Skip to content

Skip to table of contents

ਕੀ ਤੁਹਾਨੂੰ ਮਨ ਦੀ ਸ਼ਾਂਤੀ ਮਿਲ ਸਕਦੀ ਹੈ?

ਕੀ ਤੁਹਾਨੂੰ ਮਨ ਦੀ ਸ਼ਾਂਤੀ ਮਿਲ ਸਕਦੀ ਹੈ?

ਕੀ ਤੁਹਾਨੂੰ ਮਨ ਦੀ ਸ਼ਾਂਤੀ ਮਿਲ ਸਕਦੀ ਹੈ?

ਸਾਲ 1854 ਵਿਚ ਅਮਰੀਕੀ ਲੇਖਕ ਹੈਨਰੀ ਥਰੋ ਨੇ ਲਿਖਿਆ: “ਜ਼ਿਆਦਾਤਰ ਇਨਸਾਨਾਂ ਨੂੰ ਆਪਣੀ ਜ਼ਿੰਦਗੀ ਵਿਚ ਕੋਈ ਆਸ਼ਾ ਨਹੀਂ ਹੈ।”

ਉਸ ਦੇ ਸ਼ਬਦਾਂ ਤੋਂ ਪਤਾ ਚੱਲਦਾ ਹੈ ਕਿ ਉਸ ਦੇ ਜ਼ਮਾਨੇ ਦੇ ਜ਼ਿਆਦਾਤਰ ਲੋਕਾਂ ਕੋਲ ਮਨ ਦੀ ਸ਼ਾਂਤੀ ਨਹੀਂ ਸੀ। ਪਰ ਇਹ ਗੱਲ ਤਾਂ 150 ਸਾਲ ਪੁਰਾਣੀ ਹੈ। ਕੀ ਅੱਜ ਲੋਕਾਂ ਦੇ ਹਾਲਾਤ ਬਦਲ ਗਏ ਹਨ? ਜਾਂ ਕੀ ਥਰੋ ਦੇ ਸ਼ਬਦ ਸਾਡੇ ਜ਼ਮਾਨੇ ਤੇ ਵੀ ਢੁੱਕਦੇ ਹਨ? ਤੁਹਾਡੇ ਬਾਰੇ ਕੀ? ਕੀ ਤੁਹਾਡੇ ਕੋਲ ਮਨ ਦੀ ਸ਼ਾਂਤੀ ਹੈ? ਜਾਂ ਕੀ ਤੁਹਾਡੀ ਜ਼ਿੰਦਗੀ ਮੁਸ਼ਕਲਾਂ ਨਾਲ ਭਰੀ ਹੋਈ ਹੈ ਤੇ ਤੁਹਾਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆਉਂਦਾ ਹੈ ਜਾਂ ਕੀ ਥਰੋ ਦੇ ਕਹੇ ਸ਼ਬਦਾਂ ਮੁਤਾਬਕ ਤੁਹਾਨੂੰ ਵੀ “ਕੋਈ ਆਸ਼ਾ ਨਹੀਂ ਹੈ”?

