Skip to content

Skip to table of contents

ਕੀ ਤੁਸੀਂ ਹਮੇਸ਼ਾ ਪਹਿਲੇ ਨੰਬਰ ਤੇ ਹੀ ਹੋਣ ਦੀਆਂ ਉਮੀਦਾਂ ਰੱਖਦੇ ਹੋ?

ਕੀ ਤੁਸੀਂ ਹਮੇਸ਼ਾ ਪਹਿਲੇ ਨੰਬਰ ਤੇ ਹੀ ਹੋਣ ਦੀਆਂ ਉਮੀਦਾਂ ਰੱਖਦੇ ਹੋ?

ਕੀ ਤੁਸੀਂ ਹਮੇਸ਼ਾ ਪਹਿਲੇ ਨੰਬਰ ਤੇ ਹੀ ਹੋਣ ਦੀਆਂ ਉਮੀਦਾਂ ਰੱਖਦੇ ਹੋ?

ਕੀ ਤੁਸੀਂ ਬਹੁਤ ਹੀ ਮਿਹਨਤੀ ਇਨਸਾਨ ਹੋ? ਬਿਨਾਂ ਸ਼ੱਕ, ਤੁਹਾਨੂੰ ਅਤੇ ਤੁਹਾਡੇ ਸਾਕ-ਸੰਬੰਧੀਆਂ ਨੂੰ ਤੁਹਾਡੀ ਮਿਹਨਤ ਦੇ ਕਈ ਲਾਭ ਹੋ ਸਕਦੇ ਹਨ। ਦੂਜੇ ਪਾਸੇ, ਕਈ ਲੋਕ ਇੰਨੀ ਸਖ਼ਤ ਮਿਹਨਤ ਕਰਦੇ ਹਨ ਕਿ ਉਹ ਉਦੋਂ ਤਾਈਂ ਖ਼ੁਸ਼ ਨਹੀਂ ਹੁੰਦੇ ਜਦ ਤਾਈਂ ਉਹ ਹਰੇਕ ਚੀਜ਼ ਵਿਚ ਪਹਿਲਾ ਨੰਬਰ ਨਹੀਂ ਹਾਸਲ ਕਰਦੇ। ਇਸ ਰਵੱਈਏ ਦੇ ਕੀ ਨਤੀਜੇ ਹਨ?

ਅਜਿਹੇ ਇਨਸਾਨ ਦੂਜੇ ਦਰਜੇ ਦੀ ਕੋਈ ਵੀ ਚੀਜ਼ ਨਹੀਂ ਮਨਜ਼ੂਰ ਕਰਦੇ। ਉਹ ਹਰ ਕੀਮਤ ਤੇ ਅਤੇ ਹਰੇਕ ਮਾਮਲੇ ਵਿਚ ਵਧੀਆ ਤੋਂ ਵਧੀਆ ਨਤੀਜੇ ਦੀ ਹੀ ਆਸ ਰੱਖਦੇ ਹਨ। ਤੁਸੀਂ ਸ਼ਾਇਦ ਐਸੇ ਲੋਕਾਂ ਨੂੰ ਮਿਲ ਚੁੱਕੇ ਹੋ। ਤੁਸੀਂ ਦੇਖ ਸਕਦੇ ਹੋ ਕਿ ਉਹ ਦੂਜਿਆਂ ਤੋਂ ਵੀ ਅਜਿਹੀ ਉਮੀਦ ਰੱਖਦੇ ਹਨ ਜਿਸ ਕਰਕੇ ਵੱਡੀਆਂ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਐਸੇ ਮਾਹੌਲ ਵਿਚ ਲੋਕ ਆਪਣੇ ਆਪ ਨਾਲ ਅਤੇ ਦੂਸਰਿਆਂ ਨਾਲ ਨਿਰਾਸ਼ ਹੋ ਜਾਂਦੇ ਹਨ। ਆਮ ਤੌਰ ਤੇ ਸੋਚ-ਸਮਝ ਵਾਲੇ ਲੋਕ ਇਹ ਚੀਜ਼ ਦੇਖ ਸਕਦੇ ਹਨ ਕਿ ਜਦੋਂ ਜ਼ਿੰਦਗੀ ਦੇ ਹਰ ਮੋੜ ਤੇ ਕਿਸੇ ਵਿਅਕਤੀ ਉੱਤੇ ਬੇ-ਲੋੜ ਭਾਰ ਪਾਏ ਜਾਂਦੇ ਹਨ, ਤਾਂ ਇਹ ਹਾਨੀਕਾਰਕ ਹੋ ਸਕਦਾ ਹੈ। ਸਾਨੂੰ ਇਸ ਰਵੱਈਏ ਤੋਂ ਬਚਣਾ ਚਾਹੀਦਾ ਹੈ। ਪਰ ਇਕ ਸਮੱਸਿਆ ਇਹ ਹੈ ਕਿ ਅਸੀਂ ਇਹ ਕਮਜ਼ੋਰੀ ਆਪਣੇ ਆਪ ਵਿਚ ਨਹੀਂ ਦੇਖ ਸਕਦੇ। ਇਸ ਲਈ ਇਸ ਨੂੰ ਸੁਧਾਰਨਾ ਔਖਾ ਹੈ।

