Skip to content

Skip to table of contents

ਕਈ ਦੇਸ਼ਾਂ ਲਈ ਚਾਨਣ-ਮੁਨਾਰਾ

ਕਈ ਦੇਸ਼ਾਂ ਲਈ ਚਾਨਣ-ਮੁਨਾਰਾ

ਜੀਵਨੀ

ਕਈ ਦੇਸ਼ਾਂ ਲਈ ਚਾਨਣ-ਮੁਨਾਰਾ

ਜੌਰਜ ਯੰਗ ਦੀ ਜੀਵਨੀ ਰੂਥ ਯੰਗ ਨਿਕਲਸਨ ਦੀ ਜ਼ਬਾਨੀ

“ਤਾਂ ਫਿਰ ਸਾਡਾ ਚਰਚ ਚੁੱਪ ਕਿਉਂ ਬੈਠਾ ਹੈ? . . . ਜਿਹੜੀਆਂ ਗੱਲਾਂ ਮੈਂ ਤੁਹਾਨੂੰ ਲਿਖੀਆਂ ਉਹ ਬਿਲਕੁਲ ਸੱਚੀਆਂ ਸਾਬਤ ਹੋ ਚੁੱਕੀਆਂ ਹਨ। ਕੀ ਇਹ ਸਭ ਕੁਝ ਜਾਣਦੇ ਹੋਏ ਵੀ ਅਸੀਂ ਚੁੱਪ-ਚਾਪ ਬੈਠੇ ਰਹੀਏ? ਆਓ ਅਸੀਂ ਲੋਕਾਂ ਨੂੰ ਹਨੇਰੇ ਵਿਚ ਨਾ ਰੱਖੀਏ। ਆਓ ਸੱਚਾਈ ਦੱਸਣ ਲੱਗਿਆਂ ਅਸੀਂ ਨਾ ਤਾਂ ਸ਼ਰਮਾਈਏ ਤੇ ਨਾ ਹੀ ਡਰੀਏ, ਸਗੋਂ ਖੁੱਲ੍ਹੇ-ਆਮ ਸੱਚਾਈ ਦਾ ਐਲਾਨ ਕਰੀਏ।”

ਉਪਰ ਦਿੱਤੀਆਂ ਲਾਈਨਾਂ ਪਿਤਾ ਜੀ ਦੇ ਇਕ ਖਤ ਦੀਆਂ ਹਨ। ਇਹ ਗੱਲ 1913 ਦੀ ਹੈ ਜਦੋਂ ਪਿਤਾ ਜੀ ਨੇ 33 ਸਫ਼ਿਆਂ ਦਾ ਇਹ ਖਤ ਚਰਚ ਵਿੱਚੋਂ ਆਪਣਾ ਨਾਂ ਕਟਵਾਉਣ ਲਈ ਲਿਖਿਆ ਸੀ। ਉਸ ਸਮੇਂ ਤੋਂ ਪਿਤਾ ਜੀ ਦੀ ਇਕ ਰੋਮਾਂਚਕ ਜ਼ਿੰਦਗੀ ਦੀ ਸ਼ੁਰੂਆਤ ਹੋਈ ਜਿਸ ਦੇ ਸਦਕਾ ਉਹ ਬਹੁਤ ਸਾਰੇ ਦੇਸ਼ਾਂ ਲਈ ਇਕ ਚਾਨਣ-ਮੁਨਾਰਾ ਬਣ ਗਏ। (ਫ਼ਿਲਿੱਪੀਆਂ 2:15) ਮੈਂ ਛੋਟੀ ਉਮਰ ਤੋਂ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਕਈ ਤਰੀਕਿਆਂ ਨਾਲ ਜਾਣਕਾਰੀ ਇਕੱਠੀ ਕੀਤੀ ਤੇ ਦੋਸਤ-ਮਿੱਤਰਾਂ ਦੀ ਮਦਦ ਨਾਲ ਪਿਤਾ ਜੀ ਦੀ ਜੀਵਨੀ ਲਿਖ ਸਕੀ। ਪਿਤਾ ਜੀ ਦੀ ਜ਼ਿੰਦਗੀ ਬਾਰੇ ਸੋਚਣ ਤੇ ਮੈਨੂੰ ਪੌਲੁਸ ਰਸੂਲ ਦੀ ਯਾਦ ਆਉਂਦੀ ਹੈ। ‘ਪਰਾਈਆਂ ਕੌਮਾਂ ਦੇ ਰਸੂਲ’ ਵਾਂਗ ਪਿਤਾ ਜੀ ਵੀ ਦੁਨੀਆਂ ਦੇ ਹਰ ਕੋਨੇ ਵਿਚ ਯਹੋਵਾਹ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਹਮੇਸ਼ਾ ਤਿਆਰ ਰਹਿੰਦੇ ਸਨ। (ਰੋਮੀਆਂ 11:13; ਜ਼ਬੂਰ 107:1-3) ਆਓ ਮੈਂ ਤੁਹਾਨੂੰ ਆਪਣੇ ਪਿਤਾ ਜੀ, ਜੌਰਜ ਯੰਗ ਬਾਰੇ ਦੱਸਾਂ।

ਪਿਤਾ ਜੀ ਦਾ ਪਰਿਵਾਰਕ ਪਿਛੋਕੜ

ਮੇਰੇ ਪਿਤਾ ਜੀ ਸਾਡੇ ਦਾਦਾ-ਦਾਦੀ ਜੌਨ ਅਤੇ ਮਾਰਗ੍ਰਟ ਦੇ ਸਭ ਤੋਂ ਛੋਟੇ ਪੁੱਤਰ ਸਨ ਜੋ ਸਕਾਟਲੈਂਡ ਦੀ ਪ੍ਰੈਸਬੀਟੀਰੀਅਨ ਚਰਚ ਦੇ ਮੈਂਬਰ ਸਨ। ਜਦੋਂ ਪਿਤਾ ਜੀ ਦਾ ਪਰਿਵਾਰ ਸਕਾਟਲੈਂਡ ਦਾ ਐਡਿਨਬਰਾ ਸ਼ਹਿਰ ਛੱਡ ਕੇ ਪੱਛਮੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਆ ਕੇ ਵੱਸ ਗਿਆ, ਤਾਂ ਉੱਥੇ 8 ਸਤੰਬਰ 1886 ਨੂੰ ਪਿਤਾ ਜੀ ਦਾ ਜਨਮ ਹੋਇਆ। ਪਰ ਉਨ੍ਹਾਂ ਦੇ ਤਿੰਨ ਵੱਡੇ ਭਰਾ—ਐਲੇਗਜ਼ੈਂਡਰ, ਜੌਨ, ਮੈਲਕਮ ਕੁਝ ਸਾਲ ਪਹਿਲਾਂ ਸਕਾਟਲੈਂਡ ਵਿਚ ਪੈਦਾ ਹੋਏ ਸਨ। ਇਨ੍ਹਾਂ ਦੀ ਛੋਟੀ ਭੈਣ ਦਾ ਨਾਂ ਮੈਰੀਅਨ ਸੀ ਜੋ ਪਿਤਾ ਜੀ ਨਾਲੋਂ ਦੋ ਸਾਲ ਛੋਟੀ ਸੀ। ਇਸ ਨੂੰ ਚਾਰੇ ਭਰਾ ਪਿਆਰ ਨਾਲ ਨੈਲੀ ਕਹਿ ਕੇ ਬੁਲਾਉਂਦੇ ਸਨ।

ਪਿਤਾ ਜੀ ਦੀ ਪਰਵਰਿਸ਼ ਸਾਨਿਚ ਸ਼ਹਿਰ ਦੇ ਇਕ ਫਾਰਮ ਵਿਚ ਹੋਈ। ਇਹ ਸ਼ਹਿਰ ਬ੍ਰਿਟਿਸ਼ ਕੋਲੰਬੀਆ ਦੇ ਵਿਕਟੋਰੀਆ ਸ਼ਹਿਰ ਤੋਂ ਬਹੁਤਾ ਦੂਰ ਨਹੀਂ ਸੀ। ਸਾਰੇ ਭੈਣ-ਭਰਾਵਾਂ ਫਾਰਮ ਤੇ ਖੂਬ ਮਜ਼ਾ ਕਰਦੇ ਸਨ। ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ਿੰਮੇਵਾਰੀ ਨੂੰ ਨਿਭਾਉਣਾ ਵੀ ਸਿੱਖਿਆ। ਆਪਣੇ ਮਾਪਿਆਂ ਦੇ ਘਰ ਆਉਣ ਤੋਂ ਪਹਿਲਾਂ ਹੀ ਸਾਰੇ ਨਿਆਣੇ ਮਿਲ ਕੇ ਘਰ ਦਾ ਸਾਰਾ ਨਿੱਕਾ-ਮੋਟਾ ਕੰਮ ਮੁਕਾ ਕੇ ਘਰ ਨੂੰ ਐਨ ਸਾਫ਼-ਸੁਥਰਾ ਕਰ ਦਿੰਦੇ ਸਨ।

