ਪਰਮੇਸ਼ੁਰੀ ਸਿੱਖਿਆ ਉੱਤੇ ਦ੍ਰਿੜ੍ਹਤਾ ਨਾਲ ਚੱਲੋ
ਪਰਮੇਸ਼ੁਰੀ ਸਿੱਖਿਆ ਉੱਤੇ ਦ੍ਰਿੜ੍ਹਤਾ ਨਾਲ ਚੱਲੋ
“ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।”—ਕਹਾਉਤਾਂ 3:5, 6.
1. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਨੁੱਖੀ ਗਿਆਨ ਮਿਲ ਰਿਹਾ ਹੈ?
ਅੱਜ ਸੰਸਾਰ ਭਰ ਵਿਚ ਤਕਰੀਬਨ 9,000 ਦੈਨਿਕ ਅਖ਼ਬਾਰਾਂ ਛਪਦੀਆਂ ਹਨ। ਇਕੱਲੇ ਅਮਰੀਕਾ ਵਿਚ ਹੀ ਹਰ ਸਾਲ ਲਗਭਗ 2,00,000 ਨਵੀਆਂ ਕਿਤਾਬਾਂ ਛਾਪੀਆਂ ਜਾਂਦੀਆਂ ਹਨ। ਅੰਦਾਜ਼ਾ ਲਗਾਇਆ ਗਿਆ ਹੈ ਕਿ ਮਾਰਚ 1998 ਤਕ ਇੰਟਰਨੈੱਟ ਉੱਤੇ ਕਰੀਬ-ਕਰੀਬ 27.5 ਕਰੋੜ ਵੈੱਬ ਸਫ਼ੇ ਸਨ। ਕਿਹਾ ਜਾਂਦਾ ਹੈ ਕਿ ਹਰ ਮਹੀਨੇ ਇੰਟਰਨੈੱਟ ਉੱਤੇ ਦੋ ਕਰੋੜ ਨਵੇਂ ਵੈੱਬ ਸਫ਼ੇ ਜੋੜੇ ਜਾਂਦੇ ਹਨ। ਇਨਸਾਨ ਪਹਿਲਾਂ ਕਦੀ ਵੀ ਕਿਸੇ ਵੀ ਵਿਸ਼ੇ ਉੱਤੇ ਇੰਨੀ ਜਾਣਕਾਰੀ ਪ੍ਰਾਪਤ ਨਹੀਂ ਕਰ ਸਕਦਾ ਸੀ, ਜਿੰਨੀ ਕਿ ਅੱਜ ਕਰ ਸਕਦਾ ਹੈ। ਭਾਵੇਂ ਕਿ ਇੰਨੀ ਸਾਰੀ ਜਾਣਕਾਰੀ ਮਿਲਣ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ, ਪਰ ਇਸ ਨਾਲ ਸਮੱਸਿਆਵਾਂ ਵੀ ਖੜ੍ਹੀਆਂ ਹੋਈਆਂ ਹਨ।
2. ਬਹੁਤ ਸਾਰੀ ਜਾਣਕਾਰੀ ਮੁਹੱਈਆ ਹੋਣ ਨਾਲ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ?
2 ਕੁਝ ਲੋਕਾਂ ਨੂੰ ਜਾਣਕਾਰੀ ਲੈਣ ਦਾ ਅਮਲ ਪੈ ਗਿਆ ਹੈ। ਉਹ ਹਰ ਵੇਲੇ ਨਵੀਂ ਤੋਂ ਨਵੀਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਨ ਪਰ ਉਨ੍ਹਾਂ ਦੀ ਇਹ ਭੁੱਖ ਕਦੀ ਮਿਟਦੀ ਨਹੀਂ ਹੈ। ਇਸ ਤਰ੍ਹਾਂ ਉਹ ਜ਼ਿਆਦਾ ਮਹੱਤਵਪੂਰਣ ਗੱਲਾਂ ਵੱਲ ਧਿਆਨ ਨਹੀਂ ਦਿੰਦੇ। ਕੁਝ ਲੋਕ ਕਿਸੇ ਮੁਸ਼ਕਲ ਵਿਸ਼ੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਲੈ ਕੇ ਆਪਣੇ ਆਪ ਨੂੰ ਵਿਦਵਾਨ ਸਮਝਣ ਲੱਗ ਪੈਂਦੇ ਹਨ। ਸੀਮਿਤ ਜਾਣਕਾਰੀ ਦੇ ਆਧਾਰ ਤੇ ਉਹ ਬਹੁਤ ਹੀ ਗ਼ਲਤ ਫ਼ੈਸਲੇ ਕਰਦੇ ਹਨ ਜਿਸ ਨਾਲ ਉਨ੍ਹਾਂ ਨੂੰ ਜਾਂ ਦੂਸਰਿਆਂ ਨੂੰ ਨੁਕਸਾਨ ਹੁੰਦਾ ਹੈ। ਸਾਨੂੰ ਗ਼ਲਤ ਜਾਣਕਾਰੀ ਮਿਲਣ ਦਾ ਖ਼ਤਰਾ ਵੀ ਹਰ ਸਮੇਂ ਰਹਿੰਦਾ ਹੈ। ਸਾਡੇ ਕੋਲ ਇਹ ਜਾਣਨ ਦਾ ਕੋਈ ਵਧੀਆ ਤਰੀਕਾ ਨਹੀਂ ਹੁੰਦਾ ਕਿ ਇਹ ਸਾਰੀ ਜਾਣਕਾਰੀ ਠੀਕ ਹੈ ਜਾਂ ਗ਼ਲਤ।
3. ਇਨਸਾਨੀ ਗਿਆਨ ਲੈਣ ਦੇ ਸੰਬੰਧ ਵਿਚ ਬਾਈਬਲ ਵਿਚ ਕਿਹੜੀਆਂ ਚੇਤਾਵਨੀਆਂ ਦਿੱਤੀਆਂ ਗਈਆਂ ਹਨ?
3 ਜਾਣਕਾਰੀ ਲੈਣ ਦੀ ਉਤਸੁਕਤਾ ਇਨਸਾਨ ਵਿਚ ਬਹੁਤ ਲੰਮੇ ਸਮੇਂ ਤੋਂ ਰਹੀ ਹੈ। ਰਾਜਾ ਸੁਲੇਮਾਨ ਦੇ ਦਿਨਾਂ ਵਿਚ ਇਹ ਗੱਲ ਪਤਾ ਲੱਗ ਗਈ ਸੀ ਕਿ ਫ਼ਜ਼ੂਲ ਜਾਂ ਹਾਨੀਕਾਰਕ ਜਾਣਕਾਰੀ ਲੈਣ ਵਿਚ ਸਮਾਂ ਬਰਬਾਦ ਹੁੰਦਾ ਹੈ ਤੇ ਇਨਸਾਨ ਬਹੁਤ ਸਾਰੇ ਖ਼ਤਰਿਆਂ ਵਿਚ ਪੈ ਜਾਂਦਾ ਹੈ। ਉਸ ਨੇ ਕਿਹਾ: “ਤੂੰ ਏਹਨਾਂ ਤੋਂ ਹੁਸ਼ਿਆਰੀ ਸਿੱਖ—ਬਹੁਤ ਪੋਥੀਆਂ ਦੇ ਰਚਣ ਦਾ ਅੰਤ ਨਹੀਂ ਅਤੇ ਬਹੁਤ ਪੜ੍ਹਨਾ ਸਰੀਰ ਨੂੰ ਥਕਾਉਂਦਾ ਹੈ।” (ਉਪਦੇਸ਼ਕ ਦੀ ਪੋਥੀ 12:12) ਕਈ ਸਦੀਆਂ ਬਾਅਦ ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਲਿਖਿਆ: “ਉਸ ਅਮਾਨਤ ਦੀ ਰਖਵਾਲੀ ਕਰ ਅਤੇ ਜਿਹੜਾ ਝੂਠ ਮੂਠ ਗਿਆਨ ਕਹਾਉਂਦਾ ਹੈ ਉਹ ਦੀ ਗੰਦੀ ਬੁੜ ਬੁੜ ਅਤੇ ਵਿਰੋਧਤਾਈਆਂ ਵੱਲੋਂ ਮੂੰਹ ਭੁਆ ਲੈ। ਕਈ ਲੋਕ ਉਸ ਗਿਆਨ ਨੂੰ ਮੰਨ ਕੇ ਨਿਹਚਾ ਦੇ ਨਿਸ਼ਾਨੇ ਤੋਂ ਖੁੰਝ ਗਏ ਹਨ।” (1 ਤਿਮੋਥਿਉਸ 6:20, 21) ਜੀ ਹਾਂ, ਮਸੀਹੀਆਂ ਲਈ ਅੱਜ ਇਹ ਜ਼ਰੂਰੀ ਹੈ ਕਿ ਉਹ ਹਾਨੀਕਾਰਕ ਵਿਚਾਰਾਂ ਤੋਂ ਬਚ ਕੇ ਰਹਿਣ।
4. ਕਿਹੜੇ ਇਕ ਤਰੀਕੇ ਨਾਲ ਅਸੀਂ ਯਹੋਵਾਹ ਅਤੇ ਉਸ ਦੀਆਂ ਸਿੱਖਿਆਵਾਂ ਉੱਤੇ ਭਰੋਸਾ ਰੱਖ ਸਕਦੇ ਹਾਂ?
