ਸੁਖੀ ਪਰਿਵਾਰਕ ਜ਼ਿੰਦਗੀ ਦੇਖ ਕੇ ਲੋਕ ਪਰਮੇਸ਼ੁਰ ਵੱਲ ਖਿੱਚੇ ਚਲੇ ਆਉਂਦੇ ਹਨ
ਰਾਜ ਘੋਸ਼ਕ ਰਿਪੋਰਟ ਕਰਦੇ ਹਨ
ਸੁਖੀ ਪਰਿਵਾਰਕ ਜ਼ਿੰਦਗੀ ਦੇਖ ਕੇ ਲੋਕ ਪਰਮੇਸ਼ੁਰ ਵੱਲ ਖਿੱਚੇ ਚਲੇ ਆਉਂਦੇ ਹਨ
ਯਹੋਵਾਹ ਨੇ ਯੂਸੁਫ਼ ਨੂੰ ਬਹੁਤ ਜ਼ਿਆਦਾ ਬੁੱਧੀ ਅਤੇ ਸਮਝ ਦਿੱਤੀ। (ਰਸੂਲਾਂ ਦੇ ਕਰਤੱਬ 7:10) ਸਿੱਟੇ ਵਜੋਂ, ਯੂਸੁਫ਼ ਦੀ ਬੁੱਧੀ “ਫ਼ਿਰਊਨ ਦੀਆਂ ਅੱਖਾਂ ਵਿੱਚ ਅਰ ਉਸ ਦੇ ਸਾਰੇ ਟਹਿਲੂਆਂ ਦੀਆਂ ਅੱਖਾਂ ਵਿੱਚ ਚੰਗੀ ਲੱਗੀ।”—ਉਤਪਤ 41:37.
ਇਸੇ ਤਰ੍ਹਾਂ, ਅੱਜ ਯਹੋਵਾਹ ਆਪਣੇ ਲੋਕਾਂ ਨੂੰ ਬਾਈਬਲ ਰਾਹੀਂ ਬੁੱਧੀ ਅਤੇ ਸਮਝ ਦਿੰਦਾ ਹੈ। (2 ਤਿਮੋਥਿਉਸ 3:16, 17) ਬਾਈਬਲ ਵਿਚਲੀ ਸਲਾਹ ਨੂੰ ਲਾਗੂ ਕਰਨ ਤੇ ਚੰਗੇ ਨਤੀਜੇ ਨਿਕਲਦੇ ਹਨ। ਉਨ੍ਹਾਂ ਦਾ ਚੰਗਾ ਚਾਲ-ਚਲਣ ਅਕਸਰ ‘ਉਨ੍ਹਾਂ ਦੀਆਂ ਅੱਖਾਂ ਵਿੱਚ ਚੰਗਾ ਲੱਗਦਾ ਹੈ ਜੋ ਉਨ੍ਹਾਂ ਨੂੰ ਦੇਖਦੇ ਹਨ,’ ਜਿਵੇਂ ਕਿ ਹੇਠਾਂ ਦਿੱਤੇ ਜ਼ਿਮਬਾਬਵੇ ਦੇ ਭੈਣ-ਭਰਾਵਾਂ ਦੇ ਤਜਰਬੇ ਦਿਖਾਉਂਦੇ ਹਨ।
• ਇਕ ਤੀਵੀਂ ਦੇ ਗੁਆਂਢ ਵਿਚ ਯਹੋਵਾਹ ਦੇ ਗਵਾਹ ਰਹਿੰਦੇ ਸਨ। ਭਾਵੇਂ ਕਿ ਉਹ ਗਵਾਹਾਂ ਨੂੰ ਪਸੰਦ ਨਹੀਂ ਕਰਦੀ ਸੀ, ਪਰ ਉਸ ਨੂੰ ਉਨ੍ਹਾਂ ਦਾ ਚਾਲ-ਚਲਣ, ਖ਼ਾਸਕਰ ਉਨ੍ਹਾਂ ਦੀ ਘਰੇਲੂ ਜ਼ਿੰਦਗੀ ਬਹੁਤ ਪਸੰਦ ਸੀ। ਉਸ ਨੇ ਦੇਖਿਆ ਕਿ ਪਤੀ-ਪਤਨੀ ਵਿਚਕਾਰ ਬੜਾ ਪਿਆਰ ਸੀ ਅਤੇ ਬੱਚੇ ਮਾਂ-ਬਾਪ ਦਾ ਕਹਿਣਾ ਮੰਨਦੇ ਸਨ। ਖ਼ਾਸਕਰ ਉਸ ਨੇ ਗੌਰ ਕੀਤਾ ਕਿ ਪਤੀ ਆਪਣੀ ਪਤਨੀ ਨੂੰ ਹੱਦੋਂ ਵੱਧ ਪਿਆਰ ਕਰਦਾ ਸੀ।
