Skip to content

Skip to table of contents

ਵਧੀਆ ਜ਼ਿੰਦਗੀ ਦੀ ਉਮੀਦ—ਇਕ ਸੁਪਨਾ ਹੀ ਨਹੀਂ!

ਵਧੀਆ ਜ਼ਿੰਦਗੀ ਦੀ ਉਮੀਦ—ਇਕ ਸੁਪਨਾ ਹੀ ਨਹੀਂ!

ਵਧੀਆ ਜ਼ਿੰਦਗੀ ਦੀ ਉਮੀਦ​—ਇਕ ਸੁਪਨਾ ਹੀ ਨਹੀਂ!

ਵਧੀਆ ਤੋਂ ਵਧੀਆ ਜ਼ਿੰਦਗੀ—ਇਹ ਸ਼ਬਦ ਤੁਹਾਡੇ ਲਈ ਕੀ ਅਰਥ ਰੱਖਦੇ ਹਨ? ਇਕ ਐਸੇ ਸਮਾਜ ਬਾਰੇ ਜ਼ਰਾ ਸੋਚੋ ਜਿੱਥੇ ਨਾ ਕੋਈ ਜੁਰਮ ਹੈ, ਨਾ ਨਸ਼ੀਲੀਆਂ ਦਵਾਈਆਂ ਦੀ ਕੁਵਰਤੋਂ ਕੀਤੀ ਜਾਂਦੀ, ਨਾ ਕਾਲ ਹੈ, ਨਾ ਕੋਈ ਗ਼ਰੀਬੀ ਅਤੇ ਨਾ ਕੋਈ ਬੇਇਨਸਾਫ਼ੀ ਹੈ। ਐਸੇ ਸਮਾਜ ਵਿਚ ਹਰੇਕ ਕੋਲ ਮਨ ਦੀ ਸ਼ਾਂਤੀ ਹੈ ਅਤੇ ਹਰੇਕ ਦੀ ਸਿਹਤ ਵੀ ਚੰਗੀ ਹੈ। ਉੱਥੇ ਕੋਈ ਦੁੱਖ ਜਾਂ ਗਮ ਨਹੀਂ ਹੈ ਕਿਉਂਕਿ ਮੌਤ ਵੀ ਮਿਟਾਈ ਗਈ ਹੈ। ਕੀ ਐਸਾ ਸੰਸਾਰ ਇਕ ਸੁਪਨਾ ਹੀ ਹੈ?

ਇਹ ਸੱਚ ਹੈ ਕਿ ਲੋਕ ਵਿਗਿਆਨ ਅਤੇ ਤਕਨਾਲੋਜੀ ਵਿਚ ਹੋ ਰਹੀ ਤਰੱਕੀ ਦੀ ਕਦਰ ਕਰਦੇ ਹਨ। ਪਰ ਉਨ੍ਹਾਂ ਨੂੰ ਕੋਈ ਯਕੀਨ ਨਹੀਂ ਹੈ ਕਿ ਲੋਕ ਆਪਣੀ ਸਮਝ ਨਾਲ ਹੀ ਸੰਸਾਰ ਨੂੰ ਸੁੱਖ-ਸ਼ਾਂਤ ਬਣਾ ਸਕਦੇ ਹਨ ਜਿੱਥੇ ਸਾਰੇ ਜਣੇ ਸੱਤ-ਸੰਤੋਖ ਅਤੇ ਖ਼ੁਸ਼ੀ ਨਾਲ ਰਹਿ ਸਕਦੇ ਹਨ। ਦੂਜੇ ਪਾਸੇ, ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਨਸਾਨ ਘਟੀਆ ਹਾਲਾਤਾਂ ਨੂੰ ਸੁਧਾਰ ਕੇ ਬਿਹਤਰ ਬਣਾਉਣਾ ਚਾਹੁੰਦੇ ਹਨ। ਪਰ ਬੇਘਰ ਅਤੇ ਗ਼ਰੀਬ ਲੋਕਾਂ ਦੇ ਦੁੱਖ ਸਿਰਫ਼ ਸੁਪਨੇ ਲੈਣ ਨਾਲ ਹੀ ਦੂਰ ਨਹੀਂ ਹੋਣ ਲੱਗੇ। ਨਾ ਹੀ ਇਸ ਤਰ੍ਹਾਂ ਕਰਨ ਨਾਲ ਲੰਗੜਿਆਂ ਜਾਂ ਬੀਮਾਰਾਂ ਨੂੰ ਕੋਈ ਸੁੱਖ ਮਿਲੇਗਾ। ਇਨਸਾਨ ਇਕ ਸੁਖੀ ਸੰਸਾਰ ਨਹੀਂ ਬਣਾ ਸਕਦੇ ਹਨ। ਪਰ ਅੱਜ-ਕੱਲ੍ਹ ਦੇ ਦੁਖੀ ਸਮਿਆਂ ਦੇ ਬਾਵਜੂਦ ਇਕ ਵਧੀਆ ਤੋਂ ਵਧੀਆ ਸੰਸਾਰ ਨਜ਼ਦੀਕ ਹੈ।

ਜਦੋਂ ਤੁਸੀਂ ਵਧੀਆ ਜਾਂ ਸੰਪੂਰਣ ਜੀਵਨ ਬਾਰੇ ਸੋਚਦੇ ਹੋ, ਤੁਸੀਂ ਸ਼ਾਇਦ ਯਿਸੂ ਮਸੀਹ ਦੇ ਜੀਵਨ ਬਾਰੇ ਸੋਚੋ। ਧਰਤੀ ਉੱਤੇ ਸਿਰਫ਼ ਯਿਸੂ ਮਸੀਹ ਹੀ ਨਹੀਂ ਇਕ ਸੰਪੂਰਣ ਵਿਅਕਤੀ ਸੀ। ਉਸ ਤੋਂ ਪਹਿਲਾਂ, ਆਦਮ ਅਤੇ ਹੱਵਾਹ ਰੱਬ ਦੇ ਸਰੂਪ ਉੱਤੇ ਸੰਪੂਰਣ ਬਣਾਏ ਗਏ ਸਨ। ਉਹ ਇਕ ਸੁੰਦਰ ਬਾਗ਼ ਵਿਚ ਰਹਿੰਦੇ ਸੀ। ਪਰ ਉਹ ਆਪਣੇ ਸਵਰਗੀ ਪਿਤਾ ਦੇ ਵਿਰੁੱਧ ਬਗਾਵਤ ਕਰ ਕੇ ਇਹ ਸਭ ਕੁਝ ਖੋਹ ਬੈਠੇ। (ਉਤਪਤ 3:1-6) ਪਰ ਸ੍ਰਿਸ਼ਟੀਕਰਤਾ ਨੇ ਮਨੁੱਖਾਂ ਵਿਚ ਸਦਾ ਲਈ ਜੀਉਣ ਦੀ ਇੱਛਾ ਬਿਠਾਈ ਹੈ। ਉਪਦੇਸ਼ਕ ਦੀ ਪੋਥੀ 3:11 ਵਿਚ ਲਿਖਿਆ ਹੈ ਕਿ “[ਪਰਮਾਤਮਾ] ਨੇ ਹਰੇਕ ਵਸਤ ਆਪੋ ਆਪਣੇ ਸਮੇਂ ਵਿੱਚ ਸੁੰਦਰ ਬਣਾਈ ਹੈ ਅਤੇ ਉਸ ਨੇ ਸਦੀਪਕਾਲ ਨੂੰ ਵੀ ਓਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ, ਤਾਂ ਵੀ ਇਨਸਾਨ ਉਸ ਕੰਮ ਨੂੰ ਜੋ ਪਰਮੇਸ਼ੁਰ ਆਦ ਤੋਂ ਲੈ ਕੇ ਅੰਤ ਤੋੜੀ ਕਰਦਾ ਹੈ ਬੁੱਝ ਨਹੀਂ ਸੱਕਦਾ।”

