Skip to content

Skip to table of contents

ਆਪਣੀ “ਮੁਕਤੀ ਦੀ ਆਸ” ਨੂੰ ਫੜੀ ਰੱਖੋ!

ਆਪਣੀ “ਮੁਕਤੀ ਦੀ ਆਸ” ਨੂੰ ਫੜੀ ਰੱਖੋ!

ਆਪਣੀ “ਮੁਕਤੀ ਦੀ ਆਸ” ਨੂੰ ਫੜੀ ਰੱਖੋ!

‘ਮੁਕਤੀ ਦੀ ਆਸ ਨੂੰ ਟੋਪ ਦੇ ਥਾਂ ਪਹਿਨੋ।’—1 ਥੱਸਲੁਨੀਕੀਆਂ 5:8.

1. “ਮੁਕਤੀ ਦੀ ਆਸ” ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਕਿਵੇਂ ਮਦਦ ਕਰਦੀ ਹੈ?

ਮੁਸ਼ਕਲਾਂ ਵਿਚ ਫਸੇ ਇਨਸਾਨ ਨੂੰ ਜਦੋਂ ਆਸ ਹੋਵੇ ਕਿ ਕੋਈ ਆ ਕੇ ਉਸ ਨੂੰ ਬਚਾਵੇਗਾ, ਤਾਂ ਉਹ ਪਹਾੜ ਜਿੱਡੀਆਂ ਮੁਸ਼ਕਲਾਂ ਦਾ ਵੀ ਸਾਮ੍ਹਣਾ ਕਰ ਸਕਦਾ ਹੈ। ਜੇ ਟੁੱਟੇ ਹੋਏ ਸਮੁੰਦਰੀ ਜਹਾਜ਼ ਵਿੱਚੋਂ ਬਚੇ ਵਿਅਕਤੀ ਨੂੰ ਇਹ ਪਤਾ ਹੋਵੇ ਕਿ ਉਸ ਦੀ ਮਦਦ ਕਰਨ ਲਈ ਜਲਦੀ ਹੀ ਕੋਈ ਆਵੇਗਾ, ਤਾਂ ਉਹ ਛੋਟੀ ਬੇੜੀ ਵਿਚ ਬੈਠਾ ਲੰਮੇ ਸਮੇਂ ਤਕ ਉਸ ਦੀ ਉਡੀਕ ਕਰ ਸਕਦਾ ਹੈ। ਇਸੇ ਤਰ੍ਹਾਂ ਹਜ਼ਾਰਾਂ ਸਾਲਾਂ ਤੋਂ “ਯਹੋਵਾਹ ਦੇ ਬਚਾਉ” ਦੀ ਆਸ਼ਾ ਨੇ ਵਫ਼ਾਦਾਰ ਆਦਮੀਆਂ ਅਤੇ ਤੀਵੀਆਂ ਦੀ ਮੁਸ਼ਕਲ ਸਮਿਆਂ ਵਿਚ ਸੰਘਰਸ਼ ਕਰਦੇ ਰਹਿਣ ਵਿਚ ਮਦਦ ਕੀਤੀ ਹੈ। ਇਸ ਆਸ਼ਾ ਨੇ ਉਨ੍ਹਾਂ ਨੂੰ ਕਦੀ ਵੀ ਨਿਰਾਸ਼ ਨਹੀਂ ਕੀਤਾ। (ਕੂਚ 14:13; ਜ਼ਬੂਰ 3:8; ਰੋਮੀਆਂ 5:5; 9:33) ਪੌਲੁਸ ਰਸੂਲ ਨੇ ਕਿਹਾ ਕਿ “ਮੁਕਤੀ ਦੀ ਆਸ” ਮਸੀਹੀਆਂ ਦੇ ਅਧਿਆਤਮਿਕ ਹਥਿਆਰਾਂ ਵਿਚ “ਟੋਪ” ਵਾਂਗ ਹੈ। (1 ਥੱਸਲੁਨੀਕੀਆਂ 5:8; ਅਫ਼ਸੀਆਂ 6:17) ਜੀ ਹਾਂ, ਜਦੋਂ ਸਾਨੂੰ ਭਰੋਸਾ ਹੁੰਦਾ ਹੈ ਕਿ ਪਰਮੇਸ਼ੁਰ ਸਾਨੂੰ ਬਚਾਵੇਗਾ, ਤਾਂ ਸਾਡੇ ਸੋਚਾਂ-ਵਿਚਾਰਾਂ ਦੀ ਰਾਖੀ ਹੁੰਦੀ ਹੈ ਅਤੇ ਅਸੀਂ ਮੁਸ਼ਕਲਾਂ, ਵਿਰੋਧ ਅਤੇ ਪਰਤਾਵਿਆਂ ਦੌਰਾਨ ਵੀ ਸੁਰਤ ਵਿਚ ਰਹਿੰਦੇ ਹਾਂ।

2. “ਮੁਕਤੀ ਦੀ ਆਸ” ਸੱਚੀ ਉਪਾਸਨਾ ਦਾ ਇਕ ਹਿੱਸਾ ਕਿਵੇਂ ਹੈ?

2ਦ ਇੰਟਰਨੈਸ਼ਨਲ ਸਟੈਂਡਡ ਬਾਈਬਲ ਐਨਸਾਈਕਲੋਪੀਡੀਆ ਕਹਿੰਦਾ ਹੈ ਕਿ ਪਹਿਲੀ ਸਦੀ ਵਿਚ ਮਸੀਹੀਆਂ ਦੇ ਸਮੇਂ “ਆਮ ਲੋਕ ਭਵਿੱਖ ਵਿਚ ਕੋਈ ਆਸ ਨਹੀਂ ਰੱਖਦੇ ਸਨ।” (ਅਫ਼ਸੀਆਂ 2:12; 1 ਥੱਸਲੁਨੀਕੀਆਂ 4:13) ਪਰ, “ਮੁਕਤੀ ਦੀ ਆਸ” ਸੱਚੀ ਭਗਤੀ ਦਾ ਇਕ ਹਿੱਸਾ ਹੈ। ਕਿਵੇਂ? ਪਹਿਲੀ ਗੱਲ ਤਾਂ ਇਹ ਹੈ ਕਿ ਯਹੋਵਾਹ ਦੇ ਸੇਵਕਾਂ ਦੀ ਮੁਕਤੀ ਦਾ ਸੰਬੰਧ ਉਸ ਦੇ ਨਾਂ ਨਾਲ ਹੈ। ਜ਼ਬੂਰਾਂ ਦੇ ਲਿਖਾਰੀ, ਆਸਾਫ਼ ਨੇ ਅਰਦਾਸ ਕੀਤੀ: “ਹੇ ਸਾਡੇ ਮੁਕਤੀ ਦੇ ਪਰਮੇਸ਼ੁਰ, ਆਪਣੇ ਨਾਮ ਦੇ ਪਰਤਾਪ ਲਈ ਸਾਡੀ ਸਹਾਇਤਾ ਕਰ, ਅਤੇ ਆਪਣੇ ਨਾਮ ਦੇ ਕਾਰਨ ਸਾਨੂੰ ਛੁਡਾ।” (ਜ਼ਬੂਰ 79:9; ਹਿਜ਼ਕੀਏਲ 20:9) ਇਸ ਤੋਂ ਇਲਾਵਾ, ਯਹੋਵਾਹ ਨਾਲ ਚੰਗਾ ਰਿਸ਼ਤਾ ਬਣਾਉਣ ਲਈ ਜ਼ਰੂਰੀ ਹੈ ਕਿ ਅਸੀਂ ਉਸ ਦੇ ਬਰਕਤਾਂ ਦੇਣ ਦੇ ਵਾਅਦੇ ਵਿਚ ਪੂਰਾ ਭਰੋਸਾ ਰੱਖੀਏ। ਪੌਲੁਸ ਨੇ ਇਸ ਬਾਰੇ ਕਿਹਾ: “ਨਿਹਚਾ ਬਾਝੋਂ ਉਹ ਦੇ ਮਨ ਨੂੰ ਭਾਉਣਾ ਅਣਹੋਣਾ ਹੈ ਕਿਉਂਕਿ ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।” (ਇਬਰਾਨੀਆਂ 11:6) ਪੌਲੁਸ ਨੇ ਸਮਝਾਇਆ ਕਿ ਤੋਬਾ ਕਰਨ ਵਾਲਿਆਂ ਨੂੰ ਮੁਕਤੀ ਦੇਣੀ ਯਿਸੂ ਦੇ ਧਰਤੀ ਉੱਤੇ ਆਉਣ ਦਾ ਇਕ ਮੁੱਖ ਕਾਰਨ ਸੀ। ਉਸ ਨੇ ਕਿਹਾ: “ਇਹ ਬਚਨ ਪੱਕਾ ਹੈ ਅਤੇ ਪੂਰੀ ਤਰਾਂ ਮੰਨਣ ਜੋਗ ਹੈ ਭਈ ਮਸੀਹ ਯਿਸੂ ਪਾਪੀਆਂ ਨੂੰ ਬਚਾਉਣ ਲਈ ਜਗਤ ਵਿੱਚ ਆਇਆ।” (1 ਤਿਮੋਥਿਉਸ 1:15) ਪਤਰਸ ਰਸੂਲ ਨੇ ਕਿਹਾ ਸੀ ਕਿ ਮੁਕਤੀ ਸਾਡੀ “ਨਿਹਚਾ ਦਾ ਫਲ” ਹੈ। (1 ਪਤਰਸ 1:9) ਇਸ ਲਈ ਇਹ ਗੱਲ ਸਪੱਸ਼ਟ ਹੈ ਕਿ ਅਸੀਂ ਮੁਕਤੀ ਦੀ ਆਸ ਰੱਖ ਸਕਦੇ ਹਾਂ। ਪਰ ਅਸਲ ਵਿਚ ਮੁਕਤੀ ਕੀ ਹੈ? ਅਤੇ ਮੁਕਤੀ ਪ੍ਰਾਪਤ ਕਰਨ ਲਈ ਸਾਨੂੰ ਕੀ ਕਰਨਾ ਪਵੇਗਾ?

