Skip to content

Skip to table of contents

ਪਵਿੱਤਰ ਆਤਮਾ ਦੀ ਗੱਲ ਸੁਣੋ

ਪਵਿੱਤਰ ਆਤਮਾ ਦੀ ਗੱਲ ਸੁਣੋ

ਪਵਿੱਤਰ ਆਤਮਾ ਦੀ ਗੱਲ ਸੁਣੋ

“ਤੁਹਾਡੇ ਕੰਨ ਤੁਹਾਡੇ ਪਿੱਛੋਂ ਏਹ ਗੱਲ ਸੁਣਨਗੇ ਕਿ ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ, ਜਦ ਤੁਸੀਂ ਸੱਜੇ ਨੂੰ ਮੁੜੋ ਅਤੇ ਜਦ ਤੁਸੀਂ ਖੱਬੇ ਨੂੰ ਮੁੜੋ।”—ਯਸਾਯਾਹ 30:21.

1, 2. ਬੀਤੇ ਸਮੇਂ ਵਿਚ ਯਹੋਵਾਹ ਨੇ ਇਨਸਾਨਾਂ ਨਾਲ ਕਿਵੇਂ ਗੱਲ-ਬਾਤ ਕੀਤੀ ਸੀ?

ਪੋਰਟੋ ਰੀਕੋ ਟਾਪੂ ਉੱਤੇ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵਧੀਆ ਇਕ ਡਿਸ਼ ਵਾਲਾ ਰੇਡੀਓ ਟੈਲੀਸਕੋਪ ਹੈ। ਕਈ ਦਹਾਕਿਆਂ ਤੋਂ ਵਿਗਿਆਨੀ ਇਸ ਵੱਡੇ ਟੈਲੀਸਕੋਪ ਦੀ ਮਦਦ ਨਾਲ ਕਿਸੇ ਦੂਸਰੇ ਗ੍ਰਹਿ ਉੱਤੇ ਰਹਿੰਦੇ ਲੋਕਾਂ ਤੋਂ ਸੰਦੇਸ਼ ਪ੍ਰਾਪਤ ਕਰਨ ਦੀ ਆਸ ਵਿਚ ਬੈਠੇ ਹੋਏ ਹਨ। ਪਰ ਉਨ੍ਹਾਂ ਨੂੰ ਅਜੇ ਤਕ ਕੋਈ ਸੰਦੇਸ਼ ਨਹੀਂ ਮਿਲਿਆ। ਪਰ ਸੱਚ ਤਾਂ ਇਹ ਹੈ ਕਿ ਅਸੀਂ ਸਾਰੇ ਕਿਸੇ ਵੀ ਟੈਲੀਸਕੋਪ ਦੀ ਮਦਦ ਤੋਂ ਬਿਨਾਂ ਕਿਸੇ ਵੀ ਸਮੇਂ ਮਨੁੱਖੀ ਖੇਤਰ ਤੋਂ ਬਾਹਰਲੇ ਸੰਸਾਰ ਤੋਂ ਸੰਦੇਸ਼ ਪ੍ਰਾਪਤ ਕਰ ਸਕਦੇ ਹਾਂ। ਇਹ ਸੰਦੇਸ਼ ਦੁਨੀਆਂ ਦੇ ਸਭ ਤੋਂ ਮਹਾਨ ਵਿਅਕਤੀ ਤੋਂ ਆਉਂਦੇ ਹਨ। ਇਹ ਵਿਅਕਤੀ ਕੌਣ ਹੈ ਅਤੇ ਕਿਨ੍ਹਾਂ ਨੂੰ ਇਹ ਸੰਦੇਸ਼ ਮਿਲਦੇ ਹਨ? ਇਹ ਸੰਦੇਸ਼ ਕੀ ਹਨ?

2 ਬਾਈਬਲ ਵਿਚ ਅਜਿਹੇ ਬਹੁਤ ਸਾਰੇ ਮੌਕਿਆਂ ਬਾਰੇ ਦੱਸਿਆ ਗਿਆ ਹੈ ਜਦੋਂ ਪਰਮੇਸ਼ੁਰ ਨੇ ਇਨਸਾਨ ਨੂੰ ਸੰਦੇਸ਼ ਦਿੱਤੇ ਸਨ। ਕਈ ਵਾਰ ਇਹ ਸੰਦੇਸ਼ ਆਤਮਿਕ ਪ੍ਰਾਣੀਆਂ ਨੇ ਪਰਮੇਸ਼ੁਰ ਦੇ ਸੰਦੇਸ਼ਵਾਹਕ ਬਣ ਕੇ ਦਿੱਤੇ ਸਨ। (ਉਤਪਤ 22:11, 15; ਜ਼ਕਰਯਾਹ 4:4, 5; ਲੂਕਾ 1:26-28) ਤਿੰਨ ਮੌਕਿਆਂ ਤੇ ਖ਼ੁਦ ਯਹੋਵਾਹ ਦੀ ਆਵਾਜ਼ ਸੁਣਾਈ ਦਿੱਤੀ ਸੀ। (ਮੱਤੀ 3:17; 17:5; ਯੂਹੰਨਾ 12:28, 29) ਪਰਮੇਸ਼ੁਰ ਨੇ ਇਨਸਾਨੀ ਨਬੀਆਂ ਰਾਹੀਂ ਵੀ ਗੱਲਾਂ ਕੀਤੀਆਂ ਸਨ। ਉਨ੍ਹਾਂ ਵਿੱਚੋਂ ਕਈ ਨਬੀਆਂ ਨੇ ਉਹ ਸਭ ਕੁਝ ਲਿਖ ਲਿਆ ਜੋ ਕੁਝ ਪਰਮੇਸ਼ੁਰ ਨੇ ਉਨ੍ਹਾਂ ਨੂੰ ਕਹਿਣ ਲਈ ਪ੍ਰੇਰਿਆ ਸੀ। ਅੱਜ ਸਾਡੇ ਕੋਲ ਬਾਈਬਲ ਹੈ, ਜਿਸ ਵਿਚ ਇਹ ਗੱਲਾਂ ਲਿਖੀਆਂ ਹੋਈਆਂ ਹਨ। ਇਸ ਵਿਚ ਯਿਸੂ ਤੇ ਉਸ ਦੇ ਚੇਲਿਆਂ ਦੀਆਂ ਸਿੱਖਿਆਵਾਂ ਵੀ ਦਰਜ ਹਨ। (ਇਬਰਾਨੀਆਂ 1:1, 2) ਯਹੋਵਾਹ ਸੱਚ-ਮੁੱਚ ਇਨਸਾਨਾਂ ਨੂੰ ਜਾਣਕਾਰੀ ਦਿੰਦਾ ਰਿਹਾ ਹੈ।

3. ਪਰਮੇਸ਼ੁਰ ਨੇ ਕਿਉਂ ਸੰਦੇਸ਼ ਭੇਜੇ ਹਨ ਅਤੇ ਸਾਡੇ ਤੋਂ ਕੀ ਆਸ ਕੀਤੀ ਜਾਂਦੀ ਹੈ?