ਅਪੂਰਣਤਾ, ਮਤਲਬ ਕਿ ਵਿਗਾੜ ਅਤੇ ਪਾਪ ਨੇ ਮਨੁੱਖਜਾਤੀ ਨੂੰ “ਅਨਰਥ” ਅਤੇ “ਬਿਨਾਸ ਦੀ ਗੁਲਾਮੀ” ਵਿਚ ਲਿਆਂਦਾ ਹੈ। ਪਰ ਪੌਲੁਸ ਰਸੂਲ ਦੇ ਹੌਸਲੇ ਵਾਲੇ ਸ਼ਬਦਾਂ ਵੱਲ ਧਿਆਨ ਦਿਓ: “ਸਰਿਸ਼ਟੀ ਵੱਡੀ ਚਾਹ ਨਾਲ ਪਰਮੇਸ਼ੁਰ ਦੇ ਪੁੱਤ੍ਰਾਂ ਦੇ ਪਰਕਾਸ਼ ਹੋਣ ਨੂੰ ਉਡੀਕਦੀ ਹੈ। ਕਿਉਂ ਜੋ ਸਰਿਸ਼ਟੀ ਅਨਰਥ ਦੇ ਅਧੀਨ ਕੀਤੀ ਗਈ, ਆਪਣੀ ਇੱਛਿਆ ਨਾਲ ਨਹੀਂ ਸਗੋਂ ਅਧੀਨ ਕਰਨ ਵਾਲੇ ਦੇ ਕਾਰਨ ਪਰ ਉਮੇਦ ਨਾਲ। ਇਸ ਲਈ ਜੋ ਸਰਿਸ਼ਟੀ ਆਪ ਵੀ ਬਿਨਾਸ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰੇ।” (ਰੋਮੀਆਂ 8:19-21) ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਪਰਮਾਤਮਾ ਨੇ ਯਿਸੂ ਮਸੀਹ ਦੁਆਰਾ ਮਨੁੱਖਜਾਤੀ ਨੂੰ ਫਿਰ ਤੋਂ ਸੰਪੂਰਣ ਜੀਵਨ ਦੇਣਾ ਹੈ।—ਯੂਹੰਨਾ 3:16; 17:3.

ਇਸ ਵੱਡੀ ਉਮੀਦ ਤੋਂ ਇਲਾਵਾ, ਸਾਡੇ ਸਾਰਿਆਂ ਵਿਚ ਹੁਣ ਰੂਹਾਨੀ ਤੌਰ ਤੇ ਅੱਗੇ ਵਧਣ ਦੀ ਯੋਗਤਾ ਹੈ ਅਤੇ ਦੂਸਰੇ ਵੀ ਇਹ ਚੀਜ਼ ਸਾਡੇ ਵਿਚ ਦੇਖ ਸਕਣਗੇ।

ਸੰਤੁਲਿਤ ਹੋਣ ਦੀ ਕੋਸ਼ਿਸ਼ ਕਰੋ

ਯਿਸੂ ਮਸੀਹ ਅਨੁਸਾਰ ਸੰਪੂਰਣਤਾ ਇੰਨੀ ਜ਼ਰੂਰੀ ਚੀਜ਼ ਹੈ ਕਿ ਉਸ ਨੇ ਇਕ ਵਾਰ ਲੋਕਾਂ ਦੀ ਵੱਡੀ ਭੀੜ ਨੂੰ ਕਿਹਾ ਕਿ “ਜਿਵੇਂ ਤੁਹਾਡਾ ਸੁਰਗੀ ਪਿਤਾ ਸੰਪੂਰਣ ਹੈ ਤਿਵੇਂ ਤੁਸੀਂ ਵੀ ਸੰਪੂਰਣ ਹੋਵੋ।” (ਮੱਤੀ 5:48) ਕੀ ਯਿਸੂ ਸਾਡੇ ਤੋਂ ਇਹ ਉਮੀਦ ਰੱਖਦਾ ਸੀ ਕਿ ਅਸੀਂ ਇਨ੍ਹਾਂ ਬੁਰਿਆਂ ਸਮਿਆਂ ਵਿਚ ਸੰਪੂਰਣ ਹੋਈਏ, ਜਾਂ ਕੋਈ ਵੀ ਗ਼ਲਤੀ ਨਾ ਕਰੀਏ? ਨਹੀਂ। ਅਸੀਂ ਅਕਸਰ ਗ਼ਲਤੀਆਂ ਕਰਦੇ ਹਾਂ। ਪਰ ਸਾਨੂੰ ਲੋਕਾਂ ਪ੍ਰਤੀ ਵੱਡਾ ਦਿਲ, ਦਿਆਲਗੀ, ਅਤੇ ਪ੍ਰੇਮ ਵਰਗੇ ਗੁਣ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਯਿਸੂ ਦੇ ਇਕ ਰਸੂਲ ਨੇ ਵੀ ਇਵੇਂ ਲਿਖਿਆ ਸੀ ਕਿ “ਜੇ ਅਸੀਂ ਆਪਣਿਆਂ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫ਼ਾਦਾਰ ਅਤੇ ਧਰਮੀ ਹੈ ਭਈ ਸਾਡੇ ਪਾਪਾਂ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ। ਜੇ ਆਖੀਏ ਭਈ ਅਸਾਂ ਪਾਪ ਨਹੀਂ ਕੀਤਾ ਹੈ ਤਾਂ ਉਹ ਨੂੰ ਝੂਠਾ ਬਣਾਉਂਦੇ ਹਾਂ ਅਤੇ ਉਹ ਦਾ ਬਚਨ ਸਾਡੇ ਵਿੱਚ ਨਹੀਂ ਹੈ।”—1 ਯੂਹੰਨਾ 1:9, 10.

