Skip to content

Skip to table of contents

ਮੈਨੂੰ ਆਪਣੀ ਸੰਗ ਤੇ ਕਾਬੂ ਪਾਉਣ ਵਿਚ ਮਦਦ ਮਿਲੀ

ਮੈਨੂੰ ਆਪਣੀ ਸੰਗ ਤੇ ਕਾਬੂ ਪਾਉਣ ਵਿਚ ਮਦਦ ਮਿਲੀ

ਜੀਵਨੀ

ਮੈਨੂੰ ਆਪਣੀ ਸੰਗ ਤੇ ਕਾਬੂ ਪਾਉਣ ਵਿਚ ਮਦਦ ਮਿਲੀ

ਰੂਥ ਐੱਲ. ਅਲਰਿਕ ਦੀ ਜ਼ਬਾਨੀ

ਮੇਰਾ ਆਪਣੇ ਆਪ ਤੇ ਕਾਬੂ ਨਾ ਰਿਹਾ ਤੇ ਮੈਂ ਪਾਦਰੀ ਦੇ ਘਰ ਦੀ ਦਹਿਲੀਜ਼ ਦੇ ਸਾਮ੍ਹਣੇ ਫੁੱਟ-ਫੁੱਟ ਕੇ ਰੋਣ ਲੱਗ ਪਈ। ਪਾਦਰੀ ਨੇ ਹੁਣੇ-ਹੁਣੇ ਹੀ ਚਾਰਲਸ ਟੇਜ਼ ਰਸਲ ਉੱਤੇ ਢੇਰ ਸਾਰੀਆਂ ਝੂਠੀਆਂ ਤੁਹਮਤਾਂ ਲਾਈਆਂ ਸਨ, ਜੋ ਉਸ ਵੇਲੇ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੇ ਪ੍ਰਧਾਨ ਸਨ। ਆਓ ਮੈਂ ਤੁਹਾਨੂੰ ਦੱਸਾਂ ਕਿ ਮੇਰੇ ਵਰਗੀ ਛੋਟੀ ਜਿਹੀ ਕੁੜੀ ਲੋਕਾਂ ਦੇ ਘਰ-ਘਰ ਕਿਉਂ ਜਾ ਰਹੀ ਸੀ।

ਮੇਰਾ ਜਨਮ ਸੰਨ 1910 ਵਿਚ ਯੂ.ਐੱਸ.ਏ. ਦੇ ਨੈਬਰਾਸਕਾ ਜ਼ਿਲ੍ਹੇ ਦੇ ਇਕ ਫਾਰਮ ਵਿਚ ਹੋਇਆ। ਮੇਰਾ ਪਰਿਵਾਰ ਬਹੁਤ ਧਾਰਮਿਕ ਵਿਚਾਰਾਂ ਵਾਲਾ ਸੀ ਅਤੇ ਅਸੀਂ ਹਰ ਰੋਜ਼ ਸਵੇਰ ਤੇ ਸ਼ਾਮ ਖਾਣੇ ਤੋਂ ਬਾਅਦ ਰਲ ਕੇ ਬਾਈਬਲ ਪੜ੍ਹਦੇ ਹੁੰਦੇ ਸੀ। ਮੇਰੇ ਪਿਤਾ ਜੀ ਇਕ ਛੋਟੇ ਜਿਹੇ ਸ਼ਹਿਰ ਵਿਨਸਾਈਡ ਦੇ ਮੈਥੋਡਿਸਟ ਚਰਚ ਵਿਚ ਸੰਡੇ ਸਕੂਲ ਦੇ ਨਿਗਰਾਨ ਸਨ। ਇਹ ਸ਼ਹਿਰ ਸਾਡੇ ਘਰ ਤੋਂ ਤਕਰੀਬਨ ਛੇ ਕਿਲੋਮੀਟਰ ਦੂਰ ਸੀ। ਅਸੀਂ ਚਾਰੇ ਪਾਸਿਓਂ ਢੱਕਿਆ ਹੋਇਆ ਇਕ ਤਾਂਗਾ ਲਿਆ ਹੋਇਆ ਸੀ, ਤਾਂਕਿ ਖ਼ਰਾਬ ਮੌਸਮ ਦੇ ਬਾਵਜੂਦ ਵੀ ਅਸੀਂ ਐਤਵਾਰ ਨੂੰ ਚਰਚ ਜਾ ਸਕੀਏ।

ਜਦੋਂ ਮੈਂ ਅੱਠਾਂ ਸਾਲਾਂ ਦੀ ਸੀ, ਤਾਂ ਮੇਰਾ ਨਿੱਕਾ ਭਰਾ ਪੋਲਿਓ ਨਾਲ ਬੀਮਾਰ ਹੋ ਗਿਆ। ਮਾਤਾ ਜੀ ਨੇ ਇਲਾਜ ਲਈ ਉਸ ਨੂੰ ਆਇਓਵਾ ਦੇ ਹਸਪਤਾਲ ਵਿਚ ਭਰਤੀ ਕਰਵਾਇਆ। ਪਰ ਉਨ੍ਹਾਂ ਦੀ ਸਖ਼ਤ ਮਿਹਨਤ ਦੇ ਬਾਵਜੂਦ, ਹਸਪਤਾਲ ਵਿਚ ਮੇਰੇ ਭਰਾ ਦੀ ਮੌਤ ਹੋ ਗਈ। ਇਸੇ ਸਮੇਂ ਦੌਰਾਨ, ਆਇਓਵਾ ਵਿਚ ਮੇਰੇ ਮਾਤਾ ਜੀ ਇਕ ਬਾਈਬਲ ਵਿਦਿਆਰਥਣ ਨੂੰ ਮਿਲੇ, ਜਿਨ੍ਹਾਂ ਨੂੰ ਹੁਣ ਯਹੋਵਾਹ ਦੇ ਗਵਾਹ ਕਿਹਾ ਜਾਂਦਾ ਹੈ। ਮਾਤਾ ਜੀ ਨੇ ਕਈ ਵਾਰ ਉਸ ਨਾਲ ਲੰਬੀ-ਚੌੜੀ ਗੱਲ-ਬਾਤ ਕੀਤੀ ਅਤੇ ਉਸ ਨਾਲ ਉਨ੍ਹਾਂ ਦੀਆਂ ਕੁਝ ਸਭਾਵਾਂ ਵਿਚ ਵੀ ਚਲੇ ਗਏ।

ਜਦੋਂ ਮਾਤਾ ਜੀ ਘਰ ਪਰਤੇ ਤਾਂ ਉਹ ਆਪਣੇ ਨਾਲ ਵਾਚ ਟਾਵਰ ਸੋਸਾਇਟੀ ਵੱਲੋਂ ਛਾਪੇ ਸ਼ਾਸਤਰ ਦਾ ਅਧਿਐਨ (ਅੰਗ੍ਰੇਜ਼ੀ) ਦੇ ਕਈ ਖੰਡ ਪੜ੍ਹਨ ਲਈ ਨਾਲ ਲਿਆਏ। ਪੜ੍ਹਨ ਤੋਂ ਬਾਅਦ ਜਲਦੀ ਹੀ ਉਨ੍ਹਾਂ ਨੂੰ ਪੱਕਾ ਵਿਸ਼ਵਾਸ ਹੋ ਗਿਆ ਕਿ ਸਿਰਫ਼ ਬਾਈਬਲ ਸਟੂਡੈਂਟਸ ਹੀ ਸੱਚਾਈ ਸਿਖਾ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਕਿ ਆਤਮਾ ਦੀ ਅਮਰਤਾ ਅਤੇ ਬੁਰੇ ਲੋਕਾਂ ਨੂੰ ਸਦੀਪਕ ਤਸੀਹੇ ਦੇਣ ਦੀ ਸਿੱਖਿਆ ਬਿਲਕੁਲ ਗ਼ਲਤ ਹੈ।—ਉਤਪਤ 2:7; ਉਪਦੇਸ਼ਕ ਦੀ ਪੋਥੀ 9:5, 10; ਹਿਜ਼ਕੀਏਲ 18:4.

