Skip to content

Skip to table of contents

ਯਹੋਵਾਹ ਨੂੰ ਮਹਿਮਾ ਦੇਣ ਵਾਲੇ ਖ਼ੁਸ਼ੀਆਂ-ਭਰੇ ਵਿਆਹ

ਯਹੋਵਾਹ ਨੂੰ ਮਹਿਮਾ ਦੇਣ ਵਾਲੇ ਖ਼ੁਸ਼ੀਆਂ-ਭਰੇ ਵਿਆਹ

ਯਹੋਵਾਹ ਨੂੰ ਮਹਿਮਾ ਦੇਣ ਵਾਲੇ ਖ਼ੁਸ਼ੀਆਂ-ਭਰੇ ਵਿਆਹ

ਵੈਲਸ਼ ਅਤੇ ਐਲਥੀਆ ਦਾ ਵਿਆਹ ਸੰਨ 1985 ਵਿਚ ਦੱਖਣੀ ਅਫ਼ਰੀਕਾ ਦੇ ਸ਼ਹਿਰ ਸਵੇਟੋ ਵਿਚ ਹੋਇਆ ਸੀ। ਅਕਸਰ ਜਦੋਂ ਉਹ ਆਪਣੀ ਧੀ ਜ਼ਿੰਜ਼ੀ ਨਾਲ ਆਪਣੇ ਵਿਆਹ ਦੀ ਐਲਬਮ ਦੇਖਦੇ ਹਨ, ਤਾਂ ਉਸ ਖ਼ੁਸ਼ੀ-ਭਰੇ ਦਿਨ ਦੀ ਤਸਵੀਰ ਅੱਜ ਵੀ ਉਨ੍ਹਾਂ ਦੇ ਮਨ ਵਿਚ ਤਾਜ਼ਾ ਹੋ ਜਾਂਦੀ ਹੈ। ਜ਼ਿੰਜ਼ੀ ਵਿਆਹ ਵਿਚ ਆਏ ਪਰਾਹੁਣਿਆਂ ਦੀਆਂ ਸ਼ਕਲਾਂ ਪਛਾਣ ਕੇ ਤੇ ਖ਼ਾਸ ਕਰਕੇ ਆਪਣੀ ਮੰਮੀ ਨੂੰ ਸੋਹਣੀ ਪੁਸ਼ਾਕ ਵਿਚ ਦੇਖ ਕੇ ਉਹ ਬਹੁਤ ਖ਼ੁਸ਼ ਹੁੰਦੀ ਹੈ।

ਵਿਆਹ ਦਾ ਭਾਸ਼ਣ ਸਵੇਟੋ ਸ਼ਹਿਰ ਦੇ ਇਕ ਹਾਲ ਵਿਚ ਦਿੱਤਾ ਗਿਆ। ਉਸ ਤੋਂ ਬਾਅਦ ਮਸੀਹੀ ਨੌਜਵਾਨਾਂ ਦੇ ਇਕ ਮਾਹਰ ਗਰੁੱਪ ਨੇ ਸੁਰੀਲੀਆਂ ਆਵਾਜ਼ਾਂ ਵਿਚ ਪਰਮੇਸ਼ੁਰ ਦੀ ਮਹਿਮਾ ਲਈ ਗੀਤ ਗਾਏ। ਬਾਅਦ ਵਿਚ, ਜਦੋਂ ਪਰਾਹੁਣੇ ਖਾਣਾ ਖਾ ਰਹੇ ਸਨ, ਤਾਂ ਪਿੱਛੇ ਹਲਕਾ ਜਿਹਾ ਕਿੰਗਡਮ ਮੈਲੋਡੀਜ਼ ਦਾ ਮਧੁਰ ਸੰਗੀਤ ਲਾਇਆ ਗਿਆ। ਪਰਾਹੁਣਿਆਂ ਦੀ ਖ਼ਾਤਰਦਾਰੀ ਵਿਚ ਨਾ ਤਾਂ ਸ਼ਰਾਬ, ਨਾ ਉੱਚੀ ਆਵਾਜ਼ ਵਿਚ ਗਾਣੇ ਤੇ ਨਾ ਹੀ ਡਾਂਸ ਵਗੈਰਾ ਸੀ। ਸਗੋਂ, ਪਰਾਹੁਣੇ ਗੱਲਾਂ-ਬਾਤਾਂ ਕਰ ਰਹੇ ਸਨ ਅਤੇ ਵਿਆਹੁਤਾ ਜੋੜੇ ਨੂੰ ਮੁਬਾਰਕਾਂ ਦੇ ਰਹੇ ਸਨ। ਕੁੱਲ ਮਿਲਾ ਕੇ ਇਹ ਪ੍ਰੋਗ੍ਰਾਮ ਤਿੰਨ ਘੰਟੇ ਚੱਲਿਆ। ਇਕ ਮਸੀਹੀ ਬਜ਼ੁਰਗ ਉਸ ਵਿਆਹ ਨੂੰ ਚੇਤੇ ਕਰਦਾ ਹੋਇਆ ਕਹਿੰਦਾ ਹੈ: “ਉਸ ਵਿਆਹ ਦੀਆਂ ਮਿੱਠੀਆਂ ਯਾਦਾਂ ਹਮੇਸ਼ਾ ਮੇਰੇ ਦਿਲ ਵਿਚ ਰਹਿਣਗੀਆਂ।”

ਵਿਆਹ ਦੇ ਸਮੇਂ ਵੈਲਸ਼ ਅਤੇ ਐਲਥੀਆ ਦੱਖਣੀ ਅਫ਼ਰੀਕਾ ਵਿਚ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੀ ਸ਼ਾਖ਼ਾ ਵਿਚ ਸਵੈ-ਸੇਵਕਾਂ ਵਜੋਂ ਕੰਮ ਕਰਦੇ ਸਨ। ਉਹ ਸਿਰਫ਼ ਸਾਦੇ ਜਿਹੇ ਵਿਆਹ ਦਾ ਹੀ ਖ਼ਰਚਾ ਚੁੱਕ ਸਕਦੇ ਸਨ। ਕਈ ਮਸੀਹੀਆਂ ਨੇ ਆਪਣਾ ਵਿਆਹ ਗੱਜ-ਵੱਜ ਕੇ ਕਰਾਉਣ ਦਾ ਖ਼ਰਚਾ ਪੂਰਾ ਕਰਨ ਲਈ ਪੂਰਣ-ਕਾਲੀ ਸੇਵਾ ਛੱਡ ਕੇ ਬਾਹਰ ਨੌਕਰੀ ਕਰਨ ਦਾ ਫ਼ੈਸਲਾ ਕੀਤਾ। ਪਰ, ਵੈਲਸ਼ ਅਤੇ ਐਲਥੀਆ ਨੂੰ ਆਪਣੇ ਸਾਦੇ ਵਿਆਹ ਦੇ ਫ਼ੈਸਲੇ ਉੱਤੇ ਰਤਾ ਵੀ ਪਛਤਾਵਾ ਨਹੀਂ, ਕਿਉਂਕਿ ਇੰਜ ਕਰਨ ਨਾਲ ਉਹ ਜ਼ਿੰਜ਼ੀ ਦੇ ਪੈਦਾ ਹੋਣ ਤਕ ਪਰਮੇਸ਼ੁਰ ਦੀ ਪੂਰਣ-ਕਾਲੀ ਸੇਵਾ ਕਰ ਸਕੇ ਸਨ।

