Skip to content

Skip to table of contents

“ਤੁਸੀਂ ਸੱਭੋ ਭਾਈ ਹੋ”

“ਤੁਸੀਂ ਸੱਭੋ ਭਾਈ ਹੋ”

“ਤੁਸੀਂ ਸੱਭੋ ਭਾਈ ਹੋ”

“ਤੁਸੀਂ ਸੁਆਮੀ ਨਾ ਕਹਾਓ ਕਿਉਂ ਜੋ ਤੁਹਾਡਾ ਗੁਰੂ ਇੱਕੋ ਹੈ ਅਰ ਤੁਸੀਂ ਸੱਭੋ ਭਾਈ ਹੋ।”—ਮੱਤੀ 23:8.

1. ਸਾਨੂੰ ਕਿਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ?

“ਕਿਸ ਦਾ ਜ਼ਿਆਦਾ ਆਦਰ ਕੀਤਾ ਜਾਣਾ ਚਾਹੀਦਾ ਹੈ, ਇਕ ਮਿਸ਼ਨਰੀ ਦਾ ਜਾਂ ਬੈਥਲ ਵਿਚ ਕੰਮ ਕਰਨ ਵਾਲੇ ਦਾ?” ਪੂਰਬੀ ਦੇਸ਼ ਦੀ ਇਕ ਭੈਣ ਨੇ ਭੋਲੇਪਣ ਵਿਚ ਇਹ ਸਵਾਲ ਇਕ ਆਸਟ੍ਰੇਲੀਆਈ ਮਿਸ਼ਨਰੀ ਨੂੰ ਪੁੱਛਿਆ। ਉਹ ਜਾਣਨਾ ਚਾਹੁੰਦੀ ਸੀ ਕੀ ਪਰਦੇਸ ਤੋਂ ਆਈ ਮਿਸ਼ਨਰੀ ਅਤੇ ਬੈਥਲ ਵਿਚ ਕੰਮ ਕਰਨ ਵਾਲੇ ਦੇਸੀ ਭਰਾ ਵਿੱਚੋਂ ਕਿਸ ਦੀ ਜ਼ਿਆਦਾ ਇੱਜ਼ਤ ਕੀਤੀ ਜਾਣੀ ਚਾਹੀਦੀ ਸੀ। ਇਸ ਛੋਟੇ ਜਿਹੇ ਸਵਾਲ ਨੇ ਮਿਸ਼ਨਰੀ ਭੈਣ ਨੂੰ ਕਾਫ਼ੀ ਹੈਰਾਨ ਕੀਤਾ ਅਤੇ ਦਿਖਾਇਆ ਕਿ ਉੱਥੇ ਦੇ ਲੋਕ ਕਿਸੇ ਦੀ ਪਦਵੀ ਵੱਲ ਬਹੁਤ ਧਿਆਨ ਦਿੰਦੇ ਸਨ। ਲੇਕਿਨ ਵੱਡੇ-ਛੋਟੇ ਦਾ ਇਹ ਸਵਾਲ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਇਨਸਾਨ ਜਾਣਨਾ ਚਾਹੁੰਦੇ ਹਨ ਕਿ ਦੂਸਰੇ ਦਾ ਦਰਜਾ ਕੀ ਹੈ ਅਤੇ ਦੂਸਰਿਆਂ ਉੱਪਰ ਉਸ ਦਾ ਕਿੰਨਾ ਇਖ਼ਤਿਆਰ ਹੈ।

2. ਸਾਨੂੰ ਆਪਣੇ ਸੰਗੀ ਮਸੀਹੀਆਂ ਨੂੰ ਕਿਸ ਤਰ੍ਹਾਂ ਵਿਚਾਰਨਾ ਚਾਹੀਦਾ ਹੈ?

2 ਇਹ ਸਵਾਲ ਪਹਿਲੀ ਵਾਰ ਨਹੀਂ ਪੁੱਛਿਆ ਗਿਆ। ਯਿਸੂ ਦੇ ਚੇਲਿਆਂ ਨੇ ਇਸ ਬਾਰੇ ਵਾਰ-ਵਾਰ ਬਹਿਸ ਕੀਤੀ ਸੀ ਕਿ ਉਨ੍ਹਾਂ ਵਿੱਚੋਂ ਵੱਡਾ ਕੌਣ ਸੀ। (ਮੱਤੀ 20:20-24; ਮਰਕੁਸ 9:33-37; ਲੂਕਾ 22:24-27) ਉਹ ਯਹੂਦੀ ਧਰਮ ਦੇ ਸਨ ਅਤੇ ਅਜਿਹੇ ਸਮਾਜ ਵਿਚ ਪਲੇ ਸਨ ਜਿੱਥੇ ਵੱਡੇ-ਛੋਟੇ ਦਾ ਫ਼ਰਕ, ਯਾਨੀ ਕਿਸੇ ਦੀ ਪਦਵੀ ਵੱਡੀ ਗੱਲ ਸਮਝੀ ਜਾਂਦੀ ਸੀ। ਯਿਸੂ ਆਪਣੇ ਚੇਲਿਆਂ ਦੀ ਸੋਚਣੀ ਜਾਣਦਾ ਸੀ ਇਸ ਲਈ ਉਸ ਨੇ ਕਿਹਾ ਕਿ “ਤੁਸੀਂ ਸੁਆਮੀ ਨਾ ਕਹਾਓ ਕਿਉਂ ਜੋ ਤੁਹਾਡਾ ਗੁਰੂ ਇੱਕੋ ਹੈ ਅਰ ਤੁਸੀਂ ਸੱਭੋ ਭਾਈ ਹੋ।” (ਮੱਤੀ 23:8) ਬਾਈਬਲ ਦੇ ਇਕ ਵਿਦਵਾਨ, ਐਲਬਰਟ ਬਾਰਨਜ਼ ਨੇ ਕਿਹਾ ਕਿ ਕਿਸੇ ਵਿਅਕਤੀ ਨੂੰ “ਸੁਆਮੀ” ਜਾਂ “ਗੁਰੂ” ਸੱਦਣਾ “ਅਕਸਰ ਉਸ ਵਿਚ ਘਮੰਡ ਅਤੇ ਉੱਤਮਤਾ ਦਾ ਭਾਵ ਪੈਦਾ ਕਰਦਾ ਹੈ। ਅਤੇ ਜਿਨ੍ਹਾਂ ਨੂੰ ਇਸ ਤਰ੍ਹਾਂ ਨਹੀਂ ਸੱਦਿਆ ਜਾਂਦਾ ਉਨ੍ਹਾਂ ਵਿਚ ਈਰਖਾ ਅਤੇ ਛੋਟੇਪਣ ਦਾ ਭਾਵ ਪੈਦਾ ਕਰਦਾ ਹੈ। ਅਜਿਹਾ ਰਵੱਈਆ ਅਤੇ ਲੋਕਾਂ ਦਾ ਇਹ ਝੁਕਾਅ ਮਸੀਹ ਦੀ ਸਾਦਗੀ ਤੋਂ ਬਿਲਕੁਲ ਉਲਟ ਹੈ।” ਜੀ ਹਾਂ, ਮਸੀਹੀਆਂ ਨੂੰ ਨਿਗਾਹਬਾਨਾਂ ਦੇ ਨਾਂ ਨਾਲ “ਬਜ਼ੁਰਗ” ਸ਼ਬਦ ਜੋੜ ਕੇ ਉਨ੍ਹਾਂ ਨੂੰ ਨਹੀਂ ਬੁਲਾਉਣਾ ਚਾਹੀਦਾ ਅਤੇ ਨਾ ਹੀ “ਬਜ਼ੁਰਗ” ਸ਼ਬਦ ਉਨ੍ਹਾਂ ਦੀ ਚਾਪਲੂਸੀ ਕਰਨ ਲਈ ਵਰਤਣਾ ਚਾਹੀਦਾ ਹੈ। (ਅੱਯੂਬ 32:21, 22) ਇਸ ਦੀ ਬਜਾਇ ਯਿਸੂ ਦੀ ਸਲਾਹ ਅਨੁਸਾਰ ਚੱਲਣ ਵਾਲੇ ਬਜ਼ੁਰਗ ਕਲੀਸਿਯਾ ਦੇ ਦੂਸਰਿਆਂ ਮੈਂਬਰਾਂ ਦਾ ਆਦਰ ਕਰਦੇ ਹਨ, ਜਿਵੇਂ ਯਹੋਵਾਹ ਵਫ਼ਾਦਾਰ ਭਗਤਾਂ ਦਾ ਆਦਰ ਕਰਦਾ ਹੈ, ਅਤੇ ਯਿਸੂ ਆਪਣੇ ਵਫ਼ਾਦਾਰ ਪੈਰੋਕਾਰਾਂ ਦਾ ਆਦਰ ਕਰਦਾ ਹੈ।

ਯਹੋਵਾਹ ਅਤੇ ਯਿਸੂ ਦਾ ਨਮੂਨਾ

3. ਯਹੋਵਾਹ ਨੇ ਆਪਣੇ ਦੂਤਾਂ ਦਾ ਆਦਰ ਕਿਸ ਤਰ੍ਹਾਂ ਕੀਤਾ ਸੀ?