ਮੇਰੇ ਪਿਤਾ ਜੀ ਇਸ ਗੱਲ ਤੋਂ ਬਹੁਤ ਗੁੱਸੇ ਹੋਏ ਅਤੇ ਉਨ੍ਹਾਂ ਨੇ ਮਾਤਾ ਜੀ ਦਾ ਵਿਰੋਧ ਕੀਤਾ। ਪਿਤਾ ਜੀ ਨੇ ਬਾਈਬਲ ਸਟੂਡੈਂਟਸਆਂ ਦੀਆਂ ਸਭਾਵਾਂ ਵਿਚ ਜਾਣ ਤੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਿਤਾ ਜੀ ਮੈਨੂੰ ਅਤੇ ਮੇਰੇ ਵੱਡੇ ਭਰਾ ਕਲੈਰੰਸ ਨੂੰ ਆਪਣੇ ਨਾਲ ਚਰਚ ਲਿਜਾਂਦੇ ਰਹੇ। ਪਰ ਜਦੋਂ ਪਿਤਾ ਜੀ ਘਰ ਨਹੀਂ ਹੁੰਦੇ ਸਨ ਤਾਂ ਮਾਤਾ ਜੀ ਸਾਨੂੰ ਬਾਈਬਲ ਵਿੱਚੋਂ ਗੱਲਾਂ ਦੱਸਦੇ ਹੁੰਦੇ ਸਨ। ਨਤੀਜੇ ਵਜੋਂ, ਸਾਨੂੰ ਦੋਹਾਂ ਬੱਚਿਆਂ ਨੂੰ ਚਰਚ ਅਤੇ ਬਾਈਬਲ ਸਟੂਡੈਂਟਸ ਦੀਆਂ ਸਿੱਖਿਆਵਾਂ ਵਿਚ ਫ਼ਰਕ ਦੇਖਣ ਦਾ ਚੰਗਾ ਮੌਕਾ ਮਿਲਿਆ।

ਮੈਂ ਅਤੇ ਕਲੈਰੰਸ ਚਰਚ ਦੇ ਸੰਡੇ ਸਕੂਲ ਵਿਚ ਬਾਕਾਇਦਾ ਜਾਂਦੇ ਹੁੰਦੇ ਸਾਂ। ਇਕ ਦਿਨ ਕਲੈਰੰਸ ਨੇ ਅਧਿਆਪਕ ਨੂੰ ਕੁਝ ਸਵਾਲ ਪੁੱਛੇ, ਪਰ ਉਹ ਉਸ ਦੇ ਸਵਾਲਾਂ ਦਾ ਜਵਾਬ ਨਾ ਦੇ ਸਕੀ। ਜਦੋਂ ਅਸੀਂ ਘਰ ਪਹੁੰਚ ਕੇ ਆਪਣੇ ਮਾਤਾ ਜੀ ਨੂੰ ਸਾਰੀ ਗੱਲ ਦੱਸੀ, ਤਾਂ ਮਾਤਾ ਜੀ ਨੇ ਇਨ੍ਹਾਂ ਸਵਾਲਾਂ ਬਾਰੇ ਸਾਡੇ ਨਾਲ ਚੰਗੀ ਲੰਬੀ ਗੱਲ-ਬਾਤ ਕੀਤੀ। ਅਖ਼ੀਰ ਮੈਂ ਚਰਚ ਛੱਡ ਦਿੱਤਾ ਅਤੇ ਮਾਤਾ ਜੀ ਨਾਲ ਬਾਈਬਲ ਸਟੂਡੈਂਟਸ ਦੀਆਂ ਸਭਾਵਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਕਲੈਰੰਸ ਨੇ ਵੀ ਅਜਿਹਾ ਹੀ ਕੀਤਾ।

ਆਪਣੀ ਸੰਗ ਤੇ ਕਾਬੂ ਪਾਉਣਾ

ਸਤੰਬਰ 1922 ਵਿਚ ਮੈਂ ਅਤੇ ਮੇਰੇ ਮਾਤਾ ਜੀ ਸੀਡਰ ਪਾਇੰਟ, ਓਹੀਓ ਵਿਖੇ ਹੋਏ ਬਾਈਬਲ ਸਟੂਡੈਂਟਸ ਦੇ ਇਕ ਯਾਦਗਾਰ ਸੰਮੇਲਨ ਵਿਚ ਗਏ। ਮੈਨੂੰ ਉਹ ਦਿਨ ਅੱਜ ਵੀ ਯਾਦ ਹੈ ਜਦੋਂ ਵਾਚ ਟਾਵਰ ਸੋਸਾਇਟੀ ਦੇ ਪ੍ਰਧਾਨ ਭਰਾ ਜੋਸਫ਼ ਐੱਫ਼. ਰਦਰਫ਼ਰਡ ਨੇ ਉੱਥੇ ਬੈਠੇ 18,000 ਤੋਂ ਵੀ ਵੱਧ ਲੋਕਾਂ ਦਾ ਧਿਆਨ ਕੱਪੜੇ ਦੇ ਇਕ ਬੈਨਰ ਵੱਲ ਦਿਵਾਇਆ। ਉਸ ਬੈਨਰ ਉੱਤੇ ਇਹ ਸ਼ਬਦ ਲਿਖੇ ਹੋਏ ਸਨ: “ਰਾਜਾ ਅਤੇ ਰਾਜ ਦੀ ਘੋਸ਼ਣਾ ਕਰੋ।” ਇਸ ਦਾ ਮੇਰੇ ਉੱਤੇ ਡੂੰਘਾ ਅਸਰ ਪਿਆ ਤੇ ਮੈਂ ਸੋਚਿਆ ਕਿ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਦੀ ਸੱਚੀਂ ਬਹੁਤ ਲੋੜ ਹੈ।—ਮੱਤੀ 6:9, 10; 24:14.

ਸੰਨ 1922 ਤੋਂ 1928 ਤਕ ਦੇ ਸੰਮੇਲਨਾਂ ਦੌਰਾਨ ਕਈ ਮਤੇ ਅਪਣਾਏ ਗਏ ਅਤੇ ਇਨ੍ਹਾਂ ਵਿਚਲੀਆਂ ਸਾਰੀਆਂ ਗੱਲਾਂ ਨੂੰ ਟ੍ਰੈਕਟਾਂ ਵਿਚ ਲਿਖਿਆ ਗਿਆ, ਜਿਨ੍ਹਾਂ ਨੂੰ ਬਾਈਬਲ ਸਟੂਡੈਂਟਸ ਨੇ ਪੂਰੀ ਦੁਨੀਆਂ ਵਿਚ ਕਰੋੜਾਂ ਦੀ ਗਿਣਤੀ ਵਿਚ ਵੰਡਿਆ। ਮੈਂ ਬੜੀ ਪਤਲੀ ਅਤੇ ਲੰਮੀ ਸੀ, ਇਸ ਲਈ ਸਾਰੇ ਕਹਿੰਦੇ ਸਨ ਕਿ ਮੈਂ ਟ੍ਰੈਕਟ ਵੰਡਣ ਵਿਚ ਬਹੁਤ ਫੁਰਤੀਲੀ ਹਾਂ। ਮੈਨੂੰ ਇਸ ਕੰਮ ਵਿਚ ਸੱਚੀਂ ਬੜਾ ਮਜ਼ਾ ਆਇਆ ਸੀ। ਪਰ ਘਰਾਂ ਵਿਚ ਨਿੱਜੀ ਤੌਰ ਤੇ ਕਿਸੇ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਣਾ ਇਕ ਅਲੱਗ ਗੱਲ ਸੀ।