ਪਰ, ਉਦੋਂ ਕੀ ਜਦੋਂ ਇਕ ਜੋੜਾ ਆਪਣੇ ਵਿਆਹ ਵਿਚ ਦੁਨਿਆਵੀ ਗਾਣੇ ਜਾਂ ਡਾਂਸ ਰੱਖਣਾ ਚਾਹੁੰਦਾ ਹੈ? ਉਦੋਂ ਕੀ ਜੇ ਉਹ ਵਿਆਹ ਵਿਚ ਵਾਈਨ ਜਾਂ ਸ਼ਰਾਬ ਰੱਖਣ ਦਾ ਫ਼ੈਸਲਾ ਕਰਦੇ ਹਨ? ਉਦੋਂ ਕੀ ਜਦੋਂ ਉਹ ਗੱਜ-ਵੱਜ ਕੇ ਵਿਆਹ ਕਰਨ ਦੇ ਖ਼ਰਚੇ ਚੁੱਕ ਸਕਦੇ ਹੋਣ? ਉਹ ਕਿਵੇਂ ਯਕੀਨੀ ਹੋ ਸਕਦੇ ਹਨ ਕਿ ਇਹ ਇਕ ਅਜਿਹਾ ਮੌਕਾ ਹੋਵੇਗਾ ਜੋ ਪਰਮੇਸ਼ੁਰ ਦੇ ਉਪਾਸਕਾਂ ਨੂੰ ਸ਼ੋਭਾ ਦੇਵੇਗਾ? ਅਜਿਹੇ ਸਵਾਲਾਂ ਵੱਲ ਖ਼ਾਸ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਬਾਈਬਲ ਹਿਦਾਇਤ ਦਿੰਦੀ ਹੈ: “ਭਾਵੇਂ ਤੁਸੀਂ ਖਾਂਦੇ ਭਾਵੇਂ ਪੀਂਦੇ ਭਾਵੇਂ ਕੁਝ ਹੀ ਕਰਦੇ ਹੋ ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ।”—1 ਕੁਰਿੰਥੀਆਂ 10:31.

ਬਦਮਸਤੀਆਂ ਤੋਂ ਪਰਹੇਜ਼ ਕਰੋ

ਇਸ ਵਿਚ ਕੋਈ ਸ਼ੱਕ ਨਹੀਂ ਕਿ ਵਿਆਹ ਬੇਹੱਦ ਖ਼ੁਸ਼ੀ ਦਾ ਮੌਕਾ ਹੁੰਦਾ ਹੈ। ਪਰ, ਇਸ ਦਾ ਇਕ ਦੁਖਦਾਈ ਮੌਕਾ ਬਣਨ ਦਾ ਵੀ ਹਮੇਸ਼ਾ ਖ਼ਤਰਾ ਰਹਿੰਦਾ ਹੈ ਕਿਉਂਕਿ ਕਈ ਵਾਰ ਜ਼ਿਆਦਾ ਬਦਮਸਤੀਆਂ ਕਰਕੇ ਲੋਕ ਬੇਕਾਬੂ ਵੀ ਹੋ ਜਾਂਦੇ ਹਨ। ਕਈ ਦੁਨਿਆਵੀ ਲੋਕਾਂ ਦੇ ਵਿਆਹਾਂ ਵਿਚ ਉਹ ਕੁਝ ਹੁੰਦਾ ਹੈ ਜਿਸ ਨਾਲ ਪਰਮੇਸ਼ੁਰ ਦੀ ਨਿਰਾਦਰੀ ਹੁੰਦੀ ਹੈ। ਮਿਸਾਲ ਲਈ, ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋਣਾ ਆਮ ਜਿਹੀ ਗੱਲ ਹੈ। ਦੁੱਖ ਦੀ ਗੱਲ ਹੈ ਕਿ ਅਜਿਹੀਆਂ ਗੱਲਾਂ ਕਈ ਮਸੀਹੀ ਵਿਆਹਾਂ ਵਿਚ ਵੀ ਹੋਈਆਂ ਹਨ।

ਬਾਈਬਲ ਚੇਤਾਵਨੀ ਦਿੰਦੀ ਹੈ ਕਿ “ਸ਼ਰਾਬ ਝਗੜੇ ਵਾਲੀ ਚੀਜ਼ ਹੈ।” (ਕਹਾਉਤਾਂ 20:1) ਇੱਥੇ ‘ਝਗੜੇ’ ਅਨੁਵਾਦ ਕੀਤੇ ਗਏ ਇਬਰਾਨੀ ਸ਼ਬਦ ਦਾ ਅਰਥ “ਉੱਚੀ-ਉੱਚੀ ਰੌਲਾ ਪਾਉਣਾ” ਹੈ। ਜੇਕਰ ਸ਼ਰਾਬ ਪੀ ਕੇ ਇਕ ਵਿਅਕਤੀ ਉੱਚੀ-ਉੱਚੀ ਰੌਲਾ ਪਾ ਸਕਦਾ ਹੈ, ਤਾਂ ਜ਼ਰਾ ਅੰਦਾਜ਼ਾ ਲਾ ਕੇ ਦੇਖੋ ਕਿ ਜੇ ਇਕ ਵੱਡੀ ਭੀੜ ਇਕੱਠੀ ਹੋਈ ਹੋਵੇ ਤੇ ਉਨ੍ਹਾਂ ਨੂੰ ਕਾਫ਼ੀ ਚੜ੍ਹੀ ਹੋਵੇ, ਤਾਂ ਉਦੋਂ ਕੀ ਹੋਵੇਗਾ! ਸਾਫ਼ ਤੌਰ ਤੇ ਇਹੋ ਜਿਹੇ ਮੌਕੇ ‘ਖਾਰ, ਨਸ਼ੇ, ਬਦਮਸਤੀਆਂ, ਅਤੇ ਹੋਰ ਇਹੋ ਜੇਹੇ ਕੰਮਾਂ’ ਵਿਚ ਆਸਾਨੀ ਨਾਲ ਬਦਲ ਸਕਦੇ ਹਨ ਜਿਨ੍ਹਾਂ ਨੂੰ ਬਾਈਬਲ “ਸਰੀਰ ਦੇ ਕੰਮ” ਕਹਿੰਦੀ ਹੈ। ਇਹੋ ਜਿਹੇ ਕੰਮਾਂ ਤੋਂ ਪਛਤਾਵਾ ਨਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਪਰਮੇਸ਼ੁਰ ਦੇ ਰਾਜ ਵਿਚ ਸਦੀਪਕ ਜੀਵਨ ਪ੍ਰਾਪਤ ਕਰਨ ਤੋਂ ਹੱਥ ਧੋਣੇ ਪੈਣਗੇ।—ਗਲਾਤੀਆਂ 5:19-21.

“ਬਦਮਸਤੀਆਂ” ਲਈ ਯੂਨਾਨੀ ਸ਼ਬਦ ਉਨ੍ਹਾਂ ਨੌਜਵਾਨਾਂ ਲਈ ਵਰਤਿਆ ਜਾਂਦਾ ਸੀ ਜਿਹੜੇ ਅੱਧਨਸ਼ੇ ਵਿਚ ਗਲੀਆਂ ਵਿਚ ਗਾਉਂਦੇ, ਨੱਚਦੇ-ਟੱਪਦੇ ਅਤੇ ਸਾਜ ਵਜਾਉਂਦੇ ਹੁੰਦੇ ਸਨ। ਜੇਕਰ ਕਿਸੇ ਵਿਆਹ ਵਿਚ ਬਿਨਾਂ ਰੋਕ-ਟੋਕ ਦੇ ਸ਼ਰਾਬ ਪੀਣ ਦੀ ਇਜਾਜ਼ਤ ਹੋਵੇ ਨਾਲੇ ਉੱਚੀ-ਉੱਚੀ ਗਾਣੇ ਅਤੇ ਅਸ਼ਲੀਲ ਡਾਂਸ ਵੀ ਹੋਵੇ, ਤਾਂ ਯਕੀਨਨ ਇਸ ਖ਼ੁਸ਼ੀ ਦੇ ਮੌਕੇ ਦਾ ਬਦਮਸਤੀਆਂ ਵਿਚ ਬਦਲਣ ਦਾ ਪੂਰਾ-ਪੂਰਾ ਖ਼ਤਰਾ ਰਹੇਗਾ। ਇਹੋ ਜਿਹੇ ਮਾਹੌਲ ਵਿਚ, ਅਧਿਆਤਮਿਕ ਤੌਰ ਤੇ ਕਮਜ਼ੋਰ ਲੋਕ ਆਸਾਨੀ ਨਾਲ ਵਰਗਲਾਏ ਜਾ ਸਕਦੇ ਹਨ ਤੇ ‘ਹਰਾਮਕਾਰੀ, ਗੰਦ ਮੰਦ, ਲੁੱਚਪੁਣੇ’ ਜਾਂ ਕ੍ਰੋਧ ਦੇ [ਸ਼ਿਕਾਰ] ਹੋ ਸਕਦੇ ਹਨ। ਇਹੋ ਜਿਹੇ ਸਰੀਰ ਦੇ ਕੰਮ ਕਿਵੇਂ ਰੋਕੇ ਜਾ ਸਕਦੇ ਹਨ ਜੋ ਇਕ ਮਸੀਹੀ ਵਿਆਹ ਦੀਆਂ ਖ਼ੁਸ਼ੀਆਂ ਨੂੰ ਕਿਰਕਿਰਾ ਕਰ ਸਕਦੇ ਹਨ? ਇਸ ਸਵਾਲ ਦੇ ਜਵਾਬ ਲਈ ਆਓ ਆਪਾਂ ਦੇਖੀਏ ਕਿ ਬਾਈਬਲ ਉਸ ਖ਼ਾਸ ਵਿਆਹ ਬਾਰੇ ਕੀ ਦੱਸਦੀ ਹੈ ਜਿਸ ਵਿਚ ਯਿਸੂ ਗਿਆ ਸੀ।

