉਨ੍ਹਾਂ ਨਾਲ ਵਾਅਦਾ ਕਰਦਾ ਹੈ ਕਿ ਉਹ ਛੇਤੀ ਹੀ ‘ਨਵਾਂ ਅਕਾਸ਼ ਅਤੇ ਨਵੀਂ ਧਰਤੀ . . . ਜਿਨ੍ਹਾਂ ਵਿੱਚ ਧਰਮ ਵੱਸਦਾ ਹੈ’ ਲਿਆਵੇਗਾ।—2 ਪਤਰਸ 3:13.

ਇਹ ਸੱਚ ਹੈ ਕਿ ਅੱਜ ਦੀ ਦੁਨੀਆਂ ਵਿਚ ਈਮਾਨਦਾਰ ਬਣੇ ਰਹਿਣਾ ਕੋਈ ਸੌਖੀ ਗੱਲ ਨਹੀਂ। ਪਰ ਯਹੋਵਾਹ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਭਵਿੱਖ ਵਿਚ “ਨਫ਼ੇ ਦਾ ਲੋਭੀ ਆਪਣੇ ਹੀ ਟੱਬਰ ਨੂੰ ਦੁਖ ਦਿੰਦਾ ਹੈ, ਪਰ ਜਿਹੜਾ ਵੱਢੀ ਤੋਂ ਘਿਣ ਕਰਦਾ ਹੈ ਉਹ ਜੀਉਂਦਾ ਰਹੇਗਾ।” * (ਕਹਾਉਤਾਂ 15:27) ਹੁਣ ਤੋਂ ਹੀ ਬੇਈਮਾਨੀ ਛੱਡ ਕੇ ਅਸੀਂ ਸੱਚੇ ਦਿਲੋਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹਾਂ: “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।”—ਮੱਤੀ 6:10.

ਪਰ ਜਦ ਤਕ ਪਰਮੇਸ਼ੁਰ ਦਾ ਰਾਜ ਕਾਰਵਾਈ ਨਹੀਂ ਕਰਦਾ, ਤਦ ਤਕ ਸਾਡੇ ਵਿੱਚੋਂ ਹਰੇਕ ਜਣਾ ਭ੍ਰਿਸ਼ਟਾਚਾਰ ਜਾਂ ਬੇਈਮਾਨੀ ਤੋਂ ਦੂਰ ਰਹਿ ਕੇ ‘ਧਰਮ’ ਦੇ ਬੀ ਬੀਜ ਸਕਦਾ ਹੈ। (ਹੋਸ਼ੇਆ 10:12) ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਸਾਡੀਆਂ ਜ਼ਿੰਦਗੀਆਂ ਵੀ ਇਸ ਗੱਲ ਦਾ ਸਬੂਤ ਦੇਣਗੀਆਂ ਕਿ ਪਰਮੇਸ਼ੁਰ ਦੇ ਪ੍ਰੇਰਿਤ ਬਚਨ ਵਿਚ ਤਾਕਤ ਹੈ। ਆਤਮਾ ਦੀ ਤਲਵਾਰ ਭ੍ਰਿਸ਼ਟਾਚਾਰ ਤੇ ਜਿੱਤ ਪ੍ਰਾਪਤ ਕਰ ਸਕਦੀ ਹੈ।

[ਫੁਟਨੋਟ]

^ ਪੈਰਾ 20 ਨਾਂ ਬਦਲ ਦਿੱਤਾ ਗਿਆ ਹੈ।

^ ਪੈਰਾ 28 ਯਕੀਨਨ, ਰਿਸ਼ਵਤ ਦੇਣ ਅਤੇ ਟਿਪ ਦੇਣ ਵਿਚ ਫ਼ਰਕ ਹੈ। ਰਿਸ਼ਵਤ ਕਾਰਨ ਦੂਜੇ ਲੋਕਾਂ ਨੂੰ ਸਹੀ ਇਨਸਾਫ਼ ਨਹੀਂ ਮਿਲਦਾ ਜਾਂ ਰਿਸ਼ਵਤ ਬੇਈਮਾਨ ਕੰਮਾਂ ਲਈ ਦਿੱਤੀ ਜਾਂਦੀ ਹੈ ਜਦ ਕਿ ਟਿਪ, ਕੀਤੀਆਂ ਜਾਂਦੀਆਂ ਸੇਵਾਵਾਂ ਲਈ ਕਦਰਦਾਨੀ ਵਜੋਂ ਦਿੱਤੀ ਜਾਂਦੀ ਹੈ। ਇਸ ਨੂੰ 1 ਅਕਤੂਬਰ 1986 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਲੇਖ “ਪਾਠਕਾਂ ਵੱਲੋਂ ਸਵਾਲ” ਵਿਚ ਸਮਝਾਇਆ ਗਿਆ ਹੈ।

[ਸਫ਼ੇ 7 ਉੱਤੇ ਤਸਵੀਰ]

ਬਾਈਬਲ ਦੀ ਮਦਦ ਨਾਲ ਅਸੀਂ ਆਪਣੇ ਅੰਦਰ “ਨਵੀਂ ਇਨਸਾਨੀਅਤ” ਪੈਦਾ ਕਰ ਕੇ ਭ੍ਰਿਸ਼ਟਾਚਾਰ ਤੋਂ ਦੂਰ ਰਹਿ ਸਕਦੇ ਹਾਂ