ਵਾਕਈ ਮੈਂ ਬਹੁਤ ਹੀ ਸ਼ਰਮਾਉਂਦੀ ਹੁੰਦੀ ਸੀ, ਇੱਥੋਂ ਤਕ ਕਿ ਜਦੋਂ ਸਾਡੇ ਘਰ ਕਾਫ਼ੀ ਸਾਰੇ ਪਰਾਹੁਣੇ ਆ ਜਾਂਦੇ ਤਾਂ ਵੀ ਮੈਂ ਡਰ ਜਾਂਦੀ ਸੀ। ਮੈਂ ਫਟਾਫਟ ਆਪਣੇ ਕਮਰੇ ਵਿਚ ਜਾ ਕੇ ਲੁਕ ਜਾਂਦੀ ਸੀ। ਇਕ ਵਾਰ, ਮੇਰੇ ਮਾਤਾ ਜੀ ਸਾਡੇ ਪੂਰੇ ਪਰਿਵਾਰ ਦੀ ਫੋਟੋ ਖਿੱਚਣੀ ਚਾਹੁੰਦੇ ਸਨ ਜਿਸ ਲਈ ਉਨ੍ਹਾਂ ਨੇ ਮੈਨੂੰ ਕਮਰੇ ਤੋਂ ਬਾਹਰ ਆਉਣ ਲਈ ਕਿਹਾ। ਮੈਂ ਬਾਹਰ ਨਹੀਂ ਆਉਣਾ ਚਾਹੁੰਦੀ ਸੀ, ਪਰ ਜਦੋਂ ਮੇਰੇ ਮਾਤਾ ਜੀ ਨੇ ਸੱਚੀ-ਮੁੱਚੀ ਮੈਨੂੰ ਘੜੀਸ ਕੇ ਕਮਰੇ ਵਿੱਚੋਂ ਬਾਹਰ ਲਿਆਂਦਾ ਤਾਂ ਮੈਂ ਚੀਕਾਂ ਮਾਰ-ਮਾਰ ਕੇ ਰੋਣ ਲੱਗ ਪਈ।

ਪਰ ਇਕ ਦਿਨ ਮੈਂ ਪੱਕਾ ਇਰਾਦਾ ਕਰ ਕੇ ਆਪਣੇ ਬੈਗ ਵਿਚ ਕੁਝ ਕਿਤਾਬਾਂ ਅਤੇ ਰਸਾਲੇ ਪਾਏ। ਵਾਰ-ਵਾਰ ਮੈਂ ਆਪਣੇ ਮਨ ਵਿਚ ਕਿਹਾ, “ਮੇਰੇ ਕੋਲੋਂ ਇਹ ਨਹੀਂ ਹੋਣਾ,” ਪਰ ਅਗਲੇ ਹੀ ਪਲ ਮੈਂ ਆਪਣੇ ਆਪ ਨੂੰ ਸਮਝਾਇਆ, “ਪਰ ਮੈਂ ਇਹ ਜ਼ਰੂਰ ਕਰਨਾ ਹੀ ਹੈ।” ਅਖ਼ੀਰ ਮੈਂ ਪ੍ਰਚਾਰ ਲਈ ਚਲੀ ਗਈ। ਬਾਅਦ ਵਿਚ ਮੈਂ ਹੱਦੋਂ ਵੱਧ ਖ਼ੁਸ਼ ਹੋਈ ਕਿਉਂਕਿ ਅਖ਼ੀਰ ਮੈਂ ਪ੍ਰਚਾਰ ਤੇ ਜਾਣ ਦਾ ਹੌਸਲਾ ਕੱਢ ਹੀ ਲਿਆ ਸੀ। ਮੈਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਕੰਮ ਕਰਨ ਵੇਲੇ ਨਹੀਂ, ਸਗੋਂ ਕੰਮ ਪੂਰਾ ਕਰਨ ਤੋਂ ਬਾਅਦ ਹੁੰਦੀ ਸੀ। ਇਹ ਤਕਰੀਬਨ ਉਸੇ ਸਮੇਂ ਦੀ ਗੱਲ ਹੈ ਜਦੋਂ ਮੈਂ ਪਹਿਲਾਂ ਜ਼ਿਕਰ ਕੀਤੇ ਉਸ ਪਾਦਰੀ ਨੂੰ ਮਿਲੀ ਸੀ ਜਿਸ ਦੇ ਘਰ ਅੱਗਿਉਂ ਮੈਂ ਰੋਂਦੀ-ਰੋਂਦੀ ਅੱਗੇ ਨਿਕਲ ਗਈ ਸੀ। ਜਿਉਂ-ਜਿਉਂ ਸਮਾਂ ਬੀਤਿਆ, ਯਹੋਵਾਹ ਦੀ ਮਦਦ ਨਾਲ ਮੈਂ ਘਰਾਂ ਵਿਚ ਜਾ ਕੇ ਲੋਕਾਂ ਨਾਲ ਗੱਲ ਕਰਨ ਦਾ ਹੌਸਲਾ ਕੀਤਾ ਤੇ ਨਤੀਜੇ ਵਜੋਂ ਮੇਰੀ ਖ਼ੁਸ਼ੀ ਹੋਰ ਵੀ ਵੱਧਦੀ ਗਈ। ਤਦ 1925 ਵਿਚ ਮੈਂ ਪਾਣੀ ਦਾ ਬਪਤਿਸਮਾ ਲਿਆ।

ਪੂਰਣ-ਕਾਲੀ ਸੇਵਕਾਈ ਦੀ ਸ਼ੁਰੂਆਤ

ਜਦੋਂ ਮੈਂ ਅਠਾਰਾਂ ਸਾਲਾਂ ਦੀ ਸੀ ਤਾਂ ਮੈਨੂੰ ਆਪਣੇ ਮਾਸੀ ਜੀ ਦੇ ਵਿਰਸੇ ਤੋਂ ਕੁਝ ਪੈਸੇ ਮਿਲੇ। ਇਸ ਨਾਲ ਮੈਂ ਇਕ ਕਾਰ ਖ਼ਰੀਦ ਲਈ ਤੇ ਪਾਇਨੀਅਰੀ ਸ਼ੁਰੂ ਕਰ ਦਿੱਤੀ ਜਿਸ ਨੂੰ ਪੂਰਣ-ਕਾਲੀ ਸੇਵਕਾਈ ਕਿਹਾ ਜਾਂਦਾ ਹੈ। ਦੋ ਸਾਲਾਂ ਬਾਅਦ ਸੰਨ 1930 ਵਿਚ ਮੈਂ ਇਕ ਭੈਣ ਨਾਲ ਹੋਰ ਇਲਾਕੇ ਵਿਚ ਪਾਇਨੀਅਰੀ ਕਰਨ ਗਈ। ਉਦੋਂ ਤਕ ਕਲੈਰੰਸ ਵੀ ਪਾਇਨੀਅਰੀ ਸ਼ੁਰੂ ਕਰ ਚੁੱਕਾ ਸੀ। ਥੋੜ੍ਹੇ ਹੀ ਸਮੇਂ ਬਾਅਦ, ਉਸ ਨੂੰ ਬੈਥਲ ਸੇਵਾ ਕਰਨ ਦਾ ਸੱਦਾ ਮਿਲ ਗਿਆ। ਇਸ ਲਈ ਉਹ ਬਰੁਕਲਿਨ, ਨਿਊਯਾਰਕ ਵਿਖੇ ਯਹੋਵਾਹ ਦੇ ਗਵਾਹਾਂ ਦੇ ਵਿਸ਼ਵ ਮੁੱਖ ਦਫ਼ਤਰ ਵਿਚ ਬੈਥਲ ਸੇਵਾ ਲਈ ਚਲਾ ਗਿਆ।