ਮੁਕਤੀ ਕੀ ਹੈ?

3. ਯਹੋਵਾਹ ਦੇ ਪੁਰਾਣੇ ਸੇਵਕਾਂ ਨੂੰ ਕਿਸ ਤਰ੍ਹਾਂ ਦੀ ਮੁਕਤੀ ਦਿੱਤੀ ਗਈ ਸੀ?

3 ਇਬਰਾਨੀ ਸ਼ਾਸਤਰ ਵਿਚ, “ਮੁਕਤੀ” ਦਾ ਮਤਲਬ ਅਕਸਰ ਅਤਿਆਚਾਰ ਜਾਂ ਹਿੰਸਕ ਮੌਤ ਤੋਂ ਬਚਾਅ ਹੁੰਦਾ ਹੈ। ਉਦਾਹਰਣ ਲਈ, ਯਹੋਵਾਹ ਨੂੰ “ਮੇਰਾ ਛੁਡਾਉਣ ਵਾਲਾ” ਕਹਿੰਦੇ ਹੋਏ ਦਾਊਦ ਨੇ ਕਿਹਾ: ‘ਪਰਮੇਸ਼ੁਰ ਮੇਰਾ ਟਿੱਲਾ ਅਤੇ ਮੇਰੀ ਓਟ ਹੈ। ਮੇਰੇ ਬਚਾਉਣ ਵਾਲੇ, ਤੂੰ ਮੈਨੂੰ ਅਨ੍ਹੇਰ ਤੋਂ ਬਚਾਉਂਦਾ ਹੈਂ। ਮੈਂ ਯਹੋਵਾਹ ਨੂੰ ਜਿਹੜਾ ਉਸਤਤ ਜੋਗ ਹੈ ਪੁਕਾਰਾਂਗਾ, ਸੋ ਮੈਂ ਆਪਣੇ ਵੈਰੀਆਂ ਤੋਂ ਬਚ ਜਾਵਾਂਗਾ।’ (2 ਸਮੂਏਲ 22:2-4) ਦਾਊਦ ਜਾਣਦਾ ਸੀ ਕਿ ਜਦੋਂ ਯਹੋਵਾਹ ਦੇ ਵਫ਼ਾਦਾਰ ਸੇਵਕ ਮਦਦ ਲਈ ਦੁਹਾਈ ਦਿੰਦੇ ਹਨ, ਤਾਂ ਉਹ ਉਨ੍ਹਾਂ ਦੀ ਦੁਹਾਈ ਸੁਣਦਾ ਹੈ।—ਜ਼ਬੂਰ 31:22, 23; 145:19.

4. ਯਹੋਵਾਹ ਦੇ ਪੁਰਾਣੇ ਸਮੇਂ ਦੇ ਸੇਵਕ ਭਵਿੱਖ ਵਿਚ ਕਿਸ ਤਰ੍ਹਾਂ ਦੀ ਜ਼ਿੰਦਗੀ ਦੀ ਆਸ ਰੱਖਦੇ ਸਨ?

4 ਯਹੋਵਾਹ ਦੇ ਪੁਰਾਣੇ ਸਮੇਂ ਦੇ ਸੇਵਕ ਵੀ ਭਵਿੱਖ ਵਿਚ ਚੰਗੀ ਜ਼ਿੰਦਗੀ ਦੀ ਆਸ ਰੱਖਦੇ ਸਨ। (ਅੱਯੂਬ 14:13-15; ਯਸਾਯਾਹ 25:8; ਦਾਨੀਏਲ 12:13) ਅਸਲ ਵਿਚ, ਇਬਰਾਨੀ ਸ਼ਾਸਤਰ ਵਿਚ ਪਾਏ ਜਾਂਦੇ ਬਚਾਅ ਦੇ ਬਹੁਤ ਸਾਰੇ ਵਾਅਦੇ ਇਸ ਗੱਲ ਵੱਲ ਇਸ਼ਾਰਾ ਕਰਦੇ ਸਨ ਕਿ ਭਵਿੱਖ ਵਿਚ ਸਾਨੂੰ ਵੱਡੀ ਮੁਕਤੀ ਮਿਲੇਗੀ ਯਾਨੀ ਸਦਾ ਦੀ ਜ਼ਿੰਦਗੀ ਮਿਲੇਗੀ। (ਯਸਾਯਾਹ 49:6, 8; ਰਸੂਲਾਂ ਦੇ ਕਰਤੱਬ 13:47; 2 ਕੁਰਿੰਥੀਆਂ 6:2) ਯਿਸੂ ਮਸੀਹ ਦੇ ਦਿਨਾਂ ਵਿਚ ਬਹੁਤ ਸਾਰੇ ਯਹੂਦੀ ਸਦਾ ਦੀ ਜ਼ਿੰਦਗੀ ਦੀ ਆਸ਼ਾ ਰੱਖਦੇ ਸਨ। ਪਰ ਉਨ੍ਹਾਂ ਨੇ ਯਿਸੂ ਵਿਚ ਵਿਸ਼ਵਾਸ ਨਹੀਂ ਰੱਖਿਆ ਜਿਸ ਦੁਆਰਾ ਉਨ੍ਹਾਂ ਦੀ ਆਸ਼ਾ ਪੂਰੀ ਹੋਣੀ ਸੀ। ਯਿਸੂ ਨੇ ਉਸ ਵੇਲੇ ਦੇ ਧਾਰਮਿਕ ਆਗੂਆਂ ਨੂੰ ਇਹ ਕਿਹਾ: “ਤੁਸੀਂ ਲਿਖਤਾਂ ਨੂੰ ਭਾਲਦੇ ਹੋ ਕਿਉਂਕਿ ਤੁਸੀਂ ਸਮਝਦੇ ਹੋ ਭਈ ਇਨ੍ਹਾਂ ਵਿੱਚ ਸਾਨੂੰ ਸਦੀਪਕ ਜੀਉਣ ਮਿਲਦਾ ਹੈ ਅਤੇ ਮੇਰੇ ਹੱਕ ਵਿੱਚ ਜੋ ਸਾਖੀ ਦਿੰਦੇ ਹਨ ਸੋ ਏਹੋ ਹਨ।”—ਯੂਹੰਨਾ 5:39.