ਇਸ ਦੇ ਬਾਵਜੂਦ, ਅਸੀਂ ਆਪਣੇ ਬਾਰੇ ਅਤੇ ਦੂਜਿਆਂ ਲੋਕਾਂ ਬਾਰੇ ਆਪਣੇ ਭਲੇ-ਬੁਰੇ ਵਿਚਾਰ ਸੁਧਾਰ ਸਕਦੇ ਹਾਂ। ਸਾਨੂੰ ਕਿਸੇ ਬਾਰੇ ਨਾ ਤਾਂ ਬਹੁਤਾ ਬੁਰਾ ਅਤੇ ਨਾ ਹੀ ਬਹੁਤ ਭਲਾ ਸੋਚਣਾ ਚਾਹੀਦਾ ਹੈ। ਸਾਨੂੰ ਸੰਤੁਲਿਤ ਸੁਭਾਅ ਅਪਣਾਉਣ ਲਈ ਪਰਮਾਤਮਾ ਦੇ ਸ਼ਬਦ, ਬਾਈਬਲ ਦੀ ਸਿੱਖਿਆ ਤੋਂ ਸਿਵਾਇ ਹੋਰ ਕਿਤਿਓਂ ਬਿਹਤਰ ਸਲਾਹ ਨਹੀਂ ਮਿਲਦੀ। ਖ਼ੁਸ਼ੀ ਅਤੇ ਸੰਜਮ ਵਰਗੇ ਗੁਣ ਪੈਦਾ ਕਰਨ ਨਾਲ ਅਸੀਂ ਹਰ ਕੰਮ-ਧੰਦੇ ਵਿਚ ਸੋਹਣਾ ਵਰਤਾਉ ਕਰਾਂਗੇ ਅਤੇ ਆਪਣੇ ਵਿਆਹੁਤਾ ਸਾਥੀ ਨਾਲ ਅਤੇ ਆਪਣੇ ਮਾਪਿਆਂ ਅਤੇ ਬੱਚਿਆਂ ਨਾਲ ਖਿਝਾਂਗੇ ਨਹੀਂ। ਪੌਲੁਸ ਰਸੂਲ ਨੇ ਮਸੀਹੀਆਂ ਨੂੰ ਕਿਹਾ ਕਿ “ਪ੍ਰਭੁ ਵਿੱਚ ਸਦਾ ਅਨੰਦ ਕਰੋ। ਫੇਰ ਕਹਿੰਦਾ ਹਾਂ, ਅਨੰਦ ਕਰੋ। ਤੁਹਾਡੀ ਖਿਮਾ ਸਭਨਾਂ ਮਨੁੱਖਾਂ ਉੱਤੇ ਪਰਗਟ ਹੋਵੇ।”—ਫ਼ਿਲਿੱਪੀਆਂ 4:4, 5.