ਤਰਕੀਬਨ ਉਸ ਸਮੇਂ ਸਾਡੇ ਮਾਂ-ਬਾਪ ਅੱਡ-ਅੱਡ ਹੋ ਚੁੱਕੇ ਸਨ। ਇਸ ਲਈ ਮੈਂ ਤੇ ਮੇਰੇ ਮਾਤਾ ਜੀ ਇਕ ਟ੍ਰੇਲਰਨੁਮਾ ਘਰ ਵਿਚ ਰਹਿਣ ਲੱਗ ਪਏ ਤੇ ਅਸੀਂ ਦੋਹਾਂ ਨੇ ਮਿਲ ਕੇ ਪਾਇਨੀਅਰੀ ਕੀਤੀ। ਇਹ ਉਦੋਂ ਦੀ ਗੱਲ ਹੈ ਜਦੋਂ ਅਮਰੀਕਾ ਵਿਚ ਆਰਥਿਕ ਮਹਾਂ-ਮੰਦੀ ਆਈ ਸੀ। ਉਸ ਵੇਲੇ ਪਾਇਨੀਅਰੀ ਜਾਰੀ ਰੱਖਣੀ ਕੋਈ ਸੌਖੀ ਗੱਲ ਨਹੀਂ ਸੀ, ਪਰ ਅਸੀਂ ਹੌਸਲਾ ਨਾ ਹਾਰਨ ਦਾ ਪੱਕਾ ਇਰਾਦਾ ਕਰ ਲਿਆ ਸੀ। ਅਸੀਂ ਬਾਈਬਲ ਆਧਾਰਿਤ ਕਿਤਾਬਾਂ ਅਤੇ ਰਸਾਲਿਆਂ ਦੇ ਬਦਲੇ ਕੁੱਕੜ, ਅੰਡੇ ਅਤੇ ਫ਼ਲ-ਸਬਜ਼ੀਆਂ ਤੋਂ ਇਲਾਵਾ, ਪੁਰਾਣੀਆਂ ਬੈਟਰੀਆਂ ਅਤੇ ਬੇਕਾਰ ਪਿਆ ਅਲਮੀਨੀਅਮ ਲੈਂਦੇ ਹੁੰਦੇ ਸਾਂ ਜਿਨ੍ਹਾਂ ਨੂੰ ਅਸੀਂ ਕਾਰ ਵਾਸਤੇ ਪਟਰੋਲ ਅਤੇ ਹੋਰ ਕਈ ਖ਼ਰਚੇ ਪੂਰੇ ਕਰਨ ਲਈ ਵੇਚ ਦਿੰਦੇ ਸਾਂ। ਪੈਸੇ ਬਚਾਉਣ ਲਈ ਮੈਂ ਕਾਰ ਨੂੰ ਗ੍ਰੀਸ ਦੇਣੀ ਅਤੇ ਇਸ ਦਾ ਤੇਲ ਬਦਲਣਾ ਵੀ ਸਿੱਖ ਲਿਆ ਸੀ। ਅਸੀਂ ਦੇਖਿਆ ਕਿ ਯਹੋਵਾਹ ਨੇ ਆਪਣੇ ਵਾਅਦੇ ਮੁਤਾਬਕ ਮੁਸੀਬਤਾਂ ਵਿਚ ਸਾਡੀ ਮਦਦ ਕਰਨ ਲਈ ਕੋਈ ਨਾ ਕੋਈ ਰਾਹ ਜ਼ਰੂਰ ਖੋਲ੍ਹਿਆ।—ਮੱਤੀ 6:33.

ਮਿਸ਼ਨਰੀ ਸੇਵਾ

ਸੰਨ 1946 ਵਿਚ, ਸਾਉਥ ਲੈਂਸਿੰਗ ਨਿਊਯਾਰਕ ਵਿਖੇ ਮੈਨੂੰ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਸੱਤਵੀਂ ਕਲਾਸ ਲਈ ਬੁਲਾਇਆ ਗਿਆ। ਉਦੋਂ ਤਕ ਮੈਂ ਅਤੇ ਮੇਰੇ ਮਾਤਾ ਜੀ 15 ਸਾਲਾਂ ਤੋਂ ਵੀ ਵੱਧ ਸਮੇਂ ਤਕ ਇਕੱਠਿਆਂ ਪਾਇਨੀਅਰੀ ਕਰ ਚੁੱਕੇ ਸਾਂ, ਪਰ ਹੁਣ ਮਿਸ਼ਨਰੀ ਕੰਮ ਦੀ ਸਿਖਲਾਈ ਲੈਣ ਦੇ ਮੌਕੇ ਵਿਚ ਉਹ ਰੋੜਾ ਨਹੀਂ ਬਣਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਮੈਨੂੰ ਗਿਲਿਅਡ ਸਕੂਲ ਜਾਣ ਲਈ ਉਤਸ਼ਾਹਿਤ ਕੀਤਾ। ਮੇਰੀ ਸਿਖਲਾਈ ਪੂਰੀ ਹੋਣ ਤੋਂ ਬਾਅਦ, ਪੀਓਰੀਆ, ਇਲੀਨਾਇ ਦੀ ਵਸਨੀਕ ਭੈਣ ਮਾਰਥਾ ਹੈੱਸ ਮਿਸ਼ਨਰੀ ਸੇਵਾ ਵਿਚ ਮੇਰੀ ਸਾਥਣ ਬਣੀ। ਕਿਸੇ ਦੂਸਰੇ ਦੇਸ਼ ਵਿਚ ਮਿਸ਼ਨਰੀਆਂ ਵਜੋਂ ਜਾਣ ਦੀ ਉਡੀਕ ਕਰਦਿਆਂ, ਸਾਨੂੰ ਅਤੇ ਦੋ ਹੋਰ ਮਿਸ਼ਨਰੀ ਭੈਣਾਂ ਨੂੰ ਇਕ ਸਾਲ ਲਈ ਕਲੀਵਲੈਂਡ, ਓਹੀਓ ਵਿਚ ਭੇਜ ਦਿੱਤਾ ਗਿਆ।

ਸੰਨ 1947 ਵਿਚ ਮੈਨੂੰ ਤੇ ਮਾਰਥਾ ਨੂੰ ਹਵਾਈ ਭੇਜਿਆ ਗਿਆ। ਕਿਉਂਕਿ ਇਨ੍ਹਾਂ ਟਾਪੂਆਂ ਵਿਚ ਆ ਕੇ ਵੱਸਣਾ ਆਸਾਨ ਸੀ, ਇਸ ਲਈ ਮੇਰੇ ਮਾਤਾ ਜੀ ਵੀ ਸਾਡੇ ਨੇੜੇ ਦੇ ਹੋਨੋਲੁਲੂ ਸ਼ਹਿਰ ਵਿਚ ਆ ਕੇ ਰਹਿਣ ਲੱਗ ਪਏ। ਉਨ੍ਹਾਂ ਦੀ ਸਿਹਤ ਦਿਨ-ਬ-ਦਿਨ ਵਿਗੜ ਰਹੀ ਸੀ, ਇਸ ਲਈ ਮਿਸ਼ਨਰੀ ਸੇਵਾ ਦੇ ਨਾਲ-ਨਾਲ ਮੈਂ ਆਪਣੇ ਮਾਤਾ ਜੀ ਦੀ ਦੇਖ-ਭਾਲ ਵੀ ਕੀਤੀ। ਸਤੱਤਰ ਸਾਲਾਂ ਦੀ ਉਮਰ ਹੋਣ ਤੇ ਸੰਨ 1956 ਵਿਚ ਮੇਰੇ ਮਾਤਾ ਜੀ ਗੁਜ਼ਰ ਗਏ ਤੇ ਉਨ੍ਹਾਂ ਦੇ ਆਖ਼ਰੀ ਸਮੇਂ ਤਕ ਮੈਂ ਉਨ੍ਹਾਂ ਦੀ ਦੇਖ-ਭਾਲ ਕਰ ਸਕੀ। ਜਦੋਂ ਅਸੀਂ ਹਵਾਈ ਆਏ ਸਾਂ, ਉਸ ਵੇਲੇ ਇੱਥੇ ਸਿਰਫ਼ 130 ਗਵਾਹ ਸਨ। ਪਰ ਜਦੋਂ ਮਾਤਾ ਜੀ ਦੀ ਮੌਤ ਹੋਈ, ਤਾਂ ਉਸ ਵੇਲੇ ਗਵਾਹਾਂ ਦੀ ਗਿਣਤੀ ਹਜ਼ਾਰ ਤੋਂ ਵੀ ਉੱਪਰ ਹੋ ਗਈ ਸੀ, ਇਸ ਲਈ ਹੁਣ ਉੱਥੇ ਮਿਸ਼ਨਰੀਆਂ ਦੀ ਲੋੜ ਨਹੀਂ ਸੀ।

