Skip to content

Skip to table of contents

ਪਰਮੇਸ਼ੁਰ ਦੇ ਅਗੰਮ ਵਾਕ ਵਿਚ ਨਿਹਚਾ ਰੱਖੋ!

ਪਰਮੇਸ਼ੁਰ ਦੇ ਅਗੰਮ ਵਾਕ ਵਿਚ ਨਿਹਚਾ ਰੱਖੋ!

ਪਰਮੇਸ਼ੁਰ ਦੇ ਅਗੰਮ ਵਾਕ ਵਿਚ ਨਿਹਚਾ ਰੱਖੋ!

“ਅਗੰਮ ਵਾਕ ਦਾ ਬਚਨ ਸਾਡੇ ਕੋਲ ਹੋਰ ਵੀ ਪੱਕਾ ਕੀਤਾ ਹੋਇਆ ਹੈ।”—2 ਪਤਰਸ 1:19.

1, 2. ਸਭ ਤੋਂ ਪਹਿਲੀ ਭਵਿੱਖਬਾਣੀ ਕੀ ਸੀ, ਅਤੇ ਇਸ ਕਾਰਨ ਕਿਹੜਾ ਸਵਾਲ ਉੱਠਦਾ ਹੈ?

ਬਾਈਬਲ ਵਿਚ ਦਰਜ ਸਭ ਤੋਂ ਪਹਿਲੀ ਭਵਿੱਖਬਾਣੀ ਯਹੋਵਾਹ ਨੇ ਕੀਤੀ ਸੀ। ਆਦਮ ਅਤੇ ਹੱਵਾਹ ਦੇ ਪਾਪ ਤੋਂ ਬਾਅਦ ਪਰਮੇਸ਼ੁਰ ਨੇ ਸੱਪ ਨੂੰ ਦੱਸਿਆ: “ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।” (ਉਤਪਤ 3:1-7, 14, 15) ਇਸ ਅਗੰਮ ਵਾਕ ਦੀ ਪੂਰੀ ਸਮਝ ਕਈ ਸਦੀਆਂ ਬੀਤਣ ਤੋਂ ਬਾਅਦ ਆਈ ਸੀ।

2 ਉਸ ਪਹਿਲੀ ਭਵਿੱਖਬਾਣੀ ਨੇ ਪਾਪੀ ਮਨੁੱਖਜਾਤੀ ਲਈ ਅਸਲੀ ਉਮੀਦ ਪੇਸ਼ ਕੀਤੀ। ਬਾਅਦ ਵਿਚ ਬਾਈਬਲ ਸ਼ਤਾਨ ਅਰਥਾਤ ਇਬਲੀਸ ਦੀ ਪਛਾਣ ‘ਪੁਰਾਣੇ ਸੱਪ’ ਵਜੋਂ ਕਰਦੀ ਹੈ। (ਪਰਕਾਸ਼ ਦੀ ਪੋਥੀ 12:9) ਪਰ ਪਰਮੇਸ਼ੁਰ ਦੀ ਵਾਅਦਾ ਕੀਤੀ ਗਈ ਸੰਤਾਨ ਕੌਣ ਹੋਵੇਗੀ?

ਸੰਤਾਨ ਦੀ ਖੋਜ

3. ਹਾਬਲ ਨੇ ਪਹਿਲੀ ਭਵਿੱਖਬਾਣੀ ਵਿਚ ਕਿਸ ਤਰ੍ਹਾਂ ਨਿਹਚਾ ਦਿਖਾਈ ਸੀ?

3 ਆਪਣੇ ਪਿਤਾ ਆਦਮ ਦੇ ਉਲਟ ਧਰਮੀ ਹਾਬਲ ਨੇ ਪਹਿਲੀ ਭਵਿੱਖਬਾਣੀ ਵਿਚ ਨਿਹਚਾ ਪ੍ਰਗਟ ਕੀਤੀ ਸੀ। ਹਾਬਲ ਨੇ ਇਹ ਗੱਲ ਸਮਝੀ ਸੀ ਕਿ ਪਾਪਾਂ ਦੇ ਪ੍ਰਾਸਚਿਤ ਲਈ ਖ਼ੂਨ ਵਹਾਉਣ ਦੀ ਜ਼ਰੂਰਤ ਸੀ। ਨਿਹਚਾ ਕਾਰਨ ਉਸ ਨੇ ਪਸ਼ੂ ਦੀ ਭੇਟ ਚੜ੍ਹਾਈ ਅਤੇ ਪਰਮੇਸ਼ੁਰ ਨੇ ਇਸ ਭੇਟ ਨੂੰ ਸਵੀਕਾਰ ਕੀਤਾ। (ਉਤਪਤ 4:2-4) ਲੇਕਿਨ, ਵਾਅਦਾ ਕੀਤੀ ਗਈ ਸੰਤਾਨ ਬਾਰੇ ਹਾਲੇ ਵੀ ਕੁਝ ਪਤਾ ਨਹੀਂ ਸੀ।

4. ਪਰਮੇਸ਼ੁਰ ਨੇ ਅਬਰਾਹਾਮ ਨਾਲ ਕਿਹੜਾ ਵਾਅਦਾ ਕੀਤਾ ਸੀ ਅਤੇ ਇਸ ਤੋਂ ਵਾਅਦਾ ਕੀਤੀ ਗਈ ਸੰਤਾਨ ਬਾਰੇ ਕੀ ਪਤਾ ਲੱਗਦਾ ਹੈ?

4 ਹਾਬਲ ਦੀ ਮੌਤ ਤੋਂ ਕੁਝ 2,000 ਸਾਲ ਬਾਅਦ, ਯਹੋਵਾਹ ਨੇ ਕੁਲ-ਪਿਤਾ ਅਬਰਾਹਾਮ ਨਾਲ ਇਹ ਵਾਅਦਾ ਕੀਤਾ: ‘ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ ਅਰ ਮੈਂ ਤੇਰੀ ਅੰਸ ਨੂੰ ਅਕਾਸ਼ ਦੇ ਤਾਰਿਆਂ ਜਿੰਨੀ ਅੱਤ ਵਧਾਵਾਂਗਾ ਅਤੇ ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ।’ (ਉਤਪਤ 22:17, 18) ਇਨ੍ਹਾਂ ਸ਼ਬਦਾਂ ਨੇ ਅਬਰਾਹਾਮ ਦਾ ਸੰਬੰਧ ਪਹਿਲੀ ਭਵਿੱਖਬਾਣੀ ਦੀ ਪੂਰਤੀ ਨਾਲ ਜੋੜਿਆ। ਇਹ ਦੱਸਦੇ ਹਨ ਕਿ ਉਹ ਸੰਤਾਨ ਜਿਸ ਰਾਹੀਂ ਸ਼ਤਾਨ ਦੇ ਕੰਮ ਨਸ਼ਟ ਕੀਤੇ ਜਾਣਗੇ ਅਬਰਾਹਾਮ ਦੀ ਵੰਸ਼ ਵਿੱਚੋਂ ਆਉਣੀ ਸੀ। (1 ਯੂਹੰਨਾ 3:8) ਅਬਰਾਹਾਮ ਨੇ “ਪਰਮੇਸ਼ੁਰ ਦੀ ਪ੍ਰਤਿਗਿਆ ਤੇ ਕਿਸੇ ਪ੍ਰਕਾਰ ਦਾ ਸ਼ੱਕ ਨਾ ਕੀਤਾ।” ਅਤੇ ਮਸੀਹ ਦੇ ਆਉਣ ਤੋਂ ਪਹਿਲਾਂ ਯਹੋਵਾਹ ਦੇ ਸੇਵਕਾਂ ਨੇ ਵੀ ਅਜਿਹਾ ਕੋਈ ਸ਼ੱਕ ਨਹੀਂ ਕੀਤਾ ਭਾਵੇਂ ਕਿ ਉਨ੍ਹਾਂ ਨੂੰ ਖ਼ੁਦ ‘ਵਾਇਦੇ ਪਰਾਪਤ ਨਹੀਂ ਹੋਏ।’ (ਰੋਮੀਆਂ 4:20, 21, ਪਵਿੱਤਰ ਬਾਈਬਲ ਨਵਾਂ ਅਨੁਵਾਦ; ਇਬਰਾਨੀਆਂ 11:39) ਇਸ ਦੀ ਬਜਾਇ, ਉਨ੍ਹਾਂ ਨੇ ਪਰਮੇਸ਼ੁਰ ਦੇ ਅਗੰਮ ਵਾਕ ਵਿਚ ਆਪਣੀ ਨਿਹਚਾ ਕਾਇਮ ਰੱਖੀ।

5. ਸੰਤਾਨ ਬਾਰੇ ਪਰਮੇਸ਼ੁਰ ਦੀ ਭਵਿੱਖਬਾਣੀ ਕਿਸ ਵਿਚ ਪੂਰੀ ਹੋਈ ਸੀ, ਅਤੇ ਤੁਸੀਂ ਇਸ ਤਰ੍ਹਾਂ ਕਿਉਂ ਕਹਿੰਦੇ ਹੋ?

