ਗਿਲਿਅਡ ਦੀ 108ਵੀਂ ਕਲਾਸ ਨੂੰ ਪਵਿੱਤਰ ਸੇਵਾ ਕਰਨ ਲਈ ਉਤੇਜਨਾ ਦਿੱਤੀ ਗਈ
ਗਿਲਿਅਡ ਦੀ 108ਵੀਂ ਕਲਾਸ ਨੂੰ ਪਵਿੱਤਰ ਸੇਵਾ ਕਰਨ ਲਈ ਉਤੇਜਨਾ ਦਿੱਤੀ ਗਈ
ਬਾਈਬਲ ਵਿਚ ਪਰਮੇਸ਼ੁਰ ਦੀ ਭਗਤੀ ਨੂੰ ਕਈ ਵਾਰ ਪਵਿੱਤਰ ਸੇਵਾ ਕਿਹਾ ਗਿਆ ਹੈ। ਇਹ ਉਸ ਯੂਨਾਨੀ ਸ਼ਬਦ ਦਾ ਤਰਜਮਾ ਹੈ ਜਿਸ ਦਾ ਅਰਥ ਹੈ ਪਰਮੇਸ਼ੁਰ ਦੀ ਸੇਵਾ ਕਰਨੀ। (ਰੋਮੀਆਂ 9:4) ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 108ਵੀਂ ਕਲਾਸ ਦੇ ਗ੍ਰੈਜੂਏਸ਼ਨ ਪ੍ਰੋਗ੍ਰਾਮ ਤੇ ਭਾਸ਼ਣਕਾਰਾਂ ਨੇ ਗ੍ਰੈਜੂਏਟਾਂ ਨੂੰ ਯਹੋਵਾਹ ਪਰਮੇਸ਼ੁਰ ਦੀ ਪਵਿੱਤਰ ਸੇਵਾ ਚੰਗੀ ਤਰ੍ਹਾਂ ਕਰਨ ਲਈ ਸਲਾਹ ਦਿੱਤੀ। ਪ੍ਰੋਗ੍ਰਾਮ ਸੁਣਨ ਲਈ ਉੱਥੇ 5,562 ਲੋਕ ਹਾਜ਼ਰ ਸਨ। *
ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦਾ ਇਕ ਮੈਂਬਰ, ਥੀਓਡੋਰ ਜੈਰਸ ਪ੍ਰੋਗ੍ਰਾਮ ਦਾ ਸਭਾਪਤੀ ਸੀ। ਇਹ ਪ੍ਰੋਗ੍ਰਾਮ ਗੀਤ ਨੰਬਰ 52 ਨਾਲ ਸ਼ੁਰੂ ਹੋਇਆ ਜਿਸ ਦਾ ਵਿਸ਼ਾ ਹੈ ‘ਸਾਡੇ ਪਿਤਾ ਦਾ ਨਾਂ।’ ਇਸ ਗੀਤ ਵਿਚ ਕਿਹਾ ਜਾਂਦਾ ਹੈ ਕਿ ‘ਅਸੀਂ ਤੇਰੇ ਲਾਜਵਾਬ ਨਾਂ ਨੂੰ ਪਵਿੱਤਰ ਕਰਨ ਦੇ ਮੌਕੇ ਭਾਲਦੇ ਹਾਂ।’ ਇਸ ਗੀਤ ਨੇ ਕਲਾਸ ਦੇ ਵਿਦਿਆਰਥੀਆਂ ਦੀ ਤਮੰਨਾ ਨੂੰ ਜ਼ਾਹਰ ਕੀਤਾ ਕਿ ਉਹ ਇੱਥੇ ਮਿਲੀ ਸਿਖਲਾਈ ਨੂੰ ਆਪਣੀ ਮਿਸ਼ਨਰੀ ਸੇਵਾ ਵਿਚ ਵਰਤਣਗੇ। ਇਸ ਕਲਾਸ ਦੇ ਵਿਦਿਆਰਥੀ 10 ਮੁਲਕਾਂ ਤੋਂ ਆਏ ਸਨ ਅਤੇ 17 ਵੱਖੋ-ਵੱਖਰੇ ਦੇਸ਼ਾਂ ਨੂੰ ਜਾ ਰਹੇ ਹਨ।
ਆਪਣੇ ਭਾਸ਼ਣ ਵਿਚ ਭਰਾ ਜੈਰਸ ਨੇ ਉਨ੍ਹਾਂ ਪੰਜ ਮਹੀਨਿਆਂ ਬਾਰੇ ਗੱਲ ਕੀਤੀ ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਬਾਈਬਲ ਦੀ ਡੂੰਘੀ ਪੜ੍ਹਾਈ ਕੀਤੀ ਸੀ। ਉਸ ਨੇ ਕਿਹਾ ਕਿ ਇਸ ਪੜ੍ਹਾਈ ਨੇ ਉਨ੍ਹਾਂ ਨੂੰ ਵਿਦੇਸ਼ ਵਿਚ ਸੇਵਾ ਕਰਨ ਲਈ ਤਿਆਰ ਕੀਤਾ ਹੈ। ਇਸ ਨੇ ਉਨ੍ਹਾਂ ਦੀ ‘ਸਭਨਾਂ ਗੱਲਾਂ ਨੂੰ ਪਰਖਣ’ ਵਿਚ ਵੀ ਮਦਦ ਕੀਤੀ, ਯਾਨੀ ਕਿ ਉਹ ਪਹਿਲਾਂ ਸਿੱਖੀਆਂ ਗਈਆਂ ਗੱਲਾਂ ਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਚੰਗੀ ਤਰ੍ਹਾਂ ਸਮਝ ਸਕੇ ਤਾਂਕਿ ਉਹ ‘ਖਰੀਆਂ ਗੱਲਾਂ ਨੂੰ ਫੜੀ ਰੱਖ’ ਸਕਣ। (1 ਥੱਸਲੁਨੀਕੀਆਂ 5:21) ਭਰਾ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ ਕਿ ਉਹ ਯਹੋਵਾਹ ਅਤੇ ਉਸ ਦੇ ਬਚਨ ਪ੍ਰਤੀ ਵਫ਼ਾਦਾਰ ਰਹਿਣ ਅਤੇ ਇਸ ਸਕੂਲ ਵਿਚ ਮਿਲੀ ਸਿਖਲਾਈ ਨੂੰ ਵਰਤਣ ਤਾਂਕਿ ਉਹ ਜਿੱਥੇ ਜਾ ਰਹੇ ਹਨ ਉੱਥੇ ਆਪਣੀ ਸੇਵਕਾਈ ਵਿਚ ਲੱਗੇ ਰਹਿ ਸਕਣ। ਪਰ, ਇਹ ਸਾਰਾ ਕੁਝ ਉਹ ਕਿਸ ਤਰ੍ਹਾਂ ਕਰ ਸਕਣਗੇ?
ਪਵਿੱਤਰ ਸੇਵਾ ਕਰਨ ਲਈ ਚੰਗੀ ਸਲਾਹ
ਬੈਥਲ ਦੀ ਓਪਰੇਸ਼ਨਜ਼ ਕਮੇਟੀ ਦੇ ਮੈਂਬਰ ਲੌਨ ਸ਼ਿਲਿੰਗ ਨੇ ਇਸ ਵਿਸ਼ੇ ਉੱਤੇ ਗੱਲਬਾਤ ਕੀਤੀ ਕਿ “ਕੀ ਤੁਸੀਂ ਸੰਤੁਲਿਤ ਹੋਣ ਦੀ ਪਰੀਖਿਆ ਪਾਸ ਕਰੋਗੇ?” ਉਸ ਨੇ ਸੰਤੁਲਿਤ ਰਵੱਈਆ ਰੱਖਣ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ, ਜੋ ਪਰਮੇਸ਼ੁਰੀ ਬੁੱਧ ਦਿਖਾਉਂਦਾ ਹੈ। (ਯਾਕੂਬ 3:17) ਸੰਤੁਲਿਤ ਹੋਣ ਦਾ ਮਤਲਬ ਹੈ ਨਰਮਾਈ, ਨਿਰਪੱਖਤਾ, ਸੰਜਮ, ਲਿਹਾਜ਼, ਅਤੇ ਧੀਰਜ ਦਿਖਾਉਣਾ। ਭਰਾ ਸ਼ਿਲਿੰਗ ਨੇ ਕਿਹਾ ਕਿ “ਸੰਤੁਲਿਤ ਲੋਕ ਦੂਸਰਿਆਂ ਦੀ ਭਲਾਈ ਕਰਦੇ ਹਨ। ਉਹ ਕਿਸੇ ਵੀ ਗੱਲ ਜਾਂ ਕੰਮ ਵਿਚ ਹੱਦੋਂ ਵੱਧ ਨਹੀਂ ਜਾਂਦੇ।” ਇਕ ਮਿਸ਼ਨਰੀ ਸੰਤੁਲਿਤ ਕਿਵੇਂ ਬਣ ਸਕਦਾ ਹੈ? ਉਸ ਨੂੰ ਆਪਣੇ ਆਪ ਬਾਰੇ ਬਹੁਤਾ ਨਹੀਂ ਸੋਚਣਾ ਚਾਹੀਦਾ ਹੈ। ਉਸ ਨੂੰ ਦੂਸਰਿਆਂ ਦੀ ਸੁਣਨੀ ਚਾਹੀਦੀ ਹੈ ਅਤੇ ਉਨ੍ਹਾਂ ਤੋਂ ਸਿੱਖਣ ਦੇ ਮੌਕਿਆਂ ਦਾ ਫ਼ਾਇਦਾ ਉਠਾਉਣਾ ਚਾਹੀਦਾ ਹੈ। ਅਤੇ ਪਰਮੇਸ਼ੁਰ ਦੇ ਅਸੂਲਾਂ ਤੇ ਪੱਕੇ ਰਹਿੰਦੇ ਹੋਏ ਉਸ ਨੂੰ ਦੂਸਰਿਆਂ ਦੀ ਸਲਾਹ ਵੀ ਲੈਣੀ ਚਾਹੀਦੀ ਹੈ।—1 ਕੁਰਿੰਥੀਆਂ 9:19-23.
ਪ੍ਰੋਗ੍ਰਾਮ ਦੇ ਅਗਲੇ ਹਿੱਸੇ ਦਾ ਦਿਲਚਸਪ ਵਿਸ਼ਾ ਸੀ “ਖਾਣਾ ਨਾ ਭੁੱਲਿਓ!” ਇਸ ਨੂੰ ਪ੍ਰਬੰਧਕ ਸਭਾ ਦੇ ਇਕ ਹੋਰ ਮੈਂਬਰ, ਸੈਮੂਏਲ ਹਰਡ ਨੇ ਪੇਸ਼ ਕੀਤਾ ਸੀ। ਉਸ ਨੇ ਪਵਿੱਤਰ ਸੇਵਾ ਕਰਨ ਲਈ ਚੰਗੀ ਰੂਹਾਨੀ ਖ਼ੁਰਾਕ ਖਾਣ ਦੀ ਜ਼ਰੂਰਤ ਬਾਰੇ ਦੱਸਿਆ। ਭਰਾ ਹਰਡ ਨੇ ਕਿਹਾ ਕਿ “ਤੁਹਾਡੇ ਰੂਹਾਨੀ ਕੰਮ ਵੱਧ ਜਾਣਗੇ ਜਦੋਂ ਤੁਸੀਂ ਪ੍ਰਚਾਰ ਕਰਨ ਅਤੇ ਸਿੱਖਿਆ ਦੇਣ ਦੀ ਸੇਵਕਾਈ ਵਿਚ ਰੁੱਝ ਜਾਓਗੇ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਤਕੜੇ ਰਹਿਣ ਲਈ ਤੁਸੀਂ ਚੰਗਾ ਰੂਹਾਨੀ ਭੋਜਨ ਖਾਓ।” ਰੂਹਾਨੀ ਭੋਜਨ ਬਾਕਾਇਦਾ ਖਾਣ ਨਾਲ ਇਕ ਮਿਸ਼ਨਰੀ ਉਦਾਸ ਹੋਣ ਤੋਂ ਬਚ ਸਕਦਾ ਹੈ ਅਤੇ ਨਵੇਂ ਥਾਂ ਵਿਚ ਉਸ ਦਾ ਦਿਲ ਲੱਗ ਸਕਦਾ ਹੈ। ਇਸ ਤਰ੍ਹਾਂ ਉਸ ਨੂੰ ਸੰਤੁਸ਼ਟੀ ਮਿਲੇਗੀ ਨਾਲੇ ਉਸ ਦਾ ਪਵਿੱਤਰ ਸੇਵਾ ਵਿਚ ਲੱਗੇ ਰਹਿਣ ਦਾ ਇਰਾਦਾ ਪੱਕਾ ਰਹੇਗਾ।—ਫ਼ਿਲਿੱਪੀਆਂ 4:13.