ਇਸ ਤੋਂ ਬਾਅਦ, ਮੈਨੂੰ ਤੇ ਮਾਰਥਾ ਨੂੰ ਵਾਚ ਟਾਵਰ ਸੋਸਾਇਟੀ ਵੱਲੋਂ ਇਕ ਖ਼ਤ ਮਿਲਿਆ ਜਿਸ ਵਿਚ ਸੋਸਾਇਟੀ ਨੇ ਸਾਨੂੰ ਜਪਾਨ ਵਿਚ ਜਾ ਕੇ ਸੇਵਾ ਕਰਨ ਬਾਰੇ ਪੁੱਛਿਆ। ਸਾਡੀ ਪਹਿਲੀ ਚਿੰਤਾ ਇਹ ਸੀ ਕਿ ਅਸੀਂ ਇਸ ਉਮਰ ਵਿਚ ਜਪਾਨੀ ਭਾਸ਼ਾ ਸਿੱਖ ਸਕਾਂਗੀਆਂ ਜਾਂ ਨਹੀਂ। ਮੇਰੀ ਉਮਰ ਉਸ ਵੇਲੇ 48 ਸਾਲ ਸੀ ਤੇ ਮਾਰਥਾ 44 ਸਾਲਾਂ ਦੀ ਸੀ। ਮੇਰੇ ਨਾਲੋਂ ਸਿਰਫ਼ ਚਾਰ ਸਾਲ ਛੋਟੀ ਸੀ। ਪਰ ਅਸੀਂ ਇਹ ਚਿੰਤਾ ਯਹੋਵਾਹ ਉੱਤੇ ਛੱਡ ਦਿੱਤੀ ਤੇ ਜਾਣ ਲਈ ਤਿਆਰ ਹੋ ਗਈਆਂ।

ਨਿਊਯਾਰਕ ਸਿਟੀ ਦੇ ਯਾਂਕੀ ਸਟੇਡੀਅਮ ਅਤੇ ਪੋਲੋ ਗਰਾਉਂਡਜ਼ ਵਿਖੇ ਹੋਏ ਅੰਤਰ-ਰਾਸ਼ਟਰੀ ਸੰਮੇਲਨ ਤੋਂ ਬਾਅਦ ਅਸੀਂ ਸਮੁੰਦਰੀ ਜਹਾਜ਼ ਰਾਹੀਂ ਟੋਕੀਓ ਲਈ ਰਵਾਨਾ ਹੋ ਗਈਆਂ। ਜਿਉਂ ਹੀ ਅਸੀਂ ਯੋਕੋਹਾਮਾ ਦੀ ਬੰਦਰਗਾਹ ਤੇ ਪਹੁੰਚੀਆਂ, ਤਾਂ ਸਾਨੂੰ ਜ਼ਬਰਦਸਤ ਸਮੁੰਦਰੀ ਤੂਫ਼ਾਨ ਦਾ ਸਾਮ੍ਹਣਾ ਕਰਨਾ ਪਿਆ। ਪਰ ਕਿਸੇ ਤਰ੍ਹਾਂ ਜਦੋਂ ਅਸੀਂ ਉੱਥੇ ਪਹੁੰਚੀਆਂ ਤਾਂ ਸਾਨੂੰ ਡੌਨ ਅਤੇ ਮੇਬਲ ਹਾਸਲਟ, ਲੋਇਡ ਅਤੇ ਮੇਲਬਾ ਬੈਰੀ ਅਤੇ ਹੋਰ ਕਈ ਮਿਸ਼ਨਰੀ ਮਿਲੇ। ਉਸ ਵੇਲੇ ਜਪਾਨ ਵਿਚ ਸਿਰਫ਼ 1,124 ਗਵਾਹ ਸਨ।

ਅਸੀਂ ਜਲਦੀ ਹੀ ਜਪਾਨੀ ਭਾਸ਼ਾ ਸਿੱਖਣ ਦੇ ਨਾਲ-ਨਾਲ ਘਰ-ਘਰ ਦੀ ਸੇਵਕਾਈ ਵੀ ਸ਼ੁਰੂ ਕਰ ਦਿੱਤੀ। ਅਸੀਂ ਜਪਾਨੀ ਭਾਸ਼ਾ ਦਾ ਸੰਦੇਸ਼ ਅੰਗ੍ਰੇਜ਼ੀ ਦੇ ਅੱਖਰਾਂ ਵਿਚ ਲਿਖ ਕੇ ਘਰ-ਸੁਆਮੀ ਲਈ ਪੜ੍ਹਦੀਆਂ ਸੀ। ਜਵਾਬ ਵਿਚ ਘਰ-ਸੁਆਮੀ “ਯੋਰੋਸ਼ੀ ਦੇਸੁ” ਜਾਂ “ਕੇਕੋ ਦੇਸੁ,” ਕਹਿੰਦੇ ਹੁੰਦੇ ਸਨ, ਜਿਸ ਦਾ ਮਤਲਬ ਹੈ, “ਠੀਕ ਹੈ” ਜਾਂ “ਚੰਗਾ ਹੈ।” ਪਰ ਘਰ-ਸੁਆਮੀ ਦੇ ਇਹ ਕਹਿਣ ਤੇ ਸਾਨੂੰ ਇਹ ਨਹੀਂ ਪਤਾ ਲੱਗਦਾ ਸੀ ਕਿ ਉਸ ਨੂੰ ਦਿਲਚਸਪੀ ਹੈ ਜਾਂ ਨਹੀਂ, ਕਿਉਂਕਿ ਇਨ੍ਹਾਂ ਸ਼ਬਦਾਂ ਨੂੰ ਨਾਂਹ ਕਹਿਣ ਲਈ ਵੀ ਵਰਤਿਆ ਜਾਂਦਾ ਸੀ। ਇਸ ਦਾ ਪਤਾ ਬੋਲਣ ਦੇ ਲਹਿਜੇ ਜਾਂ ਵਿਅਕਤੀ ਦੇ ਹਾਵ-ਭਾਵ ਤੋਂ ਲੱਗਦਾ ਸੀ। ਇਹ ਸਭ ਕੁਝ ਸਿੱਖਣ ਲਈ ਸਾਨੂੰ ਕਾਫ਼ੀ ਸਮਾਂ ਲੱਗਾ।

ਸ਼ਾਨਦਾਰ ਤਜਰਬੇ

ਜਦੋਂ ਅਜੇ ਅਸੀਂ ਭਾਸ਼ਾ ਸਿੱਖਣ ਲਈ ਜੱਦੋ-ਜਹਿਦ ਕਰ ਰਹੀਆਂ ਸੀ, ਤਾਂ ਇਕ ਦਿਨ ਪ੍ਰਚਾਰ ਦੌਰਾਨ ਅਸੀਂ ਇਕ ਵੱਡੀ ਕੰਪਨੀ ਦੀ ਰਿਹਾਇਸ਼ੀ ਥਾਂ ਤੇ ਗਈਆਂ ਜਿੱਥੇ ਮੇਰੀ ਮੁਲਾਕਾਤ ਵੀਹਾਂ ਸਾਲਾਂ ਦੀ ਇਕ ਕੁੜੀ ਨਾਲ ਹੋਈ। ਉਸ ਨੇ ਬਾਈਬਲ ਸਟੱਡੀ ਕਰ ਕੇ ਚੰਗੀ ਤਰੱਕੀ ਕੀਤੀ ਤੇ 1966 ਵਿਚ ਬਪਤਿਸਮਾ ਲੈ ਲਿਆ। ਇਕ ਸਾਲ ਬਾਅਦ ਉਸ ਨੇ ਪਾਇਨੀਅਰੀ ਸ਼ੁਰੂ ਕਰ ਦਿੱਤੀ ਅਤੇ ਉਸ ਤੋਂ ਬਾਅਦ ਜਲਦੀ ਹੀ ਉਹ ਵਿਸ਼ੇਸ਼ ਪਾਇਨੀਅਰ ਬਣ ਗਈ ਤੇ ਅੱਜ ਤਕ ਪਾਇਨੀਅਰੀ ਕਰ ਰਹੀ ਹੈ। ਜਿਸ ਤਰੀਕੇ ਨਾਲ ਉਸ ਨੇ ਆਪਣੇ ਸਮੇਂ ਅਤੇ ਆਪਣੀ ਜਵਾਨੀ ਦੀ ਤਾਕਤ ਨੂੰ ਸੇਵਕਾਈ ਵਿਚ ਲਾਇਆ, ਉਸ ਨੂੰ ਦੇਖ ਕੇ ਮੇਰਾ ਵੀ ਹੌਸਲਾ ਵਧਦਾ ਹੈ।