ਕਾਨਾ ਵਿਚ ਹੋਇਆ ਵਿਆਹ

ਯਿਸੂ ਅਤੇ ਉਸ ਦੇ ਚੇਲਿਆਂ ਨੂੰ ਗਲੀਲ ਦੇ ਕਾਨਾ ਸ਼ਹਿਰ ਵਿਚ ਹੋਣ ਵਾਲੇ ਇਕ ਵਿਆਹ ਵਿਚ ਜਾਣ ਦਾ ਸੱਦਾ ਮਿਲਿਆ ਸੀ। ਉਨ੍ਹਾਂ ਨੇ ਨਾ ਸਿਰਫ਼ ਇਹ ਸੱਦਾ ਕਬੂਲ ਕੀਤਾ, ਸਗੋਂ ਯਿਸੂ ਨੇ ਇਸ ਵਿਆਹ ਦੀ ਖ਼ੁਸ਼ੀ ਨੂੰ ਵੀ ਵਧਾਇਆ। ਜਦੋਂ ਮੈ ਥੁੜ੍ਹ ਗਈ, ਤਾਂ ਉਸ ਨੇ ਚਮਤਕਾਰ ਕਰ ਕੇ ਬਹੁਤ ਹੀ ਵਧੀਆ ਕਿਸਮ ਦੀ ਲੋੜ ਨਾਲੋਂ ਵੀ ਵੱਧ ਮੈ ਬਣਾਈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜੋ ਮੈ ਬਚ ਗਈ ਹੋਵੇਗੀ, ਵਿਆਹ ਖ਼ਤਮ ਹੋਣ ਤੋਂ ਬਾਅਦ ਲਾੜੇ ਤੇ ਉਸ ਦੇ ਪਰਿਵਾਰ ਦੇ ਕੰਮ ਆਈ ਹੋਵੇਗੀ।—ਯੂਹੰਨਾ 2:3-11.

ਯਿਸੂ ਜਿਸ ਵਿਆਹ ਵਿਚ ਗਿਆ ਸੀ ਉਸ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਪਹਿਲੀ ਗੱਲ ਤਾਂ ਇਹ ਕਿ ਯਿਸੂ ਅਤੇ ਉਸ ਦੇ ਚੇਲੇ ਉਸ ਵਿਆਹ ਦੀ ਦਾਅਵਤ ਵਿਚ ਬਿਨ ਬੁਲਾਏ ਮਹਿਮਾਨ ਨਹੀਂ ਸਨ। ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਉਨ੍ਹਾਂ ਨੂੰ ਬੁਲਾਇਆ ਗਿਆ ਸੀ। (ਯੂਹੰਨਾ 2:1, 2) ਇਸੇ ਤਰ੍ਹਾਂ, ਵਿਆਹ ਦੀਆਂ ਦਾਅਵਤਾਂ ਦੇ ਦੋ ਦ੍ਰਿਸ਼ਟਾਂਤਾਂ ਵਿਚ ਯਿਸੂ ਨੇ ਉੱਥੇ ਆਏ ਮਹਿਮਾਨਾਂ ਬਾਰੇ ਵਾਰ-ਵਾਰ ਕਿਹਾ ਕਿ ਉਹ ਉੱਥੇ ਬੁਲਾਏ ਗਏ ਸਨ।—ਮੱਤੀ 22:2-4, 8, 9; ਲੂਕਾ 14:8-10.

ਕਈ ਦੇਸ਼ਾਂ ਵਿਚ ਇਹ ਰਿਵਾਜ ਹੈ ਕਿ ਵਿਆਹ ਦੀ ਦਾਅਵਤ ਵਿਚ ਕੋਈ ਵੀ ਆ ਸਕਦਾ ਹੈ, ਚਾਹੇ ਉਸ ਨੂੰ ਸੱਦਾ ਦਿੱਤਾ ਗਿਆ ਹੋਵੇ ਜਾਂ ਨਾ ਦਿੱਤਾ ਗਿਆ ਹੋਵੇ। ਪਰ ਇੰਜ ਹੋਣ ਤੇ ਰੁਪਏ-ਪੈਸੇ ਦੀ ਮੁਸ਼ਕਲ ਖੜ੍ਹੀ ਹੋ ਸਕਦੀ ਹੈ। ਜੇ ਵਿਆਹ ਕਰਵਾਉਣ ਵਾਲਾ ਜੋੜਾ ਅਮੀਰ ਨਾ ਹੋਵੇ, ਤਾਂ ਉਹ ਲੋਕਾਂ ਦੀ ਵੱਡੀ ਭੀੜ ਦੇ ਖਾਣ-ਪੀਣ ਦਾ ਇੰਤਜ਼ਾਮ ਕਰਦੇ-ਕਰਦੇ ਕਰਜ਼ੇ ਦੇ ਬੋਝ ਹੇਠ ਦੱਬ ਸਕਦਾ ਹੈ। ਇਸ ਲਈ, ਜੇਕਰ ਇਕ ਮਸੀਹੀ ਜੋੜਾ ਗਿਣੇ-ਚੁਣੇ ਲੋਕਾਂ ਨੂੰ ਬੁਲਾ ਕੇ ਇਕ ਸਾਦੀ ਜਿਹੀ ਰਿਸੈਪਸ਼ਨ ਰੱਖਣ ਦਾ ਫ਼ੈਸਲਾ ਕਰਦਾ ਹੈ, ਤਾਂ ਜਿਨ੍ਹਾਂ ਸੰਗੀ ਮਸੀਹੀਆਂ ਨੂੰ ਨਹੀਂ ਬੁਲਾਇਆ ਜਾਂਦਾ, ਉਨ੍ਹਾਂ ਨੂੰ ਇਸ ਗੱਲ ਨੂੰ ਸਮਝਣਾ ਤੇ ਲਿਹਾਜ਼ ਦਿਖਾਉਣਾ ਚਾਹੀਦਾ ਹੈ। ਦੱਖਣੀ ਅਫ਼ਰੀਕਾ ਦੇ ਕੇਪ ਟਾਊਨ ਵਿਚ ਵਿਆਹਿਆ ਇਕ ਵਿਅਕਤੀ ਦੱਸਦਾ ਹੈ ਕਿ ਉਸ ਨੇ 200 ਬੰਦਿਆਂ ਨੂੰ ਵਿਆਹ ਵਿਚ ਬੁਲਾਇਆ ਸੀ, ਪਰ 600 ਲੋਕ ਵਿਆਹ ਵਿਚ ਆ ਗਏ ਤੇ ਜਲਦੀ ਹੀ ਖਾਣਾ ਖ਼ਤਮ ਹੋ ਗਿਆ। ਇਨ੍ਹਾਂ ਬਿਨ-ਬੁਲਾਏ ਮਹਿਮਾਨਾਂ ਵਿਚ ਸੈਲਾਨੀਆਂ ਦੀ ਭਰੀ ਹੋਈ ਇਕ ਬੱਸ ਸੀ ਜਿਹੜੇ ਉਸ ਹਫ਼ਤਾਅੰਤ ਵਿਚ ਕੇਪ ਟਾਊਨ ਘੁੰਮਣ-ਫਿਰਨ ਆਏ ਹੋਏ ਸਨ। ਇਸ ਬੱਸ ਦਾ ਕੰਡਕਟਰ ਲਾੜੀ ਦਾ ਦੂਰ ਦਾ ਇਕ ਰਿਸ਼ਤੇਦਾਰ ਸੀ ਜਿਸ ਨੇ ਇਹ ਸੋਚਿਆ ਕਿ ਲਾੜਾ-ਲਾੜੀ ਨੂੰ ਪੁੱਛੇ ਬਗੈਰ ਹੀ ਪੂਰੀ ਬੱਸ ਨੂੰ ਵਿਆਹ ਤੇ ਲਿਜਾਣ ਦਾ ਉਸ ਦਾ ਹੱਕ ਬਣਦਾ ਹੈ!