ਇਸ ਦੌਰਾਨ ਪਿਤਾ ਜੀ ਅਤੇ ਉਨ੍ਹਾਂ ਦੇ ਭਰਾਵਾਂ ਨੇ ਖ਼ਾਨਾਂ ਦੇ ਕੰਮ ਦੇ ਨਾਲ-ਨਾਲ ਲੱਕੜ ਦਾ ਵਪਾਰ ਸ਼ੁਰੂ ਕਰ ਲਿਆ। ਇਹ ਭਰਾ ਇਮਾਰਤੀ ਲੱਕੜ ਦੇ ਵਪਾਰ ਲਈ ਕਾਫ਼ੀ ਮਸ਼ਹੂਰ ਹੋ ਗਏ। ਪੈਸੇ-ਧੇਲੇ ਦਾ ਸਾਰਾ ਕੰਮ ਪਿਤਾ ਜੀ ਸੰਭਾਲਦੇ ਹੁੰਦੇ ਸਨ।

ਪਰ ਕੁਝ ਸਮੇਂ ਬਾਅਦ ਪਿਤਾ ਜੀ ਦੀ ਰੁਚੀ ਅਧਿਆਤਮਿਕ ਗੱਲਾਂ ਵੱਲ ਖਿੱਚੀ ਗਈ ਤੇ ਉਨ੍ਹਾਂ ਨੇ ਪ੍ਰੈਸਬੀਟੀਰੀਅਨ ਪਾਦਰੀ ਬਣਨ ਦਾ ਫ਼ੈਸਲਾ ਕਰ ਲਿਆ। ਪਰ, ਉਨ੍ਹੀਂ ਦਿਨੀਂ ਪਿਤਾ ਜੀ ਨੇ ਚਾਰਲਸ ਟੇਜ਼ ਰਸਲ ਦੇ ਲੇਖ ਪੜ੍ਹੇ ਜੋ ਉਸ ਸਮੇਂ ਜ਼ਾਯੰਸ ਵਾਚ ਟਾਵਰ ਸੋਸਾਇਟੀ ਦੇ ਪਹਿਲੇ ਪ੍ਰਧਾਨ ਸਨ। ਇਹ ਲੇਖ ਪੜ੍ਹ ਕੇ ਪਿਤਾ ਜੀ ਦੀ ਜ਼ਿੰਦਗੀ ਹੀ ਬਦਲ ਗਈ। ਉਨ੍ਹਾਂ ਨੇ ਇਨ੍ਹਾਂ ਲੇਖਾਂ ਤੋਂ ਜੋ ਵੀ ਪੜ੍ਹਿਆ ਅਤੇ ਸਿੱਖਿਆ, ਉਸੇ ਕਰਕੇ ਉਨ੍ਹਾਂ ਨੇ ਚਰਚ ਨੂੰ ਆਪਣਾ ਤਿਆਗ-ਪੱਤਰ ਭੇਜ ਦਿੱਤਾ। ਲੇਖ ਦੇ ਸ਼ੁਰੂ ਵਿਚ ਇਸੇ ਹੀ ਖਤ ਦਾ ਜ਼ਿਕਰ ਕੀਤਾ ਗਿਆ ਹੈ।

ਚਰਚ ਦੀਆਂ ਇਨ੍ਹਾਂ ਸਿੱਖਿਆਵਾਂ ਨੂੰ ਕਿ ਇਨਸਾਨ ਦੀ ਆਤਮਾ ਅਮਰ ਹੈ, ਨਰਕ ਦੀ ਅੱਗ ਵਿਚ ਲੋਕ ਸਤਾਏ ਜਾਂਦੇ ਹਨ, ਪਿਤਾ ਜੀ ਨੇ ਗ਼ਲਤ ਸਾਬਤ ਕਰਨ ਲਈ ਬੜੀ ਨਿਡਰਤਾ ਨਾਲ ਬਾਈਬਲ ਦੀਆਂ ਆਇਤਾਂ ਦਾ ਇਸਤੇਮਾਲ ਕੀਤਾ। ਉਨ੍ਹਾਂ ਨੇ ਤ੍ਰਿਏਕ ਦੀ ਸਿੱਖਿਆ ਦਾ ਵੀ ਪਰਦਾ-ਫ਼ਾਸ਼ ਕੀਤਾ। ਉਨ੍ਹਾਂ ਨੇ ਸਾਬਤ ਕੀਤਾ ਕਿ ਇਹ ਸਿੱਖਿਆ ਗ਼ੈਰ-ਮਸੀਹੀ ਧਰਮਾਂ ਤੋਂ ਸ਼ੁਰੂ ਹੋਈ ਹੈ ਤੇ ਬਾਈਬਲ ਵਿਚ ਇਸ ਦਾ ਕਿਤੇ ਵੀ ਨਾਮੋ-ਨਿਸ਼ਾਨ ਨਹੀਂ ਮਿਲਦਾ। ਇਸ ਤੋਂ ਬਾਅਦ ਉਨ੍ਹਾਂ ਨੇ ਯਿਸੂ ਦੀ ਰੀਸ ਕਰਦੇ ਹੋਏ ਦਿਲੋਂ-ਜਾਨ ਨਾਲ ਯਹੋਵਾਹ ਦੀ ਮਹਿਮਾ ਲਈ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।

ਵਾਚ ਟਾਵਰ ਸੋਸਾਇਟੀ ਦੀ ਰਹਿਨੁਮਾਈ ਹੇਠ ਸੰਨ 1917 ਵਿਚ ਪਿਤਾ ਜੀ ਨੇ ਸਫ਼ਰੀ ਨਿਗਾਹਬਾਨ ਵਜੋਂ ਕੰਮ ਸ਼ੁਰੂ ਕਰ ਦਿੱਤਾ। ਕੈਨੇਡਾ ਦੇ ਸਾਰੇ ਇਲਾਕਿਆਂ ਵਿਚ ਉਨ੍ਹਾਂ ਨੇ ਭਾਸ਼ਣ ਦਿੱਤੇ ਅਤੇ “ਸ੍ਰਿਸ਼ਟੀ ਦਾ ਫੋਟੋ ਡਰਾਮਾ” ਨਾਂ ਦੀ ਫ਼ਿਲਮ ਅਤੇ ਸਲਾਈਡ ਸ਼ੋ ਵੀ ਦਿਖਾਏ। ਉਹ ਜਿੱਥੇ ਵੀ ਜਾਂਦੇ, ਹਾਲ ਖਚਾਖਚ ਭਰ ਜਾਂਦੇ। ਉਨ੍ਹਾਂ ਦੇ ਸਫ਼ਰ ਦਾ ਵੇਰਵਾ ਸੰਨ 1921 ਤਕ ਪਹਿਰਾਬੁਰਜ ਵਿਚ ਛਪਦਾ ਰਿਹਾ।

ਵਿਨੀਪੈੱਗ ਸ਼ਹਿਰ ਦੇ ਇਕ ਅਖ਼ਬਾਰ ਨੇ ਲਿਖਿਆ ਕਿ ਯੰਗ ਨਾਂ ਦੇ ਪ੍ਰਚਾਰਕ ਦਾ ਭਾਸ਼ਣ 2500 ਲੋਕਾਂ ਨੇ ਸੁਣਿਆ ਤੇ ਤਕਰੀਬਨ ਇੰਨੇ ਹੀ ਲੋਕਾਂ ਨੂੰ ਵਾਪਸ ਮੁੜਨਾ ਪਿਆ ਕਿਉਂਕਿ ਹਾਲ ਵਿਚ ਪੈਰ ਰੱਖਣ ਨੂੰ ਵੀ ਥਾਂ ਨਹੀਂ ਸੀ। ਓਟਾਵਾ ਸ਼ਹਿਰ ਵਿਚ ਪਿਤਾ ਜੀ ਨੇ “ਨਰਕ ਅਤੇ ਨਰਕ ਤੋਂ ਵਾਪਸੀ” ਨਾਮਕ ਵਿਸ਼ੇ ਉੱਤੇ ਭਾਸ਼ਣ ਦਿੱਤਾ। ਉੱਥੇ ਹਾਜ਼ਰ ਇਕ ਬਜ਼ੁਰਗ ਨੇ ਇੰਜ ਕਿਹਾ: “ਭਾਸ਼ਣ ਖ਼ਤਮ ਹੋਣ ਤੋਂ ਬਾਅਦ, ਜੌਰਜ ਯੰਗ ਨੇ ਲਾਈਨ ਵਿਚ ਬੈਠੇ ਪਾਦਰੀਆਂ ਨੂੰ ਨਰਕ ਦੀ ਸਿੱਖਿਆ ਬਾਰੇ ਚਰਚਾ ਕਰਨ ਲਈ ਸਟੇਜ ਉੱਤੇ ਬੁਲਾਇਆ, ਪਰ ਕੋਈ ਵੀ ਪਾਦਰੀ ਟੱਸ ਤੋਂ ਮੱਸ ਨਾ ਹੋਇਆ। ਉਦੋਂ ਮੈਨੂੰ ਪਤਾ ਲੱਗਾ ਕਿ ਮੈਨੂੰ ਸੱਚਾਈ ਮਿਲ ਗਈ।”