ਉਨ੍ਹਾਂ ਲੋਕਾਂ ਲਈ ਬਾਈਬਲ ਸੱਚਾਈ ਵਿਚ ਦ੍ਰਿੜ੍ਹ ਰਹਿਣਾ ਇਕ ਵੱਡੀ ਚੁਣੌਤੀ ਹੈ ਜਿਹੜੇ ਜਪਾਨ ਵਰਗੇ ਗ਼ੈਰ-ਮਸੀਹੀ ਦੇਸ਼ਾਂ ਵਿਚ ਰਹਿੰਦੇ ਹਨ। ਪਰ ਹਜ਼ਾਰਾਂ ਨੇ ਹੀ ਇਸ ਚੁਣੌਤੀ ਦਾ ਮੁਕਾਬਲਾ ਕੀਤਾ ਹੈ ਜਿਸ ਵਿਚ ਉਹ ਲੋਕ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਮੈਂ ਬਾਈਬਲ ਸਟੱਡੀਆਂ ਕਰਾਈਆਂ। ਉਨ੍ਹਾਂ ਨੇ ਸ਼ਿੰਟੋ ਪੂਜਾ ਦੀਆਂ ਥਾਵਾਂ ਅਤੇ ਕੀਮਤੀ ਬੋਧੀ ਮੂਰਤੀਆਂ ਨੂੰ ਆਪਣੇ ਘਰਾਂ ਵਿੱਚੋਂ ਕੱਢ ਦਿੱਤਾ ਹੈ ਜੋ ਕਿ ਜਪਾਨੀ ਘਰਾਂ ਵਿਚ ਰਵਾਇਤੀ ਤੌਰ ਤੇ ਪਾਈਆਂ ਜਾਂਦੀਆਂ ਹਨ। ਅਜਿਹਾ ਕਰਨ ਤੇ ਕੁਝ ਰਿਸ਼ਤੇਦਾਰ ਕਈ ਵਾਰ ਇਹ ਗ਼ਲਤ ਮਤਲਬ ਕੱਢਦੇ ਹਨ ਕਿ ਇਸ ਨਾਲ ਮਰੇ ਹੋਏ ਵੱਡ-ਵਡੇਰਿਆਂ ਦਾ ਨਿਰਾਦਰ ਹੁੰਦਾ ਹੈ। ਇਸ ਲਈ ਸੱਚਾਈ ਵਿਚ ਆਉਣ ਵਾਲੇ ਨਵੇਂ ਵਿਅਕਤੀਆਂ ਨੂੰ ਅਜਿਹਾ ਕਰਨ ਲਈ ਬੜੀ ਹਿੰਮਤ ਦੀ ਲੋੜ ਪੈਂਦੀ ਹੈ। ਉਨ੍ਹਾਂ ਦੇ ਹਿਮੰਤ ਭਰੇ ਕੰਮ ਉਨ੍ਹਾਂ ਮੁਢਲੇ ਮਸੀਹੀਆਂ ਦੀ ਯਾਦ ਦਿਵਾਉਂਦੇ ਹਨ ਜਿਨ੍ਹਾਂ ਨੇ ਝੂਠੀ ਉਪਾਸਨਾ ਨਾਲ ਸੰਬੰਧਿਤ ਚੀਜ਼ਾਂ ਨੂੰ ਨਸ਼ਟ ਕਰ ਦਿੱਤਾ ਸੀ।—ਰਸੂਲਾਂ ਦੇ ਕਰਤੱਬ 19:18-20.

ਮੈਨੂੰ ਯਾਦ ਹੈ ਕਿ ਮੇਰੀ ਇਕ ਬਾਈਬਲ ਵਿਦਿਆਰਥਣ ਟੋਕੀਓ ਸ਼ਹਿਰ ਛੱਡ ਕੇ ਆਪਣੇ ਪਰਿਵਾਰ ਨਾਲ ਕਿਤੇ ਹੋਰ ਜਾ ਕੇ ਵਸਣ ਦੀ ਸੋਚ ਰਹੀ ਸੀ। ਉਹ ਇਕ ਨਵੇਂ ਘਰ ਵਿਚ ਜਾਣਾ ਚਾਹੁੰਦੀ ਸੀ ਜਿੱਥੇ ਝੂਠੀ ਉਪਾਸਨਾ ਨਾਲ ਸੰਬੰਧਿਤ ਕੋਈ ਚੀਜ਼ ਨਾ ਹੋਵੇ। ਉਸ ਨੇ ਆਪਣੀ ਇਹ ਇੱਛਾ ਆਪਣੇ ਪਤੀ ਨੂੰ ਦੱਸੀ ਅਤੇ ਉਹ ਮੰਨ ਗਿਆ। ਚਾਈਂ-ਚਾਈਂ ਉਸ ਨੇ ਮੈਨੂੰ ਸਾਰੀ ਗੱਲ ਦੱਸੀ, ਪਰ ਫਿਰ ਉਸ ਨੂੰ ਯਾਦ ਆਇਆ ਕਿ ਉਸ ਨੇ ਤਾਂ ਆਪਣੇ ਸਮਾਨ ਵਿਚ ਇਕ ਵੱਡਾ ਕੀਮਤੀ ਸੰਗਮਰਮਰ ਦਾ ਫੁੱਲਦਾਨ ਬੰਨ੍ਹ ਲਿਆ ਸੀ। ਇਹ ਫੁੱਲਦਾਨ ਉਸ ਨੇ ਇਸ ਲਈ ਖ਼ਰੀਦਿਆ ਸੀ ਕਿਉਂਕਿ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਇਸ ਨਾਲ ਘਰ ਵਿਚ ਖ਼ੁਸ਼ੀ ਬਣੀ ਰਹਿੰਦੀ ਹੈ। ਕਿਉਂਕਿ ਉਸ ਨੂੰ ਸ਼ੱਕ ਸੀ ਕਿ ਇਸ ਦਾ ਸੰਬੰਧ ਝੂਠੀ ਉਪਾਸਨਾ ਨਾਲ ਹੈ, ਇਸ ਲਈ ਉਸ ਨੇ ਹਥੌੜੀ ਲੈ ਕੇ ਇਸ ਫੁੱਲਦਾਨ ਦੇ ਟੋਟੇ-ਟੋਟੇ ਕਰ ਦਿੱਤੇ।

ਇਸ ਤੀਵੀਂ ਨੂੰ ਅਤੇ ਹੋਰ ਕਈਆਂ ਨੂੰ ਝੂਠੀ ਉਪਾਸਨਾ ਨਾਲ ਸੰਬੰਧਿਤ ਕੀਮਤੀ ਚੀਜ਼ਾਂ ਨੂੰ ਤਿਆਗਦੇ ਅਤੇ ਹਿੰਮਤ ਨਾਲ ਯਹੋਵਾਹ ਦੀ ਸੇਵਾ ਵਿਚ ਇਕ ਨਵੀਂ ਜ਼ਿੰਦਗੀ ਸ਼ੁਰੂ ਕਰਦੇ ਹੋਏ ਦੇਖਣਾ, ਮੇਰੇ ਲਈ ਬਹੁਤ ਹੀ ਵਧੀਆ ਅਤੇ ਤਸੱਲੀਬਖ਼ਸ਼ ਤਜਰਬਾ ਰਿਹਾ ਹੈ। ਮੈਂ ਹਰ ਵਕਤ ਯਹੋਵਾਹ ਦਾ ਧੰਨਵਾਦ ਕਰਦੀ ਹਾਂ ਕਿ ਮੈਂ ਜਪਾਨ ਵਿਚ 40 ਤੋਂ ਵੀ ਜ਼ਿਆਦਾ ਸਾਲਾਂ ਤਕ ਮਿਸ਼ਨਰੀ ਸੇਵਾ ਦਾ ਆਨੰਦ ਲੈ ਸਕੀ ਹਾਂ।

