Skip to content

Skip to table of contents

ਪੂਰਣ-ਕਾਲੀ ਸੇਵਕਾਈ ਰਾਹੀਂ ਯਹੋਵਾਹ ਦਾ ਧੰਨਵਾਦ ਕਰਨਾ!

ਪੂਰਣ-ਕਾਲੀ ਸੇਵਕਾਈ ਰਾਹੀਂ ਯਹੋਵਾਹ ਦਾ ਧੰਨਵਾਦ ਕਰਨਾ!

ਜੀਵਨੀ

ਪੂਰਣ-ਕਾਲੀ ਸੇਵਕਾਈ ਰਾਹੀਂ ਯਹੋਵਾਹ ਦਾ ਧੰਨਵਾਦ ਕਰਨਾ!

ਸਟੈਨਲੀ ਈ. ਰੈਨਲਡਜ਼ ਦੀ ਜ਼ਬਾਨੀ

ਮੇਰਾ ਜਨਮ 1910 ਵਿਚ ਇੰਗਲੈਂਡ ਦੇ ਸ਼ਹਿਰ ਲੰਡਨ ਵਿਚ ਹੋਇਆ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ, ਮੇਰੇ ਮਾਪੇ ਵਿਲਟਸ਼ਰ ਜ਼ਿਲ੍ਹੇ ਵਿਚ ਵੈਸਟਬਰੀ ਲੇ ਨਾਮਕ ਇਕ ਛੋਟੇ ਜਿਹੇ ਪਿੰਡ ਵਿਚ ਰਹਿਣ ਲਈ ਚਲੇ ਗਏ। ਛੋਟੀ ਉਮਰ ਤੋਂ ਹੀ ਮੈਂ ਸੋਚਦਾ ਹੁੰਦਾ ਸੀ ਕਿ ‘ਪਰਮੇਸ਼ੁਰ ਕੌਣ ਹੈ?’ ਪਰ ਮੈਨੂੰ ਕੋਈ ਵੀ ਦੱਸ ਨਾ ਸਕਿਆ। ਮੈਂ ਸਮਝ ਨਾ ਸਕਿਆ ਕਿ ਸਾਡੇ ਵਰਗੇ ਛੋਟੇ ਜਿਹੇ ਤਬਕੇ ਲਈ ਪਰਮੇਸ਼ੁਰ ਦੀ ਉਪਾਸਨਾ ਕਰਨ ਲਈ ਦੋ ਛੋਟੇ ਅਤੇ ਇਕ ਵੱਡੇ ਚਰਚ ਦੀ ਲੋੜ ਕਿਉਂ ਹੈ।

ਸੰਨ 1935 ਵਿਚ ਦੂਸਰਾ ਵਿਸ਼ਵ ਯੁੱਧ ਸ਼ੁਰੂ ਹੋਣ ਤੋਂ ਚਾਰ ਸਾਲ ਪਹਿਲਾਂ, ਮੈਂ ਅਤੇ ਮੇਰਾ ਭਰਾ ਡਿਕ ਛੁੱਟੀਆਂ ਮਨਾਉਣ ਵਾਸਤੇ ਇੰਗਲੈਂਡ ਦੇ ਦੱਖਣੀ ਤਟ ਤੇ ਵੇਮਥ ਤਕ ਸਾਈਕਲ ਚਲਾ ਕੇ ਗਏ। ਜਦੋਂ ਅਸੀਂ ਆਪਣੇ ਟੈਂਟ ਵਿਚ ਬੈਠੇ ਮੀਂਹ ਦੀ ਆਵਾਜ਼ ਸੁਣ ਰਹੇ ਸੀ ਤੇ ਨਾਲੇ ਸੋਚ ਰਹੇ ਸੀ ਕਿ ਹੁਣ ਵਿਹਲੇ ਕੀ ਕਰੀਏ, ਤਾਂ ਉਸੇ ਵੇਲੇ ਇਕ ਬਜ਼ੁਰਗ ਸੱਜਣ ਸਾਡੇ ਕੋਲ ਆਇਆ ਤੇ ਉਸ ਨੇ ਮੈਨੂੰ ਬਾਈਬਲ ਆਧਾਰਿਤ ਤਿੰਨ ਅੰਗ੍ਰੇਜ਼ੀ ਕਿਤਾਬਾਂ ਪੜ੍ਹਨ ਨੂੰ ਦਿੱਤੀਆਂ—ਪਰਕਾਸ਼ I, ਪਰਕਾਸ਼ II ਅਤੇ ਪਰਮੇਸ਼ੁਰ ਦੀ ਬਰਬਤ। ਮੈਂ ਖ਼ੁਸ਼ੀ-ਖ਼ੁਸ਼ੀ ਕਿਤਾਬਾਂ ਲਈਆਂ ਤੇ ਸੋਚਿਆ ਕਿ ਹੁਣ ਮੈਂ ਬੋਰ ਨਹੀਂ ਹੋਵਾਂਗਾ। ਇਨ੍ਹਾਂ ਨੂੰ ਪੜ੍ਹ ਕੇ ਮੈਂ ਇਕਦਮ ਕੀਲਿਆ ਗਿਆ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਇਨ੍ਹਾਂ ਨੂੰ ਪੜ੍ਹ ਕੇ ਮੇਰੀ ਤੇ ਮੇਰੇ ਭਰਾ ਦੀ ਜ਼ਿੰਦਗੀ ਹੀ ਬਦਲ ਜਾਵੇਗੀ।

ਜਦੋਂ ਮੈਂ ਘਰ ਵਾਪਸ ਪਰਤਿਆ, ਤਾਂ ਮੇਰੇ ਮਾਤਾ ਜੀ ਨੇ ਦੱਸਿਆ ਕਿ ਸਾਡੇ ਪਿੰਡ ਦੀ ਰਹਿਣ ਵਾਲੀ ਕੇਟ ਪਾਰਸਨਸ ਵੀ ਇਸੇ ਤਰ੍ਹਾਂ ਦੀਆਂ ਬਾਈਬਲ ਆਧਾਰਿਤ ਕਿਤਾਬਾਂ ਸਾਡੇ ਪਿੰਡ ਵਿਚ ਵੰਡਦੀ ਹੈ। ਕੇਟ ਪਾਰਸਨਸ ਬੜੀ ਮਸ਼ਹੂਰ ਸੀ, ਕਿਉਂਕਿ ਬਜ਼ੁਰਗ ਹੋਣ ਦੇ ਬਾਵਜੂਦ ਵੀ ਉਹ ਛੋਟੀ ਜਿਹੀ ਮੋਟਰ ਸਾਈਕਲ ਤੇ ਸਾਡੇ ਤਬਕੇ ਦੇ ਲੋਕਾਂ ਨੂੰ ਦੂਰ-ਦੂਰ ਤਕ ਮਿਲਣ ਜਾਂਦੀ ਹੁੰਦੀ ਸੀ। ਜਦੋਂ ਮੈਂ ਉਸ ਨੂੰ ਮਿਲਣ ਗਿਆ, ਤਾਂ ਉਸ ਨੇ ਮੈਨੂੰ ਸ੍ਰਿਸ਼ਟੀ ਅਤੇ ਧਨ ਨਾਮਕ ਦੋ ਕਿਤਾਬਾਂ ਤੋਂ ਇਲਾਵਾ ਵਾਚ ਟਾਵਰ ਸੋਸਾਇਟੀ ਦੀਆਂ ਹੋਰ ਕਈ ਕਿਤਾਬਾਂ ਵੀ ਪੜ੍ਹਨ ਲਈ ਦਿੱਤੀਆਂ। ਉਸ ਨੇ ਮੈਨੂੰ ਇਹ ਵੀ ਦੱਸਿਆ ਕਿ ਉਹ ਇਕ ਯਹੋਵਾਹ ਦੀ ਗਵਾਹ ਹੈ।