ਪਿਤਾ ਜੀ ਆਪਣੇ ਸਫ਼ਰੀ ਕੰਮ ਦੌਰਾਨ ਅਧਿਆਤਮਿਕ ਤੌਰ ਤੇ ਜ਼ਿਆਦਾ ਤੋਂ ਜ਼ਿਆਦਾ ਮਿਹਨਤ ਕਰਨ ਦੀ ਕੋਸ਼ਿਸ਼ ਕਰਦੇ ਸਨ। ਇਕ ਸ਼ਹਿਰ ਤੋਂ ਦੂਜੇ ਸ਼ਹਿਰ ਪਹੁੰਚਣ ਵਾਸਤੇ ਗੱਡੀ ਫੜਨ ਲਈ ਉਹ ਫੁਰਤੀ ਨਾਲ ਸਟੇਸ਼ਨ ਵੱਲ ਨੱਠਦੇ ਹੁੰਦੇ ਸਨ। ਜਦੋਂ ਉਹ ਕਾਰ ਰਾਹੀਂ ਸਫ਼ਰ ਕਰਦੇ ਹੁੰਦੇ ਸਨ, ਤਾਂ ਉਹ ਅਗਲੀ ਮੰਜ਼ਲ ਤੇ ਦਿਨ ਚੜ੍ਹਨ ਤੋਂ ਪਹਿਲਾਂ ਨਿਕਲ ਜਾਂਦੇ ਸਨ। ਜੋਸ਼ੀਲੇ ਹੋਣ ਦੇ ਨਾਲ-ਨਾਲ ਪਿਤਾ ਜੀ ਦੂਜਿਆਂ ਨਾਲ ਬਹੁਤ ਪਿਆਰ ਨਾਲ ਪੇਸ਼ ਆਉਂਦੇ ਸਨ। ਉਹ ਆਪਣੀ ਦਰਿਆ-ਦਿਲੀ ਅਤੇ ਚੰਗੇ ਮਸੀਹੀ ਗੁਣਾਂ ਲਈ ਹਰ ਪਾਸੇ ਮਸ਼ਹੂਰ ਸਨ।

ਪਿਤਾ ਜੀ ਬਹੁਤ ਸਾਰੇ ਸੰਮੇਲਨਾਂ ਵਿਚ ਗਏ। ਪਰ ਸੰਨ 1918 ਵਿਚ ਐਡਮੰਟਨ ਜ਼ਿਲ੍ਹੇ ਦੇ ਅਲਬਰਟਾ ਸ਼ਹਿਰ ਵਿਖੇ ਹੋਇਆ ਸੰਮੇਲਨ ਇਕ ਯਾਦਗਾਰੀ ਸੰਮੇਲਨ ਸੀ। ਨੈਲੀ ਦਾ ਬਪਤਿਸਮਾ ਵੇਖਣ ਲਈ ਪਿਤਾ ਜੀ ਦਾ ਸਾਰਾ ਪਰਿਵਾਰ ਉੱਥੇ ਆਇਆ ਹੋਇਆ ਸੀ। ਇਸੇ ਸੰਮੇਲਨ ਵਿਚ ਹੀ ਪਿਤਾ ਜੀ ਹੋਰੀਂ ਚਾਰੇ ਭਰਾ ਅਖ਼ੀਰਲੀ ਵਾਰੀ ਇਕੱਠੇ ਮਿਲੇ ਸਨ। ਦੋ ਸਾਲਾਂ ਬਾਅਦ, ਮੈਲਕਮ ਨਮੂਨੀਆ ਕਾਰਨ ਗੁਜ਼ਰ ਗਿਆ। ਆਪਣੇ ਤਿੰਨ ਭਰਾਵਾਂ ਅਤੇ ਆਪਣੇ ਪਿਤਾ ਵਾਂਗ ਸਾਡੇ ਤਾਇਆ ਜੀ ਮੈਲਕਮ ਦੀ ਵੀ ਸਵਰਗੀ ਆਸ ਸੀ ਤੇ ਸਾਨੂੰ ਖ਼ੁਸ਼ੀ ਹੈ ਕਿ ਉਹ ਸਾਰੇ ਮਰਦੇ ਦਮ ਤਕ ਪਰਮੇਸ਼ੁਰ ਦੇ ਵਫ਼ਾਦਾਰ ਰਹੇ।—ਫ਼ਿਲਿੱਪੀਆਂ 3:14.

ਦੂਜੇ ਦੇਸ਼ਾਂ ਵਿਚ ਪ੍ਰਚਾਰ

ਸਤੰਬਰ 1921 ਨੂੰ ਕੈਨੇਡਾ ਵਿਚ ਪ੍ਰਚਾਰ ਕੰਮ ਖ਼ਤਮ ਕਰਨ ਤੋਂ ਬਾਅਦ, ਵਾਚ ਟਾਵਰ ਸੋਸਾਇਟੀ ਦੇ ਪ੍ਰਧਾਨ ਜੋਸਫ਼ ਐੱਫ਼. ਰਦਰਫ਼ਰਡ ਦੇ ਕਹਿਣ ਤੇ ਪਿਤਾ ਜੀ ਕੈਰਿਬੀਅਨ ਟਾਪੂਆਂ ਲਈ ਰਵਾਨਾ ਹੋ ਗਏ। ਉੱਥੇ ਹਰ ਕਿਤੇ ਉਨ੍ਹਾਂ ਨੇ “ਸ੍ਰਿਸ਼ਟੀ ਦਾ ਫੋਟੋ-ਡਰਾਮਾ” ਦਿਖਾਇਆ ਤੇ ਲੋਕਾਂ ਨੇ ਚੰਗਾ ਹੁੰਗਾਰਾ ਦਿੱਤਾ। ਤ੍ਰਿਨੀਦਾਦ ਤੋਂ ਉਨ੍ਹਾਂ ਨੇ ਲਿਖਿਆ: “ਪਹਿਲੇ ਦਿਨ ਇੰਨੇ ਲੋਕ ਆਏ ਕਿ ਪੈਰ ਰੱਖਣ ਨੂੰ ਵੀ ਥਾਂ ਨਹੀਂ ਸੀ। ਕਾਫ਼ੀ ਸਾਰੇ ਲੋਕਾਂ ਨੂੰ ਤਾਂ ਵਾਪਸ ਮੁੜਨਾ ਪਿਆ। ਦੂਜੇ ਦਿਨ ਵੀ ਹਾਲ ਖਚਾਖਚ ਭਰਿਆ ਰਿਹਾ।”

ਸੰਨ 1923 ਵਿਚ ਪਿਤਾ ਜੀ ਨੂੰ ਬ੍ਰਾਜ਼ੀਲ ਭੇਜਿਆ ਗਿਆ। ਉੱਥੇ ਵੀ ਉਨ੍ਹਾਂ ਨੇ ਵੱਡੇ-ਵੱਡੇ ਇਕੱਠਾਂ ਨੂੰ ਭਾਸ਼ਣ ਦਿੱਤਾ ਅਤੇ ਭਾਸ਼ਣ ਦੇ ਤਰਜਮੇ ਲਈ ਕਿਰਾਏ ਦੇ ਦੁਭਾਸ਼ੀਏ ਦੀ ਮਦਦ ਲਈ। ਪਹਿਰਾਬੁਰਜ ਦੇ 15 ਮਾਰਚ 1923 ਦੇ ਅੰਕ ਨੇ ਪਿਤਾ ਜੀ ਬਾਰੇ ਇੰਜ ਲਿਖਿਆ: “1 ਜੂਨ ਤੋਂ 30 ਸਤੰਬਰ ਤਕ ਭਰਾ ਯੰਗ ਨੇ 21 ਜਨਤਕ ਭਾਸ਼ਣ ਦਿੱਤੇ ਜਿਨ੍ਹਾਂ ਨੂੰ ਕੁੱਲ 3,600 ਲੋਕ ਸੁਣਨ ਆਏ। ਉਨ੍ਹਾਂ ਨੇ 48 ਕਲੀਸਿਯਾ ਸਭਾਵਾਂ ਚਲਾਈਆਂ ਜਿਨ੍ਹਾਂ ਵਿਚ ਕੁੱਲ ਹਾਜ਼ਰੀ 1,100 ਰਹੀ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਪੁਰਤਗਾਲੀ ਸਾਹਿੱਤ ਦੀਆਂ 5000 ਕਾਪੀਆਂ ਵੰਡੀਆਂ।” “ਲੱਖੋ-ਲੱਖ ਜਿਹੜੇ ਹੁਣ ਜੀਉਂਦੇ ਹਨ ਕਦੀ ਨਹੀਂ ਮਰਨਗੇ,” ਜਦੋਂ ਪਿਤਾ ਜੀ ਨੇ ਇਹ ਭਾਸ਼ਣ ਦਿੱਤਾ, ਤਾਂ ਬਹੁਤ ਸਾਰੇ ਲੋਕ ਸੱਚਾਈ ਸਿੱਖਣ ਲਈ ਤਿਆਰ ਹੋ ਗਏ।

ਜਦੋਂ ਬ੍ਰਾਜ਼ੀਲ ਵਿਚ 8 ਮਾਰਚ 1997 ਨੂੰ ਨਵੀਂ ਇਮਾਰਤ ਦਾ ਸਮਰਪਣ ਕੀਤਾ ਗਿਆ, ਤਾਂ ਸਮਰਪਣ ਬਰੋਸ਼ਰ ਵਿਚ ਇੰਜ ਲਿਖਿਆ ਗਿਆ: “1923: ਭਰਾ ਜੌਰਜ ਯੰਗ ਬ੍ਰਾਜ਼ੀਲ ਵਿਚ ਪਹੁੰਚਿਆ। ਉਨ੍ਹਾਂ ਨੇ ਰਿਓ ਡ ਜਨੇਰੋ ਵਿਚ ਸ਼ਾਖ਼ਾ ਦਫ਼ਤਰ ਖੋਲ੍ਹਿਆ।” ਭਾਵੇਂ ਕਿ ਬਾਈਬਲ ਸਾਹਿੱਤ ਸਪੇਨੀ ਭਾਸ਼ਾ ਵਿਚ ਉਪਲਬਧ ਸੀ, ਪਰ ਬ੍ਰਾਜ਼ੀਲ ਦੀ ਮੁੱਖ ਭਾਸ਼ਾ, ਪੁਰਤਗਾਲੀ ਵਿਚ ਇਸ ਦੀ ਜ਼ਿਆਦਾ ਲੋੜ ਸੀ। ਇਸ ਲਈ, 1 ਅਕਤੂਬਰ 1923 ਤੋਂ ਪਹਿਰਾਬੁਰਜ ਪੁਰਤਗਾਲੀ ਭਾਸ਼ਾ ਵਿਚ ਛਪਣਾ ਸ਼ੁਰੂ ਹੋ ਗਿਆ।