ਅੱਜ ਦੇ ਦਿਨਾਂ ਦੇਚਮਤਕਾਰ”

ਜਦੋਂ ਮੈਂ ਪੂਰਣ-ਕਾਲੀ ਸੇਵਕਾਈ ਵਿਚ ਬਿਤਾਏ ਆਪਣੇ 70 ਸਾਲਾਂ ਬਾਰੇ ਸੋਚਦੀ ਹਾਂ, ਤਾਂ ਇਹ ਮੈਨੂੰ ਇਕ ਚਮਤਕਾਰ ਜਿਹਾ ਲੱਗਦਾ ਹੈ। ਮੈਂ ਸ਼ੁਰੂ ਤੋਂ ਹੀ ਹੱਦੋਂ ਵੱਧ ਸ਼ਰਮੀਲੀ ਸੀ। ਇਸ ਕਰਕੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੇ ਵਰਗੀ ਸ਼ਰਮੀਲੀ ਕੁੜੀ ਆਪਣੀ ਪੂਰੀ ਜ਼ਿੰਦਗੀ ਲੋਕਾਂ ਨੂੰ ਇਕ ਅਜਿਹੇ ਰਾਜ ਦਾ ਸੰਦੇਸ਼ ਸੁਣਾਉਣ ਵਿਚ ਲਾ ਸਕੇਗੀ ਜਿਸ ਨੂੰ ਬਹੁਤੇਰੇ ਲੋਕ ਸੁਣਨਾ ਪਸੰਦ ਨਹੀਂ ਕਰਦੇ। ਪਰ ਨਾ ਸਿਰਫ਼ ਮੈਂ ਹੀ ਅਜਿਹਾ ਕੀਤਾ, ਸਗੋਂ ਮੈਂ ਕਈਆਂ ਨੂੰ ਅਜਿਹਾ ਕਰਦੇ ਦੇਖਿਆ ਵੀ ਹੈ। ਉਨ੍ਹਾਂ ਨੇ ਆਪਣਾ ਪ੍ਰਚਾਰ ਦਾ ਕੰਮ ਇੰਨੀ ਮਾਹਰਤਾ ਨਾਲ ਕੀਤਾ ਕਿ ਜਦੋਂ ਮੈਂ 1958 ਵਿਚ ਜਪਾਨ ਵਿਚ ਆਈ ਸੀ, ਤਾਂ ਇੱਥੇ ਸਿਰਫ਼ ਇਕ ਹਜ਼ਾਰ ਤੋਂ ਥੋੜ੍ਹੇ ਜਿਹੇ ਜ਼ਿਆਦਾ ਗਵਾਹ ਸਨ, ਪਰ ਹੁਣ ਇੱਥੇ 2,22,000 ਤੋਂ ਵੀ ਜ਼ਿਆਦਾ ਗਵਾਹ ਹਨ!

ਸ਼ੁਰੂ ਵਿਚ ਜਦੋਂ ਮੈਂ ਤੇ ਮਾਰਥਾ ਜਪਾਨ ਵਿਚ ਆਈਆਂ ਸਾਂ, ਤਾਂ ਸਾਨੂੰ ਟੋਕੀਓ ਦੇ ਸ਼ਾਖ਼ਾ ਦਫ਼ਤਰ ਵਿਚ ਰਹਿਣ ਲਈ ਕਿਹਾ ਗਿਆ ਸੀ। ਸੰਨ 1963 ਵਿਚ ਉੱਥੇ ਇਕ ਨਵੀਂ ਛੇ-ਮੰਜ਼ਲੀ ਸ਼ਾਖ਼ਾ ਇਮਾਰਤ ਬਣਾਈ ਗਈ ਸੀ ਜਿੱਥੇ ਅਸੀਂ ਹੁਣ ਵੀ ਰਹਿੰਦੇ ਹਾਂ। ਨਵੰਬਰ 1963 ਵਿਚ ਅਸੀਂ ਵੀ ਉਨ੍ਹਾਂ 163 ਲੋਕਾਂ ਵਿਚ ਸ਼ਾਮਲ ਸਾਂ ਜਿਹੜੇ ਸਾਡੀ ਸ਼ਾਖ਼ਾ ਦੇ ਨਿਗਰਾਨ, ਲੋਇਡ ਬੈਰੀ ਦੇ ਭਾਸ਼ਣ ਵੇਲੇ ਉੱਥੇ ਹਾਜ਼ਰ ਸਨ। ਉਸ ਵੇਲੇ ਜਪਾਨ ਵਿਚ ਗਵਾਹਾਂ ਦੀ ਗਿਣਤੀ 3,000 ਤਕ ਪਹੁੰਚ ਚੁੱਕੀ ਸੀ।

ਜਦੋਂ ਨੁਮਾਜ਼ੂ ਵਿਚ 1972 ਵਿਚ ਨਵੀਂ ਸ਼ਾਖ਼ਾ ਬਣ ਕੇ ਪੂਰੀ ਹੋਈ ਤਾਂ ਰਾਜ-ਪ੍ਰਚਾਰ ਦਾ ਕੰਮ ਹੋਰ ਵੀ ਤੇਜ਼ੀ ਨਾਲ ਵਧਦਾ ਗਿਆ। ਇਸੇ ਸਾਲ ਜਦੋਂ ਗਵਾਹਾਂ ਦੀ ਗਿਣਤੀ 14,000 ਤੋਂ ਵੀ ਟੱਪ ਗਈ ਤਾਂ ਮੇਰੀ ਖ਼ੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਪਰ 1982 ਤਕ ਜਪਾਨ ਵਿਚ ਰਾਜ-ਪ੍ਰਚਾਰਕ 68,000 ਤੋਂ ਵੀ ਵੱਧ ਗਏ ਸਨ ਅਤੇ ਟੋਕੀਓ ਤੋਂ ਤਕਰੀਬਨ 80 ਕਿਲੋਮੀਟਰ ਦੂਰ ਏਬੀਨਾ ਸ਼ਹਿਰ ਵਿਚ ਇਕ ਨਵੀਂ ਵੱਡੀ ਸ਼ਾਖ਼ਾ ਬਣਾਈ ਗਈ।

