ਰਾਬਿਨਸੰਨ ਕ੍ਰੂਸੋ ਟਾਪੂ ਤੇ ਬਚਾਏ ਜਾਣਾ
ਰਾਬਿਨਸੰਨ ਕ੍ਰੂਸੋ ਟਾਪੂ ਤੇ ਬਚਾਏ ਜਾਣਾ
ਰਾਬਿਨਸੰਨ ਕ੍ਰੂਸੋ ਟਾਪੂ ਸ਼ਾਂਤ ਮਹਾਂਸਾਗਰ ਵਿਚ ਹੈ। ਇਹ 36 ਵਰਗ ਮੀਲ ਚੌੜਾ ਹੈ। ਇਹ ਤਿੰਨ ਟਾਪੂਆਂ ਦੇ ਸਮੂਹ ਦਾ ਹਿੱਸਾ ਹੈ ਜਿਨ੍ਹਾਂ ਨੂੰ ਹੁਆਨ ਫਰਨਾਂਡੇਜ਼ ਸੱਦਿਆ ਜਾਂਦਾ ਹੈ। ਇਹ ਚਿਲੀ ਦੇਸ਼ ਦੇ ਕਿਨਾਰੇ ਤੋਂ 400 ਮੀਲ ਦੂਰ ਹੈ। * ਇਸ ਟਾਪੂ ਦਾ ਨਾਂ 18ਵੀਂ ਸਦੀ ਦੀ ਰਾਬਿਨਸੰਨ ਕ੍ਰੂਸੋ ਨਾਂ ਦੀ ਮਸ਼ਹੂਰ ਪੁਸਤਕ ਤੋਂ ਰੱਖਿਆ ਗਿਆ ਸੀ ਜਿਸ ਦਾ ਲੇਖਕ ਡਾਨੀਏਲ ਡੀਫੋ ਨਾਂ ਦਾ ਅੰਗ੍ਰੇਜ਼ ਸੀ। ਇਹ ਕਹਾਣੀ ਸਕਾਟਲੈਂਡੇ ਦੇ ਵਸਨੀਕ ਐਲੇਗਜ਼ੈਂਡਰ ਸੇਲਕਿਰਕ ਨਾਲ ਬੀਤੀਆਂ ਘਟਨਾਵਾਂ ਉੱਤੇ ਥੋੜ੍ਹੀ-ਬਹੁਤੀ ਆਧਾਰਿਤ ਹੈ, ਜਿਸ ਨੇ ਕੁਝ ਚਾਰ ਸਾਲ ਇਕੱਲੇ ਇਸ ਟਾਪੂ ਤੇ ਕੱਟੇ ਸਨ।
ਟਾਪੂ ਤੇ ਲੱਕੜ ਦੇ ਇਕ ਫੱਟੇ ਉੱਤੇ ਲਿਖਿਆ ਹੋਇਆ ਹੈ ਕਿ “ਇਸ ਜਗ੍ਹਾ ਤੋਂ ਸਕਾਟਲੈਂਡ ਦਾ ਜਹਾਜ਼ੀ ਐਲੇਗਜ਼ੈਂਡਰ ਸੇਲਕਿਰਕ ਕੁਝ ਚਾਰ ਸਾਲਾਂ ਲਈ ਬੇਚੈਨੀ ਨਾਲ ਦਿਨ-ਭਰ-ਦਿਨ ਸਮੁੰਦਰ ਵੱਲ ਦੇਖਦਾ ਹੁੰਦਾ ਸੀ ਕਿ ਉਹ ਸਮੁੰਦਰੀ ਜਹਾਜ਼ ਕਦੋਂ ਆਵੇਗਾ ਜੋ ਉਸ ਨੂੰ ਉਸ ਦੇ ਇਸ ਇਕੱਲੇਪਣ ਤੋਂ ਬਚਾਵੇਗਾ।” ਆਖ਼ਰਕਾਰ, ਸੇਲਕਿਰਕ ਬਚਾਇਆ ਗਿਆ ਅਤੇ ਆਪਣੇ ਦੇਸ਼ ਵਾਪਸ ਪਹੁੰਚਿਆ। ਪਰ ਰਾਬਿਨਸੰਨ ਕ੍ਰੂਸੋ ਵਰਗੇ ਸੁੰਦਰ ਟਾਪੂ ਤੇ ਕੁਝ ਸਮੇਂ ਲਈ ਜ਼ਿੰਦਗੀ ਗੁਜ਼ਾਰਨ ਤੋਂ ਬਾਅਦ ਉਸ ਦਾ ਹੋਰ ਕਿਤੇ ਦਿਲ ਨਹੀਂ ਲੱਗਾ। ਕਿਹਾ ਜਾਂਦਾ ਹੈ ਕਿ ਉਹ ਬਾਅਦ ਵਿਚ ਪਛਤਾਇਆ ਅਤੇ ਉਸ ਨੇ ਕਿਹਾ ਸੀ ਕਿ “ਹਾਏ, ਮੇਰੇ ਪਿਆਰੇ ਟਾਪੂ! ਕਾਸ਼ ਮੈਂ ਤੇਨੂੰ ਛੱਡ ਕੇ ਨਾ ਜਾਂਦਾ!”