ਬਾਈਬਲ ਸਮੇਤ ਕਈ ਕਿਤਾਬਾਂ ਪੜ੍ਹਨ ਤੋਂ ਬਾਅਦ ਮੈਨੂੰ ਪਤਾ ਲੱਗ ਗਿਆ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ ਤੇ ਮੇਰੇ ਦਿਲ ਵਿਚ ਯਹੋਵਾਹ ਦੀ ਉਪਾਸਨਾ ਕਰਨ ਦੀ ਖ਼ਾਹਸ਼ ਪੈਦਾ ਹੋ ਗਈ। ਇਸ ਲਈ ਮੈਂ ਚਰਚ ਨੂੰ ਆਪਣਾ ਤਿਆਗ-ਪੱਤਰ ਦੇ ਦਿੱਤਾ ਅਤੇ ਵੈਸਟਬਰੀ ਵਿਚ ਜੌਨ ਅਤੇ ਐਲਸ ਮੂਡੀ ਦੇ ਘਰ ਬਾਈਬਲ ਸਭਾਵਾਂ ਵਿਚ ਹਾਜ਼ਰ ਹੋਣਾ ਸ਼ੁਰੂ ਕਰ ਦਿੱਤਾ। ਵੈਸਟਬਰੀ ਸਾਡੇ ਪਿੰਡ ਦਾ ਸਭ ਤੋਂ ਨੇੜਲਾ ਸ਼ਹਿਰ ਸੀ। ਉਸ ਵੇਲੇ ਸਭਾਵਾਂ ਵਿਚ ਅਸੀਂ ਸਿਰਫ਼ ਸੱਤ ਜਣੇ ਹੁੰਦੇ ਸਾਂ। ਸਭਾ ਦੇ ਸ਼ੁਰੂ ਅਤੇ ਖ਼ਤਮ ਹੋਣ ਤੋਂ ਬਾਅਦ, ਕੇਟ ਪਾਰਸਨਸ ਹਾਰਮੋਨਿਅਮ ਵਜਾਉਂਦੀ ਹੁੰਦੀ ਸੀ ਅਤੇ ਅਸੀਂ ਸਾਰੇ ਰਲ ਕੇ ਜੋਸ਼ ਨਾਲ ਰਾਜ ਗੀਤ ਗਾਉਂਦੇ ਹੁੰਦੇ ਸਾਂ!

ਸ਼ੁਰੂ ਦੇ ਦਿਨ

ਮੈਂ ਸਮਝ ਸਕਦਾ ਸੀ ਕਿ ਅਸੀਂ ਬੜੇ ਅਹਿਮ ਸਮੇਂ ਵਿਚ ਰਹਿ ਰਹੇ ਹਾਂ ਅਤੇ ਮੇਰੀ ਦਿਲੀ ਇੱਛਾ ਸੀ ਕਿ ਮੈਂ ਮੱਤੀ 24:14 ਦੀ ਭਵਿੱਖਬਾਣੀ ਅਨੁਸਾਰ ਪ੍ਰਚਾਰ ਕੰਮ ਵਿਚ ਹਿੱਸਾ ਲਵਾਂ। ਇਸੇ ਲਈ ਮੈਂ ਤਮਾਖੂਨੋਸ਼ੀ ਛੱਡ ਦਿੱਤੀ ਤੇ ਇਕ ਬ੍ਰੀਫ਼ਕੇਸ ਖ਼ਰੀਦ ਲਿਆ ਅਤੇ ਪਰਮ ਪ੍ਰਧਾਨ ਯਹੋਵਾਹ ਨੂੰ ਆਪਣਾ ਸਮਰਪਣ ਕਰ ਦਿੱਤਾ।

ਅਗਸਤ 1936 ਵਿਚ, ਵਾਚ ਟਾਵਰ ਸੋਸਾਇਟੀ ਦੇ ਪ੍ਰਧਾਨ ਜੋਸਫ਼ ਐੱਫ਼. ਰਦਰਫ਼ਰਡ ਸਕਾਟਲੈਂਡ ਦੇ ਗਲਾਸਗੋ ਸ਼ਹਿਰ ਵਿਚ “ਆਰਮਾਗੇਡਨ” ਵਿਸ਼ੇ ਤੇ ਭਾਸ਼ਣ ਦੇਣ ਆਏ ਸਨ। ਬੇਸ਼ੱਕ ਗਲਾਸਗੋ ਸ਼ਹਿਰ ਤਕਰੀਬਨ 600 ਕਿਲੋਮੀਟਰ ਦੂਰ ਸੀ, ਪਰ ਮੈਂ ਉੱਥੇ ਜਾਣ ਦਾ ਅਤੇ ਉਸੇ ਮਹਾਂ-ਸੰਮੇਲਨ ਵਿਚ ਬਪਤਿਸਮਾ ਲੈਣ ਦਾ ਪੱਕਾ ਇਰਾਦਾ ਕਰ ਲਿਆ ਸੀ। ਪੈਸੇ ਦੀ ਕਿੱਲਤ ਸੀ, ਇਸ ਲਈ ਮੈਂ ਸਾਈਕਲ ਚੁੱਕੀ ਤੇ ਰੇਲ-ਗੱਡੀ ਰਾਹੀਂ ਕਾਰਲਿਲ ਗਿਆ। ਇਹ ਸ਼ਹਿਰ ਸਕਾਟਲੈਂਡ ਦੇ ਬਾਰਡਰ ਤੇ ਸਥਿਤ ਹੈ। ਉੱਥੋਂ ਹੋਰ ਅੱਗੇ ਮੈਂ ਉੱਤਰੀ ਪਾਸੇ 160 ਕਿਲੋਮੀਟਰ ਸਾਈਕਲ ਚਲਾ ਕੇ ਗਿਆ। ਘਰ ਪਰਤਣ ਸਮੇਂ ਵੀ ਮੈਂ ਕਾਫ਼ੀ ਸਫ਼ਰ ਸਾਈਕਲ ਤੇ ਹੀ ਤੈ ਕੀਤਾ। ਹਾਲਾਂਕਿ ਘਰ ਪਰਤਣ ਤਕ ਮੈਂ ਸਰੀਰਕ ਪੱਖੋਂ ਨਿਢਾਲ ਹੋ ਚੁੱਕਾ ਸੀ, ਪਰ ਅਧਿਆਤਮਿਕ ਤੌਰ ਤੇ ਆਪਣੇ ਆਪ ਨੂੰ ਬਹੁਤ ਮਜ਼ਬੂਤ ਮਹਿਸੂਸ ਕਰ ਰਿਹਾ ਸੀ।

ਉਸ ਸਮੇਂ ਤੋਂ ਮੈਂ ਨੇੜੇ-ਤੇੜੇ ਦੇ ਪਿੰਡਾਂ ਵਿਚ ਪ੍ਰਚਾਰ ਕਰਨ ਲਈ ਸਾਈਕਲ ਦਾ ਹੀ ਸਹਾਰਾ ਲਿਆ। ਉਸ ਸਮੇਂ ਗਵਾਹਾਂ ਕੋਲ ਇਕ ਗਵਾਹੀ ਕਾਰਡ ਹੁੰਦਾ ਸੀ ਜਿਸ ਉੱਤੇ ਘਰ-ਸੁਆਮੀ ਦੇ ਪੜ੍ਹਨ ਲਈ ਬਾਈਬਲ ਆਧਾਰਿਤ ਇਕ ਸੰਦੇਸ਼ ਲਿਖਿਆ ਹੁੰਦਾ ਸੀ। ਅਸੀਂ ਸੋਸਾਇਟੀ ਦੇ ਪ੍ਰਧਾਨ ਵੱਲੋਂ ਦਿੱਤੇ ਬਾਈਬਲ ਭਾਸ਼ਣਾਂ ਦੇ ਰਿਕਾਰਡ ਵਜਾਉਣ ਲਈ ਫੋਨੋਗ੍ਰਾਫ ਦੀ ਵੀ ਵਰਤੋਂ ਕੀਤੀ। ਇਸ ਦੇ ਨਾਲ-ਨਾਲ ਅਸੀਂ ਰਸਾਲਿਆਂ ਵਾਲਾ ਇਕ ਥੈਲਾ * ਵੀ ਆਪਣੇ ਨਾਲ ਲੈ ਕੇ ਜਾਂਦੇ ਸਾਂ ਜਿਸ ਤੋਂ ਯਹੋਵਾਹ ਦੇ ਗਵਾਹ ਪਛਾਣੇ ਜਾਂਦੇ ਸਨ।