4 ਯਹੋਵਾਹ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕਹਾਉਤਾਂ 3:5, 6 ਵਿਚ ਦਿੱਤੀ ਗਈ ਨਸੀਹਤ ਵੱਲ ਧਿਆਨ ਦੇਣ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” ਯਹੋਵਾਹ ਉੱਤੇ ਭਰੋਸਾ ਰੱਖਣ ਦਾ ਮਤਲਬ ਹੈ ਕਿ ਅਸੀਂ ਉਨ੍ਹਾਂ ਵਿਚਾਰਾਂ ਵੱਲ ਬਿਲਕੁਲ ਧਿਆਨ ਨਾ ਦੇਈਏ ਜਿਹੜੇ ਪਰਮੇਸ਼ੁਰ ਦੇ ਬਚਨ ਦਾ ਵਿਰੋਧ ਕਰਦੇ ਹਨ, ਚਾਹੇ ਇਹ ਵਿਚਾਰ ਸਾਡੇ ਆਪਣੇ ਹੋਣ ਜਾਂ ਦੂਸਰਿਆਂ ਦੇ। ਆਪਣੀ ਅਧਿਆਤਮਿਕਤਾ ਦੀ ਰਾਖੀ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਗਿਆਨ ਇੰਦਰੀਆਂ ਨੂੰ ਸਾਧੀਏ, ਤਾਂਕਿ ਅਸੀਂ ਹਾਨੀਕਾਰਕ ਜਾਣਕਾਰੀ ਨੂੰ ਪਛਾਣ ਸਕੀਏ ਅਤੇ ਉਸ ਤੋਂ ਪਰੇ ਰਹੀਏ। (ਇਬਰਾਨੀਆਂ 5:14) ਆਓ ਆਪਾਂ ਅਜਿਹੀ ਜਾਣਕਾਰੀ ਦੇ ਕੁਝ ਸੋਮਿਆਂ ਉੱਤੇ ਵਿਚਾਰ ਕਰੀਏ।
ਸ਼ਤਾਨ ਦੇ ਸ਼ਿਕੰਜੇ ਵਿਚ ਸੰਸਾਰ
5. ਹਾਨੀਕਾਰਕ ਵਿਚਾਰਾਂ ਦਾ ਇਕ ਸੋਮਾ ਕੀ ਹੈ ਅਤੇ ਇਸ ਦੇ ਪਿੱਛੇ ਕਿਸ ਦਾ ਹੱਥ ਹੈ?
5 ਇਹ ਸੰਸਾਰ ਹਾਨੀਕਾਰਕ ਵਿਚਾਰਾਂ ਨਾਲ ਭਰਿਆ ਹੋਇਆ ਹੈ। (1 ਕੁਰਿੰਥੀਆਂ 3:19) ਯਿਸੂ ਮਸੀਹ ਨੇ ਆਪਣੇ ਚੇਲਿਆਂ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ: “ਮੈਂ ਇਹ ਬੇਨਤੀ ਨਹੀਂ ਕਰਦਾ ਜੋ ਤੂੰ ਓਹਨਾਂ ਨੂੰ ਜਗਤ ਵਿੱਚੋਂ ਚੁੱਕ ਲਵੇਂ ਪਰ ਇਹ ਜੋ ਤੂੰ ਦੁਸ਼ਟ ਤੋਂ ਓਹਨਾਂ ਦੀ ਰੱਛਿਆ ਕਰੇਂ।” (ਯੂਹੰਨਾ 17:15) ਯਿਸੂ ਦੀ ਇਸ ਬੇਨਤੀ ਕਿ ਉਸ ਦੇ ਚੇਲੇ “ਦੁਸ਼ਟ” ਤੋਂ ਬਚਾਏ ਜਾਣ, ਤੋਂ ਇਹ ਪਤਾ ਚੱਲਦਾ ਹੈ ਕਿ ਸ਼ਤਾਨ ਦਾ ਇਸ ਸੰਸਾਰ ਤੇ ਕਿੰਨਾ ਪ੍ਰਭਾਵ ਹੈ। ਮਸੀਹੀ ਹੋਣ ਕਰਕੇ ਅਸੀਂ ਆਪਣੇ ਆਪ ਹੀ ਇਸ ਸੰਸਾਰ ਦੇ ਬੁਰੇ ਪ੍ਰਭਾਵਾਂ ਤੋਂ ਬਚ ਨਹੀਂ ਜਾਂਦੇ। ਯੂਹੰਨਾ ਨੇ ਲਿਖਿਆ: “ਅਸੀਂ ਜਾਣਦੇ ਹਾਂ ਭਈ ਅਸੀਂ ਪਰਮੇਸ਼ੁਰ ਤੋਂ ਹਾਂ ਅਤੇ ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਇਸ ਕਰਕੇ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਨ੍ਹਾਂ ਅੰਤ ਦੇ ਦਿਨਾਂ ਦੇ ਅਖ਼ੀਰ ਵਿਚ ਸ਼ਤਾਨ ਅਤੇ ਉਸ ਨਾਲ ਰਲੇ ਦੂਸਰੇ ਦੂਤ ਇਸ ਸੰਸਾਰ ਨੂੰ ਹਾਨੀਕਾਰਕ ਜਾਣਕਾਰੀ ਨਾਲ ਭਰ ਰਹੇ ਹਨ।
6. ਮਨੋਰੰਜਨ ਜਗਤ ਇਕ ਵਿਅਕਤੀ ਨੂੰ ਅਨੈਤਿਕਤਾ ਦਾ ਆਦੀ ਕਿਵੇਂ ਬਣਾ ਸਕਦਾ ਹੈ?
6 ਇਹ ਵੀ ਦੇਖ ਕੇ ਹੈਰਾਨੀ ਨਹੀਂ ਹੁੰਦੀ ਕਿ ਕੁਝ ਹਾਨੀਕਾਰਕ ਜਾਣਕਾਰੀ ਹਾਨੀਕਾਰਕ ਨਹੀਂ ਲੱਗਦੀ। (2 ਕੁਰਿੰਥੀਆਂ 11:14) ਉਦਾਹਰਣ ਲਈ ਮਨੋਰੰਜਨ ਜਗਤ ਉੱਤੇ ਵਿਚਾਰ ਕਰੋ। ਅੱਜ ਟੀ.ਵੀ. ਪ੍ਰੋਗ੍ਰਾਮ, ਫ਼ਿਲਮਾਂ, ਸੰਗੀਤ ਅਤੇ ਕਿਤਾਬਾਂ-ਰਸਾਲੇ ਮਨੋਰੰਜਨ ਦਾ ਸਾਧਨ ਹਨ। ਬਹੁਤ ਸਾਰੇ ਲੋਕ ਇਸ ਗੱਲ ਨਾਲ ਸਹਿਮਤ ਹਨ ਕਿ ਇਨ੍ਹਾਂ ਵਿਚ ਅਨੈਤਿਕਤਾ, ਹਿੰਸਾ, ਅਤੇ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਕਰਨ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਪਹਿਲੀ ਵਾਰ ਘਟੀਆ ਮਨੋਰੰਜਨ ਦੇਖਣ ਜਾਂ ਸੁਣਨ ਨਾਲ ਸ਼ਾਇਦ ਲੋਕਾਂ ਦੇ ਰੌਂਗਟੇ ਖੜ੍ਹੇ ਹੋ ਜਾਣ। ਪਰ ਵਾਰ-ਵਾਰ ਅਜਿਹਾ ਮਨੋਰੰਜਨ ਦੇਖਣ ਜਾਂ ਸੁਣਨ ਨਾਲ ਲੋਕ ਇਸ ਦੇ ਆਦੀ ਹੋ ਜਾਂਦੇ ਹਨ। ਸਾਨੂੰ ਕਦੀ ਵੀ ਅਜਿਹਾ ਮਨੋਰੰਜਨ ਨਹੀਂ ਕਰਨਾ ਚਾਹੀਦਾ ਜਿਹੜਾ ਹਾਨੀਕਾਰਕ ਵਿਚਾਰਾਂ ਨੂੰ ਫੈਲਾਉਂਦਾ ਹੈ ਅਤੇ ਨਾ ਹੀ ਇਸ ਨੂੰ ਨੁਕਸਾਨ-ਰਹਿਤ ਸਮਝਣਾ ਚਾਹੀਦਾ ਹੈ।—ਜ਼ਬੂਰ 119:37.