3 ਪਰਮੇਸ਼ੁਰ ਦੁਆਰਾ ਭੇਜੇ ਗਏ ਇਹ ਸਾਰੇ ਸੰਦੇਸ਼ ਬ੍ਰਹਿਮੰਡ ਬਾਰੇ ਬਹੁਤ ਘੱਟ ਦੱਸਦੇ ਹਨ। ਇਹ ਸੰਦੇਸ਼ ਜ਼ਿਆਦਾ ਜ਼ਰੂਰੀ ਗੱਲਾਂ ਬਾਰੇ ਦੱਸਦੇ ਹਨ ਜਿਸ ਦਾ ਹੁਣ ਅਤੇ ਭਵਿੱਖ ਵਿਚ ਸਾਡੀ ਜ਼ਿੰਦਗੀ ਤੇ ਅਸਰ ਪੈਂਦਾ ਹੈ। (ਜ਼ਬੂਰ 19:7-11; 1 ਤਿਮੋਥਿਉਸ 4:8) ਯਹੋਵਾਹ ਸੰਦੇਸ਼ਾਂ ਦੁਆਰਾ ਆਪਣੀ ਇੱਛਾ ਬਾਰੇ ਦੱਸਦਾ ਹੈ ਅਤੇ ਸਾਨੂੰ ਅਗਵਾਈ ਦਿੰਦਾ ਹੈ। ਇਨ੍ਹਾਂ ਸੰਦੇਸ਼ਾਂ ਦੁਆਰਾ ਨਬੀ ਯਸਾਯਾਹ ਦੀ ਭਵਿੱਖਬਾਣੀ ਪੂਰੀ ਹੁੰਦੀ ਹੈ: “ਤੁਹਾਡੇ ਕੰਨ ਤੁਹਾਡੇ ਪਿੱਛੋਂ ਏਹ ਗੱਲ ਸੁਣਨਗੇ ਕਿ ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ, ਜਦ ਤੁਸੀਂ ਸੱਜੇ ਨੂੰ ਮੁੜੋ ਅਤੇ ਜਦ ਤੁਸੀਂ ਖੱਬੇ ਨੂੰ ਮੁੜੋ।” (ਯਸਾਯਾਹ 30:21) ਯਹੋਵਾਹ ਸਾਨੂੰ ਮਜਬੂਰ ਨਹੀਂ ਕਰਦਾ ਕਿ ਅਸੀਂ ਉਸ ਦੀ “ਗੱਲ” ਸੁਣੀਏ। ਪਰਮੇਸ਼ੁਰ ਦੀ ਅਗਵਾਈ ਵਿਚ ਉਸ ਦੇ ਰਾਹ ਉੱਤੇ ਚੱਲਣਾ ਜਾਂ ਨਾ ਚੱਲਣਾ ਸਾਡੀ ਆਪਣੀ ਮਰਜ਼ੀ ਹੈ। ਇਸੇ ਕਰਕੇ ਸ਼ਾਸਤਰਵਚਨ ਸਾਨੂੰ ਸਲਾਹ ਦਿੰਦੇ ਹਨ ਕਿ ਅਸੀਂ ਯਹੋਵਾਹ ਦੀ ਗੱਲ ਸੁਣੀਏ। ਪਰਕਾਸ਼ ਦੀ ਪੋਥੀ ਵਿਚ ਸਾਨੂੰ “ਆਤਮਾ” ਦੀ ਗੱਲ ਸੁਣਨ ਲਈ ਸੱਤ ਵਾਰ ਕਿਹਾ ਗਿਆ ਹੈ।—ਪਰਕਾਸ਼ ਦੀ ਪੋਥੀ 2:7, 11, 17, 29; 3:6, 13, 22.

4. ਕੀ ਅੱਜ ਇਹ ਆਸ ਰੱਖਣੀ ਠੀਕ ਹੈ ਕਿ ਪਰਮੇਸ਼ੁਰ ਸਵਰਗ ਤੋਂ ਸਾਡੇ ਨਾਲ ਸਿੱਧੇ ਤੌਰ ਤੇ ਗੱਲ ਕਰੇ?

4 ਅੱਜ ਯਹੋਵਾਹ ਸਵਰਗ ਤੋਂ ਸਾਨੂੰ ਸਿੱਧੇ ਤੌਰ ਤੇ ਸੰਦੇਸ਼ ਨਹੀਂ ਘੱਲਦਾ। ਬਾਈਬਲ ਦੇ ਸਮਿਆਂ ਵਿਚ ਵੀ ਅਜਿਹੇ ਸੰਦੇਸ਼ ਕਦੀ-ਕਦਾਈਂ ਹੀ ਮਿਲਦੇ ਸਨ, ਕਈ ਵਾਰ ਤਾਂ ਅਗਲਾ ਸੰਦੇਸ਼ ਮਿਲਣ ਤਕ ਸਦੀਆਂ ਬੀਤ ਜਾਂਦੀਆਂ ਸਨ। ਬੀਤੇ ਸਮੇਂ ਵਿਚ ਯਹੋਵਾਹ ਨੇ ਜ਼ਿਆਦਾ ਕਰਕੇ ਅਸਿੱਧੇ ਤੌਰ ਤੇ ਆਪਣੇ ਲੋਕਾਂ ਨਾਲ ਗੱਲ ਕੀਤੀ ਸੀ। ਅੱਜ ਵੀ ਉਹ ਇਸੇ ਤਰ੍ਹਾਂ ਕਰਦਾ ਹੈ। ਆਓ ਆਪਾਂ ਤਿੰਨ ਤਰੀਕਿਆਂ ਉੱਤੇ ਵਿਚਾਰ ਕਰੀਏ ਜਿਨ੍ਹਾਂ ਦੁਆਰਾ ਯਹੋਵਾਹ ਅੱਜ ਵੀ ਸਾਡੇ ਨਾਲ ਗੱਲ ਕਰਦਾ ਹੈ।

“ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ”

5. ਅੱਜ ਯਹੋਵਾਹ ਕਿਸ ਮੁੱਖ ਜ਼ਰੀਏ ਰਾਹੀਂ ਗੱਲ ਕਰਦਾ ਹੈ ਅਤੇ ਅਸੀਂ ਇਸ ਤੋਂ ਕਿਵੇਂ ਲਾਭ ਪ੍ਰਾਪਤ ਕਰ ਸਕਦੇ ਹਾਂ?

5 ਪਰਮੇਸ਼ੁਰ ਅਤੇ ਇਨਸਾਨਾਂ ਵਿਚ ਗੱਲ-ਬਾਤ ਕਰਨ ਦਾ ਮੁੱਖ ਜ਼ਰੀਆ ਬਾਈਬਲ ਹੈ। ਪਰਮੇਸ਼ੁਰ ਨੇ ਇਸ ਨੂੰ ਲਿਖਾਇਆ ਸੀ ਅਤੇ ਇਸ ਵਿਚ ਲਿਖੀ ਹਰ ਗੱਲ ਤੋਂ ਸਾਨੂੰ ਫ਼ਾਇਦਾ ਹੋ ਸਕਦਾ ਹੈ। (2 ਤਿਮੋਥਿਉਸ 3:16) ਬਾਈਬਲ ਵਿਚ ਅਜਿਹੇ ਬਹੁਤ ਸਾਰੇ ਲੋਕਾਂ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੇ ਆਪਣੀ ਆਜ਼ਾਦ ਇੱਛਾ ਨਾਲ ਯਹੋਵਾਹ ਦੀ ਗੱਲ ਸੁਣਨ ਜਾਂ ਨਾ ਸੁਣਨ ਦਾ ਫ਼ੈਸਲਾ ਕੀਤਾ। ਅਜਿਹੀਆਂ ਉਦਾਹਰਣਾਂ ਸਾਨੂੰ ਯਾਦ ਕਰਾਉਂਦੀਆਂ ਹਨ ਕਿ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਗੱਲ ਸੁਣਨੀ ਕਿਉਂ ਜ਼ਰੂਰੀ ਹੈ। (1 ਕੁਰਿੰਥੀਆਂ 10:11) ਬਾਈਬਲ ਵਿੱਚੋਂ ਅਸੀਂ ਵਿਵਹਾਰਕ ਬੁੱਧੀ ਪ੍ਰਾਪਤ ਕਰ ਸਕਦੇ ਹਾਂ। ਜਦੋਂ ਅਸੀਂ ਜ਼ਿੰਦਗੀ ਵਿਚ ਕੋਈ ਫ਼ੈਸਲਾ ਕਰਨਾ ਹੁੰਦਾ ਹੈ, ਤਾਂ ਇਸ ਵਿੱਚੋਂ ਸਾਨੂੰ ਸਲਾਹ ਮਿਲਦੀ ਹੈ। ਇਸ ਤਰ੍ਹਾਂ ਪਰਮੇਸ਼ੁਰ ਸਾਡੇ ਕੰਨ ਵਿਚ ਕਹਿੰਦਾ ਹੈ: “ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ।”

6. ਬਾਈਬਲ ਸਾਰੀਆਂ ਦੂਸਰੀਆਂ ਕਿਤਾਬਾਂ ਤੋਂ ਉੱਤਮ ਕਿਉਂ ਹੈ?