ਲੜਾਈ ਦੌਰਾਨ ਪਾਇਨੀਅਰੀ

ਮੇਰੇ ਭਰਾ ਦਾ ਬਪਤਿਸਮਾ ਸੰਨ 1940 ਵਿਚ ਹੋਇਆ। ਦੂਸਰਾ ਵਿਸ਼ਵ ਯੁੱਧ 1939 ਵਿਚ ਸ਼ੁਰੂ ਹੋਇਆ ਅਤੇ ਅਸੀਂ ਦੋਹਾਂ ਭਰਾਵਾਂ ਨੇ ਦੇਖਿਆ ਕਿ ਇਸ ਸਮੇਂ ਪੂਰਣ-ਕਾਲੀ ਸੇਵਕਾਈ ਕਰਨੀ ਬਹੁਤ ਲਾਜ਼ਮੀ ਹੈ। ਇਸ ਲਈ ਅਸੀਂ ਪਾਇਨੀਅਰੀ ਲਈ ਅਰਜ਼ੀਆਂ ਦੇ ਦਿੱਤੀਆਂ। ਅਸੀਂ ਯਹੋਵਾਹ ਦਾ ਉਦੋਂ ਧੰਨਵਾਦ ਕੀਤਾ ਜਦੋਂ ਸਾਨੂੰ ਦੋਹਾਂ ਭਰਾਵਾਂ ਨੂੰ ਬ੍ਰਿਸਟਲ ਪਾਇਨੀਅਰ ਘਰ ਵਿਚ ਈਡਥ ਪੂਲ, ਬਰਟ ਫਾਰਮਰ, ਟੌਮ ਅਤੇ ਡੌਰਥੀ ਬ੍ਰੀਜਿਜ਼, ਬਰਨਾਡ ਹੌਟਨ ਅਤੇ ਹੋਰ ਕਈ ਮਜ਼ਬੂਤ ਨਿਹਚਾ ਵਾਲੇ ਪਾਇਨੀਅਰਾਂ ਨਾਲ ਸੇਵਾ ਕਰਨ ਲਈ ਕਿਹਾ ਗਿਆ ਜਿਨ੍ਹਾਂ ਦੀ ਨਿਹਚਾ ਦੀ ਸ਼ਲਾਘਾ ਅਸੀਂ ਪਹਿਲਾਂ ਹੀ ਕਰਦੇ ਹੁੰਦੇ ਸਾਂ।

ਇਕ ਛੋਟੀ ਜਿਹੀ ਵੈਨ ਜਿਸ ਦੇ ਦੋਹੀਂ ਪਾਸੀਂ “ਯਹੋਵਾਹ ਦੇ ਗਵਾਹ” ਲਿਖਿਆ ਹੋਇਆ ਸੀ, ਛੇਤੀ ਹੀ ਸਾਨੂੰ ਲੈਣ ਲਈ ਆ ਗਈ। ਇਸ ਦਾ ਡਰਾਈਵਰ ਸਟੈਨਲੀ ਜੋਨਜ਼ ਸੀ ਜੋ ਬਾਅਦ ਵਿਚ ਚੀਨ ਵਿਚ ਮਿਸ਼ਨਰੀ ਬਣਿਆ ਅਤੇ ਉੱਥੇ ਪ੍ਰਚਾਰ ਕਰਨ ਕਰਕੇ ਉਸ ਨੂੰ ਕਾਲ ਕੋਠਰੀ ਦੀ ਸਜ਼ਾ ਹੋ ਗਈ ਸੀ।

ਜਿਉਂ-ਜਿਉਂ ਲੜਾਈ ਤੇਜ਼ ਹੁੰਦੀ ਗਈ ਤਿਉਂ-ਤਿਉਂ ਸਾਨੂੰ ਅੱਖਾਂ ਵਿਚ ਰਾਤਾਂ ਕੱਟਣੀਆਂ ਪਈਆਂ। ਸਾਡੇ ਪਾਇਨੀਅਰ ਘਰ ਦੇ ਆਲੇ-ਦੁਆਲੇ ਬੰਬ ਡਿੱਗ ਪੈਂਦੇ ਸਨ ਤੇ ਅੱਗ ਲੱਗਣ ਤੋਂ ਬਚਣ ਲਈ ਸਾਨੂੰ ਲਗਾਤਾਰ ਧਿਆਨ ਰੱਖਣਾ ਪੈਂਦਾ ਸੀ। ਇਕ ਸ਼ਾਮ, ਬ੍ਰਿਸਟਲ ਸ਼ਹਿਰ ਵਿਖੇ ਹੋਏ ਇਕ ਸ਼ਾਨਦਾਰ ਸੰਮੇਲਨ ਤੋਂ ਬਾਅਦ, ਜਿਸ ਵਿਚ ਕੁੱਲ 200 ਲੋਕ ਹਾਜ਼ਰ ਹੋਏ ਸਨ, ਅਸੀਂ ਬੰਬਾਂ ਤੋਂ ਬਚਦੇ-ਬਚਾਉਂਦੇ ਆਪਣੇ ਘਰ ਪਹੁੰਚੇ।

ਅਗਲੀ ਸਵੇਰ ਮੈਂ ਅਤੇ ਡਿਕ ਆਪਣੀਆਂ ਕੁਝ ਚੀਜ਼ਾਂ ਲੈਣ ਲਈ ਵਾਪਸ ਸ਼ਹਿਰ ਵਿਚ ਗਏ ਜਿਹੜੀਆਂ ਅਸੀਂ ਉੱਥੇ ਛੱਡ ਦਿੱਤੀਆਂ ਸਨ। ਸ਼ਹਿਰ ਦਾ ਨਜ਼ਾਰਾ ਦੇਖ ਕੇ ਸਾਡੇ ਰੌਂਗਟੇ ਖੜ੍ਹੇ ਹੋ ਗਏ। ਬ੍ਰਿਸਟਲ ਸ਼ਹਿਰ ਮਲਬੇ ਦਾ ਢੇਰ ਬਣ ਚੁੱਕਾ ਸੀ। ਪੂਰਾ ਸ਼ਹਿਰ ਬੰਬਾਂ ਨਾਲ ਉੱਡ ਕੇ ਸੁਆਹ ਹੋ ਚੁੱਕਾ ਸੀ। ਪਾਰਕ ਸਟ੍ਰੀਟ ਜਿੱਥੇ ਸਾਡਾ ਕਿੰਗਡਮ ਹਾਲ ਸੀ, ਧੁਖਦੇ ਮਲਬੇ ਦਾ ਢੇਰ ਬਣ ਚੁੱਕਾ ਸੀ। ਪਰ, ਉੱਥੇ ਨਾ ਤਾਂ ਕੋਈ ਗਵਾਹ ਜ਼ਖ਼ਮੀ ਹੋਇਆ ਸੀ ਤੇ ਨਾ ਹੀ ਕੋਈ ਮਾਰਿਆ ਗਿਆ ਸੀ। ਖ਼ੁਸ਼ੀ ਦੀ ਗੱਲ ਇਹ ਵੀ ਸੀ ਕਿ ਅਸੀਂ ਆਪਣੀਆਂ ਕਿਤਾਬਾਂ ਤੇ ਰਸਾਲੇ ਵਗੈਰਾ ਪਹਿਲਾਂ ਹੀ ਕਿੰਗਡਮ ਹਾਲ ਵਿੱਚੋਂ ਲਿਜਾ ਕੇ ਕਲੀਸਿਯਾ ਦੇ ਮੈਂਬਰਾਂ ਦੇ ਘਰਾਂ ਵਿਚ ਥੋੜ੍ਹੇ-ਥੋੜ੍ਹੇ ਕਰ ਕੇ ਰੱਖ ਦਿੱਤੇ ਸਨ। ਅਸੀਂ ਭੈਣ-ਭਰਾਵਾਂ ਦੀਆਂ ਜਾਨਾਂ ਅਤੇ ਸਾਹਿੱਤ ਦੇ ਬਚਾਅ ਲਈ ਯਹੋਵਾਹ ਦਾ ਸ਼ੁਕਰ ਕੀਤਾ।