7. ਕਿਸ ਤਰ੍ਹਾਂ ਦਾ ਮਨੁੱਖੀ ਗਿਆਨ ਬਾਈਬਲ ਵਿਚ ਸਾਡੇ ਭਰੋਸੇ ਨੂੰ ਖ਼ਤਮ ਕਰ ਸਕਦਾ ਹੈ?
7 ਹਾਨੀਕਾਰਕ ਜਾਣਕਾਰੀ ਦੇ ਇਕ ਹੋਰ ਸੋਮੇ ਉੱਤੇ ਵਿਚਾਰ ਕਰੋ। ਅੱਜ ਕੁਝ ਵਿਗਿਆਨੀ ਅਤੇ ਵਿਦਵਾਨ ਬਾਈਬਲ ਦੀ ਸੱਚਾਈ ਨੂੰ ਲਲਕਾਰਦੇ ਹਨ। (ਯਾਕੂਬ 3:15 ਦੀ ਤੁਲਨਾ ਕਰੋ।) ਉਨ੍ਹਾਂ ਦੇ ਵਿਚਾਰ ਅਕਸਰ ਮੁੱਖ-ਮੁੱਖ ਰਸਾਲਿਆਂ ਤੇ ਮਸ਼ਹੂਰ ਕਿਤਾਬਾਂ ਵਿਚ ਛਪਦੇ ਹਨ ਜੋ ਬਾਈਬਲ ਵਿਚ ਸਾਡੇ ਭਰੋਸੇ ਨੂੰ ਖ਼ਤਮ ਕਰ ਸਕਦੇ ਹਨ। ਕੁਝ ਵਿਅਕਤੀ ਆਪਣੇ ਫ਼ਲਸਫ਼ਿਆਂ ਨਾਲ ਪਰਮੇਸ਼ੁਰ ਦੇ ਬਚਨ ਨੂੰ ਗ਼ਲਤ ਸਾਬਤ ਕਰਨ ਵਿਚ ਫਖ਼ਰ ਮਹਿਸੂਸ ਕਰਦੇ ਹਨ। ਇਸ ਤਰ੍ਹਾਂ ਦਾ ਖ਼ਤਰਾ ਰਸੂਲਾਂ ਦੇ ਦਿਨਾਂ ਵਿਚ ਵੀ ਸੀ ਜਿਸ ਬਾਰੇ ਪੌਲੁਸ ਰਸੂਲ ਦੇ ਇਨ੍ਹਾਂ ਸ਼ਬਦਾਂ ਤੋਂ ਪਤਾ ਚੱਲਦਾ ਹੈ: “ਵੇਖਣਾ ਕਿਤੇ ਕੋਈ ਆਪਣੀ ਫ਼ੈਲਸੂਫ਼ੀ ਅਤੇ ਲਾਗ ਲਪੇਟ ਨਾਲ ਤੁਹਾਨੂੰ ਲੁੱਟ ਨਾ ਲਵੇ ਜੋ ਮਨੁੱਖਾਂ ਦੀਆਂ ਰੀਤਾਂ ਅਤੇ ਸੰਸਾਰ ਦੀਆਂ ਮੂਲ ਗੱਲਾਂ ਦੇ ਅਨੁਸਾਰ ਹਨ ਪਰ ਮਸੀਹ ਦੇ ਅਨੁਸਾਰ ਨਹੀਂ।”—ਕੁਲੁੱਸੀਆਂ 2:8.
ਸੱਚਾਈ ਦੇ ਵੈਰੀ
8, 9. ਅੱਜ ਧਰਮ-ਤਿਆਗੀ ਲੋਕ ਕੀ ਕਰ ਰਹੇ ਹਨ?
8 ਧਰਮ-ਤਿਆਗੀ ਵੀ ਸਾਡੀ ਅਧਿਆਤਮਿਕਤਾ ਲਈ ਖ਼ਤਰਾ ਖੜ੍ਹਾ ਕਰ ਸਕਦੇ ਹਨ। ਪੌਲੁਸ ਰਸੂਲ ਨੇ ਭਵਿੱਖਬਾਣੀ ਕੀਤੀ ਸੀ ਕਿ ਧਰਮ-ਤਿਆਗੀ ਅਖਾਉਤੀ ਮਸੀਹੀਆਂ ਵਿੱਚੋਂ ਖੜ੍ਹੇ ਹੋਣਗੇ। (ਰਸੂਲਾਂ ਦੇ ਕਰਤੱਬ 20:29, 30; 2 ਥੱਸਲੁਨੀਕੀਆਂ 2:3) ਉਸ ਦੀ ਭਵਿੱਖਬਾਣੀ ਦੀ ਪੂਰਤੀ ਵਿਚ, ਰਸੂਲਾਂ ਦੇ ਮਰਨ ਤੋਂ ਬਾਅਦ ਧਰਮ-ਤਿਆਗ ਦੇ ਬਹੁਤ ਜ਼ਿਆਦਾ ਫੈਲਣ ਕਰਕੇ ਲੋਕ ਸੱਚੀ ਮਸੀਹੀਅਤ ਤੋਂ ਦੂਰ ਹੁੰਦੇ ਚਲੇ ਗਏ। ਅੱਜ ਪਰਮੇਸ਼ੁਰ ਦੇ ਲੋਕਾਂ ਵਿਚ ਜ਼ਿਆਦਾ ਧਰਮ-ਤਿਆਗ ਨਹੀਂ ਹੁੰਦਾ। ਪਰ ਕੁਝ ਲੋਕ ਸਾਡੀ ਸੰਸਥਾ ਨੂੰ ਛੱਡ ਗਏ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਲੋਕ ਝੂਠ ਅਤੇ ਗ਼ਲਤ ਜਾਣਕਾਰੀ ਫੈਲਾ ਕੇ ਯਹੋਵਾਹ ਦੇ ਗਵਾਹਾਂ ਨੂੰ ਬੇਇੱਜ਼ਤ ਕਰਨ ਤੇ ਤੁਲੇ ਹੋਏ ਹਨ। ਕੁਝ ਧਰਮ-ਤਿਆਗੀ ਉਨ੍ਹਾਂ ਲੋਕਾਂ ਨਾਲ ਕੰਮ ਕਰਦੇ ਹਨ ਜਿਨ੍ਹਾਂ ਦਾ ਮੁੱਖ ਮਕਸਦ ਸ਼ੁੱਧ ਉਪਾਸਨਾ ਨੂੰ ਰੋਕਣਾ ਹੈ। ਇਸ ਤਰ੍ਹਾਂ ਕਰਨ ਨਾਲ ਉਹ ਸਭ ਤੋਂ ਪਹਿਲੇ ਧਰਮ-ਤਿਆਗੀ, ਸ਼ਤਾਨ ਦਾ ਸਾਥ ਦਿੰਦੇ ਹਨ।
9 ਕੁਝ ਧਰਮ-ਤਿਆਗੀ ਯਹੋਵਾਹ ਦੇ ਗਵਾਹਾਂ ਬਾਰੇ ਗ਼ਲਤ ਜਾਣਕਾਰੀ ਫੈਲਾਉਣ ਲਈ ਇੰਟਰਨੈੱਟ ਤੇ ਹੋਰ ਸੰਚਾਰ ਸਾਧਨ ਵਰਤਦੇ ਹਨ। ਇਸ ਲਈ, ਜਦੋਂ ਸਾਫ਼ ਮਨ ਵਾਲੇ ਲੋਕ ਸਾਡੇ ਵਿਸ਼ਵਾਸਾਂ ਬਾਰੇ ਰਿਸਰਚ ਕਰਦੇ ਹਨ, ਤਾਂ ਉਨ੍ਹਾਂ ਨੂੰ ਧਰਮ-ਤਿਆਗੀਆਂ ਦੀ ਗ਼ਲਤ ਜਾਣਕਾਰੀ ਵੀ ਮਿਲ ਸਕਦੀ ਹੈ। ਕੁਝ ਗਵਾਹਾਂ ਨੇ ਵੀ ਅਣਜਾਣੇ ਵਿਚ ਇਹ ਹਾਨੀਕਾਰਕ ਜਾਣਕਾਰੀ ਪੜ੍ਹੀ ਹੈ। ਇਸ ਤੋਂ ਇਲਾਵਾ, ਧਰਮ-ਤਿਆਗੀ ਸਮੇਂ-ਸਮੇਂ ਤੇ ਟੈਲੀਵਿਯਨ ਜਾਂ ਰੇਡੀਓ ਪ੍ਰੋਗ੍ਰਾਮਾਂ ਵਿਚ ਵੀ ਹਿੱਸਾ ਲੈਂਦੇ ਹਨ। ਇਸ ਮਾਮਲੇ ਵਿਚ ਸਾਨੂੰ ਕੀ ਕਰਨਾ ਚਾਹੀਦਾ ਹੈ?
