Skip to content

Skip to table of contents

ਤੁਸੀਂ ਵਧੀਆ ਸਲਾਹ ਕਿੱਥੋਂ ਲੈ ਸਕਦੇ ਹੋ?

ਤੁਸੀਂ ਵਧੀਆ ਸਲਾਹ ਕਿੱਥੋਂ ਲੈ ਸਕਦੇ ਹੋ?

ਤੁਸੀਂ ਵਧੀਆ ਸਲਾਹ ਕਿੱਥੋਂ ਲੈ ਸਕਦੇ ਹੋ?

ਅੱਜ-ਕੱਲ੍ਹ “ਸਲਾਹ ਦੇਣ ਦੇ ਵਪਾਰ” ਤੋਂ ਹਰ ਸਾਲ ਖਰਬਾਂ ਰੁਪਏ ਕਮਾਏ ਜਾਂਦੇ ਹਨ। ਲੋਕ ਮਦਦ ਚਾਹੁੰਦੇ ਹਨ। ਮਾਨਸਿਕ ਸਿਹਤ ਦਾ ਇਕ ਡਾਕਟਰ, ਹਾਈਨਜ਼ ਲੇਮਾਨ ਕਹਿੰਦਾ ਹੈ: “[ਅੱਜ-ਕੱਲ੍ਹ ਦੀ] ਸਿੱਖਿਆ ਪ੍ਰਣਾਲੀ ਚੰਗੀ ਨਹੀਂ ਹੈ ਅਤੇ ਸਾਡੇ ਸਮਾਜ ਵਿਚ ਵੀ ਕਈ ਕਮੀਆਂ ਹਨ। ਧਾਰਮਿਕ ਕਦਰਾਂ-ਕੀਮਤਾਂ ਵੀ ਹੁਣ ਪਹਿਲਾਂ ਵਰਗੀਆਂ ਨਹੀਂ ਰਹੀਆਂ। ਪਰਿਵਾਰ ਵੀ ਪਹਿਲਾਂ ਵਾਂਗ ਮਜ਼ਬੂਤ ਨਹੀਂ ਹਨ . . . , ਨਤੀਜੇ ਵਜੋਂ ਲੋਕ ਡਾਢੀ ਜੱਦੋ-ਜਹਿਦ ਕਰ ਰਹੇ ਹਨ।” ਲੇਖਕ ਐਰਿਕ ਮਾਈਜ਼ਲ ਕਹਿੰਦਾ ਹੈ: “ਜਿਹੜੇ ਲੋਕ ਪਹਿਲਾਂ ਆਪਣੀਆਂ ਮਾਨਸਿਕ, ਅਧਿਆਤਮਿਕ ਅਤੇ ਸਰੀਰਕ ਮੁਸ਼ਕਲਾਂ ਬਾਰੇ ਕਬੀਲਿਆਂ ਦੇ ਸਿਆਣਿਆਂ, ਪਾਦਰੀਆਂ ਜਾਂ ਪਰਿਵਾਰ ਦੇ ਡਾਕਟਰਾਂ ਕੋਲੋਂ ਮਦਦ ਲੈਂਦੇ ਹੁੰਦੇ ਸਨ, ਹੁਣ ਉਹ ਇਨ੍ਹਾਂ ਮਾਮਲਿਆਂ ਬਾਰੇ ਸਲਾਹਾਂ ਲੈਣ ਲਈ ਉਨ੍ਹਾਂ ਕਿਤਾਬਾਂ ਦਾ ਸਹਾਰਾ ਲੈਂਦੇ ਹਨ ਜਿਨ੍ਹਾਂ ਵਿਚ ਇਨ੍ਹਾਂ ਮੁਸ਼ਕਲਾਂ ਦੇ ਹੱਲ ਦੱਸੇ ਜਾਣ ਦੇ ਦਾਅਵੇ ਕੀਤੇ ਜਾਂਦੇ ਹਨ।”