ਸੰਤੁਲਿਤ ਹੋਣ ਦੇ ਲਾਭ

ਜਦੋਂ ਤੁਸੀਂ ਸੰਤੁਲਿਤ ਹੁੰਦੇ ਹੋ ਅਤੇ ਆਪਣੇ ਆਪ ਤੇ ਬੇਲੋੜ ਸਖ਼ਤੀ ਨਹੀਂ ਵਰਤਦੇ, ਤਾਂ ਤੁਸੀਂ ਆਪਣਾ ਅਤੇ ਦੂਜਿਆਂ ਦਾ ਭਲਾ ਸੋਚਦੇ ਹੋ। ਤੁਹਾਨੂੰ ਆਪਣੀ ਅਸਲੀ ਯੋਗਤਾ ਪਛਾਣਨੀ ਚਾਹੀਦੀ ਹੈ ਅਤੇ ਜਾਣਨਾ ਚਾਹੀਦਾ ਹੈ ਕਿ ਤੁਸੀਂ ਕੀ ਕਰ ਸਕਦੇ ਹੋ ਅਤੇ ਕੀ ਨਹੀਂ। ਯਾਦ ਰੱਖਿਆ ਜਾਵੇ ਕਿ ਪਰਮਾਤਮਾ ਨੇ ਸਾਨੂੰ ਇਸ ਧਰਤੀ ਉੱਤੇ ਰਹਿਣ ਲਈ ਸ੍ਰਿਸ਼ਟ ਕੀਤਾ ਸੀ। ਉਹ ਚਾਹੁੰਦਾ ਸੀ ਕਿ ਅਸੀਂ ਆਪਣੇ ਕੰਮਾਂ ਤੋਂ ਸੰਤੁਸ਼ਟੀ ਪਾਈਏ। ਇਹ ਸਾਰਿਆਂ ਲਈ ਲਾਭਦਾਇਕ ਹੋਣਾ ਸੀ।—ਉਤਪਤ 2:7-9.

ਜੇਕਰ ਤੁਸੀਂ ਆਪਣੇ ਆਪ ਨਾਲ ਸਖ਼ਤੀ ਵਰਤਦੇ ਆਏ ਹੋ, ਤਾਂ ਪ੍ਰਾਰਥਨਾ ਦੁਆਰਾ ਕਿਉਂ ਨਾ ਯਹੋਵਾਹ ਤੋਂ ਮਦਦ ਮੰਗੋ? ਪਰਮਾਤਮਾ ਦੀ ਕਿਰਪਾ ਤੁਹਾਡੀ ਮਦਦ ਕਰੇਗੀ। ਯਹੋਵਾਹ ਜਾਣਦਾ ਹੈ ਕਿ ਅਸੀਂ ਅਪੂਰਣ ਹਾਂ, ਇਸ ਕਰਕੇ ਉਹ ਤਰਸਵਾਨ ਹੈ। ਜ਼ਬੂਰਾਂ ਦਾ ਲਿਖਾਰੀ ਸਾਨੂੰ ਹੌਸਲਾ ਦਿੰਦਾ ਹੈ ਕਿ “ਜਿਵੇਂ ਪਿਤਾ ਆਪਣੇ ਬੱਚਿਆਂ ਦਾ ਤਰਸ ਖਾਂਦਾ ਹੈ, ਤਿਵੇਂ ਯਹੋਵਾਹ ਆਪਣੇ ਡਰਨ ਵਾਲਿਆਂ ਦਾ ਤਰਸ ਖਾਂਦਾ ਹੈ। ਉਹ ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!” (ਜ਼ਬੂਰ 103:13, 14) ਅਸੀਂ ਕਿੰਨੇ ਸ਼ੁਕਰਗੁਜ਼ਾਰ ਹੋ ਸਕਦੇ ਹਾਂ ਕਿ ਪਰਮਾਤਮਾ ਇਨਸਾਨਾਂ ਨਾਲ ਇੰਨਾ ਦਿਆਲੂ ਹੈ! ਉਹ ਸਾਡੀਆਂ ਕਮਜ਼ੋਰੀਆਂ ਜਾਣਦਾ ਹੈ, ਪਰ ਅਸੀਂ ਫਿਰ ਵੀ ਉਸ ਦੀਆਂ ਨਜ਼ਰਾਂ ਵਿਚ ਪਿਆਰੇ ਬੱਚਿਆਂ ਵਾਂਗ ਬਣ ਸਕਦੇ ਹਾਂ।