10. ਧਰਮ-ਤਿਆਗੀਆਂ ਦੇ ਪ੍ਰਚਾਰ ਦੇ ਮਾਮਲੇ ਵਿਚ ਕੀ ਕਰਨਾ ਸਾਡੇ ਲਈ ਸਮਝਦਾਰੀ ਦੀ ਗੱਲ ਹੋਵੇਗੀ?
10 ਯੂਹੰਨਾ ਰਸੂਲ ਨੇ ਮਸੀਹੀਆਂ ਨੂੰ ਕਿਹਾ ਸੀ ਕਿ ਉਹ ਧਰਮ-ਤਿਆਗੀਆਂ ਨੂੰ ਆਪਣੇ ਘਰ ਨਾ ਵਾੜਨ। ਉਸ ਨੇ ਲਿਖਿਆ: “ਜੇ ਕੋਈ ਤੁਹਾਡੇ ਕੋਲ ਆਵੇ ਅਤੇ ਇਹ ਸਿੱਖਿਆ ਨਾ ਲਿਆਵੇ ਤਾਂ ਉਸ ਨੂੰ ਘਰ ਵਿੱਚ ਨਾ ਉਤਾਰੋ, ਨਾ ਉਸ ਦੀ ਸੁਖ ਮਨਾਓ। ਕਿਉਂਕਿ ਜਿਹੜਾ ਉਸ ਦੀ ਸੁਖ ਮਨਾਉਂਦਾ ਹੈ ਉਹ ਉਸ ਦੇ ਬੁਰੇ ਕੰਮਾਂ ਦਾ ਭਾਗੀ ਬਣਦਾ ਹੈ।” (2 ਯੂਹੰਨਾ 10, 11) ਧਰਮ-ਤਿਆਗੀਆਂ ਤੋਂ ਪਰੇ ਰਹਿਣ ਨਾਲ ਅਸੀਂ ਉਨ੍ਹਾਂ ਦੇ ਗ਼ਲਤ ਵਿਚਾਰਾਂ ਤੋਂ ਬਚੇ ਰਹਾਂਗੇ। ਟੈਲੀਵਿਯਨ, ਰੇਡੀਓ ਜਾਂ ਇੰਟਰਨੈੱਟ ਉੱਤੇ ਧਰਮ-ਤਿਆਗੀ ਸਿੱਖਿਆਵਾਂ ਨੂੰ ਸੁਣਨਾ ਜਾਂ ਪੜ੍ਹਨਾ ਉੱਨਾ ਹੀ ਹਾਨੀਕਾਰਕ ਹੈ ਜਿੰਨਾ ਇਕ ਧਰਮ-ਤਿਆਗੀ ਨੂੰ ਆਪਣੇ ਘਰ ਵਾੜਨਾ। ਆਓ ਆਪਾਂ ਕਦੇ ਵੀ ਧਰਮ-ਤਿਆਗੀਆਂ ਦੀਆਂ ਸਿੱਖਿਆਵਾਂ ਨੂੰ ਜਾਣਨ ਬਾਰੇ ਉਤਸੁਕ ਨਾ ਹੋਈਏ ਅਤੇ ਅਜਿਹੀ ਵਿਨਾਸ਼ਕਾਰੀ ਜਾਣਕਾਰੀ ਤੋਂ ਦੂਰ ਰਹੀਏ!—ਕਹਾਉਤਾਂ 22:3.
ਕਲੀਸਿਯਾ ਵਿਚ
11, 12. (ੳ) ਪਹਿਲੀ ਸਦੀ ਦੀ ਕਲੀਸਿਯਾ ਵਿਚ ਹਾਨੀਕਾਰਕ ਜਾਣਕਾਰੀ ਦਾ ਸੋਮਾ ਕੌਣ ਸਨ? (ਅ) ਕੁਝ ਮਸੀਹੀ ਪਰਮੇਸ਼ੁਰੀ ਸਿੱਖਿਆਵਾਂ ਉੱਤੇ ਦ੍ਰਿੜ੍ਹਤਾ ਨਾਲ ਚੱਲਣ ਵਿਚ ਕਿਵੇਂ ਅਸਫ਼ਲ ਹੋਏ ਸਨ?
11 ਹਾਨੀਕਾਰਕ ਵਿਚਾਰਾਂ ਦੇ ਇਕ ਹੋਰ ਸੰਭਾਵੀ ਸੋਮੇ ਉੱਤੇ ਵਿਚਾਰ ਕਰੋ। ਭਾਵੇਂ ਇਕ ਸਮਰਪਿਤ ਮਸੀਹੀ ਗ਼ਲਤ ਸਿੱਖਿਆ ਦੇਣ ਦਾ ਇਰਾਦਾ ਨਾ ਰੱਖਦਾ ਹੋਵੇ, ਪਰ ਉਹ ਬਿਨਾਂ ਸੋਚੇ-ਸਮਝੇ ਬੋਲਣ ਦੀ ਆਦਤ ਪਾ ਸਕਦਾ ਹੈ। (ਕਹਾਉਤਾਂ 12:18) ਆਪਣੇ ਨਾਮੁਕੰਮਲ ਸੁਭਾਅ ਕਰਕੇ ਅਸੀਂ ਸਾਰੇ ਕਈ ਵਾਰ ਗ਼ਲਤ ਗੱਲਾਂ ਕਹਿ ਦਿੰਦੇ ਹਾਂ। (ਕਹਾਉਤਾਂ 10:19; ਯਾਕੂਬ 3:8) ਪੌਲੁਸ ਰਸੂਲ ਦੇ ਦਿਨਾਂ ਵਿਚ ਕਲੀਸਿਯਾ ਵਿਚ ਕੁਝ ਵਿਅਕਤੀਆਂ ਨੇ ਆਪਣੀ ਜ਼ਬਾਨ ਨੂੰ ਕਾਬੂ ਨਹੀਂ ਕੀਤਾ ਸੀ ਅਤੇ ਉਹ ਸ਼ਬਦਾਂ ਉੱਤੇ ਬਹਿਸਬਾਜ਼ੀ ਕਰਨ ਲੱਗ ਪਏ ਸਨ। (1 ਤਿਮੋਥਿਉਸ 2:8) ਅਜਿਹੇ ਲੋਕ ਵੀ ਸਨ ਜਿਹੜੇ ਆਪਣੇ ਵਿਚਾਰਾਂ ਨੂੰ ਹੀ ਸਹੀ ਸਮਝਦੇ ਸਨ, ਇੱਥੋਂ ਤਕ ਕਿ ਉਨ੍ਹਾਂ ਨੇ ਪੌਲੁਸ ਦੇ ਰੁਤਬੇ ਨੂੰ ਵੀ ਚੁਣੌਤੀ ਦਿੱਤੀ। (2 ਕੁਰਿੰਥੀਆਂ 10:10-12) ਅਜਿਹੇ ਰਵੱਈਏ ਕਰਕੇ ਲੋਕ ਬਿਨਾਂ ਵਜ੍ਹਾ ਇਕ ਦੂਸਰੇ ਨਾਲ ਬਹਿਸਬਾਜ਼ੀ ਕਰਦੇ ਸਨ।
12 ਕਈ ਵਾਰ ਇਨ੍ਹਾਂ ਮਤਭੇਦਾਂ ਕਰਕੇ ‘ਉਨ੍ਹਾਂ ਵਿੱਚ ਟੰਟੇ’ ਹੁੰਦੇ ਸਨ ਜਿਸ ਕਰਕੇ ਕਲੀਸਿਯਾ ਦੀ ਸ਼ਾਂਤੀ ਭੰਗ ਹੋ ਗਈ ਸੀ। (1 ਤਿਮੋਥਿਉਸ 6:5; ਗਲਾਤੀਆਂ 5:15) ਜਿਹੜੇ ਬਹਿਸਬਾਜ਼ੀ ਕਰਦੇ ਸਨ, ਉਨ੍ਹਾਂ ਬਾਰੇ ਪੌਲੁਸ ਨੇ ਲਿਖਿਆ: “ਜੇ ਕੋਈ ਹੋਰ ਤਰਾਂ ਦੀ ਸਿੱਖਿਆ ਦਿੰਦਾ ਹੈ ਅਤੇ ਖਰੀਆਂ ਗੱਲਾਂ ਨੂੰ ਅਰਥਾਤ ਸਾਡੇ ਪ੍ਰਭੁ ਯਿਸੂ ਮਸੀਹ ਦੀਆਂ ਨੂੰ ਅਤੇ ਉਸ ਸਿੱਖਿਆ ਨੂੰ ਜੋ ਭਗਤੀ ਦੇ ਅਨੁਸਾਰ ਹੈ ਨਹੀਂ ਮੰਨਦਾ, ਤਾਂ ਉਹ ਹੰਕਾਰਿਆ ਹੋਇਆ ਹੈ ਅਤੇ ਕੁਝ ਨਹੀਂ ਜਾਣਦਾ ਸਗੋਂ ਉਸ ਨੂੰ ਵਿਵਾਦਾਂ ਅਤੇ ਸ਼ਬਦਾਂ ਦੇ ਹੇਰ ਫੇਰ ਦੀ ਬਿਮਾਰੀ ਲੱਗੀ ਹੋਈ ਹੈ ਜਿਸ ਕਰਕੇ ਖਾਰ, ਝਗੜਾ, ਕੁਫ਼ਰ, ਬਦਗੁਮਾਨੀਆਂ . . . ਹੁੰਦੇ ਹਨ।”—1 ਤਿਮੋਥਿਉਸ 6:3-5.