5 ਪੌਲੁਸ ਰਸੂਲ ਨੇ ਪਰਮੇਸ਼ੁਰ ਦੀ ਵਾਅਦਾ ਕੀਤੀ ਗਈ ਸੰਤਾਨ ਦੀ ਪਛਾਣ ਕਰਵਾਈ ਜਦੋਂ ਉਸ ਨੇ ਲਿਖਿਆ: “ਅਬਰਾਹਾਮ ਅਤੇ ਉਸ ਦੀ ਅੰਸ ਨੂੰ ਬਚਨ ਦਿੱਤੇ ਗਏ ਸਨ। ਉਹ ਨਹੀਂ ਕਹਿੰਦਾ, “ਅੰਸਾਂ ਨੂੰ”, ਜਿਵੇਂ ਬਾਹਲਿਆਂ ਦੇ ਲਈ ਪਰ ਜਿਵੇਂ ਇੱਕ ਦੇ ਲਈ ਕਹਿੰਦਾ ਹੈ ਅਰਥਾਤ “ਤੇਰੀ ਅੰਸ ਨੂੰ”, ਸੋ ਉਹ ਮਸੀਹ ਹੈ।” (ਗਲਾਤੀਆਂ 3:16) ਅਬਰਾਹਾਮ ਦੀ ਸਾਰੀ ਔਲਾਦ ਉਸ ਅੰਸ ਵਿਚ ਸ਼ਾਮਲ ਨਹੀਂ ਸੀ ਜਿਸ ਰਾਹੀਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ। ਮਨੁੱਖਜਾਤੀ ਲਈ ਇਹ ਬਰਕਤ ਨਾ ਹੀ ਅਬਰਾਹਾਮ ਦੇ ਪੁੱਤਰ ਇਸਮਾਏਲ ਦੀ ਸੰਤਾਨ ਰਾਹੀਂ ਆਈ ਅਤੇ ਨਾ ਹੀ ਉਸ ਦੀ ਪਤਨੀ ਕਟੂਰਾਹ ਦੇ ਪੁੱਤਰਾਂ ਰਾਹੀਂ ਆਈ। ਇਹ ਸੰਤਾਨ, ਜਿਸ ਨੇ ਬਰਕਤ ਲਿਆਉਣੀ ਸੀ, ਉਸ ਦੇ ਪੁੱਤਰ ਇਸਹਾਕ ਅਤੇ ਪੋਤੇ ਯਾਕੂਬ ਰਾਹੀਂ ਆਈ ਸੀ। (ਉਤਪਤ 21:12; 25:23, 31-34; 27:18-29, 37; 28:14) ਯਾਕੂਬ ਨੇ ਦੱਸਿਆ ਸੀ ਕਿ ਲੋਕ ਯਹੂਦਾਹ ਦੇ ਗੋਤ ਵਿੱਚੋਂ ਆ ਰਹੇ ਸ਼ਾਂਤੀ ਦਾਤੇ ਦੇ ਆਗਿਆਕਾਰ ਹੋਣਗੇ। ਲੇਕਿਨ ਬਾਅਦ ਵਿਚ ਇਹ ਕਿਹਾ ਗਿਆ ਸੀ ਕਿ ਸੰਤਾਨ ਦਾਊਦ ਦੀ ਵੰਸ਼ਾਵਲੀ ਤੋਂ ਆਵੇਗੀ। (ਉਤਪਤ 49:10; 2 ਸਮੂਏਲ 7:12-16) ਪਹਿਲੀ ਸਦੀ ਦੇ ਯਹੂਦੀ ਉਮੀਦ ਰੱਖਦੇ ਸਨ ਕਿ ਮਸੀਹਾ, ਜਾਂ ਮਸੀਹ ਆਵੇਗਾ। (ਯੂਹੰਨਾ 7:41, 42) ਸੰਤਾਨ ਬਾਰੇ ਪਰਮੇਸ਼ੁਰ ਦੀ ਭਵਿੱਖਬਾਣੀ ਉਸ ਦੇ ਪੁੱਤਰ, ਯਿਸੂ ਮਸੀਹ, ਵਿਚ ਪੂਰੀ ਹੋਈ ਸੀ।

ਮਸੀਹਾ ਪ੍ਰਗਟ ਹੁੰਦਾ ਹੈ!

6. (ੳ) ਸੱਤਰ ਸਾਤਿਆਂ ਦੀ ਭਵਿੱਖਬਾਣੀ ਨੂੰ ਅਸੀਂ ਕਿਸ ਤਰ੍ਹਾਂ ਸਮਝਦੇ ਹਾਂ? (ਅ) ਯਿਸੂ ਨੇ “ਪਾਪਾਂ ਦਾ ਅੰਤ” ਕਦੋਂ ਅਤੇ ਕਿਸ ਤਰ੍ਹਾਂ ਕੀਤਾ ਸੀ?

6 ਦਾਨੀਏਲ ਨਬੀ ਨੇ ਮਸੀਹਾ ਦੇ ਬਾਰੇ ਇਕ ਮਹੱਤਵਪੂਰਣ ਭਵਿੱਖਬਾਣੀ ਦਰਜ ਕੀਤੀ ਸੀ। ਦਾਰਾ (ਡਾਰੀਅਸ) ਮਾਦੀ ਦੇ ਰਾਜ ਦੇ ਪਹਿਲੇ ਸਾਲ ਵਿਚ ਦਾਨੀਏਲ ਨੂੰ ਅਹਿਸਾਸ ਹੋਇਆ ਕਿ ਯਰੂਸ਼ਲਮ ਦੀ 70 ਸਾਲਾਂ ਦੀ ਵਿਰਾਨੀ ਖ਼ਤਮ ਹੋਣ ਵਾਲੀ ਸੀ। (ਯਿਰਮਿਯਾਹ 29:10; ਦਾਨੀਏਲ 9:1-4) ਦਾਨੀਏਲ ਪ੍ਰਾਰਥਨਾ ਕਰ ਰਿਹਾ ਸੀ ਜਦੋਂ ਜਬਰਾਏਲ ਦੂਤ ਨੇ ਉਹ ਦੇ ਸਾਮ੍ਹਣੇ ਆ ਕੇ ਉਸ ਨੂੰ ਦੱਸਿਆ ਕਿ ‘ਪਾਪਾਂ ਦਾ ਅੰਤ ਕਰਨ ਲਈ ਸੱਤਰ ਸਾਤੇ ਠਹਿਰਾਏ ਗਏ ਹਨ।’ ਮਸੀਹੇ ਨੂੰ 70ਵੇਂ ਸਾਤੇ ਦੇ ਅੱਧ ਵਿਚ ਮਾਰਿਆ ਜਾਵੇਗਾ। ‘ਸਾਲਾਂ ਵਾਲੇ ਸੱਤਰ ਹਫ਼ਤੇ’ 455 ਸਾ.ਯੁ.ਪੂ. ਵਿਚ ਸ਼ੁਰੂ ਹੋਏ ਸਨ ਜਦੋਂ ਫ਼ਾਰਸੀ ਰਾਜਾ ਅਰਤਹਸ਼ਸ਼ਤਾ (ਆਟਾਜ਼ਰਕਸੀਜ਼) ਪਹਿਲੇ ਨੇ ‘ਯਰੂਸ਼ਲਮ ਨੂੰ ਦੂਜੀ ਵਾਰ ਉਸਾਰਨ ਦੀ ਆਗਿਆ ਦਿੱਤੀ ਸੀ।’ (ਦਾਨੀਏਲ 9:20-27; ਮੌਫ਼ਟ; ਨਹਮਯਾਹ 2:1-8) ਮਸੀਹਾ ਸਾਲਾਂ ਵਾਲੇ 7 ਹਫ਼ਤਿਆਂ ਅਤੇ 62 ਹਫ਼ਤਿਆਂ, ਯਾਨੀ ਕਿ 483 ਸਾਲਾਂ ਤੋਂ ਬਾਅਦ ਆਵੇਗਾ। ਇਹ 483 ਸਾਲ 455 ਸਾ.ਯੁ.ਪੂ. ਤੋਂ ਲੈ ਕੇ 29 ਸਾ.ਯੁ. ਤਕ ਸਨ ਜਦੋਂ ਯਿਸੂ ਨੇ ਬਪਤਿਸਮਾ ਲਿਆ ਅਤੇ ਪਰਮੇਸ਼ੁਰ ਨੇ ਉਸ ਨੂੰ ਮਸੀਹਾ, ਜਾਂ ਮਸੀਹ, ਵਜੋਂ ਮਸਹ ਕੀਤਾ। (ਲੂਕਾ 3:21, 22) ਯਿਸੂ ਨੇ 33 ਸਾ.ਯੁ. ਵਿਚ ਰਿਹਾਈ-ਕੀਮਤ ਵਜੋਂ ਆਪਣੀ ਜਾਨ ਦੇ ਕੇ “ਪਾਪਾਂ ਦਾ ਅੰਤ” ਕੀਤਾ। (ਮਰਕੁਸ 10:45) ਪਰਮੇਸ਼ੁਰ ਦੇ ਅਗੰਮ ਵਾਕ ਵਿਚ ਨਿਹਚਾ ਰੱਖਣ ਦਾ ਇਹ ਕਿੰਨਾ ਵਧੀਆ ਕਾਰਨ ਹੈ! *

