Skip to content

Skip to table of contents

“ਮਸੀਹੀਅਤ” ਦਾ ਬਦਲਦਾ ਰੂਪ—ਕੀ ਪਰਮੇਸ਼ੁਰ ਨੂੰ ਮਨਜ਼ੂਰ ਹੈ?

“ਮਸੀਹੀਅਤ” ਦਾ ਬਦਲਦਾ ਰੂਪ—ਕੀ ਪਰਮੇਸ਼ੁਰ ਨੂੰ ਮਨਜ਼ੂਰ ਹੈ?

“ਮਸੀਹੀਅਤ” ਦਾ ਬਦਲਦਾ ਰੂਪ​—ਕੀ ਪਰਮੇਸ਼ੁਰ ਨੂੰ ਮਨਜ਼ੂਰ ਹੈ?

ਮੰਨ ਲਓ ਤੁਸੀਂ ਕਿਸੇ ਚਿੱਤਰਕਾਰ ਨੂੰ ਆਪਣੀ ਤਸਵੀਰ ਬਣਾਉਣ ਲਈ ਕਿਹਾ ਹੈ। ਜਦੋਂ ਉਸ ਨੇ ਤਸਵੀਰ ਪੂਰੀ ਬਣਾ ਦਿੱਤੀ, ਤਾਂ ਤੁਸੀਂ ਖ਼ੁਸ਼ੀ ਨਾਲ ਨੱਚ ਉੱਠਦੇ ਹੋ। ਕਿਉਂ? ਕਿਉਂਕਿ ਉਸ ਨੇ ਐਨ ਤੁਹਾਡੇ ਵਰਗੀ ਹੀ ਸ਼ਕਲ ਬਣਾਈ ਹੈ। ਤੁਸੀਂ ਆਪਣੇ ਬੱਚੇ, ਪੋਤੇ-ਪੋਤੀਆਂ ਅਤੇ ਉਨ੍ਹਾਂ ਦੇ ਪੋਤੇ-ਪੋਤੀਆਂ ਬਾਰੇ ਸੋਚਦੇ ਹੋ ਜੋ ਇਸ ਤਸਵੀਰ ਨੂੰ ਬੜੇ ਮਾਣ ਨਾਲ ਦੇਖਣਗੇ।

ਪਰ ਕੁਝ ਪੀੜ੍ਹੀਆਂ ਬੀਤਣ ਤੋਂ ਬਾਅਦ, ਤੁਹਾਡੀ ਇਕ ਆਲ-ਔਲਾਦ ਨੂੰ ਲੱਗਦਾ ਹੈ ਕਿ ਤਸਵੀਰ ਵਿਚ ਤੁਹਾਡੇ ਵਾਲ ਵਿਰਲੇ ਜਿਹੇ ਜਾਪਦੇ ਹਨ, ਇਸ ਲਈ ਉਹ ਤਸਵੀਰ ਵਿਚ ਥੋੜ੍ਹੇ ਜਿਹੇ ਵਾਲ ਹੋਰ ਬਣਾ ਦਿੰਦਾ ਹੈ। ਦੂਜੇ ਕਿਸੇ ਨੂੰ ਤੁਹਾਡੇ ਨੱਕ ਦੀ ਬਣਤਰ ਪਸੰਦ ਨਹੀਂ ਆਉਂਦੀ ਤੇ ਉਹ ਨੱਕ ਦੀ ਬਣਤਰ ਬਦਲ ਦਿੰਦਾ ਹੈ। ਅਗਲੀਆਂ ਪੀੜ੍ਹੀਆਂ ਵੀ ਆਪਣੀ ਮਰਜ਼ੀ ਮੁਤਾਬਕ ਕਈ ਹੋਰ “ਸੁਧਾਰ” ਕਰ ਦਿੰਦੀਆਂ ਹਨ ਤੇ ਨਤੀਜੇ ਵਜੋਂ ਹੁਣ ਤਸਵੀਰ ਵਿਚਲੀ ਸ਼ਕਲ ਤੁਹਾਡੀ ਅਸਲੀ ਸ਼ਕਲ ਨਾਲ ਮੇਲ ਹੀ ਨਹੀਂ ਖਾਂਦੀ। ਜੇਕਰ ਉਸ ਤਸਵੀਰ ਵਿਚ ਕੀਤੀਆਂ ਤਬਦੀਲੀਆਂ ਬਾਰੇ ਤੁਹਾਨੂੰ ਪਤਾ ਹੁੰਦਾ, ਤਾਂ ਤੁਹਾਨੂੰ ਕਿੱਦਾਂ ਦਾ ਲੱਗਦਾ? ਇਸ ਵਿਚ ਕੋਈ ਸ਼ੱਕ ਨਹੀਂ ਕਿ ਤੁਹਾਨੂੰ ਬਹੁਤ ਗੁੱਸਾ ਆਉਂਦਾ।

ਦੁੱਖ ਦੀ ਗੱਲ ਹੈ ਕਿ ਤਸਵੀਰ ਦੀ ਇਹ ਕਹਾਣੀ ਅਸਲ ਵਿਚ “ਮਸੀਹੀ” ਚਰਚ ਦੀ ਕਹਾਣੀ ਹੈ। ਇਤਿਹਾਸ ਗਵਾਹ ਹੈ ਕਿ ਮਸੀਹ ਦੇ ਚੇਲਿਆਂ ਦੀ ਮੌਤ ਤੋਂ ਬਾਅਦ, “ਮਸੀਹੀਅਤ” ਦਾ ਅਸਲੀ ਰੂਪ ਬਦਲਣਾ ਸ਼ੁਰੂ ਹੋ ਗਿਆ ਜਿਸ ਬਾਰੇ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ।—ਮੱਤੀ 13:24-30, 37-43; ਰਸੂਲਾਂ ਦੇ ਕਰਤੱਬ 20:30. *

ਇਹ ਗੱਲ ਬਿਲਕੁਲ ਠੀਕ ਹੈ ਕਿ ਵੱਖ-ਵੱਖ ਸਭਿਆਚਾਰਾਂ ਤੇ ਵੱਖ-ਵੱਖ ਸਦੀਆਂ ਦੇ ਲੋਕ ਬਾਈਬਲ ਸਿਧਾਂਤਾਂ ਨੂੰ ਅਪਣਾਉਂਦੇ ਹਨ। ਪਰ ਬਾਈਬਲ ਸਿੱਖਿਆਵਾਂ ਨੂੰ ਪ੍ਰਚਲਿਤ ਸੋਚਾਂ-ਵਿਚਾਰਾਂ ਮੁਤਾਬਕ ਬਦਲ ਲੈਣਾ ਇਕ ਵੱਖਰੀ ਗੱਲ ਹੈ। ਫਿਰ ਵੀ, ਬਾਈਬਲ ਸਿੱਖਿਆਵਾਂ ਨਾਲ ਇਹੀ ਹੋਇਆ ਹੈ। ਮਿਸਾਲ ਵਜੋਂ ਵੱਖ-ਵੱਖ ਮਾਮਲਿਆਂ ਬਾਰੇ ਕੀਤੀਆਂ ਤਬਦੀਲੀਆਂ ਉੱਤੇ ਜ਼ਰਾ ਗੌਰ ਕਰੋ।