ਮਿਲਟਰੀ ਸੇਵਾ ਤੋਂ ਆਜ਼ਾਦੀ

ਬ੍ਰਿਸਟਲ ਕਲੀਸਿਯਾ ਵਿਚ ਜਿੱਥੇ ਮੈਂ ਪ੍ਰਧਾਨ ਨਿਗਾਹਬਾਨ ਵਜੋਂ ਸੇਵਾ ਕਰਦਾ ਸੀ, ਉਸ ਵੇਲੇ ਪ੍ਰਚਾਰਕਾਂ ਦੀ ਗਿਣਤੀ 64 ਤਕ ਵੱਧ ਚੁੱਕੀ ਸੀ ਤੇ ਉਸ ਵੇਲੇ ਮੈਨੂੰ ਮਿਲਟਰੀ ਸੇਵਾ ਕਰਨ ਦਾ ਹੁਕਮ ਜਾਰੀ ਕੀਤਾ ਗਿਆ। ਕਈ ਗਵਾਹਾਂ ਨੂੰ ਮਿਲਟਰੀ ਸੇਵਾ ਨਾ ਕਰਨ ਤੇ ਜੇਲ੍ਹ ਹੋ ਗਈ ਸੀ ਤੇ ਮੈਨੂੰ ਵੀ ਲੱਗਾ ਕਿ ਮੈਨੂੰ ਵੀ ਪ੍ਰਚਾਰ ਕੰਮ ਤੋਂ ਹੱਥ ਧੋਣੇ ਪੈਣਗੇ। ਮੇਰੇ ਮੁਕੱਦਮੇ ਦੀ ਸੁਣਵਾਈ ਬ੍ਰਿਸਟਲ ਸ਼ਹਿਰ ਦੀ ਅਦਾਲਤ ਵਿਚ ਹੋਈ ਜਿੱਥੇ ਭਰਾ ਐਨਥਨੀ ਬੱਕ ਨੇ ਮੇਰਾ ਕੇਸ ਲੜਿਆ ਜੋ ਪਹਿਲਾਂ ਇਕ ਜੇਲ੍ਹ ਅਫ਼ਸਰ ਸੀ। ਉਹ ਇਕ ਬਹਾਦਰ ਅਤੇ ਬਾਈਬਲ ਸੱਚਾਈ ਲਈ ਡਾਢਾ ਜੋਸ਼ ਰੱਖਣ ਵਾਲਾ ਭਰਾ ਸੀ। ਉਸ ਨੇ ਮੇਰੇ ਕੇਸ ਲਈ ਇੰਨੀ ਮਿਹਨਤ ਕੀਤੀ ਕਿ ਮੈਨੂੰ ਇਸ ਸ਼ਰਤ ਤੇ ਮਿਲਟਰੀ ਸੇਵਾ ਤੋਂ ਛੋਟ ਦੇ ਦਿੱਤੀ ਗਈ ਕਿ ਮੈਂ ਪੂਰਣ-ਕਾਲੀ ਸੇਵਕਾਈ ਕਦੇ ਨਹੀਂ ਛੱਡਾਂਗਾ!

ਪ੍ਰਚਾਰ ਕਰਨ ਦੀ ਆਜ਼ਾਦੀ ਪਾ ਕੇ ਮੈਂ ਹੱਦੋਂ ਵੱਧ ਖ਼ੁਸ਼ ਹੋਇਆ ਅਤੇ ਮੈਂ ਆਪਣੀ ਪੂਰੀ ਵਾਹ ਨਾਲ ਪ੍ਰਚਾਰ ਕਰ ਕੇ ਇਸ ਆਜ਼ਾਦੀ ਦਾ ਫ਼ਾਇਦਾ ਉਠਾਉਣ ਦਾ ਪੱਕਾ ਇਰਾਦਾ ਕੀਤਾ। ਜਦੋਂ ਮੈਨੂੰ ਲੰਡਨ ਸ਼ਾਖ਼ਾ ਦੇ ਨਿਗਰਾਨ ਭਰਾ ਐਲਬਰਟ ਡੀ. ਸ਼੍ਰੋਡਰ ਨੂੰ ਮਿਲਣ ਲਈ ਬੁਲਾਇਆ ਗਿਆ, ਤਾਂ ਮੈਂ ਸੋਚਣ ਲੱਗ ਪਿਆ ਕਿ ਹੁਣ ਮੈਨੂੰ ਕਿਹੜਾ ਕੰਮ ਕਰਨ ਦਾ ਮੌਕਾ ਮਿਲੇਗਾ। ਮੇਰੀ ਖ਼ੁਸ਼ੀ ਦਾ ਉਦੋਂ ਕੋਈ ਠਿਕਾਣਾ ਨਾ ਰਿਹਾ ਜਦੋਂ ਮੈਨੂੰ ਯਾਰਕਸ਼ਰ ਵਿਚ ਸਫ਼ਰੀ ਨਿਗਾਹਬਾਨ ਵਜੋਂ ਹਰ ਹਫ਼ਤੇ ਵੱਖ-ਵੱਖ ਕਲੀਸਿਯਾਵਾਂ ਦੀ ਮਦਦ ਕਰਨ ਅਤੇ ਭਰਾਵਾਂ ਦੀ ਹੌਸਲਾ-ਅਫ਼ਜ਼ਾਈ ਕਰਨ ਦਾ ਕੰਮ ਸੌਂਪਿਆ ਗਿਆ। ਮੈਂ ਆਪਣੇ ਆਪ ਨੂੰ ਇਸ ਕੰਮ ਦੇ ਕਾਬਲ ਨਹੀਂ ਸਮਝਦਾ ਸੀ, ਪਰ ਮੈਨੂੰ ਮਿਲਟਰੀ ਸੇਵਾ ਤੋਂ ਛੋਟ ਮਿਲੀ ਹੋਈ ਸੀ ਤੇ ਮੈਨੂੰ ਜਾਣ ਦੀ ਪੂਰੀ ਆਜ਼ਾਦੀ ਸੀ, ਇਸ ਲਈ ਮੈਂ ਯਹੋਵਾਹ ਦੀ ਰਹਿਨੁਮਾਈ ਸਵੀਕਾਰ ਕੀਤੀ ਤੇ ਆਪਣੀ ਇੱਛਾ ਨਾਲ ਇਸ ਸੇਵਾ ਲਈ ਚਲਾ ਗਿਆ।

ਹਡਰਜ਼ਫ਼ੀਲਡ ਵਿਚ ਹੋਏ ਸੰਮੇਲਨ ਦੌਰਾਨ ਭਰਾ ਐਲਬਰਟ ਸ਼੍ਰੋਡਰ ਨੇ ਮੈਨੂੰ ਭਰਾਵਾਂ ਨਾਲ ਮਿਲਾਇਆ ਅਤੇ ਅਪ੍ਰੈਲ 1941 ਵਿਚ ਮੈਂ ਸਫ਼ਰੀ ਨਿਗਾਹਬਾਨ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਭੈਣ-ਭਰਾਵਾਂ ਨੂੰ ਮਿਲ ਕੇ ਮੈਨੂੰ ਕਿੰਨੀ ਖ਼ੁਸ਼ੀ ਮਿਲੀ ਸੀ! ਉਨ੍ਹਾਂ ਦੀ ਪਿਆਰ-ਮੁਹੱਬਤ ਤੇ ਦਿਆਲਤਾ ਦੇਖ ਕੇ ਮੇਰੇ ਦਿਲ ਵਿਚ ਯਹੋਵਾਹ ਪ੍ਰਤੀ ਇਸ ਗੱਲ ਲਈ ਕਦਰਦਾਨੀ ਹੋਰ ਵੀ ਵੱਧ ਗਈ ਕਿ ਇਕ ਦੂਸਰੇ ਨਾਲ ਪਿਆਰ ਕਰਨ ਵਾਲੇ ਉਸ ਦੇ ਲੋਕ ਉਸ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ।—ਯੂਹੰਨਾ 13:35.