ਹਮੇਸ਼ਾ ਪਹਿਲੇ ਨੰਬਰ ਤੇ ਹੋਣ ਦਾ ਰਵੱਈਆ ਅਪਣਾਉਣ ਦੀ ਬਜਾਇ, ਇਹ ਕਿੰਨੀ ਅਕਲਮੰਦੀ ਦੀ ਗੱਲ ਹੈ ਕਿ ਅਸੀਂ ਹਰ ਮਾਮਲੇ ਨੂੰ ਪਰਮਾਤਮਾ ਦੀਆਂ ਨਜ਼ਰਾਂ ਦੁਆਰਾ ਦੇਖੀਏ ਅਤੇ ਸੰਤੁਲਿਤ ਨਜ਼ਰੀਆ ਰੱਖੀਏ! ਇਸ ਤੋਂ ਇਲਾਵਾ, ਅਸੀਂ ਇਸ ਬਾਰੇ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਪਰਮਾਤਮਾ ਦੇ ਰਾਜ ਅਧੀਨ ਮਨੁੱਖਜਾਤੀ ਨੂੰ ਮੁੜ ਕੇ ਵਧੀਆ ਤੋਂ ਵਧੀਆ ਜ਼ਿੰਦਗੀ ਮਿਲਣ ਦੇ ਮਕਸਦ ਨੂੰ ਕੋਈ ਨਹੀਂ ਰੋਕ ਸਕਦਾ। ਪਰ ਮਨੁੱਖਾਂ ਲਈ ਸੰਪੂਰਣਤਾ ਦਾ ਕੀ ਅਰਥ ਹੈ?

ਹਮੇਸ਼ਾ ਪਹਿਲੇ ਹੋਣ ਦੇ ਰਵੱਈਏ ਨਾਲੋਂ ਸੰਪੂਰਣਤਾ ਬਿਹਤਰ ਹੈ

ਸੰਪੂਰਣਤਾ ਦਾ ਅਰਥ ਇਹ ਨਹੀਂ ਹੈ ਕਿ ਅਸੀਂ ਹਰ ਚੀਜ਼ ਵਿਚ ਪਹਿਲੇ ਨੰਬਰ ਤੇ ਆਈਏ। ਜਿਨ੍ਹਾਂ ਲੋਕਾਂ ਨੂੰ ਪਰਮਾਤਮਾ ਦੇ ਰਾਜ ਅਧੀਨ ਸੁੰਦਰ ਧਰਤੀ ਉੱਤੇ ਜੀਵਨ ਮਿਲੇਗਾ, ਉਹ ਯਕੀਨਨ ਕੱਟੜ ਵਿਅਕਤੀ ਨਹੀਂ ਹੋਣਗੇ। ਆਉਣ ਵਾਲੀ ਵੱਡੀ ਬਿਪਤਾ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਯਿਸੂ ਦੇ ਰਿਹਾਈ ਬਲੀਦਾਨ ਲਈ ਦਿਲੀ ਕਦਰ ਦਿਖਾਈਏ। ਯੂਹੰਨਾ ਰਸੂਲ ਨੇ ਦੱਸਿਆ ਕਿ ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ ਇਹ ਕਹੇਗੀ ਕਿ “ਮੁਕਤੀ ਸਾਡੇ ਪਰਮੇਸ਼ੁਰ ਵੱਲੋਂ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਅਤੇ ਲੇਲੇ ਵੱਲੋਂ ਹੈ!” (ਪਰਕਾਸ਼ ਦੀ ਪੋਥੀ 7:9, 10, 14) ਇਸ ਧਰਤੀ ਉੱਤੇ ਆ ਰਹੀ ਵੱਡੀ ਬਿਪਤਾ ਵਿੱਚੋਂ ਬਚਣ ਵਾਲੇ ਸਾਰੇ ਵਿਅਕਤੀ ਮਸੀਹ ਦੇ ਸ਼ੁਕਰਗੁਜ਼ਾਰ ਹੋਣਗੇ ਕਿ ਉਸ ਨੇ ਨਿਹਚਾ ਕਰਨ ਵਾਲਿਆਂ ਲਈ ਆਪਣੀ ਜਾਨ ਕੁਰਬਾਨ ਕੀਤੀ। ਉਸ ਦੀ ਪਿਆਰ-ਭਰੀ ਕੁਰਬਾਨੀ ਦੇ ਕਾਰਨ ਸਾਨੂੰ ਅਪੂਰਣਤਾ ਅਤੇ ਕਮਜ਼ੋਰੀਆਂ ਤੋਂ ਹਮੇਸ਼ਾ ਲਈ ਰਾਹਤ ਮਿਲੇਗੀ।—ਯੂਹੰਨਾ 3:16; ਰੋਮੀਆਂ 8:21, 22.