5. ਮੁਕਤੀ ਦਾ ਅਸਲੀ ਮਤਲਬ ਕੀ ਹੈ?

5 ਯਿਸੂ ਦੇ ਰਾਹੀਂ ਯਹੋਵਾਹ ਨੇ ਮੁਕਤੀ ਦਾ ਅਸਲੀ ਮਤਲਬ ਸਮਝਾਇਆ। ਸਾਨੂੰ ਪਾਪ ਤੋਂ, ਝੂਠੇ ਧਰਮ ਦੀ ਗ਼ੁਲਾਮੀ ਤੋਂ, ਸ਼ਤਾਨ ਦੇ ਵਸ ਵਿਚ ਪਏ ਸੰਸਾਰ ਤੋਂ, ਇਨਸਾਨਾਂ ਦੇ ਡਰ ਤੋਂ ਅਤੇ ਮੌਤ ਦੇ ਡਰ ਤੋਂ ਮੁਕਤੀ ਮਿਲੇਗੀ। (ਯੂਹੰਨਾ 17:16; ਰੋਮੀਆਂ 8:2; ਕੁਲੁੱਸੀਆਂ 1:13; ਪਰਕਾਸ਼ ਦੀ ਪੋਥੀ 18:2, 4) ਅਖ਼ੀਰ ਵਿਚ, ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੂੰ ਨਾ ਸਿਰਫ਼ ਅਤਿਆਚਾਰਾਂ ਅਤੇ ਦੁੱਖਾਂ ਤੋਂ ਹੀ ਮੁਕਤੀ ਮਿਲੇਗੀ, ਸਗੋਂ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਵੀ ਮਿਲੇਗੀ। (ਯੂਹੰਨਾ 6:40; 17:3) ਯਿਸੂ ਨੇ ਦੱਸਿਆ ਸੀ ਕਿ “ਛੋਟੇ ਝੁੰਡ” ਨੂੰ ਮੁਕਤੀ ਉਦੋਂ ਮਿਲੇਗੀ ਜਦੋਂ ਉਨ੍ਹਾਂ ਨੂੰ ਮੌਤ ਤੋਂ ਜੀ ਉਠਾ ਕੇ ਸਵਰਗੀ ਰਾਜ ਵਿਚ ਮਸੀਹ ਦੇ ਨਾਲ ਰਾਜ ਕਰਨ ਲਈ ਲਿਜਾਇਆ ਜਾਵੇਗਾ। (ਲੂਕਾ 12:32) ਬਾਕੀ ਇਨਸਾਨਜਾਤੀ ਨੂੰ ਉਦੋਂ ਮੁਕਤੀ ਮਿਲੇਗੀ ਜਦੋਂ ਉਨ੍ਹਾਂ ਨੂੰ ਮੁਕੰਮਲ ਜ਼ਿੰਦਗੀ ਦੁਬਾਰਾ ਦਿੱਤੀ ਜਾਵੇਗੀ ਅਤੇ ਉਨ੍ਹਾਂ ਦਾ ਪਰਮੇਸ਼ੁਰ ਦੇ ਨਾਲ ਇਕ ਚੰਗਾ ਰਿਸ਼ਤਾ ਹੋਵੇਗਾ, ਜਿਵੇਂ ਅਦਨ ਦੇ ਬਾਗ਼ ਵਿਚ ਪਾਪ ਕਰਨ ਤੋਂ ਪਹਿਲਾਂ ਆਦਮ ਤੇ ਹੱਵਾਹ ਦਾ ਪਰਮੇਸ਼ੁਰ ਦੇ ਨਾਲ ਸੀ। (ਰਸੂਲਾਂ ਦੇ ਕਰਤੱਬ 3:21; ਅਫ਼ਸੀਆਂ 1:10) ਪਹਿਲਾਂ ਤੋਂ ਪਰਮੇਸ਼ੁਰ ਦਾ ਇਹੀ ਇਰਾਦਾ ਸੀ ਕਿ ਇਨਸਾਨ ਚੰਗੇ ਹਾਲਾਤਾਂ ਵਿਚ ਹਮੇਸ਼ਾ ਲਈ ਜੀਉਣ। (ਉਤਪਤ 1:28; ਮਰਕੁਸ 10:30) ਪਰ ਦੁਬਾਰਾ ਅਜਿਹੇ ਹਾਲਾਤ ਕਿਸ ਤਰ੍ਹਾਂ ਬਹਾਲ ਕੀਤੇ ਜਾਣਗੇ?

ਮੁਕਤੀ ਦਾ ਜ਼ਰੀਆ ਰਿਹਾਈ-ਕੀਮਤ ਹੈ

6, 7. ਸਾਨੂੰ ਮੁਕਤੀ ਦੇਣ ਲਈ ਯਿਸੂ ਨੇ ਕੀ ਕੀਤਾ ਹੈ?

6 ਸਦਾ ਦੀ ਜ਼ਿੰਦਗੀ ਸਿਰਫ਼ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਦੇ ਜ਼ਰੀਏ ਹੀ ਮਿਲ ਸਕਦੀ ਹੈ। ਕਿਉਂ? ਬਾਈਬਲ ਸਮਝਾਉਂਦੀ ਹੈ ਕਿ ਜਦੋਂ ਆਦਮ ਨੇ ਪਾਪ ਕੀਤਾ ਸੀ, ਤਾਂ ਉਸ ਨੇ ਆਪਣੇ ਆਪ ਨੂੰ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ, ਜਿਸ ਵਿਚ ਅਸੀਂ ਵੀ ਹਾਂ, ‘ਪਾਪ ਦੇ ਹੱਥ ਵੇਚ’ ਦਿੱਤਾ ਸੀ। ਇਸ ਕਰਕੇ ਮਨੁੱਖਜਾਤੀ ਨੂੰ ਪੱਕੀ ਆਸ਼ਾ ਦੇਣ ਲਈ ਰਿਹਾਈ ਦੀ ਲੋੜ ਪਈ। (ਰੋਮੀਆਂ 5:14, 15; 7:14) ਮੂਸਾ ਦੀ ਬਿਵਸਥਾ ਵਿਚ ਜਾਨਵਰਾਂ ਦੇ ਬਲੀਦਾਨਾਂ ਦੁਆਰਾ ਦਿਖਾਇਆ ਗਿਆ ਸੀ ਕਿ ਪਰਮੇਸ਼ੁਰ ਸਾਰੀ ਮਨੁੱਖਜਾਤੀ ਲਈ ਰਿਹਾਈ ਦੀ ਕੀਮਤ ਦੇਵੇਗਾ। (ਇਬਰਾਨੀਆਂ 10:1-10; 1 ਯੂਹੰਨਾ 2:2) ਯਿਸੂ ਮਸੀਹ ਨੇ ਆਪਣਾ ਬਲੀਦਾਨ ਦੇ ਕੇ ਇਹ ਸਾਰੀਆਂ ਗੱਲਾਂ ਪੂਰੀਆਂ ਕੀਤੀਆਂ। ਯਹੋਵਾਹ ਦੇ ਦੂਤ ਨੇ ਯਿਸੂ ਦੇ ਜਨਮ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ “ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।”—ਮੱਤੀ 1:21; ਇਬਰਾਨੀਆਂ 2:10.