3 ਭਾਵੇਂ ਕਿ ਯਹੋਵਾਹ “ਅੱਤ ਮਹਾਨ” ਹੈ, ਉਸ ਨੇ ਸ਼ੁਰੂ ਤੋਂ ਹੀ ਆਪਣੇ ਸ੍ਰਿਸ਼ਟ ਕੀਤੇ ਗਏ ਪ੍ਰਾਣੀਆਂ ਦਾ ਆਦਰ ਕੀਤਾ ਕਿਉਂਕਿ ਉਸ ਨੇ ਉਨ੍ਹਾਂ ਨੂੰ ਆਪਣੇ ਨਾਲ ਕੰਮ ਕਰਨ ਦਿੱਤਾ ਸੀ। (ਜ਼ਬੂਰ 83:18) ਜਦੋਂ ਯਹੋਵਾਹ ਨੇ ਪਹਿਲੇ ਇਨਸਾਨ ਨੂੰ ਬਣਾਇਆ ਸੀ ਤਾਂ ਉਸ ਦੇ ਇਕਲੌਤੇ ਪੁੱਤਰ ਨੇ ਇਕ “ਰਾਜ ਮਿਸਤਰੀ” ਵਜੋਂ ਉਸ ਨਾਲ ਕੰਮ ਕੀਤਾ ਸੀ। (ਕਹਾਉਤਾਂ 8:27-30; ਉਤਪਤ 1:26) ਜਦੋਂ ਯਹੋਵਾਹ ਨੇ ਰਾਜਾ ਅਹਾਬ ਦਾ ਨਾਸ ਕਰਨ ਦਾ ਫ਼ੈਸਲਾ ਕੀਤਾ ਸੀ ਤਾਂ ਉਸ ਨੇ ਆਪਣੇ ਸਵਰਗੀ ਦੂਤਾਂ ਤੋਂ ਸਲਾਹ ਮੰਗੀ ਕਿ ਇਹ ਕੰਮ ਕਿਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਸੀ।—1 ਰਾਜਿਆਂ 22:19-23.

4, 5. ਯਹੋਵਾਹ ਇਨਸਾਨਾਂ ਦਾ ਆਦਰ ਕਿਸ ਤਰ੍ਹਾਂ ਕਰਦਾ ਹੈ?

4 ਪ੍ਰਭੂ ਯਹੋਵਾਹ ਵਿਸ਼ਵ ਦਾ ਸਰਬਸ਼ਕਤੀਮਾਨ ਹੈ। (ਬਿਵਸਥਾ ਸਾਰ 3:24) ਉਸ ਨੂੰ ਕਿਸੇ ਇਨਸਾਨ ਦੀ ਸਲਾਹ ਲੈਣ ਦੀ ਕੋਈ ਲੋੜ ਨਹੀਂ। ਫਿਰ ਵੀ, ਕਿਹਾ ਜਾ ਸਕਦਾ ਹੈ ਕਿ ਉਹ ਨੀਵਾਂ ਹੋ ਕੇ ਇਨਸਾਨਾਂ ਦੀ ਗੱਲ ਸੁਣਦਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਇਕ ਭਜਨ ਵਿਚ ਕਿਹਾ: “ਕੌਣ ਸਾਡੇ ਪਰਮੇਸ਼ੁਰ ਯਹੋਵਾਹ ਦੇ ਤੁੱਲ ਹੈ? ਜਿਹੜਾ ਉਚਿਆਈ ਤੇ ਵੱਸਦਾ ਹੈ, ਜਿਹੜਾ ਆਪਣੇ ਆਪ ਨੂੰ ਨੀਵਿਆਂ ਕਰਦਾ ਹੈ, ਭਈ ਅਕਾਸ਼ ਅਤੇ ਧਰਤੀ ਉੱਤੇ ਨਿਗਾਹ ਮਾਰੇ, ਜਿਹੜਾ ਗਰੀਬ ਨੂੰ ਖਾਕ ਵਿੱਚੋਂ ਚੁੱਕਦਾ” ਹੈ।—ਜ਼ਬੂਰ 113:5-8.

5 ਸਦੂਮ ਅਤੇ ਅਮੂਰਾਹ ਦਾ ਨਾਸ ਕਰਨ ਤੋਂ ਪਹਿਲਾਂ ਯਹੋਵਾਹ ਨੇ ਧੀਰਜ ਨਾਲ ਅਬਰਾਹਾਮ ਦੀ ਗੱਲ ਸੁਣੀ ਅਤੇ ਸਵੀਕਾਰ ਕੀਤੀ। (ਉਤਪਤ 18:23-33) ਯਹੋਵਾਹ ਪਹਿਲਾਂ ਹੀ ਜਾਣਦਾ ਸੀ ਕਿ ਨਤੀਜਾ ਕੀ ਨਿਕਲੇਗਾ ਲੇਕਿਨ ਅਬਰਾਹਾਮ ਨੂੰ ਵਿਸ਼ਵਾਸ ਦਿਲਾਉਣ ਲਈ ਕਿ ਇਨਸਾਫ਼ ਕੀਤਾ ਜਾ ਰਿਹਾ ਹੈ, ਯਹੋਵਾਹ ਨੇ ਉਸ ਨੂੰ ਸਵਾਲ ਪੁੱਛਣ ਦਾ ਮੌਕਾ ਦਿੱਤਾ।

6. ਜਦੋਂ ਹਬੱਕੂਕ ਨੇ ਸਵਾਲ ਪੁੱਛਿਆ ਸੀ ਤਾਂ ਯਹੋਵਾਹ ਨੇ ਉਸ ਦਾ ਆਦਰ ਕਿਸ ਤਰ੍ਹਾਂ ਕੀਤਾ ਸੀ?

6 ਯਹੋਵਾਹ ਨੇ ਹਬੱਕੂਕ ਦੀ ਵੀ ਗੱਲ ਸੁਣੀ ਸੀ ਜਿਸ ਨੇ ਪੁੱਛਿਆ ਸੀ ਕਿ “ਹੇ ਯਹੋਵਾਹ, ਮੈਂ ਕਦ ਤਾਈਂ ਦੁਹਾਈ ਦਿਆਂ, ਅਤੇ ਤੂੰ ਨਾ ਸੁਣੇਂਗਾ?” ਕੀ ਯਹੋਵਾਹ ਨੇ ਇਹ ਸੋਚਿਆ ਸੀ ਕਿ ਹਬੱਕੂਕ ਉਸ ਦੇ ਸਾਮ੍ਹਣੇ ਬੋਲ ਰਿਹਾ ਸੀ? ਨਹੀਂ। ਉਸ ਨੇ ਹਬੱਕੂਕ ਦੇ ਸਵਾਲਾਂ ਨੂੰ ਜਾਇਜ਼ ਸਮਝ ਕੇ ਉਸ ਨੂੰ ਆਪਣੇ ਮਕਸਦ ਬਾਰੇ ਦੱਸਿਆ ਕਿ ਉਹ ਇਨਸਾਫ਼ ਕਰਨ ਲਈ ਕਸਦੀਆਂ ਨੂੰ ਉਠਾਵੇਗਾ। ਉਸ ਨੇ ਨਬੀ ਨੂੰ ਭਰੋਸਾ ਦਿਵਾਇਆ ਕਿ ਇਹ ਸਮਾਂ ਜੋ ਪਹਿਲਾਂ ਦੱਸਿਆ ਗਿਆ ਹੈ “ਜ਼ਰੂਰ ਆਵੇਗਾ।” (ਹਬੱਕੂਕ 1:1, 2, 5, 6, 13, 14; 2:2, 3) ਹਬੱਕੂਕ ਦੀ ਗੱਲ ਸੁਣ ਕੇ ਯਹੋਵਾਹ ਨੇ ਨਬੀ ਦਾ ਆਦਰ ਕੀਤਾ ਸੀ। ਨਤੀਜੇ ਵਜੋਂ ਪਰੇਸ਼ਾਨ ਨਬੀ ਵਿਚ ਜਾਨ ਪੈ ਗਈ ਅਤੇ ਉਹ ਦਾ ਦਿਲ ਖ਼ੁਸ਼ੀ ਨਾਲ ਭਰ ਗਿਆ ਕਿਉਂਕਿ ਉਸ ਨੂੰ ਆਪਣੇ ਮੁਕਤੀਦਾਤੇ ਵਿਚ ਪੂਰਾ ਭਰੋਸਾ ਸੀ। ਅਸੀਂ ਹਬੱਕੂਕ ਦੀ ਪ੍ਰੇਰਿਤ ਕਿਤਾਬ ਵਿਚ ਇਹ ਗੱਲ ਪੜ੍ਹ ਕੇ ਯਹੋਵਾਹ ਵਿਚ ਆਪਣੇ ਭਰੋਸੇ ਨੂੰ ਵੀ ਮਜ਼ਬੂਤ ਕਰ ਸਕਦੇ ਹਾਂ।—ਹਬੱਕੂਕ 3:18, 19.

