Skip to content

Skip to table of contents

ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲਾ ਸੰਗੀਤ

ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲਾ ਸੰਗੀਤ

ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲਾ ਸੰਗੀਤ

ਸੰਗੀਤ ਨੂੰ “ਸਾਰੀਆਂ ਲਲਿਤ ਕਲਾਵਾਂ ਵਿੱਚੋਂ ਸਭ ਤੋਂ ਪੁਰਾਣੀ ਅਤੇ ਕੁਦਰਤੀ ਕਲਾ” ਕਿਹਾ ਗਿਆ ਹੈ। ਭਾਸ਼ਾ ਵਾਂਗ ਇਹ ਪਰਮੇਸ਼ੁਰ ਵੱਲੋਂ ਦਿੱਤਾ ਇਕ ਸ਼ਾਨਦਾਰ ਤੋਹਫ਼ਾ ਹੈ ਜੋ ਇਨਸਾਨ ਨੂੰ ਜਾਨਵਰਾਂ ਨਾਲੋਂ ਵਖਰਿਆਉਂਦਾ ਹੈ। ਸੰਗੀਤ ਸਾਡੇ ਦਿਲ ਦੀਆਂ ਤਾਰਾਂ ਨੂੰ ਛੇੜਦਾ ਹੈ। ਇਹ ਮਿਸ਼ਰੀ ਵਾਂਗ ਕੰਨਾਂ ਨੂੰ ਮਿੱਠਾ ਲੱਗ ਸਕਦਾ, ਮਨ ਦੇ ਆਲ੍ਹਣੇ ਵਿਚ ਸਮਾ ਸਕਦਾ ਤੇ ਸਭ ਤੋਂ ਵੱਧ ਪਰਮੇਸ਼ੁਰ ਨੂੰ ਖ਼ੁਸ਼ ਕਰ ਸਕਦਾ ਹੈ।

ਬਾਈਬਲ ਦਿਖਾਉਂਦੀ ਹੈ ਕਿ ਇਸਰਾਏਲੀ ਲੋਕਾਂ ਨੂੰ ਸੰਗੀਤ ਬਹੁਤ ਪਸੰਦ ਸੀ। ਅੰਗ੍ਰੇਜ਼ੀ ਵਿਚ ਉਂਗਰ ਦੀ ਬਾਈਬਲ ਡਿਕਸ਼ਨਰੀ ਕਹਿੰਦੀ ਹੈ ਕਿ ਸੰਗੀਤ “ਪੁਰਾਣੇ ਬਾਈਬਲ ਸਮਿਆਂ ਵਿਚ ਇਕ ਮੰਨੀ-ਪ੍ਰਮੰਨੀ ਕਲਾ” ਸੀ। ਗਾਉਣਾ ਅਤੇ ਵਜਾਉਣਾ ਉਨ੍ਹਾਂ ਦੀ ਰੋਜ਼ਾਨਾ ਦੀ ਭਗਤੀ ਦਾ ਇਕ ਅਹਿਮ ਹਿੱਸਾ ਸੀ। ਪਰ ਸਾਜ਼ਾਂ ਨਾਲੋਂ ਇਨਸਾਨਾਂ ਦੀ ਆਵਾਜ਼ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਸੀ।

ਰਾਜਾ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਵੱਲੋਂ ਬਣਾਏ ਮੰਦਰ ਦੀ ਚੱਠ ਤੋਂ ਪਹਿਲਾਂ, ਡੇਹਰੇ ਵਿਚ “ਗਵਈਯਾਂ ਉੱਤੇ” ਲੇਵੀਆਂ ਵਿੱਚੋਂ ਕਈਆਂ ਨੂੰ ਥਾਪਿਆ। (1 ਇਤਹਾਸ 6:31, 32) ਜਦੋਂ ਨੇਮ ਦਾ ਸੰਦੂਕ ਯਰੂਸ਼ਲਮ ਵਿਚ ਪਹੁੰਚਿਆ, ਜੋ ਯਹੋਵਾਹ ਦੀ ਮੌਜੂਦਗੀ ਨੂੰ ਦਰਸਾਉਂਦਾ ਸੀ, ਤਾਂ ਦਾਊਦ ਨੇ “ਪਰਮੇਸ਼ੁਰ ਦੀ ਵਾਰਤਾ ਅਰ ਧੰਨਵਾਦ ਅਰ ਵਡਿਆਈ” ਕਰਨ ਲਈ ਕੁਝ ਲੇਵੀਆਂ ਨੂੰ ਥਾਪਿਆ। ਉਨ੍ਹਾਂ ਨੇ “ਸਿਤਾਰਾਂ ਤੇ ਬਰਬਤਾਂ . . . ਛੈਣਿਆਂ . . . ਨਾਲੇ ਤੁਰ੍ਹੀਆਂ” ਵਜਾ ਕੇ ਤੇ ਇਨ੍ਹਾਂ ਨਾਲ ਸੁਰ ਵਿਚ ਸੁਰ ਮਿਲਾ ਕੇ ਗਾਉਣ ਦੁਆਰਾ ਯਹੋਵਾਹ ਦੀ ਵਡਿਆਈ ਕੀਤੀ। ਇਨ੍ਹਾਂ ਵਿਅਕਤੀਆਂ ਨੂੰ “ਯਹੋਵਾਹ ਦਾ ਧੰਨਵਾਦ” ਕਰਨ ਲਈ ਥਾਪਿਆ ਗਿਆ ਸੀ ਕਿਉਂਕਿ “ਉਹ ਦੀ ਦਯਾ ਸਦਾ ਲਈ ਹੈ।”—1 ਇਤਹਾਸ 16:4-6, 41; 25:1.