ਸਮਾਂ ਬੀਤਣ ਨਾਲ, ਇਹ ਟਾਪੂ ਉਨ੍ਹਾਂ ਕੈਦੀਆਂ ਲਈ ਵਰਤਿਆ ਜਾਣ ਲੱਗ ਪਿਆ ਜੋ ਕੈਥੋਲਿਕ ਗਿਰਜੇ ਦੀ ਸਿੱਖਿਆ ਦੇ ਖ਼ਿਲਾਫ਼ ਜਾਂਦੇ ਸਨ। ਇਹ ਉਸ ਫਿਰਦੌਸ ਵਰਗੇ ਸੁੰਦਰ ਟਾਪੂ ਤੋਂ ਕਿੰਨਾ ਵੱਖਰਾ ਬਣ ਗਿਆ ਸੀ ਜੋ ਸੇਲਕਿਰਕ ਜਾਣਦਾ ਸੀ! ਪਰ, ਅੱਜ ਇਸ ਟਾਪੂ ਦੇ ਵਾਸੀ ਅਜਿਹੇ ਸੁਖ-ਚੈਨ ਦਾ ਆਨੰਦ ਮਾਣਦੇ ਹਨ ਜੋ ਦੁਨੀਆਂ ਵਿਚ ਹੋਰ ਕਿਤੇ ਨਹੀਂ ਮਿਲਦਾ। ਟਾਪੂ ਦੇ ਵਾਸੀਆਂ ਦਾ ਜੀਵਨ-ਢੰਗ ਸ਼ਾਂਤ ਹੈ ਅਤੇ ਇਸ ਲਈ ਤੁਸੀਂ ਹਰ ਕਿਸੇ ਨਾਲ ਗੱਲਬਾਤ ਸ਼ੁਰੂ ਕਰ ਸਕਦੇ ਹੋ।
ਸਰਕਾਰ ਅਨੁਸਾਰ ਰਾਬਿਨਸੰਨ ਕ੍ਰੂਸੋ ਦੇ ਲਗਭਗ 500 ਵਾਸੀ ਹਨ, ਪਰ ਸਾਲ ਦੇ ਕਾਫ਼ੀ ਮਹੀਨਿਆਂ ਦੌਰਾਨ ਟਾਪੂ ਤੇ ਸਿਰਫ਼ ਕੁਝ 400 ਵਾਸੀ ਰਹਿੰਦੇ ਹਨ। ਇਸ ਦਾ ਇਕ ਕਾਰਨ ਇਹ ਹੈ ਕਿ ਕੁਝ ਮਾਵਾਂ ਆਪਣੇ ਬੱਚਿਆਂ ਦੀ ਪੜ੍ਹਾਈ ਦੀ ਖ਼ਾਤਰ ਉਨ੍ਹਾਂ ਨਾਲ ਚਿਲੀ ਦੇਸ਼ ਵਿਚ ਰਹਿੰਦੀਆਂ ਹਨ। ਫਿਰ ਸਕੂਲ ਦੀਆਂ ਛੁੱਟੀਆਂ ਕੱਟਣ ਲਈ ਉਹ ਟਾਪੂ ਨੂੰ ਵਾਪਸ ਆਉਂਦੇ ਹਨ ਤਾਂਕਿ ਉਹ ਆਪਣੇ ਬਾਕੀ ਦੇ ਪਰਿਵਾਰ ਨਾਲ ਸਮਾਂ ਗੁਜ਼ਾਰ ਸਕਣ।
ਰਾਬਿਨਸੰਨ ਕ੍ਰੂਸੋ ਦੇ ਸੁੰਦਰ ਮਾਹੌਲ ਦੇ ਬਾਵਜੂਦ, ਇਸ ਦੇ ਕੁਝ ਵਾਸੀ ਰੂਹਾਨੀ ਤੌਰ ਤੇ ਕਮੀ ਮਹਿਸੂਸ ਕਰ ਰਹੇ ਹਨ ਅਤੇ ਜ਼ਿੰਦਗੀ ਦੇ ਮਤਲਬ ਦੀ ਤਲਾਸ਼ ਕਰ ਰਹੇ ਹਨ। ਕਈਆਂ ਨੂੰ ਇਸ ਤਰ੍ਹਾਂ ਲੱਗਾ ਹੈ ਜਿਵੇਂ ਉਨ੍ਹਾਂ ਨੂੰ ਰੂਹਾਨੀ ਤੌਰ ਤੇ ਬਚਾਏ ਜਾਣ ਦੀ ਲੋੜ ਸੀ।
ਲੋਕਾਂ ਦਾ ਰੂਹਾਨੀ ਤੌਰ ਤੇ ਬਚਾਅ
ਇਸ ਟਾਪੂ ਤੇ ਅਜਿਹਾ ਰੂਹਾਨੀ ਬਚਾਅ 1979 ਵਿਚ ਸ਼ੁਰੂ ਹੋਣ ਲੱਗਾ ਸੀ। ਇਕ ਔਰਤ ਜੋ ਚਿਲੀ ਦੇ ਸੈਂਟੀਆਗੋ ਸ਼ਹਿਰ ਵਿਚ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਦੀ ਹੁੰਦੀ ਸੀ, ਇਸ ਟਾਪੂ ਤੇ ਰਹਿਣ ਲਈ ਆਈ। ਉਸ ਨੇ ਜੋ ਕੁਝ ਸਿੱਖਿਆ ਸੀ ਉਹ ਦੂਸਰਿਆਂ ਨੂੰ ਵੀ ਸਿਖਾਉਣ ਲੱਗ ਪਈ। ਕੁਝ ਦੇਰ ਬਾਅਦ ਕਲੀਸਿਯਾ ਦਾ ਇਕ ਬਜ਼ੁਰਗ ਆਪਣੀ ਨੌਕਰੀ ਦੇ ਸੰਬੰਧ ਵਿਚ ਇਸ ਟਾਪੂ ਤੇ ਆਇਆ। ਉਹ ਇਹ ਦੇਖ ਕੇ ਬੜਾ ਹੈਰਾਨ ਹੋਇਆ ਕਿ ਕੁਝ ਲੋਕ ਉਸ ਔਰਤ ਦੀ ਮਦਦ ਨਾਲ ਬਾਈਬਲ ਸਟੱਡੀ ਕਰ ਕੇ ਰੂਹਾਨੀ ਤੌਰ ਤੇ ਤਰੱਕੀ ਕਰ ਰਹੇ ਸਨ। ਤਿੰਨ ਮਹੀਨੇ ਬਾਅਦ ਜਦੋਂ ਇਹ ਬਜ਼ੁਰਗ ਟਾਪੂ
ਨੂੰ ਵਾਪਸ ਆਇਆ, ਤਾਂ ਬਾਈਬਲ ਦੀ ਇਹ ਪ੍ਰਚਾਰਕ ਅਤੇ ਦੋ ਹੋਰ ਔਰਤਾਂ ਬਪਤਿਸਮਾ ਲੈਣ ਲਈ ਤਿਆਰ ਸਨ। ਇਸ ਲਈ ਬਜ਼ੁਰਗ ਨੇ ਉਨ੍ਹਾਂ ਦੇ ਬਪਤਿਸਮੇ ਦਾ ਪ੍ਰਬੰਧ ਕੀਤਾ। ਬਾਅਦ ਵਿਚ, ਇਨ੍ਹਾਂ ਭੈਣਾਂ ਵਿੱਚੋਂ ਇਕ ਨੇ ਵਿਆਹ ਕਰਵਾ ਲਿਆ ਅਤੇ ਆਪਣੇ ਪਤੀ ਨਾਲ ਉਹ ਹੋਰਨਾਂ ਲੋਕਾਂ ਦੀ ਵੀ ਭਾਲ ਕਰਨ ਲੱਗ ਪਏ ਜਿਨ੍ਹਾਂ ਨੂੰ ਰੂਹਾਨੀ ਤੌਰ ਤੇ ਬਚਾਏ ਜਾਣ ਦੀ ਲੋੜ ਸੀ। ਉਸ ਦੇ ਪਤੀ ਨੇ ਇਕ ਸਾਦਾ ਜਿਹਾ ਕਿੰਗਡਮ ਹਾਲ ਬਣਾਉਣ ਵਿਚ ਮੁੱਖ ਭਾਗ ਲਿਆ, ਅਤੇ ਇਹ ਹਾਲ ਅੱਜ ਵੀ ਵਰਤਿਆ ਜਾਂਦਾ ਹੈ। ਕੁਝ ਸਮੇਂ ਬਾਅਦ, ਇਹ ਜੋੜਾ ਰਾਬਿਨਸੰਨ ਕ੍ਰੂਸੋ ਟਾਪੂ ਛੱਡ ਕੇ ਮੱਧ ਚਿਲੀ ਨੌਕਰੀ ਕਰਨ ਲਈ ਚਲਾ ਗਿਆ, ਜਿੱਥੇ ਉਹ ਹੁਣ ਵੀ ਇਕ ਕਲੀਸਿਯਾ ਵਿਚ ਯਹੋਵਾਹ ਦੀ ਸੇਵਾ ਕਰ ਰਿਹਾ ਹੈ।ਜਿਉਂ-ਜਿਉਂ ਹੋਰਨਾਂ ਨੂੰ ਆਪਣਿਆਂ ਝੂਠਿਆਂ ਧਰਮਾਂ ਤੋਂ ਛੁਟਕਾਰਾ ਮਿਲਿਆ ਇਹ ਛੋਟਾ ਸਮੂਹ ਸਹਿਜੇ-ਸਹਿਜੇ ਵਧਦਾ ਗਿਆ। ਪਰ ਵੱਡੇ ਸਕੂਲ ਦੀ ਪੜ੍ਹਾਈ ਕਰਨ ਲਈ ਵਿਦਿਆਰਥੀਆਂ ਨੂੰ ਚਿਲੀ ਜਾਣਾ ਪੈਂਦਾ ਹੈ। ਉਸ ਸਮੇਂ ਟਾਪੂ ਤੇ ਸਿਰਫ਼ ਦੋ ਭੈਣਾਂ ਅਤੇ ਇਕ ਕੁੜੀ ਬਾਕੀ ਰਹਿ ਜਾਂਦੀਆਂ ਹਨ। ਜਦੋਂ ਸਕੂਲ ਦੀਆਂ ਛੁੱਟੀਆਂ ਕੱਟਣ ਲਈ ਕੁਝ ਮਾਵਾਂ ਟਾਪੂ ਨੂੰ ਵਾਪਸ ਆਉਂਦੀਆਂ ਹਨ, ਤਾਂ ਇਸ ਸਮੂਹ ਦੀ ਗਿਣਤੀ ਵੱਧ ਜਾਂਦੀ ਹੈ। ਇਸ ਤਰ੍ਹਾਂ ਇਨ੍ਹਾਂ ਤਿੰਨਾਂ ਮਸੀਹੀਆਂ ਦਾ ਹੌਸਲਾ ਵਧਦਾ ਹੈ, ਜੋ ਪੂਰਾ ਸਾਲ ਟਾਪੂ ਤੇ ਹੀ ਗੁਜ਼ਾਰਦੀਆਂ ਹਨ। ਇਨ੍ਹਾਂ ਭੈਣਾਂ ਦੀ ਮਿਹਨਤ ਕਰਕੇ, ਰਾਬਿਨਸੰਨ ਕ੍ਰੂਸੋ ਉੱਤੇ ਯਹੋਵਾਹ ਦੇ ਗਵਾਹ ਕਾਫ਼ੀ ਜਾਣੇ-ਪਛਾਣੇ ਹਨ। ਇਹ ਸੱਚ ਹੈ ਕਿ ਕੁਝ ਵਾਸੀ ਉਨ੍ਹਾਂ ਦੇ ਕੰਮ ਦਾ ਵਿਰੋਧ ਕਰਦੇ ਹਨ ਅਤੇ ਦੂਸਰਿਆਂ ਨੂੰ ਵੀ ਰਾਜ ਦਾ ਸੁਨੇਹਾ ਸੁਣਨ ਤੋਂ ਹਟਾਉਣ ਦੀ ਕੋਸ਼ਿਸ਼ ਕਰਦੇ ਹਨ। ਫਿਰ ਵੀ, ਸੱਚੇ ਦਿਲਾਂ ਵਿਚ ਬੀਜੇ ਗਏ ਬਾਈਬਲ ਦੀ ਸੱਚਾਈ ਦੇ ਬੀਜ ਫਲ ਰਹੇ ਹਨ।
ਬਚ ਜਾਣ ਵਾਲਿਆਂ ਨੂੰ ਮਜ਼ਬੂਤ ਕਰਨਾ
ਹਰ ਸਾਲ ਇਕ ਸਫ਼ਰੀ ਨਿਗਾਹਬਾਨ ਇਸ ਟਾਪੂ ਤੇ ਗਵਾਹਾਂ ਨੂੰ ਮਿਲਣ ਆਉਂਦਾ ਹੈ। ਇਸ ਦੂਰ-ਦੁਰੇਡੇ ਟਾਪੂ ਉੱਤੇ ਇੰਨੇ ਥੋੜ੍ਹੇ ਜਿਹੇ ਗਵਾਹਾਂ ਨਾਲ ਮੁਲਾਕਾਤ ਕਿਹੋ ਜਿਹੀ ਹੁੰਦੀ ਹੈ? ਰਾਬਿਨਸੰਨ ਕ੍ਰੂਸੋ ਨੂੰ ਪਹਿਲੀ ਵਾਰ ਜਾਣ ਬਾਰੇ ਇਕ ਸਰਕਟ ਨਿਗਾਹਬਾਨ ਦੱਸਦਾ ਹੈ:
“ਮੈਨੂੰ ਇਸ ਤਰ੍ਹਾਂ ਲੱਗਾ ਕਿ ਮੇਰੇ ਦਿਲ ਦੀ ਤਮੰਨਾ ਪੂਰੀ ਹੋਈ। ਅਸੀਂ ਸਵੇਰ ਦੇ 7 ਵਜੇ ਵਾਲਪੈਰੇਜ਼ੋ ਛੱਡ ਕੇ ਸੈਂਟੀਆਗੋ ਦੇ ਸੇਰੀਓਸ ਹਵਾਈ ਅੱਡੇ ਗਏ। ਅਸੀਂ ਇਕ ਛੋਟੇ ਜਿਹੇ ਹਵਾਈ ਜਹਾਜ਼ ਵਿਚ ਬੈਠੇ ਜਿਸ ਵਿਚ ਸਿਰਫ਼ ਸੱਤ ਜਣੇ ਬੈਠ ਸਕਦੇ ਸਨ। ਦੋ ਘੰਟੇ ਤੇ ਪੰਤਾਲੀ ਮਿੰਟਾਂ ਦੇ ਸਫ਼ਰ ਤੋਂ ਬਾਅਦ ਅਸੀਂ ਦੂਰ ਇਕ ਪਹਾੜ ਦੀ ਟੀਸੀ ਦੇਖੀ ਜੋ ਬੱਦਲਾਂ ਤੋਂ ਵੀ ਉੱਚੀ ਸੀ। ਲਾਗੇ ਪਹੁੰਚਣ ਤੇ ਸਾਨੂੰ ਟਾਪੂ ਨਜ਼ਰ ਆਇਆ। ਇਹ ਸਮੁੰਦਰ ਦੇ ਗੱਭੇ