ਗਿਲਿਅਡ ਦੇ ਇਕ ਅਧਿਆਪਕ, ਲਾਰੈਂਸ ਬੋਵਨ ਨੇ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਸ਼ੁਰੂ ਜਾਂ ਮੂਲ ਵੱਲ ਵਾਪਸ ਜਾਣ ਦਾ ਹੌਸਲਾ ਦਿੱਤਾ। ਉਸ ਦਾ ਕੀ ਮਤਲਬ ਸੀ? ਉਸ ਨੇ ਸਾਰਿਆਂ ਨੂੰ ਆਪਣੀਆਂ ਬਾਈਬਲਾਂ ਕਹਾਉਤਾਂ 1:7 ਤੇ ਖੋਲ੍ਹਣ ਨੂੰ ਕਿਹਾ ਜਿੱਥੇ ਲਿਖਿਆ ਹੋਇਆ ਹੈ: “ਯਹੋਵਾਹ ਦਾ ਭੈ ਗਿਆਨ ਦਾ ਮੂਲ ਹੈ।” ਫਿਰ ਉਸ ਨੇ ਸਮਝਾਇਆ ਕਿ “ਜੇ ਕੋਈ ਯਹੋਵਾਹ ਦੀ ਹੋਂਦ ਬਾਰੇ ਮੂਲ ਗੱਲ ਨਾ ਮੰਨੇ ਤਾਂ ਉਸ ਕੋਲ ਸੱਚਾ ਗਿਆਨ ਨਹੀਂ ਹੋ ਸਕਦਾ ਅਤੇ ਨਾ ਹੀ ਉਸ ਨੂੰ ਪੂਰੀ ਸਮਝ ਮਿਲ ਸਕਦੀ ਹੈ।” ਭਰਾ ਬੋਵਨ ਨੇ ਪਰਮੇਸ਼ੁਰ ਦੇ ਬਚਨ, ਬਾਈਬਲ ਦੀ ਤੁਲਨਾ ਛੋਟੇ ਟੁਕੜਿਆਂ ਤੋਂ ਬਣੀ ਤਸਵੀਰ ਨਾਲ ਕੀਤੀ। ਤਸਵੀਰ ਉਦੋਂ ਹੀ ਬਣਦੀ ਹੈ ਜਦੋਂ ਸਾਰੇ ਟੁਕੜੇ ਜੋੜੇ ਜਾਂਦੇ ਹਨ। ਜਿੰਨੇ ਜ਼ਿਆਦਾ ਟੁਕੜੇ ਜੋੜੇ ਜਾਣ, ਉੱਨੀ ਵੱਡੀ ਅਤੇ ਸਪੱਸ਼ਟ ਤਸਵੀਰ ਬਣਦੀ ਹੈ ਅਤੇ ਉਸ ਨੂੰ ਦੇਖ ਕੇ ਵਿਅਕਤੀ ਦੀ ਸਮਝ ਅਤੇ ਕਦਰ ਵੀ ਵਧਦੀ ਹੈ। ਇਸ ਤਰ੍ਹਾਂ ਬਾਈਬਲ ਨੂੰ ਜ਼ਿਆਦਾ ਸਮਝ ਕੇ ਪਰਮੇਸ਼ੁਰ ਦੀ ਪਵਿੱਤਰ ਸੇਵਾ ਕਰਨ ਵਿਚ ਸਾਰਿਆਂ ਦੀ ਮਦਦ ਹੋ ਸਕਦੀ ਹੈ।
ਗਿਲਿਅਡ ਸਕੂਲ ਦੇ ਰਜਿਸਟਰਾਰ, ਵੈਲਸ ਲਿਵਰੈਂਸ ਨੇ ਪ੍ਰੋਗ੍ਰਾਮ ਦੇ ਇਸ ਹਿੱਸੇ ਦਾ ਆਖ਼ਰੀ ਭਾਸ਼ਣ ਦਿੱਤਾ। ਉਸ ਦਾ ਵਿਸ਼ਾ ਸੀ ‘ਪਰਮੇਸ਼ੁਰ ਨੂੰ ਧੰਨਵਾਦ ਦਾ ਬਲੀਦਾਨ ਚੜ੍ਹਾਓ।’ ਉਸ ਨੇ ਯਿਸੂ ਦੇ ਉਸ ਬਿਰਤਾਂਤ ਬਾਰੇ ਗੱਲ ਕੀਤੀ ਜਿਸ ਵਿਚ ਉਸ ਨੇ ਦਸ ਕੋੜ੍ਹੀਆਂ ਨੂੰ ਠੀਕ ਕੀਤਾ ਸੀ। (ਲੂਕਾ 17:11-19) ਸਿਰਫ਼ ਇੱਕੋ ਕੋੜ੍ਹੀ ਪਰਮੇਸ਼ੁਰ ਦੀ ਵਡਿਆਈ ਅਤੇ ਯਿਸੂ ਦਾ ਸ਼ੁਕਰ ਕਰਨ ਲਈ ਵਾਪਸ ਮੁੜਿਆ ਸੀ। ਭਰਾ ਲਿਵਰੈਂਸ ਨੇ ਕਿਹਾ ਕਿ “ਇਸ ਵਿਚ ਕੋਈ ਸ਼ੱਕ ਨਹੀਂ ਕਿ ਦੂਸਰੇ ਵੀ ਠੀਕ ਕੀਤੇ ਜਾਣ ਤੇ ਬਹੁਤ ਖ਼ੁਸ਼ ਹੋਏ ਸਨ। ਪਰ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਸਿਰਫ਼ ਜਾਜਕ ਵੱਲੋਂ ਸ਼ੁੱਧ ਕਹਾਏ ਜਾਣਾ ਚਾਹੁੰਦੇ ਸਨ।” ਸਾਨੂੰ ਪਰਮੇਸ਼ੁਰ ਦੀ ਭਲਾਈ ਲਈ ਉਸ ਦਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਅਸੀਂ ਸੱਚਾਈ ਸਿੱਖ ਕੇ ਰੂਹਾਨੀ ਤੌਰ ਤੇ ਸ਼ੁੱਧ ਕੀਤੇ ਗਏ ਹਾਂ। ਗਿਲਿਅਡ ਦੀ 108ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਕਿ ਉਹ ਪਰਮੇਸ਼ੁਰ ਦੇ ਸਾਰੇ ਕੰਮਾਂ ਅਤੇ ਉਸ ਦੀ ਭਲਾਈ ਉੱਤੇ ਮਨਨ ਕਰਨ ਤਾਂਕਿ ਉਨ੍ਹਾਂ ਦੀ ਸੇਵਾ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਪਰਮੇਸ਼ੁਰ ਲਈ ਸ਼ੁਕਰਗੁਜ਼ਾਰੀ ਪ੍ਰਗਟ ਕਰਨ।—ਜ਼ਬੂਰ 50:14, 23; 116:12, 17.
ਪ੍ਰਚਾਰ ਕਰਨ ਵਾਲਿਆਂ ਨਾਲ ਇੰਟਰਵਿਊ
ਗਿਲਿਅਡ ਦੇ ਇਕ ਹੋਰ ਅਧਿਆਪਕ, ਮਾਰਕ ਨੂਮੇਰ ਨੇ ਪ੍ਰੋਗ੍ਰਾਮ ਦਾ ਅਗਲਾ ਹਿੱਸਾ ਪੇਸ਼ ਕੀਤਾ। ਇਹ ਵਿਦਿਆਰਥੀਆਂ ਦੀ ਸਿਖਲਾਈ ਦੌਰਾਨ ਪ੍ਰਚਾਰ ਸੇਵਾ ਬਾਰੇ ਸੀ। ਗਿਲਿਅਡ ਆਉਣ ਤੋਂ ਪਹਿਲਾਂ ਵਿਦਿਆਰਥੀਆਂ ਨੇ ਪਾਇਨੀਅਰੀ ਜਾਂ ਬੈਥਲ ਸੇਵਾ ਵਿਚ ਔਸਤਨ 12 ਸਾਲ ਲਾਏ ਸਨ। ਸਕੂਲ ਦੌਰਾਨ, ਉਨ੍ਹਾਂ ਨੇ ਵੱਖੋ-ਵੱਖਰੇ ਪਿਛੋਕੜ ਵਾਲੇ ਲੋਕਾਂ ਨਾਲ ਕਾਫ਼ੀ ਸਾਰੀਆਂ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ। ਇਸ ਤਰ੍ਹਾਂ ਕਰਨ ਨਾਲ ਵਿਦਿਆਰਥੀਆਂ ਨੇ ਦਿਖਾਇਆ ਕਿ ਉਹ ‘ਸਭਨਾਂ ਲਈ ਸਭ ਕੁਝ ਬਣਨਾ’ ਜਾਣਦੇ ਸਨ।—1 ਕੁਰਿੰਥੀਆਂ 9:22.
