Skip to content

Skip to table of contents

ਪਰਮੇਸ਼ੁਰ ਦੇ ਅਗੰਮ ਵਾਕ ਵੱਲ ਧਿਆਨ ਦਿਓ

ਪਰਮੇਸ਼ੁਰ ਦੇ ਅਗੰਮ ਵਾਕ ਵੱਲ ਧਿਆਨ ਦਿਓ

ਪਰਮੇਸ਼ੁਰ ਦੇ ਅਗੰਮ ਵਾਕ ਵੱਲ ਧਿਆਨ ਦਿਓ

‘ਹੇ ਮਨੁੱਖ ਦੇ ਪੁੱਤ੍ਰ ਸਮਝ ਲੈ ਕਿਉਂ ਜੋ ਇਸ ਦਰਸ਼ਣ ਦਾ ਸੰਬੰਧ ਓੜਕ ਦੇ ਸਮੇਂ ਨਾਲ ਹੈ।’—ਦਾਨੀਏਲ 8:17.

1. ਯਹੋਵਾਹ ਸਾਰੀ ਮਨੁੱਖਜਾਤੀ ਨੂੰ ਕਿਹੜੀ ਗੱਲ ਦੱਸਣੀ ਚਾਹੁੰਦਾ ਹੈ?

ਯਹੋਵਾਹ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਦੇ ਭੇਤ ਆਪਣੇ ਕੋਲ ਹੀ ਨਹੀਂ ਰੱਖਦਾ। ਸਗੋਂ, ਉਹ ਭੇਤਾਂ ਨੂੰ ਪ੍ਰਗਟ ਕਰਦਾ ਹੈ। ਅਸਲ ਵਿਚ, ਉਹ ਚਾਹੁੰਦਾ ਹੈ ਕਿ ਸਾਰੀ ਮਨੁੱਖਜਾਤੀ ਇਹ ਗੱਲ ਜਾਣੇ ਕਿ ਅਸੀਂ ਅੰਤ ਦੇ ਸਮੇਂ ਵਿਚ ਜੀ ਰਹੇ ਹਾਂ। ਸਾਡੀ ਧਰਤੀ ਦੇ 6 ਅਰਬ ਵਾਸੀਆਂ ਲਈ ਇਹ ਕਿੰਨੀ ਜ਼ਰੂਰੀ ਖ਼ਬਰ ਹੈ!

2. ਇਨਸਾਨ ਆਪਣੇ ਭਵਿੱਖ ਬਾਰੇ ਕਿਉਂ ਚਿੰਤਾ ਕਰਦੇ ਹਨ?

2 ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਸ ਦੁਸ਼ਟ ਸੰਸਾਰ ਦਾ ਅੰਤ ਨਜ਼ਦੀਕ ਹੈ। ਮਨੁੱਖ ਚੰਦ ਉੱਤੇ ਤੁਰ ਸਕਦਾ ਹੈ, ਪਰ ਉਹ ਡਰੇ ਬਿਨਾਂ ਇਸ ਧਰਤੀ ਦੀਆਂ ਸੜਕਾਂ ਉੱਤੇ ਤੁਰ-ਫਿਰ ਨਹੀਂ ਸਕਦਾ। ਉਹ ਆਪਣੇ ਘਰ ਨੂੰ ਨਵੀਆਂ ਤੋਂ ਨਵੀਆਂ ਚੀਜ਼ਾਂ ਨਾਲ ਸਜਾ ਸਕਦਾ ਹੈ, ਪਰ ਉਹ ਟੁੱਟ ਰਹੇ ਪਰਿਵਾਰਾਂ ਦੀ ਵਧਦੀ ਗਿਣਤੀ ਨੂੰ ਨਹੀਂ ਰੋਕ ਸਕਦਾ। ਉਹ ਗਿਆਨ-ਵਿਗਿਆਨ ਵਾਲਾ ਯੁਗ ਲਿਆ ਸਕਦਾ ਹੈ, ਪਰ ਉਹ ਲੋਕਾਂ ਦੇ ਵਿਚ ਸ਼ਾਂਤੀ ਅਤੇ ਏਕਤਾ ਨਹੀਂ ਲਿਆ ਸਕਦਾ। ਇਹ ਗੱਲਾਂ ਬਾਈਬਲ ਦੀ ਇਸ ਸੱਚਾਈ ਨੂੰ ਸਾਬਤ ਕਰਦੀਆਂ ਹਨ ਕਿ ਅਸੀਂ ਅੰਤ ਦੇ ਸਮੇਂ, ਜਾਂ ਓੜਕ ਦੇ ਸਮੇਂ ਵਿਚ ਰਹਿ ਰਹੇ ਹਾਂ।

3. ਸ਼ਬਦ ‘ਓੜਕ ਦਾ ਸਮਾਂ,’ ਧਰਤੀ ਉੱਤੇ ਪਹਿਲੀ ਵਾਰ ਕਦੋਂ ਕਹੇ ਗਏ ਸਨ?

3 ਇਹ ਸ਼ਬਦ ‘ਓੜਕ ਦਾ ਸਮਾਂ,’ ਧਰਤੀ ਉੱਤੇ ਪਹਿਲੀ ਵਾਰ ਕੁਝ 2,600 ਸਾਲ ਪਹਿਲਾਂ ਜਬਰਾਏਲ ਦੂਤ ਦੁਆਰਾ ਕਹੇ ਗਏ ਸਨ। ਜਬਰਾਏਲ ਨੇ ਪਰਮੇਸ਼ੁਰ ਦੇ ਇਕ ਡਰੇ ਹੋਏ ਨਬੀ ਨੂੰ ਕਿਹਾ: ‘ਹੇ ਮਨੁੱਖ ਦੇ ਪੁੱਤ੍ਰ ਸਮਝ ਲੈ ਕਿਉਂ ਜੋ ਇਸ ਦਰਸ਼ਣ ਦਾ ਸੰਬੰਧ ਓੜਕ ਦੇ ਸਮੇਂ ਨਾਲ ਹੈ।’—ਦਾਨੀਏਲ 8:17.

‘ਓੜਕ ਦਾ ਸਮਾਂ’ ਹੁਣ ਹੈ!

4. ਬਾਈਬਲ ਹੋਰ ਕਿਸ ਤਰੀਕੇ ਵਿਚ ਅੰਤ ਦੇ ਸਮੇਂ ਬਾਰੇ ਜ਼ਿਕਰ ਕਰਦੀ ਹੈ?

4 ਇਹ ਸ਼ਬਦ ‘ਓੜਕ ਦਾ ਸਮਾਂ’ ਅਤੇ “ਠਹਿਰਾਏ ਹੋਏ ਸਮੇਂ ਉੱਤੇ ਓੜਕ” ਦਾਨੀਏਲ ਦੀ ਪੋਥੀ ਵਿਚ ਛੇ ਵਾਰ ਪਾਏ ਜਾਂਦੇ ਹਨ। (ਦਾਨੀਏਲ 8:17, 19; 11:35, 40; 12:4, 9) ਇਹ ਪੌਲੁਸ ਰਸੂਲ ਦੀ ਉਸ ਭਵਿੱਖਬਾਣੀ ਨਾਲ ਸੰਬੰਧ ਰੱਖਦੇ ਹਨ ਜਿਸ ਵਿਚ ਉਸ ਨੇ “ਅੰਤ ਦਿਆਂ ਦਿਨਾਂ” ਬਾਰੇ ਗੱਲ ਕੀਤੀ ਸੀ। (2 ਤਿਮੋਥਿਉਸ 3:1-5) ਯਿਸੂ ਮਸੀਹ ਨੇ ਇਸ ਸਮੇਂ ਨੂੰ ਆਪਣੀ “ਮੌਜੂਦਗੀ” ਦਾ ਸਮਾਂ ਸੱਦਿਆ ਸੀ ਜਦੋਂ ਉਹ ਸਵਰਗੀ ਰਾਜ ਸੱਤਾ ਵਿਚ ਹੋਵੇਗਾ।—ਮੱਤੀ 24:37-39, ਨਿ ਵ.

5, 6. ਅੰਤ ਦੇ ਸਮੇਂ ਦੌਰਾਨ ਕੌਣ ‘ਏੱਧਰ ਉੱਧਰ ਭੱਜੇ’ ਹਨ, ਅਤੇ ਇਸ ਦੇ ਨਤੀਜੇ ਕੀ ਹੋਏ ਹਨ?

5ਦਾਨੀਏਲ 12:4 ਕਹਿੰਦਾ ਹੈ: “ਪਰ ਤੂੰ ਹੇ ਦਾਨੀਏਲ, ਇਨ੍ਹਾਂ ਗੱਲਾਂ ਨੂੰ ਮੂੰਦ ਰੱਖ ਅਤੇ ਪੋਥੀ ਉੱਤੇ ਓੜਕ ਦੇ ਸਮੇਂ ਤੀਕਰ ਮੋਹਰ ਲਾ ਰੱਖ। ਬਥੇਰੇ ਏੱਧਰ ਉੱਧਰ ਭੱਜਣਗੇ ਅਤੇ ਵਿੱਦਿਆ ਵਧੇਗੀ।” ਦਾਨੀਏਲ ਦੀ ਪੋਥੀ ਦਾ ਵੱਡਾ ਹਿੱਸਾ ਸਦੀਆਂ ਲਈ ਮਨੁੱਖੀ ਸਮਝ ਤੋਂ ਮੁੰਦਿਆ, ਜਾਂ ਗੁਪਤ ਰੱਖਿਆ ਗਿਆ ਸੀ ਅਤੇ ਉਸ ਉੱਤੇ ਮੋਹਰ ਲਗਾਈ ਗਈ ਸੀ। ਪਰ ਕੀ ਇਹ ਸਾਡੇ ਸਮੇਂ ਵਿਚ ਵੀ ਗੁਪਤ ਰੱਖਿਆ ਗਿਆ ਹੈ?