6 ਬਾਈਬਲ ਰਾਹੀਂ ਪਵਿੱਤਰ ਆਤਮਾ ਦੀ ਗੱਲ ਸੁਣਨ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਹਰ ਰੋਜ਼ ਬਾਈਬਲ ਪੜ੍ਹੀਏ। ਬਾਈਬਲ ਸਿਰਫ਼ ਅੱਜ ਦੀਆਂ ਵਧੀਆ ਤਰੀਕੇ ਨਾਲ ਲਿਖੀਆਂ ਗਈਆਂ ਮਸ਼ਹੂਰ ਕਿਤਾਬਾਂ ਵਿੱਚੋਂ ਹੀ ਨਹੀਂ ਹੈ, ਬਲਕਿ ਇਹ ਪਵਿੱਤਰ ਆਤਮਾ ਦੁਆਰਾ ਪ੍ਰੇਰਿਤ ਕੀਤੀ ਗਈ ਹੈ ਤੇ ਇਸ ਵਿਚ ਪਰਮੇਸ਼ੁਰ ਦੀਆਂ ਗੱਲਾਂ ਹਨ। ਇਬਰਾਨੀਆਂ 4:12 ਕਹਿੰਦਾ ਹੈ: “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਅਰ ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰ ਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ।” ਜਿੱਦਾਂ-ਜਿੱਦਾਂ ਅਸੀਂ ਬਾਈਬਲ ਪੜ੍ਹਦੇ ਹਾਂ, ਇਸ ਵਿਚ ਲਿਖੀਆਂ ਗੱਲਾਂ ਸਾਡੇ ਅੰਦਰੂਨੀ ਵਿਚਾਰਾਂ ਅਤੇ ਪ੍ਰੇਰਣਾਵਾਂ ਨੂੰ ਤਲਵਾਰ ਵਾਂਗ ਵਿੰਨ੍ਹਦੀਆਂ ਹਨ ਤੇ ਇਹ ਗੱਲ ਪ੍ਰਗਟ ਕਰਦੀਆਂ ਹਨ ਕਿ ਅਸੀਂ ਕਿਸ ਹੱਦ ਤਕ ਆਪਣੀ ਜ਼ਿੰਦਗੀ ਪਰਮੇਸ਼ੁਰ ਦੀ ਇੱਛਾ ਅਨੁਸਾਰ ਜੀਉਂਦੇ ਹਾਂ।

7. ਬਾਈਬਲ ਪੜ੍ਹਨੀ ਕਿਉਂ ਜ਼ਰੂਰੀ ਹੈ ਅਤੇ ਸਾਨੂੰ ਕਿੰਨੀ ਵਾਰ ਬਾਈਬਲ ਪੜ੍ਹਨ ਦੀ ਸਲਾਹ ਦਿੱਤੀ ਜਾਂਦੀ ਹੈ?

7 ਸਮੇਂ ਦੇ ਬੀਤਣ ਨਾਲ ਅਤੇ ਜ਼ਿੰਦਗੀ ਦੇ ਮਿੱਠੇ-ਕੌੜੇ ਤਜਰਬਿਆਂ ਕਰਕੇ “ਮਨ ਦੀਆਂ ਵਿਚਾਰਾਂ ਅਤੇ ਧਾਰਨਾਂ” ਬਦਲ ਸਕਦੀਆਂ ਹਨ। ਜੇ ਅਸੀਂ ਪਰਮੇਸ਼ੁਰ ਦੇ ਬਚਨ ਬਾਈਬਲ ਨੂੰ ਲਗਾਤਾਰ ਨਹੀਂ ਪੜ੍ਹਦੇ, ਤਾਂ ਸਾਡੇ ਅੰਦਰ ਗ਼ਲਤ ਵਿਚਾਰ, ਗ਼ਲਤ ਰਵੱਈਆ, ਅਤੇ ਬੁਰੀਆਂ ਭਾਵਨਾਵਾਂ ਪੈਦਾ ਹੋ ਜਾਣਗੀਆਂ ਜੋ ਕਿ ਪਰਮੇਸ਼ੁਰ ਦੇ ਸਿਧਾਂਤਾਂ ਅਨੁਸਾਰ ਨਹੀਂ ਹੋਣਗੀਆਂ। ਇਸ ਲਈ ਬਾਈਬਲ ਸਾਨੂੰ ਸਲਾਹ ਦਿੰਦੀ ਹੈ: “ਆਪਣਾ ਪਰਤਾਵਾ ਕਰੋ ਕਿ ਤੁਸੀਂ ਨਿਹਚਾ ਵਿੱਚ ਹੋ ਯਾ ਨਹੀਂ। ਆਪਣੇ ਆਪ ਨੂੰ ਪਰਖੋ!” (2 ਕੁਰਿੰਥੀਆਂ 13:5) ਜੇ ਅਸੀਂ ਲਗਾਤਾਰ ਆਤਮਾ ਦੀ ਗੱਲ ਸੁਣਨਾ ਚਾਹੁੰਦੇ ਹਾਂ, ਤਾਂ ਸਾਨੂੰ ਪਰਮੇਸ਼ੁਰ ਦੇ ਬਚਨ ਨੂੰ ਰੋਜ਼ ਪੜ੍ਹਨ ਦੀ ਸਲਾਹ ਵੱਲ ਧਿਆਨ ਦੇਣਾ ਚਾਹੀਦਾ ਹੈ।—ਜ਼ਬੂਰ 1:2.

8. ਬਾਈਬਲ ਪੜ੍ਹਨ ਦੇ ਸੰਬੰਧ ਵਿਚ ਆਪਣੀ ਜਾਂਚ ਕਰਨ ਲਈ ਅਸੀਂ ਪੌਲੁਸ ਰਸੂਲ ਦੇ ਕਿਹੜੇ ਸ਼ਬਦਾਂ ਨੂੰ ਇਸਤੇਮਾਲ ਕਰ ਸਕਦੇ ਹਾਂ?

8 ਬਾਈਬਲ ਪੜ੍ਹਨ ਵਾਲਿਆਂ ਨੂੰ ਇਹ ਇਕ ਜ਼ਰੂਰੀ ਗੱਲ ਯਾਦ ਕਰਾਈ ਜਾਂਦੀ ਹੈ: ਜੋ ਕੁਝ ਤੁਸੀਂ ਪੜ੍ਹਦੇ ਹੋ, ਉਸ ਉੱਤੇ ਮਨਨ ਕਰਨ ਲਈ ਸਮਾਂ ਕੱਢੋ! ਹਰ ਰੋਜ਼ ਬਾਈਬਲ ਪੜ੍ਹਨ ਦੀ ਸਲਾਹ ਨੂੰ ਮੰਨਣ ਦੀ ਕੋਸ਼ਿਸ਼ ਵਿਚ ਸਾਨੂੰ ਬਿਨਾਂ ਕੁਝ ਸਮਝੇ ਫਟਾਫਟ ਅਧਿਆਇ ਨਹੀਂ ਪੜ੍ਹਨੇ ਚਾਹੀਦੇ। ਜਦ ਕਿ ਰੋਜ਼ ਬਾਈਬਲ ਪੜ੍ਹਨੀ ਬਹੁਤ ਜ਼ਰੂਰੀ ਹੈ, ਪਰ ਸਾਨੂੰ ਸਿਰਫ਼ ਅਨੁਸੂਚੀ ਵੱਲ ਹੀ ਧਿਆਨ ਨਹੀਂ ਦੇਣਾ ਚਾਹੀਦਾ; ਸਾਡੇ ਅੰਦਰ ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਸਿੱਖਣ ਦੀ ਸੱਚੀ ਇੱਛਾ ਹੋਣੀ ਚਾਹੀਦੀ ਹੈ। ਇਸ ਮਾਮਲੇ ਵਿਚ ਅਸੀਂ ਆਪਣੀ ਜਾਂਚ ਕਰਨ ਲਈ ਪੌਲੁਸ ਰਸੂਲ ਦੇ ਸ਼ਬਦਾਂ ਨੂੰ ਇਸਤੇਮਾਲ ਕਰ ਸਕਦੇ ਹਾਂ। ਸੰਗੀ ਮਸੀਹੀਆਂ ਨੂੰ ਲਿਖਦੇ ਹੋਏ ਉਸ ਨੇ ਕਿਹਾ: ‘ਇਸ ਕਾਰਨ ਮੈਂ ਉਸ ਪਿਤਾ ਦੇ ਅੱਗੇ ਆਪਣੇ ਗੋਡੇ ਨਿਵਾਉਂਦਾ ਹਾਂ ਭਈ ਉਹ ਮਸੀਹ ਨੂੰ ਤੁਹਾਡਿਆਂ ਮਨਾਂ ਵਿੱਚ ਨਿਹਚਾ ਦੇ ਦੁਆਰਾ ਵੱਸਾਵੇ ਤਾਂ ਜੋ ਪ੍ਰੇਮ ਵਿੱਚ ਗੱਡ ਕੇ ਅਤੇ ਠੁੱਕ ਕੇ ਤੁਸੀਂ ਸਾਰੇ ਸੰਤਾਂ ਸਣੇ ਇਸ ਗੱਲ ਨੂੰ ਚੰਗੀ ਤਰਾਂ ਸਮਝ ਸੱਕੋ ਭਈ ਕਿੰਨੀ ਹੀ ਚੁੜਾਈ, ਲੰਬਾਈ, ਉਚਾਈ ਅਤੇ ਡੁੰਘਾਈ ਹੈ। ਅਤੇ ਮਸੀਹ ਦੇ ਪ੍ਰੇਮ ਨੂੰ ਜੋ ਗਿਆਨ ਤੋਂ ਪਰੇ ਹੈ ਚੰਗੀ ਤਰਾਂ ਜਾਣ ਸੱਕੋ ਭਈ ਤੁਸੀਂ ਪਰਮੇਸ਼ੁਰ ਦੀ ਸਾਰੀ ਭਰਪੂਰੀ ਤੀਕ ਭਰਪੂਰ ਹੋ ਜਾਓ।’—ਅਫ਼ਸੀਆਂ 3:14, 16-19.