ਵਿਦਿਆਰਥੀਆਂ ਨਾਲ ਗੱਲ ਕਰਨ ਤੋਂ ਬਾਅਦ, ਚਾਰਲਸ ਮੋਲਾਹੈਨ ਅਤੇ ਵਿਲੀਅਮ ਸੈਮੂਏਲਸਨ ਨੇ ਬੈਥਲ ਪਰਿਵਾਰ ਦੇ ਕੁਝ ਮੈਂਬਰਾਂ ਅਤੇ ਸਫ਼ਰੀ ਨਿਗਾਹਬਾਨਾਂ ਦੀਆਂ ਇੰਟਰਵਿਊਆਂ ਲਈਆਂ ਜੋ ਪਹਿਲਾਂ ਗਿਲਿਅਡ ਜਾ ਚੁੱਕੇ ਸਨ। ਰੌਬਰਟ ਪੇਵੀ ਨਾਂ ਦੇ ਇਕ ਭਰਾ ਨਾਲ ਵੀ ਗੱਲ ਕੀਤੀ ਗਈ ਜੋ ਗਿਲਿਅਡ ਦੀ 51ਵੀਂ ਕਲਾਸ ਦੀ ਗ੍ਰੈਜੂਏਸ਼ਨ ਤੋਂ ਬਾਅਦ ਫ਼ਿਲਪੀਨ ਭੇਜਿਆ ਗਿਆ ਸੀ। ਉਸ ਨੇ ਕਲਾਸ ਨੂੰ ਯਾਦ ਕਰਾਇਆ ਕਿ “ਜਦੋਂ ਵੀ ਕੋਈ ਸਮੱਸਿਆ ਖੜ੍ਹੀ ਹੁੰਦੀ ਹੈ, ਤਾਂ ਹਰੇਕ ਜਣਾ ਉਸ ਨੂੰ ਹੱਲ ਕਰਨ ਬਾਰੇ ਆਪਣੀ-ਆਪਣੀ ਰਾਇ ਦਿੰਦਾ ਹੈ। ਹਮੇਸ਼ਾ ਕੋਈ-ਨ-ਕੋਈ ਤੁਹਾਡੇ ਨਾਲੋਂ ਚੁਸਤ ਨਿਕਲੇਗਾ ਜਿਸ ਦੀ ਰਾਇ ਸ਼ਾਇਦ ਬਿਹਤਰ ਹੋਵੇ। ਪਰ ਜੇ ਤੁਸੀਂ ਬਾਈਬਲ ਪੜ੍ਹ ਕੇ ਹਰ ਮਾਮਲੇ ਵਿਚ ਪਰਮੇਸ਼ੁਰ ਦਾ ਨਜ਼ਰੀਆ ਭਾਲੋ, ਤਾਂ ਇਸ ਤੋਂ ਬਿਹਤਰ ਕੋਈ ਰਾਇ ਨਹੀਂ ਹੋ ਸਕਦੀ। ਬਾਈਬਲ ਤੋਂ ਹਮੇਸ਼ਾ ਸਹੀ ਜਵਾਬ ਮਿਲੇਗਾ।”
ਇਸ ਰੂਹਾਨੀ ਪ੍ਰੋਗ੍ਰਾਮ ਨੂੰ ਸਮਾਪਤ ਕਰਨ ਲਈ ਪ੍ਰਬੰਧਕ ਸਭਾ ਦੇ ਮੈਂਬਰ, ਜੌਨ ਬਾਰ ਨੇ “ਯਹੋਵਾਹ ਦੀ ਪਵਿੱਤਰ ਸੇਵਾ ਕਰੋ” ਦੇ ਵਿਸ਼ੇ ਉੱਤੇ ਭਾਸ਼ਣ ਦਿੱਤਾ। ਉਸ ਨੇ ਦਿਖਾਇਆ ਕਿ ਪ੍ਰਚਾਰ ਦੇ ਕੰਮ ਵਿਚ ਪਵਿੱਤਰ ਸੇਵਾ ਕਰ ਕੇ ਪਰਮੇਸ਼ੁਰ ਦੀ ਭਗਤੀ ਸਹੀ ਤਰ੍ਹਾਂ ਕਰਨ ਲਈ ਨੇਕਦਿਲ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ। ਉਸ ਨੇ ਮੱਤੀ 4:10 ਤੇ ਯਿਸੂ ਦੇ ਸ਼ਬਦ ਪੜ੍ਹ ਕੇ ਕਿਹਾ ਕਿ “ਜੇਕਰ ਅਸੀਂ ਇਕੱਲੇ ਯਹੋਵਾਹ ਦੀ ਉਪਾਸਨਾ ਕਰਨੀ ਹੈ, ਤਾਂ ਸਾਨੂੰ ਲਾਲਚ ਕਰਨ, ਧਨ-ਦੌਲਤ ਦੇ ਪਿੱਛੇ ਲੱਗਣ, ਅਤੇ ਆਪਣੀ ਵਡਿਆਈ ਕਰਨ ਵਰਗੀ ਹਰ ਕਿਸਮ ਦੀ ਮੂਰਤੀ-ਪੂਜਾ ਛੱਡਣੀ ਚਾਹੀਦੀ ਹੈ। ਅਸੀਂ ਕਿੰਨੇ ਖ਼ੁਸ਼ ਹਾਂ ਕਿ 1943 ਤੋਂ ਲੈ ਕੇ ਅੱਜ ਤਕ ਸਾਡੇ ਮਿਸ਼ਨਰੀ ਭੈਣਾਂ-ਭਰਾਵਾਂ ਨੇ ਇਸ ਵਿਚ ਚੰਗੀ ਮਿਸਾਲ ਕਾਇਮ ਕੀਤੀ ਹੈ! ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਤੁਸੀਂ 108ਵੀਂ ਕਲਾਸ ਦੇ ਗ੍ਰੈਜੂਏਟ ਉਨ੍ਹਾਂ ਦੀ ਚੰਗੀ ਮਿਸਾਲ ਦੀ ਰੀਸ ਕਰੋਗੇ। ਤੁਸੀਂ ਯਹੋਵਾਹ ਦੀ ਪਵਿੱਤਰ ਸੇਵਾ ਕਰੋਗੇ ਜੋ ਇਕੱਲਾ ਇਸ ਦੇ ਲਾਇਕ ਹੈ।”
ਇਹ ਉਤਸ਼ਾਹ-ਭਰਿਆ ਪ੍ਰੋਗ੍ਰਾਮ ਇਸ ਵਧੀਆ ਭਾਸ਼ਣ ਨਾਲ ਸਮਾਪਤ ਹੋਇਆ ਸੀ। ਫਿਰ ਸਮਾਂ ਆਇਆ ਜਦੋਂ ਦੁਨੀਆਂ ਭਰ ਤੋਂ ਨਮਸਕਾਰ ਅਤੇ ਸ਼ੁਭ ਕਾਮਨਾਵਾਂ ਸੁਣਾਈਆਂ ਗਈਆਂ ਅਤੇ ਡਿਪਲੋਮੇ ਪੇਸ਼ ਕੀਤੇ ਗਏ, ਅਤੇ ਸਿਖਲਾਈ ਲਈ ਕਲਾਸ ਦੀ ਕਦਰ ਦਿਖਾਉਣ ਵਾਲੀ ਚਿੱਠੀ ਪੜ੍ਹੀ ਗਈ। ਕਲਾਸ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਮਿਸ਼ਨਰੀ ਦੇ ਕੰਮ ਨੂੰ ਕਦੀ ਨਾ ਛੱਡਣ ਅਤੇ ਯਹੋਵਾਹ ਦੀ ਸੇਵਾ ਕਰਨ ਵਿਚ ਵਫ਼ਾਦਾਰ ਰਹਿਣ। ਫਿਰ ਪ੍ਰੋਗ੍ਰਾਮ ਖ਼ਤਮ ਕਰਨ ਲਈ ਸਾਰਿਆਂ ਨੇ 25 ਦੇਸ਼ਾਂ ਤੋਂ ਆਏ ਮਹਿਮਾਨਾਂ ਸਮੇਤ ਗੀਤ ਗਾਇਆ ਅਤੇ ਪ੍ਰਾਰਥਨਾ ਕੀਤੀ।
[ਫੁਟਨੋਟ]
^ ਪੈਰਾ 2 ਇਹ ਪ੍ਰੋਗ੍ਰਾਮ 11 ਮਾਰਚ 2000 ਨੂੰ, ਪੈਟਰਸਨ, ਨਿਊਯਾਰਕ ਵਿਚ, ਵਾਚਟਾਵਰ ਸਿੱਖਿਆ ਕੇਂਦਰ ਵਿਚ ਹੋਇਆ ਸੀ।
[ਸਫ਼ੇ 23 ਉੱਤੇ ਡੱਬੀ]
ਕਲਾਸ ਦੇ ਅੰਕੜੇ