ਸੇਵਕਾਈ ਦੇ ਹੋਰ ਵੀ ਵਿਸ਼ੇਸ਼-ਸਨਮਾਨ

ਸੰਨ 1941 ਵਿਚ ਲੈਸਟਰ ਦੇ ਡ ਮੋਂਟਫੋਰਟ ਹਾਲ ਵਿਖੇ ਹੋਏ ਪੰਜ-ਦਿਨਾ ਰਾਸ਼ਟਰੀ ਸੰਮੇਲਨ ਨੂੰ ਮੈਂ ਕਦੇ ਨਹੀਂ ਭੁੱਲਾਂਗਾ। ਖਾਣੇ ਦੀ ਕਮੀ ਅਤੇ ਆਵਾਜਾਈ ਦੀਆਂ ਕੌਮੀ ਬੰਦਸ਼ਾਂ ਕਰਕੇ ਵੀ ਐਤਵਾਰ ਆਉਣ ਵਾਲਿਆਂ ਦੀ ਕੁੱਲ ਗਿਣਤੀ 12,000 ਸੀ, ਜਦ ਕਿ ਉਸ ਸਮੇਂ ਦੇਸ਼ ਵਿਚ ਕੁੱਲ ਗਵਾਹਾਂ ਦੀ ਗਿਣਤੀ ਸਿਰਫ਼ 11,000 ਸੀ। ਸੋਸਾਇਟੀ ਦੇ ਪ੍ਰਧਾਨ ਦੇ ਭਾਸ਼ਣਾਂ ਦੇ ਰਿਕਾਰਡ ਸੁਣਾਏ ਗਏ ਤੇ ਬੱਚੇ ਨਾਮਕ ਕਿਤਾਬ ਰਿਲੀਸ ਕੀਤੀ ਗਈ। ਬਰਤਾਨੀਆ ਵਿਖੇ ਦੂਸਰੇ ਵਿਸ਼ਵ-ਯੁੱਧ ਦੌਰਾਨ ਹੋਇਆ ਇਹ ਮਹਾਂ-ਸੰਮੇਲਨ ਯਹੋਵਾਹ ਦੇ ਲੋਕਾਂ ਦੇ ਇਤਿਹਾਸ ਵਿਚ ਇਕ ਖ਼ਾਸ ਮੀਲ-ਪੱਥਰ ਸੀ।

ਇਸ ਮਹਾਂ-ਸੰਮੇਲਨ ਤੋਂ ਬਾਅਦ, ਮੈਨੂੰ ਲੰਡਨ ਦੇ ਬੈਥਲ ਪਰਿਵਾਰ ਨਾਲ ਕੰਮ ਕਰਨ ਦਾ ਸੱਦਾ ਮਿਲਿਆ। ਉੱਥੇ ਪਹਿਲਾਂ ਮੈਂ ਸ਼ਿਪਿੰਗ ਅਤੇ ਪੈਕਿੰਗ ਵਿਭਾਗਾਂ ਵਿਚ ਤੇ ਬਾਅਦ ਵਿਚ ਕਲੀਸਿਯਾਵਾਂ ਦੇ ਮਾਮਲਿਆਂ ਸੰਬੰਧੀ ਦਫ਼ਤਰੀ ਕੰਮ ਕੀਤਾ।

ਬੈਥਲ ਪਰਿਵਾਰ ਨੂੰ ਜਹਾਜ਼ਾਂ ਰਾਹੀਂ ਬੰਬਾਰੀ ਦੇ ਖ਼ਤਰੇ ਦਾ ਦਿਨ-ਰਾਤ ਸਾਮ੍ਹਣਾ ਕਰਨਾ ਪੈਂਦਾ ਸੀ। ਇਸ ਤੋਂ ਇਲਾਵਾ ਉੱਥੇ ਕੰਮ ਕਰਨ ਵਾਲੇ ਜ਼ਿੰਮੇਵਾਰ ਭਰਾਵਾਂ ਦੀ ਲਗਾਤਾਰ ਤਫ਼ਤੀਸ਼ ਜਾਰੀ ਰਹਿੰਦੀ ਸੀ। ਪਰਾਈਸ ਹਿਊਜ਼, ਯੁਅਰਟ ਚਿਟੀ ਅਤੇ ਫ਼ਰੈਂਕ ਪਲੈਟ ਨੂੰ ਯੁੱਧ ਵਿਚ ਹਿੱਸਾ ਨਾ ਲੈਣ ਕਰਕੇ ਜੇਲ੍ਹ ਹੋ ਗਈ ਸੀ ਅਤੇ ਆਖ਼ਰਕਾਰ ਭਰਾ ਐਲਬਰਟ ਸ਼੍ਰੋਡਰ ਨੂੰ ਵੀ ਦੇਸ਼ ਛੱਡ ਕੇ ਅਮਰੀਕਾ ਵਾਪਸ ਪਰਤਣ ਦਾ ਹੁਕਮ ਦਿੱਤਾ ਗਿਆ। ਇਨ੍ਹਾਂ ਦਬਾਵਾਂ ਦੇ ਬਾਵਜੂਦ ਵੀ ਕਲੀਸਿਯਾਵਾਂ ਅਤੇ ਰਾਜ ਦੇ ਕੰਮਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕੀਤੀ ਜਾਂਦੀ ਰਹੀ।

ਗਿਲਿਅਡ ਦੀ ਸਿਖਲਾਈ!

ਜਦੋਂ 1945 ਵਿਚ ਯੁੱਧ ਖ਼ਤਮ ਹੋ ਗਿਆ, ਤਾਂ ਮੈਂ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਵਿਚ ਮਿਸ਼ਨਰੀ ਸਿਖਲਾਈ ਲਈ ਅਰਜ਼ੀ ਦਿੱਤੀ ਅਤੇ ਮੈਨੂੰ ਸੰਨ 1946 ਵਿਚ ਅੱਠਵੀਂ ਕਲਾਸ ਲਈ ਬੁਲਾਇਆ ਗਿਆ। ਮੇਰੇ ਤੋਂ ਇਲਾਵਾ ਟੋਨੀ ਐਟਵੁੱਡ, ਸਟੈਨਲੀ ਜੋਨਜ਼, ਡੌਨ ਰੈਨਡਲ ਅਤੇ ਸਟੈਨਲੀ ਵੁੱਡਬਰਨ ਵੀ ਇਸ ਕਲਾਸ ਲਈ ਬੁਲਾਏ ਗਏ ਸਨ। ਸੋਸਾਇਟੀ ਨੇ ਇਕ ਸਥਾਨਕ ਭਰਾ ਰਾਹੀਂ ਕੌਰਨਵਲ ਦੀ ਫ਼ਾਉਈ ਨਾਮਕ ਸਮੁੰਦਰੀ ਬੰਦਰਗਾਹ ਤੋਂ ਇਕ ਛੋਟੇ ਜਿਹੇ ਸਮੁੰਦਰੀ ਜਹਾਜ਼ ਵਿਚ ਸਾਡੀਆਂ ਟਿਕਟਾਂ ਦਾ ਪ੍ਰਬੰਧ ਕੀਤਾ। ਇਸ ਜਹਾਜ਼ ਵਿਚ ਚੀਨੀ ਮਿੱਟੀ ਲਿਜਾਈ ਜਾ ਰਹੀ ਸੀ। ਸਾਡੇ ਰਹਿਣ ਦੇ ਕੁਆਟਰ ਬਹੁਤ ਹੀ ਤੰਗ ਸਨ ਤੇ ਤੇਜ਼ ਸਮੁੰਦਰੀ ਛੱਲਾਂ ਪੈਣ ਕਰਕੇ ਜਹਾਜ਼ ਦੀ ਉਪਰਲੀ ਮੰਜ਼ਲ ਅਕਸਰ ਪਾਣੀ ਨਾਲ ਗੜੁੱਚ ਰਹਿੰਦੀ ਸੀ। ਸਾਨੂੰ ਉਦੋਂ ਕਿੰਨਾ ਚੈਨ ਮਿਲਿਆ ਸੀ ਜਦੋਂ ਅਸੀਂ ਫ਼ਿਲਾਡੈਲਫ਼ੀਆ ਦੀ ਬੰਦਰਗਾਹ ਤੇ ਪਹੁੰਚੇ!