ਚਰਚ ਅਤੇ ਸਰਕਾਰ ਦਾ ਗੱਠਜੋੜ

ਯਿਸੂ ਨੇ ਸਿਖਾਇਆ ਕਿ ਉਸ ਦੀ ਪਾਤਸ਼ਾਹੀ ਜਾਂ ਰਾਜ ਸਵਰਗੀ ਸੀ, ਜੋ ਇਕ ਨਿਯਤ ਸਮੇਂ ਤੇ ਸਾਰੀਆਂ ਮਨੁੱਖੀ ਸਰਕਾਰਾਂ ਦਾ ਨਾਸ਼ ਕਰ ਕੇ ਪੂਰੀ ਧਰਤੀ ਤੇ ਰਾਜ ਕਰੇਗਾ। (ਦਾਨੀਏਲ 2:44; ਮੱਤੀ 6:9, 10) ਇਸ ਨੇ ਧਰਤੀ ਦੀਆਂ ਇਨਸਾਨੀ ਸਰਕਾਰਾਂ ਰਾਹੀਂ ਰਾਜ ਨਹੀਂ ਕਰਨਾ ਸੀ। ਯਿਸੂ ਨੇ ਕਿਹਾ ਸੀ: “ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ।” (ਯੂਹੰਨਾ 17:16; 18:36) ਇਸੇ ਲਈ, ਯਿਸੂ ਦੇ ਚੇਲੇ ਸਰਕਾਰ ਦੇ ਨਿਯਮਾਂ ਦੀ ਪਾਲਣਾ ਤਾਂ ਕਰਦੇ ਸਨ, ਪਰ ਉਹ ਰਾਜਨੀਤੀ ਤੋਂ ਪਰੇ ਰਹਿੰਦੇ ਸਨ।

ਪਰ ਚੌਥੀ ਸਦੀ ਵਿਚ ਸਮਰਾਟ ਕਾਂਸਟੰਟੀਨ ਦੇ ਸਮੇਂ, ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਬਹੁਤ ਸਾਰੇ ਲੋਕ ਯਿਸੂ ਦੀ ਵਾਪਸੀ ਅਤੇ ਉਸ ਦੇ ਰਾਜ ਦੀ ਸਥਾਪਨਾ ਦਾ ਇੰਤਜ਼ਾਰ ਕਰਦੇ-ਕਰਦੇ ਬੇਸਬਰੇ ਹੋ ਗਏ। ਹੌਲੀ-ਹੌਲੀ ਸਰਕਾਰ ਪ੍ਰਤੀ ਉਨ੍ਹਾਂ ਦੀ ਮਨੋਬਿਰਤੀ ਬਦਲਦੀ ਗਈ। ਯੂਰਪ—ਇਕ ਇਤਿਹਾਸ ਨਾਮਕ ਕਿਤਾਬ ਕਹਿੰਦੀ ਹੈ ਕਿ “ਕਾਂਸਟੰਟੀਨ ਤੋਂ ਪਹਿਲਾਂ ਮਸੀਹੀਆਂ ਨੇ ਆਪਣੇ ਮਕਸਦਾਂ ਦੀ ਪੂਰਤੀ ਲਈ [ਰਾਜਨੀਤਿਕ] ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਕਾਂਸਟੰਟੀਨ ਤੋਂ ਬਾਅਦ, ਮਸੀਹੀਅਤ ਅਤੇ ਰਾਜਨੀਤੀ ਦਾ ਆਪੋ ਵਿਚ ਗੂੜ੍ਹਾ ਸੰਬੰਧ ਰਿਹਾ।” ਇਹ ਬਦਲੀ ਹੋਈ ਮਸੀਹੀਅਤ ਰੋਮਨ ਸਾਮਰਾਜ ਦੀ “ਸਰਬਵਿਆਪਕ” ਜਾਂ “ਕੈਥੋਲਿਕ” ਧਰਮ ਬਣ ਗਈ।

ਐਨਸਾਈਕਲੋਪੀਡੀਆ ਗ੍ਰੇਟ ਏਜੀਜ਼ ਆਫ਼ ਮੈਨ ਕਹਿੰਦਾ ਹੈ ਕਿ ਚਰਚ ਅਤੇ ਸਰਕਾਰ ਦੇ ਇਸ ਗੱਠਜੋੜ ਕਾਰਨ “385 ਸੰ.ਈ. ਵਿਚ ਮਸੀਹੀਆਂ ਉੱਤੇ ਆਈ ਸਤਾਹਟ ਦੀ ਵੱਡੀ ਲਹਿਰ ਤੋਂ ਸਿਰਫ਼ 80 ਸਾਲਾਂ ਬਾਅਦ, ਚਰਚ ਨੇ ਖ਼ੁਦ ਧਰਮ-ਧਰੋਹੀਆਂ ਨੂੰ ਸੂਲੀ ਚਾੜ੍ਹਨਾ ਸ਼ੁਰੂ ਕਰ ਦਿੱਤਾ ਅਤੇ ਇਸ ਦੇ ਪਾਦਰੀ ਤਕਰੀਬਨ ਸਮਰਾਟ ਜਿੰਨੀ ਸੱਤਾ ਵਰਤ ਰਹੇ ਸਨ।” ਇਸ ਤਰ੍ਹਾਂ ਇਕ ਅਜਿਹੇ ਯੁੱਗ ਦੀ ਸ਼ੁਰੂਆਤ ਹੋ ਗਈ ਜਿੱਥੇ ਧਰਮ ਬਦਲਣ ਲਈ ਲੋਕਾਂ ਨੂੰ ਗੱਲ-ਬਾਤ ਰਾਹੀਂ ਮਨਵਾਉਣ ਦੀ ਥਾਂ ਤਲਵਾਰ ਨੇ ਲੈ ਲਈ ਤੇ ਪਹਿਲੀ ਸਦੀ ਦੇ ਨਿਮਰ ਪ੍ਰਚਾਰਕਾਂ ਦੀ ਥਾਂ ਸੱਤਾ ਦੇ ਲੋਭੀ ਪਾਦਰੀਆਂ ਨੇ ਲੈ ਲਈ। (ਮੱਤੀ 23:9, 10; 28:19, 20) ਇਤਿਹਾਸਕਾਰ ਐੱਚ. ਜੀ. ਵੈੱਲਜ਼ ਨੇ ਚੌਥੀ ਸਦੀ ਦੀ ਮਸੀਹੀਅਤ ਅਤੇ “ਯਿਸੂ ਨਾਸਰੀ ਦੀਆਂ ਸਿੱਖਿਆਵਾਂ ਦੇ ਵੱਡੇ ਫ਼ਰਕ” ਬਾਰੇ ਲਿਖਿਆ। ਇਨ੍ਹਾਂ ‘ਵੱਡੇ ਫ਼ਰਕਾਂ’ ਨਾਲ ਪਰਮੇਸ਼ੁਰ ਅਤੇ ਮਸੀਹ ਸੰਬੰਧੀ ਬੁਨਿਆਦੀ ਸਿੱਖਿਆਵਾਂ ਤੇ ਵੀ ਅਸਰ ਪਿਆ।