ਦ ਅਮੈਰੀਕਨ ਸਾਈਕਲੋਜੀਕਲ ਐਸੋਸੀਏਸ਼ਨ ਨੇ ਇਕ ਕਮੇਟੀ ਨੂੰ ਇਸ ਧੜਾਧੜ ਪੈਸੇ ਕਮਾ ਰਹੇ ਵਪਾਰ ਦੀ ਛਾਣ-ਬੀਣ ਕਰਨ ਲਈ ਕਿਹਾ। ਇਸ ਕਮੇਟੀ ਨੇ ਰਿਪੋਰਟ ਦਿੱਤੀ ਕਿ ਭਾਵੇਂ “ਅਜਿਹੀਆਂ ਕਿਤਾਬਾਂ ਆਪਣੇ-ਆਪ ਨੂੰ ਅਤੇ ਦੂਸਰਿਆਂ ਨੂੰ ਸਮਝਣ ਵਿਚ ਲੋਕਾਂ ਦੀ ਕਾਫ਼ੀ ਮਦਦ ਕਰਦੀਆਂ ਹਨ . . . , ਪਰ ਇਨ੍ਹਾਂ ਕਿਤਾਬਾਂ ਦੀ ਮਸ਼ਹੂਰੀ ਕਰਨ ਲਈ ਦਾਅਵੇ ਬਹੁਤ ਹੀ ਵਧਾ-ਚੜ੍ਹਾ ਕੇ ਕੀਤੇ ਜਾਂਦੇ ਹਨ।” ਟੋਰੌਂਟੋ ਸਟਾਰ ਦਾ ਇਕ ਲਿਖਾਰੀ ਕਹਿੰਦਾ ਹੈ: “ਧਾਰਮਿਕ ਧੋਖੇਬਾਜ਼ਾਂ ਤੋਂ ਖ਼ਬਰਦਾਰ ਰਹੋ। . . . ਖ਼ਾਸ ਕਰਕੇ ਸਵੈ-ਮਦਦ ਕਿਤਾਬਾਂ ਅਤੇ ਟੇਪਾਂ ਜਾਂ ਸੈਮੀਨਾਰਾਂ ਤੋਂ ਸਾਵਧਾਨ ਰਹੋ ਜੋ ਇਹ ਦਾਅਵੇ ਕਰਦੇ ਹਨ ਕਿ ਤੁਸੀਂ ਥੋੜ੍ਹੇ ਜਿਹੇ ਸਮੇਂ ਵਿਚ, ਥੋੜ੍ਹੀ ਜਿਹੀ ਮਿਹਨਤ ਨਾਲ ਬਹੁਤ ਕੁਝ ਸਿੱਖ ਸਕਦੇ ਹੋ।” ਯਕੀਨਨ, ਦੁਨੀਆਂ ਵਿਚ ਅਜਿਹੇ ਲੋਕ ਵੀ ਹਨ ਜੋ ਲੋੜਵੰਦਾਂ ਦੀ ਸੱਚੀਂ-ਮੁੱਚੀਂ ਮਦਦ ਕਰਨੀ ਚਾਹੁੰਦੇ ਹਨ। ਪਰ ਇਹ ਇਕ ਦੁਖਦਾਈ ਹਕੀਕਤ ਹੈ ਕਿ ਬਹੁਤ ਸਾਰੇ ਬੇਈਮਾਨ ਲੋਕ ਦੂਜਿਆਂ ਦੇ ਦੁੱਖਾਂ ਦਾ ਅਤੇ ਉਨ੍ਹਾਂ ਦੀਆਂ ਮਜਬੂਰੀਆਂ ਦਾ ਨਾਜਾਇਜ਼ ਫ਼ਾਇਦਾ ਉਠਾ ਰਹੇ ਹਨ। ਅਜਿਹੇ ਲੋਕ ਬਿਨਾਂ ਕੋਈ ਸਹੀ ਹੱਲ ਕੀਤੇ ਜਾਂ ਮਦਦ ਦਿੱਤੇ ਬਗੈਰ ਧੜਾਧੜ ਪੈਸੇ ਕਮਾ ਰਹੇ ਹਨ।

ਉੱਪਰ ਦੱਸੀਆਂ ਸਾਰੀਆਂ ਗੱਲਾਂ ਉੱਤੇ ਗੌਰ ਕਰਨ ਤੋਂ ਬਾਅਦ ਸਵਾਲ ਇਹ ਉੱਠਦਾ ਹੈ ਕਿ ਅਸੀਂ ਕਿਸ ਦੀ ਸਲਾਹ ਉੱਤੇ ਭਰੋਸਾ ਕਰੀਏ? ਇਸ ਤੋਂ ਇਲਾਵਾ, ਸਾਨੂੰ ਸਹੀ ਅਤੇ ਭਰੋਸੇਯੋਗ ਸਲਾਹ ਕਿੱਥੋਂ ਮਿਲ ਸਕਦੀ ਹੈ ਜਿਹੜੀ ਹਮੇਸ਼ਾ ਸਾਡੇ ਕੰਮ ਆਉਣ ਵਾਲੀ ਹੋਵੇ?

ਭਰੋਸੇਯੋਗ ਸਲਾਹ—ਕਿੱਥੋਂ?