7. ਪੰਤੇਕੁਸਤ 33 ਸਾ.ਯੁ. ਤੇ ਪਤਰਸ ਨੂੰ ਕਿਹੜਾ ਮਹੱਤਵਪੂਰਣ ਕੰਮ ਸੌਂਪਿਆ ਗਿਆ ਸੀ?

7 ਦੂਸਰਿਆਂ ਦਾ ਆਦਰ ਕਰਨ ਵਿਚ ਯਿਸੂ ਮਸੀਹ ਨੇ ਵੀ ਇਕ ਵਧੀਆ ਨਮੂਨਾ ਕਾਇਮ ਕੀਤਾ। ਉਸ ਨੇ ਆਪਣੇ ਚੇਲਿਆਂ ਨੂੰ ਦੱਸਿਆ ਸੀ ਕਿ ‘ਜੋ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਨਕਾਰ ਕਰੇਗਾ ਮੈਂ ਵੀ ਆਪਣੇ ਪਿਤਾ ਦੇ ਅੱਗੇ ਉਹ ਦਾ ਇਨਕਾਰ ਕਰਾਂਗਾ।’ (ਮੱਤੀ 10:32, 33) ਲੇਕਿਨ, ਜਿਸ ਰਾਤ ਯਿਸੂ ਨਾਲ ਵਿਸ਼ਵਾਸਘਾਤ ਕੀਤਾ ਗਿਆ ਸੀ ਉਸ ਦੇ ਸਾਰੇ ਚੇਲੇ ਉਸ ਨੂੰ ਛੱਡ ਕੇ ਚੱਲੇ ਗਏ ਸਨ ਅਤੇ ਪਤਰਸ ਰਸੂਲ ਨੇ ਤਿੰਨ ਵਾਰ ਉਸ ਦਾ ਇਨਕਾਰ ਕੀਤਾ ਸੀ। (ਮੱਤੀ 26:34, 35, 69-75) ਪਰ ਯਿਸੂ, ਪਤਰਸ ਦੇ ਦਿਲ ਦੀ ਗੱਲ ਜਾਣਦਾ ਸੀ ਕਿਉਂਕਿ ਉਹ ਇਨਸਾਨ ਦੀ ਸ਼ਕਲ-ਸੂਰਤ ਹੀ ਨਹੀਂ ਦੇਖਦਾ ਸੀ। ਉਸ ਨੇ ਪਛਾਣਿਆ ਸੀ ਕਿ ਪਤਰਸ ਨੇ ਦਿਲੋਂ ਤੋਬਾ ਕੀਤੀ ਸੀ। (ਲੂਕਾ 22:61, 62) ਸਿਰਫ਼ 51 ਦਿਨ ਬਾਅਦ ਮਸੀਹ ਨੇ ਇਸ ਪਸ਼ਚਾਤਾਪੀ ਰਸੂਲ ਨੂੰ ਪੰਤੇਕੁਸਤ ਦੇ ਦਿਨ ਤੇ ਆਪਣੇ 120 ਚੇਲਿਆਂ ਦੇ ਪ੍ਰਤਿਨਿਧ ਵਜੋਂ ਚੁਣ ਕੇ ਉਸ ਨੂੰ “ਰਾਜ ਦੀਆਂ ਕੁੰਜੀਆਂ” ਵਿੱਚੋਂ ਪਹਿਲੀ ਕੁੰਜੀ ਇਸਤੇਮਾਲ ਕਰਨ ਦਾ ਸਨਮਾਨ ਦਿੱਤਾ। (ਮੱਤੀ 16:19; ਰਸੂਲਾਂ ਦੇ ਕਰਤੱਬ 2:14-40) ਪਤਰਸ ਨੂੰ ‘ਮੁੜਨ’ ਦਾ ਮੌਕਾ ਦਿੱਤਾ ਗਿਆ ਸੀ ‘ਤਾਂਕਿ ਉਹ ਆਪਣਿਆਂ ਭਾਈਆਂ ਨੂੰ ਤਕੜਾ ਕਰ ਸੱਕੇ।’—ਲੂਕਾ 22:31-33.

ਪਰਿਵਾਰ ਦੇ ਮੈਂਬਰਾਂ ਦਾ ਆਦਰ ਕਰੋ

8, 9. ਇਕ ਪਤੀ ਆਪਣੀ ਪਤਨੀ ਦਾ ਆਦਰ ਕਰਨ ਵਿਚ ਯਹੋਵਾਹ ਅਤੇ ਯਿਸੂ ਦੀ ਰੀਸ ਕਿਸ ਤਰ੍ਹਾਂ ਕਰ ਸਕਦਾ ਹੈ?

8 ਪਤੀਆਂ ਅਤੇ ਮਾਪਿਆਂ ਨੂੰ ਪਰਮੇਸ਼ੁਰ ਵੱਲੋਂ ਇਖ਼ਤਿਆਰ ਮਿਲਿਆ ਹੈ। ਇਸ ਜ਼ਿੰਮੇਵਾਰੀ ਨੂੰ ਸੰਭਾਲਦੇ ਹੋਏ ਉਨ੍ਹਾਂ ਨੂੰ ਯਹੋਵਾਹ ਅਤੇ ਯਿਸੂ ਦੀ ਰੀਸ ਕਰਨੀ ਚਾਹੀਦੀ ਹੈ। ਪਤਰਸ ਨੇ ਇਹ ਸਲਾਹ ਦਿੱਤੀ ਸੀ ਕਿ ‘ਇਸੇ ਤਰਾਂ ਹੇ ਪਤੀਓ, ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਨਾਲ ਵੱਸੋ ਅਤੇ ਇਸਤ੍ਰੀ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ ਉਹ ਦਾ ਆਦਰ ਕਰੋ।’ (1 ਪਤਰਸ 3:7) ਕੱਚ ਦੇ ਇਕ ਭਾਂਡੇ ਬਾਰੇ ਜ਼ਰਾ ਸੋਚੋ। ਸਪੱਸ਼ਟ ਹੈ ਕਿ ਇਹ ਪਿੱਤਲ ਦੇ ਭਾਂਡੇ ਨਾਲੋਂ ਬਹੁਤ ਨਾਜ਼ੁਕ ਹੈ। ਕੀ ਤੁਸੀਂ ਕੱਚ ਦੇ ਭਾਂਡੇ ਨੂੰ ਜ਼ਿਆਦਾ ਸੰਭਾਲ ਕੇ ਨਹੀਂ ਰੱਖੋਗੇ? ਇਕ ਪਤੀ ਯਹੋਵਾਹ ਦੀ ਰੀਸ ਕਰਨ ਦੁਆਰਾ ਆਪਣੀ ਪਤਨੀ ਦਾ ਇਕ ਨਾਜ਼ੁਕ ਚੀਜ਼ ਵਜੋਂ ਖ਼ਿਆਲ ਰੱਖ ਸਕਦਾ ਹੈ। ਪਰਿਵਾਰਕ ਮਾਮਲਿਆਂ ਬਾਰੇ ਫ਼ੈਸਲੇ ਕਰਦੇ ਸਮੇਂ ਉਹ ਆਪਣੀ ਪਤਨੀ ਦੀ ਰਾਇ ਲੈ ਸਕਦਾ ਹੈ। ਯਾਦ ਕਰੋ ਕਿ ਯਹੋਵਾਹ ਨੇ ਅਬਰਾਹਾਮ ਨਾਲ ਗੱਲ ਕਰਨ ਲਈ ਸਮਾਂ ਕੱਢਿਆ ਸੀ। ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ ਇਸ ਲਈ ਪਤੀ ਸ਼ਾਇਦ ਮਾਮਲੇ ਦੀਆਂ ਸਾਰੀਆਂ ਗੱਲਾਂ ਬਾਰੇ ਨਾ ਸੋਚੇ। ਤਾਂ ਫਿਰ ਉਸ ਲਈ ਅਕਲਮੰਦੀ ਦੀ ਗੱਲ ਹੋਵੇਗੀ ਜੇ ਉਹ ਸਮਾਂ ਕੱਢ ਕੇ ਆਪਣੀ ਪਤਨੀ ਦੀ ਗੱਲ ਪੂਰੇ ਦਿਲ ਨਾਲ ਸੁਣੇ।