ਬ੍ਰਾਜ਼ੀਲ ਵਿਚ ਪਿਤਾ ਜੀ ਨੂੰ ਕਈ ਅਜਿਹੇ ਚੰਗੇ ਲੋਕ ਮਿਲੇ ਜਿਨ੍ਹਾਂ ਨੂੰ ਉਹ ਕਦੇ ਨਹੀਂ ਭੁੱਲ ਸਕੇ। ਬ੍ਰਾਜ਼ੀਲ ਵਿਚ ਜਾਸੀਨਟੂ ਪੀਮੈਂਟਲ ਕਾਬਰਾਲ ਨਾਂ ਦਾ ਇਕ ਅਮੀਰ ਪੁਰਤਗਾਲੀ ਆਦਮੀ ਰਹਿੰਦਾ ਸੀ। ਇਸ ਆਦਮੀ ਨੇ ਆਪਣੇ ਘਰ ਵਿਚ ਸਭਾਵਾਂ ਕਰਨ ਦੀ ਇਜਾਜ਼ਤ ਦਿੱਤੀ। ਜਾਸੀਨਟੂ ਨੇ ਛੇਤੀ ਹੀ ਸੱਚਾਈ ਸਵੀਕਾਰ ਕਰ ਲਈ ਤੇ ਬਾਅਦ ਵਿਚ ਇਹ ਭਰਾ ਬ੍ਰਾਜ਼ੀਲ ਦੀ ਸ਼ਾਖ਼ਾ ਵਿਚ ਬੈਥਲ ਪਰਿਵਾਰ ਦਾ ਮੈਂਬਰ ਬਣ ਗਿਆ। ਇਕ ਹੋਰ ਪੁਰਤਗਾਲੀ ਨੌਜਵਾਨ ਦਾ ਨਾਂ ਮਾਨਵੇਲ ਡਾ ਸਿਲਵਾ ਜੌਰਡਾਊਂ ਸੀ। ਇਹ ਇਕ ਬਾਗ਼ ਦਾ ਮਾਲੀ ਸੀ। ਉਸ ਨੇ ਪਿਤਾ ਜੀ ਦਾ ਜਨਤਕ ਭਾਸ਼ਣ ਸੁਣਿਆ। ਇਸ ਭਾਸ਼ਣ ਦਾ ਉਸ ਉੱਤੇ ਇੰਨਾ ਜ਼ਿਆਦਾ ਅਸਰ ਪਿਆ ਕਿ ਉਹ ਇਕ ਪਾਇਨੀਅਰ ਵਜੋਂ ਪੂਰਣ-ਕਾਲੀ ਸੇਵਕਾਈ ਕਰਨ ਲੱਗ ਪਿਆ।

ਪਿਤਾ ਜੀ ਨੇ ਬ੍ਰਾਜ਼ੀਲ ਦੇ ਕੋਨੇ-ਕੋਨੇ ਤਕ ਪਹੁੰਚਣ ਲਈ ਜ਼ਿਆਦਾਤਰ ਸਫ਼ਰ ਰੇਲ-ਗੱਡੀਆਂ ਰਾਹੀਂ ਤੈ ਕੀਤਾ ਜਿਸ ਦੌਰਾਨ ਉਨ੍ਹਾਂ ਨੂੰ ਦਿਲਚਸਪੀ ਰੱਖਣ ਵਾਲੇ ਬਹੁਤ ਸਾਰੇ ਲੋਕ ਮਿਲੇ। ਆਪਣੇ ਸਫ਼ਰ ਦੌਰਾਨ ਇਕ ਵਾਰ ਉਹ ਬੋਨੀ ਅਤੇ ਕਾਟਾਰੀਨਾ ਗ੍ਰੀਨ ਨੂੰ ਮਿਲੇ। ਪਿਤਾ ਜੀ ਉਨ੍ਹਾਂ ਦੇ ਘਰ ਦੋ ਹਫ਼ਤਿਆਂ ਤਕ ਰਹੇ ਤੇ ਉਨ੍ਹਾਂ ਨੇ ਇਸ ਜੋੜੇ ਨੂੰ ਬਾਈਬਲ ਸੱਚਾਈ ਸਿਖਾਈ। ਇਸ ਜੋੜੇ ਦੇ ਘੱਟੋ-ਘੱਟ ਸੱਤ ਰਿਸ਼ਤੇਦਾਰਾਂ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਕੇ ਬਪਤਿਸਮਾ ਲਿਆ।

ਸੰਨ 1923 ਵਿਚ ਉਹ ਸਾਰਾ ਬੈਲੋਨਾ ਫਰਗੀਸਨ ਨੂੰ ਮਿਲੇ। ਇਹ ਮੁਟਿਆਰ, ਆਪਣੇ ਭਰਾ ਈਰਾਸਮਸ ਫਲਟਨ ਸਮਿਥ ਤੇ ਬਾਕੀ ਦੇ ਪਰਿਵਾਰ ਦੇ ਮੈਂਬਰਾਂ ਸਮੇਤ 1867 ਵਿਚ ਸੰਯੁਕਤ ਰਾਜ ਅਮਰੀਕਾ ਛੱਡ ਕੇ ਬ੍ਰਾਜ਼ੀਲ ਵਿਚ ਆ ਕੇ ਵੱਸ ਗਈ ਸੀ। ਸੰਨ 1899 ਤੋਂ ਡਾਕ ਰਾਹੀਂ ਆਉਣ ਵਾਲੇ ਪਹਿਰਾਬੁਰਜ ਰਸਾਲੇ ਨੂੰ ਉਹ ਬਾਕਾਇਦਾ ਪੜ੍ਹਦੀ ਹੁੰਦੀ ਸੀ। ਪਿਤਾ ਜੀ ਦਾ ਉਸ ਨੂੰ ਮਿਲਣਾ ਇੰਜ ਸੀ ਕਿ ਜਿਵੇਂ ਪਿਆਸੇ ਨੂੰ ਪਾਣੀ ਮਿਲ ਗਿਆ ਹੋਵੇ। ਸਾਰਾਹ, ਉਸ ਦੇ ਚਾਰ ਬੱਚੇ ਅਤੇ ਉਨ੍ਹਾਂ ਦੀ ਇਕ ਰਿਸ਼ਤੇਦਾਰ ਜਿਸ ਨੂੰ ਪਿਤਾ ਜੀ ਆਂਟੀ ਸੈਲੀ ਕਹਿੰਦੇ ਹੁੰਦੇ ਸਨ, ਸਾਰਿਆਂ ਨੇ ਬਪਤਿਸਮਾ ਲੈ ਲਿਆ। ਇਹ 11 ਮਾਰਚ 1924 ਦੀ ਗੱਲ ਹੈ।

ਇਸ ਤੋਂ ਥੋੜ੍ਹੇ ਹੀ ਚਿਰ ਬਾਅਦ ਪਿਤਾ ਜੀ ਨੇ ਅਮਰੀਕਾ ਦੇ ਦੱਖਣੀ ਦੇਸ਼ਾਂ ਵਿਚ ਪ੍ਰਚਾਰ ਕੀਤਾ। ਉਨ੍ਹਾਂ ਨੇ 8 ਨਵੰਬਰ 1924 ਨੂੰ ਪੀਰੂ ਤੋਂ ਇਕ ਚਿੱਠੀ ਵਿਚ ਲਿਖਿਆ: “ਮੈਂ ਹੁਣੇ-ਹੁਣੇ ਲੀਮਾ ਅਤੇ ਕਾਯੋ ਸ਼ਹਿਰਾਂ ਵਿਚ 17,000 ਟ੍ਰੈਕਟ ਵੰਡ ਕੇ ਹਟਿਆ ਹਾਂ।” ਇਸ ਤੋਂ ਬਾਅਦ ਉਹ ਟ੍ਰੈਕਟ ਵੰਡਣ ਲਈ ਬੋਲੀਵੀਆ ਰਵਾਨਾ ਹੋ ਗਏ। ਇਸ ਦੌਰੇ ਬਾਰੇ ਉਨ੍ਹਾਂ ਨੇ ਲਿਖਿਆ: “ਸਾਡਾ ਸਵਰਗੀ ਪਿਤਾ ਸਾਡੀਆਂ ਕੋਸ਼ਿਸ਼ਾਂ ਤੇ ਭਰਪੂਰ ਬਰਕਤ ਦੇ ਰਿਹਾ ਹੈ। ਇਕ ਇੰਡੀਅਨ ਨੇ ਮੇਰੀ ਮਦਦ ਕੀਤੀ। ਉਸ ਦਾ ਘਰ ਉੱਥੇ ਹੈ ਜਿੱਥੋਂ ਐਮੇਜ਼ਨ ਨਦੀ ਸ਼ੁਰੂ ਹੁੰਦੀ ਹੈ। ਉਹ 1000 ਟ੍ਰੈਕਟ ਅਤੇ ਕੁਝ ਕਿਤਾਬਾਂ ਆਪਣੇ ਨਾਲ ਲੈ ਕੇ ਜਾ ਰਿਹਾ ਹੈ।”