ਅਮਰੀਕਾ ਦੇ 19ਵੀਂ ਸਦੀ ਦੇ ਹੈਨਰੀ ਵੌਰਡ ਬੀਚਰ ਨਾਂ ਦੇ ਇਕ ਪ੍ਰਚਾਰਕ ਨੇ ਕਿਹਾ: “ਬਾਈਬਲ, ਪਰਮੇਸ਼ੁਰ ਵੱਲੋਂ ਦਿੱਤੇ ਇਕ ਸਮੁੰਦਰੀ ਨਕਸ਼ੇ ਵਾਂਗ ਹੈ ਜੋ ਸਾਡੀ ਜ਼ਿੰਦਗੀ ਦੇ ਜਹਾਜ਼ ਨੂੰ ਚਲਾਉਣ ਵਿਚ ਮਦਦ ਕਰਦੀ ਹੈ। ਇਹ ਸਾਨੂੰ ਸਮੁੰਦਰੀ ਤਲ ਦੇ ਖ਼ਤਰਿਆਂ ਤੋਂ ਬਚਾਉਂਦੀ ਹੈ। ਇਹ ਸਾਨੂੰ ਦੱਸਦੀ ਹੈ ਕਿ ਅਸੀਂ ਆਪਣੀ ਮੰਜ਼ਲ ਤਕ ਪਹੁੰਚਣ ਲਈ ਰਾਹ ਵਿਚ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਿਵੇਂ ਕਰਨਾ ਹੈ।” ਇਕ ਹੋਰ ਵਿਅਕਤੀ ਨੇ ਬਾਈਬਲ ਬਾਰੇ ਇੰਜ ਕਿਹਾ: “ਬਾਈਬਲ ਤੋਂ ਬਗੈਰ ਸਾਨੂੰ ਹੋਰ ਕਿਤਿਓਂ ਵੀ ਵਧੀਆ ਸਲਾਹ ਨਹੀਂ ਮਿਲ ਸਕਦੀ; ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਹੈ, ਇਹ ਕਿਤਾਬ ਪਹਿਲਾਂ ਨਾਲੋਂ ਵੀ ਜ਼ਿਆਦਾ ਕਾਰਗਰ ਸਾਬਤ ਹੁੰਦੀ ਨਜ਼ਰ ਆ ਰਹੀ ਹੈ।” ਪਰ, ਤੁਹਾਨੂੰ ਬਾਈਬਲ ਵੱਲ ਇੰਨਾ ਧਿਆਨ ਕਿਉਂ ਦੇਣਾ ਚਾਹੀਦਾ ਹੈ?

ਇਸ ਸਵਾਲ ਦਾ ਜਵਾਬ ਬਾਈਬਲ ਇੰਜ ਦਿੰਦੀ ਹੈ: “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ। ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।” (2 ਤਿਮੋਥਿਉਸ 3:16, 17) ਬਾਈਬਲ ਵਿਚ ਜੋ ਕੁਝ ਵੀ ਲਿਖਿਆ ਹੈ, ਉਸ ਦਾ ਮੁੱਢ ਖ਼ੁਦ ਯਹੋਵਾਹ ਪਰਮੇਸ਼ੁਰ ਹੈ ਜੋ ਜੀਉਣ ਦਾ ਚਸ਼ਮਾ ਹੈ। (ਜ਼ਬੂਰ 36:9) ਇਸੇ ਲਈ ਉਹ ਸਾਡੀ ਸ੍ਰਿਸ਼ਟ ਨੂੰ ਜਾਣਦਾ ਹੈ। ਜ਼ਬੂਰ 103:14 ਸਾਨੂੰ ਚੇਤੇ ਕਰਾਉਂਦਾ ਹੈ: “ਉਹ ਤਾਂ ਸਾਡੀ ਸਰਿਸ਼ਟ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!” ਇਸ ਲਈ ਬਾਈਬਲ ਵਿਚ ਜੋ ਕੁਝ ਲਿਖਿਆ ਗਿਆ ਹੈ, ਉਸ ਉੱਤੇ ਅਸੀਂ ਪੂਰਾ-ਪੂਰਾ ਯਕੀਨ ਕਰ ਸਕਦੇ ਹਾਂ।

ਬਾਈਬਲ ਵਿਚ ਬਹੁਤ ਸਾਰੇ ਸਿਧਾਂਤ ਅਤੇ ਅਜਿਹੀਆਂ ਸਲਾਹਾਂ ਦਿੱਤੀਆਂ ਗਈਆਂ ਹਨ ਜੋ ਤੁਹਾਡੀ ਜ਼ਿੰਦਗੀ ਦੇ ਹਰ ਪਹਿਲੂ ਵਿਚ ਕੰਮ ਆ ਸਕਦੀਆਂ ਹਨ। ਬਾਈਬਲ ਦੇ ਜ਼ਰੀਏ ਪਰਮੇਸ਼ੁਰ ਸਾਨੂੰ ਕਹਿੰਦਾ ਹੈ: “ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ।” (ਯਸਾਯਾਹ 30:21) ਕੀ ਬਾਈਬਲ ਅੱਜ ਦੇ ਸਮੇਂ ਵਿਚ ਸਾਡੀਆਂ ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰਦੀ ਹੈ? ਆਓ ਦੇਖੀਏ।

ਬਾਈਬਲ ਸਾਡੀਆਂ ਕਿਹੜੀਆਂ ਲੋੜਾਂ ਪੂਰੀਆਂ ਕਰਦੀ ਹੈ?

ਚਿੰਤਾਵਾਂ ਦੂਰ ਕਰਨ ਵਿਚ ਮਦਦ ਕਰਦੀ ਹੈ। ਬਾਈਬਲ ਸਾਨੂੰ ਦੱਸਦੀ ਹੈ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।” (ਫ਼ਿਲਿੱਪੀਆਂ 4:6, 7) ਕੁਝ ਲੋਕ ਕਿਸੇ ਵੱਲੋਂ ਬੁਰਾ-ਭਲਾ ਕਹਿਣ ਤੇ ਜਾਂ ਪੈਸੇ-ਧੇਲੇ ਦੀ ਕਮੀ ਕਾਰਨ ਬਹੁਤ ਪਰੇਸ਼ਾਨ ਹੋ ਜਾਂਦੇ ਹਨ। ਇਸ ਤੋਂ ਇਲਾਵਾ, ਕੁਕਰਮ ਕੀਤੇ ਜਾਣ ਤੇ ਜਾਂ ਆਪਣੇ ਕਿਸੇ ਅਜ਼ੀਜ਼ ਦੀ ਮੌਤ ਕਾਰਨ ਲੋਕ ਜਜ਼ਬਾਤੀ ਤੌਰ ਤੇ ਦੁਖੀ ਹੁੰਦੇ ਹਨ। ਕੀ ਇਨ੍ਹਾਂ ਸਾਰੇ ਦੁੱਖਾਂ ਅਤੇ ਪਰੇਸ਼ਾਨੀਆਂ ਵਿਚ ਬਾਈਬਲ ਸਾਡੀ ਮਦਦ ਕਰ ਸਕਦੀ ਹੈ? ਆਓ ਹੇਠਾਂ ਦਿੱਤੇ ਕੁਝ ਤਜਰਬਿਆਂ ਤੇ ਗੌਰ ਕਰੀਏ।

ਆਪਣੀ ਧੀ ਨਾਲ ਹੋਏ ਬਲਾਤਕਾਰ ਦਾ ਪਤਾ ਲੱਗਣ ਤੋਂ ਬਾਅਦ ਜੈਕੀ ਕਹਿੰਦੀ ਹੈ: “ਪਹਿਲਾਂ ਮੈਂ ਇਹ ਸੋਚਦੀ ਸੀ ਕਿ ਇਸ ਵਿਚ ਸਰਾਸਰ ਮੇਰਾ ਹੀ ਕਸੂਰ ਹੈ ਕਿ ਮੈਂ ਆਪਣੀ ਬੱਚੀ ਨੂੰ ਬਚਾ ਨਾ ਸਕੀ। ਇਸ ਡਾਢੇ ਦੁੱਖ ਨੂੰ ਲਫ਼ਜ਼ਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਬਹੁਤ ਪਰੇਸ਼ਾਨ ਸੀ ਤੇ ਮੈਨੂੰ ਆਪਣੇ ਆਪ ਤੋਂ ਨਫ਼ਰਤ ਹੋਣ ਲੱਗ ਪਈ ਸੀ। ਇਸ ਤਰ੍ਹਾਂ ਦੀਆਂ ਭਾਵਨਾਵਾਂ ਨੇ ਮੇਰੀ ਜ਼ਿੰਦਗੀ ਵਿਚ ਜ਼ਹਿਰ ਘੋਲਣਾ ਸ਼ੁਰੂ ਕਰ ਦਿੱਤਾ ਸੀ। ਇਨ੍ਹਾਂ ਭਾਵਨਾਵਾਂ ਤੇ ਕਾਬੂ ਰੱਖਣ ਲਈ ਮੈਨੂੰ ਯਹੋਵਾਹ ਦੀ ਹੱਦੋਂ ਵੱਧ ਲੋੜ ਸੀ।” ਫ਼ਿਲਿੱਪੀਆਂ 4:6, 7 ਨੂੰ ਵਾਰ-ਵਾਰ ਪੜ੍ਹਨ ਤੋਂ ਬਾਅਦ, ਇਸ ਭੈਣ ਨੇ ਇਸ ਵਿਚ ਲਿਖੀ ਸਲਾਹ ਉੱਤੇ ਅਮਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ। ਜੈਕੀ ਕਹਿੰਦੀ ਹੈ “ਮੈਂ ਹਰ ਦਿਨ ਪ੍ਰਾਰਥਨਾ ਵਿਚ ਯਹੋਵਾਹ ਨੂੰ ਵਾਰ-ਵਾਰ ਕਹਿੰਦੀ ਹਾਂ ਕਿ ਮੈਂ ਨਿਰਾਸ਼ਾ ਵਿਚ ਡੁੱਬ ਕੇ ਆਪਣੀ ਜ਼ਿੰਦਗੀ ਬਰਬਾਦ ਨਾ ਕਰਾਂ। ਸੱਚੀਂ ਯਹੋਵਾਹ ਨੇ ਸ਼ਾਂਤ ਅਤੇ ਖ਼ੁਸ਼ ਰਹਿਣ ਵਿਚ ਮੇਰੀ ਮਦਦ ਕੀਤੀ ਹੈ। ਵਾਕਈ, ਮੈਂ ਮਨ ਦੀ ਸ਼ਾਂਤੀ ਮਹਿਸੂਸ ਕਰਦੀ ਹਾਂ।”