ਇਕ ਵੱਡਾ ਪਹਾੜ ਜਿਹਾ ਸੀ। ਸਾਨੂੰ ਇਹ ਟਾਪੂ ਪਾਣੀ ਵਿਚ ਤਰਦਾ ਹੋਇਆ ਇਕ ਗੁਆਚਿਆ ਜਹਾਜ਼ ਵਰਗਾ ਲੱਗਿਆ।“ਜਹਾਜ਼ ਥੱਲੇ ਲੱਗਣ ਤੋਂ ਬਾਅਦ, ਅਸੀਂ ਇਕ ਕਿਸ਼ਤੀ ਵਿਚ ਬੈਠ ਕੇ ਪਿੰਡ ਵੱਲਾਂ ਗਏ। ਥਾਂ-ਥਾਂ, ਸਮੁੰਦਰ ਵਿੱਚੋਂ ਪੱਥਰ ਦਿੱਸਦੇ ਸਨ ਜੋ ਹੁਆਨ ਫਰਨਾਂਡੇਜ਼ ਦੀਆਂ ਸੀਲ ਮੱਛੀਆਂ ਲਈ ਛੋਟੇ-ਛੋਟੇ ਟਾਪੂਆਂ ਦੀ ਤਰ੍ਹਾਂ ਆਰਾਮ ਕਰਨ ਦੀ ਜਗ੍ਹਾ ਬਣਦੇ ਹਨ। ਸਰਕਾਰ ਸੀਲ ਮੱਛੀਆਂ ਦੀ ਸੁਰੱਖਿਆ ਕਰਦੀ ਹੈ ਕਿਉਂਕਿ ਉਨ੍ਹਾਂ ਦੀ ਗਿਣਤੀ ਕਾਫ਼ੀ ਘੱਟ ਗਈ ਹੈ। ਅਚਾਨਕ, ਕਿਸ਼ਤੀ ਦੇ ਇਕ ਪਾਸਿਓਂ ਕੁਝ ਉੱਡ ਕੇ ਸਮੁੰਦਰ ਵਿਚ ਅੱਖੋਂ ਓਹਲੇ ਹੋ ਗਿਆ। ਉਹ ਇਕ ਉੱਡਣ ਵਾਲੀ ਮੱਛੀ ਸੀ ਜਿਸ ਦੇ ਖੰਭੜੇ ਖੰਭਾਂ ਵਰਗੇ ਸਨ। ਉਹ ਕਈ ਵਾਰ ਪਾਣੀ ਵਿੱਚੋਂ ਉੱਪਰ ਨੂੰ ਟੱਪ ਕੇ ਕੀੜੇ ਫੜਦੀ ਸੀ। ਪਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਫੜਨ ਵਾਲਾ ਖ਼ੁਦ ਫੜਿਆ ਜਾਂਦਾ ਹੈ। ਜਦੋਂ ਮੱਛੀ ਪਾਣੀ ਵਿਚ ਵਾਪਸ ਟਪਕਦੀ ਹੈ ਤਾਂ ਸਮੁੰਦਰ ਵਿਚ ਉਸ ਨੂੰ ਖਾ ਜਾਣ ਲਈ ਕਈ ਹੋਰ ਤਿਆਰ ਰਹਿੰਦੇ ਹਨ।
“ਅਖ਼ੀਰ ਵਿਚ ਅਸੀਂ ਸਾਨ ਹੁਆਨ ਬਾਓਟਿਸਤਾ ਨਾਂ ਦੇ ਪਿੰਡ ਪਹੁੰਚੇ। ਬੰਦਰਗਾਹ ਤੇ ਕਾਫ਼ੀ ਲੋਕ ਖੜ੍ਹੇ ਸਨ। ਉਹ ਆਪਣੇ ਪਰਿਵਾਰ ਜਾਂ ਦੋਸਤਾਂ ਨੂੰ ਮਿਲਣ ਆਏ ਸਨ ਜਾਂ ਸਿਰਫ਼ ਇਹ ਦੇਖਣ ਕਿ ਕੌਣ ਆਏ ਹਨ। ਸਾਡੇ ਅੱਗੇ ਇਕ ਸੁੰਦਰ ਨਜ਼ਾਰਾ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਏਲ ਯੂੰਕਾ ਨਾਂ ਦੇ ਸ਼ਾਨਦਾਰ ਪਹਾੜ ਅੱਗੇ ਹਰਿਆਵਲ ਦਾ ਫ਼ਰਸ਼ ਵਿਛਾਇਆ ਹੋਇਆ ਸੀ। ਪਿੱਛੇ ਨੀਲੇ ਆਕਾਸ਼ ਵਿਚ ਕੁਝ ਚਿੱਟੇ-ਚਿੱਟੇ ਬੱਦਲ ਇੱਧਰ-ਉੱਧਰ ਉੱਡ ਰਹੇ ਸਨ।
“ਫਿਰ ਅਸੀਂ ਆਪਣੀਆਂ ਮਸੀਹੀ ਭੈਣਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਦੇਖਿਆ ਜੋ ਸਾਡਾ ਇੰਤਜ਼ਾਰ ਕਰ ਰਹੇ ਸਨ। ਛੁੱਟੀਆਂ ਦਾ ਸਮਾਂ ਸੀ, ਇਸ ਲਈ ਉੱਥੇ ਕਾਫ਼ੀ ਭੈਣਾਂ ਆਈਆਂ ਹੋਈਆਂ ਸਨ। ਨਿੱਘੇ