ਇਸੇ ਦੌਰਾਨ, ਟੋਕੀਓ ਵਿਚਲੀ ਪੁਰਾਣੀ ਸ਼ਾਖ਼ਾ ਇਮਾਰਤ ਦੀ ਮੁਰੰਮਤ ਕੀਤੀ ਗਈ। ਕੁਝ ਸਮੇਂ ਬਾਅਦ, ਇਸ ਨੂੰ 20 ਤੋਂ ਵੀ ਜ਼ਿਆਦਾ ਉਨ੍ਹਾਂ ਮਿਸ਼ਨਰੀਆਂ ਦੇ ਰਹਿਣ ਲਈ ਘਰ ਬਣਾ ਦਿੱਤਾ ਗਿਆ ਜਿਨ੍ਹਾਂ ਨੇ 40-50 ਸਾਲ ਜਾਂ ਇਸ ਤੋਂ ਵੀ ਜ਼ਿਆਦਾ ਸਮੇਂ ਤਕ ਜਪਾਨ ਵਿਚ ਪ੍ਰਚਾਰ ਕੰਮ ਕੀਤਾ ਹੈ। ਮੈਂ ਅਤੇ ਮੇਰੀ ਲੰਬੇ ਸਮੇਂ ਦੀ ਸਾਥਣ ਮਾਰਥਾ ਹੈੱਸ ਵੀ ਉੱਥੇ ਹੀ ਰਹਿੰਦੀਆਂ ਹਾਂ। ਇਕ ਡਾਕਟਰ ਅਤੇ ਉਸ ਦੀ ਪਤਨੀ, ਜੋ ਨਰਸ ਹੈ, ਵੀ ਸਾਡੇ ਘਰ ਵਿਚ ਰਹਿੰਦੇ ਹਨ। ਉਹ ਸਾਡੀ ਦੇਖ-ਭਾਲ ਕਰਦੇ ਹਨ ਅਤੇ ਬੀਮਾਰ ਹੋਣ ਤੇ ਬੜੇ ਪਿਆਰ ਨਾਲ ਹਮੇਸ਼ਾ ਸਾਡੀ ਟਹਿਲ-ਸੇਵਾ ਕਰਦੇ ਹਨ। ਹਾਲ ਹੀ ਵਿਚ ਇਕ ਹੋਰ ਨਰਸ ਵੀ ਰੱਖੀ ਗਈ ਹੈ ਅਤੇ ਦਿਨ ਵੇਲੇ ਇਸ ਨਰਸ ਦੀ ਮਦਦ ਕਰਨ ਲਈ ਮਸੀਹੀ ਭੈਣਾਂ ਆਉਂਦੀਆਂ ਹਨ। ਏਬੀਨਾ ਦੇ ਬੈਥਲ ਪਰਿਵਾਰ ਵਿੱਚੋਂ ਦੋ ਜਣੇ ਖਾਣਾ ਬਣਾਉਣ ਅਤੇ ਘਰ ਦੀ ਸਾਫ਼-ਸਫ਼ਾਈ ਕਰਨ ਲਈ ਵਾਰੋ-ਵਾਰੀ ਆਉਂਦੇ ਹਨ। ਸੱਚ-ਮੁੱਚ ਯਹੋਵਾਹ ਸਾਡੇ ਨਾਲ ਭਲਾ ਕਰਦਾ ਰਿਹਾ ਹੈ।—ਜ਼ਬੂਰ 34:8, 10.

ਜਿਸ ਇਮਾਰਤ ਵਿਚ ਅਸੀਂ ਲੰਬੇ ਸਮੇਂ ਦੇ ਮਿਸ਼ਨਰੀ ਰਹਿ ਰਹੇ ਹਾਂ, ਉਸ ਦੇ ਸਮਰਪਣ ਤੋਂ 36 ਸਾਲਾਂ ਬਾਅਦ, ਪਿਛਲਾ ਨਵੰਬਰ ਦਾ ਮਹੀਨਾ ਮੇਰੀ ਮਿਸ਼ਨਰੀ ਜ਼ਿੰਦਗੀ ਦਾ ਇਕ ਖ਼ਾਸ ਮਹੀਨਾ ਰਿਹਾ। ਏਬੀਨਾ ਵਿਚ 13 ਨਵੰਬਰ 1999 ਨੂੰ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੀ ਜਪਾਨ ਦੀ ਵੱਡੀ ਸ਼ਾਖ਼ਾ ਦਾ ਸਮਰਪਣ ਹੋਇਆ। ਇਸ ਮੌਕੇ ਤੇ 37 ਦੇਸ਼ਾਂ ਤੋਂ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਕਈ ਗਵਾਹ ਆਏ ਸਨ, ਇਸ 4,486 ਤੋਂ ਵੀ ਜ਼ਿਆਦਾ ਦੀ ਗਿਣਤੀ ਵਿਚ ਮੈਂ ਵੀ ਸ਼ਾਮਲ ਸੀ। ਇਸ ਵੇਲੇ ਇਸ ਸ਼ਾਖ਼ਾ ਪਰਿਵਾਰ ਵਿਚ 650 ਤੋਂ ਵੀ ਜ਼ਿਆਦਾ ਮੈਂਬਰ ਹਨ।

ਤਕਰੀਬਨ 80 ਸਾਲਾਂ ਤੋਂ ਜਦੋਂ ਮੈਂ ਘਰ-ਘਰ ਜਾ ਕੇ ਲੋਕਾਂ ਨੂੰ ਬਾਈਬਲ ਵਿੱਚੋਂ ਖ਼ੁਸ਼ ਖ਼ਬਰੀ ਦੱਸਣੀ ਸ਼ੁਰੂ ਕੀਤੀ, ਉਦੋਂ ਤੋਂ ਲੈ ਕੇ ਹੁਣ ਤਕ ਯਹੋਵਾਹ ਮੇਰੇ ਲਈ ਵੱਡਾ ਮਦਦਗਾਰ ਸਾਬਤ ਹੋਇਆ ਹੈ। ਉਸ ਨੇ ਮੈਨੂੰ ਆਪਣੀ ਸੰਗ ਤੇ ਕਾਬੂ ਪਾਉਣ ਵਿਚ ਮੇਰੀ ਮਦਦ ਕੀਤੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਯਹੋਵਾਹ ਉਸ ਹਰੇਕ ਜਣੇ ਨੂੰ ਆਪਣੇ ਕੰਮਾਂ ਲਈ ਵਰਤ ਸਕਦਾ ਹੈ ਜੋ ਉਸ ਵਿਚ ਨਿਹਚਾ ਰੱਖਦੇ ਹਨ, ਇੱਥੋਂ ਤਕ ਕਿ ਉਨ੍ਹਾਂ ਨੂੰ ਵੀ ਜਿਹੜੇ ਮੇਰੇ ਵਾਂਗ ਹੱਦੋਂ ਵੱਧ ਸੰਗਦੇ ਹਨ। ਆਪਣੇ ਪਰਮੇਸ਼ੁਰ ਯਹੋਵਾਹ ਬਾਰੇ ਅਜਨਬੀਆਂ ਨੂੰ ਦੱਸ ਕੇ ਮੈਨੂੰ ਆਪਣੀ ਜ਼ਿੰਦਗੀ ਵਿੱਚ ਕਿੰਨੀ ਤਸੱਲੀ ਮਿਲੀ ਹੈ!

[ਸਫ਼ੇ 21 ਉੱਤੇ ਤਸਵੀਰ]

ਮੈਂ, ਮਾਤਾ ਜੀ ਅਤੇ ਕਲੈਰੰਸ, ਜੋ ਬੈਥਲ ਤੋਂ ਮੈਨੂੰ ਮਿਲਣ ਆਇਆ ਸੀ

[ਸਫ਼ੇ 23 ਉੱਤੇ ਤਸਵੀਰ]

ਸਾਊਥ ਲੈਂਸਿੰਗ, ਨਿਊਯਾਰਕ ਵਿਖੇ ਗਿਲਿਅਡ ਸਕੂਲ ਦੇ ਬਾਗ਼ ਵਿਚ ਬੈਠੇ ਸਾਡੀ ਕਲਾਸ ਦੇ ਸਟੂਡੈਂਟਸ

[ਸਫ਼ੇ 23 ਉੱਤੇ ਤਸਵੀਰ]

ਖੱਬੇ: ਹਵਾਈ ਵਿਚ ਮੈਂ, ਮਾਰਥਾ ਹੈੱਸ ਅਤੇ ਮੇਰੇ ਮਾਤਾ ਜੀ

[ਸਫ਼ੇ 24 ਉੱਤੇ ਤਸਵੀਰ]

ਸੱਜੇ: ਟੋਕੀਓ ਮਿਸ਼ਨਰੀ ਘਰ ਦੇ ਮੈਂਬਰ

[ਸਫ਼ੇ 24 ਉੱਤੇ ਤਸਵੀਰ]

ਹੇਠਾਂ: ਮੈਂ ਅਤੇ ਮੇਰੀ ਲੰਬੇ ਸਮੇਂ ਦੀ ਸਾਥਣ ਮਾਰਥਾ ਹੈੱਸ

[ਸਫ਼ੇ 25 ਉੱਤੇ ਤਸਵੀਰ]

ਪਿਛਲੇ ਨਵੰਬਰ ਦੇ ਮਹੀਨੇ ਸਾਡੀ ਏਬੀਨਾ ਦੀ ਨਵੀਂ ਸ਼ਾਖ਼ਾ ਦਾ ਸਮਰਪਣ ਹੋਇਆ