13. ਪਹਿਲੀ ਸਦੀ ਵਿਚ ਜ਼ਿਆਦਾਤਰ ਮਸੀਹੀਆਂ ਦਾ ਰਵੱਈਆ ਕੀ ਸੀ?
13 ਇਹ ਖ਼ੁਸ਼ੀ ਦੀ ਗੱਲ ਹੈ ਕਿ ਰਸੂਲਾਂ ਦੇ ਦਿਨਾਂ ਵਿਚ ਜ਼ਿਆਦਾਤਰ ਮਸੀਹੀ ਵਫ਼ਾਦਾਰ ਸਨ ਅਤੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਕੰਮ ਵਿਚ ਜੁਟੇ ਹੋਏ ਸਨ। ਉਹ “ਅਨਾਥਾਂ ਅਤੇ ਵਿਧਵਾਂ ਦੀ ਉਨ੍ਹਾਂ ਦੀ ਬਿਪਤਾ ਦੇ ਵੇਲੇ” ਦੇਖ-ਭਾਲ ਕਰਦੇ ਰਹੇ ਅਤੇ “ਆਪਣੇ ਆਪ ਨੂੰ ਜਗਤ ਤੋਂ ਨਿਹਕਲੰਕ” ਰੱਖਿਆ ਤੇ ਸ਼ਬਦਾਂ ਉੱਤੇ ਫ਼ਜ਼ੂਲ ਬਹਿਸਬਾਜ਼ੀ ਕਰਨ ਵਿਚ ਸਮਾਂ ਬਰਬਾਦ ਨਹੀਂ ਕੀਤਾ। (ਯਾਕੂਬ 1:27) ਉਹ ਆਪਣੀ ਅਧਿਆਤਮਿਕਤਾ ਦੀ ਰਾਖੀ ਕਰਨ ਲਈ ਕਲੀਸਿਯਾ ਵਿਚਲੀਆਂ “ਬੁਰੀਆਂ ਸੰਗਤਾਂ” ਤੋਂ ਵੀ ਪਰੇ ਰਹੇ।—1 ਕੁਰਿੰਥੀਆਂ 15:33; 2 ਤਿਮੋਥਿਉਸ 2:20, 21.
14. ਜੇ ਅਸੀਂ ਖ਼ਬਰਦਾਰ ਨਹੀਂ ਰਹਿੰਦੇ, ਤਾਂ ਆਮ ਵਿਚਾਰਾਂ ਦਾ ਵਟਾਂਦਰਾ ਕਿਵੇਂ ਹਾਨੀਕਾਰਕ ਬਹਿਸਬਾਜ਼ੀ ਵਿਚ ਬਦਲ ਸਕਦਾ ਹੈ?
14 ਇਸੇ ਤਰ੍ਹਾਂ 11ਵੇਂ ਪੈਰੇ ਵਿਚ ਦੱਸੀਆਂ ਗਈਆਂ ਸਮੱਸਿਆਵਾਂ ਅੱਜ ਵੀ ਆਮ ਤੌਰ ਤੇ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ ਨਹੀਂ ਪਾਈਆਂ ਜਾਂਦੀਆਂ। ਪਰ ਸਾਨੂੰ ਇਹ ਮੰਨਣਾ ਚਾਹੀਦਾ ਹੈ ਕਿ ਅਸੀਂ ਵੀ ਅਜਿਹੀ ਫ਼ਜ਼ੂਲ ਬਹਿਸਬਾਜ਼ੀ ਵਿਚ ਪੈ ਸਕਦੇ ਹਾਂ। ਬੇਸ਼ੱਕ ਬਾਈਬਲ ਦੇ ਬਿਰਤਾਂਤਾਂ ਦੀ ਚਰਚਾ ਕਰਨ ਜਾਂ ਵਾਅਦਾ ਕੀਤੇ ਹੋਏ ਨਵੇਂ ਸੰਸਾਰ ਦੇ ਉਨ੍ਹਾਂ ਪਹਿਲੂਆਂ ਬਾਰੇ ਸੋਚਣ ਵਿਚ ਕੋਈ ਬੁਰਾਈ ਨਹੀਂ ਜਿਨ੍ਹਾਂ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ। ਕੱਪੜਿਆਂ ਤੇ ਮਨੋਰੰਜਨ ਦੀ ਚੋਣ ਕਰਨ ਵਰਗੇ ਨਿੱਜੀ ਮਾਮਲਿਆਂ ਬਾਰੇ ਦੂਸਰਿਆਂ ਨਾਲ ਆਪਣੀ ਰਾਇ ਸਾਂਝੀ ਕਰਨੀ ਵੀ ਗ਼ਲਤ ਨਹੀਂ ਹੈ। ਪਰ ਜੇ ਅਸੀਂ ਆਪਣੇ ਵਿਚਾਰਾਂ ਤੇ ਅੜੇ ਰਹਿੰਦੇ ਹਾਂ ਤੇ ਉਨ੍ਹਾਂ ਵਿਅਕਤੀਆਂ ਨਾਲ ਨਾਰਾਜ਼ ਹੋ ਜਾਂਦੇ ਹਾਂ ਜਿਹੜੇ ਸਾਡੇ ਵਿਚਾਰਾਂ ਨਾਲ ਸਹਿਮਤ ਨਹੀਂ ਹੁੰਦੇ, ਤਾਂ ਕਲੀਸਿਯਾ ਵਿਚ ਛੋਟੀਆਂ-ਛੋਟੀਆਂ ਗੱਲਾਂ ਕਰਕੇ ਫੁੱਟ ਪੈ ਸਕਦੀ ਹੈ। ਮਾਮੂਲੀ ਜਿਹੀ ਗੱਲ ਹਾਨੀਕਾਰਕ ਬਣ ਸਕਦੀ ਹੈ ਜਿਸ ਨਾਲ ਦੂਸਰਿਆਂ ਨੂੰ ਨੁਕਸਾਨ ਹੋ ਸਕਦਾ ਹੈ।
ਆਪਣੀ ਅਮਾਨਤ ਦੀ ਰਾਖੀ ਕਰਨੀ
15. “ਭੂਤਾਂ ਦੀਆਂ ਸਿੱਖਿਆਂ” ਕਿਸ ਹੱਦ ਤਕ ਸਾਡੀ ਅਧਿਆਤਮਿਕਤਾ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਅਤੇ ਬਾਈਬਲ ਵਿਚ ਇਸ ਸੰਬੰਧੀ ਕੀ ਸਲਾਹ ਦਿੱਤੀ ਗਈ ਹੈ?
