Skip to content

Skip to table of contents

ਕੀ ਤੁਸੀਂ ਵਧੀਆ ਮਿਸਾਲਾਂ ਤੋਂ ਲਾਭ ਉਠਾ ਰਹੇ ਹੋ?

ਕੀ ਤੁਸੀਂ ਵਧੀਆ ਮਿਸਾਲਾਂ ਤੋਂ ਲਾਭ ਉਠਾ ਰਹੇ ਹੋ?

ਕੀ ਤੁਸੀਂ ਵਧੀਆ ਮਿਸਾਲਾਂ ਤੋਂ ਲਾਭ ਉਠਾ ਰਹੇ ਹੋ?

“ਤੁਸੀਂ ਉਨ੍ਹਾਂ ਸਭਨਾਂ ਨਿਹਚਾਵਾਨਾਂ ਲਈ ਜਿਹੜੇ ਮਕਦੂਨਿਯਾ ਅਤੇ ਅਖਾਯਾ ਵਿੱਚ ਹਨ ਨਮੂਨਾ ਬਣੇ।” ਪੌਲੁਸ ਨੇ ਇਹ ਸ਼ਬਦ ਥੱਸਲੁਨੀਕਿਯਾ ਦੇ ਵਫ਼ਾਦਾਰ ਮਸੀਹੀਆਂ ਨੂੰ ਲਿਖੇ। ਉਨ੍ਹਾਂ ਨੇ ਸੰਗੀ ਮਸੀਹੀਆਂ ਲਈ ਜੋ ਮਿਸਾਲ ਕਾਇਮ ਕੀਤੀ ਉਹ ਕਾਬਲ-ਏ-ਤਾਰੀਫ਼ ਸੀ। ਪਰ, ਥੱਸਲੁਨੀਕਿਯਾ ਦੇ ਮਸੀਹੀ ਵੀ ਉਸ ਵੇਲੇ ਪੌਲੁਸ ਅਤੇ ਉਸ ਦੇ ਸਾਥੀਆਂ ਦੀ ਮਿਸਾਲ ਉੱਤੇ ਚੱਲ ਰਹੇ ਸਨ। ਪੌਲੁਸ ਨੇ ਕਿਹਾ: “ਸਾਡੀ ਖ਼ੁਸ਼ ਖਬਰੀ ਨਿਰੀਆਂ ਗੱਲਾਂ ਹੀ ਗੱਲਾਂ ਨਹੀਂ ਸੀ ਸਗੋਂ ਸਮਰੱਥਾ ਨਾਲ ਅਤੇ ਪਵਿੱਤਰ ਆਤਮਾ ਅਤੇ ਪੂਰੇ ਯਕੀਨ ਨਾਲ ਭੀ ਤੁਹਾਡੇ ਕੋਲ ਪਹੁੰਚੀ ਜਿਵੇਂ ਤੁਸੀਂ ਜਾਣਦੇ ਹੋ ਜੋ ਤੁਹਾਡੇ ਨਮਿੱਤ ਤੁਸਾਂ ਨਾਲ ਸਾਡਾ ਕਿਹੋ ਜਿਹਾ ਵਰਤਾਰਾ ਸੀ। ਅਤੇ ਤੁਸੀਂ ਉਸ ਬਚਨ ਨੂੰ ਵੱਡੀ ਬਿਪਤਾ ਵਿੱਚ ਪਵਿੱਤਰ ਆਤਮਾ ਦੇ ਅਨੰਦ ਨਾਲ ਕਬੂਲ ਕਰ ਕੇ ਸਾਡੀ . . . ਰੀਸ ਕਰਨ ਲੱਗ ਪਏ ਸਾਓ।”—1 ਥੱਸਲੁਨੀਕੀਆਂ 1:5-8.