ਨਿਊਯਾਰਕ ਦੇ ਉੱਤਰੀ ਹਿੱਸੇ ਵਿਚ ਸਾਉਥ ਲੈਂਸਿੰਗ ਵਿਖੇ ਸਥਿਤ ਗਿਲਿਅਡ ਦਾ ਚੁਗਿਰਦਾ ਬਹੁਤ ਹੀ ਸੋਹਣਾ ਸੀ ਤੇ ਨਾਲੇ ਗਿਲਿਅਡ ਵਿੱਚੋਂ ਮਿਲੀ ਸਿਖਲਾਈ ਮੇਰੇ ਲਈ ਬਹੁਤ ਜ਼ਿਆਦਾ ਅਰਥ ਰੱਖਦੀ ਸੀ। ਸਾਡੀ ਕਲਾਸ ਵਿਚ 18 ਦੇਸ਼ਾਂ ਤੋਂ ਵਿਦਿਆਰਥੀ ਆਏ ਸਨ। ਸੋਸਾਇਟੀ ਨੇ ਪਹਿਲੀ ਵਾਰ ਵੱਖੋ-ਵੱਖਰੇ ਦੇਸ਼ਾਂ ਤੋਂ ਇੰਨੇ ਸਾਰੇ ਭੈਣ-ਭਰਾ ਬੁਲਾਏ ਸਨ ਜਿਸ ਕਰਕੇ ਸਾਡੀ ਇਕ ਦੂਜੇ ਨਾਲ ਨਿੱਘੀ ਦੋਸਤੀ ਪੈ ਗਈ। ਮੇਰੇ ਕਮਰੇ ਵਿਚ ਰਹਿੰਦੇ ਫ਼ਿਨਲੈਂਡ ਦੇ ਭਰਾ ਕਾਲੇ ਸਾਲਵਾਰਾ ਦੇ ਸਾਥ ਦਾ ਮੈਂ ਬਹੁਤ ਹੀ ਆਨੰਦ ਮਾਣਿਆ।

ਸਮਾਂ ਝੱਟ ਹੀ ਬੀਤ ਗਿਆ ਅਤੇ ਪੰਜਾਂ ਮਹੀਨਿਆਂ ਦੇ ਅੰਤ ਵਿਚ ਬਰੁਕਲਿਨ ਮੁੱਖ ਦਫ਼ਤਰ ਤੋਂ ਸੋਸਾਇਟੀ ਦੇ ਪ੍ਰਧਾਨ ਨੇਥਨ ਐੱਚ. ਨੌਰ ਸਾਨੂੰ ਡਿਪਲੋਮੇ ਦੇਣ ਅਤੇ ਇਹ ਦੱਸਣ ਲਈ ਆਏ ਕਿ ਅਸੀਂ ਕਿਹੜੇ-ਕਿਹੜੇ ਦੇਸ਼ ਵਿਚ ਸੇਵਾ ਲਈ ਜਾਣਾ ਹੈ। ਉਨ੍ਹਾਂ ਦਿਨਾਂ ਵਿਚ ਵਿਦਿਆਰਥੀਆਂ ਨੂੰ ਡਿਪਲੋਮਾ ਮਿਲਣ ਤੋਂ ਪਹਿਲਾਂ ਪਤਾ ਨਹੀਂ ਹੁੰਦਾ ਸੀ ਕਿ ਉਨ੍ਹਾਂ ਨੂੰ ਕਿਹੜੀ ਥਾਂ ਭੇਜਿਆ ਜਾਵੇਗਾ। ਮੈਨੂੰ ਦੁਬਾਰਾ ਲੰਡਨ ਬੈਥਲ ਵਿਚ ਹੀ ਆਪਣਾ ਕੰਮ ਜਾਰੀ ਰੱਖਣ ਲਈ ਭੇਜ ਦਿੱਤਾ ਗਿਆ।

ਵਾਪਸ ਲੰਡਨ ਵਿਚ

ਯੁੱਧ ਤੋਂ ਬਾਅਦ ਬਰਤਾਨੀਆ ਦੇ ਹਾਲਾਤ ਬਹੁਤ ਔਖੇ ਸਨ। ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਤੋਂ ਇਲਾਵਾ ਉਦੋਂ ਕਾਗਜ਼ ਵੀ ਨਿਸ਼ਚਿਤ ਮਾਤਰਾ ਵਿਚ ਮਿਲਦਾ ਹੁੰਦਾ ਸੀ। ਪਰ ਅਸੀਂ ਔਖੇ-ਸੌਖੇ ਗੁਜ਼ਾਰਾ ਕੀਤਾ ਤੇ ਯਹੋਵਾਹ ਦੇ ਰਾਜ ਪ੍ਰਚਾਰ ਦਾ ਕੰਮ ਵੀ ਦਿਨ-ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰਦਾ ਗਿਆ। ਬੈਥਲ ਵਿਚ ਕੰਮ ਕਰਨ ਤੋਂ ਇਲਾਵਾ, ਮੈਂ ਸੋਸਾਇਟੀ ਦੇ ਪ੍ਰਤਿਨਿਧ ਵਜੋਂ ਕਈ ਜ਼ਿਲ੍ਹਾ ਤੇ ਸਰਕਟ ਸੰਮੇਲਨਾਂ ਵਿਚ ਵੀ ਜਾਂਦਾ ਹੁੰਦਾ ਸੀ ਅਤੇ ਆਇਰਲੈਂਡ ਵਿਚਲੀਆਂ ਕਈ ਕਲੀਸਿਯਾਵਾਂ ਸਮੇਤ ਹੋਰ ਦੂਜੀਆਂ ਕਲੀਸਿਯਾਵਾਂ ਨੂੰ ਵੀ ਮਿਲਣ ਲਈ ਜਾਂਦਾ ਹੁੰਦਾ ਸੀ। ਭਰਾ ਐਰਿਕ ਫ਼ਰੌਸਟ ਅਤੇ ਯੂਰਪ ਦੇ ਹੋਰ ਕਈ ਭੈਣ-ਭਰਾਵਾਂ ਨੂੰ ਮਿਲਣ ਤੇ ਉਨ੍ਹਾਂ ਕੋਲੋਂ ਸੰਗੀ ਮਸੀਹੀਆਂ ਦੀ ਵਫ਼ਾਦਾਰੀ ਸੰਬੰਧੀ ਹੱਡ-ਬੀਤੀਆਂ ਸੁਣਨ ਦਾ ਵੀ ਮੈਨੂੰ ਵਧੀਆ ਮੌਕਾ ਮਿਲਿਆ ਜਿਨ੍ਹਾਂ ਨੇ ਨਾਜ਼ੀ ਨਜ਼ਰਬੰਦੀ ਕੈਂਪਾਂ ਵਿਚ ਦਿਲ-ਕੰਬਾਉ ਸਤਾਹਟ ਸਹੀ ਸੀ। ਬੈਥਲ ਸੇਵਾ ਸੱਚ-ਮੁੱਚ ਯਹੋਵਾਹ ਵੱਲੋਂ ਦਿੱਤੀ ਗਈ ਇਕ ਬਰਕਤ ਸੀ।