7 ਯਿਸੂ ਦਾ ਜਨਮ ਕੁਆਰੀ ਮਰਿਯਮ ਦੀ ਕੁੱਖੋਂ ਚਮਤਕਾਰੀ ਢੰਗ ਨਾਲ ਹੋਇਆ ਸੀ ਅਤੇ ਪਰਮੇਸ਼ੁਰ ਦਾ ਪੁੱਤਰ ਹੋਣ ਕਰਕੇ ਉਸ ਨੂੰ ਆਦਮ ਤੋਂ ਵਿਰਸੇ ਵਿਚ ਮੌਤ ਨਹੀਂ ਮਿਲੀ ਸੀ। ਯਿਸੂ ਪਰਮੇਸ਼ੁਰ ਦੇ ਪ੍ਰਤੀ ਪੂਰੀ ਤਰ੍ਹਾਂ ਵਫ਼ਾਦਾਰ ਰਿਹਾ। ਜਿਸ ਕਰਕੇ ਉਸ ਦੀ ਜ਼ਿੰਦਗੀ ਮਨੁੱਖਜਾਤੀ ਨੂੰ ਪਾਪ ਅਤੇ ਮੌਤ ਤੋਂ ਖ਼ਰੀਦਣ ਲਈ ਕੀਮਤ ਵਜੋਂ ਦਿੱਤੀ ਜਾ ਸਕਦੀ ਸੀ। (ਯੂਹੰਨਾ 8:36; 1 ਕੁਰਿੰਥੀਆਂ 15:22) ਯਿਸੂ ਨੇ ਕੋਈ ਪਾਪ ਨਹੀਂ ਕੀਤਾ ਜਿਸ ਕਰਕੇ ਦੂਸਰੇ ਆਦਮੀਆਂ ਵਾਂਗ ਉਸ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਣੀ ਸੀ। ਉਹ “ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ” ਲਈ ਧਰਤੀ ਉੱਤੇ ਆਇਆ ਸੀ। (ਮੱਤੀ 20:28) ਰਿਹਾਈ ਦੀ ਕੀਮਤ ਦੇਣ ਤੋਂ ਬਾਅਦ, ਹੁਣ ਯਿਸੂ ਦੁਬਾਰਾ ਜੀਉਂਦਾ ਹੋ ਕੇ ਰਾਜ ਕਰ ਰਿਹਾ ਹੈ ਅਤੇ ਉਨ੍ਹਾਂ ਸਾਰਿਆਂ ਨੂੰ ਮੁਕਤੀ ਦੇ ਸਕਦਾ ਹੈ ਜਿਹੜੇ ਪਰਮੇਸ਼ੁਰ ਦੀਆਂ ਮੰਗਾਂ ਪੂਰੀਆਂ ਕਰਦੇ ਹਨ।—ਪਰਕਾਸ਼ ਦੀ ਪੋਥੀ 12:10.

ਮੁਕਤੀ ਪ੍ਰਾਪਤ ਕਰਨ ਲਈ ਸਾਨੂੰ ਕੀ ਕਰਨਾ ਪਵੇਗਾ?

8, 9. (ੳ) ਜਦੋਂ ਅਮੀਰ ਨੌਜਵਾਨ ਸ਼ਾਸਕ ਨੇ ਯਿਸੂ ਨੂੰ ਮੁਕਤੀ ਪ੍ਰਾਪਤ ਕਰਨ ਬਾਰੇ ਪੁੱਛਿਆ, ਤਾਂ ਯਿਸੂ ਨੇ ਕੀ ਜਵਾਬ ਦਿੱਤਾ? (ਅ) ਯਿਸੂ ਨੇ ਇਸ ਮੌਕੇ ਤੇ ਆਪਣੇ ਚੇਲਿਆਂ ਨੂੰ ਕੀ ਸਿਖਾਇਆ?

8 ਇਕ ਵਾਰ, ਇਕ ਅਮੀਰ ਨੌਜਵਾਨ ਇਸਰਾਏਲੀ ਸ਼ਾਸਕ ਨੇ ਯਿਸੂ ਨੂੰ ਪੁੱਛਿਆ: “ਮੈਂ ਕੀ ਕਰਾਂ ਜੋ ਸਦੀਪਕ ਜੀਉਣ ਦਾ ਅਧਿਕਾਰੀ ਹੋਵਾਂ?” (ਮਰਕੁਸ 10:17) ਉਸ ਦੇ ਸਵਾਲ ਤੋਂ ਪਤਾ ਚੱਲਦਾ ਹੈ ਕਿ ਉਸ ਸਮੇਂ ਆਮ ਯਹੂਦੀ ਸਦੀਪਕ ਜੀਵਨ ਪ੍ਰਾਪਤ ਕਰਨ ਬਾਰੇ ਕੀ ਸੋਚਦੇ ਸਨ। ਉਹ ਸੋਚਦੇ ਸਨ ਕਿ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਮੁਕਤੀ ਪ੍ਰਾਪਤ ਕਰਨ ਲਈ ਚੰਗੇ ਕੰਮ ਕਰੀਏ। ਜੇ ਅਸੀਂ ਜ਼ਿਆਦਾ ਚੰਗੇ ਕੰਮ ਕਰਦੇ ਹਾਂ, ਤਾਂ ਅਸੀਂ ਮੁਕਤੀ ਦੇ ਹੱਕਦਾਰ ਬਣ ਸਕਦੇ ਹਾਂ। ਪਰ ਇਸ ਤਰ੍ਹਾਂ ਦੀ ਭਗਤੀ ਦਿਲੋਂ ਨਹੀਂ ਹੁੰਦੀ। ਅਜਿਹੇ ਕੰਮਾਂ ਤੋਂ ਮੁਕਤੀ ਦੀ ਪੱਕੀ ਆਸ਼ਾ ਨਹੀਂ ਮਿਲਦੀ ਕਿਉਂਕਿ ਅਸਲ ਵਿਚ ਕੋਈ ਵੀ ਨਾਮੁਕੰਮਲ ਇਨਸਾਨ ਪਰਮੇਸ਼ੁਰ ਦੇ ਮਿਆਰਾਂ ਤੇ ਪੂਰਾ ਨਹੀਂ ਉੱਤਰ ਸਕਦਾ।

9 ਉਸ ਆਦਮੀ ਨੂੰ ਜਵਾਬ ਦਿੰਦੇ ਹੋਏ ਯਿਸੂ ਨੇ ਉਸ ਨੂੰ ਯਾਦ ਕਰਾਇਆ ਕਿ ਉਸ ਨੂੰ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣਾ ਚਾਹੀਦਾ ਹੈ। ਨੌਜਵਾਨ ਸ਼ਾਸਕ ਨੇ ਝੱਟ ਯਿਸੂ ਨੂੰ ਯਕੀਨ ਦਿਵਾਇਆ ਕਿ ਉਹ ਛੋਟੀ ਉਮਰ ਤੋਂ ਪਰਮੇਸ਼ੁਰ ਦੇ ਹੁਕਮ ਮੰਨਦਾ ਆਇਆ ਹੈ। ਉਸ ਦਾ ਜਵਾਬ ਸੁਣ ਕੇ ਯਿਸੂ ਨੇ ਉਸ ਨੂੰ ਪਿਆਰ ਕੀਤਾ। ਯਿਸੂ ਨੇ ਉਸ ਨੂੰ ਕਿਹਾ: “ਤੇਰੇ ਵਿੱਚ ਇੱਕ ਗੱਲ ਦਾ ਘਾਟਾ ਹੈ। ਜਾਹ ਅਤੇ ਜੋ ਕੁਝ ਤੇਰਾ ਹੈ ਵੇਚ ਅਤੇ ਕੰਗਾਲਾਂ ਨੂੰ ਦੇ ਦਿਹ ਤਾਂ ਤੈਨੂੰ ਸੁਰਗ ਵਿੱਚ ਧਨ ਮਿਲੇਗਾ ਅਤੇ ਆ, ਮੇਰੇ ਪਿੱਛੇ ਹੋ ਤੁਰ।” ਪਰ ਉਹ ਨੌਜਵਾਨ ਉਦਾਸ ਹੋ ਕੇ ਚਲਾ ਗਿਆ “ਕਿਉਂ ਜੋ ਉਹ ਵੱਡਾ ਮਾਲਦਾਰ ਸੀ।” ਇਸ ਤੋਂ ਬਾਅਦ ਯਿਸੂ ਨੇ ਆਪਣੇ ਚੇਲਿਆਂ ਨੂੰ ਜ਼ੋਰ ਦੇ ਕੇ ਇਹ ਗੱਲ ਕਹੀ ਕਿ ਸੰਸਾਰਕ ਚੀਜ਼ਾਂ ਨਾਲ ਬਹੁਤ ਜ਼ਿਆਦਾ ਮੋਹ ਮੁਕਤੀ ਪ੍ਰਾਪਤ ਕਰਨ ਵਿਚ ਰੁਕਾਵਟ ਪਾਉਂਦਾ ਹੈ। ਉਸ ਨੇ ਅੱਗੇ ਕਿਹਾ ਕਿ ਕੋਈ ਵੀ ਆਪਣੇ ਜਤਨਾਂ ਨਾਲ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਪਰ ਯਿਸੂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ: “ਮਨੁੱਖਾਂ ਕੋਲੋਂ ਇਹ ਅਣਹੋਣਾ ਹੈ ਪਰ ਪਰਮੇਸ਼ੁਰ ਕੋਲੋਂ ਨਹੀਂ ਕਿਉਂਕਿ ਪਰਮੇਸ਼ੁਰ ਕੋਲੋਂ ਸਭ ਕੁਝ ਹੋ ਸੱਕਦਾ ਹੈ।” (ਮਰਕੁਸ 10:18-27; ਲੂਕਾ 18:18-23) ਮੁਕਤੀ ਕਿਸ ਤਰ੍ਹਾਂ ਮਿਲ ਸਕਦੀ ਹੈ?

10. ਮੁਕਤੀ ਪ੍ਰਾਪਤ ਕਰਨ ਲਈ ਸਾਨੂੰ ਕਿਹੜੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ?

10 ਮੁਕਤੀ ਪਰਮੇਸ਼ੁਰ ਵੱਲੋਂ ਇਕ ਤੋਹਫ਼ਾ ਹੈ ਜੋ ਬਿਨਾਂ ਕੁਝ ਕੀਤੇ ਨਹੀਂ ਮਿਲ ਸਕਦਾ। (ਰੋਮੀਆਂ 6:23) ਇਹ ਤੋਹਫ਼ਾ ਪ੍ਰਾਪਤ ਕਰਨ ਲਈ ਹਰ ਇਨਸਾਨ ਨੂੰ ਕੁਝ ਖ਼ਾਸ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਯਿਸੂ ਨੇ ਕਿਹਾ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” ਯੂਹੰਨਾ ਰਸੂਲ ਨੇ ਅੱਗੇ ਕਿਹਾ: “ਜਿਹੜਾ ਪੁੱਤ੍ਰ ਉੱਤੇ ਨਿਹਚਾ ਕਰਦਾ ਹੈ ਸਦੀਪਕ ਜੀਉਣ ਉਸ ਦਾ ਹੈ ਪਰ ਜੋ ਪੁੱਤ੍ਰ ਨੂੰ ਨਹੀਂ ਮੰਨਦਾ ਸੋ ਜੀਉਣ ਨਾ ਵੇਖੇਗਾ।” (ਯੂਹੰਨਾ 3:16, 36) ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਜਿਹੜੇ ਸਦਾ ਲਈ ਮੁਕਤੀ ਪ੍ਰਾਪਤ ਕਰਨੀ ਚਾਹੁੰਦੇ ਹਨ, ਉਹ ਵਿਸ਼ਵਾਸ ਰੱਖਣ ਅਤੇ ਉਸ ਦੀ ਆਗਿਆਕਾਰੀ ਕਰਨ। ਹਰ ਇਨਸਾਨ ਨੂੰ ਰਿਹਾਈ-ਕੀਮਤ ਦੇ ਬਲੀਦਾਨ ਵਿਚ ਵਿਸ਼ਵਾਸ ਰੱਖਣਾ ਪਵੇਗਾ ਅਤੇ ਉਸ ਦੀ ਪੈੜ ਉੱਤੇ ਚੱਲਣਾ ਪਵੇਗਾ।

11. ਇਕ ਨਾਮੁਕੰਮਲ ਇਨਸਾਨ ਯਹੋਵਾਹ ਦੀ ਮਿਹਰ ਕਿਵੇਂ ਪ੍ਰਾਪਤ ਕਰ ਸਕਦਾ ਹੈ?

11 ਕਿਉਂਕਿ ਅਸੀਂ ਨਾਮੁਕੰਮਲ ਹਾਂ, ਇਸ ਲਈ ਆਗਿਆਕਾਰੀ ਬਣਨਾ ਸਾਡੇ ਲਈ ਸੌਖਾ ਨਹੀਂ ਹੈ ਤੇ ਸਾਡੇ ਲਈ ਪੂਰੀ ਤਰ੍ਹਾਂ ਆਗਿਆਕਾਰ ਰਹਿਣਾ ਨਾਮੁਮਕਿਨ ਹੈ। ਇਸੇ ਕਰਕੇ ਯਹੋਵਾਹ ਨੇ ਸਾਡੇ ਪਾਪ ਮਿਟਾਉਣ ਲਈ ਰਿਹਾਈ ਦੀ ਕੀਮਤ ਦਿੱਤੀ। ਪਰ ਸਾਨੂੰ ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਜੀਉਣ ਦੀ ਲਗਾਤਾਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਵੇਂ ਯਿਸੂ ਨੇ ਅਮੀਰ ਨੌਜਵਾਨ ਸ਼ਾਸਕ ਨੂੰ ਕਿਹਾ ਸੀ, ਸਾਨੂੰ ਵੀ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਪਰਮੇਸ਼ੁਰ ਸਾਡੀ ਭਗਤੀ ਨੂੰ ਸਵੀਕਾਰ ਕਰੇਗਾ ਅਤੇ ਇਸ ਦੇ ਨਾਲ-ਨਾਲ ਸਾਨੂੰ ਬਹੁਤ ਖ਼ੁਸ਼ੀ ਵੀ ਹੋਵੇਗੀ ਕਿਉਂਕਿ “ਉਹ ਦੇ ਹੁਕਮ ਔਖੇ ਨਹੀਂ ਹਨ” ਸਗੋਂ ਸਾਡੇ ਭਲੇ ਲਈ ਹਨ। (1 ਯੂਹੰਨਾ 5:3; ਕਹਾਉਤਾਂ 3:1, 8) ਫਿਰ ਵੀ, ਮੁਕਤੀ ਪ੍ਰਾਪਤ ਕਰਨ ਦੀ ਆਸ਼ਾ ਬਣਾਈ ਰੱਖਣੀ ਆਸਾਨ ਨਹੀਂ ਹੈ।

‘ਨਿਹਚਾ ਦੇ ਲਈ ਜਤਨ ਕਰੋ’

12. ਅਨੈਤਿਕ ਕੰਮ ਕਰਨ ਦੀ ਖਿੱਚ ਤੋਂ ਦੂਰ ਰਹਿਣ ਲਈ ਮੁਕਤੀ ਦੀ ਆਸ਼ਾ ਇਕ ਮਸੀਹੀ ਨੂੰ ਕਿਵੇਂ ਮਜ਼ਬੂਤ ਕਰ ਸਕਦੀ ਹੈ?