9. ਅਸੀਂ ਯਹੋਵਾਹ ਤੋਂ ਸਿੱਖਣ ਦੀ ਇੱਛਾ ਕਿਵੇਂ ਪੈਦਾ ਕਰ ਸਕਦੇ ਹਾਂ ਤੇ ਇਸ ਨੂੰ ਮਜ਼ਬੂਤ ਕਰ ਸਕਦੇ ਹਾਂ?

9 ਇਹ ਸੱਚ ਹੈ ਕਿ ਕੁਝ ਲੋਕ ਪੜ੍ਹਨਾ ਬਿਲਕੁਲ ਪਸੰਦ ਨਹੀਂ ਕਰਦੇ ਤੇ ਕਈ ਲੋਕ ਕਿਤਾਬੀ ਕੀੜੇ ਹੁੰਦੇ ਹਨ। ਪਰ ਸਾਨੂੰ ਚਾਹੇ ਪੜ੍ਹਨ ਦੀ ਆਦਤ ਹੈ ਜਾਂ ਨਹੀਂ, ਅਸੀਂ ਆਪਣੇ ਵਿਚ ਯਹੋਵਾਹ ਤੋਂ ਸਿੱਖਣ ਦੀ ਇੱਛਾ ਪੈਦਾ ਕਰ ਸਕਦੇ ਹਾਂ। ਪਤਰਸ ਰਸੂਲ ਨੇ ਸਮਝਾਇਆ ਕਿ ਸਾਡੇ ਵਿਚ ਬਾਈਬਲ ਦਾ ਗਿਆਨ ਲੈਣ ਦੀ ਲੋਚ ਹੋਣੀ ਚਾਹੀਦੀ ਹੈ ਅਤੇ ਉਸ ਨੇ ਮੰਨਿਆ ਕਿ ਸ਼ਾਇਦ ਕਈਆਂ ਨੂੰ ਆਪਣੇ ਵਿਚ ਇਹ ਇੱਛਾ ਪੈਦਾ ਕਰਨੀ ਪਵੇ। ਉਸ ਨੇ ਲਿਖਿਆ: “ਨਵਿਆਂ ਜੰਮਿਆਂ ਹੋਇਆਂ ਬੱਚਿਆਂ ਵਾਂਗਰ ਆਤਮਕ ਅਤੇ ਖਾਲਸ ਦੁੱਧ ਦੀ ਲੋਚ ਕਰੋ ਭਈ ਤੁਸੀਂ ਓਸ ਨਾਲ ਮੁਕਤੀ ਲਈ ਵਧਦੇ ਜਾਓ।” (ਟੇਢੇ ਟਾਈਪ ਸਾਡੇ।) (1 ਪਤਰਸ 2:2) ਬਾਈਬਲ ਦਾ ਅਧਿਐਨ ਕਰਨ ਦੀ “ਲੋਚ” ਪੈਦਾ ਕਰਨ ਲਈ ਸਵੈ-ਅਨੁਸ਼ਾਸਨ ਬਹੁਤ ਜ਼ਰੂਰੀ ਹੈ। ਠੀਕ ਜਿਵੇਂ ਨਵਾਂ ਭੋਜਨ ਵਾਰ-ਵਾਰ ਖਾਣ ਨਾਲ ਅਸੀਂ ਉਸ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੰਦੇ ਹਾਂ, ਉਸੇ ਤਰ੍ਹਾਂ ਪੜ੍ਹਨ ਅਤੇ ਅਧਿਐਨ ਕਰਨ ਦੀ ਸਾਡੀ ਆਦਤ ਬਣ ਸਕਦੀ ਹੈ ਜੇ ਅਸੀਂ ਆਪਣੇ ਆਪ ਨੂੰ ਅਨੁਸ਼ਾਸਨ ਵਿਚ ਰੱਖਦੇ ਹਾਂ।

ਵੇਲੇ ਸਿਰ ਰਸਤ’

10. “ਮਾਤਬਰ ਅਤੇ ਬੁੱਧਵਾਨ ਨੌਕਰ” ਵਰਗ ਵਿਚ ਕਿਹੜੇ ਲੋਕ ਹਨ ਅਤੇ ਯਹੋਵਾਹ ਅੱਜ ਉਨ੍ਹਾਂ ਨੂੰ ਕਿਵੇਂ ਇਸਤੇਮਾਲ ਕਰਦਾ ਹੈ?

10ਮੱਤੀ 24:45-47 ਵਿਚ ਯਿਸੂ ਨੇ ਇਕ ਹੋਰ ਤਰੀਕਾ ਦੱਸਿਆ ਹੈ ਜਿਸ ਦੁਆਰਾ ਯਹੋਵਾਹ ਸਾਡੇ ਨਾਲ ਗੱਲ ਕਰਦਾ ਹੈ। ਇਸ ਵਿਚ ਉਸ ਨੇ ਆਤਮਾ ਦੁਆਰਾ ਮਸਹ ਕੀਤੇ ਹੋਏ ਮਸੀਹੀਆਂ ਦੀ ਕਲੀਸਿਯਾ ਬਾਰੇ ਦੱਸਿਆ ਜਿਸ ਨੂੰ ‘ਵੇਲੇ ਸਿਰ ਰਸਤ’ ਦੇਣ ਲਈ ਨਿਯੁਕਤ ਕੀਤਾ ਗਿਆ ਹੈ। ਇਸ ਵਰਗ ਦਾ ਹਰ ਇਕ ਮੈਂਬਰ ਯਿਸੂ ਦੇ ‘ਨੌਕਰ-ਚਾਕਰ’ ਵਿਚ ਸ਼ਾਮਲ ਹੈ। ‘ਹੋਰ ਭੇਡਾਂ’ ਦੀ “ਵੱਡੀ ਭੀੜ” ਦੇ ਨਾਲ-ਨਾਲ ਇਨ੍ਹਾਂ ਨੂੰ ਵੀ ਉਤਸ਼ਾਹ ਅਤੇ ਅਗਵਾਈ ਮਿਲਦੀ ਹੈ। (ਪਰਕਾਸ਼ ਦੀ ਪੋਥੀ 7:9; ਯੂਹੰਨਾ 10:16) ਵੇਲੇ ਸਿਰ ਰਸਤ ਜ਼ਿਆਦਾ ਕਰਕੇ ਪ੍ਰਕਾਸ਼ਨਾਂ ਦੁਆਰਾ ਮਿਲਦੀ ਹੈ ਜਿਵੇਂ ਕਿ ਪਹਿਰਾਬੁਰਜ, ਜਾਗਰੂਕ ਬਣੋ! ਅਤੇ ਦੂਸਰੇ ਪ੍ਰਕਾਸ਼ਨ। ਹੋਰ ਅਧਿਆਤਮਿਕ ਰਸਤ ਜ਼ਿਲ੍ਹਾ ਸੰਮੇਲਨਾਂ, ਅਸੈਂਬਲੀਆਂ ਅਤੇ ਕਲੀਸਿਯਾ ਸਭਾਵਾਂ ਵਿਚ ਭਾਸ਼ਣਾਂ ਤੇ ਪ੍ਰਦਰਸ਼ਨਾਂ ਦੁਆਰਾ ਮਿਲਦੀ ਹੈ।

11. ਅਸੀਂ ਕਿਵੇਂ ਦਿਖਾਉਂਦੇ ਹਾਂ ਕਿ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਰਾਹੀਂ ਆਤਮਾ ਜੋ ਕਹਿੰਦੀ ਹੈ, ਉਸ ਨੂੰ ਅਸੀਂ ਸੁਣਦੇ ਹਾਂ?