ਦੁੱਖ ਦੀ ਗੱਲ ਹੈ ਕਿ ਦੁਨੀਆਂ ਵਿਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹੁੰਦੀਆਂ ਹਨ ਜੋ ਲੋਕਾਂ ਦੇ ਮਨਾਂ ਦੀ ਸ਼ਾਂਤੀ ਖੋਹ ਲੈਂਦੀਆਂ ਹਨ। ਆਓ ਆਪਾਂ ਉਨ੍ਹਾਂ ਵਿੱਚੋਂ ਕੁਝ ਗੱਲਾਂ ਤੇ ਗੌਰ ਕਰੀਏ। ਕਈ ਦੇਸ਼ਾਂ ਵਿਚ ਬੇਰੁਜ਼ਗਾਰੀ ਅਤੇ ਘੱਟ ਆਮਦਨ ਕਾਰਨ ਗ਼ਰੀਬੀ ਵੱਧਦੀ ਜਾ ਰਹੀ ਹੈ ਤੇ ਲੋਕ ਰੁਪਏ-ਪੈਸੇ ਦੀ ਤੰਗੀ ਕਾਰਨ ਨਿਰਾਸ਼ ਹੋ ਜਾਂਦੇ ਹਨ। ਹੋਰਨਾਂ ਦੇਸ਼ਾਂ ਦੇ ਬਹੁਤ ਸਾਰੇ ਲੋਕ ਧਨ-ਦੌਲਤ ਕਮਾਉਣ ਅਤੇ ਭੌਤਿਕ ਚੀਜ਼ਾਂ ਇਕੱਠੀਆਂ ਕਰਨ ਵਿਚ ਹੀ ਲੱਗੇ ਰਹਿੰਦੇ ਹਨ। ਅਕਸਰ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਵਿਚ ਲੋਕਾਂ ਦੀ ਚਿੰਤਾ ਵਧ ਜਾਂਦੀ ਹੈ ਤੇ ਉਨ੍ਹਾਂ ਨੂੰ ਸ਼ਾਂਤੀ ਨਹੀਂ ਮਿਲਦੀ। ਬੀਮਾਰੀ, ਯੁੱਧ, ਅਪਰਾਧ, ਬੇਇਨਸਾਫ਼ੀ ਅਤੇ ਜ਼ੁਲਮ ਵੀ ਲੋਕਾਂ ਦੀ ਸ਼ਾਂਤੀ ਖੋਹ ਲੈਂਦੇ ਹਨ।

ਉਨ੍ਹਾਂ ਨੇ ਮਨ ਦੀ ਸ਼ਾਂਤੀ ਭਾਲੀ

ਅੱਜ ਦੁਨੀਆਂ ਵਿਚ ਜੋ ਕੁਝ ਵਾਪਰ ਰਿਹਾ ਹੈ, ਉਸ ਤੋਂ ਬਹੁਤੇ ਲੋਕ ਖ਼ੁਸ਼ ਨਹੀਂ ਹਨ। ਔਨਟੋਨਿਓ *, ਬ੍ਰਾਜ਼ੀਲ ਦੇ ਸਾਓ ਪੌਲੋ ਸ਼ਹਿਰ ਵਿਚ ਇਕ ਵੱਡੀ ਫੈਕਟਰੀ ਦੇ ਮਜ਼ਦੂਰਾਂ ਦਾ ਲੀਡਰ ਸੀ। ਆਪਣੇ ਹਾਲਾਤ ਸੁਧਾਰਨ ਲਈ, ਉਸ ਨੇ ਰੈਲੀਆਂ ਤੇ ਜਲੂਸਾਂ ਵਿਚ ਹਿੱਸਾ ਲਿਆ, ਪਰ ਇਸ ਤਰ੍ਹਾਂ ਕਰਨ ਨਾਲ ਉਸ ਨੂੰ ਮਨ ਦੀ ਸ਼ਾਂਤੀ ਨਹੀਂ ਮਿਲੀ।

ਕੁਝ ਲੋਕ ਸੋਚਦੇ ਹਨ ਕਿ ਜੇ ਉਹ ਵਿਆਹ ਕਰਾ ਲੈਣ, ਤਾਂ ਉਨ੍ਹਾਂ ਦੀ ਜ਼ਿੰਦਗੀ ਵਿਚ ਸ਼ਾਂਤੀ ਆ ਜਾਏਗੀ। ਪਰ ਹੋ ਸਕਦਾ ਹੈ ਕਿ ਵਿਆਹ ਤੋਂ ਬਾਅਦ ਉਹ ਹੋਰ ਵੀ ਨਿਰਾਸ਼ ਹੋ ਜਾਣ। ਮਾਰਕੋਸ ਇਕ ਕਾਮਯਾਬ ਬਿਜ਼ਨਿਸਮੈਨ ਸੀ। ਉਹ ਰਾਜਨੀਤੀ ਵਿਚ ਸ਼ਾਮਲ ਹੋ ਕੇ ਇਕ ਉਦਯੋਗਕ ਸ਼ਹਿਰ ਦਾ ਮੇਅਰ ਬਣ ਗਿਆ। ਪਰ ਉਸ ਦੇ ਬੱਚਿਆਂ ਦੇ ਘਰ ਛੱਡਣ ਤੋਂ ਬਾਅਦ, ਉਹ ਤੇ ਉਸ ਦੀ ਪਤਨੀ ਆਪਸੀ ਝਗੜਿਆਂ ਕਾਰਨ ਇਕ ਦੂਜੇ ਤੋਂ ਅੱਡ ਹੋ ਗਏ। ਇਸ ਤਰ੍ਹਾਂ ਉਸ ਦਾ ਪਰਿਵਾਰ ਖੇਰੂੰ-ਖੇਰੂੰ ਹੋ ਗਿਆ।

ਬ੍ਰਾਜ਼ੀਲ ਦੇ ਸੈਲਵਾਡੋਰ ਸ਼ਹਿਰ ਵਿਚ ਰਹਿਣ ਵਾਲਾ ਗਰਜ਼ੋਨ ਸੜਕਾਂ ਉੱਤੇ ਹੀ ਵੱਡਾ ਹੋਇਆ। ਉਹ ਨਵੇਂ-ਨਵੇਂ ਤੇ ਔਖੇ ਕੰਮ ਕਰਨ ਦਾ ਬੜਾ ਸ਼ੌਕੀਨ ਸੀ। ਇਸ ਲਈ ਉਹ ਟਰੱਕ ਡਰਾਈਵਰਾਂ ਤੋਂ ਲਿਫ਼ਟ ਲੈ ਕੇ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਘੁੰਮਦਾ-ਫਿਰਦਾ ਰਹਿੰਦਾ ਸੀ। ਜਲਦੀ ਹੀ ਉਸ ਨੂੰ ਨਸ਼ਿਆਂ ਦੀ ਲਤ ਲੱਗ ਗਈ। ਆਪਣੀ ਇਸ ਲਤ ਨੂੰ ਪੂਰਾ ਕਰਨ ਲਈ ਉਹ ਲੋਕਾਂ ਨੂੰ ਲੁੱਟਦਾ ਸੀ। ਕਈ ਵਾਰੀ ਪੁਲਸ ਨੇ ਉਸ ਨੂੰ ਫੜਿਆ। ਪਰ ਲੜਾਕੇ ਸੁਭਾਅ ਦਾ ਹੋਣ ਦੇ ਬਾਵਜੂਦ ਵੀ, ਗਰਜ਼ੋਨ ਮਨ ਦੀ ਸ਼ਾਂਤੀ ਲਈ ਤਰਸਦਾ ਸੀ। ਕੀ ਉਸ ਨੂੰ ਕਦੇ ਮਨ ਦੀ ਸ਼ਾਂਤੀ ਮਿਲੀ?

ਵੋਨੀ ਅਜੇ ਛੋਟੀ ਹੀ ਸੀ ਜਦੋਂ ਉਸ ਦੀ ਮਾਂ ਮਰ ਗਈ ਤੇ ਘਰ ਦੀ ਸਾਰੀ ਜ਼ਿੰਮੇਵਾਰੀ ਉਸ ਨੂੰ ਸੰਭਾਲਣੀ ਪਈ। ਇਸ ਦੇ ਨਾਲ-ਨਾਲ ਉਸ ਨੂੰ ਆਪਣੀ ਛੋਟੀ ਬੀਮਾਰ ਭੈਣ ਦੀ ਦੇਖ-ਭਾਲ ਵੀ ਕਰਨੀ ਪੈਂਦੀ ਸੀ। ਵੋਨੀ ਚਰਚ ਤਾਂ ਜਾਂਦੀ ਸੀ, ਪਰ ਉਹ ਮਹਿਸੂਸ ਕਰਦੀ ਸੀ ਕਿ ਪਰਮੇਸ਼ੁਰ ਨੇ ਉਸ ਨੂੰ ਛੱਡ ਦਿੱਤਾ ਹੈ। ਉਸ ਕੋਲ ਵੀ ਮਨ ਦੀ ਸ਼ਾਂਤੀ ਨਹੀਂ ਸੀ।