7. ਬਾਈਬਲ ਵਿੱਚੋਂ ਦਿਖਾਓ ਕਿ ਯਿਸੂ ਨੇ ਮਸੀਹਾਈ ਭਵਿੱਖਬਾਣੀਆਂ ਕਿਸ ਤਰ੍ਹਾਂ ਪੂਰੀਆਂ ਕੀਤੀਆਂ ਸਨ।

7 ਜੇ ਅਸੀਂ ਪਰਮੇਸ਼ੁਰ ਦੇ ਅਗੰਮ ਵਾਕ ਵਿਚ ਨਿਹਚਾ ਰੱਖਦੇ ਹਾਂ ਤਾਂ ਮਸੀਹਾ ਦੀ ਪਛਾਣ ਕਰਨ ਵਿਚ ਸਾਡੀ ਮਦਦ ਹੋਵੇਗੀ। ਇਬਰਾਨੀ ਸ਼ਾਸਤਰ ਵਿਚ ਮਸੀਹਾ ਬਾਰੇ ਕਈ ਭਵਿੱਖਬਾਣੀਆਂ ਹਨ ਅਤੇ ਯੂਨਾਨੀ ਸ਼ਾਸਤਰ ਦੇ ਲਿਖਾਰੀਆਂ ਨੇ ਇਨ੍ਹਾਂ ਨੂੰ ਯਿਸੂ ਉੱਤੇ ਲਾਗੂ ਕੀਤਾ ਸੀ। ਮਿਸਾਲ ਲਈ: ਇਕ ਕੁਆਰੀ ਨੇ ਬੈਤਲਹਮ ਵਿਚ ਯਿਸੂ ਨੂੰ ਜਨਮ ਦਿੱਤਾ ਸੀ। (ਯਸਾਯਾਹ 7:14; ਮੀਕਾਹ 5:2; ਮੱਤੀ 1:18-23; ਲੂਕਾ 2:4-11) ਉਹ ਮਿਸਰ ਵਿੱਚੋਂ ਸੱਦਿਆ ਗਿਆ ਸੀ ਅਤੇ ਉਸ ਦੇ ਜਨਮ ਤੋਂ ਬਾਅਦ ਬੱਚੇ ਮਾਰੇ ਗਏ ਸਨ। (ਯਿਰਮਿਯਾਹ 31:15; ਹੋਸ਼ੇਆ 11:1; ਮੱਤੀ 2:13-18) ਯਿਸੂ ਨੇ ਲੋਕਾਂ ਦੇ ਰੋਗ ਠੀਕ ਕੀਤੇ ਸਨ। (ਯਸਾਯਾਹ 53:4; ਮੱਤੀ 8:16, 17) ਜਿਵੇਂ ਪਹਿਲਾਂ ਦੱਸਿਆ ਗਿਆ ਸੀ ਉਹ ਯਰੂਸ਼ਲਮ ਵਿਚ ਇਕ ਗਧੇ ਦੇ ਜਵਾਨ ਬੱਚੇ ਉੱਤੇ ਸਵਾਰ ਹੋ ਕੇ ਆਇਆ ਸੀ। (ਜ਼ਕਰਯਾਹ 9:9; ਯੂਹੰਨਾ 12:12-15) ਯਿਸੂ ਨੂੰ ਸੂਲੀ ਉੱਤੇ ਚੜ੍ਹਾਉਣ ਤੋਂ ਬਾਅਦ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦ ਪੂਰੇ ਹੋਏ ਸਨ ਜਦੋਂ ਸਿਪਾਹੀਆਂ ਨੇ ਉਸ ਦੇ ਕੱਪੜੇ ਆਪਸ ਵਿੱਚੀਂ ਵੰਡੇ ਅਤੇ ਉਸ ਦੇ ਲਿਬਾਸ ਉੱਤੇ ਗੁਣੇ ਪਾਏ ਸਨ। (ਜ਼ਬੂਰ 22:18; ਯੂਹੰਨਾ 19:23, 24) ਇਸ ਗੱਲ ਨੇ ਵੀ ਭਵਿੱਖਬਾਣੀ ਪੂਰੀ ਕੀਤੀ ਕਿ ਯਿਸੂ ਦੀਆਂ ਹੱਡੀਆਂ ਤੋੜੀਆਂ ਨਹੀਂ ਗਈਆਂ ਸਨ ਅਤੇ ਉਸ ਨੂੰ ਵਿੰਨ੍ਹਿਆ ਗਿਆ ਸੀ। (ਜ਼ਬੂਰ 34:20; ਜ਼ਕਰਯਾਹ 12:10; ਯੂਹੰਨਾ 19:33-37) ਇਹ ਮਸੀਹਾ ਬਾਰੇ ਸਿਰਫ਼ ਇਕ-ਦੋ ਭਵਿੱਖਬਾਣੀਆਂ ਹਨ ਜੋ ਬਾਈਬਲ ਦੇ ਲਿਖਾਰੀਆਂ ਨੇ ਯਿਸੂ ਉੱਤੇ ਲਾਗੂ ਕੀਤੀਆਂ ਸਨ। *

ਮਸੀਹਾਈ ਰਾਜੇ ਦਾ ਸੁਆਗਤ ਕਰੋ!

8. ਅੱਤ ਪ੍ਰਾਚੀਨ ਕੌਣ ਹੈ, ਅਤੇ ਦਾਨੀਏਲ 7:9-14 ਵਿਚ ਦਰਜ ਕੀਤੀ ਗਈ ਭਵਿੱਖਬਾਣੀ ਕਿਸ ਤਰ੍ਹਾਂ ਪੂਰੀ ਹੋਈ ਸੀ?

8 ਬਾਬਲੀ ਰਾਜਾ ਬੇਲਸ਼ੱਸਰ ਦੇ ਰਾਜ ਦੇ ਪਹਿਲੇ ਸਾਲ ਦੌਰਾਨ ਯਹੋਵਾਹ ਨੇ ਦਾਨੀਏਲ ਨਬੀ ਨੂੰ ਇਕ ਸੁਪਨਾ ਅਤੇ ਅਨੋਖੇ ਦਰਸ਼ਣ ਦਿੱਤੇ ਸਨ। ਨਬੀ ਨੇ ਪਹਿਲਾਂ ਚਾਰ ਵੱਡੇ-ਵੱਡੇ ਦਰਿੰਦੇ ਦੇਖੇ। ਪਰਮੇਸ਼ੁਰ ਦੇ ਦੂਤ ਨੇ ਦੱਸਿਆ ਕਿ ਉਹ “ਚਾਰ ਰਾਜੇ” ਸਨ, ਜੋ ਆਉਣ ਵਾਲੀਆਂ ਵਿਸ਼ਵ ਸ਼ਕਤੀਆਂ ਨੂੰ ਦਰਸਾਉਂਦੇ ਸਨ। (ਦਾਨੀਏਲ 7:1-8, 17) ਦਾਨੀਏਲ ਨੇ ਅੱਗੇ “ਅੱਤ ਪ੍ਰਾਚੀਨ,” ਯਾਨੀ ਯਹੋਵਾਹ ਨੂੰ ਸ਼ਾਨ ਵਿਚ ਸਿੰਘਾਸਣ ਉੱਤੇ ਬੈਠੇ ਦੇਖਿਆ। ਉਸ ਨੇ ਦਰਿੰਦਿਆਂ ਨੂੰ ਸਜ਼ਾ ਦੇ ਕੇ ਉਨ੍ਹਾਂ ਤੋਂ ਰਾਜ ਲੈ ਲਿਆ ਅਤੇ ਫਿਰ ਚੌਥੇ ਦਰਿੰਦੇ ਦਾ ਨਾਸ਼ ਕਰ ਦਿੱਤਾ। ‘ਮਨੁੱਖ ਦੇ ਪੁੱਤ੍ਰ ਵਰਗੇ ਇੱਕ ਜਣੇ’ ਨੂੰ “ਸੱਭੇ ਕੌਮਾਂ ਅਰ ਲੋਕ ਅਰ ਬੋਲੀਆਂ” ਉੱਪਰ ਸਦਾ ਦਾ ਰਾਜ ਦਿੱਤਾ ਗਿਆ। (ਦਾਨੀਏਲ 7:9-14) ਇਹ ਗੱਲਾਂ ਉਦੋਂ ਪੂਰੀਆਂ ਹੋਈਆਂ ਜਦੋਂ ‘ਮਨੁੱਖ ਦਾ ਪੁੱਤ੍ਰ’ ਰਾਜੇ ਵਜੋਂ 1914 ਵਿਚ ਸਵਰਗੀ ਸਿੰਘਾਸਣ ਉੱਤੇ ਬੈਠਾ। ਇਹ ਭਵਿੱਖਬਾਣੀ ਕਿੰਨੀ ਵਧੀਆ ਹੈ!—ਮੱਤੀ 16:13.