ਬਾਈਬਲ ਦੀ ਜ਼ਬੂਰਾਂ ਦੀ ਪੋਥੀ ਵਿਚ ਜੋ ਖ਼ਾਸ ਕਰਕੇ ਸੰਗੀਤ ਨਾਲ ਜੁੜੀ ਹੋਈ ਹੈ, ਇਹ ਵਾਕ “[ਯਹੋਵਾਹ] ਦੀ ਦਯਾ ਸਦਾ ਲਈ ਹੈ,” ਕਈ ਵਾਰ ਆਉਂਦਾ ਹੈ। ਮਿਸਾਲ ਲਈ, 136ਵੇਂ ਜ਼ਬੂਰ ਦੀਆਂ ਸਾਰੀਆਂ 26 ਆਇਤਾਂ ਦੀ ਹਰ ਦੂਸਰੀ ਲਾਈਨ ਇਸੇ ਵਾਕ ਨੂੰ ਵਾਰ-ਵਾਰ ਦੁਹਰਾਉਂਦੀ ਹੈ। ਇਕ ਬਾਈਬਲ ਵਿਦਵਾਨ ਕਹਿੰਦਾ ਹੈ: “ਇਹ ਵਾਕ ਛੋਟਾ ਹੋਣ ਕਰਕੇ ਲੋਕਾਂ ਦੇ ਜ਼ਬਾਨ ਤੇ ਆਸਾਨੀ ਨਾਲ ਚੜ੍ਹ ਜਾਂਦਾ ਸੀ। ਇਕ ਵਾਰ ਸੁਣਨ ਤੇ ਹਰ ਕੋਈ ਇਸ ਨੂੰ ਯਾਦ ਰੱਖ ਸਕਦਾ ਸੀ।”

ਜ਼ਬੂਰਾਂ ਦੇ ਸਿਰਲੇਖ ਦੇਖਣ ਤੇ ਸਾਫ਼ ਪਤਾ ਲੱਗਦਾ ਹੈ ਕਿ ਉਸ ਵੇਲੇ ਸੰਗੀਤ ਦੇ ਵੱਖ-ਵੱਖ ਸਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਸੀ। ਬੇਸ਼ੱਕ 150ਵੇਂ ਜ਼ਬੂਰ ਵਿਚ ਤਾਰਾਂ ਵਾਲੇ ਸਾਜ਼ਾਂ ਤੋਂ ਇਲਾਵਾ ਤੁਰ੍ਹੀ, ਡਫ਼ਲੀ, ਬੀਣ, ਛੈਣੇ ਅਤੇ ਬਰਬਤਾਂ ਦਾ ਜ਼ਿਕਰ ਆਉਂਦਾ ਹੈ ਪਰ ਫੇਰ ਵੀ ਇਨਸਾਨੀ ਆਵਾਜ਼ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦਿੱਤੀ ਗਈ ਹੈ। ਆਇਤ 6 ਉਤਸ਼ਾਹਿਤ ਕਰਦੀ ਹੈ: “ਸਾਰੇ ਪ੍ਰਾਣੀਓ, ਯਹੋਵਾਹ ਦੀ ਉਸਤਤ ਕਰੋ! ਹਲਲੂਯਾਹ!”

ਕਿਉਂਕਿ ਸੰਗੀਤ ਸਾਡੇ ਦਿਲ ਦੀ ਆਵਾਜ਼ ਹੁੰਦਾ ਹੈ, ਇਸ ਲਈ ਬਾਈਬਲ ਸਮਿਆਂ ਵਿਚ ਗ਼ਮਗੀਨ ਵਿਚਾਰਾਂ ਨੇ ਲੋਕਾਂ ਨੂੰ ਵਿਰਲਾਪ ਗੀਤ ਗਾਉਣ ਲਈ ਉਕਸਾਇਆ। ਪਰ ਇਸ ਤਰ੍ਹਾਂ ਦੇ ਗੀਤ ਇਸਰਾਏਲੀ ਲੋਕਾਂ ਵਿਚ ਬਹੁਤ ਘੱਟ ਗਾਏ ਜਾਂਦੇ ਸਨ। ਬਾਈਬਲ ਦਾ ਇਕ ਐਨਸਾਈਕਲੋਪੀਡੀਆ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ) ਕਹਿੰਦਾ ਹੈ ਕਿ ‘ਸਿਰਫ਼ ਦੁਖੀ ਹੋਣ ਤੇ ਹੀ ਵੈਣ ਜਾਂ ਵਿਰਲਾਪ ਗੀਤ ਗਾਏ ਜਾਂਦੇ ਸਨ। ਪਰ ਆਮ ਤੌਰ ਤੇ ਲੋਕ ਆਪਣੇ ਦਿਲ ਦੀ ਆਵਾਜ਼ ਪ੍ਰਗਟ ਕਰਨ ਲਈ ਸੁਰਬੱਧ ਗੀਤਾਂ ਨੂੰ ਸੁਰੀਲੀ ਆਵਾਜ਼ ਵਿਚ ਗਾਉਣਾ ਜ਼ਿਆਦਾ ਪਸੰਦ ਕਰਦੇ ਸਨ।’ *