ਹੋ ਸਕਦਾ ਹੈ ਕਿ ਤੁਸੀਂ ਵੀ ਆਪਣੇ ਆਪ ਨੂੰ ਅਜਿਹੇ ਹਾਲਾਤਾਂ ਵਿਚ ਘਿਰਿਆ ਹੋਇਆ ਪਾਓ ਜਿਨ੍ਹਾਂ ਉੱਤੇ ਤੁਹਾਡਾ ਵੱਸ ਨਹੀਂ ਹੁੰਦਾ ਤੇ ਨਾ ਹੀ ਕੋਈ ਹੱਲ ਨਜ਼ਰ ਆਉਂਦਾ ਹੈ ਜਿਸ ਕਾਰਨ ਚਿੰਤਾ ਦਿਨ-ਰਾਤ ਤੁਹਾਨੂੰ ਵੱਢ-ਵੱਢ ਖਾਂਦੀ ਹੋਵੇ। ਪਰ ਬਾਈਬਲ ਵਿਚ ਪ੍ਰਾਰਥਨਾ ਕਰਨ ਦੀ ਜੋ ਸਲਾਹ ਦਿੱਤੀ ਹੈ, ਉਸ ਉੱਤੇ ਚੱਲ ਕੇ ਤੁਸੀਂ ਇਨ੍ਹਾਂ ਹਲਾਤਾਂ ਦਾ ਚੰਗੀ ਤਰ੍ਹਾਂ ਮੁਕਾਬਲਾ ਕਰ ਸਕਦੇ ਹੋ। ਜ਼ਬੂਰਾਂ ਦਾ ਲਿਖਾਰੀ ਇਹ ਕਹਿ ਕੇ ਸਾਡੀ ਹੌਸਲਾ-ਅਫ਼ਜ਼ਾਈ ਕਰਦਾ ਹੈ: “ਆਪਣਾ ਰਾਹ ਯਹੋਵਾਹ ਦੇ ਗੋਚਰਾ ਕਰ, ਅਤੇ ਉਸ ਉੱਤੇ ਭਰੋਸਾ ਰੱਖ ਅਤੇ ਉਹ ਪੂਰਿਆਂ ਕਰੇਗਾ।”—ਜ਼ਬੂਰ 37:5.

ਸਾਡੀ ਹੌਸਲਾ-ਅਫ਼ਜ਼ਾਈ ਕਰਦੀ ਹੈ। ਜ਼ਬੂਰਾਂ ਦੇ ਲਿਖਾਰੀ ਨੇ ਇਹ ਕਹਿੰਦੇ ਹੋਏ ਯਹੋਵਾਹ ਲਈ ਕਦਰਦਾਨੀ ਦਿਖਾਈ: “ਹੇ ਯਹੋਵਾਹ, ਮੈਂ ਤੇਰੇ ਭਵਨ ਦੇ ਵਸੇਬਿਆਂ ਨਾਲ, ਅਤੇ ਤੇਰੀ ਮਹਿਮਾ ਦੇ ਡੇਹਰੇ ਨਾਲ ਪ੍ਰੇਮ ਰੱਖਦਾ ਹਾਂ। ਮੇਰਾ ਪੈਰ ਪੱਧਰੇ ਥਾਂ ਉੱਤੇ ਟਿਕਿਆ ਹੋਇਆ ਹੈ, ਮੈਂ ਸੰਗਤਾਂ ਵਿੱਚ ਯਹੋਵਾਹ ਨੂੰ ਧੰਨ ਆਖਾਂਗਾ।” (ਜ਼ਬੂਰ 26:8, 12) ਬਾਈਬਲ ਵਿਚ ਸਾਨੂੰ ਸਾਰਿਆਂ ਨੂੰ ਯਹੋਵਾਹ ਦੀ ਭਗਤੀ ਕਰਨ ਵਾਸਤੇ ਇਕੱਠੇ ਹੋਣ ਲਈ ਉਕਸਾਇਆ ਗਿਆ ਹੈ। ਇਕੱਠੇ ਹੋਣ ਨਾਲ ਤੁਹਾਨੂੰ ਕੀ-ਕੀ ਫ਼ਾਇਦੇ ਹੋ ਸਕਦੇ ਹਨ? ਹੋਰਨਾਂ ਨੂੰ ਇਸ ਦੇ ਕੀ-ਕੀ ਫ਼ਾਇਦੇ ਹੋਏ ਹਨ?

