ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਕੀ ਯਹੋਵਾਹ ਦੇ ਗਵਾਹਾਂ ਨੂੰ ਲਹੂ ਤੋਂ ਪ੍ਰਾਪਤ ਕੀਤੀਆਂ ਗਈਆਂ ਕੋਈ ਵੀ ਦਵਾਈਆਂ ਮਨਜ਼ੂਰ ਹਨ?
ਸਭ ਤੋਂ ਪਹਿਲਾਂ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਯਹੋਵਾਹ ਦੇ ਗਵਾਹ ਲਹੂ ਨਹੀਂ ਲੈਂਦੇ। ਸਾਡਾ ਇਹ ਪੱਕਾ ਵਿਸ਼ਵਾਸ ਹੈ ਕਿ ਲਹੂ ਬਾਰੇ ਪਰਮੇਸ਼ੁਰ ਦਾ ਕਾਨੂੰਨ ਕਦੇ ਵੀ ਨਹੀਂ ਬਦਲਿਆ ਜਾ ਸਕਦਾ ਭਾਵੇਂ ਕਿ ਸੰਸਾਰ ਜੋ ਮਰਜ਼ੀ ਮੰਨੇ। ਪਰ ਨਵੇਂ ਵਾਦ-ਵਿਸ਼ੇ ਖੜ੍ਹੇ ਹੋ ਰਹੇ ਹਨ ਕਿਉਂਕਿ ਹੁਣ ਲਹੂ ਸਿਰਫ਼ ਚਾਰ ਮੁੱਖ ਹਿੱਸਿਆਂ ਵਿਚ ਹੀ ਨਹੀਂ ਵੱਖ-ਵੱਖ ਕੀਤਾ ਜਾ ਸਕਦਾ ਹੈ ਪਰ ਇਨ੍ਹਾਂ ਹਿੱਸਿਆਂ ਤੋਂ ਹੋਰ ਵੀ ਹਿੱਸੇ ਵੱਖ-ਵੱਖ ਕੀਤੇ ਜਾ ਸਕਦੇ ਹਨ। ਇਨ੍ਹਾਂ ਨੂੰ ਫਰੈਕਸ਼ਨ ਸੱਦਿਆ ਜਾਂਦਾ ਹੈ। ਆਪਣੀ ਸਲਾਹ ਬਣਾਉਂਦੇ ਸਮੇਂ ਕਿ ਕੀ ਸਾਨੂੰ ਇਹ ਫਰੈਕਸ਼ਨ ਸਵੀਕਾਰ ਕਰ ਲੈਣੇ ਚਾਹੀਦੇ ਹਨ ਜਾਂ ਨਹੀਂ, ਇਕ ਮਸੀਹੀ ਨੂੰ ਸਰੀਰਕ ਫ਼ਾਇਦਿਆਂ ਅਤੇ ਖ਼ਤਰਿਆਂ ਤੋਂ ਇਲਾਵਾ ਹੋਰ ਕੁਝ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ। ਹਾਂ, ਉਸ ਨੂੰ ਬਾਈਬਲ ਦੀਆਂ ਗੱਲਾਂ ਅਤੇ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।
ਵੈਸੇ ਮੁੱਖ ਗੱਲਾਂ ਕਾਫ਼ੀ ਸਾਧਾਰਣ ਹਨ। ਇਹ ਸਮਝਣ ਲਈ ਕਿ ਮਾਮਲਾ ਕਿਉਂ ਸਾਧਾਰਣ ਹੈ, ਆਓ ਅਸੀਂ ਕੁਝ ਬਾਈਬਲ ਸੰਬੰਧੀ, ਇਤਿਹਾਸਕ, ਅਤੇ ਡਾਕਟਰੀ ਗੱਲਾਂ ਉੱਤੇ ਵਿਚਾਰ ਕਰੀਏ।
ਯਹੋਵਾਹ ਪਰਮੇਸ਼ੁਰ ਨੇ ਸਾਡੇ ਪੂਰਵਜ ਨੂਹ ਨੂੰ ਦੱਸਿਆ ਸੀ ਕਿ ਲਹੂ ਇਕ ਵਿਸ਼ੇਸ਼ ਚੀਜ਼ ਹੈ। (ਉਤਪਤ 9:3, 4) ਬਾਅਦ ਵਿਚ ਇਸਰਾਏਲ ਕੌਮ ਨੂੰ ਦਿੱਤੇ ਗਏ ਪਰਮੇਸ਼ੁਰ ਦੇ ਕਾਨੂੰਨਾਂ ਵਿਚ ਲਹੂ ਦੀ ਪਵਿੱਤਰਤਾਈ ਦਿਖਾਈ ਗਈ ਸੀ: “ਭਾਵੇਂ ਕੋਈ ਮਨੁੱਖ ਇਸਰਾਏਲ ਦੇ ਘਰਾਣੇ ਦਾ ਹੋਵੇ, ਯਾ ਉਨ੍ਹਾਂ ਓਪਰਿਆਂ ਵਿੱਚੋਂ . . . ਜਿਹੜਾ ਕਿਸੇ ਪਰਕਾਰ ਦਾ ਲਹੂ ਖਾਵੇ ਤਾਂ ਜਿਹੜਾ ਲਹੂ ਖਾਵੇ, ਮੈਂ ਓਸ ਪ੍ਰਾਣੀ ਦਾ ਵਿਰੋਧੀ ਬਣਾਂਗਾ।” ਪਰਮੇਸ਼ੁਰ ਦੇ ਕਾਨੂੰਨ ਨੂੰ ਤੋੜਨ ਵਾਲਾ ਕੋਈ ਵੀ ਇਸਰਾਏਲੀ ਬੰਦਾ ਦੂਜਿਆਂ ਨੂੰ ਮਲੀਨ ਕਰ ਸਕਦਾ ਸੀ; ਇਸ ਲਈ ਪਰਮੇਸ਼ੁਰ ਨੇ ਇਹ ਵੀ ਕਿਹਾ ਸੀ ਕਿ ‘ਮੈਂ ਉਸ ਨੂੰ ਉਸ ਦਿਆਂ ਲੋਕਾਂ ਵਿੱਚੋਂ ਛੇਕ ਦੇਵਾਂਗਾ।’ (ਲੇਵੀਆਂ 17:10) ਬਾਅਦ ਵਿਚ ਯਰੂਸ਼ਲਮ ਵਿਚ ਇਕ ਸਭਾ ਤੇ ਹਾਜ਼ਰ ਰਸੂਲਾਂ ਅਤੇ ਬਜ਼ੁਰਗਾਂ ਨੇ ਇਹ ਹੁਕਮ ਦਿੱਤਾ ਕਿ ਸਾਨੂੰ ‘ਲਹੂ ਤੋਂ ਬਚੇ’ ਰਹਿਣਾ ਚਾਹੀਦਾ ਹੈ। ਇਹ ਮਾਮਲਾ ਉੱਨਾ ਮਹੱਤਵਪੂਰਣ ਹੈ ਜਿੰਨਾ ਹਰਾਮਕਾਰੀ ਅਤੇ ਮੂਰਤੀ-ਪੂਜਾ ਤੋਂ ਪਰਹੇਜ਼ ਕਰਨਾ ਮਹੱਤਵਪੂਰਣ ਹੈ।—ਰਸੂਲਾਂ ਦੇ ਕਰਤੱਬ 15:28, 29.