ਯਿਸੂ ਦੀ ਮੌਤ ਤੋਂ ਇਕ ਰਾਤ ਪਹਿਲਾਂ ਉਸ ਨੇ ਅਤੇ ਉਸ ਦੇ ਵਫ਼ਾਦਾਰ ਚੇਲਿਆਂ ਨੇ ਪਰਮੇਸ਼ੁਰ ਦੀ ਮਹਿਮਾ ਲਈ ਸ਼ਾਇਦ ਹਾਲੇਲ ਭਜਨ ਗਾਏ। (ਜ਼ਬੂਰ 113-118) ਇਨ੍ਹਾਂ ਭਜਨਾਂ ਨੂੰ ਗਾ ਕੇ ਯਿਸੂ ਦੇ ਚੇਲਿਆਂ ਨੂੰ ਆਪਣੇ ਮਾਲਕ ਦੇ ਵਿਛੋੜੇ ਦਾ ਦੁੱਖ ਸਹਿਣ ਕਰਨ ਲਈ ਕਿੰਨੀ ਤਾਕਤ ਮਿਲੀ ਹੋਵੇਗੀ! ਇਸ ਤੋਂ ਵੀ ਵੱਧ ਉਨ੍ਹਾਂ ਨੇ ਇਨ੍ਹਾਂ ਭਜਨਾਂ ਵਿਚ ਪੰਜ ਵਾਰ ਇਹ ਵੀ ਗਾਇਆ ਕਿ “[ਯਹੋਵਾਹ] ਦੀ ਦਯਾ ਤਾਂ ਸਦੀਪਕ ਹੈ।” ਇਸ ਨੂੰ ਗਾਉਣ ਨਾਲ ਬ੍ਰਹਿਮੰਡ ਦੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦਾ ਉਨ੍ਹਾਂ ਦਾ ਇਰਾਦਾ ਯਕੀਨਨ ਹੋਰ ਵੀ ਮਜ਼ਬੂਤ ਹੋਇਆ ਹੋਵੇਗਾ।—ਜ਼ਬੂਰ 118:1-4, 29.

ਅਫ਼ਸੁਸ ਅਤੇ ਕੁਲੁੱਸੈ ਦੇ ਮੁਢਲੇ ਮਸੀਹੀਆਂ ਨੇ ਪਰਮੇਸ਼ੁਰ ਲਈ “ਜ਼ਬੂਰ ਅਤੇ ਭਜਨ” ਗਾਏ। ਇਸ ਤੋਂ ਇਲਾਵਾ, ਉਨ੍ਹਾਂ ਨੇ ਆਪਣੇ ਮਨਾਂ ਵਿਚ “ਆਤਮਕ ਗੀਤ” ਵੀ ਗਾਏ (ਅਫ਼ਸੀਆਂ 5:19; ਕੁਲੁੱਸੀਆਂ 3:16) ਉਨ੍ਹਾਂ ਨੇ ਆਪਣੇ ਮੂੰਹੋਂ ਆਪਣੀਆਂ ਗੱਲਾਂ-ਬਾਤਾਂ ਰਾਹੀਂ ਵੀ ਪਰਮੇਸ਼ੁਰ ਦੀ ਵਡਿਆਈ ਕੀਤੀ। ਜੀ ਹਾਂ, ਯਿਸੂ ਨੇ ਕਿਹਾ ਸੀ ਕਿ “ਜੋ ਮਨ ਵਿੱਚ ਭਰਿਆ ਹੋਇਆ ਹੈ ਉਹੋ ਮੂੰਹ ਉੱਤੇ ਆਉਂਦਾ ਹੈ।”—ਮੱਤੀ 12:34.