ਦਸਾਂ ਸਾਲਾਂ ਤੋਂ ਮੈਂ ਇਕ ਵਿਸ਼ੇਸ਼ ਪਾਇਨੀਅਰ ਜੋਨ ਵੈੱਬ ਨੂੰ ਜਾਣਦਾ ਸੀ ਜੋ ਲੰਡਨ ਦੇ ਉੱਤਰੀ ਹਿੱਸੇ ਵਿਚ ਸ਼ਹਿਰ ਵੌਟਫ਼ਰਡ ਵਿਖੇ ਪਾਇਨੀਅਰੀ ਕਰਦੀ ਸੀ। ਸੰਨ 1952 ਵਿਚ ਸਾਡਾ ਵਿਆਹ ਹੋ ਗਿਆ। ਅਸੀਂ ਦੋਵੇਂ ਪੂਰਣ-ਕਾਲੀ ਸੇਵਕਾਈ ਕਰਨਾ ਚਾਹੁੰਦੇ ਸਾਂ, ਇਸ ਲਈ ਬੈਥਲ ਛੱਡਣ ਤੋਂ ਬਾਅਦ ਜਦੋਂ ਮੈਨੂੰ ਸਰਕਟ ਨਿਗਾਹਬਾਨ ਬਣਾਇਆ ਗਿਆ, ਤਾਂ ਸਾਡੀ ਖ਼ੁਸ਼ੀ ਦੀ ਕੋਈ ਸੀਮਾ ਨਾ ਰਹੀ। ਸਾਡਾ ਪਹਿਲਾ ਸਰਕਟ ਇੰਗਲੈਂਡ ਦੇ ਦੱਖਣੀ ਤਟ ਨਾਲ ਲੱਗਦੇ ਸਸੈਕਸ ਅਤੇ ਹੈਂਮਸ਼ਰ ਜ਼ਿਲ੍ਹੇ ਸਨ। ਉਨ੍ਹੀਂ ਦਿਨੀਂ ਸਰਕਟ ਕੰਮ ਕਰਨਾ ਕੋਈ ਆਸਾਨ ਕੰਮ ਨਹੀਂ ਸੀ। ਅਸੀਂ ਜ਼ਿਆਦਾਤਰ ਸਫ਼ਰ ਬੱਸ ਰਾਹੀਂ, ਸਾਈਕਲ ਰਾਹੀਂ ਤੇ ਤੁਰ ਕੇ ਤੈ ਕਰਦੇ ਸਾਂ। ਬਹੁਤ ਸਾਰੀਆਂ ਕਲੀਸਿਯਾਵਾਂ ਵਿਚ ਪ੍ਰਚਾਰ ਕਰਨ ਲਈ ਦੂਰ-ਦੁਰੇਡੇ ਇਲਾਕਿਆਂ ਵਿਚ ਜਾਣਾ ਪੈਂਦਾ ਸੀ ਜਿਨ੍ਹਾਂ ਤਕ ਪਹੁੰਚਣਾ ਬਹੁਤ ਮੁਸ਼ਕਲ ਸੀ, ਪਰ ਫੇਰ ਵੀ ਗਵਾਹਾਂ ਦੀ ਗਿਣਤੀ ਲਗਾਤਾਰ ਵਧਦੀ ਗਈ।

ਸੰਨ 1958 ਵਿਚ ਨਿਊਯਾਰਕ ਸਿਟੀ ਵਿਚ ਸੇਵਾ

ਸੰਨ 1957 ਵਿਚ, ਮੈਨੂੰ ਬੈਥਲ ਤੋਂ ਇਕ ਹੋਰ ਸੱਦਾ ਮਿਲਿਆ: “ਕੀ ਤੁਸੀਂ ਨਿਊਯਾਰਕ ਸਿਟੀ ਦੇ ਯੈਂਕੀ ਸਟੇਡੀਅਮ ਤੇ ਪੋਲੋ ਗਰਾਊਂਡਜ਼ ਵਿਖੇ ਹੋਣ ਵਾਲੇ 1958 ਦੇ ਅੰਤਰਰਾਸ਼ਟਰੀ ਸੰਮੇਲਨ ਸੰਬੰਧੀ ਸਫ਼ਰੀ ਇੰਤਜ਼ਾਮਾਂ ਵਿਚ ਮਦਦ ਕਰਨ ਵਾਸਤੇ ਦਫ਼ਤਰ ਆਉਣਾ ਚਾਹੋਗੇ?” ਸੋਸਾਇਟੀ ਨੇ ਕਈ ਹਵਾਈ ਅਤੇ ਸਮੁੰਦਰੀ ਜਹਾਜ਼ ਕਿਰਾਏ ਤੇ ਲਏ ਸਨ। ਜਿਨ੍ਹਾਂ ਭੈਣ-ਭਰਾਵਾਂ ਨੇ ਇਨ੍ਹਾਂ ਰਾਹੀਂ ਸਫ਼ਰ ਕਰਨਾ ਸੀ, ਉਨ੍ਹਾਂ ਦੀਆਂ ਅਰਜ਼ੀਆਂ ਸੰਬੰਧੀ ਕੰਮ ਵਿਚ ਮਦਦ ਕਰਨ ਲਈ ਮੈਂ ਅਤੇ ਜੋਨ ਲੰਡਨ ਦੇ ਸ਼ਾਖ਼ਾ ਦਫ਼ਤਰ ਪਹੁੰਚੇ ਤੇ ਜਲਦੀ ਹੀ ਅਸੀਂ ਦੋਵੇਂ ਆਪਣੇ ਇਸ ਕੰਮ ਵਿਚ ਪੂਰੀ ਤਰ੍ਹਾਂ ਜੁੱਟ ਗਏ। ਇਹ ਉਹੀ ਪ੍ਰਸਿੱਧ “ਪਰਮੇਸ਼ੁਰੀ ਇੱਛਾ ਅੰਤਰਰਾਸ਼ਟਰੀ ਸੰਮੇਲਨ” ਸੀ ਜਿਸ ਵਿਚ ਕੁੱਲ 2,53,922 ਲੋਕ ਹਾਜ਼ਰ ਹੋਏ। ਇਸ ਸੰਮੇਲਨ ਵਿਚ 7,136 ਜਣਿਆਂ ਨੇ ਯਹੋਵਾਹ ਨੂੰ ਕੀਤੇ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਪਾਣੀ ਦਾ ਬਪਤਿਸਮਾ ਲਿਆ। ਇਹ ਗਿਣਤੀ ਪੰਤੇਕੁਸਤ 33 ਸਾ.ਯੁ. ਦੇ ਇਤਿਹਾਸਕ ਮੌਕੇ ਤੇ ਬਪਤਿਸਮਾ ਲੈਣ ਵਾਲਿਆਂ ਦੀ ਗਿਣਤੀ ਨਾਲੋਂ ਦੁੱਗਣੀ ਤੋਂ ਵੀ ਜ਼ਿਆਦਾ ਸੀ।—ਰਸੂਲਾਂ ਦੇ ਕਰਤੱਬ 2:41.