6 ਅੰਤ ਦੇ ਇਸ ਸਮੇਂ ਵਿਚ ਕਈ ਵਫ਼ਾਦਾਰ ਮਸੀਹੀ ਪਰਮੇਸ਼ੁਰ ਦੇ ਬਚਨ ਵਿਚ ‘ਏੱਧਰ ਉੱਧਰ ਭੱਜੇ’ ਹਨ। ਮਤਲਬ ਕਿ ਉਨ੍ਹਾਂ ਨੇ ਉਸ ਨੂੰ ਸਮਝਣ ਲਈ ਤਰ੍ਹਾਂ-ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਇਸ ਦਾ ਕੀ ਨਤੀਜਾ ਨਿਕਲਿਆ ਹੈ? ਯਹੋਵਾਹ ਦੀ ਬਰਕਤ ਨਾਲ ਸੱਚਾ ਗਿਆਨ ਵੱਧ ਗਿਆ ਹੈ। ਮਿਸਾਲ ਲਈ, ਯਹੋਵਾਹ ਦੇ ਮਸਹ ਕੀਤੇ ਹੋਏ ਗਵਾਹ ਬੁੱਧ ਨਾਲ ਬਖ਼ਸ਼ੇ ਗਏ ਹਨ। ਇਸ ਬੁੱਧ ਨਾਲ ਉਹ ਸਮਝ ਸਕੇ ਕਿ ਯਿਸੂ ਮਸੀਹ 1914 ਵਿਚ ਸਵਰਗੀ ਰਾਜਾ ਬਣਿਆ ਸੀ। ਪਤਰਸ ਦੀ ਦੂਜੀ ਪੱਤਰੀ 1:19-21 ਦੇ ਅਨੁਸਾਰ ਅਜਿਹੇ ਮਸਹ ਕੀਤੇ ਹੋਏ ਅਤੇ ਉਨ੍ਹਾਂ ਦੇ ਵਫ਼ਾਦਾਰ ਸਾਥੀ, ‘ਅਗੰਮ ਵਾਕ ਦੇ ਬਚਨ ਵੱਲ ਧਿਆਨ ਦਿੰਦੇ ਹਨ’ ਅਤੇ ਬਿਲਕੁਲ ਨਿਸ਼ਚਿਤ ਹਨ ਕਿ ਇਹ ਅੰਤ ਦਾ ਸਮਾਂ ਹੈ।

7. ਦਾਨੀਏਲ ਦੀ ਪੋਥੀ ਕਿਹੜੀਆਂ ਕੁਝ ਗੱਲਾਂ ਵਿਚ ਨਿਰਾਲੀ ਹੈ?

7 ਦਾਨੀਏਲ ਦੀ ਪੋਥੀ ਕਈਆਂ ਤਰੀਕਿਆਂ ਵਿਚ ਨਿਰਾਲੀ ਹੈ। ਉਸ ਵਿਚ ਇਕ ਬਾਦਸ਼ਾਹ ਨੇ ਆਪਣੇ ਵਜ਼ੀਰਾਂ ਨੂੰ ਕਤਲ ਕਰਨ ਦੀ ਧਮਕੀ ਦਿੱਤੀ ਸੀ ਕਿਉਂਕਿ ਉਹ ਉਸ ਦੇ ਡਰਾਉਣੇ ਸੁਪਨੇ ਦਾ ਅਰਥ ਨਹੀਂ ਦੱਸ ਸਕੇ। ਪਰ ਯਹੋਵਾਹ ਦਾ ਨਬੀ ਦਾਨੀਏਲ ਇਸ ਸੁਪਨੇ ਦਾ ਅਰਥ ਸਮਝਾ ਸਕਿਆ। ਤਿੰਨ ਨੌਜਵਾਨਾਂ ਨੂੰ ਸੱਤ-ਗੁਣਾ ਗਰਮ ਕੀਤੀ ਗਈ ਭੱਠੀ ਵਿਚ ਸੁੱਟਿਆ ਗਿਆ ਸੀ, ਕਿਉਂਕਿ ਉਨ੍ਹਾਂ ਨੇ ਇਕ ਵੱਡੀ ਮੂਰਤ ਸਾਮ੍ਹਣੇ ਮੱਥਾ ਟੇਕਣ ਤੋਂ ਇਨਕਾਰ ਕੀਤਾ। ਪਰ ਫਿਰ ਵੀ ਉਹ ਜੀਉਂਦੇ-ਜਾਗਦੇ ਭੱਠੀ ਵਿੱਚੋਂ ਬਾਹਰ ਨਿਕਲ ਆਏ ਸਨ। ਇਕ ਦਾਅਵਤ ਵਿਚ ਸੈਂਕੜੇ ਹੀ ਲੋਕ ਦੇਖਦੇ ਹੀ ਰਹਿ ਗਏ ਸਨ ਜਦੋਂ ਇਕ ਹੱਥ ਨੇ ਮਹਿਲ ਦੀ ਦੀਵਾਰ ਉੱਤੇ ਕੁਝ ਅਜੀਬ ਜਿਹੇ ਅੱਖਰ ਲਿਖੇ। ਕੁਝ ਚਾਲਬਾਜ਼ ਆਦਮੀਆਂ ਨੇ ਇਕ ਸਿਆਣੇ ਆਦਮੀ ਨੂੰ ਸ਼ੇਰਾਂ ਦੇ ਘੁਰੇ ਵਿਚ ਸੁਟਵਾ ਦਿੱਤਾ ਸੀ। ਪਰ ਜਦੋਂ ਉਹ ਬਾਹਰ ਨਿਕਲਿਆ ਤਾਂ ਉਸ ਦੇ ਸਿਰ ਦਾ ਇਕ ਵੀ ਵਾਲ ਵਿੰਗਾ ਨਹੀਂ ਹੋਇਆ ਸੀ। ਇਕ ਦਰਸ਼ਣ ਵਿਚ ਚਾਰ ਦਰਿੰਦੇ ਦੇਖੇ ਗਏ ਸਨ, ਜੋ ਭਵਿੱਖਬਾਣੀ ਵਿਚ ਬਹੁਤ ਮਹੱਤਵਪੂਰਣ ਹਨ। ਇਸ ਭਵਿੱਖਬਾਣੀ ਦਾ ਮਤਲਬ ਸਾਡੇ ਸਮੇਂ ਤੇ ਵੀ ਲਾਗੂ ਹੁੰਦਾ ਹੈ।

8, 9. ਦਾਨੀਏਲ ਦੀ ਪੋਥੀ ਤੋਂ ਸਾਨੂੰ ਖ਼ਾਸ ਕਰਕੇ ਇਸ ਅੰਤ ਦੇ ਸਮੇਂ ਵਿਚ ਕਿਸ ਤਰ੍ਹਾਂ ਫ਼ਾਇਦਾ ਹੋ ਸਕਦਾ ਹੈ?

8 ਦਾਨੀਏਲ ਦੀ ਪੋਥੀ ਵਿਚ ਦੋ ਬਹੁਤ ਹੀ ਵੱਖੋ-ਵੱਖਰੇ ਪਹਿਲੂ ਪਾਏ ਜਾਂਦੇ ਹਨ। ਇਕ ਪਹਿਲੂ ਕਹਾਣੀਆਂ ਦਾ ਹੈ ਅਤੇ ਦੂਜਾ ਭਵਿੱਖਬਾਣੀਆਂ ਦਾ। ਦੋਵੇਂ ਪਹਿਲੂ ਸਾਡੀ ਨਿਹਚਾ ਨੂੰ ਮਜ਼ਬੂਤ ਕਰ ਸਕਦੇ ਹਨ। ਕਹਾਣੀਆਂ ਵਾਲਾ ਹਿੱਸਾ ਸਾਨੂੰ ਦਿਖਾਉਂਦਾ ਹੈ ਕਿ ਯਹੋਵਾਹ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਬਰਕਤਾਂ ਦਿੰਦਾ ਹੈ ਜਿਹੜੇ ਵਫ਼ਾਦਾਰ ਰਹਿੰਦੇ ਹਨ। ਇਸ ਦਿਆਂ ਭਵਿੱਖਬਾਣੀਆਂ ਸਾਨੂੰ ਦਿਖਾਉਂਦੀਆਂ ਹਨ ਕਿ ਯਹੋਵਾਹ ਹਜ਼ਾਰਾਂ ਹੀ ਸਾਲ ਪਹਿਲਾਂ ਤੋਂ ਜਾਣਦਾ ਸੀ ਕਿ ਇਤਿਹਾਸ ਕਿਹੜਾ ਮੋੜ ਲਵੇਗਾ। ਇਨ੍ਹਾਂ ਬਾਰੇ ਪੜ੍ਹ ਕੇ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ।