11 “ਮਾਤਬਰ ਅਤੇ ਬੁੱਧਵਾਨ ਨੌਕਰ” ਸਾਡੀ ਨਿਹਚਾ ਨੂੰ ਮਜ਼ਬੂਤ ਕਰਨ ਅਤੇ ਸਾਡੀਆਂ ਗਿਆਨ ਇੰਦਰੀਆਂ ਨੂੰ ਸਾਧਣ ਲਈ ਜਾਣਕਾਰੀ ਦਿੰਦਾ ਹੈ। (ਇਬਰਾਨੀਆਂ 5:14) ਕਦੀ-ਕਦਾਈਂ ਉਹ ਆਮ ਵਿਸ਼ਿਆਂ ਉੱਤੇ ਜਾਣਕਾਰੀ ਦਿੰਦੇ ਹਨ ਜਿਸ ਨੂੰ ਹਰੇਕ ਵਿਅਕਤੀ ਆਪਣੇ ਹਾਲਾਤਾਂ ਅਨੁਸਾਰ ਲਾਗੂ ਕਰ ਸਕਦਾ ਹੈ। ਪਰ ਸਮੇਂ-ਸਮੇਂ ਤੇ ਸਾਨੂੰ ਚਾਲ-ਚਲਣ ਦੇ ਕੁਝ ਖ਼ਾਸ ਪਹਿਲੂਆਂ ਦੇ ਸੰਬੰਧ ਵਿਚ ਵੀ ਸਲਾਹ ਮਿਲਦੀ ਹੈ। ਸਾਡਾ ਰਵੱਈਆ ਕੀ ਹੋਣਾ ਚਾਹੀਦਾ ਹੈ ਜੇ ਅਸੀਂ ਸੱਚ-ਮੁੱਚ ਨੌਕਰ ਵਰਗ ਦੇ ਰਾਹੀਂ ਕਹੀ ਆਤਮਾ ਦੀ ਗੱਲ ਸੁਣਨੀ ਚਾਹੁੰਦੇ ਹਾਂ? ਪੌਲੁਸ ਰਸੂਲ ਜਵਾਬ ਦਿੰਦਾ ਹੈ: “ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਓਹਨਾਂ ਦੇ ਅਧੀਨ ਰਹੋ।” (ਇਬਰਾਨੀਆਂ 13:17) ਇਹ ਸੱਚ ਹੈ ਕਿ ਜਿੰਨੇ ਲੋਕ ਇਸ ਪ੍ਰਬੰਧ ਵਿਚ ਸ਼ਾਮਲ ਹਨ, ਉਹ ਸਾਰੇ ਨਾਮੁਕੰਮਲ ਹਨ। ਪਰ ਯਹੋਵਾਹ ਇਨ੍ਹਾਂ ਅੰਤ ਦੇ ਦਿਨਾਂ ਵਿਚ ਸਾਡੀ ਅਗਵਾਈ ਕਰਨ ਲਈ ਇਨ੍ਹਾਂ ਨਾਮੁਕੰਮਲ ਇਨਸਾਨੀ ਸੇਵਕਾਂ ਨੂੰ ਹੀ ਇਸਤੇਮਾਲ ਕਰਦਾ ਹੈ।

ਸਾਡੇ ਅੰਤਹਕਰਣ ਦੁਆਰਾ ਅਗਵਾਈ

12, 13. (ੳ) ਯਹੋਵਾਹ ਹੋਰ ਕਿਹੜੇ ਤਰੀਕੇ ਨਾਲ ਸਾਡੀ ਅਗਵਾਈ ਕਰਦਾ ਹੈ? (ਅ) ਜਿਹੜੇ ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਦਾ ਸਹੀ ਗਿਆਨ ਨਹੀਂ ਹੈ, ਉਨ੍ਹਾਂ ਉੱਤੇ ਵੀ ਅੰਤਹਕਰਣ ਦਾ ਕਿਹੜਾ ਚੰਗਾ ਅਸਰ ਪੈ ਸਕਦਾ ਹੈ?

12 ਯਹੋਵਾਹ ਨੇ ਸਾਡੀ ਅਗਵਾਈ ਲਈ ਸਾਨੂੰ ਅੰਤਹਕਰਣ ਵੀ ਦਿੱਤਾ ਹੈ। ਉਸ ਨੇ ਇਨਸਾਨ ਵਿਚ ਸਹੀ-ਗ਼ਲਤ ਨੂੰ ਪਛਾਣਨ ਦੀ ਅੰਦਰੂਨੀ ਸਮਝ ਪਾਈ ਹੈ। ਇਹ ਸਾਡੇ ਸੁਭਾਅ ਵਿਚ ਹੈ। ਰੋਮੀਆਂ ਨੂੰ ਆਪਣੀ ਚਿੱਠੀ ਵਿਚ ਪੌਲੁਸ ਰਸੂਲ ਨੇ ਸਮਝਾਇਆ: “ਜਦ ਪਰਾਈਆਂ ਕੌਮਾਂ ਜਿਹੜੀਆਂ ਸ਼ਰਾ ਹੀਨ ਹਨ ਆਪਣੇ ਸੁਭਾਉ ਤੋਂ ਸ਼ਰਾ ਦੇ ਕੰਮ ਕਰਦੀਆਂ ਹਨ ਤਾਂ ਸ਼ਰਾ ਦੇ ਨਾ ਹੁੰਦਿਆਂ ਓਹ ਆਪਣੇ ਲਈ ਆਪ ਹੀ ਸ਼ਰਾ ਹਨ। ਸੋ ਓਹ ਸ਼ਰਾ ਦਾ ਕੰਮ ਆਪਣੇ ਹਿਰਦਿਆਂ ਵਿੱਚ ਲਿਖਿਆ ਹੋਇਆ ਵਿਖਾਲਦੀਆਂ ਹਨ ਨਾਲੇ ਉਨ੍ਹਾਂ ਦਾ ਅੰਤਹਕਰਨ ਉਹ ਦੀ ਸਾਖੀ ਦਿੰਦਾ ਹੈ ਅਤੇ ਉਨ੍ਹਾਂ ਦੇ ਖਿਆਲ ਉਨ੍ਹਾਂ ਨੂੰ ਆਪੋ ਵਿੱਚੀਂ ਦੋਸ਼ੀ ਅਥਵਾ ਨਿਰਦੋਸ਼ੀ ਠਹਿਰਾਉਂਦੇ ਹਨ।”—ਰੋਮੀਆਂ 2:14, 15.