ਪਰਮੇਸ਼ੁਰ ਨੂੰ ਕਿਸੇ ਹੋਰ ਰੂਪ ਵਿਚ ਪੇਸ਼ ਕਰਨਾ

ਮਸੀਹ ਅਤੇ ਉਸ ਦੇ ਚੇਲਿਆਂ ਨੇ ਸਿਖਾਇਆ ਕਿ ਸਿਰਫ਼ “ਇੱਕੋ ਪਰਮੇਸ਼ੁਰ [ਹੈ] ਜੋ ਪਿਤਾ ਹੈ,” ਜਿਸ ਦਾ ਨਾਂ ਯਹੋਵਾਹ ਹੈ ਤੇ ਜਿਸ ਦਾ ਜ਼ਿਕਰ ਮੁਢਲੀਆਂ ਬਾਈਬਲ ਲਿਖਤਾਂ ਵਿਚ ਤਕਰੀਬਨ 7,000 ਵਾਰ ਆਉਂਦਾ ਹੈ। (1 ਕੁਰਿੰਥੀਆਂ 8:6; ਜ਼ਬੂਰ 83:18) ਪਰਮੇਸ਼ੁਰ ਨੇ ਯਿਸੂ ਨੂੰ ਸਿਰਜਿਆ ਸੀ ਅਤੇ ਕੁਲੁੱਸੀਆਂ 1:15 ਕਹਿੰਦਾ ਹੈ ਕਿ ਉਹ “ਸਾਰੀ ਸਰਿਸ਼ਟ ਵਿੱਚੋਂ ਜੇਠਾ ਹੈ।” ਕਿਉਂਕਿ ਯਿਸੂ ਨੂੰ ਸਿਰਜਿਆ ਗਿਆ ਸੀ, ਇਸ ਲਈ ਉਸ ਨੇ ਖੁੱਲ੍ਹੇ-ਆਮ ਕਿਹਾ: “ਪਿਤਾ ਮੈਥੋਂ ਵੱਡਾ ਹੈ।”—ਯੂਹੰਨਾ 14:28.

ਪਰ ਤੀਜੀ ਸਦੀ ਵਿਚ ਕੁਝ ਪ੍ਰਭਾਵਸ਼ਾਲੀ ਪਾਦਰੀ ਯੂਨਾਨੀ ਫ਼ਿਲਾਸਫ਼ਰ ਪਲੈਟੋ ਦੀਆਂ ਤ੍ਰਿਏਕ ਦੀਆਂ ਸਿੱਖਿਆਵਾਂ ਤੋਂ ਮੋਹਿਤ ਹੋ ਗਏ ਤੇ ਉਨ੍ਹਾਂ ਨੇ ਪਰਮੇਸ਼ੁਰ ਨੂੰ ਤ੍ਰਿਏਕਵਾਦ ਦੇ ਸਿਧਾਂਤ ਵਿਚ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਅਗਲੀਆਂ ਸਦੀਆਂ ਵਿਚ, ਬਾਈਬਲ ਤੋਂ ਉਲਟ ਇਸ ਸਿਧਾਂਤ ਨੇ ਯਿਸੂ ਨੂੰ ਪਰਮੇਸ਼ੁਰ ਦੇ ਬਰਾਬਰ ਦਾ ਦਰਜਾ ਦੇ ਦਿੱਤਾ ਅਤੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਜਾਂ ਉਸ ਦੀ ਕੰਮ ਕਰਨ ਦੀ ਸ਼ਕਤੀ ਨੂੰ ਇਕ ਵਿਅਕਤੀ ਬਣਾ ਦਿੱਤਾ।

ਚਰਚ ਵੱਲੋਂ ਤ੍ਰਿਏਕ ਦੀ ਗ਼ੈਰ-ਈਸਾਈ ਸਿੱਖਿਆ ਨੂੰ ਅਪਣਾਉਣ ਬਾਰੇ ਦ ਨਿਊ ਕੈਥੋਲਿਕ ਐਨਸਾਈਕਲੋਪੀਡੀਆ ਕਹਿੰਦਾ ਹੈ: “ਚੌਥੀ ਸਦੀ ਦੇ ਅੰਤ ਤੋਂ ਪਹਿਲਾਂ ‘ਇਕ ਪਰਮੇਸ਼ੁਰ ਵਿਚ ਤਿੰਨ ਵਿਅਕਤੀਆਂ’ ਦਾ ਸਿਧਾਂਤ ਪੱਕੀ ਤਰ੍ਹਾਂ ਸਥਾਪਿਤ ਨਹੀਂ ਕੀਤਾ ਗਿਆ ਸੀ ਤੇ ਨਾ ਹੀ ਮਸੀਹੀ ਜ਼ਿੰਦਗੀ ਅਤੇ ਮਸੀਹੀ ਧਰਮ ਵਿਚ ਪੂਰੀ ਤਰ੍ਹਾਂ ਸ਼ਾਮਲ ਕੀਤਾ ਗਿਆ ਸੀ। ਪਰ ਹੁਣ ਇਹ ਸਿੱਖਿਆ ਪਹਿਲੀ ਵਾਰ ਤ੍ਰਿਏਕਵਾਦੀ ਧਰਮ ਸਿਧਾਂਤ ਵਜੋਂ ਸਥਾਪਿਤ ਕਰ ਦਿੱਤੀ ਗਈ। ਮਸੀਹੀ ਸਿਧਾਂਤ ਸਿਖਾਉਣ ਵਾਲੇ ਪੁਰਾਣੇ ਸਮੇਂ ਦੇ ਵਿਅਕਤੀਆਂ ਦੇ ਮਨਾਂ ਵਿਚ ਤ੍ਰਿਏਕ ਨਾਂ ਦਾ ਕੋਈ ਖ਼ਿਆਲ ਜਾਂ ਵਿਚਾਰ ਨਹੀਂ ਸੀ।”