ਪਹਿਲੀ ਸਦੀ ਵਿਚ ਲਹੂ ਤੋਂ ‘ਬਚੇ ਰਹਿਣ’ ਦਾ ਕੀ ਅਰਥ ਸੀ? ਇਸ ਦਾ ਅਰਥ ਸੀ ਕਿ ਮਸੀਹੀ ਕਿਸੇ ਪ੍ਰਕਾਰ ਦਾ ਲਹੂ ਨਹੀਂ ਖਾਂਦੇ ਸਨ, ਭਾਵੇਂ ਤਾਜ਼ਾ ਜਾਂ ਜੰਮਿਆਂ ਹੋਇਆ; ਉਹ ਨਾ ਹੀ ਐਸੇ ਕਿਸੇ ਪਸ਼ੂ ਦਾ ਮਾਸ ਖਾਂਦੇ ਸਨ ਜਿਸ ਦਾ ਲਹੂ ਨਾ ਵਹਾਇਆ ਗਿਆ ਹੋਵੇ। ਉਹ ਉਸ ਪਸ਼ੂ ਦਾ ਮਾਸ ਵੀ ਨਹੀਂ ਖਾਂਦੇ ਸਨ ਜਿਸ ਦਾ ਲਹੂ ਵਹਾਇਆ ਨਾ ਗਿਆ ਹੋਵੇ ਅਤੇ ਨਾ ਹੀ ਉਹ ਅਜਿਹਾ ਭੋਜਨ ਖਾਂਦੇ ਸਨ ਜਿਸ ਵਿਚ ਲਹੂ ਰਲਾਇਆ ਗਿਆ ਹੋਵੇ ਜਿਵੇਂ ਕਿ ਲਹੂ ਵਾਲੇ ਸੋਸੇ। ਲਹੂ ਖਾਣ ਦੇ ਇਹ ਸਾਰੇ ਢੰਗ ਪਰਮੇਸ਼ੁਰ ਦੇ ਕਾਨੂੰਨ ਨੂੰ ਤੋੜਦੇ ਹਨ।—1 ਸਮੂਏਲ 14:32, 33.
ਟਰਟੂਲੀਅਨ ਦੂਜੀ-ਤੀਜੀ ਸਦੀ ਦਾ ਇਕ ਮਸੀਹੀ ਸੀ। ਅਸੀਂ ਉਸ ਦਿਆਂ ਲੇਖਾਂ ਤੋਂ ਦੇਖ ਸਕਦੇ ਹਾਂ ਕਿ ਬਹੁਤਿਆਂ ਲੋਕਾਂ ਲਈ ਲਹੂ ਖਾਣਾ ਕੋਈ ਵੱਡੀ ਗੱਲ ਨਹੀਂ ਸੀ। ਉਸ ਨੇ ਉਨ੍ਹਾਂ ਕਬੀਲਿਆਂ ਦੀ ਮਿਸਾਲ ਦਿੱਤੀ ਜੋ ਲਹੂ ਚੱਖ ਕੇ ਸਮਝੌਤੇ ਤੈਅ ਕਰਦੇ ਸਨ। ਉਸ ਨੇ ਲਹੂ ਦੇ ਉਨ੍ਹਾਂ ਪਿਆਸੇ ਲੋਕਾਂ ਬਾਰੇ ਵੀ ਦੱਸਿਆ ਸੀ, ਜੋ ‘ਮਿਰਗੀ ਦੇ ਇਲਾਜ ਲਈ ਰੰਗਭੂਮੀ ਵਿਚ ਹੋਣ ਵਾਲੇ ਮੁਕਾਬਲਿਆਂ ਤੇ ਦੋਸ਼ੀਆਂ ਦਾ ਤਾਜ਼ਾ-ਤਾਜ਼ਾ ਵਹਾਇਆ ਹੋਇਆ ਲਹੂ ਪੀਂਦੇ ਸਨ।’
ਮਸੀਹੀਆਂ ਵਾਸਤੇ ਇਸ ਤਰ੍ਹਾਂ ਕਰਨਾ ਗ਼ਲਤ ਸੀ, ਭਾਵੇਂ ਕਿ ਕੁਝ ਰੋਮੀ ਲੋਕ ਆਪਣੀ ਸਿਹਤ ਲਈ ਇਵੇਂ ਕਰਦੇ ਸਨ। ਜਦੋਂ ਮਸੀਹੀਆਂ ਉੱਤੇ ਝੂਠੇ ਇਲਜ਼ਾਮ ਲਗਾਏ ਗਏ ਕਿ ਉਹ ਲਹੂ ਖਾਂਦੇ ਸਨ, ਤਾਂ ਇਨ੍ਹਾਂ ਨੂੰ ਰੱਦ ਕਰਨ ਲਈ ਟਰਟੂਲੀਅਨ ਨੇ ਲਿਖਿਆ ਕਿ “ਸਾਡੀ ਖ਼ੁਰਾਕ ਵਿਚ ਤਾਂ ਪਸ਼ੂਆਂ ਦਾ ਲਹੂ ਵੀ ਨਹੀਂ ਸ਼ਾਮਲ ਹੁੰਦਾ।” ਰੋਮੀ ਲੋਕ ਮਸੀਹੀਆਂ ਦੀ ਖਰਿਆਈ ਪਰਖਣ ਲਈ ਅਜਿਹੇ ਭੋਜਨ ਵਰਤਦੇ ਹੁੰਦੇ ਸਨ ਜਿਸ ਵਿਚ ਲਹੂ ਰਲਾਇਆ ਗਿਆ ਹੁੰਦਾ ਸੀ। ਟਰਟੂਲੀਅਨ ਅੱਗੇ ਕਹਿੰਦਾ ਹੈ: “ਹੁਣ ਮੈਂ ਤੁਹਾਨੂੰ ਪੁੱਛਦਾ ਹਾਂ ਕਿ ਕੀ ਕਦੇ ਇਸ ਤਰ੍ਹਾਂ ਹੋ ਸਕਦਾ ਹੈ [ਕਿ ਮਸੀਹੀ] ਜੋ ਪਸ਼ੂਆਂ ਦਾ ਲਹੂ ਖਾਣ ਤੋਂ ਕਤਰਾਉਂਦੇ ਹਨ, ਉਹ ਕਦੇ ਇਨਸਾਨਾਂ ਦਾ ਲਹੂ ਪੀਣ ਲਈ ਪਿਆਸੇ ਹੋਣਗੇ?”