9 ਅਜਿਹੇ ਦੇਸ਼ਾਂ ਵਿਚ ਜਿੱਥੇ ਸਿਰਫ਼ ਆਦਮੀਆਂ ਦਾ ਅਧਿਕਾਰ ਚੱਲਦਾ ਹੈ, ਇਕ ਪਤੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਦੀ ਪਤਨੀ ਲਈ ਆਪਣੇ ਦਿਲ ਦੀ ਗੱਲ ਕਹਿਣੀ ਸ਼ਾਇਦ ਔਖੀ ਹੋਵੇ। ਯਿਸੂ ਮਸੀਹ ਦੀ ਰੀਸ ਕਰੋ। ਉਸ ਨੇ ਧਰਤੀ ਤੇ ਹੁੰਦੇ ਹੋਏ ਆਪਣੇ ਹੋਣ ਵਾਲੇ ਲਾੜੀ ਵਰਗ ਦੇ ਮੈਂਬਰਾਂ ਨਾਲ ਚੰਗਾ ਸਲੂਕ ਕੀਤਾ ਸੀ। ਯਿਸੂ ਨੇ ਉਨ੍ਹਾਂ ਦੀ ਦੇਖ-ਭਾਲ ਕਰਦੇ ਹੋਏ ਉਨ੍ਹਾਂ ਦੇ ਕਹਿਣ ਤੋਂ ਬਗੈਰ ਹੀ ਉਨ੍ਹਾਂ ਦੀਆਂ ਸਰੀਰਕ ਅਤੇ ਰੂਹਾਨੀ ਜ਼ਰੂਰਤਾਂ ਵੱਲ ਧਿਆਨ ਦਿੱਤਾ ਸੀ। (ਮਰਕੁਸ 6:31; ਯੂਹੰਨਾ 16:12, 13; ਅਫ਼ਸੀਆਂ 5:28-30) ਇਸ ਤੋਂ ਇਲਾਵਾ ਤੁਹਾਨੂੰ ਆਪਣੀ ਪਤਨੀ ਦੇ ਉਨ੍ਹਾਂ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਉਹ ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਕਰਦੀ ਹੈ। ਉਸ ਨੂੰ ਆਪਣੀਆਂ ਗੱਲਾਂ ਅਤੇ ਕੰਮਾਂ ਰਾਹੀਂ ਦਿਖਾਓ ਕਿ ਤੁਸੀਂ ਉਸ ਦੀ ਕਿੰਨੀ ਕਦਰ ਕਰਦੇ ਹੋ। ਯਹੋਵਾਹ ਅਤੇ ਯਿਸੂ ਨੇ ਲਾਇਕ ਵਿਅਕਤੀਆਂ ਦੀ ਕਦਰ ਅਤੇ ਤਾਰੀਫ਼ ਕੀਤੀ ਸੀ, ਅਤੇ ਉਨ੍ਹਾਂ ਨੂੰ ਬਰਕਤਾਂ ਦਿੱਤੀਆਂ ਸਨ। (1 ਰਾਜਿਆਂ 3:10-14; ਅੱਯੂਬ 42:12-15; ਮਰਕੁਸ 12:41-44; ਯੂਹੰਨਾ 12:3-8) ਜਦੋਂ ਪੂਰਬੀ ਦੇਸ਼ ਵਿਚ ਰਹਿੰਦੀ ਇਕ ਮਸੀਹੀ ਭੈਣ ਦਾ ਪਤੀ ਸੱਚਾਈ ਵਿਚ ਆਇਆ ਤਾਂ ਭੈਣ ਨੇ ਕਿਹਾ ਕਿ “ਮੇਰੇ ਪਤੀ ਹਮੇਸ਼ਾ ਮੇਰੇ ਤੋਂ ਤਿੰਨ-ਚਾਰ ਕਦਮ ਅੱਗੇ ਤੁਰਦੇ ਹੁੰਦੇ ਸਨ ਅਤੇ ਸਾਰਾ ਸਾਮਾਨ ਮੈਨੂੰ ਹੀ ਚੁੱਕਣਾ ਪੈਂਦਾ ਹੁੰਦਾ ਸੀ। ਪਰ ਹੁਣ ਉਹ ਬੈਗ ਚੁੱਕ ਕੇ ਮੇਰੀ ਮਦਦ ਕਰਦੇ ਹਨ ਅਤੇ ਜੋ ਮੈਂ ਘਰ ਵਿਚ ਕੰਮ-ਕਾਰ ਕਰਦੀ ਹਾਂ ਉਸ ਦੀ ਕਦਰ ਕਰਦੇ ਹਨ!” ਤੁਹਾਡੀ ਪਤਨੀ ਨੂੰ ਤੁਹਾਡੇ ਪਿਆਰ ਦਾ ਇਹਸਾਸ ਹੋਵੇਗਾ ਜਦੋਂ ਤੁਸੀਂ ਉਸ ਨੂੰ ਦਿਲੋਂ ਦੱਸੋਗੇ ਕਿ ਤੁਸੀਂ ਉਸ ਦੀ ਕਿੰਨੀ ਕਦਰ ਕਰਦੇ ਹੋ।—ਕਹਾਉਤਾਂ 31:28.

10, 11. ਇਸਰਾਏਲ ਕੌਮ ਨਾਲ ਯਹੋਵਾਹ ਦੇ ਵਰਤਾਉ ਤੋਂ ਮਾਪੇ ਕੀ ਸਿੱਖ ਸਕਦੇ ਹਨ?

10 ਆਪਣੇ ਬੱਚਿਆਂ ਦੀ ਦੇਖ-ਭਾਲ ਕਰਨ ਵਿਚ, ਖ਼ਾਸ ਕਰਕੇ ਤਾੜਨਾ ਦੇਣ ਦੇ ਸਮੇਂ, ਮਾਪਿਆਂ ਨੂੰ ਪਰਮੇਸ਼ੁਰ ਦੀ ਰੀਸ ਕਰਨੀ ਚਾਹੀਦੀ ਹੈ। ‘ਯਹੋਵਾਹ ਇਸਰਾਏਲ ਤੇ ਯਹੂਦਾਹ ਨੂੰ ਚਿਤਾਵਨੀ ਦਿੰਦਾ ਰਿਹਾ’ ਕਿ ਉਹ ਆਪਣੇ ਭੈੜੇ ਰਾਹਾਂ ਤੋਂ ਮੁੜਨ, ਪਰ ਉਹ ‘ਢੀਠ ਹੁੰਦੇ ਗਏ।’ (2 ਰਾਜਿਆਂ 17:13-15) ਇੱਥੋਂ ਤਕ ਕਿ ਇਸਰਾਏਲੀਆਂ ਨੇ “ਆਪਣੇ ਮੂੰਹ ਨਾਲ ਲੱਲੋ ਪੱਤੋ ਕੀਤੀ, ਅਤੇ ਆਪਣੀ ਜ਼ਬਾਨ ਨਾਲ ਉਸ ਦੇ ਲਈ ਝੂਠ ਮਾਰਿਆ।” ਕਈ ਮਾਪੇ ਸ਼ਾਇਦ ਮਹਿਸੂਸ ਕਰਨ ਕਿ ਉਨ੍ਹਾਂ ਦੇ ਬੱਚੇ ਵੀ ਕਦੀ-ਕਦੀ ਇਸੇ ਤਰ੍ਹਾਂ ਕਰਦੇ ਹਨ। ਇਸਰਾਏਲੀਆਂ ਨੇ ‘ਪਰਮੇਸ਼ੁਰ ਨੂੰ ਪਰਤਾ’ ਕੇ ਉਸ ਦਾ ਦਿਲ ਬਹੁਤ ਹੀ ਦੁਖੀ ਕੀਤਾ। ਲੇਕਿਨ, ਯਹੋਵਾਹ ਨੇ “ਰਹੀਮ ਹੋ ਕੇ ਉਨ੍ਹਾਂ ਦੀ ਬੁਰਿਆਈ ਨੂੰ ਖਿਮਾ ਕੀਤਾ, ਅਤੇ ਉਸ ਨੇ ਉਨ੍ਹਾਂ ਦਾ ਨਾਸ ਨਾ ਕੀਤਾ।”—ਜ਼ਬੂਰ 78:36-41.

11 ਯਹੋਵਾਹ ਨੇ ਇਸਰਾਏਲੀਆਂ ਅੱਗੇ ਤਰਲੇ ਵੀ ਕੀਤੇ ਕਿ “ਆਓ, ਅਸੀਂ ਸਲਾਹ ਕਰੀਏ, . . . ਭਾਵੇਂ ਤੁਹਾਡੇ ਪਾਪ ਕਿਰਮਚ ਜੇਹੇ ਹੋਣ, ਓਹ ਬਰਫ ਜੇਹੇ ਚਿੱਟੇ ਹੋ ਜਾਣਗੇ, ਭਾਵੇਂ ਓਹ ਮਜੀਠ ਜੇਹੇ ਲਾਲ ਹੋਣ, ਓਹ ਉੱਨ ਜੇਹੇ ਹੋ ਜਾਣਗੇ।” (ਯਸਾਯਾਹ 1:18) ਭਾਵੇਂ ਗ਼ਲਤੀ ਯਹੋਵਾਹ ਦੀ ਨਹੀਂ ਸੀ ਉਸ ਨੇ ਬਾਗ਼ੀ ਕੌਮ ਨੂੰ ਆ ਕੇ ਉਸ ਨਾਲ ਸਲਾਹ ਕਰਨ ਲਈ ਕਿਹਾ। ਯਹੋਵਾਹ ਦਾ ਕਿੰਨਾ ਵਧੀਆ ਰਵੱਈਆ ਹੈ! ਮਾਪੇ ਆਪਣਿਆਂ ਬੱਚਿਆਂ ਨਾਲ ਗੱਲ ਕਰਦੇ ਸਮੇਂ ਉਸ ਦੀ ਰੀਸ ਕਰ ਸਕਦੇ ਹਨ। ਜਦੋਂ ਵੀ ਸੰਭਵ ਹੋਵੇ, ਬੱਚਿਆਂ ਦੀ ਗੱਲ ਸੁਣਨ ਦੁਆਰਾ ਉਨ੍ਹਾਂ ਦਾ ਆਦਰ ਕਰੋ, ਅਤੇ ਉਨ੍ਹਾਂ ਨੂੰ ਸਮਝਾਓ ਕਿ ਉਨ੍ਹਾਂ ਨੂੰ ਬਦਲਣਾ ਕਿਉਂ ਚਾਹੀਦਾ ਹੈ।