12 ਯਹੂਦਾਹ ਨਾਂ ਦਾ ਚੇਲਾ ਮੁਢਲੇ ਮਸੀਹੀਆਂ ਨੂੰ “ਸਾਂਝੀ ਮੁਕਤੀ” ਬਾਰੇ ਲਿਖਣਾ ਚਾਹੁੰਦਾ ਸੀ। ਪਰ ਉਸ ਸਮੇਂ ਦੇ ਘਟੀਆ ਨੈਤਿਕ ਮਾਹੌਲ ਕਰਕੇ ਉਸ ਨੂੰ ਆਪਣੇ ਭਰਾਵਾਂ ਨੂੰ ਇਹ ਸਲਾਹ ਦੇਣੀ ਪਈ ਕਿ ਉਹ ‘ਨਿਹਚਾ ਦੇ ਲਈ ਜਤਨ ਕਰਨ।’ ਜੀ ਹਾਂ, ਮੁਕਤੀ ਪ੍ਰਾਪਤ ਕਰਨ ਲਈ ਸਿਰਫ਼ ਸੱਚੇ ਮਸੀਹੀ ਵਜੋਂ ਨਿਹਚਾ ਕਰਨੀ ਅਤੇ ਚੰਗੇ ਹਾਲਾਤਾਂ ਵਿਚ ਹੀ ਆਗਿਆਕਾਰ ਰਹਿਣਾ ਕਾਫ਼ੀ ਨਹੀਂ ਹੈ। ਸਾਡੀ ਨਿਹਚਾ ਇੰਨੀ ਮਜ਼ਬੂਤ ਹੋਣੀ ਚਾਹੀਦੀ ਹੈ ਕਿ ਅਸੀਂ ਲਾਲਚ ਅਤੇ ਅਨੈਤਿਕ ਗੱਲਾਂ ਦਾ ਵਿਰੋਧ ਕਰ ਸਕੀਏ। ਪਰ ਪਹਿਲੀ ਸਦੀ ਦੀ ਕਲੀਸਿਯਾ ਵਿਚ ਬਹੁਤ ਜ਼ਿਆਦਾ ਬਦਚਲਣੀ, ਅਧਿਕਾਰੀਆਂ ਦਾ ਅਪਮਾਨ, ਧੜੇਬਾਜ਼ੀਆਂ ਅਤੇ ਸ਼ੱਕ ਕੀਤਾ ਜਾ ਰਿਹਾ ਸੀ। ਇਹ ਗੱਲਾਂ ਕਲੀਸਿਯਾ ਨੂੰ ਭ੍ਰਿਸ਼ਟ ਕਰ ਰਹੀਆਂ ਸਨ। ਇਨ੍ਹਾਂ ਗੱਲਾਂ ਵਿਰੁੱਧ ਲੜਨ ਵਿਚ ਮਦਦ ਕਰਨ ਲਈ ਯਹੂਦਾਹ ਨੇ ਆਪਣੇ ਸੰਗੀ ਮਸੀਹੀਆਂ ਨੂੰ ਆਪਣਾ ਉਦੇਸ਼ ਯਾਦ ਰੱਖਣ ਦੀ ਤਾਕੀਦ ਕੀਤੀ: “ਤੁਸੀਂ ਹੇ ਪਿਆਰਿਓ, ਆਪਣੇ ਆਪ ਨੂੰ ਆਪਣੀ ਅੱਤ ਪਵਿੱਤਰ ਨਿਹਚਾ ਉੱਤੇ ਉਸਾਰੀ ਜਾਓ ਅਤੇ ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਹੋਏ ਪਰਮੇਸ਼ੁਰ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਕਾਇਮ ਰੱਖੋ ਅਤੇ ਸਦੀਪਕ ਜੀਵਨ ਦੇ ਲਈ ਸਾਡੇ ਪ੍ਰਭੁ ਯਿਸੂ ਮਸੀਹ ਦੀ ਦਯਾ ਦੀ ਉਡੀਕ ਕਰਦੇ ਰਹੋ।” (ਯਹੂਦਾਹ 3, 4, 8, 19-21) ਮੁਕਤੀ ਦੀ ਆਸ਼ਾ ਨੈਤਿਕ ਤੌਰ ਤੇ ਸ਼ੁੱਧ ਰਹਿਣ ਲਈ ਲੜਾਈ ਲੜਨ ਵਿਚ ਉਨ੍ਹਾਂ ਦੀ ਮਦਦ ਕਰ ਸਕਦੀ ਸੀ।

13. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਦੀ ਦਇਆ ਨੂੰ ਐਵੇਂ ਹੀ ਨਹੀਂ ਲਿਆ ਹੈ?

13 ਯਹੋਵਾਹ ਪਰਮੇਸ਼ੁਰ ਚਾਹੁੰਦਾ ਹੈ ਕਿ ਜਿਨ੍ਹਾਂ ਨੂੰ ਉਹ ਮੁਕਤੀ ਦੇਵੇਗਾ, ਉਹ ਲੋਕ ਚੰਗੇ ਚਾਲ-ਚਲਣ ਵਾਲੇ ਹੋਣ। (1 ਕੁਰਿੰਥੀਆਂ 6:9, 10) ਪਰ ਪਰਮੇਸ਼ੁਰ ਦੇ ਨੈਤਿਕ ਮਿਆਰਾਂ ਉੱਤੇ ਚੱਲਣ ਦਾ ਇਹ ਮਤਲਬ ਨਹੀਂ ਕਿ ਅਸੀਂ ਦੂਸਰਿਆਂ ਨੂੰ ਪਰਖੀਏ। ਸਾਡੇ ਕੋਲ ਕੋਈ ਹੱਕ ਨਹੀਂ ਹੈ ਕਿ ਅਸੀਂ ਆਪਣੇ ਸੰਗੀ-ਸਾਥੀਆਂ ਦੇ ਭਵਿੱਖ ਦਾ ਫ਼ੈਸਲਾ ਕਰੀਏ। ਪਰ ਜਿਵੇਂ ਪੌਲੁਸ ਨੇ ਅਥੇਨੈ ਦੇ ਯੂਨਾਨੀਆਂ ਨੂੰ ਦੱਸਿਆ ਸੀ ਕਿ ਪਰਮੇਸ਼ੁਰ “ਨੇ ਇੱਕ ਦਿਨ ਠਹਿਰਾ ਛੱਡਿਆ ਹੈ ਜਿਹ ਦੇ ਵਿੱਚ ਉਹ ਸਚਿਆਈ ਨਾਲ ਸੰਸਾਰ ਦਾ ਨਿਆਉਂ ਕਰੇਗਾ ਓਸ ਮਨੁੱਖ ਦੇ ਰਾਹੀਂ ਜਿਹ ਨੂੰ ਉਸ ਨੇ ਠਹਿਰਾਇਆ” ਹੈ, ਅਰਥਾਤ ਯਿਸੂ ਮਸੀਹ ਰਾਹੀਂ। (ਰਸੂਲਾਂ ਦੇ ਕਰਤੱਬ 17:31; ਯੂਹੰਨਾ 5:22) ਜੇ ਅਸੀਂ ਯਿਸੂ ਦੁਆਰਾ ਦਿੱਤੀ ਰਿਹਾਈ ਦੀ ਕੀਮਤ ਵਿਚ ਨਿਹਚਾ ਰੱਖਦੇ ਹੋਏ ਆਪਣੀ ਜ਼ਿੰਦਗੀ ਜੀਉਂਦੇ ਹਾਂ, ਤਾਂ ਸਾਨੂੰ ਨਿਆਂ ਦੇ ਦਿਨ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। (ਇਬਰਾਨੀਆਂ 10:38, 39) ਜ਼ਰੂਰੀ ਗੱਲ ਇਹ ਹੈ ਕਿ ਅਸੀਂ ਗ਼ਲਤ ਸੋਚਣੀ ਅਤੇ ਬੁਰੇ ਚਾਲ-ਚਲਣ ਵਿਚ ਪੈ ਕੇ “ਪਰਮੇਸ਼ੁਰ ਦੀ ਕਿਰਪਾ [ਰਿਹਾਈ ਦੀ ਕੀਮਤ ਦੁਆਰਾ ਉਸ ਨਾਲ ਸਾਡੀ ਸੁਲ੍ਹਾ-ਸਫ਼ਾਈ] ਨੂੰ ਅਕਾਰਥ” ਨਾ ਲਈਏ। (2 ਕੁਰਿੰਥੀਆਂ 6:1) ਇਸ ਤੋਂ ਇਲਾਵਾ, ਮੁਕਤੀ ਪ੍ਰਾਪਤ ਕਰਨ ਵਿਚ ਦੂਸਰਿਆਂ ਦੀ ਮਦਦ ਕਰਨ ਦੁਆਰਾ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਦੀ ਦਇਆ ਨੂੰ ਐਵੇਂ ਹੀ ਨਹੀਂ ਲੈਂਦੇ। ਅਸੀਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ?

