ਕੀ ਤੁਸੀਂ ਅਣਦੇਖੀਆਂ ਚੀਜ਼ਾਂ ਉੱਤੇ ਵਿਸ਼ਵਾਸ ਕਰਦੇ ਹੋ?
ਕੀ ਤੁਸੀਂ ਅਣਦੇਖੀਆਂ ਚੀਜ਼ਾਂ ਉੱਤੇ ਵਿਸ਼ਵਾਸ ਕਰਦੇ ਹੋ?
ਜਦੋਂ ਕੋਈ ਵਿਅਕਤੀ ਕਹਿੰਦਾ ਹੈ ਕਿ ‘ਮੈਂ ਸਿਰਫ਼ ਉਨ੍ਹਾਂ ਚੀਜ਼ਾਂ ਉੱਤੇ ਵਿਸ਼ਵਾਸ ਕਰਦਾ ਹਾਂ ਜੋ ਮੈਂ ਦੇਖ ਸਕਦਾ ਹਾਂ,’ ਇਹ ਗੱਲ ਅਸਲ ਵਿਚ ਸੱਚੀ ਨਹੀਂ ਹੁੰਦੀ। ਦਰਅਸਲ, ਅਸੀਂ ਸਾਰੇ ਜਣੇ ਉਨ੍ਹਾਂ ਚੀਜ਼ਾਂ ਉੱਤੇ ਵਿਸ਼ਵਾਸ ਕਰਦੇ ਹਾਂ ਜੋ ਅਸੀਂ ਦੇਖ ਨਹੀਂ ਸਕਦੇ।
ਉਦਾਹਰਣ ਲਈ, ਤੁਸੀਂ ਸ਼ਾਇਦ ਸਕੂਲੇ ਮੈਗਨੇਟਿਕ ਫੀਲਡ ਦੀ ਹੋਂਦ ਸਾਬਤ ਕਰਨ ਲਈ ਇਕ ਟੈੱਸਟ ਕੀਤਾ ਹੋਵੇ। ਇਹ ਸ਼ਾਇਦ ਇਸ ਤਰ੍ਹਾਂ ਕੀਤਾ ਗਿਆ ਹੋਵੇ: ਇਕ ਕਾਗਜ਼ ਉੱਤੇ ਲੋਹੇ ਦਾ ਬੂਰਾ ਖਿਲਾਰੋ। ਫਿਰ ਮੈਗਨਟ ਨੂੰ ਕਾਗਜ਼ ਦੇ ਥੱਲੇ ਰੱਖੋ। ਜਦੋਂ ਕਾਗਜ਼ ਨੂੰ
ਹਿਲਾਇਆ ਜਾਂਦਾ ਹੈ ਤਾਂ ਲੋਹੇ ਦਾ ਬੂਰਾ ਮੈਗਨਟ ਦੇ ਧਰੁਵ ਨੇੜੇ ਇਕੱਠਾ ਹੋ ਜਾਂਦਾ ਹੈ ਅਤੇ ਫਿਰ ਮੈਗਨੇਟਿਕ ਫੀਲਡ ਦਾ ਨਕਸ਼ਾ ਕੱਢਦਾ ਹੈ। ਜੇ ਤੁਸੀਂ ਇਹ ਟੈੱਸਟ ਕਰੋ, ਤਾਂ ਕੀ ਤੁਸੀਂ ਅਸਲ ਵਿਚ ਮੈਗਨੇਟਿਕ ਫੀਲਡ ਨੂੰ ਦੇਖ ਸਕਦੇ ਹੋ? ਨਹੀਂ, ਪਰ ਤੁਸੀਂ ਲੋਹੇ ਦੇ ਬੂਰੇ ਉੱਤੇ ਉਸ ਦਾ ਅਸਰ ਦੇਖਦੇ ਹੋ ਅਤੇ ਇਸ ਤੋਂ ਤੁਹਾਨੂੰ ਸਬੂਤ ਮਿਲਦਾ ਹੈ ਕਿ ਮੈਗਨੇਟਿਸਮ ਵਾਲੀ ਕੋਈ ਚੀਜ਼ ਜ਼ਰੂਰ ਹੈ।