12. (ੳ) ਸਾਨੂੰ ਆਪਣੇ ਬੱਚਿਆਂ ਨੂੰ ਯਹੋਵਾਹ ਨਾਲੋਂ ਜ਼ਿਆਦਾ ਆਦਰ ਦੇਣ ਤੋਂ ਕਿਉਂ ਪਰਹੇਜ਼ ਕਰਨਾ ਚਾਹੀਦਾ ਹੈ? (ਅ) ਬੱਚਿਆਂ ਨੂੰ ਪਿਆਰ ਨਾਲ ਤਾੜਨਾ ਦੇਣ ਲਈ ਮਾਪਿਆਂ ਨੂੰ ਕਿਹੜੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ?

12 ਪਰ ਇਹ ਵੀ ਸੱਚ ਹੈ ਕਿ ਕਦੀ-ਕਦੀ ਬੱਚਿਆਂ ਨੂੰ ਸਖ਼ਤ ਤਾੜਨਾ ਦੀ ਜ਼ਰੂਰਤ ਪੈਂਦੀ ਹੈ। ਮਾਪਿਆਂ ਨੂੰ ਏਲੀ ਵਰਗੇ ਨਹੀਂ ਹੋਣਾ ਚਾਹੀਦਾ, ਜਿਸ ਨੇ ‘ਆਪਣੇ ਪੁੱਤ੍ਰਾਂ ਦਾ ਯਹੋਵਾਹ ਨਾਲੋਂ ਵਧੀਕ ਆਦਰ ਕੀਤਾ ਸੀ।’ (1 ਸਮੂਏਲ 2:29) ਲੇਕਿਨ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਤਾੜਨਾ ਕਿਉਂ ਦਿੱਤੀ ਜਾ ਰਹੀ ਹੈ। ਉਨ੍ਹਾਂ ਦੇ ਮਨ ਵਿਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਨਾਲ ਬਹੁਤ ਪਿਆਰ ਕਰਦੇ ਹਨ। ਪੌਲੁਸ ਪਿਤਾਵਾਂ ਨੂੰ ਸਲਾਹ ਦਿੰਦਾ ਹੈ ਕਿ “ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।” (ਅਫ਼ਸੀਆਂ 6:4) ਭਾਵੇਂ ਕੀ ਪਿਤਾ ਕੋਲ ਬੱਚੇ ਉੱਤੇ ਅਧਿਕਾਰ ਰੱਖਣ ਦਾ ਹੱਕ ਹੈ, ਇੱਥੇ ਸਮਝਾਇਆ ਜਾਂਦਾ ਹੈ ਕਿ ਪਿਤਾਵਾਂ ਨੂੰ ਆਪਣੇ ਬੱਚਿਆਂ ਦਾ ਲਿਹਾਜ਼ ਕਰਨਾ ਚਾਹੀਦਾ ਹੈ ਅਤੇ ਜ਼ਿਆਦਾ ਕਠੋਰ ਬਣ ਕੇ ਉਨ੍ਹਾਂ ਨੂੰ ਗੁੱਸੇ ਨਹੀਂ ਕਰਨਾ ਚਾਹੀਦਾ। ਜੀ ਹਾਂ, ਬੱਚਿਆਂ ਨਾਲ ਇਸ ਤਰ੍ਹਾਂ ਦਾ ਸਲੂਕ ਕਰਨ ਲਈ ਮਾਪਿਆਂ ਨੂੰ ਸਮਾਂ ਲਾਉਣਾ ਅਤੇ ਜਤਨ ਕਰਨਾ ਪੈਂਦਾ ਹੈ। ਲੇਕਿਨ ਇਸ ਤਰ੍ਹਾਂ ਦੀਆਂ ਕੁਰਬਾਨੀਆਂ ਦੀਆਂ ਬਰਕਤਾਂ ਬਹੁਤ ਹਨ।

13. ਪਰਿਵਾਰ ਦੇ ਸਿਆਣਿਆਂ ਮੈਂਬਰਾਂ ਬਾਰੇ ਬਾਈਬਲ ਕੀ ਕਹਿੰਦੀ ਹੈ?

13 ਪਰਿਵਾਰ ਦੇ ਮੈਂਬਰਾਂ ਦਾ ਆਦਰ ਕਰਨ ਵਿਚ ਸਿਰਫ਼ ਪਤਨੀ ਅਤੇ ਬੱਚਿਆਂ ਨੂੰ ਮਾਣ ਬਖ਼ਸ਼ਣ ਦੀ ਗੱਲ ਨਹੀਂ ਹੁੰਦੀ। ਇਕ ਜਪਾਨੀ ਕਹਾਵਤ ਕਹਿੰਦੀ ਹੈ ਕਿ “ਜਦੋਂ ਤੁਸੀਂ ਸਿਆਣੇ ਹੋ ਜਾਂਦੇ ਹੋ ਤਾਂ ਆਪਣੇ ਬੱਚਿਆਂ ਦੀ ਗੱਲ ਸੁਣੋ।” ਇਸ ਕਹਾਵਤ ਦਾ ਮਤਲਬ ਇਹ ਹੈ ਕਿ ਸਿਆਣਿਆਂ ਮਾਪਿਆਂ ਨੂੰ ਆਪਣੇ ਬੱਚਿਆਂ ਉੱਤੇ ਆਪਣੇ ਅਧਿਕਾਰ ਦਾ ਜ਼ਿਆਦਾ ਹੱਕ ਨਹੀਂ ਜਤਾਉਣਾ ਚਾਹੀਦਾ। ਉਨ੍ਹਾਂ ਨੂੰ ਆਪਣੇ ਵੱਡੇ ਹੋਏ ਬੱਚਿਆਂ ਦੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਸੱਚ ਹੈ ਕਿ ਬਾਈਬਲ ਦੇ ਅਨੁਸਾਰ ਮਾਪਿਆਂ ਨੂੰ ਬੱਚਿਆਂ ਦੀ ਗੱਲ ਸੁਣਨ ਦੁਆਰਾ ਉਨ੍ਹਾਂ ਦਾ ਆਦਰ ਕਰਨਾ ਚਾਹੀਦਾ ਹੈ, ਲੇਕਿਨ ਬੱਚਿਆਂ ਨੂੰ ਵੀ ਪਰਿਵਾਰ ਦੇ ਸਿਆਣੇ ਮੈਂਬਰਾਂ ਦਾ ਆਦਰ ਕਰਨਾ ਚਾਹੀਦਾ ਹੈ। ਕਹਾਉਤਾਂ 23:22 ਵਿਚ ਲਿਖਿਆ ਹੈ ਕਿ “ਆਪਣੀ ਮਾਂ ਨੂੰ ਉਹ ਦੇ ਬੁਢੇਪੇ ਦੇ ਸਮੇਂ ਤੁੱਛ ਨਾ ਜਾਣ।” ਰਾਜਾ ਸੁਲੇਮਾਨ ਨੇ ਇਸ ਕਹਾਵਤ ਨੂੰ ਲਾਗੂ ਕਰਦੇ ਹੋਏ ਆਪਣੀ ਮਾਂ ਦਾ ਆਦਰ ਕੀਤਾ ਸੀ ਜਦੋਂ ਉਹ ਉਸ ਨਾਲ ਗੱਲ ਕਰਨ ਆਈ ਸੀ। ਉਸ ਨੇ ਆਪਣੇ ਸੱਜੇ ਪਾਸੇ ਆਪਣੀ ਸਿਆਣੀ ਮਾਂ, ਬਥ-ਸ਼ਬਾ, ਲਈ ਇਕ ਸ਼ਾਹੀ ਕੁਰਸੀ ਡਾਹੀ ਅਤੇ ਉਸ ਦੀ ਗੱਲ ਸੁਣੀ।—1 ਰਾਜਿਆਂ 2:19, 20.

14. ਅਸੀਂ ਕਲੀਸਿਯਾ ਦੇ ਸਿਆਣੇ ਭੈਣਾਂ-ਭਰਾਵਾਂ ਦਾ ਆਦਰ ਕਿਸ ਤਰ੍ਹਾਂ ਕਰ ਸਕਦੇ ਹਾਂ?