ਮੁਕਤੀ ਦੀ ਆਸ਼ਾ ਸਾਂਝੀ ਕਰਨੀ

14, 15. ਯਿਸੂ ਨੇ ਮੁਕਤੀ ਦੀ ਖ਼ੁਸ਼ ਖ਼ਬਰੀ ਸੁਣਾਉਣ ਦਾ ਕੰਮ ਕਿਸ ਨੂੰ ਦਿੱਤਾ ਸੀ?

14 ਨਬੀ ਯੋਏਲ ਦਾ ਹਵਾਲਾ ਦਿੰਦੇ ਹੋਏ ਪੌਲੁਸ ਨੇ ਲਿਖਿਆ: “ਹਰੇਕ ਜਿਹੜਾ ਪ੍ਰਭੁ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ।” ਉਸ ਨੇ ਅੱਗੇ ਕਿਹਾ: “ਪਰ ਜਿਹ ਦੇ ਉੱਤੇ ਨਿਹਚਾ ਨਹੀਂ ਕੀਤੀ ਓਹ ਉਸ ਦਾ ਨਾਮ ਕਿੱਕੁਰ ਲੈਣ? ਅਤੇ ਜਿਹ ਦੀ ਖਬਰ ਸੁਣੀ ਹੀ ਨਹੀਂ ਉਸ ਉੱਤੇ ਨਿਹਚਾ ਕਿੱਕੁਰ ਕਰਨ? ਅਤੇ ਪਰਚਾਰਕ ਬਾਝੋਂ ਕਿੱਕੁਰ ਸੁਣਨ?” ਕੁਝ ਆਇਤਾਂ ਤੋਂ ਬਾਅਦ ਪੌਲੁਸ ਨੇ ਦੱਸਿਆ ਕਿ ਨਿਹਚਾ ਆਪਣੇ ਆਪ ਪੈਦਾ ਨਹੀਂ ਹੋ ਜਾਂਦੀ; ਬਲਕਿ ਇਹ ‘ਮਸੀਹ ਦਾ ਬਚਨ ਸੁਣਨ ਨਾਲ’ ਪੈਦਾ ਹੁੰਦੀ ਹੈ।—ਰੋਮੀਆਂ 10:13, 14, 17; ਯੋਏਲ 2:32.

15 ਲੋਕਾਂ ਨੂੰ ‘ਮਸੀਹ ਦਾ ਬਚਨ’ ਕੌਣ ਸੁਣਾਵੇਗਾ? ਯਿਸੂ ਨੇ ਇਹ ਕੰਮ ਆਪਣੇ ਚੇਲਿਆਂ ਨੂੰ ਦਿੱਤਾ ਸੀ ਕਿਉਂਕਿ ਉਨ੍ਹਾਂ ਨੂੰ ਇਹ “ਬਚਨ” ਪਹਿਲਾਂ ਹੀ ਸਿਖਾਇਆ ਗਿਆ ਹੈ। (ਮੱਤੀ 24:14; 28:19, 20; ਯੂਹੰਨਾ 17:20) ਜਦੋਂ ਅਸੀਂ ਰਾਜ ਪ੍ਰਚਾਰ ਅਤੇ ਚੇਲੇ ਬਣਾਉਣ ਦਾ ਕੰਮ ਕਰਦੇ ਹਾਂ, ਤਾਂ ਅਸੀਂ ਉਹ ਕੰਮ ਕਰਦੇ ਹਾਂ ਜਿਸ ਬਾਰੇ ਪੌਲੁਸ ਨੇ ਯਸਾਯਾਹ ਦਾ ਹਵਾਲਾ ਦਿੰਦੇ ਹੋਏ ਲਿਖਿਆ ਸੀ: “ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ ਖਬਰੀ ਸੁਣਾਉਂਦੇ ਹਨ ਓਹਨਾਂ ਦੇ ਚਰਨ ਕਿਹੇ ਸੁੰਦਰ ਹਨ!” ਭਾਵੇਂ ਬਹੁਤ ਸਾਰੇ ਲੋਕ ਖ਼ੁਸ਼ ਖ਼ਬਰੀ ਨਹੀਂ ਸੁਣਦੇ, ਪਰ ਫਿਰ ਵੀ ਸਾਡੇ ਪੈਰ ਯਹੋਵਾਹ ਦੀਆਂ ਨਜ਼ਰਾਂ ਵਿਚ “ਸੁੰਦਰ” ਹਨ।—ਰੋਮੀਆਂ 10:15; ਯਸਾਯਾਹ 52:7.

16, 17. ਪ੍ਰਚਾਰ ਕਰਨ ਨਾਲ ਕਿਹੜੇ ਦੋ ਮਕਸਦ ਪੂਰੇ ਹੁੰਦੇ ਹਨ?

16 ਇਹ ਕੰਮ ਕਰਨ ਨਾਲ ਦੋ ਜ਼ਰੂਰੀ ਮਕਸਦ ਪੂਰੇ ਹੁੰਦੇ ਹਨ। ਪਹਿਲਾ, ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਨਾਲ ਪਰਮੇਸ਼ੁਰ ਦੇ ਨਾਂ ਦੀ ਵਡਿਆਈ ਹੋਵੇਗੀ ਅਤੇ ਜਿਹੜੇ ਮੁਕਤੀ ਚਾਹੁੰਦੇ ਹਨ, ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੁਕਤੀ ਕਿਸ ਤੋਂ ਮਿਲਣੀ ਹੈ। ਪੌਲੁਸ ਰਸੂਲ ਨੇ ਪ੍ਰਚਾਰ ਕੰਮ ਦੇ ਇਸ ਪਹਿਲੂ ਨੂੰ ਸਮਝਿਆ। ਉਸ ਨੇ ਕਿਹਾ: “ਪ੍ਰਭੁ ਨੇ ਸਾਨੂੰ ਇਉਂ ਹੁਕਮ ਦਿੱਤਾ ਹੈ—ਮੈਂ ਤੈਨੂੰ ਪਰਾਈਆਂ ਕੌਮਾਂ ਦੇ ਲਈ ਜੋਤ ਠਹਿਰਾਇਆ ਹੈ, ਭਈ ਤੂੰ ਧਰਤੀ ਦੇ ਬੰਨੇ ਤੀਕੁਰ ਮੁਕਤੀ ਦਾ ਕਾਰਨ ਹੋਵੇਂ।” ਇਸ ਲਈ ਮਸੀਹ ਦੇ ਚੇਲੇ ਹੋਣ ਦੇ ਨਾਤੇ ਸਾਨੂੰ ਸਾਰਿਆਂ ਨੂੰ ਮੁਕਤੀ ਦਾ ਸੰਦੇਸ਼ ਲੋਕਾਂ ਨੂੰ ਸੁਣਾਉਣਾ ਚਾਹੀਦਾ ਹੈ।—ਰਸੂਲਾਂ ਦੇ ਕਰਤੱਬ 13:47; ਯਸਾਯਾਹ 49:6.