ਕੁਝ ਅਫ਼ਰੀਕੀ ਸਭਿਆਚਾਰਾਂ ਵਿਚ ਇਹ ਆਮ ਧਾਰਣਾ ਪਾਈ ਜਾਂਦੀ ਹੈ ਕਿ ਜੇ ਪਤੀ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਪਤਨੀ ਨੇ ਪਤੀ ਨੂੰ ਆਪਣੇ “ਵੱਸ” ਵਿਚ ਕਰਨ ਲਈ ਜ਼ਰੂਰ ਉਸ ਤੇ ਕੋਈ “ਜਾਦੂ” ਕੀਤਾ ਹੋਵੇਗਾ। ਇਸ ਲਈ ਤੀਵੀਂ ਨੇ ਭੈਣ ਕੋਲ ਆ ਕੇ ਪੁੱਛਿਆ: “ਜੋ ਜਾਦੂ ਤੁਸੀਂ ਆਪਣੇ ਪਤੀ ਤੇ ਕੀਤਾ ਹੈ, ਕੀ ਤੁਸੀਂ ਮੈਨੂੰ ਉਸ ਜਾਦੂ ਬਾਰੇ ਦੱਸ ਸਕਦੇ ਹੋ, ਤਾਂਕਿ ਮੇਰਾ ਪਤੀ ਵੀ ਮੈਨੂੰ ਉਸੇ ਤਰ੍ਹਾਂ ਪਿਆਰ ਕਰੇ ਜਿਵੇਂ ਤੁਹਾਡੇ ਪਤੀ ਤੁਹਾਨੂੰ ਕਰਦੇ ਹਨ?” ਭੈਣ ਨੇ ਉੱਤਰ ਦਿੱਤਾ: “ਜ਼ਰੂਰ, ਕਿਉਂ ਨਹੀਂ? ਮੈਂ ਕੱਲ੍ਹ ਦੁਪਹਿਰੇ ਉਹ ਜਾਦੂ ਲੈ ਕੇ ਆਵਾਂਗੀ।”
ਅਗਲੇ ਦਿਨ ਭੈਣ ਉਸ ਗੁਆਂਢਣ ਕੋਲ ਆਪਣਾ “ਜਾਦੂ” ਲੈ ਕੇ ਗਈ। ਇਹ ਕੀ ਸੀ? ਇਹ ਬਾਈਬਲ ਅਤੇ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਕਿਤਾਬ ਸੀ। ਗਿਆਨ ਕਿਤਾਬ ਦੇ ਅਧਿਆਇ ‘ਇਕ ਅਜਿਹਾ ਪਰਿਵਾਰ ਬਣਾਉਣਾ ਜੋ ਪਰਮੇਸ਼ੁਰ ਦੀ ਵਡਿਆਈ ਕਰਦਾ ਹੈ’ ਵਿਚ ਦਿੱਤੀ ਗਈ ਜਾਣਕਾਰੀ ਤੇ ਚਰਚਾ ਕਰਨ ਤੋਂ ਬਾਅਦ ਭੈਣ ਨੇ ਤੀਵੀਂ ਨੂੰ ਕਿਹਾ: “ਇਹ ਉਹੀ ‘ਜਾਦੂ’ ਹੈ ਜੋ ਮੈਂ ਅਤੇ ਮੇਰੇ ਪਤੀ ਇਕ ਦੂਸਰੇ ਨੂੰ ‘ਵੱਸ’ ਵਿਚ ਕਰਨ ਲਈ ਇਸਤੇਮਾਲ ਕਰਦੇ ਹਾਂ ਅਤੇ ਇਸੇ ਕਰਕੇ ਅਸੀਂ ਇਕ ਦੂਜੇ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਹਾਂ।” ਉਸ ਤੀਵੀਂ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ ਗਈ ਅਤੇ ਉਸ ਨੇ ਤੇਜ਼ੀ ਨਾਲ ਤਰੱਕੀ ਕਰ ਕੇ ਯਹੋਵਾਹ ਨੂੰ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਬਪਤਿਸਮਾ ਲੈ ਲਿਆ।
• ਦੋ ਵਿਸ਼ੇਸ਼ ਪਾਇਨੀਅਰ ਭਰਾਵਾਂ ਨੂੰ ਜ਼ਿਮਬਾਬਵੇ ਅਤੇ ਮੋਜ਼ਾਮਬੀਕ ਦੀ ਉੱਤਰ-ਪੂਰਬੀ ਸਰਹੱਦ ਦੇ ਨੇੜੇ ਇਕ ਛੋਟੀ ਜਿਹੀ ਕਲੀਸਿਯਾ ਵਿਚ ਭੇਜਿਆ ਗਿਆ। ਪਰ ਉਹ ਦੋ ਹਫ਼ਤਿਆਂ ਤੋਂ ਘਰ-ਘਰ ਦੀ ਸੇਵਕਾਈ ਕਰਨ ਨਹੀਂ ਗਏ। ਕਿਉਂ? ਕਿਉਂਕਿ ਲੋਕ ਉਨ੍ਹਾਂ ਦੇ ਘਰ ਹੀ ਉਨ੍ਹਾਂ ਦੀਆਂ ਗੱਲਾਂ ਸੁਣਨ ਲਈ ਆ ਰਹੇ ਸਨ। ਉਨ੍ਹਾਂ ਦੋਹਾਂ ਵਿੱਚੋਂ ਇਕ ਪਾਇਨੀਅਰ ਦੱਸਦਾ ਹੈ ਕਿ ਇਹ ਸਭ ਕਿਵੇਂ ਹੋਇਆ: “ਇਕ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਬਾਈਬਲ ਸਟੱਡੀ ਕਰਵਾਉਣ ਲਈ ਸਾਨੂੰ 15 ਕਿਲੋਮੀਟਰ ਦਾ ਸਫ਼ਰ ਕਰਨਾ ਪੈਂਦਾ ਸੀ। ਇਸ ਇਲਾਕੇ ਵਿਚ ਜਾਣਾ ਸਾਡੇ ਲਈ ਕੋਈ ਸੌਖੀ ਗੱਲ ਨਹੀਂ ਸੀ। ਸਾਨੂੰ ਚਿੱਕੜ ਵਿਚ ਤੁਰਨਾ ਪੈਂਦਾ ਸੀ ਅਤੇ ਤੇਜ਼ ਵਹਾਅ ਵਾਲੇ ਦਰਿਆਵਾਂ ਨੂੰ ਪਾਰ ਕਰਨਾ ਪੈਂਦਾ ਸੀ ਜਿਨ੍ਹਾਂ ਦਾ ਪਾਣੀ ਸਾਡੀਆਂ ਗਰਦਨਾਂ ਤਕ ਪਹੁੰਚ ਜਾਂਦਾ ਸੀ। ਸਾਨੂੰ ਆਪਣੇ ਕੱਪੜਿਆਂ ਅਤੇ ਜੁੱਤੀਆਂ ਨੂੰ ਆਪਣੇ ਸਿਰਾਂ ਤੇ ਸੰਭਾਲ ਕੇ ਬੜੇ ਧਿਆਨ ਨਾਲ ਦਰਿਆ ਪਾਰ ਕਰਨਾ ਪੈਂਦਾ ਸੀ ਤੇ ਫਿਰ ਦਰਿਆ ਦੇ ਦੂਜੇ ਪਾਸੇ ਜਾ ਕੇ ਦੁਬਾਰਾ ਤੋਂ ਕੱਪੜੇ ਬਦਲਣੇ ਪੈਂਦੇ ਸਨ।
“ਸਾਡੇ ਜੋਸ਼ ਨੂੰ ਦੇਖ ਕੇ ਉਸ ਆਦਮੀ ਦੇ ਗੁਆਂਢੀ ਕਾਫ਼ੀ ਪ੍ਰਭਾਵਿਤ ਹੋਏ। ਉੱਥੇ ਦੇ ਇਕ ਧਾਰਮਿਕ ਸੰਗਠਨ ਦੇ ਨੇਤਾ ਨੇ ਆਪਣੇ ਚੇਲਿਆਂ ਨੂੰ ਕਿਹਾ: ‘ਕੀ ਤੁਸੀਂ ਉਨ੍ਹਾਂ ਦੋ ਨੌਜਵਾਨਾਂ ਵਾਂਗ ਜੋਸ਼ੀਲੇ ਨਹੀਂ ਬਣਨਾ ਚਾਹੁੰਦੇ ਜੋ ਯਹੋਵਾਹ ਦੇ ਗਵਾਹ ਹਨ?’ ਅਗਲੇ ਦਿਨ, ਉਸ ਦੇ ਕਈ ਚੇਲੇ ਇਹ ਜਾਣਨ ਲਈ ਸਾਡੇ ਘਰ ਆਏ ਕਿ ਅਸੀਂ ਆਪਣਾ ਕੰਮ ਕਿਉਂ ਇੰਨੇ ਜੋਸ਼ ਨਾਲ ਕਰਦੇ ਹਾਂ। ਇਸ ਤੋਂ ਇਲਾਵਾ, ਅਗਲੇ ਦੋ ਹਫ਼ਤਿਆਂ ਦੌਰਾਨ ਸਾਡੇ ਘਰ ਇੰਨੇ ਸਾਰੇ ਲੋਕ ਆਏ ਕਿ ਸਾਨੂੰ ਖਾਣਾ ਬਣਾਉਣ ਦਾ ਵੀ ਸਮਾਂ ਨਾ ਮਿਲਿਆ!”
ਇਨ੍ਹਾਂ ਦੋ ਹਫ਼ਤਿਆਂ ਦੌਰਾਨ ਜੋ ਵਿਅਕਤੀ ਪਾਇਨੀਅਰਾਂ ਨੂੰ ਘਰ ਮਿਲਣ ਲਈ ਆਏ ਸਨ, ਉਨ੍ਹਾਂ ਵਿਚ ਉਹ ਧਾਰਮਿਕ ਨੇਤਾ ਵੀ ਸੀ। ਜ਼ਰਾ ਇਨ੍ਹਾਂ ਪਾਇਨੀਅਰਾਂ ਦੀ ਖ਼ੁਸ਼ੀ ਦਾ ਅੰਦਾਜ਼ਾ ਲਾ ਕੇ ਦੇਖੋ ਜਦੋਂ ਉਹ ਬਾਈਬਲ ਸਟੱਡੀ ਕਰਨ ਲਈ ਮੰਨ ਗਿਆ!