ਜੀ ਹਾਂ, ਪੌਲੁਸ ਨੇ ਸਿਰਫ਼ ਖ਼ੁਸ਼ ਖ਼ਬਰੀ ਦਾ ਪ੍ਰਚਾਰ ਹੀ ਨਹੀਂ ਕੀਤਾ ਸਗੋਂ ਉਸ ਦੀ ਆਪਣੀ ਜ਼ਿੰਦਗੀ ਨਿਹਚਾ, ਧੀਰਜ ਅਤੇ ਆਤਮ-ਬਲੀਦਾਨ ਦੀ ਇਕ ਮੂੰਹ ਬੋਲਦੀ ਮਿਸਾਲ ਸੀ। ਇਸੇ ਕਰਕੇ, ਪੌਲੁਸ ਅਤੇ ਉਸ ਦੇ ਸਾਥੀਆਂ ਨੇ ਥੱਸਲੁਨੀਕਿਯਾ ਵਿਚ ਰਹਿਣ ਵਾਲੇ ਭੈਣ-ਭਰਾਵਾਂ ਦੀਆਂ ਜ਼ਿੰਦਗੀਆਂ ਉੱਤੇ ਬਹੁਤ ਵਧੀਆ ਅਸਰ ਪਾਇਆ। ਇਸੇ ਸਦਕਾ ਇਸ ਸ਼ਹਿਰ ਦੇ ਲੋਕ “ਵੱਡੀ ਬਿਪਤਾ” ਦੇ ਬਾਵਜੂਦ ਸੱਚਾਈ ਕਬੂਲ ਕਰਨ ਲਈ ਪ੍ਰੇਰਿਤ ਹੋ ਗਏ ਸਨ। ਪਰ, ਪੌਲੁਸ ਅਤੇ ਉਸ ਦੇ ਸੰਗੀ ਸਾਥੀਆਂ ਤੋਂ ਇਲਾਵਾ, ਬਿਪਤਾਵਾਂ ਸਹਿਣ ਵਾਲੇ ਹੋਰ ਕਈ ਭੈਣ-ਭਰਾਵਾਂ ਨੇ ਵੀ ਇਨ੍ਹਾਂ ਭਰਾਵਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਪੌਲੁਸ ਨੇ ਥੱਸਲੁਨੀਕੀਆਂ ਨੂੰ ਲਿਖਿਆ: “ਹੇ ਭਰਾਵੋ, ਤੁਸੀਂ ਪਰਮੇਸ਼ੁਰ ਦੀਆਂ ਓਹਨਾਂ ਕਲੀਸਿਯਾਂ ਵਰਗੇ ਹੋਏ ਹੋ ਜਿਹੜੀਆਂ ਮਸੀਹ ਯਿਸੂ ਦੀਆਂ ਯਹੂਦਿਯਾ ਵਿੱਚ ਹਨ ਇਸ ਲਈ ਜੋ ਤੁਸਾਂ ਆਪਣੀ ਕੌਮ ਵਾਲਿਆਂ ਦੇ ਹੱਥੋਂ ਓਹੋ ਦੁਖ ਝੱਲੇ ਜਿਹੜੇ ਓਹਨਾਂ ਵੀ ਯਹੂਦੀਆਂ ਦੇ ਹੱਥੋਂ ਝੱਲੇ ਸਨ।”—1 ਥੱਸਲੁਨੀਕੀਆਂ 2:14.

ਯਿਸੂ ਮਸੀਹ—ਸਭ ਤੋਂ ਸ਼ਾਨਦਾਰ ਮਿਸਾਲ

ਚਾਹੇ ਪੌਲੁਸ ਨੇ ਖ਼ੁਦ ਦੂਜਿਆਂ ਲਈ ਇਕ ਵਧੀਆ ਮਿਸਾਲ ਕਾਇਮ ਕੀਤੀ ਸੀ, ਪਰ ਉਸ ਨੇ ਯਿਸੂ ਮਸੀਹ ਦੀ ਮਿਸਾਲ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਿਸ ਦੀ ਸਾਨੂੰ ਸਾਰੇ ਮਸੀਹੀਆਂ ਨੂੰ ਰੀਸ ਕਰਨੀ ਚਾਹੀਦੀ ਹੈ। (1 ਥੱਸਲੁਨੀਕੀਆਂ 1:6) ਜੀ ਹਾਂ, ਯਿਸੂ ਮਸੀਹ ਉਸ ਸਮੇਂ ਵੀ ਸਭ ਤੋਂ ਵਧੀਆ ਮਿਸਾਲ ਸੀ ਤੇ ਅੱਜ ਵੀ ਹੈ। ਪਤਰਸ ਰਸੂਲ ਨੇ ਲਿਖਿਆ: “ਤੁਸੀਂ ਇਸੇ ਕਾਰਨ ਸੱਦੇ ਗਏ ਇਸ ਲਈ ਜੋ ਮਸੀਹ ਵੀ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ।”—1 ਪਤਰਸ 2:21.