9 ਦਾਨੀਏਲ ਦੁਆਰਾ ਲਿਖੀਆਂ ਗਈਆਂ ਕਈ ਭਵਿੱਖਬਾਣੀਆਂ ਪਰਮੇਸ਼ੁਰ ਦੇ ਰਾਜ ਵੱਲ ਸਾਡਾ ਧਿਆਨ ਖਿੱਚਦੀਆਂ ਹਨ। ਜਿਉਂ ਹੀ ਅਸੀਂ ਅਜਿਹੀਆਂ ਭਵਿੱਖਬਾਣੀਆਂ ਦੀ ਪੂਰਤੀ ਦੇਖਦੇ ਹਾਂ, ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਨਾਲੇ ਸਾਡਾ ਭਰੋਸਾ ਵੀ ਪੱਕਾ ਹੁੰਦਾ ਹੈ ਕਿ ਅਸੀਂ ਅੰਤ ਦੇ ਸਮੇਂ ਵਿਚ ਜੀ ਰਹੇ ਹਾਂ। ਪਰ ਕੁਝ ਆਲੋਚਕਾਂ ਨੇ ਦਾਨੀਏਲ ਦੀ ਨੁਕਤਾਚੀਨੀ ਕਰ ਕੇ ਕਿਹਾ ਹੈ ਕਿ ਉਸ ਦੀ ਪੋਥੀ ਦੀਆਂ ਭਵਿੱਖਬਾਣੀਆਂ ਪੂਰੀਆਂ ਹੋਣ ਤੋਂ ਬਾਅਦ ਲਿਖੀਆਂ ਗਈਆਂ ਸਨ। ਜੇ ਅਜਿਹੇ ਦਾਅਵੇ ਸੱਚੇ ਹਨ, ਤਾਂ ਦਾਨੀਏਲ ਦੀ ਪੋਥੀ ਵਿਚ ਅੰਤ ਦੇ ਸਮੇਂ ਬਾਰੇ ਜੋ ਵੀ ਗੱਲਾਂ ਦੱਸੀਆਂ ਗਈਆਂ ਹਨ ਉਨ੍ਹਾਂ ਬਾਰੇ ਬਹੁਤ ਸਾਰੇ ਸਵਾਲ ਪੈਦਾ ਹੋਣਗੇ। ਸ਼ੱਕ ਕਰਨ ਵਾਲੇ ਇਸ ਪੋਥੀ ਦੀਆਂ ਕਹਾਣੀਆਂ ਬਾਰੇ ਵੀ ਸਵਾਲ ਪੈਦਾ ਕਰਦੇ ਹਨ। ਆਓ ਆਪਾਂ ਇਸ ਮਾਮਲੇ ਵੱਲ ਧਿਆਨ ਦੇਈਏ।

ਮੁਕੱਦਮਾ!

10. ਦਾਨੀਏਲ ਦੀ ਪੋਥੀ ਉੱਤੇ ਕਿਹੜਾ ਦੋਸ਼ ਲਗਾਇਆ ਗਿਆ ਹੈ?

10 ਕਲਪਨਾ ਕਰੋ ਕਿ ਤੁਸੀਂ ਅਦਾਲਤ ਵਿਚ ਇਕ ਮੁਕੱਦਮੇ ਲਈ ਹਾਜ਼ਰ ਹੋ। ਇਕ ਆਦਮੀ ਉੱਤੇ ਧੋਖੇਬਾਜ਼ੀ ਦਾ ਇਲਜ਼ਾਮ ਲਗਾਇਆ ਗਿਆ ਹੈ। ਵਕੀਲ ਦਾ ਦਾਅਵਾ ਹੈ ਕਿ ਆਦਮੀ ਦੋਸ਼ੀ ਹੈ। ਦਾਨੀਏਲ ਦੀ ਪੋਥੀ ਉੱਤੇ ਵੀ ਇਹੋ ਜਿਹਾ ਦੋਸ਼ ਲਗਾਇਆ ਗਿਆ ਹੈ। ਇਬਰਾਨੀ ਨਬੀ ਦਾਨੀਏਲ ਸੱਤਵੀਂ ਅਤੇ ਛੇਵੀਂ ਸਦੀ ਦੌਰਾਨ ਰਹਿੰਦਾ ਸੀ ਅਤੇ ਉਸ ਦੀ ਪੋਥੀ ਸੱਚੇ ਇਤਿਹਾਸ ਵਜੋਂ ਪੇਸ਼ ਕੀਤੀ ਜਾਂਦੀ ਹੈ। ਪਰ ਆਲੋਚਕ ਦਾਅਵਾ ਕਰਦੇ ਹਨ ਕਿ ਇਹ ਪੋਥੀ ਨਕਲੀ ਹੈ। ਇਸ ਲਈ, ਸਭ ਤੋਂ ਪਹਿਲਾਂ, ਆਓ ਆਪਾਂ ਦੇਖੀਏ ਕਿ ਇਸ ਪੋਥੀ ਦਾ ਕਹਾਣੀਆਂ ਵਾਲਾ ਹਿੱਸਾ ਇਤਿਹਾਸਕ ਹਕੀਕਤਾਂ ਦੇ ਨਾਲ ਮਿਲਦਾ ਹੈ ਕਿ ਨਹੀਂ।

11, 12. ਇਹ ਕਿਸ ਤਰ੍ਹਾਂ ਸਪੱਸ਼ਟ ਹੋਇਆ ਸੀ ਕਿ ਬੇਲਸ਼ੱਸਰ ਇਕ ਅਸਲੀ ਬੰਦਾ ਸੀ?

11 ਅਸੀਂ ਪਹਿਲਾਂ ਲਾਪਤਾ ਬਾਦਸ਼ਾਹ ਦੇ ਕੇਸ ਉੱਤੇ ਗੌਰ ਕਰਾਂਗੇ। ਦਾਨੀਏਲ ਦਾ 5ਵਾਂ ਅਧਿਆਇ ਦਿਖਾਉਂਦਾ ਹੈ ਕਿ ਬੇਲਸ਼ੱਸਰ ਬਾਬਲ ਉੱਤੇ ਉਸ ਸਮੇਂ ਰਾਜ ਕਰ ਰਿਹਾ ਸੀ ਜਦੋਂ ਸਾਲ 539 ਵਿਚ ਉਸ ਸ਼ਹਿਰ ਉੱਤੇ ਕਬਜ਼ਾ ਕੀਤਾ ਗਿਆ ਸੀ। ਆਲੋਚਕਾਂ ਨੇ ਇਸ ਗੱਲ ਉੱਤੇ ਸ਼ੱਕ ਕੀਤਾ ਕਿਉਂਕਿ ਬਾਈਬਲ ਤੋਂ ਇਲਾਵਾ, ਬੇਲਸ਼ੱਸਰ ਦਾ ਨਾਂ ਹੋਰ ਕਿਤੇ ਵੀ ਨਹੀਂ ਪਾਇਆ ਗਿਆ। ਇਸ ਦੀ ਬਜਾਇ, ਉਸੇ ਸਮੇਂ ਦੇ ਇਤਿਹਾਸਕਾਰਾਂ ਨੇ ਕਿਹਾ ਕਿ ਬਾਬਲ ਦਾ ਆਖ਼ਰੀ ਰਾਜਾ ਨਬੋਨਾਈਡਸ ਸੀ।

12 ਪਰ 1854 ਵਿਚ, ਊਰ ਨਾਮਕ ਪੁਰਾਣੇ ਬਾਬਲੀ ਸ਼ਹਿਰ ਦੇ ਖੰਡਰਾਤ ਵਿੱਚੋਂ ਮਿੱਟੀ ਦੇ ਕੁਝ ਛੋਟੇ-ਛੋਟੇ ਸਲਿੰਡਰ ਲੱਭੇ ਗਏ ਸਨ। ਇਸ ਇਲਾਕੇ ਨੂੰ ਹੁਣ ਇਰਾਕ ਸੱਦਿਆ ਜਾਂਦਾ ਹੈ। ਇਨ੍ਹਾਂ ਸਲਿੰਡਰਾਂ ਉੱਤੇ ਪ੍ਰਾਚੀਨ ਲਿਪੀ ਵਿਚ ਰਾਜਾ ਨਬੋਨਾਈਡਸ ਦੀ ਇਕ ਪ੍ਰਾਰਥਨਾ ਲਿਖੀ ਹੋਈ ਸੀ ਜਿਸ ਵਿਚ ਉਸ ਨੇ ਆਪਣੇ “ਜੇਠੇ ਪੁੱਤਰ, ਬੇਲ-ਸਾਰ-ਉਸਰ” ਦਾ ਜ਼ਿਕਰ ਕੀਤਾ। ਆਲੋਚਕਾਂ ਨੂੰ ਮੰਨਣਾ ਹੀ ਪਿਆ ਕਿ ਇਹ ਦਾਨੀਏਲ ਦੀ ਪੋਥੀ ਦਾ ਹੀ ਬੇਲਸ਼ੱਸਰ ਸੀ। ਭਾਵੇਂ ਦੁਨੀਆਵੀ ਲਿਖਤਾਂ ਵਿਚ ਇਸ “ਲਾਪਤਾ ਬਾਦਸ਼ਾਹ” ਬਾਰੇ ਹਾਲੇ ਕੋਈ ਸਬੂਤ ਨਹੀਂ ਸੀ, ਉਹ ਅਸਲ ਵਿਚ ਲਾਪਤਾ ਨਹੀਂ ਸੀ। ਇਹ ਸਿਰਫ਼ ਇੱਕੋ ਹੀ ਸਬੂਤ ਹੈ ਕਿ ਦਾਨੀਏਲ ਦੀ ਪੋਥੀ ਅਸਲ ਵਿਚ ਸੱਚੀ ਹੈ ਅਤੇ ਪਰਮੇਸ਼ੁਰ ਤੋਂ ਹੈ। ਜੀ ਹਾਂ, ਦਾਨੀਏਲ ਦੀ ਪੋਥੀ ਨਿਸ਼ਚੇ ਹੀ ਪਰਮੇਸ਼ੁਰ ਦੇ ਭਵਿੱਖ-ਸੂਚਕ ਬਚਨ ਦਾ ਹਿੱਸਾ ਹੈ। ਅਤੇ ਅੰਤ ਦੇ ਸਮੇਂ ਵਿਚ ਹੋਣ ਕਰਕੇ ਸਾਨੂੰ ਉਸ ਵੱਲ ਚੰਗੀ ਤਰ੍ਹਾਂ ਨਾਲ ਧਿਆਨ ਦੇਣਾ ਚਾਹੀਦਾ ਹੈ।

13, 14. ਨਬੂਕਦਨੱਸਰ ਕੌਣ ਸੀ, ਅਤੇ ਉਹ ਖ਼ਾਸ ਕਰਕੇ ਕਿਸ ਝੂਠੇ ਦੇਵਤੇ ਦੀ ਪੂਜਾ ਕਰਦਾ ਸੀ?