ਮੋਰਸਲੂ ਦੀ ਮਿਸਾਲ ਨੂੰ ਲੈ ਲਓ। ਮੋਰਸਲੂ ਹਮੇਸ਼ਾ ਮੌਜ-ਮਸਤੀ ਕਰਨੀ ਚਾਹੁੰਦਾ ਸੀ। ਇਸ ਲਈ ਉਹ ਦੂਜੇ ਨੌਜਵਾਨਾਂ ਨਾਲ ਰਲ ਕੇ ਪਾਰਟੀਆਂ ਕਰਦਾ ਸੀ। ਪਾਰਟੀਆਂ ਵਿਚ ਉਹ ਸਾਰੇ ਮਿਲ ਕੇ ਡਾਂਸ ਕਰਦੇ ਸਨ, ਸ਼ਰਾਬ ਪੀਂਦੇ ਸਨ ਤੇ ਨਸ਼ੇ ਕਰਦੇ ਸਨ। ਇਕ ਦਿਨ ਉਸ ਦੀ ਇਕ ਮੁੰਡੇ ਨਾਲ ਲੜਾਈ ਹੋ ਗਈ ਤੇ ਉਸ ਨੇ ਮੁੰਡੇ ਨੂੰ ਜ਼ਖ਼ਮੀ ਕਰ ਦਿੱਤਾ। ਪਰ ਬਾਅਦ ਵਿਚ ਉਹ ਆਪਣੀ ਕੀਤੀ ਤੇ ਪਛਤਾਇਆ ਤੇ ਮਦਦ ਲਈ ਉਸ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ। ਉਹ ਵੀ ਮਨ ਦੀ ਸ਼ਾਂਤੀ ਲਈ ਤਰਸਦਾ ਸੀ।

ਉੱਪਰ ਜ਼ਿਕਰ ਕੀਤੇ ਤਜਰਬੇ ਕੁਝ ਅਜਿਹੇ ਹਾਲਾਤਾਂ ਬਾਰੇ ਦੱਸਦੇ ਹਨ ਜੋ ਸਾਡੀ ਮਨ ਦੀ ਸ਼ਾਂਤੀ ਨੂੰ ਖ਼ਤਮ ਕਰ ਸਕਦੇ ਹਨ। ਕੀ ਕੋਈ ਅਜਿਹਾ ਤਰੀਕਾ ਸੀ ਜਿਸ ਦੁਆਰਾ ਉਹ ਮਜ਼ਦੂਰ ਨੇਤਾ, ਸੜਕਾਂ ਤੇ ਜ਼ਿੰਦਗੀ ਗੁਜ਼ਾਰਨ ਵਾਲਾ ਨੌਜਵਾਨ ਗਰਜ਼ੋਨ, ਜ਼ਿਆਦਾ ਕੰਮ ਕਰਨ ਵਾਲੀ ਕੁੜੀ ਵੋਨੀ ਅਤੇ ਪਾਰਟੀਆਂ ਵਿਚ ਜਾ ਕੇ ਮੌਜ-ਮਸਤੀ ਕਰਨ ਵਾਲਾ ਨੌਜਵਾਨ ਮੌਰਸਲੂ ਮਨ ਦੀ ਸ਼ਾਂਤੀ ਪਾ ਸਕਦੇ ਜਿਸ ਦੀ ਉਹ ਸਾਰੇ ਭਾਲ ਕਰ ਰਹੇ ਸਨ? ਉਨ੍ਹਾਂ ਦੀ ਜ਼ਿੰਦਗੀ ਵਿਚ ਜੋ ਕੁਝ ਹੋਇਆ, ਕੀ ਉਸ ਤੋਂ ਅਸੀਂ ਕੋਈ ਸਬਕ ਸਿੱਖ ਸਕਦੇ ਹਾਂ? ਇਨ੍ਹਾਂ ਦੋਹਾਂ ਸਵਾਲਾਂ ਦਾ ਜਵਾਬ ਹੈ ਹਾਂ। ਇਸ ਬਾਰੇ ਅਸੀਂ ਅਗਲਾ ਲੇਖ ਦੇਖਾਂਗੇ।

[ਫੁਟਨੋਟ]

^ ਪੈਰਾ 6 ਕੁਝ ਨਾਂ ਬਦਲ ਦਿੱਤੇ ਗਏ ਹਨ।

[ਸਫ਼ੇ 3 ਉੱਤੇ ਤਸਵੀਰ]

ਕੀ ਤੁਸੀਂ ਮਨ ਦੀ ਸ਼ਾਂਤੀ ਲਈ ਤਰਸਦੇ ਹੋ?