ਇਸ ਤਰ੍ਹਾਂ, ਦ ਐਨਸਾਈਕਲੋਪੀਡੀਆ ਅਮੈਰੀਕਾਨਾ ਕਹਿੰਦਾ ਹੈ: “ਚੌਥੀ ਸਦੀ ਦੇ ਤ੍ਰਿਏਕਵਾਦ ਵਿਚ ਪਰਮੇਸ਼ੁਰ ਬਾਰੇ ਸਹੀ ਮੁਢਲੀ ਮਸੀਹੀ ਸਿੱਖਿਆ ਦੇਣ ਦੀ ਬਜਾਇ ਗ਼ਲਤ ਸਿੱਖਿਆ ਦਿੱਤੀ ਗਈ।” ਦੀ ਆਕਸਫ਼ੋਰਡ ਕੰਪੈਨਿਅਨ ਟੂ ਦ ਬਾਈਬਲ ਤ੍ਰਿਏਕ ਨੂੰ “ਬਾਅਦ ਵਿਚ ਬਣਿਆ ਨਵਾਂ ਧਰਮ-ਸਿਧਾਂਤ” ਕਹਿੰਦਾ ਹੈ। ਪਰ ਸਿਰਫ਼ ਤ੍ਰਿਏਕ ਹੀ ਨਹੀਂ ਸਗੋਂ ਚਰਚ ਵਿਚ ਹੋਰ ਵੀ ਕਈ ਗ਼ੈਰ-ਮਸੀਹੀ ਸਿੱਖਿਆਵਾਂ ਰਲਾਈਆਂ ਗਈਆਂ।

ਆਤਮਾ ਦੀ ਸਿੱਖਿਆ

ਅੱਜ-ਕੱਲ੍ਹ ਇਹ ਆਮ ਮੰਨਿਆ ਜਾਂਦਾ ਹੈ ਕਿ ਇਨਸਾਨਾਂ ਵਿਚ ਇਕ ਅਮਰ ਆਤਮਾ ਹੁੰਦੀ ਹੈ ਜਿਹੜੀ ਮਰਨ ਤੋਂ ਬਾਅਦ ਸਰੀਰ ਵਿੱਚੋਂ ਨਿਕਲ ਕੇ ਜੀਉਂਦੀ ਰਹਿੰਦੀ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਚਰਚ ਦੀ ਇਹ ਸਿੱਖਿਆ ਵੀ ਬਾਅਦ ਵਿਚ ਹੀ ਰਲਾਈ ਗਈ ਸੀ? ਯਿਸੂ ਨੇ ਇਸ ਬਾਈਬਲ ਸੱਚਾਈ ਦੀ ਪੁਸ਼ਟੀ ਕੀਤੀ ਕਿ “ਮੋਏ ਕੁਝ ਵੀ ਨਹੀਂ ਜਾਣਦੇ,” ਮਾਨੋ ਉਹ ਸੁੱਤੇ ਪਏ ਹਨ। (ਉਪਦੇਸ਼ਕ ਦੀ ਪੋਥੀ 9:5; ਯੂਹੰਨਾ 11:11-13) ਜ਼ਿੰਦਗੀ ਪੁਨਰ-ਉਥਾਨ ਦੇ ਜ਼ਰੀਏ ਹੀ ਦਿੱਤੀ ਜਾਵੇਗੀ ਜਿਸ ਦਾ ਅਰਥ ਹੈ, ਮੌਤ ਦੀ ਨੀਂਦ ਤੋਂ ‘ਮੁੜ ਖੜ੍ਹੇ ਹੋਣਾ।’ (ਯੂਹੰਨਾ 5:28, 29) ਜੇ ਆਤਮਾ ਅਮਰ ਰਹਿੰਦੀ ਹੈ, ਤਾਂ ਉਸ ਨੂੰ ਪੁਨਰ-ਉਥਾਨ ਦੀ ਕੋਈ ਲੋੜ ਨਹੀਂ ਹੋਵੇਗੀ, ਕਿਉਂਕਿ ਅਮਰਤਾ ਵਿਚ ਮੌਤ ਹੁੰਦੀ ਹੀ ਨਹੀਂ।

ਯਿਸੂ ਨੇ ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰਨ ਦੁਆਰਾ ਵੀ ਬਾਈਬਲ ਦੀ ਪੁਨਰ-ਉਥਾਨ ਦੀ ਸਿੱਖਿਆ ਨੂੰ ਸੱਚ ਸਾਬਤ ਕਰ ਕੇ ਦਿਖਾਇਆ। ਜ਼ਰਾ ਲਾਜ਼ਰ ਦੀ ਮਿਸਾਲ ਉੱਤੇ ਹੀ ਗੌਰ ਕਰੋ, ਜਿਸ ਨੂੰ ਮਰੇ ਨੂੰ ਚਾਰ ਦਿਨ ਹੋ ਚੁੱਕੇ ਸਨ। ਜਦੋਂ ਯਿਸੂ ਨੇ ਉਸ ਨੂੰ ਜੀ ਉਠਾਇਆ, ਤਾਂ ਲਾਜ਼ਰ ਇਕ ਜੀਉਂਦੇ-ਜਾਗਦੇ ਇਨਸਾਨ ਦੇ ਰੂਪ ਵਿਚ ਕਬਰ ਵਿੱਚੋਂ ਬਾਹਰ ਆਇਆ। ਜਦੋਂ ਲਾਜ਼ਰ ਮੁਰਦਿਆਂ ਵਿੱਚੋਂ ਜੀ ਉੱਠਿਆ, ਤਾਂ ਸਵਰਗ ਤੋਂ ਕੋਈ ਅਮਰ ਆਤਮਾ ਮੁੜ ਕੇ ਉਸ ਦੇ ਅੰਦਰ ਨਹੀਂ ਵੜੀ। ਜੇ ਉਸ ਵੇਲੇ ਇੰਜ ਹੋਇਆ ਹੁੰਦਾ, ਤਾਂ ਯਿਸੂ ਨੇ ਉਸ ਨੂੰ ਧਰਤੀ ਉੱਤੇ ਜੀਉਂਦਾ ਕਰ ਕੇ ਉਸ ਤੇ ਕੋਈ ਮਿਹਰਬਾਨੀ ਨਹੀਂ ਕੀਤੀ!—ਯੂਹੰਨਾ 11:39, 43, 44.