ਅਸੀਂ ਬਿਨਾਂ ਸਵਾਲ ਹੋਰ ਚੀਜ਼ਾਂ ਵੀ ਸਵੀਕਾਰ ਕਰਦੇ ਹਾਂ ਜੋ ਅਸੀਂ ਦੇਖ ਨਹੀਂ ਸਕਦੇ। ਜਦੋਂ ਅਸੀਂ ਕੋਈ ਸੁੰਦਰ ਤਸਵੀਰ ਜਾਂ ਇਕ ਬੁੱਤ ਦੇਖਦੇ ਹਾਂ, ਤਾਂ ਅਸੀਂ ਚਿੱਤਰਕਾਰ ਜਾਂ ਬੁੱਤ ਘੜਨ ਵਾਲੇ ਦੀ ਹੋਂਦ ਉੱਤੇ ਸ਼ੱਕ ਨਹੀਂ ਕਰਦੇ। ਤਾਂ ਫਿਰ, ਜਦੋਂ ਅਸੀਂ ਕਿਸੇ ਝਰਨੇ ਜਾਂ ਡੁੱਬਦੇ ਸੂਰਜ ਨੂੰ ਦੇਖਦੇ ਹਾਂ, ਕੀ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਵੀ ਕਿਸੇ ਕਾਰੀਗਰ ਦਾ ਹੀ ਕੰਮ ਹੋ ਸਕਦਾ ਹੈ?
ਕੁਝ ਲੋਕ ਵਿਸ਼ਵਾਸ ਕਿਉਂ ਨਹੀਂ ਕਰਦੇ
ਅਜੀਬ ਗੱਲ ਹੈ ਕਿ ਕੁਝ ਲੋਕਾਂ ਨੇ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨਾ ਆਪਣੇ ਮਜ਼ਹਬਾਂ ਦੀ ਸਿੱਖਿਆ ਕਰਕੇ ਹੀ ਛੱਡ ਦਿੱਤਾ ਹੈ। ਇਹ ਇਕ ਨਾਰਵੀ ਬੰਦੇ ਨਾਲ ਹੋਇਆ ਸੀ ਜਿਸ ਨੂੰ ਦੱਸਿਆ ਗਿਆ ਕਿ ਰੱਬ ਦੁਸ਼ਟ ਲੋਕਾਂ ਨੂੰ ਅੱਗ ਦੀ ਨਰਕ ਵਿਚ ਸਾੜਦਾ ਹੈ। ਇਹ ਬੰਦਾ ਸਮਝ ਨਹੀਂ ਸਕਦਾ ਸੀ ਕਿ ਰੱਬ ਲੋਕਾਂ ਨੂੰ ਇਸ ਤਰ੍ਹਾਂ ਕਿਉਂ ਤੜਫਾਉਂਦਾ ਹੈ, ਇਸ ਲਈ ਉਹ ਨਾਸਤਿਕ ਬਣ ਗਿਆ।
ਪਰ, ਬਾਅਦ ਵਿਚ ਇਸ ਬੰਦੇ ਨੇ ਯਹੋਵਾਹ ਦੇ ਇਕ ਗਵਾਹ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ। ਉਹ ਇਹ ਸਿੱਖ ਕੇ ਬੜਾ ਹੈਰਾਨ ਹੋਇਆ ਕਿ ਬਾਈਬਲ ਇਹ ਨਹੀਂ ਸਿਖਾਉਂਦੀ ਕਿ ਦੁਸ਼ਟ ਲੋਕਾਂ ਨੂੰ ਨਰਕ ਵਿਚ ਤੜਫ਼ਾਇਆ ਜਾਂਦਾ ਹੈ। ਬਾਈਬਲ ਸਮਝਾਉਂਦੀ ਹੈ ਕਿ ਮੌਤ ਨੀਂਦ ਵਰਗੀ ਚੀਜ਼ ਹੈ। ਕਬਰ ਵਿਚ ਅਸੀਂ ਕੋਈ ਦੁੱਖ ਨਹੀਂ ਮਹਿਸੂਸ ਕਰਦੇ; ਸਾਨੂੰ ਕੋਈ ਸੁਰਤ ਨਹੀਂ ਹੁੰਦੀ। (ਉਪਦੇਸ਼ਕ ਦੀ ਪੋਥੀ 9:5, 10) ਇਸ ਬੰਦੇ ਨੇ ਇਹ ਵੀ ਸਿੱਖਿਆ ਕਿ ਜਿਹੜੇ ਇਨਸਾਨ ਰੱਬ ਦੀ ਨਿਗਾਹ ਵਿਚ ਕਦੇ ਨਹੀਂ ਸੁਧਰ ਸਕਦੇ ਹਨ ਉਹ ਹਮੇਸ਼ਾ ਲਈ ਕਬਰ ਵਿਚ ਮਰੇ ਰਹਿਣਗੇ। (ਮੱਤੀ 12:31, 32) ਬਾਕੀ ਦੇ ਮਰੇ ਹੋਏ ਲੋਕ ਰੱਬ ਦੇ ਠਹਿਰਾਏ ਹੋਏ ਸਮੇਂ ਤੇ ਜੀ ਉਠਾਏ ਜਾਣਗੇ ਅਤੇ ਉਨ੍ਹਾਂ ਨੂੰ ਫਿਰਦੌਸ ਵਰਗੀ ਸੁੰਦਰ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਦਿੱਤੀ ਜਾਵੇਗੀ। (ਯੂਹੰਨਾ 5:28, 29; 17:3) ਇਹ ਗੱਲਾਂ ਉਸ ਨੂੰ ਠੀਕ ਲੱਗੀਆਂ। ਇਹ ਬਾਈਬਲ ਦੀ ਇਸ ਗੱਲ ਨਾਲ ਵੀ ਮਿਲਦੀਆਂ ਸਨ ਕਿ “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਇਹ ਈਮਾਨਦਾਰ ਬੰਦਾ ਰੱਬ ਦੇ ਬਚਨ ਦੀ ਸਟੱਡੀ ਕਰਦਾ ਰਿਹਾ ਅਤੇ ਹੁਣ ਉਹ ਸੱਚੇ ਰੱਬ ਨੂੰ ਪਿਆਰ ਕਰਦਾ ਹੈ।
ਦੂਸਰੇ ਲੋਕ ਇਹ ਨਹੀਂ ਮੰਨਦੇ ਕਿ ਇਕ ਅਜਿਹਾ ਕਰਤਾਰ ਹੈ ਜੋ ਲੋਕਾਂ ਨਾਲ ਪਿਆਰ ਕਰਦਾ ਹੈ ਕਿਉਂਕਿ ਉਹ ਦੁੱਖ-ਤਕਲੀਫ਼ ਅਤੇ ਬੇਇਨਸਾਫ਼ੀ ਦੇਖਦੇ ਹਨ। ਉਹ ਉਸ ਸਵੀਡਿਸ਼ ਬੰਦੇ ਨਾਲ ਸਹਿਮਤ ਹੁੰਦੇ ਹਨ ਜਿਸ ਨੇ ਆਕਾਸ਼ ਵੱਲ ਇਸ਼ਾਰਾ ਕਰ ਕੇ ਪੁੱਛਿਆ: “ਇਹ ਕਿੱਦਾਂ ਹੋ ਸਕਦਾ ਹੈ ਕਿ ਉੱਪਰ ਇਕ ਸਰਬਸ਼ਕਤੀਮਾਨ, ਦਰਿਆ-ਦਿਲ ਪਰਮਾਤਮਾ ਹੋਵੇ ਜਦ ਕਿ ਇਹ ਧਰਤੀ ਇੰਨੀ ਬੁਰਾਈ ਨਾਲ ਭਰੀ ਹੋਈ ਹੈ?” ਉਸ ਨੂੰ ਆਪਣੇ ਸਵਾਲ ਦਾ ਜਵਾਬ ਨਹੀਂ ਮਿਲਿਆ ਅਤੇ ਇਸ ਲਈ ਉਹ ਵੀ ਨਾਸਤਿਕ ਬਣ ਗਿਆ। ਬਾਅਦ ਵਿਚ ਉਹ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰਨ ਲੱਗਾ। ਉਸ ਨੇ ਸਿੱਖਿਆ *