ਯਿਸੂ ਨੇ ਤਕਰੀਬਨ 2000 ਸਾਲ ਪਹਿਲਾਂ ਇਸ ਧਰਤੀ ਉੱਤੇ ਇਨਸਾਨ ਦੇ ਰੂਪ ਵਿਚ ਆਪਣੀ ਜ਼ਿੰਦਗੀ ਪੂਰੀ ਕੀਤੀ। ਹੁਣ ਉਹ “ਅਣਪੁੱਜ ਜੋਤ” ਵਿਚ ਆਤਮਿਕ ਪ੍ਰਾਣੀ ਵਜੋਂ ਵੱਸਦਾ ਹੈ। ਇਸ ਲਈ ਕਿਸੇ ਨੇ “ਉਸ ਨੂੰ ਨਹੀਂ ਵੇਖਿਆ, ਨਾ ਉਹ ਕਿਸੇ ਤੋਂ ਵੇਖਿਆ ਜਾ ਸੱਕਦਾ ਹੈ।” (1 ਤਿਮੋਥਿਉਸ 6:16) ਜੇ ਅਸੀਂ ਉਸ ਨੂੰ ਦੇਖ ਨਹੀਂ ਸਕਦੇ, ਤਾਂ ਫਿਰ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ? ਇਕ ਤਰੀਕਾ ਹੈ ਬਾਈਬਲ ਵਿਚਲੀਆਂ ਇੰਜੀਲ ਦੀਆਂ ਚਾਰ ਕਿਤਾਬਾਂ ਵਿੱਚੋਂ ਯਿਸੂ ਦੀ ਜ਼ਿੰਦਗੀ ਬਾਰੇ ਪੜ੍ਹਨਾ। ਇਨ੍ਹਾਂ ਕਿਤਾਬਾਂ ਵਿਚ ਯਿਸੂ ਦੀ ਸ਼ਖ਼ਸੀਅਤ, ਉਸ ਦੇ ਜੀਉਣ ਦਾ ਤਰੀਕਾ ਅਤੇ ਉਸ ਦੇ “ਸੁਭਾਉ” ਬਾਰੇ ਬਹੁਤ ਡੂੰਘੀ ਜਾਣਕਾਰੀ ਦਿੱਤੀ ਗਈ ਹੈ। (ਫ਼ਿਲਿੱਪੀਆਂ 2:5-8) ਹੋਰ ਜ਼ਿਆਦਾ ਜਾਣਕਾਰੀ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਨਾਮਕ ਕਿਤਾਬ ਨੂੰ ਧਿਆਨ ਨਾਲ ਪੜ੍ਹ ਕੇ ਹਾਸਲ ਕੀਤੀ ਜਾ ਸਕਦੀ ਹੈ। ਇਸ ਕਿਤਾਬ ਵਿਚ ਯਿਸੂ ਦੀ ਜ਼ਿੰਦਗੀ ਦੀਆਂ ਮੁੱਖ ਘਟਨਾਵਾਂ ਤਰਤੀਬਵਾਰ ਖੋਲ੍ਹ ਕੇ ਦੱਸੀਆਂ ਗਈਆਂ ਹਨ। *

ਰਸੂਲ ਪੌਲੁਸ ਉੱਤੇ ਯਿਸੂ ਦੀ ਆਤਮ-ਬਲੀਦਾਨੀ ਮਿਸਾਲ ਦਾ ਬੜਾ ਡੂੰਘਾ ਅਸਰ ਪਿਆ ਸੀ। ਉਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਲਿਖਿਆ: “ਸੋ ਮੈਂ ਤੁਹਾਡੀਆਂ ਜਾਨਾਂ ਲਈ ਬਹੁਤ ਅਨੰਦ ਨਾਲ ਖਰਚ ਕਰਾਂਗਾ ਅਤੇ ਆਪ ਹੀ ਖਰਚ ਹੋ ਜਾਵਾਂਗਾ।” (2 ਕੁਰਿੰਥੀਆਂ 12:15) ਮਸੀਹ ਵਰਗਾ ਕਿੰਨਾ ਸ਼ਾਨਦਾਰ ਰਵੱਈਆ! ਜਦੋਂ ਅਸੀਂ ਮਸੀਹ ਦੀ ਸ਼ਾਨਦਾਰ ਮਿਸਾਲ ਬਾਰੇ ਧਿਆਨ ਨਾਲ ਸੋਚਦੇ ਹਾਂ, ਤਾਂ ਸਾਨੂੰ ਵੀ ਉਸ ਦੀ ਰੀਸ ਕਰਨ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ।