ਪਰਮੇਸ਼ੁਰ ਨੂੰ ਨਾਰਾਜ਼ ਕਰਨ ਵਾਲਾ ਸੰਗੀਤ

ਬਾਈਬਲ ਵਿਚ ਜ਼ਿਕਰ ਕੀਤੇ ਹਰ ਤਰ੍ਹਾਂ ਦੇ ਸੰਗੀਤ ਤੋਂ ਪਰਮੇਸ਼ੁਰ ਖ਼ੁਸ਼ ਨਹੀਂ ਹੋਇਆ। ਸੀਨਈ ਪਹਾੜ ਤੇ ਵਾਪਰੀ ਇਕ ਘਟਨਾ ਵੱਲ ਗੌਰ ਕਰੋ ਜਿੱਥੇ ਮੂਸਾ ਨੂੰ ਦਸ ਹੁਕਮਾਂ ਸਮੇਤ ਬਿਵਸਥਾ ਮਿਲ ਰਹੀ ਸੀ। ਜਦੋਂ ਮੂਸਾ ਪਹਾੜ ਤੋਂ ਵਾਪਸ ਉੱਤਰਿਆ ਤਾਂ ਉਸ ਨੇ ਕੀ ਸੁਣਿਆ? ਇਸ ਬਾਰੇ ਉਸ ਨੇ ਕਿਹਾ: “ਏਹ ਰੌਲਾ ਨਾ ਤਾਂ ਫਤਹ ਪਾਉਣ ਵਾਲਿਆਂ ਦਾ ਹੈ ਅਰ ਨਾ ਏਹ ਰੌਲਾ ਹਾਰਨ ਵਾਲਿਆਂ ਦਾ ਹੈ,” ਪਰ ਉਸ ਨੇ ਕਿਹਾ ਕਿ “ਮੈਂ ਗਾਉਣ ਵਾਲਿਆਂ ਦੀ ਅਵਾਜ਼ ਸੁਣਦਾ ਹਾਂ।” ਇਹ ਸੰਗੀਤ ਮੂਰਤੀ ਪੂਜਾ ਨਾਲ ਜੁੜਿਆ ਹੋਇਆ ਸੀ। ਇਸ ਨਾਲ ਪਰਮੇਸ਼ੁਰ ਦਾ ਗੁੱਸਾ ਭੜਕਿਆ ਤੇ ਨਤੀਜੇ ਵਜੋਂ ਗਾਉਣ-ਬਜਾਉਣ ਵਾਲਿਆਂ ਵਿੱਚੋਂ ਤਕਰੀਬਨ 3,000 ਲੋਕ ਮਾਰੇ ਗਏ।—ਕੂਚ 32:18, 25-28.

ਹਾਲਾਂਕਿ ਇਨਸਾਨ ਹਰ ਤਰ੍ਹਾਂ ਦਾ ਗੀਤ-ਸੰਗੀਤ ਰਚ ਸਕਦੇ, ਵਜਾ ਸਕਦੇ ਅਤੇ ਹਰ ਤਰ੍ਹਾਂ ਦੇ ਸੰਗੀਤ ਦਾ ਆਨੰਦ ਲੈ ਸਕਦੇ ਹਨ, ਪਰ ਹਰ ਤਰ੍ਹਾਂ ਦਾ ਸੰਗੀਤ ਪਰਮੇਸ਼ੁਰ ਨੂੰ ਖ਼ੁਸ਼ ਨਹੀਂ ਕਰਦਾ। ਕਿਉਂ? ਮਸੀਹੀ ਰਸੂਲ ਪੌਲੁਸ ਇਸ ਦੀ ਵਜ੍ਹਾ ਦੱਸਦਾ ਹੈ: “ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ।” (ਰੋਮੀਆਂ 3:23) ਆਮ ਤੌਰ ਤੇ ਬਹੁਤ ਸਾਰੀਆਂ ਸੰਗੀਤ ਦੀਆਂ ਧੁਨਾਂ ਵਿਚ ਜਣਨ ਸ਼ਕਤੀ ਦੀਆਂ ਰਸਮਾਂ ਨੂੰ, ਆਤਮਾ ਦੀ ਅਮਰਤਾ ਦੇ ਸਿਧਾਂਤ ਨੂੰ ਅਤੇ ਮਰਿਯਮ ਨੂੰ “ਪਰਮੇਸ਼ੁਰ ਦੀ ਮਾਂ” ਵਜੋਂ ਉਚਿਆਇਆ ਜਾਂਦਾ ਹੈ। ਪਰ, ਅਜਿਹੇ ਵਿਸ਼ਵਾਸ ਅਤੇ ਵਿਹਾਰ ਸੱਚਾਈ ਦੇ ਪਰਮੇਸ਼ੁਰ ਦਾ ਨਿਰਾਦਰ ਕਰਦੇ ਹਨ, ਕਿਉਂਕਿ ਇਹ ਉਸ ਦੇ ਪ੍ਰੇਰਿਤ ਬਚਨ ਬਾਈਬਲ ਤੋਂ ਬਿਲਕੁਲ ਉਲਟ ਹੁੰਦੇ ਹਨ।—ਬਿਵਸਥਾ ਸਾਰ 18:10-12; ਹਿਜ਼ਕੀਏਲ 18:4; ਲੂਕਾ 1:35, 38.