ਬੈਕੀ ਦੱਸਦੀ ਹੈ: “ਮੇਰੇ ਮਾਂ-ਬਾਪ ਯਹੋਵਾਹ ਨੂੰ ਨਹੀਂ ਮੰਨਦੇ। ਮੈਂ ਜਦੋਂ ਵੀ ਸਭਾਵਾਂ ਵਿਚ ਜਾਂ ਪ੍ਰਚਾਰ ਵਗੈਰਾ ਵਿਚ ਜਾਣ ਦੀ ਕੋਸ਼ਿਸ਼ ਕਰਦੀ ਹਾਂ, ਤਾਂ ਉਹ ਮੇਰਾ ਬਹੁਤ ਵਿਰੋਧ ਕਰਦੇ ਹਨ। ਇਸ ਲਈ ਸਭਾਵਾਂ ਵਿਚ ਜਾਣ ਲਈ ਮੈਨੂੰ ਬਹੁਤ ਕੁਝ ਸਹਿਣਾ ਪੈਂਦਾ ਹੈ।” ਪਰ ਬੈਕੀ ਦਾ ਕਹਿਣਾ ਹੈ ਕਿ ਮਸੀਹੀ ਸਭਾਵਾਂ ਵਿਚ ਲਗਾਤਾਰ ਜਾਣ ਦੀ ਕੋਸ਼ਿਸ਼ ਕਰਨ ਨਾਲ ਉਸ ਨੂੰ ਕਈ ਫ਼ਾਇਦੇ ਹੋਏ ਹਨ। “ਸਭਾਵਾਂ ਵਿਚ ਜਾਣ ਨਾਲ ਮੇਰੀ ਨਿਹਚਾ ਮਜ਼ਬੂਤ ਹੁੰਦੀ ਹੈ। ਇਸ ਦੀ ਮਦਦ ਨਾਲ ਮੈਂ ਇਕ ਵਿਦਿਆਰਥੀ, ਧੀ ਅਤੇ ਯਹੋਵਾਹ ਦੇ ਸੇਵਕ ਹੋਣ ਦੇ ਨਾਤੇ, ਰੋਜ਼ਾਨਾ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੇ ਕਾਬਲ ਹੁੰਦੀ ਹਾਂ। ਸਕੂਲ ਦੇ ਸਹਿਪਾਠੀਆਂ ਤੇ ਕਿੰਗਡਮ ਹਾਲ ਦੇ ਭੈਣ-ਭਰਾਵਾਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ! ਭੈਣ-ਭਰਾ ਦੂਜਿਆਂ ਦੀ ਪਰਵਾਹ ਕਰਦੇ ਹਨ ਅਤੇ ਮਦਦ ਕਰਦੇ ਹਨ। ਉਨ੍ਹਾਂ ਨਾਲ ਗੱਲ-ਬਾਤ ਕਰ ਕੇ ਹਮੇਸ਼ਾ ਦਿਲ ਨੂੰ ਹੌਸਲਾ ਮਿਲਦਾ ਹੈ। ਅਸਲ ਵਿਚ ਉਹ ਮੇਰੇ ਸੱਚੇ ਦੋਸਤ ਹਨ।”

ਜੀ ਹਾਂ, ਜੇ ਅਸੀਂ ਬਾਈਬਲ ਵਿਚਲੀ ਇਕੱਠੇ ਹੋਣ ਦੀ ਸਲਾਹ ਨੂੰ ਮੰਨਦੇ ਹਾਂ, ਤਾਂ ਸਾਨੂੰ ਯਹੋਵਾਹ ਕੋਲੋਂ ਹੌਸਲਾ-ਅਫ਼ਜ਼ਾਈ ਮਿਲ ਸਕਦੀ ਹੈ। ਅਜਿਹਾ ਕਰਨ ਤੇ ਹੀ ਸਾਨੂੰ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦਾਂ ਦੀ ਸੱਚਾਈ ਪਤਾ ਲੱਗਦੀ ਹੈ ਜਿਸ ਨੇ ਕਿਹਾ ਸੀ: “ਪਰਮੇਸ਼ੁਰ ਸਾਡੀ ਪਨਾਹ ਅਤੇ ਸਾਡਾ ਬਲ ਹੈ, ਉਹ ਦੁਖਾਂ ਵਿੱਚ ਵੱਡਾ ਸਹਾਇਕ ਹੋਇਆ ਹੈ।”—ਜ਼ਬੂਰ 46:1.

ਇਕ ਤਸੱਲੀਬਖ਼ਸ਼ ਅਤੇ ਫ਼ਾਇਦੇਮੰਦ ਕੰਮ ਕਰਨ ਦੀ ਖ਼ੁਸ਼ੀ ਦਿੰਦੀ ਹੈ। ਬਾਈਬਲ ਕਹਿੰਦੀ ਹੈ: “ਇਸਥਿਰ ਅਤੇ ਅਡੋਲ ਹੋਵੋ ਅਤੇ ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਓ ਕਿਉਂ ਜੋ ਤੁਸੀਂ ਜਾਣਦੇ ਹੋ ਜੋ ਪ੍ਰਭੁ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ ਹੈ।” (1 ਕੁਰਿੰਥੀਆਂ 15:58) ਕੀ ਵਾਕਈ “ਪ੍ਰਭੂ ਦੇ ਕੰਮ” ਵਿਚ ਤਸੱਲੀ ਮਿਲਦੀ ਹੈ? ਕੀ ਪ੍ਰਚਾਰ ਕਰਨ ਨਾਲ ਕੋਈ ਫ਼ਾਇਦਾ ਹੁੰਦਾ ਹੈ?