ਮਿਸਾਲ ਲਈ, ਯਿਸੂ ਨੇ ਸਿਖਾਇਆ ਕਿ ਸਾਨੂੰ ਆਪਣੀਆਂ ਭੌਤਿਕ ਜ਼ਰੂਰਤਾਂ ਲਈ ਪਰਮੇਸ਼ੁਰ ਦੇ ਵਾਅਦੇ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ। ਉਸ ਵੇਲੇ, ਉਸ ਨੇ ਸਿਰਫ਼ ਇਹ ਕਿਹਾ ਹੀ ਨਹੀਂ ਸੀ ਸਗੋਂ ਉਸ ਨੇ ਅਜਿਹਾ ਵਿਸ਼ਵਾਸ ਅਤੇ ਭਰੋਸਾ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਦਿਖਾਇਆ ਵੀ ਸੀ। ਉਸ ਨੇ ਕਿਹਾ: “ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਹਲਣੇ ਹਨ ਪਰ ਮਨੁੱਖ ਦੇ ਪੁੱਤ੍ਰ ਦੇ ਸਿਰ ਧਰਨ ਨੂੰ ਥਾਂ ਨਹੀਂ।” (ਮੱਤੀ 6:25; 8:20) ਕੀ ਭੌਤਿਕ ਚੀਜ਼ਾਂ ਦੀ ਚਿੰਤਾ ਤੁਹਾਡੀ ਸੋਚ ਅਤੇ ਤੁਹਾਡੇ ਕੰਮਾਂ ਉੱਤੇ ਹਾਵੀ ਹੋ ਜਾਂਦੀ ਹੈ? ਜਾਂ ਕੀ ਤੁਹਾਡੀ ਜ਼ਿੰਦਗੀ ਇਹ ਸਬੂਤ ਦਿੰਦੀ ਹੈ ਕਿ ਤੁਸੀਂ ਰਾਜ ਨੂੰ ਪਹਿਲੀ ਥਾਂ ਦੇ ਰਹੇ ਹੋ? ਇਸ ਤੋਂ ਇਲਾਵਾ, ਯਹੋਵਾਹ ਦੀ ਸੇਵਾ ਕਰਨ ਬਾਰੇ ਤੁਹਾਡਾ ਕਿੱਦਾਂ ਦਾ ਰਵੱਈਆ ਹੈ? ਕੀ ਇਹ ਯਿਸੂ ਦੇ ਰਵੱਈਏ ਵਰਗਾ ਹੈ? ਬਾਈਬਲ ਦਿਖਾਉਂਦੀ ਹੈ ਕਿ ਯਿਸੂ ਨੇ ਸਿਰਫ਼ ਜੋਸ਼ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਦੇ ਉਪਦੇਸ਼ ਹੀ ਨਹੀਂ ਦਿੱਤੇ, ਸਗੋਂ ਖ਼ੁਦ ਕਈ ਮੌਕਿਆਂ ਤੇ ਜੋਸ਼ ਦਿਖਾਇਆ। (ਯੂਹੰਨਾ 2:14-17) ਇਸ ਤੋਂ ਇਲਾਵਾ, ਪਿਆਰ ਦੇ ਮਾਮਲੇ ਵਿਚ ਯਿਸੂ ਨੇ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ! ਉਸ ਨੇ ਆਪਣੇ ਚੇਲਿਆਂ ਲਈ ਆਪਣੀ ਜਾਨ ਦੇ ਦਿੱਤੀ! (ਯੂਹੰਨਾ 15:13) ਆਪਣੇ ਮਸੀਹੀ ਭਰਾਵਾਂ ਲਈ ਪਿਆਰ ਦਿਖਾਉਣ ਵਿਚ ਕੀ ਤੁਸੀਂ ਯਿਸੂ ਦੀ ਰੀਸ ਕਰ ਰਹੇ ਹੋ? ਜਾਂ ਕੀ ਦੂਜਿਆਂ ਦੀਆਂ ਕਮਜ਼ੋਰੀਆਂ ਦੇਖ ਕੇ ਤੁਹਾਨੂੰ ਇਹ ਪਿਆਰ ਦਿਖਾਉਣਾ ਔਖਾ ਲੱਗਦਾ ਹੈ?

ਇਹ ਵੀ ਸੱਚ ਹੈ ਕਿ ਅਸੀਂ ਕਈ ਵਾਰ ਮਸੀਹ ਦੀ ਮਿਸਾਲ ਤੇ ਚੱਲਣ ਦੀ ਕੋਸ਼ਿਸ਼ ਕਰਨ ਤੋਂ ਖੁੰਝ ਸਕਦੇ ਹਾਂ। ਪਰ ਜਦੋਂ ਅਸੀਂ ‘ਪ੍ਰਭੁ ਯਿਸੂ ਮਸੀਹ ਨੂੰ ਪਹਿਨ ਲੈਣ’ ਦੀ ਕੋਸ਼ਿਸ਼ ਕਰਦੇ ਹਾਂ ਤਾਂ ਯਹੋਵਾਹ ਸਾਡੀਆਂ ਕੋਸ਼ਿਸ਼ਾਂ ਤੋਂ ਖ਼ੁਸ਼ ਹੁੰਦਾ ਹੈ।—ਰੋਮੀਆਂ 13:14.

‘ਇੱਜੜ ਲਈ ਮਿਸਾਲਾਂ’

ਕੀ ਕਲੀਸਿਯਾ ਵਿਚ ਅਜਿਹੇ ਵਿਅਕਤੀ ਹਨ ਜੋ ਸਾਡੇ ਲਈ ਮਿਸਾਲ ਬਣ ਸਕਦੇ ਹਨ? ਯਕੀਨਨ ਬਥੇਰੇ ਹਨ! ਜ਼ਿੰਮੇਵਾਰੀ ਸੰਭਾਲਣ ਵਾਲੇ ਭਰਾਵਾਂ ਨੂੰ ਜ਼ਰੂਰ ਇਕ ਚੰਗੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਤੀਤੁਸ ਕ੍ਰੀਟ ਦੀ ਕਲੀਸਿਯਾ ਵਿਚ ਸੇਵਾ ਕਰਦਾ ਸੀ ਅਤੇ ਉਸ ਨੇ ਕਲੀਸਿਯਾ ਵਿਚ ਬਜ਼ੁਰਗ ਥਾਪੇ ਸਨ। ਪੌਲੁਸ ਨੇ ਉਸ ਨੂੰ ਕਿਹਾ ਕਿ ਥਾਪਿਆ ਗਿਆ ਹਰੇਕ ਬਜ਼ੁਰਗ “ਨਿਰਦੋਸ਼” ਹੋਣਾ ਚਾਹੀਦਾ ਹੈ। (ਤੀਤੁਸ 1:5, 6) ਇਸੇ ਤਰ੍ਹਾਂ ਪਤਰਸ ਰਸੂਲ ਨੇ ਵੀ ‘ਬਜ਼ੁਰਗਾਂ’ ਨੂੰ “ਇੱਜੜ ਦੇ ਲਈ ਨਮੂਨਾ” ਬਣਨ ਦੀ ਹੱਲਾਸ਼ੇਰੀ ਦਿੱਤੀ। (1 ਪਤਰਸ 5:1-3) ਇਸ ਤੋਂ ਇਲਾਵਾ ਸਹਾਇਕ ਸੇਵਕਾਂ ਨੂੰ ਕਿੱਦਾਂ ਦੇ ਹੋਣਾ ਚਾਹੀਦਾ ਹੈ? ਉਨ੍ਹਾਂ ਨੂੰ ਵੀ ਅਜਿਹੇ ਭਰਾ ਹੋਣਾ ਚਾਹੀਦਾ ਹੈ ਜੋ “ਸੇਵਕਾਈ ਦਾ ਕੰਮ ਚੰਗੀ ਤਰਾਂ ਨਾਲ” ਕਰਦੇ ਹਨ।—1 ਤਿਮੋਥਿਉਸ 3:13.