ਨੈਲਸਨ ਕੋਲ ਵੱਡੀ ਜ਼ਿੰਮੇਵਾਰੀ ਵਾਲੀ ਨੌਕਰੀ ਹੈ ਜਿਸ ਵਿਚ ਉਸ ਨੂੰ ਕਈ ਮੁਸ਼ਕਲਾਂ ਦਾ ਹੱਲ ਲੱਭਣਾ ਪੈਂਦਾ ਹੈ। ਉਸ ਨੂੰ ਸਾਰਾ ਹਿਸਾਬ-ਕਿਤਾਬ ਬਾਕਾਇਦਾ ਲੈਣਾ ਪੈਂਦਾ ਹੈ ਅਤੇ ਉਸ ਲਈ ਸਭ ਤੋਂ ਜ਼ਿਆਦਾ ਮਾਲ ਵੇਚਣਾ ਜ਼ਰੂਰੀ ਗੱਲ ਹੈ। ਅੱਜ-ਕੱਲ੍ਹ ਨੌਕਰੀਆਂ ਵਿਚ ਬਹੁਤ ਮੁਕਾਬਲੇਬਾਜ਼ੀ ਦੇਖੀ ਜਾਂਦੀ ਹੈ। ਲੋਕਾਂ ਨੂੰ ਵਧੀਆ ਤੋਂ ਵਧੀਆ ਨਤੀਜੇ ਹਾਸਲ ਕਰਨ ਲਈ ਹਦੋਂ ਵੱਧ ਮਿਹਨਤ ਕਰਨੀ ਪੈਂਦੀ ਹੈ। ਭਾਵੇਂ ਕਿ ਕਈ ਲੋਕ ਨੈਲਸਨ ਦੀ ਕਾਬਲੀਅਤ ਦੀ ਕਦਰ ਕਰਦੇ ਹਨ, ਨੈਲਸਨ ਦੀ ਨੌਕਰੀ ਕਾਰਨ ਉਸ ਨੂੰ ਬੜੀ ਸਿਰਦਰਦ ਅਤੇ ਪਰੇਸ਼ਾਨੀ ਰਹਿੰਦੀ ਹੈ। ਕੀ ਤੁਸੀਂ ਵੀ ਨੈਲਸਨ ਵਰਗੇ ਇਨਸਾਨ ਹੋ?

ਬੱਚਿਆਂ ਤੋਂ ਵੀ ਇਹ ਉਮੀਦ ਰੱਖੀ ਜਾਂਦੀ ਹੈ ਕਿ ਉਹ ਹਮੇਸ਼ਾ ਪਹਿਲੇ ਨੰਬਰ ਤੇ ਹੀ ਆਉਣ। ਇਸ ਦਾ ਉਨ੍ਹਾਂ ਉੱਤੇ ਬਹੁਤ ਬੋਝ ਪੈਂਦਾ ਹੈ। ਰਿਓ ਡ ਜਨੇਰੋ ਵਿਚ ਰੀਟਾ ਨਾਂ ਦੀ ਇਕ ਲੜਕੀ ਨੂੰ ਸਕੂਲ ਬਹੁਤ ਹੀ ਪਸੰਦ ਸੀ। ਉਹ ਕੋਸ਼ਿਸ਼ ਤਾਂ ਕਰਦੀ ਸੀ ਕਿ ਬਾਕੀ ਦੇ ਵਿਦਿਆਰਥੀ ਉਸ ਨੂੰ ਅਭਿਲਾਸ਼ੀ ਨਾ ਸਮਝਣ, ਪਰ ਇਮਤਿਹਾਨਾਂ ਵਿਚ ਜਦੋਂ ਉਹ ਪਹਿਲੇ ਨੰਬਰ ਤੇ ਨਹੀਂ ਸੀ ਆਉਂਦੀ ਤਾਂ ਉਹ ਬੇਹੱਦ ਨਿਰਾਸ਼ ਹੋ ਜਾਂਦੀ ਸੀ। ਰੀਟਾ ਦੱਸਦੀ ਹੈ ਕਿ: “ਬਚਪਨ ਤੋਂ ਹੀ ਮੈਂ ਇਹ ਦੇਖਦੀ ਆਈ ਹਾਂ ਕਿ ਮੈਨੂੰ ਸਿਰ ਖੁਰਕਣ ਦਾ ਵੀ ਵਿਹਲ ਨਹੀਂ ਸੀ ਮਿਲਦਾ ਜਦ ਕਿ ਮੇਰੀਆਂ ਸਹੇਲੀਆਂ ਕੋਲ ਕਾਫ਼ੀ ਵਿਹਲਾ ਸਮਾਂ ਹੁੰਦਾ ਸੀ। ਮੇਰੇ ਕੋਲ ਕੋਈ-ਨ-ਕੋਈ ਕੰਮ ਜ਼ਰੂਰ ਖੜ੍ਹਾ ਰਹਿੰਦਾ ਸੀ ਤਾਂ ਮੈਂ ਆਰਾਮ ਵੀ ਨਹੀਂ ਕਰ ਸਕਦੀ ਸੀ।”

ਜਦੋਂ ਮਰੀਆ ਅਜੇ ਛੋਟੀ ਹੁੰਦੀ ਸੀ ਉਸ ਨੂੰ ਬਹੁਤ ਹੀ ਖਿਝ ਚੜ੍ਹਦੀ ਸੀ ਜਦੋਂ ਉਹ ਦੂਜਿਆਂ ਬੱਚਿਆਂ ਜਿੰਨੀ ਚੰਗੀ ਤਸਵੀਰ ਨਹੀਂ ਵਾਹ ਸਕਦੀ ਸੀ। ਇਸ ਤੋਂ ਇਲਾਵਾ, ਉਹ ਸੰਗੀਤਕਾਰੀ ਵਿਚ ਵੀ ਵਧੀਆ ਤੋਂ ਵਧੀਆ ਬਣਨ ਲਈ ਆਪਣਾ ਪੂਰਾ ਜਤਨ ਕਰਦੀ ਸੀ। ਗੀਤ ਗਾਉਣ ਜਾਂ ਵਾਜਾ ਵਜਾਉਣ ਦਾ ਆਨੰਦ ਲੈਣ ਦੀ ਬਜਾਇ ਉਸ ਦੇ ਮਨ ਤੇ ਅਕਸਰ ਬੋਝ ਰਹਿੰਦਾ ਸੀ ਨਾਲੇ ਉਹ ਆਪਣੀ ਤਰੱਕੀ ਬਾਰੇ ਫ਼ਿਕਰ ਕਰਨ ਲੱਗ ਪੈਂਦੀ ਸੀ। ਟਾਨੀਆਂ ਨਾਂ ਦੀ ਇਕ ਹੋਰ ਬ੍ਰਾਜ਼ੀਲੀ ਲੜਕੀ ਮੁਕਾਬਲਿਆਂ ਤੋਂ ਚੁੱਪ-ਚੁਪੀਤੇ ਪਰੇ ਰਹਿਣ ਦੀ ਕੋਸ਼ਿਸ਼ ਕਰਦੀ ਸੀ। ਫਿਰ ਵੀ ਉਹ ਦੱਸਦੀ ਹੈ ਕਿ ਉਹ ਸਕੂਲ ਵਿਚ ਨਾਲੇ ਘਰ ਵਿਚ ਆਪਣੇ ਆਪ ਤੋਂ ਕਾਮਯਾਬੀ ਦੀ ਆਸ ਰੱਖਦੀ ਸੀ। ਉਹ ਸੋਚਦੀ ਸੀ ਕਿ ਜੇ ਉਹ ਸਫ਼ਲ ਨਹੀਂ ਹੋਵੇਗੀ ਤਾਂ ਲੋਕ ਉਸ ਨੂੰ ਪਸੰਦ ਨਹੀਂ ਕਰਨਗੇ। ਇਸ ਤੋਂ ਇਲਾਵਾ, ਟਾਨੀਆਂ ਕਦੇ-ਕਦੇ ਦੂਜਿਆਂ ਤੋਂ ਵੀ ਕਾਮਯਾਬੀ ਦੀ ਇਹੀ ਉਮੀਦ ਰੱਖਦੀ ਹੁੰਦੀ ਸੀ ਜਿਸ ਕਰਕੇ ਉਹ ਆਪ ਨਿਰਾਸ਼ ਅਤੇ ਉਦਾਸ ਰਹਿੰਦੀ ਸੀ।