ਕਿ ਪਰਮੇਸ਼ੁਰ ਦੇ ਬਚਨ ਵਿਚ ਇਸ ਪੁਰਾਣੇ ਸਵਾਲ ਦਾ ਜਵਾਬ ਹੈ ਕਿ ਪਰਮੇਸ਼ੁਰ ਬੁਰਾਈ ਕਿਉਂ ਹੋਣ ਦਿੰਦਾ ਹੈ?ਇਸ ਈਮਾਨਦਾਰ ਬੰਦੇ ਨੇ ਸਿੱਖਿਆ ਕਿ ਧਰਤੀ ਉੱਤੇ ਬੁਰਾਈ ਇਹ ਨਹੀਂ ਸਾਬਤ ਕਰਦੀ ਕਿ ਪਰਮਾਤਮਾ ਹੈ ਹੀ ਨਹੀਂ। ਮਿਸਾਲ ਲਈ: ਇਕ ਆਦਮੀ ਸ਼ਾਇਦ ਮੀਟ ਕੱਟਣ ਲਈ ਇਕ ਚਾਕੂ ਬਣਾਵੇ। ਇਕ ਗਾਹਕ ਚਾਕੂ ਖ਼ਰੀਦਦਾ ਹੈ ਅਤੇ ਮੀਟ ਕੱਟਣ ਦੀ ਬਜਾਇ ਉਸ ਨਾਲ ਕਿਸੇ ਦਾ ਖ਼ੂਨ ਕਰ ਦਿੰਦਾ ਹੈ। ਇਸ ਗ਼ਲਤ ਵਰਤੋਂ ਦਾ ਇਹ ਮਤਲਬ ਨਹੀਂ ਕਿ ਚਾਕੂ ਬਣਾਉਣ ਵਾਲਾ ਹੈ ਹੀ ਨਹੀਂ। ਇਸੇ ਤਰ੍ਹਾਂ, ਇਸ ਧਰਤੀ ਨੂੰ ਪਰਮੇਸ਼ੁਰ ਦੇ ਮਕਸਦ ਅਨੁਸਾਰ ਨਹੀਂ ਵਰਤਿਆ ਜਾ ਰਿਹਾ, ਪਰ ਇਸ ਦਾ ਇਹ ਮਤਲਬ ਨਹੀਂ ਕਿ ਧਰਤੀ ਨੂੰ ਕੋਈ ਬਣਾਉਣ ਵਾਲਾ ਨਹੀਂ ਸੀ।
ਬਾਈਬਲ ਸਿਖਾਉਂਦੀ ਹੈ ਕਿ ਪਰਮੇਸ਼ੁਰ ਦੇ ਕੰਮ ਸੰਪੂਰਣ ਹਨ। “ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ।” (ਬਿਵਸਥਾ ਸਾਰ 32:4) ਪਰਮੇਸ਼ੁਰ ਇਨਸਾਨਾਂ ਨੂੰ ਚੰਗੀਆਂ ਦਾਤਾਂ ਦਿੰਦਾ ਹੈ, ਪਰ ਕਈਆਂ ਦੀ ਗ਼ਲਤ ਵਰਤੋਂ ਕੀਤੀ ਗਈ ਹੈ ਜਿਸ ਕਰਕੇ ਲੋਕਾਂ ਨੇ ਬਹੁਤ ਦੁੱਖ ਝੱਲੇ ਹਨ। (ਯਾਕੂਬ 1:17) ਲੇਕਿਨ, ਪਰਮੇਸ਼ੁਰ ਦੁੱਖ-ਤਕਲੀਫ਼ ਦਾ ਅੰਤ ਲਿਆਵੇਗਾ। ਇਸ ਤੋਂ ਬਾਅਦ “ਅਧੀਨ ਧਰਤੀ ਦੇ ਵਾਰਸ ਹੋਣਗੇ, . . . ਅਤੇ ਸਦਾ ਉਸ ਉੱਤੇ ਵੱਸਣਗੇ।”—ਜ਼ਬੂਰ 37:11, 29.