ਅੱਜ-ਕੱਲ੍ਹ ਜਦੋਂ ਇਕ ਡਾਕਟਰ ਮਰੀਜ਼ ਨੂੰ ਲਹੂ ਲੈਣ ਦੀ ਸਲਾਹ ਦਿੰਦਾ ਹੈ, ਤਾਂ ਬਹੁਤ ਘੱਟ ਹੀ ਮਰੀਜ਼ ਇਸ ਗੱਲ ਨੂੰ ਪਰਮੇਸ਼ੁਰ ਦੀਆਂ ਨਜ਼ਰਾਂ ਤੋਂ ਦੇਖਦੇ ਹਨ। ਜਦ ਕਿ ਯਹੋਵਾਹ ਦੇ ਗਵਾਹ ਸੱਚ-ਮੁੱਚ ਹੀ ਜੀਉਣਾ ਚਾਹੁੰਦੇ ਹਨ, ਉਹ ਲਹੂ ਦੇ ਸੰਬੰਧ ਵਿਚ ਯਹੋਵਾਹ ਦੇ ਕਾਨੂੰਨ ਬਿਲਕੁਲ ਨਹੀਂ ਤੋੜ ਸਕਦੇ। ਅੱਜ-ਕੱਲ੍ਹ ਦੀਆਂ ਡਾਕਟਰੀ ਤਰੱਕੀਆਂ ਨੂੰ ਧਿਆਨ ਵਿਚ ਰੱਖਦਿਆਂ, ਇਸ ਸਭ ਕੁਝ ਦਾ ਕੀ ਅਰਥ ਹੈ?
ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਜਿਉਂ-ਜਿਉਂ ਸੁਧੇ ਲਹੂ ਦੇ ਟ੍ਰਾਂਸਫਯੁਜ਼ਨ ਆਮ ਹੁੰਦੇ ਗਏ, ਯਹੋਵਾਹ ਦੇ ਗਵਾਹਾਂ ਨੂੰ ਅਹਿਸਾਸ ਹੋਇਆ ਕਿ ਇਹ ਗੱਲ ਪਰਮੇਸ਼ੁਰ ਦੇ ਕਾਨੂੰਨ ਦੇ ਵਿਰੁੱਧ ਹੈ। ਪਰ ਸਮਾਂ ਬੀਤਣ ਨਾਲ ਇਲਾਜ ਕਾਫ਼ੀ ਬਦਲ ਗਏ ਹਨ। ਅੱਜ-ਕੱਲ੍ਹ ਜ਼ਿਆਦਾ ਟ੍ਰਾਂਸਫਯੁਜ਼ਨ ਸੁਧੇ ਲਹੂ ਦੇ ਨਹੀਂ ਹੁੰਦੇ, ਪਰ ਉਸ ਵਿੱਚੋਂ ਵੱਖਰੇ ਕੀਤੇ ਇਨ੍ਹਾਂ ਮੁੱਖ ਹਿੱਸਿਆਂ ਦੇ ਟ੍ਰਾਂਸਫਯੁਜ਼ਨ ਹੁੰਦੇ ਹਨ: (1) ਲਾਲ ਸੈੱਲ; (2) ਚਿੱਟੇ ਸੈੱਲ; (3) ਬਿੰਬਾਣੂ (ਪਲੇਟਲੈਟ); (4) ਪਲਾਜ਼ਮਾ (ਸੀਰਮ), ਜਾਂ ਲਹੂ ਵਿਚਲਾ ਪਾਣੀ। ਮਰੀਜ਼ ਦੀ ਹਾਲਤ ਨੂੰ ਧਿਆਨ ਵਿਚ ਰੱਖਦਿਆਂ, ਡਾਕਟਰ ਉਸ ਨੂੰ ਲਾਲ ਸੈੱਲ, ਚਿੱਟੇ ਸੈੱਲ, ਪਲੇਟਲੈਟ, ਜਾਂ ਪਲਾਜ਼ਮਾ ਲੈਣ ਦੀ ਸਲਾਹ ਦੇ ਸਕਦੇ ਹਨ। ਇਸ ਤਰ੍ਹਾਂ ਲਹੂ ਦੇ ਮੁੱਖ ਹਿੱਸੇ ਦੇਣ ਨਾਲ ਥੋੜ੍ਹਾ ਜਿਹਾ ਲਹੂ ਕਈਆਂ ਮਰੀਜ਼ਾਂ ਵਿਚ ਵੰਡਿਆ ਜਾ ਸਕਦਾ ਹੈ। ਯਹੋਵਾਹ ਦੇ ਗਵਾਹਾਂ ਦਾ ਇਹ ਵਿਸ਼ਵਾਸ ਹੈ ਕਿ ਸੁਧੇ ਲਹੂ ਜਾਂ ਉਸ ਦੇ ਕਿਸੇ ਮੁੱਖ ਚਾਰ ਹਿੱਸਿਆਂ ਵਿੱਚੋਂ ਕਿਸੇ ਹਿੱਸੇ ਨੂੰ ਮਨਜ਼ੂਰ ਕਰਨਾ ਪਰਮੇਸ਼ੁਰ ਦੇ ਕਾਨੂੰਨ ਨੂੰ ਤੋੜਦਾ ਹੈ। ਦਿਲਚਸਪੀ ਦੀ ਗੱਲ ਹੈ ਕਿ ਬਾਈਬਲ ਦੇ ਇਸ ਕਾਨੂੰਨ ਦੀ ਪਾਲਣਾ ਕਰਦੇ ਹੋਏ, ਉਹ ਹੈਪੀਟਾਇਟਿਸ ਅਤੇ ਏਡਜ਼ ਵਰਗੀਆਂ ਬੀਮਾਰੀਆਂ ਦੇ ਖ਼ਤਰਿਆਂ ਤੋਂ ਆਪਣਾ ਬਚਾ ਕਰ ਸਕੇ ਹਨ। ਇਹ ਬੀਮਾਰੀਆਂ ਲਹੂ ਤੋਂ ਲੱਗ ਸਕਦੀਆਂ ਹਨ।
ਕਿਉਂ ਜੋ ਹੁਣ ਲਹੂ ਇਨ੍ਹਾਂ ਮੁੱਖ ਹਿੱਸਿਆਂ ਤੋਂ ਕੁਝ ਹੋਰ ਵੀ ਜ਼ਿਆਦਾ ਹਿੱਸਿਆਂ ਵਿਚ ਵੱਖਰਾ ਕੀਤਾ ਜਾ ਸਕਦਾ ਹੈ, ਇਨ੍ਹਾਂ ਫਰੈਕਸ਼ਨਾਂ ਦੀ ਵਰਤੋਂ ਬਾਰੇ ਸਵਾਲ ਪੈਦਾ ਹੁੰਦੇ ਹਨ। ਇਹ ਫਰੈਕਸ਼ਨ ਕਿਸ ਤਰ੍ਹਾਂ ਵਰਤੇ ਜਾਂਦੇ ਹਨ, ਅਤੇ ਇਨ੍ਹਾਂ ਬਾਰੇ ਫ਼ੈਸਲਾ ਕਰਨ ਵਿਚ ਇਕ ਮਸੀਹੀ ਨੂੰ ਕੀ ਧਿਆਨ ਵਿਚ ਰੱਖਣਾ ਚਾਹੀਦਾ ਹੈ?