ਅਮੀਲੀਆ ਨੇ ਜੋ ਮਹਿਸੂਸ ਕੀਤਾ ਉਸ ਬਾਰੇ ਉਹ ਇੰਜ ਦੱਸਦੀ ਹੈ: “ਮੈਂ ਇਕ ਅਜਿਹੇ ਜੋੜੇ ਨਾਲ ਸਟੱਡੀ ਕੀਤੀ ਜੋ ਇਕ ਦੂਜੇ ਤੋਂ ਅੱਡ ਹੋਣ ਵਾਲੇ ਸਨ। ਮੈਂ ਇਕ ਅਜਿਹੀ ਤੀਵੀਂ ਦੀ ਵੀ ਮਦਦ ਕੀਤੀ ਜਿਸ ਦੀ ਧੀ ਨੂੰ ਬੜੇ ਵਹਿਸ਼ੀ ਤਰੀਕੇ ਨਾਲ ਮਾਰ ਦਿੱਤਾ ਗਿਆ ਸੀ। ਇਸ ਤੀਵੀਂ ਨੂੰ ਮੁਰਦਿਆਂ ਦੀ ਹਾਲਤ ਬਾਰੇ ਸਹੀ ਜਾਣਕਾਰੀ ਨਹੀਂ ਸੀ, ਇਸ ਲਈ ਉਹ ਬਹੁਤ ਪਰੇਸ਼ਾਨ ਰਹਿੰਦੀ ਸੀ। ਬਾਈਬਲ ਅਸੂਲਾਂ ਨੂੰ ਲਾਗੂ ਕਰ ਕੇ ਇਨ੍ਹਾਂ ਵਿਅਕਤੀਆਂ ਨੂੰ ਸ਼ਾਂਤੀ ਹੀ ਨਹੀਂ, ਸਗੋਂ ਜ਼ਿੰਦਗੀ ਵਿਚ ਇਕ ਉਮੀਦ ਦੀ ਕਿਰਣ ਵੀ ਨਜ਼ਰ ਆਈ। ਮੈਨੂੰ ਉਨ੍ਹਾਂ ਦੀ ਮਦਦ ਕਰ ਕੇ ਬਹੁਤ ਹੀ ਖ਼ੁਸ਼ੀ ਅਤੇ ਤਸੱਲੀ ਮਿਲੀ।” ਸਕੌਟ ਕਹਿੰਦਾ ਹੈ: “ਜੇਕਰ ਤੁਹਾਨੂੰ ਪ੍ਰਚਾਰ ਕਰਨ ਦੌਰਾਨ ਕੋਈ ਚੰਗਾ ਤਜਰਬਾ ਮਿਲਿਆ ਹੈ ਜਾਂ ਤੁਸੀਂ ਕੋਈ ਨਵੀਂ ਬਾਈਬਲ ਸਟੱਡੀ ਸ਼ੁਰੂ ਕੀਤੀ ਹੈ ਜਾਂ ਕਿਤੇ ਹੋਰ ਗਵਾਹੀ ਦੇਣ ਵਿਚ ਤੁਹਾਨੂੰ ਕਾਮਯਾਬੀ ਮਿਲੀ ਹੈ, ਤਾਂ ਤੁਸੀਂ ਇਨ੍ਹਾਂ ਤਜਰਬਿਆਂ ਬਾਰੇ ਆਉਣ ਵਾਲੇ ਸਮੇਂ ਵਿਚ ਹਮੇਸ਼ਾ ਗੱਲ-ਬਾਤ ਕਰਦੇ ਰਹੋਗੇ। ਜਦੋਂ ਵੀ ਤੁਸੀਂ ਕਿਸੇ ਨਾਲ ਇਸ ਬਾਰੇ ਗੱਲ ਕਰੋਗੇ, ਤਾਂ ਤੁਹਾਡੇ ਵਿਚ ਪਹਿਲਾਂ ਵਾਲਾ ਜੋਸ਼ ਆਵੇਗਾ ਤੇ ਤੁਸੀਂ ਪਹਿਲਾਂ ਜਿੰਨੀ ਖ਼ੁਸ਼ੀ ਮਹਿਸੂਸ ਕਰੋਗੇ! ਪ੍ਰਚਾਰ ਇਕ ਅਜਿਹਾ ਕੰਮ ਹੈ ਜਿਸ ਤੋਂ ਸਾਨੂੰ ਸਭ ਤੋਂ ਜ਼ਿਆਦਾ ਅਤੇ ਹਮੇਸ਼ਾ ਦੀ ਖ਼ੁਸ਼ੀ ਮਿਲਦੀ ਹੈ।”