ਜਿਸ ਸਵੀਡਿਸ਼ ਬੰਦੇ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਉਸ ਨੂੰ ਲੋਕਾਂ ਦੇ ਦੁੱਖ ਦੇਖ ਕੇ ਬੜਾ ਤਰਸ ਆਉਂਦਾ ਹੈ। ਲੋਕਾਂ ਲਈ ਇਹ ਕੋਮਲ ਭਾਵਨਾ ਵੀ ਪਰਮੇਸ਼ੁਰ ਦੀ ਹੋਂਦ ਦਾ ਸਬੂਤ ਦਿੰਦੀ ਹੈ। ਉਹ ਕਿਸ ਤਰ੍ਹਾਂ?
ਆਮ ਤੌਰ ਤੇ ਜਿਹੜੇ ਲੋਕ ਪਰਮਾਤਮਾ ਉੱਤੇ ਨਹੀਂ ਵਿਸ਼ਵਾਸ ਕਰਦੇ ਉਹ ਮੰਨਦੇ ਹਨ ਕਿ ਜ਼ਿੰਦਗੀ ਆਪਣੇ ਆਪ ਹੀ ਸ਼ੁਰੂ ਹੋ ਗਈ ਸੀ। ਵਿਕਾਸਵਾਦੀ ਸਿਖਾਉਂਦੇ ਹਨ ਕਿ ‘ਤਕੜੇ ਹੀ ਬਚਦੇ ਹਨ,’ ਮਤਲਬ ਕਿ ਬਚਣ ਲਈ ਇਨਸਾਨ ਅਤੇ ਜਾਨਵਰ ਆਪਣੀ-ਆਪਣੀ ਨਸਲ ਵਿਚ ਦੂਸਰਿਆਂ ਨਾਲ ਮੁਕਾਬਲਾ ਕਰਦੇ ਹਨ। ਸਭ ਤੋਂ ਤਕੜੇ ਜੀਉਂਦੇ ਰਹਿੰਦੇ ਹਨ; ਕਮਜ਼ੋਰ ਮਰ ਜਾਂਦੇ ਹਨ। ਉਹ ਕਹਿੰਦੇ ਹਨ ਕਿ ਇਹ ਕੁਦਰਤੀ ਹੈ ਅਤੇ ਇਹੀ ਹੁੰਦਾ ਆ ਰਿਹਾ ਹੈ। ਪਰ ਜੇ ਇਹ “ਕੁਦਰਤੀ” ਹੈ ਕਿ ਕਮਜ਼ੋਰ ਮਰ ਜਾਂਦੇ ਹਨ ਤਾਂਕਿ ਤਕੜਿਆਂ ਲਈ ਜਗ੍ਹਾ ਬਣੇ, ਤਾਂ ਅਸੀਂ ਇਹ ਕਿਵੇਂ ਸਮਝਾ ਸਕਦੇ ਹਾਂ ਕਿ ਉਸ ਸਵੀਡਿਸ਼ ਬੰਦੇ ਵਾਂਗ, ਕੁਝ ਤਕੜੇ ਇਨਸਾਨ ਦੂਸਰਿਆਂ ਦੀ ਦੁਖੀ ਹਾਲਤ ਦੇਖ ਕੇ ਤਰਸ ਖਾਂਦੇ ਹਨ?