ਜਿੰਨੇ ਦੇਸ਼ਾਂ ਤੋਂ ਆਏ: 10
ਜਿੰਨੇ ਦੇਸ਼ਾਂ ਵਿਚ ਭੇਜੇ ਗਏ: 17
ਵਿਦਿਆਰਥੀਆਂ ਦੀ ਗਿਣਤੀ: 46
ਔਸਤਨ ਉਮਰ: 34
ਸੱਚਾਈ ਵਿਚ ਔਸਤਨ ਸਾਲ: 16
ਪੂਰਣ-ਕਾਲੀ ਸੇਵਾ ਵਿਚ ਔਸਤ ਸਾਲ: 12
[ਸਫ਼ੇ 24 ਉੱਤੇ ਤਸਵੀਰ]
ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਗ੍ਰੈਜੂਏਟ ਹੋ ਚੁੱਕੀ 108ਵੀਂ ਕਲਾਸ
ਥੱਲੇ ਦਿੱਤੀ ਗਈ ਸੂਚੀ ਵਿਚ ਕਤਾਰਾਂ ਅੱਗੇ ਤੋਂ ਪਿੱਛੇ ਨੂੰ ਦਿੱਤੀਆਂ ਗਈਆਂ ਹਨ ਅਤੇ ਹਰੇਕ ਕਤਾਰ ਵਿਚ ਨਾਂ ਖੱਬੇ ਤੋਂ ਸੱਜੇ ਨੂੰ ਦਿੱਤੇ ਗਏ ਹਨ।
(1) ਅਮਡੋਰੀ, ਈ.; ਕੂੱਕ, ਓ.; ਬਰਨ, ਐੱਮ.; ਲੀ, ਏ. (2) ਨੂਸਮ. ਡੀ.; ਪੈਡੇਰਟਸੌਲੀ, ਏ.; ਬਿਗ੍ਰੋ ਐੱਚ.; ਕੌਟੋ, ਟੀ.; ਗੇਟਵੂਡ. ਡੀ. (3) ਈਡ, ਡੀ.; ਈਡ, ਜੇ.; ਵੈੱਲਜ਼, ਐੱਸ.; ਜੈਮਿਸਨ, ਜੇ.; ਗੋਨਜ਼ਾਲਿਸ, ਐੱਮ.; ਗੋਨਜ਼ਾਲਿਸ, ਜੇ. (4) ਕੌਟੋ, ਟੀ.; ਲੋਨ, ਡੀ.; ਨਿਕਲੌਸ, ਵਾਈ.; ਪ੍ਰਾਇਸ, ਐੱਸ.; ਫੋਸਟਰ, ਪੀ.; ਈਬਾਰਾ, ਜੇ. (5) ਅਮਡੋਰੀ, ਐੱਮ.; ਮੈਨਿੰਗ, ਐੱਮ.; ਜੇਮਜ਼, ਐੱਮ.; ਬੋਸਟ੍ਰੋਮ, ਏ.; ਗੇਟਵੂਡ. ਬੀ.; ਨੂਸਮ. ਡੀ. (6) ਫੋਸਟਰ, ਬੀ.; ਜੈਮਿਸਨ, ਆਰ.; ਹਿਫਿੰਗਰ, ਏ.; ਕੋਫਲ, ਸੀ.; ਕੋਫਲ, ਟੀ.; ਬਰਨ, ਜੀ. (7) ਹਿਫਿੰਗਰ, ਕੇ.; ਮੈਨਿੰਗ, ਸੀ.; ਕੂੱਕ, ਜੇ.; ਬੋਸਟ੍ਰੋਮ, ਜੇ.; ਲੋਨ, ਈ.; ਪੈਡੇਰਟਸੌਲੀ, ਏ. (8) ਜੇਮਜ਼, ਏ.; ਵੈੱਲਜ਼, ਐੱਲ.; ਪ੍ਰਾਇਸ, ਡੀ.; ਨਿਕਲੌਸ, ਈ.; ਲੀ, ਐੱਮ.; ਈਬਾਰਾ, ਪੀ.; ਬਿਗ੍ਰੋ, ਵਾਈ.