Skip to content

Skip to table of contents

ਕੀ “ਮਸੀਹੀ” ਸ਼ਬਦ ਦਾ ਅਰਥ ਲੋਪ ਹੁੰਦਾ ਜਾ ਰਿਹਾ ਹੈ?

ਕੀ “ਮਸੀਹੀ” ਸ਼ਬਦ ਦਾ ਅਰਥ ਲੋਪ ਹੁੰਦਾ ਜਾ ਰਿਹਾ ਹੈ?

ਕੀ “ਮਸੀਹੀ” ਸ਼ਬਦ ਦਾ ਅਰਥ ਲੋਪ ਹੁੰਦਾ ਜਾ ਰਿਹਾ ਹੈ?

ਇਕ ਮਸੀਹੀ ਹੋਣ ਦਾ ਕੀ ਅਰਥ ਹੈ? ਤੁਸੀਂ ਇਸ ਦਾ ਕੀ ਜਵਾਬ ਦਿਓਗੇ? ਵੱਖੋ-ਵੱਖਰੇ ਦੇਸ਼ਾਂ ਦੇ ਕਈ ਵਿਅਕਤੀਆਂ ਕੋਲੋਂ ਇਹੀ ਸਵਾਲ ਪੁੱਛਿਆ ਗਿਆ। ਉਨ੍ਹਾਂ ਵਿੱਚੋਂ ਕੁਝ ਨੇ ਹੇਠਾਂ ਲਿਖੇ ਜਵਾਬ ਦਿੱਤੇ:

“ਯਿਸੂ ਦੀ ਪੈੜ ਤੇ ਚੱਲਣਾ ਤੇ ਉਸ ਦੀ ਰੀਸ ਕਰਨੀ।”

“ਇਕ ਭਲਾ ਇਨਸਾਨ ਹੋਣਾ ਅਤੇ ਦੂਜਿਆਂ ਦੀ ਮਦਦ ਕਰਨੀ।”

“ਮਸੀਹ ਨੂੰ ਆਪਣਾ ਪ੍ਰਭੂ ਅਤੇ ਮੁਕਤੀਦਾਤਾ ਮੰਨਣਾ।”

“ਰੱਬੀ ਭੋਜ ਵਿਚ ਜਾਣਾ, ਮਾਲਾ ਜਪਣੀ ਅਤੇ ਦੂਸਰੀਆਂ ਰੀਤਾਂ-ਰਸਮਾਂ ਨੂੰ ਮਨਾਉਣਾ।”

“ਮੈਂ ਨਹੀਂ ਮੰਨਦਾ ਕਿ ਮਸੀਹੀ ਹੋਣ ਲਈ ਚਰਚ ਵਿਚ ਜਾਣਾ ਜ਼ਰੂਰੀ ਹੈ।”

ਡਿਕਸ਼ਨਰੀਆਂ ਵੀ ਵੰਨ-ਸੁਵੰਨੀਆਂ ਪਰਿਭਾਸ਼ਾਵਾਂ ਦਿੰਦੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਬੰਦਾ ਬੌਂਦਲਾ ਜਾਂਦਾ ਹੈ। ਇਕ ਡਿਕਸ਼ਨਰੀ ਵਿਚ “ਮਸੀਹੀ” ਸ਼ਬਦ ਲਈ ਦਸ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਦੋ ਪਰਿਭਾਸ਼ਾਵਾਂ ਇਹ ਹਨ—ਯਿਸੂ ਮਸੀਹ ਵਿਚ ਵਿਸ਼ਵਾਸ ਕਰਨਾ ਜਾਂ ਉਸ ਦੇ ਧਰਮ ਦਾ ਹੋਣਾ ਅਤੇ ਇਕ ਚੰਗਾ ਤੇ ਭਲਾ ਇਨਸਾਨ ਹੋਣਾ। ਇਸ ਤੋਂ ਇਲਾਵਾ ਅੱਠ ਹੋਰ ਵੱਖੋ-ਵੱਖਰੀਆਂ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਹਨ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਕਈਆਂ ਨੂੰ ਇਹ ਸਮਝਣਾ ਔਖਾ ਲੱਗਦਾ ਹੈ ਕਿ ਇਕ ਮਸੀਹੀ ਹੋਣ ਦਾ ਕੀ ਅਰਥ ਹੈ।