ਤਾਂ ਫੇਰ ਆਤਮਾ ਦੀ ਅਮਰਤਾ ਦਾ ਸਿਧਾਂਤ ਕਿੱਥੋਂ ਸ਼ੁਰੂ ਹੋਇਆ? ਦ ਵੈਸਟਮਿੰਸਟਰ ਡਿਕਸ਼ਨਰੀ ਆਫ਼ ਕ੍ਰਿਸਚੀਅਨ ਥਿਓਲੌਜੀ ਕਹਿੰਦੀ ਹੈ ਕਿ ਇਹ ਸਿਧਾਂਤ “ਬਾਈਬਲ ਤੋਂ ਨਹੀਂ ਸਗੋਂ ਯੂਨਾਨੀ ਧਰਮ-ਸ਼ਾਸਤਰਾਂ ਤੋਂ ਸ਼ੁਰੂ ਹੋਇਆ ਹੈ।” ਦੀ ਜੂਈਸ਼ ਐਨਸਾਈਕਲੋਪੀਡੀਆ ਬਿਆਨ ਕਰਦਾ ਹੈ: “ਮਰਨ ਤੋਂ ਬਾਅਦ ਆਤਮਾ ਦੇ ਜੀਉਂਦੇ ਰਹਿਣ ਦੀ ਸਿੱਖਿਆ ਨਿਹਚਾ ਨਾਲ ਨਹੀਂ ਸਗੋਂ ਫ਼ਲਸਫ਼ੇ ਜਾਂ ਅੰਦਾਜ਼ਿਆਂ ਤੇ ਆਧਾਰਿਤ ਹੈ। ਬਾਈਬਲ ਵਿਚ ਕਿਤੇ ਵੀ ਇਸ ਦਾ ਜ਼ਿਕਰ ਨਹੀਂ ਹੈ।”

ਅਕਸਰ ਇਕ ਝੂਠ ਦੂਜੇ ਝੂਠ ਨੂੰ ਜਨਮ ਦਿੰਦਾ ਹੈ ਅਤੇ ਇਹ ਗੱਲ ਅਮਰ-ਆਤਮਾ ਦੀ ਸਿੱਖਿਆ ਬਾਰੇ ਸੋਲਾਂ ਆਨੇ ਸੱਚ ਸਾਬਤ ਹੋਈ ਹੈ। ਇਸ ਸਿੱਖਿਆ ਨੇ ਨਰਕ ਦੀ ਅੱਗ ਵਿਚ ਸਦੀਪਕ ਤਸੀਹੇ ਦੀ ਗ਼ੈਰ-ਮਸੀਹੀ ਸਿੱਖਿਆ ਨੂੰ ਜਨਮ ਦਿੱਤਾ। * ਪਰ ਬਾਈਬਲ ਸਾਫ਼ ਕਹਿੰਦੀ ਹੈ ਕਿ “ਪਾਪ ਦੀ ਮਜੂਰੀ ਤਾਂ ਮੌਤ ਹੈ” ਨਾ ਕਿ ਸਦੀਪਕ ਤਸੀਹੇ। (ਰੋਮੀਆਂ 6:23) ਇੰਜ, ਪੁਨਰ-ਉਥਾਨ ਬਾਰੇ ਦੱਸਦੇ ਹੋਏ, ਕਿੰਗ ਜੇਮਜ਼ ਵਰਯਨ ਕਹਿੰਦੀ ਹੈ: “ਅਤੇ ਸਮੁੰਦਰ ਨੇ ਓਹ ਮੁਰਦੇ ਜਿਹੜੇ ਉਹ ਦੇ ਵਿੱਚ ਸਨ ਮੋੜ ਦਿੱਤੇ, ਅਤੇ ਕਾਲ ਅਤੇ ਨਰਕ ਨੇ ਓਹ ਮੁਰਦੇ ਜਿਹੜੇ ਓਹਨਾਂ ਵਿੱਚ ਸਨ ਮੋੜ ਦਿੱਤੇ।” ਇਸੇ ਤਰ੍ਹਾਂ, ਡੂਏ ਬਾਈਬਲ ਕਹਿੰਦੀ ਹੈ ਕਿ “ਸਮੁੰਦਰ . . . ਅਤੇ ਮੌਤ ਤੇ ਨਰਕ ਨੇ ਆਪਣੇ ਮੁਰਦੇ ਦੇ ਦਿੱਤੇ।” ਜੀ ਹਾਂ, ਇਹ ਗੱਲ ਸਾਫ਼ ਹੈ ਕਿ ਜਿਹੜੇ ਨਰਕ ਵਿਚ ਹਨ ਉਹ ਮਰੇ ਹੋਏ ਹਨ, ਜਿਵੇਂ ਯਿਸੂ ਨੇ ਕਿਹਾ ਸੀ ਕਿ ਉਹ ‘ਸੁੱਤੇ’ ਹੋਏ ਹਨ।—ਪਰਕਾਸ਼ ਦੀ ਪੋਥੀ 20:13.

ਕੀ ਤੁਸੀਂ ਸੱਚੇ ਦਿਲੋਂ ਇਹ ਮੰਨਦੇ ਹੋ ਕਿ ਨਰਕ ਵਿਚ ਸਦੀਪਕ ਤਸੀਹੇ ਦੀ ਸਿੱਖਿਆ ਲੋਕਾਂ ਨੂੰ ਪਰਮੇਸ਼ੁਰ ਵੱਲ ਖਿੱਚਦੀ ਹੈ? ਬਿਲਕੁਲ ਨਹੀਂ। ਇਨਸਾਫ਼-ਪਸੰਦ ਅਤੇ ਸਨੇਹੀ ਲੋਕਾਂ ਲਈ ਅਜਿਹਾ ਸੋਚਣਾ ਵੀ ਘਿਰਣਾਯੋਗ ਹੈ! ਦੂਜੇ ਪਾਸੇ ਬਾਈਬਲ ਸਿਖਾਉਂਦੀ ਹੈ ਕਿ “ਪਰਮੇਸ਼ੁਰ ਪ੍ਰੇਮ ਹੈ” ਅਤੇ ਜਾਨਵਰਾਂ ਤੇ ਵੀ ਬੇਰਹਿਮੀ ਕਰਨੀ ਉਸ ਦੇ ਲਈ ਘਿਣਾਉਣੀ ਹੈ।—1 ਯੂਹੰਨਾ 4:8; ਕਹਾਉਤਾਂ 12:10; ਯਿਰਮਿਯਾਹ 7:31; ਯੂਨਾਹ 4:11.