ਲਹੂ ਇਕ ਬਹੁਤ ਹੀ ਗੁੰਝਲਦਾਰ ਚੀਜ਼ ਹੈ। ਪਲਾਜ਼ਮੇ ਵਿਚ 90 ਫੀ ਸਦੀ ਪਾਣੀ ਹੁੰਦਾ ਹੈ, ਪਰ ਫਿਰ ਵੀ ਇਸ ਵਿਚ ਅਨੇਕ ਪ੍ਰਕਾਰ ਦੇ ਹਾਰਮੋਨ, ਲੂਣ-ਖੰਡ, ਐਨਜ਼ਾਈਮ, ਅਤੇ ਪੌਸ਼ਟਿਕ ਨਾਲੇ ਖਣਿਜ ਪਦਾਰਥ ਪਾਏ ਜਾਂਦੇ ਹਨ। ਪਲਾਜ਼ਮੇ ਵਿਚ ਐਲਬਿਊਮਿਨ ਵਰਗੇ ਪ੍ਰੋਟੀਨ, ਕਲਾਟਿੰਗ ਪਦਾਰਥ, ਅਤੇ ਬੀਮਾਰੀਆਂ ਲੜਨ ਲਈ ਐਂਟੀਬੌਡੀਆਂ ਵੀ ਪਾਈਆਂ ਜਾਂਦੀਆਂ ਹਨ। ਤਕਨੀਸ਼ਨ ਪਲਾਜ਼ਮੇ ਵਿੱਚੋਂ ਅਨੇਕ ਪ੍ਰੋਟੀਨਾਂ ਨੂੰ ਅਲੱਗ-ਅਲੱਗ ਕਰ ਕੇ ਉਨ੍ਹਾਂ ਨੂੰ ਵਰਤਦੇ ਹਨ। ਮਿਸਾਲ ਲਈ, ਕਲਾਟਿੰਗ ਪਦਾਰਥ 8 ਹੀਮੋਫੀਲੀਆ ਦੇ ਮਰੀਜ਼ਾਂ ਨੂੰ ਦਿੱਤਾ ਜਾਂਦਾ ਹੈ। ਇਸ ਬੀਮਾਰੀ ਵਿਚ ਮਰੀਜ਼ ਦਾ ਲਹੂ ਛੇਤੀ ਹੀ ਵਹਿਣ ਲੱਗ ਪੈਂਦਾ ਹੈ। ਜੇਕਰ ਕਿਸੇ ਨੂੰ ਖ਼ਾਸ ਬੀਮਾਰੀਆਂ ਦੀ ਛੂਤ ਦਾ ਡਰ ਹੋਵੇ, ਡਾਕਟਰ ਸ਼ਾਇਦ ਮਰੀਜ਼ ਨੂੰ ਗਾਮਾ ਗਲੋਬੂਲਿਨ ਦੇ ਟੀਕਿਆਂ ਦੀ ਸਲਾਹ ਦੇਣ ਜੋ ਕਿ ਉਨ੍ਹਾਂ ਲੋਕਾਂ ਦੇ ਪਲਾਜ਼ਮੇ ਤੋਂ ਬਣੇ ਹੁੰਦੇ ਹਨ ਜੋ ਇਸ ਤੋਂ ਸੁਰੱਖਿਅਤ ਹਨ। ਡਾਕਟਰ ਪਲਾਜ਼ਮੇ ਦੇ ਹੋਰ ਪ੍ਰੋਟੀਨ ਵੀ ਵਰਤਦੇ ਹਨ, ਪਰ ਉੱਪਰ ਜ਼ਿਕਰ ਕੀਤੀ ਗਈ ਗੱਲ ਦਿਖਾਉਂਦੀ ਹੈ ਕਿ ਲਹੂ ਦੇ ਇਕ ਮੁੱਖ ਹਿੱਸੇ (ਪਲਾਜ਼ਮੇ) ਤੋਂ ਕਿਸ ਤਰ੍ਹਾਂ ਫਰੈਕਸ਼ਨ ਲਏ ਜਾ ਸਕਦੇ ਹਨ। *
ਜਿਸ ਤਰ੍ਹਾਂ ਪਲਾਜ਼ਮੇ ਤੋਂ ਅਨੇਕ ਫਰੈਕਸ਼ਨ ਲਏ ਜਾ ਸਕਦੇ ਹਨ, ਇਸੇ ਤਰ੍ਹਾਂ ਲਹੂ ਦੇ ਦੂਸਰੇ ਮੁੱਖ ਹਿੱਸਿਆਂ (ਲਾਲ ਸੈੱਲ, ਚਿੱਟੇ ਸੈੱਲ, ਪਲੇਟਲੈਟਾਂ) ਤੋਂ ਵੀ ਫਰੈਕਸ਼ਨ ਲਏ ਜਾ ਸਕਦੇ ਹਨ। ਮਿਸਾਲ ਲਈ, ਲਹੂ ਦੇ ਚਿੱਟਿਆਂ ਸੈੱਲਾਂ ਤੋਂ ਇੰਟਰਫੇਰਾਨ ਅਤੇ ਇੰਟਰਲੁਕਿਨ ਲਏ ਜਾ ਸਕਦੇ ਹਨ ਜੋ ਕੁਝ ਵਾਏਰਲ ਛੂਤਾਂ ਅਤੇ ਕੈਂਸਰਾਂ ਦੇ ਇਲਾਜ ਲਈ ਵਰਤੇ ਜਾਂਦੇ ਹਨ। ਪਲੇਟਲੈਟਾਂ ਦੇ ਫਰੈਕਸ਼ਨਾਂ ਤੋਂ ਜ਼ਖ਼ਮ ਭਰਨ ਵਾਲੀ ਦਵਾਈ ਬਣਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਹੋਰ ਦਵਾਈਆਂ ਵੀ ਬਣਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿਚ (ਘੱਟੋ-ਘੱਟ ਸ਼ੁਰੂ ਵਿਚ) ਲਹੂ ਦੇ ਫਰੈਕਸ਼ਨ ਵਰਤੇ ਜਾਂਦੇ ਹਨ। ਅਜਿਹੇ ਇਲਾਜ ਲਹੂ ਦੇ ਮੁੱਖ ਹਿੱਸਿਆਂ ਦਾ ਟ੍ਰਾਂਸਫਯੁਜ਼ਨ ਨਹੀਂ ਹਨ; ਉਨ੍ਹਾਂ ਵਿਚ ਆਮ ਤੌਰ ਤੇ ਲਹੂ ਦੇ ਮੁੱਖ ਹਿੱਸਿਆਂ ਦੇ ਫਰੈਕਸ਼ਨ ਹੁੰਦੇ ਹਨ। ਕੀ ਮਸੀਹੀਆਂ ਨੂੰ ਆਪਣੇ ਇਲਾਜ ਵਿਚ ਇਹ ਫਰੈਕਸ਼ਨ ਮਨਜ਼ੂਰ ਕਰ ਲੈਣੇ ਚਾਹੀਦੇ ਹਨ? ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ। ਬਾਈਬਲ ਇਸ ਸਵਾਲ ਦਾ ਜਵਾਬ ਨਹੀਂ ਦਿੰਦੀ। ਇਸ ਲਈ, ਹਰੇਕ ਮਸੀਹੀ ਨੂੰ ਪਰਮਾਤਮਾ ਨੂੰ ਧਿਆਨ ਵਿਚ ਰੱਖ ਕੇ ਆਪਣੀ ਜ਼ਮੀਰ ਅਨੁਸਾਰ ਆਪੋ-ਆਪਣਾ ਫ਼ੈਸਲਾ ਕਰਨਾ ਚਾਹੀਦਾ ਹੈ।
ਕਈ ਜਣਿਆਂ ਨੂੰ ਲਹੂ ਤੋਂ ਬਣਿਆ ਕੋਈ ਵੀ ਪਦਾਰਥ ਨਹੀਂ ਮਨਜ਼ੂਰ (ਭਾਵੇਂ ਕਿ ਉਹ ਲਹੂ ਦੇ ਫਰੈਕਸ਼ਨ ਤੋਂ ਬਣਿਆ ਹੋਵੇ ਅਤੇ ਥੋੜ੍ਹੇ ਚਿਰ ਦੀ ਸੁਰੱਖਿਆ ਦੇਣ ਲਈ ਹੀ ਵਰਤਿਆ ਜਾਣਾ ਹੋਵੇ)। ਉਨ੍ਹਾਂ ਲਈ ਪਰਮਾਤਮਾ ਦਾ ਹੁਕਮ ‘ਲਹੂ ਤੋਂ ਬਚੇ ਰਹੋ’ ਇਹ ਅਰਥ ਰੱਖਦਾ ਹੈ, ਕਿਉਂਕਿ ਉਹ ਜਾਣਦੇ ਹਨ ਕਿ ਇਸਰਾਏਲ ਨੂੰ ਦਿੱਤੇ ਕਾਨੂੰਨ ਅਨੁਸਾਰ ਕਿਸੇ ਵੀ ਜੀਵ-ਜੰਤੂ ਦੇ ਵਹੇ ਹੋਏ ਲਹੂ ਨੂੰ ‘ਧਰਤੀ ਉੱਤੇ ਡੋਹਲਿਆ’ ਜਾਣਾ ਚਾਹੀਦਾ ਹੈ। (ਬਿਵਸਥਾ ਸਾਰ 12:22-24) ਇਹ ਗੱਲ ਕਿਉਂ ਮਹੱਤਵਪੂਰਣ ਹੈ? ਕਿਉਂਕਿ ਗਾਮਾ ਗਲੋਬੂਲਿਨ ਅਤੇ ਲਹੂ ਤੇ ਆਧਾਰਿਤ ਕਲਾਟਿੰਗ ਪਦਾਰਥ ਵਗੈਰਾ-ਵਗੈਰਾ, ਬਣਾਉਣ ਲਈ ਲਹੂ ਇਕੱਠਾ ਕਰ ਕੇ ਉਸ ਨੂੰ ਮਸ਼ੀਨਾਂ ਰਾਹੀਂ ਬਦਲਣਾ ਪੈਂਦਾ ਹੈ। ਇਸ ਕਰਕੇ ਕਈਆਂ ਮਸੀਹੀਆਂ ਨੂੰ ਇਹ ਪਦਾਰਥ ਉਸੇ ਤਰ੍ਹਾਂ ਨਾਮਨਜ਼ੂਰ ਹਨ ਜਿਸ ਤਰ੍ਹਾਂ ਉਨ੍ਹਾਂ ਨੂੰ ਸੁਧੇ ਲਹੂ ਜਾਂ ਉਸ ਦੇ ਮੁੱਖ ਚਾਰ ਹਿੱਸਿਆਂ ਦੇ ਟ੍ਰਾਂਸਫਯੁਜ਼ਨ ਨਾਮਨਜ਼ੂਰ ਹਨ। ਦੂਸਰਿਆਂ ਨੂੰ ਉਨ੍ਹਾਂ ਦੀ ਆਪਣੀ ਜ਼ਮੀਰ ਅਨੁਸਾਰ ਬਣਾਈ ਗਈ ਸਲਾਹ ਬਾਰੇ ਬੁਰਾ-ਭਲਾ ਨਹੀਂ ਕਹਿਣਾ ਚਾਹੀਦਾ।