ਮੈਂ ਅਤੇ ਜੋਨ, ਭਰਾ ਨੌਰ ਦੀ ਦਿਆਲਤਾ ਨੂੰ ਕਦੇ ਨਹੀਂ ਭੁੱਲਾਂਗੇ ਜਿਨ੍ਹਾਂ ਨੇ ਸਾਨੂੰ ਇਸ ਸੰਮੇਲਨ ਵਿਚ ਆਉਣ ਦਾ ਨਿੱਜੀ ਤੌਰ ਤੇ ਸੱਦਾ ਦਿੱਤਾ ਤਾਂਕਿ ਅਸੀਂ 123 ਦੇਸ਼ਾਂ ਤੋਂ ਨਿਊਯਾਰਕ ਸਿਟੀ ਵਿਚ ਆਏ ਭੈਣ-ਭਰਾਵਾਂ ਦੀ ਦੇਖ-ਰੇਖ ਵਿਚ ਮਦਦ ਕਰ ਸਕੀਏ। ਇਹ ਸਾਡੇ ਦੋਹਾਂ ਲਈ ਬਹੁਤ ਖ਼ੁਸ਼ੀ-ਭਰਿਆ ਤੇ ਦਿਲ ਨੂੰ ਸਕੂਨ ਦੇਣ ਵਾਲਾ ਤਜਰਬਾ ਸੀ।

ਪੂਰਣ-ਕਾਲੀ ਸੇਵਕਾਈ ਦੀਆਂ ਬਰਕਤਾਂ

ਵਾਪਸ ਆਉਣ ਤੇ ਅਸੀਂ ਆਪਣਾ ਸਫ਼ਰੀ ਕਾਰਜ ਤਦ ਤਕ ਕਰਦੇ ਰਹੇ ਜਦ ਤਕ ਸਾਡੀ ਸਿਹਤ ਨੇ ਸਾਡਾ ਸਾਥ ਦਿੱਤਾ। ਕੁਝ ਸਮੇਂ ਬਾਅਦ ਜੋਨ ਨੂੰ ਹਸਪਤਾਲ ਦਾਖ਼ਲ ਹੋਣਾ ਪਿਆ ਤੇ ਮੈਨੂੰ ਵੀ ਹਲਕਾ ਜਿਹਾ ਸਟ੍ਰੋਕ ਹੋ ਗਿਆ। ਅਸੀਂ ਵਿਸ਼ੇਸ਼ ਪਾਇਨੀਅਰ ਬਣ ਗਏ, ਪਰ ਬਾਅਦ ਵਿਚ ਸਾਨੂੰ ਥੋੜ੍ਹੇ ਸਮੇਂ ਲਈ ਫਿਰ ਤੋਂ ਸਰਕਟ ਕੰਮ ਕਰਨ ਦਾ ਵਿਸ਼ੇਸ਼-ਸਨਮਾਨ ਮਿਲਿਆ। ਆਖ਼ਰਕਾਰ ਅਸੀਂ ਬ੍ਰਿਸਟਲ ਵਾਪਸ ਚਲੇ ਗਏ ਜਿੱਥੇ ਅਸੀਂ ਹੁਣ ਤਕ ਪੂਰਣ-ਕਾਲੀ ਸੇਵਕਾਈ ਕਰ ਰਹੇ ਹਾਂ। ਮੇਰਾ ਭਰਾ ਡਿਕ ਆਪਣੇ ਪਰਿਵਾਰ ਨਾਲ ਸਾਡੇ ਨੇੜੇ ਹੀ ਰਹਿੰਦਾ ਹੈ ਤੇ ਅਸੀਂ ਅਕਸਰ ਪੁਰਾਣੇ ਦਿਨਾਂ ਨੂੰ ਚੇਤੇ ਕਰਦੇ ਹਾਂ।

ਸੰਨ 1971 ਵਿਚ ਅੱਖ ਦੀ ਇਕ ਗੰਭੀਰ ਬੀਮਾਰੀ ਕਰਕੇ ਮੇਰੀ ਨਜ਼ਰ ਜਾਂਦੀ ਰਹੀ। ਉਦੋਂ ਤੋਂ ਮੈਨੂੰ ਪੜ੍ਹਨ ਵਿਚ ਬਹੁਤ ਔਖਿਆਈ ਹੁੰਦੀ ਰਹੀ ਹੈ ਜਿਸ ਕਰਕੇ ਮੈਂ ਬਾਈਬਲ ਸਾਹਿੱਤ ਦੀਆਂ ਕੈਸਟਾਂ ਦੀ ਮਦਦ ਲੈਂਦਾ ਹਾਂ। ਵਾਕਈ, ਇਹ ਯਹੋਵਾਹ ਵੱਲੋਂ ਦਿੱਤੀ ਇਕ ਸ਼ਾਨਦਾਰ ਮਦਦ ਹੈ। ਜੋਨ ਅਤੇ ਮੈਂ ਅਜੇ ਵੀ ਬਾਈਬਲ ਅਧਿਐਨ ਕਰਾਉਂਦੇ ਹਾਂ। ਹੁਣ ਤਕ ਸਾਨੂੰ ਸੱਤ ਮੈਂਬਰਾਂ ਦੇ ਇਕ ਪਰਿਵਾਰ ਸਮੇਤ 40 ਵਿਅਕਤੀਆਂ ਨੂੰ ਸੱਚਾਈ ਵਿਚ ਲਿਆਉਣ ਦਾ ਮੌਕਾ ਮਿਲਿਆ ਹੈ।

ਅੱਜ ਤੋਂ 60 ਸਾਲ ਪਹਿਲਾਂ ਜਦੋਂ ਅਸੀਂ ਯਹੋਵਾਹ ਨੂੰ ਆਪਣਾ ਜੀਵਨ ਸਮਰਪਿਤ ਕੀਤਾ ਸੀ, ਤਾਂ ਸਾਡੀ ਦਿਲੀ ਤਮੰਨਾ ਇਹੀ ਸੀ ਕਿ ਅਸੀਂ ਮਰਦੇ ਦਮ ਤਕ ਪੂਰਣ-ਕਾਲੀ ਸੇਵਾ ਕਰਦੇ ਰਹੀਏ। ਅਸੀਂ ਆਪਣੇ ਮਹਾਨ ਪਰਮੇਸ਼ੁਰ, ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਜਿਸ ਨੇ ਸਾਨੂੰ ਅਜੇ ਵੀ ਉਸ ਦੀ ਸੇਵਾ ਕਰਨ ਦੀ ਤਾਕਤ ਬਖ਼ਸ਼ੀ ਹੈ। ਯਹੋਵਾਹ ਦੀ ਦਇਆ ਅਤੇ ਖ਼ੁਸ਼ੀਆਂ-ਖੇੜਿਆਂ ਭਰਪੂਰ ਵਿਆਹੁਤਾ ਜ਼ਿੰਦਗੀ ਲਈ ਧੰਨਵਾਦ ਕਰਨ ਦਾ ਪੂਰਣ-ਕਾਲੀ ਸੇਵਕਾਈ ਹੀ ਇੱਕੋ-ਇਕ ਤਰੀਕਾ ਹੈ!

[ਫੁਟਨੋਟ]

^ ਪੈਰਾ 11 ਕੱਪੜੇ ਦਾ ਬਣਿਆ ਇਕ ਥੈਲਾ ਜਿਸ ਨੂੰ ਮੋਢਿਆਂ ਤੇ ਲਟਕਾਇਆ ਜਾ ਸਕਦਾ ਸੀ ਅਤੇ ਇਸ ਨੂੰ ਪਹਿਰਾਬੁਰਜ ਅਤੇ ਦੂਜੇ ਰਸਾਲੇ ਪਾਉਣ ਲਈ ਬਣਾਇਆ ਗਿਆ ਸੀ।

[ਸਫ਼ੇ 25 ਉੱਤੇ ਤਸਵੀਰ]

ਆਪਣੇ ਭਰਾ ਡਿਕ (ਖੱਬੇ ਪਾਸੇ; ਡਿਕ ਖੜ੍ਹਾ ਹੈ) ਅਤੇ ਹੋਰ ਕਈ ਪਾਇਨੀਅਰਾਂ ਨਾਲ ਬ੍ਰਿਸਟਲ ਪਾਇਨੀਅਰ ਘਰ ਦੇ ਸਾਮ੍ਹਣੇ

[ਸਫ਼ੇ 25 ਉੱਤੇ ਤਸਵੀਰ]

ਸੰਨ 1940 ਵਿਚ ਬ੍ਰਿਸਟਲ ਪਾਇਨੀਅਰ ਘਰ

[ਸਫ਼ੇ 26 ਉੱਤੇ ਤਸਵੀਰਾਂ]

ਸਟੈਨਲੀ ਅਤੇ ਜੋਨ ਰੈਨਲਡਜ਼ 12 ਜਨਵਰੀ 1952 ਨੂੰ ਆਪਣੇ ਵਿਆਹ ਸਮੇਂ ਅਤੇ ਅੱਜ