13 ਜਿਹੜੇ ਲੋਕ ਯਹੋਵਾਹ ਨੂੰ ਨਹੀਂ ਜਾਣਦੇ, ਉਨ੍ਹਾਂ ਵਿੱਚੋਂ ਵੀ ਕਈਆਂ ਦੇ ਵਿਚਾਰ ਅਤੇ ਕੰਮ ਕੁਝ ਹੱਦ ਤਕ ਸਹੀ-ਗ਼ਲਤ ਦੇ ਪਰਮੇਸ਼ੁਰੀ ਸਿਧਾਂਤਾਂ ਦੀ ਇਕਸੁਰਤਾ ਵਿਚ ਹੋ ਸਕਦੇ ਹਨ। ਉਹ ਇਕ ਤਰ੍ਹਾਂ ਨਾਲ ਆਪਣੇ ਅੰਦਰੋਂ ਇਕ ਮੱਧਮ ਜਿਹੀ ਆਵਾਜ਼ ਸੁਣਦੇ ਹਨ ਜੋ ਉਨ੍ਹਾਂ ਨੂੰ ਸਹੀ ਦਿਸ਼ਾ ਵੱਲ ਜਾਣ ਲਈ ਕਹਿੰਦੀ ਹੈ। ਜੇ ਪਰਮੇਸ਼ੁਰ ਦੇ ਬਚਨ ਦਾ ਸਹੀ ਗਿਆਨ ਨਾ ਰੱਖਣ ਵਾਲੇ ਲੋਕਾਂ ਨੂੰ ਵੀ ਇਹ ਆਵਾਜ਼ ਸੁਣਾਈ ਦਿੰਦੀ ਹੈ, ਤਾਂ ਸੱਚੇ ਮਸੀਹੀਆਂ ਦੇ ਅੰਦਰੋਂ ਇਹ ਆਵਾਜ਼ ਕਿੰਨੀ ਜ਼ਿਆਦਾ ਆਉਣੀ ਚਾਹੀਦੀ ਹੈ! ਜਦੋਂ ਸਾਡਾ ਮਸੀਹੀ ਅੰਤਹਕਰਣ ਪਰਮੇਸ਼ੁਰ ਦੇ ਬਚਨ ਦੇ ਸਹੀ ਗਿਆਨ ਨਾਲ ਨਿਖਾਰਿਆ ਗਿਆ ਹੁੰਦਾ ਹੈ ਅਤੇ ਯਹੋਵਾਹ ਦੀ ਪਵਿੱਤਰ ਆਤਮਾ ਅਨੁਸਾਰ ਕੰਮ ਕਰਦਾ ਹੈ, ਤਾਂ ਇਹ ਸਾਨੂੰ ਭਰੋਸੇਯੋਗ ਅਗਵਾਈ ਦੇ ਸਕਦਾ ਹੈ।—ਰੋਮੀਆਂ 9:1.

14. ਯਹੋਵਾਹ ਦੀ ਆਤਮਾ ਦੀ ਅਗਵਾਈ ਵਿਚ ਚੱਲਣ ਵਿਚ ਸਾਡਾ ਬਾਈਬਲ-ਸਿੱਖਿਅਤ ਅੰਤਹਕਰਣ ਕਿਵੇਂ ਸਾਡੀ ਮਦਦ ਕਰ ਸਕਦਾ ਹੈ?

14 ਬਾਈਬਲ ਦੇ ਗਿਆਨ ਨਾਲ ਭਰਪੂਰ ਚੰਗਾ ਅੰਤਹਕਰਣ ਸਾਨੂੰ ਉਸ ਰਾਹ ਬਾਰੇ ਯਾਦ ਕਰਾ ਸਕਦਾ ਹੈ ਜਿਸ ਉੱਤੇ ਪਵਿੱਤਰ ਆਤਮਾ ਸਾਨੂੰ ਚੱਲਣ ਲਈ ਕਹਿੰਦੀ ਹੈ। ਪਰ ਕਈ ਵਾਰ ਅਸੀਂ ਅਜਿਹੀ ਸਥਿਤੀ ਵਿਚ ਹੋ ਸਕਦੇ ਹਾਂ ਜਿਸ ਬਾਰੇ ਨਾ ਤਾਂ ਬਾਈਬਲ ਤੇ ਨਾ ਹੀ ਬਾਈਬਲ-ਆਧਾਰਿਤ ਪ੍ਰਕਾਸ਼ਨ ਕੁਝ ਕਹਿੰਦੇ ਹਨ। ਫਿਰ ਵੀ ਜੇ ਅਸੀਂ ਕੋਈ ਗ਼ਲਤ ਕੰਮ ਕਰਨ ਜਾ ਰਹੇ ਹੁੰਦੇ ਹਾਂ, ਤਾਂ ਸਾਡਾ ਅੰਤਹਕਰਣ ਸਾਨੂੰ ਚੇਤਾਵਨੀ ਦੇ ਸਕਦਾ ਹੈ। ਅਜਿਹੇ ਮਾਮਲਿਆਂ ਵਿਚ ਆਪਣੇ ਅੰਤਹਕਰਣ ਦੀ ਆਵਾਜ਼ ਨਾ ਸੁਣਨੀ ਯਹੋਵਾਹ ਦੀ ਆਤਮਾ ਦੀ ਗੱਲ ਨਾ ਸੁਣਨ ਦੇ ਬਰਾਬਰ ਹੈ। ਦੂਸਰੇ ਪਾਸੇ, ਆਪਣੇ ਸਿੱਖਿਅਤ ਮਸੀਹੀ ਅੰਤਹਕਰਣ ਦੇ ਸਹਾਰੇ ਅਸੀਂ ਸਹੀ ਫ਼ੈਸਲੇ ਕਰ ਸਕਦੇ ਹਾਂ, ਭਾਵੇਂ ਇਨ੍ਹਾਂ ਦੇ ਸੰਬੰਧ ਵਿਚ ਸਾਨੂੰ ਲਿਖਤੀ ਰੂਪ ਵਿਚ ਕੁਝ ਵੀ ਖ਼ਾਸ ਨਿਰਦੇਸ਼ਨ ਨਹੀਂ ਦਿੱਤਾ ਗਿਆ ਹੁੰਦਾ। ਫਿਰ ਵੀ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਜਦੋਂ ਸਾਨੂੰ ਕੋਈ ਵੀ ਪਰਮੇਸ਼ੁਰੀ ਸਿਧਾਂਤ, ਨਿਯਮ ਜਾਂ ਅਸੂਲ ਨਹੀਂ ਦਿੱਤਾ ਗਿਆ ਹੁੰਦਾ, ਤਾਂ ਸੰਗੀ ਮਸੀਹੀਆਂ ਦੇ ਨਿੱਜੀ ਮਾਮਲਿਆਂ ਬਾਰੇ ਆਪਣੇ ਅੰਤਹਕਰਣ ਦੇ ਵਿਚਾਰਾਂ ਨੂੰ ਉਨ੍ਹਾਂ ਉੱਤੇ ਥੋਪਣਾ ਗ਼ਲਤ ਹੋਵੇਗਾ।—ਰੋਮੀਆਂ 14:1-4; ਗਲਾਤੀਆਂ 6:5.

15, 16. ਸਾਡਾ ਅੰਤਹਕਰਣ ਕਿਵੇਂ ਖ਼ਰਾਬ ਹੋ ਸਕਦਾ ਹੈ ਅਤੇ ਅਸੀਂ ਇਸ ਨੂੰ ਖ਼ਰਾਬ ਹੋਣ ਤੋਂ ਕਿਵੇਂ ਬਚਾ ਸਕਦੇ ਹਾਂ?

15 ਇਕ ਬਾਈਬਲ-ਸਿੱਖਿਅਤ ਅਤੇ ਸਾਫ਼ ਅੰਤਹਕਰਣ ਪਰਮੇਸ਼ੁਰ ਵੱਲੋਂ ਇਕ ਦਾਤ ਹੈ। (ਯਾਕੂਬ 1:17) ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਅੰਤਹਕਰਣ ਸਾਨੂੰ ਨੈਤਿਕ ਤੌਰ ਤੇ ਸੁਰੱਖਿਅਤ ਰੱਖੇ, ਤਾਂ ਸਾਨੂੰ ਇਸ ਦਾਤ ਨੂੰ ਬੁਰੇ ਪ੍ਰਭਾਵਾਂ ਤੋਂ ਬਚਾਉਣਾ ਚਾਹੀਦਾ ਹੈ। ਜੇ ਅਸੀਂ ਧਿਆਨ ਨਾ ਰੱਖੀਏ, ਤਾਂ ਪਰਮੇਸ਼ੁਰ ਦੇ ਮਿਆਰਾਂ ਦੇ ਉਲਟ ਰੀਤੀ-ਰਿਵਾਜ ਅਤੇ ਆਦਤਾਂ ਸਾਡੇ ਅੰਤਹਕਰਣ ਨੂੰ ਖ਼ਰਾਬ ਕਰ ਸਕਦੀਆਂ ਹਨ ਜਿਸ ਕਰਕੇ ਇਹ ਸਾਨੂੰ ਸਹੀ ਰਾਹ ਤੇ ਚੱਲਣ ਲਈ ਉਕਸਾਉਣ ਤੋਂ ਹਟ ਸਕਦਾ ਹੈ। ਸ਼ਾਇਦ ਅਸੀਂ ਸਹੀ-ਗ਼ਲਤ ਦੀ ਪਛਾਣ ਨਾ ਕਰ ਸਕੀਏ ਅਤੇ ਇਹ ਵਿਸ਼ਵਾਸ ਕਰ ਕੇ ਆਪਣੇ ਆਪ ਨੂੰ ਧੋਖਾ ਦੇਈਏ ਕਿ ਬੁਰਾ ਕੰਮ ਅਸਲ ਵਿਚ ਚੰਗਾ ਹੈ।—ਯੂਹੰਨਾ 16:2 ਦੀ ਤੁਲਨਾ ਕਰੋ।