15 ਪੌਲੁਸ ਰਸੂਲ ਚੇਤਾਵਨੀ ਦਿੰਦਾ ਹੈ: “ਆਤਮਾ ਸਾਫ਼ ਆਖਦਾ ਹੈ ਭਈ ਆਉਣ ਵਾਲਿਆਂ ਸਮਿਆਂ ਵਿੱਚ ਕਈ ਲੋਕ ਭਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀਆਂ ਸਿੱਖਿਆਂ ਵੱਲ ਚਿੱਤ ਲਾ ਕੇ ਨਿਹਚਾ ਤੋਂ ਫਿਰ ਜਾਣਗੇ।” (1 ਤਿਮੋਥਿਉਸ 4:1) ਜੀ ਹਾਂ, ਅਸੀਂ ਹਾਨੀਕਾਰਕ ਵਿਚਾਰਾਂ ਨਾਲ ਸੱਚ-ਮੁੱਚ ਖ਼ਤਰੇ ਵਿਚ ਪੈ ਸਕਦੇ ਹਾਂ। ਇਸੇ ਕਰਕੇ ਪੌਲੁਸ ਨੇ ਆਪਣੇ ਜਿਗਰੀ ਦੋਸਤ ਤਿਮੋਥਿਉਸ ਨੂੰ ਨਸੀਹਤ ਦਿੱਤੀ: “ਹੇ ਤਿਮੋਥਿਉਸ, ਉਸ ਅਮਾਨਤ ਦੀ ਰਖਵਾਲੀ ਕਰ ਅਤੇ ਜਿਹੜਾ ਝੂਠ ਮੂਠ ਗਿਆਨ ਕਹਾਉਂਦਾ ਹੈ ਉਹ ਦੀ ਗੰਦੀ ਬੁੜ ਬੁੜ ਅਤੇ ਵਿਰੋਧਤਾਈਆਂ ਵੱਲੋਂ ਮੂੰਹ ਭੁਆ ਲੈ। ਕਈ ਲੋਕ ਉਸ ਗਿਆਨ ਨੂੰ ਮੰਨ ਕੇ ਨਿਹਚਾ ਦੇ ਨਿਸ਼ਾਨੇ ਤੋਂ ਖੁੰਝ ਗਏ ਹਨ।”—1 ਤਿਮੋਥਿਉਸ 6:20, 21.
16, 17. ਯਹੋਵਾਹ ਨੇ ਸਾਨੂੰ ਕਿਹੜੀ ਅਮਾਨਤ ਸੌਂਪੀ ਹੈ ਅਤੇ ਸਾਨੂੰ ਇਸ ਦੀ ਰਖਵਾਲੀ ਕਿਵੇਂ ਕਰਨੀ ਚਾਹੀਦੀ ਹੈ?
16 ਅੱਜ ਅਸੀਂ ਇਸ ਪਿਆਰ ਭਰੀ ਚੇਤਾਵਨੀ ਤੋਂ ਕਿਵੇਂ ਫ਼ਾਇਦਾ ਉਠਾ ਸਕਦੇ ਹਾਂ? ਤਿਮੋਥਿਉਸ ਨੂੰ ਇਕ ਕੀਮਤੀ ਅਮਾਨਤ ਦਿੱਤੀ ਗਈ ਸੀ ਜਿਸ ਨੂੰ ਉਸ ਨੇ ਸੰਭਾਲ ਕੇ ਰੱਖਣਾ ਸੀ ਤੇ ਜਿਸ ਦੀ ਰਾਖੀ ਕਰਨੀ ਸੀ। ਇਹ ਕੀ ਸੀ? ਪੌਲੁਸ ਸਮਝਾਉਂਦਾ ਹੈ: “ਤੂੰ ਓਹਨਾਂ ਖਰੀਆਂ ਗੱਲਾਂ ਦੇ ਨਮੂਨੇ ਨੂੰ ਜਿਹੜੀਆਂ ਤੈਂ ਮੈਥੋਂ ਸੁਣੀਆਂ ਉਸ ਨਿਹਚਾ ਅਤੇ ਪ੍ਰੇਮ ਨਾਲ ਜੋ ਮਸੀਹ ਯਿਸੂ ਵਿੱਚ ਹੈ ਫੜੀ ਰੱਖੀਂ। ਪਵਿੱਤਰ ਆਤਮਾ ਦੇ ਦੁਆਰਾ ਜੋ ਸਾਡੇ ਵਿੱਚ ਵੱਸਦਾ ਹੈ ਉਸ ਭਲੀ ਅਮਾਨਤ ਦੀ ਰਖਵਾਲੀ ਕਰ।” (2 ਤਿਮੋਥਿਉਸ 1:13, 14) ਜੀ ਹਾਂ, ਤਿਮੋਥਿਉਸ ਨੂੰ ਦਿੱਤੀ ਗਈ ਅਮਾਨਤ ਵਿਚ “ਖਰੀਆਂ ਗੱਲਾਂ” ਵੀ ਸ਼ਾਮਲ ਸਨ ਅਰਥਾਤ ‘ਉਹ ਸਿੱਖਿਆ ਜੋ ਭਗਤੀ ਦੇ ਅਨੁਸਾਰ ਸੀ।’ (1 ਤਿਮੋਥਿਉਸ 6:3) ਇਨ੍ਹਾਂ ਸ਼ਬਦਾਂ ਦੀ ਇਕਸੁਰਤਾ ਵਿਚ ਅੱਜ ਮਸੀਹੀਆਂ ਨੇ ਆਪਣੀ ਨਿਹਚਾ ਅਤੇ ਬਾਈਬਲ ਸੱਚਾਈਆਂ ਦੀ ਰਖਵਾਲੀ ਕਰਨ ਦਾ ਦ੍ਰਿੜ੍ਹ ਇਰਾਦਾ ਕੀਤਾ ਹੈ ਜਿਹੜੀਆਂ ਉਨ੍ਹਾਂ ਨੂੰ ਅਮਾਨਤ ਵਜੋਂ ਸੌਂਪੀਆਂ ਗਈਆਂ ਸਨ।
17 ‘ਸਭਨਾਂ ਨਾਲ ਪਰ ਨਿਜ ਕਰਕੇ ਨਿਹਚਾਵਾਨਾਂ ਨਾਲ ਭਲਾ ਕਰਦੇ ਹੋਏ’ ਬਾਈਬਲ ਦਾ ਅਧਿਐਨ ਕਰਨ ਦੀ ਚੰਗੀ ਆਦਤ ਪਾਉਣੀ ਤੇ ਲਗਾਤਾਰ ਪ੍ਰਾਰਥਨਾ ਕਰਦੇ ਰਹਿਣਾ ਉਸ ਅਮਾਨਤ ਦੀ ਰਖਵਾਲੀ ਕਰਨ ਵਿਚ ਸ਼ਾਮਲ ਹੈ। (ਗਲਾਤੀਆਂ 6:10; ਰੋਮੀਆਂ 12:11-17) ਪੌਲੁਸ ਅੱਗੇ ਨਸੀਹਤ ਦਿੰਦਾ ਹੈ: “ਧਰਮ, ਭਗਤੀ, ਨਿਹਚਾ, ਪ੍ਰੇਮ, ਧੀਰਜ, ਨਰਮਾਈ ਦੇ ਮਗਰ ਲੱਗਾ ਰਹੁ। ਨਿਹਚਾ ਦੀ ਚੰਗੀ ਲੜਾਈ ਲੜ, ਸਦੀਪਕ ਜੀਵਨ ਨੂੰ ਫੜ ਜਿਹ ਦੇ ਲਈ ਤੂੰ ਸੱਦਿਆ ਗਿਆ ਅਤੇ ਤੈਂ ਬਹੁਤਿਆਂ ਗਵਾਹਾਂ ਦੇ ਅੱਗੇ ਪੱਕਾ ਕਰਾਰ ਕੀਤਾ ਸੀ।” (1 ਤਿਮੋਥਿਉਸ 6:11, 12) ਪੌਲੁਸ ਦੁਆਰਾ ਵਰਤੇ ਗਏ “ਚੰਗੀ ਲੜਾਈ ਲੜ” ਅਤੇ “ਫੜ” ਵਰਗੇ ਵਾਕਾਂਸ਼ਾਂ ਤੋਂ ਇਹ ਗੱਲ ਸਾਫ਼-ਸਾਫ਼ ਪਤਾ ਲੱਗਦੀ ਹੈ ਕਿ ਸਾਡੀ ਅਧਿਆਤਮਿਕਤਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਪ੍ਰਭਾਵਾਂ ਦਾ ਸਾਨੂੰ ਪੂਰੀ ਦ੍ਰਿੜ੍ਹਤਾ ਨਾਲ ਲਗਾਤਾਰ ਵਿਰੋਧ ਕਰਨਾ ਚਾਹੀਦਾ ਹੈ।
ਸਮਝਦਾਰੀ ਦਿਖਾਉਣ ਦੀ ਲੋੜ
18. ਦੁਨਿਆਵੀ ਜਾਣਕਾਰੀ ਦੇ ਸੰਬੰਧ ਵਿਚ ਮਸੀਹੀ ਸੰਤੁਲਿਤ ਰਵੱਈਆ ਕਿਵੇਂ ਦਿਖਾ ਸਕਦੇ ਹਨ?