ਸੰਪੂਰਣ ਜੀਵਨ ਕਿਸ ਤਰ੍ਹਾਂ ਦਾ ਜੀਵਨ ਹੋਵੇਗਾ? ਮੁਕਾਬਲੇਬਾਜ਼ੀ ਅਤੇ ਖ਼ੁਦਗਰਜ਼ੀ ਦੀ ਬਜਾਇ, ਲੋਕਾਂ ਵਿਚਕਾਰ ਪ੍ਰੇਮ ਅਤੇ ਦਿਆਲਤਾ ਹੋਣਗੇ। ਇਹ ਚੀਜ਼ਾਂ ਜ਼ਿੰਦਗੀ ਨੂੰ ਬਹੁਤ ਖ਼ੁਸ਼ ਬਣਾਉਣਗੀਆਂ। ਲੋਕ ਚਿੰਤਾ ਨਹੀਂ ਕਰਨਗੇ ਅਤੇ ਆਪਣੇ ਆਪ ਬਾਰੇ ਘਟੀਆ ਵਿਚਾਰ ਨਹੀਂ ਰੱਖਣਗੇ। ਮੁੜ-ਮੁੜ ਕੇ ਇੱਕੋ ਕੰਮ ਕਰ ਕੇ ਲੋਕ ਸੰਪੂਰਣ ਜ਼ਿੰਦਗੀ ਤੋਂ ਅੱਕ ਨਹੀਂ ਜਾਣਗੇ। ਬਾਈਬਲ ਉਸ ਫਿਰਦੌਸ ਬਾਰੇ ਸਭ ਕੁਝ ਨਹੀਂ ਦੱਸਦੀ ਪਰ ਕੁਝ ਗੱਲਾਂ ਇਹ ਹਨ ਕਿ ਲੋਕ “ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ। ਓਹ ਨਾ ਬਣਾਉਣਗੇ ਭਈ ਦੂਜਾ ਵੱਸੇ, ਓਹ ਨਾ ਲਾਉਣਗੇ ਭਈ ਦੂਜਾ ਖਾਵੇ, ਮੇਰੀ ਪਰਜਾ ਦੇ ਦਿਨ ਤਾਂ ਰੁੱਖ ਦੇ ਦਿਨਾਂ ਵਰਗੇ ਹੋਣਗੇ, ਅਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦਾ ਕੰਮ ਢੇਰ ਚਿਰ ਭੋਗਣਗੇ। ਓਹ ਵਿਅਰਥ ਮਿਹਨਤ ਨਾ ਕਰਨਗੇ, ਨਾ ਕਲੇਸ਼ ਲਈ ਜਮਾਉਣਗੇ।”—ਯਸਾਯਾਹ 65:21-23.