ਕਾਬਲੀਅਤ, ਸਖ਼ਤ ਮਿਹਨਤ ਅਤੇ ਨਿੱਜੀ ਸੰਤੁਸ਼ਟੀ ਚੰਗੇ ਗੁਣ ਹਨ। ਪਰ ਜੇ ਉਮੀਦਾਂ ਹੱਦੋਂ ਵੱਧ ਰੱਖੀਆਂ ਜਾਣ ਤਾਂ ਅਸਫ਼ਲਤਾ ਦਾ ਡਰ ਸਾਨੂੰ ਘੇਰ ਸਕਦਾ ਹੈ। ਜਦੋਂ ਮਾਂ-ਬਾਪ ਜਾਂ ਅਧਿਆਪਕ ਨੌਜਵਾਨਾਂ ਤੋਂ ਪੜ੍ਹਾਈ ਜਾਂ ਖੇਡਾਂ ਦੇ ਸੰਬੰਧ ਵਿਚ ਵੱਡੀਆਂ-ਵੱਡੀਆਂ ਉਮੀਦਾਂ ਰੱਖਦੇ ਹਨ, ਤਾਂ ਉਹ ਬੱਚਿਆਂ ਦਾ ਜੀਉਣਾ ਔਖਾ ਕਰ ਦਿੰਦੇ ਹਨ। ਮਿਸਾਲ ਲਈ, ਰੀਕਾਰਡੋ ਦੀ ਮਾਂ ਆਪਣੇ ਮੁੰਡੇ ਲਈ ਵੱਡੀਆਂ ਆਸਾਂ ਰੱਖਦੀ ਸੀ। ਉਹ ਚਾਹੁੰਦੀ ਸੀ ਕਿ ਉਹ ਇਕ ਡਾਕਟਰ ਬਣੇ, ਪਿਆਨੋ ਵਜਾਉਣਾ ਸਿੱਖ ਲਵੇ, ਅਤੇ ਕਈ ਭਾਸ਼ਾਵਾਂ ਵੀ ਬੋਲ ਸਕੇ। ਕੀ ਤੁਸੀਂ ਦੇਖ ਸਕਦੇ ਹੋ ਕਿ ਐਸਾ ਰਵੱਈਆ ਮੁਸ਼ਕਲਾਂ ਅਤੇ ਨਿਰਾਸ਼ਾ ਪੈਦਾ ਕਰ ਸਕਦਾ ਹੈ?

ਮੁਕਾਬਲੇਬਾਜ਼ੀ ਦਾ ਰਵੱਈਆ ਕਿਉਂ ਨਹੀਂ ਅਪਣਾਉਣਾ ਚਾਹੀਦਾ?