ਅੱਜ ਦੇ ਸਮਿਆਂ ਵਿਚ “ਤਸਵੀਰ” ਦਾ ਰੂਪ ਵਿਗਾੜਨਾ

ਪਰਮੇਸ਼ੁਰ ਅਤੇ ਮਸੀਹੀਅਤ ਦਾ ਰੂਪ ਅੱਜ ਸਾਡੇ ਦਿਨਾਂ ਵਿਚ ਵੀ ਵਿਗਾੜਿਆ ਜਾ ਰਿਹਾ ਹੈ। ਹਾਲ ਹੀ ਵਿਚ ਧਰਮ ਦੇ ਇਕ ਪ੍ਰੋਫ਼ੈਸਰ ਨੇ ਦੱਸਿਆ ਕਿ ਉਸ ਦੇ ਪ੍ਰੋਟੈਸਟੈਂਟ ਚਰਚ ਵਿਚ ਇਕ ਸੰਘਰਸ਼ ਚੱਲ ਰਿਹਾ ਹੈ। ਇਸ ਸੰਘਰਸ਼ ਵਿਚ ਇਕ ਪਾਸੇ ਤਾਂ “ਬਾਈਬਲ ਦੀਆਂ ਸਿੱਖਿਆਵਾਂ ਅਤੇ ਮਸੀਹ ਦੀ ਪ੍ਰਭੁਤਾ ਪ੍ਰਤੀ ਚਰਚ ਦੀ ਵਫ਼ਾਦਾਰੀ ਹੈ ਅਤੇ ਦੂਜੇ ਪਾਸੇ ਗ਼ੈਰ-ਬਾਈਬਲੀ ਮਨੁੱਖੀ ਸਿਧਾਂਤ ਤੇ ਪ੍ਰਚਲਿਤ ਮਨੋਬਿਰਤੀ ਮੁਤਾਬਕ ਮਸੀਹੀਅਤ ਨੂੰ ਢਾਲਣਾ ਹੈ। ਇਹ ਮਸਲਾ ਦਾਅ ਤੇ ਲੱਗਾ ਹੈ: “ਚਰਚ ਦਾ ਏਜੰਡਾ ਕੌਣ ਤੈ ਕਰੇਗਾ . . . ਬਾਈਬਲ ਜਾਂ ਲੋਕਾਂ ਵਿਚ ਪਾਏ ਜਾਂਦੇ ਪ੍ਰਚਲਿਤ ਸੋਚ-ਵਿਚਾਰ?”

ਦੁੱਖ ਦੀ ਗੱਲ ਹੈ ਕਿ “ਲੋਕਾਂ ਦੇ ਪ੍ਰਚਲਿਤ ਵਿਚਾਰ” ਅਕਸਰ ਜ਼ਿਆਦਾ ਹਾਵੀ ਹੋ ਜਾਂਦੇ ਹਨ। ਮਿਸਾਲ ਵਜੋਂ ਸਾਰੇ ਜਾਣਦੇ ਹਨ ਕਿ ਬਹੁਤ ਸਾਰੇ ਚਰਚਾਂ ਨੇ ਅਗਾਂਹ-ਵਧੂ ਅਤੇ ਖੁੱਲ੍ਹੇ ਵਿਚਾਰਾਂ ਵਾਲੇ ਬਣਨ ਲਈ ਬਹੁਤ ਸਾਰੇ ਮਾਮਲਿਆਂ ਬਾਰੇ ਆਪਣੇ ਵਿਚਾਰ ਬਦਲ ਲਏ ਹਨ। ਖ਼ਾਸ ਤੌਰ ਤੇ ਜਿਵੇਂ ਪਿਛਲੇ ਲੇਖ ਵਿਚ ਦੱਸਿਆ ਗਿਆ ਸੀ, ਬਹੁਤ ਸਾਰੇ ਨੈਤਿਕ ਵਿਸ਼ਿਆਂ ਬਾਰੇ ਚਰਚ ਦੀ ਮਨੋਬਿਰਤੀ ਕਾਫ਼ੀ ਖੁੱਲ੍ਹੀ ਹੋ ਗਈ ਹੈ। ਪਰ ਬਾਈਬਲ ਸਾਫ਼ ਤੌਰ ਤੇ ਦੱਸਦੀ ਹੈ ਕਿ ਹਰਾਮਕਾਰੀ, ਜ਼ਨਾਹਕਾਰੀ ਅਤੇ ਸਮਲਿੰਗਕਾਮੁਕਤਾ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਵੱਡੇ ਪਾਪ ਹਨ ਅਤੇ ਅਜਿਹੇ ਕੰਮ ਕਰਨ ਵਾਲੇ ਲੋਕ “ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ।”—1 ਕੁਰਿੰਥੀਆਂ 6:9, 10; ਮੱਤੀ 5:27-32; ਰੋਮੀਆਂ 1:26, 27.

ਜਦੋਂ ਪੌਲੁਸ ਰਸੂਲ ਨੇ ਇਹ ਸ਼ਬਦ ਲਿਖੇ ਸਨ ਤਾਂ ਉਸ ਦੇ ਆਲੇ-ਦੁਆਲੇ ਦਾ ਯੂਨਾਨੀ-ਰੋਮੀ ਸਮਾਜ ਬੁਰਾਈ ਨਾਲ ਭਰਿਆ ਪਿਆ ਸੀ। ਪੌਲੁਸ ਇੰਜ ਸੋਚ ਸਕਦਾ ਸੀ: ‘ਹਾਂ, ਪਰਮੇਸ਼ੁਰ ਨੇ ਸਦੋਮ ਅਤੇ ਅਮੂਰਾਹ ਨੂੰ ਵੱਡੇ ਜਿਨਸੀ ਕੰਮਾਂ ਕਰਕੇ ਨਾਸ਼ ਕਰ ਦਿੱਤਾ ਸੀ, ਪਰ ਇਹ ਤਾਂ 2000 ਸਾਲ ਪਹਿਲਾਂ ਦੀ ਗੱਲ ਹੈ! ਇਹ ਗੱਲ ਅੱਜ ਦੇ ਗਿਆਨਵਾਨ ਯੁੱਗ ਵਿਚ ਕਿੱਦਾਂ ਲਾਗੂ ਹੋ ਸਕਦੀ ਹੈ? ਪਰ ਉਸ ਨੇ ਇਸ ਤਰ੍ਹਾਂ ਦੀ ਦਲੀਲਬਾਜ਼ੀ ਨਹੀਂ ਕੀਤੀ ਤੇ ਨਾ ਹੀ ਬਾਈਬਲ ਸੱਚਾਈ ਨੂੰ ਭ੍ਰਿਸ਼ਟ ਕਰਨ ਦੀ ਕੋਸ਼ਿਸ਼ ਕੀਤੀ।—ਗਲਾਤੀਆਂ 5:19-23.