ਉਸ ਰਾਜ ਵਿਚ ਮਨੋਰੰਜਨ, ਬਾਜ਼ਾਰ, ਤਕਨਾਲੋਜੀ, ਜਾਂ ਆਵਾ-ਜਾਈ ਵਰਗੀਆਂ ਚੀਜ਼ਾਂ ਬਾਰੇ ਚਿੰਤਾ ਕਰਨ ਦੀ ਬਜਾਇ, ਜ਼ਰਾ ਕਲਪਨਾ ਕਰੋ ਕਿ ਤੁਸੀਂ ਇਸ ਭਵਿੱਖਬਾਣੀ ਦੀ ਪੂਰਤੀ ਦਾ ਆਨੰਦ ਕਿਸ ਤਰ੍ਹਾਂ ਮਾਣ ਸਕੋਗੇ: “ਬਘਿਆੜ ਅਤੇ ਲੇਲਾ ਇਕੱਠੇ ਚਰਨਗੇ, ਅਤੇ ਬਬਰ ਸ਼ੇਰ ਬਲਦ ਵਾਂਙੁ ਭੋਹ ਖਾਵੇਗਾ ਸੱਪ ਦੀ ਰੋਟੀ ਖ਼ਾਕ ਹੋਵੇਗੀ, ਓਹ ਮੇਰੇ ਸਾਰੇ ਪਵਿੱਤ੍ਰ ਪਰਬਤ ਵਿੱਚ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ, ਯਹੋਵਾਹ ਫ਼ਰਮਾਉਂਦਾ ਹੈ।” (ਯਸਾਯਾਹ 65:25) ਸੰਪੂਰਣ ਜੀਵਨ ਹੁਣ ਦੀ ਜ਼ਿੰਦਗੀ ਨਾਲੋਂ ਕਿੰਨਾ ਵੱਖਰਾ ਹੋਵੇਗਾ! ਜੇ ਤੁਸੀਂ ਉਸ ਸਮੇਂ ਜ਼ਿੰਦਗੀ ਦੇ ਲਾਇਕ ਗਿਣੇ ਜਾਉਗੇ, ਤੁਹਾਨੂੰ ਯਕੀਨ ਹੋ ਸਕਦਾ ਹੈ ਕਿ ਤੁਹਾਡਾ ਸਵਰਗੀ ਪਿਤਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਵਿਚ ਦਿਲਚਸਪੀ ਰੱਖੇਗਾ। “ਤੂੰ ਯਹੋਵਾਹ ਉੱਤੇ ਨਿਹਾਲ ਰਹੁ, ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਿਆਂ ਕਰੇਗਾ।”—ਜ਼ਬੂਰ 37:4.

ਐਸੀ ਵਧੀਆ ਤੋਂ ਵਧੀਆ ਜ਼ਿੰਦਗੀ ਇਕ ਸੁਪਨਾ ਹੀ ਨਹੀਂ ਹੈ। ਮਨੁੱਖਜਾਤੀ ਲਈ ਯਹੋਵਾਹ ਦਾ ਪ੍ਰੇਮ-ਭਰਿਆ ਮਕਸਦ ਜ਼ਰੂਰ ਪੂਰਾ ਹੋਵੇਗਾ। ਤੁਸੀਂ ਆਪਣੇ ਪਰਿਵਾਰ ਸਮੇਤ ਉਨ੍ਹਾਂ ਲੋਕਾਂ ਵਿਚ ਸ਼ਾਮਲ ਹੋ ਸਕਦੇ ਹੋ ਜੋ ਮਨੁੱਖੀ ਸੰਪੂਰਣਤਾ ਪਾਉਣਗੇ ਅਤੇ ਪਰਮਾਤਮਾ ਦੇ ਨਵੇਂ ਸੰਸਾਰ ਵਿਚ ਸਦਾ ਲਈ ਜੀਉਣਗੇ। ਬਾਈਬਲ ਦੀ ਭਵਿੱਖਬਾਣੀ ਦੱਸਦੀ ਹੈ ਕਿ “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”—ਜ਼ਬੂਰ 37:29.

[ਸਫ਼ੇ 6 ਉੱਤੇ ਤਸਵੀਰ]

ਅਸੀਂ ਆਪਣੇ ਬਾਰੇ ਅਤੇ ਦੂਜਿਆਂ ਲੋਕਾਂ ਬਾਰੇ ਆਪਣੇ ਵਿਚਾਰ ਸੁਧਾਰ ਕੇ ਸੰਤੁਲਿਤ ਹੋ ਸਕਦੇ ਹਾਂ

[ਸਫ਼ੇ 7 ਉੱਤੇ ਤਸਵੀਰ]

ਸੁੰਦਰ ਧਰਤੀ ਉੱਤੇ ਸ਼ਾਂਤ ਅਤੇ ਧਰਮੀ ਹਾਲਾਤਾਂ ਅਧੀਨ ਜ਼ਿੰਦਗੀ ਦੇ ਆਨੰਦ ਬਾਰੇ ਸੋਚੇ