ਭਾਰਤ ਤੋਂ ਬਾਈਬਲ ਸਟੱਡੀ ਦੁਆਰਾ ਨਿਹਚਾ ਵਧਾਉਣ ਦੀਆਂ ਮਿਸਾਲਾਂ
ਅਸੀਂ ਉਹ ਹਾਂ ਜਿਹੜੇ ਨਿਹਚਾ ਕਰਦੇ ਹਨ
ਭਾਰਤ ਤੋਂ ਬਾਈਬਲ ਸਟੱਡੀ ਦੁਆਰਾ ਨਿਹਚਾ ਵਧਾਉਣ ਦੀਆਂ ਮਿਸਾਲਾਂ
ਉਤਰੀ ਭਾਰਤ ਵਿਚ ਬਰਫ਼ ਨਾਲ ਢੱਕਿਆ ਹੋਇਆ ਹਿਮਾਲੀਆ ਦਾ ਪਰਬਤ ਹੈ ਅਤੇ ਦੱਖਣੀ ਭਾਰਤ ਵਿਚ ਹਿੰਦ ਮਹਾਂਸਾਗਰ ਦੇ ਤੱਪਦੇ ਕਿਨਾਰੇ ਹਨ। ਭਾਰਤ ਦੇ ਨਜ਼ਾਰੇ ਵੰਨ-ਸੁਵੰਨੇ ਹਨ ਚਾਹੇ ਤੁਸੀਂ ਉਨ੍ਹਾਂ ਨੂੰ ਇਲਾਕਾਈ ਖੂਬੀਆਂ ਪੱਖੋਂ ਦੇਖੋ ਚਾਹੇ ਧਰਮਾਂ ਪੱਖੋਂ। ਭਾਰਤ ਦੇ ਦਸ ਖਰਬ ਲੋਕਾਂ ਵਿੱਚੋਂ 83 ਫੀ ਸਦੀ ਹਿੰਦੂ ਹਨ, 11 ਫੀ ਸਦੀ ਮੁਸਲਮਾਨ, ਅਤੇ ਬਾਕੀ ਦੇ ਈਸਾਈ, ਸਿੱਖ, ਬੋਧੀ, ਅਤੇ ਜੈਨੀ ਲੋਕ ਹਨ। ਸਾਰਿਆਂ ਨੂੰ ਆਪੋ-ਆਪਣੇ ਧਰਮਾਂ ਅਨੁਸਾਰ ਭਗਤੀ ਕਰਨ ਦੀ ਪੂਰੀ ਆਜ਼ਾਦੀ ਹੈ। ਦ ਵਰਲਡ ਬੁੱਕ ਐਨਸਾਈਕਲੋਪੀਡਿਆ ਕਹਿੰਦਾ ਹੈ ਕਿ “ਭਾਰਤੀ ਜੀਵਨ ਵਿਚ ਧਰਮ ਵੱਡੀ ਵਿਸ਼ੇਸ਼ਤਾ ਰੱਖਦਾ ਹੈ।”
ਭਾਰਤ ਵਿਚ ਯਹੋਵਾਹ ਦੇ 21,200 ਗਵਾਹ ਹਨ ਜੋ ਮਸੀਹੀ ਮਤ ਅਨੁਸਾਰ ਆਪਣੀਆਂ ਜ਼ਿੰਦਗੀਆਂ ਬਤੀਤ ਕਰਦੇ ਹਨ। ਸੰਸਾਰ ਦੇ ਦੂਜਿਆਂ ਹਿੱਸਿਆਂ ਵਿਚ ਆਪਣੇ ਧਰਮ ਭਾਈ-ਭੈਣਾਂ ਵਾਂਗ, ਭਾਰਤ ਦੇ ਗਵਾਹ ਵੀ ਪਵਿੱਤਰ ਬਾਈਬਲ ਦੁਆਰਾ ਆਪਣੇ ਗੁਆਂਢੀਆਂ ਦੀ ਨਿਹਚਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਪ੍ਰਚਾਰ ਦੇ ਇਸ ਕੰਮ ਵਿਚ ਹਿੱਸਾ ਲੈਣਾ ਉਹ ਆਪਣਾ ਮਾਣ ਸਮਝਦੇ ਹਨ। (2 ਤਿਮੋਥਿਉਸ 3:16, 17) ਭਾਰਤ ਦੇ ਦੱਖਣ ਵਿਚ ਚਿੰਨਈ ਵਿਖੇ ਰਹਿੰਦੇ ਇਕ ਪਰਿਵਾਰ ਉੱਤੇ ਗੌਰ ਕਰੋ ਕਿ ਉਨ੍ਹਾਂ ਨੂੰ ਬਾਈਬਲ ਦੀ ਸੱਚਾਈ ਦਾ ਗਿਆਨ ਕਿਸ ਤਰ੍ਹਾਂ ਮਿਲਿਆ।
ਯਹੋਵਾਹ ਦੇ ਗਵਾਹਾਂ ਨੂੰ ਮਿਲਣ ਤੋਂ ਪਹਿਲਾਂ ਇਸ ਪਰਿਵਾਰ ਦੇ ਜੀਅ ਅਜਿਹੇ ਕੈਥੋਲਿਕ ਚਰਚ ਦੇ ਮੈਂਬਰ ਹੁੰਦੇ ਸਨ ਜੋ ਦਰਸ਼ਣ ਦੇਖਣ, ਅਨੋਖੀਆਂ ਭਾਸ਼ਾਵਾਂ ਬੋਲਣ ਅਤੇ ਬੀਮਾਰਾਂ ਨੂੰ ਚੰਗਾ ਕਰਨ ਦਾ ਦਾਅਵਾ ਕਰਦਾ ਸੀ। ਇਸ ਪਰਿਵਾਰ ਦੇ ਜੀਅ ਚਰਚ ਅਤੇ ਸਮਾਜ ਵਿਚ ਮੰਨੇ-ਪ੍ਰਮੰਨੇ ਲੋਕ ਸਨ ਅਤੇ ਲੋਕ ਉਨ੍ਹਾਂ ਦੇ ਕੁਝ ਬੰਦਿਆਂ ਨੂੰ “ਸੁਆਮੀ” ਵੀ ਸੱਦਦੇ ਸਨ। ਫਿਰ ਇਕ ਦਿਨ ਸਾਡੇ ਇਕ ਭਰਾ ਨੇ ਉਸ ਪਰਿਵਾਰ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਬਾਈਬਲ ਤੋਂ ਦਿਖਾਇਆ ਕਿ ਯਿਸੂ, ਪਰਮਾਤਮਾ ਦਾ ਪੁੱਤਰ ਹੈ, ਨਾ ਕਿ ਖ਼ੁਦ ਪਰਮਾਤਮਾ ਜਿਸ ਤਰ੍ਹਾਂ ਕਈ ਲੋਕ ਮੰਨਦੇ ਹਨ। ਸਾਡੇ ਭਰਾ ਨੇ ਉਨ੍ਹਾਂ ਨੂੰ ਇਹ ਵੀ ਦਿਖਾਇਆ ਕਿ ਪਰਮਾਤਮਾ ਦਾ ਨਾਂ ਯਹੋਵਾਹ ਹੈ ਅਤੇ ਯਹੋਵਾਹ ਇਸ ਧਰਤੀ ਨੂੰ ਇਕ ਸੁੰਦਰ ਬਾਗ਼-ਬਗ਼ੀਚੇ ਦੇ ਰੂਪ ਵਿਚ ਬਦਲ ਦੇਵੇਗਾ।—ਜ਼ਬੂਰ 83:18; ਲੂਕਾ 23:43; ਯੂਹੰਨਾ 3:16.