ਸੰਗੀਤ ਦੀ ਅਕਲਮੰਦੀ ਨਾਲ ਚੋਣ ਕਰਨੀ

ਅੱਜ-ਕੱਲ੍ਹ ਬਜ਼ਾਰ ਵਿਚ ਮਿਲਣ ਵਾਲੇ ਸੰਗੀਤ ਦੀ ਚੋਣ ਕਰਨ ਲੱਗਿਆਂ ਇਨਸਾਨ ਬੌਂਦਲ ਜਾਂਦਾ ਹੈ। ਸੀ. ਡੀ. ਅਤੇ ਕੈਸਟਾਂ ਦੀਆਂ ਜਿਲਦਾਂ ਇਸ ਤਰੀਕੇ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ ਕਿ ਗਾਹਕ ਹਰ ਤਰ੍ਹਾਂ ਦਾ ਗੀਤ-ਸੰਗੀਤ ਖ਼ਰੀਦ ਲੈਣ। ਪਰ ਜੇਕਰ ਪਰਮੇਸ਼ੁਰ ਦਾ ਭਗਤ ਉਸ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ ਤਾਂ ਉਹ ਸਾਵਧਾਨੀ ਵਰਤੇਗਾ। ਉਹ ਝੂਠੇ ਧਾਰਮਿਕ ਸਿਧਾਂਤਾਂ, ਅਨੈਤਿਕਤਾ ਜਾਂ ਅਤੇ ਭੂਤ-ਵਿੱਦਿਆ ਨਾਲ ਜੁੜੇ ਸੰਗੀਤ ਤੋਂ ਬਚਣ ਲਈ ਗਾਉਣ ਅਤੇ ਵਜਾਉਣ ਵਾਲੇ ਦੋਵੇਂ ਤਰ੍ਹਾਂ ਦਾ ਸੰਗੀਤ ਖ਼ਰੀਦਣ ਸਮੇਂ ਅਕਲਮੰਦੀ ਨਾਲ ਕੰਮ ਲਵੇਗਾ।

ਐਲਬਰਟ ਜੋ ਪਹਿਲਾਂ ਅਫ਼ਰੀਕਾ ਵਿਚ ਮਿਸ਼ਨਰੀ ਵਜੋਂ ਸੇਵਾ ਕਰਦਾ ਸੀ, ਨੇ ਕਿਹਾ ਕਿ ਉੱਥੇ ਉਸ ਨੂੰ ਪਿਆਨੋ ਵਜਾਉਣ ਦਾ ਬਿਲਕੁਲ ਸਮਾਂ ਨਹੀਂ ਮਿਲਦਾ ਸੀ। ਪਰ ਉੱਥੇ ਉਹ ਆਪਣੇ ਨਾਲ ਕੁਝ ਫੋਨੋਗ੍ਰਾਫ ਰਿਕਾਰਡ ਲੈ ਗਿਆ ਸੀ ਜਿਨ੍ਹਾਂ ਨੂੰ ਉਹ ਵਾਰ-ਵਾਰ ਸੁਣਦਾ ਹੁੰਦਾ ਸੀ। ਐਲਬਰਟ ਹੁਣ ਆਪਣੇ ਦੇਸ਼ ਵਾਪਸ ਆ ਗਿਆ ਹੈ ਜਿੱਥੇ ਉਹ ਵੱਖ-ਵੱਖ ਕਲੀਸਿਯਾਵਾਂ ਵਿਚ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕਰਦਾ ਹੈ। ਹੁਣ ਉਸ ਨੂੰ ਸੰਗੀਤ ਸੁਣਨ ਦਾ ਬਹੁਤ ਘੱਟ ਸਮਾਂ ਮਿਲਦਾ ਹੈ। ਉਹ ਕਹਿੰਦਾ ਹੈ ਕਿ “ਮੇਰਾ ਪਸੰਦੀਦਾ ਸੰਗੀਤਕਾਰ ਬੇਟਹੋਵਨ” ਹੈ। “ਸਾਲਾਂ ਦੌਰਾਨ, ਮੈਂ ਉਸ ਦੇ ਵੱਖ-ਵੱਖ ਤਰ੍ਹਾਂ ਦੇ ਕਈ ਰਿਕਾਰਡ ਖ਼ਰੀਦੇ ਹਨ।” ਇਨ੍ਹਾਂ ਨੂੰ ਸੁਣਨ ਤੇ ਉਸ ਨੂੰ ਬਹੁਤ ਆਨੰਦ ਮਿਲਿਆ ਹੈ। ਹਾਲਾਂਕਿ ਸੰਗੀਤ ਪ੍ਰਤੀ ਸਾਰਿਆਂ ਦੀ ਪਸੰਦ ਇੱਕੋ ਜਿਹੀ ਨਹੀਂ ਹੁੰਦੀ ਪਰ, ਮਸੀਹੀ ਹੋਣ ਦੇ ਨਾਤੇ ਸਾਨੂੰ ਪੌਲੁਸ ਦੀ ਇਸ ਸਲਾਹ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਹੈ: “ਭਾਵੇਂ ਤੁਸੀਂ ਖਾਂਦੇ ਭਾਵੇਂ ਪੀਂਦੇ ਭਾਵੇਂ ਕੁਝ ਹੀ ਕਰਦੇ ਹੋ ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ।”—1 ਕੁਰਿੰਥੀਆਂ 10:31.