18 ਨਿਹਚਾ ਦੀ ਚੰਗੀ ਲੜਾਈ ਲੜਦੇ ਸਮੇਂ ਸਾਨੂੰ ਸਮਝਦਾਰੀ ਦਿਖਾਉਣ ਦੀ ਲੋੜ ਹੈ। (ਕਹਾਉਤਾਂ 2:11; ਫ਼ਿਲਿੱਪੀਆਂ 1:9) ਉਦਾਹਰਣ ਲਈ, ਦੁਨੀਆਂ ਦੀ ਹਰ ਜਾਣਕਾਰੀ ਉੱਤੇ ਸ਼ੱਕ ਕਰਨਾ ਨਾਸਮਝੀ ਦੀ ਗੱਲ ਹੋਵੇਗੀ। (ਫ਼ਿਲਿੱਪੀਆਂ 4:5; ਯਾਕੂਬ 3:17) ਸਾਰੇ ਮਨੁੱਖੀ ਵਿਚਾਰ ਪਰਮੇਸ਼ੁਰ ਦੇ ਬਚਨ ਦੇ ਉਲਟ ਨਹੀਂ ਹਨ। ਯਿਸੂ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਬੀਮਾਰਾਂ ਨੂੰ ਚੰਗੇ ਡਾਕਟਰ ਕੋਲ ਜਾਣਾ ਚਾਹੀਦਾ ਹੈ, ਜੋ ਕਿ ਇਕ ਦੁਨਿਆਵੀ ਪੇਸ਼ਾ ਹੈ। (ਲੂਕਾ 5:31) ਯਿਸੂ ਮਸੀਹ ਦੇ ਦਿਨਾਂ ਵਿਚ ਇਲਾਜ ਦੇ ਇੰਨੇ ਵਧੀਆ ਤਰੀਕੇ ਨਾ ਹੋਣ ਦੇ ਬਾਵਜੂਦ ਵੀ ਉਸ ਨੇ ਇਹ ਗੱਲ ਮੰਨੀ ਕਿ ਲੋਕਾਂ ਨੂੰ ਡਾਕਟਰਾਂ ਤੋਂ ਕੁਝ ਫ਼ਾਇਦਾ ਹੋ ਸਕਦਾ ਸੀ। ਅੱਜ ਮਸੀਹੀ ਦੁਨਿਆਵੀ ਜਾਣਕਾਰੀ ਦੇ ਸੰਬੰਧ ਵਿਚ ਸੰਤੁਲਿਤ ਰਵੱਈਆ ਰੱਖਦੇ ਹਨ, ਪਰ ਉਹ ਅਜਿਹੀ ਕਿਸੇ ਵੀ ਜਾਣਕਾਰੀ ਤੋਂ ਬਚ ਕੇ ਰਹਿੰਦੇ ਹਨ ਜਿਹੜੀ ਉਨ੍ਹਾਂ ਦੀ ਅਧਿਆਤਮਿਕਤਾ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
19, 20. (ੳ) ਬਿਨਾਂ ਸੋਚੇ-ਸਮਝੇ ਬੋਲਣ ਵਾਲਿਆਂ ਨੂੰ ਸੁਧਾਰਨ ਵੇਲੇ ਬਜ਼ੁਰਗ ਕਿਵੇਂ ਸਮਝਦਾਰੀ ਦਿਖਾਉਂਦੇ ਹਨ? (ਅ) ਕਲੀਸਿਯਾ ਉਨ੍ਹਾਂ ਵਿਅਕਤੀਆਂ ਨਾਲ ਕਿਵੇਂ ਪੇਸ਼ ਆਉਂਦੀ ਹੈ, ਜਿਹੜੇ ਝੂਠੀਆਂ ਸਿੱਖਿਆਵਾਂ ਫੈਲਾਉਣ ਤੋਂ ਬਾਜ਼ ਨਹੀਂ ਆਉਂਦੇ?
19 ਜਦੋਂ ਬਜ਼ੁਰਗ ਬਿਨਾਂ ਸੋਚੇ-ਸਮਝੇ ਬੋਲਣ ਵਾਲਿਆਂ ਦੀ ਮਦਦ ਕਰਦੇ ਹਨ, ਤਾਂ ਉਸ ਵੇਲੇ ਉਨ੍ਹਾਂ ਨੂੰ ਵੀ ਸਮਝਦਾਰੀ ਦਿਖਾਉਣ ਦੀ ਲੋੜ ਹੁੰਦੀ ਹੈ। (2 ਤਿਮੋਥਿਉਸ 2:7) ਕਈ ਵਾਰ ਕਲੀਸਿਯਾ ਦੇ ਮੈਂਬਰ ਛੋਟੀਆਂ-ਛੋਟੀਆਂ ਗੱਲਾਂ ਤੇ ਬਹਿਸਬਾਜ਼ੀ ਕਰਨ ਲੱਗ ਪੈਂਦੇ ਹਨ। ਕਲੀਸਿਯਾ ਦੀ ਏਕਤਾ ਨੂੰ ਬਣਾਈ ਰੱਖਣ ਲਈ ਬਜ਼ੁਰਗਾਂ ਨੂੰ ਅਜਿਹੀਆਂ ਸਮੱਸਿਆਵਾਂ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਪਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਭਰਾਵਾਂ ਦੀਆਂ ਗੱਲਾਂ ਦਾ ਗ਼ਲਤ ਅਰਥ ਨਾ ਕੱਢਣ ਤੇ ਕਾਹਲੀ ਵਿਚ ਉਨ੍ਹਾਂ ਨੂੰ ਧਰਮ-ਤਿਆਗੀ ਨਾ ਸਮਝਣ।
20 ਪੌਲੁਸ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਮਦਦ ਕਰਨੀ ਹੈ। ਉਸ ਨੇ ਕਿਹਾ: “ਹੇ ਭਰਾਵੋ, ਜੇ ਕੋਈ ਮਨੁੱਖ ਕਿਸੇ ਅਪਰਾਧ ਵਿੱਚ ਫੜਿਆ ਵੀ ਜਾਵੇ ਤਾਂ ਤੁਸੀਂ ਜਿਹੜੇ ਆਤਮਕ ਹੋ ਅਜਿਹੇ ਮਨੁੱਖ ਨੂੰ ਨਰਮਾਈ ਦੇ ਸੁਭਾਉ ਨਾਲ ਸੁਧਾਰੋ।” (ਗਲਾਤੀਆਂ 6:1) ਯਹੂਦਾਹ ਨੇ ਖ਼ਾਸ ਕਰਕੇ ਉਨ੍ਹਾਂ ਮਸੀਹੀਆਂ ਬਾਰੇ ਲਿਖਿਆ ਜਿਨ੍ਹਾਂ ਨੂੰ ਬਾਈਬਲ ਦੀਆਂ ਸਿੱਖਿਆਵਾਂ ਦੇ ਸੰਬੰਧ ਵਿਚ ਕੁਝ ਸ਼ੱਕ ਸਨ: “ਕਿੰਨਿਆਂ ਉੱਤੇ ਜਿਹੜੇ ਦੁਬਧਾ ਵਿੱਚ ਪਏ ਹੋਏ ਹਨ ਦਯਾ ਕਰੋ। ਅਤੇ ਕਿੰਨਿਆਂ ਨੂੰ ਅੱਗ ਵਿੱਚੋਂ ਧੂ ਖਿੱਚ ਕੇ ਬਚਾਓ।” (ਯਹੂਦਾਹ 22, 23) ਪਰ ਜੇ ਕਿਸੇ ਨੂੰ ਵਾਰ-ਵਾਰ ਝਿੜਕਣ ਤੇ ਵੀ ਉਹ ਗ਼ਲਤ ਸਿੱਖਿਆਵਾਂ ਦੇਣੀਆਂ ਜਾਰੀ ਰੱਖਦਾ ਹੈ, ਤਾਂ ਕਲੀਸਿਯਾ ਦੀ ਰਾਖੀ ਕਰਨ ਲਈ ਬਜ਼ੁਰਗਾਂ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ।—1 ਤਿਮੋਥਿਉਸ 1:20; ਤੀਤੁਸ 3:10, 11.