ਇਹ ਪਰਿਵਾਰ ਪਰਮਾਤਮਾ ਦੇ ਬਚਨ ਦਾ ਆਦਰ ਕਰਦਾ ਸੀ ਅਤੇ ਉਨ੍ਹਾਂ ਨੂੰ ਇਹ ਗੱਲਾਂ ਬਹੁਤ ਪਸੰਦ ਆਈਆਂ। ਇਸ ਲਈ ਉਹ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰਨ ਲਈ ਰਾਜ਼ੀ ਹੋਏ। ਇਸ ਕਰਕੇ ਚਰਚ ਦੇ ਲੋਕਾਂ ਨੇ ਉਨ੍ਹਾਂ ਦਾ ਮਖੌਲ ਉਡਾਉਣਾ ਸ਼ੁਰੂ ਕਰ ਦਿੱਤਾ। ਪਰ ਫਿਰ ਵੀ ਇਸ ਪਰਿਵਾਰ ਨੇ ਬਾਈਬਲ ਦੀ ਸਟੱਡੀ ਬੰਦ ਨਹੀਂ ਕੀਤੀ। ਜਿੱਦਾਂ-ਜਿੱਦਾਂ ਉਹ ਗਿਆਨ ਵਿਚ ਵਧਦੇ ਗਏ ਅਤੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੁੰਦੀ ਗਈ, ਉਨ੍ਹਾਂ ਨੇ ਆਪਣੇ ਗ਼ਲਤ ਧਾਰਮਿਕ ਰੀਤ-ਰਿਵਾਜ ਛੱਡ ਦਿੱਤੇ। ਅੱਜ ਉਸ ਪਰਿਵਾਰ ਦੇ ਤਿੰਨਾਂ ਜੀਆਂ ਨੇ ਬਪਤਿਸਮਾ ਲਿਆ ਹੋਇਆ ਹੈ ਅਤੇ ਉਹ ਜੋਸ਼ ਨਾਲ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਂਦੇ ਹਨ। ਉਨ੍ਹਾਂ ਦੀ ਮਾਂ ਕਦੇ-ਕਦੇ ਪਾਇਨੀਅਰੀ ਕਰਦੀ ਹੁੰਦੀ ਹੈ।
ਔਕੜਾਂ ਦੇ ਬਾਵਜੂਦ ਨਿਹਚਾ
ਸੁੰਦਰ ਲਾਲ ਨਾਂ ਦਾ ਇਕ ਨੌਜਵਾਨ ਪੰਜਾਬ ਦੇ ਇਕ ਪਿੰਡ ਵਿਚ ਰਹਿੰਦਾ ਹੈ। ਉਸ ਨੂੰ ਪਰਮਾਤਮਾ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਮਜ਼ਬੂਤ ਨਿਹਚਾ ਅਤੇ ਵੱਡੀ ਹਿੰਮਤ ਦੀ ਲੋੜ ਹੈ। (ਮੱਤੀ 24:14) ਇਸ ਦਾ ਇਕ ਕਾਰਨ ਇਹ ਹੈ ਕਿ ਉਸ ਨੇ ਆਪਣੇ ਪਰਿਵਾਰ ਅਤੇ ਪਿੰਡ ਦੇ ਦੇਵੀ-ਦੇਵਤਿਆਂ ਦੀ ਪੂਜਾ ਛੱਡ ਕੇ ਸੱਚੇ ਪਰਮੇਸ਼ੁਰ ਯਹੋਵਾਹ ਦੀ ਪੂਜਾ ਕਰਨੀ ਸ਼ੁਰੂ ਕੀਤੀ ਹੈ। ਦੂਜਾ ਕਾਰਨ ਇਹ ਹੈ ਕਿ ਸੁੰਦਰ ਲਾਲ ਦੀਆਂ ਲੱਤਾਂ ਨਹੀਂ ਹਨ।