ਪਿਤਾ ਜੀ ਦੇ ਜਤਨਾਂ ਸਦਕਾ ਕੇਂਦਰੀ ਅਤੇ ਦੱਖਣੀ ਅਮਰੀਕਾ ਦੇ ਕਈ ਦੇਸ਼ਾਂ ਵਿਚ ਬਾਈਬਲ ਸੱਚਾਈ ਦੇ ਬੀਜ ਫੈਲੇ। ਪਹਿਲੀ ਦਸੰਬਰ 1924 ਦੇ ਪਹਿਰਾਬੁਰਜ ਨੇ ਇੰਜ ਲਿਖਿਆ: “ਦੋ ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਭਰਾ ਜੌਰਜ ਯੰਗ ਦੱਖਣੀ ਅਮਰੀਕਾ ਵਿਚ ਰਹਿ ਰਹੇ ਹਨ। . . . ਮਜੈਲਨ ਦੇ ਸਟਰੈਟਸ ਵਿਚ ਪੁੰਟਾ ਅਰੇਨਸ ਵਿਖੇ ਲੋਕਾਂ ਨੂੰ ਸੱਚਾਈ ਦਾ ਸੰਦੇਸ਼ ਦੇਣ ਦਾ ਇਸ ਭਰਾ ਨੂੰ ਕਿੰਨਾ ਵੱਡਾ ਵਿਸ਼ੇਸ਼-ਸਨਮਾਨ ਮਿਲਿਆ।” ਇਨ੍ਹਾਂ ਦੇਸ਼ਾਂ ਤੋਂ ਇਲਾਵਾ ਪਿਤਾ ਜੀ ਨੇ ਕਾਸਟਾ ਰੀਕਾ, ਪਨਾਮਾ ਅਤੇ ਵੈਨੇਜ਼ੁਏਲਾ ਵਿਚ ਵੀ ਪ੍ਰਚਾਰ ਕੰਮ ਵਿਚ ਅਗਵਾਈ ਲਈ। ਹਾਲਾਂਕਿ ਉਨ੍ਹਾਂ ਨੂੰ ਮਲੇਰੀਆ ਹੋਣ ਕਰਕੇ ਉਨ੍ਹਾਂ ਦੀ ਸਿਹਤ ਖ਼ਰਾਬ ਰਹੀ, ਪਰ ਪ੍ਰਚਾਰ ਲਈ ਉਨ੍ਹਾਂ ਦਾ ਜੋਸ਼ ਕਦੇ ਵੀ ਮੱਠਾ ਨਹੀਂ ਪਿਆ ਸੀ।

ਯੂਰਪ ਵਿਚ

ਮਾਰਚ 1925 ਵਿਚ, ਪਿਤਾ ਜੀ ਸਮੁੰਦਰੀ ਜਹਾਜ਼ ਰਾਹੀਂ ਯੂਰਪ ਲਈ ਰਵਾਨਾ ਹੋਏ। ਉਨ੍ਹਾਂ ਨੇ ਸਪੇਨ ਅਤੇ ਪੁਰਤਗਾਲ ਵਿਚ 3,00,000 ਬਾਈਬਲ ਆਧਾਰਿਤ ਟ੍ਰੈਕਟ ਵੰਡਣੇ ਸਨ ਤੇ ਨਾਲੇ ਭਰਾ ਰਦਰਫ਼ਰਡ ਦੇ ਭਾਸ਼ਣ ਦੇਣ ਦੇ ਸਾਰੇ ਬੰਦੋਬਸਤ ਵੀ ਕਰਨੇ ਸਨ। ਪਰ ਸਪੇਨ ਪਹੁੰਚ ਕੇ ਉਨ੍ਹਾਂ ਨੇ ਭਰਾ ਰਦਰਫ਼ਰਡ ਨੂੰ ਕਿਹਾ ਕਿ ਇੱਥੇ ਦੇ ਧਾਰਮਿਕ ਮਾਹੌਲ ਨੂੰ ਦੇਖਦੇ ਹੋਏ ਉਨ੍ਹਾਂ ਦਾ ਇੱਥੇ ਭਾਸ਼ਣ ਦੇਣ ਲਈ ਆਉਣਾ ਖ਼ਤਰੇ ਤੋਂ ਖਾਲੀ ਨਹੀਂ ਹੋਵੇਗਾ।

ਜਵਾਬ ਵਿਚ ਭਰਾ ਰਦਰਫ਼ਰਡ ਨੇ ਯਸਾਯਾਹ 51:16 ਦੇ ਇਹ ਸ਼ਬਦ ਲਿਖੇ: “ਮੈਂ ਆਪਣੇ ਬਚਨ ਤੇਰੇ ਮੂੰਹ ਵਿੱਚ ਪਾਏ, ਅਤੇ ਆਪਣੇ ਹੱਥ ਦੇ ਸਾਯੇ ਵਿੱਚ ਤੈਨੂੰ ਢੱਕਿਆ, ਭਈ ਮੈਂ ਆਕਾਸ਼ ਨੂੰ ਲਾਵਾਂ ਤੇ ਧਰਤੀ ਦੀ ਨੀਉਂ ਰੱਖਾਂ, ਅਤੇ ਸੀਯੋਨ ਨੂੰ ਆਖਾਂ, ਤੂੰ ਮੇਰੀ ਪਰਜਾ ਹੈਂ।” ਇਹ ਸ਼ਬਦ ਪੜ੍ਹ ਕੇ ਪਿਤਾ ਜੀ ਨੇ ਇਹ ਫ਼ੈਸਲਾ ਕੀਤਾ: “ਯਕੀਨਨ, ਇਹ ਪਰਮੇਸ਼ੁਰ ਦੀ ਇੱਛਾ ਹੈ ਕਿ ਮੈਂ ਪਿੱਛੇ ਨਾ ਹਟਾਂ ਤੇ ਨਤੀਜਾ ਪ੍ਰਭੂ ਦੇ ਹੱਥ ਛੱਡ ਦੇਵਾਂ।”

ਭਰਾ ਰਦਰਫ਼ਰਡ ਨੇ 10 ਮਈ 1925 ਨੂੰ ਬਾਰਸੇਲੋਨਾ ਦੇ ਨੋਵਾਡਾਡਿਸ ਹਾਲ ਵਿਚ ਭਾਸ਼ਣ ਦਿੱਤਾ। ਇਕ ਦੁਭਾਸ਼ੀਏ ਨੇ ਇਸ ਦਾ ਤਰਜਮਾ ਕੀਤਾ। ਤਕਰੀਬਨ 2000 ਲੋਕ ਇਸ ਭਾਸ਼ਣ ਨੂੰ ਸੁਣਨ ਲਈ ਆਏ ਜਿਨ੍ਹਾਂ ਵਿਚ ਇਕ ਸਰਕਾਰੀ ਅਧਿਕਾਰੀ ਅਤੇ ਸਟੇਜ ਤੇ ਖੜ੍ਹਾ ਇਕ ਅੰਗ-ਰੱਖਿਅਕ ਵੀ ਸ਼ਾਮਲ ਸੀ। ਮੈਡਰਿਡ ਵਿਚ ਵੀ ਇਸੇ ਤਰੀਕੇ ਨਾਲ ਭਾਸ਼ਣ ਦਿੱਤਾ ਗਿਆ ਤੇ ਉੱਥੇ ਕੁੱਲ 1200 ਲੋਕ ਭਾਸ਼ਣ ਸੁਣਨ ਆਏ। ਭਰਾ ਦੇ ਇਨ੍ਹਾਂ ਭਾਸ਼ਣਾਂ ਦਾ ਲੋਕਾਂ ਤੇ ਇੰਨਾ ਜ਼ਿਆਦਾ ਅਸਰ ਹੋਇਆ ਕਿ ਸਪੇਨ ਵਿਚ ਸ਼ਾਖ਼ਾ ਦਫ਼ਤਰ ਖੁੱਲ੍ਹ ਗਿਆ। ਸੰਨ 1978 ਦੀ ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ ਨੇ ਕਿਹਾ ਕਿ ਇਹ ਸ਼ਾਖ਼ਾ ਦਫ਼ਤਰ “ਜੌਰਜ ਯੰਗ ਦੀ ਅਗਵਾਈ ਹੇਠ” ਖੋਲ੍ਹਿਆ ਗਿਆ।