ਪਹਿਲੀ “ਤਸਵੀਰ” ਵੱਲ ਦੇਖੋ

ਆਪਣੇ ਸਮੇਂ ਦੇ ਯਹੂਦੀ ਧਾਰਮਿਕ ਆਗੂਆਂ ਨਾਲ ਗੱਲ ਕਰਦੇ ਹੋਏ ਯਿਸੂ ਨੇ ਕਿਹਾ ਸੀ ਕਿ ‘ਓਹ ਵਿਰਥਾ ਉਸ ਦੀ ਉਪਾਸਨਾ ਕਰਦੇ ਹਨ, ਕਿਉਂਕਿ ਓਹ ਮਨੁੱਖਾਂ ਦੇ ਹੁਕਮਾਂ ਦੀ ਸਿਖਿਆ ਦਿੰਦੇ ਹਨ।’ (ਮੱਤੀ 15:9) ਉਨ੍ਹਾਂ ਧਾਰਮਿਕ ਆਗੂਆਂ ਨੇ ਮੂਸਾ ਵੱਲੋਂ ਦਿੱਤੇ ਨਿਯਮਾਂ ਨਾਲ ਉਹੀ ਕੀਤਾ ਸੀ ਜੋ ਈਸਾਈ-ਜਗਤ ਦੇ ਪਾਦਰੀਆਂ ਨੇ ਮਸੀਹ ਦੀਆਂ ਸਿੱਖਿਆਵਾਂ ਨਾਲ ਕੀਤਾ ਹੈ ਤੇ ਅਜੇ ਵੀ ਕਰ ਰਹੇ ਹਨ—ਉਨ੍ਹਾਂ ਨੇ ਪਰਮੇਸ਼ੁਰੀ ਸੱਚਾਈ ਨੂੰ ਰੀਤਾਂ-ਰਸਮਾਂ ਦੇ “ਪੇਂਟ” ਨਾਲ ਵਿਗਾੜ ਦਿੱਤਾ ਸੀ। ਪਰ ਯਿਸੂ ਨੇ ਨੇਕਦਿਲ ਲੋਕਾਂ ਦੇ ਭਲੇ ਲਈ ਸਾਰੇ ਝੂਠਾਂ ਨੂੰ ਬੇਨਕਾਬ ਕਰ ਦਿੱਤਾ। (ਮਰਕੁਸ 7:7-13) ਯਿਸੂ ਹਮੇਸ਼ਾ ਸੱਚ ਹੀ ਬੋਲਿਆ, ਚਾਹੇ ਉਹ ਸੱਚ ਉਸ ਵੇਲੇ ਦੇ ਲੋਕਾਂ ਵਿਚ ਪ੍ਰਚਲਿਤ ਸੀ ਜਾਂ ਨਹੀਂ ਅਤੇ ਉਸ ਨੇ ਆਪਣੀ ਹਰ ਗੱਲ ਪਰਮੇਸ਼ੁਰ ਦੇ ਬਚਨ ਤੋਂ ਹੀ ਕਹੀ।—ਯੂਹੰਨਾ 17:17.

ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਲੋਕਾਂ ਨਾਲੋਂ ਯਿਸੂ ਦੀ ਸੋਚ ਕਿੰਨੀ ਵੱਖਰੀ ਸੀ! ਦਰਅਸਲ, ਬਾਈਬਲ ਨੇ ਠੀਕ ਭਵਿੱਖਬਾਣੀ ਕੀਤੀ: “ਕਿਉਂ ਜੋ ਉਹ ਸਮਾ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ ਪਰ ਕੰਨਾਂ ਦੀ ਜਲੂਨ ਦੇ ਕਾਰਨ ਆਪਣਿਆਂ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਢੇਰ ਸਾਰੇ ਗੁਰੂ ਧਾਰਨਗੇ। ਅਤੇ ਸਚਿਆਈ ਤੋਂ ਕੰਨਾਂ ਨੂੰ ਫੇਰ ਕੇ ਖਿਆਲੀ ਕਹਾਣੀਆਂ ਦੀ ਵੱਲ ਫਿਰਨਗੇ।” (2 ਤਿਮੋਥਿਉਸ 4:3, 4) ਅਸੀਂ ਇਨ੍ਹਾਂ “ਖ਼ਿਆਲੀ ਕਹਾਣੀਆਂ” ਵਿੱਚੋਂ ਸਿਰਫ਼ ਕੁਝ ਕੁ ਉੱਤੇ ਵਿਚਾਰ ਕੀਤਾ ਹੈ। ਇਹ ਕਹਾਣੀਆਂ ਅਧਿਆਤਮਿਕ ਤੌਰ ਤੇ ਜਾਨਲੇਵਾ ਹਨ ਜਦ ਕਿ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਲਾਭਕਾਰੀ ਹੈ ਜੋ ਸਦੀਪਕ ਜੀਵਨ ਵੱਲ ਲੈ ਜਾਂਦੀ ਹੈ। ਇਹ ਉਹੀ ਸੱਚਾਈ ਹੈ ਜਿਸ ਦੀ ਜਾਂਚ ਕਰਨ ਲਈ ਯਹੋਵਾਹ ਦੇ ਗਵਾਹ ਤੁਹਾਨੂੰ ਉਤਸ਼ਾਹਿਤ ਕਰਦੇ ਹਨ।—ਯੂਹੰਨਾ 4:24; 8:32; 17:3.