ਆਪਣੇ ਮਨਾਂ ਨੂੰ ਚੰਗੀਆਂ ਗੱਲਾਂ ਨਾਲ ਭਰਨਾ
21, 22. ਸਾਨੂੰ ਜਾਣਕਾਰੀ ਲੈਣ ਦੇ ਮਾਮਲੇ ਵਿਚ ਕੀ ਕਰਨਾ ਚਾਹੀਦਾ ਹੈ ਅਤੇ ਕਿਹੜੀਆਂ ਗੱਲਾਂ ਨਾਲ ਸਾਨੂੰ ਆਪਣੇ ਮਨਾਂ ਨੂੰ ਭਰਨਾ ਚਾਹੀਦਾ ਹੈ?
21 ਮਸੀਹੀ ਕਲੀਸਿਯਾ ਹਾਨੀਕਾਰਕ ਬੋਲਾਂ ਤੋਂ ਬਚ ਕੇ ਰਹਿੰਦੀ ਹੈ ਜਿਹੜੇ ‘ਮਿੱਠੀ ਮੌਹਰੀ ਵਾਂਙੁ ਖਾਂਦੇ’ ਹਨ। (2 ਤਿਮੋਥਿਉਸ 2:16, 17; ਤੀਤੁਸ 3:9) ਇਹ ਗੱਲ ਬਿਲਕੁਲ ਸੱਚ ਹੈ, ਚਾਹੇ ਅਜਿਹੇ ਬੋਲ ਗੁਮਰਾਹ ਕਰਨ ਵਾਲੀ ਦੁਨਿਆਵੀ “ਬੁੱਧ” ਹੋਣ, ਧਰਮ-ਤਿਆਗੀਆਂ ਦਾ ਪ੍ਰਾਪੇਗੰਡਾ ਹੋਣ ਜਾਂ ਕਲੀਸਿਯਾ ਵਿਚ ਬਿਨਾਂ ਸੋਚੇ-ਸਮਝੇ ਕਹੀਆਂ ਗੱਲਾਂ ਹੋਣ। ਭਾਵੇਂ ਕਿ ਨਵੀਆਂ ਚੀਜ਼ਾਂ ਬਾਰੇ ਜਾਣਨ ਦੀ ਚੰਗੀ ਇੱਛਾ ਦੇ ਫ਼ਾਇਦੇ ਹੁੰਦੇ ਹਨ, ਪਰ ਬੇਰੋਕ ਉਤਸੁਕਤਾ ਨਾਲ ਅਸੀਂ ਹਾਨੀਕਾਰਕ ਵਿਚਾਰਾਂ ਵਿਚ ਫਸ ਸਕਦੇ ਹਾਂ। ਅਸੀਂ ਸ਼ਤਾਨ ਦੇ ਚਾਲਿਆਂ ਤੋਂ ਅਣਜਾਣ ਨਹੀਂ ਹਾਂ। (2 ਕੁਰਿੰਥੀਆਂ 2:11) ਅਸੀਂ ਜਾਣਦੇ ਹਾਂ ਕਿ ਉਹ ਸਾਡਾ ਧਿਆਨ ਭੰਗ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਤਾਂਕਿ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਢਿੱਲੇ ਪੈ ਜਾਈਏ।
22 ਚੰਗੇ ਸੇਵਕ ਹੋਣ ਦੇ ਨਾਤੇ, ਆਓ ਆਪਾਂ ਪਰਮੇਸ਼ੁਰੀ ਸਿੱਖਿਆ ਉੱਤੇ ਦ੍ਰਿੜ੍ਹਤਾ ਨਾਲ ਚੱਲਦੇ ਰਹੀਏ। (1 ਤਿਮੋਥਿਉਸ 4:6) ਅਤੇ ਸਿਰਫ਼ ਲੋੜੀਂਦੀ ਜਾਣਕਾਰੀ ਲੈਣ ਦੁਆਰਾ ਆਪਣੇ ਸਮੇਂ ਨੂੰ ਸਮਝਦਾਰੀ ਨਾਲ ਵਰਤੀਏ। ਤਦ ਅਸੀਂ ਸ਼ਤਾਨ ਦੁਆਰਾ ਉਕਸਾਏ ਪ੍ਰਾਪੇਗੰਡੇ ਕਰਕੇ ਆਸਾਨੀ ਨਾਲ ਨਹੀਂ ਡਗਮਗਾਵਾਂਗੇ। ਜੀ ਹਾਂ, ਆਓ ਆਪਾਂ ਉਨ੍ਹਾਂ ਗੱਲਾਂ ਉੱਤੇ ਵਿਚਾਰ ਕਰਦੇ ਰਹੀਏ “ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰ ਜੋਗ ਹਨ ਜਿਹੜੀਆਂ ਜਥਾਰਥ ਹਨ, ਜਿਹੜੀਆਂ ਸ਼ੁੱਧ ਹਨ, ਜਿਹੜੀਆਂ ਸੁਹਾਉਣੀਆਂ ਹਨ, ਜਿਹੜੀਆਂ ਨੇਕ ਨਾਮੀ ਦੀਆਂ ਹਨ।” ਜੇ ਅਸੀਂ ਆਪਣੇ ਦਿਲਾਂ-ਦਿਮਾਗ਼ਾਂ ਨੂੰ ਅਜਿਹੀਆਂ ਗੱਲਾਂ ਨਾਲ ਭਰਦੇ ਹਾਂ, ਤਾਂ ਪਰਮੇਸ਼ੁਰ ਦੀ ਸ਼ਾਂਤੀ ਸਾਡੇ ਕੋਲ ਹੋਵੇਗੀ।—ਫ਼ਿਲਿੱਪੀਆਂ 4:8, 9.
ਅਸੀਂ ਕੀ ਸਿੱਖਿਆ?
• ਦੁਨਿਆਵੀ ਗਿਆਨ ਸਾਡੀ ਅਧਿਆਤਮਿਕਤਾ ਨੂੰ ਕਿਵੇਂ ਖ਼ਤਰੇ ਵਿਚ ਪਾ ਸਕਦਾ ਹੈ?
• ਅਸੀਂ ਧਰਮ-ਤਿਆਗੀਆਂ ਦੀ ਹਾਨੀਕਾਰਕ ਜਾਣਕਾਰੀ ਤੋਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹਾਂ?
• ਕਲੀਸਿਯਾ ਵਿਚ ਸਾਨੂੰ ਕਿਸ ਤਰ੍ਹਾਂ ਦੀਆਂ ਗੱਲਾਂ ਕਰਨ ਤੋਂ ਬਚਣਾ ਚਾਹੀਦਾ ਹੈ?
• ਅੱਜ ਬਹੁਤ ਜ਼ਿਆਦਾ ਜਾਣਕਾਰੀ ਲੈਣ ਦੇ ਮਾਮਲੇ ਵਿਚ ਮਸੀਹੀ ਕਿਵੇਂ ਸੰਤੁਲਨ ਦਿਖਾਉਂਦੇ ਹਨ?
[ਸਵਾਲ]
[ਸਫ਼ੇ 9 ਉੱਤੇ ਤਸਵੀਰ]
ਬਹੁਤ ਸਾਰੇ ਮਸ਼ਹੂਰ ਰਸਾਲੇ ਅਤੇ ਕਿਤਾਬਾਂ ਸਾਡੀਆਂ ਮਸੀਹੀ ਸਿੱਖਿਆਵਾਂ ਦੇ ਵਿਰੁੱਧ ਹਨ
[ਸਫ਼ੇ 10 ਉੱਤੇ ਤਸਵੀਰ]
ਮਸੀਹੀ ਹਠਧਰਮੀ ਬਣੇ ਬਿਨਾਂ ਵਿਚਾਰਾਂ ਦਾ ਵਟਾਂਦਰਾ ਕਰ ਸਕਦੇ ਹਨ