ਦੂਜੇ ਮਸੀਹੀ ਵੱਖਰੇ ਫ਼ੈਸਲੇ ਕਰਦੇ ਹਨ। ਉਹ ਵੀ ਸੁਧੇ ਲਹੂ ਲਾਲ ਸੈੱਲ, ਚਿੱਟੇ ਸੈੱਲ, ਜਾਂ ਪਲੇਟਲੈਟਾਂ ਜਾਂ ਪਲਾਜ਼ਮੇ ਦੇ ਟ੍ਰਾਂਸਫਯੁਜ਼ਨ ਨਹੀਂ ਸਵੀਕਾਰ ਕਰਦੇ। ਪਰ ਉਹ ਸ਼ਾਇਦ ਲਹੂ ਦੇ ਇਕ ਮੁੱਖ ਹਿੱਸੇ ਤੋਂ ਲਏ ਫਰੈਕਸ਼ਨ ਤੋਂ ਬਣੀ ਦਵਾਈ ਸਵੀਕਾਰ ਕਰ ਲੈਣ। ਪਰ ਇਸ ਮਾਮਲੇ ਵਿਚ ਵੀ ਵੱਖਰੇ-ਵੱਖਰੇ ਫ਼ੈਸਲੇ ਕੀਤੇ ਜਾ ਸਕਦੇ ਹਨ। ਇਕ ਮਸੀਹੀ ਨੂੰ ਸ਼ਾਇਦ ਗਾਮਾ ਗਲੋਬੂਲਿਨ ਦਾ ਟੀਕਾ ਮਨਜ਼ੂਰ ਹੋਵੇ, ਪਰ ਉਸ ਨੂੰ ਸ਼ਾਇਦ ਲਾਲ ਜਾਂ ਚਿੱਟਿਆਂ ਸੈੱਲਾਂ ਤੋਂ ਬਣਿਆ ਟੀਕਾ ਨਾਮਨਜ਼ੂਰ ਹੋਵੇ। ਪਰ ਫਿਰ, ਸੋਚਣ ਵਾਲੀ ਗੱਲ
ਤਾਂ ਇਹ ਹੈ ਕਿ ਕਿਨ੍ਹਾਂ ਕਾਰਨਾਂ ਕਰਕੇ ਕੋਈ ਮਸੀਹੀ ਸ਼ਾਇਦ ਲਹੂ ਦੇ ਫਰੈਕਸ਼ਨ ਮਨਜ਼ੂਰ ਕਰ ਲੈਣ?ਅੰਗ੍ਰੇਜ਼ੀ ਵਿਚ 1 ਜੂਨ 1990 ਦੇ ਪਹਿਰਾਬੁਰਜ ਵਿਚ “ਪਾਠਕਾਂ ਵੱਲੋਂ ਸਵਾਲ” ਨੇ ਦੱਸਿਆ ਕਿ ਗਰਭਵਤੀ ਔਰਤ ਦੇ ਲਹੂ ਤੋਂ ਪਲਾਜ਼ਮਾ ਪ੍ਰੋਟੀਨ (ਫਰੈਕਸ਼ਨ-ਕੁ) ਉਸ ਦੇ ਭਰੂਣ, ਮਤਲਬ ਕਿ ਅਣਜੰਮੇ ਬੱਚੇ ਦੇ ਵੱਖਰੇ ਲਹੂ ਸਿਸਟਮ ਵਿਚ ਜਾਂਦੇ ਹਨ। ਇਸ ਤਰ੍ਹਾਂ ਇਕ ਮਾਂ ਆਪਣੇ ਬੱਚੇ ਨੂੰ ਇਮਯੁਨੋਗਲੋਬੂਲਿਨ ਦਿੰਦੀ ਹੈ ਜੋ ਉਸ ਦੀ ਬਹੁਤ ਵਧੀਆ ਸੁਰੱਖਿਆ ਕਰਦਾ ਹੈ। ਆਪਣੀ ਮਾਂ ਤੋਂ ਅਲੱਗ ਜਿਉਂ-ਜਿਉਂ ਭਰੂਣ ਦੇ ਲਾਲ ਸੈੱਲ ਆਪਣੀ ਮਿਆਦ ਪੂਰੀ ਕਰਦੇ ਹਨ, ਸਰੀਰ ਵਿਚ ਲਾਲ ਸੈੱਲਾਂ ਦਾ ਆਕਸੀਜਨ ਇੱਧਰ-ਉੱਧਰ ਲਿਜਾਣ ਵਾਲਾ ਹਿੱਸਾ ਫਰੈਕਸ਼ਨਾਂ ਵਿਚ ਵੰਡਿਆ ਜਾਂਦਾ ਹੈ। ਇਸ ਵਿੱਚੋਂ ਕੁਝ ਬਿਲੇਰੁਬਿਨ ਬਣ ਜਾਂਦਾ ਹੈ ਜੋ ਪਲਾਸੈਂਟੇ ਤੋਂ ਨਿਕਲ ਕੇ ਮਾਂ ਦੇ ਸਰੀਰ ਵਿਚ ਲੰਘ ਜਾਂਦਾ ਹੈ ਅਤੇ ਉਸ ਦੇ ਮਲ ਰਾਹੀਂ ਨਿਕਾਲ ਦਿੱਤਾ ਜਾਂਦਾ ਹੈ। ਕੁਝ ਮਸੀਹੀ ਸ਼ਾਇਦ ਇਹ ਸੋਚਣ ਕਿ ਕਿਉਂ ਜੋ ਲਹੂ ਦੇ ਫਰੈਕਸ਼ਨ ਕੁਦਰਤੀ ਤੌਰ ਤੇ ਕਿਸੇ ਦੂਜੇ ਵਿਅਕਤੀ ਵਿਚ ਚਲੇ ਜਾਂਦੇ ਹਨ, ਤਾਂ ਉਹ ਲਹੂ ਦੇ ਫਰੈਕਸ਼ਨ ਮਨਜ਼ੂਰ ਕਰ ਸਕਦੇ ਹਨ ਜੋ ਪਲਾਜ਼ਮੇ ਜਾਂ ਸੈੱਲਾਂ ਤੋਂ ਲਏ ਗਏ ਹੋਣ।
ਕੀ ਲੋਕਾਂ ਦੀ ਰਾਇ ਅਤੇ ਫ਼ੈਸਲਿਆਂ ਵਿਚ ਫ਼ਰਕ ਹੋਣ ਦਾ ਇਹ ਮਤਲਬ ਹੈ ਕਿ ਇਹ ਗੱਲ ਮਾਮੂਲੀ ਹੈ? ਨਹੀਂ ਇਹ ਬਹੁਤ ਵੱਡੀ ਗੱਲ ਹੈ। ਦੂਜੇ ਹੱਥ ਇਹ ਗੱਲ ਸਿੱਧੀ ਜਿਹੀ ਵੀ ਹੈ। ਉੱਪਰ ਜ਼ਿਕਰ ਕੀਤੀਆਂ ਗਈਆਂ ਗੱਲਾਂ ਦਿਖਾਉਂਦੀਆਂ ਹਨ ਕਿ ਯਹੋਵਾਹ ਦੇ ਗਵਾਹਾਂ ਨੂੰ ਸੁਧੇ ਲਹੂ ਦੇ ਅਤੇ ਉਸ ਦੇ ਮੁੱਖ ਹਿੱਸਿਆਂ ਦੇ ਟ੍ਰਾਂਸਫਯੁਜ਼ਨ ਨਹੀਂ ਮਨਜ਼ੂਰ ਹਨ। ਬਾਈਬਲ ਮਸੀਹੀਆਂ ਨੂੰ ‘ਮੂਰਤਾਂ ਦਿਆਂ ਚੜ੍ਹਾਵਿਆਂ ਅਤੇ ਲਹੂ ਅਤੇ ਹਰਾਮਕਾਰੀ ਤੋਂ ਬਚੇ ਰਹਿਣ’ ਦੀ ਸਲਾਹ ਦਿੰਦੀ ਹੈ। (ਰਸੂਲਾਂ ਦੇ ਕਰਤੱਬ 15:29) ਇਸ ਤੋਂ ਅੱਗੇ ਜਿੱਥੇ ਮੁੱਖ ਹਿੱਸਿਆਂ ਦੇ ਫਰੈਕਸ਼ਨਾਂ ਦਾ ਕੋਈ ਮਸਲਾ ਖੜ੍ਹਾ ਹੁੰਦਾ ਹੈ, ਤਾਂ ਹਰੇਕ ਮਸੀਹੀ ਨੂੰ ਆਪਣੀ ਜ਼ਮੀਰ ਅਨੁਸਾਰ ਅਤੇ ਪ੍ਰਾਰਥਨਾ ਕਰ ਕੇ ਆਪੋ-ਆਪਣਾ ਫ਼ੈਸਲਾ ਕਰਨਾ ਚਾਹੀਦਾ ਹੈ।
ਕਈਆਂ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਵੀ ਇਲਾਜ ਮਨਜ਼ੂਰ ਹੁੰਦਾ ਹੈ ਜੋ ਉਨ੍ਹਾਂ ਨੂੰ ਝਟਪਟ ਠੀਕ ਕਰ ਦੇਣ ਦੀ ਉਮੀਦ ਦਿੰਦਾ ਹੈ, ਭਾਵੇਂ ਕਿ ਇਹ ਉਨ੍ਹਾਂ ਦੀ ਸਿਹਤ ਲਈ ਖ਼ਤਰਨਾਕ ਹੋਵੇ ਜਿਵੇਂ ਕਿ ਲਹੂ ਤੋਂ ਪ੍ਰਾਪਤ ਕੀਤੇ ਗਏ ਕਈਆਂ ਪਦਾਰਥਾਂ ਬਾਰੇ ਪਤਾ ਹੈ। ਇਕ ਸੁਹਿਰਦ ਮਸੀਹੀ ਸਾਰੀ ਦੀ ਸਾਰੀ ਗੱਲ ਸਮਝਣ ਦੀ ਕੋਸ਼ਿਸ਼ ਕਰਦਾ ਹੈ ਅਤੇ ਸੰਤੁਲਿਤ ਵਿਚਾਰ ਰੱਖਦਾ ਹੈ ਜਿਸ ਵਿਚ ਸਰੀਰਕ ਲਾਭ ਨਾਲੋਂ ਜ਼ਿਆਦਾ ਸੋਚ-ਸਮਝ ਹੁੰਦੀ ਹੈ। ਯਹੋਵਾਹ ਦੇ ਗਵਾਹ ਚੰਗੇ ਸਿਹਤ ਪ੍ਰਬੰਧਾਂ ਦੀ ਬਹੁਤ ਕਦਰ ਕਰਦੇ ਹਨ ਅਤੇ ਉਹ ਕਿਸੇ ਵੀ ਇਲਾਜ ਦੇ ਖ਼ਤਰਿਆਂ ਅਤੇ ਲਾਭਾਂ ਬਾਰੇ ਡੂੰਘੀ ਤਰ੍ਹਾਂ ਸੋਚਦੇ ਹਨ। ਪਰ ਜਦੋਂ ਲਹੂ ਦੇ ਪਦਾਰਥਾਂ ਦਾ ਮਾਮਲਾ ਪੇਸ਼ ਹੁੰਦਾ ਹੈ, ਉਹ ਪਰਮਾਤਮਾ ਦੇ ਕਾਨੂੰਨਾਂ ਉੱਤੇ ਖ਼ਾਸ ਧਿਆਨ ਦਿੰਦੇ ਹਨ। ਉਨ੍ਹਾਂ ਲਈ ਆਪਣੇ ਜੀਵਨ-ਦਾਤੇ ਨਾਲ ਚੰਗਾ ਰਿਸ਼ਤਾ ਬਹੁਤ ਮਹੱਤਵਪੂਰਣ ਹੈ।—ਜ਼ਬੂਰ 36:9.
ਇਕ ਮਸੀਹੀ ਕੋਲ ਜ਼ਬੂਰਾਂ ਦੇ ਲਿਖਾਰੀ ਵਰਗਾ ਭਰੋਸਾ ਹੋਣਾ ਕਿੰਨੀ ਵੱਡੀ ਬਰਕਤ ਹੈ। ਉਸ ਨੇ ਕਿਹਾ ਸੀ ਕਿ “ਯਹੋਵਾਹ ਪਰਮੇਸ਼ੁਰ ਇੱਕ ਸੂਰਜ ਤੇ ਇੱਕ ਢਾਲ ਹੈ, ਯਹੋਵਾਹ ਦਯਾ ਅਤੇ ਤੇਜ ਦੇਵੇਗਾ, ਉਹ ਸਿਧਿਆਈ ਵਿੱਚ ਚੱਲਣ ਵਾਲਿਆਂ ਤੋਂ ਕੋਈ ਚੰਗੀ ਚੀਜ਼ ਨਾ ਰੋਕੇਗਾ। ਹੇ . . . ਯਹੋਵਾਹ, ਧੰਨ ਹੈ ਉਹ ਆਦਮੀ ਜਿਹੜਾ ਤੇਰੇ ਉੱਤੇ ਪਤੀਜਦਾ ਹੈ!”—ਜ਼ਬੂਰ 84:11, 12.