13 ਦਾਨੀਏਲ ਦੀ ਪੋਥੀ ਵਿਚ ਵਿਸ਼ਵ ਸ਼ਕਤੀਆਂ ਦੇ ਉਤਾਰ-ਚੜ੍ਹਾਅ ਬਾਰੇ ਭਵਿੱਖਬਾਣੀਆਂ ਅਤੇ ਉਨ੍ਹਾਂ ਦੇ ਕੁਝ ਹਾਕਮਾਂ ਦੀਆਂ ਕਰਨੀਆਂ ਬਾਰੇ ਵੀ ਦੱਸਿਆ ਗਿਆ ਹੈ। ਇਨ੍ਹਾਂ ਵਿੱਚੋਂ ਨਬੂਕਦਨੱਸਰ ਨਾਮ ਦੇ ਇਕ ਯੋਧਾ ਹਾਕਮ ਨੇ ਇਕ ਸਾਮਰਾਜ ਸਥਾਪਿਤ ਕੀਤਾ ਸੀ। ਬਾਬਲ ਦੇ ਰਾਜਕੁਮਾਰ ਵਜੋਂ, ਉਸ ਨੇ ਆਪਣੀਆਂ ਫ਼ੌਜਾਂ ਨਾਲ ਮਿਸਰੀ ਫ਼ਿਰਊਨ ਨਕੋ ਦੀ ਸੈਨਾ ਨੂੰ ਕਰਕਮਿਸ਼ ਦੇ ਸ਼ਹਿਰ ਵਿਚ ਬੁਰੀ ਤਰ੍ਹਾਂ ਹਰਾ ਦਿੱਤਾ ਸੀ। ਪਰ ਇਕ ਖ਼ਬਰ ਮਿਲਣ ਤੇ ਇਹ ਜੇਤੂ ਰਾਜਕੁਮਾਰ ਸਾਰੀਆਂ ਕਾਰਵਾਈਆਂ ਆਪਣੇ ਜਨਰਲਾਂ ਦੇ ਹੱਥਾਂ ਵਿਚ ਛੱਡ ਕੇ ਘਰ ਵਾਪਸ ਜਾਣ ਲਈ ਮਜਬੂਰ ਹੋ ਗਿਆ ਸੀ। ਸਾਲ 624 ਵਿਚ ਆਪਣੇ ਪਿਤਾ ਨਬੋਪੋਲੱਸਰ ਦੀ ਮੌਤ ਹੋਣ ਤੇ, ਜਵਾਨ ਨਬੂਕਦਨੱਸਰ ਰਾਜ-ਗੱਦੀ ਤੇ ਬੈਠ ਗਿਆ। ਆਪਣੇ 43 ਸਾਲਾਂ ਦੇ ਰਾਜ ਦੌਰਾਨ, ਉਸ ਨੇ ਇਕ ਸਾਮਰਾਜ ਸਥਾਪਿਤ ਕੀਤਾ ਜਿਸ ਵਿਚ ਉਹ ਇਲਾਕੇ ਵੀ ਸ਼ਾਮਲ ਸਨ ਜੋ ਇਕ ਸਮੇਂ ਅੱਸ਼ੂਰ ਦੇਸ਼ ਦੇ ਅਧੀਨ ਹੁੰਦੇ ਸਨ। ਉਸ ਨੇ ਆਪਣਾ ਰਾਜ ਖੇਤਰ ਸੀਰੀਆ ਅਤੇ ਫਲਸਤੀਨ ਅਤੇ ਮਿਸਰ ਦੀਆਂ ਸਰਹੱਦਾਂ ਤਕ ਵੀ ਵਧਾਇਆ।

14 ਨਬੂਕਦਨੱਸਰ ਖ਼ਾਸ ਕਰਕੇ ਬਾਬਲ ਦੇ ਮੁੱਖ ਦੇਵਤੇ, ਮਾਰਦੁੱਕ ਦੀ ਪੂਜਾ ਕਰਦਾ ਹੁੰਦਾ ਸੀ। ਰਾਜਾ ਵਿਸ਼ਵਾਸ ਕਰਦਾ ਸੀ ਕਿ ਉਸ ਨੇ ਜੋ ਵੀ ਜਿੱਤਿਆ ਉਹ ਮਾਰਦੁੱਕ ਦੀ ਬਰਕਤ ਨਾਲ ਹੀ ਸੀ। ਬਾਬਲ ਵਿਚ ਨਬੂਕਦਨੱਸਰ ਨੇ ਮਾਰਦੁੱਕ ਅਤੇ ਦੂਜੇ ਬਾਬਲੀ ਦੇਵੀ-ਦੇਵਤਿਆਂ ਦੇ ਮੰਦਰ ਬਣਾਏ ਅਤੇ ਸਜਾਏ ਸਨ। ਇਸ ਬਾਬਲੀ ਰਾਜੇ ਨੇ ਦੂਰਾ ਦੇ ਮਦਾਨ ਵਿਚ ਸੋਨੇ ਦੀ ਮੂਰਤ ਖੜ੍ਹੀ ਕੀਤੀ ਸੀ। (ਦਾਨੀਏਲ 3:1, 2) ਇਹ ਮੂਰਤ ਸ਼ਾਇਦ ਮਾਰਦੁੱਕ ਨੂੰ ਹੀ ਸਮਰਪਿਤ ਸੀ। ਇਸ ਤਰ੍ਹਾਂ ਵੀ ਜਾਪਦਾ ਹੈ ਕਿ ਨਬੂਕਦਨੱਸਰ ਆਪਣੀਆਂ ਸੈਨਿਕ ਕਾਰਵਾਈਆਂ ਦੀ ਤਿਆਰੀ ਵਿਚ ਜਾਦੂ-ਟੂਣੇ ਦਾ ਕਾਫ਼ੀ ਸਹਾਰਾ ਲੈਂਦਾ ਸੀ।

15, 16. ਨਬੂਕਦਨੱਸਰ ਨੇ ਬਾਬਲ ਲਈ ਕੀ ਕੀਤਾ ਸੀ, ਅਤੇ ਉਦੋਂ ਕੀ ਹੋਇਆ ਜਦੋਂ ਉਸ ਨੇ ਆਪਣੀ ਹੀ ਸ਼ਾਨ ਬਾਰੇ ਸ਼ੇਖੀ ਮਾਰੀ?

15 ਬਾਬਲ ਦੀਆਂ ਕੰਧਾਂ ਨਬੂਕਦਨੱਸਰ ਦੇ ਪਿਤਾ ਨੇ ਬਣਾਉਣੀਆਂ ਸ਼ੁਰੂ ਕੀਤੀਆਂ ਸਨ ਅਤੇ ਨਬੂਕਦਨੱਸਰ ਨੇ ਉਨ੍ਹਾਂ ਨੂੰ ਪੂਰਾ ਕੀਤਾ ਸੀ। ਇਨ੍ਹਾਂ ਦੁਹਰੀਆਂ ਕੰਧਾਂ ਨੇ ਉਸ ਸ਼ਹਿਰ ਨੂੰ ਇੰਨਾ ਮਜ਼ਬੂਤ ਬਣਾ ਦਿੱਤਾ ਕਿ ਇਸ ਤਰ੍ਹਾਂ ਲੱਗਦਾ ਸੀ ਕਿ ਉਸ ਉੱਤੇ ਕੋਈ ਹਮਲਾ ਨਹੀਂ ਕਰ ਸਕਦਾ ਸੀ। ਨਬੂਕਦਨੱਸਰ ਦੀ ਪਤਨੀ ਆਪਣੇ ਦੇਸ਼ ਦੀਆਂ ਪਹਾੜੀਆਂ ਅਤੇ ਜੰਗਲਾਂ ਨੂੰ ਬਹੁਤ ਯਾਦ ਕਰਦੀ ਹੁੰਦੀ ਸੀ। ਕਿਹਾ ਜਾਂਦਾ ਹੈ ਕਿ ਰਾਜੇ ਨੇ ਉਸ ਦੀ ਖ਼ੁਸ਼ੀ ਲਈ ਅਜਿਹੇ ਝੂਲਦੇ ਬਗੀਚੇ ਬਣਵਾਏ ਜਿਨ੍ਹਾਂ ਨੂੰ ਪ੍ਰਾਚੀਨ ਸੰਸਾਰ ਦੇ ਸੱਤ ਅਜੂਬਿਆਂ ਵਿਚ ਗਿਣਿਆ ਜਾਂਦਾ ਹੈ। ਵੱਡੀਆਂ-ਵੱਡੀਆਂ ਕੰਧਾਂ ਨਾਲ ਚਾਰੋ ਪਾਸੀਂ ਘੇਰਿਆ ਹੋਇਆ ਬਾਬਲ ਉਸ ਸਮੇਂ ਦਾ ਸਭ ਤੋਂ ਵਧੀਆ ਸ਼ਹਿਰ ਸੀ। ਨਬੂਕਦਨੱਸਰ ਨੂੰ ਝੂਠੀ ਉਪਾਸਨਾ ਦੀ ਇਸ ਗੱਦੀ ਉੱਤੇ ਕਿੰਨਾ ਮਾਣ ਸੀ!

16 ਇਕ ਦਿਨ ਨਬੂਕਦਨੱਸਰ ਨੇ ਸ਼ੇਖੀ ਮਾਰੀ: ‘ਕੀ ਏਹ ਵੱਡਾ ਬਾਬਲ ਨਹੀਂ ਜਿਹ ਨੂੰ ਮੈਂ ਆਪਣੀ ਸ਼ਕਤੀ ਨਾਲ ਬਣਾਇਆ ਹੈ?’ ਪਰ ਦਾਨੀਏਲ 4:30-36 ਦੇ ਅਨੁਸਾਰ, “ਰਾਜਾ ਏਹ ਗੱਲ ਕਰ ਹੀ ਰਿਹਾ ਸੀ” ਕਿ ਉਸ ਨੂੰ ਪਾਗਲਪਣ ਦਾ ਦੌਰਾ ਪੈ ਗਿਆ। ਉਹ ਸੱਤ ਸਾਲਾਂ ਲਈ ਰਾਜ ਨਹੀਂ ਕਰ ਸਕਿਆ ਅਤੇ ਜਿਵੇਂ ਦਾਨੀਏਲ ਨੇ ਪਹਿਲਾਂ ਦੱਸਿਆ ਸੀ ਉਹ ਘਾਹ ਖਾਣ ਲੱਗ ਪਿਆ। ਇਸ ਤੋਂ ਬਾਅਦ ਉਹ ਮੁੜ ਕੇ ਰਾਜ ਕਰਨ ਲੱਗ ਪਿਆ। ਕੀ ਤੁਹਾਨੂੰ ਇਸ ਭਵਿੱਖਬਾਣੀ ਦੀਆਂ ਸਾਰੀਆਂ ਗੱਲਾਂ ਦੀ ਮਹੱਤਤਾ ਬਾਰੇ ਪਤਾ ਹੈ? ਕੀ ਤੁਸੀਂ ਸਮਝਾ ਸਕਦੇ ਹੋ ਕਿ ਇਸ ਦੀ ਵੱਡੀ ਪੂਰਤੀ ਐਨ ਅੰਤ ਦੇ ਸਮੇਂ ਵਿਚ ਕਿਸ ਤਰ੍ਹਾਂ ਹੁੰਦੀ ਹੈ?

ਭਵਿੱਖਬਾਣੀਆਂ ਵੱਲ ਧਿਆਨ ਦਿਓ

17. ਉਸ ਸੁਪਨੇ ਬਾਰੇ ਦੱਸੋ ਜੋ ਪਰਮੇਸ਼ੁਰ ਨੇ ਨਬੂਕਦਨੱਸਰ ਨੂੰ ਉਸ ਦੇ ਰਾਜ ਦੇ ਦੂਜੇ ਸਾਲ ਵਿਚ ਦਿੱਤਾ ਸੀ?

17 ਆਓ ਹੁਣ ਆਪਾਂ ਦਾਨੀਏਲ ਦੀ ਪੋਥੀ ਵਿਚ ਦਰਜ ਕੁਝ ਭਵਿੱਖਬਾਣੀਆਂ ਬਾਰੇ ਚਰਚਾ ਕਰੀਏ। ਬਾਈਬਲ ਦੀ ਭਵਿੱਖਬਾਣੀ ਅਨੁਸਾਰ ਦਾਨੀਏਲ ਨਬੀ ਦੇ ਸਮੇਂ ਵਿਚ ਨਬੂਕਦਨੱਸਰ ਵਿਸ਼ਵ ਹਾਕਮ ਸੀ। ਉਸ ਦੇ ਰਾਜ ਦੇ ਦੂਜੇ ਸਾਲ ਦੌਰਾਨ (606/605 ਸਾ.ਯੁ.ਪੂ.) ਪਰਮੇਸ਼ੁਰ ਨੇ ਉਸ ਨੂੰ ਇਕ ਡਰਾਉਣਾ ਸੁਪਨਾ ਦਿਖਾਇਆ ਸੀ। ਦਾਨੀਏਲ ਦੇ ਦੂਜੇ ਅਧਿਆਇ ਅਨੁਸਾਰ, ਸੁਪਨੇ ਵਿਚ ਇਕ ਵੱਡੀ ਮੂਰਤ ਸੀ। ਉਸ ਮੂਰਤ ਦਾ ਸਿਰ ਚੋਖੇ ਸੋਨੇ ਦਾ ਸੀ, ਉਸ ਦੀ ਹਿੱਕ ਅਤੇ ਉਸ ਦੀਆਂ ਬਾਂਹਾਂ ਚਾਂਦੀ ਦੀਆਂ, ਉਸ ਦਾ ਢਿੱਡ ਤੇ ਉਸ ਦੇ ਪੱਟ ਪਿੱਤਲ ਦੇ, ਉਸ ਦੀਆਂ ਲੱਤਾਂ ਲੋਹੇ ਦੀਆਂ, ਅਤੇ ਉਹ ਦੇ ਪੈਰ ਕੁਝ ਲੋਹੇ ਦੇ ਅਤੇ ਕੁਝ ਮਿੱਟੀ ਦੇ ਸਨ। ਮੂਰਤ ਦੇ ਵੱਖ-ਵੱਖ ਹਿੱਸਿਆਂ ਦੁਆਰਾ ਕੀ ਦਰਸਾਇਆ ਗਿਆ ਸੀ?

18. ਮੂਰਤ ਦਾ ਸੋਨੇ ਦਾ ਸਿਰ, ਚਾਂਦੀ ਦੀ ਹਿੱਕ ਅਤੇ ਬਾਂਹਾਂ, ਪਿੱਤਲ ਦਾ ਢਿੱਡ ਅਤੇ ਪੱਟ ਕਿਸ ਨੂੰ ਦਰਸਾਉਂਦੇ ਸਨ?

18 ਪਰਮੇਸ਼ੁਰ ਦੇ ਨਬੀ ਨੇ ਨਬੂਕਦਨੱਸਰ ਨੂੰ ਦੱਸਿਆ ਕਿ “ਹੇ ਮਹਾਰਾਜ, . . . ਸੋਨੇ ਦਾ ਸਿਰ ਤੁਸੀਂ ਹੋ।” (ਦਾਨੀਏਲ 2:37, 38) ਨਬੂਕਦਨੱਸਰ ਉਸ ਸ਼ਾਹੀ ਖ਼ਾਨਦਾਨ ਦਾ ਮੁਖੀਆ ਸੀ ਜਿਸ ਨੇ ਬਾਬਲੀ ਸਾਮਰਾਜ ਉੱਤੇ ਹਕੂਮਤ ਕੀਤੀ ਸੀ। ਮਾਦੀ-ਫ਼ਾਰਸ ਨੇ ਉਸ ਉੱਤੇ ਜਿੱਤ ਪ੍ਰਾਪਤ ਕੀਤੀ ਅਤੇ ਉਹ ਮੂਰਤ ਦੀ ਹਿੱਕ ਅਤੇ ਚਾਂਦੀ ਦੀਆਂ ਬਾਂਹਾਂ ਨਾਲ ਦਰਸਾਇਆ ਗਿਆ ਸੀ। ਅਗਲੀ ਵਿਸ਼ਵ ਸ਼ਕਤੀ ਯੂਨਾਨੀ ਸਾਮਰਾਜ ਸੀ ਜੋ ਪਿੱਤਲ ਦੇ ਢਿੱਡ ਅਤੇ ਪੱਟਾਂ ਨਾਲ ਦਰਸਾਇਆ ਗਿਆ ਸੀ। ਇਹ ਵਿਸ਼ਵ ਸ਼ਕਤੀ ਕਿਸ ਤਰ੍ਹਾਂ ਸ਼ੁਰੂ ਹੋਈ ਸੀ?

19, 20. ਸਿਕੰਦਰ ਮਹਾਨ ਕੌਣ ਸੀ ਅਤੇ ਯੂਨਾਨ ਨੂੰ ਇਕ ਵਿਸ਼ਵ ਸ਼ਕਤੀ ਬਣਾਉਣ ਵਿਚ ਉਸ ਨੇ ਕਿਸ ਤਰ੍ਹਾਂ ਹਿੱਸਾ ਲਿਆ ਸੀ?

19 ਚੌਥੀ ਸਦੀ ਸਾਧਾਰਣ ਯੁਗ ਪੂਰਵ ਵਿਚ ਦਾਨੀਏਲ ਦੀ ਭਵਿੱਖਬਾਣੀ ਦੀ ਪੂਰਤੀ ਵਿਚ ਇਕ ਨੌਜਵਾਨ ਨੇ ਵੱਡਾ ਹਿੱਸਾ ਲਿਆ ਸੀ। ਉਹ ਸਾਲ 356 ਸਾ.ਯੁ.ਪੂ. ਵਿਚ ਪੈਦਾ ਹੋਇਆ ਸੀ ਅਤੇ ਦੁਨੀਆਂ ਉਸ ਨੂੰ ਸਿਕੰਦਰ ਮਹਾਨ ਨਾਂ ਤੋਂ ਜਾਣਦੀ ਹੈ। ਜਦੋਂ ਉਹ ਵੀਹਾਂ ਸਾਲਾਂ ਦਾ ਸੀ ਤਾਂ ਉਸ ਦੇ ਪਿਤਾ, ਫਿਲਿਪ, ਦਾ ਕਤਲ ਹੋ ਗਿਆ ਸੀ, ਉਸ ਵੇਲੇ ਉਹ ਮਕਦੂਨਿਯਾ ਦੀ ਰਾਜ ਗੱਦੀ ਉੱਤੇ ਬੈਠਾ।