9, 10. (ੳ) ਮੂਰਤ ਦੇ ਵੱਖਰੇ-ਵੱਖਰੇ ਹਿੱਸੇ ਕੀ ਸੰਕੇਤ ਕਰਦੇ ਹਨ? (ਅ) ਦਾਨੀਏਲ 2:44 ਦੀ ਪੂਰਤੀ ਨੂੰ ਤੁਸੀਂ ਕਿਸ ਤਰ੍ਹਾਂ ਸਮਝਾਓਗੇ?

9 ਦਾਨੀਏਲ ਜਾਣਦਾ ਸੀ ਕਿ ਪਰਮੇਸ਼ੁਰ “ਰਾਜਿਆਂ ਨੂੰ ਹਟਾਉਂਦਾ ਤੇ ਅਸਥਾਪਦਾ ਹੈ।” (ਦਾਨੀਏਲ 2:21) ਯਹੋਵਾਹ ਪਰਮੇਸ਼ੁਰ, ਯਾਨੀ ‘ਭੇਤਾਂ ਦੀਆਂ ਗੱਲਾਂ ਪਰਗਟ ਕਰਨ ਵਾਲੇ’ ਵਿਚ ਨਿਹਚਾ ਰੱਖ ਕੇ ਦਾਨੀਏਲ ਨਬੀ ਨੇ ਬਾਬਲੀ ਰਾਜੇ ਨਬੂਕਦਨੱਸਰ ਦੇ ਸੁਪਨੇ ਦੀ ਵੱਡੀ ਮੂਰਤ ਦਾ ਅਰਥ ਸਮਝਾਇਆ। ਮੂਰਤ ਦੇ ਵੱਖਰੇ-ਵੱਖਰੇ ਹਿੱਸੇ ਵਿਸ਼ਵ ਸ਼ਕਤੀਆਂ ਦੇ ਉਤਾਰ ਅਤੇ ਚੜ੍ਹਾਅ ਦਾ ਸੰਕੇਤ ਕਰਦੇ ਹਨ, ਜਿਵੇਂ ਕਿ ਬਾਬਲ, ਮਾਦੀ-ਫ਼ਾਰਸ, ਯੂਨਾਨ, ਅਤੇ ਰੋਮ। ਦਾਨੀਏਲ ਦੇ ਰਾਹੀਂ ਪਰਮੇਸ਼ੁਰ ਨੇ ਸਾਡੇ ਸਮੇਂ ਦੀਆਂ ਅਤੇ ਭਵਿੱਖ ਦੀਆਂ ਘਟਨਾਵਾਂ ਬਾਰੇ ਵੀ ਦੱਸਿਆ ਸੀ।—ਦਾਨੀਏਲ 2:24-30.

10 ਭਵਿੱਖਬਾਣੀ ਕਹਿੰਦੀ ਹੈ ਕਿ “ਉਨ੍ਹਾਂ ਰਾਜਿਆਂ ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।” (ਦਾਨੀਏਲ 2:44) ਜਦੋਂ 1914 ਵਿਚ “ਪਰਾਈਆਂ ਕੌਮਾਂ ਦੇ ਸਮੇ” ਖ਼ਤਮ ਹੋ ਗਏ ਸਨ, ਤਾਂ ਪਰਮੇਸ਼ੁਰ ਨੇ ਮਸੀਹ ਦੁਆਰਾ ਸਵਰਗੀ ਰਾਜ ਸਥਾਪਿਤ ਕੀਤਾ। (ਲੂਕਾ 21:24; ਪਰਕਾਸ਼ ਦੀ ਪੋਥੀ 12:1-5) ਮਸੀਹਾ ਦਾ ਰਾਜ ਉਹ “ਪੱਥਰ” ਹੈ ਜੋ ਉਸ ਵੇਲੇ ਯਹੋਵਾਹ ਦੀ ਸ਼ਕਤੀ ਦੁਆਰਾ ਉਸ ਦੀ ਵਿਸ਼ਵ ਸਰਬਸੱਤਾ ਦੇ “ਪਹਾੜ” ਵਿੱਚੋਂ ਵੱਢਿਆ ਗਿਆ ਸੀ। ਆਰਮਾਗੇਡਨ ਦੇ ਸਮੇਂ ਉਹ ਪੱਥਰ ਮੂਰਤ ਵਿਚ ਵੱਜੇਗਾ ਅਤੇ ਉਸ ਦਾ ਸੱਤਿਆ ਨਾਸ ਕਰ ਦੇਵੇਗਾ। “ਸਾਰੀ ਧਰਤੀ” ਉੱਤੇ ਪ੍ਰਭਾਵ ਪਾਉਂਦੇ ਹੋਏ ਉਹ ਸਰਕਾਰੀ ਪਹਾੜ, ਯਾਨੀ ਮਸੀਹਾਈ ਰਾਜ ਸਦਾ ਲਈ ਕਾਇਮ ਰਹੇਗਾ।—ਦਾਨੀਏਲ 2:35, 45; ਪਰਕਾਸ਼ ਦੀ ਪੋਥੀ 16:14, 16. *

11. ਯਿਸੂ ਦੇ ਰੂਪਾਂਤਰਣ ਦੇ ਦਰਸ਼ਣ ਵਿਚ ਕੀ ਦਿਖਾਇਆ ਗਿਆ ਸੀ, ਅਤੇ ਪਤਰਸ ਉੱਤੇ ਇਸ ਦਾ ਕੀ ਅਸਰ ਪਿਆ ਸੀ?

11 ਰਾਜ ਬਾਰੇ ਗੱਲ ਕਰਦੇ ਹੋਏ ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਕਿ “ਕੋਈ ਏਹਨਾਂ ਵਿੱਚੋਂ ਜਿਹੜੇ ਐਥੇ ਖੜੇ ਹਨ ਮੌਤ ਦਾ ਸੁਆਦ ਨਾ ਚੱਖਣਗੇ ਜਦ ਤੋੜੀ ਮਨੁੱਖ ਦੇ ਪੁੱਤ੍ਰ ਨੂੰ ਆਪਣੇ ਰਾਜ ਵਿੱਚ ਆਉਂਦਾ ਨਾ ਵੇਖਣ।” (ਮੱਤੀ 16:28) ਛੇ ਦਿਨਾਂ ਬਾਅਦ ਯਿਸੂ, ਪਤਰਸ, ਯਾਕੂਬ, ਅਤੇ ਯੂਹੰਨਾ ਨੂੰ ਉੱਚੇ ਪਹਾੜ ਉੱਤੇ ਲੈ ਗਿਆ ਜਿੱਥੇ ਉਨ੍ਹਾਂ ਦੇ ਸਾਮ੍ਹਣੇ ਉਸ ਦਾ ਰੂਪ ਬਦਲ ਗਿਆ। ਇਕ ਜੋਤਮਾਨ ਬੱਦਲ ਉਨ੍ਹਾਂ ਉੱਤੇ ਛਾਂ ਗਿਆ ਅਤੇ ਪਰਮੇਸ਼ੁਰ ਨੇ ਐਲਾਨ ਕੀਤਾ ਕਿ “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ। ਉਹ ਦੀ ਸੁਣੋ।” (ਮੱਤੀ 17:1-9; ਮਰਕੁਸ 9:1-9) ਉਨ੍ਹਾਂ ਨੂੰ ਰਾਜ ਮਹਿਮਾ ਵਿਚ ਮਸੀਹ ਦਾ ਕਿੰਨਾ ਵਧੀਆ ਦਰਸ਼ਣ ਮਿਲਿਆ! ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਪਤਰਸ ਨੇ ਉਸ ਦਰਸ਼ਣ ਬਾਰੇ ਗੱਲ ਕਰਦੇ ਹੋਏ ਇਹ ਕਿਉਂ ਕਿਹਾ ਸੀ ਕਿ “ਅਗੰਮ ਵਾਕ ਦਾ ਬਚਨ ਸਾਡੇ ਕੋਲ ਹੋਰ ਵੀ ਪੱਕਾ ਕੀਤਾ ਹੋਇਆ ਹੈ।”—2 ਪਤਰਸ 1:16-19. *

12. ਖ਼ਾਸ ਕਰਕੇ ਇਸ ਸਮੇਂ ਤੇ ਸਾਨੂੰ ਪਰਮੇਸ਼ੁਰ ਦੇ ਅਗੰਮ ਵਾਕ ਵਿਚ ਨਿਹਚਾ ਕਿਉਂ ਕਰਨੀ ਚਾਹੀਦੀ ਹੈ?

12 ‘ਅਗੰਮ ਵਾਕ ਦੇ ਬਚਨ’ ਵਿਚ ਮਸੀਹਾ ਬਾਰੇ ਸਿਰਫ਼ ਇਬਰਾਨੀ ਸ਼ਾਸਤਰ ਦੀਆਂ ਭਵਿੱਖਬਾਣੀਆਂ ਨਹੀਂ ਹਨ। ਇਸ ਵਿਚ ਯਿਸੂ ਦੇ ਇਹ ਸ਼ਬਦ ਵੀ ਹਨ ਕਿ ਉਹ ‘ਸਮਰੱਥਾ ਅਰ ਵੱਡੇ ਤੇਜ ਨਾਲ ਆਵੇਗਾ।’ (ਮੱਤੀ 24:30) ਯਿਸੂ ਦੇ ਰੂਪਾਂਤਰਣ ਨੇ ਅਗੰਮ ਵਾਕ ਦੀ ਇਹ ਗੱਲ ਸਾਬਤ ਕੀਤੀ ਸੀ ਕਿ ਮਸੀਹ ਰਾਜ ਮਹਿਮਾ ਵਿਚ ਆਵੇਗਾ। ਜਲਦੀ ਹੀ ਜਦੋਂ ਉਹ ਆਪਣੇ ਤੇਜ ਵਿਚ ਪ੍ਰਗਟ ਹੋਵੇਗਾ, ਤਾਂ ਅਵਿਸ਼ਵਾਸੀਆਂ ਦਾ ਨਾਸ ਹੋਵੇਗਾ ਅਤੇ ਜੋ ਨਿਹਚਾ ਕਰਦੇ ਹਨ ਉਨ੍ਹਾਂ ਨੂੰ ਬਰਕਤਾਂ ਮਿਲਣਗੀਆਂ। (2 ਥੱਸਲੁਨੀਕੀਆਂ 1:6-10) ਬਾਈਬਲ ਦੀਆਂ ਭਵਿੱਖਬਾਣੀਆਂ ਦੀ ਪੂਰਤੀ ਇਹ ਸਾਬਤ ਕਰਦੀ ਹੈ ਕਿ ਅਸੀਂ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1-5, 16, 17; ਮੱਤੀ 24:3-14) ਯਹੋਵਾਹ ਦੇ ਪ੍ਰਧਾਨ ਦੰਡਕਾਰ ਵਜੋਂ, ਮੀਕਾਏਲ, ਜੋ ਕਿ ਯਿਸੂ ਮਸੀਹ ਹੈ, ‘ਵੱਡੇ ਕਸ਼ਟ’ ਦੌਰਾਨ ਇਸ ਦੁਸ਼ਟ ਸੰਸਾਰ ਦਾ ਅੰਤ ਲਿਆਉਣ ਲਈ ਤਿਆਰ ਖੜ੍ਹਾ ਹੈ। (ਮੱਤੀ 24:21; ਦਾਨੀਏਲ 12:1) ਤਾਂ ਫਿਰ, ਇਸ ਸਮੇਂ ਇਹ ਦਿਖਾਉਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੇ ਅਗੰਮ ਵਾਕ ਵਿਚ ਨਿਹਚਾ ਰੱਖਦੇ ਹਾਂ।

ਪਰਮੇਸ਼ੁਰ ਦੇ ਅਗੰਮ ਵਾਕ ਵਿਚ ਨਿਹਚਾ ਰੱਖੋ

13. ਪਰਮੇਸ਼ੁਰ ਲਈ ਪ੍ਰੇਮ ਕਾਇਮ ਰੱਖਣ ਅਤੇ ਉਸ ਦੇ ਬਚਨ ਵਿਚ ਨਿਹਚਾ ਮਜ਼ਬੂਤ ਰੱਖਣ ਵਿਚ ਸਾਡੀ ਕੀ ਮਦਦ ਕਰ ਸਕਦਾ ਹੈ?

13 ਜਦੋਂ ਪਹਿਲੀ ਵਾਰ ਸਾਨੂੰ ਪਰਮੇਸ਼ੁਰ ਦੇ ਅਗੰਮ ਵਾਕ ਦੀਆਂ ਪੂਰਤੀਆਂ ਬਾਰੇ ਪਤਾ ਲੱਗਾ ਸੀ ਤਾਂ ਸਾਨੂੰ ਸੱਚ-ਮੁੱਚ ਬਹੁਤ ਹੀ ਖ਼ੁਸ਼ੀ ਹੋਈ ਸੀ। ਪਰ ਕੀ ਸਾਡੀ ਨਿਹਚਾ ਅਤੇ ਪਿਆਰ ਹੁਣ ਘੱਟ ਗਏ ਹਨ? ਆਓ ਆਪਾਂ ਕਦੀ ਵੀ ਅਫ਼ਸੁਸ ਦੇ ਮਸੀਹੀਆਂ ਵਾਂਗ ਨਾ ਬਣੀਏ ਜਿਨ੍ਹਾਂ ਨੇ ‘ਆਪਣੇ ਪਹਿਲੇ ਪ੍ਰੇਮ ਨੂੰ ਛੱਡ ਦਿੱਤਾ ਸੀ।’ (ਪਰਕਾਸ਼ ਦੀ ਪੋਥੀ 2:1-4) ਭਾਵੇਂ ਕਿ ਅਸੀਂ ਯਹੋਵਾਹ ਦੀ ਸੇਵਾ ਕਈਆਂ ਸਾਲਾਂ ਤੋਂ ਕਰਦੇ ਆਏ ਹਾਂ, ਫਿਰ ਵੀ ਸਾਡਾ ਪ੍ਰੇਮ ਘੱਟ ਸਕਦਾ ਹੈ ਜੇਕਰ ਅਸੀਂ ਸਵਰਗ ਵਿਚ ਧਨ ਜੋੜਨ ਲਈ ‘ਪਰਮੇਸ਼ੁਰ ਦੇ ਰਾਜ ਅਤੇ ਉਹ ਦੇ ਧਰਮ ਨੂੰ ਪਹਿਲਾਂ ਨਾ ਭਾਲੀਏ।’ (ਮੱਤੀ 6:19-21, 31-33) ਸਾਨੂੰ ਮਿਹਨਤ ਨਾਲ ਬਾਈਬਲ ਅਧਿਐਨ ਕਰਨਾ, ਮਸੀਹੀ ਸਭਾਵਾਂ ਤੇ ਲਗਾਤਾਰ ਹਿੱਸਾ ਲੈਣਾ, ਅਤੇ ਜੋਸ਼ ਨਾਲ ਪ੍ਰਚਾਰ ਦਾ ਕੰਮ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰ ਕੇ ਅਸੀਂ ਯਹੋਵਾਹ, ਉਸ ਦੇ ਪੁੱਤਰ, ਅਤੇ ਬਾਈਬਲ ਲਈ ਆਪਣਾ ਪ੍ਰੇਮ ਕਾਇਮ ਰੱਖ ਸਕਾਂਗੇ। (ਜ਼ਬੂਰ 119:105; ਮਰਕੁਸ 13:10; ਇਬਰਾਨੀਆਂ 10:24, 25) ਅਤੇ ਇਹ ਪਰਮੇਸ਼ੁਰ ਦੇ ਬਚਨ ਵਿਚ ਸਾਡੀ ਨਿਹਚਾ ਮਜ਼ਬੂਤ ਕਰੇਗਾ।—ਜ਼ਬੂਰ 106:12.