16 ਜੇ ਅਸੀਂ ਆਪਣੇ ਅੰਤਹਕਰਣ ਦੀਆਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਦੇ ਰਹਾਂਗੇ, ਤਾਂ ਇਸ ਦੀ ਆਵਾਜ਼ ਹੌਲੀ-ਹੌਲੀ ਮੱਧਮ ਹੁੰਦੀ ਜਾਵੇਗੀ ਤੇ ਅਖ਼ੀਰ ਅਸੀਂ ਨੈਤਿਕਤਾ ਬਾਰੇ ਸੋਚਣਾ ਹੀ ਬੰਦ ਕਰ ਦੇਵਾਂਗੇ। ਜ਼ਬੂਰਾਂ ਦੇ ਲਿਖਾਰੀ ਨੇ ਅਜਿਹੇ ਲੋਕਾਂ ਬਾਰੇ ਕਿਹਾ: “ਉਨ੍ਹਾਂ ਦਾ ਮਨ ਚਰਬੀ ਵਰਗਾ ਮੋਟਾ ਹੈ।” (ਜ਼ਬੂਰ 119:70) ਜਿਹੜੇ ਲੋਕ ਆਪਣੇ ਅੰਤਹਕਰਣ ਦੀ ਆਵਾਜ਼ ਨਹੀਂ ਸੁਣਦੇ, ਉਹ ਸਹੀ ਢੰਗ ਨਾਲ ਸੋਚਣ ਦੀ ਆਪਣੀ ਯੋਗਤਾ ਗੁਆ ਦਿੰਦੇ ਹਨ। ਉਹ ਪਰਮੇਸ਼ੁਰ ਦੇ ਸਿਧਾਂਤਾਂ ਦੀ ਅਗਵਾਈ ਵਿਚ ਚੱਲਣਾ ਛੱਡ ਦਿੰਦੇ ਹਨ ਅਤੇ ਸਹੀ ਫ਼ੈਸਲੇ ਨਹੀਂ ਕਰ ਸਕਦੇ ਹਨ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਇਸ ਤਰ੍ਹਾਂ ਨਾ ਹੋਵੇ, ਤਾਂ ਸਾਨੂੰ ਛੋਟੇ-ਛੋਟੇ ਮਾਮਲਿਆਂ ਵਿਚ ਵੀ ਆਪਣੇ ਮਸੀਹੀ ਅੰਤਹਕਰਣ ਦੀ ਆਵਾਜ਼ ਸੁਣਨੀ ਚਾਹੀਦੀ ਹੈ।—ਲੂਕਾ 16:10.

ਖ਼ੁਸ਼ ਹਨ ਉਹ ਲੋਕ ਜਿਹੜੇ ਗੱਲ ਸੁਣਦੇ ਅਤੇ ਉਸ ਉੱਤੇ ਚੱਲਦੇ ਹਨ

17. ਜਦੋਂ ਅਸੀਂ ‘ਆਪਣੇ ਪਿੱਛੋਂ ਗੱਲ’ ਸੁਣਦੇ ਹਾਂ ਅਤੇ ਆਪਣੇ ਬਾਈਬਲ-ਸਿੱਖਿਅਤ ਅੰਤਹਕਰਣ ਵੱਲ ਧਿਆਨ ਦਿੰਦੇ ਹਾਂ, ਤਾਂ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?

17 ਜਿਉਂ-ਜਿਉਂ ਅਸੀਂ ‘ਆਪਣੇ ਪਿੱਛੋਂ ਗੱਲ’ ਸੁਣਨ ਦੀ ਆਦਤ ਪਾਉਂਦੇ ਹਾਂ ਜੋ ਬਾਈਬਲ ਅਤੇ ਮਾਤਬਰ ਤੇ ਬੁੱਧਵਾਨ ਨੌਕਰ ਸਾਨੂੰ ਦੱਸਦਾ ਹੈ ਅਤੇ ਅਸੀਂ ਆਪਣੇ ਬਾਈਬਲ-ਸਿੱਖਿਅਤ ਅੰਤਹਕਰਣ ਦੀ ਆਵਾਜ਼ ਸੁਣਦੇ ਹਾਂ, ਤਾਂ ਯਹੋਵਾਹ ਸਾਨੂੰ ਆਪਣੀ ਪਵਿੱਤਰ ਆਤਮਾ ਦੇਵੇਗਾ। ਪਵਿੱਤਰ ਆਤਮਾ ਯਹੋਵਾਹ ਦੀਆਂ ਗੱਲਾਂ ਨੂੰ ਸੁਣਨ ਅਤੇ ਸਮਝਣ ਦੀ ਸਾਡੀ ਯੋਗਤਾ ਨੂੰ ਨਿਖਾਰੇਗੀ।

18, 19. ਯਹੋਵਾਹ ਦੀ ਅਗਵਾਈ ਅਨੁਸਾਰ ਚੱਲ ਕੇ ਸਾਨੂੰ ਆਪਣੀ ਸੇਵਕਾਈ ਅਤੇ ਨਿੱਜੀ ਜ਼ਿੰਦਗੀ ਵਿਚ ਕੀ ਫ਼ਾਇਦੇ ਹੋ ਸਕਦੇ ਹਨ?

18 ਯਹੋਵਾਹ ਦੀ ਆਤਮਾ ਸਾਨੂੰ ਸਮਝਦਾਰੀ ਅਤੇ ਦਲੇਰੀ ਨਾਲ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਨ ਦੀ ਵੀ ਤਾਕਤ ਦੇਵੇਗੀ। ਜਿਵੇਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਨੇ ਰਸੂਲਾਂ ਦੀ ਮਦਦ ਕੀਤੀ ਸੀ, ਉਸੇ ਤਰ੍ਹਾਂ ਇਹ ਸਾਡੀ ਵੀ ਸਮਝ ਨੂੰ ਵਧਾ ਸਕਦੀ ਹੈ ਅਤੇ ਸਾਨੂੰ ਹਮੇਸ਼ਾ ਬਾਈਬਲ ਸਿਧਾਂਤਾਂ ਅਨੁਸਾਰ ਕੰਮ ਕਰਨ ਤੇ ਗੱਲ-ਬਾਤ ਕਰਨ ਲਈ ਉਕਸਾ ਸਕਦੀ ਹੈ। (ਮੱਤੀ 10:18-20; ਯੂਹੰਨਾ 14:26; ਰਸੂਲਾਂ ਦੇ ਕਰਤੱਬ 4:5-8, 13, 31; 15:28) ਯਹੋਵਾਹ ਦੀ ਆਤਮਾ ਅਤੇ ਸਾਡੇ ਆਪਣੇ ਜਤਨਾਂ ਨਾਲ ਅਸੀਂ ਜ਼ਿੰਦਗੀ ਵਿਚ ਸਹੀ ਫ਼ੈਸਲੇ ਕਰਨ ਵਿਚ ਕਾਮਯਾਬ ਹੋਵਾਂਗੇ ਅਤੇ ਸਾਨੂੰ ਉਨ੍ਹਾਂ ਫ਼ੈਸਲਿਆਂ ਤੇ ਟਿਕੇ ਰਹਿਣ ਦਾ ਹੌਸਲਾ ਮਿਲੇਗਾ। ਉਦਾਹਰਣ ਲਈ, ਤੁਸੀਂ ਸ਼ਾਇਦ ਆਪਣੇ ਜੀਉਣ ਦੇ ਢੰਗ ਨੂੰ ਬਦਲਣ ਅਤੇ ਅਧਿਆਤਮਿਕ ਕੰਮਾਂ ਲਈ ਜ਼ਿਆਦਾ ਸਮਾਂ ਕੱਢਣ ਬਾਰੇ ਸੋਚ ਰਹੇ ਹੋ। ਜਾਂ ਤੁਸੀਂ ਸ਼ਾਇਦ ਬਹੁਤ ਹੀ ਮਹੱਤਵਪੂਰਣ ਚੋਣ ਕਰਨੀ ਹੋਵੇ ਜਿਸ ਨਾਲ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਜਿਵੇਂ ਕਿ ਜੀਵਨ-ਸਾਥੀ ਦੀ ਚੋਣ ਕਰਨੀ, ਨੌਕਰੀ ਦੀ ਪੇਸ਼ਕਸ਼ ਉੱਤੇ ਵਿਚਾਰ ਕਰਨਾ ਜਾਂ ਘਰ ਖ਼ਰੀਦਣਾ। ਆਪਣੇ ਜਜ਼ਬਾਤਾਂ ਦੇ ਆਧਾਰ ਤੇ ਹੀ ਫ਼ੈਸਲਾ ਕਰਨ ਦੀ ਬਜਾਇ ਯਹੋਵਾਹ ਦੀ ਪਵਿੱਤਰ ਆਤਮਾ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਉਸ ਦੀ ਅਗਵਾਈ ਅਨੁਸਾਰ ਚੱਲਣਾ ਚਾਹੀਦਾ ਹੈ।