20 ਸਾਲ 334 ਸਾ.ਯੁ.ਪੂ. ਦੇ ਪੰਜਵੇਂ ਮਹੀਨੇ ਵਿਚ ਸਿਕੰਦਰ ਨੇ ਹਮਲੇ ਸ਼ੁਰੂ ਕਰ ਦਿੱਤੇ। ਉਸ ਦੀ ਫ਼ੌਜ ਬੇਸ਼ੱਕ ਛੋਟੀ ਹੀ ਸੀ ਪਰ ਉਹ ਬਹੁਤ ਕਾਬਲ ਸੀ। ਉਸ ਦੇ 30,000 ਪੈਦਲ ਚੱਲਣ ਵਾਲੇ ਅਤੇ 5,000 ਘੋੜ ਸਵਾਰ ਫ਼ੌਜੀ ਸਨ। ਉਸੇ ਸਾਲ ਏਸ਼ੀਆ ਮਾਈਨਰ ਦੇ ਉੱਤਰ-ਪੱਛਮੀ ਹਿੱਸੇ ਵਿਚ (ਹੁਣ ਤੁਰਕੀ), ਸਿਕੰਦਰ ਨੇ ਗ੍ਰੈਨੀਕਸ ਦਰਿਆ ਵਿਖੇ ਫ਼ਾਰਸੀਆਂ ਦੇ ਵਿਰੁੱਧ ਆਪਣੀ ਪਹਿਲੀ ਜਿੱਤ ਹਾਸਲ ਕੀਤੀ। ਸਾਲ 326 ਤਕ ਇਸ ਜੋਸ਼ੀਲੇ ਵਿਜੇਤੇ ਨੇ ਫ਼ਾਰਸੀਆਂ ਨੂੰ ਆਪਣੇ ਅਧੀਨ ਕਰ ਲਿਆ ਸੀ ਅਤੇ ਫਿਰ ਪੂਰਬ ਵੱਲ ਸਿੰਧ ਦਰਿਆ ਤਕ ਪਹੁੰਚ ਗਿਆ ਜੋ ਅੱਜ ਪਾਕਿਸਤਾਨ ਵਿਚ ਹੈ। ਪਰੰਤੂ ਸਿਕੰਦਰ ਆਪਣੀ ‘ਆਖ਼ਰੀ ਲੜਾਈ’ ਬਾਬਲ ਵਿਚ ਹਾਰ ਗਿਆ। ਸਿਰਫ਼ 32 ਸਾਲ ਅਤੇ 8 ਮਹੀਨਿਆਂ ਦੀ ਉਮਰ ਤੇ, 13 ਜੂਨ, 323 ਨੂੰ ਸਿਕੰਦਰ ਆਪਣੇ ਸਭ ਤੋਂ ਕਠੋਰ ਦੁਸ਼ਮਣ, ਯਾਨੀ ਮੌਤ, ਦੇ ਸਾਮ੍ਹਣੇ ਹਾਰ ਗਿਆ। (1 ਕੁਰਿੰਥੀਆਂ 15:55) ਲੇਕਿਨ, ਉਸ ਦੀਆਂ ਚੜ੍ਹਾਈਆਂ ਦੇ ਕਾਰਨ ਯੂਨਾਨ ਇਕ ਵਿਸ਼ਵ ਸ਼ਕਤੀ ਬਣ ਗਿਆ ਸੀ, ਠੀਕ ਜਿਵੇਂ ਦਾਨੀਏਲ ਨੇ ਭਵਿੱਖਬਾਣੀ ਕੀਤੀ ਸੀ।

21. ਰੋਮੀ ਸਾਮਰਾਜ ਤੋਂ ਇਲਾਵਾ, ਲੋਹੇ ਦੀਆਂ ਲੱਤਾਂ ਦੁਆਰਾ ਹੋਰ ਕਿਹੜੀ ਵਿਸ਼ਵ ਸ਼ਕਤੀ ਦਰਸਾਈ ਗਈ ਸੀ?

21 ਵੱਡੀ ਮੂਰਤ ਦੀਆਂ ਲੋਹੇ ਦੀਆਂ ਲੱਤਾਂ ਕਿਸ ਨੂੰ ਦਰਸਾਉਂਦੀਆਂ ਹਨ? ਉਹ ਲੋਹੇ ਵਰਗਾ ਕਠੋਰ ਰੋਮੀ ਸਾਮਰਾਜ ਸੀ ਜਿਸ ਨੇ ਯੂਨਾਨੀ ਸਾਮਰਾਜ ਨੂੰ ਕੁਚਲ ਕੇ ਚੂਰ-ਚੂਰ ਕਰ ਦਿੱਤਾ ਸੀ। ਰੋਮੀਆਂ ਨੇ ਪਰਮੇਸ਼ੁਰ ਦੇ ਰਾਜ ਲਈ ਕੋਈ ਆਦਰ ਨਹੀਂ ਦਿਖਾਇਆ, ਅਤੇ 33 ਸਾ.ਯੁ. ਵਿਚ ਯਿਸੂ ਮਸੀਹ ਨੂੰ ਤਸੀਹੇ ਦੀ ਸੂਲੀ ਉੱਤੇ ਮਾਰ ਸੁੱਟਿਆ ਜਿਸ ਨੇ ਉਸ ਰਾਜ ਦਾ ਐਲਾਨ ਕੀਤਾ ਸੀ। ਸੱਚੀ ਮਸੀਹੀਅਤ ਨੂੰ ਕੁਚਲਣ ਦੀ ਕੋਸ਼ਿਸ਼ ਵਿਚ ਰੋਮੀਆਂ ਨੇ ਯਿਸੂ ਦੇ ਚੇਲਿਆਂ ਦਾ ਵੀ ਵਿਰੋਧ ਕੀਤਾ। ਪਰ, ਨਬੂਕਦਨੱਸਰ ਦੇ ਸੁਪਨੇ ਦੀ ਮੂਰਤ ਦੀਆਂ ਲੋਹੇ ਦੀਆਂ ਲੱਤਾਂ ਨੇ ਸਿਰਫ਼ ਰੋਮੀ ਸਾਮਰਾਜ ਨੂੰ ਹੀ ਨਹੀਂ, ਪਰ ਉਸ ਦੇ ਰਾਜਨੀਤਿਕ ਵਾਧੇ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੂੰ ਵੀ ਦਰਸਾਇਆ ਸੀ।

22. ਸੁਪਨੇ ਦੀ ਇਹ ਮੂਰਤ ਸਾਨੂੰ ਕਿਸ ਤਰ੍ਹਾਂ ਦਿਖਾਉਂਦੀ ਹੈ ਕਿ ਅਸੀਂ ਅੰਤ ਦੇ ਅਖ਼ੀਰ ਵਿਚ ਜੀ ਰਹੇ ਹਾਂ?

22 ਚੰਗੀ ਤਰ੍ਹਾਂ ਅਧਿਐਨ ਕਰਨ ਨਾਲ ਸਾਨੂੰ ਸਬੂਤ ਮਿਲਦਾ ਹੈ ਕਿ ਅਸੀਂ ਅੰਤ ਦੇ ਆਖ਼ਰੀ ਹਿੱਸਾ ਵਿਚ ਜੀ ਰਹੇ ਹਾਂ। ਜੀ ਹਾਂ, ਅਸੀਂ ਮੂਰਤ ਦੇ ਲੋਹੇ ਅਤੇ ਮਿੱਟੀ ਦੇ ਪੈਰਾਂ ਤਕ ਆ ਪਹੁੰਚੇ ਹਾਂ। ਅੱਜ ਦੀਆਂ ਕੁਝ ਸਰਕਾਰਾਂ ਲੋਹੇ ਵਰਗੀਆਂ ਜਾਂ ਕਠੋਰ ਹਨ ਜਦ ਕਿ ਦੂਸਰੀਆਂ ਮਿੱਟੀ ਵਰਗੀਆਂ ਕਮਜ਼ੋਰ ਹਨ। ਮਿੱਟੀ, ਜਿਸ ਤੋਂ “ਮਨੁੱਖ ਦੀ ਅੰਸ” ਬਣੀ ਹੋਈ ਹੈ, ਨਾਜ਼ੁਕ ਚੀਜ਼ ਹੈ। ਪਰ ਇਸ ਦੇ ਬਾਵਜੂਦ ਲੋਹੇ ਵਰਗੀਆਂ ਸਰਕਾਰਾਂ ਨੂੰ ਰਾਜ ਕਰਨ ਦਿਆਂ ਤਰੀਕਿਆਂ ਵਿਚ ਆਮ ਜਨਤਾ ਦੀ ਰਾਇ ਮੰਨਣੀ ਪਈ ਹੈ। (ਦਾਨੀਏਲ 2:43; ਅੱਯੂਬ 10:9) ਪਰ ਕਠੋਰ ਹਕੂਮਤ ਅਤੇ ਆਮ ਜਨਤਾ ਆਪਸ ਵਿਚ ਜ਼ਰਾ ਵੀ ਨਹੀਂ ਰਲਦੀਆਂ-ਮਿਲਦੀਆਂ, ਠੀਕ ਜਿਵੇਂ ਲੋਹਾ ਅਤੇ ਮਿੱਟੀ ਇਕ ਦੂਜੇ ਨਾਲ ਨਹੀਂ ਰਲਦੇ-ਮਿਲਦੇ। ਲੇਕਿਨ ਪਰਮੇਸ਼ੁਰ ਦਾ ਰਾਜ ਜਲਦੀ ਹੀ ਇਸ ਸੰਸਾਰ ਦਾ ਅੰਤ ਲਿਆਵੇਗਾ ਜਿਸ ਵਿਚ ਰਾਜਨੀਤਿਕ ਤੌਰ ਤੇ ਕੋਈ ਏਕਤਾ ਨਹੀਂ।—ਦਾਨੀਏਲ 2:44.