ਅੱਜ-ਕੱਲ੍ਹ ਸੰਸਾਰ ਵਿਚ ਕੰਮਾਂ ਦੀ ਵਧੀਆ ਕਵਾਲਟੀ ਦੀ ਕਦਰ ਕੀਤੀ ਜਾਂਦੀ ਹੈ। ਇਸ ਲਈ ਲੋਕਾਂ ਨੂੰ ਨੌਕਰੀਆਂ ਲਈ ਮੁਕਾਬਲਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਆਪਣੀਆਂ ਨੌਕਰੀਆਂ ਤੋਂ ਜਵਾਬ ਮਿਲਣ ਦਾ ਡਰ ਵੀ ਰਹਿੰਦਾ ਹੈ। ਇਸ ਲਈ ਉਹ ਕੰਮ ਤੇ ਆਪਣੀ ਪੂਰੀ ਵਾਹ ਲਾਉਂਦੇ ਹਨ। ਕੁਝ ਕਾਮੇ ਉਸ ਖਿਡਾਰੀ ਵਰਗੇ ਬਣ ਜਾਂਦੇ ਹਨ ਜੋ ਇਕ ਨਵਾਂ ਰਿਕਾਰਡ ਬੰਨਣ ਲਈ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹੁੰਦਾ ਹੈ। ਜਦੋਂ ਉਹ ਸਖ਼ਤ ਤੋਂ ਸਖ਼ਤ ਮੁਕਾਬਲੇ ਦਾ ਸਾਮ੍ਹਣਾ ਕਰਦਾ ਹੈ, ਤਾਂ ਉਹ ਸ਼ਾਇਦ ਇਹ ਸੋਚੇ ਕਿ ਜਿੱਤਣ ਲਈ ਉਸ ਨੂੰ ਹੋਰ ਵੀ ਟ੍ਰੇਨਿੰਗ ਕਰਨੀ ਚਾਹੀਦੀ ਹੈ, ਅਤੇ ਸ਼ਾਇਦ ਹੋਰ ਤਕੜਾ ਹੋਣ ਲਈ ਹਾਰਮੋਨ ਦਵਾਈਆਂ ਵੀ ਵਰਤਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਦੀ ਤਰੱਕੀ ਸਿਹਤਮੰਦ ਨਹੀਂ ਹੈ। ਦ ਫੀਲਿੰਗ ਗੁੱਡ ਹੈਂਡਬੁੱਕ ਦੇ ਅਨੁਸਾਰ ਉੱਪਰ ਜ਼ਿਕਰ ਕੀਤਾ ਗਿਆ ਰਵੱਈਆ ‘ਅਸਫ਼ਲ ਹੋਣ ਦੇ ਡਰ ਜਾਂ ਪਹਿਲੇ ਨੰਬਰ ਤੇ ਆਉਣ ਦੇ ਰਵੱਈਏ ਤੋਂ ਪੈਦਾ ਹੁੰਦਾ ਹੈ।’

ਕਈਆਂ ਦਾ ਇਹ ਖ਼ਿਆਲ ਹੈ ਕਿ ਕਿਸੇ ਕਲਾ ਜਾਂ ਖੇਡ ਵਿਚ ਹਮੇਸ਼ਾ ਤਰੱਕੀ ਕੀਤੀ ਜਾ ਸਕਦੀ ਹੈ। ਫਿਰ ਵੀ, ਡਾ. ਰੋਬਰਟ ਐੱਸ. ਐਲੀਅਟ ਦੇ ਮੁਤਾਬਕ, ‘ਕਿਸੇ ਵੀ ਵਿਅਕਤੀ ਲਈ ਹਰ ਚੀਜ਼ ਵਿਚ ਹਮੇਸ਼ਾ ਪਹਿਲੇ ਨੰਬਰ ਤੇ ਆਉਣਾ ਕਦੇ ਨਹੀਂ ਮੁਮਕਿਨ ਹੈ।’ ਉਹ ਅੱਗੇ ਕਹਿੰਦਾ ਹੈ ਕਿ ‘ਐਸਾ ਰਵੱਈਆ ਦੋਸ਼-ਭਾਵਨਾ, ਸੱਟ ਲੱਗਣ ਜਾਂ ਮਖੌਲ ਉਡਾਏ ਜਾਣ ਦੇ ਡਰ ਤੋਂ ਪ੍ਰਗਟ ਹੁੰਦਾ ਹੈ।’ ਬੁੱਧਵਾਨ ਰਾਜੇ ਸੁਲੇਮਾਨ ਦੇ ਲਫ਼ਜ਼ ਕਿੰਨੇ ਸੱਚੇ ਹਨ ਕਿ “ਮੈਂ ਸਾਰੀ ਮਿਹਨਤ ਅਤੇ ਸਾਰੀ ਚੰਗੀ ਕਾਰੀਗਰੀ ਨੂੰ ਡਿੱਠਾ ਭਈ ਏਹ ਦਾ ਕਾਰਨ ਮਨੁੱਖ ਦੀ ਆਪਣੇ ਗੁਆਂਢੀ ਦੇ ਨਾਲ ਈਰਖਾ ਹੈ। ਇਹ ਵੀ ਵਿਅਰਥ ਅਤੇ ਹਵਾ ਦਾ ਫੱਕਣਾ ਹੈ।”—ਉਪਦੇਸ਼ਕ ਦੀ ਪੋਥੀ 4:4.

