ਯਿਸੂ ਦੀ ਜ਼ਿੰਦਗੀ ਬਾਰੇ ਬਹਿਸ ਅਜੇ ਵੀ ਜਾਰੀ ਹੈ
ਯਿਸੂ ਦੀ ਜ਼ਿੰਦਗੀ ਬਾਰੇ ਬਹਿਸ ਅਜੇ ਵੀ ਜਾਰੀ ਹੈ
ਕੀ ਬਾਈਬਲ ਵਿਚ ਮਸੀਹ ਦੇ ਜਨਮ ਬਾਰੇ ਇੰਜੀਲ ਦੀਆਂ ਗੱਲਾਂ ਸੱਚੀਆਂ ਹਨ?
ਕੀ ਪਹਾੜੀ ਉਪਦੇਸ਼ ਉਸ ਨੇ ਦਿੱਤਾ ਸੀ?
ਕੀ ਯਿਸੂ ਮੌਤ ਤੋਂ ਬਾਅਦ ਸੱਚ-ਮੁੱਚ ਹੀ ਜੀ ਉਠਾਇਆ ਗਿਆ ਸੀ?
ਦਰਅਸਲ, ਕੀ ਯਿਸੂ ਨੇ ਇਹ ਕਿਹਾ ਸੀ ਕਿ “ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ”?—ਯੂਹੰਨਾ 14:6.
ਜੀਸਸ ਸੈਮੀਨਾਰ ਦੀ ਸਭਾ-ਮੰਡਲੀ ਤੇ ਇਕੱਠੇ ਹੋਏ ਤਕਰੀਬਨ 80 ਵਿਦਵਾਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਬਾਰੇ ਚਰਚਾ ਕੀਤੀ। ਸੰਨ 1985 ਤੋਂ ਲੈ ਕੇ ਇਸ ਸੈਮੀਨਾਰ ਦੇ ਮੈਂਬਰ ਹਰ ਸਾਲ ਦੋ ਵਾਰ ਇਕੱਠੇ ਮਿਲਦੇ ਆਏ ਹਨ। ਇਹ ਵਿਦਵਾਨ ਐਸੇ ਸਵਾਲਾਂ ਦੇ ਜਵਾਬ ਇਕ ਅਨੋਖੇ ਤਰੀਕੇ ਵਿਚ ਦਿੰਦੇ ਹਨ। ਸੈਮੀਨਾਰ ਵਿਚ ਹਿੱਸਾ ਲੈਣ ਵਾਲਿਆਂ ਨੇ ਇੰਜੀਲ ਦੀਆਂ ਕਿਤਾਬਾਂ ਵਿਚ ਯਿਸੂ ਦੁਆਰਾ ਕਹੀਆਂ ਗਈਆਂ ਸਾਰੀਆਂ ਗੱਲਾਂ ਉੱਤੇ ਗੁਪਤ ਵੋਟਾਂ ਪਾਈਆਂ। ਜਦੋਂ ਲਾਲ ਪਰਚੀ ਪਾਈ ਜਾਂਦੀ ਸੀ,
ਤਾਂ ਇਸ ਦਾ ਮਤਲਬ ਸੀ ਕਿ ਯਿਸੂ ਨੇ ਇਹ ਗੱਲ ਕਹੀ ਸੀ। ਗੁਲਾਬੀ ਪਰਚੀ ਦਾ ਮਤਲਬ ਸੀ ਕਿ ਯਿਸੂ ਨੇ ਇਸ ਤਰ੍ਹਾਂ ਦਾ ਸ਼ਾਇਦ ਕੁਝ ਕਿਹਾ ਹੋਵੇ। ਸਲੇਟੀ ਰੰਗ ਦੀ ਪਰਚੀ ਦਿਖਾਉਂਦੀ ਸੀ ਕਿ ਸ਼ਾਇਦ ਵਿਚਾਰ ਤਾਂ ਯਿਸੂ ਦੇ ਵਿਚਾਰਾਂ ਵਰਗੇ ਹਨ, ਪਰ ਗੱਲ ਉਸ ਨੇ ਨਹੀਂ ਕਹੀ ਸੀ। ਕਾਲੀ ਪਰਚੀ ਦਾ ਅਰਥ ਸੀ ਕਿ ਗੱਲ ਯਿਸੂ ਦੀ ਬਿਲਕੁਲ ਨਹੀਂ ਹੋ ਸਕਦੀ, ਪਰ ਬਾਅਦ ਦੇ ਰੀਤਾਂ-ਰਿਵਾਜਾਂ ਤੋਂ ਅਪਣਾਈ ਗਈ ਸੀ।ਇਹ ਢੰਗ ਵਰਤ ਕੇ, ਜੀਸਸ ਸੈਮੀਨਾਰ ਵਿਚ ਹਿੱਸਾ ਲੈਣ ਵਾਲਿਆਂ ਨੇ ਯਿਸੂ ਬਾਰੇ ਸ਼ੁਰੂ ਵਿਚ ਜ਼ਿਕਰ ਕੀਤੇ ਹੋਏ ਚਾਰ ਸਵਾਲਾਂ ਨੂੰ ਰੱਦ ਕਰ ਦਿੱਤਾ ਹੈ। ਅਸਲ ਵਿਚ ਉਨ੍ਹਾਂ ਨੇ ਇੰਜੀਲ ਦੀਆਂ ਕਿਤਾਬਾਂ ਵਿਚ ਯਿਸੂ ਦੁਆਰਾ ਕਹੀਆਂ ਗਈਆਂ 82 ਫੀ ਸਦੀ ਗੱਲਾਂ ਰੱਦ ਕਰ ਦਿੱਤੀਆਂ ਹਨ। ਉਨ੍ਹਾਂ ਦੇ ਅਨੁਸਾਰ, ਇਨ੍ਹਾਂ ਅਤੇ ਹੋਰ ਲਿਖਤਾਂ ਵਿਚ ਯਿਸੂ ਬਾਰੇ ਦੱਸੀਆਂ ਗਈਆਂ ਘਟਨਾਵਾਂ ਵਿੱਚੋਂ ਸਿਰਫ਼ 16 ਫੀ ਸਦੀ ਹੀ ਸੱਚੀਆਂ ਹਨ।
ਇੰਜੀਲ ਦੀਆਂ ਕਿਤਾਬਾਂ ਦੀ ਅਜਿਹੀ ਨੁਕਤਾਚੀਨੀ ਕੋਈ ਨਵੀਂ ਗੱਲ ਨਹੀਂ ਹੈ। ਮਿਸਾਲ ਲਈ, ਜਰਮਨੀ ਦੇ ਹੈਮਬਰਗ ਸ਼ਹਿਰ ਵਿਚ ਹਰਮਨ ਰਾਈਮਾਰਸ ਨਾਂ ਦਾ ਪੂਰਬੀ ਭਾਸ਼ਾਵਾਂ ਦਾ ਇਕ ਪ੍ਰੋਫ਼ੈਸਰ ਹੁੰਦਾ ਸੀ। ਸੰਨ 1774 ਵਿਚ ਉਸ ਨੇ 1,400 ਸਫ਼ਿਆਂ ਦੇ ਇਕ ਲੇਖ ਵਿਚ ਇਨ੍ਹਾਂ ਕਿਤਾਬਾਂ ਦੀ ਨੁਕਤਾਚੀਨੀ ਕੀਤੀ ਸੀ। ਇਹ ਲੇਖ ਉਸ ਦੀ ਮੌਤ ਤੋਂ ਬਾਅਦ ਛਾਪਿਆ ਗਿਆ ਸੀ। ਰਾਈਮਾਰਸ ਨੇ ਇਸ ਲੇਖ ਵਿਚ ਇਨ੍ਹਾਂ ਕਿਤਾਬਾਂ ਦੀ ਸੱਚਾਈ ਬਾਰੇ ਵੱਡਾ ਸੰਦੇਹ ਪ੍ਰਗਟ ਕੀਤਾ। ਉਸ ਦੇ ਅਨੁਸਾਰ ਇਨ੍ਹਾਂ ਕਿਤਾਬਾਂ ਦੀਆਂ ਸਾਰੀਆਂ ਗੱਲਾਂ ਇਕ ਦੂਜੇ ਨਾਲ ਮਿਲਦੀਆਂ-ਜੁਲਦੀਆਂ ਨਹੀਂ ਸਨ, ਅਤੇ ਉਸ ਨੇ ਭਾਸ਼ਾ ਦੀ ਜਾਂਚ ਵੀ ਕੀਤੀ ਸੀ। ਉਸ ਸਮੇਂ ਤੋਂ ਆਲੋਚਕਾਂ ਨੇ ਅਕਸਰ ਇਨ੍ਹਾਂ ਕਿਤਾਬਾਂ ਦੀ ਖਰਿਆਈ ਉੱਤੇ ਸੰਦੇਹ ਪ੍ਰਗਟ ਕੀਤਾ ਹੈ ਅਤੇ ਇਸ ਕਾਰਨ ਇਨ੍ਹਾਂ ਵਿਚ ਲੋਕਾਂ ਦਾ ਵਿਸ਼ਵਾਸ ਘੱਟ ਗਿਆ ਹੈ।
ਅਜਿਹੇ ਵਿਦਵਾਨਾਂ ਨੇ ਇੱਕੋ ਗੱਲ ਲੜ੍ਹ ਫੜੀ ਹੋਈ ਹੈ ਕਿ ਇੰਜੀਲ ਦੀਆਂ ਇਹ ਕਿਤਾਬਾਂ ਅਨੇਕ ਬੰਦਿਆਂ ਦੀਆਂ ਧਾਰਮਿਕ ਕਹਾਣੀਆਂ ਹੀ ਹਨ। ਸ਼ੱਕ ਕਰਨ ਵਾਲੇ ਵਿਦਵਾਨ ਆਮ ਤੌਰ ਤੇ ਇਹੀ ਸਵਾਲ ਪੁੱਛਦੇ ਹਨ: ਕੀ ਇਨ੍ਹਾਂ ਕਿਤਾਬਾਂ ਦੇ ਚਾਰਾਂ ਲਿਖਾਰੀਆਂ ਨੇ ਆਪਣੇ ਵਿਸ਼ਵਾਸਾਂ ਕਰਕੇ ਹੀ ਸ਼ਾਇਦ ਅਸਲੀ ਹਕੀਕਤਾਂ ਨੂੰ ਵਧਾਇਆ-ਚੜ੍ਹਾਇਆ ਸੀ? ਕੀ ਮੁਢਲੇ ਮਸੀਹੀ ਭਾਈਚਾਰੇ ਦੀ ਅਣਬਣ ਕਰਕੇ ਹੀ ਉਨ੍ਹਾਂ ਨੇ ਯਿਸੂ ਦੀ ਕਹਾਣੀ ਵਿਚ ਮਿਰਚ-ਮਸਾਲਾ ਰਲ਼ਾਇਆ ਸੀ? ਇਨ੍ਹਾਂ ਕਿਤਾਬਾਂ ਦੇ ਕਿਹੜੇ ਹਿੱਸੇ ਸੱਚੇ ਹਨ ਅਤੇ ਕਿਹੜੇ ਬਣਾਵਟੀ?