14. ਮਸਹ ਕੀਤੇ ਹੋਇਆਂ ਨੂੰ ਯਹੋਵਾਹ ਦੇ ਅਗੰਮ ਵਾਕ ਵਿਚ ਨਿਹਚਾ ਦਿਖਾਉਣ ਲਈ ਕਿਹੜੀ ਬਰਕਤ ਮਿਲਦੀ ਹੈ?

14 ਅਸੀਂ ਨਿਹਚਾ ਰੱਖ ਸਕਦੇ ਹਾਂ ਕਿ ਜਿਸ ਤਰ੍ਹਾਂ ਬੀਤਿਆਂ ਸਮਿਆਂ ਵਿਚ ਪਰਮੇਸ਼ੁਰ ਦਾ ਅਗੰਮ ਵਾਕ ਪੂਰਾ ਹੋਇਆ ਸੀ ਉਸੇ ਤਰ੍ਹਾਂ ਭਵਿੱਖ ਦੀਆਂ ਗੱਲਾਂ ਵੀ ਪੂਰੀਆਂ ਹੋਣਗੀਆਂ। ਮਿਸਾਲ ਲਈ, ਰਾਜ ਮਹਿਮਾ ਵਿਚ ਮਸੀਹ ਦੀ ਮੌਜੂਦਗੀ ਹੁਣ ਇਕ ਅਸਲੀਅਤ ਹੈ। ਨਾਲੇ ਜਿਹੜੇ ਮਸਹ ਕੀਤੇ ਹੋਏ ਮਸੀਹੀ ਮੌਤ ਤਕ ਵਫ਼ਾਦਾਰ ਰਹੇ ਸਨ, ਉਨ੍ਹਾਂ ਨੇ ਇਸ ਵਾਅਦੇ ਦੀ ਪੂਰਤੀ ਅਨੁਭਵ ਕੀਤੀ ਹੈ: “ਜਿਹੜਾ ਜਿੱਤਣ ਵਾਲਾ ਹੈ ਉਹ ਨੂੰ ਮੈਂ ਜੀਵਨ ਦੇ ਬਿਰਛ ਵਿੱਚੋਂ ਜੋ ਪਰਮੇਸ਼ੁਰ ਦੇ ਫ਼ਿਰਦੌਸ ਵਿੱਚ ਹੈ ਖਾਣ ਲਈ ਦਿਆਂਗਾ।” (ਪਰਕਾਸ਼ ਦੀ ਪੋਥੀ 2:7, 10; 1 ਥੱਸਲੁਨੀਕੀਆਂ 4:14-17) ਯਿਸੂ ਇਨ੍ਹਾਂ ਜਿੱਤਣ ਵਾਲਿਆਂ ਨੂੰ ‘ਪਰਮੇਸ਼ੁਰ ਦੇ ਸਵਰਗੀ ਫ਼ਿਰਦੌਸ’ ਵਿਚ ‘ਜੀਵਨ ਦੇ ਬਿਰਛ ਤੋਂ ਖਾਣ’ ਦਾ ਸਨਮਾਨ ਦਿੰਦਾ ਹੈ। ਉਹ ਯਿਸੂ ਮਸੀਹ ਦੁਆਰਾ ਅਤੇ ਆਪਣੇ ਪੁਨਰ-ਉਥਾਨ ਦੁਆਰਾ ਅਮਰਤਾ ਅਤੇ ਅਵਿਨਾਸ਼ਤਾ ਦਾ ਆਨੰਦ ਮਾਣਦੇ ਹਨ। ਉਨ੍ਹਾਂ ਨੂੰ ਇਹ ਸਨਮਾਨ “ਜੁੱਗਾਂ ਦੇ ਮਹਾਰਾਜ, ਅਬਨਾਸੀ, ਅਲੱਖ, ਅਦੁਤੀ ਪਰਮੇਸ਼ੁਰ” ਯਹੋਵਾਹ ਵੱਲੋਂ ਮਿਲਦਾ ਹੈ। (1 ਤਿਮੋਥਿਉਸ 1:17; 1 ਕੁਰਿੰਥੀਆਂ 15:50-54; 2 ਤਿਮੋਥਿਉਸ 1:10) ਪਰਮੇਸ਼ੁਰ ਲਈ ਬੇਹੱਦ ਪ੍ਰੇਮ ਅਤੇ ਉਸ ਦੇ ਅਗੰਮ ਵਾਕ ਵਿਚ ਦ੍ਰਿੜ੍ਹ ਨਿਹਚਾ ਦੇ ਕਾਰਨ ਉਨ੍ਹਾਂ ਲਈ ਇਹ ਕਿੰਨੀ ਵੱਡੀ ਬਰਕਤ ਹੈ!

15. “ਨਵੀਂ ਧਰਤੀ” ਦੀ ਨੀਂਹ ਕਿਨ੍ਹਾਂ ਉੱਤੇ ਧਰੀ ਗਈ ਸੀ ਅਤੇ ਉਨ੍ਹਾਂ ਦੇ ਸਾਥੀ ਕੌਣ ਹਨ?

15 ਜਿਹੜੇ ਵਫ਼ਾਦਾਰ ਮਸਹ ਕੀਤੇ ਹੋਏ ਮਰ ਚੁੱਕੇ ਸਨ ਉਨ੍ਹਾਂ ਨੂੰ ‘ਪਰਮੇਸ਼ੁਰ ਦੇ ਸਵਰਗੀ ਫ਼ਿਰਦੌਸ’ ਵਿਚ ਜੀ ਉਠਾਇਆ ਗਿਆ ਸੀ। ਇਸ ਸਮੇਂ ਤੋਂ ਥੋੜ੍ਹੀ ਦੇਰ ਬਾਅਦ ਧਰਤੀ ਉੱਤੇ ਰੂਹਾਨੀ ਇਸਰਾਏਲ ਦੇ ਬਕੀਏ ਨੂੰ ‘ਵੱਡੀ ਬਾਬੁਲ,’ ਯਾਨੀ ਝੂਠੇ ਧਰਮ ਦੇ ਵਿਸ਼ਵ ਸਾਮਰਾਜ, ਤੋਂ ਆਜ਼ਾਦ ਕੀਤਾ ਗਿਆ ਸੀ। (ਪਰਕਾਸ਼ ਦੀ ਪੋਥੀ 14:8; ਗਲਾਤੀਆਂ 6:16) ਉਨ੍ਹਾਂ ਉੱਤੇ “ਨਵੀਂ ਧਰਤੀ” ਦੀ ਨੀਂਹ ਰੱਖੀ ਗਈ ਸੀ। (ਪਰਕਾਸ਼ ਦੀ ਪੋਥੀ 21:1) ਇਸ ਤਰ੍ਹਾਂ ਇਕ “ਦੇਸ” ਪੈਦਾ ਹੋਇਆ, ਇਕ ਅਜਿਹਾ ਰੂਹਾਨੀ ਫਿਰਦੌਸ ਜੋ ਅੱਜ ਸੰਸਾਰ ਭਰ ਵਿਚ ਫੈਲ ਗਿਆ ਹੈ। (ਯਸਾਯਾਹ 66:8) ਹੁਣ, ਇਨ੍ਹਾਂ “ਆਖਰੀ ਦਿਨਾਂ ਦੇ ਵਿੱਚ,” ਇਸ “ਦੇਸ” ਵਿਚ ਰੂਹਾਨੀ ਇਸਰਾਏਲ ਦੇ ਭੇਡ-ਸਮਾਨ ਸਾਥੀਆਂ ਦੀਆਂ ਭੀੜਾਂ ਆ ਰਹੀਆਂ ਹਨ।—ਯਸਾਯਾਹ 2:2-4; ਜ਼ਕਰਯਾਹ 8:23; ਯੂਹੰਨਾ 10:16; ਪਰਕਾਸ਼ ਦੀ ਪੋਥੀ 7:9.

ਪਰਮੇਸ਼ੁਰ ਦੇ ਅਗੰਮ ਵਾਕ ਵਿਚ ਮਨੁੱਖਜਾਤੀ ਦਾ ਭਵਿੱਖ ਦੱਸਿਆ ਗਿਆ ਹੈ

16. ਮਸਹ ਕੀਤੇ ਹੋਇਆਂ ਦੇ ਵਫ਼ਾਦਾਰ ਸਹਾਇਕਾਂ ਦਾ ਭਵਿੱਖ ਕੀ ਹੈ?