ਸੰਗੀਤ ਅਤੇ ਸਮਰਪਣ

ਸੂਜ਼ੀ ਸੰਗੀਤ ਦੀ ਦੀਵਾਨੀ ਸੀ। ਉਹ ਕਹਿੰਦੀ ਹੈ ਕਿ “ਮੈਂ ਛੇ ਸਾਲ ਦੀ ਉਮਰੇ ਪਿਆਨੋ, ਦਸਾਂ ਸਾਲਾਂ ਦੀ ਉਮਰੇ ਵਾਇਲਨ ਅਤੇ ਅਖ਼ੀਰ 12 ਸਾਲ ਦੀ ਉਮਰੇ ਹਾਰਪ (ਇਕ ਤਰ੍ਹਾਂ ਦਾ ਤਾਰਾਂ ਵਾਲਾ ਸਾਜ਼) ਵਜਾਉਣਾ ਸ਼ੁਰੂ ਕੀਤਾ।” ਹਾਰਪ ਵਜਾਉਣਾ ਸਿੱਖਣ ਲਈ ਸੂਜ਼ੀ ਨੇ ਇੰਗਲੈਂਡ ਵਿਚ ਲੰਡਨ ਦੇ ਰਾਇਲ ਕਾਲਜ ਆਫ਼ ਮਿਊਜ਼ਿਕ ਵਿਚ ਦਾਖ਼ਲਾ ਲੈ ਲਿਆ। ਸਪੇਨ ਦੀ ਇਕ ਮਸ਼ਹੂਰ ਹਾਰਪ ਦੀ ਮਾਹਰ ਕੋਲੋਂ ਉਸ ਨੇ ਚਾਰ ਸਾਲ ਦੀ ਸਿਖਲਾਈ ਲਈ। ਉਸ ਤੋਂ ਬਾਅਦ ਪੈਰਿਸ ਦੇ ਇਕ ਕਲਾ ਭਵਨ ਵਿੱਚੋਂ ਸੰਗੀਤ ਦੀ ਡਿਗਰੀ ਹਾਸਲ ਕਰਨ ਦੇ ਨਾਲ-ਨਾਲ ਹਾਰਪ ਵਜਾਉਣ ਅਤੇ ਪਿਆਨੋ ਸਿਖਾਉਣ ਦੇ ਡਿਪਲੋਮੇ ਵੀ ਹਾਸਲ ਕੀਤੇ।

ਲੰਡਨ ਵਿਚ ਇਕ ਵਾਰ ਸੂਜ਼ੀ ਦੀ ਗੱਲਬਾਤ ਯਹੋਵਾਹ ਦੇ ਗਵਾਹਾਂ ਨਾਲ ਹੋਈ ਤੇ ਇਕ ਦਿਨ ਉਹ ਉਨ੍ਹਾਂ ਦੀ ਕਲੀਸਿਯਾ ਵਿਚ ਗਈ। ਉੱਥੇ ਉਸ ਨੇ ਦੇਖਿਆ ਕਿ ਸਾਰੇ ਇਕ ਦੂਜੇ ਦੀ ਚਿੰਤਾ ਕਰਦੇ ਹਨ ਤੇ ਸਾਰਿਆਂ ਦਾ ਆਪੋ ਵਿਚ ਸੱਚਾ ਪਿਆਰ ਕਰਦੇ ਹਨ। ਹੌਲੀ-ਹੌਲੀ, ਉਸ ਦੇ ਦਿਲ ਵਿਚ ਯਹੋਵਾਹ ਲਈ ਪਿਆਰ ਵੱਧਣ ਲੱਗਾ। ਇਸ ਪਿਆਰ ਦੇ ਸਦਕਾ ਉਹ ਸੋਚਣ ਲੱਗ ਪਈ ਕਿ ਉਹ ਪਰਮੇਸ਼ੁਰ ਦੀ ਸੇਵਾ ਕਿਹੜੇ-ਕਿਹੜੇ ਤਰੀਕਿਆਂ ਨਾਲ ਕਰ ਸਕਦੀ ਹੈ। ਇਸੇ ਕਰਕੇ ਉਸ ਨੇ ਯਹੋਵਾਹ ਨੂੰ ਆਪਣਾ ਜੀਵਨ ਸਮਰਪਣ ਕੀਤਾ ਤੇ ਬਪਤਿਸਮਾ ਲੈ ਲਿਆ। ਸੂਜ਼ੀ ਕਹਿੰਦੀ ਹੈ: “ਸੰਗੀਤ ਨੂੰ ਆਪਣਾ ਕੈਰੀਅਰ ਬਣਾਉਣ ਦਾ ਅਰਥ ਸੀ ਇਕ ਸਮਰਪਿਤ ਜ਼ਿੰਦਗੀ ਜੀਉਣੀ, ਪਰ ਮੈਂ ਜਾਣਦੀ ਸੀ ਕਿ ਸਮਰਪਣ ਦਾ ਮਤਲਬ ਕੀ ਹੁੰਦਾ ਹੈ।” ਜਦੋਂ ਉਸ ਨੇ ਯਿਸੂ ਦੇ ਹੁਕਮ ਮੁਤਾਬਕ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਐਲਾਨ ਕਰਨਾ ਸ਼ੁਰੂ ਕੀਤਾ ਤਾਂ ਜਿੰਨਾਂ ਸਮਾਂ ਉਹ ਪਹਿਲਾਂ ਸੰਗੀਤ-ਸਮਾਰੋਹਾਂ ਵਿਚ ਆਪਣੇ ਪ੍ਰੋਗ੍ਰਾਮ ਪੇਸ਼ ਕਰਨ ਵਿਚ ਬਿਤਾਉਂਦੀ ਹੁੰਦੀ ਸੀ, ਉਹ ਹੁਣ ਘੱਟ ਗਿਆ।—ਮੱਤੀ 24:14; ਮਰਕੁਸ 13:10.