ਪਰਮੇਸ਼ੁਰ ਨੂੰ ਜਾਣਨਾ
ਅਸੀਂ ਪਰਮੇਸ਼ੁਰ ਨੂੰ ਇਸ ਲਈ ਨਹੀਂ ਦੇਖ ਸਕਦੇ ਕਿਉਂਕਿ ਉਹ ਆਤਮਾ ਹੈ। ਫਿਰ ਵੀ, ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਜਾਣੀਏ। ਉਸ ਨੂੰ ਜਾਣਨ ਦਾ ਇਕ ਤਰੀਕਾ ਇਹ ਹੈ ਕਿ ਅਸੀਂ ਉਸ ਦੇ ਅਸਚਰਜ ਕੰਮਾਂ, ਯਾਨੀ ਉਸ ਦੀਆਂ ਰਚੀਆਂ ਚੀਜ਼ਾਂ ਵੱਲ ਧਿਆਨ ਦੇਈਏ। ਰੋਮੀਆਂ 1:20 ਤੇ ਬਾਈਬਲ ਕਹਿੰਦੀ ਹੈ ਕਿ “ਜਗਤ ਦੇ ਉਤਪਤ ਹੋਣ ਤੋਂ [ਪਰਮੇਸ਼ੁਰ] ਦਾ ਅਣਡਿੱਠ ਸੁਭਾਉ ਅਰਥਾਤ ਉਹ ਦੀ ਅਨਾਦੀ ਸਮਰੱਥਾ ਅਤੇ ਈਸ਼ੁਰਤਾਈ ਉਹ ਦੀ ਰਚਨਾ ਤੋਂ ਚੰਗੀ ਤਰਾਂ ਦਿੱਸ ਪੈਂਦੀ ਹੈ।” ਜੀ ਹਾਂ, ਜਿਸ ਤਰ੍ਹਾਂ ਕਿਸੇ ਤਸਵੀਰ ਜਾਂ ਬੁੱਤ ਨੂੰ ਗੌਰ ਨਾਲ ਦੇਖ ਕੇ ਸਾਨੂੰ ਚਿੱਤਰਕਾਰ ਜਾਂ ਬੁੱਤ ਘੜਨ ਵਾਲੇ ਬਾਰੇ ਜਾਣਕਾਰੀ ਮਿਲ ਸਕਦੀ ਹੈ, ਉਸੇ ਤਰ੍ਹਾਂ ਜੇ ਅਸੀਂ ਪਰਮੇਸ਼ੁਰ ਦੀ ਰਚਨਾ ਉੱਤੇ ਮਨਨ ਕਰੀਏ ਤਾਂ ਸਾਨੂੰ ਉਸ ਨੂੰ ਜਾਣਨ ਦੀ ਮਦਦ ਮਿਲ ਸਕਦੀ ਹੈ।
ਇਹ ਸੱਚ ਹੈ ਕਿ ਸਾਨੂੰ ਜ਼ਿੰਦਗੀ ਵਿਚ ਪਰੇਸ਼ਾਨ ਕਰਨ ਵਾਲੇ ਸਾਰੇ ਸਵਾਲਾਂ ਦੇ ਜਵਾਬ ਪਰਮੇਸ਼ੁਰ ਦੀਆਂ ਰਚੀਆਂ ਹੋਈਆਂ ਚੀਜ਼ਾਂ ਨੂੰ ਸਿਰਫ਼ ਦੇਖਣ ਨਾਲ ਹੀ ਨਹੀਂ ਮਿਲ ਸਕਦੇ। ਲੇਕਿਨ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਉਸ ਦੇ ਬਚਨ, ਬਾਈਬਲ ਵਿਚ ਲੱਭ ਸਕਦੇ ਹਾਂ। ਪਹਿਲਾਂ ਜ਼ਿਕਰ ਕੀਤੇ ਗਏ ਦੋ ਬੰਦਿਆਂ ਨੇ ਨਿਰਪੱਖਤਾ ਨਾਲ ਬਾਈਬਲ ਪੜ੍ਹ ਕੇ ਹੀ ਇਹ ਸਿੱਟਾ ਕੱਢਿਆ ਕਿ ਪਰਮੇਸ਼ੁਰ ਹੈ ਅਤੇ ਕਿ ਉਹ ਸਾਡੀ ਪਰਵਾਹ ਕਰਦਾ ਹੈ।
[ਫੁਟਨੋਟ]
^ ਪੈਰਾ 8 ਇਸ ਸਵਾਲ ਦੇ ਜਵਾਬ ਬਾਰੇ ਹੋਰ ਜਾਣਕਾਰੀ ਲਈ ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? ਨਾਂ ਦੀ ਅੰਗ੍ਰੇਜ਼ੀ ਪੁਸਤਕ ਦਾ 10ਵਾਂ ਅਧਿਆਇ ਦੇਖੋ। ਇਹ ਪੁਸਤਕ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਹੈ।
[ਸਫ਼ੇ 28 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
J. Hester and P. Scowen (AZ State Univ.), NASA