23. ਬੇਲਸ਼ੱਸਰ ਦੇ ਸ਼ਾਸਨ ਦੇ ਪਹਿਲੇ ਸਾਲ ਦੌਰਾਨ ਦਾਨੀਏਲ ਦੇ ਸੁਪਨੇ ਅਤੇ ਦਰਸ਼ਣਾਂ ਬਾਰੇ ਦੱਸੋ।

23ਦਾਨੀਏਲ ਦੇ 7ਵੇਂ ਅਧਿਆਇ ਦੀ ਦਿਲਚਸਪ ਭਵਿੱਖਬਾਣੀ ਵੀ ਅੰਤ ਦੇ ਸਮੇਂ ਵਿਚ ਪੂਰੀ ਹੁੰਦੀ ਹੈ। ਇਹ ਅਧਿਆਇ ਬਾਬਲੀ ਬਾਦਸ਼ਾਹ ਬੇਲਸ਼ੱਸਰ ਦੇ ਸ਼ਾਸਨ ਦੇ ਪਹਿਲੇ ਸਾਲ ਦੀ ਇਕ ਘਟਨਾ ਬਾਰੇ ਦੱਸਦਾ ਹੈ। ਦਾਨੀਏਲ ਉਦੋਂ ਸੱਤਰਾਂ ਕੁ ਸਾਲਾਂ ਦਾ ਸੀ ਜਦੋਂ ਉਸ ਨੂੰ “ਆਪਣੇ ਪਲੰਘ ਉੱਤੇ ਇੱਕ ਸੁਫ਼ਨਾ ਅਤੇ ਆਪਣੇ ਸਿਰ ਦੀਆਂ ਦਰਿਸ਼ਟਾਂ ਡਿੱਠੀਆਂ।” ਇਹ ਦਰਸ਼ਣ ਉਸ ਨੂੰ ਬਹੁਤ ਹੀ ਡਰਾਉਂਦੇ ਹਨ! ਦਾਨੀਏਲ ਹੈਰਾਨੀ ਨਾਲ ਕਹਿੰਦਾ ਹੈ: ‘ਮੈਂ ਕੀ ਵੇਖਿਆ ਜੋ ਅਕਾਸ਼ ਦੀਆਂ ਚਾਰੇ ਪੌਣਾਂ ਵੱਡੇ ਸਮੁੰਦਰ ਉੱਤੇ ਜ਼ੋਰ ਨਾਲ ਵਗਦੀਆਂ ਸਨ। ਅਤੇ ਸਮੁੰਦਰ ਵਿੱਚੋਂ ਚਾਰ ਵੱਡੇ ਵੱਡੇ ਦਰਿੰਦੇ ਜੋ ਇੱਕ ਦੂਜੇ ਨਾਲੋਂ ਵੱਖੋ ਵੱਖ ਸਨ ਨਿੱਕਲਦੇ ਸਨ।’ (ਦਾਨੀਏਲ 7:1-8, 15) ਇਹ ਦਰਿੰਦੇ ਕਿੰਨੇ ਅਜੀਬ ਲੱਗਦੇ ਸਨ! ਪਹਿਲਾ ਉਕਾਬ ਜਿਹੇ ਖੰਭਾਂ ਵਾਲਾ ਇਕ ਬੱਬਰ ਸ਼ੇਰ ਸੀ, ਅਤੇ ਦੂਜਾ ਇਕ ਰਿੱਛ ਵਰਗਾ। ਫਿਰ ਇਸ ਤੋਂ ਬਾਅਦ ਚਾਰ ਖੰਭਾਂ ਵਾਲਾ ਇਕ ਚਿੱਤਰਾ ਨਿਕਲਿਆ ਜਿਸ ਦੇ ਚਾਰ ਸਿਰ ਸਨ! ਚੌਥਾ ਦਰਿੰਦਾ ਡਾਢਾ ਬਲਵਾਨ ਸੀ ਅਤੇ ਉਸ ਦੇ ਵੱਡੇ-ਵੱਡੇ ਲੋਹੇ ਦੇ ਦੰਦ ਅਤੇ ਦਸ ਸਿੰਙ ਸਨ। ਉਸ ਦੇ ਦਸਾਂ ਸਿੰਙਾਂ ਵਿੱਚੋਂ ਇਕ ਹੋਰ “ਨਿੱਕਾ ਜਿਹਾ” ਸਿੰਙ ਨਿਕਲਿਆ ਜਿਸ ਦੀਆਂ “ਅੱਖਾਂ ਮਨੁੱਖ ਦੀਆਂ ਅੱਖਾਂ ਵਰਗੀਆਂ ਸਨ” ਅਤੇ “ਜੋ ਵੱਡੀਆਂ ਵੱਡੀਆਂ ਗੱਲਾਂ ਬੋਲ ਰਿਹਾ ਸੀ।” ਇਹ ਜੀਵ ਕਿੰਨੇ ਭਿਆਨਕ ਸਨ!

24. ਦਾਨੀਏਲ 7:9-14 ਅਨੁਸਾਰ ਦਾਨੀਏਲ ਨੇ ਸਵਰਗ ਵਿਚ ਕੀ ਦੇਖਿਆ ਸੀ, ਅਤੇ ਇਹ ਦਰਸ਼ਣ ਕੀ ਸੰਕੇਤ ਕਰਦਾ ਹੈ?

24 ਦਾਨੀਏਲ ਨੇ ਅੱਗੇ ਆਕਾਸ਼ ਬਾਰੇ ਇਕ ਦਰਸ਼ਣ ਦੇਖਿਆ। (ਦਾਨੀਏਲ 7:9-14) “ਅੱਤ ਪ੍ਰਾਚੀਨ,” ਯਹੋਵਾਹ ਪਰਮੇਸ਼ੁਰ, ਇਕ ਨਿਆਂਕਾਰ ਵਜੋਂ ਆਪਣੀ ਸ਼ਾਨ ਵਿਚ ਸਿੰਘਾਸਣ ਉੱਤੇ ਬੈਠਾ ਹੋਇਆ ਹੈ। ‘ਹਜ਼ਾਰਾਂ ਹੀ ਹਜ਼ਾਰ ਉਹ ਦੀ ਟਹਿਲ ਕਰਦੇ ਹਨ, ਅਤੇ ਲੱਖਾਂ ਦਰ ਲੱਖ ਉਹ ਦੇ ਅੱਗੇ ਖਲੋਤੇ ਹਨ!’ ਉਹ ਦਰਿੰਦਿਆਂ ਨੂੰ ਸਜ਼ਾ ਦੇ ਕੇ ਉਨ੍ਹਾਂ ਤੋਂ ਰਾਜ ਲੈ ਲੈਂਦਾ ਹੈ ਅਤੇ ਚੌਥੇ ਦਰਿੰਦੇ ਦਾ ਨਾਸ਼ ਕਰ ਦਿੰਦਾ ਹੈ। ‘ਮਨੁੱਖ ਦੇ ਪੁੱਤ੍ਰ ਵਰਗੇ ਇੱਕ ਜਣੇ’ ਨੂੰ “ਸੱਭੇ ਕੌਮਾਂ ਅਰ ਲੋਕ ਅਰ ਬੋਲੀਆਂ” ਉੱਪਰ ਸਦਾ ਦਾ ਰਾਜ ਦਿੱਤਾ ਜਾਂਦਾ ਹੈ। ਇਹ ਅੰਤ ਦੇ ਸਮੇਂ ਵੱਲ ਅਤੇ ਉਸ ਸਮੇਂ ਵੱਲ ਧਿਆਨ ਖਿੱਚਦਾ ਹੈ ਜਦੋਂ ਰਾਜੇ ਵਜੋਂ ਮਨੁੱਖ ਦਾ ਪੁੱਤਰ, ਯਿਸੂ ਮਸੀਹ 1914 ਵਿਚ ਤਖ਼ਤ ਤੇ ਬੈਠਾ ਸੀ।

25, 26. ਜਦੋਂ ਅਸੀਂ ਦਾਨੀਏਲ ਦੀ ਪੋਥੀ ਪੜ੍ਹਦੇ ਹਾਂ ਤਾਂ ਸ਼ਾਇਦ ਕਿਹੜੇ ਸਵਾਲ ਪੈਦਾ ਹੋਣ, ਅਤੇ ਇਨ੍ਹਾਂ ਦੇ ਜਵਾਬ ਲੱਭਣ ਵਿਚ ਕਿਹੜੀ ਪੁਸਤਕ ਸਾਡੀ ਮਦਦ ਕਰ ਸਕਦੀ ਹੈ?

25 ਜਿਹੜਾ ਵੀ ਦਾਨੀਏਲ ਦੀ ਪੋਥੀ ਨੂੰ ਪੜ੍ਹਦਾ ਹੈ ਉਸ ਕੋਲ ਕਈ ਹੋਰ ਸਵਾਲ ਵੀ ਜ਼ਰੂਰ ਹੋਣਗੇ। ਮਿਸਾਲ ਲਈ, ਦਾਨੀਏਲ ਦੇ 7ਵੇਂ ਅਧਿਆਇ ਦੇ ਚਾਰ ਦਰਿੰਦੇ ਕਿਸ ਨੂੰ ਦਰਸਾਉਂਦੇ ਹਨ? ਦਾਨੀਏਲ 9:24-27 ਵਿਚ ਜ਼ਿਕਰ ਕੀਤੀ ਗਈ ‘ਸੱਤਰ ਸਾਤਿਆਂ’ ਦੀ ਭਵਿੱਖਬਾਣੀ ਦਾ ਕੀ ਅਰਥ ਹੈ? ਦਾਨੀਏਲ ਦੇ 11ਵੇਂ ਅਧਿਆਇ ਦੀ ਭਵਿੱਖਬਾਣੀ ਵਿਚ ‘ਉੱਤਰ ਦੇ ਰਾਜੇ’ ਅਤੇ ‘ਦੱਖਣ ਦੇ ਰਾਜੇ’ ਦੇ ਆਪਸੀ ਵਿਰੋਧ ਬਾਰੇ ਕੀ ਪਤਾ ਲੱਗਦਾ ਹੈ? ਇਹ ਰਾਜੇ ਹੁਣ ਅੰਤ ਦੇ ਸਮੇਂ ਵਿਚ ਕੀ ਕਰ ਰਹੇ ਹਨ?