ਹੁਣ ਸਾਜ਼ ਵਜਾਉਣ ਲਈ ਸੂਜ਼ੀ ਕੋਲ ਬਹੁਤ ਥੋੜ੍ਹਾ ਸਮਾਂ ਹੁੰਦਾ ਹੈ, ਇਸ ਲਈ ਉਸ ਨੂੰ ਕਿੱਦਾਂ ਦਾ ਲੱਗਦਾ ਹੈ? “ਕਈ ਵਾਰ ਮੈਂ ਥੋੜ੍ਹਾ ਜਿਹਾ ਨਿਰਾਸ਼ ਹੋ ਜਾਂਦੀ ਹਾਂ ਕਿ ਮੇਰੇ ਕੋਲ ਰਿਆਜ਼ ਕਰਨ ਲਈ ਜ਼ਿਆਦਾ ਸਮਾਂ ਨਹੀਂ ਹੁੰਦਾ, ਪਰ ਮੈਂ ਅਜੇ ਵੀ ਆਪਣੇ ਸਾਜ਼ ਵਜਾਉਂਦੀ ਹਾਂ ਤੇ ਸੰਗੀਤ ਦਾ ਆਨੰਦ ਲੈਂਦੀ ਹਾਂ। ਸੰਗੀਤ ਯਹੋਵਾਹ ਵੱਲੋਂ ਮਿਲਿਆ ਇਕ ਸ਼ਾਨਦਾਰ ਤੋਹਫ਼ਾ ਹੈ। ਕਿਉਂਕਿ ਮੈਂ ਯਹੋਵਾਹ ਦੀ ਸੇਵਾ ਨੂੰ ਪਹਿਲੀ ਥਾਂ ਦਿੱਤੀ ਹੈ, ਇਸ ਲਈ ਹੁਣ ਮੈਂ ਇਸ ਦਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਨੰਦ ਲੈਂਦੀ ਹਾਂ।—ਮੱਤੀ 6:33.

ਪਰਮੇਸ਼ੁਰ ਦੀ ਵਡਿਆਈ ਕਰਨ ਵਾਲਾ ਸੰਗੀਤ

ਐਲਬਰਟ ਅਤੇ ਸੂਜ਼ੀ ਵਾਂਗ ਤਕਰੀਬਨ ਸੱਠ ਲੱਖ ਯਹੋਵਾਹ ਦੇ ਗਵਾਹ ਸੰਗੀਤ ਨਾਲ ਲਗਾਤਾਰ ਯਹੋਵਾਹ ਦੀ ਵਡਿਆਈ ਕਰਦੇ ਹਨ। ਕੁੱਲ 234 ਦੇਸ਼ਾਂ ਦੇ ਕਿੰਗਡਮ ਹਾਲਾਂ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਮਸੀਹੀ ਸਭਾਵਾਂ ਹੁੰਦੀਆਂ ਹਨ। ਯਹੋਵਾਹ ਦੇ ਗਵਾਹ ਆਪਣੀਆਂ ਸਭਾਵਾਂ ਯਹੋਵਾਹ ਦੀ ਮਹਿਮਾ ਲਈ ਗੀਤ ਗਾ ਕੇ ਸ਼ੁਰੂ ਅਤੇ ਖ਼ਤਮ ਕਰਦੇ ਹਨ। ਯਹੋਵਾਹ ਪਰਮੇਸ਼ੁਰ ਦੀ ਮਹਿਮਾ ਅਤੇ ਵਡਿਆਈ ਕਰਨ ਲਈ ਸ਼ੁੱਧ ਤੇ ਕੋਮਲ ਸੁਰਾਂ ਦੇ ਮੇਲ ਨਾਲ ਬਣਾਈਆਂ ਇਹ ਸੁਰੀਲੀਆਂ ਧੁਨਾਂ ਬਾਈਬਲ ਤੇ ਆਧਾਰਿਤ ਗੀਤਾਂ ਨੂੰ ਗਾਉਣ ਲਈ ਤਿਆਰ ਕੀਤੀਆਂ ਗਈਆਂ ਹਨ।