ਜਦ ਤਕ ਇਹ ਨਾ ਦੱਸਿਆ ਜਾਵੇ ਕਿ ਰਿਸੈਪਸ਼ਨ ਵਿਚ ਕੋਈ ਵੀ ਆ ਸਕਦਾ ਹੈ, ਤਦ ਤਕ ਯਿਸੂ ਦੇ ਸੱਚੇ ਪੈਰੋਕਾਰ ਬਿਨ-ਬੁਲਾਏ ਪਰਾਹੁਣੇ ਨਹੀਂ ਬਣਨਗੇ ਤੇ ਨਾ ਹੀ ਬੁਲਾਏ ਗਏ ਮਹਿਮਾਨਾਂ ਵਾਸਤੇ ਮੁਹੱਈਆ ਕੀਤੇ ਖਾਣੇ ਵਿੱਚੋਂ ਖਾਣਗੇ। ਜਿਨ੍ਹਾਂ ਦੀ ਬਿਨ-ਬੁਲਾਏ ਵਿਆਹ ਵਿਚ ਜਾਣ ਦੀ ਇੱਛਾ ਹੁੰਦੀ ਹੈ, ਉਨ੍ਹਾਂ ਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣੇ ਚਾਹੀਦੇ ਹਨ: ‘ਜੇ ਮੈਂ ਵਿਆਹ ਵਿਚ ਗਿਆ, ਤਾਂ ਕੀ ਮੈਂ ਨਵ-ਵਿਆਹੇ ਜੋੜੇ ਲਈ ਪਿਆਰ ਦੀ ਘਾਟ ਨਹੀਂ ਦਿਖਾ ਰਿਹਾ ਹੋਵਾਂਗਾ? ਕੀ ਮੇਰੇ ਜਾਣ ਨਾਲ ਖੇਚਲ ਤਾਂ ਨਹੀਂ ਵੱਧ ਜਾਵੇਗੀ ਤੇ ਨਾਲੇ ਮੌਕੇ ਦੀ ਖ਼ੁਸ਼ੀ ਤਾਂ ਕਿਰਕਿਰੀ ਨਹੀਂ ਹੋ ਜਾਵੇਗੀ?’ ਵਿਆਹ ਵਿਚ ਨਾ ਬੁਲਾਏ ਜਾਣ ਤੇ ਨਾਰਾਜ਼ ਹੋਣ ਦੀ ਬਜਾਇ, ਇਕ ਸਮਝਦਾਰ ਮਸੀਹੀ ਨਵ-ਵਿਆਹੇ ਜੋੜੇ ਨੂੰ ਵਧਾਈ ਦਾ ਸੁਨੇਹਾ ਭੇਜ ਸਕਦਾ ਹੈ ਅਤੇ ਉਨ੍ਹਾਂ ਉੱਤੇ ਯਹੋਵਾਹ ਦੀ ਅਸੀਸ ਮੰਗ ਸਕਦਾ ਹੈ। ਵਿਆਹ ਦੇ ਦਿਨ ਦੀ ਖ਼ੁਸ਼ੀ ਨੂੰ ਹੋਰ ਚਾਰ ਚੰਨ ਲਾਉਣ ਲਈ ਉਹ ਨਵੇਂ ਜੋੜੇ ਨੂੰ ਤੋਹਫ਼ਾ ਵੀ ਭੇਜ ਸਕਦਾ ਹੈ।—ਉਪਦੇਸ਼ਕ ਦੀ ਪੋਥੀ 7:9; ਅਫ਼ਸੀਆਂ 4:28.

ਕੌਣ ਜ਼ਿੰਮੇਵਾਰ ਹੈ?

ਅਫ਼ਰੀਕਾ ਦੇ ਕਈ ਹਿੱਸਿਆਂ ਵਿਚ ਇਹ ਰਿਵਾਜ ਹੈ ਕਿ ਘਰ ਦੇ ਬਜ਼ੁਰਗ ਵਿਆਹ ਦੇ ਸਾਰੇ ਇੰਤਜ਼ਾਮ ਆਪਣੇ ਸਿਰ ਲੈਂਦੇ ਹਨ। ਲਾੜਾ-ਲਾੜੀ ਸ਼ਾਇਦ ਉਨ੍ਹਾਂ ਦੇ ਧੰਨਵਾਦੀ ਹੋਣ ਕਿਉਂਕਿ ਇੰਜ ਉਨ੍ਹਾਂ ਦੇ ਸਿਰੋਂ ਰੁਪਏ-ਪੈਸੇ ਦਾ ਬੋਝ ਲੱਥ ਜਾਂਦਾ ਹੈ। ਉਹ ਇਹ ਵੀ ਸੋਚ ਸਕਦੇ ਹਨ ਕਿ ਵਿਆਹ ਵਿਚ ਜੋ ਕੁਝ ਵੀ ਵਾਪਰੇਗਾ, ਉਸ ਦੀ ਜ਼ਿੰਮੇਵਾਰੀ ਵੀ ਰਿਸ਼ਤੇਦਾਰਾਂ ਦੇ ਸਿਰ ਹੋਵੇਗੀ। ਬੇਸ਼ੱਕ ਉਹ ਰਿਸ਼ਤੇਦਾਰ ਕਿੰਨੇ ਵੀ ਚੰਗੇ ਕਿਉਂ ਨਾ ਹੋਣ, ਪਰ ਉਨ੍ਹਾਂ ਕੋਲੋਂ ਕੋਈ ਮਦਦ ਲੈਣ ਤੋਂ ਪਹਿਲਾਂ ਲਾੜਾ-ਲਾੜੀ ਨੂੰ ਯਕੀਨੀ ਹੋਣਾ ਚਾਹੀਦਾ ਹੈ ਕਿ ਇਹ ਰਿਸ਼ਤੇਦਾਰ ਉਨ੍ਹਾਂ ਦੀਆਂ ਨਿੱਜੀ ਖ਼ਾਹਸ਼ਾਂ ਦਾ ਖ਼ਿਆਲ ਰੱਖਣਗੇ ਜਾਂ ਨਹੀਂ।

ਬੇਸ਼ੱਕ ਯਿਸੂ ਪਰਮੇਸ਼ੁਰ ਦਾ ਪੁੱਤਰ ਸੀ ਜੋ ‘ਸੁਰਗੋਂ ਉੱਤਰਿਆ’ ਸੀ, ਪਰ ਇਸ ਗੱਲ ਦਾ ਕਿਤੇ ਵੀ ਕੋਈ ਸੰਕੇਤ ਨਹੀਂ ਮਿਲਦਾ ਕਿ ਕਾਨਾ ਵਿਚ ਹੋਏ ਵਿਆਹ ਦੇ ਸਾਰੇ ਕੰਮ ਯਿਸੂ ਨੇ ਆਪਣੇ ਹੱਥਾਂ ਵਿਚ ਲਏ ਹੋਏ ਸਨ। (ਯੂਹੰਨਾ 6:41) ਸਗੋਂ, ਬਾਈਬਲ ਬਿਰਤਾਂਤ ਦੱਸਦਾ ਹੈ ਕਿ ਦਾਅਵਤ ਦਾ “ਪਰਧਾਨ” ਕੋਈ ਹੋਰ ਵਿਅਕਤੀ ਠਹਿਰਾਇਆ ਗਿਆ ਸੀ ਅਤੇ ਇਹ ਪ੍ਰਧਾਨ ਪਰਿਵਾਰ ਦੇ ਨਵੇਂ ਮੁਖੀ ਯਾਨੀ ਲਾੜੇ ਪ੍ਰਤੀ ਜਵਾਬਦੇਹ ਸੀ।—ਯੂਹੰਨਾ 2:8-10.

ਮਸੀਹੀ ਰਿਸ਼ਤੇਦਾਰਾਂ ਨੂੰ ਪਰਮੇਸ਼ੁਰ ਵੱਲੋਂ ਠਹਿਰਾਏ ਨਵੇਂ ਪਰਿਵਾਰ ਦੇ ਮੁਖੀ ਦਾ ਆਦਰ ਕਰਨਾ ਚਾਹੀਦਾ ਹੈ। (ਕੁਲੁੱਸੀਆਂ 3:18-20) ਉਸ ਦੇ ਵਿਆਹ ਵਿਚ ਜੋ ਕੁਝ ਵੀ ਵਾਪਰੇਗਾ, ਉਸ ਦੀ ਜ਼ਿੰਮੇਵਾਰੀ ਇਸ ਨਵੇਂ ਮੁਖੀਏ ਉੱਤੇ ਆਵੇਗੀ। ਨਿਰਸੰਦੇਹ, ਲਾੜੇ ਨੂੰ ਬਹੁਤਾ ਸਖ਼ਤ ਤੇ ਬਹੁਤਾ ਢਿੱਲਾ ਵੀ ਨਹੀਂ ਹੋਣਾ ਚਾਹੀਦਾ ਅਤੇ ਜੇ ਹੋ ਸਕੇ ਤਾਂ ਆਪਣੀ ਲਾੜੀ, ਆਪਣੇ ਮਾਂ-ਬਾਪ ਅਤੇ ਆਪਣੇ ਸਹੁਰਿਆਂ ਦੀਆਂ ਇੱਛਾਵਾਂ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ। ਫਿਰ ਵੀ, ਜੇਕਰ ਰਿਸ਼ਤੇਦਾਰ ਨਵੇਂ ਜੋੜੇ ਦੀਆਂ ਖ਼ਾਹਸ਼ਾਂ ਤੋਂ ਉਲਟ ਕੁਝ ਕਰਨ ਲਈ ਜ਼ੋਰ ਪਾਉਂਦੇ ਹਨ, ਤਾਂ ਸ਼ਾਇਦ ਲਾੜਾ-ਲਾੜੀ ਲਈ ਇਹੋ ਬਿਹਤਰ ਹੋਵੇਗਾ ਕਿ ਉਹ ਬੜੇ ਪਿਆਰ ਨਾਲ ਉਨ੍ਹਾਂ ਦੀ ਮਦਦ ਲੈਣ ਤੋਂ ਇਨਕਾਰ ਕਰਨ ਤੇ ਆਪਣੇ ਸਾਦੇ ਜਿਹੇ ਵਿਆਹ ਦਾ ਖ਼ਰਚਾ ਖ਼ੁਦ ਚੁੱਕਣ। ਇੰਜ ਕਰਨ ਨਾਲ ਵਿਆਹ ਵਿਚ ਅਜਿਹਾ ਕੁਝ ਨਹੀਂ ਵਾਪਰੇਗਾ ਜਿਸ ਨੂੰ ਯਾਦ ਕਰ ਕੇ ਵਿਆਹੁਤਾ ਜੋੜਾ ਬਾਅਦ ਵਿਚ ਪਛਤਾਵੇ। ਉਦਾਹਰਣ ਲਈ, ਅਫ਼ਰੀਕਾ ਦੇ ਇਕ ਮਸੀਹੀ ਵਿਆਹ ਵਿਚ ਪ੍ਰਧਾਨ ਠਹਿਰਾਏ ਗਏ ਇਕ ਗ਼ੈਰ-ਵਿਸ਼ਵਾਸੀ ਰਿਸ਼ਤੇਦਾਰ ਨੇ ਵੱਡ-ਵਡੇਰਿਆਂ ਦੀ ਆਤਮਾ ਦੀ ਸ਼ਾਂਤੀ ਲਈ ਜਾਮ ਪੇਸ਼ ਕਰ ਦਿੱਤਾ!

ਕਈ ਵਾਰ ਲਾੜਾ-ਲਾੜੀ ਵਿਆਹ ਦਾ ਪ੍ਰੋਗ੍ਰਾਮ ਪੂਰਾ ਹੋਣ ਤੋਂ ਪਹਿਲਾਂ ਹੀ ਹਨੀਮੂਨ ਲਈ ਚਲੇ ਜਾਂਦੇ ਹਨ। ਪਰ ਜਾਣ ਤੋਂ ਪਹਿਲਾਂ ਲਾੜੇ ਨੂੰ ਕਿਸੇ ਜ਼ਿੰਮੇਵਾਰ ਵਿਅਕਤੀ ਨੂੰ ਇਹ ਦੇਖਣ ਦੀ ਜ਼ਿੰਮੇਵਾਰੀ ਸੌਂਪਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਬਾਈਬਲ ਮਿਆਰਾਂ ਦੀ ਪਾਲਣਾ ਕੀਤੀ ਜਾਵੇ ਨਾਲੇ ਪ੍ਰੋਗ੍ਰਾਮ ਠੀਕ ਸਮੇਂ ਤੇ ਖ਼ਤਮ ਕੀਤਾ ਜਾਵੇ।

ਸੋਚ-ਸਮਝ ਕੇ ਵਿਉਂਤਬੰਦੀ ਕਰਨੀ ਤੇ ਸੰਤੁਲਨ ਰੱਖਣਾ

ਜ਼ਾਹਰ ਹੈ ਕਿ ਜਿਸ ਵਿਆਹ ਵਿਚ ਯਿਸੂ ਗਿਆ ਸੀ, ਉੱਥੇ ਖਾਣ ਲਈ ਬਥੇਰਾ ਚੰਗਾ ਭੋਜਨ ਸੀ, ਕਿਉਂਕਿ ਬਾਈਬਲ ਇਸ ਨੂੰ ਵਿਆਹ ਦੀ ਦਾਅਵਤ ਕਹਿੰਦੀ ਹੈ। ਜਿਵੇਂ ਅਸੀਂ ਪਹਿਲਾਂ ਹੀ ਦੇਖਿਆ ਹੈ, ਉੱਥੇ ਕਾਫ਼ੀ ਸਾਰੀ ਮੈ ਵੀ ਸੀ। ਬਿਨਾਂ ਕਿਸੇ ਸ਼ੱਕ ਦੇ ਉੱਥੇ ਢੁਕਵਾਂ ਨਾਚ-ਗਾਣਾ ਵੀ ਸੀ, ਕਿਉਂਕਿ ਇਹ ਯਹੂਦੀ ਲੋਕਾਂ ਦੇ ਸਮਾਜਕ ਜੀਵਨ ਦਾ ਇਕ ਹਿੱਸਾ ਸੀ। ਉਜਾੜੂ ਪੁੱਤਰ ਬਾਰੇ ਯਿਸੂ ਦੇ ਮਸ਼ਹੂਰ ਦ੍ਰਿਸ਼ਟਾਂਤ ਤੋਂ ਇਹ ਗੱਲ ਪਤਾ ਲੱਗਦੀ ਹੈ। ਕਹਾਣੀ ਵਿਚ ਅਮੀਰ ਪਿਤਾ ਦਾ ਪੁੱਤਰ ਜਦੋਂ ਆਪਣੇ ਬੁਰੇ ਕੰਮਾਂ ਤੋਂ ਪਛਤਾ ਕੇ ਘਰ ਮੁੜਿਆ, ਤਾਂ ਪਿਤਾ ਇੰਨਾ ਖ਼ੁਸ਼ ਹੋਇਆ ਕਿ ਉਸ ਨੇ ਕਿਹਾ: “ਆਓ ਖਾਈਏ ਅਤੇ ਖ਼ੁਸ਼ੀ ਕਰੀਏ।” ਯਿਸੂ ਦੇ ਮੁਤਾਬਕ ਉਨ੍ਹਾਂ ਸਾਰੀਆਂ ਖ਼ੁਸ਼ੀਆਂ ਮਨਾਉਣ ਵਿਚ “ਗਾਉਣ ਬਜਾਉਣ ਤੇ ਨੱਚਣ” ਵਗੈਰਾ ਵੀ ਸ਼ਾਮਲ ਸੀ।—ਲੂਕਾ 15:23, 25.