14 ਅਸੀਂ ਸਾਰੇ ਅੱਗੇ ਵੱਧ ਕੇ ਆਪਣੇ ਰੂਹਾਨੀ ਪਰਿਵਾਰ ਵਿਚ ਕਲੀਸਿਯਾ ਦੇ ਸਿਆਣੇ ਭੈਣਾਂ-ਭਰਾਵਾਂ ਦਾ ਆਦਰ ਕਰ ਸਕਦੇ ਹਾਂ। (ਰੋਮੀਆਂ 12:10) ਉਹ ਸ਼ਾਇਦ ਪਹਿਲਾਂ ਜਿੰਨਾ ਨਾ ਕਰ ਸਕਣ, ਇਸ ਲਈ ਉਹ ਮਾਯੂਸ ਹੋ ਸਕਦੇ ਹਨ। (ਉਪਦੇਸ਼ਕ ਦੀ ਪੋਥੀ 12:1-7) ਮਸਹ ਕੀਤੀ ਹੋਈ ਇਕ ਸਿਆਣੀ ਭੈਣ ਹਸਪਤਾਲ ਵਿਚ ਬੀਮਾਰ ਪਈ ਹੋਈ ਸੀ। ਉਸ ਨੇ ਮਾਯੂਸੀ ਵਿਚ ਇਹ ਗੱਲ ਕਹੀ ਕਿ “ਮੈਂ ਮਰਨਾ ਚਾਹੁੰਦੀ ਹਾਂ ਤਾਂਕਿ ਸਵਰਗ ਵਿਚ ਜਾ ਕੇ ਮੈਂ ਕੰਮ ਕਰਨਾ ਸ਼ੁਰੂ ਕਰ ਸਕਾਂ।” ਅਜਿਹੇ ਸਿਆਣੇ ਭੈਣਾਂ-ਭਰਾਵਾਂ ਦੀ ਕਦਰ ਅਤੇ ਆਦਰ ਕਰ ਕੇ ਅਸੀਂ ਉਨ੍ਹਾਂ ਨੂੰ ਸਹਾਰਾ ਦੇ ਸਕਦੇ ਹਾਂ। ਇਸਰਾਏਲੀਆਂ ਨੂੰ ਹੁਕਮ ਦਿੱਤਾ ਗਿਆ ਸੀ ਕਿ ‘ਧਉਲੇ ਸਿਰ ਦੇ ਅੱਗੇ ਉੱਠੋ, ਬੁੱਢੇ ਦੇ ਮੂੰਹ ਦਾ ਆਦਰ ਕਰੋ।’ (ਲੇਵੀਆਂ 19:32) ਸਿਆਣਿਆਂ ਨੂੰ ਦਿਖਾਓ ਕਿ ਉਨ੍ਹਾਂ ਨਾਲ ਪਿਆਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਕਦਰ ਕੀਤੀ ਜਾਂਦੀ ਹੈ। ‘ਅੱਗੇ ਉੱਠਣ’ ਵਿਚ ਸ਼ਾਇਦ ਉਨ੍ਹਾਂ ਨਾਲ ਬੈਠ ਕੇ ਉਨ੍ਹਾਂ ਦੇ ਜੀਵਨ ਬਾਰੇ ਉਨ੍ਹਾਂ ਦੀਆਂ ਗੱਲਾਂ ਸੁਣਨੀਆਂ ਵੀ ਸ਼ਾਮਲ ਹੋਵੇ। ਇਸ ਤਰ੍ਹਾਂ ਸਿਆਣਿਆਂ ਦਾ ਆਦਰ ਕਰ ਕੇ ਅਸੀਂ ਆਪਣੀ ਰੂਹਾਨੀ ਜ਼ਿੰਦਗੀ ਵਿਚ ਵੀ ਖ਼ੁਸ਼ੀ ਲਿਆਵਾਂਗੇ।

ਆਦਰ ਕਰਨ ਵਿਚ ਅੱਗੇ ਵਧੋ

15. ਕਲੀਸਿਯਾ ਦੇ ਭੈਣਾਂ-ਭਰਾਵਾਂ ਦਾ ਆਦਰ ਕਰਨ ਲਈ ਬਜ਼ੁਰਗ ਕੀ ਕਰ ਸਕਦੇ ਹਨ?

15 ਜਦੋਂ ਬਜ਼ੁਰਗ ਇਕ ਚੰਗਾ ਨਮੂਨਾ ਕਾਇਮ ਕਰਦੇ ਹਨ ਉਦੋਂ ਕਲੀਸਿਯਾ ਦੇ ਭੈਣ-ਭਰਾ ਬਹੁਤ ਤਰੱਕੀ ਕਰਦੇ ਹਨ। (1 ਪਤਰਸ 5:2, 3) ਇਹ ਸੱਚ ਹੈ ਕਿ ਬਜ਼ੁਰਗਾਂ ਨੂੰ ਬਹੁਤ ਕੰਮ ਹੁੰਦਾ ਹੈ, ਪਰ ਫਿਰ ਵੀ ਉਹ ਸਾਰਿਆਂ ਦੀ ਦੇਖ-ਭਾਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਨੌਜਵਾਨਾਂ, ਪਰਿਵਾਰਕ ਸਿਰਾਂ, ਇਕੱਲੀਆਂ ਮਾਵਾਂ, ਘਰ ਦਾ ਕੰਮ ਸੰਭਾਲਣ ਵਾਲੀਆਂ ਭੈਣਾਂ, ਅਤੇ ਸਿਆਣਿਆਂ ਨਾਲ ਗੱਲ ਬਾਤ ਕਰਨ ਵਿਚ ਹਮੇਸ਼ਾ ਪਹਿਲ ਕਰਦੇ ਹਨ, ਚਾਹੇ ਭੈਣਾਂ-ਭਰਾਵਾਂ ਕੋਲ ਮੁਸ਼ਕਲਾਂ ਹੋਣ ਜਾਂ ਨਹੀਂ। ਬਜ਼ੁਰਗ ਕਲੀਸਿਯਾ ਦੇ ਭੈਣਾਂ-ਭਰਾਵਾਂ ਦੀ ਗੱਲ ਸੁਣਦੇ ਹਨ ਅਤੇ ਉਨ੍ਹਾਂ ਦਿਆਂ ਜਤਨਾਂ ਲਈ ਉਨ੍ਹਾਂ ਨੂੰ ਸ਼ਾਬਾਸ਼ ਦਿੰਦੇ ਹਨ। ਇਸ ਤਰ੍ਹਾਂ ਕਰਨ ਵਾਲੇ ਬਜ਼ੁਰਗ ਯਹੋਵਾਹ ਦੀ ਰੀਸ ਕਰਦੇ ਹਨ ਜੋ ਕਿ ਆਪਣੇ ਸੇਵਕਾਂ ਦੀ ਕਦਰ ਕਰਦਾ ਹੈ।

16. ਬਜ਼ੁਰਗਾਂ ਨੂੰ ਕਲੀਸਿਯਾ ਦੇ ਦੂਸਰਿਆਂ ਮੈਂਬਰਾਂ ਤੋਂ ਉੱਚਾ ਕਿਉਂ ਨਹੀਂ ਸਮਝਣਾ ਚਾਹੀਦਾ?