[ਫੁਟਨੋਟ]
^ ਪੈਰਾ 12 ਅੰਗ੍ਰੇਜ਼ੀ ਵਿਚ 15 ਜੂਨ 1978, ਅਤੇ 1 ਅਕਤੂਬਰ 1994 ਦੇ ਪਹਿਰਾਬੁਰਜ ਵਿਚ “ਪਾਠਕਾਂ ਵੱਲੋਂ ਸਵਾਲ” ਦੇਖੋ। ਹੁਣ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਅਜਿਹੀਆਂ ਦਵਾਈਆਂ ਬਣਾ ਲਈਆਂ ਹਨ ਜੋ ਲਹੂ ਤੋਂ ਨਹੀਂ ਉਤਪੰਨ ਕੀਤੀਆਂ ਜਾਂਦੀਆਂ ਅਤੇ ਇਹ ਲਹੂ ਦੇ ਕੁਝ ਫਰੈਕਸ਼ਨਾਂ ਦੀ ਥਾਂ ਤੇ ਦਿੱਤੀਆਂ ਜਾ ਸਕਦੀਆਂ ਹਨ।
[ਸਫ਼ੇ 30 ਉੱਤੇ ਡੱਬੀ]
ਡਾਕਟਰ ਨੂੰ ਪੁੱਛਣ ਵਾਲੇ ਸਵਾਲ
ਜੇ ਤੁਹਾਡਾ ਕੋਈ ਓਪਰੇਸ਼ਨ ਹੋਣਾ ਹੈ ਜਾਂ ਤੁਹਾਡੇ ਨਾਲ ਐਸੇ ਕਿਸੇ ਇਲਾਜ ਬਾਰੇ ਗੱਲ ਕੀਤੀ ਜਾ ਰਹੀ ਹੈ ਜਿਸ ਵਿਚ ਲਹੂ ਦਾ ਕੋਈ ਪਦਾਰਥ ਸ਼ਾਮਲ ਹੈ, ਤੁਸੀਂ ਇਹ ਸਵਾਲ ਪੁੱਛ ਸਕਦੇ ਹੋ:
ਕੀ ਮੇਰੀ ਦੇਖ-ਭਾਲ ਕਰਨ ਵਾਲੇ ਸਾਰਿਆਂ ਡਾਕਟਰਾਂ ਅਤੇ ਨਰਸਾਂ ਨੂੰ ਪਤਾ ਹੈ ਕਿ ਯਹੋਵਾਹ ਦੇ ਗਵਾਹ ਹੋਣ ਵਜੋਂ ਮੈਨੂੰ ਲਹੂ ਦਾ ਕੋਈ ਵੀ ਟ੍ਰਾਂਸਫਯੁਜ਼ਨ (ਸੁਧਾ ਲਹੂ, ਲਾਲ ਸੈੱਲ, ਚਿੱਟੇ ਸੈੱਲ, ਪਲੇਟਲੈਟ, ਜਾਂ ਪਲਾਜ਼ਮਾ) ਕਿਸੇ ਵੀ ਹਾਲਾਤ ਵਿਚ ਨਹੀਂ ਮਨਜ਼ੂਰ ਹੈ?
ਜੇ ਡਾਕਟਰ ਤੁਹਾਨੂੰ ਐਸੀ ਕੋਈ ਦਵਾਈ ਲੈਣ ਦੀ ਸਲਾਹ ਦਿੰਦਾ ਹੈ ਜੋ ਪਲਾਜ਼ਮੇ, ਲਾਲ ਜਾਂ ਚਿੱਟੇ ਸੈੱਲਾਂ, ਜਾਂ ਪਲੇਟਲੈਟਾਂ ਤੋਂ ਬਣੀ ਹੋਵੇ, ਤਾਂ ਇਹ ਸਵਾਲ ਪੁੱਛੋ:
ਕੀ ਇਹ ਦਵਾਈ ਲਹੂ ਦੇ ਚਾਰ ਮੁੱਖ ਹਿੱਸਿਆਂ ਤੋਂ ਬਣੀ ਹੋਈ ਹੈ? ਜੇ ਇਨ੍ਹਾਂ ਤੋਂ ਬਣੀ ਹੋਈ ਹੈ, ਤਾਂ ਕੀ ਤੁਸੀਂ ਮੈਨੂੰ ਇਹ ਸਮਝਾ ਸਕਦੇ ਹੋ ਕਿ ਇਸ ਵਿਚ ਕੀ ਹੈ?
ਲਹੂ ਤੋਂ ਬਣੀ ਹੋਈ ਕਿੰਨੀ-ਕੁ ਦਵਾਈ ਲੈਣੀ ਪਵੇਗੀ, ਅਤੇ ਕਿਸ ਤਰ੍ਹਾਂ ਲਈ ਜਾਵੇਗੀ?
ਜੇ ਮੇਰੀ ਜ਼ਮੀਰ ਮੈਨੂੰ ਇਹ ਫਰੈਕਸ਼ਨ ਲੈ ਲੈਣ ਦਵੇ, ਤਾਂ ਸਿਹਤ ਲਈ ਇਸ ਦਾ ਕੀ ਖ਼ਤਰਾ ਹੈ?
ਜੇ ਮੇਰੀ ਜ਼ਮੀਰ ਮੈਨੂੰ ਇਹ ਫਰੈਕਸ਼ਨ ਨਹੀਂ ਮਨਜ਼ੂਰ ਕਰਨ ਦਿੰਦੀ, ਫਿਰ ਹੋਰ ਕਿਹੜਾ ਇਲਾਜ ਉਪਲਬਧ ਹੈ?
ਇਸ ਮਾਮਲੇ ਉੱਤੇ ਹੋਰ ਗੌਰ ਕਰਨ ਤੋਂ ਬਾਅਦ, ਮੈਂ ਤੁਹਾਨੂੰ ਆਪਣੀ ਸਲਾਹ ਕਦੋਂ ਦੱਸ ਸਕਦਾ ਹਾਂ?