ਪਰ ਦਿਲਚਸਪੀ ਦੀ ਗੱਲ ਹੈ ਕਿ ਬਾਈਬਲ ਖ਼ਾਸ ਕਰਕੇ ਕਾਨਾ ਵਿਚ ਹੋਏ ਵਿਆਹ ਵਿਚ ਨਾਚ-ਗਾਣੇ ਦਾ ਜ਼ਿਕਰ ਨਹੀਂ ਕਰਦੀ। ਅਸਲ ਵਿਚ, ਵਿਆਹਾਂ ਸੰਬੰਧੀ ਕਿਸੇ ਵੀ ਬਾਈਬਲ ਬਿਰਤਾਂਤ ਵਿਚ ਨਾਚ ਦਾ ਜ਼ਿਕਰ ਨਹੀਂ ਕੀਤਾ ਗਿਆ। ਇੰਜ ਲੱਗਦਾ ਹੈ ਕਿ ਬਾਈਬਲ ਸਮਿਆਂ ਦੌਰਾਨ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਵਿਚ ਨਾਚ ਕਦੇ-ਕਦਾਈਂ ਹੀ ਹੁੰਦੇ ਸਨ ਤੇ ਇਹ ਵਿਆਹਾਂ ਦਾ ਮੁੱਖ ਹਿੱਸਾ ਨਹੀਂ ਸਨ। ਕੀ ਅਸੀਂ ਇਸ ਤੋਂ ਕੁਝ ਸਿੱਖ ਸਕਦੇ ਹਾਂ?

ਅਫ਼ਰੀਕਾ ਦੇ ਕੁਝ ਮਸੀਹੀ ਵਿਆਹਾਂ ਵਿਚ ਵੱਡੇ-ਵੱਡੇ ਲਾਊਡ ਸਪੀਕਰ ਲਾਏ ਜਾਂਦੇ ਹਨ। ਸੰਗੀਤ ਦੀ ਆਵਾਜ਼ ਇੰਨੀ ਉੱਚੀ ਹੁੰਦੀ ਹੈ ਕਿ ਮਹਿਮਾਨ ਚੰਗੀ ਤਰ੍ਹਾਂ ਆਪੋ ਵਿਚ ਗੱਲ ਵੀ ਨਹੀਂ ਕਰ ਸਕਦੇ। ਇਨ੍ਹਾਂ ਵਿਆਹਾਂ ਵਿਚ ਜ਼ਾਹਰ ਤੌਰ ਤੇ ਖਾਣ-ਪੀਣ ਦੀ ਕਮੀ ਤਾਂ ਹੋ ਜਾਂਦੀ ਹੈ, ਪਰ ਡਾਂਸ ਦੀ ਕੋਈ ਕਮੀ ਨਹੀਂ ਹੁੰਦੀ। ਅਕਸਰ ਡਾਂਸ ਕਰਦੇ ਲੋਕ ਬੇਕਾਬੂ ਹੋ ਜਾਂਦੇ ਹਨ। ਵਿਆਹ ਦੀ ਦਾਅਵਤ ਹੋਣ ਦੀ ਬਜਾਇ, ਅਜਿਹੇ ਮੌਕੇ ਸਿਰਫ਼ ਡਾਂਸ ਪਾਰਟੀ ਦਾ ਬਹਾਨਾ ਬਣ ਸਕਦੇ ਹਨ। ਇਸ ਤੋਂ ਵੀ ਵੱਧ, ਉੱਚੀ-ਉੱਚੀ ਲਾਏ ਗਾਣੇ ਸੁਣ ਕੇ ਅਕਸਰ ਝਗੜੇ-ਫ਼ਸਾਦ ਕਰਨ ਵਾਲੇ ਅਜਨਬੀ ਵਿਆਹ ਵਿਚ ਬਿਨ-ਬੁਲਾਏ ਹੀ ਆ ਜਾਂਦੇ ਹਨ।

ਕਿਉਂਕਿ ਬਾਈਬਲ ਵਿਚ ਦਰਜ ਕੀਤੇ ਵਿਆਹਾਂ ਵਿਚ ਸੰਗੀਤ ਅਤੇ ਡਾਂਸ ਉੱਤੇ ਜ਼ਿਆਦਾ ਜ਼ੋਰ ਨਹੀਂ ਦਿੱਤਾ ਗਿਆ, ਤਾਂ ਫਿਰ ਕੀ ਯਹੋਵਾਹ ਨੂੰ ਮਹਿਮਾ ਦੇਣ ਵਾਲੇ ਵਿਆਹ ਦੀ ਵਿਉਂਤਬੰਦੀ ਕਰ ਰਹੇ ਜੋੜੇ ਨੂੰ ਇਸ ਤੋਂ ਕੁਝ ਸਿੱਖਣਾ ਨਹੀਂ ਚਾਹੀਦਾ? ਫੇਰ ਵੀ, ਦੱਖਣੀ ਅਫ਼ਰੀਕਾ ਵਿਚ ਹਾਲ ਹੀ ਦੇ ਵਿਆਹਾਂ ਵਿਚ ਡਾਂਸ ਦੀ ਤਿਆਰੀ ਕਰਨ ਵਿਚ ਕਈ ਨੌਜਵਾਨ ਮਸੀਹੀਆਂ ਨੇ ਕਾਫ਼ੀ ਸਾਰਾ ਸਮਾਂ ਗੁਆ ਦਿੱਤਾ। ਕਈ ਮਹੀਨੇ ਉਨ੍ਹਾਂ ਨੇ ਇਸੇ ਤਰ੍ਹਾਂ ਹੀ ਬਰਬਾਦ ਕਰ ਦਿੱਤੇ। ਪਰ ਮਸੀਹੀਆਂ ਨੂੰ ‘ਜ਼ਿਆਦਾ ਜ਼ਰੂਰੀ ਗੱਲਾਂ’ ਜਿਵੇਂ ਕਿ ਪ੍ਰਚਾਰ ਦਾ ਕੰਮ, ਨਿੱਜੀ ਅਧਿਐਨ ਅਤੇ ਮਸੀਹੀ ਸਭਾਵਾਂ ਵਿਚ ਹਾਜ਼ਰ ਹੋਣ ਲਈ ‘ਸਮੇਂ ਨੂੰ ਖ਼ਰੀਦਣ’ ਦੀ ਲੋੜ ਹੈ।—ਅਫ਼ਸੀਆਂ 5:16; ਫ਼ਿਲਿੱਪੀਆਂ 1:10.