19 ਅਸੀਂ ਆਪਣੇ ਸੰਗੀ ਮਸੀਹੀਆਂ, ਖ਼ਾਸ ਕਰਕੇ ਬਜ਼ੁਰਗਾਂ ਵੱਲੋਂ ਦਿੱਤੀਆਂ ਯਾਦ-ਦਹਾਨੀਆਂ ਅਤੇ ਸਲਾਹ ਦੀ ਦਿਲੋਂ ਕਦਰ ਕਰਦੇ ਹਾਂ। ਪਰ ਸਾਨੂੰ ਹਮੇਸ਼ਾ ਇਸ ਗੱਲ ਦੀ ਉਡੀਕ ਨਹੀਂ ਕਰਨੀ ਚਾਹੀਦੀ ਕਿ ਕੋਈ ਦੂਸਰਾ ਆ ਕੇ ਸਾਨੂੰ ਸਾਡੀਆਂ ਕਮੀਆਂ-ਪੇਸ਼ੀਆਂ ਬਾਰੇ ਦੱਸੇ। ਜੇ ਅਸੀਂ ਜਾਣਦੇ ਹਾਂ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸਾਨੂੰ ਆਪਣੇ ਰਵੱਈਏ ਅਤੇ ਚਾਲ-ਚਲਣ ਵਿਚ ਕਿਹੜੀਆਂ ਤਬਦੀਲੀਆਂ ਕਰਨ ਦੀ ਲੋੜ ਹੈ, ਤਾਂ ਆਓ ਆਪਾਂ ਇਸ ਤਰ੍ਹਾਂ ਕਰੀਏ। ਯਿਸੂ ਨੇ ਕਿਹਾ: “ਜੇ ਤੁਸੀਂ ਏਹ ਗੱਲਾਂ ਜਾਣਦੇ ਹੋ ਤਾਂ ਧੰਨ ਹੋ ਜੇ ਇਨ੍ਹਾਂ ਨੂੰ ਕਰੋ ਭੀ।”—ਯੂਹੰਨਾ 13:17.

20. ਜਿਹੜੇ ‘ਆਪਣੇ ਪਿੱਛੋਂ ਗੱਲ’ ਨੂੰ ਸੁਣਦੇ ਹਨ, ਉਨ੍ਹਾਂ ਨੂੰ ਕਿਹੜੀ ਬਰਕਤ ਮਿਲੇਗੀ?

20 ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਪਰਮੇਸ਼ੁਰ ਦੀ ਇੱਛਾ ਜਾਣਨ ਲਈ ਮਸੀਹੀਆਂ ਨੂੰ ਸਵਰਗ ਤੋਂ ਕੋਈ ਆਵਾਜ਼ ਸੁਣਨ ਦੀ ਲੋੜ ਨਹੀਂ ਹੈ ਤੇ ਨਾ ਹੀ ਉਨ੍ਹਾਂ ਕੋਲ ਕਿਸੇ ਦੂਤ ਨੂੰ ਆਉਣ ਦੀ ਲੋੜ ਹੈ। ਉਨ੍ਹਾਂ ਨੂੰ ਪਰਮੇਸ਼ੁਰ ਦਾ ਲਿਖਤੀ ਬਚਨ ਬਖ਼ਸ਼ਿਆ ਗਿਆ ਹੈ ਅਤੇ ਧਰਤੀ ਉੱਤੇ ਉਸ ਦਾ ਮਸਹ ਕੀਤਾ ਹੋਇਆ ਨੌਕਰ ਵਰਗ ਉਨ੍ਹਾਂ ਨੂੰ ਪਿਆਰ ਨਾਲ ਅਗਵਾਈ ਦੇ ਰਿਹਾ ਹੈ। ਜੇ ਉਹ ‘ਆਪਣੇ ਪਿੱਛੋਂ ਏਸ ਗੱਲ’ ਨੂੰ ਸੁਣਦੇ ਹਨ ਅਤੇ ਆਪਣੇ ਬਾਈਬਲ-ਸਿੱਖਿਅਤ ਅੰਤਹਕਰਣ ਦੀ ਅਗਵਾਈ ਵਿਚ ਚੱਲਦੇ ਹਨ, ਤਾਂ ਉਹ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਕਾਮਯਾਬ ਹੋਣਗੇ। ਉਹ ਯੂਹੰਨਾ ਰਸੂਲ ਦੇ ਇਸ ਵਾਅਦੇ ਨੂੰ ਪੂਰਾ ਹੁੰਦਾ ਦੇਖਣਗੇ: “ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।”—1 ਯੂਹੰਨਾ 2:17.

ਸੰਖੇਪ ਪੁਨਰ-ਵਿਚਾਰ

• ਯਹੋਵਾਹ ਇਨਸਾਨਾਂ ਨਾਲ ਗੱਲ ਕਿਉਂ ਕਰਦਾ ਹੈ?

• ਅਸੀਂ ਨਿਯਮਿਤ ਤੌਰ ਤੇ ਬਾਈਬਲ ਪੜ੍ਹਨ ਤੋਂ ਕਿਵੇਂ ਲਾਭ ਪ੍ਰਾਪਤ ਕਰ ਸਕਦੇ ਹਾਂ?

• ਨੌਕਰ ਵਰਗ ਦੁਆਰਾ ਦਿੱਤੇ ਨਿਰਦੇਸ਼ਨ ਪ੍ਰਤੀ ਸਾਡਾ ਰਵੱਈਆ ਕੀ ਹੋਣਾ ਚਾਹੀਦਾ ਹੈ?

• ਸਾਨੂੰ ਆਪਣੇ ਬਾਈਬਲ-ਸਿੱਖਿਅਤ ਅੰਤਹਕਰਣ ਦੀ ਆਵਾਜ਼ ਅਣਸੁਣੀ ਕਿਉਂ ਨਹੀਂ ਕਰਨੀ ਚਾਹੀਦੀ?

[ਸਵਾਲ]

[ਸਫ਼ੇ 13 ਉੱਤੇ ਤਸਵੀਰ]

ਪਰਮੇਸ਼ੁਰ ਤੋਂ ਸੰਦੇਸ਼ ਪ੍ਰਾਪਤ ਕਰਨ ਲਈ ਇਨਸਾਨ ਨੂੰ ਵੱਡੇ-ਵੱਡੇ ਉਪਕਰਣਾਂ ਦੀ ਲੋੜ ਨਹੀਂ ਹੈ

[ਕ੍ਰੈਡਿਟ ਲਾਈਨ]

Courtesy Arecibo Observatory/​David Parker/​Science Photo Library

[ਸਫ਼ੇ 15 ਉੱਤੇ ਤਸਵੀਰ]

ਯਹੋਵਾਹ ਬਾਈਬਲ ਤੇ “ਮਾਤਬਰ ਅਤੇ ਬੁਧਵਾਨ ਨੌਕਰ” ਦੇ ਜ਼ਰੀਏ ਸਾਡੇ ਨਾਲ ਗੱਲ-ਬਾਤ ਕਰਦਾ ਹੈ