ਇਕ ਖੁੱਲ੍ਹੀ ਮਨੋਬਿਰਤੀ

ਅੱਜ-ਕੱਲ੍ਹ, ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਲੋਕ ਭਾਵੇਂ ਇੱਕੋ ਹੀ ਚਰਚ ਵਿਚ ਜਾਂਦੇ ਹੋਣ, ਪਰ ਬਾਈਬਲ ਨੂੰ ਪਰਮੇਸ਼ੁਰ ਵੱਲੋਂ ਲਿਖਵਾਏ ਜਾਣ ਬਾਰੇ, ਕ੍ਰਮ-ਵਿਕਾਸ ਦੇ ਸਿਧਾਂਤ ਬਾਰੇ, ਚਰਚ ਦੇ ਰਾਜਨੀਤੀ ਨਾਲ ਸੰਬੰਧ ਬਾਰੇ ਅਤੇ ਦੂਜਿਆਂ ਨੂੰ ਆਪਣੀ ਨਿਹਚਾ ਬਾਰੇ ਦੱਸਣ ਵਰਗੇ ਕਈ ਵਿਸ਼ਿਆਂ ਉੱਤੇ ਉਨ੍ਹਾਂ ਦੀ ਵੱਖੋ-ਵੱਖਰੀ ਰਾਇ ਪਾਈ ਜਾਂਦੀ ਹੈ। ਗਰਭਪਾਤ, ਸਮਾਨ ਲਿੰਗ ਦੇ ਵਿਅਕਤੀਆਂ ਨਾਲ ਜਿਨਸੀ ਸੰਬੰਧ ਰੱਖਣੇ ਅਤੇ ਬਿਨਾਂ ਵਿਆਹ ਦੇ ਇਕ ਦੂਜੇ ਨਾਲ ਰਹਿਣ ਵਰਗੇ ਕਈ ਤਰ੍ਹਾਂ ਦੇ ਨੈਤਿਕ ਵਿਸ਼ਿਆਂ ਉੱਤੇ ਅਕਸਰ ਗਰਮਾ-ਗਰਮ ਬਹਿਸ ਹੁੰਦੀ ਰਹਿੰਦੀ ਹੈ। ਇਸ ਦਾ ਸਾਫ਼-ਸਾਫ਼ ਕਾਰਨ ਇਹੀ ਹੈ ਕਿ ਲੋਕਾਂ ਦੀ ਮਨੋਬਿਰਤੀ ਖੁੱਲ੍ਹੀ ਹੁੰਦੀ ਜਾ ਰਹੀ ਹੈ।

ਮਿਸਾਲ ਲਈ, ਕ੍ਰਿਸ਼ਚਨ ਸੈਂਚੁਅਰੀ ਨਾਮਕ ਇਕ ਰਸਾਲਾ ਕਹਿੰਦਾ ਹੈ ਕਿ “ਚਰਚ ਦੀ ਪ੍ਰਬੰਧਕ ਕਮੇਟੀ ਵਿਚ ਇਕ ਸਮਲਿੰਗੀ ਬਜ਼ੁਰਗ ਚੁਣਨ” ਦੀ ਗੱਲ ਦਾ ਸਮਰਥਨ ਕਰਨ ਲਈ ਹਾਲ ਹੀ ਵਿਚ ਇਕ ਪ੍ਰੋਟੈਸਟੈਂਟ ਚਰਚ ਦੀ ਅਦਾਲਤ ਨੇ ਵੋਟਾਂ ਪੁਆਈਆਂ। ਦ ਨਿਊਯਾਰਕ ਟਾਈਮਜ਼ ਰਸਾਲੇ ਵਿਚ ਦਿੱਤੀ ਇਕ ਰਿਪੋਰਟ ਮੁਤਾਬਕ ਕੁਝ ਉੱਘੇ ਧਰਮ-ਸ਼ਾਸਤਰੀਆਂ ਨੇ ਇਹ ਵੀ ਕਿਹਾ ਹੈ ਕਿ ਮੁਕਤੀ ਲਈ ਯਿਸੂ ਵਿਚ ਵਿਸ਼ਵਾਸ ਕਰਨਾ ਜ਼ਰੂਰੀ ਨਹੀਂ। ਅਜਿਹੇ ਲੋਕ ਮੰਨਦੇ ਹਨ ਕਿ ਯਹੂਦੀ, ਮੁਸਲਿਮ ਅਤੇ ਹੋਰ ਕਈ ਲੋਕ [ਮਸੀਹੀਆਂ ਵਾਂਗ] ਹੀ “ਸਵਰਗ ਜਾ ਸਕਦੇ ਹਨ।”