ਪੁਰਤਗਾਲ ਵਿਚ ਲਿਸਬਨ ਵਿਖੇ ਭਰਾ ਰਦਰਫ਼ਰਡ ਨੇ 13 ਮਈ 1925 ਨੂੰ ਭਾਸ਼ਣ ਦਿੱਤਾ। ਬੇਸ਼ੱਕ ਉੱਥੇ ਦੇ ਪਾਦਰੀਆਂ ਨੇ ਕਾਫ਼ੀ ਚੀਕ-ਚਿਹਾੜਾ ਪਾਇਆ ਅਤੇ ਕੁਰਸੀਆਂ ਭੰਨ-ਤੋੜ ਕੇ ਸਭਾਵਾਂ ਭੰਗ ਕਰਨ ਦੀ ਕੋਸ਼ਿਸ਼ ਕੀਤੀ, ਪਰ ਤਾਂ ਵੀ ਭਰਾ ਦਾ ਭਾਸ਼ਣ ਬਹੁਤ ਲਾਹੇਵੰਦ ਸਾਬਤ ਹੋਇਆ। ਭਰਾ ਰਦਰਫ਼ਰਡ ਸਪੇਨ ਅਤੇ ਪੁਰਤਗਾਲ ਵਿਚ ਭਾਸ਼ਣ ਦੇ ਕੇ ਵਾਪਸ ਪਰਤ ਗਏ। ਪਰ ਬਾਅਦ ਵਿਚ ਪਿਤਾ ਜੀ ਨੇ “ਫੋਟੋ ਡਰਾਮਾ” ਦਿਖਾਉਣਾ ਜਾਰੀ ਰੱਖਿਆ। ਉਨ੍ਹਾਂ ਨੇ ਉੱਥੇ ਬਾਈਬਲ ਸਾਹਿੱਤ ਛਾਪਣ ਅਤੇ ਇਨ੍ਹਾਂ ਥਾਵਾਂ ਤੇ ਵੰਡਣ ਦਾ ਵੀ ਬੰਦੋਬਸਤ ਕੀਤਾ। ਸੰਨ 1927 ਵਿਚ ਪਿਤਾ ਜੀ ਨੇ ਕਿਹਾ: “ਖ਼ੁਸ਼ ਖ਼ਬਰੀ ਦਾ ਪ੍ਰਚਾਰ ਸਪੇਨ ਦੇ ਸਾਰਿਆਂ ਕਸਬਿਆਂ ਅਤੇ ਸ਼ਹਿਰਾਂ ਵਿਚ ਹੋ ਚੁੱਕਾ ਹੈ।”

ਸੋਵੀਅਤ ਸੰਘ ਵਿਚ ਪ੍ਰਚਾਰ

ਪ੍ਰਚਾਰ ਕਰਨ ਦਾ ਅਗਲਾ ਦੇਸ਼ ਸੋਵੀਅਤ ਸੰਘ ਸੀ ਜਿੱਥੇ ਪਿਤਾ ਜੀ 28 ਅਗਸਤ 1928 ਵਿਚ ਪਹੁੰਚੇ। ਉਨ੍ਹਾਂ ਨੇ 10 ਅਕਤੂਬਰ 1928 ਨੂੰ ਇਕ ਚਿੱਠੀ ਲਿਖੀ ਜਿਸ ਦੀਆਂ ਕੁਝ ਲਾਈਨਾਂ ਇਸ ਤਰ੍ਹਾਂ ਸਨ:

“ਜਦੋਂ ਤੋਂ ਮੈਂ ਰੂਸ ਆਇਆ ਹਾਂ, ਉਦੋਂ ਤੋਂ ਮੈਂ ਪੂਰੇ ਦਿਲ ਨਾਲ ਪ੍ਰਾਰਥਨਾ ਕਰਦਾ ਹਾਂ ਕਿ ‘ਤੇਰਾ ਰਾਜ ਆਵੇ।’ ਮੈਂ ਹੌਲੀ-ਹੌਲੀ ਇੱਥੇ ਦੀ ਭਾਸ਼ਾ ਸਿੱਖ ਰਿਹਾ ਹਾਂ। ਮੇਰਾ ਦੁਭਾਸ਼ੀਆ ਇਕ ਯਹੂਦੀ ਹੈ ਜੋ ਦੂਜਿਆਂ ਨਾਲੋਂ ਬਹੁਤ ਵੱਖਰਾ ਜਿਹਾ ਹੈ। ਉਹ ਬਾਈਬਲ ਅਤੇ ਮਸੀਹ ਵਿਚ ਵਿਸ਼ਵਾਸ ਕਰਦਾ ਹੈ। ਮੈਨੂੰ ਪ੍ਰਚਾਰ ਦੇ ਕੰਮ ਵਿਚ ਬਹੁਤ ਕਾਮਯਾਬੀ ਮਿਲ ਰਹੀ ਹੈ। ਪਰ ਮੈਨੂੰ ਇਹ ਨਹੀਂ ਪਤਾ ਕਿ ਮੈਨੂੰ ਇੱਥੇ ਕਿੰਨੀ ਕੁ ਦੇਰ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪਿਛਲੇ ਹਫ਼ਤੇ ਮੈਨੂੰ 24 ਘੰਟਿਆਂ ਦੇ ਅੰਦਰ-ਅੰਦਰ ਇੱਥੋਂ ਜਾਣ ਦਾ ਹੁਕਮ ਦੇ ਦਿੱਤਾ ਗਿਆ ਸੀ, ਪਰ ਕਿਸੇ ਤਰੀਕੇ ਮਾਮਲਾ ਸੁਲਝ ਗਿਆ ਤੇ ਹੁਣ ਮੈਨੂੰ ਇੱਥੇ ਜ਼ਿਆਦਾ ਸਮੇਂ ਤਕ ਰਹਿਣ ਦੀ ਇਜਾਜ਼ਤ ਮਿਲ ਗਈ।”

ਪਿਤਾ ਜੀ ਖਾਰਕੋਵ ਦੇ ਭਰਾਵਾਂ ਨੂੰ ਵੀ ਮਿਲੇ। ਇਹ ਸ਼ਹਿਰ ਅੱਜ-ਕੱਲ੍ਹ ਯੂਕਰੇਨ ਦਾ ਇਕ ਵੱਡਾ ਸ਼ਹਿਰ ਹੈ। ਪਿਤਾ ਜੀ ਨਾਲ ਦੁੱਖ-ਸੁੱਖ ਸਾਂਝੇ ਕਰਦਿਆਂ ਖ਼ੁਸ਼ੀ ਦੇ ਮਾਰੇ ਕਈ ਭਰਾਵਾਂ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਏ। ਹਰ ਰੋਜ਼ ਅੱਧੀ-ਅੱਧੀ ਰਾਤ ਤਕ ਸੰਮੇਲਨ ਚੱਲਦਾ ਰਹਿੰਦਾ ਸੀ। ਇਨ੍ਹਾਂ ਭਰਾਵਾਂ ਨੂੰ ਮਿਲਣ ਬਾਰੇ ਪਿਤਾ ਜੀ ਨੇ ਲਿਖਿਆ: “ਬੇਚਾਰੇ ਭਰਾਵਾਂ ਕੋਲ ਜਿਹੜੀਆਂ ਵੀ ਥੋੜ੍ਹੀਆਂ-ਬਹੁਤੀਆਂ ਕਿਤਾਬਾਂ ਸਨ, ਉਹ ਵੀ ਉਨ੍ਹਾਂ ਤੋਂ ਖੋਹ ਲਈਆਂ ਗਈਆਂ। ਸਰਕਾਰ ਵੀ ਇਨ੍ਹਾਂ ਦਾ ਵਿਰੋਧ ਕਰਦੀ ਹੈ, ਪਰ ਇਸ ਦੇ ਬਾਵਜੂਦ ਭੈਣ-ਭਰਾ ਬਹੁਤ ਖ਼ੁਸ਼ ਹਨ।”

ਰੂਸ ਦੇ ਸੇਂਟ ਪੀਟਰਸਬਰਗ ਵਿਚ 21 ਜੂਨ 1997 ਨੂੰ ਨਵੀਂ ਸ਼ਾਖ਼ਾ ਦਾ ਸਮਰਪਣ ਕੀਤਾ ਗਿਆ। ਇਸ ਮੌਕੇ ਤੇ ਆਏ ਲੋਕਾਂ ਨੂੰ ਇਕ ਖ਼ਾਸ ਬਰੋਸ਼ਰ ਦਿੱਤਾ ਗਿਆ ਜਿਸ ਵਿਚ ਪਿਤਾ ਜੀ ਦੇ ਪ੍ਰਚਾਰ ਕੰਮ ਦਾ ਖ਼ਾਸ ਤੌਰ ਤੇ ਜ਼ਿਕਰ ਕੀਤਾ ਗਿਆ। ਇਸ ਬਰੋਸ਼ਰ ਵਿਚ ਲਿਖਿਆ ਗਿਆ ਸੀ ਕਿ ਪਿਤਾ ਜੀ ਹੁਣ ਮਾਸਕੋ ਵਿਚ ਪ੍ਰਚਾਰ ਕਰ ਰਹੇ ਹਨ। ਇਸ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਉਨ੍ਹਾਂ ਨੂੰ “ਲੋਕਾਂ ਲਈ ਆਜ਼ਾਦੀ ਅਤੇ ਮੁਰਦੇ ਕਿੱਥੇ ਹਨ ਨਾਮਕ ਛੋਟੀਆਂ ਕਿਤਾਬਾਂ ਦੀਆਂ 15,000 ਕਾਪੀਆਂ ਰੂਸ ਵਿਚ ਵੰਡਣ ਦੀ ਇਜਾਜ਼ਤ ਮਿਲ ਗਈ ਹੈ।”