ਸੰਨ 1992 ਤਕ ਸੁੰਦਰ ਲਾਲ ਦੀ ਜ਼ਿੰਦਗੀ ਆਮ ਲੋਕਾਂ ਵਰਗੀ ਸੀ। ਉਹ ਇਕ ਡਾਕਟਰ ਦੇ ਦਫ਼ਤਰ ਵਿਚ ਕੰਮ ਕਰਦਾ ਹੁੰਦਾ ਸੀ ਅਤੇ ਆਪਣੇ ਪਰਿਵਾਰ ਨਾਲ ਆਪਣੇ ਗੁਰੂ ਦੀ ਸਲਾਹ ਮੁਤਾਬਕ ਕਈਆਂ ਦੇਵੀ-ਦੇਵਤਿਆਂ ਦੀ ਪੂਜਾ ਕਰਦਾ ਸੀ। ਫਿਰ ਇਕ ਰਾਤ ਇਕ ਵੱਡੀ ਬਿਪਤਾ ਵਾਪਰੀ ਜਦੋਂ ਉਹ ਰੇਲ-ਗੱਡੀ ਦੀ ਲਾਈਨ ਟੱਪ ਰਿਹਾ ਸੀ ਅਤੇ ਉਹ ਡਿੱਗ ਪਿਆ। ਰੇਲ ਗੱਡੀ ਉਸ ਦੇ ਉੱਪਰੋਂ ਲੰਘ ਗਈ ਅਤੇ ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ। ਭਾਵੇਂ ਕਿ ਉਹ ਬੱਚ ਗਿਆ, ਉਸ ਦੀ ਜ਼ਿੰਦਗੀ ਬਰਬਾਦ ਹੋ ਗਈ। ਅਸੀਂ ਸਮਝ ਸਕਦੇ ਹਾਂ ਕਿ ਸੁੰਦਰ ਲਾਲ ਕਿਉਂ ਬਹੁਤ ਹੀ ਨਿਰਾਸ਼ ਹੋ ਗਿਆ ਅਤੇ ਆਤਮ-ਹੱਤਿਆ ਕਰਨ ਬਾਰੇ ਵੀ ਸੋਚਣ ਲੱਗ ਪਿਆ। ਉਸ ਦੇ ਪਰਿਵਾਰ ਨੇ ਉਸ ਦੀ ਬੜੀ ਮਦਦ ਕੀਤੀ, ਪਰ ਉਸ ਨੂੰ ਕੋਈ ਉਮੀਦ ਨਜ਼ਰ ਨਹੀਂ ਆਉਂਦੀ ਸੀ।
ਫਿਰ ਇਕ ਦਿਨ ਯਹੋਵਾਹ ਦੇ ਇਕ ਗਵਾਹ ਨੇ ਸੁੰਦਰ ਲਾਲ ਨੂੰ ਬਾਈਬਲ ਤੋਂ ਦਿਖਾਇਆ ਕਿ ਪਰਮਾਤਮਾ ਨੇ ਵਾਅਦਾ ਕੀਤਾ ਹੈ ਕਿ ਉਹ ਧਰਤੀ ਨੂੰ ਇਕ ਬਹੁਤ ਹੀ ਵਧੀਆ ਥਾਂ ਬਣਾ ਦੇਵੇਗਾ। ਉਸ ਨੇ ਇਹ ਵੀ ਸਮਝਾਇਆ ਕਿ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਚੰਗੀ ਸਿਹਤ ਦੇਣ ਦਾ ਵਾਅਦਾ ਵੀ ਕੀਤਾ ਹੈ ਜੋ ਉਸ ਦਾ ਭੈ ਰੱਖਦੇ ਹਨ ਅਤੇ ਉਸ ਨਾਲ ਪ੍ਰੇਮ ਕਰਦੇ ਹਨ। ਸੁੰਦਰ ਲਾਲ ਨੇ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕੀਤੀ ਅਤੇ ਉਸ ਨੇ ਇਕ ਸਾਲ ਲਈ ਬੜੇ ਧਿਆਨ ਨਾਲ ਸਟੱਡੀ ਕੀਤੀ। ਇਸ ਤੋਂ ਬਾਅਦ ਉਸ ਨੂੰ ਮਸੀਹੀ ਸਭਾਵਾਂ ਤੇ ਆਉਣ ਲਈ ਸੱਦਾ ਦਿੱਤਾ ਗਿਆ ਅਤੇ ਉਹ ਆਪਣੇ ਦੋਸਤ ਦੇ ਸਾਈਕਲ ਦੇ ਪਿੱਛੇ ਬੈਠ ਕੇ ਸਭਾ ਤੇ ਪਹੁੰਚਿਆ। ਭਾਵੇਂ ਕਿ ਉੱਥੇ ਪਹੁੰਚਣਾ ਉਸ ਲਈ ਔਖਾ ਸੀ, ਉਸ ਨੂੰ ਬਹੁਤ ਹੀ ਲਾਭ ਹੋਇਆ। ਉੱਥੇ ਉਸ ਨੂੰ ਅਜਿਹੇ ਲੋਕ ਮਿਲੇ ਜੋ ਪਰਮੇਸ਼ੁਰ ਦੇ ਬਚਨ ਦੇ ਵਾਅਦਿਆਂ ਉੱਤੇ ਪੂਰਾ ਯਕੀਨ ਕਰਦੇ ਸਨ ਅਤੇ ਬਾਈਬਲ ਦੀਆਂ ਸਿੱਖਿਆਵਾਂ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰਦੇ ਸਨ। ਫਿਰ ਉਸ ਨੇ ਵੀ ਇਨ੍ਹਾਂ ਵਾਅਦਿਆਂ ਵਿਚ ਪੂਰਾ ਯਕੀਨ ਕਰਨਾ ਸ਼ੁਰੂ ਕਰ ਦਿੱਤਾ।
ਸੁੰਦਰ ਲਾਲ ਆਪਣੇ ਗੁਆਂਢੀਆਂ ਨੂੰ ਖ਼ੁਸ਼ ਖ਼ਬਰੀ ਦੱਸਣ ਲੱਗ ਪਿਆ ਅਤੇ 1995 ਵਿਚ ਉਸ ਨੇ ਬਪਤਿਸਮਾ ਲੈ ਲਿਆ। ਪਹਿਲਾਂ-ਪਹਿਲ ਉਹ ਆਪਣੇ-ਆਪ ਨੂੰ ਘੜੀਸ-ਘੜੀਸ ਕੇ ਪਿੰਡ ਵਿਚ ਘਰ-ਘਰ ਜਾ ਕੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਂਦਾ ਹੁੰਦਾ ਸੀ। ਪਰ ਹੁਣ ਉਸ ਕੋਲ ਤਿੰਨਾਂ ਪਹੀਆਂ ਵਾਲਾ ਇਕ ਸਾਈਕਲ ਹੈ ਜੋ ਉਹ ਹੱਥਾਂ ਨਾਲ ਚਲਾ ਸਕਦਾ ਹੈ। ਇਹ ਸਾਈਕਲ ਉਸ ਦੇ ਧਰਮ ਭਾਈ-ਭੈਣਾਂ ਤੋਂ ਇਕ ਤੋਹਫ਼ਾ ਹੈ। ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਉਹ ਹੁਣ ਆਪੇ ਹੀ ਆ-ਜਾ ਸਕਦਾ ਹੈ ਅਤੇ ਕਲੀਸਿਯਾ ਦੀਆਂ ਸਭਾਵਾਂ ਤੇ ਜਾਣ ਲਈ ਸੱਤ ਮੀਲ ਦਾ ਸਫ਼ਰ ਖ਼ੁਦ ਕਰ ਸਕਦਾ ਹੈ। ਉਹ ਕਦੀ-ਕਦੀ ਮੌਨਸੂਨ ਦੀਆਂ ਬਰਸਾਤਾਂ ਵਿਚ ਅਤੇ ਕਦੀ-ਕਦੀ 110 ਡਿਗਰੀ ਦੀ ਗਰਮੀ ਵਿਚ ਵੀ ਇਸ ਤਰ੍ਹਾਂ ਕਰਦਾ ਹੈ।