ਪਰ ਇੰਜ ਸੋਚਣਾ ਠੀਕ ਨਹੀਂ ਹੋਵੇਗਾ ਕਿ ਹਰ ਬਜ਼ੁਰਗ ਜਾਂ ਸਹਾਇਕ ਸੇਵਕ ਮਸੀਹੀ ਸੇਵਕਾਈ ਦੇ ਹਰ ਪਹਿਲੂ ਵਿਚ ਮਾਹਰ ਹੋਵੇ। ਪੌਲੁਸ ਨੇ ਰੋਮ ਦੇ ਮਸੀਹੀਆਂ ਨੂੰ ਕਿਹਾ: “ਸਾਨੂੰ ਉਸ ਕਿਰਪਾ ਦੇ ਅਨੁਸਾਰ ਜੋ ਸਾਨੂੰ ਦਾਨ ਹੋਈ ਵੱਖੋ ਵੱਖਰੀਆਂ ਦਾਤਾਂ ਮਿਲੀਆਂ।” (ਰੋਮੀਆਂ 12:6) ਵੱਖ-ਵੱਖ ਭਰਾ ਵੱਖ-ਵੱਖ ਕੰਮਾਂ ਵਿਚ ਮਾਹਰ ਹਨ। ਇਹ ਸੋਚਣਾ ਵਾਜਬ ਨਹੀਂ ਹੋਵੇਗਾ ਕਿ ਬਜ਼ੁਰਗਾਂ ਦੀ ਹਰ ਕਥਨੀ ਤੇ ਕਰਨੀ ਇਕਦਮ ਲਾਜਵਾਬ ਹੋਵੇਗੀ। ਬਾਈਬਲ ਕਹਿੰਦੀ ਹੈ ਕਿ “ਅਸੀਂ ਸੱਭੇ ਬਹੁਤ ਭੁੱਲਣਹਾਰ ਹਾਂ ਜੇ ਕੋਈ ਬਚਨ ਵਿੱਚ ਨਾ ਭੁੱਲੇ ਤਾਂ ਉਹ ਸਿੱਧ ਪੁਰਸ਼ ਹੈ ਅਤੇ ਸਾਰੀ ਦੇਹੀ ਨੂੰ ਭੀ ਲਗਾਮ ਦੇ ਸੱਕਦਾ ਹੈ।” (ਯਾਕੂਬ 3:2) ਬਜ਼ੁਰਗ ਆਪਣੀਆਂ ਕਮਜ਼ੋਰੀਆਂ ਦੇ ਬਾਵਜੂਦ, ਤਿਮੋਥਿਉਸ ਵਾਂਗ “ਚਾਲ ਚਲਣ ਵਿੱਚ, ਪ੍ਰੇਮ ਵਿੱਚ, ਨਿਹਚਾ ਵਿੱਚ, ਪਵਿੱਤਰਤਾਈ ਵਿੱਚ, [ਨਮੂਨਾ]” ਬਣ ਸਕਦੇ ਹਨ। (1 ਤਿਮੋਥਿਉਸ 4:12) ਜਦੋਂ ਬਜ਼ੁਰਗ ਇੰਜ ਕਰਨਗੇ, ਤਾਂ ਕਲੀਸਿਯਾ ਦੇ ਭੈਣ-ਭਰਾ ਵੀ ਇਬਰਾਨੀਆਂ 13:7 ਦੀ ਸਲਾਹ ਨੂੰ ਆਸਾਨੀ ਨਾਲ ਮੰਨਣਗੇ ਜਿਸ ਵਿਚ ਲਿਖਿਆ ਹੈ: “ਤੁਸੀਂ ਆਪਣੇ ਆਗੂਆਂ ਨੂੰ ਚੇਤੇ ਰੱਖੋ . . . ਓਹਨਾਂ ਦੀ ਚਾਲ ਦੇ ਓੜਕ ਵੱਲ ਧਿਆਨ ਕਰ ਕੇ ਓਹਨਾਂ ਦੀ ਨਿਹਚਾ ਦੀ ਰੀਸ ਕਰੋ।”