ਯਿਸੂ ਨੇ ਜਿੰਨੀ ਮਾਤਰਾ ਵਿਚ ਮੈ ਬਣਾਈ, ਉਸ ਤੋਂ ਇੰਜ ਲੱਗਦਾ ਹੈ ਕਿ ਕਾਨਾ ਵਿਚ ਹੋਇਆ ਵਿਆਹ ਕਾਫ਼ੀ ਵੱਡਾ ਅਤੇ ਸ਼ਾਨੋ-ਸ਼ੌਕਤ ਵਾਲਾ ਸੀ। ਪਰ ਅਸੀਂ ਯਕੀਨੀ ਹੋ ਸਕਦੇ ਹਾਂ ਕਿ ਉਸ ਮੌਕੇ ਤੇ ਕੋਈ ਖ਼ਰੂਦ ਨਹੀਂ ਪਿਆ ਸੀ ਅਤੇ ਨਾ ਹੀ ਮਹਿਮਾਨਾਂ ਨੇ ਸ਼ਰਾਬ ਦੀ ਦੁਰਵਰਤੋਂ ਕੀਤੀ ਸੀ ਜਿੱਦਾਂ ਕਿ ਅਕਸਰ ਯਹੂਦੀ ਵਿਆਹਾਂ ਵਿਚ ਕੀਤੀ ਜਾਂਦੀ ਸੀ। (ਯੂਹੰਨਾ 2:10) ਅਸੀਂ ਇਹ ਗੱਲ ਇੰਨੇ ਯਕੀਨ ਨਾਲ ਕਿਵੇਂ ਕਹਿ ਸਕਦੇ ਹਾਂ? ਬਿਲਕੁਲ ਕਹਿ ਸਕਦੇ ਹਾਂ ਕਿਉਂਕਿ ਪ੍ਰਭੂ ਯਿਸੂ ਮਸੀਹ ਖ਼ੁਦ ਉੱਥੇ ਮੌਜੂਦ ਸੀ। ਬੁਰੀ ਸੰਗਤੀ ਬਾਰੇ ਪਰਮੇਸ਼ੁਰ ਦੇ ਇਸ ਹੁਕਮ ਨੂੰ ਮੰਨਣ ਵਿਚ ਸਾਰਿਆਂ ਨਾਲੋਂ ਜ਼ਿਆਦਾ ਯਿਸੂ ਮਸੀਹ ਚੁਕੰਨਾ ਸੀ: “ਤੂੰ ਸ਼ਰਾਬੀਆਂ ਦੇ ਨਾਲ ਨਾ ਰਲ।”—ਕਹਾਉਤਾਂ 23:20.

ਇਸ ਲਈ, ਜੇਕਰ ਇਕ ਜੋੜਾ ਆਪਣੇ ਵਿਆਹ ਵਿਚ ਵਾਈਨ ਜਾਂ ਸ਼ਰਾਬ ਪਿਲਾਉਣ ਦਾ ਫ਼ੈਸਲਾ ਕਰਦਾ ਹੈ, ਤਾਂ ਉਨ੍ਹਾਂ ਨੂੰ ਜ਼ਿੰਮੇਵਾਰ ਵਿਅਕਤੀਆਂ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਜੋ ਇਸ ਉੱਤੇ ਕੜੀ ਨਿਗਰਾਨੀ ਰੱਖਣ। ਇਸ ਤੋਂ ਇਲਾਵਾ, ਜੇ ਉਹ ਗਾਣੇ ਲਾਉਣੇ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਚੋਣਵੇਂ ਗਾਣੇ ਚੁਣਨੇ ਚਾਹੀਦੇ ਹਨ ਅਤੇ ਕਿਸੇ ਜ਼ਿੰਮੇਵਾਰ ਵਿਅਕਤੀ ਨੂੰ ਆਵਾਜ਼ ਦਾ ਧਿਆਨ ਰੱਖਣ ਲਈ ਨਿਯੁਕਤ ਕਰਨਾ ਚਾਹੀਦਾ ਹੈ। ਮਹਿਮਾਨਾਂ ਨੂੰ ਇਸ ਉੱਤੇ ਆਪਣੀ ਮਰਜ਼ੀ ਚਲਾਉਣ ਦੀ, ਘਟੀਆ ਗਾਣੇ ਲਾਉਣ ਦੀ ਜਾਂ ਗਾਣਿਆਂ ਦੀ ਆਵਾਜ਼ ਹੱਦੋਂ ਵੱਧ ਉੱਚੀ ਕਰਨ ਦੀ ਆਜ਼ਾਦੀ ਨਹੀਂ ਦੇਣੀ ਚਾਹੀਦੀ। ਜੇਕਰ ਡਾਂਸ ਦਾ ਬੰਦੋਬਸਤ ਵੀ ਹੈ, ਤਾਂ ਇਹ ਵੀ ਮਾਣ-ਮਰਿਆਦਾ ਵਾਲਾ ਅਤੇ ਸਹੀ ਹੱਦ ਵਿਚ ਹੋਣਾ ਚਾਹੀਦਾ ਹੈ। ਜੇਕਰ ਗ਼ੈਰ-ਵਿਸ਼ਵਾਸੀ ਰਿਸ਼ਤੇਦਾਰ ਜਾਂ ਵਿਸ਼ਵਾਸ ਵਿਚ ਕੱਚੇ ਮਸੀਹੀ ਡਾਂਸ ਕਰਦਿਆਂ ਗੰਦੀਆਂ ਜਾਂ ਅਸ਼ਲੀਲ ਹਰਕਤਾਂ ਕਰਦੇ ਹਨ, ਤਾਂ ਲਾੜਾ ਸੰਗੀਤ ਨੂੰ ਬਦਲ ਸਕਦਾ ਹੈ ਜਾਂ ਕਿਸੇ ਤਰੀਕੇ ਨਾਲ ਡਾਂਸ ਬੰਦ ਕਰਨ ਲਈ ਬੇਨਤੀ ਕਰ ਸਕਦਾ ਹੈ। ਨਹੀਂ ਤਾਂ ਵਿਆਹ ਬਦਚਲਣੀ ਵਿਚ ਬਦਲ ਜਾਵੇਗਾ ਅਤੇ ਦੂਜਿਆਂ ਲਈ ਠੋਕਰ ਦਾ ਕਾਰਨ ਬਣ ਜਾਵੇਗਾ।—ਰੋਮੀਆਂ 14:21.

ਅੱਜ-ਕੱਲ੍ਹ ਦੇ ਕੁਝ ਕਿਸਮਾਂ ਦੇ ਡਾਂਸ, ਉੱਚੇ ਸੰਗੀਤ ਅਤੇ ਸ਼ਰਾਬ ਦੀ ਖੁੱਲ੍ਹੀ ਵਰਤੋਂ ਦੇ ਖ਼ਤਰਿਆਂ ਕਰਕੇ ਬਹੁਤ ਸਾਰੇ ਮਸੀਹੀ ਲਾੜਿਆਂ ਨੇ ਆਪਣੇ ਵਿਆਹਾਂ ਵਿਚ ਇਹ ਸਭ ਨਾ ਰੱਖਣ ਦਾ ਫ਼ੈਸਲਾ ਕੀਤਾ ਹੈ। ਕਈਆਂ ਨੇ ਇਸ ਕਰਕੇ ਉਨ੍ਹਾਂ ਦੀ ਨੁਕਤਾਚੀਨੀ ਵੀ ਕੀਤੀ ਹੈ, ਪਰ ਉਲਟਾ ਸਾਨੂੰ ਉਨ੍ਹਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਕਿ ਉਹ ਹਰੇਕ ਉਸ ਚੀਜ਼ ਤੋਂ ਪਰਹੇਜ਼ ਕਰਨਾ ਚਾਹੁੰਦੇ ਹਨ ਜਿਸ ਨਾਲ ਪਰਮੇਸ਼ੁਰ ਦੇ ਨਾਂ ਤੇ ਧੱਬਾ ਲੱਗ ਸਕਦਾ ਹੈ। ਦੂਜੇ ਪਾਸੇ, ਕਈ ਲਾੜੇ ਢੁਕਵੇਂ ਸੰਗੀਤ, ਡਾਂਸ ਅਤੇ ਸਹੀ ਮਾਤਰਾ ਵਿਚ ਸ਼ਰਾਬ ਰੱਖਣ ਦਾ ਇੰਤਜ਼ਾਮ ਕਰਦੇ ਹਨ। ਪਰ ਹਰ ਹਾਲਤ ਵਿਚ ਲਾੜਾ ਆਪਣੇ ਵਿਆਹ ਵਿਚ ਜੋ ਕੁਝ ਕਰਨ ਦੀ ਇਜਾਜ਼ਤ ਦਿੰਦਾ ਹੈ ਉਸ ਦੇ ਲਈ ਉਹ ਖ਼ੁਦ ਜ਼ਿੰਮੇਵਾਰ ਹੈ।