16 ਯਹੋਵਾਹ ਦੀ ਰੀਸ ਕਰਨ ਦੁਆਰਾ, ਬਜ਼ੁਰਗ ਪੌਲੁਸ ਦੀ ਸਲਾਹ ਲਾਗੂ ਕਰਨ ਦੀ ਵਧੀਆ ਮਿਸਾਲ ਕਾਇਮ ਕਰਦੇ ਹਨ: “ਭਰੱਪਣ ਦੇ ਪ੍ਰੇਮ ਵਿੱਚ ਇੱਕ ਦੂਏ ਨਾਲ ਗੂੜ੍ਹਾ ਹਿਤ ਰੱਖੋ, ਆਦਰ ਵਿੱਚ ਦੂਏ ਨੂੰ ਚੰਗਾ ਸਮਝੋ।” (ਰੋਮੀਆਂ 12:10) ਇਹ ਸ਼ਾਇਦ ਉਨ੍ਹਾਂ ਬਜ਼ੁਰਗਾਂ ਲਈ ਜ਼ਿਆਦਾ ਔਖਾ ਹੋਵੇ ਜੋ ਅਜਿਹੇ ਦੇਸ਼ਾਂ ਵਿਚ ਰਹਿੰਦੇ ਹਨ ਜਿੱਥੇ ਵੱਡੇ-ਛੋਟੇ ਜਾਂ ਕਿਸੇ ਦੀ ਪਦਵੀ ਵੱਲ ਬਹੁਤ ਧਿਆਨ ਦਿੱਤਾ ਜਾਂਦਾ ਹੈ। ਮਿਸਾਲ ਲਈ, ਇਕ ਪੂਰਬੀ ਦੇਸ਼ ਵਿਚ “ਭਰਾ” ਲਈ ਦੋ ਸ਼ਬਦ ਵਰਤੇ ਜਾਂਦੇ ਹਨ। ਇਕ ਸ਼ਬਦ ਬਹੁਤ ਹੀ ਇੱਜ਼ਤ ਵਾਲਾ ਹੈ ਅਤੇ ਦੂਸਰਾ ਆਮ ਹੈ। ਹਾਲ ਹੀ ਦੇ ਸਮੇਂ ਤਕ, ਕਲੀਸਿਯਾ ਦੇ ਭੈਣ-ਭਰਾ ਬਜ਼ੁਰਗਾਂ ਨੂੰ ਅਤੇ ਸਿਆਣਿਆਂ ਨੂੰ ਇੱਜ਼ਤ ਵਾਲੇ ਸ਼ਬਦ ਨਾਲ ਬੁਲਾਉਂਦੇ ਸਨ, ਜਦ ਕਿ ਦੂਸਰਿਆਂ ਲਈ ਆਮ ਸ਼ਬਦ ਵਰਤਦੇ ਸਨ। ਲੇਕਿਨ, ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਗਿਆ ਕਿ ਉਹ ਸਾਰਿਆਂ ਲਈ ਆਮ ਸ਼ਬਦ ਵਰਤਣ ਕਿਉਂਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ “ਤੁਸੀਂ ਸੱਭੋ ਭਾਈ ਹੋ।” (ਮੱਤੀ 23:8) ਭਾਵੇਂ ਕਿ ਹੋਰ ਦੇਸ਼ਾਂ ਵਿਚ ਵੱਡੇ-ਛੋਟੇ ਦਾ ਜਾਂ ਕਿਸੇ ਦੀ ਪਦਵੀ ਦਾ ਇੰਨਾ ਫ਼ਰਕ ਨਹੀਂ ਕੀਤਾ ਜਾਂਦਾ, ਥੋੜ੍ਹਾ-ਬਹੁਤ ਫ਼ਰਕ ਤਾਂ ਜ਼ਰੂਰ ਕੀਤਾ ਜਾਂਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਅਸੀਂ ਭਿੰਨ-ਭੇਤ ਨਾ ਕਰੀਏ।—ਯਾਕੂਬ 2:4.

17. (ੳ) ਬਜ਼ੁਰਗਾਂ ਨਾਲ ਗੱਲ ਕਰਨੀ ਕਿਉਂ ਸੌਖੀ ਹੋਣੀ ਚਾਹੀਦੀ ਹੈ? (ਅ) ਕਲੀਸਿਯਾ ਦੇ ਭੈਣਾਂ-ਭਰਾਵਾਂ ਨਾਲ ਮਿਲਣ-ਵਰਤਣ ਵਿਚ ਬਜ਼ੁਰਗ ਕਿਨ੍ਹਾਂ ਗੱਲਾਂ ਵਿਚ ਯਹੋਵਾਹ ਦੀ ਰੀਸ ਕਰ ਸਕਦੇ ਹਨ?

17 ਇਹ ਸੱਚ ਹੈ ਕਿ ਪੌਲੁਸ ਨੇ ਕਿਹਾ ਸੀ ਕਿ ਕੁਝ ਬਜ਼ੁਰਗ “ਦੂਣੇ ਆਦਰ” ਦੇ ਯੋਗ ਹਨ, ਪਰ ਫਿਰ ਵੀ ਉਹ ਭਰਾ ਹਨ। (1 ਤਿਮੋਥਿਉਸ 5:17) ਜੇ ਅਸੀਂ ਵਿਸ਼ਵ ਦੇ ਸਰਬਸ਼ਕਤੀਮਾਨ ਪਰਮੇਸ਼ੁਰ ਦੇ ‘ਕਿਰਪਾ ਦੇ ਸਿੰਘਾਸਣ ਦੇ ਅੱਗੇ ਦਿਲੇਰੀ ਨਾਲ ਚੱਲ ਸਕਦੇ ਹਾਂ,’ ਤਾਂ ਕੀ ਸਾਨੂੰ ਦਿਲੇਰੀ ਨਾਲ ਬਜ਼ੁਰਗਾਂ ਕੋਲ ਨਹੀਂ ਜਾਣਾ ਚਾਹੀਦਾ ਜੋ ਕਿ ਯਹੋਵਾਹ ਦੀ ਰੀਸ ਕਰ ਰਹੇ ਹਨ? (ਇਬਰਾਨੀਆਂ 4:16; ਅਫ਼ਸੀਆਂ 5:1) ਬਜ਼ੁਰਗ ਖ਼ੁਦ ਜਾਣ ਸਕਦੇ ਹਨ ਕਿ ਦੂਸਰਿਆਂ ਲਈ ਉਨ੍ਹਾਂ ਨਾਲ ਗੱਲ ਕਰਨੀ ਸੌਖੀ ਹੈ ਕਿ ਨਹੀਂ। ਕਿਸ ਤਰ੍ਹਾਂ? ਉਹ ਆਪਣੇ ਆਪ ਤੋਂ ਪੁੱਛ ਸਕਦੇ ਹਨ ਕਿ ‘ਮੇਰੀ ਮਦਦ ਮੰਗਣ ਲਈ ਜਾਂ ਮੈਨੂੰ ਸਲਾਹ ਦੇਣ ਲਈ ਕਿੰਨੇ ਕੁ ਭੈਣ-ਭਰਾ ਮੇਰੇ ਨਾਲ ਗੱਲ ਕਰਨ ਆਉਂਦੇ ਹਨ?’ ਯਹੋਵਾਹ ਦੀ ਰੀਸ ਕਰ ਕੇ ਦੂਸਰਿਆਂ ਨੂੰ ਆਪਣੇ ਨਾਲ ਕੰਮ ਲਾਓ। ਯਹੋਵਾਹ ਦੂਸਰਿਆਂ ਨੂੰ ਜ਼ਿੰਮੇਵਾਰੀਆਂ ਸੌਂਪਣ ਰਾਹੀਂ ਉਨ੍ਹਾਂ ਦਾ ਆਦਰ ਕਰਦਾ ਹੈ। ਜਦੋਂ ਕੋਈ ਭੈਣ ਜਾਂ ਭਰਾ ਅਜਿਹਾ ਸੁਝਾਅ ਪੇਸ਼ ਕਰੇ ਜੋ ਸ਼ਾਇਦ ਠੀਕ ਨਾ ਲੱਗੇ, ਉਦੋਂ ਵੀ ਬਜ਼ੁਰਗਾਂ ਨੂੰ ਉਨ੍ਹਾਂ ਦੀ ਕਦਰ ਕਰਨੀ ਚਾਹੀਦੀ ਹੈ। ਯਾਦ ਰੱਖੋ ਕਿ ਯਹੋਵਾਹ ਨੇ ਅਬਰਾਹਾਮ ਦੀ ਗੱਲ ਸੁਣੀ ਸੀ ਜਦੋਂ ਉਸ ਨੇ ਸਵਾਲ ਉਠਾਏ ਸਨ। ਅਤੇ ਉਸ ਨੇ ਹਬੱਕੂਕ ਦੀ ਗੱਲ ਵੀ ਸੁਣੀ ਸੀ ਜਦੋਂ ਉਹ ਦੁੱਖ ਦਾ ਮਾਰਿਆ ਉਸ ਨੂੰ ਪੁਕਾਰ ਰਿਹਾ ਸੀ।

18. ਬਜ਼ੁਰਗ ਸੰਗੀ ਮਸੀਹੀਆਂ ਨੂੰ ਸੁਧਾਰਦੇ ਹੋਏ ਯਹੋਵਾਹ ਦੀ ਰੀਸ ਕਿਸ ਤਰ੍ਹਾਂ ਕਰ ਸਕਦੇ ਹਨ?

18 ਕਦੇ-ਕਦੇ ਕੁਝ ਸੰਗੀ ਮਸੀਹੀਆਂ ਨੂੰ ਸੁਧਾਰਨਾ ਪੈਂਦਾ ਹੈ। (ਗਲਾਤੀਆਂ 6:1) ਲੇਕਿਨ ਫਿਰ ਵੀ ਉਹ ਯਹੋਵਾਹ ਦੀ ਨਜ਼ਰ ਵਿਚ ਅਨਮੋਲ ਹਨ ਅਤੇ ਉਨ੍ਹਾਂ ਦਾ ਆਦਰ ਕੀਤਾ ਜਾਣਾ ਚਾਹੀਦਾ ਹੈ। ਇਕ ਮਸੀਹੀ ਭਰਾ ਨੇ ਕਿਹਾ ਕਿ “ਜਦੋਂ ਮੈਨੂੰ ਸਲਾਹ ਦੇਣ ਵਾਲਾ ਮੇਰਾ ਆਦਰ ਕਰਦਾ ਹੈ, ਮੈਂ ਸੌਖਿਆਂ ਹੀ ਉਸ ਨਾਲ ਗੱਲ ਕਰ ਸਕਦਾ ਹਾਂ।” ਜਦੋਂ ਅਦਬ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਸੁਣਨ ਵਾਲੇ ਅਕਸਰ ਖ਼ੁਸ਼ੀ-ਖ਼ੁਸ਼ੀ ਸਲਾਹ ਲਾਗੂ ਕਰ ਲੈਂਦੇ ਹਨ। ਗ਼ਲਤ ਕਦਮ ਚੁੱਕਣ ਵਾਲੇ ਦੀ ਗੱਲ ਸੁਣਨ ਵਿਚ ਸ਼ਾਇਦ ਜ਼ਿਆਦਾ ਸਮਾਂ ਲੱਗੇ ਪਰ ਜੇ ਅਸੀਂ ਧਿਆਨ ਨਾਲ ਸੁਣਦੇ ਹਾਂ, ਤਾਂ ਉਨ੍ਹਾਂ ਲਈ ਸਾਡੀ ਤਾੜਨਾ ਸਵੀਕਾਰ ਕਰਨੀ ਸੌਖੀ ਹੋ ਜਾਵੇਗੀ। ਯਾਦ ਰੱਖੋ ਕਿ ਯਹੋਵਾਹ ਨੇ ਇਸਰਾਏਲੀਆਂ ਉੱਤੇ ਤਰਸ ਖਾ ਕੇ ਉਨ੍ਹਾਂ ਨੂੰ ਵਾਰ-ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। (2 ਇਤਹਾਸ 36:15; ਤੀਤੁਸ 3:2) ਇਸੇ ਤਰ੍ਹਾਂ, ਜੇ ਅਸੀਂ ਹਮਦਰਦੀ ਨਾਲ ਤਾੜਨਾ ਦੇਵਾਂਗੇ ਤਾਂ ਸੁਣਨ ਵਾਲਿਆਂ ਦੇ ਦਿਲਾਂ ਉੱਤੇ ਅਸਰ ਪਵੇਗਾ।—ਕਹਾਉਤਾਂ 17:17; ਫ਼ਿਲਿੱਪੀਆਂ 2:2, 3; 1 ਪਤਰਸ 3:8.

19. ਸਾਨੂੰ ਉਨ੍ਹਾਂ ਲੋਕਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਕਰਨਾ ਚਾਹੀਦਾ ਹੈ ਜੋ ਸੱਚਾਈ ਵਿਚ ਨਹੀਂ ਹਨ?

19 ਸਾਨੂੰ ਉਨ੍ਹਾਂ ਲੋਕਾਂ ਦਾ ਵੀ ਆਦਰ ਕਰਨਾ ਚਾਹੀਦਾ ਹੈ ਜੋ ਸ਼ਾਇਦ ਹਾਲੇ ਸੱਚਾਈ ਵਿਚ ਨਹੀਂ ਹਨ। ਅਜਿਹੇ ਲੋਕ ਸ਼ਾਇਦ ਹਾਲੇ ਸੱਚਾਈ ਨੂੰ ਪੂਰੀ ਤਰ੍ਹਾਂ ਕਬੂਲ ਨਾ ਕਰਨ, ਪਰ ਫਿਰ ਵੀ ਸਾਨੂੰ ਧੀਰਜ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਯਹੋਵਾਹ “ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।” (2 ਪਤਰਸ 3:9) ਕੀ ਸਾਨੂੰ ਵੀ ਯਹੋਵਾਹ ਵਾਂਗ ਨਹੀਂ ਸੋਚਣਾ ਚਾਹੀਦਾ? ਜੇ ਅਸੀਂ ਹਮੇਸ਼ਾ ਚੰਗੀ ਤਰ੍ਹਾਂ ਲੋਕਾਂ ਨਾਲ ਮਿਲੀਏ-ਵਰਤੀਏ ਤਾਂ ਹੋ ਸਕਦਾ ਹੈ ਕਿ ਉਹ ਸਾਨੂੰ ਗਵਾਹੀ ਦੇਣ ਦਾ ਮੌਕਾ ਦੇਣ। ਪਰ ਸਾਨੂੰ ਅਜਿਹੀ ਸੰਗਤ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜਿਸ ਕਾਰਨ ਅਸੀਂ ਰੂਹਾਨੀ ਤੌਰ ਤੇ ਖ਼ਤਰੇ ਵਿਚ ਪੈ ਸਕਦੇ ਹਾਂ। (1 ਕੁਰਿੰਥੀਆਂ 15:33) ਫਿਰ ਵੀ, ਅਸੀਂ ਉਨ੍ਹਾਂ ਨਾਲ ਨਫ਼ਰਤ ਨਹੀਂ ਕਰਦੇ ਜੋ ਸੱਚਾਈ ਵਿਚ ਨਹੀਂ ਹਨ, ਸਗੋਂ ਸਾਰਿਆਂ ਲੋਕਾਂ ਨਾਲ “ਚੰਗਾ ਸਲੂਕ” ਕਰਦੇ ਹਾਂ।—ਰਸੂਲਾਂ ਦੇ ਕਰਤੱਬ 27:3.

20. ਯਹੋਵਾਹ ਅਤੇ ਯਿਸੂ ਮਸੀਹ ਦੀ ਮਿਸਾਲ ਦੀ ਸਾਨੂੰ ਕਿਸ ਤਰ੍ਹਾਂ ਰੀਸ ਕਰਨੀ ਚਾਹੀਦੀ ਹੈ?

20 ਜੀ ਹਾਂ, ਯਹੋਵਾਹ ਅਤੇ ਯਿਸੂ ਮਸੀਹ ਸਾਨੂੰ ਸਾਰਿਆਂ ਨੂੰ ਆਦਰ ਦੇ ਯੋਗ ਸਮਝਦੇ ਹਨ। ਆਓ ਆਪਾਂ ਹਮੇਸ਼ਾ ਯਾਦ ਰੱਖੀਏ ਕਿ ਉਨ੍ਹਾਂ ਨੇ ਦੂਸਰਿਆਂ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਸੀ ਅਤੇ ਉਨ੍ਹਾਂ ਦੀ ਰੀਸ ਕਰ ਕੇ ਦੂਸਰਿਆਂ ਦਾ ਆਦਰ ਕਰਨ ਵਿਚ ਅੱਗੇ ਵਧੀਏ। ਅਤੇ ਆਓ ਆਪਾਂ ਹਮੇਸ਼ਾ ਆਪਣੇ ਪ੍ਰਭੂ ਯਿਸੂ ਮਸੀਹ ਦੇ ਸ਼ਬਦ ਯਾਦ ਰੱਖੀਏ ਕਿ “ਤੁਸੀਂ ਸੱਭੋ ਭਾਈ ਹੋ।”—ਮੱਤੀ 23:8.

ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?

• ਤੁਹਾਨੂੰ ਸੰਗੀ ਮਸੀਹੀਆਂ ਬਾਰੇ ਕਿਸ ਤਰ੍ਹਾਂ ਸੋਚਣਾ ਚਾਹੀਦਾ ਹੈ?

• ਯਹੋਵਾਹ ਅਤੇ ਯਿਸੂ ਦੀ ਮਿਸਾਲ ਤੋਂ ਅਸੀਂ ਦੂਸਰਿਆਂ ਦਾ ਆਦਰ ਕਰਨਾ ਕਿਸ ਤਰ੍ਹਾਂ ਸਿੱਖ ਸਕਦੇ ਹਾਂ?

• ਪਤੀ ਅਤੇ ਮਾਪੇ ਪਰਿਵਾਰ ਦੇ ਦੂਸਰਿਆਂ ਮੈਂਬਰਾਂ ਦਾ ਆਦਰ ਕਿਸ ਤਰ੍ਹਾਂ ਕਰ ਸਕਦੇ ਹਨ?

• ਜੇ ਬਜ਼ੁਰਗ ਸੰਗੀ ਮਸੀਹੀਆਂ ਨੂੰ ਭਰਾ ਸਮਝਣ ਤਾਂ ਉਹ ਕੀ ਕਰਨ ਲਈ ਪ੍ਰੇਰਿਤ ਹੁੰਦੇ ਹਨ?

[ਸਵਾਲ]

[ਸਫ਼ੇ 18 ਉੱਤੇ ਤਸਵੀਰ]

ਆਪਣੀ ਪਤਨੀ ਨੂੰ ਦੱਸੋ ਕਿ ਤੁਸੀਂ ਉਸ ਦੀ ਕਦਰ ਕਰਦੇ ਹੋ

[ਸਫ਼ੇ 18 ਉੱਤੇ ਤਸਵੀਰ]

ਆਪਣੇ ਬੱਚਿਆਂ ਦੀ ਗੱਲ ਸੁਣਨ ਦੁਆਰਾ ਉਨ੍ਹਾਂ ਦਾ ਆਦਰ ਕਰੋ

[ਸਫ਼ੇ 18 ਉੱਤੇ ਤਸਵੀਰ]

ਕਲੀਸਿਯਾ ਦੇ ਭੈਣਾਂ-ਭਰਾਵਾਂ ਦਾ ਆਦਰ ਕਰੋ