ਸਭਾਵਾਂ ਵਿਚ ਹਾਜ਼ਰ ਹੋਣ ਤੋਂ ਇਲਾਵਾ, ਸੁੰਦਰ ਲਾਲ ਕਈਆਂ ਲੋਕਾਂ ਨਾਲ ਬਾਈਬਲ ਸਟੱਡੀ ਕਰਦਾ ਹੈ। ਇਸ ਤਰ੍ਹਾਂ ਉਹ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਸੱਚੇ ਪਰਮਾਤਮਾ ਯਹੋਵਾਹ ਵਿਚ ਨਿਹਚਾ ਕਰਨੀ ਚਾਹੁੰਦੇ ਹਨ। ਸੱਤ ਜਣਿਆਂ ਨੇ ਹੁਣ ਬਪਤਿਸਮਾ ਲੈ ਲਿਆ ਹੈ ਜਿਨ੍ਹਾਂ ਨਾਲ ਉਸ ਨੇ ਬਾਈਬਲ ਦੀ ਸਟੱਡੀ ਕੀਤੀ। ਤਿੰਨ ਹੋਰ ਬੰਦਿਆਂ ਨੇ ਵੀ ਬਪਤਿਸਮਾ ਲੈ ਲਿਆ ਹੈ ਜਿਨ੍ਹਾਂ ਨਾਲ ਸੁੰਦਰ ਲਾਲ ਨੇ ਸਟੱਡੀ ਸ਼ੁਰੂ ਕੀਤੀ ਸੀ ਪਰ ਉਸ ਦੇ ਸਾਥੀ ਗਵਾਹਾਂ ਨੇ ਜਾਰੀ ਰੱਖੀ।
ਬਾਈਬਲ ਦੇ ਅਨੁਸਾਰ, “ਸਭਨਾਂ ਨੂੰ ਨਿਹਚਾ ਨਹੀਂ ਹੈ।” (2 ਥੱਸਲੁਨੀਕੀਆਂ 3:2) ਪਰ ਜਿਹੜੇ ਬੰਦੇ ‘ਸਦੀਪਕ ਜੀਉਣ ਲਈ ਠਹਿਰਾਏ ਗਏ ਹਨ,’ ਉਨ੍ਹਾਂ ਦੀ ਨਿਹਚਾ ਪਰਮਾਤਮਾ ਦੇ ਬਚਨ ਦੀ ਸਟੱਡੀ ਲਗਾਤਾਰ ਕਰਨ ਦੁਆਰਾ ਮਜ਼ਬੂਤ ਬਣ ਸਕਦੀ ਹੈ। (ਰਸੂਲਾਂ ਦੇ ਕਰਤੱਬ 13:48) ਬਾਈਬਲ ਦੀ ਸਟੱਡੀ ਰਾਹੀਂ ਭਵਿੱਖ ਲਈ ਵਧੀਆ ਉਮੀਦ ਹਾਸਲ ਕਰ ਕੇ ਸਾਡੀਆਂ ਅੱਖਾਂ ਚਮਕ ਉੱਠਦੀਆਂ ਹਨ। ਭਾਰਤ ਦੇ ਕਈ ਲੋਕ ਇਸੇ ਉਮੀਦ ਵਿਚ ਨਿਹਚਾ ਕਰ ਰਹੇ ਹਨ।
[ਸਫ਼ੇ 30 ਉੱਤੇ ਨਕਸ਼ਾ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਅਫ਼ਗਾਨਿਸਤਾਨ
ਪਾਕਿਸਤਾਨ
ਨੇਪਾਲ
ਭੂਟਾਨ
ਚੀਨ
ਬੰਗਲਾਦੇਸ਼
ਮਿਆਨਮਾਰ
ਲਾਓਸ
ਥਾਈਲੈਂਡ
ਵੀਅਤਨਾਮ
ਕੰਬੋਡੀਆ
ਸ੍ਰੀ ਲੰਕਾ
ਭਾਰਤ
[ਕ੍ਰੈਡਿਟ ਲਾਈਨ]
Mountain High Maps® Copyright © 1997 Digital Wisdom, Inc.