ਨਾਸਤਿਕ ਸਮਾਜ ਵਿਚ ਰਹਿਣ ਵਾਲੇ ਲੋਕ ਮੰਨਦੇ ਹਨ ਕਿ ਬਾਈਬਲ, ਜਿਸ ਵਿਚ ਇੰਜੀਲ ਦੀਆਂ ਕਿਤਾਬਾਂ ਵੀ ਸ਼ਾਮਲ ਹਨ, ਲੋਕ-ਕਥਾਵਾਂ ਅਤੇ ਕਲਪਿਤ ਕਹਾਣੀਆਂ ਨਾਲ ਭਰੀ ਹੋਈ ਹੈ। ਦੂਜੇ ਲੋਕ ਇਹ ਦੇਖ ਕੇ ਹੈਰਾਨ ਹੁੰਦੇ ਹਨ ਕਿ ਈਸਾਈ-ਜਗਤ ਦਾ ਇਤਿਹਾਸ ਖ਼ੂਨ-ਖ਼ਰਾਬੇ, ਜ਼ੁਲਮ, ਫੁੱਟਾਂ, ਅਤੇ ਦੁਸ਼ਟਤਾ ਨਾਲ ਭਰਿਆ ਹੋਇਆ ਹੈ। ਅਜਿਹੇ ਲੋਕ ਸੋਚਦੇ ਹਨ ਕਿ ਈਸਾਈ-ਜਗਤ ਦੀ ਪਵਿੱਤਰ ਕਿਤਾਬ ਨੂੰ ਪੜ੍ਹਨ ਦਾ ਕੋਈ ਫ਼ਾਇਦਾ ਨਹੀਂ ਹੈ। ਉਹ ਮਹਿਸੂਸ ਕਰਦੇ ਹਨ ਕਿ ਅਜਿਹੀਆਂ ਲਿਖਤਾਂ ਜਿਨ੍ਹਾਂ ਨੇ ਪਖੰਡੀ ਧਰਮ ਪੈਦਾ ਕੀਤਾ ਹੈ ਸਿਰਫ਼ ਲੋਕ-ਕਥਾਵਾਂ ਹੀ ਹੋ ਸਕਦੀਆਂ ਹਨ।
ਤੁਹਾਡਾ ਕੀ ਵਿਚਾਰ ਹੈ? ਕੀ ਤੁਹਾਨੂੰ ਕੁਝ ਵਿਦਵਾਨਾਂ ਕਰਕੇ ਇੰਜੀਲ ਦੀਆਂ ਇਨ੍ਹਾਂ ਕਿਤਾਬਾਂ ਦੀ ਅਸਲੀਅਤ ਉੱਤੇ ਸ਼ੱਕ ਕਰਨਾ ਚਾਹੀਦਾ ਹੈ? ਜਦੋਂ ਤੁਸੀਂ ਕਿਸੇ ਨੂੰ ਇਹ ਕਹਿੰਦੇ ਸੁਣਦੇ ਹੋ ਕਿ ਇਹ ਕਿਤਾਬਾਂ ਸਿਰਫ਼ ਮਨ-ਘੜਤ ਲਿਖਤਾਂ ਹੀ ਹਨ, ਤਾਂ ਕੀ ਇਨ੍ਹਾਂ ਲਿਖਤਾਂ ਵਿਚ ਤੁਹਾਡਾ ਵਿਸ਼ਵਾਸ ਘੱਟ ਜਾਣਾ ਚਾਹੀਦਾ ਹੈ? ਈਸਾਈ-ਜਗਤ ਦੇ ਇੰਨੇ ਖ਼ਰਾਬ ਰਿਕਾਰਡ ਕਰਕੇ ਕੀ ਤੁਹਾਨੂੰ ਇਨ੍ਹਾਂ ਕਿਤਾਬਾਂ ਵਿਚ ਆਪਣਾ ਵਿਸ਼ਵਾਸ ਛੱਡ ਦੇਣਾ ਚਾਹੀਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਲਈ ਅਗਲੇ ਲੇਖ ਵਿਚ ਕੁਝ ਹਕੀਕਤਾਂ ਦੀ ਜਾਂਚ ਕਰੋ।
[ਸਫ਼ੇ 4 ਉੱਤੇ ਤਸਵੀਰ]
ਕੀ ਇੰਜੀਲ ਦੀਆਂ ਕਿਤਾਬਾਂ ਵਿਚ ਸੱਚਾਈਆਂ ਜਾਂ ਲੋਕ-ਕਥਾਵਾਂ ਪਾਈਆਂ ਜਾਂਦੀਆਂ ਹਨ?
[ਕ੍ਰੈਡਿਟ ਲਾਈਨ]
ਸਮੁੰਦਰ ਉੱਤੇ ਤੁਰ ਰਿਹਾ ਯਿਸੂ/The Doré Bible Illustrations/Dover Publications
[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Background, pages 3-5 and 8: Courtesy of the Freer Gallery of Art, Smithsonian Institution, Washington, D.C.