16 ਮਸਹ ਕੀਤੇ ਹੋਇਆਂ ਦੇ ਵਫ਼ਾਦਾਰ ਸਾਥੀਆਂ ਦਾ ਕੀ ਭਵਿੱਖ ਹੈ? ਉਹ ਵੀ ਪਰਮੇਸ਼ੁਰ ਦੇ ਅਗੰਮ ਵਾਕ ਵਿਚ ਨਿਹਚਾ ਰੱਖਦੇ ਹਨ ਅਤੇ ਉਨ੍ਹਾਂ ਦੀ ਉਮੀਦ ਧਰਤੀ ਉੱਤੇ ਫਿਰਦੌਸ ਵਿਚ ਰਹਿਣ ਦੀ ਹੈ। (ਲੂਕਾ 23:39-43) ਉੱਥੇ ਉਹ ਜ਼ਿੰਦਗੀ ਕਾਇਮ ਰੱਖਣ ਲਈ “ਅੰਮ੍ਰਿਤ ਜਲ ਦੀ ਇੱਕ ਨਦੀ” ਤੋਂ ਪੀਣਗੇ ਅਤੇ ਉਸ ਦੇ ਕਿਨਾਰੇ ਤੇ ਲੱਗੇ ‘ਬਿਰਛਾਂ ਦੇ ਪੱਤਿਆਂ’ ਤੋਂ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ। (ਪਰਕਾਸ਼ ਦੀ ਪੋਥੀ 22:1, 2) ਜੇਕਰ ਤੁਹਾਡੇ ਕੋਲ ਇਹ ਵਧੀਆ ਉਮੀਦ ਹੈ, ਤਾਂ ਯਹੋਵਾਹ ਲਈ ਗਹਿਰਾ ਪ੍ਰੇਮ ਅਤੇ ਉਸ ਦੇ ਅਗੰਮ ਵਾਕ ਲਈ ਨਿਹਚਾ ਦਿਖਾਉਂਦੇ ਰਹੋ। ਇਸ ਤਰ੍ਹਾਂ ਕਰ ਕੇ ਉਨ੍ਹਾਂ ਵਿਚ ਸ਼ਾਮਲ ਹੋਵੋ ਜਿਨ੍ਹਾਂ ਨੇ ਫਿਰਦੌਸ ਵਰਗੀ ਧਰਤੀ ਵਿਚ ਸਦਾ ਦੇ ਜੀਵਨ ਦਾ ਆਨੰਦ ਮਾਣਨਾ ਹੈ।

17. ਫਿਰਦੌਸ ਵਿਚ ਕਿਹੜੀਆਂ-ਕਿਹੜੀਆਂ ਬਰਕਤਾਂ ਮਿਲਣਗੀਆਂ?

17 ਅਪੂਰਣ ਇਨਸਾਨ ਅਸਲ ਵਿਚ ਸਮਝਾ ਨਹੀਂ ਸਕਦੇ ਕਿ ਆਉਣ ਵਾਲੇ ਫਿਰਦੌਸ ਵਿਚ ਜ਼ਿੰਦਗੀ ਕਿਹੋ ਜਿਹੀ ਹੋਵੇਗੀ। ਪਰ ਪਰਮੇਸ਼ੁਰ ਦਾ ਅਗੰਮ ਵਾਕ ਸਾਨੂੰ ਦੱਸਦਾ ਹੈ ਕਿ ਆਗਿਆਕਾਰ ਮਨੁੱਖਜਾਤੀ ਨੂੰ ਕਿਹੜੀਆਂ-ਕਿਹੜੀਆਂ ਬਰਕਤਾਂ ਮਿਲਣਗੀਆਂ। ਜਦੋਂ ਪਰਮੇਸ਼ੁਰ ਦਾ ਰਾਜ ਕਿਸੇ ਵੀ ਵਿਰੋਧਤਾ ਤੋਂ ਬਗੈਰ ਸ਼ਾਸਨ ਕਰੇਗਾ ਅਤੇ ਉਸ ਦੀ ਮਰਜ਼ੀ ਸਵਰਗ ਵਾਂਗ ਧਰਤੀ ਉੱਤੇ ਪੂਰੀ ਹੋਵੇਗੀ ਤਾਂ ਨਾ ਕੋਈ ਭੈੜੇ ਇਨਸਾਨ, ਅਤੇ ਨਾ ਹੀ ਕੋਈ ਵਹਿਸ਼ੀ ਜਾਨਵਰ, ਉਸ ਵਿਚ “ਸੱਟ ਲਾਉਣਗੇ” ਜਾਂ ਉਸ ਨੂੰ “ਨਾਸ ਕਰਨਗੇ।” (ਯਸਾਯਾਹ 11:9; ਮੱਤੀ 6:9, 10) ਨੇਕ ਲੋਕ ਧਰਤੀ ਦੇ ਵਾਰਸ ਹੋਣਗੇ ਅਤੇ “ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” (ਜ਼ਬੂਰ 37:11) ਭੁੱਖ ਨਾਲ ਮਰਦੀਆਂ ਭੀੜਾਂ ਨਹੀਂ ਹੋਣਗੀਆਂ ਕਿਉਂਕਿ “ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ [ਹੋਵੇਗਾ]।” (ਜ਼ਬੂਰ 72:16) ਦੁੱਖ ਦੇ ਹੰਝੂ ਨਹੀਂ ਵਹਾਏ ਜਾਣਗੇ। ਕੋਈ ਬੀਮਾਰੀ ਨਹੀਂ ਹੋਵੇਗੀ ਅਤੇ ਮੌਤ ਵੀ ਖ਼ਤਮ ਕੀਤੀ ਜਾਵੇਗੀ। (ਯਸਾਯਾਹ 33:24; ਪਰਕਾਸ਼ ਦੀ ਪੋਥੀ 21:4) ਨਾ ਕੋਈ ਡਾਕਟਰ, ਨਾ ਦਵਾਈਆਂ, ਨਾ ਹਸਪਤਾਲ ਜਾਂ ਪਾਗਲਖ਼ਾਨੇ, ਨਾ ਜਨਾਜ਼ੇ ਹੋਣਗੇ! ਕੀ ਤੁਸੀਂ ਇਸ ਦੀ ਕਲਪਨਾ ਕਰ ਸਕਦੇ ਹੋ? ਇਹ ਕਿੰਨਾ ਵਧੀਆ ਭਵਿੱਖ ਹੈ!

18. (ੳ) ਦਾਨੀਏਲ ਨੂੰ ਕਿਸ ਗੱਲ ਦਾ ਦਿਲਾਸਾ ਦਿੱਤਾ ਗਿਆ ਸੀ? (ਅ) ਦਾਨੀਏਲ ਦਾ “ਇਨਾਮ” ਕੀ ਹੋਵੇਗਾ?

18 ਕਬਰਾਂ ਵੀ ਖਾਲੀ ਕੀਤੀਆਂ ਜਾਣਗੀਆਂ ਜਿਉਂ-ਜਿਉਂ ਲੋਕਾਂ ਨੂੰ ਜੀ ਉਠਾਇਆ ਜਾਵੇਗਾ। ਯਹੋਵਾਹ ਦੇ ਨੇਕ ਸੇਵਕ ਅੱਯੂਬ ਕੋਲ ਅਜਿਹੀ ਉਮੀਦ ਸੀ। (ਅੱਯੂਬ 14:14, 15) ਨਬੀ ਦਾਨੀਏਲ ਦੀ ਵੀ ਇਹੀ ਉਮੀਦ ਸੀ ਕਿਉਂ ਜੋ ਯਹੋਵਾਹ ਦੇ ਦੂਤ ਨੇ ਉਸ ਨੂੰ ਇਹ ਦਿਲਾਸਾ ਦਿੱਤਾ: “ਦਾਨੀਏਲ, ਤੂੰ ਅੰਤ ਤਕ ਆਪਣੇ ਵਿਸ਼ਵਾਸ ਉਤੇ ਪੱਕਾ ਰਹਿ। ਤਦ ਤੂੰ ਮਰ ਜਾਵੇਂਗਾ, ਪਰ ਤੂੰ ਸਮੇਂ ਦੇ ਅੰਤ ਵਿਚ ਆਪਣਾ ਇਨਾਮ ਪ੍ਰਾਪਤ ਕਰਨ ਲਈ ਫਿਰ ਜੀ ਉਠੇਗਾ।” (ਦਾਨੀਏਲ 12:13, ਨਵਾਂ ਅਨੁਵਾਦ) ਦਾਨੀਏਲ ਨੇ ਮਰਦੇ ਦਮ ਤਕ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕੀਤੀ ਸੀ। ਹੁਣ ਉਹ ਮੌਤ ਦੀ ਨੀਂਦ ਸੌਂ ਰਿਹਾ ਹੈ, ਪਰ ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੌਰਾਨ “ਧਰਮੀਆਂ ਦੀ ਕਿਆਮਤ ਵਿੱਚ” ਉਹ “ਜੀ ਉਠੇਗਾ।” (ਲੂਕਾ 14:14) ਦਾਨੀਏਲ ਦਾ “ਇਨਾਮ” ਕੀ ਹੋਵੇਗਾ? ਹਿਜ਼ਕੀਏਲ ਦੀ ਭਵਿੱਖਬਾਣੀ ਸੰਕੇਤ ਕਰਦੀ ਹੈ ਕਿ ਫਿਰਦੌਸ ਵਿਚ ਯਹੋਵਾਹ ਦੇ ਸਾਰਿਆਂ ਲੋਕਾਂ ਦੀ ਇਕ ਜਗ੍ਹਾ ਹੋਵੇਗੀ। ਜੀ ਹਾਂ ਜ਼ਮੀਨ ਵੀ ਸਹੀ ਤਰੀਕੇ ਨਾਲ ਵੰਡੀ ਜਾਵੇਗੀ। (ਹਿਜ਼ਕੀਏਲ 47:13–48:35) ਤਾਂ ਫਿਰ ਦਾਨੀਏਲ ਕੋਲ ਫਿਰਦੌਸ ਵਿਚ ਜ਼ਮੀਨ ਹੋਵੇਗੀ। ਪਰ ਉਸ ਦੇ “ਇਨਾਮ” ਵਿਚ ਸਿਰਫ਼ ਜ਼ਮੀਨ ਹੀ ਨਹੀਂ, ਪਰ ਯਹੋਵਾਹ ਦੇ ਮਕਸਦ ਵਿਚ ਉਸ ਦੀ ਇਕ ਜਗ੍ਹਾ ਹੋਵੇਗੀ।