ਯਕੀਨਨ ਜੋਸ਼ੀਲੇ ਪ੍ਰਚਾਰਕ ਬਣਨ ਲਈ ਬਾਈਬਲ ਦੀਆਂ ਹਿਦਾਇਤਾਂ ਨੂੰ ਮੰਨਣ ਨਾਲ ਕਈਆਂ ਨੂੰ ਤਸੱਲੀਬਖ਼ਸ਼ ਅਤੇ ਫ਼ਾਇਦੇਮੰਦ ਕੰਮ ਕਰਨ ਦੀ ਖ਼ੁਸ਼ੀ ਹਾਸਲ ਹੋਈ ਹੈ। ਪਰਮੇਸ਼ੁਰ ਦੇ ਅਸੂਲ ਅਤੇ ਉਸ ਦੇ ਰਾਹਾਂ ਬਾਰੇ ਲੋਕਾਂ ਨੂੰ ਦੱਸਣ ਦੇ ਕੰਮ ਵਿਚ ਹਿੱਸਾ ਪਾਉਣ ਦਾ ਤੁਹਾਨੂੰ ਵੀ ਸੱਦਾ ਦਿੱਤਾ ਜਾਂਦਾ ਹੈ ਜਿਸ ਨਾਲ ਤੁਹਾਨੂੰ ਖ਼ੁਦ ਨੂੰ ਵੀ ਫ਼ਾਇਦਾ ਹੋਵੇਗਾ।—ਯਸਾਯਾਹ 48:17; ਮੱਤੀ 28:19, 20.

ਪਰਮੇਸ਼ੁਰ ਦੇ ਬਚਨ ਤੋਂ ਫ਼ਾਇਦਾ ਲੈਣਾ

ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਦੇ ਸਮੇਂ ਵਿਚ ਵਧੀਆ ਸਲਾਹ ਲੈਣ ਲਈ ਬਾਈਬਲ ਹੀ ਇਕ ਭਰੋਸੇਯੋਗ ਕਿਤਾਬ ਹੈ। ਇਸ ਤੋਂ ਫ਼ਾਇਦਾ ਲੈਣ ਲਈ ਸਾਨੂੰ ਲਗਾਤਾਰ ਮਿਹਨਤ ਕਰਨ ਦੀ ਲੋੜ ਹੈ। ਸਾਨੂੰ ਇਸ ਨੂੰ ਪੜ੍ਹਨਾ ਚਾਹੀਦਾ ਹੈ ਅਤੇ ਇਸ ਉੱਤੇ ਮਨਨ ਕਰਨਾ ਚਾਹੀਦਾ ਹੈ। ਪੌਲੁਸ ਨੇ ਨਸੀਹਤ ਦਿੰਦੇ ਹੋਏ ਕਿਹਾ: “ਇਨ੍ਹਾਂ ਗੱਲਾਂ ਦਾ ਉੱਦਮ ਕਰ। ਇਨ੍ਹਾਂ ਵਿੱਚ ਲੱਗਾ ਰਹੁ ਭਈ ਤੇਰੀ ਤਰੱਕੀ ਸਭਨਾਂ ਉੱਤੇ ਪਰਗਟ ਹੋਵੇ।” (1 ਤਿਮੋਥਿਉਸ 4:15; ਬਿਵਸਥਾ ਸਾਰ 11:18-21) ਪਰਮੇਸ਼ੁਰ ਸਾਨੂੰ ਗਾਰੰਟੀ ਦਿੰਦਾ ਹੈ ਕਿ ਜੇ ਤੁਸੀਂ ਬਾਈਬਲ ਵਿਚ ਦਿੱਤੀ ਉਸ ਦੀ ਸਲਾਹ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰੋਗੇ, ਤਾਂ ਕਾਮਯਾਬੀ ਜ਼ਰੂਰ ਤੁਹਾਡੇ ਪੈਰ ਚੁੰਮੇਗੀ। ਉਹ ਵਾਅਦਾ ਕਰਦਾ ਹੈ: “ਯਹੋਵਾਹ ਉੱਤੇ ਭਰੋਸਾ ਰੱਖ . . . ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।”—ਕਹਾਉਤਾਂ 3:5, 6.

[ਸਫ਼ੇ 31 ਉੱਤੇ ਤਸਵੀਰਾਂ]

ਬਾਈਬਲ ਦੀ ਸਲਾਹ ਮੰਨਣ ਨਾਲ ਜ਼ਿੰਦਗੀ ਵਿਚ ਤਸੱਲੀ ਮਿਲਦੀ ਹੈ ਤੇ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਅਸੀਂ ਕੁਝ ਫ਼ਾਇਦੇਮੰਦ ਕੰਮ ਕੀਤਾ ਹੈ