ਸਾਡੇ ਦਿਨਾਂ ਦੀਆਂ ਹੋਰ ਮਿਸਾਲਾਂ

ਪਿਛਲੇ ਕੁਝ ਦਹਾਕਿਆਂ ਤੋਂ ਬਹੁਤ ਸਾਰੇ ਭੈਣ-ਭਰਾਵਾਂ ਨੇ ਵਧੀਆ ਮਿਸਾਲਾਂ ਕਾਇਮ ਕੀਤੀਆਂ ਹਨ। ਉਨ੍ਹਾਂ ਹਜ਼ਾਰਾਂ ਹੀ ਆਤਮ-ਬਲੀਦਾਨੀ ਮਿਸ਼ਨਰੀ ਭੈਣ-ਭਰਾਵਾਂ ਬਾਰੇ ਕੀ ਕਿਹਾ ਜਾ ਸਕਦਾ ਹੈ ਜਿਨ੍ਹਾਂ ਨੇ ਪਰਦੇਸਾਂ ਵਿਚ ਜਾ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਆਪਣੇ “ਘਰਾਂ ਯਾ ਭਾਈਆਂ ਯਾ ਭੈਣਾਂ ਯਾ ਪਿਉ ਯਾ ਮਾਂ ਯਾ ਬਾਲ ਬੱਚਿਆਂ ਯਾ ਜਮੀਨ” ਵਗੈਰਾ ਨੂੰ ਛੱਡ ਦਿੱਤਾ? (ਮੱਤੀ 19:29) ਸਫ਼ਰੀ ਨਿਗਾਹਬਾਨਾਂ ਤੇ ਉਨ੍ਹਾਂ ਦੀਆਂ ਪਤਨੀਆਂ ਦੀਆਂ ਮਿਸਾਲਾਂ ਤੇ ਵੀ ਗੌਰ ਕਰੋ। ਇਸ ਤੋਂ ਇਲਾਵਾ, ਵਾਚ ਟਾਵਰ ਸੋਸਾਇਟੀ ਦੇ ਦਫ਼ਤਰਾਂ ਵਿਚ ਸਵੈ-ਇਛੁੱਕ ਸੇਵਕ ਅਤੇ ਪਾਇਨੀਅਰ ਭੈਣ-ਭਰਾਵਾਂ ਦੀਆਂ ਮਿਸਾਲਾਂ ਉੱਤੇ ਗੌਰ ਕਰੋ। ਕੀ ਇਹੋ ਜਿਹੀਆਂ ਮਿਸਾਲਾਂ ਦੂਜਿਆਂ ਨੂੰ ਉਤਸ਼ਾਹਿਤ ਕਰ ਸਕਦੀਆਂ ਹਨ? ਏਸ਼ੀਆ ਦੇ ਇਕ ਪ੍ਰਚਾਰਕ ਨੂੰ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਅੱਠਵੀਂ ਕਲਾਸ ਦੇ ਇਕ ਮਿਸ਼ਨਰੀ ਦੀ ਮਿਸਾਲ ਅਜੇ ਵੀ ਯਾਦ ਹੈ। ਇਹ ਭਰਾ ਦੱਸਦਾ ਹੈ ਕਿ ਉਹ ਵਫ਼ਾਦਾਰ ਮਿਸ਼ਨਰੀ ਭਰਾ “ਮੱਛਰ ਅਤੇ ਸਿੱਲ੍ਹਣ ਸਹਿਣ ਲਈ ਵੀ ਤਿਆਰ ਸੀ। . . . ਉਸ ਬਾਰੇ ਹੋਰ ਵੀ ਵਧੀਆ ਗੱਲ ਇਹ ਸੀ ਕਿ ਉਹ ਚਾਹੇ ਇੰਗਲੈਂਡ ਦਾ ਰਹਿਣ ਵਾਲਾ ਸੀ ਪਰ ਉਹ ਚੀਨੀ ਅਤੇ ਮਲੇ ਭਾਸ਼ਾ ਵਿਚ ਪ੍ਰਚਾਰ ਕਰ ਸਕਦਾ ਸੀ।” ਉਸ ਭਰਾ ਦੀ ਵਧੀਆ ਮਿਸਾਲ ਦਾ ਇਸ ਭਰਾ ਤੇ ਕੀ ਅਸਰ ਹੋਇਆ? ਇਹ ਭਰਾ ਕਹਿੰਦਾ ਹੈ: “ਉਸ ਦੇ ਸ਼ਾਂਤ ਸੁਭਾਅ ਅਤੇ ਭਰੋਸੇ ਨੇ ਮੇਰੇ ਵਿਚ ਵੱਡਾ ਹੋ ਕੇ ਮਿਸ਼ਨਰੀ ਬਣਨ ਦੀ ਇੱਛਾ ਪੈਦਾ ਕੀਤੀ।।” ਉਸ ਭਰਾ ਦੀ ਮਿਸਾਲ ਸਦਕਾ ਇਹ ਭਰਾ ਇਕ ਮਿਸ਼ਨਰੀ ਬਣਿਆ।