ਅਫ਼ਰੀਕਾ ਵਿਚ ਕਈ ਵਿਸ਼ਵਾਸ ਵਿਚ ਕੱਚੇ ਮਸੀਹੀਆਂ ਨੇ ਸਾਦੇ ਮਸੀਹੀ ਵਿਆਹਾਂ ਨੂੰ ਘਟੀਆ ਨਜ਼ਰ ਨਾਲ ਦੇਖਿਆ ਹੈ ਤੇ ਕਿਹਾ ਹੈ ਕਿ ਅਜਿਹੇ ਵਿਆਹਾਂ ਤੇ ਉਨ੍ਹਾਂ ਨੂੰ ਇੰਜ ਲੱਗਦਾ ਹੈ ਜਿਵੇਂ ਉਹ ਕਿਸੇ ਜਨਾਜ਼ੇ ਤੇ ਆਏ ਹੋਏ ਹਨ। ਪਰ, ਇਹ ਸਹੀ ਰਵੱਈਆ ਨਹੀਂ ਹੈ। ਸਰੀਰ ਦੇ ਪਾਪੀ ਕੰਮਾਂ ਨਾਲ ਸ਼ਾਇਦ ਥੋੜ੍ਹੇ ਸਮੇਂ ਦਾ ਆਨੰਦ ਮਿਲੇ, ਪਰ ਇਨ੍ਹਾਂ ਕੰਮਾਂ ਤੋਂ ਬਾਅਦ ਮਸੀਹੀਆਂ ਦਾ ਜ਼ਮੀਰ ਉਨ੍ਹਾਂ ਨੂੰ ਪਰੇਸ਼ਾਨ ਕਰਦਾ ਰਹਿੰਦਾ ਹੈ। ਇਸ ਤੋਂ ਇਲਾਵਾ ਅਜਿਹੇ ਕੰਮਾਂ ਨਾਲ ਪਰਮੇਸ਼ੁਰ ਦੇ ਨਾਂ ਦੀ ਨਿੰਦਾ ਵੀ ਹੁੰਦੀ ਹੈ। (ਰੋਮੀਆਂ 2:24) ਦੂਜੇ ਪਾਸੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਸੱਚੀ ਖ਼ੁਸ਼ੀ ਦਿੰਦੀ ਹੈ। (ਗਲਾਤੀਆਂ 5:22) ਕਈ ਮਸੀਹੀ ਵਿਆਹੁਤਾ ਜੋੜੇ ਬੜੇ ਮਾਣ ਨਾਲ ਆਪਣੇ ਵਿਆਹ ਦੇ ਦਿਨ ਨੂੰ ਚੇਤੇ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਹ ਦਿਨ “ਠੋਕਰ” ਖੁਆਉਣ ਦਾ ਨਹੀਂ ਸਗੋਂ ਇਕ ਖ਼ੁਸ਼ੀ ਦਾ ਦਿਨ ਸੀ।—2 ਕੁਰਿੰਥੀਆਂ 6:3.

ਵੈਲਸ਼ ਅਤੇ ਐਲਥੀਆ ਨੂੰ ਵਿਆਹ ਵਿਚ ਆਏ ਗ਼ੈਰ-ਵਿਸ਼ਵਾਸੀ ਰਿਸ਼ਤੇਦਾਰਾਂ ਵੱਲੋਂ ਕੀਤੀ ਤਾਰੀਫ਼ ਅਜੇ ਤਕ ਵੀ ਚੇਤੇ ਹੈ। ਇਕ ਨੇ ਕਿਹਾ ਸੀ: “ਅਸੀਂ ਇਨ੍ਹੀਂ ਦਿਨੀਂ ਹੋਏ ਰੌਲੇ-ਗੌਲੇ ਵਾਲੇ ਵਿਆਹਾਂ ਤੋਂ ਤੰਗ ਆ ਗਏ ਹਾਂ। ਆਮ ਨਾਲੋਂ ਵੱਖਰਾ, ਸੋਹਣਾ ਤੇ ਸਾਦਾ ਜਿਹਾ ਵਿਆਹ ਦੇਖ ਕੇ ਦਿਲ ਖ਼ੁਸ਼ ਹੋ ਗਿਆ।”

ਸਭ ਤੋਂ ਅਹਿਮ ਗੱਲ ਤਾਂ ਇਹ ਹੈ ਕਿ ਖ਼ੁਸ਼ੀਆਂ ਭਰੇ ਅਤੇ ਸੁਚੱਜੇ ਮਸੀਹੀ ਵਿਆਹ ਯਹੋਵਾਹ ਪਰਮੇਸ਼ੁਰ ਨੂੰ ਮਹਿਮਾ ਦਿੰਦੇ ਹਨ, ਜਿਹੜਾ ਕਿ ਵਿਆਹ ਦੀ ਸ਼ੁਰੂਆਤ ਕਰਨ ਵਾਲਾ ਹੈ।

[ਸਫ਼ੇ 22 ਉੱਤੇ ਡੱਬੀ/​ਤਸਵੀਰ]

ਰਿਸੈਪਸ਼ਨ ਤੋਂ ਪਹਿਲਾਂ ਹੇਠਾਂ ਲਿਖੀਆਂ ਗੱਲਾਂ ਤੇ ਗੌਰ ਕਰੋ

• ਜੇਕਰ ਤੁਸੀਂ ਕਿਸੇ ਗ਼ੈਰ-ਵਿਸ਼ਵਾਸੀ ਰਿਸ਼ਤੇਦਾਰ ਨੂੰ ਸ਼ੁਭ-ਕਾਮਨਾਵਾਂ ਸੰਬੰਧੀ ਚੰਦ ਸ਼ਬਦ ਕਹਿਣ ਲਈ ਬੁਲਾਉਂਦੇ ਹੋ, ਤਾਂ ਕੀ ਤੁਸੀਂ ਪਹਿਲਾਂ ਪਤਾ ਕੀਤਾ ਹੈ ਕਿ ਉਹ ਕੋਈ ਗ਼ੈਰ-ਮਸੀਹੀ ਰੀਤ-ਰਸਮ ਸ਼ੁਰੂ ਨਹੀਂ ਕਰੇਗਾ?

• ਜੇ ਗਾਣੇ ਵਗੈਰਾ ਲਾਏ ਜਾਣਗੇ, ਤਾਂ ਕੀ ਤੁਸੀਂ ਢੁਕਵੇਂ ਗਾਣੇ ਚੁਣੇ ਹਨ?

• ਕੀ ਗਾਣਿਆਂ ਦੀ ਆਵਾਜ਼ ਢੁਕਵੀਂ ਹੋਵੇਗੀ?

• ਜੇ ਤੁਸੀਂ ਡਾਂਸ ਕਰਨ ਦੀ ਇਜਾਜ਼ਤ ਦਿੰਦੇ ਹੋ, ਤਾਂ ਕੀ ਇਹ ਮਾਣ-ਮਰਿਆਦਾ ਵਾਲਾ ਹੋਵੇਗਾ?

• ਕੀ ਸ਼ਰਾਬ ਦੀ ਸਹੀ ਵਰਤੋ ਕੀਤੀ ਜਾਵੇਗੀ?

• ਕੀ ਇਹ ਜ਼ਿੰਮੇਵਾਰ ਵਿਅਕਤੀ ਦੀ ਨਿਗਰਾਨੀ ਅਧੀਨ ਦਿੱਤੀ ਜਾਵੇਗੀ?

• ਕੀ ਤੁਸੀਂ ਪਾਰਟੀ ਖ਼ਤਮ ਕਰਨ ਦਾ ਢੁਕਵਾਂ ਸਮਾਂ ਮਿੱਥਿਆ ਹੈ?

• ਕੀ ਪਾਰਟੀ ਖ਼ਤਮ ਹੋਣ ਤਕ ਨਿਗਰਾਨੀ ਲਈ ਜ਼ਿੰਮੇਵਾਰ ਵਿਅਕਤੀ ਉੱਥੇ ਹਾਜ਼ਰ ਰਹਿਣਗੇ?