26 ਯਹੋਵਾਹ ਨੇ ਧਰਤੀ ਉੱਤੇ ਆਪਣੇ ਮਸਹ ਕੀਤੇ ਹੋਏ ਸੇਵਕਾਂ ਨੂੰ ਅਜਿਹੀਆਂ ਗੱਲਾਂ ਬਾਰੇ ਦੱਸਿਆ ਹੈ। ਇਨ੍ਹਾਂ ਸੇਵਕਾਂ ਨੂੰ ਦਾਨੀਏਲ 7:18 ਵਿਚ “ਅੱਤ ਮਹਾਨ ਦੇ ਸੰਤ” ਸੱਦਿਆ ਗਿਆ ਹੈ। ਇਸ ਤੋਂ ਇਲਾਵਾ, “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਸਾਡੇ ਲਈ ਦਾਨੀਏਲ ਨਬੀ ਦੀਆਂ ਲਿਖਤਾਂ ਤੋਂ ਹੋਰ ਸਮਝ ਹਾਸਲ ਕਰਨ ਲਈ ਇਕ ਪ੍ਰਬੰਧ ਕੀਤਾ ਹੈ। (ਮੱਤੀ 24:45) ਇਹ ਸਮਝ ਸਾਨੂੰ ਨਵੀਂ ਪੁਸਤਕ ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਦੁਆਰਾ ਮਿਲ ਸਕਦੀ ਹੈ। ਇਹ 320 ਸਫ਼ਿਆਂ ਵਾਲੀ ਪੁਸਤਕ ਸੁੰਦਰ ਤਸਵੀਰਾਂ ਨਾਲ ਭਰੀ ਹੋਈ ਹੈ, ਅਤੇ ਇਹ ਦਾਨੀਏਲ ਦੀ ਪੋਥੀ ਦੇ ਹਰ ਹਿੱਸੇ ਬਾਰੇ ਚਰਚਾ ਕਰਦੀ ਹੈ। ਇਸ ਵਿਚ ਨਿਹਚਾ ਵਧਾਉਣ ਵਾਲੀਆਂ ਉਨ੍ਹਾਂ ਸਾਰੀਆਂ ਭਵਿੱਖਬਾਣੀਆਂ ਅਤੇ ਕਹਾਣੀਆਂ ਬਾਰੇ ਦੱਸਿਆ ਗਿਆ ਹੈ ਜੋ ਪਰਮੇਸ਼ੁਰ ਦੇ ਪਿਆਰੇ ਨਬੀ, ਦਾਨੀਏਲ ਨੇ ਸਾਡੇ ਲਈ ਰਿਕਾਰਡ ਕੀਤੀਆਂ ਸਨ।

ਸਾਡੇ ਜ਼ਮਾਨੇ ਲਈ ਵੀ ਜ਼ਰੂਰੀ

27, 28. (ੳ) ਦਾਨੀਏਲ ਦੀ ਪੋਥੀ ਦੀਆਂ ਭਵਿੱਖਬਾਣੀਆਂ ਦੀ ਪੂਰਤੀ ਬਾਰੇ ਕੀ ਸੱਚ ਹੈ? (ਅ) ਅਸੀਂ ਕਿਸ ਸਮੇਂ ਵਿਚ ਜੀ ਰਹੇ ਹਾਂ ਅਤੇ ਸਾਨੂੰ ਕੀ ਕਰਨਾ ਚਾਹੀਦਾ ਹੈ?

27 ਹੁਣ ਤੁਸੀਂ ਇਸ ਮਹੱਤਵਪੂਰਣ ਗੱਲ ਉੱਤੇ ਗੌਰ ਕਰੋ: ਥੋੜ੍ਹੀਆਂ ਜਿਹੀਆਂ ਗੱਲਾਂ ਤੋਂ ਇਲਾਵਾ, ਦਾਨੀਏਲ ਦੀ ਪੋਥੀ ਦੀਆਂ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਹੋ ਚੁੱਕੀਆਂ ਹਨ। ਮਿਸਾਲ ਲਈ, ਅਸੀਂ ਉਸ ਵਿਸ਼ਵ ਸਥਿਤੀ ਨੂੰ ਹੁਣ ਦੇਖ ਸਕਦੇ ਹਾਂ ਜੋ ਦਾਨੀਏਲ ਦੇ ਦੂਜੇ ਅਧਿਆਇ ਵਿਚ ਸੁਪਨੇ ਦੀ ਮੂਰਤ ਦੇ ਪੈਰਾਂ ਦੁਆਰਾ ਦਰਸਾਈ ਗਈ ਸੀ। ਦਾਨੀਏਲ ਦੇ ਚੌਥੇ ਅਧਿਆਇ ਵਿਚ ਬੰਨ੍ਹੇ ਹੋਏ ਰੁੱਖ ਦਾ ਡੁੰਡ, 1914 ਵਿਚ ਪਰਮੇਸ਼ੁਰ ਦੇ ਸਵਰਗੀ ਰਾਜੇ, ਯਿਸੂ ਮਸੀਹ, ਦੀ ਸਥਾਪਨਾ ਨਾਲ ਖੋਲ੍ਹ ਦਿੱਤਾ ਗਿਆ ਸੀ। ਜੀ ਹਾਂ, ਜਿਵੇਂ ਦਾਨੀਏਲ ਦੇ 7ਵੇਂ ਅਧਿਆਇ ਵਿਚ ਦੱਸਿਆ ਗਿਆ ਸੀ, ਉਦੋਂ ਅੱਤ ਪ੍ਰਾਚੀਨ ਨੇ ਮਨੁੱਖ ਦੇ ਪੁੱਤਰ ਨੂੰ ਰਾਜ ਸੌਂਪਿਆ ਸੀ।—ਦਾਨੀਏਲ 7:13, 14; ਮੱਤੀ 16:27–17:9.

28ਦਾਨੀਏਲ ਦੇ 8ਵੇਂ ਅਧਿਆਇ ਦੇ 2,300 ਦਿਨ, ਨਾਲੇ 12ਵੇਂ ਅਧਿਆਇ ਦੇ 1,290 ਦਿਨ ਅਤੇ 1,335 ਦਿਨ ਹੁਣ ਬੀਤ ਚੁੱਕੇ ਹਨ। ਦਾਨੀਏਲ ਦੇ 11ਵੇਂ ਅਧਿਆਇ ਦਾ ਅਧਿਐਨ ਦਿਖਾਉਂਦਾ ਹੈ ਕਿ ਉੱਤਰ ਦੇ ਅਤੇ ਦੱਖਣ ਦੇ ਰਾਜੇ ਦਾ ਆਪਸੀ ਵਿਰੋਧ ਆਪਣੇ ਸਿਖਰ ਤੇ ਪਹੁੰਚ ਗਿਆ ਹੈ। ਇਹ ਸਭ ਕੁਝ ਸਾਬਤ ਕਰਦਾ ਹੈ ਕਿ ਬਾਈਬਲ ਇਹ ਕਹਿਣ ਵਿਚ ਸੱਚੀ ਹੈ ਕਿ ਅਸੀਂ ਹੁਣ ਅੰਤ ਦੇ ਸਮੇਂ ਵਿਚ ਜੀ ਰਹੇ ਹਾਂ। ਸਮੇਂ ਦੀ ਧਾਰਾ ਵਿਚ ਆਪਣੀ ਅਨੋਖੀ ਸਥਿਤੀ ਉੱਤੇ ਗੌਰ ਕਰਦਿਆਂ, ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਬਣਾਉਣਾ ਚਾਹੀਦਾ ਹੈ? ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਨੂੰ ਯਹੋਵਾਹ ਪਰਮੇਸ਼ੁਰ ਦੇ ਅਗੰਮ ਵਾਕ ਵੱਲ ਧਿਆਨ ਦੇਣਾ ਚਾਹੀਦਾ ਹੈ।

ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?

• ਪਰਮੇਸ਼ੁਰ ਸਾਰੀ ਮਨੁੱਖਜਾਤੀ ਨੂੰ ਸਾਡੇ ਸਮੇਂ ਬਾਰੇ ਕਿਹੜੀ ਗੱਲ ਦੱਸਣੀ ਚਾਹੁੰਦਾ ਹੈ?

• ਦਾਨੀਏਲ ਦੀ ਪੋਥੀ ਸਾਡੀ ਨਿਹਚਾ ਨੂੰ ਕਿਸ ਤਰ੍ਹਾਂ ਮਜ਼ਬੂਤ ਕਰ ਸਕਦੀ ਹੈ?

• ਨਬੂਕਦਨੱਸਰ ਦੇ ਸੁਪਨੇ ਦੀ ਮੂਰਤ ਕਿਸ ਤਰ੍ਹਾਂ ਦੀ ਸੀ ਅਤੇ ਉਸ ਦੇ ਵੱਖਰੇ-ਵੱਖਰੇ ਹਿੱਸੇ ਕਿਨ੍ਹਾਂ ਨੂੰ ਦਰਸਾਉਂਦੇ ਸਨ?

• ਦਾਨੀਏਲ ਦੀ ਪੋਥੀ ਦੀਆਂ ਭਵਿੱਖਬਾਣੀਆਂ ਦੀ ਕਿਹੜੀ ਗੱਲ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ?

[ਸਵਾਲ]