ਵਾਚ ਟਾਵਰ ਪ੍ਰਕਾਸ਼ਨ ਇੰਡੈਕਸ ਵਿਚ ਕਈ ਭੈਣ-ਭਰਾਵਾਂ ਦੀਆਂ ਜੀਵਨੀਆਂ ਦੀ ਇਕ ਸੂਚੀ ਹੈ ਜੋ ਪਹਿਲਾਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਵਿਚ ਛਪ ਚੁੱਕੀਆਂ ਹਨ। ਇਹ ਉਨ੍ਹਾਂ ਭੈਣ-ਭਰਾਵਾਂ ਦੀਆਂ ਜੀਵਨੀਆਂ ਹਨ ਜਿਨ੍ਹਾਂ ਨੇ ਦੁਨਿਆਵੀ ਕੈਰੀਅਰ ਤੇ ਟੀਚਿਆਂ ਨੂੰ ਠੋਕਰ ਮਾਰ ਦਿੱਤੀ, ਆਪਣੀਆਂ ਕਮਜ਼ੋਰੀਆਂ ਤੇ ਕਾਬੂ ਪਾਇਆ, ਸ਼ਖ਼ਸੀਅਤ ਵਿਚ ਹੈਰਾਨੀਜਨਕ ਤਬਦੀਲੀਆਂ ਕੀਤੀਆਂ, ਮੁਸ਼ਕਲਾਂ ਦੇ ਬਾਵਜੂਦ ਹੌਸਲਾ ਨਾ ਛੱਡਿਆ, ਸਖ਼ਤ ਮਿਹਨਤ ਕੀਤੀ, ਧੀਰਜ, ਵਫ਼ਾਦਾਰੀ, ਨਿਮਰਤਾ ਅਤੇ ਆਤਮ-ਤਿਆਗ ਦੀ ਭਾਵਨਾ ਦਿਖਾਈ। ਇਕ ਪਾਠਕ ਨੇ ਇਨ੍ਹਾਂ ਜੀਵਨ-ਕਹਾਣੀਆਂ ਬਾਰੇ ਇੰਜ ਲਿਖਿਆ: “ਇਨ੍ਹਾਂ ਕਹਾਣੀਆਂ ਨੇ ਮੈਨੂੰ ਹੋਰ ਵੀ ਅਹਿਸਾਨਮੰਦ ਅਤੇ ਨਿਮਰ ਮਸੀਹੀ ਬਣਾਇਆ। ਇਨ੍ਹਾਂ ਨੂੰ ਪੜ੍ਹ ਕੇ ਮੈਨੂੰ ਪਤਾ ਲੱਗਾ ਕਿ ਮੇਰੇ ਤੋਂ ਇਲਾਵਾ ਹੋਰਾਂ ਨੇ ਵੀ ਕਈ ਮੁਸ਼ਕਲਾਂ ਸਹੀਆਂ ਹਨ। ਇਨ੍ਹਾਂ ਨੇ ਮੈਨੂੰ ਸੁਆਰਥੀ ਨਾ ਬਣਨ ਅਤੇ ਹਰ ਵੇਲੇ ਆਪਣੇ ਬਾਰੇ ਹੀ ਨਾ ਸੋਚਣ ਲਈ ਪ੍ਰੇਰਿਤ ਕੀਤਾ।”

ਇਨ੍ਹਾਂ ਤੋਂ ਇਲਾਵਾ, ਆਪਣੀ ਕਲੀਸਿਯਾ ਦੀਆਂ ਚੰਗੀਆਂ ਮਿਸਾਲਾਂ ਨੂੰ ਨਾ ਭੁੱਲੋ: ਪਰਿਵਾਰਾਂ ਦੇ ਮੁਖੀ ਜਿਹੜੇ ਆਪਣੇ ਪਰਿਵਾਰਾਂ ਦੀਆਂ ਭੌਤਿਕ ਅਤੇ ਅਧਿਆਤਮਿਕ ਲੋੜਾਂ ਪੂਰੀਆਂ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ; ਭੈਣਾਂ ਜਿਨ੍ਹਾਂ ਵਿਚ ਅਜਿਹੀਆਂ ਇਕੱਲੀਆਂ ਮਾਵਾਂ ਵੀ ਹਨ ਜੋ ਬੱਚਿਆਂ ਦੀ ਪਰਵਰਿਸ਼ ਕਰਨ ਤੋਂ ਇਲਾਵਾ ਪ੍ਰਚਾਰ ਵਿਚ ਵੀ ਲਗਾਤਾਰ ਮਿਹਨਤ ਕਰਦੀਆਂ ਹਨ; ਬਜ਼ੁਰਗ ਅਤੇ ਕਮਜ਼ੋਰ ਭੈਣ-ਭਰਾ ਦਿਨੋ-ਦਿਨ ਵਿਗੜਦੀ ਸਿਹਤ ਅਤੇ ਕਮਜ਼ੋਰੀਆਂ ਦੇ ਬਾਵਜੂਦ ਵਫ਼ਾਦਾਰ ਰਹਿਣ ਦੀ ਜੀ-ਜਾਨ ਨਾਲ ਕੋਸ਼ਿਸ਼ ਕਰਦੇ ਹਨ। ਕੀ ਇਹ ਸਾਰੀਆਂ ਮਿਸਾਲਾਂ ਤੁਹਾਡਾ ਹੌਸਲਾ ਨਹੀਂ ਵਧਾਉਂਦੀਆਂ?