ਜੇ ਤੁਸੀਂ ਆਪਣੇ ਆਪ ਵਿਚ ਮੁਕਾਬਲੇਬਾਜ਼ੀ ਦਾ ਰਵੱਈਆ ਦੇਖਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਕੀ ਇਹ ਗੱਲ ਸੱਚ ਹੈ ਕਿ ਤੁਸੀਂ ਜਿੰਨੀ ਜ਼ਿਆਦਾ ਮਿਹਨਤ ਕਰਦੇ ਹੋ, ਤੁਸੀਂ ਉੱਨੇ ਹੀ ਨਿਰਾਸ਼ ਹੁੰਦੇ ਹੋ? ਕੀ ਤੁਸੀਂ ਘੱਟ ਸਖ਼ਤ ਅਤੇ ਜ਼ਿਆਦਾ ਚੈਨ ਵਾਲੇ ਇਨਸਾਨ ਬਣਨਾ ਚਾਹੁੰਦੇ ਹੋ? ਸੰਤੁਲਿਤ ਬਣਨ ਦਾ ਕੀ ਅਰਥ ਹੈ? ਕੀ ਤੁਸੀਂ ਆਪਣੀਆਂ ਪੂਰੀਆਂ ਯੋਗਤਾਵਾਂ ਵਰਤਣ ਦੇ ਨਾਲ-ਨਾਲ ਹਮੇਸ਼ਾ ਪਹਿਲੇ ਨੰਬਰ ਤੇ ਹੀ ਹੋਣ ਵਾਲੇ ਰਵੱਈਏ ਤੋਂ ਬਚਣਾ ਨਹੀਂ ਚਾਹੁੰਦੇ ਹੋ? ਜੇ ਅੱਜ-ਕੱਲ੍ਹ ਅਪੂਰਣ ਇਨਸਾਨ ਪਰਮਾਤਮਾ ਵੱਲੋਂ ਆਪਣੀਆਂ ਯੋਗਤਾਵਾਂ ਦੂਜਿਆਂ ਦੇ ਭਲੇ ਲਈ ਵਰਤ ਸਕਦੇ ਹਨ, ਤਾਂ ਜ਼ਰਾ ਸੋਚੋ ਕਿ ਵਧੀਆ ਹਾਲਾਤਾਂ, ਜਾਂ ਸੰਪੂਰਣਤਾ ਵਿਚ ਪਰਮਾਤਮਾ ਦੀ ਅਗਵਾਈ ਹੇਠ ਇਨਸਾਨ ਕੀ ਕੁਝ ਕਰ ਸਕਣਗੇ!

[ਸਫ਼ੇ 4 ਉੱਤੇ ਤਸਵੀਰ]

ਮਾਂ-ਬਾਪ ਅਤੇ ਅਧਿਆਪਕ ਸ਼ਾਇਦ ਹੱਦੋਂ ਵੱਧ ਸਫ਼ਲਤਾ ਦੀ ਉਮੀਦ ਰੱਖਣ ਜੋ ਨੌਜਵਾਨ ਨਹੀਂ ਹਾਸਲ ਕਰ ਸਕਦੇ