ਰੂਸ ਤੋਂ ਵਾਪਸ ਆ ਕੇ ਪਿਤਾ ਜੀ ਨੂੰ ਸਫ਼ਰੀ ਕੰਮ ਕਰਨ ਲਈ ਸੰਯੁਕਤ ਰਾਜ ਅਮਰੀਕਾ ਭੇਜਿਆ ਗਿਆ। ਦੱਖਣੀ ਡਾਕੋਟਾ ਵਿਚ ਉਹ ਨੈਲੀਨਾ ਅਤੇ ਵਰਡਾ ਪੂਲ ਦੋ ਸਕੀਆਂ ਭੈਣਾਂ ਨੂੰ ਮਿਲੇ ਜੋ ਬਾਅਦ ਵਿਚ ਪੇਰੂ ਵਿਚ ਮਿਸ਼ਨਰੀ ਬਣ ਗਈਆਂ। ਸੇਵਕਾਈ ਲਈ ਪਿਤਾ ਜੀ ਦੀ ਸਖ਼ਤ ਮਿਹਨਤ ਤੋਂ ਉਹ ਬਹੁਤ ਪ੍ਰਭਾਵਿਤ ਹੋਈਆਂ। ਉਨ੍ਹਾਂ ਨੇ ਕਿਹਾ: “ਉਨ੍ਹਾਂ ਦਿਨਾਂ ਵਿਚ ਦੂਸਰੇ ਦੇਸ਼ਾਂ ਵਿਚ ਜਾ ਕੇ ਮਿਸ਼ਨਰੀ ਸੇਵਾ ਕਰਨ ਲਈ ਭਰਾਵਾਂ ਵਿਚ ਬੇਹੱਦ ਜੋਸ਼ ਹੁੰਦਾ ਸੀ। ਚਾਹੇ ਉਨ੍ਹਾਂ ਕੋਲ ਮਸਾਂ ਗੁਜ਼ਾਰੇ ਜੋਗੀਆਂ ਚੀਜ਼ਾਂ ਹੁੰਦੀਆਂ ਸਨ, ਪਰ ਉਨ੍ਹਾਂ ਦੇ ਦਿਲ ਵਿੱਚੋਂ ਯਹੋਵਾਹ ਲਈ ਪਿਆਰ ਡੁੱਲ੍ਹ-ਡੁੱਲ੍ਹ ਪੈਂਦਾ ਸੀ। ਇਸੇ ਪਿਆਰ ਦੇ ਸਦਕਾ ਹੀ ਉਹ ਇੰਨੇ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਨ ਵਿਚ ਕਾਮਯਾਬ ਹੋ ਸਕੇ।”

ਵਿਆਹ ਅਤੇ ਕੈਰਿਬੀਅਨ ਟਾਪੂਆਂ ਵਿਚ ਵਾਪਸ

ਪਿਤਾ ਜੀ ਦਾ ਔਟਾਰਿਓ ਦੇ ਮਨੈਟੁਲਿਨ ਟਾਪੂ ਦੀ ਕਲੈਰਾ ਹਬਰਟ ਨਾਲ ਕਈ ਸਾਲਾਂ ਤੋਂ ਚਿੱਠੀ-ਪੱਤਰ ਚੱਲ ਰਿਹਾ ਸੀ। ਕੋਲੰਬਸ ਦੇ ਓਹੀਓ ਵਿਖੇ 26 ਜਨਵਰੀ 1931 ਵਿਚ ਹੋਣ ਵਾਲੇ ਸੰਮੇਲਨ ਵਿਚ ਉਹ ਦੋਵੇਂ ਹਾਜ਼ਰ ਸਨ। ਇਸ ਸੰਮੇਲਨ ਵਿਚ ਬਾਈਬਲ ਸਟੂਡੈਂਟਸ ਨੇ ਯਹੋਵਾਹ ਦੇ ਗਵਾਹ ਨਾਂ ਅਪਣਾਇਆ ਸੀ। (ਯਸਾਯਾਹ 43:10-12) ਇਕ ਹਫ਼ਤੇ ਬਾਅਦ ਉਨ੍ਹਾਂ ਦਾ ਵਿਆਹ ਹੋ ਗਿਆ। ਥੋੜ੍ਹੇ ਹੀ ਸਮੇਂ ਬਾਅਦ, ਪਿਤਾ ਜੀ ਆਪਣੇ ਦੂਜੇ ਮਿਸ਼ਨਰੀ ਦੌਰੇ ਤੇ ਕੈਰਿਬੀਅਨ ਟਾਪੂਆਂ ਲਈ ਰਵਾਨਾ ਹੋ ਗਏ। ਉੱਥੇ ਉਨ੍ਹਾਂ ਨੇ ਸਭਾਵਾਂ ਚਲਾਉਣ ਵਿਚ ਭਰਾਵਾਂ ਦੀ ਮਦਦ ਕੀਤੀ ਅਤੇ ਘਰ-ਘਰ ਦੀ ਸੇਵਕਾਈ ਲਈ ਉਨ੍ਹਾਂ ਨੂੰ ਸਿਖਲਾਈ ਦਿੱਤੀ।

ਮਾਤਾ ਜੀ ਨੂੰ ਸੂਰੀਨਾਮ, ਸੇਂਟ ਕਿਟਸ ਅਤੇ ਹੋਰ ਕਈ ਥਾਵਾਂ ਤੋਂ ਖਤ ਮਿਲਦੇ ਹੁੰਦੇ ਸਨ। ਇਨ੍ਹਾਂ ਖਤਾਂ ਵਿਚ ਭਰਾਵਾਂ ਦੇ ਪ੍ਰਚਾਰ ਕੰਮ ਵਿਚ ਹੋਈ ਤਰੱਕੀ ਬਾਰੇ ਅਤੇ ਕਦੇ-ਕਦਾਈਂ ਉਨ੍ਹਾਂ ਦੇਸ਼ਾਂ ਦੇ ਪੰਛੀਆਂ, ਜਾਨਵਰਾਂ ਅਤੇ ਬੂਟਿਆਂ ਬਾਰੇ ਵੀ ਜ਼ਿਕਰ ਹੁੰਦਾ ਸੀ। ਜੂਨ 1932 ਵਿਚ, ਪਿਤਾ ਜੀ ਨੇ ਕੈਰਿਬੀਅਨ ਟਾਪੂਆਂ ਵਿਚ ਆਪਣੀ ਨਿਯੁਕਤੀ ਪੂਰੀ ਕੀਤੀ ਅਤੇ ਪਹਿਲਾਂ ਵਾਂਗ ਸਮੁੰਦਰੀ ਜਹਾਜ਼ ਰਾਹੀਂ ਵਾਪਸ ਕੈਨੇਡਾ ਪਰਤ ਆਏ। ਇਸ ਤੋਂ ਬਾਅਦ, ਪਿਤਾ ਜੀ ਤੇ ਮਾਤਾ ਜੀ ਨੇ ਪੂਰਣ-ਕਾਲੀ ਸੇਵਕਾਈ ਇਕੱਠੇ ਮਿਲ ਕੇ ਕੀਤੀ। ਉਨ੍ਹਾਂ ਨੇ ਸੰਨ 1932/33 ਦੀ ਸਿਆਲ ਦੀ ਰੁੱਤ, ਓਟਾਵਾ ਵਿਚ ਪੂਰਣ-ਕਾਲੀ ਸੇਵਕਾਂ ਨਾਲ ਬਿਤਾਈ।

ਪਰਿਵਾਰਕ ਜੀਵਨ

ਸੰਨ 1934 ਵਿਚ ਮੇਰਾ ਭਰਾ ਡੇਵਿਡ ਪੈਦਾ ਹੋਇਆ। ਜਦੋਂ ਉਹ ਅਜੇ ਨਿੱਕਾ ਹੀ ਸੀ, ਤਾਂ ਉਹ ਮੰਮੀ ਦੇ ਹੈਟ ਰੱਖਣ ਵਾਲੇ ਛੋਟੇ ਬਕਸੇ ਤੇ ਖੜ੍ਹਾ ਹੋ ਕੇ “ਭਾਸ਼ਣ” ਦੇਣ ਦਾ ਅਭਿਆਸ ਕਰਦਾ ਹੁੰਦਾ ਸੀ। ਆਪਣੀ ਪੂਰੀ ਜ਼ਿੰਦਗੀ ਦੌਰਾਨ ਉਸ ਨੇ ਯਹੋਵਾਹ ਲਈ ਬਿਲਕੁਲ ਪਿਤਾ ਜੀ ਵਰਗਾ ਜੋਸ਼ ਦਿਖਾਇਆ। ਮਾਂ, ਪਿਤਾ ਜੀ ਅਤੇ ਡੇਵਿਡ ਤਿੰਨੋਂ ਹੀ ਇਕ ਕਾਰ ਦੀ ਛੱਤ ਉੱਤੇ ਲਾਉਡ ਸਪੀਕਰ ਲਾ ਕੇ ਕੈਨੇਡਾ ਦੇ ਪੂਰਬੀ ਤਟ ਤੋਂ ਪੱਛਮੀ ਤਟ ਤਕ ਦੀਆਂ ਸਾਰੀਆਂ ਕਲੀਸਿਯਾਵਾਂ ਵਿਚ ਗਏ। ਜਦੋਂ ਪਿਤਾ ਜੀ ਬ੍ਰਿਟਿਸ਼ ਕੋਲੰਬੀਆ ਵਿਚ ਸੇਵਾ ਕਰ ਰਹੇ ਸਨ, ਉਦੋਂ ਸੰਨ 1938 ਵਿਚ ਮੇਰਾ ਜਨਮ ਹੋਇਆ। ਡੇਵਿਡ ਨੂੰ ਅਜੇ ਵੀ ਯਾਦ ਹੈ ਕਿ ਮੈਨੂੰ ਮੰਜੇ ਉੱਤੇ ਲਿਟਾ ਕੇ ਪਿਤਾ ਜੀ ਨੇ ਮਾਤਾ ਜੀ ਅਤੇ ਡੇਵਿਡ ਨਾਲ ਗੋਡੇ ਨਿਵਾ ਕੇ ਮੇਰੇ ਲਈ ਯਹੋਵਾਹ ਨੂੰ ਧੰਨਵਾਦ ਦੀ ਪ੍ਰਾਰਥਨਾ ਕੀਤੀ ਸੀ।