ਇਨ੍ਹਾਂ ਸਭਾਵਾਂ ਵਿਚ ਹਾਜ਼ਰ ਹੋਣ ਵਾਲੇ ਸਾਰੇ ਭੈਣ-ਭਰਾ ਦਿਲ ਦੀ ਤਹਿ ਤੋਂ ਗਾਉਂਦੇ ਹਨ ਕਿ ਯਹੋਵਾਹ ਇਕ ਪਰਵਾਹ ਕਰਨ ਵਾਲਾ ਪਰਮੇਸ਼ੁਰ ਹੈ (ਗੀਤ 44)। ਉਹ ਯਹੋਵਾਹ ਦੀ ਵਡਿਆਈ ਦਾ ਗੀਤ ਗਾਉਂਦੇ ਹਨ (ਗੀਤ 190)। ਉਨ੍ਹਾਂ ਦੇ ਗੀਤਾਂ ਤੋਂ ਉਨ੍ਹਾਂ ਦੇ ਮਸੀਹੀ ਭਾਈਚਾਰੇ ਦੀਆਂ ਖ਼ੁਸ਼ੀਆਂ ਤੇ ਜ਼ਿੰਮੇਵਾਰੀਆਂ ਦਾ, ਮਸੀਹੀ ਰਹਿਣ-ਸਹਿਣ ਦਾ ਅਤੇ ਮਸੀਹੀ ਗੁਣਾਂ ਦਾ ਪਤਾ ਲੱਗਦਾ ਹੈ। ਇਸ ਤੋਂ ਵੀ ਵੱਧ ਖ਼ੁਸ਼ੀ ਦੀ ਗੱਲ ਇਹ ਹੈ ਕਿ ਇਨ੍ਹਾਂ ਸੁਰੀਲੀਆਂ ਧੁਨਾਂ ਨੂੰ ਤਿਆਰ ਕਰਨ ਵਿਚ ਉੱਤਰੀ ਅਤੇ ਦੱਖਣੀ ਅਮਰੀਕਾ, ਆਸਟ੍ਰੇਲੀਆ, ਏਸ਼ੀਆ ਅਤੇ ਯੂਰਪ ਦੇ ਗਵਾਹਾਂ ਨੇ ਵੱਖ-ਵੱਖ ਕਿਸਮ ਦਾ ਸੰਗੀਤ ਇਸਤੇਮਾਲ ਕੀਤਾ ਸੀ। *

ਭਜਨਹਾਰ ਦੇ ਦਿਨਾਂ ਵਿਚ ਲਿਖੇ ਇਕ ਸ਼ਾਨਦਾਰ ਗੀਤ ਦੇ ਸ਼ੁਰੂਆਤੀ ਸ਼ਬਦ ਇਹ ਹਨ: “ਯਹੋਵਾਹ ਲਈ ਇੱਕ ਨਵਾਂ ਗੀਤ ਗਾਓ, ਹੇ ਸਾਰੀ ਸਰਿਸ਼ਟੀ, ਯਹੋਵਾਹ ਲਈ ਗਾਓ! ਯਹੋਵਾਹ ਲਈ ਗਾਓ, ਉਹ ਦੇ ਨਾਮ ਨੂੰ ਮੁਬਾਰਕ ਆਖੋ। ਉਹ ਦੀ ਮੁਕਤੀ ਦਾ ਦਿਨੋ ਦਿਨ ਪਰਚਾਰ ਕਰੋ! ਕੌਮਾਂ ਦੇ ਵਿੱਚ ਉਹ ਦੇ ਪਰਤਾਪ ਦਾ, ਅਤੇ ਸਾਰੇ ਲੋਕਾਂ ਵਿੱਚ ਉਹ ਦੇ ਅਚਰਜ ਕੰਮਾਂ ਦਾ ਵਰਨਣ ਕਰੋ।” (ਜ਼ਬੂਰ 96:1-3) ਯਹੋਵਾਹ ਦੇ ਗਵਾਹ ਤੁਹਾਡੇ ਇਲਾਕੇ ਵਿਚ ਇਹੀ ਕੰਮ ਕਰਦੇ ਹਨ ਤੇ ਉਹ ਤੁਹਾਨੂੰ ਵੀ ਵਡਿਆਈ ਦੇ ਇਹ ਗੀਤ ਗਾਉਣ ਲਈ ਆਪਣੇ ਨਾਲ ਰਲਣ ਦਾ ਸੱਦਾ ਦਿੰਦੇ ਹਨ। ਉਨ੍ਹਾਂ ਦੇ ਕਿੰਗਡਮ ਹਾਲਾਂ ਵਿਚ ਤੁਹਾਡਾ ਸੁਆਗਤ ਕੀਤਾ ਜਾਵੇਗਾ ਜਿੱਥੇ ਤੁਸੀਂ ਉਸ ਸੰਗੀਤ ਨਾਲ ਪਰਮੇਸ਼ੁਰ ਦੀ ਵਡਿਆਈ ਕਰਨਾ ਸਿੱਖੋਗੇ ਜਿਸ ਤੋਂ ਉਹ ਖ਼ੁਸ਼ ਹੁੰਦਾ ਹੈ।

[ਫੁਟਨੋਟ]

^ ਪੈਰਾ 7 ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।

^ ਪੈਰਾ 22 ਇਹ ਗੀਤ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਵੱਲੋਂ ਤਿਆਰ ਕੀਤੀ ਯਹੋਵਾਹ ਦੀ ਉਸਤਤੀ ਗਾਓ (ਅੰਗ੍ਰੇਜ਼ੀ) ਨਾਮਕ ਕਿਤਾਬ ਵਿੱਚੋਂ ਹਨ।

[ਸਫ਼ੇ 28 ਉੱਤੇ ਤਸਵੀਰ]

ਯਹੋਵਾਹ ਦੀ ਵਡਿਆਈ ਲਈ ਗਾਉਣਾ