ਜ਼ਰਾ ਸੋਚ ਕੇ ਦੇਖੋ ਕਿ ਜੇ ਇਕ ਸਮਾਜਵਾਦੀ ਪੂੰਜੀਵਾਦ ਦੀ ਜਾਂ ਇਕ ਲੋਕਤੰਤਰਵਾਦੀ ਤਾਨਾਸ਼ਾਹੀ ਦੀ ਜਾਂ ਚੌਗਿਰਦੇ ਦਾ ਹਿਮਾਇਤੀ ਜੰਗਲਾਂ ਦੀ ਕਟਾਈ ਦੀ ਗੱਲ ਕਰੇ, ਤਾਂ ਤੁਹਾਨੂੰ ਕਿੱਦਾਂ ਦਾ ਲੱਗੇਗਾ? ਤੁਸੀਂ ਕਹੋਗੇ ਕਿ “ਅਜਿਹਾ ਵਿਅਕਤੀ ਅਸਲ ਵਿਚ ਇਕ ਸਮਾਜਵਾਦੀ ਜਾਂ ਲੋਕਤੰਤਰੀ ਜਾਂ ਚੌਗਿਰਦੇ ਦਾ ਹਿਮਾਇਤੀ ਨਹੀਂ ਹੋ ਸਕਦਾ” ਅਤੇ ਤੁਹਾਡਾ ਅਜਿਹਾ ਕਹਿਣਾ ਬਿਲਕੁਲ ਠੀਕ ਵੀ ਹੋਵੇਗਾ। ਪਰ, ਜਦੋਂ ਤੁਸੀਂ ਅੱਜ-ਕੱਲ੍ਹ ਦੇ ਮਸੀਹੀਆਂ ਦੇ ਵੱਖੋ-ਵੱਖਰੇ ਵਿਸ਼ਵਾਸਾਂ ਵੱਲ ਗੌਰ ਕਰਦੇ ਹੋ, ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਉਹ ਜੋ ਕੁਝ ਵਿਸ਼ਵਾਸ ਕਰਦੇ ਹਨ, ਉਹ ਮਸੀਹੀਅਤ ਦੇ ਬਿਲਕੁਲ ਖ਼ਿਲਾਫ਼ ਵਿਚ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਵਿਸ਼ਵਾਸ ਮਸੀਹੀਅਤ ਦੀ ਨੀਂਹ ਰੱਖਣ ਵਾਲੇ ਯਿਸੂ ਮਸੀਹ ਦੀਆਂ ਸਿੱਖਿਆਵਾਂ ਤੋਂ ਬਿਲਕੁਲ ਉਲਟ ਹਨ। ਪਰ ਜਿਸ ਮਸੀਹੀਅਤ ਨੂੰ ਉਹ ਮੰਨਦੇ ਹਨ ਉਸ ਤੋਂ ਕੀ ਸਾਬਤ ਹੁੰਦਾ ਹੈ?—1 ਕੁਰਿੰਥੀਆਂ 1:10.

ਮਸੀਹੀ ਸਿੱਖਿਆਵਾਂ ਨੂੰ ਦੁਨੀਆਂ ਨੇ ਆਪਣੀ ਸੋਚ ਮੁਤਾਬਕ ਕਿਵੇਂ ਬਦਲਿਆ ਇਸ ਦੀ ਇਕ ਲੰਬੀ ਕਹਾਣੀ ਹੈ ਜਿਸ ਬਾਰੇ ਅਸੀਂ ਅੱਗੇ ਜਾ ਕੇ ਦੇਖਾਂਗੇ। ਇਹੋ ਜਿਹੀਆਂ ਤਬਦੀਲੀਆਂ ਬਾਰੇ ਪਰਮੇਸ਼ੁਰ ਅਤੇ ਯਿਸੂ ਮਸੀਹ ਕਿੱਦਾਂ ਦਾ ਮਹਿਸੂਸ ਕਰਦੇ ਹਨ? ਜਿਹੜੇ ਚਰਚ ਯਿਸੂ ਮਸੀਹ ਦੀਆਂ ਸਿੱਖਿਆਵਾਂ ਤੋਂ ਉਲਟ ਸਿੱਖਿਆਵਾਂ ਦਿੰਦੇ ਹਨ, ਕੀ ਉਹ ਆਪਣੇ ਆਪ ਨੂੰ ਸੱਚੇ ਮਸੀਹੀ ਕਹਿ ਸਕਦੇ ਹਨ? ਇਨ੍ਹਾਂ ਸਵਾਲਾਂ ਦੀ ਚਰਚਾ ਅਗਲੇ ਲੇਖ ਵਿਚ ਕੀਤੀ ਜਾਵੇਗੀ।