17 ਦੂਸਰਾ, ਖ਼ੁਸ਼ ਖ਼ਬਰੀ ਦੇ ਪ੍ਰਚਾਰ ਦੇ ਆਧਾਰ ਤੇ ਪਰਮੇਸ਼ੁਰ ਲੋਕਾਂ ਦਾ ਸਹੀ ਨਿਆਂ ਕਰ ਸਕੇਗਾ। ਉਸ ਨਿਆਂ ਬਾਰੇ ਯਿਸੂ ਨੇ ਕਿਹਾ: “ਜਦ ਮਨੁੱਖ ਦਾ ਪੁੱਤ੍ਰ ਆਪਣੇ ਤੇਜ ਨਾਲ ਸਾਰੇ ਦੂਤਾਂ ਸਣੇ ਆਵੇਗਾ ਤਦ ਉਹ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ। ਅਰ ਸਭ ਕੌਮਾਂ ਉਹ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਰ ਜਿਸ ਤਰਾਂ ਅਯਾਲੀ ਭੇਡਾਂ ਨੂੰ ਬੱਕਰੀਆਂ ਵਿੱਚੋਂ ਵੱਖਰਿਆਂ ਕਰਦਾ ਹੈ ਓਸੇ ਤਰਾਂ ਉਹ ਉਨ੍ਹਾਂ ਨੂੰ ਇੱਕ ਦੂਏ ਤੋਂ ਵੱਖਰਾ ਕਰੇਗਾ।” ਭਾਵੇਂ ਨਿਆਂ ਕਰਨ ਅਤੇ ਵੱਖਰਾ ਕਰਨ ਦਾ ਕੰਮ ਉਦੋਂ ਹੋਵੇਗਾ ‘ਜਦ ਮਨੁੱਖ ਦਾ ਪੁੱਤ੍ਰ ਆਪਣੇ ਤੇਜ ਨਾਲ ਆਵੇਗਾ,’ ਫਿਰ ਵੀ ਪ੍ਰਚਾਰ ਦੁਆਰਾ ਲੋਕਾਂ ਨੂੰ ਮਸੀਹ ਦੇ ਅਧਿਆਤਮਿਕ ਭਰਾਵਾਂ ਨੂੰ ਪਛਾਣਨ ਅਤੇ ਆਪਣੀ ਸਦੀਪਕ ਮੁਕਤੀ ਲਈ ਇਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਹੈ।—ਮੱਤੀ 25:31-46.

“ਆਸ ਦੀ ਭਰਪੂਰੀ” ਨੂੰ ਕਾਇਮ ਰੱਖੋ

18. ਅਸੀਂ ਆਪਣੀ “ਮੁਕਤੀ ਦੀ ਆਸ” ਨੂੰ ਕਿਵੇਂ ਫੜੀ ਰੱਖ ਸਕਦੇ ਹਾਂ?

18 ਜਦੋਂ ਅਸੀਂ ਪੂਰੇ ਜੋਸ਼ ਨਾਲ ਪ੍ਰਚਾਰ ਕਰਦੇ ਹਾਂ, ਤਾਂ ਅਸੀਂ ਆਪਣੀ ਆਸ਼ਾ ਨੂੰ ਫੜੀ ਰੱਖਦੇ ਹਾਂ। ਪੌਲੁਸ ਨੇ ਲਿਖਿਆ: “ਅਸੀਂ ਚਾਹੁੰਦੇ ਹਾਂ ਜੋ ਤੁਹਾਡੇ ਵਿੱਚੋਂ ਹਰੇਕ ਆਸ ਦੀ ਭਰਪੂਰੀ ਲਈ ਅੰਤ ਤੋੜੀ ਉਹੋ ਜਿਹਾ ਜਤਨ ਕਰੇ।” (ਇਬਰਾਨੀਆਂ 6:11) ਇਸ ਲਈ ਆਓ ਆਪਾਂ ਸਾਰੇ ‘ਮੁਕਤੀ ਦੀ ਆਸ ਦੇ ਟੋਪ’ ਨੂੰ ਪਹਿਨੀਏ ਅਤੇ ਯਾਦ ਰੱਖੀਏ ਕਿ “ਪਰਮੇਸ਼ੁਰ ਨੇ ਸਾਨੂੰ ਕ੍ਰੋਧ ਦੇ ਲਈ ਨਹੀਂ ਸਗੋਂ ਇਸ ਲਈ ਥਾਪਿਆ ਭਈ ਅਸੀਂ ਆਪਣੇ ਪ੍ਰਭੁ ਯਿਸੂ ਮਸੀਹ ਦੇ ਰਾਹੀਂ ਮੁਕਤੀ ਨੂੰ ਪਰਾਪਤ ਕਰੀਏ।” (1 ਥੱਸਲੁਨੀਕੀਆਂ 5:8, 9) ਆਓ ਆਪਾਂ ਪਤਰਸ ਦੀ ਸਲਾਹ ਵੱਲ ਵੀ ਧਿਆਨ ਦੇਈਏ: “ਤੁਸੀਂ ਆਪਣੀ ਬੁੱਧ ਦਾ ਲੱਕ ਬੰਨ੍ਹ ਕੇ ਸੁਚੇਤ ਰਹੋ ਅਤੇ ਓਸ ਕਿਰਪਾ ਦੀ ਪੂਰੀ ਆਸ ਰੱਖੋ ਜਿਹੜੀ . . . ਤੁਹਾਡੇ ਉੱਤੇ ਹੋਣ ਵਾਲੀ ਹੈ।” (1 ਪਤਰਸ 1:13) ਜਿਹੜੇ ਇਸ ਤਰ੍ਹਾਂ ਕਰਦੇ ਹਨ, ਉਨ੍ਹਾਂ ਦੀ “ਮੁਕਤੀ ਦੀ ਆਸ” ਪੂਰੀ ਹੋਵੇਗੀ।

19. ਅਗਲੇ ਲੇਖ ਵਿਚ ਅਸੀਂ ਕਿਸ ਬਾਰੇ ਚਰਚਾ ਕਰਾਂਗੇ?

19 ਹੁਣ ਇਸ ਰੀਤੀ-ਵਿਵਸਥਾ ਦੇ ਬਾਕੀ ਰਹਿੰਦੇ ਸਮੇਂ ਬਾਰੇ ਸਾਡਾ ਨਜ਼ਰੀਆ ਕੀ ਹੋਣਾ ਚਾਹੀਦਾ ਹੈ? ਅਸੀਂ ਆਪ ਮੁਕਤੀ ਪ੍ਰਾਪਤ ਕਰਨ ਅਤੇ ਦੂਸਰਿਆਂ ਦੀ ਮੁਕਤੀ ਪ੍ਰਾਪਤ ਕਰਨ ਵਿਚ ਮਦਦ ਕਰਨ ਲਈ ਇਹ ਸਮਾਂ ਕਿਵੇਂ ਵਰਤ ਸਕਦੇ ਹਾਂ? ਆਪਾਂ ਇਨ੍ਹਾਂ ਸਵਾਲਾਂ ਉੱਤੇ ਅਗਲੇ ਲੇਖ ਵਿਚ ਚਰਚਾ ਕਰਾਂਗੇ।

ਕੀ ਤੁਸੀਂ ਸਮਝਾ ਸਕਦੇ ਹੋ?

• ਸਾਨੂੰ ਆਪਣੀ “ਮੁਕਤੀ ਦੀ ਆਸ” ਕਿਉਂ ਫੜੀ ਰੱਖਣੀ ਚਾਹੀਦੀ ਹੈ?

• ਸਾਨੂੰ ਕਿਸ-ਕਿਸ ਚੀਜ਼ ਤੋਂ ਮੁਕਤੀ ਮਿਲੇਗੀ?

• ਮੁਕਤੀ ਦਾ ਤੋਹਫ਼ਾ ਹਾਸਲ ਕਰਨ ਲਈ ਸਾਨੂੰ ਕੀ ਕਰਨਾ ਪਵੇਗਾ?

• ਸਾਡੇ ਪ੍ਰਚਾਰ ਦੁਆਰਾ ਪਰਮੇਸ਼ੁਰ ਦੇ ਕਿਹੜੇ ਮਕਸਦ ਪੂਰੇ ਹੁੰਦੇ ਹਨ?

[ਸਵਾਲ]

[ਸਫ਼ੇ 10 ਉੱਤੇ ਤਸਵੀਰਾਂ]

ਮੁਕਤੀ ਦਾ ਮਤਲਬ ਸਿਰਫ਼ ਤਬਾਹੀ ਤੋਂ ਬਚਾਅ ਨਹੀਂ ਹੈ