ਸੰਨ 1939 ਵਿਚ ਜਦੋਂ ਪਿਤਾ ਜੀ ਬ੍ਰਿਟਿਸ਼ ਕੋਲੰਬੀਆ ਦੇ ਇਲਾਕਿਆਂ ਵਿਚ ਸੇਵਾ ਕਰ ਰਹੇ ਸਨ ਤਾਂ ਉਦੋਂ ਅਸੀਂ ਵੈਨਕੂਵਰ ਵਿਚ ਰਹਿੰਦੇ ਸੀ। ਇਨ੍ਹਾਂ ਸਾਲਾਂ ਦੌਰਾਨ ਪਿਤਾ ਜੀ ਨੇ ਸਾਨੂੰ ਕਈ ਖਤ ਲਿਖੇ। ਇਨ੍ਹਾਂ ਵਿੱਚੋਂ ਇਕ ਖਤ ਉਨ੍ਹਾਂ ਨੇ 14 ਜਨਵਰੀ 1939 ਨੂੰ ਲਿਖਿਆ ਸੀ ਜਦੋਂ ਉਹ ਬ੍ਰਿਟਿਸ਼ ਕੋਲੰਬੀਆ ਦੇ ਵਰਨਨ ਸ਼ਹਿਰ ਵਿਚ ਸਨ। ਪਿਤਾ ਜੀ ਨੇ ਇਹ ਖਤ ਕਲੈਰਾ, ਡੇਵਿਡ ਅਤੇ ਰੂਥ ਨੂੰ ਲਿਖਿਆ। ਇਸ ਵਿਚ ਉਨ੍ਹਾਂ ਨੇ ਕਿਹਾ: “ਢੇਰ ਸਾਰਾ ਪਿਆਰ।” ਸਾਡੇ ਤਿੰਨਾਂ ਲਈ ਉਸ ਖਤ ਵਿਚ ਇਕ-ਇਕ ਸੁਨੇਹਾ ਸੀ। ਉਨ੍ਹਾਂ ਨੇ ਉਸ ਵਿਚ ਲਿਖਿਆ ਕਿ ਖੇਤੀ ਤਾਂ ਬਹੁਤ ਪੱਕੀ ਹੋਈ ਹੈ ਪਰ ਵਾਢੇ ਥੋੜ੍ਹੇ ਹਨ।—ਮੱਤੀ 9:37, 38.

ਜਦੋਂ ਪਿਤਾ ਜੀ ਆਪਣੀ ਕਾਰਜ-ਨਿਯੁਕਤੀ ਪੂਰੀ ਕਰ ਕੇ ਵਾਪਸ ਵੈਨਕੂਵਰ ਆਏ, ਤਾਂ ਇਕ ਹਫ਼ਤੇ ਬਾਅਦ ਉਹ ਅਚਾਨਕ ਸਭਾ ਵਿਚ ਡਿੱਗ ਪਏ। ਡਾਕਟਰੀ ਮੁਆਇਨੇ ਤੋਂ ਪਤਾ ਲੱਗਾ ਕਿ ਉਨ੍ਹਾਂ ਦੇ ਦਿਮਾਗ਼ ਵਿਚ ਇਕ ਫੋੜਾ ਸੀ ਜੋ ਕੈਂਸਰ ਬਣ ਚੁੱਕਾ ਸੀ। ਉਨ੍ਹਾਂ ਨੇ 1 ਮਈ 1939 ਨੂੰ ਆਪਣੀ ਧਰਤੀ ਉੱਤਲੀ ਜ਼ਿੰਦਗੀ ਪੂਰੀ ਕੀਤੀ। ਜਦੋਂ ਉਨ੍ਹਾਂ ਦੀ ਮੌਤ ਹੋਈ, ਤਾਂ ਮੈਂ ਨੌਂ ਮਹੀਨਿਆਂ ਦੀ ਸੀ ਤੇ ਡੇਵਿਡ ਪੰਜਾਂ ਕੁ ਸਾਲਾਂ ਦਾ ਸੀ। ਸਾਡੇ ਮਾਤਾ ਜੀ, ਜਿਨ੍ਹਾਂ ਦੀ ਸਵਰਗੀ ਉਮੀਦ ਸੀ, ਉਹ ਵੀ 19 ਜੂਨ 1963 ਨੂੰ ਗੁਜ਼ਰ ਗਏ। ਉਹ ਮਰਦੇ ਦਮ ਤਕ ਯਹੋਵਾਹ ਦੇ ਵਫ਼ਾਦਾਰ ਰਹੇ।

ਕਈ ਦੇਸ਼ਾਂ ਵਿਚ ਖ਼ੁਸ਼ ਖ਼ਬਰੀ ਸੁਣਾਉਣ ਦਾ ਪਿਤਾ ਜੀ ਨੂੰ ਜੋ ਵਿਸ਼ੇਸ਼-ਅਧਿਕਾਰ ਮਿਲਿਆ ਸੀ, ਉਸ ਬਾਰੇ ਉਹ ਕਿੱਦਾਂ ਮਹਿਸੂਸ ਕਰਦੇ ਸਨ? ਇਸ ਦਾ ਪਤਾ ਮਾਤਾ ਜੀ ਨੂੰ ਲਿਖੀ ਇਕ ਚਿੱਠੀ ਵਿੱਚੋਂ ਲੱਗਦਾ ਹੈ। ਉਸ ਚਿੱਠੀ ਦੀਆਂ ਕੁਝ ਲਾਈਨਾਂ ਇਹ ਸਨ: “ਇਹ ਯਹੋਵਾਹ ਦੀ ਦਇਆ ਹੈ ਕਿ ਉਸ ਨੇ ਵੱਖ-ਵੱਖ ਦੇਸ਼ਾਂ ਵਿਚ ਰਾਜ ਦੇ ਸੰਦੇਸ਼ ਦਾ ਚਾਨਣ ਪਹੁੰਚਾਉਣ ਲਈ ਮੈਨੂੰ ਤਾਕਤ ਬਖ਼ਸ਼ੀ। ਉਸ ਦੇ ਨਾਂ ਦੀ ਮਹਿਮਾ ਦਿਨੋਂ-ਦਿਨ ਵੱਧਦੀ ਜਾਵੇ। ਨਿਰਬਲਤਾਈਆਂ, ਅਯੋਗਤਾਵਾਂ ਅਤੇ ਕਮਜ਼ੋਰੀਆਂ ਵਿਚ ਉਸ ਦੀ ਮਹਿਮਾ ਹੋਰ ਵੀ ਰੌਸ਼ਨ ਹੁੰਦੀ ਹੈ।”

ਅੱਜ ਜੌਰਜ ਅਤੇ ਕਲੈਰਾ ਯੰਗ ਦੇ ਬੱਚੇ, ਪੋਤੇ-ਪੋਤੀਆਂ ਅਤੇ ਉਨ੍ਹਾਂ ਦੇ ਵੀ ਪੋਤੇ-ਪੋਤੀਆਂ ਪ੍ਰੇਮੀ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰ ਰਹੇ ਹਨ। ਪਿਤਾ ਜੀ ਅਕਸਰ ਇਬਰਾਨੀਆਂ 6:10 ਦਾ ਹਵਾਲਾ ਦਿੰਦੇ ਹੁੰਦੇ ਸਨ ਜਿਸ ਵਿਚ ਲਿਖਿਆ ਹੈ ਕਿ “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ।” ਯਹੋਵਾਹ ਦੇ ਨਾਲ-ਨਾਲ ਅਸੀਂ ਵੀ ਪਿਤਾ ਜੀ ਦੇ ਕੰਮਾਂ ਨੂੰ ਕਦੇ ਨਹੀਂ ਭੁੱਲੇ ਤੇ ਨਾ ਹੀ ਕਦੇ ਭੁੱਲਾਂਗੇ।

[ਸਫ਼ੇ 23 ਉੱਤੇ ਤਸਵੀਰ]

ਸੱਜੇ ਪਾਸੇ ਮੇਰੇ ਪਿਤਾ ਜੀ ਆਪਣੇ ਤਿੰਨ ਭਰਾਵਾਂ ਨਾਲ

[ਸਫ਼ੇ 25 ਉੱਤੇ ਤਸਵੀਰਾਂ]

ਪਿਤਾ ਜੀ (ਖੜ੍ਹੇ) ਭਰਾ ਵੁਡਵਰਥ, ਰਦਰਫ਼ਰਡ ਅਤੇ ਮੈਕਮਿਲਨ ਨਾਲ

ਹੇਠਾਂ: ਪਿਤਾ ਜੀ (ਖੱਬੇ ਪਾਸੇ ਕੋਨੇ ਵਿਚ) ਗਰੁੱਪ ਵਿਚ ਭਰਾ ਰਸਲ ਨਾਲ

[ਸਫ਼ੇ 26 ਉੱਤੇ ਤਸਵੀਰਾਂ]

ਪਿਤਾ ਜੀ ਤੇ ਮਾਤਾ ਜੀ

ਹੇਠਾਂ: ਉਨ੍ਹਾਂ ਦੇ ਵਿਆਹ ਦਾ ਦਿਨ

[ਸਫ਼ੇ 27 ਉੱਤੇ ਤਸਵੀਰ]

ਪਿਤਾ ਜੀ ਦੀ ਮੌਤ ਤੋਂ ਬਾਅਦ ਮੈਂ, ਡੇਵਿਡ ਅਤੇ ਮਾਤਾ ਜੀ