ਸੁਆਗਤ ਤੋਂ ਬਾਅਦ, ਅਸੀਂ ਇਕ ਸੋਹਣੀ ਕੋਠੜੀ ਤੇ ਪਹੁੰਚੇ ਜਿੱਥੇ ਅਸੀਂ ਇਹ ਹਫ਼ਤਾ ਰਹਿਣਾ ਸੀ।
“ਇਹ ਇਕ ਖ਼ਾਸ ਹਫ਼ਤਾ ਸੀ, ਅਤੇ ਸਾਨੂੰ ਪਤਾ ਸੀ ਕਿ ਇਹ ਬਹੁਤ ਛੇਤੀ ਬੀਤ ਜਾਵੇਗਾ। ਇਸ ਲਈ ਅਸੀਂ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੇ ਸੀ। ਉਸੇ ਦਿਨ, ਦੁਪਹਿਰ ਦੀ ਰੋਟੀ ਖਾਣ ਤੋਂ ਬਾਅਦ, ਅਸੀਂ ਇਕ ਔਰਤ ਨੂੰ ਮਿਲਣ ਗਏ ਜੋ ਬਾਈਬਲ ਸਟੱਡੀ ਕਰ ਰਹੀ ਸੀ। ਉਹ ਸਾਨੂੰ ਮਿਲ ਕੇ ਬਹੁਤ ਖ਼ੁਸ਼ ਹੋਈ। ਉਹ ਸਾਡੀ ਭੈਣ ਅਤੇ ਪਰਮੇਸ਼ੁਰ ਦੇ ਸੰਗਠਨ ਦਾ ਹਿੱਸਾ ਬਣਨਾ ਚਾਹੁੰਦੀ ਸੀ ਜਿਸ ਕਰਕੇ ਅਸੀਂ ਉਸ ਦੇ ਨਾਲ ਕੁਝ ਜ਼ਰੂਰੀ ਗੱਲਾਂ-ਬਾਤਾਂ ਕੀਤੀਆਂ ਤਾਂਕਿ ਉਹ ਪ੍ਰਚਾਰ ਸੇਵਾ ਵਿਚ ਹਿੱਸਾ ਲੈ ਸਕੇ। ਇਸ ਲਈ ਉਹ ਥੋੜ੍ਹਾ-ਬਹੁਤਾ ਘਬਰਾ ਵੀ ਰਹੀ ਸੀ। ਅਗਲੇ ਦਿਨ ਉਸ ਨੇ ਪ੍ਰਚਾਰ ਵਿਚ ਪਹਿਲੀ ਵਾਰ ਹਿੱਸਾ ਲਿਆ। ਹੁਣ ਉਹ ਬਪਤਿਸਮਾ ਲੈਣ ਲਈ ਤਿਆਰ ਸੀ। ਤੀਜੇ ਦਿਨ ਅਸੀਂ ਉਸ ਨਾਲ ਬਪਤਿਸਮਾ ਲੈਣ ਲਈ ਬਾਈਬਲ ਦੀਆਂ ਮੂਲ ਸਿੱਖਿਆਵਾਂ ਉੱਤੇ ਗੌਰ ਕੀਤਾ। ਇਸੇ ਹਫ਼ਤੇ ਦੌਰਾਨ ਉਸ ਨੇ ਬਪਤਿਸਮਾ ਲੈ ਲਿਆ।
“ਹਫ਼ਤੇ ਦੌਰਾਨ ਸਭਾਵਾਂ ਦੀ ਹਾਜ਼ਰੀ ਚੰਗੀ ਸੀ ਅਤੇ ਇਕ ਵਾਰ 14 ਲੋਕ ਆਏ। ਅਸੀਂ ਹਰ ਰੋਜ਼ ਭੈਣਾਂ ਨਾਲ ਪ੍ਰਚਾਰ ਸੇਵਾ ਵਿਚ ਹਿੱਸਾ ਲਿਆ ਅਤੇ ਲੋਕਾਂ ਨਾਲ ਦੁਬਾਰਾ ਮੁਲਾਕਾਤਾਂ ਕੀਤੀਆਂ। ਅਸੀਂ ਬਾਈਬਲ ਸਟੱਡੀਆਂ ਤੇ ਵੀ ਗਏ, ਅਤੇ ਭੈਣਾਂ ਦਾ ਹੌਸਲਾ ਵਧਾਉਣ ਲਈ ਅਸੀਂ ਉਨ੍ਹਾਂ ਦੇ ਘਰੀਂ ਜਾ ਕੇ ਉਨ੍ਹਾਂ ਨੂੰ ਮਿਲੇ। ਇਸ ਤਰ੍ਹਾਂ ਉਨ੍ਹਾਂ ਭੈਣਾਂ ਦਾ ਬਹੁਤ ਹੌਸਲਾ ਵਧਾਇਆ ਗਿਆ ਜੋ ਪੂਰੇ ਸਾਲ ਸਾਰੇ ਕੰਮ ਆਪ ਹੀ ਕਰਦੀਆਂ ਸਨ!”