19. ਫਿਰਦੌਸ ਵਿਚ ਜੀਉਣ ਲਈ ਕਿਸ ਚੀਜ਼ ਦੀ ਜ਼ਰੂਰਤ ਹੈ?

19 ਤੁਹਾਡੇ ਬਾਰੇ ਕੀ? ਕੀ ਤੁਹਾਨੂੰ ਇਨਾਮ ਮਿਲੇਗਾ? ਜੇਕਰ ਤੁਸੀਂ ਪਰਮੇਸ਼ੁਰ ਦੇ ਬਚਨ ਵਿਚ ਨਿਹਚਾ ਰੱਖਦੇ ਹੋ ਤਾਂ ਤੁਸੀਂ ਜ਼ਰੂਰ ਫਿਰਦੌਸ ਵਰਗੀ ਧਰਤੀ ਵਿਚ ਜੀਉਣ ਦੀ ਉਮੀਦ ਰੱਖ ਸਕਦੇ ਹੋ। ਤੁਸੀਂ ਸ਼ਾਇਦ ਕਦੀ-ਕਦੀ ਫਿਰਦੌਸ ਵਿਚ ਹੋਣ ਦੀ ਕਲਪਨਾ ਕਰਦੇ ਹੋ। ਆਪਣੇ ਆਪ ਨੂੰ ਉਸ ਦੀਆਂ ਬਰਕਤਾਂ ਦਾ ਆਨੰਦ ਮਾਣਦੇ, ਧਰਤੀ ਦੀ ਦੇਖ-ਭਾਲ ਕਰਦੇ, ਅਤੇ ਮੁਰਦਿਆਂ ਤੋਂ ਜੀ ਉਠਾਏ ਗਏ ਲੋਕਾਂ ਦਾ ਸੁਆਗਤ ਕਰਦੇ ਹੋਏ ਦੇਖਦੇ ਹੋ। ਆਖ਼ਰਕਾਰ ਇਨਸਾਨ ਤਾਂ ਫਿਰਦੌਸ ਵਿਚ ਹੀ ਜੀਉਣ ਲਈ ਬਣਾਏ ਗਏ ਸਨ। ਪਰਮੇਸ਼ੁਰ ਨੇ ਪਹਿਲੇ ਮਨੁੱਖੀ ਜੋੜੇ ਨੂੰ ਅਜਿਹੀ ਜਗ੍ਹਾ ਵਿਚ ਰਹਿਣ ਲਈ ਬਣਾਇਆ ਸੀ। (ਉਤਪਤ 2:7-9) ਅਤੇ ਉਹ ਹਾਲੇ ਵੀ ਚਾਹੁੰਦਾ ਹੈ ਕਿ ਆਗਿਆਕਾਰ ਇਨਸਾਨ ਹਮੇਸ਼ਾ ਲਈ ਫਿਰਦੌਸ ਵਿਚ ਜੀਉਣ। ਕੀ ਤੁਸੀਂ ਬਾਈਬਲ ਅਨੁਸਾਰ ਚੱਲੋਗੇ ਤਾਂਕਿ ਤੁਸੀਂ ਉਨ੍ਹਾਂ ਅਰਬਾਂ ਲੋਕਾਂ ਵਿਚਕਾਰ ਹੋ ਸਕੋ ਜੋ ਫਿਰਦੌਸ ਵਿਚ ਜੀਉਣਗੇ? ਤੁਸੀਂ ਉਸ ਧਰਤੀ ਵਿਚ ਜੀ ਸਕੋਗੇ ਜੇਕਰ ਤੁਸੀਂ ਸਾਡੇ ਸਵਰਗੀ ਪਿਤਾ, ਯਹੋਵਾਹ ਨਾਲ ਸੱਚਾ ਪਿਆਰ ਕਰਦੇ ਹੋ ਅਤੇ ਜੇਕਰ ਤੁਸੀਂ ਉਸ ਦੇ ਅਗੰਮ ਵਾਕ ਵਿਚ ਆਪਣੀ ਨਿਹਚਾ ਮਜ਼ਬੂਤ ਰੱਖਦੇ ਹੋ।

[ਫੁਟਨੋਟ]

^ ਪੈਰਾ 6 ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਪੁਸਤਕ ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਦਾ 11ਵਾਂ ਅਧਿਆਇ ਅਤੇ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ) ਵਿਚ “ਸੱਤਰ ਸਾਤਿਆਂ” ਦਾ ਵਿਸ਼ਾ ਦੇਖੋ।

^ ਪੈਰਾ 7 ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਪੁਸਤਕ ‘ਸਾਰਾ ਸ਼ਾਸਤਰ ਪਰਮੇਸ਼ੁਰ ਤੋਂ ਪ੍ਰੇਰਿਤ ਹੈ ਅਤੇ ਲਾਭਕਾਰੀ ਹੈ’ (ਅੰਗ੍ਰੇਜ਼ੀ) ਦੇ 343-4 ਸਫ਼ੇ ਦੇਖੋ।

^ ਪੈਰਾ 11 ਅਪ੍ਰੈਲ 1, 2000 ਦੇ ਪਹਿਰਾਬੁਰਜ ਵਿਚ “ਪਰਮੇਸ਼ੁਰ ਦੇ ਅਗੰਮ ਵਾਕ ਵੱਲ ਧਿਆਨ ਦਿਓ” ਨਾਮਕ ਲੇਖ ਦੇਖੋ।

ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?

• ਪਹਿਲੀ ਭਵਿੱਖਬਾਣੀ ਕਿਹੜੀ ਸੀ, ਅਤੇ ਵਾਅਦਾ ਕੀਤੀ ਗਈ ਸੰਤਾਨ ਕੌਣ ਸੀ?

• ਮਸੀਹਾ ਬਾਰੇ ਕਿਹੜੀਆਂ ਕੁਝ ਭਵਿੱਖਬਾਣੀਆਂ ਯਿਸੂ ਵਿਚ ਪੂਰੀਆਂ ਹੋਈਆਂ ਸਨ?

ਦਾਨੀਏਲ 2:44, 45 ਦੇ ਸ਼ਬਦ ਕਿਸ ਤਰ੍ਹਾਂ ਪੂਰੇ ਹੋਣਗੇ?

• ਪਰਮੇਸ਼ੁਰ ਦਾ ਅਗੰਮ ਵਾਕ ਆਗਿਆਕਾਰ ਮਨੁੱਖਜਾਤੀ ਲਈ ਕਿਸ ਤਰ੍ਹਾਂ ਦੇ ਭਵਿੱਖ ਬਾਰੇ ਦੱਸਦਾ ਹੈ?

[ਸਵਾਲ]

[ਸਫ਼ੇ 18 ਉੱਤੇ ਤਸਵੀਰ]

ਕੀ ਤੁਸੀਂ ਫਿਰਦੌਸ ਵਿਚ ਜੀਉਣ ਦੀ ਉਮੀਦ ਰੱਖਦੇ ਹੋ?