[ਫੁਟਨੋਟ]

^ ਪੈਰਾ 4 ਜਿਵੇਂ ਯਿਸੂ ਨੇ ਕਣਕ ਤੇ ਜੰਗਲੀ ਬੂਟੀ ਦੇ ਅਤੇ ਭੀੜੇ ਤੇ ਖੁੱਲ੍ਹੇ ਰਾਹ ਦੇ ਦ੍ਰਿਸ਼ਟਾਂਤਾਂ ਵਿਚ ਦੱਸਿਆ ਸੀ (ਮੱਤੀ 7:13, 14), ਸਮਾਂ ਪੈਣ ਤੇ ਸਿਰਫ਼ ਮੁੱਠੀ ਭਰ ਲੋਕਾਂ ਨੇ ਹੀ ਸੱਚੀ ਮਸੀਹੀਅਤ ਉੱਤੇ ਚੱਲਣਾ ਸੀ। ਪਰ, ਸੱਚੇ ਮਸੀਹੀਆਂ ਨਾਲੋਂ ਜ਼ਿਆਦਾ ਜੰਗਲੀ ਬੂਟੀ ਵਰਗੇ ਲੋਕਾਂ ਦੀ ਗਿਣਤੀ ਵਧੇਗੀ ਅਤੇ ਇਹ ਆਪਣੇ ਆਪ ਨੂੰ ਅਤੇ ਆਪਣੀ ਸਿੱਖਿਆ ਨੂੰ ਸੱਚੀ ਮਸੀਹੀਅਤ ਦੇ ਸਹੀ ਰੂਪ ਵਜੋਂ ਅੱਗੇ ਵਧਾਉਣਗੇ। ਇਹ ਲੇਖ ਇਸੇ ਰੂਪ ਬਾਰੇ ਚਰਚਾ ਕਰਦਾ ਹੈ।

^ ਪੈਰਾ 19 “ਨਰਕ” ਇਕ ਇਬਰਾਨੀ ਸ਼ਬਦ ਸ਼ੀਓਲ ਅਤੇ ਯੂਨਾਨੀ ਸ਼ਬਦ ਹੇਡੀਜ਼ ਦਾ ਤਰਜਮਾ ਹੈ। ਇਨ੍ਹਾਂ ਦੋਹਾਂ ਦਾ ਅਰਥ ਹੈ “ਕਬਰ”। ਬੇਸ਼ੱਕ ਕਿੰਗ ਜੇਮਜ਼ ਵਰਯਨ ਦੇ ਅੰਗ੍ਰੇਜ਼ੀ ਦੇ ਅਨੁਵਾਦਕਾਂ ਨੇ ਸ਼ੀਓਲ ਸ਼ਬਦ ਦਾ ਤਰਜਮਾ 31 ਵਾਰ “ਨਰਕ” ਵਜੋਂ ਕੀਤਾ ਹੈ, ਪਰ ਇਸ ਦੇ ਨਾਲ-ਨਾਲ ਉਨ੍ਹਾਂ ਨੇ ਇਸ ਸ਼ਬਦ ਦਾ ਤਰਜਮਾ 31 ਵਾਰ “ਕਬਰ” ਵਜੋਂ ਅਤੇ ਤਿੰਨ ਵਾਰ “ਟੋਆ” ਸ਼ਬਦ ਵਜੋਂ ਵੀ ਕੀਤਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਸਾਰੇ ਸ਼ਬਦਾਂ ਦਾ ਇੱਕੋ ਹੀ ਮਤਲਬ ਹੈ।

[ਸਫ਼ੇ 7 ਉੱਤੇ ਡੱਬੀ/​ਤਸਵੀਰ]

ਮਸੀਹੀ ਨਾਂ ਦੀ ਸ਼ੁਰੂਆਤ

ਯਿਸੂ ਦੀ ਮੌਤ ਤੋਂ ਤਕਰੀਬਨ ਦਸਾਂ ਸਾਲਾਂ ਬਾਅਦ, ਉਸ ਦੇ ਚੇਲੇ “ਰਾਹ” ਦੇ ਮੈਂਬਰਾਂ ਵਜੋਂ ਜਾਣੇ ਜਾਂਦੇ ਸਨ। (ਰਸੂਲਾਂ ਦੇ ਕਰਤੱਬ 19:9, 23; 22:4; ਪਵਿੱਤਰ ਬਾਈਬਲ ਨਵਾਂ ਅਨੁਵਾਦ) ਕਿਉਂ? ਕਿਉਂਕਿ ਉਨ੍ਹਾਂ ਦੀ ਪੂਰੀ ਜ਼ਿੰਦਗੀ ਯਿਸੂ ਮਸੀਹ ਤੇ ਨਿਹਚਾ ਕਰਨ ਉੱਤੇ ਕੇਂਦ੍ਰਿਤ ਸੀ ਜੋ “ਰਾਹ ਅਤੇ ਸਚਿਆਈ ਅਤੇ ਜੀਉਣ” ਹੈ। (ਯੂਹੰਨਾ 14:6) ਪਰ, 44 ਸਾ.ਯੁ. ਤੋਂ ਕੁਝ ਸਮੇਂ ਬਾਅਦ, ਸੀਰੀਆ ਦੇ ਅੰਤਾਕਿਯਾ ਸ਼ਹਿਰ ਵਿਚ ਯਿਸੂ ਦੇ ਚੇਲੇ ਪਰਮੇਸ਼ੁਰੀ ਨਿਰਦੇਸ਼ਨ ਅਧੀਨ ਪਹਿਲੀ ਵਾਰ “ਮਸੀਹੀ ­ਅਖਵਾਏ” ਗਏ। (ਰਸੂਲਾਂ ਦੇ ਕਰਤੱਬ 11:26) ਜਲਦੀ ਹੀ ਇਹ ਨਾਂ ਮਸ਼ਹੂਰ ਹੋ ਗਿਆ, ਇੱਥੋਂ ਤਕ ਕਿ ਸਰਕਾਰੀ ਅਧਿਕਾਰੀਆਂ ਵਿਚ ਵੀ। (ਰਸੂਲਾਂ ਦੇ ਕਰਤੱਬ 26:28) ਇਸ ਨਵੇਂ ਨਾਂ ਨਾਲ ਉਨ੍ਹਾਂ ਦੇ ਮਸੀਹੀ ਜੀਵਨ ਦਾ ਰਾਹ ਨਹੀਂ ਬਦਲਿਆ, ਸਗੋਂ ਉਹ ਲਗਾਤਾਰ ਮਸੀਹ ਦੀ ਪੈੜ ਉੱਤੇ ਚੱਲਦੇ ਰਹੇ।​—1 ਪਤਰਸ 2:21.

[ਸਫ਼ੇ 7 ਉੱਤੇ ਤਸਵੀਰ]

ਆਪਣੀ ਜਨਤਕ ਸੇਵਕਾਈ ਦੁਆਰਾ ਯਹੋਵਾਹ ਦੇ ਗਵਾਹ ਲੋਕਾਂ ਦਾ ਧਿਆਨ ਪਰਮੇਸ਼ੁਰ ਦੇ ਬਚਨ ਬਾਈਬਲ ਵੱਲ ਖਿੱਚਦੇ ਹਨ

[ਸਫ਼ੇ 4 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

ਖੱਬਿਓਂ ਤੀਸਰੀ: United Nations/​Photo by Saw Lwin