ਯਕੀਨਨ, ਸੰਸਾਰ ਵਿਚ ਭੈੜੀਆਂ ਮਿਸਾਲਾਂ ਦੀ ਵੀ ਕੋਈ ਕਮੀ ਨਹੀਂ ਹੈ। (2 ਤਿਮੋਥਿਉਸ 3:13) ਫਿਰ ਵੀ, ਯਹੂਦਿਯਾ ਦੇ ਮਸੀਹੀਆਂ ਨੂੰ ਦਿੱਤੀ ਪੌਲੁਸ ਦੀ ਸਲਾਹ ਉੱਤੇ ਗੌਰ ਕਰੋ। ਪੁਰਾਣੇ ਜ਼ਮਾਨੇ ਦੇ ਕਈ ਵਫ਼ਾਦਾਰ ਆਦਮੀਆਂ ਅਤੇ ਤੀਵੀਆਂ ਦੇ ਸ਼ਾਨਦਾਰ ਰਵੱਈਏ ਦੀਆਂ ਮਿਸਾਲਾਂ ਦਾ ਹਵਾਲਾ ਦੇਣ ਤੋਂ ਬਾਅਦ, ਪੌਲੁਸ ਨੇ ਉਨ੍ਹਾਂ ਨੂੰ ਜ਼ੋਰ ਦੇ ਕੇ ਕਿਹਾ: “ਉਪਰੰਤ ਜਦੋਂ ਗਵਾਹਾਂ ਦੇ ਐਨੇ ਵੱਡੇ ਬੱਦਲ ਨੇ ਸਾਨੂੰ ਘੇਰਿਆ ਹੋਇਆ ਹੈ ਤਾਂ ਆਓ, ਅਸੀਂ ਵੀ . . . ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ। ਅਤੇ ਯਿਸੂ ਦੀ ਵੱਲ ਤੱਕਦੇ ਰਹੀਏ ਜਿਹੜਾ ਨਿਹਚਾ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ।” (ਇਬਰਾਨੀਆਂ 12:1, 2) ਮਸੀਹੀ ਅੱਜ ਵਧੀਆ ਮਿਸਾਲਾਂ ਦੇ ਉਸ “ਵੱਡੇ ਬੱਦਲ” ਨਾਲ ਘਿਰੇ ਹੋਏ ਹਨ ਜਿਸ ਵਿਚ ਪੁਰਾਣੇ ਅਤੇ ਅੱਜ ਦੇ ਸਮੇਂ ਦੀਆਂ ਮਿਸਾਲਾਂ ਸ਼ਾਮਲ ਹਨ। ਕੀ ਤੁਸੀਂ ਸੱਚ-ਮੁੱਚ ਉਨ੍ਹਾਂ ਤੋਂ ਲਾਭ ਉਠਾ ਰਹੋ ਹੋ? ਜੀ ਹਾਂ, ਤੁਸੀਂ ਜ਼ਰੂਰ ਲਾਭ ਉਠਾ ਸਕਦੇ ਹੋ ਜੇਕਰ ਤੁਸੀਂ “ਬੁਰੇ ਦੀ ਨਹੀਂ ਸਗੋਂ ਭਲੇ ਦੀ ਰੀਸ” ਕਰੋ।—3 ਯੂਹੰਨਾ 11.

[ਫੁਟਨੋਟ]

^ ਪੈਰਾ 6 ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ

[ਸਫ਼ੇ 20 ਉੱਤੇ ਸੁਰਖੀ]

ਇੰਜ ਸੋਚਣਾ ਠੀਕ ਨਹੀਂ ਹੋਵੇਗਾ ਕਿ ਹਰ ਬਜ਼ੁਰਗ ਜਾਂ ਸਹਾਇਕ ਸੇਵਕ ਮਸੀਹੀ ਸੇਵਕਾਈ ਦੇ ਹਰ ਪਹਿਲੂ ਵਿਚ ਮਾਹਰ ਹੋਵੇਗਾ

[ਸਫ਼ੇ 21 ਉੱਤੇ ਤਸਵੀਰਾਂ]

ਬਜ਼ੁਰਗ “ਇੱਜੜ ਦੇ ਲਈ ਨਮੂਨਾ” ਹੋਣੇ ਚਾਹੀਦੇ ਹਨ