ਇਸ ਟਾਪੂ ਉੱਤੇ ਸੱਚਾਈ ਨੂੰ ਸਵੀਕਾਰ ਕਰਨਾ ਆਦਮੀਆਂ ਲਈ ਜ਼ਿਆਦਾ ਔਖਾ ਹੈ, ਸ਼ਾਇਦ ਇਸ ਲਈ ਕਿਉਂਕਿ ਉਨ੍ਹਾਂ ਨੂੰ ਪੈਸੇ ਕਮਾਉਣ ਲਈ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ ਅਤੇ ਉਹ ਨੌਕਰੀਆਂ ਵਿਚ ਰੁੱਝੇ ਰਹਿੰਦੇ ਹਨ। ਆਮ ਤੌਰ ਤੇ ਆਦਮੀ ਝੀਂਗਾ ਮੱਛੀਆਂ ਫੜਨ ਦਾ ਕੰਮ ਕਰਦੇ ਹਨ, ਜਿਸ ਵਿਚ ਕਾਫ਼ੀ ਸਮਾਂ ਲੱਗਦਾ ਹੈ। ਇਸ ਤੋਂ ਇਲਾਵਾ ਕਈ ਬੰਦੇ ਪਹਿਲਾਂ ਹੀ ਫ਼ੈਸਲਾ ਕਰ ਲੈਂਦੇ ਹਨ ਕਿ ਉਨ੍ਹਾਂ ਨੇ ਬਾਈਬਲ ਦਾ ਸੁਨੇਹਾ ਨਹੀਂ ਸੁਣਨਾ। ਫਿਰ ਵੀ, ਉਮੀਦ ਰੱਖੀ ਜਾਂਦੀ ਹੈ ਕਿ ਇਸ ਟਾਪੂ ਦੇ ਹੋਰ ਵਾਸੀ, ਚਾਹੇ ਔਰਤਾਂ ਜਾਂ ਆਦਮੀ ਸੱਚਾਈ ਨੂੰ ਸਵੀਕਾਰ ਕਰਨਗੇ।
ਹੁਣ ਤਕ ਟਾਪੂ ਦੇ ਦਸ ਵਾਸੀ ਸੱਚਾਈ ਨੂੰ ਅਤੇ ਯਹੋਵਾਹ ਪਰਮੇਸ਼ੁਰ ਦੇ ਮਕਸਦਾਂ ਨੂੰ ਜਾਣ ਕੇ ਰੂਹਾਨੀ ਤੌਰ ਤੇ ਬਚਾਏ ਗਏ ਹਨ। ਉਨ੍ਹਾਂ ਵਿੱਚੋਂ ਕੁਝ ਲੋਕ ਵੱਖੋ-ਵੱਖਰੇ ਕਾਰਨਾਂ ਲਈ ਹੁਣ ਟਾਪੂ ਤੇ ਨਹੀਂ ਰਹਿੰਦੇ। ਪਰ ਉਨ੍ਹਾਂ ਦਾ ਬਚਾਅ ਐਲੇਗਜ਼ੈਂਡਰ ਸੇਲਕਿਰਕ ਦੇ ਬਚਾਅ ਨਾਲੋਂ ਅਹਿਮ ਸਾਬਤ ਹੋਇਆ ਹੈ। ਉਹ ਜਿੱਥੇ ਕਿਤੇ ਵੀ ਰਹਿੰਦੇ ਹਨ ਉਹ ਰੂਹਾਨੀ ਫਿਰਦੌਸ ਦਾ ਮਜ਼ਾ ਲੈਂਦੇ ਹਨ। ਟਾਪੂ ਤੇ ਰਹਿਣ ਵਾਲੀਆਂ ਭੈਣਾਂ ਆਪਣੇ ਬੱਚਿਆਂ ਸਮੇਤ ਇਸ ਸੁੰਦਰ ਜਗ੍ਹਾ ਦਾ ਆਨੰਦ ਮਾਣਦੀਆਂ ਹਨ। ਪਰ ਉਨ੍ਹਾਂ ਦੀ ਉਮੀਦ ਇਹ ਹੈ ਕਿ ਉਹ ਭਵਿੱਖ ਵਿਚ ਸਦਾ ਲਈ ਇਕ ਅਸਲੀ ਫਿਰਦੌਸ ਵਰਗੀ ਧਰਤੀ ਉੱਤੇ ਜ਼ਿੰਦਗੀ ਦਾ ਮਜ਼ਾ ਲੈਣਗੀਆਂ।
ਬਚਾਅ ਦਾ ਕੰਮ ਅਜੇ ਵੀ ਹੋ ਰਿਹਾ ਹੈ
ਰਾਬਿਨਸੰਨ ਕ੍ਰੂਸੋ ਤੇ ਰਹਿਣ ਵਾਲੇ ਯਹੋਵਾਹ ਦੇ ਇਹ ਥੋੜ੍ਹੇ ਜਿਹੇ ਗਵਾਹ ਆਪਣੇ ਬਾਕੀ ਦੇ ਭੈਣਾਂ-ਭਰਾਵਾਂ ਤੋਂ ਬਹੁਤ ਦੂਰ ਰਹਿਣ ਦੇ ਬਾਵਜੂਦ ਵੀ ਸਕਾਟਲੈਂਡ ਦੇ ਸੇਲਕਿਰਕ ਵਾਂਗ ਇਕੱਲੇ ਨਹੀਂ ਮਹਿਸੂਸ ਕਰਦੇ। ਉਹ ਯਹੋਵਾਹ ਦੇ ਸੰਗਠਨ ਦੇ ਨਜ਼ਦੀਕ ਮਹਿਸੂਸ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਬਹੁਤ ਸਾਰੀਆਂ ਪੁਸਤਕਾਂ ਤੇ ਰਸਾਲੇ ਭੇਜੇ ਜਾਂਦੇ ਹਨ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਸਾਲ ਵਿਚ ਤਿੰਨ ਵਾਰ ਚਿਲੀ ਵਿਚ ਵਾਚ ਟਾਵਰ ਸੋਸਾਇਟੀ ਦੇ ਸ਼ਾਖਾ ਦਫ਼ਤਰ ਤੋਂ ਸੰਮੇਲਨਾਂ ਦੀਆਂ ਵਿਡਿਓ-ਟੇਪਾਂ ਭੇਜੀਆਂ ਜਾਂਦੀਆਂ ਹਨ। ਨਾਲੇ ਹਰ ਸਾਲ ਸਰਕਟ ਨਿਗਾਹਬਾਨ ਉਨ੍ਹਾਂ ਨੂੰ ਮਿਲਣ ਜਾਂਦੇ ਹਨ। ਇਸ ਤਰ੍ਹਾਂ ਟਾਪੂ ਦੀਆਂ ਸਾਰੀਆਂ ਭੈਣਾਂ ਜਗਤ ਵਿਚ ਆਪਣੇ ਗੁਰਭਾਈਆਂ ਨਾਲ ਸੇਵਾ ਕਰ ਰਹੀਆਂ ਹਨ।—1 ਪਤਰਸ 5:9.
[ਫੁਟਨੋਟ]
^ ਪੈਰਾ 2 ਇਸ ਟਾਪੂ ਦਾ ਸਰਕਾਰੀ ਨਾਂ ਮੇਸ ਅ ਟਿਏਰਾ ਹੈ।
[ਸਫ਼ੇ 9 ਉੱਤੇ ਨਕਸ਼ਾ/ਤਸਵੀਰ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਚਿਲੀ
ਸੈਂਟੀਆਗੋ
ਰਾਬਿਨਸੰਨ ਕ੍ਰੂਸੋ ਟਾਪੂ
ਸਾਨ ਹੁਆਨ ਬਾਓਟਿਸਤਾ
ਏਲ ਯੂੰਕਾ
ਸ਼ਾਂਤ ਮਹਾਂਸਾਗਰ
ਸੈਂਟਾ ਕਲਾਰਾ ਟਾਪੂ
[ਤਸਵੀਰ]
ਟਾਪੂ ਦੇ ਲਾਗੇ ਪਹੁੰਚਦਿਆਂ ਅਸੀਂ ਸਮੁੰਦਰ ਦੇ ਗੱਭੇ ਇਕ ਵੱਡਾ ਪਹਾੜ ਦੇਖਿਆ
[ਕ੍ਰੈਡਿਟ ਲਾਈਨ]
Map of Chile: Mountain High Maps® Copyright © 1997 Digital Wisdom, Inc.
[ਸਫ਼ੇ 8, 9 ਉੱਤੇ ਤਸਵੀਰ]
ਏਲ ਯੂੰਕਾ ਨਾਂ ਦਾ ਸ਼ਾਨਦਾਰ ਪਹਾੜ
[ਸਫ਼ੇ 9 ਉੱਤੇ ਤਸਵੀਰ]
ਸਾਨ ਹੁਆਨ ਬਾਓਟਿਸਤਾ ਨਾਂ ਦਾ ਪਿੰਡ
[ਸਫ਼ੇ 9 ਉੱਤੇ ਤਸਵੀਰ]
ਛੋਟੇ-ਛੋਟੇ ਪੱਥਰ ਜਿੱਥੇ ਸੀਲ ਮੱਛੀਆਂ ਅਤੇ ਸੀ-ਲਾਇਨ ਆਰਾਮ ਕਰ ਸਕਦੇ ਹਨ
[ਸਫ਼ੇ 10 ਉੱਤੇ ਤਸਵੀਰ]
ਉੱਪਰ: ਅਸੀਂ ਚਿਲੀ ਵਿਚ ਸੈਂਟੀਆਗੋ ਤੋਂ ਇਕ ਛੋਟੇ ਜਿਹੇ ਹਵਾਈ ਜਹਾਜ਼ ਵਿਚ ਸਫ਼ਰ ਕੀਤਾ
[ਸਫ਼ੇ 10 ਉੱਤੇ ਤਸਵੀਰ]
ਸੱਜੇ: ਟਾਪੂ ਉੱਤੇ ਸਾਦਾ ਜਿਹਾ ਕਿੰਗਡਮ ਹਾਲ
[ਸਫ਼ੇ 10 ਉੱਤੇ ਤਸਵੀਰ]
ਹੇਠਾਂ: ਰਾਬਿਨਸੰਨ ਕ੍ਰੂਸੋ ਟਾਪੂ ਦਾ ਉੱਚਾ-ਨੀਵਾਂ ਕਿਨਾਰਾ